Devi (Odia Story in Punjabi): Debaprasad Dash
ਦੇਵੀ (ਉੜੀਆ ਕਹਾਣੀ) : ਦੇਵਪ੍ਰਸਾਦ ਦਾਸ਼
ਚਾਰ ਹੱਥ ਦਾ ਮਰਦ ਡਿਗ ਪਿਆ ਸੀ- ਵੱਢੇ ਹੋਏ ਦਰਖ਼ਤ ਵਾਂਗ। ਜਗੀਆ ਦੀ ਛਾਤੀ ‘ਚੋਂ ਵਹਿੰਦੇ ਖ਼ੂਨ ਨੇ ਭਿਉਂ ਦਿੱਤਾ ਸੀ ਪੂਰੀ ਕੋਠਰੀ ਨੂੰ।
ਫੂਲਮਣੀ ਨੇ ਗੰਡਾਸਾ ਕੁਝ ਦੂਰ ਵਗਾਹ ਮਾਰਿਆ। ਉਹ ਨਿਰਲਿਪਤ ਹੋਈ ਅੱਧਬੁਝੇ, ਧੂੰਆਂ ਕੱਢਦੇ ਚੁੱਲ੍ਹੇ ‘ਚੋਂ ਫੁੱਟੀ ਹਾਂਡੀ ਦੇ ਠੀਕਰਿਆਂ ‘ਚੋਂ ਅੱਧਪੱਕਿਆ ਭਾਤ ਇਕੱਠਾ ਕਰਨ ਲੱਗੀ। ਬੜੇ ਧਿਆਨ ਨਾਲ, ਸੁਆਹ ਝਾੜ-ਝਾੜ ਕੇ, ਪਾਣੀ ਵਿੱਚ ਉੱਬਲੇ ਚਾਵਲਾਂ ਦਾ ਇੱਕ-ਇੱਕ ਦਾਣਾ ਚੁਗ ਰਹੀ ਸੀ ਉਹ, ਠੀਕ ਉਸੇ ਤਰ੍ਹਾਂ ਜਿਵੇਂ ਲਾਲ ਮਿੱਟੀ ਨਾਲ ਘਰ ਦੀ ਕੰਧ ਲਿੱਪਦਿਆਂ ਹੋਇਆਂ ਇਧਰ-ਓਧਰ ਬਿਲਕੁਲ ਵੀ ਨਹੀਂ ਤੱਕਦੀ ਸੀ ਫੂਲਮਣੀ।
ਤਿੰਨੋਂ ਬੱਚੇ ਭੁੱਖ ਨਾਲ ਤੜਫ ਰਹੇ ਹੋਣਗੇ। ਹਫ਼ਤੇ ਭਰ ਤੋਂ ਢਿੱਡ ਭਰਕੇ ਖਾਧਾ ਨਹੀਂ ਹੈ ਉਹਨਾਂ ਨੇ। ਧਰਤੀ ਮਾਂ ਦਾ ਕਰੋਪ ਛਾਇਆ ਹੋਇਆ ਹੈ ਪੂਰੇ ਪਿੰਡ ‘ਤੇ। ਪਹਿਲਾਂ ਏਨੀ ਗਰਮੀ ਪਈ ਕਿ ਦੇਹ ਭੁੱਜ ਗਈ। ਬੁੱਢਿਆਂ-ਠੇਰਿਆਂ ਦੀ ਤਾਂ ਛੱਡੋ, ਦੋ-ਤਿੰਨ ਜਵਾਨ ਮੁੰਡਿਆਂ ਦੇ ਵੀ ਸਿਰ ਚਕਰਾ ਗਏ ਸਨ। ਕੁਝ ਲੋਕ ਤਾਂ ਚੱਲ ਵਸੇ। ਪੀਣ ਲਈ ਪਾਣੀ ਵੀ ਮੁਸ਼ਕਲ ਨਾਲ ਮਿਲਦਾ। ਅਤੇ ਹੁਣ ਬਾਰਸ਼, ਛਮਾਛਮ ਬਾਰਸ਼। ਜਿੱਥੋਂ ਤਕ ਨਿਗਾਹ ਜਾਂਦੀ ਹੈ, ਪਾਣੀ ਹੀ ਪਾਣੀ।
ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲ਼ੇ ਲੋਕ ਕਿੱਥੇ ਜਾਣ ? ਭਲਾਂ ਕੰਮ ਹੀ ਕੀ ਮਿਲਦਾ ਹੈ ਉਹਨਾਂ ਨੂੰ ? ਹਾਟ ‘ਚ ਸਵੇਰ ਤੋਂ ਸ਼ਾਮ ਤਕ ਬੈਠ ਕੇ ਮੁੜ ਆਉਂਦੇ ਹਨ ਉਹ ਲੋਕ। ਸਰਕਾਰ ਦੇ ਘਰ ਪੈਸਾ ਨਹੀਂ ਹੈ। ਹੁਣ ਸੁਪਰਵਾਈਜ਼ਰ ਬਾਬੂ ਵੀ ਨਹੀਂ ਬੁਲਾਉਂਦੇ। ਕੰਮ ਹੀ ਨਹੀਂ ਹੈ। ਖਾਣ ਲਈ ਕਿੱਥੋਂ ਲਿਆਉਣ ਮਿਹਨਤ-ਮਜ਼ਦੂਰੀ ਕਰਨ ਵਾਲ਼ੇ ਲੋਕ !
