Dushman (Punjabi Story) : Joshua Fazal-ud-Din

ਦੁਸ਼ਮਨ (ਕਹਾਣੀ) : ਜੋਸ਼ੂਆ ਫ਼ਜ਼ਲਦੀਨ

ਉਹ ਇਕ ਚੰਗਾ ਖਾਂਦਾ ਪੀਂਦਾ ਬੰਦਾ ਸੀ।ਸਿਰ ਲੁਕੌਣ ਜੋਗਾ ਆਪਣਾ ਕੋਠਾ ਤੇ ਦਾਣੇ-ਫਕੇ ਨੂੰ ਆਪਣੇ ਦੋ ਚਾਰ ਮੁਰੱਬੇ ਵੀ ਸਨ । ਪਿਉ ਦਾਦੇ ਦਾ ਛੱਜ-ਪਤਰ ਵੀ ਚੰਗਾ ਜੋੜਿਆ ਹੋਇਆ ਸੀ। ਵਾਹਵਾ ਸੋਹਣਾ ਡੰਗ ਪਿਆ ਟੁਰਦਾ ਸੀ । ਆਹਰੇ-ਬਾਹਰੇ ਵਿਚ ਲੋਕੀ ਓਹਦੇ ਨਾਂ ਦਾ ਜਸ ਗਾਉਂਦੇ ਸਨ ਅਤੇ ਸਰਕਾਰੇ ਦਰਬਾਰੇ ਵੀ ਉਹਦੀ ਚੰਗੀ ਮੰਨੀਦੀ ਸੀ।

ਹੈ ਵੀ ਉਹ ਇਕ ਭਲਾ ਲੋਕ ਸੀ। ਸੁਭਾ ਦਾ ਰਤਾ ਕਾਹਲਾ ਸੀ ਪਰ ਦਿਲ ਦਾ ਮਾੜਾ ਨਹੀਂ ਸੀ । ਆਏ ਗਏ ਦੀ ਚੰਗੀ ਖ਼ਾਤਰ ਕਰਦਾ ਸੀ।ਯਾਰਾਂ ਦਾ ਯਾਰ ਸੀ । ਪਿੰਡ ਦਿਆਂ ਸਾਰਿਆਂ ਬੰਦਿਆਂ ਨਾਲ ਉਹਦਾ ਚੰਗਾ ਮੇਲ ਗੇਲ, ਸੀ। ਕੁਝ ਖੁੜਬਾ-ਖੁੜਬੀ ਹੈ ਸੀ ਤਾਂ ਇਕ ਚੌਧਰੀ ਖ਼ੈਰਦੀਨ ਨਾਲ । ਜਦੋਂ ਚਾਰਯਾਰੀ ਵਿਚ ਬਹਿੰਦਾ ਖ਼ੂਬ ਰਾਗ ਰੰਗ ਹੋਂਦੇ। ਉਹ ਪਾਣੀ ਹਾਰ ਰੁਪਿਆ ਆਪਣਿਆਂ ਯਾਰਾਂ ਬੇਲੀਆਂ ਦੀ ਟਹਿਲ ਵਿਚ ਰੋਹੜਦਾ ਅਤੇ ਕਈ ਵਾਰੀ ਕਹਿੰਦਾ: ‘ਯਾਰੋ ਹੋਰ ਤੇ ਮੈਨੂੰ ਇਸ ਪਿੰਡ ਵਿਚ ਕਿਸੇ ਦਾ ਡਰ ਖੌਫ਼ ਨਹੀਂ ਜੇ ਪਰ ਉਸ ਖੈਰੇ ਦਾ ਕੰਡਾ ਚੁਭਦਾ ਰਹਿੰਦਾ ਏ, ਕਿਧਰੇ ਕੋਈ ਦਾ ਪੇਚ ਨ ਲਾ ਜਾਏ।

