Dosti Da Chann (Punjabi Story) : Navtej Singh
ਦੋਸਤੀ ਦਾ ਚੰਨ (ਕਹਾਣੀ) : ਨਵਤੇਜ ਸਿੰਘ
ਲਾਹੌਰ ਦੀ ਸੁਹਾਣੀ ਸ਼ਾਮ...
ਸ਼ਾਮ ਵੇਲੇ ਚੇਤਿਆਂ ਦੇ ਪਰਛਾਵੇਂ ਉਂਜ ਵੀ ਦਿਲ ਵਿੱਚ ਡੂੰਘੇ ਧਸਦੇ ਜਾਂਦੇ ਹਨ, ਤੇ ਫੇਰ ਅੱਜ ਤਾਂ ਮੈਂ ਆਪਣੀ ਜਵਾਨੀ ਦੇ ਸ਼ਹਿਰ ਵਿਚ ਸਾਂ, ਜਵਾਨੀ ਵੇਲੇ ਦੇ ਯਾਰ ਦਾ ਹੱਥ ਮੇਰੇ ਹੱਥ ਵਿੱਚ ਸੀ, ਤੇ ਜਵਾਨੀ ਵੇਲੇ ਦਾ ਚਿਰ-ਪਛਾਤਾ ਰਾਹ ਮੇਰੇ ਪੈਰਾਂ ਥੱਲੇ। ਜਿਵੇਂ ਇਕ ਮੁਦਤ ਪਿੱਛੋਂ ਫੇਰ ਪੁਰਾਣੇ ਵਕਤ ਦੀ ਨਬਜ਼ ਧੜਕ ਪਈ ਹੋਵੇ...
ਹਮੀਦ ਨੇ ਕਿਹਾ, “ਮੈਨੂੰ ਤਾਂ ਇਤਬਾਰ ਨਹੀਂ ਆਉਂਦਾ ਪਿਆ ਕਿ ਇਹ ਤੂੰ ਈ ਏਂ। ਤੇ ਅਸੀਂ ਲਾਹੌਰ ਵਿਚ ਹਾਂ, ਉਸ ਰਾਹ ਉਤੇ ਜਿਥੇ ਅਸੀਂ ਕਾਲਿਜ ਵੇਲੇ ਕਿੰਨੀ ਵਾਰ ਰੋਜ਼ ਲੰਘਦੇ ਹੁੰਦੇ ਸਾਂ।”
“ਹੁਣ ਮੈਂ ਸਿਰਫ਼ ਗੁਰਦੁਆਰਿਆਂ ਦੀ ਜ਼ਿਆਰਤ ਲਈ ਹੀ ਲਾਹੌਰ ਆ ਸਕਦਾ ਹਾਂ, ਤੇ ਇਸ ਤਰ੍ਹਾਂ ਦੋਸਤ ਦੀ ਜ਼ਿਆਰਤ ਦਾ ਵੀ ਮੌਕਾ ਮਿਲ ਗਿਆ।” ਮੈਂ ਹਮੀਦ ਦੀਆਂ ਅੱਖਾਂ ਵਿਚ ਵੇਖਦਿਆਂ ਕਿਹਾ।
ਉਹਦੀਆਂ ਤੇ ਮੇਰੀਆਂ ਅੱਖਾਂ ਵਿਚ ਬੜਾ ਕੁਝ ਸੀ...
ਇਸ ਸੜਕ ਤੋਂ ਲੰਘ ਕੇ ਰੋਜ਼ ਅਸੀਂ ਬੈਡਮਿੰਟਨ ਖੇਡਣ ਜਾਂਦੇ ਹੁੰਦੇ ਸਾਂ... ਇਸੇ ਸੜਕ ਉੱਤੇ ਫ਼ਰੰਗੀ ਦੇ ਖਿਲਾਫ਼ ਵਿਦਿਆਰਥੀ ਜਲੂਸਾਂ ਵਿਚ ਅਸਾਂ ਇਕੱਠਿਆਂ ਲਾਠੀਆਂ ਖਾਧੀਆਂ ਸਨ...
