Dil Di Thaan Jandra (Punjabi Story) : Navtej Singh
ਦਿਲ ਦੀ ਥਾਂ ਜੰਦਰਾ (ਕਹਾਣੀ) : ਨਵਤੇਜ ਸਿੰਘ
ਸੁਖਜਿੰਦਰ ਇਕੱਲੀ ਲੇਟੀ ਪੀੜ ਨਾਲ ਕੁਰਲਾ ਰਹੀ ਸੀ। ਉਹਦੀ ਖੱਬੀ ਦਾੜ੍ਹ ਕਿੰਨੇ ਦਿਨਾਂ ਤੋਂ ਪੀੜ ਕਰ ਰਹੀ ਸੀ। ਅੱਜ ਵਕੀਲ ਸਾਹਿਬ ਦੇ ਕਚਹਿਰੀਓਂ ਮੁੜਨ ਉਤੇ ਉਹਨੇ ਉਨ੍ਹਾਂ ਨਾਲ ਦੰਦਾਂ ਵਾਲੇ ਡਾਕਟਰ ਕੋਲ ਜਾਣਾ ਸੀ। ਉਹ ਹੁਣੇ ਆਏ ਕਿ ਆਏ—ਪਰ ਪੀੜ ਸੀ ਕਿ ਮੱਠੀ ਹੋਣ ਵਿਚ ਹੀ ਨਹੀਂ ਸੀ ਆਉਂਦੀ।
ਬੂਹੇ ਸਾਰੇ ਬੰਦ ਸਨ, ਤੇ ਸੁਖਜਿੰਦਰ ਅੰਦਰ ਇਕੱਲੀ ਸੀ। ਆਂਢ-ਗੁਆਂਢੋਂ ਉਹਦੀ ਵਾਤ ਪੁੱਛਣ ਵੀ ਕੋਈ ਨਹੀਂ ਸੀ ਆ ਸਕਦਾ; ਹਰ ਬਾਹਰਲੇ ਬੂਹੇ ਨੂੰ ਵੱਟੀ-ਵੱਟੀ ਜੰਦਰੇ ਜੁ ਜੜੇ ਹੋਏ ਸਨ ਤੇ ਕੁੰਜੀਆਂ ਵਕੀਲ ਸਾਹਬ ਕੋਲ ਸਨ! ਕੁੰਜੀਆਂ ਨਿਤ ਉਨ੍ਹਾਂ ਦੇ ਕੋਲ ਹੀ ਰਹਿੰਦੀਆਂ ਸਨ।
ਰੋਜ਼ ਜਦੋਂ ਵਕੀਲ ਸਾਹਿਬ ਕਚਹਿਰੀ ਜਾਂਦੇ, ਜਾਂ ਛੁੱਟੀ ਵਾਲੇ ਦਿਨ ਕਿਸੇ ਹੋਰ ਥਾਂ—ਤਾਂ ਉਹ ਬੜੀ ਇਹਤਿਆਤ ਨਾਲ ਬਾਹਰਲੇ ਤਿੰਨਾਂ ਬੂਹਿਆਂ ਨੂੰ ਜੰਦਰਾ ਮਾਰ ਜਾਂਦੇ ਸਨ, ਬਾਰੀਆਂ ਸਭਨਾਂ ਨੂੰ ਤਾਂ ਸੀਖਾਂ ਲੱਗੀਆਂ ਹੀ ਹੋਈਆਂ ਸਨ;—ਤੇ ਸੁਖਜਿੰਦਰ ਪਿੱਛੇ ਅੰਦਰ ਇਕੱਲੀ ਹੁੰਦੀ ਸੀ।
ਜਦੋਂ ਸੁਖਜਿੰਦਰ ਨਵੀਂ-ਨਵੀਂ ਵਿਆਹੀ ਆਈ ਸੀ ਤਾਂ ਉਹਨੂੰ ਆਪਣੇ ਪਤੀ ਦਾ ਇਹ ਰਿਵਾਜ ਬੜਾ ਅਜੀਬ ਲੱਗਾ ਸੀ। ਪਹਿਲੋਂ ਕੁਝ ਦਿਨ ਤਾਂ ਉਹਨੇ ਜਾਤਾ ਉਹ ਉਹਦੇ ਨਾਲ ਮਖ਼ੌਲ ਕਰ ਰਹੇ ਸਨ। ਤੇ ਫੇਰ ਉਹ ਰੁੱਸੀ। ਫੇਰ ਉਹ ਲੜੀ। ਫੇਰ ਉਹਨੇ ਖਾਣਾ-ਪੀਣਾ ਬੰਦ ਕੀਤਾ। ਪਰ ਬੂਹੇ ਉਵੇਂ ਹੀ ਵਕੀਲ ਸਾਹਿਬ ਦੀ ਗੈਰ-ਹਾਜ਼ਰੀ ਵਿਚ ਬੰਦ ਰਹੇ ਸਨ, ਓਸੇ ਤਰ੍ਹਾਂ ਮਖ਼ੌਲ ਕਰ ਰਹੇ ਸਨ। ਤੇ ਫੇਰ ਉਹ ਰੁੱਸੀ। ਫੇਰ ਉਹ ਲੜੀ। ਫੇਰ ਉਹਨੇ ਖਾਣਾ-ਪੀਣਾ ਬੰਦ ਕੀਤਾ। ਪਰ ਬੂਹੇ ਉਵੇਂ ਹੀ ਵਕੀਲ ਸਾਹਿਬ ਦੀ ਗ਼ੈਰ-ਹਾਜਰੀ ਵਿੱਚ ਬੰਦ ਰਹੇ ਸਨ, ਓਸੇ ਤਰ੍ਹਾਂ ਵੱਟੀ-ਵੱਟੀ ਦੇ ਜੰਦਰੇ, ਤੇ ਕੁੰਜੀਆਂ ਉਨ੍ਹਾਂ ਕੋਲ!
ਤਾਲੇ ਬੰਦ ਬੂਹਿਆਂ ਤੇ ਕੰਧਾਂ-ਵੱਲੇ ਵਿਹੜੇ ਵਿਚ ਡੱਕੀ ਸੁਖਜਿੰਦਰ ਦਾ ਪਹਿਲਾਂ ਪਹਿਲਾਂ ਸਾਹ ਘੁਟਦਾ ਰਹਿੰਦਾ ਸੀ। ਉਹ ਰੋ ਰੋ ਕੇ ਫਾਵੀ ਹੋ ਜਾਂਦੀ, ਪਰ ਜੰਦਰੇ ਅੱਥਰੂਆਂ ਨੂੰ ਕਿੱਥੇ ਗੌਲਦੇ ਸਨ! ਫੇਰ ਇਕ ਦਿਨ ਆਇਆ, ਉਹਦੇ ਅੰਦਰ ਅੱਥਰੂ ਡੱਕੇ ਗਏ, ਤੇ ਭਾਫ਼ ਬਣ ਗਏ; ਪਰ ਜੰਦਰੇ ਇਸ ਭਾਫ਼ ਨਾਲ ਵੀ ਨਾ ਪੰਘਰੇ। ਫੇਰ ਇਕ ਵਾਰੀ ਉਹਨੇ ਆਪਣਾ ਮੱਥਾ—ਉਹਦੀ ਅੰਮੀਂ ਤੇ ਉਹਦੀਆਂ ਸਹੇਲੀਆਂ ਉਹਦੇ ਮੱਥੇ ਨੂੰ ਚੰਦ ਵਰਗਾ ਦੱਸਦੀਆਂ ਸਨ, ਤੇ ਇਨ੍ਹਾਂ ਤੋਂ ਛੁੱਟ ਹੋਰ ਕੋਈ ਏਸ ਚੰਨ ਦੀ ਚਾਨਣੀ ਮਾਣਨ ਵਾਲਾ ਉਹਦੀ ਜ਼ਿੰਦਗੀ ਵਿਚ ਆਇਆ ਨਹੀਂ ਸੀ—ਤੇ ਉਹਨੇ ਆਪਣਾ ਚੰਨ-ਮੱਥਾ ਜੰਦਰੇ-ਜੜੇ ਬੂਹੇ ਨਾਲ ਜਾ ਮਾਰਿਆ। ਮੱਥੇ ਉਤੇ ਦਾਗ਼ ਸਦਾ ਲਈ ਪੈ ਗਿਆ, ਪਰ ਜੰਦਰੇ ਓਵੇਂ ਦੇ ਓਵੇਂ ਹੀ ਰਹੇ।
