Doctor Shirodkar (Story in Punjabi) : Saadat Hasan Manto

ਡਾਕਟਰ ਸ਼ਰੋਡਕਰ (ਕਹਾਣੀ) : ਸਆਦਤ ਹਸਨ ਮੰਟੋ

ਬੰਬਈ ਵਿਚ ਡਾਕਟਰ ਸ਼ਰੋਡਕਰ ਦਾ ਬਹੁਤ ਨਾਂ ਸੀ, ਇਸ ਲਈ ਕਿ ਉਹ ਔਰਤਾਂ ਦੀਆਂ ਬੀਮਾਰੀਆਂ ਦਾ ਵਧੀਆ ਡਾਕਟਰ ਸੀ। ਉਸ ਦੇ ਹੱਥ ਵਿਚ ਸ਼ਫ਼ਾ ਸੀ। ਉਸ ਦਾ ਕਲੀਨਿਕ ਬਹੁਤ ਵੱਡਾ ਸੀ, ਇਕ ਬਹੁਤ ਵੱਡੀ ਇਮਾਰਤ ਦੀਆਂ ਦੋ ਮੰਜ਼ਲਾਂ ਵਿਚ, ਜਿਸ ਵਿਚ ਕਈ ਕਮਰੇ ਸਨ। ਨਿਚਲੀ ਮੰਜ਼ਲ ਦੇ ਕਮਰੇ ਮੱਧ ਤਬਕੇ ਲਈ ਅਤੇ ਨਿਚਲੇ ਤਬਕੇ ਦੀਆਂ ਔਰਤਾਂ ਲਈ ਰਾਖਵੇਂ ਸਨ, ਉਪਰਲੀ ਮੰਜ਼ਲ ਦੇ ਕਮਰੇ ਅਮੀਰ ਔਰਤਾਂ ਲਈ ਸਨ।
ਇਕ ਲਿਬਾਰਟਰੀ ਸੀ ਤੇ ਉਸ ਦੇ ਨਾਲ ਹੀ ਕੰਪਾਊਂਡਰ ਦਾ ਕਮਰਾ। ਐਕਸਰੇ ਦਾ ਕਮਰਾ ਵੱਖਰਾ ਸੀ। ਉਸ ਦੀ ਮਹੀਨੇ ਦੀ ਆਮਦਨ ਢਾਈ-ਤਿੰਨ ਹਜ਼ਾਰ ਦੇ ਲਗਭਗ ਹੋਵੇਗੀ।
ਮਰੀਜ਼ ਔਰਤਾਂ ਦੇ ਖਾਣੇ ਦਾ ਪ੍ਰਬੰਧ ਬਹੁਤ ਚੰਗਾ ਸੀ, ਜੋ ਉਸਨੇ ਇਕ ਪਾਰਸੀ ਔਰਤ ਦੇ ਹਵਾਲੇ ਕਰ ਰੱਖਿਆ ਸੀ, ਜੋ ਉਸ ਦੇ ਇਕ ਦੋਸਤ ਦੀ ਬੀਵੀ ਸੀ।
ਡਾਕਟਰ ਸ਼ਰੋਡਕਰ ਦਾ ਇਹ ਛੋਟਾ ਜਿਹਾ ਹਸਪਤਾਲ, ਮੈਟਰਨਿਟੀ ਹੋਮ ਵੀ ਸੀ। ਬੰਬਈ ਦੀ ਆਬਾਦੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ, ਕਿੰਨੀ ਹੋਵੇਗੀ। ਉਥੇ ਬੇਸ਼ੁਮਾਰ ਸਰਕਾਰੀ ਹਸਪਤਾਲ ਤੇ ਮੈਟਰਨਿਟੀ ਹੋਮ ਹਨ, ਪਰ ਇਸ ਦੇ ਬਾਵਜੂਦ ਵੀ ਡਾਕਟਰ ਸ਼ਰੋਡਕਰ ਦਾ ਕਲੀਨਿਕ ਭਰਿਆ ਰਹਿੰਦਾ। ਕਈ ਵਾਰ ਤਾਂ ਉਸਨੂੰ ਕਈ ਕੇਸਾਂ ਨੂੰ ਮਾਯੂਸ ਕਰਨਾ ਪੈਂਦਾ, ਇਸ ਲਈ ਕਿ ਕੋਈ ਬੈੱਡ ਖ਼ਾਲੀ ਨਹੀਂ ਸੀ ਹੁੰਦਾ।