ਤੇ ਸਾਡੀਆਂ ਅੱਖਾਂ ਵਿਚ ਬੰਬਈ ਸੀ, 1946 । ਹਮੀਦ ਤੇ ਮੈਂ ਉਥੇ ਇਕੋ ਕਮਰੇ ਵਿਚ ਠਹਿਰੇ ਹੋਏ ਸਾਂ। ਜਿਸ ਦਿਨ ਓਥੇ ਹਿੰਦੂ-ਮੁਸਲਿਮ ਫ਼ਸਾਦ ਸ਼ੁਰੂ ਹੋਇਆ ਸੀ, ਮੈਂ ਤੇ ਉਹ ਸਮੁੰਦਰ ਕੰਢੇ ਉਸਰੀ ਮਜ਼ਬੂਤ ਕੰਧ ਉਤੇ ਟੁਰਦੇ ਇਸ ਕਮਰੇ ਵੱਲ ਵਾਪਸ ਆ ਰਹੇ ਸਾਂ।
ਸਮੁੰਦਰ ਕੰਢੇ ਦੀ ਉਹ ਸ਼ਾਮ ਕੁਦਰਤ ਵਲੋਂ ਬੜੀ ਸੁਹਣੀ ਸੀ, ਪਰ ਬੰਦਿਆਂ ਵਲੋਂ ਫ਼ਸਾਦਾਂ ਦਾ ਹੌਲ। ਤਾਜ਼ੇ ਨਾਰੀਅਲ ਵੇਚਣ ਵਾਲੇ ਵੀ ਲੰਘਦੇ ਤਾਂ ਉਨ੍ਹਾਂ ਦੇ ਵੱਡੇ ਵੱਡੇ ਚਾਕੂਆਂ ਤੋਂ ਡਰ ਆਉਂਦਾ। ਅਸੀਂ ਨਹੀਂ ਸਾਂ ਜਾਣਦੇ ਕਿ ਬੰਬਈ ਦੇ ਨਾਰੀਅਲ ਵੇਚਣ ਵਾਲਿਆਂ ਦਾ ਕੀ ਮਜ਼੍ਹਬ ਹੁੰਦਾ ਹੈ। ਪਰ ਇਨ੍ਹਾਂ ਦਾ ਚਾਕੂ ਸਾਡੇ ਵਿਚੋਂ ਇਕ ਦੇ ਤਾਂ ਜ਼ਰੂਰ ਵਜ ਸਕਦਾ ਸੀ...
“ਹਮੀਦ, ਓਦੋਂ ਸਾਨੂੰ ਕੀ ਪਤਾ ਸੀ ਕਿ ਸਮੁੰਦਰ-ਕੰਢੇ ਦੀ ਉਹ ਸ਼ਾਮ ਉਸ ਵਹਿਸ਼ੀਪੁਣੇ ਦਾ ਸ਼ੁਰੂ ਸੀ ਜਿਦ੍ਹਾ ਅਖੀਰ ਇਕ ਦਿਨ ਇਹ ਹੋਣਾ ਸੀ ਕਿ ਇਕ ਕਮਰੇ ਵਿਚ ਰਹਿਣ ਵਾਲੇ ਇਕ ਦੇਸ ਵਿਚ ਵੀ ਨਹੀਂ ਰਹਿ ਸਕਣਗੇ।”
ਹਮੀਦ ਨੇ ਮੇਰਾ ਹੱਥ ਜ਼ੋਰ ਨਾਲ ਘੁੱਟ ਲਿਆ।
ਹਮੀਦ ਲੁਧਿਆਣੇ ਦਾ ਸੀ, ਤੇ ਮੈਂ ਲਾਹੌਰ ਦਾ।