ਜੰਗਲ ਸੀ ਤਾਂ ਫਲ-ਫੁੱਲ ਕੁਝ ਮਿਲ ਜਾਂਦੇ ਸਨ। ਫੂਲਮਣੀ ਜਦੋਂ ਵਿਆਹ ਕੇ ਆਈ ਸੀ ਤਾਂ ਰੁਜ਼ਾਨਾ ਸ਼ਾਮ ਨੂੰ ਚਾਰੇ ਪਾਸੇ ਬਰਸਾਤ ਹੁੰਦੀ। ਪਲ ਵਿੱਚ ਸੁੱਕਾ, ਪਲ ਵਿੱਚ ਗਿੱਲਾ। ਘਰ ਤੋਂ ਹੱਥ ਭਰ ਦੀ ਦੂਰੀ ‘ਤੇ ਬਾਘ ਭਬਕਿਆ ਕਰਦਾ ਸੀ। ਜਗੀਆ ਦੀ ਮਾਂ ਚੀਕਦੀ, “ਦੇਖਣਾ, ਅੰਧੇਰਾ ਹੋਨੇ ਪੇ ਬਾੜੀ ਕੀ ਔਰ ਮਤ ਜਾਨਾ ਰੀ...।” ਦਿਨੇ ਵੀ ਡਰ ਲਗਦਾ। ਕਿੰਨੇ ਵੱਡੇ-ਵੱਡੇ ਦਰਖ਼ਤ, ਦਰਖ਼ਤ ਨਹੀਂ ਸਗੋਂ ਮਹਾਜਨ ਦੇ ਪਿਆਦੇ। ਇਹੋ ਜਿਹੇ ਹੀ ਤਾਂ ਲਗਦੇ ਹਨ ਉਹ ਲੋਕ। ਜੋ ਜੰਗਲ ਦੇ ਅੰਦਰ ਗਿਆ ਤੇ ਓਭੜ ਹੋਇਆ ਤਾਂ ਰਾਹ ਨਹੀਂ ਲੱਭ ਸਕੇਗਾ। ਮਹਾਜਨ ਦੇ ਪਿਆਦਿਆਂ ਦੇ ਚੰਗੁਲ ਵਿੱਚ ਜੋ ਫਸ ਗਿਆ, ਭਲਾਂ ਉਹ ਆਸਾਨੀ ਨਾਲ ਨਿਕਲ ਸਕਦਾ ਹੈ ਕਦੇ ? ਬਾਬੂ ਦਾ ਹਲ ਚਲਾਉਂਦਾ ਹੈ, ਬੈਲਗੱਡੀ ਹੱਕਦਾ ਹੈ, ਗੋਬਰ ਸਾਫ ਕਰਦਾ ਹੈ, ਹੱਥ-ਪੈਰ ਦੱਬਦਾ ਹੈ।
ਕਿੱਥੇ ਚਲੇ ਗਏ ਸਾਰੇ ਦੇ ਸਾਰੇ ਦਰਖ਼ਤ ? ਟਰੱਕਾਂ ‘ਤੇ ਬੈਠ ਕੇ ? ਰਾਤ ਨੂੰ ਬਹੁਤ ਦੂਰੋਂ ਠੱਕ-ਠੱਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਕੀ ਚੱਕੀਰਾਹੇ ਉੱਲੂਆਂ ਦੀ ਤਰ੍ਹਾਂ ਰਾਤ ਨੂੰ ਘੁੰਮਣ ਨਿਕਲਦੇ ਹਨ ? ਜਦੋਂ ਤਕ ਦਰਖ਼ਤ ਸਨ, ਕੁਝ ਨਾ ਕੁਝ ਖਾਣ ਨੂੰ ਦਿੰਦੇ ਸਨ। ਦਰਖ਼ਤ ਨਾ ਰਹੇ, ਤਾਂ ਸੁਪਰਵਾਈਜ਼ਰ ਬਾਬੂ ਦਿੰਦਾ ਸੀ। ਸਾਰੇ ਜੰਗਲ ਦੀ ਕਟਵਾਈ ਕਰਵਾ ਰਿਹਾ ਸੀ ਉਹ। ਫੂਲਮਣੀ ਦਾ ਭਰਿਆ-ਭਕੁੰਨਾ, ਚਿਕਨਾ ਚਿਹਰਾ ਪਸੰਦ ਸੀ ਸੁਪਰਵਾਈਜ਼ਰ ਬਾਬੂ ਨੂੰ। ਸ਼ਾਇਦ ਜੰਗਲ ਵਿੱਚ ਰਹਿੰਦਾ ਸੀ, ਇਸ ਲਈ ਜੰਗਲੀ ਆਦਤਾਂ ਸਨ ਉਸ ਦੀਆਂ। ਕੱਸ ਕੇ ਫੜ ਲਵੇਗਾ, ਪਿੱਛੇ ਤੋਂ ਫੜ ਕੇ ਕੁਤਕੁਤਾਰੀ ਕਰੇਗਾ, ਹਾਸਾ-ਠੱਠਾ ਕਰੇਗਾ। ਅਖੀਰ ਵਿੱਚ ਗੋਦੀ ਵਿੱਚ ਬਿਠਾ ਕੇ ਸਭ-ਕੁਝ ਕਰੇਗਾ। ਹੌਂਕਣ ਲੱਗ ਜਾਏਗਾ। ਪਰ ਜੇਬ ‘ਚੋਂ ਪੈਸੇ ਕੱਢ ਕੇ ਦੇਵੇਗਾ। ਲੋੜ ਪੈਣ ‘ਤੇ ਮਜ਼ਦੂਰੀ ਤੋਂ ਇਲਾਵਾ ਵੀਹ-ਪੰਜਾਹ ਰੁਪਏ ਵੱਧ ਵੀ ਦੇ ਦੇਵੇਗਾ। ਸਭ ਸਹਿੰਦੀਆਂ ਸਨ ਉਸ ਦੀ ਇਹ ਜ਼ਿਆਦਤੀ, ਫੂਲਮਣੀ ਤੋਂ ਬਿਨਾਂ।
ਦਰਖ਼ਤ ਕੱਟਣ ਤੋਂ ਬਾਅਦ ਪੂਰਾ ਮੈਦਾਨ ਬਣ ਗਿਆ ਹੈ ਜੰਗਲ। ਦੂਰ ਨਜ਼ਰ ਮਾਰੀਏ ਤਾਂ ਦੂਸਰੇ ਗਾਂਉ ਦਾ ਧੂੰਆਂ ਦਿਸਦਾ ਹੈ ਹੁਣ। ਲੱਕੜਬੱਘੇ, ਗਿੱਦੜ, ਲੂੰਬੜ, ਖਰਗੋਸ਼ ਸਾਰੇ ਦੇਸ ਛੱਡ ਕੇ ਭੱਜ ਗਏ ਹਨ ਇਧਰ-ਓਧਰ। ਜੰਗਲ ਬ਼ਲ ਗਏ, ਮਨ ਟੁੱਟ ਗਏ। ਦਿਲ ‘ਤੇ ਪੱਥਰ ਰੱਖ ਲਿਆ।
ਫੂਲਮਣੀ ਨੇ ਰਾਖ ਹਟਾ ਕੇ ਭਾਤ ਲੱਭਿਆ। ਓਹ! ਮਿਲ ਗਿਆ ਹੈ ਮਿੱਟੀ 'ਚੋਂ। ਧੋਣ ਨਾਲ ਇਹ ਸੁਆਹ ਲਹਿ ਜਾਏ ਸ਼ਾਇਦ। ਕਿੰਨਾ ਨਿਰਦਈ ਹੈ ਇਹ ਆਦਮੀ। ਬੱਚਿਆਂ ਦੇ ਭੋਜਨ ਤੇ ਲੱਤ ਮਾਰ ਦਿੱਤੀ !
