Dooji Vaar Jeb Katti Gai (Punjabi Story) : Navtej Singh
ਦੂਜੀ ਵਾਰ ਜੇਬ ਕਟੀ ਗਈ (ਕਹਾਣੀ) : ਨਵਤੇਜ ਸਿੰਘ
“ਰਾਹ ਵਿਚ ਰੁਕਣਾ ਮੈਂ ਕਈ ਥਾਈਂ ਏ, ਤੇ ਕਾਹਲ ਵੀ ਬੜੀ ਏ, ਸੋ ਰਿਕਸ਼ਾ ਡਾਕ ਵਾਂਗ ਦੱਬੀ ਚਲ,” ਸ੍ਰੀ ਧਰਮਵੀਰ ਨੇ ਕਿੰਨਾ ਸਾਰਾ ਨਿੱਕ-ਸੁੱਕ ਸੀਟ ਉੱਤੇ ਟਿਕਾਂਦਿਆਂ ਰਿਕਸ਼ਾ ਵਾਲੇ ਨੂੰ ਕਿਹਾ, “ਹਾਂ ਤੇ ਪਿੱਛੋਂ ਰੇੜਕਾ ਨਾ ਪਾ ਬਹੀਂ। ਅਹਿ ਵੇਖ ਲੈ ਮੇਰੀ ਘੜੀ—ਪੂਰੇ ਦੋ ਵੱਜੇ ਨੇ—ਘੰਟੇ ਦੇ ਹਿਸਾਬ ਮੈਂ ਪੈਸੇ ਦੇਣੇ ਨੀ,” ਤੇ ਉਹ ਰਿਕਸ਼ਾ ਵਿਚ ਬਹਿ ਚੁਕੇ ਸਨ।
“ਜਿਵੇਂ ਤੁਹਾਡੀ ਖ਼ੁਸ਼ੀ। ਜੋ ਮੇਰਾ ਹੱਕ ਬਣਦਾ ਏ, ਤੁਸਾਂ ਕੋਈ ਮਾਰ ਥੋੜਾ ਲੈਣਾ ਏਂ।” ਤੇ ਰਿਕਸ਼ਾ ਵਾਲੇ ਨੇ ਪੈਡਲ ਦੱਬ ਦਿੱਤਾ।
“ਫੇਰ ਵੀ ਪਹਿਲਾਂ ਗੱਲ ਖੋਲ੍ਹ ਲੈਣੀ ਚੰਗੀ ਹੁੰਦੀ ਏ। ਕਈ ਕਈ ਰਿਕਸ਼ੇ ਵਾਲੇ ਤਾਂ ਬੜੇ ਨਾ-ਮੁਰਾਦ ਹੁੰਦੇ ਨੇ, ਲਿੰਹਜ ਬਣ ਚੰਬੜਦੇ ਨੇ... …ਹਾਂ, ਰਤਾ ਛੇਤੀ ਪੈਰ ਮਾਰ, ਵੱਡੇ ਬਾਜ਼ਾਰ ਵਿਚੋਂ ਕੁਤਵਾਲੀ ਵਲੋਂ,” ਤੇ ਧਰਮਵੀਰ ਅੱਜ ਸ਼ਾਮੀਂ ਹੋਣ ਵਾਲੀ ਪਾਰਟੀ ਬਾਰੇ ਸੋਚਣ ਲੱਗ ਪਏ, ਆਪਣੇ ਰਾਜੇ ਬੇਟੇ ਦੇ ਜਨਮ-ਦਿਨ ਦੀ ਪਾਰਟੀ ਬਾਰੇ। —ਮਠਿਆਈ ਤਾਂ ਘਰ ਲੱਗੇ ਹਲਵਾਈ ਬਣਾ ਹੀ ਲੈਣਗੇ—ਮੋਤੀ ਹਲਵਾਈ ਦੇ ਮਸ਼ਹੂਰ ਦਾਲ ਮੋਠ ਜਿੰਨੇ ਹੁਣੇ ਤੁਲਵਾਏ ਸਨ, ਕਾਫ਼ੀ ਹੋ ਜਾਣਗੇ, ਕੋਈ ਇਕੋ ਚੀਜ਼ ਥੋੜੀ ਹੋਣੀ ਏਂ—ਨਾਲੇ ਸਭਨਾਂ ਕੋਈ ਲੂਣ ਈ ਫੱਕਣਾ ਏਂ? ਹਾਂ, ਸ਼ਾਇਦ ਕਰਨਲ ਸਾਹਿਬ ਤੇ ਉਨ੍ਹਾਂ ਦੀ ਮੇਮ ਆ ਜਾਏ— ਉਨ੍ਹਾਂ ਨੂੰ ਦੇਸੀ ਮਠਿਆਈ ਨਹੀਂ ਜੱਚਣੀ। ਜਨਮ-ਦਿਨ ਦੇ ਕੇਕ ਨਾਲ ਕੁਝ ਪੇਸਟਰੀ ਵੀ ਲੈ ਚੱਲਾਂ।
ਫਲ ਤਾਂ ਲੈਣੇ ਹੀ ਨੇ, ਤੇ ਰਾਜਾ ਬੇਟੇ ਲਈ ਕੁਝ ਖਿਡੌਣੇ। ਸੱਚ—ਉਹਨੇ ਕਿਹਾ ਸੀ, ਉਹ ਕਾਪੀ ਵੀ ਲਿਆਉਣੀ, ਜਿਸ ਦੇ ਉੱਤੇ ਪਾਣੀ ਲਾਣ ਨਾਲ ਤਸਵੀਰਾਂ ਵਿਚ ਰੰਗ ਉੱਭਰ ਆਉਂਦੇ ਨੇ, ਤੇ ਕਰੀਮ ਰੋਲ ਜ਼ਰੂਰ। ਕਿਵੇਂ ਪਿਆਰੀ ਤਰ੍ਹਾਂ ਕਹਿੰਦਾ ਸੀ ਰਾਜਾ-ਬੇਟਾ, ‘ਕੀਮ ਲੋਲ’...‘ਕੀਮ ਲੋਲ’...