ਉਹਦੇ ਯਾਰ ਬੇਲੀ ਕਹਿੰਦੇ - ‘ਉਏ ਭਾਈ ਤੂੰ ਉਹਦਾ ਕੋਈ ਭਰਮ ਨ ਕਰ, ਤੇਰੀ ਵਾ ਵਲ ਤਾਂ ਵੇਖੇ, ਅਸੀ ਪੁਠੀ ਖਲ੍ਹ ਲਾਹ ਛਡੀਏ । ਤੂੰ ਜਾਤਾ ਕੀ ਏ ਸਾਨੂੰ, ਤੇਰੇ ਲਈ ਜਾਨ ਵੀ ਦੇਣੀ ਪਏ ਤਾਂ ਅਸਾਂ ਕਦੀ ਦਰੇਗ ਨਹੀਂ ਕਰਨਾ।ਤੂੰ ਓਹਦਾ ਖਿਆਲ ਈ ਦਿਲੋਂ ਕੱਢ ਛਡ, ਉਹ ਹੋਂਦਾ ਕੌਣ ਏ ਸ਼ੁਹਦਾ, ਤੇਰਾ ਵਾਲ ਤਾਂ ਵਿੰਗਾ ਕਰ ਵੇਖੇ !'

ਉਹਦੇ ਹਮਜੋਲੀਏ ਹਮੀਦਾ, ਨੰਦਾ, ਅਮਰੂ ਤੇ ਵਧਾਵਾ ਸਦਾ ਹੀ ਇਹੋ ਜਿਹੀਆਂ ਗਲਾਂ ਨਾਲ ਉਸਨੂੰ ਹੌਸਲਾ ਦਈ ਰਖਦੇ । ਉਹ ਵੀ ਕਹਿੰਦਾ-‘ਯਾਰੋ ਤੁਸੀ ਤੇ ਮੇਰੀ ਜਿੰਦ-ਜਾਨ ਓ, ਆਪਣੇ ਵਿਚ ਤੇ ਤੁਹਾਡੇ ਵਿਚ ਮੈਂ ਕੋਈ ਫ਼ਰਕ ਨਹੀਂ ਵੇਖਦਾ। ਕੀ ਤੁਸੀ ਤੇ ਕੀਹ ਮੈਂ, ਬਸ ਧੜ ਈ ਵਖਰੇ ਨੇ, ਜਾਨ ਤੇ ਵਿਚੋਂ ਇਕੋ ਏ, ਸਾਡੀਆਂ ਰੂਹਾਂ ਮਿਲੀਆਂ ਹੋਈਆਂ ਨੇ, ਰੂਹਾਂ । ਹੋਰ ਗਲ ਕੋਈ ਨਹੀਂ, ਪਰ ਏਹ ਜੇਹੜਾ ਜੇ ਨਾ ਖੈਰਾ, ਏਹ ਮੈਨੂੰ ਸਟ ਫੇਟ ਲਾਣੋਂ ਨਹੀ ਟਲੇਗਾ। ਮੇਰਿਆਂ ਬੰਦਿਆਂ ਨੂੰ ਵੀ ਖਰਾਬ ਕਰਦਾ ਰਹਿੰਦਾ ਏ ।'

ਖ਼ੈਰ ਉਹ ਈਹੋ ਜਿਹੀਆਂ ਗਲਾਂ ਕਰਦਾ ਤੇ ਉਸਦੇ ਯਾਰ ਬੇਲੀ ਉਹਨੂੰ ਹੌਸਲਾ ਦੇਂਦੇ ਰਹਿੰਦੇ ਤੇ ਉਸਦੇ ਪਸੀਨੇ ਦੀ ਥਾਂ ਰਤ ਡੋਲ੍ਹਣ ਦੇ ਇਕਰਾਰ ਕਰਦੇ ।