ਜਗੀਆ ਬੜਾ ਨਿਕੰਮਾ ਹੈ। ਜਵਾਨੀ ਵਿੱਚ ਵੀ ਕਿਹੜਾ ਕੰਮ ਕਰਦਾ ਸੀ ? ਵਿਹਲਾ ਤੋਰੇ ਫੇਰੇ ਤੇ ਰਹਿੰਦਾ ਸੀ। ਐਡਾ ਵੱਡਾ ਮਰਦ ਹੈ, ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਚੁੱਕਦਾ। ਵਿਆਹ ਕਰਵਾਉਣ ਤੋਂ ਛੇਤੀ ਹੀ ਬਾਅਦ ਫੂਲਮਣੀ ਜਾਣ ਗਈ ਸੀ ਕਿ ਬਿਨਾਂ ਬਾਪ ਦੇ ਬੇਟੇ ਨੂੰ ਮਾਂ ਨੇ ਕਦੇ ਕੁਝ ਨਹੀਂ ਕਿਹਾ। ਵੱਸ ਵਿੱਚ ਨਹੀਂ ਰੱਖਿਆ। ਕੰਮ ਕਰਦੀ ਸੀ ਜਗੀਆ ਦੀ ਮਾਂ ਅਤੇ ਢਿੱਡ ਭਰ ਕੇ ਅੰਨ ਹਜਮ ਕਰਦਾ ਜਗੀਆ। ਸਹੁਰੇ ਘਰ ਆ ਕੇ ਚੌਥੇ ਦਿਨ ਹੀ ਕੰਮ ਕਰਨ ਤੁਰ ਪਈ ਸੀ ਫੂਲਮਣੀ, ਸੱਸ ਦੇ ਨਾਲ।
ਅਨੋਖਾ ਆਦਮੀ ਹੈ। ਦਿਨ ਚੜ੍ਹੇ, ਨੂੰਹ-ਸੱਸ ਦੇ ਬਾਹਰ ਦੇ ਕੰਮਾਂ-ਕਾਰਾਂ ਤੋਂ ਘਰ ਮੁੜਨ ਵੇਲ਼ੇ ਤਕ ਖਰਾਟੇ ਮਾਰ ਕੇ ਸੌਂ ਰਿਹਾ ਹੁੰਦਾ ਹੈ ਜਗੀਆ। ਸ਼ਾਮ ਨੂੰ ਬਾਹਰ ਜਾਏਗਾ, ਅੱਧੀ ਰਾਤ ਨੂੰ ਘਰ ਮੁੜੇਗਾ, ਦੁਪਹਿਰ ਤਕ ਬਿਸਤਰੇ ਵਿੱਚ ਪਿਆ ਰਹੇਗਾ, ਕੜਕਦੀ ਧੁੱਪ ਵਿੱਚ ਘੁੰਮਣ ਨਿਕਲੇਗਾ। ਜਦੋਂ ਜੀਅ ਕਰੇਗਾ, ਫੂਲਮਣੀ ਨੂੰ ਖਿੱਚ ਕੇ ਲੈ ਜਾਏਗਾ, ਪਿਆਰ ਕਰੇਗਾ। ਦਰਵਾਜਾ ਖੁੱਲ੍ਹਾ ਹੋਵੇਗਾ, ਸੱਸ ਦੇਖ ਰਹੀ ਹੋਵੇਗੀ, ਪਰ ਉਸ ਦਾ ਧਿਆਨ ਉਧਰ ਨਹੀਂ ਹੁੰਦਾ। ਬੇਸ਼ਰਮੀ ਦੀ ਹੱਦ ਪਾਰ ਕਰ ਜਾਂਦਾ ਹੈ ਉਹ, ਫੂਲਮਣੀ ਤਾਂ ਸ਼ਰਮ ਨਾਲ ਧਰਤੀ ਵਿੱਚ ਧਸ ਜਾਂਦੀ ਹੈ। ਕਿਸੇ ਕਾਮੀ ਵਿਅਕਤੀ ਜਿਹਾ ਲਗਦਾ ਹੈ ਉਸ ਵੇਲੇ ਜਗੀਆ।
ਸੱਸ ਕਹਿੰਦੀ ਸੀ, ਬੜੀ ਚੰਗੀ ਤਰ੍ਹਾਂ ਭਾਲ-ਟੋਲ ਕੇ ਫੂਲਮਣੀ ਨੂੰ ਘਰ ਲਿਆਇਆ ਸੀ ਉਹ। ਘਰੇ ਬੈਠਣ ਵਾਲ਼ੀ, ਨਿਕੰਮੀ ਔਰਤ ਨਹੀਂ ਚਾਹੀਦੀ ਸੀ ਉਸ ਨੂੰ। ਮਿਹਨਤੀ ਔਰਤ ਚਾਹੀਦੀ ਸੀ, ਜਿਹੜੀ ਘਰ-ਬਾਰ ਸੰਭਾਲ਼ੇ। ਜਗੀਆ ਦੇ ਸਾਰੇ ਨਖ਼ਰੇ ਮੂੰਹ ਬੰਦ ਕਰਕੇ ਸਹੇ।
ਮਾਂ ਦੇ ਮਰਨ ਬਾਅਦ ਉਹ ਹੋਰ ਵੀ ਬੇਲਗਾਮ ਹੋ ਗਿਆ। ਇੱਕ ਤੋਂ ਬਾਅਦ ਇੱਕ, ਤਿੰਨ ਬੱਚੇ ਹੋਣ ਬਾਅਦ ਫੂਲਮਣੀ ਤੋਂ ਜੀਅ ਉਚਟ ਗਿਆ ਜਗੀਆ ਦਾ। ਦੂਜੀਆਂ ਔਰਤਾਂ ਚੰਗੀਆਂ ਲੱਗਣ ਲੱਗੀਆਂ ਸਨ ਉਸ ਨੂੰ। ਫੂਲਮਣੀ ਦੀ ਕਮਾਈ ‘ਤੇ ਪੰਜ ਜੀਅ ਪਲ ਰਹੇ ਸਨ। ਮਿਹਨਤ-ਮੁਸ਼ੱਕਤ ਕਰਦਿਆਂ ਸਰੀਰ ਟੁੱਟਣ ਲੱਗਿਆ ਸੀ ਉਸ ਦਾ। ਤਦ ਵੀ ਜਗੀਆ ਨੂੰ ਇੱਕ ਲਫ਼ਜ਼ ਨਹੀਂ ਕਿਹਾ ਸੀ ਉਸ ਨੇ ਕਦੇ। ਸੱਸ ਦੀ ਗੱਲ ਸੀਨੇ ਵਿੱਚ ਘਰ ਕਰ ਗਈ ਸੀ ਉਸ ਦੇ- “ਬਿਨਾਂ ਬਾਪ ਕੇ ਬੱਚੇ ਕੋ ਕਭੀ ਕੁਛ ਮਤ ਕਹਨਾ ਰੀ, ਜਾਣਤੀ ਤੋ ਹੈ ਕਿ ਬੜਾ ਲਾਪਰਵਾਹ ਲੜਕਾ ਹੈ।”
ਕਟੋਰੇ ਵਿੱਚ ਰਾਖ ਮਿਲਿਆ ਭਾਤ ਲੈ ਕੇ ਪਾਣੀ ਦੇ ਕੋਲ ਗਈ ਫੂਲਮਣੀ। ਧੋਤਾ ਉਸ ਨੂੰ ਬੜੇ ਯਤਨ ਨਾਲ, ਜਿਵੇਂ ਰਗੜ-ਰਗੜ ਕੇ ਨੁਹਾਉਂਦੀ ਹੈ ਬੱਚਿਆਂ ਨੂੰ। ਹੌਲ਼ੀ-ਹੌਲ਼ੀ ਸਾਫ਼ ਦਿੱਸਣ ਲੱਗੇ ਭਾਤ ਦੇ ਦਾਣੇ।
ਜਗੀਆ ਦਾ ਚਿਹਰਾ ਹੀ ਸਾਫ਼ ਸੀ, ਪਰ ਉਸ ਦੇ ਸਾਰੇ ਕੰਮ ਗੰਦੇ ਸਨ। ਸੁਪਰਵਾਈਜ਼ਰ ਨਾਲ ਨਾ ਜਾਣੇ ਕਦੋਂ ਤੋਂ ਦੋਸਤੀ ਹੋ ਗਈ ਸੀ, ਹੋਰ ਕੋਈ ਲਾਭ ਹੋਵੇ ਨਾ ਹੋਵੇ, ਨਸ਼ੇ-ਪੱਤੇ ਦੀ ਵਾਦੀ ਪੈ ਗਈ ਸੀ ਉਸ ਦੇ ਨਾਲ। ਸਾਹਬ ਦਾ ਥੋੜ੍ਹਾ-ਬਹੁਤਾ ਕੰਮ ਕਰ ਦਿੰਦਾ, ਦਿਨ ਚੜ੍ਹੇ ਜਾਂ ਦੇਰ ਰਾਤ ਨੂੰ ਡਿੱਕ ਡੋਲੇ ਖਾਂਦਾ ਘਰ ਮੁੜਦਾ। ਬੱਚੇ ਡਰ ਕੇ ਚਿੰਬੜ ਜਾਂਦੇ ਮਾਂ ਨਾਲ। ਆਉਣ ਸਾਰ ਖਾਣ ਨੂੰ ਮੰਗਦਾ। ਖਾਣਾ ਪਾਉਣ ਵਿੱਚ ਦੇਰ ਹੋ ਜਾਂਦੀ ਤਾਂ ਚੀਖ਼ ਕੇ ਕੋਠਰੀ ਹਿਲਾ ਦਿੰਦਾ। ਬੱਚਿਆਂ ਨੂੰ ਬਿਨਾਂ ਵਜ੍ਹਾ ਮਾਰਦਾ-ਕੁੱਟਦਾ। ਫੂਲਮਣੀ ਛੇਤੀ-ਛੇਤੀ ਖਾਣਾ ਖੁਆ ਕੇ ਸੰਵਾ ਦਿੰਦੀ ਉਹਨੂੰ। ਜਿਵੇਂ ਉਹ ਉਹਦਾ ਮਰਦ ਨਾ ਹੋ ਕੇ ਇੱਕ ਹੋਰ ਬੱਚਾ ਹੋਵੇ। ਅੱਧਬੁੜ੍ਹਾ ਬੱਚਾ।
ਪਿੰਡ ਦੀਆਂ ਔਰਤਾਂ ਬਹੁਤ ਆਖਦੀਆਂ, ਮਰਦ ਨੂੰ ਅੱਖਾਂ ਵਿਖਾ ਕੇ ਵੱਸ ਵਿੱਚ ਰੱਖਣ ਲਈ। ਫੂਲਮਣੀ ਮੁਸਕਰਾ ਦਿੰਦੀ। ਕੀ ਆਖਦੀ ਉਹਨਾਂ ਨੂੰ ! ਜਗੀਆ ਮਰਦ ਬਣਿਆ ਹੀ ਕਦੋਂ ਸੀ ? ਸਗੋਂ ਉਸ ਨੇ ਤਾਂ ਜਗੀਆ ਨੂੰ ਸੰਭਾਲਿਆ ਹੈ ਅੱਜ ਤਕ। ਪਰ ਉਹ ਸੋਚਦੀ, ਛੱਡੋ, ਘਰ ਵਿੱਚ ਇੱਕ ਮਰਦ ਤਾਂ ਹੈ। ਚਾਰ ਬੰਦੇ ਫੂਲਮਣੀ ‘ਤੇ ਨਿਗਾਹ ਰੱਖਣ ਤੋਂ ਡਰਦੇ ਤਾਂ ਹਨ ਇਸ ਕਰਕੇ।
ਪਿੰਡ ਦੀਆਂ ਮੁਰਗੀਆਂ, ਕਿਸੇ ਦੀ ਵਾੜੀ ‘ਚੋਂ ਸਬਜ਼ੀ-ਭਾਜੀ, ਅਤੇ ਕਿਸੇ ਦਾ ਵੇਲ-ਤੂੰਬੜ ਚੋਰੀ ਹੋਣ ਤੇ ਸੁਪਰਵਾਈਜ਼ਰ ਦੇ ਖੋਖੇ ਵਿੱਚ ਛੋਟੀ-ਮੋਟੀ ਪਾਰਟੀ ਹੁੰਦੀ। ਚੋਰੀ ਦਾ ਸਾਰਾ ਇਲਜ਼ਾਮ ਜਗੀਆ ‘ਤੇ ਪਾ ਦਿੱਤਾ ਜਾਂਦਾ। ਪੰਚਾਇਤ ਹੁੰਦੀ, ਸਜ਼ਾ ਮਿਲਦੀ। ਹੁੰਦਾ ਹੀ ਕੀ ਸੀ ਉਹਦੇ ਕੋਲ,ਅ ਜਿੱਥੋਂ ਜੁਰਮਾਨਾ ਭਰਦਾ ? ਇਸ ਲਈ ਕੰਮ ਕਰਨਾ ਪੈਂਦਾ ਮਹਾਜਨ ਦੇ ਘਰ, ਕਿਸੇ ਦੂਜੇ ਦੀ ਵਾੜੀ ਵਿੱਚ। ਇਹ ਪੰਚ ਪਰਮੇਸ਼ਰ ਹਨ, ਉਹਨਾਂ ਦੀ ਗੱਲ ਟਾਲਣ ਦੀ ਹਿੰਮਤ ਭਲਾਂ ਕਿਸ ਵਿੱਚ ਹੈ ? ਸਿਰਫ ਓਨੇ ਦਿਨ ਹੀ ਉਹ ਹੱਥ-ਪੈਰ ਹਿਲਾਉਂਦਾ। ਰਾਤ ਨੂੰ ਫੇਰ ਪੀ ਕੇ ਆਉਂਦਾ। ਹਾਏ, ਵਿਚਾਰੇ ਦੇ ਹੱਥਾਂ-ਪੈਰਾਂ ਵਿੱਚ ਦਰਦ ਹੋ ਰਿਹਾ ਹੋਵੇਗਾ, ਮਾਲਸ਼ ਕਰ ਦਿੰਦੀ ਫੂਲਮਣੀ। ਮਨ ਹੁੰਦਾ ਤਾਂ, ਸਿਰਫ਼ ਉਸੇ ਵਕਤ ਪਿਆਰ ਕਰਦਾ ਉਸ ਨੂੰ ਜਗੀਆ।
ਇਸੇ ਤਰ੍ਹਾਂ ਇੱਕ ਰਾਤ ਜਗੀਆ ਨੇ ਫੂਲਮਣੀ ਨੂੰ ਕਿਹਾ, “ਸੁਪਰਵਾਈਜ਼ਰ ਬਾਬੂ ਬਹੁਤ ਚੰਗੇ ਆਦਮੀ ਹਨ। ਮੈਨੂੰ ਖਾਣਾ ਖਵਾਉਂਦੇ ਹਨ। ਸ਼ਹਿਰ ਤੋਂ ਲਿਆਂਦੀ ਤਾੜੀ ਪਿਆਉਂਦੇ ਹਨ। ਬਥੇਰੇ ਅਹਸਾਨ ਹਨ ਉਹਨਾਂ ਦੇ ਮੇਰੇ ਉੱਤੇ। ਉਹਨਾਂ ਦੀ ਨਿਗ੍ਹਾ ਹੈ ਤੇਰੀ ਮਚਮਚ ਕਰਦੀ ਕਾਲੀ, ਚਿਕਨੀ-ਚਮਕਦੀ ਦੇਹ ‘ਤੇ। ਸ਼ਹਿਰ ਵਿੱਚ ਸਾੜ੍ਹੀਆਂ ਦੀ ਵੱਡੀ ਦੁਕਾਨ ਵਿੱਚ ਤੇਰੇ ਵਰਗੀ ਹੀ ਦੇਵੀ ਖੜ੍ਹੀ ਰਹਿੰਦੀ ਹੈ ਸ਼ੀਸ਼ੇ ਅੰਦਰ। ਕਹਿੰਦੇ ਆ, ਤੂੰ ਸਿਰੇ ਦਾ ਮਾਲ ਐਂ।” ਜਗੀਆ ਨੇ ਕਿਹਾ ਅਤੇ ਮੁਸਕਰਾਇਆ। "ਸੁਣਦੀ ਏਂ, ਚਲੀ ਕਿਉਂ ਨਹੀਂ ਜਾਂਦੀ ਤੂੰ ਇੱਕ ਵਾਰ ਉਸ ਕੋਲ, ਉਸ ਦੇ ਬੈਗ ਵਿਚਲੇ ਨੋਟ ਦੇਖ ਕੇ ਤੇਰੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ। ਜੇ ਸਾਨੂੰ ਦੋ-ਚਾਰ ਨੋਟ ਵੀ ਦੇ ਦੇਵੇ ਤਾਂ ਕੁਝ ਦਿਨ ਢਿੱਡ ਭਰ ਕੇ ਖਾਣਾ ਖਾਵਾਂਗੇ। ਕੀ ਤੇਰਾ ਜੀਅ ਨਹੀਂ ਕਰਦਾ ਬੱਕਰੇ ਦਾ ਥੋੜ੍ਹਾ ਜਿਹਾ ਮਾਸ ਖਾਣ ਨੂੰ? ਬੱਚਿਆਂ ਦੀ ਹਾਲਤ ਤਾਂ ਦੇਖ ਜ਼ਰਾ।" ਪਹਿਲਾਂ ਤਾਂ ਫੂਲਮਣੀ ਨੇ ਸੋਚਿਆ ਕਿ ਉਸ ਨੂੰ ਝਿੜਕੇਗੀ। ਆਪਣੀ ਤੀਵੀਂ ਨੂੰ ਪਰਾਏ ਮਰਦ ਕੋਲ ਭੇਜ ਰਿਹਾ ਹੈ। ਅੱਗਾ-ਪਿੱਛਾ ਕੁਝ ਨਹੀਂ ਸੋਚਦਾ। ਫਿਰ ਸੋਚਿਆ, ਮਰਦ ਅਤੇ ਬੱਚਿਆਂ ਨੂੰ ਭੁੱਖੇ ਰੱਖ ਕੇ ਇੱਜ਼ਤ ਦੀ ਹਿਫ਼ਾਜ਼ਤ ਕਰਨ ਨਾਲ ਕੀ ਮਿਲੇਗਾ ? ਭਲਾਂ ਚਲੀ ਹੀ ਜਾਏ, ਢਿੱਡ ਭਰ ਕੇ ਚੰਗਾ ਖਾਣਾ ਖਾਣ ਨੂੰ ਤਾਂ ਮਿਲੇਗਾ। ਬੱਕਰੇ ਦੇ ਮਾਸ ਦੀ ਤਰੀ ਦੀ ਮਹਿਕ ਫ਼ੈਲ ਗਈ ਉਸ ਦੀਆਂ ਨਸਾਂ ਵਿੱਚ।
ਸੁਪਰਵਾਈਜ਼ਰ ਨੇ ਸੌ-ਸੌ ਦੇ ਚਾਰ ਨੋਟ ਦਿੱਤੇ ਸਨ ਫੂਲਮਣੀ ਨੂੰ। ਬਹੁਤ ਤਿਹਾਇਆ ਅਤੇ ਬੇਸਬਰਾ ਆਦਮੀ ਹੈ। ਬਹੁਤ ਗਰਮੀ ਹੈ ਉਸ ਦੇ ਸਰੀਰ ਵਿੱਚ। ਸਾਰੀ ਰਾਤ ਸੌਣ ਨਹੀਂ ਦਿੱਤਾ ਉਸ ਨੂੰ। ਫੂਲਮਣੀ ਨੇ ਸੋਚਿਆ ਸੀ ਕਿ ਥੱਕ-ਹੰਭ ਕੇ ਮਰ ਜਾਏਗਾ ਉਹ ਉਸ ਰਾਤ। ਬੋਤਲ ‘ਚੋਂ ਦਾਰੂ ਪੀਂਦਾ ਜਾ ਰਿਹਾ ਸੀ, ਨਾਲ-ਨਾਲ ਸਵਾਦਲਾ ਨਮਕੀਨ। ਪਿਆਰ ਨਾਲ ਫੂਲਮਣੀ ਨੂੰ ਵੀ ਜ਼ਬਰਦਸਤੀ ਨਮਕੀਨ ਖਵਾਉਂਦਾ ਸੀ। ਇੱਕ ਵਾਰ ਬੋਤਲ ਵੀ ਲੈ ਗਿਆ ਸੀ ਫੂਲਮਣੀ ਦੇ ਮੂੰਹ ਕੋਲ। ਪਰ ਉਸ ਦੀ ਹਵਾੜ੍ਹ ਨਾਲ ਉਬਕਾਈ ਆਉਣ ਵਾਲ਼ੀ ਹੋ ਗਈ ਸੀ ਉਸ ਨੂੰ। ਉਸ ਤੋਂ ਬਾਅਦ ਉਸ ਨੇ ਪਿਆਉਣ ਲਈ ਜ਼ਬਰਦਸਤੀ ਨਹੀਂ ਕੀਤੀ ਸੀ। ਕਿੰਨੀਆਂ ਅਲੋਕਾਰੀ ਹਰਕਤਾਂ ਕੀਤੀਆਂ ਉਸ ਨੇ। ਕਿੱਥੇ, ਜਗੀਆ ਤਾਂ ਕਦੇ ਨਹੀਂ ਕਰਦਾ ਅਜਿਹਾ ਕੁਝ। ਸਵੇਰੇ ਅੱਖ ਖੁੱਲ੍ਹੀ ਤਾਂ ਉਸ ਦਾ ਸਾਰਾ ਸਰੀਰ ਟੁੱਟਿਆ ਹੋਇਆ ਸੀ । ਪਰ ਸ਼ਾਮ ਨੂੰ ਗਰਮ ਭਾਤ ਅਤੇ ਬੱਕਰੇ ਦੇ ਮਾਸ ਦੀ ਤਰੀ ਨੇ ਉਸ ਦਾ ਸਾਰਾ ਦਰਦ ਚੁਗ ਲਿਆ। ਉਸ ਵੇਲੇ ਬੱਚੇ ਅਤੇ ਜਗੀਆ ਮਹਾਜਨ ਦੇ ਬਲਦਾਂ ਵਾਂਗ ਕੂਲੇ ਅਤੇ ਮੋਟੇ ਦਿੱਸ ਰਹੇ ਸਨ। ਉਹਨਾਂ ਨੂੰ ਦੇਖ ਕੇ ਉਸ ਦੀ ਆਤਮਾ ਤ੍ਰਿਪਤ ਹੋਈ ਸੀ। ਉਸ ਤੋਂ ਬਾਅਦ ਬੱਕਰੇ ਦਾ ਮਾਸ ਕਦੇ ਉਹਨਾਂ ਦੀ ਪਹੁੰਚ ਤੋਂ ਬਾਹਰ ਨਹੀਂ ਰਿਹਾ।
ਸੁੱਖਾਂ ਭਰੇ ਦਿਨ ਬਹੁਤਾ ਚਿਰ ਨਹੀਂ ਰਹਿੰਦੇ। ਕੰਮ ਖ਼ਤਮ ਹੋਣ ‘ਤੇ ਸੁਪਰਵਾਈਜ਼ਰ ਚਲਾ ਗਿਆ। ਸੁੰਨ ਪਸਰ ਗਈ ਉਹਨਾਂ ਦੀ ਕੋਠਰੀਆ ਵਿੱਚ। ਸਰਕਾਰ ਦਾ ਖ਼ਜ਼ਾਨਾ ਖਾਲੀ। ਕਾਲ ਨੇ ਫ਼ਸਲ ਬਰਬਾਦ ਕਰ ਦਿੱਤੀ। ਧਰਤੀ ਪਾਟ ਗਈ। ਵੱਡੇ-ਵੱਡੇ ਪਾੜ। ਜਾਣੋ, ਨਿਗਲ ਜਾਏਗੀ ਸਾਰੇ ਦਰਖ਼ਤ-ਬੂਟੇ, ਆਦਮੀ-ਬੱਚੇ ਅਤੇ ਗਾਵਾਂ-ਬਲਦਾਂ ਨੂੰ। ਮਰਦ ਗਾਂਉ ਛੱਡ ਕੇ ਦੂਰ ਦੇਸ ਚਲੇ ਗਏ ਹਨ। ਉਥੇ ਬਹੁਤ ਕੰਮ ਹੈ। ਬਹੁਤ ਪੈਸਾ ਹੈ। ਸ਼ਹਿਰ ਵਿੱਚ ਭੁੱਖ ਨਾਲ ਕੋਈ ਨਹੀਂ ਮਰਦਾ।