ਬੂਹੇ ਸਾਰੇ ਬੰਦ ਰਹਿੰਦੇ ਸਨ, ਤੇ ਸੁਖਜਿੰਦਰ ਅੰਦਰ ਇਕੱਲੀ। ਕੋਈ ਨੌਕਰ ਵੀ ਨਹੀਂ ਸੀ ਉਨ੍ਹਾਂ ਦੇ ਘਰ। ਵਕੀਲ ਸਾਹਿਬ ਘਰ ਲਈ ਨੌਕਰ ਦੀ ਕੋਈ ਬਹੁਤੀ ਲੋੜ ਨਹੀਂ ਸਨ ਸਮਝਦੇ। ਦੋ ਜੀਆਂ ਦਾ ਕਿਹੜਾ ਕੰਮ ਹੁੰਦਾ ਹੈ? ਅਤੇ ਮਰਦ-ਜਾਤ ਦਾ ਨੌਕਰ, ਭਾਵੇਂ ਛੋਟਾ ਮੁੰਡੂ ਹੀ ਕਿਉਂ ਨਾ ਹੋਵੇ—ਉਹਦੇ ਰੱਖਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ‘ਕਿਤੋਂ ਕੋਈ ਬੁੱਢੀ ਠੇਰੀ ਜ਼ਨਾਨੀ ਜੇ ਲੱਭ ਜਾਏ। ਜਵਾਨ ਜ਼ਨਾਨੀਆਂ ਦਾ ਵੀ ਕਿਹੜਾ ਵਸਾਹ ਏ, ਕਿੰਨੇ ਘਾਟਾਂ ਦਾ ਪਾਣੀ ਪੀਤਾ ਹੁੰਦੈ ਇਨ੍ਹਾਂ ਸ਼ਹਿਰਨਾਂ ਨੇ! ਪਤਾ ਨਹੀਂ ਕਿਹੋ ਜਿਹੀ ਲੁੱਚੀ ਰੰਨ ਘਰ ਅੰਦਰ ਆ ਜਾਏ ਤੇ ਸੁਖਜਿੰਦਰ ਨੂੰ ਕੋਈ ਚੇਟਕ ਲਾ ਜਾਏ। ਉਨ੍ਹਾਂ ਸੁਣਿਆ ਹੋਇਆ ਸੀ ਇੰਜ ਅੱਗੇ ਕਈਆਂ ਦੇ ‘ਝੁੱਗੇ ਗਲ ਚੁਕੇ ਸਨ’।
ਬਾਲ ਹੀ ਵਿਹੜੇ ਵਿਚ ਖੇਡਦੇ ਹੋਣ, ਜੀਅ ਪਰਚਿਆ ਰਹਿੰਦਾ ਹੈ! ਵਸਦੇ ਗੁਆਂਢ ਵਿਚ ਉਨ੍ਹਾਂ ਦਾ ਘਰ ਸੀ। ਆਲੇ-ਦੁਆਲੇ ਬੱਚਿਆਂ ਦੀਆਂ ਡਾਰਾਂ ਸਨ, ਪਰ ਸੁਖਜਿੰਦਰ ਕੋਲ ਕਦੇ ਕੋਈ ਨਹੀਂ ਸੀ ਆਇਆ। ਜੰਦਰੇ ਬਾਲਾਂ ਦਾ ਰਾਹ ਵੀ ਤਾਂ ਡੱਕ ਦੇਂਦੇ ਹਨ! ਤੇ ਜਦੋ ਵਕੀਲ ਸਾਹਿਬ ਦੇ ਘਰ ਆਉਣ ਉਤੇ ਜੰਦਰੇ ਖੁਲ੍ਹਦੇ, ਤਾਂ ਵੀ ਬਾਲ ਅੰਦਰ ਨਾ ਵੜ ਸਕਦੇ। ਬਾਲਾਂ ਦੇ ਪੈਰਾਂ ਨਾਲ ਮੈਲ ਅੰਦਰ ਆ ਜਾਂਦੀ ਹੈ। ਕਮਰੇ ਦਾ ਕਲੀਨ ਖਰਾਬ ਹੋ ਸਕਦਾ ਹੈ। ਬਾਲ ਅੰਗੀਠੀ ਤੋਂ ਕੋਈ ਚੀਜ਼ ਡੇਗ ਦੇਂਦੇ ਹਨ। ਤੇ ਅਜਿਹੀ ਬੇ-ਤਰਤੀਬੀ ਤੋਂ ਵਕੀਲ ਸਾਹਿਬ ਨੂੰ ਬੜੀ ਚਿੜ ਸੀ। ਕਿੰਨਾ ਸਾਫ਼ ਤੇ ਤਰਤੀਬ ਵਾਲਾ ਸੀ ਉਨ੍ਹਾਂ ਦਾ ਘਰ। ਜਿਵੇਂ ਘਰ ਨਹੀਂ, ਕੋਈ ਵਧੀਆ ਵਲਾਇਤੀ ਹਸਪਤਾਲ ਸੀ ਇਹ...ਤੇ ਕਦੇ ਕੋਈ ਬਾਲ ਉਨ੍ਹਾਂ ਦੇ ਘਰ ਖੇਡਣ ਨਹੀਂ ਸੀ ਆਇਆ।
ਤੇ ਸੁਖਜਿੰਦਰ ਦੀ ਆਪਣੀ ਗੋਦ ਖਾਲੀ ਸੀ। ਚਿਰਾਂ ਦੀ ਉਹਦੀ ਸਿੱਕ ਸੀ: ਉਹਦੇ ਇਕ ਬੱਚਾ ਹੋਵੇ, ਗੁਲਾਬੀ-ਪਿਆਜ਼ੀ ਪੈਰ, ਬੋਸਕੀ ਵਰਗੀ ਢਿੱਡੀ…ਬਾਲ-ਬੁਲ੍ਹੀਆਂ ਉਹਦੀ ਛਾਤੀ ਛੂਹਣ, ਤੇ ਉਹਦੇ ਪਿੰਡੇ ਵਿਚੋਂ ਇਕ ਵਾਰ ਮਾਂ-ਪਿਆਰ ਨਾਲ ਮਹਿਕੇ ਦੁੱਧ ਦੀ ਹਵਾੜ ਉੱਠੇ। ਪਰ ਇਹ ਸਿੱਕ ਹੁਣ ਉਹਦੀ ਜਿੰਦ ਦੀ ਤਖ਼ਤੀ ਤੋਂ ਗ਼ਲਤ ਅੱਖਰ ਵਾਂਗ ਮਿਟ ਚੁੱਕੀ ਸੀ। ਇਕੱਲੀ ਬੈਠੀ ਕਦੇ ਕਦਾਈਂ ਉਹ ਹੱਸ ਛੱਡਦੀ, ‘ਅੰਮੜੀ ਤੇ ਬਾਬਲ ਨੇ ਨਾਂ ਧਰਿਆ ਸੀ ਸੁਖਜਿੰਦਰ! ਤੇ ਕਹੇ ਸੁਖ ਹੀ ਸੁਖ ਫਿਰਦੇ ਨੇ ਮੇਰੇ ਅੱਗੇ ਪਿਛੇ।’
ਆਪਣਾ ਜੀਅ ਪਰਚਾਣ ਲਈ ਪਰ ਸਾਲ ਉਹਨੇ ਆਪਣੇ ਕੰਧਾਂ-ਵੱਲੇ ਵਿਹੜੇ ਵਿਚ ਫੁਲ ਲਾਏ ਸਨ। ਕੰਧਾਂ ਤੇ ਜੰਦਰੇ ਉਲੰਘ ਕੇ ਰੰਗ-ਬਰੰਗੀਆਂ ਤਿਤਲੀਆਂ ਸੁਖਜਿੰਦਰ ਦੇ ਉਗਾਏ ਫੁੱਲਾਂ ਉਤੇ ਆਣ ਬਹਿੰਦੀਆਂ ਸਨ; ਤੇ ਪਤਾ ਨਹੀਂ ਇਨ੍ਹਾਂ ਸੂਖਮ ਫੂਲਾਂ, ਇਨ੍ਹਾਂ ਮਲੂਕ ਤਿਤਲੀਆਂ ਵਿਚ ਭੁਲੇਖੇ ਪਾਣ ਦੀ ਕਿੰਨੀ ਬੇਅੰਤ ਸ਼ਕਤੀ ਸੀ—ਬਿੰਦ ਦੇ ਬਿੰਦ ਲਈ ਉਹਨੂੰ ਜਾਪਦਾ ਸੀ ਕੰਧਾਂ ਅਲੋਪ ਹੋ ਗਈਆਂ ਸਨ, ਜੰਦਰੇ ਪੰਘਰ ਪਏ ਸਨ, ਤਿਤਲੀਆਂ ਦੇ ਅਨੇਕ ਰੰਗ ਉਹਦੇ ਚਾਆਂ ਵਿਚ ਚਮਕ ਆਏ ਸਨ...
ਪਰ ਹੁਣ ਬੜੇ ਚਿਰਾਂ ਤੋਂ ਉਹਦੇ ਵਿਹੜੇ ਵਿਚ ਕਦੇ ਕੋਈ ਫੁੱਲ ਨਹੀਂ ਸੀ ਖਿੜਿਆ। ਕੁਝ ਵਕੀਲ ਸਾਹਬ ਦੀ ਘੂਰੀ ਦਾ ਕੱਕਰ ਸੀ, ਤੇ ਕੁਝ ਉਹਦਾ ਆਪਣਾ ਚਾਅ-ਵਿਹੂਣਾ ਰੌਂ—ਤੇ ਬੜੇ ਚਿਰਾਂ ਤੋਂ ਉਹਦੇ ਵਿਹੜੇ ਵਿਚ ਕਦੇ ਕੋਈ ਫੁੱਲ ਨਹੀਂ ਸੀ ਖਿੜਿਆ।
ਤੇ ਸੁਖਜਿੰਦਰ ਦਾ ਹੁਣ ਪਹਿਲੀਆਂ ਵਾਂਗ ਸਾਹ ਨਹੀਂ ਸੀ ਘੁਟਦਾ, (ਜਾਂ ਉਹਨੂੰ ਘੁਟੇ ਸਾਹਾਂ ਦੀ ਗੇਝ ਪੈ ਗਈ ਸੀ!) ਤੇ ਉਹਦੇ ਲਈ ਜੰਦਰਿਆਂ ਪਿੱਛੇ ਜਿਊਣਾ ਕੋਈ ਓਪਰਾ ਨਹੀਂ ਸੀ ਰਿਹਾ। ਲੋਕਾਂ ਦੇ ਘਰੀਂ ਬਾਹਰਵਾਰ ਫੁੱਲ ਖਿੜੇ ਹੁੰਦੇ ਸਨ;—ਤੇ ਉਨ੍ਹਾਂ ਦੇ ਘਰ ਜੰਦਰੇ, ਤਿੰਨਾਂ ਬਾਹਰਲੇ ਬੂਹਿਆਂ ਨਾਲ ਇਕ ਇਕ ਜੰਦਰਾ...
ਬਾਹਰੋਂ ਜੰਦਰਾ ਖੁਲ੍ਹਣ ਦੀ ਬਿੜਕ ਹੋਈ। ਵਕੀਲ ਸਾਹਿਬ ਆ ਗਏ ਸਨ।
ਪਰ ਰੋਜ਼ ਨਾਲੋਂ ਵੀ ਵਧ ਭਰੇ ਪੀਤੇ...
ਕਚਹਿਰੀਓਂ ਟੁਰਨ ਤੋਂ ਕੁਝ ਚਿਰ ਪਹਿਲਾਂ ਉਹ ਬਾਰ-ਰੂਮ ਦੀ ਲਾਇਬ੍ਰੇਰੀ ਵਿਚ ਬੈਠੇ ਇਕ ਨਾਬਾਲਗ ਕੁੜੀ ਦੇ ਸਤਿ ਉਤੇ ਕਿਸੇ ਮੁਸ਼ਟੰਡੇ ਦੇ ਹਮਲੇ ਦਾ ਹਾਲ ਪੜ੍ਹ ਰਹੇ ਸਨ ਕਿ ਇਕ ਨੌਜਵਾਨ ਮੁੰਡਾ ਤੇ ਇਕ ਕੁੜੀ ਉਨ੍ਹਾਂ ਕੋਲ ਆਏ। ਵਕੀਲ ਸਾਹਿਬ ਨੂੰ ਜਾਪਿਆ: ਉਹ ਦੋਵੇਂ ਇੰਜ ਹੱਸ ਗੁਟਕ ਰਹੇ ਸਨ ਜਿਵੇਂ ਇਕ ਜ਼ਮਾਨੇ ਵਿਚ ਉਨ੍ਹਾਂ ਵਿਚਾਲੇ ਅੱਖ-ਮਟੱਕਾ ਚਲ ਰਿਹਾ ਹੋਵੇ।
ਨੌਜਵਾਨ ਮੁੰਡਾ ਤੇ ਕੁੜੀ ਉਨ੍ਹਾਂ ਕੋਲ ਇਕ ਟਿਕਟ ਵੇਚਣੀ ਚਾਂਹਦੇ ਸਨ। ਨੌਜਵਾਨਾਂ ਦੇ ਮੇਲੇ ਦੇ ਸਬੰਧ ਵਿਚ ਪਰਸੋਂ ਸ਼ਾਮ ਨੂੰ ਇਕ ਕਲਚਰਲ ਪ੍ਰੋਗਰਾਮ ਹੋ ਰਿਹਾ ਸੀ। ਨੌਜਵਾਨ ਮੁੰਡਾ ਉਸ ਪ੍ਰੋਗਰਾਮ ਬਾਰੇ ਉਨ੍ਹਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪਰ ਵਕੀਲ ਸਾਹਿਬ ਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ, ਉਹ ਬਿਟ-ਬਿਟ ਤੱਕੀ ਜਾ ਰਹੇ ਸਨ: ਕੁੜੀ ਬੜੀ ਜਵਾਨ ਸੀ, ਸਾੜ੍ਹੀ ਤੇ ਚੋਲੀ, ਤੇ ਗੋਰਾ ਗੋਰਾ ਲੱਕ ਸਾਰਾ ਨੰਗਾ ਸੀ। ‘ਕਿੰਨਾ ਲੁੱਚਪੁਣਾ ਵਧ ਗਿਆ ਏ ਅਜ ਕਲ।’ ਕੁੜੀ ਦੇ ਬੁਲ੍ਹਾਂ ਉਤੇ ਲਿਪਸਟਿਕ ਲੱਗੀ ਹੋਈ ਸੀ। ‘ਕੰਜਰੀਆਂ ਤੇ ਸ਼ਰੀਫ਼ਜ਼ਾਦੀਆਂ ਵਿਚ ਪੁਸ਼ਾਕ ਤੇ ਸ਼ਿੰਗਾਰ ਵਲੋਂ ਤਾਂ ਕੋਈ ਵਿਤਕਰਾ ਈ ਨਹੀਂ ਰਿਹਾ। ਉਂਜ ਵੀ ਕਿਹੜਾ ਲੰਮਾ ਫ਼ਰਕ ਸੀ ਅਜ ਕਲ।’
ਤੇ ਵਕੀਲ ਸਾਹਿਬ ਲੰਮੀਂ ਚੁੱਪ ਮਗਰੋਂ ਇਕ ਦਮ ਬੋਲੇ, “ਮੁਆਫ਼ ਕਰਨਾ— ਕਲਚਰਲ ਪ੍ਰੋਗਰਾਮ! ਮੈਂ ਅਜਿਹੇ ਲੁੱਚਪੁਣੇ ਦੀ ਟਿਕਟ ਨੂੰ ਚਿਮਟੇ ਨਾਲ ਵੀ ਫੜਨਾ ਨਹੀਂ ਚਾਂਹਦਾ। ਕੁੜੀਆਂ ਮੁੰਡੇ ਇਕੱਠੇ ਕਰ ਲਓ, ਲੱਤਾਂ ਲੱਕ ਨੰਗੇ ਕਰ ਲਓ, ਤੇ ਕਲਚਰਲ ਪ੍ਰੋਗਰਾਮ ਬਣ ਗਿਆ।” ਉਨ੍ਹਾਂ ਦੇ ਮੂੰਹ ਵਿਚ ਰੋਹ ਨਾਲ ਝੱਗ ਜਿਹੀ ਆ ਰਹੀ ਸੀ।
ਨੌਜਵਾਨ ਜੋੜਾ ਚਲਾ ਗਿਆ, ਪਰ ਵਕੀਲ ਸਾਹਿਬ ਦਾ ਰੋਹ ਹਾਈਂ ਮਾਈਂ ਜਾਣ ਵਾਲਾ ਨਹੀਂ ਸੀ।
ਘਰ ਪਰਤਦਿਆਂ ਸਾਰੀ ਵਾਟ ਉਹ ਜ਼ਮਾਨੇ ਨੂੰ ਵਗੀ ਮਾਰ ਨਾਲ ਉਲਝਦੇ ਖਪਦੇ ਰਹੇ। ਹੋਰ ਤੇ ਹੋਰ, ਅੱਜ ਕਲ ਤਾਂ ਮੰਦਰਾਂ ਗੁਰਦਵਾਰਿਆਂ ਵਿਚ ਵੀ ਨੌਜਵਾਨ ਮੁੰਡੇ ਕੁੜੀਆਂ ਇਕ ਦੂਜੇ ਨੂੰ ਤੱਕ ਕੇ ਆਪਣੀਆਂ ਅੱਖਾਂ ਸੇਕਣ ਹੀ ਜਾਂਦੇ ਨੇ, ਤੇ ਓਥੇ ਭੀੜੀਆਂ ਨੁਕਰਾਂ ਵਿਚ ਖੜੇ ਉਡੀਕਦੇ ਰਹਿੰਦੇ ਨੇ ਕਦੋਂ ਜਵਾਨ ਜਿਸਮ ਖਹਿਸਰਨ!...ਹੀਰ-ਰਾਂਝੇ ਤੇ ਸੱਸੀ-ਪੁੰਨੂੰ ਦੇ ਕਿੱਸੇ ਇਹ ਆਪਣੀ ਕਲਚਰ ਸਮਝਦੇ ਨੇ! ਹਨੇਰ ਸਾਈਂ ਦਾ, ਵੱਡੇ ਵੱਡੇ ਲੇਖਕ ਇਨ੍ਹਾਂ ਮਰ ਚੁੱਕੇ ਕਿੱਸਿਆਂ ਨੂੰ ਨਵੇਂ ਸਿਰਿਓਂ ਲਿਖ ਕੇ ਜਵਾਲ ਰਹੇ ਨੇ! ਬੋਲੀਆਂ, ਗਿੱਧੇ— ਪਿੰਡਾਂ ਦੀਆਂ ਰੂੜੀਆਂ ਹੁਣ ਸਟੇਜ ਉਤੇ, ਰੇਡੀਓ ਉਤੇ ਲਿਆਂਦੀਆਂ ਜਾ ਰਹੀਆਂ ਨੇ!”
