Ekta Zindabad (Punjabi Story) : Omkar Sood Bahona

ਏਕਤਾ ਜ਼ਿੰਦਾਬਾਦ (ਕਹਾਣੀ) : ਓਮਕਾਰ ਸੂਦ ਬਹੋਨਾ

ਪੂਹਤੀ ਮਾਮੇ ਦੇ ਮੁੰਡੇ ਦਾ ਵਿਆਹ ਵੇਖ ਕੇ ਨਾਨਕਿਆਂ ਤੋਂ ਵਾਪਸ ਆ ਗਈ ਸੀ । ਊਂ ਤਾਂ ਉਹਦਾ ਨਾਂ ਪ੍ਰਮਿੰਦਰ ਸੀ ਪਰ ਪਿਆਰ ਨਾਲ ਸਾਰੇ ਉਹਨੂੰ ਪੂਹਤੀ ਹੀ ਸੱਦਦੇ ਸਨ । ਉਹ ਘਰ ਦੀ ਰੌਣਕ ਸੀ । ਹਰ ਵੇਲੇ ਤਿਤਲੀ ਵਾਂਗ ਟਹਿਕਦੀ ਰਹਿੰਦੀ ਸੀ । ਪੜ੍ਹਨ ਵਿੱਚ ਹੁਸ਼ਿਆਰ ਅਤੇ ਖੇਡਾਂ ਵਿੱਚ ਵੀ ਮੋਹਰੀ ਸੀ । ਉਹ ਚੌਥੀ ਜਮਾਤ ਵਿੱਚ ਪੜ੍ਹਦੀ ਸੀ । ਆਪਣੇ ਜਮਾਤੀ ਮੁੰਡੇ-ਕੁੜੀਆਂ ਵਿੱਚ ਬਹੁਤ ਹੀ ਹਰਮਨ ਪਿਆਰੀ ਸੀ । ਉਹ ਸਕੂਲੋਂ ਆ ਕੇ ਆਪਣੀ ਮਾਂ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ । ਫਿਰ ਹੌਮ ਵਰਕ ਕਰਦੀ । ਘਰ ਆਏ ਅਖਬਾਰ ਅਤੇ ਬਾਲ ਰਸਾਲੇ ਪੜ੍ਹਦੀ । ਸ਼ਾਮ ਨੂੰ ਧਰਮਸ਼ਾਲਾ ਵਿੱਚ ਖੇਡ ਰਹੇ ਬੱਚਿਆਂ ਨਾਲ ਜਾ ਕੇ ਖੇਡਦੀ । ਉੱਥੇ ਕੁੜੀਆਂ-ਮੁੰਡੇ ਸਭ ਰਲ-ਮਿਲ ਕੇ ਖੇਡਦੇ ਸਨ,ਬਿਨਾਂ ਕਿਸੇ ਭੇਦ-ਭਾਵ ਜਾਂ ਲੜਾਈ ਝਗੜੇ ਦੇ । ਹੁਣ ਜਦੋਂ ਪੂਹਤੀ ਨਾਨਕਿਆਂ ਤੋਂ ਵਾਪਸ ਆਈ ਸੀ ਤਾਂ ਧਰਮਸ਼ਾਲਾ ਵਿੱਚ ਕੋਈ ਵੀ ਬੱਚਾ ਖੇਡਣ ਵਾਸਤੇ ਨਹੀਂ ਸੀ ਆ ਰਿਹਾ । ਪੂਹਤੀ ਦੋ ਦਿਨਾਂ ਤੋਂ ਵੇਖ ਰਹੀ ਸੀ ਸੁੰਨੀ ਧਰਮਸ਼ਾਲਾ । ਅੱਗੇ ਤਾਂ ਸ਼ਾਮ ਹੁੰਦਿਆਂ ਹੀ ਧਰਮਸ਼ਾਲਾ ਵਿੱਚ ਬੱਚਿਆਂ ਦੀ ਰੌਣਕ ਲੱਗ ਜਾਂਦੀ ਸੀ । ਨਿੱਕੇ-ਨਿੱਕੇ ਕੁੜੀਆਂ ਮੁੰਡੇ ਬਾਗਾਂ ਵਿੱਚ ਖਿੜੇ ਰੰਗ-ਬਰੰਗੇ ਫੁੱਲਾਂ ਵਾਂਗ ਟਹਿਕੇ-ਟਹਿਕੇ ਭੱਜੇ ਫਿਰਦੇ ਨਜ਼ਰੀਂ ਆਉਂਦੇ ਸਨ । ਪਰ ਹੁਣ ਕੀ ਹੋ ਗਿਆ ਸੀ ? ਕੋਈ ਵੀ ਬੱਚਾ ਖੇਡਣ ਨਹੀਂ ਸੀ ਆ ਰਿਹਾ । ਪੂਹਤੀ ਹੈਰਾਨ ਸੀ!

ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ । ਉਹਨੇ ਸੋਚਿਆ ਸ਼ਾਇਦ ਬੱਚੇ ਛੁੱਟੀਆਂ ਵਿੱਚ ਘੁੰਮਣ ਫਿਰਨ ਕਿਤੇ ਬਾਹਰ ਚਲੇ ਗਏ ਹੋਣ!ਪਰ ਇੱਕ ਦਿਨ ਪਾਲੇ ਕੀ ਮਿੰਦ੍ਹੋ ਪੂਹਤੀ ਨੂੰ ਗਲੀ ਵਿੱਚ ਟੱਕਰੀ । ਮਿੰਦ੍ਹੋ ਨੇ ਦੱਸਿਆ ਕਿ ਛੁੱਟੀਆਂ ਵਿੱਚ ਬਾਹਰ ਤਾਂ ਬੱਸ ਰਾਜੂ ਹੀ ਗਿਆ ਹੈ । ਬਾਕੀ ਸਾਰੇ ਤਾਂ ਦੇਬੂ ਦੇ ਡਰਾਏ ਹੀ ਨਹੀਂ ਆਉਂਦੇ ਖੇਡਣ!ਸੱਚ-ਮੁੱਚ ਨਾਈਆਂ ਦਾ ਦੇਬੂ ਸਾਰੇ ਬੱਚਿਆਂ ਲਈ ਹਊਆ ਬਣਿਆ ਹੋਇਆ ਸੀ । ਦੇਬੂ ਸੱਤਵੀਂ ਵਿੱਚ ਪੜ੍ਹਦਾ ਸੀ । ਉਹ ਇੱਕ ਦਿਨ ਧਰਮਸ਼ਾਲਾ ਵਿੱਚ ਆ ਧਮਕਿਆ । ਬਿਨਾਂ ਕਿਸੇ ਗੱਲ ਤੋਂ ਕ੍ਰਿਕਟ ਖੇਡ ਰਹੇ ਬੱਚਿਆਂ ਨੂੰ ਧਮਕਾਉਂਦਿਆਂ ਗੇਂਦ ਚੁੱਕ ਕੇ ਖੂਹੀ ਵਿੱਚ ਸੁੱਟ ਦਿਤੀ । ਵਿਕਟਾਂ ਦੀ ਥਾਂ ਜੋ ਇੱਟਾਂ ਖੜ੍ਹੀਆਂ ਕੀਤੀਆਂ ਸਨ ਉਹ ਵੀ ਪੈਰ ਮਾਰ ਕੇ ਡੇਗ ਦਿੱਤੀਆਂ । ਸ਼ਾਮੂ ਦੇ ਹੱਥ 'ਚ ਫੜੀ ਲੱਕੜ ਦੀ ਫੱਟੀ (ਜਿਸ ਤੋਂ ਉਹ ਬੱਲੇ ਦਾ ਕੰਮ ਲੈਂਦੇ ਸਨ) ਖੋਹ ਕੇ ਕੰਧ ਤੋਂ ਬਾਹਰ ਸੁੱਟ ਦਿੱਤੀ ਸੀ ।

"ਇਹ ਕੀ ਬਦਤਮੀਜ਼ੀ ਕਰਦੈਂ ਦੇਬੂ ?"ਸ਼ਾਮੂ ਬੱਲਾ ਖੋਹ ਰਹੇ ਦੇਬੂ ਨੂੰ ਗੁੱਸੇ ਨਾਲ ਬੋਲਿਆ ਸੀ,ਪਰ ਉਹ ਸ਼ਾਮੂ ਤੋਂ ਵੱਡਾ ਤੇ ਤਕੜਾ ਵੀ ਸੀ । ਉਹਨੇ ਸ਼ਾਮੂ ਨੂੰ ਧੱਕਾ ਮਾਰ ਕੇ ਭੁੰਜੇ ਸੁਟ ਦਿੱਤਾ ਸੀ । ਨਾਲੇ ਰੋਹਬ ਨਾਲ ਬੋਲਿਆ ਸੀ, "ਧਰਮਸ਼ਾਲਾ ਵਿੱਚ ਕੱਲ੍ਹ ਤੋਂ ਜੇ ਖੇਡਣ ਆਏ ਤਾਂ ਜਬਾੜ੍ਹੇ ਤੋੜ ਦਊਂ ਸਾਰਿਆਂ ਦੇ! ਜਾ ਕੇ ਹੋਰ ਕਿਤੇ ਖੇਡੋ-ਨਹੀਂ ਨਾ ਖੇਡੋ । ਇੱਥੇ ਮੈਂ ਇਕੱਲਾ ਹੀ ਖੇਡਾਂਗਾ!" ਦੇਬੂ ਦੀ ਵੰਗਾਰ ਸੁਣ ਸਭ ਚੁੱਪ ਕਰ ਗਏ ਸਨ । ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਕਿ ਦੇਬੂ ਮੂਹਰੇ ਬੋਲ ਸਕਦਾ । ਸਗੋਂ ਦੇਵਾ, ਨਾਮ੍ਹਾ, ਤੁੱਲ੍ਹੋ, ਮਿੰਦ੍ਹੋ, ਭਿਨਾ…………ਸਾਰੇ ਦੇ ਸਾਰੇ ਬਾਰਾਂ ਬੱਚੇ ਨੀਵੀਆਂ ਪਾਈ ਚੁੱਪਚਾਪ ਘਰਾਂ ਨੂੰ ਤੁਰ ਗਏ ਸਨ ਤੇ ਡਰਦੇ ਮਾਰੇ ਧਰਮਸ਼ਾਲਾ ਵਿੱਚ ਆਉਣੋ ਹੀ ਹਟ ਗਏ ਸਨ ।

ਅਗਲੇ ਦਿਨ ਪੂਹਤੀ ਨੇ ਸਾਰੇ ਬੱਚੇ ਘਰਾਂ ਵਿੱਚੋਂ ਸੱਦ ਕੇ ਧਰਮਸ਼ਾਲਾ ਵਿੱਚ ਇਕੱਠੇ ਕਰ ਲਏ । ਦੇਬੂ ਦੀ ਧੱਕੇਸ਼ਾਹੀ ਤੋਂ ਡਰਨ ਕਰਕੇ ਸਭ ਨੂੰ ਲਾਹਣਤਾਂ ਪਾਈਆਂ । ਪੂਹਤੀ ਰੋਹ ਵਿੱਚ ਬੋਲੀ, "ਕੱਲ੍ਹ ਨੂੰ ਦੇਬੂ ਆ ਕੇ ਕਹੂ ਆਪਣਾ ਘਰ ਖਾਲੀ ਕਰ ਦਿਓ ਤਾਂ ਤੁਸੀਂ ਘਰ ਛੱਡ ਕੇ ਭੱਜ ਜਾਓਗੇ ? ਦੇਬੂ ਇੱਕ ਤੇ ਤੁਸੀਂ ਬਾਰਾਂ ਜਾਣੇ, ਫਿਰ ਵੀ ਮਾਰ ਖਾ ਲਈ! ਝੂਠੀ ਵੰਗਾਰ ਸੁਣ ਕੇ ਡਰ ਗਏ । ਮੈਦਾਨ ਛੱਡ ਕੇ ਭੱਜਣਾ ਸੂਰਿਮਆਂ ਦਾ ਕੰਮ ਨਹੀਂ ਹੁੰਦਾ । ਵਾਹ! ਉਏ ਮਾਂ ਦਿਓ ਲਾਲੋ………ਉਹ ਵੀ ਤਾਂ ਬਾਲ ਹੀ ਸਨ……!" ਤੇ ਪੂਹਤੀ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਦੀ ਬਹਾਦਰੀ ਦੀ ਕਹਾਣੀ ਸੁਣਾਉਣ ਲੱਗ ਪਈ ਜੋ ਉਹਨੇ ਆਪਣੀ ਦਾਦੀ ਜੀ ਤੋਂ ਸੁਣੀ ਸੀ । ਪੂਹਤੀ ਸੀ ਭਾਵੇਂ ਨਿੱਕੀ ਜਿਹੀ, ਪਰ ਉਹਦਾ ਹੌਸਲਾ ਬੁਲੰਦ ਸੀ ਰਾਣੀ ਝਾਂਸੀ ਵਾਂਗ! ਆਪਣੀਆਂ ਗੱਲਾਂ ਨਾਲ ਪੂਹਤੀ ਨੇ ਡਰ ਗਏ ਬੱਚਿਆਂ ਦੇ ਦਿਲਾਂ ਵਿੱਚ ਹੌਸਲੇ ਦਾ ਚਿਰਾਗ ਬਾਲ ਦਿੱਤਾ ਸੀ । ਉਹੀ ਬੱਚੇ ਜੋ ਕੱਲ੍ਹ ਇੱਕ ਦੇਬੂ ਕੋਲੋਂ ਡਰ ਗਏ ਸਨ, ਅੱਜ ਕਈ ਦੇਬੂਆਂ ਦਾ ਟਾਕਰਾ ਕਰਨ ਦੀ ਸ਼ਕਤੀ ਨਾਲ ਭਰ ਗਏ ਸਨ । ਧਰਮਸ਼ਾਲਾ ਵਿੱਚ ਇੱਕ ਜ਼ੋਰਦਾਰ ਨਾਹਰਾ ਗੂੰਜਿਆ, "ਸਾਡੀ ਏਕਤਾ -ਜ਼ਿੰਦਾਬਾਦ !!!"

ਹੁਣ ਧਰਮਸ਼ਾਲਾ ਵਿੱਚ ਪਹਿਲਾਂ ਵਾਲੀ ਰੌਣਕ ਫਿਰ ਪਰਤ ਆਈ ਸੀ । ਕੁੜੀਆਂ ਮੁੰਡੇ ਰਲ ਕੇ ਖੇਡਣ ਲੱਗ ਗਏ ਸਨ । ਨਾ ਕੋਈ ਲੜਦਾ ਸੀ ,ਨਾ ਕੋਈ ਝਗੜਦਾ ਸੀ । ਧਰਮਸ਼ਾਲਾ ਵਿੱਚ ਸ਼ਾਮ ਨੂੰ ਖੇਡਣ ਵਾਲੇ ਬੱਚਿਆਂ ਦਾ ਮੇਲਾ ਲੱਗ ਜਾਂਦਾ ਸੀ । ਫੁੱਲਾਂ ਵਾਂਗ ਖਿੜੇ ਬੱਚੇ ਕਿਲਕਾਰੀਆਂ ਮਾਰਦੇ, ਹੱਸਦੇ, ਟਹਿਕਦੇ ਤੇ ਚੰਨ ਵਾਂਗ ਆਪਣੇ ਪਿਆਰ ਅਤੇ ਏਕਤਾ ਦੀ ਸ਼ਾਂਤ ਰੌਸ਼ਨੀ ਬਖੇਰਦੇ । ਇੱਥੇ ਨਾ ਕੋਈ ਉੱਚਾ ਸੀ, ਨਾ ਨੀਵਾਂ । ਨਾ ਕੋਈ ਜਾਤ ਸੀ, ਨਾ ਮਜ਼੍ਹਬ । ਸਭ ਬੱਚੇ, ਬੱਚੇ ਸਨ । ਰੰਗ-ਬਰੰਗੇ ਫੁੱਲਾਂ ਵਰਗੇ । ਮਹਿਕੇ-ਮਹਿਕੇ,ਖਿੜੇ-ਖਿੜੇ ਬੱਚੇ । ਇਹ ਖੁਸ਼ੀ ,ਇਹ ਖੇੜਾ ਸਭ ਨੂੰ ਪਰਵਾਨ ਸੀ ਪਰ ਇੱਕ ਦੇਬੂ ਸੀ ਜੋ ਔਰੰਗਜ਼ੇਬ ਵਾਂਗ ਸਭ ਨੂੰ ਆਪਣੇ ਹੀ ਰੰਗ ਵਿੱਚ ਰੰਗਣਾ ਚਾਹੁੰਦਾ ਸੀ । ਉਹ ਨਹੀਂ ਸੀ ਚਾਹੁੰਦਾ ਏਕਤਾ ਹੋਵੇ, ਖੇੜਾ ਹੋਵੇ!ਉਹ ਚਾਹੁੰਦਾ ਸੀ ਮੈਂ ਹੋਵਾਂ, ਮੇਰੇ ਰੰਗ ਵਿੱਚ ਰੰਗੇ ਸਭ ਹੋਣ । ਸਭ ਮੇਰੇ ਅਧੀਨ ਹੋਣ । ਸਭ ਮੇਰੇ ਹੀ ਮਨ ਦੀ ਗੱਲ ਸੁਣਨ ।

ਇੱਕ ਦਿਨ ਦੇਬੂ ਤੂਤ ਦਾ ਖੂੰਡਾ ਲੈ ਕੇ ਧਰਮਸ਼ਾਲਾ ਵਿੱਚ ਆ ਧਮਕਿਆ । ਆਉਂਦਿਆਂ ਹੀ ਦਹਾੜਿਆ, "ਖਾਲੀ ਕਰ ਦਿਓ ਧਰਮਸ਼ਾਲਾ! ਮੈਂ ਇੱਥੇ ਇਕੱਲਾ ਹੀ ਖੇਡਾਂਗਾ!" ਪੂਹਤੀ ਹਵਾ ਵਾਂਗ ਦੇਬੂ ਦੇ ਮੂਹਰੇ ਆ ਗਈ । ਬੋਲੀ, "ਨਾ ਦੇਬੂ ਵੀਰਿਆ, ਤੂੰ ਵੀ ਖੇਡ ਲੈ, ਅਸੀਂ ਵੀ ਖੇਡ ਲੈਂਦੇ ਹਾਂ । ਸਭ ਰਲ ਕੇ ਖੇਡਦੇ ਹਾਂ । ਇਕੱਲਾ ਤਾਂ ਉਜਾੜ ਵਿੱਚ ਰੁੱਖ ਵੀ ਉਦਾਸ ਹੋ ਜਾਂਦਾ ਹੈ । ਇਕੱਲਾ ਤਾਂ ਇੱਕ ਹੁੰਦਾ ਹੈ, ਜੋ ਹਾਰ ਦੀ ਨਿਸ਼ਾਨੀ ਹੈ । ਮੈਂ ਦਾ ਅਰਥ ਪਤਾ ਕੀ ਹੁੰਦਾ ਹੈ, ਮੈਂ ਦਾ ਅਰਥ ਹੈ ਇਕੱਲਤਾ!"

"ਨਸੀਹਤਾਂ ਨਾ ਦੇਹ ਮੈਨੂੰ, ਭੱਜ ਜਾਓ ਇੱਥੋਂ! ਨਹੀਂ ਤਾਂ ਖੂੰਡੇ ਮਾਰ-ਮਾਰ ਕੇ ਪੁੜ ਪੁੜੀਆਂ ਸੇਕ ਦਊਂ!" ਦੇਬੂ ਨੇ ਪੂਹਤੀ ਦੀ ਗੱਲ ਅੱਧ-ਵਿਚਕਾਰੋਂ ਕੱਟ ਕੇ ਖੂੰਡਾ ਠਾਹ ਦੇਣੇ ਧਰਤੀ 'ਤੇ ਮਾਰ ਕੇ ਰੋਹਬ ਨਾਲ ਆਖਿਆ ਸੀ । ਪਰ ਫਿਰ ਵੀ ਸਾਰੇ ਬੱਚਿਆਂ ਨੇ ਦੇਬੂ ਨੂੰ ਵਾਰ-ਵਾਰ ਸਮਝਾਇਆ । ਤਰਲੇ ਪਾਏ । ਮਿੰਨਤਾਂ ਕੀਤੀਆਂ ਪਰ ਦੇਬੂ ਟੱਸ ਤੋਂ ਮੱਸ ਨਾ ਹੋਇਆ । ਸਗੋਂ ਢੀਠਾਂ ਵਾਂਗ ਆਪਣੀ ਜ਼ਿਦ 'ਤੇ ਅੜਿਆ ਰਿਹਾ । ਅਖੀਰ ਅੱਕ ਕੇ ਪੂਹਤੀ ਨੇ ਕਹਿ ਹੀ ਦਿੱਤਾ, "ਦੇਬਿਆ ਅਸੀਂ ਤਾਂ ਸਾਰੇ ਇੱਥੇ ਹੀ ਖੇਡਾਂਗੇ! ਤੂੰ ਲਾ ਲੈ ਜਿਹੜਾ ਜ਼ੋਰ ਲਾਉਣਾ ਸਿਰ ਤੋਂ ਪੈਰਾਂ ਤੀਕ!"

ਪੂਹਤੀ ਦੀ ਵੰਗਾਰ ਸੁਣ ਕੇ ਦੇਬੂ ਦੀਆਂ ਅੱਖਾਂ ਲਾਲ ਹੋ ਗਈਆਂ । ਉਹ ਗੁੱਸੇ ਨਾਲ ਕੰਬਣ ਲੱਗ ਪਿਆ । ਝਈ ਲੈ ਕੇ ਪੂਹਤੀ ਵੱਲ ਵਧਿਆ । ਪੂਹਤੀ ਤੱਕ ਅੱਪੜਨ ਤੋਂ ਪਹਿਲਾਂ ਹੀ ਸ਼ਾਮੂ ਤੇ ਤੁਲ੍ਹੋ ਨੇ ਦੇਬੂ ਨੂੰ ਜੱਫੇ ਮਾਰ ਕੇ ਧਰਤੀ ਤੇ ਸੁਟ ਲਿਆ । ਫਿਰ ਪੂਹਤੀ ਸਮੇਤ ਬਾਕੀ ਸਾਰੇ ਬੱਚੇ ਵੀ ਪੈ ਨਿਕਲੇ । ਉਹ ਦੇਬੂ ਨੂੰ ਕਿੰਨਾ ਹੀ ਚਿਰ ਮਧੋਲੀ ਗਏ । ਦੇਬੂ ਦੇ ਕੂਹਣੀਆਂ ਅਤੇ ਗੋਡੇ ਥਾਂ ਥਾਂ ਤੋਂ ਉੱਚੜ ਗਏ । ਨੱਕ 'ਚੋਂ ਖੂਨ ਰਿਸਣ ਲੱਗ ਪਿਆ । ਅਖੀਰ ਉਹ ਆਪਣੀ ਖਿੱਦੋ ਅਤੇ ਖੂੰਡਾ ਥਾਏਂ ਛੱਡ ਕੇ ਦੌੜ ਗਿਆ । 'ਜਾਨ ਬਚੀ ਸੋ ਲਾਖੋਂ ਪਾਏ' ਦੇ ਅਖਾਣ ਮੁਤਾਬਕ ਦੇਬੂ ਨੇ ਭੱਜ ਕੇ ਸੁਖ ਦਾ ਸਾਹ ਲਿਆ ਸੀ । ਫਿਰ ਸਾਰੇ ਬੱਚੇ ਦੇਬੂ ਨੂੰ ਭਜਾਉਣ ਦੀ ਖੁਸ਼ੀ ਵਿੱਚ ਹੱਸਦਿਆਂ 'ਸਾਡੀ ਏਕਤਾ-ਜ਼ਿੰਦਾਬਾਦ' ਦਾ ਨਾਹਰਾ ਲਗਾਉਂਦਿਆਂ ਮੁੜ ਖੇਡਣ ਲੱਗ ਪਏ । ਉਸ ਤੋਂ ਬਾਅਦ ਦੇਬੂ ਦਾ ਮੁੜ ਧਰਮਸ਼ਾਲਾ ਵਿੱਚ ਆਉਣ ਦਾ ਕਦੇ ਹੌਂਸਲਾ ਨਾ ਪਿਆ । ਪਰ ਹਾਂ, ਸਾਰੇ ਬੱਚੇ ਦੇਬੂ ਨੂੰ ਰਲ-ਮਿਲ ਕੇ ਖੇਡਣ ਲਈ ਸੁਨੇਹੇ ਜ਼ਰੂਰ ਘੱਲਦੇ ਰਹੇ………!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