ਉਸ ਤੇ ਲੋਕਾਂ ਨੂੰ ਵਿਸ਼ਵਾਸ ਸੀ। ਇਹੋ ਕਾਰਨ ਸੀ ਕਿ ਉਹ ਆਪਣੀਆਂ ਪਤਨੀਆਂ ਅਤੇ ਜਵਾਨ ਬੇਟੀਆਂ ਉਸ ਦੇ ਹਸਪਤਾਲ ਛੱਡ ਜਾਂਦੇ ਜਿਥੇ ਉਨ੍ਹਾਂ ਦਾ ਬੜੇ ਧਿਆਨ ਨਾਲ ਇਲਾਜ ਹੁੰਦਾ ਸੀ।
ਡਾਕਟਰ ਸ਼ਰੋਡਕਰ ਦੇ ਹਸਪਤਾਲ ਵਿਚ ਦਸ ਬਾਰਾਂ ਨਰਸਾਂ ਸਨ। ਉਹ ਸਾਰੀਆਂ ਹੀ ਬੜੀਆਂ ਮਿਹਨਤੀ ਤੇ ਮਿਠਬੋਲੜੀਆਂ ਸਨ। ਮਰੀਜ਼ ਔਰਤਾਂ ਦੀ ਚੰਗੀ ਤਰ੍ਹਾਂ ਦੇਖ ਭਾਲ ਕਰਦੀਆਂ। ਇਹਨਾਂ ਨਰਸਾਂ ਦੀ ਚੋਣ ਡਾਕਟਰ ਸ਼ਰੋਡਕਰ ਨੇ ਬੜੀ ਛਾਣ-ਬੀਣ ਪਿਛੋਂ ਕੀਤੀ ਸੀ। ਉਹ ਬੁਰੀ ਤੇ ਭੱਦੀ ਸ਼ਕਲ ਦੀ ਕੋਈ ਨਰਸ ਆਪਣੇ ਹਸਪਤਾਲ ਵਿਚ ਨਹੀਂ ਸੀ ਰੱਖਣੀ ਚਾਹੁੰਦਾ।
ਇਕ ਵਾਰ ਜਦੋਂ ਚਾਰ ਨਰਸਾਂ ਨੇ ਇਕੱਠੀਆਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਡਾਕਟਰ ਸ਼ਰੋਡਕਰ ਬਹੁਤ ਪਰੇਸ਼ਾਨ ਹੋਇਆ। ਜਦੋਂ ਉਹ ਚਾਰੇ ਚਲੀਆਂ ਗਈਆਂ ਤਾਂ ਉਸਨੇ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਕਿ ਉਸ ਨੂੰ ਨਰਸਾਂ ਦੀ ਲੋੜ ਹੈ। ਕਈ ਆਈਆਂ। ਉਸਨੇ ਉਨ੍ਹਾਂ ਨੂੰ ਇੰਟਰਵਿਊ ਕੀਤਾ ਪਰ ਉਸ ਨੂੰ ਉਨ੍ਹਾਂ ਵਿਚੋਂ ਕਿਸੇ ਦੀ ਵੀ ਸ਼ਕਲ ਚੰਗੀ ਨਾ ਲੱਗੀ। ਕਿਸੇ ਦਾ ਚਿਹਰਾ ਟੇਢਾ-ਮੇਢਾ, ਕਿਸੇ ਦਾ ਕੱਦ ਮਧਰਾ, ਕਿਸੇ ਦਾ ਰੰਗ ਬਹੁਤ ਹੀ ਕਾਲਾ, ਕਿਸੇ ਦੀ ਨੱਕ ਬਹੁਤ ਲੰਮੀ। ਪਰ ਉਹ ਵੀ ਆਪਣੀ ਹੱਠ ਦਾ ਪੱਕਾ ਸੀ। ਉਸ ਨੇ ਹੋਰ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਤੇ ਆਖ਼ਰ ਉਸ ਨੇ ਚਾਰ ਖ਼ੂਬਸੂਰਤ ਤੇ ਚੰਗੇ ਸੁਭਾਅ ਦੀਆਂ ਨਰਸਾਂ ਚੁਣ ਹੀ ਲਈਆਂ।
