ਗਧੇ ਦਾ ਸੁਪਨਾ : ਫ਼ਰਾਂਜ਼ ਕਾਫ਼ਕਾ
ਮੈਂ ਸੁਪਨੇ ਵਿੱਚ ਇੱਕ ਗਧਾ ਵੇਖਿਆ ਜੋ ਭੂਰੇ ਸ਼ਿਕਾਰੀ ਕੁੱਤੇ ਵਰਗਾ ਸੀ। ਇਸਦੀਆਂ ਹਰਕਤਾਂ ਬਹੁਤ ਇਹਤਿਆਤ ਪਸੰਦ ਜਾਨਵਰ ਵਾਲੀਆਂ ਸੀ।
ਮੈਂ ਬੜੀ ਗੌਰ ਨਾਲ ਇਸਨੂੰ ਵਾਚਿਆ ਕਿਉਂਕਿ ਮੈਂ ਭਲੀਭਾਂਤ ਜਾਣਦਾ ਸੀ ਕਿ ਇਹ ਇੱਕ ਅਸਲੋਂ ਅਸਾਧਾਰਣ ਵਰਤਾਰਾ ਸੀ। ਮੈਂ ਇਸਨੂੰ ਬਹੁਤ ਨੇੜੇ ਤੋਂ
ਵੇਖਿਆ ਪਰ ਕੇਵਲ ਇਤਨਾ ਚੇਤੇ ਹੈ ਕਿ ਉਸ ਦੇ ਪੈਰ ਛੋਟੇ ਅਤੇ ਮਨੁੱਖੀ ਪੈਰਾਂ ਨਾਲ ਮਿਲਦੇ-ਜੁਲਦੇ ਸਨ ਅਤੇ ਮੈਨੂੰ ਲੰਬਾਈ ਤੇ ਇੱਕਰੂਪਤਾ ਕਾਰਨ
ਚੰਗੇ ਨਾ ਲੱਗੇ। ਮੈਂ ਉਸਨੂੰ ਸਰੂ ਦੇ ਤਾਜ਼ੇ ਅਤੇ ਗੂੜ੍ਹੇ ਹਰੇ ਪੱਤਿਆਂ ਦਾ ਗੁੱਛਾ ਪੇਸ਼ ਕੀਤਾ, ਜਿਹੜਾ ਮੈਨੂੰ ਹੁਣੇ ਹੁਣੇ ਇੱਕ ਬੁਢੀ ਜ਼ਿਊਰਿਖ ਔਰਤ ਕੋਲੋਂ ਮਿਲਿਆ
ਸੀ ( ਇਹ ਘਟਨਾ ਜ਼ਿਊਰਿਖ ਦੀ ਹੈ) ਗਧੇ ਨੂੰ ਇਨ੍ਹਾਂ ਦੀ ਹਾਜਤ ਨਹੀਂ ਸੀ ਕਿਉਂਜੋ ਉਸਨੇ ਪੱਤਿਆਂ ਨੂੰ ਹਕਾਰਤ ਨਾਲ ਸੁੰਘਿਆ ਅਤੇ ਛੱਡ ਦਿੱਤਾ। ਪਰ ਜਦੋਂ
ਮੈਂ ਪੱਤਿਆਂ ਦਾ ਗੁੱਛਾ ਮੇਜ਼ ਉੱਤੇ ਰੱਖ ਦਿੱਤਾ ਤਾਂ ਉਹ ਇਸ ਨੂੰ ਪੂਰੀ ਤਰ੍ਹਾਂ ਖਾ ਗਿਆ, ਕਿ ਮੇਜ਼ ਉੱਤੇ ਸ਼ਾਹ ਬਲੂਤ ਦੇ ਫਲ ਨਾਲ ਮਿਲਦੀ-ਜੁਲਦੀ ਇੱਕ ਬੇਪਛਾਣ
ਜਿਹੀ ਗਿਟਕ ਬਾਕੀ ਰਹਿ ਗਈ। ਬਾਅਦ ਵਿੱਚ ਚਰਚਾ ਚੱਲੀ ਕਿ ਇਹ ਗਧਾ ਆਪਣੀ ਚਾਰ ਟੰਗਾਂ ਭਾਰ ਅਜੇ ਤੱਕ ਕਦੇ ਨਹੀਂ ਹੋਇਆ ਹੈ ਸਗੋਂ ਇੱਕ ਇਨਸਾਨ
ਦੀ ਤਰ੍ਹਾਂ ਆਪਣੇ ਦੋ ਪੈਰਾਂ ਭਾਰ ਖੜਾ ਹੋ ਜਾਂਦਾ ਹੈ ਅਤੇ ਇਵੇਂ ਆਉਣ ਜਾਣ ਵਾਲਿਆਂ ਨੂੰ ਇਹ ਆਪਣੀ ਚਾਂਦੀ ਦੀ ਤਰ੍ਹਾਂ ਚਮਕਦੀ ਹੋਈ ਛਾਤੀ ਅਤੇ ਨਿੱਕੀ
ਜਿਹੀ ਢਿੱਡੀ ਦਿਖਾਉਂਦਾ ਰਹਿੰਦਾ ਹੈ। ਦਰਅਸਲ ਇਹ ਗੱਲ ਸੱਚੀ ਨਹੀਂ ਸੀ।
(ਫ਼ਰਾਂਜ਼ ਕਾਫ਼ਕਾ ਦੀਆਂ ਡਾਇਰੀਆਂ ਵਿੱਚੋਂ ਇੱਕ ਟੋਟਾ)
(ਅਨੁਵਾਦਕ : ਚਰਨ ਗਿੱਲ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |