Punjabi Stories/Kahanian
ਜਰਨੈਲ ਸਿੰਘ
Jarnail Singh
Punjabi Kavita
  

Do Tapu Jarnail Singh

ਦੋ ਟਾਪੂ ਜਰਨੈਲ ਸਿੰਘ

ਪੁਸ਼ਪਿੰਦਰ ਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਸੀ ਪੈ ਰਹੀ। ਸਵੀ ਤੇ ਨਿੱਕੋ ਆਪਣੇ ਆਪ ਹੀ ਤਿਆਰ ਹੋਈ ਜਾ ਰਹੇ ਸਨ। ਸੋ ਨਿੱਕੋ ਦੇ ਵਾਲ਼ ਸੁਆਰ ਕੇ ਉਹ ਬੈੱਡ-ਰੂਮ 'ਚ ਖਿੱਲਰੀਆਂ ਚੀਜ਼ਾਂ ਸਾਂਭਣ ਲੱਗ ਪਈ।
"ਦੇਖਿਆ, ਮੈਂ ਈ ਕਿਹਾ ਸੀ ਡੈਡ ਨੂੰ ...।" ਨੌਆਂ ਸਾਲਾਂ ਦਾ ਸਵੀ ਹੁੱਬ-ਹੁੱਬ ਕੇ ਨਿੱਕੋ ਨੂੰ ਦੱਸਣ ਲੱਗ ਪਿਆ ਕਿ ਉਸਦੀ ਫਰਮਾਇਸ਼ 'ਤੇ ਹੀ ਉਨ੍ਹਾਂ ਦਾ ਡੈਡ ਉਨ੍ਹਾਂ ਨੂੰ ਨਿਆਗਰਾ ਫਾਲਜ਼ ਘੁਮਾਉਣ ਲਿਜਾ ਰਿਹਾ ਸੀ।
"ਐ ਹੈ ਹੈਅ, ਤੂੰ ਨਾ ਤੂੰ," ਛੇਆਂ ਸਾਲਾਂ ਦੀ ਨਿੱਕੋ ਆਪਣੇ ਭਰਾ ਦਾ ਮਜ਼ਾਕ ਜਿਹਾ ਉਡਾਉਂਦਿਆਂ ਬੋਲੀ, "ਡੈਡ ਨੇ ਕੱਲ੍ਹ ਮੈਨੂੰ ਫੋਨ 'ਤੇ ਪੁੱਚਿਆ ਤੀ। ਐਂਡ ਆਈ ਸੈੱਡ ਯੈਸ, ਵੀ ਮਸਟ।"
"ਬਟ ਇਟ ਵਾਜ਼ ਮਾਈ ਆਈਡੀਆ।"
"ਦੈੱਨ ਵਹਟ ?"
ਤੇ ਫਿਰ ਉਹ ਵਿੰਗੇ-ਟੇਢੇ ਮੂੰਹ ਬਣਾ-ਬਣਾ ਇੱਕ ਦੂਜੇ ਨੂੰ ਚਿੜਾਉਣ ਲੱਗ ਪਏ।
"ਤਿਆਰ ਤਾਂ ਹੋ ਗਏ ਆਂ, ਹੁਣ ਜਾਂਦੇ ਕਿਉਂ ਨਹੀਂ?" ਲਿਵਿੰਗ-ਰੂਮ ਵੱਲ ਨੂੰ ਅੱਖਾਂ ਦਾ ਇਸ਼ਾਰਾ ਕਰਦਿਆਂ ਪੁਸ਼ਪਿੰਦਰ ਨੇ ਕਿਹਾ। ਕਿਰਾਏ 'ਤੇ ਲਏ ਹੋਏ ਇਸ ਬੇਸਮੈੰਟ ਵਿੱਚ ਬੈੱਡ-ਰੂਮ, ਲਿਵਿੰਗ-ਰੂਮ ਤੇ ਰਸੋਈ ਨਾਲ਼-ਨਾਲ਼ ਹੀ ਪੈਂਦੇ ਸਨ।
ਚਾਮ੍ਹਲੇ ਹੋਏ ਨਿਆਣੇ ਆਪਣੀ ਮੰਮੀ ਦੀ ਇਹ ਗੱਲ ਸੁਣ ਕੇ ਸੰਜੀਦਾ ਜਿਹੇ ਹੋ ਗਏ...ਪਾਸ਼ੀ ਪਿਛਲੇ ਕੁਝ ਸਮੇਂ ਤੋਂ ਸਵੀ ਤੇ ਨਿੱਕੋ ਵਿੱਚ ਇੱਕ ਪਰਿਵਰਤਨ ਮਹਿਸੂਸ ਕਰ ਰਹੀ ਸੀ। ਹਰੇਕ ਤੀਜੇ ਵੀਕ-ਐੰਡ 'ਤੇ ਜਦੋਂ ਬਲਰਾਜ ਉਨ੍ਹਾਂ ਨੂੰ ਆਪਣੇ ਕੋਲ਼ ਲਿਜਾਣ ਲਈ ਫੋਨ 'ਤੇ ਪੁੱਛਦਾ ਤਾਂ ਚਾਅ ਜਿਹੇ ਵਿੱਚ ਉਹ ਪ੍ਰੋਗਰਾਮ ਬਣਾ ਲੈਂਦੇ, ਖੁਸ਼ੀ-ਖੁਸ਼ੀ ਤਿਆਰ ਵੀ ਹੋ ਜਾਂਦੇ ਪਰ ਤੁਰਨ ਲੱਗਿਆਂ ਉਨ੍ਹਾਂ ਬੱਚਿਆਂ ਵਾਂਗ ਸੰਜੀਦਾ ਹੋ ਜਾਂਦੇ, ਜਿਨ੍ਹਾਂ ਨੇ ਆਪ ਤਾਂ ਦੌੜ ਕੇ, ਮੇਲੇ ਨੂੰ ਜਾ ਰਹੀ ਬੱਸ ਫੜ ਲਈ ਹੋਵੇ ਪਰ ਉਨ੍ਹਾਂ ਦੀ ਥੱਕੀ ਹੋਈ ਮਾਂ ਕਿਧਰੇ ਪਿਛਾਂਹ ਹੀ ਰਹਿ ਗਈ ਹੋਵੇ।
ਜਦੋਂ ਨਿਆਣੇ ਨਾ ਹੀ ਹਿੱਲੇ ਤਾਂ ਪਾਸ਼ੀ ਆਪ ਉਨ੍ਹਾਂ ਨੂੰ ਲਿਵਿੰਗ-ਰੂਮ 'ਚ ਲੈ ਆਈ। ਉਸਨੇ ਦੇਖਿਆ ਕਿ ਬਲਰਾਜ ਟੀ.ਵੀ. ਲਾਈ ਬੈਠਾ ਸੀ। ਪਿਛਲੀ ਵਾਰ ਵੀ ਉਸਨੇ ਇੰਜ ਹੀ ਕੀਤਾ ਸੀ। ਪਰ ਉਸ ਤੋਂ ਪਹਿਲਾਂ, ਉਹ ਆ ਕੇ ਚੁੱਪ-ਚਾਪ ਸੋਫੇ 'ਤੇ ਬੈਠ ਰਹਿੰਦਾ। ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਸਰਦਲ ਵੀ ਨਹੀਂ ਸੀ ਟੱਪਦਾ ਹੁੰਦਾ। ਫੋਨ ਕਰਕੇ ਇਸ ਹਿਸਾਬ ਨਾਲ਼ ਪਹੁੰਚਦਾ ਕਿ ਦੋਨੋ ਬੱਚੇ ਤਿਆਰ ਹੁੰਦੇ ਤੇ ਨਾਲ਼ ਲੈ ਕੇ ਟੁਰ ਜਾਂਦਾ। ਤੇ ਜੇਕਰ ਕਦੀ-ਕਦਾਈਂ ਉਹ ਤਿਆਰ ਨਾ ਹੋਏ ਹੁੰਦੇ ਤਾਂ ਬਾਹਰ ਹੀ ਆਪਣੀ ਕਾਰ 'ਚ ਬੈਠ ਕੇ ਇੰਤਜ਼ਾਰ ਕਰ ਲੈਂਦਾ।
"ਚਲੀਏ ਬਈ।" ਨਿਆਣਿਆਂ ਵੱਲ ਵੇਖਦਿਆਂ ਬਲਰਾਜ ਨੇ ਟੀ.ਵੀ. ਬੰਦ ਕਰ ਦਿੱਤਾ ਤੇ ਸੋਫੇ ਤੋਂ ਉੱਠ ਖਲੋਇਆ।
ਪਾਸ਼ੀ ਤੇ ਬਲਰਾਜ ਆਹਮੋ-ਸਾਹਮਣੇ ਖੜ੍ਹੇ ਸਨ, ਕੋਲ਼-ਕੋਲ਼ ਖਲੋਤੇ ਦੋ ਟਾਪੂਆਂ ਵਾਂਗ। ਆਪੋ ਆਪਣੀ ਹਸਤੀ ਦੇ ਮਾਲਕ। ...ਸਮੁੰਦਰ 'ਚ ਗੁਆਚੇ ਹੋਏ ਮਲਾਹ ਵਰਗਾ ਬਲਰਾਜ ਦਾ ਚਿਹਰਾ ਵੇਖਦਿਆਂ ਪਾਸ਼ੀ ਅੰਦਰੋਂ 'ਮੈਨੂੰ ਕੀ' ਦੀ ਆਵਾਜ਼ ਆਈ ਸੀ ਜਾਂ ਕੁਝ ਹੋਰ, ਉਹ ਸਮਝ ਨਹੀਂ ਸੀ ਸਕੀ।
"ਸ਼ਾਮ ਨੂੰ ਮੁੜਦਿਆਂ ਸਾਨੂੰ ਦੇਰ ਹੋ ਜਾਣੀ ਆਂ। ਏਸ ਕਰਕੇ ਫੋਨ ਨਹੀਂ ਕਰ ਹੋਣਾ। ਓਦਾਂ ਕੱਲ੍ਹ ਨੂੰ ਦਸ ਕੁ ਵਜੇ ਮੈਂ ਇਨ੍ਹਾਂ ਨੂੰ ਛੱਡ ਜਾਊਂਗਾ।" ਬਲਰਾਜ ਨੂੰ ਆਪਣੀ ਆਵਾਜ਼ ਥੱਕੀ-ਥੱਕੀ ਜਿਹੀ ਮਹਿਸੂਸ ਹੋਈ ਸੀ।
"ਠੀਕ ਆ।" ਪਾਸ਼ੀ ਦੀ ਆਵਾਜ਼ ਅੰਸਰਿੰਗ-ਮਸ਼ੀਨ ਵਰਗੀ ਸੀ।
ਨਿਆਣਿਆਂ ਦੀ ਨਿਗ੍ਹਾ ਆਪਣੀ ਮੰਮੀ ਵੱਲੋਂ ਹੁੰਦੀ ਹੋਈ ਡੈਡ ਵੱਲ ਚਲੀ ਗਈ। ਉਨ੍ਹਾਂ "ਬਾਇ ਮੌਮ" ਕਿਹਾ ਤੇ ਡੈਡ ਨਾਲ਼ ਦਰਵਾਜ਼ੇ ਵੱਲ ਨੂੰ ਹੋ ਤੁਰੇ।
ਭੁੱਖ ਮਹਿਸੂਸ ਕਰਦਿਆਂ ਪਾਸ਼ੀ ਨਾਸ਼ਤਾ ਤਿਆਰ ਕਰਨ ਲੱਗ ਪਈ। ਉਸਨੇ ਨਿਆਣਿਆਂ ਨੂੰ ਤਾਂ ਖੁਆ ਦਿੱਤਾ ਸੀ ਪਰ ਆਪ ਅਜੇ ਤੱਕ ਖਾ ਨਹੀਂ ਸੀ ਸਕੀ...ਪਤਾ ਨਹੀਂ ਇਹ ਬੇਸਮੈੰਟ ਵਿਚਲੀ ਚੁੱਪ ਸੀ ਜਾਂ ਕੋਈ ਹੋਰ ਕਾਰਨ ਕਿ ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਦੇ ਅੰਦਰਲੀ ਕਾਹਲ਼ ਨੂੰ ਊਂਘ ਆ ਗਈ ਹੋਵੇ...ਕਾਹਲ਼ ਜੋ ਕਨੇਡਾ ਆ ਕੇ ਉਸਦੇ ਸਿਰ ਨੂੰ ਅਜਿਹੀ ਚੜ੍ਹੀ ਕਿ ਪੋਟੇ-ਪੋਟੇ ਵਿੱਚ ਉੱਤਰ ਗਈ ਸੀ। ਸੋਫੇ 'ਤੇ ਬੈਠਿਆਂ ਮਟਰਾਂ ਵਾਲ਼ੇ ਪਰੌਂਠੇ ਦਾ ਸੁਆਦ ਮਾਣਦਿਆਂ ਉਸਨੂੰ ਆਪਣੀ ਇਸ ਵਕਤ ਦੀ ਇਕੱਲ ਸ਼ਾਇਦ ਚੰਗੀ ਲੱਗ ਰਹੀ ਸੀ। ਕਿੰਨਾ ਥਕਾ ਦਿੰਦੇ ਸਨ ਨਿਆਣੇ ਉਸਨੂੰ! ਫਿਰ ਜੌਬ ਅਤੇ ਘਰ ਦੇ ਹੋਰ ਝੰਜਟ। 'ਬੰਦਾ 'ਕੱਲਾ ਹੀ ਹੋਣਾ ਚਾਹੀਦੈ। ਨਾ ਬਹੁਤਾ ਖਿਲਾਰਾ ਨਾ ਬਹੁਤੀ ਦੌੜ-ਭੱਜ।' ਉਹ ਬੁੜਬੁੜਾਈ। 'ਪਰ 'ਕੱਲਾ ਤਾਂ ਕਹਿੰਦੇ ਆ ਪਈ ਦ੍ਰਖਤ ਵੀ ਨਾ ਹੋਵੇ।' ਉਸਨੇ ਆਪਣੇ ਆਪ 'ਤੇ ਕਿੰਤੂ ਕੀਤਾ। ਪਰੌਂਠੇ ਵਾਲ਼ੀ ਖਾਲੀ ਪਲੇਟ ਪਰੇ ਕਰਦਿਆਂ ਉਸਨੇ ਚਾਹ ਦਾ ਕੱਪ ਚੁੱਕਿਆ ਤੇ ਟੀ.ਵੀ. ਦਾ ਰੀਮੋਟ ਨੱਪ ਦਿੱਤਾ। ਪੰਜਾਬੀ ਪ੍ਰੋਗਰਾਮ ਵਿੱਚ ਸੁਹਾਗ ਦਾ ਗੀਤ ਚੱਲ ਰਿਹਾ ਸੀ:

ਤੇਰੇ ਵਿਹੜੇ ਦੇ ਵਿੱਚ-ਵਿੱਚ ਵੇ, ਬਾਬਲ ਚਰਖਾ ਕੌਣ ਕੱਤੇ?