*****

ਸਮੇਂ ਨੇ ਪਲਟਾ ਖਾਧਾ। ਪੁਲੀਸ ਨੇ ਉਹਦੇ ਘਰ ਛਾਪਾ ਮਾਰਿਆ, ਦਰ-ਬੰਦੀ ਕਰ ਲਈ ਤੇ ਬੰਨ੍ਹਕੇ ਓਹਨੂੰ ਹਵਾਲਾਤ ਲੈ ਗਏ । ਇਲਜ਼ਾਮ ਏਹ ਸੀ ਕਿ ਉਹ ਚੋਰੀ ਦਾ ਮਾਲ ਲੈਂਦਾ ਏ। ਹਫ਼ੀਮ ਤੇ ਕੁਕੀਨ ਆਪਣੇ ਅੰਦਰ ਛਪਾ ਕੇ ਰਖਦਾ ਏ। ਛਪ ਲੁਕ ਕੇ ਸ਼ਰਾਬ ਵੀ ਕਢਾਂਦਾ ਏ। ਥਾਣੇਦਾਰ ਅਜੇ ਨਵਾਂ ਨਵਾਂ ਹੀ ਆਇਆ ਸੀ; ਉਹ ਉਹਦਾ ਜਾਣੂ ਨਹੀਂ ਸੀ ਫਿਰ ਵੀ ਉਹ ਮੰਨ ਗਿਆ ਪਈ ਜੇ ਕੋਈ ਇਸ ਦਾ ਜ਼ਮਾਨਤੀ ਬਣ ਜਾਏ ਤਾਂ ਮੈਂ ਇਹਨੂੰ ਛਡ ਦਿਆਂਗਾ। ਹਵਾਲਾਤ ਵਿਚੋਂ ਉਸ ਨੇ ਆਪਣੇ ਕਾਮੇ ਅਮਰੂ ਨੂੰ ਆਖ ਘਲਿਆ ਪਈ ਜਾ ਕੇ ਹਮੀਦੇ ਨੂੰ ਕਹਿ ਦੇ ਕਿ ਮੇਰੀ ਜ਼ਮਾਨਤ ਦੇਕੇ ਮੈਨੂੰ ਛੁਡਾ ਲੈ ਜਾਵੇ। ਹਮੀਦਾ ਘਰ ਨਹੀਂ ਸੀ। ਕਾਮੇ ਨੇ ਆਕੇ ਦੱਸਿਆ। ਇਸੇ ਤਰ੍ਹਾਂ ਉਸ ਨੇ ਰਹੀਮੇ, ਨੰਦੇ, ਤੇ ਹੋਰਨਾਂ ਯਾਰਾਂ ਬੇਲੀਆਂ ਨੂੰ ਸੁਨੇਹੇ ਘਲੇ ਪਰ ਕੋਈ ਕਿਧਰੇ ਗਿਆ ਸੀ, ਕੋਈ ਕਿਧਰੇ। ਕੋਈ ਵੀ ਘਰ ਨ ਮਿਲਿਆ। ਉਹਨੂੰ ਹਵਾਲਾਤ ਵਿਚ ਥਾਣੇਦਾਰ ਨੇ ਏਹ ਖਬਰ ਪੁਚਾਈ। ਅਫ਼ਸੋਸ ਤਾਂ ਉਹਨੂੰ ਬੜਾ ਹੋਇਆ, ਪਰ ਕਹਿਣ ਲਗਾ: ਕੁਝ ਰਬ ਨੂੰ ਹੀ ਇਹ ਮਨਜ਼ੂਰ ਸੀ ਨਹੀਂ ਤੇ ਜਿਸ ਵੇਲੇ ਮੇਰੀ ਬਾਬਤ ਮੇਰਿਆਂ ਸੰਗੀਆਂ ਬੇਲੀਆਂ ਨੂੰ ਪਤਾ ਲਗਾ, ਉਨ੍ਹਾਂ ਦਾ ਖਾਣ ਪੀਣ ਹਰਾਮ ਹੋ ਜਾਣਾ ਏ। ਚੰਗਾ, ਇਹ ਦਿਨ ਵੀ ਵੇਖਣੇ ਸਨ।

ਅਠ ਪਹਿਰ ਲੰਘ ਗਏ । ਕੋਈ ਜ਼ਮਾਨਤ ਦੇਣ ਵਾਲਾ ਨ ਬਹੁੜਿਆ । ਅਖ਼ੀਰ ਦੂਜੇ ਦਿਨ ਥਾਣੇਦਾਰ ਕੋਲ ਇਕ ਬੰਦਾ ਆਇਆ ਤੇ ਕਹਿਣ ਲਗਾ, ‘ਜਨਾਬ ਮੈਂ ਜ਼ਮਾਨਤ ਤਾਂ ਦੇਂਦਾ ਆਂ ਪਰ ਇਸ ਸ਼ਰਤ ਤੇ ਕਿ ਉਸਨੂੰ ਮੇਰਾ ਨਾਂ ਨ ਦਸਿਆ ਜਾਏ। ਥਾਣੇਦਾਰ ਹੈਰਾਨ ਤੇ ਹੋਇਆ ਪਰ ਕਹਿਣ ਲਗਾ-‘ਅਸਾਂ ਕਾਹਨੂੰ ਦਸਨਾ ਏ ਤੇਰਾ ਨਾਂ, ਸਾਨੂੰ ਤਾਂ ਲੋੜ ਏਹ ਵੇਖਣ ਦੀ ਏ ਕਿ ਤੇਰੇ ਹਥ ਪਲੇ ਵੀ ਕੁਝ ਹੈ ਕਿ ਨਹੀਂ।'