ਅਜਕਲ ਕਿਤੇ ਅਲੋਕਾਰ ਜਵਾਨੀ ਚੜ੍ਹਦੀ ਹੈ! ਵਕੀਲ ਸਾਹਿਬ ਵੀ ਤਾਂ ਆਖਰ ਜਵਾਨ ਰਹੇ ਸਨ, ਕਾਲਜ ਪੜ੍ਹੇ ਸਨ, ਤੇ ਉਹ ਵੀ ਲਾਹੌਰ ਵਰਗੇ ਸ਼ਹਿਰ ਵਿਚ, ਜਿਸ ਨੂੰ ਹਿੰਦੁਸਤਾਨ ਦਾ ਪੈਰਿਸ ਕਿਹਾ ਜਾਂਦਾ ਸੀ। ਪਰ ਕੀ ਮਜਾਲ ਕਦੇ ਕਿਸੇ ਅਜਿਹੇ ਲੁੱਚਪੁਣੇ ਵਿਚ ਸ਼ਰੀਕ ਹੋਏ ਹੋਣ। ਕੋਰਸ ਵਿਚਲੀਆਂ ਕਹਾਣੀਆਂ ਨਜ਼ਮਾਂ ਤਾਂ ਉਨ੍ਹਾਂ ਨੂੰ ਮਜਬੂਰਨ ਕੌੜਾ ਘੁਟ ਕਰਨੀਆਂ ਪੈਂਦੀਆਂ ਹੀ ਸਨ—ਪਰ ਇਨ੍ਹਾਂ ਤੋਂ ਛੁਟ ਨਾ ਉਨ੍ਹਾਂ ਕਦੇ ਕੋਈ ਕਿੱਸਾ ਕਹਾਣੀ ਪੜ੍ਹਿਆ ਸੀ, ਤੇ ਨਾ ਕਦੇ ਕੋਈ ਫ਼ਿਲਮ ਤੱਕੀ ਸੀ। ਅਰਬਿੰਦੋ ਘੋਸ਼ ਤੇ ਭਾਈ ਵੀਰ ਸਿੰਘ ਜੀ ਤੋਂ ਬਿਨਾਂ ਹੋਰ ਕਿਸੇ ਦੀ ਕਵਿਤਾ ਕਦੇ ਉਨ੍ਹਾਂ ਛੁਹੀ ਨਹੀਂ ਸੀ; ਤੇ ਅਜ ਕਲ ਦੇ ਜਵਾਨ! ‘ਉਫ਼, ਔਤਰ ਜਾਏ ਅਜਿਹੀ ਕੌਮ—ਨਿੱਜ ਆਜ਼ਾਦੀ ਮਿਲਦੀ!”
ਕਾਲਜ ਦੇ ਦਿਨਾਂ ਵਿਚ ਜਦੋਂ ਉਹ ਹੋਸਟਲ ਵਿਚ ਰਹਿੰਦੇ ਸਨ, ਤਾਂ ਉਨ੍ਹਾਂ ਕਿੰਨੀ ਕਰੜੀ ਮਰਿਆਦਾ ਧਾਰਨ ਕੀਤੀ ਹੋਈ ਸੀ। ਉਨ੍ਹਾਂ ਦੇ ਕਮਰੇ ਵਿਚ ਜਿਹੜੇ ਦੋ ਮੁੰਡੇ ਹੋਰ ਰਹਿੰਦੇ ਸਨ, ਉਨ੍ਹਾਂ ਨੂੰ ਸ਼ਿਅਰੋ ਸ਼ਾਇਰੀ ਦਾ ਬੜਾ ਸ਼ੌਕ ਸੀ। ਪਰ ਕੀ ਮਜਾਲ ਜੇ ਵਕੀਲ ਸਾਹਿਬ ਦੇ ਸਾਹਮਣੇ ਉਹ ਕੋਈ ਐਸਾ ਵੈਸਾ ਸ਼ਿਅਰ ਜਾਂ ਗੀਤ ਸੁਣਾ ਜਾਣ। ਤੇ ਸ਼ਾਮ ਦੇ ਅੱਠ ਵਜੇ ਮਗਰੋਂ ਤਾਂ ਉਨ੍ਹਾਂ ਆਪਣੇ ਕਮਰੇ ਅੰਦਰ ਇਕ ‘ਕਰਫ਼ਿਊ’ ਲਾ ਦਿੱਤਾ ਹੋਇਆ ਸੀ। ਏਸ ਵਕਤ ਤੋਂ ਪਿਛੋਂ ਜੇ ਕਦੇ ਕੋਈ ਅੈਸੀ-ਵੈਸੀ ਚੀਜ਼ ਸੁਣ ਲੈਂਦੇ ਤਾਂ ਉਨ੍ਹਾਂ ਨੂੰ ਰਾਤ ਨੂੰ ਗੰਦੇ ਸੁਫ਼ਨੇ ਆਉਣ ਦਾ ਖ਼ਤਰਾ ਹੋ ਜਾਂਦਾ ਸੀ। ਉਹ ਓਦੋਂ ਵੀ ਹੁਣ ਵਾਂਗ ਏਸ ਡਰੋਂ ਕਦੇ ਨਰਮ ਬਿਸਤਰ ਉਤੇ ਨਹੀਂ ਸਨ ਸੁੱਤੇ, ਵਸ ਲਗਦਿਆਂ ਤਖ਼ਤਪੋਸ਼ ਉਤੇ ਹੀ ਸੌਂਦੇ ਸਨ।
ਉਨ੍ਹਾਂ ਦੇ ਕਮਰੇ ਵਿਚਲੇ ਦੋਵੇਂ ਮੁੰਡੇ ਆਮ ਤੌਰ ’ਤੇ ਪਾਰਸਾਈ ਦੇ ਰੁਅਬ ਕਰਕੇ ਉਨ੍ਹਾਂ ਦੇ ਆਖੇ ਲਗ ਜਾਂਦੇ ਸਨ। ਪਰ ਇਕ ਦਿਨ ਇਮਤਿਹਾਨ ਹੋ ਕੇ ਹਟੇ ਸਨ, ਵਾਹਵਾ ਮਿੱਠੀ-ਮਿੱਠੀ ਬਹਾਰ ਸੀ, ਤੇ ਉਹ ਦੋਵੇਂ ਮੁੰਡੇ ਕੁਝ ਚਾਂਭਲੇ ਹੋਏ ਸਨ। ਅੱਜ ਅੱਠ ਵਜੇ ਦੇ ‘ਕਰਫ਼ਿਊ’ ਨੂੰ ਉਨ੍ਹਾਂ ਨਾ ਗੌਲਿਆ। ਉਨ੍ਹਾਂ ਵਿਚੋਂ ਇਕ ਨੇ ਜਵਾਨੀ ਬਾਰੇ ਸ਼ਿਅਰ ਪੜ੍ਹਿਆ। ਹੁਣ ਯਾਦ ਤਾਂ ਨਹੀਂ ਸੀ ਆ ਰਿਹਾ—ਪਰ ਮਤਲਬ ਕੁਝ ਇੰਜ ਦਾ ਸੀ : “ਮੇਰੇ ਉਤੇ ਜਵਾਨੀ ਆ ਗਈ ਹੈ, ਸ਼ਬਾਬ ਦੀ ਰੁੱਤ ਹੈ, ਮੇਰੀ ਜ਼ਿੰਦਗੀ ਵਿਚ ਕਿਸੇ ਬੰਦੇ ਦੇ ਖ਼ੁਦਾ ਹੋ ਜਾਣ ਦਾ ਵਕਤ ਆਣ ਪੁਜਾ ਹੈ।” ਉਫ਼ ਕਿਹੋ ਜਿਹੇ ਸ਼ੇਅਰ!