ਹੁਣ ਉਹ ਖ਼ੁਸ਼ ਸੀ। ਉਸ ਨੇ ਫੇਰ ਦਿਲ ਲਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਰੀਜ਼ ਔਰਤਾਂ ਵੀ ਖ਼ੁਸ਼ ਹੋ ਗਈਆਂ, ਇਸ ਲਈ ਕਿ ਚਾਰ ਨਰਸਾਂ ਦੇ ਜਾਣ ਕਰਕੇ ਉਨ੍ਹਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਸੀ ਹੋ ਰਹੀ। ਉਹ ਨਵੀਆਂ ਨਰਸਾਂ ਵੀ ਖ਼ੁਸ਼ ਹਨ ਕਿਉਂਕਿ ਡਾਕਟਰ ਸ਼ਰੋਡਕਰ ਉਨ੍ਹਾਂ ਨਾਲ ਬੜੀ ਸੁਹਿਰਦਤਾ ਨਾਲ ਪੇਸ਼ ਆਉਂਦਾ ਸੀ। ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲਦੀ ਸੀ। ਦੁਪਹਿਰ ਦਾ ਖਾਣਾ ਵੀ ਉਨ੍ਹਾਂ ਨੂੰ ਹਸਪਤਾਲੋਂ ਹੀ ਮਿਲਦਾ ਸੀ। ਵਰਦੀ ਵੀ ਹਸਪਤਾਲ ਦੇ ਜ਼ਿੰਮੇ ਸੀ।
ਡਾਕਟਰ ਸ਼ਰੋਡਕਰ ਦੀ ਆਮਦਨੀ ਕਿਉਂਕਿ ਬਹੁਤ ਸੀ, ਇਸ ਲਈ ਉਹ ਇਨ੍ਹਾਂ ਛੋਟੇ ਛੋਟੇ ਖਰਚਿਆਂ ਤੋਂ ਘਬਰਾਉਂਦਾ ਨਹੀਂ ਸੀ। ਸ਼ੁਰੂ ਸ਼ੁਰੂ ਵਿਚ ਜਦੋਂ ਉਸਨੇ ਸਰਕਾਰੀ ਹਸਪਤਾਲ ਦੀ ਨੌਕਰੀ ਛੱਡ ਕੇ ਆਪਣਾ ਹਸਪਤਾਲ ਬਣਾਇਆ ਤਾਂ ਉਸਨੇ ਥੋੜ੍ਹੀ ਬਹੁਤੀ ਕਜੂੰਸੀ ਕੀਤੀ ਸੀ ਪਰ ਛੇਤੀ ਹੀ ਉਸਨੇ ਖੁੱਲ੍ਹ ਕੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ।
ਉਸਦਾ ਇਰਾਦਾ ਸੀ ਕਿ ਵਿਆਹ ਕਰ ਲਵੇ ਪਰ ਉਸਨੂੰ ਹਸਪਤਾਲੋਂ ਇਕ ਪਲ ਦਾ ਵੀ ਵਿਹਲ ਨਹੀਂ ਸੀ ਮਿਲਦਾ। ਦਿਨ ਰਾਤ ਉਸਨੂੰ ਉਥੇ ਹੀ ਰਹਿਣਾ ਪੈਂਦਾ। ਉਪਰਲੀ ਮੰਜ਼ਲ 'ਤੇ ਉਸਨੇ ਇਕ ਛੋਟਾ ਜਿਹਾ ਕਮਰਾ ਆਪਣੇ ਲਈ ਰੱਖ ਲਿਆ ਸੀ, ਜਿਸ ਵਿਚ ਉਹ ਰਾਤ ਨੂੰ ਕੁਝ ਘੰਟੇ ਸੌਂ ਜਾਂਦਾ ਪਰ ਅਕਸਰ ਉਸ ਨੂੰ ਜਗਾ ਲਿਆ ਜਾਂਦਾ, ਜਦੋਂ ਕਿਸੇ ਮਰੀਜ਼ ਔਰਤ ਨੂੰ ਉਸਨੇ ਹੀ ਦੇਖਣਾ ਹੁੰਦਾ ਸੀ।
ਸਾਰੀਆਂ ਨਰਸਾਂ ਨੂੰ ਉਸ ਨਾਲ ਹਮਦਰਦੀ ਸੀ ਕਿ ਉਸ ਨੇ ਆਪਣੀ ਨੀਂਦ, ਆਪਣਾ ਆਰਾਮ ਹਰਾਮ ਕਰ ਰੱਖਿਆ ਹੈ। ਉਹ ਅਕਸਰ ਉਸਨੂੰ ਕਹਿੰਦੀਆਂ, "ਡਾਕਟਰ ਸਾਹਿਬ, ਤੁਸੀਂ ਕੋਈ ਆਪਣਾ ਅਸਿਸਟੈਂਟ ਕਿਉਂ ਨਹੀਂ ਰੱਖ ਲੈਂਦੇ?"