“ਬਾਊ ਜੀ, ਤੁਹਾਨੂੰ ਤਾਂ ਪਤਾ ਹੋਣਾ ਏਂ, ਜੇ ਸਕੂਲੇ ਫ਼ੀਸ ਤਰੀਕ ਸਿਰ ਨਾ ਤਾਰੀਏ, ਤਾਂ ਫਿਰ ਪੜ੍ਹਨ ਵਾਲੇ ਮੁੰਡੇ ਦਾ ਕਿਤੇ ਨਾਵਾਂ ਤਾਂ ਨਹੀਂ ਕੱਟਿਆ ਜਾਂਦਾ?” ਰਿਕਸ਼ਾ ਵਾਲਾ ਫ਼ਿਕਰ ਨਾਲ ਉਨ੍ਹਾਂ ਨੂੰ ਪੁੱਛ ਰਿਹਾ ਸੀ।
ਸ੍ਰੀ ਧਰਮਵੀਰ ਨੂੰ ਅਜਿਹੀ ਗੁੰਝਲ ਕਦੇ ਪੇਸ਼ ਨਹੀਂ ਸੀ ਆਈ, ਪਰ ਉਨ੍ਹਾਂ ਅੱਟੇਸੱਟੇ ਹੀ ਕਹਿ ਦਿੱਤਾ, “ਨਹੀਂ—ਨਾਵਾਂ ਕਿੱਥੇ ਕੱਟਦੇ ਹੋਣੇ ਨੇ, ਜੁਰਮਾਨਾ ਜਰਮੂਨਾ ਕਰ ਛੱਡਦੇ ਹੋਣਗੇ।”
“ਅਜ ਨੌਂ ਵੇ ਕਿ ਦਸ, ਅੰਗਰੇਜ਼ੀ ਦੀ?”
“ਦਸ,” ਤੇ ਸ੍ਰੀ ਧਰਮਵੀਰ ਨੂੰ ਹੁਲਾਰਾ ਜਿਹਾ ਆਇਆ, ਕਿੱਡਾ ਭਾਗਾਂ ਵਾਲਾ ਦਿਹਾੜਾ ਸੀ ਅੱਜ, ਰਾਜਾ ਬੇਟੇ ਦਾ ਵਰ੍ਹੇ ਵਰ੍ਹੇ ਦਾ ਦਿਨ।
“ਦਸ,” ਰਿਕਸ਼ਾ ਵਾਲੇ ਨੂੰ ਭਾਵੇਂ ਪਤਾ ਸੀ, ਪਰ ਉਹ ਭੁਲੇਖੇ ਦਾ ਸਹਾਰਾ ਲੈਣਾ ਚਾਹੁੰਦਾ ਸੀ, ਨੌਂ ਜਾਂ ਦਸ। ਪਰ ਹੁਣ ਤਾਂ ਸਾਫ਼ ਹੋ ਗਿਆ ਸੀ—ਦਸ ਤਰੀਕ ਸੀ ਅੱਜ, ਉਹਦੇ ਵੱਡੇ ਪੁੱਤਰ ਰੁਲਦੂ ਦੀ ਫ਼ੀਸ ਤਾਰਨ ਦੀ ਅਖੀਰਲੀ ਤਰੀਕ।
“ਬੜਾ ਹੀ ਨਹਿਸ਼ ਦਿਨ ਚੜ੍ਹਿਆ ਏ ਅੱਜ। ਮੁੰਡੇ ਦੀ ਫ਼ੀਸ ਤਾਰਨੀ ਸੀ, ਸਨਾਤਨ ਸਕੂਲ ਪੜ੍ਹਦਾ ਏ। ਦੋ ਰੁਪਏ ਕੱਲ੍ਹ ਦੀ ਕਮਾਈ ’ਚੋਂ ਜੋੜੇ ਸਨ। ਸੋਚਿਆ ਸੀ ਰੁਪਈਆ ਹੋਰ ਅੱਜ ਦੇ ਭਾੜੇ ਵਿਚੋਂ ਕੱਢ ਲਾਂਗਾ, ਤੇ ਜਦੋਂ ਸਕੂਲ ਵੱਲ ਦੀ ਕੋਈ ਸਵਾਰੀ ਮਿਲੀ ਤੇ ਪੂਰੇ ਤਿੰਨ ਰੁਪਏ ਫੀਸ ਜਮ੍ਹਾਂ ਕਰਾ ਆਵਾਂਗਾ; ਪਰ ਅਜਿਹਾ ਨਹਿਸ਼ ਦਿਨ ਲੱਗਾ ਏ—ਰੁਪਿਆ ਹੋਰ ਜੁੜਨਾ ਤਾਂ ਇਕ ਪਾਸੇ, ਘਰੋਂ ਲਿਆਂਦੇ ਕੱਲ੍ਹ ਵਾਲੇ ਦੋ ਵੀ ਜਾਂਦੇ ਬਣੇ ਨੇ।”
“ਉਹ ਕਿਵੇਂ?”