ਹਮੀਦ ਤੋਂ ਪਿਛੋਂ ਲੁਧਿਆਣੇ ਦਾ ਇਕ ਕਵੀ ਮੇਰਾ ਦੋਸਤ ਬਣਿਆ। ਜਦੋਂ ਪਹਿਲੀ ਵਾਰ ਉਹ ਕਵੀ ਮੈਨੂੰ ਇਕ ਮੁਸ਼ਾਇਰੇ ਵਿਚ ਮਿਲਿਆ ਸੀ, ਤਾਂ ਮੈਂ ਉਸ ਵੱਲ ਖਿੱਚਿਆ ਗਿਆ ਸਾਂ, ਕਿਉਂਕਿ ਉਹਦੀ ਆਵਾਜ਼ ਤੇ ਲਹਿਜਾ ਇਨਬਿਨ ਮੇਰੇ ਹਮੀਦ ਨਾਲ ਰਲਦਾ ਸੀ। ਮੈਂ ਹਮੀਦ ਨੂੰ ਆਪਣੇ ਕਵੀ ਦੋਸਤ ਬਾਰੇ ਦੱਸਣ ਹੀ ਲੱਗਾ ਸਾਂ ਕਿ ਹਮੀਦ ਨੇ ਕਿਹਾ, “ਮੇਰਾ ਘਰ ਆ ਗਿਆ ਏ।”
ਬਾਹਰ ਨਿੱਕਾ ਜਿਹਾ ਬਗ਼ੀਚਾ ਸੀ, ਜਿਹੜਾ ਏਡੀ ਗਰਮੀ ਦੀ ਰੁੱਤੇ ਵੀ ਖਿੜਿਆ ਪੁੜਿਆ ਸੀ। ਅੰਦਰ ਕਮਰਾ ਵੀ ਬੜੇ ਸਲੀਕੇ ਨਾਲ ਰੱਖਿਆ ਹੋਇਆ ਸੀ। ਬੰਬਈ ਵਾਲੇ ਸਾਡੇ ਸਾਂਝੇ ਕਮਰੇ ਦਾ ਉਦੜ-ਗੁਧੜਾਪਣ ਅਚੇਤ ਹੀ ਮੈਨੂੰ ਯਾਦ ਆ ਗਿਆ।
“ਤੇ ਇਹ ਤੇਰੀ ਭਾਬੀ...”
ਅਸੀਂ ਇਕ ਦੂਜੇ ਨੂੰ ਸਲਾਮ ਕਹੀ।
ਮੇਰੀ ਭਾਬੀ ਆਪਣੀ ਤਸਵੀਰ ਨਾਲੋਂ ਵੀ ਕਿਤੇ ਵੱਧ ਚੰਗੀ ਲਗ ਰਹੀ ਸੀ। ਹਮੀਦ ਨੇ ਆਪਣੇ ਵਿਆਹ ਵੇਲੇ ਦੀ ਤਸਵੀਰ ਮੈਨੂੰ ਭੇਜੀ ਸੀ, ਪਿੱਛੇ ਲਿਖਿਆ ਸੀ, “ਮਜਬੂਰੀ ਜ਼ਮਾਨੇ ਦੀ—ਇਸ ਦਿਨ ਵੀ ਤੂੰ ਸਾਡੇ ਕੋਲ ਨਾ ਆ ਸਕਿਆ।”
ਭਾਬੀ ਆਪਣੀਆਂ ਪਿਆਰੀਆਂ ਬੱਚੀਆਂ ਨੂੰ ਲੈ ਆਈ, “ਭਾ ਜੀ, ਤੁਹਾਡੇ ਚਾਰ ਮੁੰਡੇ ਨੇ, ਤੇ ਸਾਡੇ ਚਾਰ ਕੁੜੀਆਂ।”
ਬੜੀਆਂ ਪਿਆਰੀਆਂ ਬੱਚੀਆਂ ਸਨ, ਪਿਆਰੇ ਸ਼ਾਇਰਾਨਾ ਨਾਂ। ਵੱਡੀਆਂ ਤਿੰਨ ਬੱਚੀਆਂ ਮੇਰੇ ਨੇੜੇ ਆਈਆਂ। ਉਨ੍ਹਾਂ ਮੇਰਾ ਪਿਆਰ ਲਿਆ, ਤੇ ਮੈਨੂੰ ਪਿਆਰ ਕੀਤਾ, ਪਰ ਸਭ ਤੋਂ ਛੋਟੀ ਉੱਕਾ ਨੇੜੇ ਨਾ ਆਈ।
“ਸ਼ੀਰੀਂ—ਚਾਚਾ ਜੀ ਕੋਲ ਜਾਓ,” ਭਾਬੀ ਨੇ ਬਥੇਰਾ ਉਹਨੂੰ ਕਿਹਾ।
“ਕੋਈ ਨਹੀਂ, ਤੁਸੀਂ ਇਹਨੂੰ ਬਹੁਤਾ ਨਾ ਕਹੋ। ਇਹਦੇ ਲਈ ਮੇਰੀ ਪੱਗ-ਦਾੜ੍ਹੀ ਵਾਲੀ ਸ਼ਕਲ ਬਹੁਤ ਓਪਰੀ ਹੋਏਗੀ। ਉਂਜ ਵੀ ਇਸ ਉਮਰੇ ਕਈ ਵਾਰ ਬਾਲ ਬੜਾ ਉਪਰਾਂਦੇ ਨੇ।”
ਵੱਡੀਆਂ ਬੱਚੀਆਂ ਚਾਹ ਲੈ ਆਈਆਂ।
“ਮੈਂ ਤੇਰੀ ਭਾਬੀ ਨੂੰ ਦੱਸਿਆ ਸੀ ਕਿ ਤੈਨੂੰ ਆਲੂ ਦੇ ਚਿਪਸ ਤੇ ਟਮਾਟੋ-ਸਾਸ ਬਹੁਤ ਸੁਆਦ ਲਗਦੀ ਏ — ਤੇ ਰਸਗੁਲੇ।”
ਤੇ ਅਸੀਂ ਨਿੱਕੀਆਂ ਵੱਡੀਆਂ ਗੱਲਾਂ ਕਰਦੇ ਰਹੇ। ਫੇਰ ਹਮੀਦ ਦੇ ਕੁਝ ਦੋਸਤ ਆ ਗਏ, ਜਿਹੜੇ ਉਹਨੇ ਮੈਨੂੰ ਮਿਲਾਣ ਲਈ ਬੁਲਾਏ ਹੋਏ ਸਨ। ਉਨ੍ਹਾਂ ਵਿਚ ਇਕ ਉਸ ਉਲੰਪਿਕ ਹਾਕੀ ਟੀਮ ਦਾ ਖਿਡਾਰੀ ਸੀ ਜਿਸ ਨੇ ਹਿੰਦੁਸਤਾਨ ਦੀ ਟੀਮ ਨੂੰ ਹਰਾਇਆ ਸੀ, ਇਕ ਸ਼ਾਇਰ ਸੀ, ਤੇ ਇਕ ਅਖ਼ਬਾਰ-ਨਵੀਸ।
ਜਦੋਂ ਅਸੀਂ ਚੰਗੀ ਤਰ੍ਹਾਂ ਇਕ ਦੂਜੇ ਦੇ ਜਾਣੂ ਹੋ ਗਏ ਤਾਂ ਮੈਂ ਕਿਹਾ, “ਅਸੀਂ, ਹਿੰਦੁਸਤਾਨੀ ਤੇ ਪਾਕਿਸਤਾਨੀ, ਖੇਡ ਦੇ ਮੈਦਾਨ ਵਿਚ ਜੰਮ ਜੰਮ ਭਿੜੀਏ, ਸ਼ਾਇਰੀ ਵਿਚ ਮੁਕਾਬਲੇ ਕਰੀਏ, ਪਰ ਇੰਝ ਫੇਰ ਕਦੇ ਨਾ ਹੋਵੇ ਕਿ ਅਸੀਂ ਦੋਏ ਬਰਾਦਰ ਮੁਲਕ ਜੰਗ ਦੇ ਮੈਦਾਨ ਵਿਚ ਇਕ ਦੂਜੇ ਉਤੇ ਟੁੱਟ ਪਈਏ।”