ਡਾਕਟਰ ਸ਼ਰੋਡਕਰ ਜਵਾਬ ਦਿੰਦਾ, "ਜਦ ਕੋਈ ਯੋਗ ਮਿਲੂਗਾ ਤਾਂ ਰੱਖ ਲਵਾਂਗਾ।"
ਉਹ ਕਹਿੰਦੀਆਂ, "ਤੁਸੀਂ ਤਾਂ ਆਪਣੇ ਵਰਗਾ ਚਾਹੁੰਦੇ ਹੋ। ਭਲਾ ਉਹ ਕਿਥੇ ਮਿਲੇਗਾ?"
"ਮਿਲ ਜਾਵੇਗਾ!"
ਨਰਸਾਂ ਇਹ ਸੁਣ ਕੇ ਚੁੱਪ ਹੋ ਜਾਂਦੀਆਂ ਤੇ ਕਿਤੇ ਲੁਕ ਛਿਪ ਕੇ ਆਪਸ ਵਿਚ ਗੱਲਾਂ ਕਰਦੀਆਂ,
"ਡਾਕਟਰ ਸ਼ਰੋਡਕਰ ਆਪਣੀ ਸਿਹਤ ਖ਼ਰਾਬ ਕਰ ਰਹੇ ਹਨ। ਕਿਸੇ ਦਿਨ ਕਿਤੇ ਕੁਲੈਪਸ ਨਾ ਹੋ ਜਾਣ।"
"ਹਾਂ, ਉਨ੍ਹਾਂ ਦੀ ਸਿਹਤ ਬਹੁਤ ਗਿਰ ਗਈ ਹੈ… ਵਜ਼ਨ ਵੀ ਘਟ ਗਿਆ ਹੈ।"
"ਖਾਂਦੇ ਪੀਂਦੇ ਵੀ ਬਹੁਤ ਘੱਟ ਹਨ।"
"ਹਰ ਵੇਲੇ ਤਾਂ ਕੰਮ ਵਿਚ ਲੱਗੇ ਰਹਿੰਦੇ ਹਨ।"
"ਹੁਣ ਉਨ੍ਹਾਂ ਨੂੰ ਕੌਣ ਸਮਝਾਵੇ!"
ਲਗਭਗ ਹਰ ਰੋਜ਼ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਉਨ੍ਹਾਂ ਨੂੰ ਡਾਕਟਰ ਨਾਲ ਇਸ ਲਈ ਵੀ ਹਮਦਰਦੀ ਸੀ ਕਿ ਉਹ ਬਹੁਤ ਸ਼ਰੀਫ਼ ਇਨਸਾਨ ਸਨ। ਉਨ੍ਹਾਂ ਦੇ ਹਸਪਤਾਲ ਵਿਚ ਸੈਂਕੜੇ ਖ਼ੂਬਸੂਰਤ ਤੇ ਜਵਾਨ ਔਰਤਾਂ ਇਲਾਜ ਕਰਾਉਣ ਆਉਂਦੀਆਂ ਸਨ ਪਰ ਉਨ੍ਹਾਂ ਨੇ ਕਦੇ ਉਨ੍ਹਾਂ ਨੂੰ ਬੁਰੀਆਂ ਨਜ਼ਰਾਂ ਨਾਲ ਨਹੀਂ ਸੀ ਦੇਖਿਆ। ਉਹ ਬਸ ਆਪਣੇ ਕੰਮ ਵਿਚ ਰੁਝੇ ਰਹਿੰਦੇ।
ਅਸਲ ਵਿਚ ਉਨ੍ਹਾਂ ਨੂੰ ਆਪਣੇ ਪੇਸ਼ੇ ਨਾਲ ਇਕ ਕਿਸਮ ਦਾ ਇਸ਼ਕ ਸੀ। ਉਹ ਇਸ ਤਰ੍ਹਾਂ ਇਲਾਜ ਕਰਦੇ ਸੀ ਜਿਸ ਤਰ੍ਹਾਂ ਕੋਈ ਅਸੀਸ ਤੇ ਪਿਆਰ ਦਾ ਹੱਥ ਕਿਸੇ ਦੇ ਸਿਰ 'ਤੇ ਫੇਰੇ। ਜਦੋਂ ਉਹ ਸਰਕਾਰੀ ਹਸਪਤਾਲ ਵਿਚ ਨੌਕਰ ਸੀ ਤਾਂ ਉਸ ਦੇ ਅਪਰੇਸ਼ਨ ਕਰਨ ਦੇ ਅਮਲ ਅਨੁਸਾਰ ਇਹ ਮਸ਼ਹੂਰ ਸੀ ਕਿ ਉਹ ਨਸ਼ਤਰ ਨਹੀਂ ਚਲਾਉਂਦਾ, ਬੁਰਸ਼ ਨਾਲ ਤਸਵੀਰਾਂ ਬਣਾਉਂਦਾ ਹੈ ਤੇ ਇਹ ਗੱਲ ਠੀਕ ਹੈ ਕਿ ਉਸ ਦੇ ਕੀਤੇ ਨੱਬੇ ਪ੍ਰਤੀਸ਼ਤ ਅਪਰੇਸ਼ਨ ਸਫ਼ਲ ਰਹਿੰਦੇ ਸਨ। ਉਸ ਨੂੰ ਇਸ ਕਲਾ ਵਿਚ ਪੂਰੀ ਮੁਹਾਰਤ ਸੀ। ਇਸ ਤੋਂ ਬਿਨਾਂ ਆਤਮ ਵਿਸ਼ਵਾਸ ਵੀ ਸੀ ਜੋ ਉਸ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਸੀ।