“ਕਿਸੇ ਜੇਬ ਕੱਟ ਲਈ ਏ।”
“ਉਫ਼ ਓ—ਇਹ ਤਾਂ ਬੜਾ ਮਾੜਾ ਹੋਇਆ। ਖ਼ੈਰ, ਜਿਹੜਾ ਤੇਰੀ ਅਜਿਹੀ ਹੱਕ ਹਲਾਲ ਦੀ ਕਮਾਈ ਤੇਰੇ ਪੁੱਤਰ ਦੇ ਮੂੰਹੋਂ ਖੋਹ ਕੇ ਲੈ ਗਿਆ ਹੈ, ਉਹਨੂੰ ਇਹ ਪਚਣੀ ਨਹੀਂ।”
“ਪਰ ਬਾਊ ਜੀ, ਪੱਕਾ ਏ ਨਾ, ਮੇਰੇ ਪੁੱਤ ਦਾ ਸਕੂਲੋਂ ਨਾਵਾਂ ਤਾਂ ਨਹੀਂ ਕੱਟ ਦੇਣਗੇ?” ਰਿਕਸ਼ਾ ਵਾਲੇ ਨੇ ਆਸਰਾ ਲੱਭਦੀ ਵਾਜ ਵਿਚ ਪੁੱਛਿਆ।
“ਨਹੀਂ, ਏਡਾ ਕੀ ਹਨੇਰ ਏ।” ਸ੍ਰੀ ਧਰਮਵੀਰ ਨੇ ਤੱਕਿਆ ਉਦਾਸੀ ਦੇ ਰੌਂ ਕਰਕੇ ਉਹ ਸੁਸਤ ਪੈਰ ਮਾਰਨ ਲੱਗ ਪਿਆ ਸੀ—ਇੰਜ ਦੇਰ ਹੋ ਸਕਣ ਦਾ ਡਰ ਸੀ, ਤੇ ਉਨ੍ਹਾਂ ਉਹਨੂੰ ਹੌਂਸਲਾ ਦਿੱਤਾ, “ਲੈ, ਇੰਜ ਫ਼ਿਕਰ ਲਾਇਆਂ ਕੰਮ ਚਲਦੇ ਨੇ? ਬੜਾ ਮਾੜਾ ਹੋਇਆ ਤੇਰੀ ਜੇਬ ਕੱਟੀ ਗਈ। ਪਰ ਆਖਰ ਕਿਹੜੀ ਆ ਗਈ। ਤੂੰ ਨਰੋਇਆ ਰਹਿ, ਪੈਸੇ ਤਾਂ ਐਵੇਂ ਹੱਥਾਂ ਦੀ ਮੈਲ ਹੁੰਦੇ ਨੇ—ਅੱਜ ਨਹੀਂ ਤਾਂ ਕੱਲ੍ਹ ਪੂਰੇ ਹੋ ਜਾਣਗੇ। …ਹਾਂ, ਜ਼ਰਾ ਜਲਦੀ, ਤੇ ਉਹ ਜਿਹੜੀ ਚੌਂਕ ਵਿਚ ਅੰਗ੍ਰੇਜ਼ੀ ਮਠਿਆਈ ਦੀ ਦੁਕਾਨ ਏਂ, ਓਥੇ ਰੁਕੀਂ।”
ਚੌਂਕ ਵਿਚ ਪੁੱਜ ਕੇ ਸ੍ਰੀ ਧਰਮਵੀਰ ਦੁਕਾਨ ਅੰਦਰ ਚਲੇ ਗਏ। ਰਿਕਸ਼ਾ ਵਾਲਾ ਬਾਹਰ ਖੜੋਤਾ ਤਕਦਾ ਰਿਹਾ। ਦੁਕਾਨ ਦੀ ਸਜਾਵਟ ਵਿਆਹ ਵਾਲੇ ਘਰ ਨੂੰ ਮਾਤ ਪਾਂਦੀ ਪਈ ਸੀ। ਸ਼ੀਸ਼ੇ ਪਿੱਛੇ ਵੰਨ-ਸੁਵੰਨੀਆਂ ਅਸਚਰਜ ਚੀਜ਼ਾਂ ਪਈਆਂ ਸਨ—ਮੂਰਤਾਂ ਸਨ ਜਾਂ ਮਠਿਆਈਆਂ—ਕੋਈ ਥਹੁ ਸੀ!