ਆਉਣ ਵਾਲੇ ਨੇ ਹਸ ਕੇ ਜਵਾਬ ਦਿਤਾ ‘ਜਨਾਬ, ਮੈਂ ਇਸਦੇ ਪਿੰਡ ਦਾ ਨੰਬਰਦਾਰ ਹਾਂ ਤੇ ਮੇਰਾ ਨਾਂ ਖ਼ੈਰ ਦੀਨ ਏ, ਜਾਪਦਾ ਏ ਤੁਸਾਂ ਮੈਨੂੰ ਸੰਞਾਤਾ ਨਹੀਂ। ਥਾਣੇਦਾਰ ਨੇ ਜ਼ਮਾਨਤ ਲੈ ਲਈ। ਖ਼ੈਰੇ ਘੋੜੀ ਨੂੰ ਅਡੀ ਮਾਰੀ ਤੇ ਹਵਾ ਨਾਲ ਗਲਾਂ ਕਰਦਾ ਹੋਇਆ ਵਗ ਗਿਆ । ਪਰ ਥਾਣੇ ਵਿਚੋਂ ਤੁਰਨ ਲਗਿਆਂ ਇਨੀ ਗਲ ਜ਼ਰੂਰ ਕਹਿ ਗਿਆ-ਜਨਾਬ, ਯਕੀਨ ਜਾਣੋ, ਉਹ ਬੰਦਾ ਇਹੋ ਜਿਹਾ ਨਹੀਂ ਜੇ, ਰਬ ਜਾਣੇ ਇਸਦੇ ਕੇਹੜੇ ਵੈਰੀ ਨੇ ਇਸ ਨੂੰ ਫਸਾਣ ਲਈ ਏਹ ਜਾਲ ਵਿਛਾਇਆ ਏ।'

ਥਾਣੇਦਾਰ ਨੇ ਹਸ ਕੇ ਕਿਹਾ ‘ਭਈ, ਅਸੀ ਕੋਈ ਲੋਕਾਂ ਦੇ ਘਰ ਤਾਂ ਨਹੀਂ ਝਾਕਦੇ ਫਿਰਦੇ, ਸਾਨੂੰ ਵੀ ਖਬਰ ਦੇਣ ਵਾਲਾ ਤੁਹਾਡੇ ਪਿੰਡ ਦਾ ਬੰਦਾ ਇਸਦਾ ਕੋਈ ਯਾਰ ਬੇਲੀ ਈ ਏ ਨਾ।'

ਜ਼ਮਾਨਤ ਮਨਜ਼ੂਰ ਹੋ ਗਈ। ਥਾਣੇਦਾਰ ਨੇ ਉਸਨੂੰ ਬੁਲਾਇਆ ਤੇ ਕਹਿਣ ਲਗਾ-‘ਲੈ ਭਾਈ ਤੂੰ ਹੁਣ ਜਾ, ਤੇਰੀ ਜ਼ਮਾਨਤ ਸਾਨੂੰ ਮਿਲ ਗਈ ਏ, ਜਦੋਂ ਫਿਰ ਬੁਲਾਈਏ ਹਾਜ਼ਰ ਹੋ ਜਾਵੀਂ ।’