ਇਕ ਦਿਨ ਉਹ ਇਕ ਔਰਤ ਦਾ ਕੇਸ, ਜਿਸ ਨੂੰ ਔਲਾਦ ਨਹੀਂ ਹੁੰਦੀ ਸੀ, ਬੜੇ ਧਿਆਨ ਨਾਲ ਦੇਖ ਕੇ ਬਾਹਰ ਆਇਆ ਤਾਂ ਆਪਣੇ ਦਫ਼ਤਰ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਇਕ ਬੜੀ ਸੁਹਣੀ ਕੁੜੀ ਬੈਠੀ ਹੈ। ਡਾਕਟਰ ਸ਼ਰੋਡਕਰ ਇਕ ਦਮ ਹੈਰਾਨ ਰਹਿ ਗਿਆ। ਉਸ ਨੇ ਇਸ ਤਰ੍ਹਾਂ ਦੇ ਹੁਸਨ ਦਾ ਅਜਿਹਾ ਅਨੋਖਾ ਨਮੂਨਾ ਪਹਿਲਾਂ ਕਦੇ ਨਹੀਂ ਸੀ ਦੇਖਿਆ।
ਉਹ ਅੰਦਰ ਗਿਆ, ਕੁੜੀ ਨੇ ਕੁਰਸੀ ਤੋਂ ਉਠਣਾ ਚਾਹਿਆ। ਡਾਕਟਰ ਨੇ ਉਸ ਨੂੰ ਕਿਹਾ, "ਬੈਠ, ਬੈਠ!" ਤੇ ਇਹ ਕਹਿ ਕੇ ਉਹ ਆਪਣੀ ਘੁੰਮਣ ਵਾਲੀ ਕੁਰਸੀ 'ਤੇ ਬੈਠ ਗਿਆ। ਫੇਰ ਪੇਪਰ ਵੇਟ ਫੜ ਉਸ ਦੇ ਅੰਦਰਲੇ ਹਵਾ ਦੇ ਬੁਲਬੁਲਿਆਂ ਨੂੰ ਦੇਖਦਿਆਂ ਉਸ ਕੁੜੀ ਨੂੰ ਕਹਿਣ ਲੱਗਿਆ,
"ਦੱਸ ਤੂੰ ਕਿਵੇਂ ਆਈ ਏਂ?"
ਕੁੜੀ ਨੇ ਅੱਖਾਂ ਝੁਕਾਅ ਕੇ ਕਿਹਾ, "ਇਕ ਪ੍ਰਾਈਵੇਟ… ਬਹੁਤ ਹੀ ਪ੍ਰਾਈਵੇਟ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ।"
ਡਾਕਟਰ ਸ਼ਰੋਡਕਰ ਨੇ ਉਸ ਵੱਲ ਦੇਖਿਆ। ਉਸ ਦੀਆਂ ਝੁਕੀਆਂ ਹੋਈਆਂ ਅੱਖਾਂ ਵੀ ਬਹੁਤ ਹੀ ਖ਼ੂਬਸੂਰਤ ਦਿਖਾਈ ਦੇ ਰਹੀਆਂ ਸਨ। ਡਾਕਟਰ ਨੇ ਉਸ ਨੂੰ ਪੁੱਛਿਆ, "ਪ੍ਰਾਈਵੇਟ ਗੱਲ ਤੂੰ ਕਰ ਲਈਂ… ਪਹਿਲਾਂ ਆਪਣਾ ਨਾਂ ਦੱਸ।"
ਕੁੜੀ ਨੇ ਜਵਾਬ ਦਿੱਤਾ, "ਮੈਂ… ਮੈਂ ਆਪਣਾ ਨਾਂ ਦੱਸਣਾ ਨਹੀਂ ਚਾਹੁੰਦੀ।"
ਡਾਕਟਰ ਦੀ ਦਿਲਚਸਪੀ ਇਸ ਜਵਾਬ ਨਾਲ ਵਧ ਗਈ, "ਕਿਥੇ ਰਹਿੰਦੀ ਏਂ?"