ਮੇਰੀਆਂ ਕੱਤਣ ਪੋਤੜੀਆਂ, ਧੀਏ ਘਰ ਜਾਹ ਆਪਣੇ।
ਘਰ ਵੀ ਮੈਂ ਟੋਲ਼ਿਆ, ਵਰ ਵੀ ਮੈਂ ਟੋਲ਼ਿਆ।
ਇੱਕ ਨਾ ਟੋਲ਼ਿਆ, ਧੀ ਦਾ ਲੇਖ ਵੇ।

ਚਾਹ ਦੇ ਘੁੱਟ ਭਰਦਿਆਂ, ਪਾਸ਼ੀ ਉਸ ਟਿਕੀ ਹੋਈ ਰਾਤ ਵਿੱਚ ਗੁਆਚ ਗਈ...ਢੋਲਕੀ ਦੀ ਤਾਲ਼..ਚੰਦ ਦੀ ਮੁਲਾਇਮ ਚਾਨਣੀ ਹੇਠ ਸੁੱਤਾ ਹੋਇਆ ਪਿੰਡ...ਪਾਸ਼ੀ ਹੁਰਾਂ ਦੇ ਵਿਹੜੇ ਵਿੱਚ ਉਸ ਦੁਆਲ਼ੇ ਇਕੱਠੀਆਂ ਹੋਈਆਂ ਕੁੜੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਸੁਹਾਗ ਦੀਆਂ ਹੇਕਾਂ।
ਸਰਕਾਰੀ ਨੌਕਰੀ ਦੇ ਨਾਲ਼-ਨਾਲ਼ ਖੇਤੀ ਨੂੰ ਵੀ ਹੱਥ-ਪੱਲਾ ਮਾਰਦੇ ਪ੍ਰੀਤਮ ਸਿੰਘ ਨੇ ਧੀ ਦੇ ਵਿਆਹ 'ਤੇ ਖਰਚ ਕਰਨ ਲੱਗਿਆਂ ਸੀਅ ਨਹੀਂ ਸੀ ਕੀਤੀ। ਮੁੰਡਾ ਆਖਰ ਕਨੇਡਾ ਤੋਂ ਆਇਆ ਹੋਇਆ ਸੀ। ਪਾਸ਼ੀ ਦੇ ਮਾਪਿਆਂ, ਭਰਾ, ਭੈਣ ਤੇ ਰਿਸ਼ਤੇਦਾਰਾਂ ਨੇ ਉਸਨੂੰ 'ਕਰਮਾਂ ਵਾਲ਼ੀ' ਕਿਹਾ ਸੀ...ਕਾਲਜ ਦੀਆਂ ਸੁਹਣੀਆਂ ਕੁੜੀਆਂ ਵਿੱਚ ਗਿਣੀ ਜਾਂਦੀ, ਐਮ.ਐਸ਼ਸੀ. ਕਰ ਰਹੀ ਪਾਸ਼ੀ ਖੁਸ਼ ਸੀ। ਆਮ ਮੁੰਡੇ-ਕੁੜੀਆਂ ਵਾਂਗ ਉਸਦੇ ਮਨ ਵਿੱਚ ਵੀ ਕਨੇਡਾ ਅਮਰੀਕਾ ਵਰਗੇ ਮੁਲਕ ਵਿੱਚ ਪਹੁੰਚਣ ਦੀ ਇੱਛਾ ਸੀ। ਉਹ ਇਸ ਗੱਲੋਂ ਵੀ ਖੁਸ਼ ਸੀ ਕਿ 'ਬਾਹਰਲੇ ਮੁਲਕ' ਦੇ ਲਾਲਚ ਵਿੱਚ ਉਸਨੂੰ ਕਿਸੇ ਬੁੱਢੇ-ਠੇਰੇ, ਕਾਣੇ, ਟੀਰੇ ਜਾਂ ਦੁਹਾਜੂ ਨਾਲ਼ ਨਹੀਂ ਸੀ ਨਰੜਿਆ ਗਿਆ।
ਆਪਣੇ ਸੁਪਨਿਆਂ ਦੇ ਦੇਸ਼ ਕਨੇਡਾ ਪਹੁੰਚ ਕੇ ਪਾਸ਼ੀ ਨੂੰ ਪ੍ਰਸੰਨਤਾ ਹੋਈ ਸੀ। ਹਰ ਥਾਂ ਸਫਾਈ ਸੀ। ਘਰਾਂ ਵਿੱਚ ਗਰਮ-ਠੰਢੇ ਪਾਣੀ, ਬਿਜਲੀ ਨਾਲ਼ ਚਲਦੇ ਚੁੱਲ੍ਹੇ, ਮਾਈਕਰੋਵੇਵ, ਟੀ.ਵੀ., ਵੀ.ਸੀ.ਆਰ. ਤੇ ਹੋਰ ਅਨੇਕ ਤਰ੍ਹਾਂ ਦੀਆਂ ਸਹੂਲਤਾਂ ਸਨ। ਪਹਿਨਣ ਲਈ ਚੰਗਾ ਕੱਪੜਾ-ਲੀੜਾ, ਖਾਣ ਲਈ ਚਿਕਨ, ਮੀਟ, ਫਰੂਟ, ਸਬਜ਼ੀਆਂ ਤੇ ਪੀਣ ਲਈ ਦੁੱਧ, ਭਾਂਤ-ਸੁਭਾਂਤੇ ਜੂਸ ਅਤੇ ਪੌਪ-ਡਰਿੰਕਸ। ਪਰ ਇਹ ਸਾਰਾ ਕੁਝ ਐਵੇਂ ਨਹੀਂ ਸੀ ਪ੍ਰਾਪਤ ਹੁੰਦਾ। ਪਲਾਸਟਿਕ ਫੈਕਟਰੀ ਵਿੱਚ ਅੱਠ ਘੰਟੇ ਖੜ੍ਹੀ-ਲੱਤੇ ਕੰਮ ਕਰਦਿਆਂ ਪਾਸ਼ੀ ਹੰਭ ਜਾਂਦੀ। ਡਾਲਰਾਂ ਦੀ ਲੋੜ ਕਰਕੇ ਓਵਰਟਾਈਮ ਛੱਡ ਨਾ ਹੁੰਦਾ। ਪਰ ਸਰੀਰ ਦੀ ਬੱਸ ਹੋ ਜਾਂਦੀ। ਰੋਟੀ-ਟੁੱਕ ਦਾ ਕੰਮ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਸੀ। ਉੱਪਰੋਂ ਬਿਗਾਨੀ ਭਾਸ਼ਾ ਤੇ ਬਿਗਾਨੀ ਕਲਚਰ...ਕਲਚਰ ਵੀ ਕਾਹਦੀ? ਖਪਤ ਦੀ ਇਸ ਚੁੱਪ-ਚੁਪੀਤੀ ਮੰਡੀ ਵਿੱਚ ਮਨੁੱਖ ਵੀ ਇੱਕ ਖਪਤ-ਵਸਤੂ ਬਣ ਕੇ ਰਹਿ ਗਿਆ ਸੀ...ਤੇ ਦਿਨ-ਬਦਿਨ ਕਿਰਦੇ ਜਾ ਰਹੇ ਆਪਣੇ ਉਤਸ਼ਾਹ ਨੂੰ ਬਿਆਨ ਕਰਦਿਆਂ ਜਦੋਂ ਉਸਨੇ ਘਰਦਿਆਂ ਨੂੰ ਚਿੱਠੀ ਲਿਖੀ ਕਿ ਕੁਝ ਨਹੀਂ ਸੀ ਰੱਖਿਆ ਹੋਇਆ ਕਨੇਡਾ ਵਿੱਚ, ਉਹ ਇੰਡੀਆ ਹੀ ਰਹੀ ਜਾਣ ਤਾਂ ਘਰਦਿਆਂ ਨੇ ਪਾਸ਼ੀ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਕੀਤਾ। ਉਨ੍ਹਾਂ ਨੇ ਉਸਨੂੰ ਜ਼ੋਰ ਪਾ ਕੇ ਲਿਖਿਆ ਸੀ ਕਿ ਉਹ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਸਪੌਂਸਰ ਕਰ ਦੇਵੇ। ਪਾਸ਼ੀ ਨੇ ਪੇਪਰ ਭਰ ਕੇ ਤੋਰ ਦਿੱਤੇ ਸਨ।
ਬਲਰਾਜ ਦਾ ਆਪਣੇ ਘਰ ਵਾਲ਼ਿਆਂ ਨੂੰ ਸਪੌਂਸਰ ਕਰਨ ਦਾ ਕੋਈ ਭਾਵ ਨਹੀਂ ਸੀ ਬਣਦਾ। ਉਸਦਾ ਭਰਾ ਵੀ ਤੇ ਭੈਣ ਵੀ ਉਸ ਤੋਂ ਵੱਡੇ ਸਨ। ਭੈਣ, ਜੋ ਕਨੇਡਾ ਵਿਆਹੀ ਹੋਈ ਸੀ, ਆਪਣੇ ਮਾਂ-ਪਿਉ ਦੇ ਨਾਲ਼ ਬਲਰਾਜ ਨੂੰ ਹੀ ਕਨੇਡਾ ਸੱਦ ਸਕੀ ਸੀ। ਵੱਡਾ ਭਰਾ ਵਿਆਹਿਆ ਹੋਇਆ ਹੋਣ ਕਰਕੇ ਆ ਨਹੀਂ ਸੀ ਸਕਦਾ। ਧੀ-ਜੁਆਈ ਕੋਲ਼ ਆ ਕੇ ਬਲਰਾਜ ਦੇ ਮਾਂ-ਪਿਉ, ਆਪਣੀ ਸਿਆਣੀ ਉਮਰੇ ਵੈਨਕੂਵਰ ਦੇ ਫਾਰਮਾਂ ਵਿੱਚ ਕੁਝ ਸਾਲ ਤਾਂ ਜਾਨ ਹੀਲਦੇ ਰਹੇ ਪਰ ਫਿਰ ਉਨ੍ਹਾਂ ਦਾ ਮਨ ਅਜਿਹਾ ਖੱਟਾ ਹੋਇਆ ਕਿ ਉਹ ਇੰਡੀਆ ਚਲੇ ਗਏ। ਤੇ ਮੁੜ ਕਨੇਡਾ ਵੱਲ ਮੂੰਹ ਨਾ ਕੀਤਾ। ਬਲਰਾਜ ਵੈਨਕੂਵਰ ਛੱਡ ਕੇ, ਕਈ ਹਜ਼ਾਰ ਮੀਲ ਦੂਰ, ਟਰਾਂਟੋ ਆ ਟਿਕਿਆ ਸੀ।
ਟਰਾਂਟੋ 'ਚ ਬਲਰਾਜ ਨੇ ਆਪਣੇ ਕੁਝ ਦੋਸਤ ਬਣਾ ਲਏ ਹੋਏ ਸਨ। ਵੀਕ-ਐੰਡਜ਼ 'ਤੇ ਕਦੀ ਉਹ ਪਾਸ਼ੀ ਨੂੰ ਆਪਣੇ ਉਨ੍ਹਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰੀਂ ਲੈ ਜਾਂਦਾ ਤੇ ਕਦੀ ਉਹ ਉਨ੍ਹਾਂ ਦੇ ਘਰ ਆ ਜਾਂਦੇ। ਇਕੱਠੀਆਂ ਹੋਈਆਂ ਔਰਤਾਂ ਕੱਪੜਿਆਂ, ਗਹਿਣਿਆਂ ਆਦਿ ਦੇ ਨਵੇਂ ਫੈਸ਼ਨਾਂ ਦੀਆਂ ਗੱਲਾਂ ਛੁਹ ਬਹਿੰਦੀਆਂ ਤੇ ਮਰਦ ਬੀਅਰਾਂ, ਵਿਸਕੀਆਂ 'ਚ ਡੁੱਬੇ, ਪੰਜਾਬ ਤੇ ਕਨੇਡਾ ਦੀ ਸਿਆਸਤ ਬਾਰੇ ਟਿੱਪਣੀਆਂ ਕਰਦੇ-ਕਰਦੇ, ਜੌਬਾਂ ਤੇ ਮਕਾਨਾਂ ਦੀ ਮੰਡੀ ਵਿੱਚ ਚੱਲ ਰਹੇ ਉਤਰਾਅ-ਚੜ੍ਹਾਅ ਵਿੱਚ ਵਹਿ ਤੁਰਦੇ।

ਘੜੀ 'ਤੇ ਨਜ਼ਰ ਪੈਂਦਿਆਂ ਹੀ ਪਾਸ਼ੀ ਕਾਹਲ਼ੀ ਨਾਲ਼ ਉੱਠ ਖਲੋਈ। ਦੁਪਹਿਰ ਹੋ ਆਈ ਸੀ। ਘਰ ਦੀ ਸਫਾਈ ਤੇ ਹੋਰ ਕਈ ਕੰਮ ਪਏ ਸਨ ਕਰਨ ਵਾਲ਼ੇ...ਲਿਵਿੰਗ-ਰੂਮ 'ਚ ਪਿਆ, ਟੀ.ਵੀ. ਤੇ ਵੀ.ਸੀ.ਆਰ. ਵਾਲ਼ਾ, ਕੈਬਨਿਟ ਸਾਫ ਕਰਦਿਆਂ ਉਸਨੇ ਕੈਬਨਿਟ ਦੇ ਉੱਪਰ ਪਈ ਸਵੀ ਦੀ ਫੋਟੋ ਚੁੱਕੀ ਤੇ ਕੱਪੜੇ ਨਾਲ਼ ਝਾੜਨ ਲੱਗ ਪਈ। ਸੋਚਾਂ ਜਿਹੀਆਂ ਵਿੱਚ ਉਸਨੂੰ ਇੰਜ ਲੱਗਾ ਜਿਵੇਂ ਉਹ ਨਿੱਕੇ ਜਿਹੇ ਸਵੀ ਨੂੰ ਲੋਰੀਆਂ ਦੇ ਰਹੀ ਹੋਵੇ ਤੇ ਫਿਰ ਜਿਵੇਂ ਬਲਰਾਜ, ਸਵੀ ਨੂੰ ਉਸ ਕੋਲ਼ੋਂ ਫੜ ਕੇ ਖਿਡਾਉਣ ਲੱਗ ਪਿਆ ਹੋਵੇ...ਸਵੀ ਨੇ ਹੀ ਤਾਂ ਉਨ੍ਹਾਂ ਦੀਆਂ ਸੋਚਾਂ ਨੂੰ ਭਵਿੱਖ ਵੱਲ ਨੂੰ ਤੋਰਿਆ ਸੀ। ਪਾਸ਼ੀ ਨੇ ਪੜ੍ਹਾਈ ਕਰਨ ਦੀ ਆਪਣੀ ਇੱਛਾ - ਜਿਸਨੂੰ ਦਸਵੀਂ ਪਾਸ ਬਲਰਾਜ ਟਾਲ਼ਦਾ ਆ ਰਿਹਾ ਸੀ - ਮੁੜ ਦੁਹਰਾਈ ਸੀ। ਬਲਰਾਜ ਦੀ ਸਹਿਮਤੀ ਲੈਣ ਲਈ ਪਾਸ਼ੀ ਨੇ ਫਿਰ ਦਲੀਲਾਂ ਦਿੱਤੀਆਂ ਸਨ ਕਿ ਕਨੇਡੀਅਨ ਪੜ੍ਹਾਈ ਕਰ ਕੇ ਉਹ ਚੰਗੀ ਨੌਕਰੀ ਹਾਸਲ ਕਰ ਸਕਦੀ ਸੀ, ਜਿਸ ਨਾਲ਼ ਕਬੀਲਦਾਰੀ ਦੇ ਵਧ ਰਹੇ ਖਰਚਿਆਂ ਨਾਲ਼ ਸੌਖਿਆਂ ਭਿੜਿਆ ਜਾ ਸਕਦਾ ਸੀ। ਨਾਲ਼ੇ ਉਹ ਆਪਣਾ ਅੰਗ੍ਰੇਜ਼ੀ ਬੋਲਣ ਦਾ ਝਾਕਾ ਖੋਲ੍ਹਣਾ ਚਾਹੁੰਦੀ ਸੀ, ਜਿਹੜਾ ਕਿ ਉਸਦੇ ਇੰਡੀਆ ਤੋਂ ਆਉਂਦਿਆਂ ਹੀ ਫੈਕਟਰੀ ਦੀ ਜੌਬ ਵਿੱਚ ਖੁੱਭ ਜਾਣ ਕਾਰਨ ਅਜੇ ਤੱਕ ਖੁੱਲ੍ਹ ਨਹੀਂ ਸੀ ਸਕਿਆ...ਤੇ ਉਨ੍ਹਾਂ ਫੈਸਲਾ ਕੀਤਾ ਕਿ ਜੇ ਪੜ੍ਹਨਾ ਹੀ ਸੀ ਤਾਂ ਢਿੱਲ ਕਾਹਦੀ? ਮੈਟਰਨਿਟੀ ਲੀਵ 'ਤੇ ਹੋਣ ਕਾਰਨ ਪਾਸ਼ੀ ਵਿਹਲੀ ਸੀ। ਸਵੀ ਦੋ ਕੁ ਮਹੀਨੇ ਦਾ ਹੋ ਚੁੱਕਾ ਸੀ। ਸੋ ਪਾਸ਼ੀ ਨੇ 'ਕੰਪਿਊਟਰ ਪ੍ਰੋਗਰੈਮਿੰਗ' ਦੇ ਡਿਪਲੋਮੇ ਲਈ ਦਾਖਲਾ ਲੈ ਲਿਆ।