ਫੂਲਮਣੀ ਆਪਣੀ ਦਹਲੀਜ਼ ਛੱਡ ਕੇ ਕਿੱਥੇ ਜਾਂਦੀ ? ਕਾਸ਼, ਜਗੀਆ ਹੁਸ਼ਿਆਰ ਹੋਇਆ ਹੁੰਦਾ ! ਉਹ ਵੀ ਨਿਕੰਮਾ ਹੀ ਹੈ। ਪਿੰਡ ਵਿੱਚ ਹੀ ਪਿਆ ਰਿਹਾ, ਸੁੱਕੀ ਧਰਤੀ 'ਤੇ ਮੁੜ ਘਾਹ ਉੱਗਣ ਦੀ ਉਡੀਕ ਵਿੱਚ। ਠੀਕ ਉਸੇ ਤਰ੍ਹਾਂ, ਜਿਵੇਂ ਅੱਗ ਉਗਲਦੀ ਧਰਤੀ ਬਾਰਸ਼ ਲੈ ਕੇ ਆਉਣ ਵਾਲ਼ੇ ਬੱਦਲਾਂ ਦੀ ਉਡੀਕ ਕਰ ਰਹੀ ਸੀ।
ਹੁਣ ਕਦੇ ਕਦਾਈਂ ਫੂਲਮਣੀ ਨੂੰ ਮਿਹਨਤ-ਮਜ਼ਦੂਰੀ ਦਾ ਕੰਮ ਮਿਲ ਜਾਇਆ ਕਰਦਾ ਸੀ। ਜੋ ਕੁਝ ਝੋਲੀ ਪੈਂਦਾ, ਉਸ ਦਾ ਅੱਧ ਸ਼ਰਾਬਖ਼ਾਨੇ ਚਲਿਆ ਜਾਂਦਾ। ਸੁਪਰਵਾਈਜ਼ਰ ਦੇ ਚਲੇ ਜਾਣ ਬਾਅਦ ਹੁਣ ਜਗੀਆ ਨੂੰ ਮੁਫ਼ਤ ਪੀਣ ਨੂੰ ਨਹੀਂ ਮਿਲਦੀ ਸੀ। ਤਿੰਨੇ ਬੱਚਿਆਂ ਦੇ ਪਿੰਜਰ ਦਿੱਸਣ ਲੱਗੇ ਸਨ। ਅੱਧਾ ਢਿੱਡ ਭੁੱਖਾ ਰਹਿਣ ਨਾਲ ਹੋਰ ਕੀ ਹੁੰਦਾ ਭਲਾਂ ? ਇਹੀ ਤਾਂ ਉਹਨਾਂ ਦੀ ਵਧਣ ਦੀ ਉਮਰ ਸੀ।
ਦੋ-ਚਾਰ ਵਾਰ ਕਟੋਰੇ ਵਿੱਚ ਪਾਣੀ ਭਰ ਕੇ ਧੋਤਾ ਉਸ ਨੂੰ ਫੂਲਮਣੀ ਨੇ। ਹੁਣ ਸ਼ਾਇਦ ਖਾਧਾ ਜਾ ਸਕਦਾ ਸੀ ਉਹ ਭਾਤ। ਬੜੀ ਮੁਸ਼ਕਲ ਨਾਲ ਦੋ ਦਿਨਾਂ ਬਾਅਦ ਏਨੇ ਕੁ ਦਾ ਹੀ ਪ੍ਰਬੰਧ ਕਰ ਸਕੀ ਸੀ ਉਹ। ਇਮਲੀ ਦੀ ਖਟਾਈ ਨਾਲ ਬੜੀ ਖੁਸ਼ੀ ਨਾਲ ਖਾ ਲੈਣਗੇ ਤਿੰਨੋਂ ਬੱਚੇ।
ਕੀ ਜਗੀਆ ਇਕੱਲਾ ਜਾਂਦਾ ਹੈ ਠੇਕੇ ‘ਤੇ ? ਪਿੰਡ ਵਿਚ ਰਹਿ ਗਏ ਕੁਝ ਹੋਰ ਲੋਕ ਵੀ ਜਾਂਦੇ ਸਨ ਉਸ ਅੱਗ ਲੱਗੜੇ ਠੇਕੇ ‘ਤੇ। ਨਾ ਜਾਣੇ ਕੀ ਮਿਲਦਾ ਹੈ ਉਸ ਨਸ਼ੀਲੇ ਪਾਣੀ ਨੂੰ ਪੀਣ ਨਾਲ ? ਕਹਿੰਦੇ ਹਨ, ਕਾਲਜਾ ਸਾੜ ਦਿੰਦਾ ਹੈ। ਹੋ ਸਕਦਾ ਹੈ, ਕਿਉਂਜੋ ਅੱਜ-ਕੱਲ੍ਹ ਜਗੀਆ ਛਾਤੀ ਫੜੀ ਬੈਠਾ ਰਹਿੰਦਾ ਹੈ। ਕਦੇ-ਕਦੇ ਜੋਰ-ਜੋਰ ਦੀ ਖੰਘਦਾ ਹੈ। ਫਿਰ ਵੀ ਕਿਹੜਾ ਛੱਡਦਾ ਹੈ ਮਾਂ ਨੂੰ ?
ਸਹਿ ਨਹੀਂ ਸਕੀਆਂ ਪਿੰਡ ਦੀਆਂ ਔਰਤਾਂ। ਉਹ ਖ਼ੂਨ-ਪਸੀਨਾ ਇੱਕ ਕਰਕੇ ਦੋ ਪੈਸੇ ਕਮਾ ਕੇ ਲਿਆਉਣਗੀਆਂ ਅਤੇ ਇਹ ਮਰਦ ਉਹਨਾਂ ਨੂੰ ਸ਼ਰਾਬ ਦੇ ਠੇਕੇ ‘ਤੇ ਖ਼ਰਚ ਕਰ ਦੇਣਗੇ। ਉਹ ਏਕਾ ਕਰਕੇ ਤੋੜ ਦੇਣਗੀਆਂ ਠੇਕਾ। ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ। ਅੱਗ ਲਾ ਦੇਣਗੀਆਂ ਉਹ ਠੇਕੇ ਨੂੰ। ਫੂਲਮਣੀ ਨੇ ਉਹਨਾਂ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਜਗੀਆ ਨੇ ਹੁਣ ਆ ਕੇ ਕੁਝ ਐਸ਼ ਕਰਨੀ ਸ਼ੁਰੂ ਕੀਤੀ ਹੈ। ਕੀ ਕੋਠਰੀ ਦੇ ਖੂੰਜੇ ਵਿੱਚ ਔਰਤਾਂ ਵਾਂਗ ਬੈਠਾ ਰਹੇਗਾ ? ਫੂਲਮਣੀ ਨੂੰ ਸਮਝਾ ਨਹੀਂ ਸਕਿਆ ਸੀ ਕੋਈ ਵੀ। ਨਾਟੀ ਜਿਹੀ ਔਰਤ, ਸੁਖ ਕੀ ਹੈ; ਨਹੀਂ ਜਾਣਦੀ। ਨਿਕੰਮੇ ਮਰਦ ਅਤੇ ਤਿੰਨ-ਤਿੰਨ ਬੱਚਿਆਂ ਨਾਲ ਜੂਝ ਰਹੀ ਹੈ ਮੰਦਭਾਗੀ। ਐਨਾ ਹੋਣ ‘ਤੇ ਵੀ ਉਸ ਨੂੰ ਜ਼ਰਾ ਜਿੰਨੀ ਵੀ ਸ਼ਿਕਾਇਤ ਹੈ ? ਜਗੀਆ ਉਸ ਦਾ ਪਤੀ ਨਹੀਂ, ਉਸ ਦਾ ਦੇਵਤਾ ਹੈ। ਉਸ ਨਿਕੰਮੇ ਮਰਦ ਦੇ ਖ਼ਿਲਾਫ਼ ਕਦੇ ਕੁਝ ਕਹਿੰਦੀ ਹੈ ਉਹ !