"ਸ਼ੋਲਾਪੁਰ ਵਿਚ… ਅੱਜ ਹੀ ਇਥੇ ਪਹੁੰਚੀ ਹਾਂ।"
ਡਾਕਟਰ ਨੇ ਪੇਪਰਵੇਟ ਮੇਜ਼ 'ਤੇ ਰੱਖ ਦਿੱਤਾ, "ਏਨੀ ਦੂਰੋਂ ਇਥੇ ਆਉਣ ਦਾ ਕਾਰਨ ਕੀ ਹੈ?"
ਕੁੜੀ ਨੇ ਜਵਾਬ ਦਿੱਤਾ, "ਮੈਂ ਕਿਹਾ ਹੈ ਨਾ ਕਿ ਮੈਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਨੀ ਹੈ।"
ਏਨੇ ਵਿਚ ਇਕ ਨਰਸ ਅੰਦਰ ਆਈ। ਕੁੜੀ ਘਬਰਾਅ ਗਈ। ਡਾਕਟਰ ਨੇ ਉਸ ਨਰਸ ਨਾਲ ਕਈ ਗੱਲਾਂ ਕੀਤੀਆਂ, ਉਹ ਜੋ ਕੁਝ ਪੁੱਛਣ ਆਈ ਸੀ, ਡਾਕਟਰ ਨੇ ਦੱਸ ਦਿੱਤਾ। ਫੇਰ ਉਸਨੇ ਨਰਸ ਨੂੰ ਕਿਹਾ, "ਹੁਣ ਤੂੰ ਜਾਹ! ਹਾਂ, ਕਿਸੇ ਨੌਕਰ ਨੂੰ ਕਹਿ ਦੇ ਕਿ ਉਹ ਕਮਰੇ ਦੇ ਬਾਹਰ ਖੜ੍ਹਾ ਰਹੇ ਤੇ ਕਿਸੇ ਨੂੰ ਅੰਦਰ ਨਾ ਆਉਣ ਦੇਵੇ।"
ਨਰਸ 'ਜੀ ਅੱਛਾ' ਕਹਿ ਕੇ ਚਲੀ ਗਈ। ਡਾਕਟਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੀ ਕੁਰਸੀ 'ਤੇ ਬੈਠ ਕੇ ਉਸ ਹੁਸੀਨ ਕੁੜੀ ਨੂੰ ਕਹਿਣ ਲੱਗਾ, "ਹੁਣ ਤੂੰ ਆਪਣੀ ਪ੍ਰਾਈਵੇਟ ਗੱਲ ਦੱਸ ਸਕਦੀ ਏਂ।"
ਸ਼ੋਲਾਪੁਰ ਦੀ ਕੁੜੀ ਬਹੁਤ ਘਬਰਾਹਟ ਤੇ ਉਲਝਨ ਜਿਹੀ ਮਹਿਸੂਸ ਕਰ ਰਹੀ ਸੀ। ਉਸ ਦੇ ਬੁੱਲ੍ਹਾਂ 'ਤੇ ਸ਼ਬਦ ਆਉਂਦੇ, ਪਰ ਫੇਰ ਵਾਪਸ ਚਲੇ ਜਾਂਦੇ। ਆਖ਼ਰ ਉਸ ਨੇ ਹਿੰਮਤ ਤੋਂ ਕੰਮ ਲਿਆ ਤੇ ਰੁਕ ਰੁਕ ਕੇ ਕੇਵਲ ਏਨਾ ਕਿਹਾ, "ਮੇਰੇ ਤੋਂ… ਮੇਰੇ ਤੋਂ ਇਕ ਗ਼ਲਤੀ ਹੋ ਗਈ ਹੈ… ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ।"
ਡਾਕਟਰ ਸ਼ਰੋਡਕਰ ਸਮਝ ਗਿਆ, ਪਰ ਫੇਰ ਵੀ ਉਸਨੇ ਉਸ ਕੁੜੀ ਨੂੰ ਕਿਹਾ, "ਗ਼ਲਤੀਆਂ ਇਨਸਾਨ ਤੋਂ ਹੋ ਹੀ ਜਾਂਦੀਆਂ ਹਨ… ਤੇਰੇ ਕੋਲੋਂ ਕਿਹੜੀ ਗ਼ਲਤੀ ਹੋਈ ਹੈ?"