ਲਿਵਿੰਗ-ਰੂਮ ਦੀ ਸਫਾਈ ਮੁਕਾ ਕੇ ਪਾਸ਼ੀ ਬੈੱਡ-ਰੂਮ 'ਚ ਆ ਗਈ। ਕੋਨੇ 'ਚ ਪਏ ਬੁੱਕ-ਸ਼ੈਲਫ ਦੀਆਂ ਉਘੜ-ਦੁਘੜ ਹੋਈਆਂ ਕਿਤਾਬਾਂ ਨੂੰ ਚਿਣਦਿਆਂ, ਆਪਣੇ ਕੋਰਸ ਵਿੱਚ ਪੜ੍ਹੀਆਂ ਹੋਈਆਂ ਕਿਤਾਬਾਂ ਉਸਨੂੰ ਉਸਦੇ ਕਾਲਜ ਦੇ ਕੈਂਪਸ ਵਿੱਚ ਲੈ ਗਈਆਂ...ਕੈਂਪਸ, ਜਿੱਥੇ ਕਨੇਡੀਅਨਾਂ ਖਾਸ ਕਰਕੇ ਗੋਰੇ ਕਨੇਡੀਅਨਾਂ ਦੀ ਜ਼ਿੰਦਗੀ ਦੀ ਛੱਬ ਨੂੰ ਉਸਨੇ ਨੇੜਿਉਂ ਦੇਖਿਆ ਸੀ। ਆਪਣੀ ਨਿਰਖ-ਪਰਖ ਕਰਦਿਆਂ ਉਸਨੂੰ ਕਨੇਡੀਅਨਾਂ ਦੀ ਇਸ ਛੱਬ ਦੀਆਂ ਜੜ੍ਹਾਂ ਉਨ੍ਹਾਂ ਦੇ ਵਿਅਕਤੀਵਾਦ ਵਿੱਚ ਨਜ਼ਰ ਆਈਆਂ ਸਨ। ਤੇ ਪਾਸਕਲ, ਕੋਬੋਲ, ਆਰ.ਪੀ.ਜੀ. ਆਦਿ ਕੰਪਿਊਟਰ-ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਦਿਆਂ ਉਸਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਅਜਿਹੀ ਛੱਬ ਦਾ ਪਰਛਾਵਾਂ ਲੁਕ-ਲੁਕ ਕੇ ਉਸਦੀਆਂ ਪੈੜਾਂ ਨਾਲ਼ ਵੀ ਟੁਰਨ ਲੱਗ ਪਿਆ ਸੀ...ਧੁੰਦਲ਼ੇ ਜਿਹੇ ਰੂਪ ਵਿੱਚ ਉਸਨੇ ਮਹਿਸੂਸ ਕੀਤਾ ਸੀ ਜਿਵੇਂ ਕਨੇਡਾ ਆ ਕੇ ਉਸਦੀ ਗੁਆਚ ਚੁੱਕੀ ਹੋਂਦ, ਪੜ੍ਹਾਈ ਦੇ ਸਿਲਸਿਲੇ ਰਾਹੀਂ ਉਸਨੂੰ ਮੁੜ ਲੱਭ ਪਈ ਹੋਵੇ...ਇੱਕ ਨਵਾਂ ਉਤਸ਼ਾਹ ਉਗਮਿਆਂ ਸੀ ਉਸ ਅੰਦਰ। ਸ਼ਾਇਦ ਇਸੇ ਕਰਕੇ, ਆਪਣੀ ਪੜ੍ਹਾਈ ਦੇ ਤਿੰਨ ਸਾਲਾਂ ਦੇ ਔਖੇ ਸਮੇਂ ਵਿੱਚੀਂ ਗੁਜ਼ਰਦਿਆਂ ਉਸਨੇ ਬਹੁਤੀ ਚਿੜ-ਚਿੜ ਨਹੀਂ ਸੀ ਕੀਤੀ। ਸਵੇਰੇ ਕਾਲਜ ਜਾਣਾ, ਵਾਪਸ ਮੁੜ ਕੇ ਸਵੀ ਨੂੰ ਸਾਂਭਣਾ, ਰਸੋਈ ਅਤੇ ਘਰ ਦੇ ਹੋਰ ਨਿੱਕੇ-ਮੋਟੇ ਕੰਮ ਕਰਨੇ ਅਤੇ ਵੀਕ-ਐੰਡਜ਼ 'ਤੇ ਜੌਬ ਕਰਨੀ - ਇਹ ਸਾਰੇ ਕਾਰਜ ਉਸਦੇ ਮੂਹਰੇ-ਮੂਹਰੇ ਤੁਰੇ ਫਿਰਦੇ ਸਨ। ਪਰ ਇਸ ਸਫਰ ਵਿੱਚ ਬਲਰਾਜ ਵੀ ਉਸਦੇ ਨਾਲ਼ ਸੀ। ਫੈਕਟਰੀ ਵਿੱਚ ਸ਼ਾਮ ਦੀ ਸ਼ਿਫਟ ਮੁਕਾ ਕੇ ਉਹ ਅੱਧੀ ਰਾਤ ਤੋਂ ਬਾਅਦ ਘਰ ਪਹੁੰਚਦਾ ਤੇ ਸਵੇਰ ਤੋਂ ਲੈ ਕੇ ਪਾਸ਼ੀ ਦੇ ਕਾਲਜੋਂ ਮੁੜਨ ਤੱਕ ਸਵੀ ਨੂੰ ਸਾਂਭਦਾ। ਸਵੀ ਦੀ ਹਿਫਾਜ਼ਤ 'ਬੇਬੀ ਸਿਟਿੰਗ ਕੇਂਦਰ' 'ਚ ਵੀ ਹੋ ਸਕਦੀ ਸੀ।ਪਰ ਉੱਥੇ ਖਰਚਾ ਵੀ ਤਾਂ ਕਾਫੀ ਆਉਣਾ ਸੀ। ਉਂਜ ਵੀ ਪੁੱਤ ਨੂੰ ਆਪਣੇ ਹੱਥੀਂ ਪਾਲਣਾ ਉਨ੍ਹਾਂ ਨੂੰ ਵਧੇਰੇ ਚੰਗਾ ਲੱਗਾ ਸੀ।

...ਤੇ ਫਿਰ ਜਦੋਂ ਡਿਪਲੋਮਾ ਹਾਸਲ ਕਰਨ ਉਪਰੰਤ ਪਾਸ਼ੀ ਨੂੰ ਕੰਪਿਊਟਰ ਦੀ ਵਧੀਆ ਜੌਬ ਮਿਲ਼ੀ ਤਾਂ ਉਨ੍ਹਾਂ ਦਾ ਛੋਟਾ ਜਿਹਾ ਅਪਾਰਟਮੈਂਟ ਜਿਵੇਂ ਖਿੜਖਿੜਾ ਕੇ ਹੱਸਿਆ ਸੀ। ਬੈੱਡਾਂ ਦੀਆਂ ਚਾਦਰਾਂ ਬਦਲਦਿਆਂ ਪਾਸ਼ੀ ਨੂੰ ਉਹ ਸਮਾਂ ਅੱਜ ਵੀ ਯਾਦ ਆ ਰਿਹਾ ਸੀ...ਉਸਨੂੰ ਬਾਹਾਂ 'ਚ ਚੁੱਕਦਿਆਂ ਬਲਰਾਜ ਨੇ ਮਾਣ ਨਾਲ਼ ਕਿਹਾ ਸੀ, "ਕਮਾਲ ਕਰ ਦਿੱਤੀ ਆ ਪਾਸ਼ੀਏ! ਅੱਜ ਆਪਾਂ ਲੋਕਾਂ ਨਾਲ਼ੋਂ ਮੂਹਰੇ ਨਿਕਲ਼ ਗਏ ਆਂ।"
"ਰਾਜੇ! ਤੁਹਾਡਾ ਸਾਥ ਚਾਹੀਦੈ, ਆਪਾਂ ਐਨਾ ਮੂਹਰੇ ਨਿਕਲ਼ ਜਾਵਾਂਗੇ ਕਿ ਲੋਕੀਂ ਦੇਖਦੇ ਰਹਿ ਜਾਣਗੇ।" ਬਲਰਾਜ ਦੇ ਗਲ਼ ਦੁਆਲ਼ੇ ਬਾਹਾਂ ਵਲ਼ਦਿਆਂ ਪਾਸ਼ੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕ ਆਏ ਸਨ।
ਤੇ ਇੱਕ ਦੂਜੇ ਦਾ ਸਾਥ ਨਿਭਾਉਂਦਿਆਂ, ਜੌਬਾਂ ਅਤੇ ਹੋਰ ਕੰਮਾਂ-ਕਾਜਾਂ ਦੀ ਦੌੜ ਵਿੱਚ ਉਨ੍ਹਾਂ ਨੇ ਬਹੁਤਾ 'ਮਰ ਗਏ' 'ਟੁੱਟ ਗਏ' ਨਹੀਂ ਸੀ ਕੀਤਾ। ਉਂਜ ਕਦੀ-ਕਦੀ ਗਿਲੇ-ਸ਼ਿਕਵੇ ਹੁੰਦੇ ਰਹੇ ਸਨ, ਜਿਨ੍ਹਾਂ ਰਾਹੀਂ ਦਿਲਾਂ ਦੀ ਭੜਾਸ ਨਿਕਲ਼ ਜਾਂਦੀ ਸੀ...ਉਹ ਟੁਰਦੇ ਰਹੇ ਸਨ ਇੱਕ ਦੂਜੇ ਦੇ ਪੂਰਕ ਹੋ ਕੇ, ਮੋਢੇ ਨਾਲ਼ ਮੋਢਾ ਡਾਹ ਕੇ। ਪਰ ਕਦੀ-ਕਦੀ ਅਚੇਤ ਹੀ ਪਾਸ਼ੀ ਨੂੰ ਆਪਣਾ ਮੋਢਾ ਉੱਚਾ ਮਹਿਸੂਸ ਹੋਣ ਲੱਗ ਪੈਂਦਾ।
...ਤੇ ਸਾਲ ਕੁ ਬਾਅਦ ਜਦੋਂ ਉਨ੍ਹਾਂ ਨੇ ਘਰ ਖਰੀਦਿਆ ਤਾਂ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲ਼ਿਆਂ ਨੇ ਪਾਸ਼ੀ ਨੂੰ 'ਹੁਸ਼ਿਆਰ ਕੁੜੀ' ਕਹਿੰਦਿਆਂ ਸਲਾਹਿਆ ਸੀ। ਪਰ ਜਦੋਂ ਕਦੀ ਬਲਰਾਜ ਨੂੰ ਅਜਿਹਾ ਕੋਈ ਸੰਕੇਤ ਮਿਲ਼ਦਾ ਤਾਂ ਉਹ ਗੱਲ ਨੂੰ ਓਨਾ ਚਿਰ ਨਾ ਛੱਡਦਾ, ਜਿੰਨਾ ਚਿਰ ਪਾਸ਼ੀ ਹਾਰ ਕੇ ਕਹਿ ਨਾ ਦੇਂਦੀ, "ਠੀਕ ਐ ਬਾਬਾ! ਮੈਂ ਮੰਨਦੀ ਆਂ...ਤੁਸੀਂ ਮੇਰੇ ਨਾਲ਼ੋਂ ਵੱਧ ਕਰਦੇ ਆਂ।" ਪਰ ਅੱਜ ਡਰੈਸਰ ਦਾ ਸ਼ੀਸ਼ਾ ਸਾਫ ਕਰਦਿਆਂ ਉਹ ਮਹਿਸੂਸ ਕਰ ਰਹੀ ਸੀ ਕਿ ਉਨ੍ਹਾਂ ਦੀਆਂ ਇੱਕ ਦੂਜੇ ਨਾਲ਼ ਕੀਤੀਆਂ ਅਜਿਹੀਆਂ ਗੱਲਾਂ ਅਪਣੱਤ ਵੱਲੋਂ ਤਿਲਕ ਕੇ ਹਿਸਾਬੀ-ਕਿਤਾਬੀ ਬਣ ਜਾਇਆ ਕਰਦੀਆਂ ਸਨ...ਸਾਂਝੀ ਬਿਜ਼ਨਿਸ ਕਰਦੇ ਦੋ ਹਿੱਸੇਦਾਰਾਂ ਦੀਆਂ ਗੱਲਾਂ ਵਰਗੀਆਂ। ਖੈਰ ਸਵੀ ਇੱਕ ਅਜਿਹਾ ਤਟ ਸੀ, ਜਿੱਥੇ ਆ ਕੇ ਉਹ ਇੰਜ ਮਹਿਸੂਸ ਕਰਦੇ ਜਿਵੇਂ ਉਨ੍ਹਾਂ ਦੀ ਕਿਸ਼ਤੀ ਦੇ ਚੱਪੂ ਇਕਸੁਰਤਾ ਵਿੱਚ ਚਲਦੇ ਆ ਰਹੇ ਹੋਣ...ਤੇ ਉਹ ਆਪਣੇ ਖਾਲੀ-ਖਾਲੀ ਲਗਦੇ ਘਰ ਨੂੰ ਭਰਨ ਲਈ ਲੋੜੀਂਦੀਆਂ ਚੀਜ਼ਾਂ ਦੀਆਂ ਲਿਸਟਾਂ ਬਣਾਉਣ ਲੱਗ ਪੈਂਦੇ। ਪਰ ਉਨ੍ਹਾਂ ਦਾ ਬੈਂਕ-ਬੈਲੈਂਸ ਅਜਿਹੀਆਂ ਲਿਸਟਾਂ ਦੇ ਮੇਚ ਨਾ ਆਉਂਦਾ।
ਧੋਣ ਵਾਲ਼ੇ ਕੱਪੜੇ ਲੌਂਡਰੀ-ਮਸ਼ੀਨ ਵੱਲ ਨੂੰ ਚੁੱਕੀ ਜਾਂਦਿਆਂ ਪਾਸ਼ੀ ਨੂੰ ਯਾਦ ਆ ਰਿਹਾ ਸੀ...ਕਿਰਾਏ ਦੇ ਅਪਾਰਟਮੈਂਟ 'ਚੋਂ ਆਪਣੇ ਘਰ 'ਚ ਆ ਕੇ ਉਨ੍ਹਾਂ ਨੇ ਜਿੰਨਾ ਕੁ ਸੌਖ ਮਹਿਸੂਸ ਕੀਤਾ ਸੀ, ਓਨੀਆਂ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਵਧ ਗਈਆਂ ਸਨ। ਜੋੜੀ ਹੋਈ ਰਕਮ 'ਡਾਊਨ ਪੇਮੈਂਟ' 'ਚ ਚਲੀ ਗਈ ਸੀ। ਮੌਜੂਦਾ ਕਮਾਈ ਨੂੰ ਮੌਰਟਗੇਜ ਦੀਆਂ ਕਿਸ਼ਤਾਂ ਅਤੇ ਹੋਰ ਖਰਚੇ ਨਾਲ਼ ਦੀ ਨਾਲ਼ ਚਟਮ ਕਰੀ ਜਾ ਰਹੇ ਸਨ। ਡਾਲਰਾਂ ਦਾ ਇਹ ਪੂਰ ਚਲਦਾ ਰੱਖਣ ਲਈ, ਇੱਕ ਨਾ ਮੁੱਕਣ ਵਾਲ਼ੀ ਦੌੜ ਲੱਗ ਗਈ ਸੀ ਉਨ੍ਹਾਂ ਦੀ। ਸਵੇਰੇ ਪਾਸ਼ੀ ਕੰਮ 'ਤੇ ਹੁੰਦੀ ਤੇ ਸ਼ਾਮ ਨੂੰ ਬਲਰਾਜ। ਉਨ੍ਹਾਂ ਨੂੰ ਤਾਂ ਚੱਜ ਨਾਲ਼ ਇਕੱਠੇ ਬੈਠਣ-ਉੱਠਣ ਦਾ ਵੀ ਸਮਾਂ ਨਾ ਮਿਲ਼ਦਾ। ਵੀਕ-ਐੰਡਜ਼ 'ਤੇ ਬਲਰਾਜ ਤਾਂ ਗਲਾਸ 'ਚ ਵਿਸਕੀ ਪਾ ਕੇ ਥਕੇਵਾਂ ਲਾਹੁਣ ਬਹਿ ਜਾਂਦਾ ਪਰ ਪਾਸ਼ੀ ਦੇ ਧੰਦੇ ਮੁੱਕਣ 'ਚ ਨਾ ਆਉਂਦੇ। ਅੱਕ-ਥੱਕ ਕੇ ਜੇਕਰ ਕਦੀ ਉਹ "ਐਨਾ ਕੰੰਮ, ਤੋਬਾ-ਤੋਬਾ" ਕਹਿ ਦੇਂਦੀ ਤਾਂ ਬਲਰਾਜ ਮੂਹਰਿਉਂ ਔਖਾ ਜਿਹਾ ਹੋ ਕੇ ਆਖਦਾ, "ਮੇਰੀ ਤਾਂ ਆਪਣੀ ਬੱਸ ਹੋਈ ਪਈ ਆ। ਤੂੰ ਤਾਂ ਮੇਰੀਆਂ ਵੀ ਸੜ੍ਹਾਂ ਕਢਾ ਤੀਆਂ...ਮੈਂ ਤੈਨੂੰ ਉਦੋਂ ਨਹੀਂ ਸੀ ਕਿਹਾ ਪਈ ਹਾਲੇ ਠਹਿਰ ਜਾ। ਪਰ ਤੂੰ ਕਹਿੰਦੀ ਸੀ ਅਭੀ ਤੇ ਤਭੀ ਘਰ ਲੈਣਾ ਆਂ।"
"ਤੁਹਾਡੇ ਨਾਲ਼ ਗੱਲ ਕਰਨ ਦਾ ਤਾਂ ਪਚੰਨਵਿਆਂ ਦਾ ਘਾਟਾ। ਹੋਰ ਮਹੀਨੇ ਤਾਈਂ ਬਾਕੀ ਟੱਬਰ ਨੇ ਆ ਜਾਣੈ...ਆਪਣੇ ਘਰ ਤੋਂ ਬਿਨਾਂ ਕਿਵੇਂ ਸਰਦਾ?"

ਪਾਸ਼ੀ ਨੇ ਧੋ ਹੋ ਚੁੱਕੇ ਕੱਪੜੇ ਮਸ਼ੀਨ ਵਿੱਚੋਂ ਕੱਢ ਕੇ ਸੁਕਾਉਣ ਵਾਲ਼ੀ ਮਸ਼ੀਨ 'ਚ ਪਾ ਦਿੱਤੇ। ਨਹਾ ਕੇ ਉਸਨੇ ਰੋਟੀ ਖਾਧੀ ਤੇ ਗਰੌਸਰੀ ਲੈਣ ਤੁਰ ਪਈ। ਬੇਸਮੈੰਟ ਤੋਂ ਬਾਹਰ ਆ ਕੇ ਖੁੱਲ੍ਹੀ ਹਵਾ 'ਚ ਸਾਹ ਲੈਂਦਿਆਂ ਉਸਨੇ ਤਾਜ਼ਗੀ ਮਹਿਸੂਸ ਕੀਤੀ। ਸੁਹਣੇ-ਸੁਨੱਖੇ ਦ੍ਰਖਤਾਂ ਅਤੇ ਰੰਗ-ਬਰੰਗੇ ਫੁੱਲਾਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਤੇ ਦੌੜੇ ਜਾ ਰਹੇ ਕਨੇਡੀਅਨਾਂ ਨੂੰ 'ਜ਼ਰਾ ਰੁਕਣ' ਲਈ ਕਹਿੰਦੀ, ਭਰ-ਜੋਬਨ ਬਸੰਤ ਉਸਦੀਆਂ ਅੱਖਾਂ ਨੂੰ ਸੁਖਾਵੀਂ-ਸੁਖਾਵੀਂ ਲੱਗੀ। ਕਾਹਲ਼ ਦੇ ਆਦੀ ਹੋ ਚੁੱਕੇ ਆਪਣੇ ਮਨ ਵਿੱਚ ਟਿਕਾਅ ਜਿਹਾ ਮਹਿਸੂਸ ਕਰਦਿਆਂ, ਪਤਾ ਨਹੀਂ ਅੱਜ ਕਿੰਨੇ ਅਰਸੇ ਬਾਅਦ ਉਸਨੇ, ਨਿੱਘੀ ਧੁੱਪ ਨਾਲ਼ ਬਗਲਗੀਰ ਹੋਏ ਨੀਲੇ ਅੰਬਰ ਵੱਲ ਤੱਕਿਆ ਸੀ...ਇਹੋ ਜਿਹੇ ਹੀ ਦਿਨ ਸਨ ਮਈ ਮਹੀਨੇ ਦੇ, ਜਦੋਂ ਪਾਸ਼ੀ ਦੇ ਬੇ ਜੀ, ਡੈਡੀ, ਭਰਾ ਬਖਸ਼ਿੰਦਰ ਤੇ ਭੈਣ ਮਨਿੰਦਰ ਉਨ੍ਹਾਂ ਕੋਲ਼ ਪਹੁੰਚੇ ਸਨ। ਟੱਬਰ ਇਕੱਠਾ ਹੋਣ ਨਾਲ਼ ਘਰ ਦੀ ਰੌਣਕ ਵਧੀ ਸੀ। ਕਾਰ ਚਲਾਈ ਜਾਂਦੀ ਪਾਸ਼ੀ ਲੋਕਾਂ ਵੱਲ ਵੇਖ ਰਹੀ ਸੀ ਜੋ ਆਪਣੇ ਰੁਝੇਵਿਆਂ ਵਿੱਚ ਮਗਨ ਕਾਰਾਂ, ਬੱਸਾਂ, ਸਾਈਕਲਾਂ 'ਤੇ ਸਵਾਰ ਤੇ ਜਾਂ ਫਿਰ ਪੈਦਲ ਹੀ ਇੱਧਰ ਉੱਧਰ ਆ ਜਾ ਰਹੇ ਸਨ। ਕਨੇਡਾ ਦੇ ਸਿਸਟਮ ਨੇ ਜਿਵੇਂ ਹਰ ਬੰਦਾ ਆਹਰੇ ਲਾਇਆ ਹੋਇਆ ਸੀ...ਉਨ੍ਹਾਂ ਦਾ ਟੱਬਰ ਵੀ ਤਾਂ ਆਉਂਦਾ ਹੀ ਰੁੱਝ ਗਿਆ ਸੀ। ਉਸਦੇ ਡੈਡੀ ਨੇ ਜੌਬ ਕਰ ਲਈ ਸੀ। ਬਖਸ਼ਿੰਦਰ ਨੇ ਪਲੰਮਿੰਗ ਦਾ ਕੋਰਸ ਸ਼ੁਰੂ ਕਰ ਲਿਆ ਸੀ ਤੇ ਮਨਿੰਦਰ ਨੇ ਬਾਰ੍ਹਵੀਂ 'ਚ ਦਾਖਲਾ ਲੈ ਲਿਆ ਸੀ। ਸਵੀ ਦੀ ਸੰਭਾਲ ਤੇ ਰੋਟੀ-ਪਾਣੀ ਦਾ ਕੰਮ ਪਾਸ਼ੀ ਦੀ ਬੇ ਜੀ ਨੇ ਸਾਂਭ ਲਿਆ ਸੀ। ਪਾਸ਼ੀ ਤੇ ਬਲਰਾਜ ਨੂੰ ਜੌਬਾਂ ਤੋਂ ਬਿਨਾਂ ਬਾਕੀ ਝਮੇਲਿਆਂ ਤੋਂ ਛੁਟਕਾਰਾ ਮਿਲ਼ ਗਿਆ ਸੀ।

ਤੇ ਜਦੋਂ ਕਦੀ ਸ਼ਾਮ ਨੂੰ ਬਲਰਾਜ ਤੇ ਪ੍ਰੀਤਮ ਸਿੰਘ ਇਕੱਠੇ ਬੈਠ ਕੇ ਪੈੱਗ ਲਾਉਂਦੇ ਤਾਂ ਪ੍ਰੀਤਮ ਸਿੰਘ ਕਹਿ ਉੱਠਦਾ, "ਬਲਰਾਜ! ਤੂੰ ਸਾਡਾ ਕਿੰਨਾ ਖਿਆਲ ਰੱਖਦੈਂ...ਸ਼ਾਬਾਸ਼ੇ ਆ ਤੇਰੇ।"
"ਸੱਚ ਕਹਿੰਦੇ ਓ ਜੀ! ਆਪਣੇ ਪ੍ਰਾਹੁਣੇ ਵਰਗਾ ਕਿਤੇ ਆਮ ਨੇ ਹੋ ਲੈਣੈ।" ਪਤੀ ਦੀ ਗੱਲ ਦੀ ਪੁਸ਼ਟੀ ਕਰਦਿਆਂ ਗਿਆਨ ਕੌਰ ਆਖਦੀ।
ਪਰ ਜਦੋਂ ਕਦੀ ਚਾਰ ਬੰਦਿਆਂ 'ਚ ਗੱਲ ਚਲਦੀ ਤਾਂ ਉਹ ਆਪਣੀ ਧੀ ਦੇ ਪੜ੍ਹਾਈ ਕਰਨ ਅਤੇ ਚੰਗੀ ਨੌਕਰੀ ਹਾਸਲ ਕਰਨ ਦੇ ਮਜ਼ਮੂਨ ਨੂੰ ਲੈ ਕੇ ਉਸਦੀਆਂ ਸਿਫਤਾਂ ਵਿੱਚ ਇਸ ਤਰ੍ਹਾਂ ਗੁਆਚਦੇ ਕਿ ਜੁਆਈ ਦਾ ਜ਼ਿਕਰ ਕਰਨਾ ਹੀ ਭੁੱਲ ਜਾਂਦੇ। ਤੇ ਜਦੋਂ ਬਲਰਾਜ ਪਾਸ਼ੀ ਨੂੰ ਘਰ ਵਿੱਚ ਮੁਹਤਬਰ ਬਣਾ ਰਹੇ ਇਹ ਸ਼ਬਦ, "ਪਾਸ਼ੀ ਬੇਟੇ! ਐਹ ਕਿੱਦਾਂ ਕਰੀਏ?" "ਭੈਣ ਜੀ! ਔਹ ਕਿੱਦਾਂ ਕਰੀਏ?" ਸੁਣਦਾ ਤਾਂ ਉਸਨੂੰ ਇੰਜ ਲਗਦਾ ਜਿਵੇਂ ਇਸ ਪੁੱਛ-ਪ੍ਰਤੀਤ ਨਾਲ਼ ਪਾਸ਼ੀ ਦੇ ਪਰਾਂ ਹੇਠਲੀ ਹਵਾ ਸੰਘਣੀ ਹੁੰਦੀ ਜਾ ਰਹੀ ਹੋਵੇ।
ਕਾਰ ਨੂੰ ਪਾਰਕ ਕਰਕੇ ਪਾਸ਼ੀ ਇੱਕ ਵੱਡੇ ਸਟੋਰ ਵੱਲ ਨੂੰ ਵਧੀ। ਆਪਣੇ ਆਪ ਹੀ ਖੁੱਲ੍ਹਦੇ ਦਰਵਾਜ਼ੇ ਵਿੱਚੀਂ ਹੋ ਕੇ ਉਸਨੇ ਹੱਥ-ਰੇਹੜੀ ਫੜੀ ਤੇ ਅਨੇਕ ਤਰ੍ਹਾਂ ਦੇ ਸਾਮਾਨ ਨਾਲ਼ ਭਰੇ ਰੈਕਾਂ ਉੱਪਰੋਂ ਗਰੌਸਰੀ ਦੀਆਂ ਲੋੜੀਂਦੀਆਂ ਵਸਤਾਂ ਉਠਾਣ ਲੱਗ ਪਈ। ਕੋਲ਼ਡ-ਸਟੋਰਾਂ ਵਿੱਚੋਂ ਲਿਆ ਕੇ ਟਿਕਾਏ ਹੋਏ ਫਲ਼ਾਂ ਤੇ ਸਬਜ਼ੀਆਂ ਨੂੰ ਵੇਖਦਿਆਂ ਉਸਦੇ ਕੰਨਾਂ ਵਿੱਚ ਆਪਣੀ ਬੇ ਜੀ ਦੇ ਸ਼ਬਦ ਗੂੰਜ ਗਏ, "ਬੱਸ ਲਿਸ਼ਕ-ਪੁਸ਼ਕ ਈ ਆ। ਹੈ ਸਾਰਾ ਕੁਸ਼ ਬੇਹਾ। ਇਨ੍ਹਾਂ ਨੂੰ ਖਾ ਕੇ ਲੋਕਾਂ ਨੂੰ ਬਾਏ ਨਾ ਹੋਊ ਤਾਂ ਹੋਰ ਕੀ ਹੋਊ।"
...ਬੇ ਜੀ ਹੁਰਾਂ ਦੇ ਆਉਣ ਨਾਲ਼ ਉਨ੍ਹਾਂ ਦੀ ਗਰੌਸਰੀ ਦੇ ਨਾਲ਼-ਨਾਲ਼ ਹੋਰ ਖਰਚੇ ਵੀ ਵਧੇ ਸਨ। ਇੱਕ ਕਾਰ ਹੋਰ ਖਰੀਦਣੀ ਪੈ ਗਈ ਸੀ...ਦੋ ਕਾਰਾਂ ਦੀ ਇੰਸ਼ੋਰੈਂਸ, ਗੈਸ, ਟੈਲੀਫੋਨ ਤੇ ਹੋਰ ਬਿੱਲਾਂ ਦੇ ਖਰਚੇ ਅਤੇ ਉੱਪਰੋਂ ਹਰੇਕ ਮਹੀਨੇ ਘਰ ਦੀ ਕਿਸ਼ਤ ਉਹ ਨਜਿੱਠੀ ਤਾਂ ਜਾ ਰਹੇ ਸਨ ਪਰ ਮਸਾਂ ਹੀ।
"ਮੈਂ ਤਾਂ ਲੇਖਾ ਦੇਣ ਡਿਹੈਂ ਤੇਰੇ ਘਰ ਦਿਆਂ ਦਾ। ਪਤਾ ਨਹੀਂ ਕਦੋਂ ਮੁੱਕਣੈ?" ਕਦੀ-ਕਦੀ ਖਿਝ 'ਚ ਆਇਆ ਬਲਰਾਜ ਆਖਦਾ।
ਜਵਾਬ 'ਚ ਪਾਸ਼ੀ ਡੈਡੀ ਦੀ ਤਨਖਾਹ, ਬੇ ਜੀ ਵੱਲੋਂ ਸਵੀ ਤੇ ਘਰ-ਬਾਰ ਨੂੰ ਸੰਭਾਲਣ, ਭੈਣ-ਭਰਾ ਵੱਲੋਂ ਪਾਰਟ-ਟਾਈਮ ਜੌਬਾਂ ਕਰਕੇ ਆਪਣਾ ਖਰਚਾ ਚੁੱਕਣ ਅਤੇ ਹੋਰ ਸਾਰੇ ਹਿਸਾਬ-ਕਿਤਾਬ ਲਾ ਕੇ ਬਲਰਾਜ ਨੂੰ ਦੱਸਦੀ ਕਿ ਉਨ੍ਹਾਂ ਰਾਹੀਂ ਆਉਂਦੀ ਕਮਾਈ, ਉਨ੍ਹਾਂ ਦੇ ਖਰਚੇ ਨਾਲ਼ੋਂ ਵੱਧ ਸੀ, ਘੱਟ ਨਹੀਂ। ਫਿਰ ਬਲਰਾਜ ਉਨ੍ਹਾਂ ਦੇ ਵਤੀਰੇ 'ਤੇ ਟੀਕਾ-ਟਿੱਪਣੀ ਕਰਨ ਲੱਗ ਪੈਂਦਾ, ਖਾਸ ਕਰਕੇ ਸਾਲ਼ੇ-ਸਾਲ਼ੀ 'ਤੇ, ਜੋ ਆਪਣੀ ਪੜ੍ਹਾਈ ਦੇ ਘੁਮੰਡ ਜਿਹੇ ਵਿੱਚ ਉਸਦੀ ਪ੍ਰਵਾਹ ਨਹੀਂ ਸਨ ਕਰਦੇ ਤੇ ਪਾਸ਼ੀ ਨੂੰ "ਭੈਣ ਜੀ, ਭੈਣ ਜੀ" ਕਰਦੇ ਹਰ ਵੇਲੇ ਅੱਖਾਂ 'ਤੇ ਚੁੱਕੀ ਫਿਰਦੇ ਸਨ।
"ਤੁਸੀਂ ਐਵੇਂ ਨਾ ਖਿਝੀ ਜਾਇਆ ਕਰੋ...ਘਰ ਦਾ ਸਾਰਾ ਚੁੱਕਣ ਚੁੱਕਿਆ ਹੋਇਐ ਇਨ੍ਹਾਂ ਨੇ ਰਲ਼-ਮਿਲ਼ ਕੇ। ਨਹੀਂ ਤਾਂ ਇਸ ਹਾਲਤ 'ਚ ਮੈਥੋਂ ਏਨਾ ਕੰਮ ਕਿੱਥੇ ਹੋਣਾ ਸੀ।" ਪਾਸ਼ੀ ਆਪਣੀ ਗਰਭਵਤੀ ਅਵਸਥਾ ਦਾ ਅਹਿਸਾਸ ਕਰਵਾ ਕੇ ਬਲਰਾਜ ਦਾ ਗੁੱਸਾ ਠੰਢਾ ਕਰਨ ਦੀ ਕੋਸ਼ਿਸ਼ ਕਰਦੀ।
ਪਾਸ਼ੀ ਨੇ ਕਾਊਂਟਰ 'ਤੇ ਆ ਕੇ ਪੇਮੈਂਟ ਕੀਤੀ ਅਤੇ ਗਰੌਸਰੀ ਨੂੰ ਕਾਰ 'ਚ ਰੱਖ ਕੇ ਇੰਡੀਅਨ ਸਟੋਰ 'ਚ ਜਾ ਪਹੁੰਚੀ। ਦਾਲ਼ਾਂ, ਮਸਾਲੇ, ਆਟਾ, ਚੌਲ਼...ਭਾਰਤੀ ਰਸੋਈਆਂ ਵਿੱਚ ਵਰਤੀ ਜਾਣ ਵਾਲ਼ੀ ਨਿੱਕੀ-ਮੋਟੀ ਹਰ ਚੀਜ਼ ਰੈਕਾਂ ਉੱਪਰ ਮੌਜੂਦ ਸੀ...ਗਾਹਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਨਾਲ਼ੋਂ ਗੰਭੀਰਤਾ ਜ਼ਿਆਦਾ ਸੀ। ਪਾਸ਼ੀ ਨੂੰ ਭਾਰਤੀ, ਪਾਕਿਸਤਾਨੀ ਤੇ ਸ੍ਰੀ ਲੰਕਾ ਮੂਲ ਦੇ ਇਨ੍ਹਾਂ ਲੋਕਾਂ 'ਤੇ ਮਾਣ ਹੋ ਆਇਆ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਆਪਣੇ ਰਹਿਣ-ਸਹਿਣ ਦਾ ਸੁਹਣਾ ਮਿਆਰ ਬਣਾ ਲਿਆ ਸੀ...। ਆਪਣੇ ਮਤਲਬ ਦਾ ਸਾਮਾਨ ਲੈ ਕੇ ਪਾਸ਼ੀ ਵਾਪਸ ਚੱਲ ਪਈ।
ਬੇਸਮੈੰਟ 'ਚ ਪਹੁੰਚ ਕੇ ਉਹ ਗਰੌਸਰੀ ਦੀਆਂ ਚੀਜ਼ਾਂ ਨੂੰ ਫਰਿੱਜ ਅਤੇ ਕਲੌਜ਼ਿਟਾਂ 'ਚ ਟਿਕਾ ਰਹੀ ਸੀ ਕਿ ਉੱਪਰੋਂ ਮਕਾਨ-ਮਾਲਕਾਂ ਦੇ ਘਰ ਵਿੱਚੋਂ ਉੱਭਰ ਰਹੀਆਂ ਤਲਖ ਆਵਾਜ਼ਾਂ ਉਸਦੇ ਕੰਨੀਂ ਪਈਆਂ, "ਜੇ ਪਤਾ ਹੁੰਦਾ ਕਿ ਏਥੇ ਤੂੰ ਸਾਨੂੰ ਏਦਾਂ ਸੂਲ਼ੀ 'ਤੇ ਟੰਗਣਾ ਆਂ ਤਾਂ ਅਸੀਂ ਮੂੰਹ ਵੀ ਨਾ ਕਰਦੇ ਇਸ ਕਨੇਡਾ ਅਲ ਨੂੰ। ਏਨਾ ਵਧੀਆ ਅੱਡਾ-ਗੱਡਾ ਸੀ ਸਾਡਾ ਉੱਥੇ...।" ਸਤੀ ਹੋਈ ਸੱਸ, ਨੂੰਹ ਦੇ ਮਿਹਣਿਆਂ ਦਾ ਜਵਾਬ ਦੇ ਰਹੀ ਸੀ - ਨੂੰਹ ਜੋ ਆਪਣੇ ਸਹੁਰਾ-ਪਰਿਵਾਰ 'ਤੇ ਹਮੇਸ਼ਾ ਇਹ ਰੋਹਬ ਛਾਂਟਦੀ ਰਹਿੰਦੀ ਸੀ ਕਿ ਪਹਿਲਾਂ ਉਸਨੇ ਆਪਣੇ ਪਤੀ ਯਾਅਨੀ ਉਨ੍ਹਾਂ ਦੇ ਪੁੱਤ ਅਤੇ ਫਿਰ ਉਨ੍ਹਾਂ ਨੂੰ ਸਪੌਂਸਰ ਕਰਕੇ ਕਨੇਡਾ ਸੱਦਿਆ ਸੀ।
'ਸਾਡੇ ਲੋਕਾਂ ਦੀ ਘਰ-ਘਰ ਏਹੀ ਲੜਾਈ ਆ।' ਬੁੜਬੁੜਾਉਂਦਿਆਂ ਪਾਸ਼ੀ ਦੇ ਮਨ ਵਿੱਚ ਆਪਣੇ ਘਰ ਦੀ ਲੜਾਈ ਦ੍ਰਿਸ਼ਟਮਾਨ ਹੋ ਗਈ...ਬਲਰਾਜ, ਮਨਿੰਦਰ ਦਾ ਰਿਸ਼ਤਾ ਆਪਣੇ ਇੰਡੀਆ ਰਹਿੰਦੇ ਭਤੀਜੇ ਨਾਲ਼ ਕਰਵਾਉਣਾ ਚਾਹੁੰਦਾ ਸੀ। ਇਹ ਗੱਲ ਉਹ ਆਪਣੇ ਸਹੁਰੇ, ਸੱਸ ਤੇ ਪਾਸ਼ੀ ਦੇ ਕੰਨੀਂ ਕੱਢ ਚੁੱਕਾ ਸੀ...ਇੱਕ ਵੀਕ-ਐੰਡ 'ਤੇ ਬਲਰਾਜ, ਪ੍ਰੀਤਮ ਸਿੰਘ ਤੇ ਬਖਸ਼ਿੰਦਰ ਲਿਵਿੰਗ-ਰੂਮ 'ਚ ਬੈਠੇ ਘੁੱਟ ਲਾ ਰਹੇ ਸਨ ਕਿ ਬਲਰਾਜ ਨੇ ਗੱਲ ਛੇੜ ਲਈ, "ਡੈਡੀ! ਮਨਿੰਦਰ ਦੇ ਰਿਸ਼ਤੇ ਦੀ ਗੱਲ ਹੁਣ ਨਿਬੇੜਦੇ ਕਿਉਂ ਨਹੀਂ? ਭਰਾ ਸਾਡੇ ਦੀਆਂ ਵਾਰ-ਵਾਰ ਚਿੱਠੀਆਂ ਆ ਰਹੀਆਂ ਆਂ।"
"ਬਲਰਾਜ! ਅਸੀਂ ਤੈਥੋਂ ਬਾਹਰੇ ਨਹੀਂ। ਪਰ ਭਤੀਜਾ ਤੁਹਾਡਾ ਪੜ੍ਹਿਆ ਥੋੜ੍ਹਾ ਆ।" ਪ੍ਰੀਤਮ ਸਿੰਘ ਦੇ ਬੁੱਲ੍ਹਾਂ ਵੱਲ ਨੂੰ ਜਾ ਰਿਹਾ ਵਿਸਕੀ ਦਾ ਗਲਾਸ ਮੇਜ਼ 'ਤੇ ਆ ਟਿਕਿਆ।
"ਪੜ੍ਹਾਈ ਪੜੂਈ ਨੂੰ ਏਥੇ ਕੀ ਆ। ਘਰ-ਬਾਰ ਚੰਗਾ ਆ, ਮੁੰਡਾ ਵੀ ਸੁਹਣਾ ਆਂ। ਤੁਸੀਂ ਜਾਣਦੇ ਈ ਆਂ।"
"ਪਰ ਭਾ ਜੀ! ਏਥੇ ਪੜ੍ਹਾਈ ਤੋਂ ਬਿਨਾਂ ਉਹ ਗੱਲ ਨਹੀਂ ਬਣਦੀ।" ਬਖਸ਼ਿੰਦਰ ਬੋਲਿਆ।