ਓਥੇ ਬੈਠੇ ਸਭਨਾਂ ਨੇ ਇੰਝ ਹੁੰਗਾਰਾ ਭਰਿਆ ਜਿਵੇਂ ਇਹ ਨਿਰੇ ਮੇਰੇ ਦਿਲ ਦੀ ਹੀ ਨਹੀਂ, ਉਨ੍ਹਾਂ ਸਭਨਾਂ ਦੇ ਦਿਲ ਦੀ ਵੀ ਸੱਧਰ ਸੀ।
ਹਮੀਦ ਦੇ ਦੋਸਤ ਜਦੋਂ ਰੁਖ਼ਸਤ ਹੋਏ, ਤਾਂ ਹਮੀਦ ਨੇ ਕਿਹਾ, “ਤੇਰਾ ਗੁਰਦੁਆਰੇ ਪੁੱਜਣ ਦਾ ਵਕਤ ਨੇੜੇ ਆਂਦਾ ਜਾ ਰਿਹਾ ਏ। ਅਸੀਂ ਸਾਰੇ ਤੇਰੇ ਨਾਲ ਚਲਦੇ ਹਾਂ। ਇੰਝ ਕੁਝ ਦੇਰ ਹੋਰ ਇਕੱਠੇ ਰਹਿ ਲਾਂਗੇ।”
ਹਮੀਦ ਨੇ ਆਪਣੀ ਗੁਟਕਣੀ ਜਿਹੀ ਜਪਾਨੀ ਕਾਰ ਗਰਾਜ ਵਿਚੋਂ ਕੱਢੀ। ਵੱਡੀਆਂ ਬੱਚੀਆਂ ਨੇ ਆਪਣੇ ਬਗ਼ੀਚੇ ਵਿਚੋਂ ਫੁੱਲ ਤੋੜ ਕੇ ਮੈਨੂੰ ਦਿੱਤੇ।
ਪਿਛਲੀ ਸੀਟ ਉਤੇ ਭਾਬੀ ਤੇ ਤਿੰਨ ਵੱਡੀਆਂ ਬੱਚੀਆਂ ਬਹਿ ਗਈਆਂ, ਤੇ ਅੱਗੇ ਹਮੀਦ ਦੇ ਨਾਲ ਮੈਂ ਤੇ ਸਭ ਤੋਂ ਛੋਟੀ ਸ਼ੀਰੀਂ।
ਸ਼ੀਰੀਂ ਦੇ ਨਿੱਕੇ ਨਿੱਕੇ ਹੱਥਾਂ ਵਿਚ ਇਕ ਸੂਹਾ ਫੁੱਲ ਸੀ।
ਕਾਰ ਤੁਰ ਪਈ। ਹਮੀਦ ਬੜੀ ਸੁਚੱਜੀ ਤਰ੍ਹਾਂ ਕਾਰ ਚਲਾਂਦਾ ਸੀ।
ਸ਼ੀਰੀਂ ਨੇ ਮੈਨੂੰ ਉਹ ਸੂਹਾ ਫੁੱਲ ਦੇ ਦਿੱਤਾ।
ਮੈਂ ਉਹਦੇ ਫੁੱਲਾਂ ਵਾਲੇ ਹੱਥ ਚੁੰਮ ਲਏ...ਇਹ ਹੱਥ ਜਿਨ੍ਹਾਂ ਨੇ ਮੈਨੂੰ ਫੁੱਲ ਦਿੱਤੇ ਸਨ, ਇਨ੍ਹਾਂ ਨੂੰ ਕਦੀ ਵੀ ਕੋਈ ਪੀੜ ਨਾ ਛੂਹੇ...