—ਸਾਰੀ ਰਾਤ ਖ਼ਰਾਬ ਹੋਣ ਦਾ ਸੰਸਾ ਉਠਿਆ। ਪਰ ਏਨੇ ਉਤੇ ਹੀ ਬਸ ਨਹੀਂ, ਦੂਜਾ ਬੋਲਿਆ, “ਇਹ ਤੇ ਕਿਸੇ ਵੱਡੇ ਆਦਮੀ ਨੇ ਲਿਖਿਆ ਹੋਵੇਗਾ। ਲੈ ਮੈਂ ਤੈਨੂੰ ਕਿਸੇ ਦੇ ਜਵਾਨ ਹੋਣ ਬਾਰੇ ਇਕ ਪੇਂਡੂ ਬੋਲੀ ਸੁਣਾਵਾਂ। ਤਕ ਜਿਹੜੇ ਕਣਕਾਂ ਉਗਾਂਦੇ ਨੇ, ਉਹ ਇਹੋ ਜਿਹੀ ਕਵਿਤਾ ਬਣਾਂਦੇ ਨੇ :
“ਕੱਚਾ ਦੁੱਧ ਪੀਣ ਵਾਲੀਏ।
ਤੇਰੀ ਹਿੱਕ ’ਤੇ ਮਲਾਈਆਂ ਆਈਆਂ।”
ਉਫ਼, ਤੇ ਇਹ ਬੋਲੀ ਤਾਂ ਨਿਰੀ ਆਫ਼ਤ ਸੀ, ਅਜਿਹਾ ਗੰਦ! ਤੇ ਵਕੀਲ ਸਾਹਿਬ ਆਪਣੇ ਕਮਰੇ ਵਿਚਲੇ ਦੋਵਾਂ ਮੁੰਡਿਆਂ ਨਾਲ ਖ਼ੂਬ ਉੱਚੇ ਨੀਵੇਂ ਹੋਏ ਸਨ, ਤੇ ਵਾਰਡਨ ਕੋਲ ਉਨ੍ਹਾਂ ਨੇ ਸ਼ਿਕਾਇਤ ਵੀ ਲਾਈ ਸੀ।
ਪਰ ਉਨ੍ਹਾਂ ਦੋਵਾਂ ਮੁੰਡਿਆਂ ਨੇ ਵੀ ਓਸੇ ਰਾਤ ਹੀ ਕਿੜ ਕੱਢ ਲਈ ਸੀ। ਵਕੀਲ ਸਾਹਿਬ ਪੜ੍ਹਦਿਆਂ-ਪੜ੍ਹਦਿਆਂ ਬੱਤੀ ਜਗਦੀ ਛਡ ਕੇ ਸੌਂ ਗਏ ਸਨ ਤੇ ਆਦਤ ਮੂਜਬ ਸੁਤਿਆਂ ਉਨ੍ਹਾਂ ਦਾ ਮੂੰਹ ਅਡਿਆ ਹੋਇਆ ਸੀ। ਦੋਹਾਂ ਖਰੂਦੀਆਂ ਨੂੰ ਕੀ ਸੁਝੀ, ਅੱਡੇ ਮੂੰਹ ਵਿਚ ਉਨ੍ਹਾਂ ਦੰਦਾਂ ਦਾ ਪੇਸਟ ਪਾ ਦਿੱਤਾ! ਵਕੀਲ ਸਾਹਿਬ ਦੀ ਸਾਰੀ ਰਾਤ ਖ਼ਰਾਬ ਹੋ ਗਈ। ਸਾਰੀ ਰਾਤ ਇਕ ਅਣਜਾਣੀ ਜਿਹੀ ਸ਼ਕਲ ਉਨ੍ਹਾਂ ਨੂੰ ਦਿਸਦੀ ਰਹੀ, ਇਹ ਉਨ੍ਹਾਂ ਨੂੰ ਦਿਖਾ-ਦਿਖਾ ਕੇ ਕੱਚੇ ਦੁੱਧ ਨੂੰ ਡੀਕਾਂ ਲਾ ਕੇ ਪੀਂਦੀ ਸੀ, ਤੇ ਸਾਰੀ ਰਾਤ ਉਨ੍ਹਾਂ ਨੂੰ ਦੰਦਾਂ ਦਾ ਪੇਸਟ ਮਲਾਈ ਜਾਪਦਾ ਰਿਹਾ ਸੀ।
ਤੇ ਅਜ ਜਦੋਂ ਕਲਚਰਲ ਪ੍ਰੋਗਰਾਮ ਦੀ ਟਿਕਟ ਵੇਚਣ ਆਈ ਉਹ ਕੁੜੀ ਉਨ੍ਹਾਂ ਵੇਖੀ ਸੀ, ਪਤਾ ਨਹੀਂ ਕਿਉਂ ਕਾਲਜ ਦੇ ਦਿਨਾਂ ਦੀ ਭੁੱਲੀ-ਵਿਸਰੀ ਇਹ ਬੋਲੀ ਵਕੀਲ ਸਾਹਿਬ ਨੂੰ ਚੇਤੇ ਆ ਗਈ ਸੀ! ਤੇ ਇਸੇ ਲਈ ਉਹ ਰੋਜ਼ ਤੋਂ ਵੀ ਵਧ ਭਰੇ ਪੀਤੇ ਘਰ ਪਰਤੇ ਸਨ।
“ਕੀ ਹਾਲ ਈ ਹੁਣ ਪੀੜ ਦਾ,” ਸੁਖਜਿੰਦਰ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਪੁੱਛਿਆ।
“ਸਵੇਰ ਨਾਲੋਂ ਕੁਝ ਆਰਾਮ ਏਂ,” ਸੁਖਜਿੰਦਰ ਨੇ ਕਿਹਾ।
“ਅੱਜ ਦਾਤਣ ਕੀਤੀ ਸੀ—ਤੇ ਬੁਰਸ਼-ਪੇਸਟ?”
“ਜੀ ਹਾਂ!”
“ਲੂਣ ਦੇ ਗਰਾਰੇ?”