ਕੱਟੀ ਜੇਬ ਦੇ ਝੋਰੇ ਵਿਚ ਰਿਕਸ਼ਾ ਵਾਲੇ ਨੇ ਹੁਣ ਤੱਕ ਇਕ ਪਿਆਲੀ ਚਾਹ ਦੀ ਵੀ ਨਹੀਂ ਸੀ ਪੀਤੀ। ਬਸ ਘਰੋਂ ਹੀ ਜਿਹੜੀਆਂ ਸੁੱਕੀਆਂ ਰੋਟੀਆਂ ਨਿਘਾਰ ਕੇ ਆਇਆ ਸੀ, ਅੱਜ ਉਨ੍ਹਾਂ ਉੱਤੇ ਹੀ ਅਧਾਰ ਕਰਨਾ ਸੀ। ਪਰ ਸੰਘ ਸੁੱਕਦਾ ਜਾਂਦਾ ਸੀ। ਬਾਊ ਜੀ ਤਾਂ ਅੰਦਰ ਵਾਹਵਾ ਦੇਰ ਲਾ ਰਹੇ ਸਨ, ਚੰਗਾ ਚੋਖਾ ਖ਼ਰੀਦਣਾ ਹੋਣੈ। ਉਹਨੇ ਸੋਚਿਆ ਚੱਲ ਕੇ ਸਾਹਮਣੀ ਛਬੀਲ ਤੋਂ ਠੰਢਾ ਪਾਣੀ ਹੀ ਪੀ ਆਏ।
ਛਬੀਲੋਂ ਪਰਤਿਆ ਤਾਂ ਸ੍ਰੀ ਧਰਮਵੀਰ ਦੋ ਡੱਬੇ ਆਪਣੇ ਪੱਟਾਂ ਉੱਤੇ ਅਡੋਲ ਰੱਖੀ ਰਿਕਸ਼ਾ ਵਿਚ ਬੈਠੇ ਸਨ। ਉਹ ਰਤਾ ਖਰ੍ਹਵੇ ਜਿਹੇ ਬੋਲੇ, “ਘੰਟੇ ਦੇ ਹਿਸਾਬ ਰਿਕਸ਼ਾ ਕਰਨ ਦਾ ਇਹ ਮਤਲਬ ਨਹੀਂ ਕਿ ਤੂੰ ਆਪਣੀ ਮਰਜ਼ੀ ਨਾਲ ਖਿਸਕ ਜਾਏਂ ਤੇ ਵਕਤ ਵਧਦਾ ਜਾਏ...।”
“ਮੈਂ ਤੇ ਐਵੇਂ ਬਿੰਦ ਦੀ ਬਿੰਦ ਘੁਟ ਪਾਣੀ ਦਾ ਪੀਣ ਗਿਆ ਸਾਂ।”
“ਮੈਨੂੰ ਬੜੀ ਕਾਹਲ ਏ—ਬੰਦਿਆਂ ਵਾਂਗ ਪੈਰ ਪੁੱਟ..।”
ਤੇ ਫੇਰ ਖਿਡੌਣਿਆਂ ਦੀ ਇਕ ਵੱਡੀ ਸਾਰੀ ਦੁਕਾਨ ਸਾਹਮਣੇ ਉਨ੍ਹਾਂ ਰਿਕਸ਼ਾ ਰੁਕਵਾਈ।
ਇਹ ਦੁਕਾਨ ਸੀ ਕਿ ਪਰੀਆਂ ਦਾ ਮਹੱਲ! ਰਿਕਸ਼ਾ ਵਾਲੇ ਦੇ ਰੁਲਦੂ ਨਾਲੋਂ ਛੋਟੇ ਦੋ ਹੋਰ ਬਾਲ ਵੀ ਸਨ—ਭੋਲੂ ਤੇ ਛਿੰਦੋ। ਕਦੇ ਕਦਾਈਂ ਦਿਨ-ਦਿਹਾਰ ਨੂੰ ਉਹ ਉਨ੍ਹਾਂ ਲਈ ਕੋਈ ਬਾਜੀ ਮੁੱਲ ਲਿਆਉਂਦਾ ਹੁੰਦਾ ਸੀ। ਪਰ ਜਿਸ ਹੱਟੀਓਂ ਉਹ ਇਹ ਬਾਜੀਆਂ ਵਰ੍ਹੇ ਛਿਮਾਹੀਂ ਲੈਂਦਾ ਸੀ, ਉੱਥੇ ਹਰ ਵਾਰੀ ਇਕੋ ਜਿਹੀਆਂ ਹੀ ਥੋੜ੍ਹੀਆਂ ਜਿੰਨੀਆਂ ਚੀਜ਼ਾਂ ਹੁੰਦੀਆਂ ਸਨ ਤੇ ਉਹ ਵੀ ਮੂਲੋਂ ਓਸੇ ਤਰ੍ਹਾਂ ਦੀਆਂ ਜਿਹੋ ਜਿਹੀਆਂ ਉਹਨੂੰ ਬਾਲ ਹੁੰਦਿਆਂ ਖੇਡਣ ਨੂੰ ਮਿਲਦੀਆਂ ਸਨ। ਤੇ ਇਥੇ ਉਹਦੇ ਸਾਹਮਣੇ ਅਲੋਕਾਰ ਖਿਡੌਣੇ ਪਏ ਸਨ ਤੇ ਉਹ ਭੋਲੂ, ਛਿੰਦੋ ਦੀਆਂ ਅੱਖਾਂ ਨਾਲ ਸਭ ਕੁਝ ਵੇਖਦਾ ਰਿਹਾ। ਮੋਟਰਾਂ ਰਿੜ੍ਹ ਰਹੀਆਂ ਸਨ, ਸੱਚੀ-ਮੁੱਚੀ ਦੀਆਂ ਮੋਟਰਾਂ ਵਾਂਗ ਘੂਕਰ ਮਚਾਂਦੀਆਂ ਤੇ ਇਨ੍ਹਾਂ ਦੀਆਂ ਬੱਤੀਆਂ ਬਲਦੀਆਂ ਸਨ, ਹਾਰਨ ਦੀ ਥਾਂ ਬੜਾ ਸੋਹਣਾ ਰਾਗ ਵਜਦਾ ਸੀ, ਨਿੱਕੀਆਂ-ਨਿੱਕੀਆਂ ਰੇਲਾਂ ਉੱਤੇ ਗੱਡੀਆਂ ਚੱਲ ਰਹੀਆਂ ਸਨ, ਇੰਜਨ ਕੂਕ ਮਾਰਦਾ ਸੀ, ਬੜੀਆਂ ਸੁਹਣੀਆਂ ਤੀਵੀਆਂ ਰੰਗ-ਬਰੰਗੀਆਂ ਛੱਤਰੀਆਂ ਲੈ ਕੇ ਨੱਚ ਰਹੀਆਂ ਸਨ ਤੇ ਇਕ ਫੁੱਲ ਚਾਬੀ ਲਾਇਆਂ ਖਿੜ ਪੈਂਦਾ ਸੀ ਤੇ ਉੱਤੇ ਚਿਤ੍ਰੀ-ਮਿਤ੍ਰੀ ਤਿਤਲੀ ਆਪਣੇ ਖੰਭ ਫੜਫੜਾਂਦੀ ਸੀ। ਹੁਣ ਉਹ ਸਿਰਫ਼ ਭੋਲੂ, ਛਿੰਦੋ ਦੀਆਂ ਅੱਖਾਂ ਨਾਲ ਹੀ ਨਹੀਂ ਸੀ ਤਕ ਰਿਹਾ ਉਹ ਆਪ ਉਨ੍ਹਾਂ ਜਿੱਡਾ ਹੋ ਗਿਆ ਸੀ ਤੇ ਇਸ ਪਰੀ-ਮਹੱਲ ਦੀ ਝਾਤੀ ਉਸ ਫੁੱਲ ਵਾਂਗ ਖਿੜੀ ਹੋਈ ਸੀ ਤੇ ਉਹ ਆਪ ਓਸ ਤਿਤਲੀ ਵਾਂਗ ਫੜਫੜਾ ਰਿਹਾ ਸੀ…ਫ਼ੁੱਲ…ਤਿਤਲੀ, ਤੇ ਇਕ ਖਿਡੌਣਾ ਉਹਦੀਆਂ ਅੱਖਾਂ ਨਾਲ ਟਕਰਾਇਆ—ਇਕ ਰਿਕਸ਼ਾ ਸੀ, ਸਾਈਕਲ ਵਾਲੀ ਨਹੀਂ ਦੂਜੀ, ਵਿਚ ਇਕ ਮੋਟਾ ਜਿਹਾ ਬੰਦਾ ਡਟਿਆ ਸੀ, ਅੱਗੇ ਮਾੜਾ ਜਿਹਾ ਇਕ ਆਦਮੀ ਜੁਪਿਆ ਸੀ, ਆਦਮੀ ਨੂੰ ਚਾਬੀ ਲਗਦੀ ਸੀ। ਫੁੱਲ ਹਾਲੀ ਵੀ ਖਿੜਿਆ ਹੋਇਆ ਸੀ—ਤਿਤਲੀ ਉਸੇ ਤਰ੍ਹਾਂ ਫੜਫੜਾ ਰਹੀ ਸੀ...