ਅਸੀਂ ਲਾਹੌਰ ਦੇ ਬਾਗ਼ ਵਿਚੋਂ ਲੰਘੇ।
ਇਥੇ ਇਸ ਬਾਗ਼ ਵਿਚ ਹਮੀਦ ਨਾਲ ਮੈਂ ਸੁਭਾਸ਼ ਚੰਦਰ ਬੋਸ ਦੀ ਤਕਰੀਰ ਪਹਿਲੀ ਵਾਰ ਸੁਣੀ ਸੀ...
ਉਹ ਸਾਹਮਣੇ ਉਹ ਚੌਂਕ ਸੀ ਜਿਥੇ ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ...
ਤੇ ਇਹ ਰਾਹ ਰਾਵੀ ਵੱਲ ਜਾਂਦਾ ਸੀ।
ਮੈਂ ਹਮੀਦ ਨੂੰ ਕਿਹਾ, “ਗੁਰਦੁਆਰੇ ਪੁੱਜਣ ਵਿਚ ਹਾਲੀ ਵਕਤ ਏ, ਤੂੰ ਮੈਨੂੰ ਰਾਵੀ ਉਤੇ ਲੈ ਚਲ।”
ਕਾਰ ਰਾਵੀ ਵੱਲ ਤੁਰ ਪਈ...ਉਸ ਰਾਵੀ ਵੱਲ ਜਿਸ ਬਾਰੇ ਸਾਡੇ ਇਕ ਸ਼ਾਇਰ ਨੇ ਕਿਹਾ ਏ:
ਸੱਕ ਮਲਦੀਆਂ,
ਰਾਵੀ ਦੇ ਪਾਣੀਆਂ ਨੂੰ,
ਅਗ ਲਾਉਣ ਲਾਹੌਰਨਾਂ ਚਲੀਆਂ ਨੇ।
ਕਾਰ ਇਕ ਪਾਸੇ ਖੜ੍ਹੀ ਕਰ ਕੇ ਅਸੀਂ ਰਾਵੀ-ਕੰਢੇ ਉਤਰੇ।
ਇਸੇ ਰਾਵੀ ਦੇ ਕੰਢੇ ਹੀ ਇਕ ਰੱਖ ਵਿਚ ਭਗਤ ਸਿੰਘ ਦਾ ਸਾਥੀ, ਭਗਵਤੀ ਚਰਨ, ਫ਼ਰੰਗੀ ਰਾਜ ਦੇ ਖ਼ਾਤਮੇ ਲਈ ਬੰਬ ਤਿਆਰ ਕਰਦਾ ਅਚਾਨਕ ਬੰਬ ਫਟ ਜਾਣ ਨਾਲ ਸ਼ਹੀਦ ਹੋਇਆ ਸੀ...
ਤੇ ਇਹਦੇ ਕੰਢੇ ਹੀ ਨਹਿਰੂ ਨੇ ਦੇਸ਼ ਦੀ ਮੁਕੰਮਲ ਆਜ਼ਾਦੀ ਦਾ ਪ੍ਰਣ ਕੌਮ ਵਲੋਂ ਲਿਆ ਸੀ ...
ਤੇ ਉਹ ਰਾਵੀ ਦਾ ਉਹ ਪੁਲ ਸੀ, ਜਿਸ ਦਾ ਜ਼ਿਕਰ ਕਰਦਿਆਂ ਇਕ ਵਾਰ ਮੇਰੀ ਵਹੁਟੀ ਨੂੰ ਗ਼ਸ਼ ਆ ਗਈ ਸੀ—ਆਜ਼ਾਦੀ ਤੋਂ ਪਿਛੋਂ ਇਕ ਕਾਫ਼ਲਾ ਇਸ ਪੁਲ ਉਤੋਂ ਲੰਘ ਰਿਹਾ ਸੀ, ਉਸ ਵਿਚ ਮੇਰੀ ਵਹੁਟੀ ਦੇ ਮਾਂ ਤੇ ਪਿਓ ਵੀ ਸਨ। ਉਨ੍ਹਾਂ ਦੋਵਾਂ ਨੂੰ ਤੇ ਹੋਰ ਕਈਆਂ ਨੂੰ ਪਿਛੋਂ ਕਿਸੇ ਛੁਰਾ ਮਾਰ ਦਿੱਤਾ ਸੀ...