“ਜੀ ਹਾਂ—ਨਹੀਂ, ਭੁੱਲ ਗਈ।”
“ਬਸ ਇਹੀ ਤੇ ਮਾਰ ਏ—ਪਤਾ ਨਹੀਂ ਕਿਨ੍ਹਾਂ … ਦੇ ਘਰ ਤੂੰ ਪਲੀ ਏਂ! ਕਦੇ ਦਾਤਣ ਭੁਲ ਜਾਨੀ ਏਂ, ਤੇ ਕਦੇ ਗਰਾਰੇ। ਅਸਲ ਵਿਚ ਬਚਪਨ ਵਿਚ ਤੈਨੂੰ ਕਿਸੇ ਕੋਈ ਤਰਬੀਅਤ ਨਹੀਂ ਦਿੱਤੀ।” ਵਕੀਲ ਸਾਹਿਬ ਉਂਜ ਅਸੂਲੀ ਤੌਰ ਉਤੇ ਬੜੇ ਨਿਰਮਾਣ ਸਨ (ਧਰਮ ਗਰੰਥਾਂ ਵਿਚ ਇੰਜ ਹੀ ਹੋਣਾ ਲਿਖਿਆ ਹੈ), ਪਰ ਉਨ੍ਹਾਂ ਨੂੰ ਆਪਣੀ ਸਫ਼ਾਈ ਉਤੇ ਆਪਣੀ ਪਾਰਸਾਈ ਜਿੰਨਾ ਹੀ ਮਾਣ ਸੀ, “ਸਾਰਿਆਂ ਰੋਗਾਂ ਦਾ ਮੂਲ ਗੰਦਗੀ ਏ—ਏਸੇ ਲਈ ਤੇਰੇ ਦੰਦ ਪੀੜ ਕਰਦੇ ਰਹਿੰਦੇ ਨੇ।”
ਬਾਹਰ ਟੱਲੀ ਖੜਕੀ। ਉਨ੍ਹਾਂ ਦਾ ਸੱਦਿਆ ਟਾਂਗਾ ਆ ਗਿਆ ਸੀ। ਦੰਦਾਂ ਦੇ ਡਾਕਟਰ ਕੋਲ ਜਾਣ ਦਾ ਵੇਲਾ ਹੋ ਚੁਕਿਆ ਸੀ।
ਸੁਖਜਿੰਦਰ ਨੂੰ ਟਾਂਗੇ ਵਿਚ ਬਹਿਣ ਲਈ ਆਖ ਕੇ ਉਹ ਆਪ ਬੂਹਿਆਂ ਦੇ ਜੰਦਰੇ ਬੰਦ ਕਰਨ ਲੱਗ ਪਏ ਤੇ ਫੇਰ ਛੇਤੀ ਹੀ ਟਾਂਗੇ ਵਿਚ ਆਣ ਬੈਠੇ।
ਘੱਟ ਹੀ ਕਦੇ ਉਹ ਸੁਖਜਿੰਦਰ ਨਾਲ ਰਲ ਕੇ ਬਾਹਰ ਗਏ ਸਨ। ਪਰ ਜਦੋਂ ਕਿਤੇ ਜਾਣ ਵੀ, ਤਾਂ ਉਨ੍ਹਾਂ ਦੀ ਆਦਤ ਸੀ ਕਿ ਉਹ ਰਾਹ ਵਿਚ ਉਹਦੇ ਨਾਲ ਬਹੁਤੀ ਗੱਲ ਨਹੀਂ ਸਨ ਕਰਦੇ।
‘ਸ਼ੁਕਰ ਏ ਇੱਕੋ ਹੀ ਜੰਦਰਾ ਕਚਹਿਰੀਓਂ ਆ ਕੇ ਖੋਲਿਆ ਸਾਨੇ, ਤੇ ਬੰਦ ਕਰਦਿਆਂ ਦੇਰ ਨਹੀਂ ਲੱਗੀ’, ਸੁਖਜਿੰਦਰ ਨੇ ਸੋਚਿਆ। ਇਨ੍ਹਾਂ ਜੰਦਰਿਆਂ ਦੀ ਪਾਲ ਦੀ ਪਾਲ ਨੂੰ ਕਿੰਨੀ ਕਿੰਨੀ ਵਾਰੀ ਬੰਦ ਕਰਦਿਆਂ, ਤੇ ਪੱਕ ਕਰਦਿਆਂ ਮਤੇ ਕੋਈ ਖੁਲ੍ਹਾ ਨਾ ਰਹਿ ਗਿਆ ਹੋਏ, ਉਹ ਤਿੰਨ-ਚਾਰ ਵਾਰ ਗੱਡੀਓਂ ਲਹਿ ਚੁਕੇ ਸਨ। ਸਿਰਫ਼ ਜੰਦਰੇ ਹੀ ਨਹੀਂ—ਉਹ ਤਾਂ ਆਪਣਾ ਪੈੱਨ ਭਰਨ ਵਿਚ ਵੀ ਪੂਰੇ ਪੰਦਰਾਂ ਮਿੰਟ ਲਾ ਦੇਂਦੇ ਸਨ। ਕਿੰਨੀ ਵਾਰੀ ਸ਼ਾਹੀ ਭਰਦੇ ਸਨ, ਤੇ ਕਿੰਨੀ ਵਾਰੀ ਫੇਰ ਕੱਢ ਦੇਂਦੇ ਸਨ, ਇਹ ਜਾਚਣ ਲਈ ਮਤੇ ਊਣਾ ਹੀ ਨਾ ਰਹਿ ਗਿਆ ਹੋਵੇ। ਉਨ੍ਹਾਂ ਨੂੰ ਸਖ਼ਤ ਵਹਿਮ ਸੀ, ਕਿਤੇ ਲੋੜ ਪੈਣ ਉਤੇ ਉਨ੍ਹਾਂ ਦੇ ਪੈੱਨ ਵਿਚ ਸ਼ਾਹੀ ਹੀ ਨਾ ਹੋਵੇ। ਤੇ ਇਸ ਤਰ੍ਹਾਂ ਦੇ ਸੁਫ਼ਨੇ ਵਿਚੋਂ ਰਾਤ ਨੂੰ ਕਈ ਵਾਰ ਉਹ ਬਰੜਾ ਕੇ ਜਾਗ ਪੈਂਦੇ ਹੁੰਦੇ ਸਨ।
ਚੁੱਪ-ਚਾਪ ਬੈਠੀ ਸੁਖਜਿੰਦਰ ਨੇ ਟਾਂਗੇ ਅੱਗੇ ਜੁਪੇ ਘੋੜੇ ਨੂੰ ਤੱਕਿਆ। ਬੜਾ ਸਡੌਲ ਸੀ, ਪਿੰਡਾ ਲਿਸ਼ ਲਿਸ਼ ਕਰਦਾ ਤੇ ਕਲਗੀ ਠੁਮਕਦੀ। ਬੜਾ ਸ਼ੌਕਾਂ ਵਾਲਾ ਜਾਪਦਾ ਸੀ ਟਾਂਗੇ ਵਾਲਾ। ਉਹਦਾ ਐਵੇਂ ਝਾਉਲਾ ਜਿਹਾ ਉਹਨੂੰ ਪਿਆ, ਪਰ ਸੁਖਜਿੰਦਰ ਨੇ ਸਹਿਜ ਸੁਭਾਅ ਆਪਣਾ ਮੂੰਹ ਉਹਦੇ ਵਲੋਂ ਮੋੜ ਲਿਆ ਸੀ। ਜਿਦਣ ਦੀ ਉਹ ਵਕੀਲ ਸਾਹਿਬ ਦੇ ਘਰ ਵਿਆਹੀ ਆਈ ਸੀ, ਉਸ ਤੋਂ ਕੁਝ ਚਿਰ ਮਗਰੋਂ ਹੀ ਉਹਨੂੰ ਆਪਣੇ ਪਤੀ ਦੇ ਸਿਵਾ ਹੋਰ ਸਾਰੇ ਮਰਦ ਝਾਉਲਿਆਂ ਵਾਂਗ ਹੀ ਦਿਸਣੇ ਸ਼ੁਰੂ ਹੋ ਗਏ ਸਨ। ਵਸ ਲਗਦਿਆਂ ਉਹ ਕਿਸੇ ਮਰਦ ਵਲ ਨਜ਼ਰ ਭਰ ਕੇ ਤਕਦੀ ਵੀ ਨਹੀਂ ਸੀ, ਤੇ ਨਾ ਹੀ ਅਜਿਹੇ ਕੋਈ ਬਹੁਤੇ ਮੌਕੇ ਵਕੀਲ ਸਾਹਿਬ ਉਹਨੂੰ ਦੇਂਦੇ ਸਨ...