“ਰਿਕਸ਼ਾ ਵਾਲੇ, ਤੂੰ ਚੰਗਾ ਵਸਬ ਫੜਿਐ! ਜਿਥੇ ਗਿਆ ਲਸੂੜੇ ਦੀ ਗਿਟਕ ਵਾਂਗ ਲੇਸ! ਅਹਿ ਰੱਖ ਰਿਕਸ਼ੇ ਵਿਚ। ਧਿਆਨ ਕਰੀਂ, ਮਤੇ ਟੁੱਟ ਜਾਏ, ਬੜੀ ਨਾਜ਼ਕ ਸ਼ੈਅ ਏ।”
ਰਿਕਸ਼ਾ ਵਾਲੇ ਨੇ ਉਚੇਚੀ ਇਹਤਿਆਤ ਨਾਲ ਵੱਡਾ ਡੱਬਾ ਫੜ ਲਿਆ। ਡੱਬਾ ਹਿੱਲਿਆ, ਕੁਝ ਰਾਗ ਜਿਹੇ ਦੀ ਟੁਣਕਾਰ ਹੋਈ। ਫੇਰ ਚੁੱਪ। …“ਭੋਲੂ-ਛਿੰਦੋ”, ਉਹਦੇ ਮੂੰਹੋਂ ਬੇਵੱਸੇ ਹੀ ਨਿਕਲ ਗਿਆ। ਉਹਨੇ ਸ਼ਰਮਾ ਕੇ ਇਧਰ-ਉਧਰ ਤੱਕਿਆ, ਪਰ ਸ਼ੁਕਰ ਸੀ ਕਿਸੇ ਦੇ ਕੰਨੀਂ ਨਹੀਂ ਸੀ ਪਿਆ।…
ਤੇ ਫੇਰ ਸ੍ਰੀ ਧਰਮਵੀਰ ਨੇ ਰਿਕਸ਼ਾ ਫਲਾਂ ਦੀ ਦੁਕਾਨ ਅੱਗੇ ਰੁਕਵਾਈ। ਫਲਾਂ ਦੀ ਦੁਕਾਨ ਉੱਤੇ ਰਿਕਸ਼ਾ ਲੱਦੀ ਗਈ, ਤੇ ਓਥੋਂ ਤੁਰਦਿਆਂ ਉਹ ਰਿਕਸ਼ਾ ਵਾਲੇ ਨੂੰ ਬੜੀ ਭਾਰੀ ਹੋ ਗਈ ਜਾਪੀ। ਕੁਝ ਏਸ ਕਰ ਕੇ, ਤੇ ਕੁਝ ਭੀੜ ਵਧ ਜਾਣ ਕਰ ਕੇ ਚਾਲ ਮੱਠੀ ਹੋ ਗਈ ਸੀ। ਨੇੜੇ ਹੀ ਕਿਸੇ ਸਕੂਲ ਵਿਚ ਛੁੱਟੀ ਹੋਈ ਜਾਪਦੀ ਸੀ, ਤੇ ਬਸਤੇ ਲਟਕਾਈ ਮੁੰਡੇ-ਕੁੜੀਆਂ ਲੰਘ ਰਹੇ ਸਨ। ਰਿਕਸ਼ਾ ਵਾਲੇ ਨੂੰ ਫੇਰ ਲੂਹਰੀ ਜਿਹੀ ਉੱਠੀ—ਰੁਲਦੂ ਦਾ ਨਾਵਾਂ ਮਤੇ ਸਕੂਲੋਂ ਕੱਟਿਆ ਜਾਏ। ਓਸ ਨੇ ਇਹ ਤੌਖਲਾ ਮਿਟਾਣ ਲਈ ਬਾਊ ਜੀ ਨਾਲ ਫੇਰ ਗੱਲ ਤੋਰਨੀ ਚਾਹੀ—ਪਰ ਉਹਨੂੰ ਐਤਕੀ ਹੀਆ ਨਾ ਪਿਆ।
ਸ੍ਰੀ ਧਰਮਵੀਰ ਕੁਝ ਚਿੜੇ ਜਿਹੇ ਬੈਠੇ ਸਨ। ਉਹ ਸਮਝਦੇ ਸਨ ਕਿ ਇਕ ਤੇ ਅੱਗੇ ਹੀ ਰਿਕਸ਼ਾ ਵਾਲਾ ਜਾਣ ਕੇ ਦੇਰ ਲਾਈ ਜਾ ਰਿਹਾ ਸੀ, ਤੇ ਉੱਤੋਂ ਇਨ੍ਹਾਂ ਸਕੂਲੀ ਛੋਹਰਾਂ ਦੀ ਧਾੜ ਨੇ ਸ਼ਾਮਤ ਲੈ ਆਂਦੀ ਸੀ। ਖ਼ਾਹਮਖ਼ਾਹ ਰਿਕਸ਼ਾ ਵਾਲੇ ਦਾ ਵਕਤ ਬਣਦਾ ਜਾ ਰਿਹਾ ਸੀ, ਤੇ ਘੰਟੇ ਦੇ ਹਿਸਾਬ ਕੁਨੱਫ਼ਾ ਹੀ ਕੁਨੱਫ਼ਾ ਰਹਿਣਾ ਸੀ।