"ਜਦੋਂ ਮੇਰਾ ਰਿਸ਼ਤਾ ਹੋਇਆ, ਉਦੋਂ ਤੁਸੀਂ ਕਿੱਥੇ ਗਇਓ ਸੀ ਬੜੇ ਪੜ੍ਹਾਕੂ। ਤੇ ਮੈਂ ਤੁਹਾਥੋਂ ਕੋਈ ਲੁਕੋਅ ਨਹੀਂ ਸੀ ਰੱਖਿਆ।" ਬਲਰਾਜ ਦੇ ਬੋਲਾਂ ਵਿਚਲੀ ਕੁੜੱਤਣ ਉਸ ਦੀਆਂ ਅੱਖਾਂ ਵਿੱਚ ਵੀ ਉੱਤਰ ਆਈ ਸੀ।
"ਆਪਣੀ ਗੱਲ ਹੋਰ ਸੀ ਤੇ ਮਨਿੰਦਰ ਦੀ ਹੋਰ ਆ।" ਲਿਵਿੰਗ-ਰੂਮ ਦੇ ਨਾਲ਼ ਲਗਦੀ ਰਸੋਈ ਵਿੱਚੋਂ ਪਾਸ਼ੀ ਬੋਲ ਪਈ।
"ਗੱਲ ਹੋਰ ਕੀ ਸੀ? ਏਹੀ ਪਈ ਤੁਹਾਡਾ ਸਾਰਾ ਟੱਬਰ ਕਨੇਡਾ ਆਉਣਾ ਚਾਹੁੰਦਾ ਸੀ। ਹੁਣ ਜਦੋਂ ਮਤਲਬ ਨਿਕਲ਼ ਗਿਆ, ਤੂੰ ਕੌਣ ਤੇ ਮੈਂ ਕੌਣ?" ਬਾਕੀਆਂ ਵੱਲੋਂ ਹਟ ਕੇ ਬਲਰਾਜ ਪਾਸ਼ੀ ਦੇ ਗਲ਼ ਪੈ ਗਿਆ।
"ਨਾ ਮੇਰਾ ਪੁੱਤ! ਏਦਾਂ ਨਾ ਕਹਿ। ਅਸੀਂ ਤੇਰੀ ਕੀਤੀ ਭੁਲਾਉਣ ਵਾਲ਼ੇ ਨਹੀਂ। ਪਰ ਤੂੰ ਆਪ ਈ ਦੱਸ ਪਈ ਮਨਿੰਦਰ ਨੂੰ ਅਸੀਂ ਜਬਰਦਸਤੀ ਕਿੱਦਾਂ...।" ਕੁਝ ਕੁ ਮਹੀਨਿਆਂ ਦੀ ਨਿੱਕੋ ਨੂੰ ਗੋਦ 'ਚ ਲਈ ਬੈਠੀ ਗਿਆਨ ਕੌਰ ਬੋਲੀ।
"ਇਹ ਤੁਹਾਡਾ ਕਸੂਰ ਨਹੀਂ। ਏਥੇ ਕਨੇਡਾ ਆ ਕੇ ਆਮ ਲੋਕਾਂ ਦੇ ਤੌਰ ਏਦਾਂ ਹੀ ਬਦਲ ਜਾਂਦੇ ਆ। ਪਰ ਬੰਦੇ ਨੂੰ ਸਿਰਫ ਆਪਣਾ ਹੀ ਉੱਲੂ ਨਹੀਂ ਸਿੱਧਾ ਕਰਨਾ ਚਾਹੀਦਾ।"
"ਤੁਹਾਡੇ 'ਚ ਹਾਅ ਈ ਨੁਕਸ ਐ, ਦੂਜੇ ਦੀ ਤੁਸੀਂ ਸੁਣਦੇ ਨਹੀਂ। ਬੱਸ ਆਪਣੀ ਪੁਗਾਉਣੀ ਚਾਹੁੰਨੇ ਆਂ।" ਪਾਸ਼ੀ ਲਿਵਿੰਗ-ਰੂਮ 'ਚ ਆ ਕੇ ਬੋਲੀ।
"ਲਗਦੈ, ਤੇਰੇ ਹੋਸ਼ ਵੀ ਹੁਣ ਟਿਕਾਣੇ ਨਹੀਂ ਰਹੇ। ਤੁਹਾਨੂੰ ਸਾਰਿਆਂ ਨੂੰ ਕਨੇਡਾ ਸੱਦ ਕੇ ਮੈਂ ਤੁਹਾਡੀ ਪੁਗਾਈ ਆ ਕਿ ਆਪਣੀ?" ਨਸ਼ਾ ਬਲਰਾਜ ਦੇ ਗੁੱਸੇ ਨੂੰ ਤਾਅ ਦੇ ਰਿਹਾ ਸੀ।
"ਕਨੇਡਾ ਕਾਹਦੇ ਸੱਦ ਲਏ, ਤੁਸੀਂ ਤਾਂ ਏਦਾਂ ਕਰਦੇ ਆਂ ਜਿੱਦਾਂ ਖਰੀਦ ਲਏ ਹੁੰਦੇ ਆ।" ਪਾਸ਼ੀ ਦੇ ਬੋਲਾਂ ਵਿੱਚ ਰੋਹ ਸੀ।
"ਹੁਣ ਸਮਝਿਆਂ...ਏਹ ਸਾਰੀ ਤੇਰੀ ਚਾਲ ਐ। ਪਰ ਮੇਰੀ ਗੱਲ ਵੀ ਕੰਨ ਖੋਲ੍ਹ ਕੇ ਸੁਣ ਲੈ, ਜੇ ਤੂੰ ਏਦਾਂ ਮੇਰੀ ਪਿੱਠ ਲਾਉਣ ਲੱਗੀ ਤਾਂ ਦੇਖੀਂ ਫੇ ਬਣਦਾ ਕੀ ਆ?" ਬਲਰਾਜ ਗਰਜਿਆ।
"ਹੇਅ ਖਾਂ ਕਰਨ ਕੀ ਡਹਿਓ ਆ।" ਪਾਸ਼ੀ ਦੀ ਆਵਾਜ਼ ਵਿੱਚ ਵਿਅੰਗ ਸੀ।
"ਤੇਰਾ ਦਿਮਾਗ ਜਿਆਦਾ ਈ ਖਰਾਬ ਹੋ ਗਿਆ ਲਗਦਾ ਆ...ਪਰ ਮੈਨੂੰ ਠੀਕ ਵੀ ਕਰਨਾ ਆਉਂਦੈ।" ਕ੍ਰੋਧ 'ਚ ਬਲ਼ਦਾ ਬਲਰਾਜ ਪਾਸ਼ੀ ਵੱਲ ਨੂੰ ਵਧਿਆ।
ਇਸਤੋਂ ਪਹਿਲਾਂ ਕਿ ਬਲਰਾਜ ਦਾ ਹੱਥ ਪਾਸ਼ੀ 'ਤੇ ਉੱਠਦਾ ਬਖਸ਼ਿੰਦਰ ਨੇ ਜੱਫਾ ਮਾਰ ਕੇ ਉਸਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਲਰਾਜ ਉਸਦੇ ਕੂਹਣੀਆਂ ਮਾਰਦਾ ਹੋਇਆ ਸਾਰਿਆਂ ਨੂੰ ਅਵਾ-ਤਵਾ ਬੋਲਦਾ ਰਿਹਾ।
ਉਸ ਰਾਤ ਘਰ ਵਿੱਚ ਕਿਸੇ ਨੇ ਵੀ ਰੋਟੀ ਨਾ ਖਾਧੀ।
ਅਗਲੇ ਦਿਨ ਬਲਰਾਜ ਕੰਮ ਤੋਂ ਘਰ ਨਾ ਪਰਤਿਆ। ਪੁੱਛ-ਗਿੱਛ ਕਰਨ 'ਤੇ ਪਤਾ ਲੱਗਾ ਕਿ ਉਹ ਆਪਣੇ ਦੋਸਤ ਕੋਲ਼ ਸੀ। ਮਹੀਨੇ ਤੋਂ ਵੱਧ ਲੰਘ ਗਿਆ ਪਰ ਉਹ ਘਰ ਨਾ ਮੁੜਿਆ। ਪ੍ਰੀਤਮ ਸਿੰਘ ਤੇ ਗਿਆਨ ਕੌਰ ਨੇ ਕੁਝ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਬਲਰਾਜ ਨੂੰ ਘਰ ਲੈ ਆਂਦਾ। ਉਨ੍ਹਾਂ ਦਾ ਵਿਚਾਰ ਸੀ ਕਿ ਧੀ-ਜੁਆਈ ਦੇ ਗੁੱਸੇ-ਗਿਲੇ, ਹੌਲ਼ੀ-ਸਹਿਜੇ ਮਿਟ ਜਾਣਗੇ...ਪਰ ਅਜਿਹਾ ਹੋ ਨਹੀਂ ਸੀ ਰਿਹਾ।
ਬਲਰਾਜ ਪਹਿਲਾਂ ਵਾਂਗ ਹੁਣ ਟੱਬਰ 'ਚ ਭਿੱਜਦਾ ਨਹੀਂ ਸੀ। ਪਾਸ਼ੀ ਨਾਲ਼ ਤਾਂ ਉਹ ਜ਼ਿਆਦਾ ਹੀ ਕੰਨੀ-ਭਾਰ ਰਹਿਣ ਲੱਗ ਪਿਆ। ਕੰੰਮ ਦੀਆਂ ਸ਼ਿਫਟਾਂ ਅਲੱਗ-ਅਲੱਗ ਹੋਣ ਕਾਰਨ ਦਿਨ ਵੇਲੇ ਤਾਂ ਉਨ੍ਹਾਂ ਦੀ ਮੁਲਾਕਾਤ ਉਂਜ ਹੀ ਨਹੀਂ ਸੀ ਹੁੰਦੀ ਤੇ ਰਾਤ ਨੂੰ ਕੰਮ ਤੋਂ ਪਰਤ ਕੇ ਉਹ ਬੈੱਡ-ਰੂਮ 'ਚ ਜਾਣ ਦੀ ਬਜਾਏ ਲਿਵਿੰਗ-ਰੂਮ 'ਚ ਹੀ ਪੈ ਜਾਂਦਾ। ਵੀਕ-ਐੰਡ ਤੇ ਉਹ ਕਿਸੇ ਨਾ ਕਿਸੇ ਬਹਾਨੇ ਕਦੀ ਸਵੀ ਨੂੰ ਲੈ ਕੇ ਤੇ ਕਦੀ ਇਕੱਲਾ ਹੀ ਘਰੋਂ ਕੰਨੀ ਖਿਸਕਾ ਜਾਂਦਾ।
ਉੱਧਰ ਪਾਸ਼ੀ ਵੀ ਲਿਫਣ ਲਈ ਤਿਆਰ ਨਹੀਂ ਸੀ।
ਉਨ੍ਹਾਂ ਹੀ ਦਿਨਾਂ ਵਿੱਚ ਉਨ੍ਹਾਂ ਦੇ ਵਿਆਹ ਦੀ ਛੇਵੀਂ ਵਰ੍ਹੇ-ਗੰਢ ਦੇ ਮੌਕੇ 'ਤੇ ਪਾਸ਼ੀ ਦੇ ਮਾਪਿਆਂ ਨੇ ਇੱਕ ਛੋਟੀ ਜਿਹੀ ਪਾਰਟੀ ਦਾ ਬੰਦੋਬਸਤ ਕਰ ਲਿਆ ਸੀ। ਬਲਰਾਜ ਤੇ ਪਾਸ਼ੀ ਨੇ ਕੇਕ ਕੱਟਿਆ ਤੇ ਇੱਕ ਦੂਜੇ ਦੇ ਮੂੰਹ 'ਚ ਵੀ ਪਾਇਆ ਪਰ ਰਸਮੀ ਤੌਰ 'ਤੇ। ਉਨ੍ਹਾਂ ਫਿੱਕੇ ਜਿਹੇ ਪਲਾਂ ਵਿੱਚੀਂ ਗੁਜ਼ਰਦਿਆਂ, ਪਾਸ਼ੀ ਦੀ ਸੋਚ ਬੀਤ ਚੁੱਕੇ ਗੂੜ੍ਹੇ ਪਲਾਂ ਵੱਲ ਨੂੰ ਹੋ ਤੁਰੀ ਸੀ...ਆਪਣੇ ਵਿਆਹ ਦੀ ਪਹਿਲੀ ਵਰ੍ਹੇ-ਗੰਢ ਮਨਾਉਣ ਲਈ ਉਹ ਵੰਡਰਲੈਂਡ ਗਏ ਸਨ। ਕਲਾਬਾਜ਼ੀਆਂ ਖਾਂਦੀ ਇੱਕ ਤੇਜ਼ ਰਾਈਡ ਦੌਰਾਨ ਪਾਸ਼ੀ ਅਵੇਸਲੀ ਹੋ ਕੇ ਆਪਣੀ ਸੀਟ ਤੋਂ ਬਾਹਰ ਨੂੰ ਉਲਟ ਗਈ ਸੀ। ਨਾਲ਼ ਬੈਠੇ ਬਲਰਾਜ ਨੇ ਫੁਰਤੀ ਨਾਲ਼ ਆਪਣੀ ਸੱਜੀ ਬਾਂਹ ਦੇ ਜ਼ੋਰ 'ਤੇ, ਥੱਲੇ ਨੂੰ ਡਿਗਦੀ ਜਾ ਰਹੀ ਪਾਸ਼ੀ ਨੂੰ ਫੜ ਲਿਆ ਸੀ। ਤੇ ਪੂਰੇ ਤਾਣ ਨਾਲ਼ ਆਪਣੀਆਂ ਲੱਤਾਂ ਸੀਟ-ਬਕਸ 'ਚ ਅੜਾ ਕੇ, ਖੱਬਾ ਹੱਥ ਹੈਂਡਲ ਦੁਆਲ਼ੇ ਸ਼ਿਕੰਜੇ ਵਾਂਗ ਕੱਸ ਲਿਆ ਸੀ। ਬੇਹੋਸ਼ ਹੁੰਦੀ ਜਾ ਰਹੀ ਪਾਸ਼ੀ ਨੇ ਮਹਿਸੂਸ ਕੀਤਾ ਸੀ ਕਿ ਉਚਾਈਆਂ 'ਤੇ ਵਲ਼-ਵਿੰਗ ਖਾ ਰਹੀ ਰਾਈਡ ਉਸਨੂੰ ਹੀ ਨਹੀਂ, ਬਲਰਾਜ ਨੂੰ ਵੀ ਚਕਨਾਚੂਰ ਕਰ ਦੇਵੇਗੀ ਕਿਉਂਕਿ ਉਸਦਾ ਭਾਰ ਬਲਰਾਜ ਨੂੰ ਵੀ ਥੱਲੇ ਨੂੰ ਖਿੱਚੀ ਜਾ ਰਿਹਾ ਸੀ...ਪ੍ਰਬੰਧਕਾਂ ਨੇ ਪਲਾਂ ਵਿੱਚ ਹੀ ਰਾਈਡ ਰੋਕ ਕੇ ਉਨ੍ਹਾਂ ਨੂੰ ਸਾਂਭ ਲਿਆ ਸੀ। ਸਹਿਮੇ ਹੋਏ ਉਹ ਕਈ ਦਿਨ ਇਸ ਘਟਨਾ ਨੂੰ ਯਾਦ ਕਰ-ਕਰ, ਰਹੌਂਸਦੇ ਬੁੱਲ੍ਹਾਂ ਅਤੇ ਛਲਕਦੀਆਂ ਅੱਖਾਂ ਨਾਲ਼ ਇੱਕ ਦੂਜੇ ਤੋਂ ਵਾਰੇ-ਵਾਰੇ ਜਾਂਦੇ ਰਹੇ ਸਨ:
"ਰਾਜੇ! ਤੁਸੀਂ ਬਚਾ ਲਿਆ, ਨਹੀਂ ਤੇ ਸ਼ਾਇਦ ਮਰ ਮੁੱਕ ਗਈ ਹੁੰਦੀ।" ਬਲਰਾਜ ਦੇ ਹੱਥ ਆਪਣੇ ਹੱਥਾਂ 'ਚ ਲੈਂਦਿਆਂ ਪਾਸ਼ੀ ਆਖਦੀ।
"ਪਾਸ਼ੀਏ! ਇਨ੍ਹਾਂ ਹੱਥਾਂ 'ਚ ਤੇਰਾ ਵਾਲ਼ ਵਿੰਗਾ ਨਹੀਂ ਹੋ ਸਕਦਾ।" ਬਲਰਾਜ ਦੀਆਂ ਉਂਗਲ਼ਾਂ ਪਤਨੀ ਦੀਆਂ ਉਂਗਲ਼ਾਂ ਵਿੱਚ ਸਮਾ ਜਾਂਦੀਆਂ। ਆਪਣੇ ਪੰਜਿਆਂ ਨੂੰ ਮਜ਼ਬੂਤ ਹੋ ਗਏ ਮਹਿਸੂਸ ਕਰਦੀ ਉਹ ਸਰੂਰ ਜਿਹੇ ਵਿੱਚ ਪਤੀ ਦੇ ਹੱਥਾਂ ਨੂੰ ਚੁੰਮ ਲੈਂਦੀ।
...ਤੇ ਉਸ ਦਿਨ ਛੇਵੀਂ ਵਰ੍ਹੇ-ਗੰਢ ਸਮੇਂ ਇਹ ਘਟਨਾ ਯਾਦ ਆਉਣ 'ਤੇ ਬਲਰਾਜ ਨੂੰ ਵੇਖ ਰਹੀਆਂ ਪਾਸ਼ੀ ਦੀਆਂ ਅੱਖਾਂ ਵਿੱਚ ਪਿਆਰ ਦਾ ਵਲਵਲਾ ਨੱਚਿਆ ਸੀ। ਪਰ ਕੁਝ ਪਲਾਂ ਬਾਅਦ ਹੀ ਗਾਇਬ ਹੋ ਗਿਆ ਸੀ...ਉਸਨੂੰ ਉਹ ਸਮਾਂ ਯਾਦ ਆ ਗਿਆ ਸੀ ਜਦੋਂ ਮਨਿੰਦਰ ਦੇ ਰਿਸ਼ਤੇ ਦੀ ਗੱਲ ਨੂੰ ਲੈ ਕੇ ਬਲਰਾਜ ਨੇ ਉਸਦੀ ਤੇ ਉਸਦੇ ਮਾਪਿਆਂ ਦੀ ਲਾਹ-ਪਾਹ ਕੀਤੀ ਸੀ।
ਗਰੌਸਰੀ ਸਾਂਭਣ ਉਪਰੰਤ ਪਾਸ਼ੀ ਰਸੋਈ ਵਿਚਲੇ ਊਣੇ ਹੋ ਚੁੱਕੇ ਡੱਬੇ-ਡੱਬੀਆਂ ਨੂੰ ਨਿੱਤ ਵਰਤਣ ਵਾਲ਼ੀਆਂ ਚੀਜ਼ਾਂ ਨਾਲ਼ ਭਰਨ ਲੱਗ ਪਈ ਤੇ ਨਾਲ਼ ਹੀ ਉਸਨੇ ਚਾਹ ਰੱਖ ਦਿੱਤੀ। ਚਾਹ ਪੀਣ ਉਪਰੰਤ ਸੁਸਤਾਉਣ ਜਿਹੇ ਦੇ ਮੂਡ ਵਿੱਚ ਉਹ ਸ਼ਾਲ ਲੈ ਕੇ ਸੋਫੇ 'ਤੇ ਹੀ ਲੇਟ ਗਈ। ਅੱਧਸੁੱਤੀ ਅਵਸਥਾ ਵਿੱਚ ਉਸਦੀ ਸੋਚ ਫਿਰ ਰੇਗਿਸਤਾਨੀ ਅਤੀਤ ਵੱਲ ਨੂੰ ਹੋ ਤੁਰੀ...ਇੱਕ ਸ਼ਨੀਵਾਰ ਬਲਰਾਜ ਦੇ ਦੋਸਤ ਉਨ੍ਹਾਂ ਦੇ ਘਰ ਆ ਜੁੜੇ...ਰੋਟੀ ਤਿਆਰ ਕਰਕੇ ਪਾਸ਼ੀ ਆਪਣੇ ਡੈਡੀ ਤੇ ਭੈਣ-ਭਰਾ ਨਾਲ਼ ਜਾਣ ਲਈ ਤਿਆਰ ਹੋ ਪਈ।