ਅਚਾਨਕ ਇੱਕ ਦਿਨ ਕਾਲ਼ੇ ਬੱਦਲ ਵਿਖਾਈ ਦਿੱਤੇ, ਓਧਰੋਂ, ਜਿੱਥੋਂ ਅਸਮਾਨ ਧਰਤੀ ਨਾਲ ਮਿਲਦਾ ਹੈ। ਗਰਮੀ ਚਲੀ ਜਾਏਗੀ? ਸੁੱਕੀ ਮਿੱਟੀ ਦੀ ਪਿਆਸ ਬੁਝ ਜਾਏਗੀ ? ਬੱਚਿਆਂ ਦੀ ਆਵਾਜ਼ ਆਈ- “ਬਾਰਸ਼ ਆ ਰਹੀ ਹੈ ਅੰਮਾ।”
ਕਿੱਥੋਂ ਆਈ ਇਹ ਸਾਵਣ ਦੀ ਘਟਾ ? ਕੌਣ ਜਾਣਦਾ ਸੀ ਕਿ ਇੰਦਰ ਰਾਜੇ ਦੀ ਕਰੋਪੀ ਹੈ ? ਬਾਰਸ਼ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਪੰਦਰਾਂ ਦਿਨ ਬੀਤ ਚੁੱਕੇ ਹਨ। ਦੋ ਦਿਨ ਹੋ ਗਏ ਕਾਫ਼ੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਆਪਣੀ ਉਮਰ ਵਿੱਚ ਅਜਿਹੀ ਬਾਰਸ਼ ਕਦੇ ਨਹੀਂ ਦੇਖੀ ਸੀ ਫੂਲਮਣੀ ਨੇ। ਘਰ ਵਿੱਚ ਖਾਣ ਨੂੰ ਦਾਣਾ ਤਕ ਨਹੀਂ ਹੈ। ਭੁੱਖ ਬਰਦਾਸ਼ਤ ਨਾ ਕਰਦੇ ਹੋਏ ਥੋੜ੍ਹਾ-ਥੋੜ੍ਹਾ ਪਾਣੀ ਪੀ ਕੇ ਪਏ ਰਹਿੰਦੇ ਹਨ ਬੱਚੇ, ਮੂੰਹ ਬੰਦ ਕਰਕੇ। ਘਰੇ ਪਿਆ-ਪਿਆ ਗੁਰਰਾਉਂਦਾ ਰਹਿੰਦਾ ਸੀ ਜਗੀਆ।
ਫੂਲਮਣੀ ਨਿਕਲ ਪਈ ਮੁੱਠੀਭਰ ਖਾਣੇ ਦੇ ਜੁਗਾੜ ਲਈ। ਕਿੱਥੇ ਜਾਵੇ ਇਸ ਬਾਰਸ਼ ਵਿੱਚ ? ਕੀਹਦੇ ਮੂਹਰੇ ਹੱਥ ਅੱਡੇ ? ਭਲਾਂ ਕੋਈ ਕਿਉਂ ਉਲੱਦ ਦੇਵੇਗਾ ਉਹਦੇ ਪੱਲੂ ਵਿੱਚ ? ਮਹਾਜਨ ਦੇ ਖੇਤਾਂ ਵਿਚਲੇ ਪੰਪ ਦੇ ਪਾਣੀ ਸਿਟਣ ਵਾਂਗ ਬੱਦਲ ਬਰਸ ਰਹੇ ਸਨ। ਅਸਮਾਨ ਦਾ ਕੜ ਪਾਟ ਗਿਆ ਸੀ। ਦੁਪਰਿਰੇ ਵੀ ਹਨੇਰਾ ਛਾਇਆ ਹੋਇਆ ਸੀ ਬਾਹਰ।
ਫੂਲਮਣੀ ਬੇਚੈਨ, ਵਿਚਲਿਤ, ਬੇਧਿਆਨ ਸੀ। ਪੰਚਾਇਤ ਘਰ ਦੇ ਆਸੇ-ਪਾਸੇ ਹੀ ਕਿਤੇ ਅਚਨਚੇਤ ਉਸ ਨੂੰ ਅੰਦਰ ਖਿੱਚ ਕੇ ਲੈ ਗਏ ਦੋ ਸਬਲ ਹੱਥ। ਗਿੱਲੀ ਸਾੜ੍ਹੀ ਉਸ ਦੇ ਬਦਨ ਨਾਲ ਚਿਪਕ ਕੇ ਵਸਤਰਹੀਣ ਕਰ ਰਹੀ ਸੀ ਉਸ ਨੂੰ। ਬਾਹਰ ਉੱਭਰੇ ਹੋਏ ਸਨ ਪਹਾੜ, ਖੇਤ, ਡੌਲ ਅਤੇ ਕਿਆਰੀਆਂ।
ਬਾਹਰ ਬਾਰਸ਼, ਅੰਦਰ ਆਂਧੀ।
ਬਾਹਰ ਸਰਦ ਹਵਾ, ਅੰਦਰ ਸੇਕ।
ਬਾਹਰ ਭੁੱਖ, ਅੰਦਰ ਭਾਤ।
ਆਂਧੀ ਥੰਮ੍ਹ ਗਈ। ਫੂਲਮਣੀ ਦੇ ਹੱਥ ਵਿੱਚ ਪੰਜਾਹ ਦਾ ਨੋਟ ਸੀ। ਲੋੜ ਦੀ ਅਦਲਾ-ਬਦਲੀ ਦਾ ਮੁੱਲ। ਓਨੀ ਹੀ ਸੀ ਉਸ ਦੀ ਪੂੰਜੀ। ਮਿਹਨਤ ਦੀ ਕਮਾਈ। ਆਪਣੇ ਆਪ ਨੂੰ ਘੜੀਸਦੀ ਹੋਈ ਬਾਹਰ ਲੈ ਆਈ ਉਹ। ਬਾਰਸ਼ ਰੁਕ ਗਈ ਸੀ ਅਚਾਨਕ।
ਮੁੱਠੀਭਰ ਚੌਲਾਂ ਵਿੱਚ ਫੂਲਮਣੀ ਨੇ ਵੇਖਿਆ ਸੂਰਜ। ਬਾਰਸ਼ ਨੂੰ ਪਛਾੜ ਦਿੱਤਾ ਸੀ ਸੂਰਜ ਨੇ। ਹੋਰ ਵੀ ਸਾਫ਼, ਸ੍ਵੱਛ, ਨੀਲਾ ਦਿੱਸਿਆ ਅਸਮਾਨ। ਅਖੀਰ ਵਿੱਚ ਮੁਸਕਾਨ, ਉਸ ਦੇ ਬੱਚਿਆਂ ਦੇ ਮਰਨਊ ਚਿਹਰਿਆਂ ਉੱਤੇ ਨਿਰਛਲ ਮੁਸਕਾਨ।