ਕੁਝ ਵਾਟ ਰਿਕਸ਼ਾ ਰਵਾਂ-ਰਵੀਂ ਤੁਰੀ, ਤੇ ਫੇਰ ਇਕ ਦਮ ਰੁਕ ਗਈ। ਪਹਿਲਾਂ ਤਾਂ ਸ੍ਰੀ ਧਰਮਵੀਰ ਨੇ ਸੋਚਿਆ, ‘ਖੱਚਰ ਨੇ ਜਾਣ ਕੇ ਚੈਨ ਲਾਹ ਛੱਡੀ ਹੋਣੀ ਏਂ,’ ਪਰ ਝੱਟ ਹੀ ਉਨ੍ਹਾਂ ਨੂੰ ਸਾਹਮਣੇ ਰੇਲ ਦਾ ਫਾਟਕ ਬੰਦ ਨਜ਼ਰ ਆ ਗਿਆ। ਜਿੰਨੀ ਦੇਰ ਇਹਦੇ ਬੰਦ ਹੋਣ ਕਰ ਕੇ ਰਿਕਸ਼ਾ ਖੜੋਏਗੀ, ਓਨੀ ਦੇਰ ਲਈ ਵੀ ਪੈਸੇ ਉਨ੍ਹਾਂ ਨੂੰ ਹੀ ਦੇਣੇ ਪੈਣੇ ਸਨ। ਸ੍ਰੀ ਧਰਮਵੀਰ ਨੂੰ ਰਹਿ-ਰਹਿ ਪਛਤਾਵਾ ਹੋ ਰਿਹਾ ਸੀ, ਐਵੇਂ ਘੰਟੇ ਦੇ ਹਿਸਾਬ ਕੀਤੀ। ਇਨ੍ਹਾਂ ਰਿਕਸ਼ਾ ਵਾਲਿਆਂ ਦਾ ਕਿਹੜਾ ਬੀ ਮਾਰਿਆ ਗਿਆ ਸੀ, ਹਰਲ-ਹਰਲ ਪਏ ਕਰਦੇ ਹਨ। ਜਿਥੇ ਮਰਜ਼ੀ ਹੁੰਦੀ ਨਵੀਂ ਲੈ ਲੈਂਦਾ।
ਸ੍ਰੀ ਧਰਮਵੀਰ ਨੇ ਘੜੀ ਵੱਲ ਤੱਕਿਆ, ਪੂਰੇ ਪੰਦਰਾਂ ਮਿੰਟਾਂ ਮਗਰੋਂ ਫਾਟਕ ਖੁੱਲ੍ਹਿਆ ਸੀ। ਰਾਹ ਵਿਚ ਰਿਕਸ਼ਾ ਵਾਲੇ ਨੇ ਫੇਰ ਸਵੇਰ ਦੀ ਜੇਬ ਕੱਟੀ ਦਾ ਕਿੱਸਾ ਛੇੜਨਾ ਚਾਹਿਆ, ਪਰ ਅੱਗੋਂ ਸ੍ਰੀ ਧਰਮਵੀਰ ਨੇ ਹੁੰਗਾਰਾ ਨਾ ਭਰਿਆ। ਦੋ ਘੰਟਿਆਂ ਤੋਂ ਵੱਧ ਵਕਤ ਹੋ ਚੁੱਕਿਆ ਸੀ ਰਿਕਸ਼ਾ ਲਿਆਂ ਤੇ ਹਾਲੀ ਉਨ੍ਹਾਂ ਦੀ ਕੋਠੀ ਕਿੰਨੀ ਹੀ ਵਾਟ ਉੱਤੇ ਸੀ—ਜੇ ਕਿੱਸਾ ਛਿੜ ਪਿਆ ਤਾਂ ਰਿਕਸ਼ਾ ਵਾਲੇ ਦੀ ਰਫ਼ਤਾਰ ਫੇਰ ਮੱਠੀ ਪੈ ਜਾਣੀ ਸੀ।
ਕੋਠੀ ਤੋਂ ਸੌ ਗਜ਼ ਉਰ੍ਹਾਂ ਹੀ ਸ੍ਰੀ ਧਰਮਵੀਰ ਨੇ ਘੜੀ ਤੱਕੀ, ਸਵਾ ਚਾਰ ਵੱਜਣ ਵਾਲੇ ਸਨ—ਦੋ ਘੰਟਿਆਂ ਦਾ ਡੇਢ ਰੁਪਿਆ ਤੇ ਇਨ੍ਹਾਂ ਉਤਲੇ ਪੰਦਰਾਂ ਮਿੰਟਾਂ ਦੇ ਵੀ ਉਹਨੇ ਬਾਰਾਂ ਆਨੇ ਨਹੀਂ ਤਾਂ ਅੱਠ ਆਨੇ ਤਾਂ ਜ਼ਰੂਰ ਲੈ ਲੈਣੇ ਸਨ; ਤੇ ਫੇਰ ਇਨ੍ਹਾਂ ਬਾਰਾਂ ਆਨਿਆਂ ਨੂੰ ਅੱਠਾਂ ਆਨਿਆਂ ਤੱਕ ਘਟਾਣ ਲਈ ਕਿੰਨੀ ਸਾਰੀ ਮਗਜ਼-ਮਾਰੀ ਕਰਨੀ ਪੈਣੀ ਸੀ। ਕਈ ਰਿਕਸ਼ਾ ਵਾਲੇ ਤਾਂ ਬੜੇ ਹੀ ਨਾਮੁਰਾਦ ਹੁੰਦੇ ਹਨ, ਲਿੰਹਜ ਬਣ ਚੰਬੜਦੇ ਹਨ। ਨਾਲੇ ਇਹ ਪੰਦਰਾਂ ਮਿੰਟ ਤਾਂ ਰੇਲ ਦੇ ਫਾਟਕ ਕਰ ਕੇ ਅਜਾਈਂ ਹੀ ਲੱਗ ਗਏ ਸਨ। ਕਿਸੇ ਦੇ ਫ਼ਾਇਦੇ ਵਿਚ ਥੋੜੇ ਹੀ ਸਨ। ਅਚੇਤ ਹੀ ਸ੍ਰੀ ਧਰਮਵੀਰ ਨੇ ਮੂੰਹ ਧਿਆਨ ਪੈਡਲ ਮਾਰਦੇ ਰਿਕਸ਼ਾ ਵਾਲੇ ਵੱਲ ਤੱਕਿਆ; ਤੇ ਫੇਰ ਆਪਣੇ ਖੱਬੇ ਗੁੱਟ ਉਤਲੀ ਸੁਨਹਿਰੀ ਘੜੀ ਵੱਲ, ਤੇ ਉਨ੍ਹਾਂ ਅਛੋਪਲੇ ਹੀ ਆਪਣੀ ਘੜੀ ਵੀਹ ਮਿੰਟ ਪਿੱਛੇ ਕਰ ਲਈ।
ਆਪਣੀ ਕੋਠੀ ਦੇ ਬਾਹਰਵਾਰ ਹੀ ਰਿਕਸ਼ਾ ਉਨ੍ਹਾਂ ਰੁਕਵਾ ਲਈ। ਸ਼ਾਇਦ ਕੁਝ ਮਹਿਮਾਨ ਅਗੇਤਰੇ ਹੀ ਆ ਗਏ ਹੋਣ—ਤੇ ਉਨ੍ਹਾਂ ਸਾਹਮਣੇ ਇੰਜ ਤੂੜੇ ਰਿਕਸ਼ੇ ਵਿਚ ਜਾਣਾ ਫਬਦਾ ਨਹੀਂ ਸੀ। ਜੇ ਟੈਕਸੀ ਨਹੀਂ, ਤਾਂ ਘੱਟੋ-ਘੱਟ ਉਨ੍ਹਾਂ ਦੀ ਹੈਸੀਅਤ ਮੂਜਬ ਟਾਂਗਾ ਤਾਂ ਜ਼ਰੂਰੀ ਸੀ। ਸਬੱਬ ਨਾਲ ਮੁੰਡੂ ਵੀ ਬਾਹਰ ਹੀ ਖੜੋਤਾ ਹੋਇਆ ਸੀ, ਉਹਨੇ ਸਾਰੇ ਨਗ ਲੁਹਾ ਲਏ।
“ਚਾਰ ਵੱਜਣ ਵਿਚ ਹਾਲੀ ਪੰਜ ਮਿੰਟ ਰਹਿੰਦੇ ਨੀ,” ਸ੍ਰੀ ਧਰਮਵੀਰ ਨੇ ਰਿਕਸ਼ਾ ਵਾਲੇ ਨੂੰ ਘੜੀ ਵਿਖਾਂਦਿਆਂ ਕਿਹਾ, “ਦੋ ਵਜੇ ਤੈਨੂੰ ਕੀਤਾ ਸੀ, ਅਹਿ ਲੈ ਦੋ ਘੰਟਿਆਂ ਦਾ ਡੇਢ ਰੁਪਿਆ।”
“ਲਓ ਬਾਊ ਜੀ, ਘੜੀ ਕਾਹਨੂੰ ਵਿਖਾਂਦੇ ਓ, ਤੁਸਾਂ ਮੇਰਾ ਹੱਕ ਥੋੜਾ ਮਾਰ ਲੈਣਾ ਏ,” ਰਿਕਸ਼ਾ ਵਾਲੇ ਨੇ ਪੈਸੇ ਖਰੇ ਕਰਦਿਆਂ ਕਿਹਾ। ਤੇ ਉਸਨੂੰ ਖਿਆਲ ਆਇਆ, ਡੇਢ ਰੁਪਿਆ—ਜੇ ਕਿਤੇ ਸਵੇਰੇ ਕੋਈ ਮਰਨ-ਜੋਗਾ ਜੇਬ ਨਾ ਕੱਟ ਜਾਂਦਾ ਤਾਂ ਹੁਣ ਰੁਲਦੂ ਦੀ ਫੀਸ ਜੋਗੇ ਤਾਂ ਪੂਰੇ ਹੋ ਗਏ ਸਨ।
[1956]