ਤੇ ਅਜਿਹੇ ਪੁਲ ਓਧਰ ਮੇਰੇ ਵੱਲ ਦੇ ਪੰਜਾਬ ਵਿਚ ਵੀ ਥਾਂ ਥਾਂ ਸਨ, ਜਿਨ੍ਹਾਂ ਉਤੋਂ ਲੰਘਦਿਆਂ ਕਾਫ਼ਲਿਆਂ ਵਿਚਲੇ ਲੋਕਾਂ ਨੂੰ ਓਦੋਂ ਛੁਰੇ ਵੱਜੇ ਸਨ...
ਹਨੇਰਾ ਹੋਣ ਲੱਗਾ ਸੀ। ਅਸੀਂ ਕਾਰ ਵਿਚ ਪਰਤ ਆਏ, ਤੇ ਕਾਰ ਗੁਰਦੁਆਰੇ ਵੱਲ ਹੋ ਪਈ।
ਸ਼ੀਰੀਂ ਹੁਣ ਮੇਰੀ ਝੋਲੀ ਵਿਚ ਆਪ ਆ ਗਈ ਸੀ।
ਲਾਹੌਰ ਦੇ ਅਸਮਾਨ ਉਪਰਲਾ ਚੰਨ ਅਗਲੇ ਸ਼ੀਸ਼ੇ ਵਿਚੋਂ ਸ਼ੀਰੀਂ ਨੇ ਮੈਨੂੰ ਵਿਖਾਇਆ, ਤੇ ਤੋਤਲੇ ਬੋਲਾਂ ਵਿਚ ਕਿਹਾ, “ਮਾਮੂੰ-ਮਾਮੂੰ—ਉਹ ਤੰਨ...
ਗੁਰਦੁਆਰਾ ਆ ਗਿਆ ਸੀ। ਅੱਜ ਲਾਹੌਰ ਵਿਚ ਮੇਰੀ ਅਖੀਰਲੀ ਸ਼ਾਮ ਸੀ, ਤੇ ਜਿੰਨੀ ਮਿਆਦ ਇਸ ਪਿਆਰੇ ਸ਼ਹਿਰ ਵਿਚ ਰਹਿਣ ਦੀ ਮਿਲੀ ਸੀ, ਉਹ ਮੁੱਕਣ ਵਾਲੀ ਸੀ।
ਕਾਰ ਤੋਂ ਉਤਰਦਿਆਂ ਅਚਾਨਕ ਸ਼ੀਰੀਂ ਦੀ ਉਂਗਲ ਬੂਹੇ ਵਿਚ ਆ ਗਈ। ਸ਼ੀਰੀ ਡਡਿਆ ਕੇ ਰੋਈ, ਪਰ ‘ਹਾਏ ਮਾਂ’ ਕਹਿਣ ਦੀ ਥਾਂ ਉਹਦੇ ਮੂੰਹੋਂ ‘ਹਾਏ ਮਾਮੂੰ’ ਨਿਕਲਿਆ, ਤੇ ਉਹ ਮੇਰੇ ਨਾਲ ਘੁਟ ਕੇ ਲਗ ਗਈ।
ਮੈਂ ਸ਼ੀਰੀਂ ਦੀ ਉਂਗਲ ਚੁੰਮੀ, ਮੈਂ ਸ਼ੀਰੀਂ ਦਾ ਮੱਥਾ ਚੁੰਮਿਆ।
ਸਾਡੇ ਸਭਨਾਂ ਦੀਆਂ ਅੱਖਾਂ ਗਿੱਲੀਆਂ ਸਨ।
“ਅਲਵਿਦਾ...”
“ਅਲਵਿਦਾ...”
ਸਾਡੇ ਉਪਰ ਦੋਸਤੀ ਦਾ ਚੰਨ ਚਮਕ ਰਿਹਾ ਸੀ।
[1970]