ਦੰਦਾਂ ਵਾਲੇ ਡਾਕਟਰ ਦੀ ਦੁਕਾਨ ਆ ਗਈ। ਜ਼ਿੰਦਗੀ ਵਿਚ ਪਹਿਲੀ ਵਾਰ ਦੰਦਾਂ ਦੇ ਡਾਕਟਰ ਕੋਲ ਜਾ ਰਹੀ ਸੀ! ਇਕ ਅਚੇਤ ਜਿਹਾ ਡਰ ਉਹਨੂੰ ਮਹਿਸੂਸ ਹੋਇਆ। ਨਰਸ ਨੇ ਬੜੇ ਆਦਰ ਨਾਲ ਉਨ੍ਹਾਂ ਦੋਵਾਂ ਨੂੰ ਸੋਫ਼ੇ ਉਤੇ ਬਿਠਾਇਆ। ਸਾਹਮਣੇ ਤਿਪਾਈ ਉਤੇ ਬੜੇ ਸਾਰੇ ਮੂਰਤਾਂ ਵਾਲੇ ਰਸਾਲੇ ਪਏ ਸਨ, ਉਹਨੇ ਉਹ ਉਨ੍ਹਾਂ ਵਲ ਵਧਾਏ। ਸੁਖਜਿੰਦਰ ਨੇ ਬਿਨਾਂ ਸੋਚੇ ਪਹਿਲਾਂ ਹੱਥ ਅੱਗੇ ਕੀਤਾ, ਪਰ ਫੇਰ ਝਟ ਹੀ ਪਿਛਾਂਹ ਖਿਚ ਲਿਆ—ਵਕੀਲ ਸਾਹਿਬ ਅਜ ਕਲ ਦੇ ਆਮ ਰਸਾਲੇ ਆਪਣੀ ਵਹੁਟੀ ਲਈ ਠੀਕ ਨਹੀਂ ਸਨ ਸਮਝਦੇ।
ਨਰਸ ਨੇ ਮੁਸਕਰਾ ਕੇ ਸੁਖਜਿੰਦਰ ਨੂੰ ਦੱਸਿਆ, “ਮੁਆਫ਼ ਕਰਨਾ, ਸਿਰਫ਼ ਪੰਜ ਮਿੰਟ ਤੁਹਾਨੂੰ ਹੋਰ ਇੰਤਜ਼ਾਰ ਕਰਨੀ ਪਏਗੀ।”
ਵਕੀਲ ਸਾਹਿਬ ਨੇ ਗਹੁ ਨਾਲ ਨਰਸ ਵਲ ਤੱਕਿਆ।
ਨਰਸ ਨੇ ਮੁਸਕਰਾ ਕੇ ਅੱਗੋਂ ਪੁੱਛਿਆ, “ਤੁਹਾਨੂੰ ਜਾਂ ਭੈਣ ਜੀ ਨੂੰ ਪਿਆਸ ਲੱਗੀ ਹੋਵੇਗੀ?”
“ਨਹੀਂ-ਨਹੀਂ—”, ਤੇ ਵਕੀਲ ਸਾਹਿਬ ਨੂੰ ਬੜਾ ਮੰਦਾ ਲੱਗਾ—‘ਕਿਵੇਂ ਮੂਲੋਂ ਹੀ ਸ਼ਰਮ ਲਾਹ ਕੇ ਮੁਸਕਰਾਂਦੀ ਏ। ਹਰ ਇਕ ਨਾਲ ਇੰਜ ਹੀ ਮੁਸਕਰਾਂਦੀ ਹੋਵੇਗੀ। ਜੂਠ! ਤੇ ਕਿੰਨੀ ਇਕੱਲੀ ਜਿਹੀ ਥਾਂ ਏ। ਬਾਹਰ ਸ਼ੀਸ਼ਿਆਂ ਨੂੰ ਪਰਦੇ ਲੱਗੇ ਹੋਏ ਨੇ! ਤੇ ਜਵਾਨ ਏਂ! ਜਦੋਂ ਮਰੀਜ਼ ਨਹੀਂ ਹੁੰਦੇ, ਓਦੋਂ ਡਾਕਟਰ ਤੇ ਨਰਸ ਇਕੱਲੇ ਇਥੇ ਹੁੰਦੇ ਹੋਣਗੇ।” ਖਬੇ ਪਾਸੇ ਲੱਕੜ ਦੀ ਪਾਰਟੀਸ਼ਨ ਦੇ ਉਹਲਿਓਂ ਉਨ੍ਹਾਂ ਨੂੰ ਇਕ ਬਿਸਤਰਾ ਲੱਗਾ ਦਿਸਿਆ। ‘ਤੇ ਨਰਸ ਕਿਡੀ ਜਵਾਨ ਸੀ। ਤੇ ਬਹੁਤ ਵਾਰ ਡਾਕਟਰ ਤੇ ਨਰਸ ਇਕੱਲੇ…ਅੱਗ ਦੇ ਨੇੜੇ ਘਿਓ ਰੱਖੋ…ਪੰਘਰੇਗਾ ਈ...’
ਨਰਸ ਮੁਸਕਰਾ ਕੇ ਸੁਖਜਿੰਦਰ ਨੂੰ ਕਹਿ ਰਹੀ ਸੀ, “ਬੀਬੀ ਜੀ, ਚਲੋ ਹੁਣ ਤੁਹਾਡੀ ਵਾਰੀ ਏ।”
ਨਰਸ ਕੁਝ ਹੈਰਾਨ ਹੋਈ ਜਦੋਂ ਉਹਨੇ ਤਕਿਆ ਪਹਿਲੋਂ ਵਕੀਲ ਸਾਹਿਬ ਉਠ ਕੇ ਅੰਦਰ ਡਾਕਟਰ ਦੇ ਕਮਰੇ ਵਿਚ ਗਏ ਤੇ ਮਗਰ ਬੀਬੀ ਜੀ।
ਡਾਕਟਰ ਨੇ ਖ਼ਾਸ ਕੁਰਸੀ ਉਤੇ ਸੁਖਜਿੰਦਰ ਨੂੰ ਬੜੇ ਆਦਰ ਨਾਲ ਬਿਠਾਇਆ। ਏਸ ਕੁਰਸੀ ਨੂੰ ਕੋਈ ਕਲ ਲਗੀ ਹੋਈ ਸੀ ਤੇ ਡਾਕਟਰ ਉਹਨੂੰ ਦਬਾ ਰਿਹਾ ਸੀ। ਵਕੀਲ ਸਾਹਿਬ ਨੇ ਤਕਿਆ, ਸੁਖਜਿੰਦਰ ਵਾਲੀ ਕੁਰਸੀ ਉਚੀ ਹੋ ਰਹੀ ਸੀ, ਹੋਰ ਉਚੀ। ਸੁਖਜਿੰਦਰ ਦਾ ਸਿਰ ਡਾਕਟਰ ਦੇ ਮੂੰਹ ਦੇ ਕਾਫ਼ੀ ਨੇੜੇ ਪੁਜਣ ਲੱਗਾ ਸੀ…ਵਕੀਲ ਸਾਹਿਬ ਅਗਾਂਹ ਹੋ ਕੇ ਕੁਰਸੀ ਨੂੰ ਰੋਕ ਲੈਣਾ ਚਾਂਹਦੇ ਸਨ।
ਤੇ ਡਾਕਟਰ ਨੇ ਸੁਖਜਿੰਦਰ ਦੀਆਂ ਦੋਵੇਂ ਗਲ੍ਹਾਂ ਫੜ ਕੇ ਉਹਦਾ ਮੂੰਹ ਖੁਲ੍ਹਾਇਆ ਹੋਇਆ ਸੀ।
‘ਬਦਮਾਸ਼’ ਵਕੀਲ ਸਾਹਿਬ ਦੇ ਦੰਦਾਂ ਵਿਚ ਇਹ ਲਫ਼ਜ਼ ਕਰਚ ਕਰਚ ਕਰ ਰਿਹਾ ਸੀ ਤੇ ਦੰਦਾਂ ਦੀ ਵਲਗਣ ਪਾਰ ਕਰਨਾ ਚਾਂਹਦਾ ਸੀ।
ਡਾਕਟਰ ਨੇ ਤਕਿਆ ਵਕੀਲ ਸਾਹਿਬ ਕੁਝ ਬੇ-ਅਰਾਮ ਸਨ। ਉਹਨੇ ਉਨ੍ਹਾਂ ਨੂੰ ਕਿਹਾ, “ਹਾਲੀ ਕਾਫ਼ੀ ਦੇਰ ਲੱਗੇਗੀ। ਤੁਸੀਂ ਬਾਹਰ ਸੋਫ਼ੇ ਉਤੇ ਜੇ ਆਰਾਮ ਕਰਨਾ ਚਾਹੋ?”
“ਨਹੀਂ...”
“ਨਰਸ–ਇਨ੍ਹਾਂ ਲਈ ਇਥੇ ਹੀ ਇਕ ਕੁਰਸੀ ਲਿਆ ਦੇ।”
ਤੇ ਸਾਹਮਣੇ ਸ਼ੀਸ਼ੇ ਵਿਚੋਂ ਵਕੀਲ ਸਾਹਿਬ ਨੂੰ ਦਿਸਿਆ—ਡਾਕਟਰ ਸੁਖਜਿੰਦਰ ਦੇ ਬੁਲ੍ਹਾਂ ਉਤੇ ਆਪਣੇ ਪੋਟੇ ਫੇਰ ਰਿਹਾ ਸੀ…ਤੇ ਡਾਕਟਰ ਦਾ ਇਕ ਹੱਥ ਸੁਖਜਿੰਦਰ ਦੇ ਗਲਮੇਂ ਕੋਲ ਬੜੀ ਨਰਮਾਈ ਨਾਲ ਜਾ ਟਿਕਿਆ ਸੀ।
ਡਾਕਟਰ ਮੁਸਕਰਾ ਕੇ ਸੁਖਜਿੰਦਰ ਨੂੰ ਕਹਿ ਰਿਹਾ ਸੀ, “ਤੁਹਾਡੇ ਦੰਦਾਂ ਦੀ ਬੀੜ ਤਾਂ ਬੜੀ ਸੁਹਣੀ ਏ। ਪਤਾ ਨਹੀਂ ਖੱਬੀ ਦਾੜ੍ਹ...”
…ਆਪਣੇ ਕਿਸੇ ਅੰਗ ਦੀ ਤਰੀਫ਼ ਸੁਣਿਆਂ ਸੁਖਜਿੰਦਰ ਨੂੰ ਇਕ ਜ਼ਮਾਨਾ ਹੋ ਗਿਆ ਸੀ। ਕੁਆਰਿਆਂ ਹੁੰਦਿਆਂ ਉਹ ਹਸਣੀ ਕੁੜੀ ਮਸ਼ਹੂਰ ਸੀ, ਤੇ ਉਹਦੀ ਸਭ ਤੋਂ ਪਿਆਰੀ ਸਹੇਲੀ ਸ਼ੀਲਾ ਉਹਨੂੰ ਕਦੇ ਕਦੇ ਕਹਿੰਦੀ ਹੁੰਦੀ ਸੀ, “ਮਰ ਜਾਣੀਏਂ! ਬਹੁਤਾ ਨਾ ਹਸਿਆ ਕਰ, ਮੋਤੀਆਂ ਦੀਆਂ ਲੜੀਆਂ ਕਿਰ ਜਾਣਗੀਆਂ।”
ਸਾਹਮਣੇ ਸ਼ੀਸ਼ੇ ਵਿਚੋਂ ਵਕੀਲ ਸਾਹਿਬ ਨੂੰ ਦਿਸਿਆ, ਸੁਖਜਿੰਦਰ ਮੁਸਕਰਾ ਪਈ ਸੀ। ‘ਹੁਣ ਪੀੜ ਕਿੱਥੇ ਹਰਨ ਹੋ ਗਈ ਏ ਖੇਖਣਹਾਰੀ ਦੀ!’ ਸ਼ੀਸ਼ੇ ਵਿਚ ਸੁਖਜਿੰਦਰ ਓਸ ਨੱਟਣੀ ਨਰਸ ਵਾਂਗ ਹੀ ਮੁਸਕਰਾ ਰਹੀ ਸੀ। ਤੇ ਡਾਕਟਰ ਨੇ ਕਿਸ ਬੇਸ਼ਰਮੀ ਨਾਲ ਉਹਦੀਆਂ ਗਲ੍ਹਾਂ ਉਤੇ ਹੱਥ ਰੱਖੇ ਹੋਏ ਸਨ।
“ਬਦਮਾਸ਼—ਡਾਕਟਰ ਏ ਕਿ…” ਵਕੀਲ ਸਾਹਿਬ ਚੀਕ ਕੇ ਪਾਗਲਾਂ ਵਾਂਗ ਡਾਕਟਰ ਵਲ ਵਧੇ।
ਡਾਕਟਰ ਨੂੰ ਕੁਝ ਸਮਝ ਨਾ ਪਿਆ।
ਸੁਖਜਿੰਦਰ ਨੇ ਵਿਚ ਪੈ ਕੇ ਆਪਣੇ ਪਤੀ ਨੂੰ ਰੋਕਣਾ ਚਾਹਿਆ।
“ਹੈਂ ਤੂੰ ਮੇਰੇ ਸਾਹਮਣੇ ਹੀ ਇੰਜ ਰਾਸ ਰਚਾਨੀ ਏਂ, ਲੁੱਚੀਏ! ਤਦੇ ਤੇਰਾ ਯਾਰ ਕਹਿੰਦਾ ਸੀ, ‘ਤੁਸੀਂ ਬਾਹਰ ਸੋਫ਼ੇ ਉਤੇ ਆਰਾਮ ਕਰੋ…ਤੇ ਤੈਨੂੰ...’ ਤੇ ਵਕੀਲ ਸਾਹਿਬ ਨੇ ਸੁਖਜਿੰਦਰ ਨੂੰ ਕੁਰਸੀ ਤੋਂ ਧਰੀਕ ਕੇ ਥੱਲੇ ਸੁੱਟ ਪਾਇਆ।
ਡਾਕਟਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਦੀਆਂ ਮੁਠੀਆਂ ਘੁਟੀਆਂ ਜਾ ਰਹੀਆਂ ਸਨ, ਤੇ ਮੂੰਹ ਲਾਲ ਹੋ ਗਿਆ ਸੀ। ਉਹ ਕੀ ਕਰੇ?—ਨਰਸ ਪਤਾ ਨਹੀਂ ਕਿੱਥੇ ਚਲੀ ਗਈ ਸੀ। ਉਹ ਤਾਂ ਜ਼ਨਾਨੀ ਸੀ, ਸ਼ਾਇਦ ਕੁਝ ਕਰ ਸਕੇ। ਤੇ ਉਹ ਦੌੜ ਕੇ ਨਰਸ ਨੂੰ ਲੱਭਣ ਚਲਾ ਗਿਆ।
ਵਕੀਲ ਸਾਹਿਬ ਦੇ ਬੁਲ੍ਹਾਂ ਦੇ ਕੋਇਆਂ ਉਤੇ ਝੱਗ ਆਈ ਹੋਈ ਸੀ; ਤੇ ਭੁੰਜੇ ਪਟਕਾਈ ਸੁਖਜਿੰਦਰ ਨੂੰ ਉਹ ਦਬਾ ਸਟ ਕੁੱਟੀ ਜਾ ਰਹੇ ਸਨ, ਚਪੇੜਾਂ ਤੇ ਬੂਟ...; ਸਾਹੋ ਸਾਹ ਹੋਏ ਉਹ ਉਹਦੇ ਕਪੜੇ ਪਾੜ ਰਹੇ ਸਨ।
“ਲੁੱਚੀ, ਬਦਮਾਸ਼, ਗ਼ਸ਼ਤੀ...”
ਜਦੋਂ ਡਾਕਟਰ ਨਰਸ ਨੂੰ ਲੈ ਕੇ ਮੁੜਿਆ, ਤਾਂ ਵਕੀਲ ਸਾਹਿਬ ਹਫ਼ ਕੇ ਇਕ ਪਾਸੇ ਅਡੋਲ ਖਲੋਤੇ ਹੋਏ ਸਨ, ਤੇ ਅਧੋਰਾਣੇ ਕਪੜਿਆਂ ਵਿਚ ਸੁਖਜਿੰਦਰ ਫ਼ਰਸ਼ ਉਤੇ ਪਈ ਸੀ। ਉਹਦੀ ਖੱਬੀ ਛਾਤੀ ਉੱਕਾ ਨੰਗੀ ਸੀ—ਆਪਣੀਆਂ ਛਾਤੀਆਂ ਬਾਰੇ ਕਦੇ ਉਹਨੂੰ ਸੱਧਰ ਆਈ ਸੀ, ‘ਬਾਲ-ਬੁਲ੍ਹੀਆਂ ਇਨ੍ਹਾਂ ਨੂੰ ਛੂਹਣ!’
ਸੁਖਜਿੰਦਰ ਦੇ ਪਿੰਡੇ ਉਤੇ ਨੀਲ ਸਨ, ਪਰ ਉਹਦੀਆਂ ਅੱਖਾਂ ਵਿਚ ਇਕ ਵੀ ਅੱਥਰੂ ਨਹੀਂ ਸੀ। ਕਿਦ੍ਹੇ ਅੱਗੇ ਅੱਥਰੂ ਰੋਲੇ, ਉਹਦੇ ਪਤੀ ਦੀ ਹਿਕ ਵਿਚ ਤਾਂ ਦਿਲ ਦੀ ਥਾਂ ਇਕ ਜੰਦਰਾ ਰੱਖਿਆ ਹੋਇਆ ਸੀ।
[1956]