ਕੁੜੀ ਨੇ ਥੋੜ੍ਹਾ ਠਹਿਰ ਕੇ ਜਵਾਬ ਦਿੱਤਾ, "ਉਹੀ… ਜੋ ਬੇਸਮਝ ਜਵਾਨ ਕੁੜੀਆਂ ਤੋਂ ਹੋਇਆ ਕਰਦੀ ਹੈ।"
ਡਾਕਟਰ ਨੇ ਕਿਹਾ, "ਮੈਂ ਸਮਝ ਗਿਆ… ਪਰ ਹੁਣ ਤੂੰ ਕੀ ਚਾਹੁੰਦੀ ਏਂ?"
ਕੁੜੀ ਝਟ ਆਪਣੇ ਮਤਲਬ ਵੱਲ ਆ ਗਈ, "ਮੈਂ ਚਾਹੁੰਦੀ ਹਾਂ ਕਿ ਇਹ ਡੇਗ ਦਿੱਤਾ ਜਾਵੇ… ਸਿਰਫ਼ ਇਕ ਮਹੀਨਾ ਹੋਇਆ ਹੈ।"
ਡਾਕਟਰ ਸ਼ਰੋਡਕਰ ਨੇ ਕੁਝ ਚਿਰ ਸੋਚਿਆ ਤੇ ਉਹ ਬੜੀ ਸੰਜੀਦਗੀ ਨਾਲ ਕਹਿਣ ਲੱਗਿਆ,
"ਇਹ ਜੁਰਮ ਹੈ… ਤੈਨੂੰ ਨਹੀਂ ਪਤਾ?"
ਕੁੜੀ ਦੀਆਂ ਭੂਰੀਆਂ ਅੱਖਾਂ ਵਿਚ ਮੋਟੇ ਮੋਟੇ ਅੱਥਰੂਆ ਗਏ, "ਤਾਂ ਮੈਂ ਜ਼ਹਿਰ ਖਾ ਲਵਾਂਗੀ।"
ਇਹ ਕਹਿ ਕੇ ਉਸਨੇ ਜ਼ਾਰੋ ਜ਼ਾਰ ਰੋਣਾ ਸ਼ੁਰੂ ਕਰ ਦਿੱਤਾ।
ਡਾਕਟਰ ਨੂੰ ਉਸ 'ਤੇ ਬੜਾ ਤਰਸ ਆਇਆ। ਉਹ ਆਪਣੀ ਜਵਾਨੀ ਦੀ ਪਹਿਲੀ ਗ਼ਲਤੀ ਕਰ ਬੈਠੀ ਸੀ। ਪਤਾ ਨਹੀਂ ਉਹ ਕਿਹੜੇ ਪਲ ਸਨ ਕਿ ਉਸਨੇ ਆਪਣੀ ਇੱਜ਼ਤ ਕਿਸੇ ਮਰਦ ਦੇ ਹਵਾਲੇ ਕਰ ਦਿੱਤੀ ਤੇ ਹੁਣ ਪਛਤਾਅ ਰਹੀ ਹੈ ਤੇ ਏਨੀ ਪਰੇਸ਼ਾਨ ਹੋ ਰਹੀ ਹੈ। ਡਾਕਟਰ ਕੋਲ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਈ ਕੇਸ ਆ ਚੁੱਕੇ ਸਨ ਪਰ ਉਸ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਹ ਜੀਵ ਹੱਤਿਆ ਨਹੀਂ ਕਰ ਸਕਦਾ, ਇਹ ਬੜਾ ਵੱਡਾ ਗੁਨਾਹ ਤੇ ਜੁਰਮ ਹੈ।
ਪਰ ਸ਼ੋਲਾਪੁਰ ਦੀ ਉਸ ਕੁੜੀ ਨੇ ਉਸ 'ਤੇ ਕੁਝ ਅਜਿਹਾ ਜਾਦੂ ਕੀਤਾ ਕਿ ਉਹ ਉਸ ਦੇ ਲਈ ਇਹ ਜੁਰਮ ਕਰਨ ਲਈ ਵੀ ਤਿਆਰ ਹੋ ਗਿਆ। ਉਸਨੇ ਉਸ ਲਈ ਇਕ ਅੱਡ ਕਮਰਾ ਰਾਖਵਾਂ ਕਰ ਦਿੱਤਾ। ਕਿਸੇ ਨਰਸ ਨੂੰ ਉਸ ਅੰਦਰ ਜਾਣ ਦੀ ਆਗਿਆ ਨਹੀਂ ਸੀ, ਇਸ ਲਈ ਕਿ ਉਸ ਕੁੜੀ ਦੇ ਰਾਜ਼ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ।