"ਬਲਰਾਜ! ਅਸੀਂ ਪਾਸ਼ੀ ਦੀ ਭੂਆ ਵੱਲ ਚੱਲੇ ਆਂ।" ਟੁਰਨ ਲੱਗਿਆਂ ਪ੍ਰੀਤਮ ਸਿੰਘ ਨੇ ਕਿਹਾ।
"ਕੋਈ ਐਮਰਜੈਂਸੀ ਪੈ ਗਈ ਆ?" ਦੋਸਤਾਂ ਨੂੰ ਵਿਸਕੀ ਵਰਤਾ ਰਹੇ ਬਲਰਾਜ ਨੇ ਚੋਭ ਮਾਰੀ।
"ਪਾਸ਼ੀ ਦੀ ਭੂਆ ਤੇ ਫੁੱਫੜ ਨੇ ਕੱਲ੍ਹ ਨੂੰ ਇੰਡੀਆ ਜਾਣੈ, ਉਨ੍ਹਾਂ ਨੂੰ ਮਿਲ਼ ਆਈਏ ਜ਼ਰਾ। ਵੈਸੇ ਗਿਆਨ ਕੌਰ ਘਰੇ ਈ ਆ।"
ਕਾਰ 'ਚ ਬੈਠਣ ਲੱਗਿਆਂ ਪਾਸ਼ੀ ਨੂੰ ਚੇਤਾ ਆਇਆ ਕਿ ਨਿੱਕੋ ਦੀ ਦੁੱਧ ਦੀ ਬੋਤਲ ਉਹ ਅੰਦਰ ਹੀ ਭੁੱਲ ਆਈ ਸੀ। ਮੁੜਦੇ ਪੈਰੀਂ ਜਦੋਂ ਉਹ ਬੋਤਲ ਚੁੱਕਣ ਆਈ ਤਾਂ ਬਲਰਾਜ ਦੇ ਆਪਣੇ ਦੋਸਤਾਂ ਨੂੰ ਕਹੇ ਇਹ ਗੁਸੈਲ਼ੇ ਬੋਲ ਉਸਦੇ ਕੰਨੀ ਪਏ ਸਨ, "ਏਹੋ ਭੂਆ-ਫੁੱਫੜ ਸਾਡੇ ਵਿਚੋਲੇ ਸੀ। ਪਿੱਛੇ ਜਿਹੇ ਜਦੋਂ ਸਾਡਾ ਝਗੜਾ ਹੋਇਆ ਤਾਂ ਉਹ ਸਾਰਾ ਕਸੂਰ ਮੇਰੇ ਸਿਰ ਹੀ ਮੜ੍ਹੀ ਜਾਂਦੇ ਸੀ। ਵੱਡੇ ਪਚੈਤੀ...।"
ਜਦੋਂ ਪਾਸ਼ੀ ਹੁਰੀਂ ਮੁੜੇ ਬਲਰਾਜ ਦੇ ਦੋਸਤ ਰੋਟੀ ਖਾ ਕੇ ਜਾ ਚੁੱਕੇ ਸਨ।
"ਮੇਰੇ ਦੋਸਤ ਘਰ ਆਇਓ ਹੋਣ ਤੇ ਤੁਸੀਂ ਏਦਾਂ ਟਿਭ ਜਾਓਂ, ਤੁਹਾਡੇ ਲਈ ਇਹ ਠੀਕ ਨਹੀਂ।" ਬਲਰਾਜ ਦੇ ਬੋਲਾਂ ਵਿੱਚ ਹਿਰਖ ਸੀ।
"ਟਿਭਣ ਆਲ਼ੀ ਤਾਂ ਕੋਈ ਗੱਲ ਨਹੀਂ ਬਲਰਾਜ! ਤੈਨੂੰ ਦੱਸ ਕੇ ਗਏ ਆਂ।" ਪ੍ਰੀਤਮ ਸਿੰਘ ਨੇ ਉੱਤਰ ਦਿੱਤਾ।
"ਇੱਕ-ਡੇਢ ਘੰਟੇ 'ਚ ਮੁੜ ਵੀ ਤਾਂ ਸਕਦੇ ਸੀ।"
"ਉਨ੍ਹਾਂ ਦਾ ਇੰਡੀਆ ਜਾਣ ਦਾ ਪ੍ਰੋਗਰਾਮ ਖੜ੍ਹੇ ਪੈਰ ਈ ਬਣਿਐਂ, ਨਿਆਣੇ ਉਨ੍ਹਾਂ ਨਾਲ਼ ਸਾਮਾਨ ਬੰਨ੍ਹਾਉਣ ਲੱਗ ਪਏ।"
"ਤੁਸੀਂ ਆਪਣਾ ਸਾਮਾਨ ਹੁਣ ਕਦੋਂ ਬੰਨ੍ਹਣਾ ਆਂ?" ਬਲਰਾਜ ਦੀ ਗੱਲ ਸਾਰਿਆਂ ਉੱਤੇ ਆਸਮਾਨੀ ਬਿਜਲੀ ਵਾਂਗ ਡਿਗੀ।
"ਏਥੇ ਲਾਗੇ-ਚਾਗੇ ਕੋਈ ਮਕਾਨ ਲੱਭਦੇ ਆਂ, ਅਜੇ ਮਿਲ਼ ਨਹੀਂ ਰਿਹਾ...ਪਰ ਜੇ ਹਾਅ ਗੱਲ ਆ ਤਾਂ ਸਵੇਰੇ ਈ ਚਲੇ ਜਾਨੇ ਆਂ।" ਪ੍ਰੀਤਮ ਸਿੰਘ ਦੇ ਬੋਲਾਂ ਵਿੱਚ ਖਰ੍ਹਵਾਪਨ ਆ ਗਿਆ ਸੀ।
"ਸਵੇਰੇ ਨਈਂ, ਹੁਣੇ ਈਂ ਤੁਰਦੇ ਬਣੋ।" ਬਲਰਾਜ ਦੀ ਸ਼ਰਾਬ ਉਸਦੇ ਕ੍ਰੋਧ ਨੂੰ ਸੀਖ ਰਹੀ ਸੀ।
"ਹਾਅ ਧੌਂਸ ਕਾਹਦੀ ਆ? ਇਹ ਏਥੇ ਮੁਫਤ ਨਹੀਂ ਰਹਿ ਰਹੇ। ਸਾਰੇ ਖਰਚੇ ਦਾ ਸੈਂਟ-ਸੈਂਟ ਵੰਡਾਉਂਦੇ ਆ।" ਚਾਹੁੰਦਿਆਂ ਹੋਇਆਂ ਵੀ ਪਾਸ਼ੀ ਤੋਂ ਚੁੱਪ ਨਾ ਰਿਹਾ ਗਿਆ।
ਬਲਰਾਜ ਨੇ ਪਾਸ਼ੀ ਵੱਲ ਏਦਾਂ ਅੱਖਾਂ ਕੱਢੀਆਂ ਜਿਵੇਂ ਉਸਨੂੰ ਖਾ ਜਾਣਾ ਹੋਵੇ। ਪਰ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਬਖਸ਼ਿੰਦਰ ਬੋਲ ਪਿਆ, "ਛੱਡ ਪਰੇ ਭੈਣ, ਅਸੀਂ ਚਲੇ ਈ ਜਾਣੈ। ਲੋੜ ਕੀ ਪਈ ਆ ਹਰ ਵੇਲੇ ਏਦਾਂ ਬੇਇਜ਼ਤੀ ਕਰਾਉਣ ਦੀ।"
"ਤੁਸੀਂ ਹੈ ਈ ਬੇਇਜ਼ਤੀ ਦੇ ਲਾਇਕ।"
ਪ੍ਰੀਤਮ ਸਿੰਘ ਹੁਰਾਂ ਨੇ ਅਗਾਂਹ ਚੁੱਪ ਰਹਿਣਾ ਹੀ ਠੀਕ ਸਮਝਿਆ। ਫੋਨ ਕਰਕੇ ਉਨ੍ਹਾਂ ਟੈਕਸੀ ਸੱਦੀ ਤੇ ਪਾਸ਼ੀ ਦੀ ਭੂਆ ਦੇ ਘਰ ਚਲੇ ਗਏ।
"ਮੇਰੇ ਘਰ ਰਹਿ ਕੇ ਮੈਨੂੰ ਈਂ ਅੱਖਾਂ ਦਿਖਾਉਂਦੇ ਆ...ਦੇਖੋ ਜਰਾ ਨਜਾਰੇ ਹੁਣ।" ਆਪਣਾ ਉਬਾਲ਼ ਕੱਢਦਿਆਂ ਬਲਰਾਜ ਨੇ ਪਾਸ਼ੀ ਨੂੰ ਸੁਣਾ ਕੇ ਕਿਹਾ।
"ਇਹ ਘਰ ਤੁਹਾਡਾ 'ਕੱਲਿਆਂ ਦਾ ਨਹੀਂ। ਇਹਦੇ 'ਚ ਮੇਰਾ ਵੀ ਅੱਧ ਐ। ਤੇ ਤੁਸੀਂ ਉਨ੍ਹਾਂ ਨੂੰ ਐਂ ਘਰੋਂ ਕੱਢ ਦਿੱਤੈ ਜਿੱਦਾਂ...।" ਭਰੀ-ਪੀਤੀ ਪਾਸ਼ੀ ਦਾ ਗਲ਼ਾ ਭਰ ਆਇਆ।
"ਜੇ ਏਨਾ ਈਂ ਦੁੱਖ ਲੱਗਾ ਆ ਤਾਂ ਨਾਲ਼ ਹੀ ਚਲੇ ਜਾਣਾ ਸੀ।"
"ਜਾਵਾਂ ਜਾਂ ਨਾ ਜਾਵਾਂ, ਇਹ ਤੁਹਾਡੀ ਨਹੀਂ ਮੇਰੀ ਮਰਜ਼ੀ ਆ।"
"ਬਹੁਤਾ ਚਪੜ-ਚਪੜ ਨਾ ਕਰੀ ਜਾਹ...ਜੇ ਕਿਸੇ ਭਲੇਮਾਣਸ ਦੀ ਧੀ ਆਂ ਤਾਂ ਚੁੱਪ ਕਰਕੇ ਬਹਿ ਜਾ, ਨਹੀਂ ਤਾਂ...।"
"ਧੀ ਤਾਂ ਮੈਂ ਭਲੇਮਾਣਸਾਂ ਦੀ ਹੀ ਆਂ ਪਰ ਏਦਾਂ ਕੁੱਤੇ-ਖਾਣੀ ਕਰਾਉਣ ਆਲ਼ੀ ਨਹੀਂ।"
"ਹੈਅ! ਤਹਾਂ ਹੀ ਤਹਾਂ ਚੜ੍ਹੀ ਜਾਂਦੀ ਆ, ਤੈਨੂੰ ਦੱਸ ਈ ਲਵਾਂ...।" ਤੇ ਉਸਨੇ ਪਾਸ਼ੀ ਦੇ ਚਪੇੜ ਮਾਰ ਦਿੱਤੀ।
ਡੌਰ-ਭੌਰ ਹੋਏ ਸਵੀ ਦੀਆਂ ਲੇਰਾਂ ਨਿਕਲ਼ ਗਈਆਂ। ਪਿਉ ਕੋਲ਼ੋਂ ਰਹਿਮ ਮੰਗਦਿਆਂ ਉਹ ਨਿੱਕੇ-ਨਿੱਕੇ ਹੱਥ ਹਿਲਾ-ਹਿਲਾ ਕਹਿ ਰਿਹਾ ਸੀ, "ਡੈਡ ਨਾ, ਡੈਡ ਨਾ ਮਾਰੋ ਮੇਰੀ ਮੌਮ ਨੂੰ।"
"ਹਟ ਪਰੇ।" ਬਲਰਾਜ ਸਵੀ ਨੂੰ ਟੁੱਟ ਕੇ ਪਿਆ।
ਪਤੀ ਦਾ ਧਿਆਨ ਸਵੀ ਵੱਲ ਹੋਇਆ ਦੇਖ, ਪਾਸ਼ੀ ਨੇ ਉਸਨੂੰ ਧੱਕਾ ਦੇ ਕੇ ਸੋਫੇ 'ਤੇ ਸੁੱਟ ਦਿੱਤਾ ਅਤੇ ਦੌੜ ਕੇ ਬੈੱਡ-ਰੂਮ 'ਚ ਜਾ ਵੜੀ। ਅੰਦਰੋਂ ਦਰਵਾਜ਼ਾ ਬੰਦ ਕਰਕੇ ਉਸਨੇ ਪੁਲਿਸ ਨੂੰ ਫੋਨ ਕਰ ਦਿੱਤਾ। ਕੌੜਾ-ਫਿੱਕਾ ਬੋਲ ਰਹੇ ਬਲਰਾਜ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ। ਅੰਦਰ ਸੁੱਤੀ ਨਿੱਕੋ ਤ੍ਰਭਕ ਕੇ ਜਾਗ ਪਈ ਤੇ ਰੋਣ ਲੱਗ ਪਈ। ਸਵੀ ਬਾਹਰ ਖੜ੍ਹਾ ਲੇਰਾਂ ਮਾਰੀ ਜਾ ਰਿਹਾ ਸੀ।
ਮਿੰਟਾਂ ਵਿੱਚ ਹੀ ਪੁਲਿਸ ਆਣ ਪਹੁੰਚੀ, ਸਹਿਮੀ ਹੋਈ ਪਾਸ਼ੀ ਨੂੰ ਬਾਹਰ ਕੱਢ ਕੇ ਹੌਸਲਾ ਦਿੱਤਾ ਤੇ ਬਲਰਾਜ ਨੂੰ ਫੜ ਕੇ ਲੈ ਗਈ।
ਪਾਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਬਲਰਾਜ ਨੂੰ 'ਚਾਰਜ' ਕੀਤਾ ਗਿਆ।
ਬਲਰਾਜ ਦੇ ਦੋਸਤਾਂ ਤੇ ਕੁਝ ਰਿਸ਼ਤੇਦਾਰਾਂ ਨੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਪਾਸ਼ੀ ਨੇ ਸਾਫ ਕਹਿ ਦਿੱਤਾ ਕਿ ਜੋ ਸਮਾਂ ਲੰਘ ਗਿਆ ਸੋ ਲੰਘ ਗਿਆ, ਅਗਾਂਹ ਉਹ ਆਪਣੀ ਮਰਜ਼ੀ ਮੁਤਾਬਿਕ ਜੀਏਗੀ।
"ਮੈਂ ਤਾਂ ਆਪ ਸੈਪਰੇਟ ਹੋਣ ਲਈ ਸੋਚਿਆ ਹੋਇਐ। ਪਰ ਮੂਹਰੇ ਇਹਨੂੰ ਤੋਰਨਾ ਚਾਹੁੰਦਾ ਸੀ। ਹੁਣ ਤੁਰ ਪਈ ਆ। ਦੇਖੀ ਜਾਵੇ ਜਲਵੇ।" ਬਲਰਾਜ ਦੀ ਆਪਣੇ ਦੋਸਤ ਕੋਲ਼ ਕਹੀ ਇਹ ਗੱਲ ਕਿਸੇ ਰਾਹੀਂ ਪਾਸ਼ੀ ਕੋਲ਼ ਪਹੁੰਚੀ ਸੀ।
ਅਣਬਣ ਹੋ ਜਾਣ 'ਤੇ ਸਾਂਝੀ ਜਾਇਦਾਦ ਦੇ ਪੈਰ ਉੱਖੜ ਗਏ। ਘਰ ਦੀਆਂ ਕਿਸ਼ਤਾਂ ਨਾ ਇਕੱਲਾ ਪਤੀ ਦੇ ਸਕਦਾ ਸੀ ਤੇ ਨਾ ਹੀ ਪਤਨੀ। ਸੋ ਘਰ ਸੇਲ 'ਤੇ ਲੱਗ ਗਿਆ।
ਕੋਰਟ ਨੇ ਬਲਰਾਜ ਨੂੰ ਹੁਕਮ ਦਿੱਤਾ ਕਿ ਉਹ ਇੱਕ ਸਾਲ ਲਈ ਪਾਸ਼ੀ ਦੇ ਘਰ ਅਤੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਪੈਰ ਨਹੀਂ ਧਰੇਗਾ। ਨਾਲ਼ ਹੀ ਉਸ ਉੱਤੇ ਇੱਕ ਸਾਲ ਦੀ ਪਰੌਬੇਸ਼ਨ ਲਾ ਦਿੱਤੀ ਗਈ ਕਿ ਜੇਕਰ ਉਸਨੇ ਪਾਸ਼ੀ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਪਹੁੰਚਾਇਆ ਤਾਂ ਉਸਨੂੰ ਜੇਲ੍ਹ 'ਚ ਡੱਕ ਦਿੱਤਾ ਜਾਏਗਾ। ...ਉਹ ਟਰਾਂਟੋ ਲਾਗੇ ਪੈਂਦੇ ਇੱਕ ਹੋਰ ਸ਼ਹਿਰ ਓਕਵਿਲ ਚਲਾ ਗਿਆ।
ਘਰ ਦਾ ਸਾਮਾਨ ਚੁਕਵਾ ਕੇ ਪਾਸ਼ੀ ਆਪਣੇ ਮਾਪਿਆਂ - ਜਿਨ੍ਹਾਂ ਨੇ ਕਿਰਾਏ 'ਤੇ ਮਕਾਨ ਲੈ ਲਿਆ ਹੋਇਆ ਸੀ - ਨਾਲ਼ ਰਹਿਣ ਲੱਗ ਪਈ। ਉਸਦੇ ਬੇ ਜੀ, ਡੈਡੀ ਤੇ ਭੈਣ-ਭਰਾ ਉਸਦਾ ਪੂਰਾ ਖਿਆਲ ਰੱਖਦੇ ਸਨ। ਉਸਨੂੰ ਖੁਦ ਵੀ ਇੰਜ ਲਗਦਾ ਜਿਵੇਂ ਉਹ ਹਰ ਵੇਲੇ ਚੁੱਭਣ ਵਾਲ਼ੀਆਂ ਛਿਲਤਾਂ ਤੋਂ ਮੁਕਤ ਹੋ ਗਈ ਹੋਵੇ...ਪਰ ਜਦੋਂ ਕਦੀ ਸਵੀ ਪੁੱਛਣ ਲੱਗ ਪੈਂਦਾ: "ਮੌਮ! ਡੈਡ ਸਾਡੇ ਨਾਲ਼ ਲੜਦੇ ਕਿਉਂ ਤੀ? ਡੈਡ ਹੁਣ ਘਰ ਕਿਉਂ ਨਹੀਂ ਆਂਦੇ?" ਤਾਂ ਇੱਕ ਅਜ਼ੀਬ ਜਿਹੀ ਪਰੇਸ਼ਾਨੀ ਪਾਸ਼ੀ ਅੰਦਰ ਖੁੰਬ ਵਾਂਗ ਉੱਗ ਖਲੋਂਦੀ।
"ਉਹ ਸਾਡੇ ਕੁਝ ਨਹੀਂ ਲਗਦੇ।" ਉਹ ਖਿਝ ਕੇ ਆਖਦੀ।