ਘਰ ਵਿੱਚ ਜਿਹੜੇ ਪਾਸੇ ਚੁੱਲ੍ਹਾ ਹੈ, ਉਸ ਦੇ ਠੀਕ ਦੂਜੇ ਪਾਸੇ ਮਿੱਟੀ ਦੀ ਕੰਧ ਨਾਲ ਟਿਕੇ ਬੈਠੇ ਸਨ ਤਿੰਨ ਛੋਟੇ-ਛੋਟੇ ਬੱਚੇ। ਤੱਕ ਰਹੇ ਸਨ ਚੁੱਲ੍ਹੇ ‘ਤੇ ਚੜ੍ਹੇ ਭਾਤ ਦੀ ਹਾਂਡੀ ਵੱਲ ਲਲਚਾਈਆਂ ਨਜ਼ਰਾਂ ਨਾਲ। ਉਹਨਾਂ ਅੱਖਾਂ ਵਿੱਚ ਨਹੀਂ ਸੀ ਭੁੱਖ ਦੀ ਕਰੁਣ ਦਰਿਦ੍ਰਤਾ, ਬਹੁਤੀ ਝਲਕ ਰਹੀ ਸੀ ਭਰੋਸੇ ਦੀ ਚਮਕ।
ਜਗੀਆ ਕਿਵਾੜ ਖੋਲ੍ਹ ਕੇ ਧੁੱਸ ਦੇ ਕੇ ਅੰਦਰ ਆ ਵੜਿਆ। ਨਸ਼ੇ ਵਿੱਚ ਟੁੰਨ। ਲੜਖੜਾਉਂਦਾ ਹੋਇਆ। ਡਗਮਗਾਉਂਦੇ ਪੈਰ। ਵੱਧ ਡਗਮਗਾਉਂਦਾ ਹੋਇਆ ਉਹ ਖੁਦ। ਹੱਥ ਵਿੱਚ ਇੱਕ ਹੋਰ ਬੋਤਲ। ਉਸ ਨੇ ਫੂਲਮਣੀ ਤੋਂ ਕਟੋਰੀ ਮੰਗੀ। ਫੂਲਮਣੀ ਕੰਮ ਕਰਦੀ ਰਹੀ ਆਪਣੇ ਧਿਆਨ ਵਿੱਚ। ਬੱਚਿਆਂ ਨੂੰ ਭਾਤ ਖਵਾਉਣ ਦੇ ਸਮੀਪਤ ਅਨੰਦ ਵਿੱਚ ਡੁੱਬੀ ਹੋਈ।
ਉਤੇਜਿਤ ਜਗੀਆ ਲੜਖੜਾਉਂਦਾ ਹੋਇਆ ਅੱਗੇ ਵਧਿਆ। ਫੂਲਮਣੀ ਹੁਣ ਵੀ ਸਥਿਰ ਅਤੇ ਅਬਿਚਲ ਸੀ। ਜਗੀਆ ਨੇ ਦੋ ਵਾਰ ਹੋਰ ਪੁਕਾਰਿਆ ਉਸ ਨੂੰ। ਫੂਲਮਣੀ ਹੁਣ ਵੀ ਆਪਣੇ ਆਪ ਵਿੱਚ ਕਿਤੇ ਗੁਆਚੀ ਹੋਈ ਸੀ। ਕੀ ਹੋ ਸਕਦਾ ਸੀ ਉਹ? ਪੱਕੇ ਹੋਏ ਧਾਨ ਦੇ ਖੇਤ ਜਾਂ ਜੰਗਲੀ ਫੁੱਲਾਂ ਦਾ ਬਗੀਚਾ?
ਕੁਝ ਅਸ਼ਲੀਲ ਤੋਹਮਤਾਂ ਲਾਈਆਂ ਜਗੀਆ ਨੇ। ਕ੍ਰੋਧ ਨਾਲ ਜਲ਼ ਰਿਹਾ ਸੀ ਉਹ। ਅਚਾਨਕ ਭਾਤ ਵਾਲ਼ੀ ਹਾਂਡੀ ਨੂੰ ਠੋਕਰ ਮਾਰ ਦਿੱਤੀ ਉਸਨੇ। ਇੱਕ ਜੋਰ ਦੀ ਆਵਾਜ਼ ਨਾਲ ਹਾਂਡੀ ਠੀਕਰ-ਠੀਕਰ ਹੋ ਕੇ ਫੁੱਟ ਗਈ। ਅੱਧਪੱਕੇ ਚੌਲ ਡਿਗ ਪਏ ਚੁੱਲ੍ਹੇ ਵਿੱਚ। ਪਾਣੀ ਪੈਣ ਨਾਲ ਬੁਝ ਗਈ ਅੱਗ। ਸੂੰ-ਸੂੰ ਕਰਦਾ ਧੂੰਆਂ ਛੱਪਰ ਪਾੜ ਕੇ ਤੇਜ਼ ਰਫ਼ਤਾਰ ਨਾਲ ਅਸਮਾਨ ਵੱਲ ਵਧ ਚੱਲਿਆ। ਉਸੇ ਤੇਜ਼ੀ ਨਾਲ ਉੱਡ ਗਈ ਫੂਲਮਣੀ ਦੀ ਕਮਾਈ ਅਤੇ ਸੁਪਨੇ।
ਉਹ ਤ੍ਰਭਕ ਕੇ ਮੁੜੀ ਅਨੰਦ ਅਵਸਥਾ ਵਿੱਚੋਂ। ਛੱਪਰ 'ਚੋਂ ਖਿੱਚ ਲਿਆਈ ਇੱਕ ਗੰਡਾਸਾ। ਇੱਕ ਖੂੰਖਾਰ ਚੀਖ਼ ਨਾਲ ਪੂਰੀ ਤਾਕਤ ਲਾ ਕੇ ਜਗੀਆ ਦੇ ਸੀਨੇ ਤੇ ਪ੍ਰਚੰਡ ਵਾਰ ਕੀਤਾ ਫੂਲਮਣੀ ਨੇ। ਜਗੀਆ ਡਿਗਦਾ ਜਾ ਰਿਹਾ ਸੀ ਹੇਠਾਂ। ਪੂਰੀ ਕੋਠਰੀ ਵਿੱਚ ਖ਼ੂਨ ਦਾ ਫੁਹਾਰਾ ਖਿੰਡ ਪਿਆ।
ਜਦੋਂ ਤਮਾਸ਼ਬੀਨ ਉਥੇ ਪਹੁੰਚੇ ਤਾਂ ਫੂਲਮਣੀ ਬੱਚਿਆਂ ਨੂੰ ਭਾਤ ਖਵਾ ਰਹੀ ਸੀ ਆਪਣੇ ਹੱਥਾਂ ਨਾਲ।
ਕੁਝ ਹੀ ਦੂਰ ਪਈ ਸੀ ਜਗੀਆ ਦੀ ਲਾਸ਼।
ਪੁਲਿਸ ਪੁੱਛ ਰਹੀ ਸੀ ਫੂਲਮਣੀ ਤੋਂ, "ਤੂੰ ਕਿਉਂ ਮਾਰਿਆ ਇਸ ਨੂੰ ?"
"ਉਸ ਨੇ ਮੇਰੇ ਬੱਚੋਂ ਕੀ ਭਾਤ ਕੀ ਹੰਡੀਆ ਫੋੜ ਦੀ।"
ਫੂਲਮਣੀ ਲੱਗ ਰਹੀ ਸੀ ਉਦਾਰ, ਸਹਿਜ, ਦੇਵੀ ਦੀ ਮੂਰਤੀ ਵਰਗੀ।
(ਅਨੁਵਾਦ : ਮੁਲਖ ਸਿੰਘ)