ਗਰਭਪਾਤ ਬਹੁਤ ਹੀ ਤਕਲੀਫ਼ ਦੇਣ ਵਾਲੀ ਬਿਮਾਰੀ ਹੈ। ਜਦੋਂ ਉਸਨੇ ਦਵਾਈਆਂ ਦੇ ਕੇ ਇਹ ਕੰਮ ਕਰ ਦਿੱਤਾ ਤਾਂ ਸ਼ੋਲਾਪੁਰ ਦੀ ਉਹ ਮਰਾਠੀ ਕੁੜੀ ਜਿਸ ਨੇ ਹੁਣ ਆਪਣਾ ਨਾਂ ਵੀ ਦੱਸ ਦਿੱਤਾ ਸੀ, ਬੇਹੋਸ਼ ਹੋ ਗਈ ਸੀ। ਜਦੋਂ ਉਹ ਹੋਸ਼ ਵਿਚ ਆਈ ਤਾਂ ਉਹ ਏਨੀ ਕਮਜ਼ੋਰ ਹੋ ਗਈ ਸੀ ਕਿ ਹੱਥ ਵਿਚ ਗਲਾਸ ਫੜ ਕੇ ਪਾਣੀ ਵੀ ਨਹੀਂ ਸੀ ਪੀ ਸਕਦੀ।
ਉਹ ਚਾਹੁੰਦੀ ਸੀ ਕਿ ਉਹ ਛੇਤੀ ਹੀ ਘਰ ਚਲੀ ਜਾਵੇ ਪਰ ਡਾਕਟਰ ਉਸ ਨੂੰ ਕਿਵੇਂ ਜਾਣ ਦਿੰਦਾ ਜਦ ਕਿ ਉਹ ਤੁਰਨ ਫਿਰਨ ਜੋਗੀ ਤਾਂ ਹੈ ਹੀ ਨਹੀਂ ਸੀ। ਉਸ ਨੇ ਮਿਸ ਲਲਿਤਾ ਖਟਮੇਕਰ ਨੂੰ ਕਿਹਾ, "ਤੈਨੂੰ ਘੱਟੋ ਘੱਟ ਦੋ ਮਹੀਨੇ ਆਰਾਮ ਕਰਨ ਦੀ ਲੋੜ ਹੈ। ਮੈਂ ਤੇਰੇ ਪਿਤਾ ਜੀ ਨੂੰ ਲਿਖ ਦਿਆਂਗਾ ਕਿ ਤੂੰ ਜਿਸ ਸਹੇਲੀ ਕੋਲ ਆਈ ਸੀ ਉਥੇ ਆ ਕੇ ਅਚਾਨਕ ਹੀ ਬਿਮਾਰ ਹੋ ਗਈ ਤੇ ਹੁਣ ਮੇਰੇ ਹਸਪਤਾਲ ਵਿਚ ਦਾਖ਼ਲ ਹੈ! ਖੇਚਲ ਦੀ ਕੋਈ ਗੱਲ ਨਹੀਂ।"
ਲਲਿਤਾ ਮੰਨ ਗਈ।
ਉਹ ਦੋ ਮਹੀਨੇ ਡਾਕਟਰ ਸ਼ਰੋਡਕਰ ਕੋਲੋਂ ਇਲਾਜ ਕਰਵਾਉਂਦੀ ਰਹੀ। ਜਦੋਂ ਛੁੱਟੀ ਦਾ ਵੇਲਾ ਆਇਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਹੀ ਗੜਬੜ ਫੇਰ ਹੋ ਗਈ ਹੈ। ਉਸ ਨੇ ਡਾਕਟਰ ਸ਼ਰੋਡਕਰ ਨੂੰ ਇਸ ਬਾਰੇ ਦਸਿਆ।
ਡਾਕਟਰ ਮੁਸਕਰਾਇਆ, "ਫ਼ਿਕਰ ਨਾ ਕਰ… ਮੈਂ ਤੇਰੇ ਨਾਲ ਅੱਜ ਹੀ ਵਿਆਹ ਕਰ ਲੈਂਦਾ ਹਾਂ।"

(ਅਨਵਾਦ: ਪਰਦੁਮਨ ਸਿੰਘ ਬੇਦੀ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