ਘਰ ਦੀ ਵਿੱਕਰੀ ਵਿੱਚੋਂ ਦੇ-ਲੈ ਕੇ ਮਸਾਂ 'ਡਾਊਨ ਪੇਮੈਂਟ' ਹੀ ਮੁੜੀ ਸੀ। ਵਕੀਲ ਵੱਲੋਂ ਭੇਜੇ ਹੋਏ ਚੈੱਕ ਦੀ ਰਕਮ ਪੜ੍ਹਦਿਆਂ ਹੈਰਾਨ ਜਿਹੀ ਹੋਈ ਉਹ ਬੁੜਬੁੜਾਈ ਸੀ, 'ਸਿਰਫ ਪੱਚੀ ਹਜ਼ਾਰ? ਬਾਕੀ ਦੀ ਰਕਮ ਕਿੱਥੇ ਗਈ?' ਪਰ ਛੇਤੀ ਹੀ ਉਸਨੂੰ ਚੇਤਾ ਆ ਗਿਆ ਕਿ ਅੱਧੀ ਰਕਮ ਬਲਰਾਜ ਨੂੰ ਵੀ ਜਾਣੀ ਸੀ। ਪਲ ਦੀ ਪਲ ਉਸਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਉਸਦਾ ਵਿਅਕਤਿਤਵ ਵੀ ਸਾਲਮ-ਸਬੂਤਾ ਨਾ ਰਹਿ ਕੇ ਅੱਧਾ ਰਹਿ ਗਿਆ ਹੋਵੇ...ਤੇ ਉਸਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਕਿਹੜੇ ਮਨ ਨਾਲ਼ ਉਹ ਆਪਣੇ ਪਤੀ ਦੀ ਦਸ਼ਾ - ਆਪਣੇ ਵਾਂਗ ਹੀ ਅੱਧੇ ਰਹਿ ਜਾਣ ਦੀ ਦਸ਼ਾ - ਬਾਰੇ ਸੋਚ ਗਈ ਸੀ। ਇਸੇ ਸੋਚ ਵਿੱਚ ਗੁਆਚਿਆਂ ਉਸਦੇ ਮਨ ਵਿੱਚ ਬਲਰਾਜ ਦੀ 'ਜਲਵਾ ਦਿਖਾਉਣ' ਵਾਲ਼ੀ ਗੱਲ ਘੁੰਮ ਗਈ ਸੀ। 'ਮੇਰਾ ਲੂਹ-ਬਾਲਣ ਕਰਨ ਵਾਲ਼ਿਆ! ਹੁਣ ਦੇਖੀ ਜਾਈਂ ਸੇਕ ਕਿੰਨਾ ਕੁ ਲਗਦੈ।' ਉਹ ਕ੍ਰੋਧ ਵਿੱਚ ਬੁੜਬੁੜਾਈ ਸੀ।

...ਤੇ ਸੈਪਰੇਸ਼ਨ ਦਾ ਇੱਕ ਸਾਲ ਪੂਰਾ ਹੁੰਦਿਆਂ ਹੀ ਪਾਸ਼ੀ ਨੇ ਬਲਰਾਜ ਤੋਂ ਤਲਾਕ ਮੰਗ ਲਿਆ। ਉਸਦਾ ਅਨੁਮਾਨ ਸੀ ਕਿ ਬਲਰਾਜ ਟਾਲ਼-ਮਟੋਲ਼ ਜਾਂ ਸੁਲ੍ਹਾ ਵਰਗੀ ਕੋਈ ਗੱਲ ਕਰੇਗਾ, ਜਿਸਨੂੰ ਠੁਕਰਾ ਕੇ ਉਹ ਸੱਚਮੁੱਚ ਹੀ ਉਸਨੂੰ ਜਲਵਾ ਦਿਖਾਉਣਾ ਚਾਹੁੰਦੀ ਸੀ। ਪਰ ਬਲਰਾਜ ਵੱਲੋਂ ਕਿਸੇ ਅਜਿਹੀ ਪੇਸ਼ਕਸ਼ ਦੀ ਥਾਂ, ਵੰਡੇ ਜਾਣ ਵਾਲ਼ੇ ਸਾਮਾਨ ਅਤੇ ਉਸ ਦੀਆਂ ਆਪਣੀਆਂ ਨਿੱਜੀ ਚੀਜ਼ਾਂ ਦੇ ਕਲੇਮ ਦੀਆਂ ਲਿਸਟਾਂ ਆ ਗਈਆਂ ਸਨ। ਲਿਸਟਾਂ ਵਿੱਚ ਦਿੱਤੇ ਗਏ ਟੀ.ਵੀ., ਵੀ.ਸੀ.ਆਰ., ਪਲੰਘ, ਸੋਫੇ, ਰਸੋਈ ਦੇ ਵੱਡੇ ਬਰਤਨ ਅਤੇ ਵਿਆਹ ਸਮੇਂ ਬਲਰਾਜ ਹੁਰਾਂ ਵੱਲੋਂ ਪਾਸ਼ੀ ਨੂੰ ਪਾਏ ਗਏ ਗਹਿਣੇ ਆਦਿ ਤਾਂ ਪਾਸ਼ੀ ਨੂੰ ਠੀਕ ਜਾਪੇ ਸਨ ਪਰ ਤ੍ਰਿਪਾਈਆਂ, ਕੱਪ-ਪਲੇਟਾਂ, ਚਮਚਿਆਂ ਦੀ ਵੰਡ ਅਤੇ ਵਿਆਹ ਸਮੇਂ ਲਾਗੀਆਂ ਨੂੰ ਦਿੱਤੇ ਲਾਗ ਦੀ ਵਸੂਲੀ ਦੀਆਂ ਗੱਲਾਂ, ਉਸਦੇ ਦਿਲ ਵਿੱਚ ਫਲਾਹੀ ਦੇ ਕੰਡਿਆਂ ਵਾਂਗ ਚੁੱਭ ਗਈਆਂ ਸਨ। ...ਤੇ ਜਿਹੜੀ ਗੱਲ ਨੇ ਉਸਨੂੰ ਜ਼ਿਆਦਾ ਹੀ ਪਰੇਸ਼ਾਨ ਕੀਤਾ ਉਹ ਸੀ ਤਲਾਕ ਤੋਂ ਬਾਅਦ ਬਲਰਾਜ ਦੀ ਸਵੀ ਤੇ ਨਿੱਕੋ ਨੂੰ ਮਿਲਣ ਦੀ ਮੰਗ, ਜਿਸ ਵਾਸਤੇ ਉਹ 'ਮੇਨਟਨੈਂਸ' ਖਰਚਾ ਭਰਨ ਨੂੰ ਤਿਆਰ ਸੀ। ਸਤੇ ਹੋਏ ਮਨ ਨਾਲ਼ ਪਾਸ਼ੀ ਨੇ ਵੀ ਆਪਣੇ ਕਲੇਮ ਦੀ ਲਿਸਟ ਬਣਾ ਲਈ, ਜਿਸ ਵਿੱਚ ਉਸਦੇ ਮਾਪਿਆਂ ਵੱਲੋਂ ਬਲਰਾਜ ਤੇ ਉਸਦੇ ਰਿਸ਼ਤੇਦਾਰਾਂ ਨੂੰ ਪਾਈਆਂ ਟੂੰਮਾਂ, ਲਾਗੀਆਂ ਨੂੰ ਦਿੱਤੇ ਗਏ ਲਾਗ, ਬਲਰਾਜ ਨੂੰ ਸ਼ਗਨ ਸਮੇਂ ਖੁਆਏ ਗਏ ਛੁਹਾਰੇ ਤੇ ਹੋਰ ਪਤਾ ਨਹੀਂ ਕੀ ਕੁਝ ਸ਼ਾਮਲ ਸੀ। ਪਰ ਮਾਂ-ਪਿਉ ਦੇ ਸਮਝਾਉਣ 'ਤੇ ਉਸਨੇ 'ਹਊ ਪਰੇ' ਕਰ ਦਿੱਤੀ ਸੀ। ਸਿਰਫ ਟੂੰਮਾਂ ਹੀ ਕਲੇਮ ਕੀਤੀਆਂ ਸਨ।
ਤਲਾਕ ਦੇ ਕੇਸ ਦੌਰਾਨ ਪਾਸ਼ੀ ਨੂੰ ਚੰਗੀ ਗੱਲ ਇਹ ਲੱਗੀ ਸੀ ਕਿ ਉਸਨੂੰ ਕੋਰਟਾਂ ਦੇ ਗੇੜੇ ਨਹੀਂ ਸਨ ਮਾਰਨੇ ਪਏ। ਸਾਰਾ ਕੰਮ ਉਸਦਾ ਵਕੀਲ ਹੀ ਕਰੀ ਜਾਂਦਾ ਸੀ। ਇੰਡੀਆ ਦੀਆਂ ਭੀੜ-ਭਰੀਆਂ ਕਚਹਿਰੀਆਂ ਨਾਲ਼ੋਂ ਵੱਖਰੀਆਂ ਸਨ, ਕਨੇਡਾ ਦੀਆਂ ਇਹ ਕੋਰਟਾਂ। ਤਲਾਕ ਜਾਂ ਹੋਰ ਮਾਮਲਿਆਂ ਵਿੱਚ ਕੋਈ ਭਾਈਚਾਰਕ ਦਖਲ-ਅੰਦਾਜ਼ੀ ਵੀ ਨਹੀਂ ਸੀ। ਪਰ ਪਾਸ਼ੀ ਇਹ ਵੀ ਜਾਣਦੀ ਸੀ ਕਿ ਚੁੱਪ-ਚਾਪ ਕੰਮ ਕਰਦੀਆਂ ਕਨੇਡੀਅਨ ਕੋਰਟਾਂ ਨੇ ਬੇਸ਼ੁਮਾਰ ਵਕੀਲਾਂ ਨੂੰ ਰੋਜ਼ਗਾਰ ਬਖਸ਼ਿਆ ਹੋਇਆ ਸੀ। ਤਲਾਕ ਦੇ ਕੇਸਾਂ ਨਾਲ਼ ਭਰੀਆਂ ਪਈਆਂ ਸਨ ਫੈਮਿਲੀ-ਕੋਰਟਾਂ। ਇਨ੍ਹਾਂ ਕੋਰਟਾਂ ਤੋਂ ਬਾਹਰ ਸੋਸ਼ਲ-ਵਰਕਰਜ਼ ਤੇ ਹੋਰ ਕਈ ਤਰ੍ਹਾਂ ਦਾ ਅਮਲਾ ਇਸ ਸਿਸਟਮ ਵਿੱਚੋਂ ਡਾਲਰ ਕੁੱਟ ਰਿਹਾ ਸੀ...ਤੇ ਕਦੀ-ਕਦੀ ਤਾਂ ਪਾਸ਼ੀ ਨੂੰ ਇੰਜ ਲਗਦਾ ਜਿਵੇਂ ਕਨੇਡਾ ਦੀ ਖਪਤ ਕਲਚਰ ਨੇ ਜੌਬਾਂ ਦੀ ਮੰਡੀ ਚਲਦੀ ਰੱਖਣ ਲਈ ਤਲਾਕ ਨੂੰ ਇੱਕ ਆਮ ਜਿਹੀ ਗੱਲ ਬਣਾ ਦਿੱਤਾ ਹੋਇਆ ਸੀ।
ਥੋੜ੍ਹਾ ਕੁ ਸੌਂ ਕੇ ਜਦੋਂ ਪਾਸ਼ੀ ਦੀ ਅੱਖ ਖੁੱਲ੍ਹੀ ਤਾਂ ਸ਼ਾਮ ਪੈ ਚੁੱਕੀ ਸੀ। ਵੀਕ-ਐੰਡ ਦੀ ਸ਼ਾਮ...ਪੰਜ ਦਿਨਾਂ ਦੀ ਦੌੜ ਬਾਅਦ ਜਦੋਂ ਕਨੇਡੀਅਨ ਲੋਕਾਂ ਨੂੰ ਆਪਣੇ ਪਰਿਵਾਰਾਂ, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ਼ ਮਿਲ਼-ਬੈਠਣ ਅਤੇ ਘੁੰਮਣ-ਫਿਰਨ ਦੀ ਫੁਰਸਤ ਮਿਲ਼ਦੀ ਹੈ। ਪਰ ਪਾਸ਼ੀ ਵਰਗੀਆਂ ਤਲਾਕ-ਸ਼ੁਦਾ ਲੱਖਾਂ ਔਰਤਾਂ ਨੂੰ ਇਸ ਫੁਰਸਤ ਦਾ ਸੁੱਖ ਜਿਵੇਂ ਮਿਲ਼ ਕੇ ਵੀ ਨਹੀਂ ਮਿਲ਼ਦਾ...ਸ਼ਾਇਦ ਇਸ ਕਰਕੇ ਕਿ ਉਨ੍ਹਾਂ ਦਾ ਬਹੁਤਾ ਧਿਆਨ ਆਪਣੀ ਚੁੰਨੀ ਵੱਲ ਹੁੰਦੈ - ਇਹ ਚੁੰਨੀ ਭਾਵੇਂ ਲੱਕ ਨਾਲ਼ ਬੰਨ੍ਹੀ ਹੋਈ ਹੋਵੇ ਤੇ ਭਾਵੇਂ ਸਿਰ 'ਤੇ ਹੋਵੇ।
...ਤਲਾਕ ਹੋ ਜਾਣ 'ਤੇ ਪਾਸ਼ੀ ਨੂੰ ਇੰਜ ਲੱਗਾ ਸੀ ਜਿਵੇਂ ਉਸਦੇ ਜੀਵਨ ਨੇ ਕਿਸੇ ਰੀਮੋਟ-ਕੰਟਰੋਲ ਤੋਂ ਮੁਕਤ ਹੋ ਕੇ ਆਪਣੀ ਨਵੀਂ ਸਮਰੱਥਾ ਸਿਰਜ ਲਈ ਹੋਵੇ। ਕੋਰਟ ਵੱਲੋਂ ਬਲਰਾਜ ਨੂੰ ਨਿਆਣਿਆਂ ਨੂੰ ਮਿਲਣ ਦੀ ਇਜਾਜ਼ਤ ਉਸਨੂੰ ਰੜਕੀ ਤਾਂ ਸੀ ਪਰ ਉਸਨੂੰ ਇਹ ਦਖਲ-ਅੰਦਾਜ਼ੀ ਐਵੇਂ ਥੋੜ੍ਹ-ਚਿਰੀ ਜਿਹੀ ਹੀ ਨਜ਼ਰ ਆਈ ਸੀ।
...ਫਿਰ ਇੱਕ ਵੀਕ-ਐੰਡ 'ਤੇ ਜਦੋਂ ਬਲਰਾਜ ਦਾ ਫੋਨ ਆਇਆ, "ਮੈਂ ਦੋ ਕੁ ਘੰਟੇ ਤੱਕ ਸਵੀ ਤੇ ਨਿੱਕੋ ਨੂੰ ਲੈਣ ਆ ਰਿਹਾਂ। ਰਾਤ ਇਹ ਮੇਰੇ ਕੋਲ਼ ਰਹਿਣਗੇ," ਤਾਂ ਪਾਸ਼ੀ ਨੇ ਆਪਣੇ ਆਪ ਨੂੰ ਸੋਚਾਂ ਵਿੱਚ ਨਹੀਂ ਸੀ ਪੈਣ ਦਿੱਤਾ ਤੇ ਨਿਆਣੇ ਤਿਆਰ ਕਰ ਦਿੱਤੇ ਸਨ। ਉਨ੍ਹਾਂ ਦੀ ਨਾਨੀ, ਉਨ੍ਹਾਂ ਨੂੰ ਬਾਹਰ ਕਾਰ 'ਚ ਬੈਠੇ ਬਲਰਾਜ ਕੋਲ਼ ਛੱਡ ਆਈ ਸੀ। ਬੱਧੇ-ਰੁੱਧੇ ਨਿਆਣੇ ਤੁਰ ਗਏ ਸਨ। ਪਾਸ਼ੀ ਦਾ ਅੰਦਾਜ਼ਾ ਸੀ ਕਿ ਨਿਆਣੇ ਵਾਪਸ ਮੁੜ ਕੇ ਆਪਣੇ ਡੈਡ ਦੀ ਕੋਈ ਸ਼ਿਕਾਇਤ ਲਾਉਣਗੇ। ਅਜਿਹਾ ਨੁਕਤਾ ਆਪਣੇ ਵਕੀਲ ਕੋਲ਼ ਉਠਾ ਕੇ, ਉਹ ਬਲਰਾਜ ਦੇ, ਨਿਆਣਿਆਂ ਨੂੰ ਮਿਲਣ ਦੇ ਹੱਕ ਉੱਤੇ ਕਿੰਤੂ ਖੜ੍ਹਾ ਕਰ ਸਕਦੀ ਸੀ। ਪਰ ਨਿਆਣਿਆਂ ਨੇ ਅਜਿਹੀ ਕੋਈ ਗੱਲ ਨਹੀਂ ਸੀ ਕੀਤੀ।
ਟੈਲੀਫੋਨ ਦੀ ਘੰਟੀ ਨੇ ਪਾਸ਼ੀ ਨੂੰ ਸੋਚਾਂ ਵਿੱਚੋਂ ਬਾਹਰ ਖਿੱਚ ਲਿਆ, "ਅਸੀਂ ਤੇਰੇ ਵੱਲ ਆਉਣ ਲੱਗੇ ਆਂ।" ਪਾਸ਼ੀ ਦੀ ਬੇ ਜੀ ਬੋਲ ਰਹੀ ਸੀ।
ਬਲਰਾਜ ਨਾਲ਼ੋਂ ਅਲੱਗ ਹੋਣ ਉਪਰੰਤ ਪਾਸ਼ੀ ਮਾਪਿਆਂ ਕੋਲ਼ ਰਹਿੰਦੀ ਰਹੀ ਸੀ। ਮਾਪਿਆਂ ਨੂੰ ਫਾਇਦਾ ਇਹ ਸੀ ਕਿ ਪਾਸ਼ੀ ਉਨ੍ਹਾਂ ਦੇ ਮਕਾਨ ਦਾ ਕਿਰਾਇਆ ਤੇ ਹੋਰ ਖਰਚੇ ਵੰਡਾ ਰਹੀ ਸੀ। ਤੇ ਪਾਸ਼ੀ ਨੂੰ ਇਹ ਸੀ ਕਿ ਸਵੀ ਤੇ ਨਿੱਕੋ ਦੀ ਦੇਖ-ਭਾਲ਼ ਘਰ ਵਿੱਚ ਹੀ, ਮੁਫਤ 'ਚ ਹੋਈ ਜਾ ਰਹੀ ਸੀ...ਆਪਸੀ ਮੋਹ ਪਿਆਰ ਦੀਆਂ ਤੰਦਾਂ ਜੁੜੀਆਂ ਚਲੀਆਂ ਆ ਰਹੀਆਂ ਸਨ...ਇਸ ਵਕਤ ਰਸੋਈ ਵਿੱਚ ਪੀਜ਼ੇ ਦੀ ਤਿਆਰੀ ਕਰ ਰਹੀ ਪਾਸ਼ੀ ਨੂੰ ਯਾਦ ਆ ਰਿਹਾ ਸੀ ਉਹ ਸਮਾਂ, ਜਦੋਂ ਇਨ੍ਹਾਂ ਤੰਦਾਂ 'ਚ ਖਿਚਾਅ ਪੈਦਾ ਹੋਇਆ ਸੀ...ਬਖਸ਼ਿੰਦਰ ਕਿਤਿਉਂ ਖਬਰ ਲਿਆਇਆ ਸੀ ਕਿ ਬਲਰਾਜ ਦੀ ਐਲਰਜੀ ਠੀਕ ਨਹੀਂ ਸੀ ਹੋ ਰਹੀ। ਉਂਜ ਇਹ ਗੱਲ ਉਨ੍ਹਾਂ ਲਈ ਕੋਈ ਨਵੀਂ ਨਹੀਂ ਸੀ। ਸਾਰੇ ਟੱਬਰ ਨੂੰ ਪਤਾ ਸੀ ਕਿ ਇਸ ਐਲਰਜੀ ਕਾਰਨ ਬਲਰਾਜ ਨੂੰ ਛਿੱਕਾਂ ਲੱਗ ਜਾਂਦੀਆਂ ਸਨ, ਖਾਸ ਕਰਕੇ ਬਦਲਦੇ ਮੌਸਮਾਂ ਦੌਰਾਨ।
"ਛੱਡੋ ਆਪਾਂ ਕੀ ਲੈਣੈ।" ਪਾਸ਼ੀ ਦੇ ਇਨ੍ਹਾਂ ਬੋਲਾਂ ਨਾਲ਼ ਗੱਲ ਠੱਪ ਹੋ ਗਈ ਸੀ। ਪਰ ਕੁਝ ਦੇਰ ਬਾਅਦ ਪ੍ਰੀਤਮ ਸਿੰਘ ਨੇ ਗੱਲ ਫਿਰ ਤੋਰ ਲਈ, "ਪਾਸ਼ੀ ਬੇਟੇ! ਹੌਸਲਾ ਤਾਂ ਨਹੀਂ ਪੈਂਦਾ ਕਹਿਣ ਨੂੰ...ਪਰ ਤੂੰ ਕਿੰਨਾ ਕੁ ਚਿਰ ਏਦਾਂ 'ਕੱਲੀ...ਆਪਾਂ ਕੋਈ ਹੋਰ ਮੁੰਡਾ ਲੱਭ ਲੈਨੇ ਆਂ ਤੇਰੇ ਲਈ।"
"ਲੈ, ਮੁੰਡਿਆਂ ਦਾ ਕੋਈ ਘਾਟੈ। ਸੋਨੇ ਵਰਗੀ ਕੁੜੀ ਆ ਸਾਡੀ।" ਪਤੀ ਦੀ ਗੱਲ ਬੋਚਦਿਆਂ ਗਿਆਨ ਕੌਰ ਬੋਲੀ।
"ਭਜਨੋ ਦੇ ਦੇਰ ਬਾਰੇ ਤੇਰਾ ਕੀ ਖਿਆਲ ਐ?" ਪ੍ਰੀਤਮ ਸਿੰਘ ਨੇ ਪੁੱਛਿਆ। ਭਜਨੋ ਪ੍ਰੀਤਮ ਸਿੰਘ ਦੀ ਭਤੀਜੀ ਸੀ।
"ਸਵਾਲ ਹੀ ਪੈਦਾ ਨਹੀਂ ਹੁੰਦਾ।" ਪਾਸ਼ੀ ਬੋਲੀ।
"ਚਲ ਫੇ ਓਦਾਂ ਈਂ ਸਪੌਂਸਰ ਕਰ ਕੇ ਉਹਨੂੰ ਏਧਰ ਸੱਦ ਦੇ। ਤੇਰੇ ਜ਼ਰੀਏ ਉਹ ਵੀ ਕਨੇਡਾ ਆ ਜਾਏਗਾ।" ਪ੍ਰੀਤਮ ਸਿੰਘ ਨੇ ਪੈਂਤੜਾ ਬਦਲਿਆ।
"ਹੱਦ ਕਰ ਦਿੱਤੀ ਆ ਡੈਡੀ! ਕੀ ਤੁਸੀਂ ਮੈਨੂੰ ਕੋਈ ਵਪਾਰੂ ਚੀਜ਼ ਸਮਝਿਆ ਹੋਇਐ...ਮੈਂ ਠੇਕਾ ਨਹੀਂ ਲਿਆ ਹੋਇਆ ਲੋਕਾਂ ਨੂੰ ਕਨੇਡਾ ਲਿਆਉਣ ਦਾ।" ਪਾਸ਼ੀ ਦਾ ਗੁੱਸਾ ਬੇਕਾਬੂ ਹੁੰਦਾ ਜਾ ਰਿਹਾ ਸੀ।
"ਭੈਣ! ਡੈਡੀ ਨੇ ਤਾਂ ਓਂ ਈਂ ਗੱਲ ਕੀਤੀ ਆ। ਤੂੰ ਏਨਾ ਗੁੱਸਾ ਕਾਹਤੇ ਕੀਤੈ?" ਬਖਸ਼ਿੰਦਰ ਬੋਲਿਆ ਸੀ।
ਪਰ ਪਾਸ਼ੀ ਦੇ ਦਿਲ ਨੂੰ ਠੇਸ ਵੱਜ ਚੁੱਕੀ ਸੀ। ਉਸਨੂੰ ਇੰਜ ਲੱਗਾ ਸੀ ਜਿਵੇਂ ਉਸ ਦੀ ਜੀਵਨ-ਨਦੀ ਉੱਪਰ ਕੋਈ ਮਿੱਲ ਉਸਾਰਨੀ ਚਾਹੁੰਦਾ ਹੋਵੇ...ਤੇ ਉਸਨੇ ਆਪਣੇ ਨਵੇਂ ਕਿਨਾਰੇ ਸਿਰਜ ਲਏ ਸਨ। ਇੱਕ ਬੇਸਮੈੰਟ ਕਿਰਾਏ 'ਤੇ ਲੈ ਕੇ ਉਹ ਮਾਪਿਆਂ ਕੋਲ਼ੋਂ ਮੂਵ ਹੋ ਗਈ ਸੀ।
ਬਲਰਾਜ ਓਕਵਿਲ ਤੋਂ ਮੂਵ ਹੋ ਕੇ ਟਰਾਂਟੋ ਆ ਚੁੱਕਾ ਸੀ। ਹਰੇਕ ਤੀਜੇ ਵੀਕ-ਐੰਡ 'ਤੇ ਸਵੀ ਅਤੇ ਨਿੱਕੋ ਉਸ ਕੋਲ਼ ਹੁੰਦੇ। ਉਸ ਨਾਲ਼ ਘੁੰਮਦੇ-ਫਿਰਦੇ, ਖਾਂਦੇ-ਪੀਂਦੇ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ...ਉਸ ਉੱਤੇ ਮੋਹ ਛਿੜਕਦੇ...ਤੇ ਫਿਰ ਇੱਕ ਦਿਨ ਉਨ੍ਹਾਂ ਨੇ ਸਰਦਲ 'ਤੇ ਖੜ੍ਹੇ ਬਲਰਾਜ ਨੂੰ ਲਿਵਿੰਗ-ਰੂਮ 'ਚ ਖਿੱਚ ਲਿਆ ਸੀ। ਇਸਤੋਂ ਬਾਅਦ ਜਦੋਂ ਉਹ ਉਨ੍ਹਾਂ ਨੂੰ ਲੈਣ ਆਉਂਦਾ ਤਾਂ ਆਪਣੇ ਆਪ ਹੀ ਸੋਫੇ 'ਤੇ ਆ ਬੈਠਦਾ।
ਪਾਸ਼ੀ ਕੋਲ਼ ਆ ਕੇ ਉਸਦੇ ਮਾਂ-ਪਿਉ ਨੇ ਉਸਨੂੰ ਪਹਿਲੀ ਖਬਰ ਇਹ ਸੁਣਾਈ ਕਿ ਇੰਡੀਆ ਤੋਂ ਆ ਰਹੀ ਬਖਸ਼ਿੰਦਰ ਦੀ ਮੰਗੇਤਰ ਨੂੰ ਜਲਦੀ ਹੀ ਵੀਜ਼ਾ ਮਿਲਣ ਵਾਲ਼ਾ ਸੀ। ਫਿਰ ਉਹ ਬਖਸ਼ਿੰਦਰ ਦੇ ਵਿਆਹ ਤੋਂ ਪਹਿਲਾਂ ਆਪਣਾ ਘਰ ਖਰੀਦਣ ਅਤੇ ਵਿਆਹ ਨਾਲ਼ ਸੰਬੰਧਿਤ ਹੋਰ ਕੰਮਾਂ ਬਾਰੇ ਪਾਸ਼ੀ ਦੀਆਂ ਸਲਾਹਾਂ ਪੁੱਛਣ ਲੱਗ ਪਏ। ਘਰਦਿਆਂ ਵੱਲੋਂ ਦਿੱਤਾ ਜਾ ਰਿਹਾ ਮਾਣ ਉਸਨੂੰ ਸੁਖਾਵਾਂ ਲੱਗਾ ਸੀ।
ਤੇ ਫਿਰ ਗੱਲਾਂ ਛਿੜ ਪਈਆਂ ਸਨ ਸਵੀ ਤੇ ਨਿੱਕੋ ਦੀਆਂ, ਉਨ੍ਹਾਂ ਦੀਆਂ ਆਦਤਾਂ ਦੀਆਂ।
"ਹੁਣ ਤਾਂ ਬਲਰਾਜ ਨਿਆਣਿਆਂ ਨਾਲ਼ ਬਹੁਤਾ ਈ ਹੇਜ ਕਰਨ ਲੱਗ ਪਿਐ।" ਪ੍ਰੀਤਮ ਸਿੰਘ ਆਪਣੀ ਆਵਾਜ਼ ਦਾ ਕਾਂਬਾ ਲੁਕੋਅ ਨਹੀਂ ਸੀ ਸਕਿਆ। ਆਪਣੀ ਭਤੀਜੀ ਦੇ ਦਿਉਰ ਨੂੰ ਸਪੌਂਸਰ ਕਰਨ ਵਾਲ਼ੀ ਗੱਲ ਤੋਂ ਬਾਅਦ ਅੱਜ ਪਹਿਲੀ ਵਾਰ ਉਸਨੇ ਧੀ ਦੀ ਨਿੱਜੀ ਜ਼ਿੰਦਗੀ ਨਾਲ਼ ਸੰਬੰਧਿਤ ਇਹ ਮਜ਼ਮੂਨ ਛੇੜਿਆ ਸੀ।
"ਬਹੁਤ, ਨਿਆਣੇ ਕਿਹੜਾ ਘੱਟ ਕਰਦੇ ਆ। ਜਦੋਂ ਗੱਲ ਛੇੜੋ, ਡੈਡ ਐਦਾਂ ਕਹਿੰਦੈ, ਡੈਡ ਔਦਾਂ ਕਹਿੰਦੈ।" ਕਹਿੰਦਿਆਂ ਗਿਆਨ ਕੌਰ ਨੇ ਧੀ ਦੇ ਚਿਹਰੇ ਨੂੰ ਘੋਖਿਆ ਸੀ।
ਕੋਈ ਵਿਸ਼ੇਸ਼ ਹਾਵ-ਭਾਵ ਦਿਖਾਏ ਬਿਨਾਂ ਪਾਸ਼ੀ ਉੱਠ ਕੇ ਪੀਜ਼ਾ ਬਣਾਉਣ ਲੱਗ ਪਈ ਸੀ।
ਪੀਜ਼ਾ ਖਾਣ ਉਪਰੰਤ ਪਾਸ਼ੀ ਆਪਣੇ ਮਾਂ-ਪਿਉ ਨੂੰ ਤੋਰ ਕੇ ਬੈਠੀ ਹੀ ਸੀ ਕਿ ਫੋਨ ਖੜਕ ਗਿਆ। ਦੂਜੇ ਪਾਸਿਓਂ ਆਵਾਜ਼ ਕੰਨ 'ਚ ਪੈਂਦਿਆਂ ਹੀ ਉਸਦੇ ਮੱਥੇ 'ਤੇ ਤਿਊੜੀ ਉੱਭਰ ਆਈ। ਜੇਕਰ ਫੋਨ ਕਰਨ ਵਾਲ਼ਾ ਉਸਦੇ ਸਾਹਮਣੇ ਹੁੰਦਾ ਤਾਂ ਉਹ ਸ਼ਾਇਦ ਰਸੀਵਰ ਵਗਾਹ ਕੇ ਉਸਦੇ ਸਿਰ 'ਚ ਮਾਰਦੀ। "ਮੈਨੂੰ ਤੁਹਾਡਾ ਦਿਮਾਗ ਜ਼ਿਆਦਾ ਹੀ ਖਰਾਬ ਲਗਦੈ...ਮੈਂ ਠੀਕ ਕਰਨਾ ਵੀ ਜਾਣਦੀ ਆਂ।" ਉਹ ਲਾਲ-ਪੀਲ਼ੀ ਹੋਈ ਬੋਲੀ ਸੀ...ਉਸਦੀ ਕੰਪਨੀ 'ਚ ਕੰਮ ਕਰਦਾ ਸੀ ਮਨੋਹਰ। ਆਪਣਾ ਦੁੱਖ ਫੋਲਦਿਆਂ ਪਾਸ਼ੀ ਨੇ ਸੁਭਾਵਿਕ ਹੀ ਆਪਣੀ ਜ਼ਿੰਦਗੀ ਦੇ ਵਰਕੇ ਉਸ ਕੋਲ਼ ਫੋਲ ਦਿੱਤੇ ਸਨ। ਮਨੋਹਰ ਵੱਲੋਂ ਦਿਖਾਈ ਹਮਦਰਦੀ ਉਸਨੂੰ ਚੰਗੀ ਲੱਗੀ ਸੀ। ਦੋ ਕੁ ਵਾਰ ਉਹ ਉਸਦੇ ਬੇਸਮੈੰਟ 'ਚ ਵੀ ਗੇੜਾ ਮਾਰ ਗਿਆ ਸੀ। ਪਰ ਜਦੋਂ ਪਾਸ਼ੀ ਨੂੰ ਉਸਦੀ ਨੀਅਤ ਦਾ ਪਤਾ ਲੱਗਾ ਤਾਂ ਉਸਨੇ ਸਾਫ ਕਹਿ ਦਿੱਤਾ ਸੀ ਕਿ ਉਹ ਆਪਣਾ ਰਾਹ ਫੜੇ। ਪਰ ਉਹ ਪਿੱਛਿਓਂ ਲੱਥ ਨਹੀਂ ਸੀ ਰਿਹਾ...ਤੇ ਹੁਣ ਫੋਨ 'ਤੇ ਪਾਸ਼ੀ ਨੇ ਉਸਦੀ ਚੰਗੀ ਲਾਹ-ਪਾਹ ਕੀਤੀ ਸੀ।
ਪਾਸ਼ੀ ਕੁਝ ਦੇਰ ਟੀ.ਵੀ. ਦੇਖਦੀ ਰਹੀ ਤੇ ਫਿਰ ਅੱਖਾਂ 'ਚ ਨੀਂਦ ਮਹਿਸੂਸਦੀ ਹੋਈ ਸੌਂ ਗਈ।
ਅਗਲੀ ਸਵੇਰ ਉਹ ਦੇਰ ਨਾਲ਼ ਉੱਠੀ। ਨਹਾ-ਧੋ ਕੇ ਉਹ ਰਸੋਈ 'ਚ ਵੜੀ ਹੀ ਸੀ ਕਿ ਨਿਆਣਿਆਂ ਦਾ ਫੋਨ ਆ ਗਿਆ। ਖੁਸ਼ੀ 'ਚ ਖਿੜਿਆ ਸਵੀ ਦੱਸ ਰਿਹਾ ਸੀ ਕਿ ਕੱਲ੍ਹ ਨਿਆਗਰਾ ਫਾਲਜ਼ ਵਿਖੇ ਉਨ੍ਹਾਂ ਨੇ ਹਰੇ-ਹਰੇ ਘਾਹ ਵਾਲ਼ੇ ਪਾਰਕਾਂ 'ਚ ਦੁੜੰਗੇ ਮਾਰੇ। ਫਾਲਜ਼ ਦੇ ਪਾਣੀਆਂ ਦੀ ਉੱਡ ਰਹੀ ਭੂਰ ਵਿੱਚੋਂ ਰੂਪਮਾਨ ਹੁੰਦੀ ਵਿਸ਼ਾਲ ਸਤਰੰਗੀ ਪੀਂਘ ਦੇਖੀ। ਆਈਸਕਰੀਮ ਤੇ ਮੈਕਡੋਨਲ ਖਾਧੇ। ਰਾਤ ਨੂੰ ਪਾਣੀਆਂ ਦੀ ਫੁਹਾਰ ਅਤੇ ਰੰਗ-ਬਰੰਗੀਆਂ ਲਾਈਟਾਂ ਦੀ ਲੁਕਣ-ਮੀਚੀ ਦੇਖੀ...ਤੇ ਫਿਰ ਸਵੀ ਨੇ ਫੋਨ ਨਿੱਕੋ ਨੂੰ ਫੜਾ ਦਿੱਤਾ ਸੀ। "ਮੌਮ! ਡੈਡ ਨੇ ਮੈਅਨੂੰ ਬਹੁਤ ਈ ਚੋਹਣਾ ਬਰਥ-ਡੇਅ ਪਰੈਜ਼ੈਂਟ ਦਿੱਤੈ।" ਨਿੱਕੋ ਆਪਣੀ ਤੋਤਲੀ ਆਵਾਜ਼ 'ਚ ਬੋਲੀ ਸੀ।
"ਪਰ ਬਰਥ-ਡੇਅ ਤਾਂ ਤੇਰਾ ਅਜੇ ਅਗਲੇ ਮਹੀਨੇ ਆਂ।"
"ਡੈਡ ਨੇ ਅੱਜ ਵੈਨਕੂਵਰ ਚਲੇ ਜਾਣਾ ਆਂ, ਸਪੈਸ਼ਲਿਸਟ ਕਹਿੰਦਾ ਆ ਓਥੇ ਐਲਰਜੀ ਠੀਕ ਹੋ ਜਾਊ...।" ਕੁਝ ਹੋਰ ਗੱਲਾਂ ਕਰਨ ਬਾਅਦ ਨਿੱਕੋ ਨੇ ਦੱਸਿਆ ਸੀ ਕਿ ਉਹ ਘੰਟੇ ਕੁ ਤੱਕ ਘਰ ਪਰਤ ਰਹੇ ਸਨ।
ਪਾਸ਼ੀ ਚਾਹ ਪੀ ਕੇ ਭਾਂਡੇ ਧੋ ਰਹੀ ਸੀ ਕਿ ਉਹ ਆ ਗਏ। ਆਮ ਤੌਰ 'ਤੇ ਬਲਰਾਜ ਕਾਰ 'ਚ ਬੈਠਾ ਹੀ ਨਿਆਣਿਆਂ ਤੋਂ ਵਿਦਾ ਲੈ ਲੈਂਦਾ ਹੁੰਦਾ ਸੀ। ਪਰ ਅੱਜ ਉਹ ਦਰਾਂ ਤੱਕ ਆਇਆ ਸੀ। ਨਿਆਣਿਆਂ ਦੇ ਸਾਮਾਨ ਵਾਲ਼ੇ ਪਲਾਸਟਿਕ-ਬੈਗ ਉਸਨੇ ਸਰਦਲ ਕੋਲ਼ ਰੱਖ ਦਿੱਤੇ। ਤੇ ਆਪਣੀਆਂ ਨਜ਼ਰਾਂ ਨਿਆਣਿਆਂ 'ਤੇ ਘੁੰਮਾਉਂਦਾ ਬੋਲਿਆ, "ਮੈਂ ਅੱਜ ਵੈਨਕੂਵਰ ਜਾ ਰਿਹਾਂ। ਇਨ੍ਹਾਂ ਨੂੰ ਮੈਂ ਬੜਾ ਮਿੱਸ ਕਰਾਂਗਾ...ਕਦੀ-ਕਦੀ ਫੋਨ ਕਰ ਲਿਆ ਕਰਾਂਗਾ।"
ਸਵੀ ਅਤੇ ਨਿੱਕੋ ਦੇ ਮੱਥੇ ਚੁੰਮ ਕੇ ਜਦੋਂ ਬਲਰਾਜ ਟੁਰਨ ਲੱਗਾ ਤਾਂ ਉਸ ਦੀਆਂ ਅੱਖਾਂ ਤੱਕ ਅੱਖਾਂ ਪਹੁੰਚਾਉਂਦਿਆਂ ਪਾਸ਼ੀ ਬੋਲੀ, "ਆਪਣਾ ਖਿਆਲ ਰੱਖਿਓ।"
ਪਾਸ਼ੀ ਦੇ ਹੱਥਾਂ ਨਾਲ਼ ਲੱਗੇ, ਸਵੀ ਅਤੇ ਨਿੱਕੋ ਹੱਥ ਹਿਲਾ-ਹਿਲਾ ਬਲਰਾਜ ਨੂੰ 'ਬਾਇ' ਕਰ ਰਹੇ ਸਨ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

ਪੰਜਾਬੀ ਕਹਾਣੀਆਂ (ਮੁੱਖ ਪੰਨਾ)