ਉਸਨੇ ਥਾਣੇਦਾਰ ਨੂੰ ਸਲਾਮ ਕੀਤਾ ਤੇ ਕਹਿਣ ਲਗਾ- ‘ਜਨਾਬ ਮੈਂ ਇਹੋ ਜਿਹਾ ਬੰਦਾ ਨਹੀਂ ਜੇ, ਬੇਸ਼ਕ ਪਿੰਡੋਂ ਆਪ ਜਾਕੇ ਪੁਛ-ਪੜਤਾਲ ਕਰ ਲੌ । ਸਾਰੇ ਲੋਕ ਮੇਰੀ ਕਸਮ ਖਾਂਦੇ ਜੇ, ਮੈਂ ਜਾਣਨਾ ਹਾਂ ਏਹ ਜਿਹਦੀ ਕਰਤੂਤ ਏ, ਇਹ ਤਾਂ ਜਨਾਬ ਕੁਝ ਰਬ ਦਾ ਭਾਣਾ ਵਰਤ ਗਿਆ ਏ, ਕਿ ਮੇਰੇ ਯਾਰ ਬੇਲੀ ਇਸ ਵੇਲੇ ਬਾਹਰ ਗਏ ਹੋਏ ਨੇ, ਨਹੀਂ ਤਾਂ ਤੁਸੀ ਆਪ ਵੇਖ ਲੈਂਦੇ, ਮੈਂ ਕਿਹੋ ਜਿਹਾ ਮੈਂ ਬੰਦਾ ਹਾਂ !'

ਥਾਣੇਦਾਰ ਨੇ ਪੁਛਿਆ-‘ਤੇਰੇ ਯਾਰ ਦੋਸਤ ਕੇਹੜੇ ੨ ਨੇ ? ਤੇ ਉਸਨੇ ਉਤ੍ਰ ਦਿਤਾ-‘ਉਂਞ ਤਾਂ ਜਨਾਬ ਬਸ ਇਕ ਖ਼ੈਰੇ ਨੂੰ ਛਡਕੇ ਸਾਰਾ ਪਿੰਡ ਈ ਮੇਰਾ ਆਪਣਾ ਏ, ਪਰ ਜੇ ਕਦੀ ਮੇਰੀ ਬਾਬਤ ਪੁਛਨਾ ਹੋਵੇ ਤਾਂ ਚੌਧਰੀ ਹਮੀਦਉਦੀਨ, ਚੌਧਰੀ ਅਮਰ ਸਿੰਘ, ਲਾਲਾ ਵਧਾਵਾ ਮਲ ਸ਼ਾਹੂਕਾਰ ਕੋਲੋਂ ਜੋ ਜੀ ਚਾਹੇ ਪੁਛ ਲੌ । ਮੈਂ ਜਨਾਬ ਕੋਈ ਇਹੋ ਜਿਹਾ ਬੰਦਾ ਨਹੀਂ ਹਾਂ ।'

ਥਾਣੇਦਾਰ ਨੇ ਹਸਕੇ ਕਿਹਾ-‘ਹਛਾ ਤੇ ਏਹ ਤੇਰੇ ਦੋਸਤ ਨੇ ?' ਤੇ ਉਸ ਨੇ ਕਿਹਾ- ਦੋਸਤ ? ਨਹੀਂ ਸਗੋਂ ਭਰਾ ਕਹੋ, ਸਕੇ ਭਰਾ, ਅਸੀ ਤਾਂ ਇਕ ਦੂਜੇ ਉਤੋਂ ਜਾਨ ਵਾਰਦੇ ਹਾਂ । ਯਾਰੀ ਕੀਹਦਾ ਨਾਂ ਏ ?'

ਥਾਣੇਦਾਰ ਨੇ ਹਸ ਕੇ ਕਿਹਾ-ਹਛਾ ! ਚੰਗਾ ਜਾ ਭਈ ਜਾਹ, ਤੇਰੇ ਜਾਨੀ ਦੋਸਤ ਤੈਨੂੰ ਉਡੀਕਦੇ ਹੋਣਗੇ । ਕਲ ਫਿਰ ਆਵੀਂ ।'

ਉਹ ਚਲਾ ਗਿਆ ਪਰ ਜਾਂਦਿਆਂ ਹੋਇਆਂ ਉਸਨੇ ਇਕ ਕਚੀਚੀ ਵਟੀ ਤੇ ਕਿਹਾ- ਖ਼ੈਰਿਆ, ਚੰਗਾ ਹਥ ਤਾਂ ਕੀਤਾ ਈ ਨਾ, ਪਰ ਮੈਂ, ਮੈਂ ਵੀ ਜੇ ਤੇਰੇ ਟੋਟੇ ਨਾ ਕੀਤੇ ਤਾਂ ਜਟ ਦਾ ਪੁੱਤਰ ਨ ਆਖੀਂ ।'

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜੋਸ਼ੂਆ ਫ਼ਜ਼ਲਦੀਨ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •