Garam Baraf (Russian Story in Punjabi) : Yuri Bondarev
ਗਰਮ ਬਰਫ਼ (ਰੂਸੀ ਕਹਾਣੀ) : ਯੂਰੀ ਬੋਨਦਾਰੇਵ
ਬੇਸੋਨੋਵ ਨੇ ਜਦੋਂ ਟੈਂਕ ਤੇ ਮਸ਼ੀਨਬੰਦ ਦਸਤਿਆਂ ਨਾਲ ਹਮਲਾ ਕਰਨ ਦਾ ਸਿਗਨਲ ਦੇਣ ਦਾ ਹੁਕਮ ਦੇ ਦਿੱਤਾ ਤਾਂ ਉਸ ਤੋਂ ਚਾਲੀ ਮਿੰਟ ਬਾਦ ਪਿੰਡ ਦੇ ਉੱਤਰੀ ਹਲਕੇ ਵਿਚ ਆਖਰੀ ਫੈਸਲਾਕੁੰਨ ਲੜਾਈ ਹੋ ਰਹੀ ਸੀ।
ਨਿਗਰਾਨ ਚੌਕੀ ਤੋਂ ਉਹ ਪਿੰਡ ਦੀਆਂ ਗਲੀਆਂ ਤੇ ਬਾਹਰ-ਵਾਰ ਦੇ ਇਲਾਕਿਆਂ ਵਿਚ ਛਿੜੀ ਟੈਕਾਂ ਦੀ ਲੜਾਈ ਨੂੰ ਵੇਖ ਰਿਹਾ ਸੀ।ਉੱਚੀ ਥਾਂ ਤੋਂ ਹਨ੍ਹੇਰੇ ਵਿਚ ਵੇਖਿਆਂ, ਅਤੇ ਸ਼ਾਇਦ ਇਸ ਕਰਕੇ ਵੀ ਕਿ ਆਦਮੀ ਦਾ ਕੋਈ ਨਾਂ-ਨਿਸ਼ਾਨ ਨਜ਼ਰ ਨਹੀਂ ਸੀ ਆਉਂਦਾ, ਜਾਪਦਾ ਸੀ ਕਿ ਇਕ ਦੂਜੇ ਦੇ ਉੱਤੇ ਚੜ੍ਹ ਕੇ ਬੜੀ ਘਮਸਾਨ ਦੀ ਡਟਵੀਂ ਲੜਾਈ ਹੋ ਰਹੀ ਸੀ। ਪਿੰਡ ਦੇ ਬਾਹਰ ਦੇ ਸਾਰੇ ਇਲਾਕੇ ਵਿਚੋਂ ਤੋਪਾਂ ਦੇ ਗੋਲੇ ਠਾਹ-ਠਾਹ ਕਰ ਰਹੇ ਸਨ। ਘਰਾਂ ਮਕਾਨਾਂ ਵਿਚਕਾਰ “ਕਾਤੀਊਸ਼ਾ” ਰਾਕਟਾਂ ਦਾ ਝੱਖੜ ਝੁੱਲਿਆ ਹੋਇਆ ਸੀ। ਜਿਹੜੇ ਟੈਂਕ ਇਕ ਦੂਜੇ ਨਾਲ ਭਿੜ ਗਏ ਸਨ ਉਹ ਚੁਰੱਸਤਿਆਂ ਵਿਚ ਖੜੇ ਮੱਚ ਰਹੇ ਸਨ। ਚਾਰ ਚੁਫੇਰੇ ਤੋਂ ਉੱਠਦੀਆਂ ਅੱਗ ਦੀਆਂ ਲਾਟਾਂ ਵਿਚ, ਗੁਲਾਬੀ ਜਿਹੇ ਲੋਹੇ ਦੇ ਦੈਂਤ, ਇਉਂ ਚਮਕਦੇ ਜਿਵੇਂ ਕੋਈ ਮੁੜ੍ਹਕੋ- ਮੁੜ੍ਹਕੀ ਹੋਇਆ ਹੋਵੇ।ਕੰਢੇ ਦੇ ਨਾਲ ਏਧਰ ਓਧਰ, ਅੱਗੇ ਪਿੱਛੇ ਫਿਰ ਰਹੇ ਸਨ, ਬਹੁਤ ਨੇੜਿਓਂ ਅੱਗ ਵਰ੍ਹਾ ਰਹੇ ਸਨ, ਇਕ ਤਰ੍ਹਾਂ ਆਪਣੀਆਂ ਤੋਪਾਂ ਦੀਆਂ ਨਾਲੀਆਂ ਨਾਲ ਇਕ ਦੂਜੇ ਨੂੰ ਵਿੰਨ੍ਹ ਰਹੇ ਸਨ, ਮਕਾਨਾਂ ਤੇ ਢਾਰਿਆਂ ਨੂੰ ਦਰੜਦੇ ਜਾ ਰਹੇ ਸਨ, ਰਿੜ੍ਹਦੇ ਹੋਏ ਪਿੱਛੇ ਹੱਟ ਕੇ ਬਾਹਰ ਆ ਜਾਂਦੇ ਸਨ, ਤੇ ਫੇਰ ਨਵਾਂ ਜ਼ੋਰਦਾਰ ਹੱਲਾ ਕਰਦੇ ਸਨ ਅਤੇ ਧੁੱਸ ਦੇ ਕੇ ਅਗਲੇ ਤੋਂ ਅਗਲੇ ਮੋਰਚੇ ਵੱਲ ਵਧਦੇ ਜਾਂਦੇ ਸਨ। ਜਰਮਨਾਂ ਨੇ ਮੁਕਾਬਲਾ ਕੀਤਾ ਅਤੇ ਉੱਤਰੀ ਕੰਢੇ ਪੈਰ ਜਮਾਈ ਰੱਖੇ ਸਨ ਪਰ ਹੌਲੀ-ਹੌਲੀ ਉਹਨਾਂ ਨੂੰ ਦਰਿਆ ਵੱਲ ਧੱਕ ਦਿੱਤਾ ਗਿਆ ਸੀ। ਪਰ ਚਾਲੀਵੇਂ ਮਿੰਟ ਕੁਝ ਤਬਦੀਲੀ ਆਈ ਸੀ। ਦਰਿਆ ਦੇ ਪਾਟ ਵਿਚੋਂ ਇੰਜਨਾਂ ਦੀ ਇਕਸਾਰ ਗੜਗੜਾਹਟ ਦੀਆਂ ਟੁੱਟਵੀਆਂ ਗੂੰਜਾਂ ਉੱਠੀਆਂ ਅਤੇ ਜਰਮਨਾਂ ਨੇ ਉਸ ਪਾਸੇ ਵਧਣਾ ਸ਼ੁਰੂ ਕਰ ਦਿੱਤਾ ਜਿਥੋਂ ਦਰਿਆ ਪਾਰ ਕੀਤਾ ਜਾ ਸਕਦਾ ਸੀ।ਅਤੇ ਬੇਸੋਨੋਵ ਨੇ ਅਚਾਨਕ ਹੀ ਉੱਤਰੀ ਨਹੀਂ ਸਗੋਂ ਦੱਖਣੀ ਕੰਢੇ ਵੱਲ ਵੇਖਿਆ ਅਤੇ ਅਜੇ ਵੀ ਉਹ ਵਿਸ਼ਵਾਸ ਕਰਨ ਤੋਂ ਡਰਦਾ ਸੀ। ਇਸ ਵਾਸਤੇ ਡਰਦਾ ਸੀ ਕਿ ਉਹ ਕੋਈ ਨਿਰਣਾ ਕਾਹਲੀ ਵਿਚ ਨਾ ਕਰ ਬੈਠੇ।
ਦਰਿਆ ਦੇ ਦੂਜੇ ਪਾਸੇ, ਜਿਸ ਪਾਸੇ ਜਰਮਨ ਟੈਂਕ ਹੌਲ਼ੀ-ਹੌਲ਼ੀ ਪਿੱਛੇ ਹਟ ਰਹੇ ਸਨ ਅਤੇ ਜਿੱਥੇ ਇੰਜ ਜਾਪਦਾ ਸੀ ਜਿਵੇਂ ਬੰਬਾਂ, ਗੋਲਿਆਂ ਤੇ ਟੈਂਕਾਂ ਦੇ ਹਮਲਿਆਂ ਨੇ ਸਭ ਕੁਝ ਕੁਚਲ ਦਿੱਤਾ ਹੋਵੇਗਾ, ਤਬਾਹ ਕਰ ਦਿੱਤਾ ਹੋਵੇਗਾ, ਮਿੱਝ ਕੱਢ ਦਿੱਤੀ ਹੋਵੇਗੀ, ਜਿੱਥੇ ਸਤੇਪੀ ਘੋਰ ਸੁੰਨ-ਮਸਾਣ ਜਾਪਦਾ ਸੀ, ਝੁਲਸ ਗਿਆ ਸੀ, ਜਿੱਥੇ ਜ਼ਿੰਦਗੀ ਦਾ ਕੋਈ ਨਿਸ਼ਾਨ ਨਹੀਂ ਸੀ ਰਹਿ ਗਿਆ, ਉੱਥੇ ਉਸ ਨੂੰ ਰਫਲ ਦੀਆਂ ਗੋਲੀਆਂ ਦੀ ਹੋ ਰਹੀ ਬੁਛਾੜ, ਦੁਮੇਲ ਵੱਲ ਨੂੰ ਵਧਦੇ ਤੋਪਾਂ ਦੇ ਗੋਲਿਆਂ ਦੇ ਕਿਰਮਚੀ ਭੰਬੂਕੇ ਤੇ ਟੈਂਕ-ਮਾਰ ਰਫਲਾਂ ਵਿਚੋਂ ਨਿਕਲਦੀ ਅੱਗ ਦੀਆਂ ਕਾਟਵੀਆਂ ਜੀਭਾਂ ਵਿਖਾਈ ਦੇ ਰਹੀਆਂ ਸਨ।ਉਸ ਥਾਂ ਤੋਂ ਜਿੱਥੇ ਕੱਲ੍ਹ ਪਿਆਦਾ ਫੌਜ ਦੀਆਂ ਖੰਦਕਾਂ ਸਨ, ਤਿੰਨ ਮਸ਼ੀਨਗੰਨਾਂ ਇਕੋ ਵੇਲੇ ਚੱਲੀਆਂ ਤੇ ਉਹਨਾਂ ਦੀਆਂ ਗੋਲੀਆਂ ਸਤੇਪੀ ਵਿਚ ਲਾਲ ਤਿਤਲੀਆਂ ਵਾਂਗ ਫੜਫੜਾਈਆਂ। ਜਿਸ ਨੂੰ ਮਰ ਗਿਆ ਤੇ ਤਬਾਹ ਹੋ ਗਿਆ ਸਮਝ ਲਿਆ ਗਿਆ ਸੀ ਉਸ ਨੇ ਮੱਠੀ-ਮੱਠੀ ਹਿਲਜੁਲ ਸ਼ੁਰੂ ਕਰ ਦਿੱਤੀ ਸੀ, ਉਸ ਵਿਚ ਜਿਊਂਦੇ ਹੋਣ ਦੇ ਲੱਛਣ ਨਜ਼ਰ ਆਉਣ ਲੱਗੇ ਸਨ ਅਤੇ ਇਸ ਗੱਲ ਦੀ ਕਲਪਨਾ ਹੀ ਨਹੀਂ ਸੀ ਕੀਤੀ ਜਾ ਸਕਦੀ ਕਿ ਇਹ ਜ਼ਿੰਦਗੀ ਬਚ ਕਿਵੇਂ ਗਈ ਸੀ।ਉਹਨਾਂ ਖੰਦਕਾਂ ਤੇ ਤੋਪਖਾਨੇ ਦੇ ਮੋਰਚਿਆਂ ਵਿਚ ਜਿਨ੍ਹਾਂ ਨੂੰ ਬੀਤੇ ਦਿਨ ਬਕਤਰਬੰਦ ਜਰਮਨ ਦਸਤਿਆਂ ਨੇ ਜਾਂ ਕੁਚਲ ਦਿੱਤਾ ਸੀ ਜਾਂ ਘੇਰ ਲਿਆ ਸੀ, ਲੰਮੀ ਤੇ ਮਾਰੂ ਲੜਾਈ ਸਮੇਂ ਇਸ ਨੇ ਆਪਣੇ ਆਪ ਨੂੰ ਬਚਾ ਕਿਵੇਂ ਲਿਆ ਸੀ।
ਧੁੰਦਲੀ ਸਵੇਰ ਦੀ ਹਵਾ ਨਿਗਰਾਨ ਚੌਂਕੀ ਦੇ ਬੰਨੇ ਥਪੇੜੇ ਮਾਰਦੀ ਲੰਘੀ ਤੇ ਬੇਸੋਨੋਵ ਦੀਆਂ ਅੱਖਾਂ ਵਿਚ ਪਾਣੀ ਆ ਗਿਆ।ਉਸ ਨੇ ਆਪਣਾ ਰੁਮਾਲ ਕੱਢਿਆ, ਅੱਖਾਂ ਪੂੰਝੀਆਂ, ਮੂੰਹ ਪੂੰਝਿਆ ਤੇ ਦੋ-ਅੱਖੀ ਦੂਰਬੀਨ ਉੱਤੇ ਝੁਕ ਗਿਆ।
ਉਹ ਆਪਣੇ ਆਪ ਨੂੰ ਕਿਸੇ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਸੀ ਜਿਸ ਉੱਤੇ ਵਿਸ਼ਵਾਸ ਕਰਨਾ ਔਖਾ ਸੀ ਪਰ ਜਿਸ ਵਿਚ ਕਿਸੇ ਸ਼ੱਕ-ਸੁਬ੍ਹੇ ਦੀ ਵੀ ਕੋਈ ਗੁੰਜਾਇਸ਼ ਨਹੀਂ ਸੀ। ਦੱਖਣੀ ਕੰਢੇ ਵਲੋਂ, ਉਹਨਾਂ ਖੰਦਕਾਂ ਵਿਚੋਂ ਜਿਨ੍ਹਾਂ ਨੂੰ ਜਰਮਨ ਟੈਂਕਾਂ ਨੇ ਮਲੀਆ ਮੇਟ ਕਰ ਦਿੱਤਾ ਸੀ, ਤੋਪਾਂ ਦੇ ਉਹਨਾਂ ਮੋਰਚਿਆਂ ਵਿਚੋਂ ਜਿਨ੍ਹਾਂ ਨੂੰ ਗੋਲਿਆਂ ਨੇ ਉਡਾ ਦਿੱਤਾ ਸੀ, ਘੇਰੀਆਂ ਗਈਆਂ ਉਹਨਾਂ ਯੂਨਿਟਾਂ ਵਿਚੋਂ ਬਚ ਜਾਣ ਵਾਲੇ, ਜਿਹੜੇ ਕਿਸੇ ਵੀ ਹਿਸਾਬ ਨਾਲ ਜਿਊਂਦੇ ਰਹਿ ਨਹੀਂ ਸੀ ਸਕਦੇ, ਗੋਲੀਆਂ ਚਲਾ ਰਹੇ ਸਨ ਤੇ ਲੜਾਈ ਵਿਚ ਹਿੱਸਾ ਲੈ ਰਹੇ ਸਨ।
“ਮੇਰੇ, ਮੇਰੇ ਜਵਾਨ ! ਵੇਖੋ, ਕਾਮਰੇਡ ਕਮਾਂਡਰ ! ਅਜੇ ਦਮ ਹੈ ਉਹਨਾਂ ਵਿਚ ! ਕਮਾਲ ਦੇ ਜਵਾਨ ਨੇ ਮੇਰੇ ! ਸ਼ਾਬਾਸ਼ ! ਬਹੁਤ ਖੂਬ!” ਨਿਗਰਾਨ ਚੌਂਕੀ ਉੱਤੇ ਸਿਗਨਲ ਦੇਣ ਵਾਲਿਆਂ ਦੀਆਂ ਅਵਾਜ਼ਾਂ ਤੇ ਸਾਂ-ਸਾਂ ਕਰਦੀ ਹਵਾ ਦੇ ਸ਼ੋਰ ਵਿਚ ਦੇਯੇਵ ਨੇ ਖੁਸ਼ੀ ਵਿਚ ਆ ਕੇ ਜਵਾਨ, ਭਾਰੀ ਅਵਾਜ਼ ਵਿਚ ਆਖਿਆ।
ਦੇਯੇਵ ਦੇ ਇਸ ਅਚਾਨਕ ਫੁੱਟ ਨਿਕਲੇ ਮੋਹ ਅਤੇ ਅਗਲੇਰੀਆਂ ਖੰਦਕਾਂ ਵਿਚ ਆਪਣੇ ਉਹਨਾਂ ਜਵਾਨਾਂ ਬਾਰੇ ਇਹ ਗੱਭਰੂਆਂ ਵਾਲੀ ਸ਼ੇਖੀ, ਜਿਨ੍ਹਾਂ ਦੇ ਨਾਂ ਉੱਤੇ ਉਹ ਬਹੁਤ ਪਹਿਲਾਂ ਕਲਮ ਫੇਰ ਚੁੱਕਾ ਸੀ ਪਰ ਜਿਹੜੇ ਅਜੇ ਵੀ ਲੜਾਈ ਲੜ ਰਹੇ ਸਨ - ਉਸ ਵਲੋਂ ਕੋਮਲ ਭਾਵਨਾ ਦੇ ਇਸ ਖੁੱਲ੍ਹੇ ਵਿਖਾਵੇ ਤੋਂ, ਇਸ ਕਮਜ਼ੋਰੀ ਤੋਂ, ਬੇਸੋਨੋਵ ਨੂੰ ਖਿਝ ਨਹੀਂ ਆਈ। ਇਸ ਦੇ ਉਲਟ, ਦੇਯੇਵ ਦੀ ਕਿਲਕਾਰੀ ਸੁਣ ਕੇ ਉਸ ਨੇ ਮੂੰਹ ਦੂਜੇ ਪਾਸੇ ਕੀਤੇ ਬਗੈਰ ਹੀ ਆਪਣੇ ਜਜ਼ਬਾਤ ਨੂੰ ਦਬਾ ਲਿਆ ਅਤੇ ਇਕ ਵਾਰੀ ਫੇਰ ਉਸ ਨੂੰ ਖਿਆਲ ਆਇਆ ਕਿ ਕਿਸਮਤ ਨੇ ਅਜਿਹਾ ਡਿਵੀਜ਼ਨ ਕਮਾਂਡਰ ਦੇ ਕੇ ਉਸ ਨੂੰ ਬੜਾ ਭਾਰੀ ਇਨਾਮ ਦਿੱਤਾ ਹੈ।
ਟੈਂਕਾਂ ਦੇ ਗੋਲਿਆਂ ਦੇ ਸੂਹੇ ਭੰਬੂਕੇ ਦਸੰਬਰ ਦੀ ਪ੍ਰਭਾਤ ਦੇ ਧੁੰਦਲਕੇ ਦੇ ਲੰਗਾਰ ਲਾਹ ਰਹੇ ਸਨ। ਸਤੇਪੀ ਦੇ ਮੈਦਾਨ ਵਿਚੋਂ ਗੂੰਜਾਂ ਉੱਠਦੀਆਂ ਸਨ, ਇੰਜਨਾਂ ਦੀ ਖਰੜ-ਖਰੜ ਇਕਸਾਰ ਗੂੰਜ ਵਿਚ ਓਤਪੋਤ ਹੋ ਰਹੀ ਸੀ, ਜਰਮਨ ਰਾਕਟ ਅਸਮਾਨ ਨੂੰ ਚੀਰਦੇ ਜਾਂਦੇ ਸਨ।ਆਪਣੇ ਘੁਰਨਿਆਂ ਵਿਚੋਂ ਜਾਗੇ ਜੰਗਲੀ ਜਾਨਵਰਾਂ ਵਾਂਗ ਝਈਆਂ ਲੈ ਲੈ ਕੇ ਪੈਂਦੇ ਜਰਮਨ ਟੈਂਕਾਂ ਨੂੰ, ਜਿਹੜੇ ਇਕ ਇਕ ਕਰਕੇ ਜਾਂ ਉਘੜ-ਦੁਘੜ ਦਸਤਿਆਂ ਵਿਚ ਕੰਢੇ ਵੱਲ ਆ ਗਏ ਸਨ, ਸਾਡੇ ਟੀ-੩੪ ਟੈਂਕਾਂ ਨੇ ਭਜਾ ਦਿੱਤਾ, ਜਿਨ੍ਹਾਂ ਨੇ ਪੰਜ ਮਿੰਟ ਪਹਿਲਾਂ ਮਿਲੀ ਇਕ ਰਿਪੋਰਟ ਅਨੁਸਾਰ, ਦਰਿਆ ਪਾਰ ਕਰਨ ਦੀਆਂ ਦੋ ਥਾਵਾਂ ਉੱਤੇ ਕਬਜ਼ਾ ਕਰ ਲਿਆ ਹੋਇਆ ਸੀ। ਦੱਖਣੀ ਕੰਢੇ ਵਿਚੋਂ ਰਾਹ ਬਣਾਉਂਦੇ, ਟੀ-੩੪ ਟੈਂਕ ਤਿਰਛੇ ਦਾਅ ਸਤੇਪੀ ਦੇ ਆਰ-ਪਾਰ ਟੁੱਟ ਪਏ ਸਨ ਅਤੇ ਖੱਡ ਦੇ ਕਿਨਾਰੇ ਟੈਕਾਂ ਦੇ ਸੰਘਣੇ ਦਸਤਿਆਂ ਦੇ ਉੱਤੋਂ ਦੀ ਲੰਘ ਕੇ ਜਰਮਨ ਟੈਕਾਂ ਦੇ ਏਨੇ ਨੇੜੇ ਪਹੁੰਚ ਗਏ ਸਨ ਕਿ ਉਹ ਇਕ ਦੂਜੇ ਨਾਲ ਭਿੜਦੇ ਜਾਪਦੇ ਸਨ।
ਬੇਸੋਨੋਵ ਨੂੰ ਲੜਾਈ ਵਿਚ ਚੰਗੀ ਕਿਸਮਤ ਤੋਂ, ਹਾਲਾਤ ਨੂੰ ਸਬੱਬ ਉੱਤੇ ਛੱਡ ਦੇਣ ਤੋਂ, ਨਸੀਬੇ ਉੱਤੇ ਅੰਨ੍ਹਾ ਭਰੋਸਾ ਰੱਖਣ ਤੋਂ ਹਮੇਸ਼ਾ ਬੜਾ ਡਰ ਲੱਗਦਾ ਸੀ। ਇਸ ਵਿਚ ਉਹਦਾ ਓਸੇ ਤਰ੍ਹਾਂ ਵਿਸ਼ਵਾਸ ਨਹੀਂ ਸੀ ਜਿਸ ਤਰ੍ਹਾਂ ਆਪਣੇ ਕੁਝ ਸਾਥੀਆਂ ਦੇ ਫਜ਼ੂਲ ਅਧਿਕਤਮਵਾਦ ਉੱਤੇ ਵਿਸ਼ਵਾਸ ਨਹੀਂ ਸੀ, ਕਾਨਾਏ ਦੀ ਰਣਨੀਤੀ ਵਿਚ ਵਿਸ਼ਵਾਸ ਨਹੀਂ ਸੀ ਜਿਸ ਦਾ ਹਰ ਕਾਰਵਾਈ ਕਰਨ ਵੇਲੇ ਹੈੱਡ ਕੁਆਟਰ ਵਿਚ ਸੁਪਨਾ ਲਿਆ ਜਾਂਦਾ ਸੀ। ਬੇਸੋਨੋਵ ਬੇਮੁਹਾਰ ਭੁਲਾਂਦਰਿਆਂ ਦੇ ਵਹਿਣ ਵਿਚ ਘੱਟ ਵੱਧ ਹੀ ਵਹਿੰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਲੜਾਈ ਵਿਚ ਹਰ ਚੀਜ਼ ਦਾ, ਜਿੱਤ ਤੇ ਹਾਰ ਦੋਵਾਂ ਦਾ, ਲਹੂ ਨਾਲ ਮੁੱਲ ਤਾਰਿਆ ਜਾਂਦਾ ਹੈ, ਕਿਉਂਕਿ ਇਸ ਦੀ ਹੋਰ ਕੋਈ ਕੀਮਤ ਹੈ ਹੀ ਨਹੀਂ। ਲਹੂ ਉਹ ਚੀਜ਼ ਹੈ ਜਿਸ ਦੀ ਥਾਂ ਕੋਈ ਹੋਰ ਚੀਜ਼ ਨਹੀਂ ਲੈ ਸਕਦੀ।
“ਉਡੀਕਣਾ ਚਾਹੀਦਾ ਹੈ।” ਉਸ ਨੇ ਸੋਚਿਆ ਸੀ।“ਕੋਰ ਦੀਆਂ ਅਗਲੀਆਂ ਰਿਪੋਰਟਾਂ ਨੂੰ ਉਡੀਕਣਾ ਚਾਹੀਦਾ ਹੈ। ਮਹਾਜ਼ ਦੇ ਹੈੱਡ ਕੁਆਟਰ ਨੂੰ ਰਿਪੋਰਟ ਭੇਜਣ ਦਾ ਅਜੇ ਵੇਲਾ ਨਹੀਂ ਆਇਆ..."
ਪਰ ਜਦੋਂ ਕੱਲ੍ਹ ਵਾਲੇ ਜਰਮਨ ਹਮਲੇ ਮਗਰੋਂ, ਜਿਸ ਤੋਂ ਸਮੁੱਚੀ ਸੁਰੱਖਿਆ ਸ਼ਕਤੀ ਮੁਕੰਮਲ ਤਬਾਹੀ ਤੋਂ ਵਾਲ-ਵਾਲ ਬਚ ਗਈ ਸੀ, ਉੱਤਰੀ ਕੰਢੇ ਵੱਲ ਜਰਮਨਾਂ ਦੇ ਰਾਹ ਬਣਾ ਲੈਣ ਮਗਰੋਂ, ਨੁਕਸਾਨ ਉਠਾਉਣ, ਖਿਚਾਅ ਅਤੇ ਦੇਯੇਵ ਦੀ ਡਿਵੀਜ਼ਨ ਦੇ ਟੁਕੜੇ ਹੋ ਜਾਣ ਮਗਰੋਂ, ਜਦੋਂ ਹੁਣ ਉਸ ਨੇ ਵੇਖਿਆ ਕਿ ਸਤੇਪੀ ਵਿਚ ਜਰਮਨ ਪਿਆਦਾ ਫੌਜ ਦੇ ਟਰੱਕ ਅੱਗ ਵਿਚ ਝੁਲਸੇ ਗਏ ਹਨ ਅਤੇ ਜਰਮਨ ਟੈਂਕ ਦੱਖਣ ਵੱਲ ਪਿੱਛੇ ਹੱਟ ਰਹੇ ਹਨ, ਜਦੋਂ ਡਿਵੀਜ਼ਨ ਨਾਲੋਂ ਹਾਲ ਵਿਚ ਹੀ ਕੱਟੇ ਗਏ ਦੱਖਣੀ ਕੰਢੇ, ਉਸ ਨੇ ਖੱਡ ਵੱਲ ਰਿੜ੍ਹਦੇ ਜਾਂਦੇ ਜਰਮਨ ਟੈਂਕਾਂ ਉੱਤੇ ਟੈਂਕ-ਮਾਰ ਰਫਲਾਂ ਦੇ ਗੋਲਿਆਂ ਨੂੰ ਛੁਰੀ ਵਰਗੀਆਂ ਲਾਟਾਂ ਬਣ ਕੇ ਵਰ੍ਹਦਿਆਂ ਤੇ ਤੋਪਾਂ ਵਿਚੋਂ ਨਿਕਲਦੇ ਭੰਬੂਕਿਆਂ ਨੂੰ ਵੇਖਿਆ, ਤਾਂ ਬੇਸੋਨੋਵ ਦੇ ਅੰਦਰ ਐਸਾ ਜੋਸ਼ ਉਬਾਲੇ ਖਾਣ ਲੱਗਾ ਕਿ ਉਸ ਦੇ ਲੱਕ ਤੋਂ ਮੁੜ੍ਹਕਾ ਚੋਣ ਲੱਗ ਪਿਆ, ਅਤੇ ਇਸ ਦੇ ਬਾਵਜੂਦ ਬੇਹਿਸੀ ਜਿਹੀ ਨਾਲ ਰੇਡੀਓ ਤੋਂ ਸੱਜਰੀਆਂ ਰਿਪੋਰਟਾਂ ਸੁਣ ਰਹੇ ਨੇ ਆਪਣੇ ਆਪ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰਦਿਆਂ, ਆਪਣੀ ਛੜੀ ਜ਼ਮੀਨ ਵਿਚ ਗੱਡ ਦਿੱਤੀ ਅਤੇ ਫਰ ਦੇ ਦਸਤਾਨਿਆਂ ਵਿਚ ਸਿਲ੍ਹੀਆਂ ਹੋ ਗਈਆਂ ਉਂਗਲਾਂ ਨਾਲ ਇਸ ਨੂੰ ਫੜ ਰੱਖਿਆ।
“ਠਹਿਰ ਜਾ, ਹਾਲੇ ਠਹਿਰ ਜਾ !” ਉਹ ਹਾਲੇ ਵੀ ਆਪਣੀ ਇਸ ਵੱਧ ਰਹੀ ਇੱਛਾ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਿੱਧਾ ਛੱਤੇ ਹੋਏ ਮੋਰਚੇ ਵਿਚ ਜਾਵੇ ਅਤੇ ਮੁਹਾਜ਼ ਦੇ ਕਮਾਂਡਰ ਨੂੰ, ਜਿਸ ਨੂੰ ਉਹਨੇ ਅੱਧਾ ਘੰਟਾ ਪਹਿਲਾਂ ਜਵਾਬੀ ਹਮਲੇ ਦੀ ਖਬਰ ਦਿੱਤੀ ਸੀ, ਰਿਪੋਰਟ ਕਰੇ ਕਿ ਜਰਮਨ ਦਰਿਆ ਦੇ ਕੰਢੇ ਤੋਂ ਪਿੱਛੇ ਹਟ ਰਹੇ ਹਨ, ਕਿ ਟੈਂਕ ਤੇ ਮਸ਼ੀਨਬੰਦ ਦਸਤੇ ਮਿਲੀ ਕਾਮਯਾਬੀ ਦਾ ਫਾਇਦਾ ਉਠਾ ਰਹੇ ਹਨ ਤੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਪਿੰਡ ਦੇ ਪੂਰੇ ਦੱਖਣੀ ਅੱਧ ਉੱਤੇ ਕਬਜ਼ਾ ਕਰ ਲੈਣ ਅਤੇ ਓਥੋਂ ਦੱਖਣ ਵੱਲ ਜਾਂਦੀ ਸੜਕ ਰੋਕਣ ਲਈ ਅੱਗੇ ਵਧਣ।
ਓਧਰ ਦੱਖਣੀ ਕੰਢੇ ਹਰ ਪਾਸੇ ਅੱਗਾਂ ਲੱਗ ਰਹੀਆਂ ਸਨ। ਲਾਟਾਂ ਪਿੰਡ ਦੀਆਂ ਛੱਤਾਂ ਤੋਂ ਉੱਪਰ ਉੱਠ ਰਹੀਆਂ ਸਨ ਅਤੇ ਗਲੀਆਂ ਵਿਚ, ਜਿੱਥੇ ਇਸ ਵੇਲੇ ਟੈਂਕਾਂ ਦੀ ਲੜਾਈ ਲੜੀ ਜਾ ਰਹੀ ਸੀ, ਗੋਲਿਆਂ ਨੇ ਊਧਮ ਮਚਾਇਆ ਹੋਇਆ ਸੀ। ਬੇਸੋਨੋਵ ਕੁਝ ਮਿੰਟ ਹੋਰ ਠਹਿਰ ਗਿਆ। ਬਾਹਰੋਂ ਉਹ ਠਰੰਮੇ ਵਿਚ ਸੀ, ਕੋਰਾਂ ਦੀਆਂ ਰਿਪੋਰਟਾਂ ਸੁਣ ਰਿਹਾ ਸੀ, ਉਹਦੇ ਚਾਰ ਚੁਫੇਰੇ ਦਿੱਤੇ ਜਾਂਦੇ ਹੁਕਮਾਂ ਦੀ ਬੇਤਹਾਸ਼ਾ ਕਾਵਾਂ ਰੌਲੀ ਸੀ, ਨਿਗਰਾਨ ਚੌਂਕੀ ਦਾ ਸ਼ੋਰ-ਸ਼ਰਾਬਾ ਸੀ, ਉੱਚੀਆਂ-ਉੱਚੀਆਂ ਅਵਾਜ਼ਾਂ, ਜੇਤੂ ਮੁਸਕ੍ਰਾਨਾਂ ਅਤੇ ਸਗੋਂ ਠਹਾਕੇ ਸਨ।ਕਿਤੇ-ਕਿਤੇ ਕੋਈ ਖੁੱਲ੍ਹੇ ਆਮ ਸਿਗਰਟ ਸੁਲਘਾ ਰਿਹਾ ਸੀ ਤੇ ਸੁੱਖ ਦਾ ਸਾਹ ਲੈ ਰਿਹਾ ਸੀ। ਖੰਦਕ ਦੇ ਹਨੇਰੇ ਵਿਚ ਸਿਗਰਟਾਂ ਦੀਆਂ ਡੱਬੀਆਂ ਦੀ ਖੜ-ਖੜ ਹੋ ਰਹੀ ਸੀ ਤੇ ਮਾਚਸਾਂ ਬਲ ਰਹੀਆਂ ਸਨ ਜਿਵੇਂ ਮੁਹਾਜ਼ ਘਟੋ ਘਟ ਦਸ ਕਿਲੋਮੀਟਰ ਅਗਾਂਹ ਵਧ ਗਿਆ ਹੋਵੇ। ਹਰ ਕਿਸੇ ਨੂੰ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਉਹਨਾਂ ਦੇ ਤਮਾਕੂ ਦੇ ਧੂੰਏਂ ਨਾਲ ਹੀ ਉਸ ਕਾਮਯਾਬੀ ਦੀ ਮਹਿਕ ਵੀ ਅੰਦਰ ਜਾ ਰਹੀ ਹੋਵੇ ਜਿਸ ਦੀ ਉਹਨਾਂ ਨੂੰ ਬੜੇ ਚਿਰਾਂ ਤੋਂ ਤਾਂਘ ਸੀ ਤੇ ਜਿਹੜੀ ਅਖੀਰ ਪ੍ਰਾਪਤ ਹੋ ਗਈ ਸੀ। ਜਦੋਂ ਉਸ ਨੇ ਨਿਗਰਾਨ ਚੌਂਕੀ ਵਿਚ ਇਹ ਮੌਜ-ਮੇਲਾ ਵੇਖਿਆ ਸੁਣਿਆ ਤਾਂ ਬੇਸੋਨੋਵ ਨੇ, ਹਾਲੇ ਵੀ ਇਸ ਦੇ ਪ੍ਰਭਾਵ ਤੋਂ ਬਚਦਿਆਂ, ਠਰ੍ਹਮੇ ਭਰੀ ਤੇ ਖੁਸ਼ਕ ਅਵਾਜ਼ ਵਿਚ ਆਖਿਆ:
“ਚੌਂਕੀ ਵਿਚ ਸਿਗਰਟ ਨਾ ਪੀਓ, ਤੇ ਸਭ ਆਪੋ ਆਪਣੀ ਡਿਊਟੀ ਭੁਗਤਾਈ ਚੱਲੋ। ਲੜਾਈ ਅਜੇ ਖਤਮ ਨਹੀਂ ਹੋਈ।ਅਜੇ ਪਤਾ ਨਹੀਂ ਕਦੋਂ ਖ਼ਤਮ ਹੋਵੇ।”
ਇਹ ਆਖਦਿਆਂ ਸਾਰ ਹੀ ਉਸ ਨੇ ਆਪਣੀ ਇਸ ਗੱਲ ਦੇ ਬੇਤੁਕੇਪਨ ਨੂੰ ਇਸ ਦੇ ਬੇਲੋੜੇ ਫੁਸਫਸੇ ਅੰਦਾਜ ਨੂੰ ਮਹਿਸੂਸ ਕਰ ਲਿਆ।ਮੱਥੇ ਉੱਤੇ ਤਿਊੜੀ ਚੜ੍ਹਾ ਕੇ ਅਤੇ ਆਪਣੇ ਇਸ ਗੰਭੀਰ, ਬੁੱਢਿਆਂ ਵਾਲੇ ਠਰ੍ਹਮੇ ਨੂੰ ਮਾਨਸਿਕ ਤੌਰ 'ਤੇ ਕੁਚਲ ਕੇ, ਉਹ ਜਲਦੀ-ਜਲਦੀ ਉਹਨਾਂ ਅਫਸਰਾਂ ਦੇ ਅੱਗੋਂ ਦੀ ਬੰਕਰ ਵੱਲ ਵਧਿਆ ਜਿਨ੍ਹਾਂ ਨੇ ਆਪਣੇ ਕਫਾਂ ਵਿਚ ਸਿਗਰਟਾਂ ਲੁਕਾ ਲਈਆਂ। ਕੋਈ ਦਸ ਮਿੰਟ ਬਾਦ, ਮੁਹਾਜ਼ ਦੇ ਕਮਾਂਡਰ ਨੂੰ ਵਿਸਥਾਰ ਨਾਲ ਚੜ੍ਹਾਈ ਬਾਰੇ ਰਿਪੋਰਟ ਦੇ ਕੇ ਅਤੇ ਚੀਫ ਆਫ਼ ਸਟਾਫ ਯਾਤਸੇਨਕੋ ਨਾਲ ਗੱਲਬਾਤ ਕਰ ਕੇ, ਬੇਸੋਨੋਵ ਫੇਰ ਸ਼ਾਂਤ ਤੇ ਲੈਂਪ ਦੇ ਚਾਨਣ ਨਾਲ ਨਿੱਘੇ ਬੰਕਰ ਵਿਚੋਂ ਨਿਕਲ ਕੇ ਬਰਫ਼ੀਲੀ, ਹਵਾਹਾਰ ਤੇ ਘੁਸਮੁਸੀ ਖੰਦਕ ਵਿਚ ਆ ਗਿਆ, ਅਤੇ ਉਹ ਨੇ ਅਚਾਨਕ ਅਨੁਭਵ ਕੀਤਾ ਕਿ ਪਿਛਲੇ ਕੁਝ ਮਿੰਟਾਂ ਵਿਚ ਕੁਝ ਖਾਸ ਤਬਦੀਲੀ ਆ ਗਈ ਸੀ, ਵਾਤਾਵਰਣ ਵਿਚ ਕੁਝ ਨਵੀਂ ਖਾਸੀਅਤ ਆ ਗਈ ਸੀ। ਧਰਤੀ ਤੇ ਅਸਮਾਨ ਵਿਚ ਕੋਈ ਚੀਜ਼ ਆਪਣੀ ਥਾਂ ਤੋਂ ਹਿਲ ਗਈ ਸੀ।
“ਹਾਂ, ਸਵੇਰ ਹੋ ਗਈ ਸੀ।”
ਜਦੋਂ ਉਹਨੇ ਬਾਹਰ ਪਹਾੜੀ ਦੀ ਚੋਟੀ ਉੱਤੇ ਸ਼ੂਕਦੀ ਹਵਾ ਵਿਚ ਆ ਕੇ ਮਹਿਸੂਸ ਕੀਤਾ ਕਿ ਪ੍ਰਭਾਤ – ਦਸੰਬਰ ਮਹੀਨੇ ਦੀ ਕਕਰੀਲੀ ਨਿਰਮਲ ਪ੍ਰਭਾਤ – ਹੋ ਗਈ ਹੈ ਤਾਂ ਬੇਸੋਨੋਵ ਨੂੰ ਵਿਸ਼ਾਲ ਖੁੱਲ੍ਹੇ ਸਤੇਪੀ ਵਿਚ ਆਪਣੇ ਟੈਕਾਂ ਦੇ ਉੱਪਰ ਹਵਾਈ ਹਿਫਾਜ਼ਤ ਦੀ ਅਣਹੋਂਦ ਦਾ ਖਿਆਲ ਆਇਆ ਅਤੇ ਨਾਲ ਹੀ ਇਹ ਕਿ ਜਰਮਨ ਤੇ ਸੋਵੀਅਤ ਹਵਾਈ ਫੌਜਾਂ ਕੀ ਕਰ ਰਹੀਆਂ ਹੋਣਗੀਆਂ। ਸ਼ਾਇਦ ਹਵਾਈ ਸੈਨਾ ਦੇ ਪ੍ਰਤੀਨਿਧ ਦੇ ਦਿਮਾਗ਼ ਵਿਚ ਵੀ ਏਹੋ ਗੱਲ ਸੀ ਜਿਹੜਾ ਵੱਡੇ ਤੜਕੇ ਹੀ ਨਿਗਰਾਨ ਚੌਂਕੀ ਪਹੁੰਚ ਗਿਆ ਸੀ।ਸੌੜੇ ਮੱਥੇ ਵਾਲਾ ਇਹ ਮਿਲਣਸਾਰ ਕਰਨਲ ਸੀ ਜਿਸ ਨੇ ਵੱਡੇ ਸਾਰੇ ਬਕਸੇ ਵਿਚ ਇਕ ਨਕਸ਼ਾ ਫੜਿਆ ਹੋਇਆ ਸੀ ਅਤੇ ਆਪਣੇ ਮੁਸਕ੍ਰਾ ਰਹੇ ਬੁਲ੍ਹਾਂ ਵਿਚਾਲੇ ਵੱਡਾ ਸਾਰਾ ਪਰਸਪੈਕਸ ਦਾ ਬਣਿਆ ਸਿਗਰਟ- ਹੋਲਡਰ ਅੜਾਇਆ ਹੋਇਆ ਸੀ। ਬੇਸੋਨੋਵ ਦੀ ਤੱਕਣੀ ਦੇ ਜਵਾਬ ਵਿਚ ਜਿਹੜੀ ਇਹ ਪੁੱਛ ਰਹੀ ਸੀ ਕਿ ਹਮਲਾ ਕਰਨ ਵਾਲੇ ਹਵਾਈ ਜਹਾਜ਼ ਕਿੱਥੇ ਹਨ, ਉਸ ਨੇ ਫੌਰਨ ਦੱਸਿਆ ਕਿ ਸਭ ਕੁਝ ਠੀਕ-ਠਾਕ ਹੈ, ਸ਼ੁਕਰ ਹੈ ਰੱਬ ਦਾ ਕਿ ਧੁੰਦ ਕੋਈ ਨਹੀਂ ਅਤੇ ਪੰਦਰਾਂ ਮਿੰਟਾਂ ਦੇ ਅੰਦਰ ਹੌਲਾ ਕਰਨ ਵਾਲੇ ਜਹਾਜ਼ ਨਿਗਰਾਨ ਚੌਂਕੀ ਦੇ ਉੱਪਰ ਉੱਡ ਰਹੇ ਹੋਣਗੇ। ਇਹ ਜਵਾਬ ਦੇ ਕੇ ਉਸ ਨੇ ਆਪਣੇ ਸਿਗਰਟ-ਹੋਲਡਰ ਨੂੰ ਪਪੋਲਿਆ ਤੇ ਉਤਸ਼ਾਹੀ ਅੰਦਾਜ਼ ਨਾਲ ਮੁਸਕ੍ਰਾਇਆ।
“ਜੇ ਇਹ ਗੱਲ ਏ, ਤਾਂ ਠੀਕ ਏ,” ਬੇਸੋਨੋਵ ਨੇ ਜਵਾਬ ਦਿੱਤਾ।ਉਸ ਨੇ ਉਹਨੂੰ ਇਹ ਯਾਦ ਕਰਾਉਣ ਦੀ ਇੱਛਾ ਨੂੰ ਨੱਪ ਘੁੱਟ ਲਿਆ ਕਿ ਜਰਮਨ ਹਵਾਈ ਫੌਜ ਦਾ ਰਾਹ ਰੋਕਣ ਵਾਲੀ ਵੀ ਤਾਂ ਕੋਈ ਧੁੰਦ ਨਹੀਂ।
“ਵੇਖੋ, ਕਾਮਰੇਡ ਕਮਾਂਡਰ, ਸਾਡੇ ਸਲਾਵ ਗੱਭਰੂ ਕੀ ਕਰ ਰਹੇ ਨੇ।ਜਾਨ ਆ ਗਈ ਏ ਇਹਨਾਂ ਵਿਚ ! ਔਹ ਸਗੋਂ ਲੰਗਰ ਆ ਗਿਆ ?” ਬੋਜ਼੍ਹੀਚਕੋ ਅਜੇ ਵੀ ਨੱਪੀ-ਨੱਪੀ ਖੁਸ਼ੀ ਨਾਲ ਬੋਲਿਆ ਅਤੇ ਆਪਣੇ ਦਸਤਾਨੇ ਨਾਲ ਪਹਾੜੀ ਦੇ ਖੱਬੇ ਪਾਸੇ ਅੱਧ-ਪਚੱਧ ਤਬਾਹ ਹੋ ਗਏ ਪੁਲ ਵੱਲ ਇਸ਼ਾਰਾ ਕੀਤਾ। ਬੋਜ਼੍ਹੀਚਕੋ ਲੜਾਈ ਸ਼ੁਰੂ ਹੋਣ ਦੇ ਪਲ ਤੋਂ ਹੀ ਬੇਸੋਨੋਵ ਨੂੰ ਛੱਡ ਕੇ ਨਹੀਂ ਸੀ ਗਿਆ।
“ਕੀ ?” ਹਵਾਈ ਹਿਫਾਜ਼ਤ ਬਾਰੇ ਸੋਚ ਰਹੇ ਬੇਸੋਨੋਵ ਨੇ ਬੇਧਿਆਨੀ ਨਾਲ ਹੀ, ਆਪਣੀ ਤਿਲਕਵੀਂ ਕੱਕਰ-ਜੰਮੀ ਦੂਰਬੀਨ ਉੱਪਰ ਕੀਤੀ ਤੇ ਜਲਦੀ ਨਾਲ ਉਸ ਨੂੰ ਫੋਕਸ ਕੀਤਾ।
ਸੱਚਮੁਚ ਹੀ ਲੰਗਰ-ਗੱਡੀ ਨੇ ਹੁਣੇ ਪੁਲ ਪਾਰ ਕੀਤਾ ਸੀ ਅਤੇ ਤੜਕੇ ਦੇ ਧੁੰਦਲਕੇ ਵਿਚ ਧੂੰਏਂ ਦੇ ਭੰਬੂਕੇ ਛੱਡਦੀ ਤੇ ਬਰਫ਼ ਉੱਤੇ ਲਾਲ ਚੰਗਿਆੜੀਆਂ ਦਾ ਮੀਂਹ ਵਰ੍ਹਾਉਂਦੀ ਦੱਖਣੀ ਕੰਢੇ ਗੋਲਿਆਂ ਨਾਲ ਪਏ ਟੋਇਆ ਉੱਤੇ ਹਚਕੋਲੇ ਖਾ ਰਹੀ ਸੀ, ਜਿੱਥੇ ਦਰਿਆ ਤੇ ਖੱਡ ਦੇ ਵਿਚਕਾਰ ਵਾਲੇ ਇਲਾਕੇ ਵਿਚ ਕੁਝ ਤੋਪਾਂ, ਟੈਂਕ ਮਾਰ ਰਫਲਾਂ ਤੇ ਤਿੰਨ ਮਸ਼ੀਨਗੰਨਾਂ, ਜਿਨ੍ਹਾਂ ਨੂੰ ਜਰਮਨਾਂ ਨੇ ਕੱਲ੍ਹ ਚੁੱਪ ਕਰਾ ਦਿੱਤਾ ਸੀ, ਫੇਰ ਅਚਾਨਕ ਗੋਲੇ ਦਾਗਣ ਲੱਗ ਪਈਆਂ ਸਨ। ਇਹ ਲੰਗਰ-ਗੱਡੀ ਚਲਦੀ, ਗੋਲਿਆਂ ਵਿਚ ਰਾਹ ਬਣਾਉਂਦੀ, ਜਿਹੜੇ ਬੁਲੰਦੀ ਉੱਤੇ ਜਾ ਕੇ ਪੋਸਤ ਦੇ ਲਾਲ ਫੁੱਲਾਂ ਵਾਂਗ ਖਿੜ ਜਾਂਦੇ ਸਨ, ਅੰਨ੍ਹੀ ਰਫ਼ਤਾਰ ਨਾਲ ਉੱਡਦੀ ਜਾ ਰਹੀ ਸੀ। ਕੋਈ ਸਿਰਲੱਥ ਸਾਰਜੈਂਟ ਮੇਜਰ ਟੈਂਕਾਂ ਦੇ ਓਹਲੇ ਓਹਲੇ ਅਗਲੇ ਮੋਰਚੇ ਵੱਲ ਭੱਜਾ ਜਾ ਰਿਹਾ ਸੀ। ਖੱਬੀ ਬਾਹੀ ਦੀਆਂ ਖੰਦਕਾਂ ਵਿਚੋਂ ਪੰਜ ਜਾਂ ਛੇ ਜਵਾਨ ਉੱਠੇ ਤੇ ਆਸਵੰਦੀ ਨਾਲ ਆਪਣੀਆਂ ਰਫ਼ਲਾਂ ਲਹਿਰਾਈਆਂ, ਪਰ ਲੰਗਰ ਵਾਲੀ ਗੱਡੀ ਭੁੜਕਦੀ ਹੋਈ ਉਹਨਾਂ ਦੇ ਕੋਲੋਂ ਦੀ ਲੰਘ ਕੇ ਪੁਲ ਦੇ ਸੱਜੇ ਪਾਸੇ ਤੋਪ ਦਸਤੇ ਦੇ ਮੋਰਚਿਆਂ ਵੱਲ ਵੱਧ ਗਈ। ਓਥੇ ਪੁੱਜ ਕੇ ਇਹ ਅਚਾਨਕ ਰੁਕ ਗਈ ਤੇ ਡਰਾਈਵਰ ਛਾਲ ਮਾਰ ਕੇ ਉਤਰਿਆ ਅਤੇ ਲੰਮੇ ਘੇਰੇ ਵਾਲਾ ਆਪਣਾ ਅਫਸਰਾਂ ਵਾਲਾ ਵੱਡਾ ਕੋਟ ਪਾਈ, ਜਿਸ ਦੇ ਪੱਲੇ ਹਵਾ ਵਿਚ ਉੱਡ ਰਹੇ ਸਨ, ਉਸ ਤੋਪ ਵੱਲ ਦੌੜ ਗਿਆ ਜਿਹੜੀ ਹੁਣੇ ਗੋਲੇ ਦਾਗ ਰਹੀ ਸੀ।
“ਇਹ ਓਹੋ ਤੋਪ ਦਸਤਾ ਜੇ, ਜਿੱਥੇ ਅਸੀਂ ਗਏ ਸਾਂ,” ਬੋਜ਼੍ਹੀਚਕੋ ਨੇ ਖੰਦਕ ਦੀ ਬੰਨੀ ਉੱਤੇ ਆਪਣੀਆਂ ਅਰਕਾਂ ਟੇਕਦਿਆਂ ਆਖਿਆ।“ਯਾਦ ਜੇ ਨਾ, ਕਾਮਰੇਡ ਕਮਾਂਡਰ, ਉਹ ਗੱਭਰੂ ? ਉਹਨਾਂ ਦਾ ਇਕ ਹੋਰ ਕਮਾਂਡਰ ਸੀ... ਗਭਰੇਟ ਜਿਹਾ ...ਲੈਫਟੀਨੈਂਟ, ਦਰੋਜ਼ਦੋਵ... ਮੇਰਾ ਖਿਆਲ।”
“ਯਾਦ ਨਹੀਂ,” ਬੇਸੋਨੋਵ ਹੌਲੀ ਜਿਹੀ ਬੋਲਿਆ।“ਦਰੋਜ਼ਦੋਵ ?.. ਚੰਗੀ ਤਰ੍ਹਾਂ ਯਾਦ ਕਰੋ, ਬੋਜ਼੍ਹੀਚਕੋ।”
ਬੋਜ਼੍ਹੀਚਕੋ ਨੇ ਬੁੜ-ਬੁੜ ਕੀਤਾ:
“ਓਥੇ, ਜਿੱਥੇ ਤੁਸੀਂ ਸੂਹੀਆਂ ਨੂੰ ਉਡੀਕ ਰਹੇ ਸੀ। ਉਸ ਜਰਮਨ ਨੂੰ ਏਹਨਾਂ ਨੇ ਹੀ ਲਿਆਂਦਾ ਸੀ।ਦੋ ਜਣਿਆ ਨੇ ਕਾਬੂ ਕਰ ਲਿਆ ਸੀ।੭੬ ਮਿਲੀਮੀਟਰ ਤੋਪ ਦਸਤਾ।”
“ਉਹ ਤੋਪ ਦਸਤਾ ? ਹਾਂ, ਯਾਦ ਹੈ। ਪਰ ਉਹ ਦਰੋਜ਼ਦੋਵ ਨਹੀਂ ਸੀ... ਕੁਝ ਇਸ ਨਾਲ ਮਿਲਦਾ-ਜੁਲਦਾ ਸੀ... ਸ਼ਾਇਦ, ਦਰੋਜ਼ਦੋਵਸਕੀ। ਹਾਂ, ਠੀਕ ਹੈ, ਦਰੋਜ਼ਦੋਵਸਕੀ...”
ਬੇਸੋਨੋਵ ਨੇ ਅਚਾਨਕ ਇਹ ਸੋਚ ਕੇ ਦੂਰਬੀਨ ਹੇਠਾਂ ਕਰ ਲਈ ਕਿ ਇਹ ੭੬ ਮਿਲੀਮੀਟਰ ਤੋਪ ਦਸਤਾ ਇਸ ਸਾਰੀ ਲੜਾਈ ਵਿਚ ਉਸ ਤਿੱਖੀਆਂ ਨੀਲੀਆਂ ਅੱਖਾਂ ਵਾਲੇ, ਬੇਹੱਦ ਚੁਸਤ ਨੌਜਵਾਨ ਲੈਫਟੀਨੈਂਟ ਦੀ ਕਮਾਂਡ ਹੇਠ ਡਟਿਆ ਕਿਵੇਂ ਰਹਿ ਸਕਿਆ ਜਿਹੜਾ ਹਾਲੇ ਸਿਖਲਾਈ ਸਕੂਲ ਵਿਚੋਂ ਆਇਆ ਹੀ ਹੈ, ਜਿਹੜਾ ਮਰਨ ਤੋਂ ਡਰਦਾ ਨਹੀਂ ਸੀ, ਤੇ ਜਿਸ ਦਾ ਨਾਂ ਉਹ ਸੀ ਜੋ ਫ਼ੌਜੀ ਹਲਕਿਆਂ ਵਿਚ ਪ੍ਰਸਿੱਧ ਇਕ ਜਰਨਲ ਦਾ ਨਾਂ ਸੀ, ਅਤੇ ਉਸ ਨੇ ਇਕ ਪਲ ਵਾਸਤੇ ਇਹ ਕਲਪਨਾ ਕੀਤੀ ਕਿ ਅੱਗੇ ਵਧਦੇ ਜਰਮਨ ਟੈਂਕਾਂ ਦੀ ਮੁੱਖ ਸੇਧ ਉੱਤੇ, ਇਹਨਾਂ ਤੋਪਚੀਆਂ ਨੇ ਕੀ ਕੁਝ ਬਰਦਾਸ਼ਤ ਕੀਤਾ ਹੋਵੇਗਾ। ਬਹੁਤ ਢਿੱਲੇ ਜਿਹੇ ਅੰਦਾਜ਼ ਨਾਲ ਉਸ ਨੇ ਆਉਣੇ ਮੂੰਹ ਉੱਤੇ ਪਈ ਬਰਫ ਨੂੰ ਝਾੜਿਆ ਅਤੇ ਭਾਵਕ ਕਾਂਬਾ ਜਿਹਾ ਮਹਿਸੂਸ ਕਰਦਿਆਂ ਜਿਸ ਨਾਲ ਉਹਦੀਆਂ ਗੱਲ੍ਹਾਂ ਦੀ ਚਮੜੀ ਆਕੜ ਗਈ, ਅਖ਼ੀਰ ਉਸ ਨੇ ਬੜੀ ਮੁਸ਼ਕਿਲ ਨਾਲ ਆਖਿਆ:
“ਜੀਅ ਚਾਹੁੰਦਾ ਏ ਕਿ ਹੁਣੇ ਜਾ ਕੇ ਉਹਨਾਂ ਮੋਰਚਿਆਂ ’ਤੇ ਨਜ਼ਰ ਮਾਰਾਂ। ਬੋਜ਼੍ਹੀਚਕੋ, ਹੁਣੇ ...ਜੀਅ ਚਾਹੁੰਦਾ ਏ ਜਾ ਕੇ ਵੇਖਾਂ ਕਿ ਓਥੇ ਬਚਿਆ ਕੀ ਏ ... ਤਮਗੇ ਤੇ ਮੈਡਲ ਇਕੱਠੇ ਕਰਾਂ, ਜੋ ਕੁਝ ਓਥੇ ਹੈ। ਬਸ, ਜੋ ਕੁਝ ਓਥੇ ਹੈ,” ਉਸ ਨੇ ਆਪਣੇ ਬੋਲ ਦੁਹਰਾਏ।“ਤੇ ਦੇਯੇਵ ਨੂੰ ਆਖੋ ਕਿ ਮੇਰੇ ਮਗਰੇ-ਮਗਰ ਆਵੇ।”
ਖਾਮੋਸ਼ ਤੇ ਹੈਰਾਨ ਪ੍ਰੇਸ਼ਾਨ ਬੋਜ਼੍ਹੀਚਕੋ ਨੇ ਵੇਖਿਆ ਕਿਵੇਂ ਬੇਸੋਨੋਵ ਦਾ ਛੋਟਾ ਜਿਹਾ ਹੱਥ ਆਪਣੇ ਰੁਮਾਲ ਨੂੰ ਮਲ ਮਰੋੜ ਰਿਹਾ ਸੀ। ਰੁਮਾਲ ਉਹਦੇ ਕੋਲੋਂ ਆਪਣੀ ਜੇਬ ਵਿਚ ਨਹੀਂ ਸੀ ਪੈਂਦਾ। ਸਿਰ ਦੇ ਇਸ਼ਾਰੇ ਨਾਲ ਹਾਂ ਕਰ ਕੇ ਬੋਜ਼੍ਹੀਚਕੋ ਕਰਨਲ ਦੇਯੇਵ ਨੂੰ ਬੁਲਾਉਣ ਦੌੜ ਗਿਆ।
ਉਹ ਸਮਝਦਾ ਸੀ ਕਿ ਉਸ ਨੂੰ ਨਿੱਜੀ ਪ੍ਰਭਾਵਾਂ ਅੱਗੇ ਝੁਕਣ ਦਾ, ਲੜਾਈ ਦੇ ਮਹੀਨ ਵੇਰਵਿਆਂ ਨੂੰ, ਅਗਲੇ ਮੋਰਚਿਆਂ ਉੱਤੇ ਉਹਦੇ ਹੁਕਮਾਂ ਦਾ ਪਾਲਣ ਕਰਨ ਵਾਲੇ ਜਵਾਨਾਂ ਦੇ ਲਹੂ, ਦੁੱਖ ਮੁਸੀਬਤਾਂ, ਮੌਤ ਅਤੇ ਤਬਾਹੀ ਨੂੰ ਨੇੜਿਓਂ ਜਾ ਕੇ ਵੇਖਣ ਦਾ ਕੋਈ ਹੱਕ ਨਹੀਂ ਸੀ। ਉਸ ਨੂੰ ਇਸ ਗੱਲ ਦਾ ਯਕੀਨ ਸੀ ਕਿ ਫੌਰੀ ਤੇ ਨਿੱਜੀ ਪ੍ਰਭਾਵਾਂ ਦਾ ਅਸਰ ਕਮਜ਼ੋਰ ਕਰਨ ਵਾਲਾ ਹੋਵੇਗਾ, ਇਸ ਨਾਲ ਕਾਲਜੇ ਦਾ ਰੁੱਗ ਭਰਿਆ ਜਾਵੇਗਾ, ਤਰਸ ਦੀ ਭਾਵਨਾ ਪੈਦਾ ਹੋਵੇਗੀ, ਉਸ ਦੇ ਮਨ ਵਿਚ ਸ਼ੰਕੇ ਪੈਦਾ ਹੋਣਗੇ ਜਿਸ ਦਾ ਇਸ ਵੇਲੇ ਫਰਜ਼ ਇਹ ਸੀ ਕਿ ਬਿਲਕੁਲ ਵੱਖਰੇ ਪੈਮਾਨੇ ਉੱਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਹੀ ਚਿੰਤਾ ਕਰੇ ਅਤੇ ਜਿਹੜਾ ਇਸ ਦੇ ਨਿਕਲਣ ਵਾਲੇ ਸਿੱਟੇ ਲਈ ਪੂਰੀ ਤਰ੍ਹਾਂ ਆਪ ਜ਼ਿੰਮੇਵਾਰ ਸੀ। ਇਕ ਖੰਦਕ ਵਿਚ, ਇਕ ਤੋਪ ਦਸਤੇ ਵਿਚ ਕੁਝ ਜਵਾਨਾਂ ਦਾ ਦੁੱਖ ਦਰਦ, ਉਹਨਾਂ ਦੀ ਦਲੇਰੀ ਤੇ ਤਬਾਹੀ ਏਡੀ ਦਰਦਨਾਕ ਤੇ ਅਸਹਿ ਹੋ ਸਕਦੀ ਸੀ ਕਿ ਨਵੇਂ ਆਦੇਸ਼ ਦੇਣ ਲਈ ਦ੍ਰਿੜ੍ਹ ਰਹਿਣਾ, ਉਹਨਾਂ ਜਵਾਨਾਂ ਦੀਆਂ ਕਾਰਵਾਈਆਂ ਦੀ ਅਗਵਾਈ ਕਰ ਸਕਣਾ ਮਨੁੱਖੀ ਰੂਪ ਵਿਚ ਅਸੰਭਵ ਹੋ ਜਾਵੇ ਜਿਨ੍ਹਾਂ ਲਈ ਉਸ ਦੀਆਂ ਹਦਾਇਤਾਂ ਨੂੰ ਅਮਲ ਵਿਚ ਲਿਆਉਣਾ, ਉਹਦੀ ਮਰਜ਼ੀ ਮੁਤਾਬਿਕ ਚਲਣਾ ਜ਼ਰੂਰੀ ਸੀ।
ਇਸ ਬਾਰੇ ਉਹ ਅੱਜ ਜਾਂ ਕੱਲ੍ਹ ਕਾਇਲ ਨਹੀਂ ਸੀ ਹੋਇਆ, ਸਗੋਂ ੧੯੪੧ ਦੇ ਉਹਨਾਂ ਬਿਪਤਾਭਰੇ ਦਿਨਾਂ ਤੋਂ ਹੀ ਕਾਇਲ ਸੀ ਜਦੋਂ ਪੱਛਮੀ ਮੁਹਾਜ਼ ਉੱਤੇ ਲੜਦਿਆਂ ਉਸ ਨੂੰ ਆਪ ਲਹੂ ਦੀਆਂ ਵਗਦੀਆਂ ਨਦੀਆਂ, ਚੀਕਾਂ ਕੁਰਲਾਹਟਾਂ, ਡਾਕਟਰੀ ਕੋਰ ਦੇ ਅਰਦਲੀਆਂ ਦੀਆਂ ਅਪੀਲਾਂ ਅਤੇ ਜ਼ਖਮੀਆਂ ਦੀਆਂ ਤੜਫਦੀਆਂ ਅਵਾਜ਼ਾਂ ਵਿਚਾਲੇ, ਖੰਦਕ ਵਿਚੋਂ ਲੜਨ ਲਈ ਜਵਾਨਾਂ ਦੀ ਅਗਵਾਈ ਕਰਨ ਵਾਸਤੇ ਮਜ਼ਬੂਰ ਹੋਣ ਪਿਆ ਸੀ। ਇਹਨਾਂ ਜਵਾਨਾਂ ਨਾਲ ਉਹਨੂੰ ਅੰਦਰੋਂ ਹਮਦਰਦੀ ਸੀ ਜਿਹੜੇ ਜਰਮਨ ਟੈਂਕਾਂ ਦੇ ਸਾਮ੍ਹਣੇ, ਜਿਹੜੇ ਸਰਹੱਦ ਉੱਤੇ ਰੋਕ ਲੈਣ ਦੀ ਕੋਸ਼ਿਸ਼ ਨੂੰ ਅਸਫਲ ਕਰ ਕੇ ਚਾਰ-ਚੁਫੇਰੇ ਦਨਦਨਾਉਂਦੇ ਫਿਰਦੇ ਸਨ, ਉਹਨਾਂ ਜਰਮਨ ਜੰਗੀ ਹਵਾਈ ਜਹਾਜ਼ਾਂ ਸਾਮ੍ਹਣੇ ਜਿਹੜੇ ਸਿਰ ਉੱਤੇ ਆਜ਼ਾਦ ਉੱਡਦੇ ਫਿਰਦੇ ਸਨ, ਲਾਚਾਰ ਸਨ।
ਪਰ ਆਪਣੇ ਜਵਾਬੀ ਹਮਲੇ ਦੀ ਇਕ ਕਕਰੀਲੀ ਸਵੇਰ ਨੂੰ, ਸਤਾਲਿਨਗ੍ਰਾਦ ਤੋਂ ਪੈਂਤੀ ਕਿਲੋਮੀਟਰ ਦੱਖਣ-ਪੱਛਮ ਵਿਚ, ਜਦੋਂ ਜਿੱਤ ਸਮੁੱਚੀ ਫ਼ੌਜ ਦੇ ਪੈਰ ਚੁੰਮਣ ਵਾਲੀ ਸੀ, ਬੇਸੋਨੋਵ ਨੇ ਆਪਣਾ ਨੇਮ ਤੋੜ ਦਿੱਤਾ।
ਜਦੋਂ ਉਹ ਦਰਿਆ ’ਤੇ ਜੰਮੀ ਬਰਫ ਪਾਰ ਕਰ ਗਏ ਅਤੇ ਹਵਾ ਦੀ ਮਾਰ ਖਾਂਦੇ ਕੰਢੇ 'ਤੇ ਚੜ੍ਹ ਗਏ, ਅਤੇ ਫੇਰ ਇਕ ਪੇਤਲਾ ਜਿਹਾ ਸੰਚਾਰ ਮਾਰਗ ਲੰਘ ਕੇ ਇਕ ਵਧੇਰੇ ਡੂੰਘੀ, ਅੱਧ- ਢਕੀ ਖੰਦਕ ਕੋਲ ਆਏ ਜਿਸ ਨੂੰ ਬੇਸੋਨੋਵ ਨੇ ਪਛਾਣ ਲਿਆ ਕਿ ਇਹ ਪਿਆਦਾ ਫੌਜ ਦਾ ਅਗਲਾ ਸਿਰਾ ਹੈ ਤਾਂ ਉਸ ਦੀ ਤੋਰ ਮੱਠੀ ਹੋ ਗਈ ਕਿਉਂਕਿ ਉਹਦਾ ਦਿਲ ਇਉਂ ਧੱਕ-ਧੱਕ ਕਰ ਰਿਹਾ ਸੀ ਕਿ ਉਹਦੇ ਵਾਸਤੇ ਸਾਹ ਲੈਣਾ ਔਖਾ ਸੀ।
ਇਸ ਥਾਂ, ਦੱਖਣੀ ਕੰਢੇ ਟੈਕਾਂ ਦਾ ਹਮਲਾ ਘੰਟਿਆਂ ਬੱਧੀ ਲਗਾਤਾਰ ਜਾਰੀ ਰਿਹਾ ਸੀ ਅਤੇ ਟੈਂਕ ਆਪਣੇ ਲੋਹੇ ਦੇ ਪਟਿਆਂ ਨਾਲ ਖੰਦਕਾਂ ਨੂੰ ਮਿੱਧਦੇ ਤੋੜਦੇ ਕਦੇ ਖੱਬੇ ਜਾਂਦੇ ਕਦੇ ਸੱਜੇ। ਟੈਂਕਾਂ ਨੇ ਖੰਦਕਾਂ ਨੂੰ ਉਸ ਤੋਂ ਵੀ ਬਹੁਤਾ ਤੋੜਿਆ-ਦਰੜਿਆ ਜਿੰਨਾ ਪਹਿਲਾਂ ਬੰਬਾਂ ਨੇ ਉਡਾਇਆ ਸੀ ਅਤੇ ਹਾਲਾਤ ਇਹ ਕਰ ਦਿੱਤੀ ਕਿ ਟੋਟੇ-ਟੋਟੇ ਹੋਈਆਂ ਮਸ਼ੀਨਗੰਨਾਂ, ਰੂੰ- ਭਰੀਆਂ ਜੈਕਟਾਂ ਦੀਆਂ ਲੀਰਾਂ, ਜਲ-ਸੈਨਾ ਦੀਆਂ ਬੰਡੀਆਂ ਦੇ ਚੀਥੜੇ, ਰਫਲ ਦੇ ਬੱਟਾਂ ਦੇ ਟੋਟੇ, ਗੈਸ ਮੁਖੌਟਿਆਂ ਤੇ ਮੰਗਾਂ ਦੀਆਂ ਚਿੱਪਰਾਂ, ਕਾਰਤੂਸਾਂ ਦੀਆਂ ਧੂਆਂਖੀਆਂ ਪੇਟੀਆਂ ਦੇ ਢੇਰ, ਤੇ ਲਾਸ਼ਾਂ ਜਿਨ੍ਹਾਂ ਉੱਤੇ ਬਰਫ ਪੈ ਗਈ ਹੋਈ ਸੀ, ਇਹ ਸਭ ਚੀਜ਼ਾਂ ਬੇਸੋਨੋਵ ਨੂੰ ਇਕਦਮ ਹੀ ਨਜ਼ਰ ਨਹੀਂ ਆਈਆਂ ਤੇ ਉਹ ਇਹਨਾਂ ਵਿਚੋਂ ਇਕ ਨੂੰ ਦੂਜੀ ਨਾਲੋਂ ਨਿਖੇੜ ਨਹੀਂ ਸੀ ਸਕਿਆ। ਇਹ ਸਭ ਵੇਰਵੇ, ਹਥਿਆਰਾਂ ਤੇ ਅਜੇ ਕੁਝ ਚਿਰ ਪਹਿਲਾਂ ਤੱਕ ਜਿਊਂਦੇ ਮਨੁੱਖਾਂ ਦੀ ਇਹ ਰਹਿੰਦ-ਖੂੰਹਦ, ਜਿਵੇਂ ਕਿਸੇ ਬਹੁਤ ਵੱਡੇ ਸਾਰੇ ਹਲ ਦੇ ਫਾਲੇ ਨੇ ਮਿੱਟੀ ਹੇਠਾਂ ਕੱਜ ਦਿੱਤੀ ਹੋਵੇ ਅਤੇ ਇਹ ਸਭ ਕੁਝ ਬੰਬਾਂ ਦੀ ਉਡਾਈ ਤੇ ਅਸਪਾਤੀ ਟੈਂਕਾਂ ਦੀਆਂ ਮਾਹਲਾਂ ਦੇ ਭਾਰ ਨਾਲ ਪੁੱਟੀ ਮਿੱਟੀ ਦੇ ਢੇਰਾਂ ਹੇਠਾਂ ਅੱਧ-ਨੱਪਿਆ ਕੱਜਿਆ ਪਿਆ ਸੀ।
ਮਿੱਟੀ ਦੇ ਬਣੇ ਧੋੜਿਆਂ ਉੱਤੇ ਬਹੁਤ ਸੰਭਲ-ਸੰਭਲ ਕੇ ਤੁਰਦਿਆਂ, ਗੋਲ ਤੇ ਪੱਧਰੇ ਬਰਫ-ਢਕੇ ਉਭਾਰਾਂ ਨੂੰ ਟੱਪਦਿਆਂ, ਬੇਸੋਨੋਵ ਦੀ ਕੋਸ਼ਿਸ਼ ਸੀ ਕਿ ਇਹਨਾਂ ਨੂੰ ਉਹਦੀ ਛੜੀ ਨਾ ਲੱਗੇ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਉਹਨਾਂ ਜਵਾਨਾਂ ਦੀਆਂ ਲਾਸ਼ਾਂ ਤੇ ਲੱਤਾਂ ਬਾਹਵਾਂ ਹਨ ਜਿਹੜੇ ਲੰਘੀ ਪ੍ਰਭਾਤ ਮਾਰੇ ਗਏ ਸਨ। ਹੌਲ਼ੀ-ਹੌਲ਼ੀ ਉਹਦੀ ਇਹ ਆਸ ਜਾਂਦੀ ਰਹੀ ਕਿ ਕੋਈ ਜਿਊਂਦਾ ਲੱਭ ਜਾਵੇਗਾ ਅਤੇ ਘੋਰ ਨਿਰਾਸ਼ਾ ਨਾਲ ਉਹ ਸੋਚਣ ਲੱਗਾ ਕਿ ਨਿਗਰਾਨ ਚੌਂਕੀ ਤੋਂ ਉਸ ਨੂੰ ਸਿਰਫ ਭੁਲੇਖਾ ਹੀ ਪਿਆ ਸੀ ਕਿ ਖੰਦਕਾਂ ਵਿਚ ਅਜੇ ਵੀ ਜ਼ਿੰਦਗੀ ਦੀ ਕੋਈ ਧੜਕਣ ਬਾਕੀ ਹੈ।
“ਨਹੀਂ, ਏਥੇ ਕੋਈ ਨਹੀਂ ਹੋ ਸਕਦਾ, ਇਕ ਵੀ ਬੰਦਾ ਨਹੀਂ ਹੋ ਸਕਦਾ,” ਉਸ ਨੇ ਆਪਣੇ-ਆਪ ਨੂੰ ਆਖਿਆ।“ਮਸ਼ੀਨਗੰਨਾਂ ਤੇ ਟੈਂਕਮਾਰ ਰਫਲਾਂ ਖੱਬੀ ਬਾਹੀ ਦੀਆਂ ਖੰਦਕਾਂ ਵਿਚੋਂ ਅੱਗ ਵਰ੍ਹਾਂ ਰਹੀਆਂ ਹੋਣਗੀਆਂ। ਹਾਂ, ਓਥੇ ਜਾਣਾ ਚਾਹੀਦਾ ਹੈ, ਓਥੇ !” ਪਰ ਏਨੇ ਨੂੰ ਖੰਦਕ ਦੀ ਇਕ ਗੁੱਠ ਵਿਚੋਂ ਧਾਤ ਦੀ ਖੜ-ਖੜ ਸੁਣਾਈ ਦਿੱਤੀ ਤੇ ਇਸ ਦੇ ਨਾਲ ਹੀ ਕੁਝ ਅਵਾਜ਼ਾਂ ਕੰਨ ਪਈਆਂ। ਜ਼ੋਰ-ਜ਼ੋਰ ਦੀ ਧੜਕਦੇ ਦਿਲ ਨਾਲ਼, ਬੇਸੋਨੋਵ ਉਸ ਗੁੱਠ ਵੱਲ ਤੁਰ ਪਿਆ।
ਮਸ਼ੀਨਗੰਨ ਦੇ ਮੋਰਚੇ ਪਿਛਿਓਂ ਦੋ ਜਵਾਨ ਉੱਠ ਕੇ ਉਹਨੂੰ ਅਗੋਂ ਮਿਲੇ ਜਿਵੇਂ ਦੋ ਚਿੱਟੇ ਪਰਛਾਵੇਂ ਹੋਣ। ਸਿਰ ਤੋਂ ਪੈਰਾਂ ਤੱਕ ਬਰਫ ਨਾਲ ਭਰੇ ਹੋਏ। ਉਹਨਾਂ ਨੇ ਗਰਮ ਕੱਪੜੇ ਵਿਚ ਸਿਰ ਮੂੰਹ ਲਿਪੇਟਿਆ ਹੋਇਆ ਸੀ ਜਿਸ ਉੱਤੇ ਸ਼ੀਸ਼ੇਹਾਰ ਚਮਕਦੀ ਬਰਫ ਵਿਚੋਂ ਉਹਨਾਂ ਦਾ ਯਖ਼ ਚਿਹਰਾ ਨਜ਼ਰ ਆ ਰਿਹਾ ਸੀ। ਕੱਕਰ ਤੇ ਹਵਾ ਨਾਲ਼ ਲਾਲ ਸੁਰਖ ਹੋਈਆਂ ਉਹਨਾਂ ਦੀਆਂ ਅੱਖਾਂ ਸਨ ਜਿਨ੍ਹਾਂ ਉੱਤੇ ਬਰਫ ਦੀ ਮੋਟੀ ਤਹਿ ਜੰਮੀ ਹੋਈ ਸੀ।ਉਹਨਾਂ ਨੇ ਬੇਸੋਨੋਵ ਵੱਲ ਝਾਕਿਆ ਤੇ ਉਸ ਨੂੰ ਇਸ ਥਾਂ, ਮੌਤ ਦੇ ਮੂੰਹ ਆਈ ਖੰਦਕ ਵਿਚ ਜਿਊਂਦੇ ਜਾਗਦੇ ਅਫਸਰਾਂ ਨਾਲ ਇਕ ਜਿਊਂਦੇ ਜਰਨਲ ਨੂੰ ਵੇਖ ਕੇ ਉਹ ਦੰਗ ਰਹਿ ਗਏ।
ਜਲਸੈਨਾ ਦੀ ਪੱਧਰੀ ਪੇਟੀ ਦੇ ਬਕਸੂਏ ਕੱਕਰ ਵਿਚ ਫਿਕੇ-ਫਿੱਕੇ ਚਮਕਦੇ ਸਨ। ਹਲਕੀ ਮਸ਼ੀਨਗੰਨ ਦੀਆਂ ਡਿਸਕਾਂ, ਸਾਰੇ ਮੋਰਚੇ ਵਿਚੋਂ ਇਕੱਠੀਆਂ ਕਰ ਕੇ, ਇਕ ਪਾਟੇ-ਪੁਰਾਣੇ, ਝੁਲਸੇ ਹੋਏ ਕੇਪ ਉੱਤੇ ਢੇਰੀ ਕੀਤੀਆਂ ਹੋਈਆਂ ਸਨ ਜਿਹੜਾ ਖੰਦਕ ਦੇ ਸਿਰੇ 'ਤੇ ਵਿਛਾਇਆ ਹੋਇਆ ਸੀ। ਮਸ਼ੀਨਗੰਨ ਦੇ ਕੋਲ ਹੀ ਇਕ ਦੁਪਾਈ ਉੱਤੇ ਟੈਂਕਮਾਰ ਰਫਲ ਟਿਕਾਈ ਹੋਈ ਸੀ। ਕਾਰਤੂਸਾਂ ਦੀਆਂ ਪੇਟੀਆਂ ਖੰਦਕ ਦੀ ਬੰਨੀ ਉੱਤੇ ਅਤੇ ਅੰਦਰ ਹੇਠਾਂ ਖਿੰਡੀਆਂ ਪਈਆਂ ਸਨ। ਮਸ਼ੀਨਗੰਨ ਵਾਲਾ ਤੇ ਟੈਂਕਮਾਰ ਰਫਲ ਵਾਲਾ, ਇਕ ਆਖਰੀ ਕੋਸ਼ਿਸ਼ ਕਰ ਵੇਖਣ ਲਈ ਇਕ ਦੂਜੇ ਕੋਲੋਂ ਹੌਂਸਲਾ ਤੇ ਤਾਕਤ ਲੈ ਕੇ ਇਸ ਥਾਂ ਤੋਂ ਹੀ ਗੋਲੀਆਂ ਚਲਾ ਰਹੇ ਹੋਣਗੇ। ਜਲਸੈਨਾ ਵਾਲੇ ਬਕਸੂਇਆਂ ਤੋਂ ਅੰਦਾਜ਼ਾ ਲਾਇਆ, ਉਹ ਦੋਵੇਂ ਦੂਰ ਪੂਰਬ ਦੇ ਜਹਾਜ਼ੀ ਸਨ ਜਿਹੜੇ ਦੋ ਮਹੀਨੇ ਪਹਿਲਾਂ ਪਿਆਦਾ ਫੌਜ ਵਿਚ ਆ ਗਏ ਸਨ ਜਦੋਂ ਆਰਮੀ ਬਣਾਈ ਗਈ ਸੀ ਅਤੇ ਉਹਨਾਂ ਨੇ ਜਹਾਜ਼ੀਆਂ ਵਾਲੀਆਂ ਬੰਡੀਆਂ ਤੇ ਜਲਸੈਨਾ ਦੀਆਂ ਪੇਟੀਆਂ ਨੂੰ ਬੀਤੇ ਦੀ ਯਾਦ ਕਰ ਕੇ ਸੰਭਾਲ ਰੱਖਿਆ ਸੀ।
ਉਹ ਦੋਵੇਂ ਹੀ ਡੌਰ-ਭੌਰ ਹੋਏ ਬੇਸੋਨੋਵ ਦੇ ਸਾਮ੍ਹਣੇ ਖੜ੍ਹੇ ਸਨ। ਉਹਨਾਂ ਨੂੰ ਮੋਟੇ ਤੇ ਸਖ਼ਤ ਵੱਡੇ ਕੋਟਾਂ ਕਰਕੇ ਇਕ ਦੂਜੇ ਨਾਲੋਂ ਨਿਖੇੜਨਾ ਔਖਾ ਸੀ ਤੇ ਫੇਰ ਉਹਨਾਂ ਦੇ ਯਖ਼ ਹੋਏ ਬੇਉਂਗਲੇ ਦਸਤਾਨੇ ਬੇਯਕੀਨੀ ਜਿਹੀ ਨਾਲ ਉਹਨਾਂ ਦੀਆਂ ਟੋਪੀਆਂ ਤੱਕ ਉੱਪਰ ਉੱਠੇ। ਦੋਹਾਂ ਨੇ ਇਕ ਲੰਮਾ ਸਾਹ ਲਿਆ। ਉਹਨਾਂ ਦੇ ਮੂੰਹੋਂ ਇਕ ਵੀ ਬੋਲ ਨਾ ਨਿਕਲ ਸਕਿਆ। ਉਹਨਾਂ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਇਕ ਜਨਰਲ ਆਪਣੇ ਅਫਸਰਾਂ ਸਮੇਤ ਉਹਨਾਂ ਦੇ ਸਾਮ੍ਹਣੇ ਖੜ੍ਹਾ ਹੈ।
ਤਦ ਭਾਰੀ ਭਰਕਮ ਦੇਯੇਵ ਨੇ ਕਮਾਂਡਰ ਦੀ ਮੌਜੂਦਗੀ ਵਿਚ ਜ਼ਾਬਤੇ ਦਾ ਅਣ- ਲਿਖਿਆ ਕਾਨੂੰਨ ਤੋੜਨ ਦੀ ਪਹਿਲ ਕੀਤੀ।ਉਹ ਪਿਆਦਾ ਜਵਾਨਾਂ ਦੀ ਮਸ਼ੀਨਗੰਨ ਵਾਲ਼ੀ ਥਾਂ ਖੰਦਕ ਵਿਚ ਵੜ ਗਿਆ ਤੇ ਦੋਵਾਂ ਨੂੰ ਵਾਰੀ-ਵਾਰੀ ਘੁੱਟ ਕੇ ਜੱਫੀ ਪਾਈ। ਉਸ ਨੇ ਦ੍ਰਿੜ੍ਹਤਾ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਭਾਵਕਤਾ ਦੇ ਜ਼ੋਰ ਹੇਠ ਉਹ ਬੋਲਿਆ:
“ਡਟੇ ਰਹੇ, ਜਵਾਨੋਂ! ਵੇਖਿਆ ! ਕਾਮਰੇਡ ਕਮਾਂਡਰ, ਦੂਜੀ ਕੰਪਨੀ...” ਉਹ ਫਿਕਰਾ ਪੂਰਾ ਨਾ ਕਰ ਸਕਿਆ ਤੇ ਉਹਨੇ ਹੈਰਾਨੀ ਤੇ ਖੁਸ਼ੀ ਭਰੇ ਚਿਹਰੇ ਨਾਲ ਬੇਸੋਨੋਵ ਵੱਲ ਵੇਖਿਆ।
ਇਸ ਪਲ ਜਿਹੜੇ ਵੀ ਲਫਜ਼ ਬੇਸੋਨੋਵ ਨੂੰ ਕਹਿਣੇ ਚਾਹੀਦੇ ਸਨ ਉਹ ਬਿਨਾਂ ਉਸ ਵਾਕ ਵਿਚ ਬੱਝਣ ਦੇ ਉਹਦੇ ਦਿਮਾਗ ਵਿਚ ਆ ਕੇ ਨਿਕਲ ਗਏ ਜਿਸ ਨਾਲ ਉਹ ਆਪਣਾ ਅਹਿਸਾਸ ਪ੍ਰਗਟ ਕਰ ਸਕਦਾ। ਇਹ ਸਭ ਤੁੱਛ, ਬੇਕਾਰ, ਖੋਖਲੇ ਲਫਜ਼ ਜਾਪਦੇ ਸਨ ਜਿਹੜੇ ਉਸ ਹਾਲਤ ਦੀ ਅਮਰ ਵਸਤੂ ਨਾਲ ਕੋਈ ਮੇਲ ਨਹੀਂ ਸੀ ਖਾਂਦੇ ਜਿਹੜੀ ਇਸ ਵੇਲੇ ਉਹ ਆਪਣੇ ਸਾਮ੍ਹਣੇ ਵੇਖ ਰਿਹਾ ਸੀ ਅਤੇ ਉਹ ਸਿਰਫ ਦੋ ਕੁ ਸੰਖੇਪ ਸਵਾਲ ਹੀ ਪੁੱਛ ਸਕਿਆ।
“ਕੋਈ ਹੋਰ ਵੀ ਬਚਿਆ ? ਕੋਈ ਕਮਾਂਡਰ ਜਿਊਂਦਾ ਹੈ ?”
“ਕੋਈ ਨਹੀਂ... ਕੋਈ ਨਹੀਂ ਕਮਾਂਡਰ ਜਨਰਲ।”
“ਜ਼ਖ਼ਮੀ ਕਿੱਥੇ ਨੇ ?"
“ਵੀਹ ਬੰਦੇ ਦੂਜੇ ਕੰਢੇ ਭੇਜ ਦਿੱਤੇ ਨੇ, ਕਾਮਰੇਡ ਜਨਰਲ। ਕੰਪਨੀ ਵਿਚੋਂ ਅਸੀਂ ਹੀ ਬਚੇ ਆਂ...”
“ਸ਼ੁਕਰੀਆ ਤੁਹਾਡਾ !.. ਮੇਰੇ ਵਲੋਂ ਸ਼ੁਕਰੀਆ !.. ਤੁਹਾਡੇ ਨਾਂ ? ਮੈਂ ਜਾਣਨਾ ਚਾਹੁੰਦਾ ਹਾਂ !” ਉਸ ਨੇ ਉਹਨਾਂ ਦੇ ਨਾਂ ਮਸਾਂ ਸੁਣੇ ਹੀ ਸਨ ਕਿ ਉਹਨੇ ਬੋਜ਼੍ਹੀਚਕੋ ਨੂੰ ਸੰਬੋਧਨ ਕੀਤਾ ਜਿਹੜਾ ਇਹਨਾਂ ਦੋ ਖੁਸ਼ਕਿਸਮਤ ਬੰਦਿਆਂ ਨੂੰ ਉਸ ਆਦਮੀ ਦੀ ਹਮਦਰਦੀ ਭਰੀ ਤਸੱਲੀ ਨਾਲ ਘੋਖ ਰਿਹਾ ਸੀ ਜਿਹੜਾ ਇਹ ਪੂਰੀ ਤਰ੍ਹਾਂ ਸਮਝਦਾ ਸੀ ਕਿ ਅਗਲੇ ਮੋਰਚੇ ਦੀਆਂ ਇਹਨਾਂ ਖੰਦਕਾਂ ਵਿਚ ਕੱਲ੍ਹ ਦੀ ਲੜਾਈ ਮਗਰੋਂ ਬਚ ਜਾਣਾ ਕੇਡੀ ਵੱਡੀ ਗੱਲ ਸੀ। ਅਤੇ ਜਦੋਂ ਬੇਸੋਨੋਵ ਨੇ ਬੈਠੀ ਹੋਈ ਅਵਾਜ਼ ਵਿਚ ਆਖਿਆ, “ਲਿਆਓ ਦੋ ਲਾਲ ਝੰਡੇ ਆਰਡਰ। ਤੁਸੀਂ, ਕਰਨਲ ਦੇਯੇਵ, ਅੱਜ ਪੁਰਸਕਾਰ ਪੱਤਰ ਜ਼ਰੂਰ ਤਿਆਰ ਕਰ ਲੈਣਾ," ਤਾਂ ਬੋਜ਼ੀਚਕੋ ਨੇ ਖੁਸ਼ੀ- ਖੁਸ਼ੀ ਆਪਣੇ ਥੈਲੇ ਵਿਚੋਂ ਦੋ ਡੱਬੀਆਂ ਕੱਢੀਆਂ ਅਤੇ ਬੇਸੋਨੋਵ ਨੂੰ ਫੜਾ ਦਿੱਤੀਆਂ। ਬੇਸੋਨੋਵ ਨੇ ਆਪਣੀ ਛੜੀ ਖੰਦਕ ਦੀ ਦੀਵਾਰ ਨਾਲ ਟਿਕਾਈ ਅਤੇ ਇਹਨਾਂ ਦੋ ਪੱਥਰ ਹੋਏ ਅਕਾਰਾਂ ਵੱਲ ਵਧਿਆ, ਤਮਗੇ ਉਹਨਾਂ ਦੇ ਸਖ਼ਤ ਬੇਉਂਗਲੇ ਦਸਤਾਨਿਆਂ ਵਿਚ ਫੜਾਏ ਅਤੇ ਆਪਣੀ ਹਿੱਕ ਵਿਚ ਉੱਠੀ ਪੀੜ ਦੀ ਲਹਿਰ ਨੂੰ ਲੁਕਾਉਣ ਲਈ ਮੂੰਹ ਦੂਜੇ ਪਾਸੇ ਕਰ ਲਿਆ ਤੇ ਪਿੱਛੇ ਮੁੜ ਕੇ ਵੇਖੇ ਬਗ਼ੈਰ ਢਿੱਲੇ-ਢਿੱਲੇ ਕਦਮ ਰੱਖਦਾ ਖੰਦਕ ਵਿਚ ਅਗਾਂਹ ਤੁਰ ਪਿਆ।ਉੱਤਰ ਵੱਲੋਂ ਜ਼ੋਰਦਾਰ ਹਵਾ ਆਈ ਜਿਸ ਨਾਲ ਸੜਦੇ ਮਚਦੇ ਪਿੰਡ ਦੇ ਨਾਲ ਹੁੰਦੀ ਲੜਾਈ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਤੇ ਉਸ ਦੀਆਂ ਅੱਖਾਂ ਦੇ ਕੋਇਆਂ ਵਿਚ ਅੱਥਰੂ ਟਪਕ ਆਏ। ਉਸ ਨੇ ਚਾਲ ਤਿੱਖੀ ਕਰ ਲਈ ਤਾਂ ਜੋ ਉਸ ਦੇ ਪਿਛੋਂ ਆ ਕੇ ਕੋਈ ਉਸ ਦਾ ਚਿਹਰਾ ਨਾ ਵੇਖ ਲਵੇ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਅੰਦਰੋਂ ਉੱਠ ਰਹੇ ਜਜ਼ਬਿਆਂ ਦੇ ਹੜ੍ਹ ਦਾ ਕੀ ਕਰੇ, ਕਿਵੇਂ ਰੋਵੇ ਤੇ ਹੁਣ ਹਵਾ ਉਹਦੀ ਮਦਦ ਨੂੰ ਆ ਬਹੁੜੀ ਸੀ। ਉਹ ਆਪਣੇ ਰੋਕੇ ਹੋਏ ਅੱਥਰੂ ਵਗਾ ਸਕਦਾ ਸੀ।ਉਹਨਾਂ ਜਵਾਨਾਂ ਲਈ ਦੁੱਖ ਤੇ ਸ਼ੁਕਰਗੁਜ਼ਾਰੀ ਦੇ ਜਜ਼ਬਾਤਾਂ ਨੂੰ ਹਵਾ ਲਵਾ ਸਕਦਾ ਸੀ ਜਿਨ੍ਹਾਂ ਨੇ ਉਸ ਦੇ, ਬੇਸੋਨੋਵ ਦੇ, ਹੁਕਮਾਂ ਉੱਤੇ ਫੁੱਲ ਚੜ੍ਹਾਏ ਸਨ।ਉਹ ਆਖਰੀ ਕਾਰਤੂਸ ਤੱਕ ਹਰ ਹਾਲਤ ਵਿਚ ਲੜੇ ਸਨ। ਉਹਨਾਂ ਨੇ ਆਸ ਦਾ ਲੜ ਛੱਡੇ ਬਗੈਰ ਏਥੇ ਲੜ ਕੇ ਜਾਨਾਂ ਵਾਰ ਦਿੱਤੀਆਂ ਸਨ ਅਤੇ ਬਹੁਤੇ ਤਾਂ ਜਵਾਬੀ ਹੱਲੇ ਦੇ ਕੁਝ ਘੰਟਿਆਂ ਦੇ ਅੰਦਰ-ਅੰਦਰ ਹੀ ਮਾਰੇ ਗਏ ਸਨ।
“ਜੋ ਕੁਝ ਵੀ ਮੈਂ ਕਰ ਸਕਦਾ ਹਾਂ, ਜੋ ਕੁਝ ਵੀ ਮੈਂ ਕਰ ਸਕਦਾ ਹਾਂ,” ਉਹ ਆਪਣੇ ਆਪ ਨੂੰ ਕਹਿੰਦਾ ਜਾ ਰਿਹਾ ਸੀ।“ਪਰ ਮੈਂ ਉਹਨਾਂ ਵਾਸਤੇ ਕੀ ਕਰ ਸਕਦਾ ਹਾਂ, ਸਿਵਾਏ ਇਸ ਦੇ ਕਿ ਸ਼ੁਕਰੀਆ ਅਦਾ ਕਰਾਂ ?”
“ਲੰਗਰ... ਤੋਪਚੀ, ਕਾਮਰੇਡ ਕਮਾਂਡਰ ਤੋਪ ਦਸਤਾ। ਓਹੋ ਹੈ!” ਉਸ ਦੇ ਨਾਲ ਮਿਲ ਕੇ ਬੋਜ਼੍ਹੀਚਕੋ ਚਿੱਲਾਇਆ ਅਤੇ ਅਚਾਨਕ ਹੈਰਾਨ ਪ੍ਰੇਸ਼ਾਨ ਚੁੱਪ ਹੋ ਗਿਆ।ਉਸ ਦੀ ਕੋਸ਼ਿਸ਼ ਸੀ ਕਿ ਬੇਸੋਨੋਵ ਦੇ ਗਿੱਲੇ, ਬੇ-ਪਛਾਣ ਚਿਹਰੇ ਵੱਲ ਨਾ ਵੇਖੇ।ਉਹ ਇਕਦਮ ਪਿੱਛੇ ਰਹਿ ਗਿਆ ਤੇ ਢਾਹੇ ਦੇ ਕੰਢੇ ਵੱਲ ਮੁੜ ਪਿਆ ਜਿੱਥੇ ਇਕੱਲਵਾਂਜੀ ਲੰਗਰ ਵਾਲੀ ਗੱਡੀ ਖੜੀ ਸੀ ਤੇ ਉਸ ਦੀ ਇਕੋ-ਇਕ ਚਿਮਨੀ ਵਿਚੋਂ ਫਿੱਕਾ-ਫਿੱਕਾ ਧੂੰਆਂ ਨਿਕਲ ਰਿਹਾ ਸੀ।
ਸੋਵੀਅਤ ਟੈਂਕਾਂ ਦੇ ਮਗਰ-ਮਗਰ ਦੱਖਣੀ ਕੰਢੇ ਆ ਜਾਣ ਵਾਲੀ ਇਹ ਲੰਗਰ ਦੀ ਗੱਡੀ ਤੋਪ ਦਸਤਿਆਂ ਦਾ ਲੰਗਰ ਸੀ। ਇਸ ਨੂੰ ਸਾਰਜੈਂਟ ਮੇਜਰ ਸਕੋਰੀਕ ਏਧਰ ਲੈ ਆਇਆ ਸੀ।
ਜਦੋਂ ਕਬਜ਼ੇ ਵਿਚ ਆ ਗਏ ਅਗਲੇ ਮੋਰਚਿਆਂ ਵਿਚ ਲੜਾਈ ਪੂਰੀ ਸਿਖ਼ਰ ਉੱਤੇ ਸੀ ਤੇ ਜਰਮਨ ਟੈਂਕਾਂ ਨੇ ਤੋਪ ਦਸਤਿਆਂ ਦੇ ਸੱਜਿਓਂ ਤੇ ਖੱਬਿਓਂ ਦਰਿਆ ਪਾਰ ਕਰਨ ਵਾਲੀਆਂ ਥਾਵਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਤਾਂ ਤੋਪ ਦਸਤੇ ਦੇ ਕਮਾਂਡਰ ਦਰੋਜ਼ਦੋਵਸਕੀ ਨੇ ਤੋਪਖਾਨੇ ਦੀ ਫ਼ੌਜ ਦੀ ਕਮਾਂਡ ਚੌਂਕੀ ਨੂੰ ਰੇਡੀਓ ਸੰਦੇਸ਼ ਭੇਜਣ ਦੀ ਵਿਅਰਥ ਕੋਸ਼ਿਸ਼ ਬੰਦ ਕਰ ਦਿੱਤੀ ਸੀ। ਖੈਰ ਜੋ ਕੁਝ ਵੀ ਹੋਇਆ ਉਹ ਬਿਲਕੁਲ ਸਪੱਸ਼ਟ ਸੀ। ਅੱਧੇ ਘੰਟੇ ਵਿਚ ਲੈਫਟੀਨੈਂਟ ਕੁਜ਼ਨੇਤਸੋਵ ਨੇ, ਹੁਕਮ ਉਡੀਕੇ ਬਗ਼ੈਰ, ਆਪਣੇ ਕੋਲ ਬਚਦੇ ਸੱਤ ਗੋਲੇ ਉਹਨਾਂ ਟੈਕਾਂ ਉੱਤੇ ਦਾਗ ਦਿੱਤੇ ਜਿਹੜੇ ਦੱਖਣੀ ਕੰਢੇ ਪੁੱਜ ਗਏ ਸਨ। ਅਤੇ ਇਹ ਗੋਲ਼ੇ ਵਰਤ ਕੇ ਉਸ ਨੇ ਆਪਣੇ ਅਮਲੇ ਨੂੰ ਹੁਕਮ ਦਿੱਤਾ ਕਿ ਉਹ ਆਪਣੀਆਂ ਛੋਟੀਆਂ ਮਸ਼ੀਨਗੰਨਾਂ ਲੈ ਕੇ ਪਿੱਛੇ ਹੱਟ ਰਹੀ ਜਰਮਨ ਪਿਆਦਾ ਫੌਜ ਉੱਤੇ ਅੱਗ ਵਰ੍ਹਾਉਣ ਲਈ ਖੰਦਕ ਵਿਚ ਮੋਰਚੇ ਮੱਲ ਲੈਣ। ਪਰ ਜਰਮਨ ਪਿਆਦਾ ਫੌਜਾਂ ਭਾਰੀਆਂ, ਤਰਪਾਲਾਂ ਨਾਲ ਕੱਜੀਆਂ ਤੇਜ਼ ਰਫਤਾਰ ਗੱਡੀਆਂ ਤੇ ਟਰੱਕਾਂ ਵਿਚ ਖੱਬੇ ਪਾਸੇ ਬਹੁਤ ਦੂਰ ਇਕ ਰਸਤਿਓਂ ਪਿੱਛੇ ਹਟ ਰਹੀਆਂ ਸਨ ਅਤੇ ਓਥੇ ਗੁਆਂਢ ਦੇ ਤੋਪ ਦਸਤਿਆਂ ਵਿਚੋਂ ਬਚਦੀਆਂ ਕੁਝ ਤੋਪਾਂ ਨੇ, ਅਤੇ ਦੋ ਭਾਰੀ ਮਸ਼ੀਨਗੰਨਾਂ ਨੇ ਜਿਹੜੀਆਂ ਕਿਸੇ ਚਮਤਕਾਰ ਨਾਲ ਅਜੇ ਵੀ ਸਰਹੱਦੀ ਚੌਂਕੀਆਂ ਵਾਲੀਆਂ ਖੰਦਕਾਂ ਵਿਚ ਦੋ ਜਵਾਨਾਂ ਨੇ ਸੰਭਾਲੀਆਂ ਹੋਈਆਂ ਸਨ ਉਹਨਾਂ ਉੱਤੇ ਗੋਲਾਬਾਰੀ ਕੀਤੀ।
ਖੰਦਕ ਵਿਚ ਚਾਰੇ ਹੀ ਤੋਪਚੀ – ਪਲਟਣ ਵਿਚੋਂ ਤੇ ਊਖਾਨੋਵ ਦੇ ਤੋਪ ਅਮਲੇ ਵਿਚੋਂ ਜੋ ਬਚਦੇ ਸਨ – ਪੂਰੀ ਤਰ੍ਹਾਂ ਨਹੀਂ ਸੀ ਸਮਝ ਰਹੇ ਕਿ ਦੂਜੇ ਕੰਢੇ ਕੀ ਹੋਇਆ ਵਾਪਰਿਆ ਸੀ ਜਾਂ ਜਰਮਨਾਂ ਨੇ ਏਡੀ ਕਾਹਲੀ-ਕਾਹਲੀ ਪਿੱਛੇ ਹੱਟਣਾ ਕਿਉਂ ਸ਼ੁਰੂ ਕਰ ਦਿੱਤਾ ਸੀ। ਇਸ ਲਈ ਉਹਨਾਂ ਨੇ ਆਪਣੇ ਮੋਰਚੇ ਮੱਲ ਲਏ ਤੇ ਉਹ ਆਪਣੇ ਹੱਥਾਂ ਉੱਤੇ ਅਤੇ ਆਪਣੇ ਹਥਿਆਰਾਂ ਦੇ ਬੋਲਟਾਂ ਉੱਤੇ ਸਾਹ ਦੀ ਹਵਾੜ ਛੱਡਦੇ ਰਹੇ ਤਾਂ ਜੋ ਗਰੀਜ਼ ਨਾ ਜੰਮ ਜਾਵੇ। ਕੁਜ਼ਨੇਤਸੋਵ ਥਰ-ਥਰ ਕੰਬੀ ਜਾ ਰਿਹਾ ਸੀ।ਊਖਾਨੋਵ ਆਪਣੇ ਬੇਉਂਗਲੇ ਦਸਤਾਨਿਆਂ ਨੂੰ ਹੌਲੀ-ਹੌਲੀ ਆਪਣੀ ਛਾਤੀ ਉੱਤੇ ਮਾਰ ਰਿਹਾ ਸੀ।ਨੇਚਾਯੇਵ ਤੇ ਰੂਬਿਨ ਬੰਦਕ ਦੀ ਬੰਨ੍ਹੀ ਦੇ ਸਿਰੇ ਤੋਂ ਬਰਫ ਸਾਫ ਕਰ ਰਹੇ ਸਨ। ਸਭ ਕੰਮ ਚੁੱਪ-ਚਾਪ ਹੋ ਰਿਹਾ ਸੀ ਕਿਉਂਕਿ ਕਿਸੇ ਵਿਚ ਵੀ ਬੋਲਣ ਜੋਗਾ ਸਾਹ ਸਤ ਨਹੀਂ ਸੀ। ਇਕ ਘੰਟੇ ਤੋਂ ਵੱਧ ਵਕਤ ਬੀਤ ਗਿਆ ਸੀ। ਜਿਸ ਵੇਲੇ ਲੰਗਰ ਦੀ ਗੱਡੀ ਗੋਲਿਆਂ ਨਾਲ ਹੋਏ ਮਘੋਰਿਆਂ ਉੱਤੇ ਬੁਰੀ ਤਰ੍ਹਾਂ ਹਚਕੋਲੇ ਖਾਂਦੀ ਕਿਸੇ ਅਵੱਲੇ ਭੂਤ ਵਾਂਗ ਵਿਖਾਈ ਦਿੱਤੀ, ਤੇ ਜਦੋਂ ਸਾਰਜੈਂਟ ਮੇਜਰ ਸਕੋਰੀਕ ਅੱਖਾਂ ਟੱਡੀ ਇਸ ਨੂੰ ਚਲਾਉਂਦਾ ਤੋਪ ਤੋਂ ਦੱਸਾਂ ਕਦਮਾਂ ਦੀ ਵਿੱਥ ਉੱਤੇ ਆ ਰੁਕਿਆ, ਅਤੇ ਹਫੇ ਹੋਏ, ਸਾਹ-ਸੱਤਹੀਣ ਘੋੜੇ ਨੂੰ ਪੁਚਕਾਰ ਕੇ, ਛਾਲ ਮਾਰ ਕੇ ਕੋਚਵਾਨ ਦੀ ਸੀਟ ਤੋਂ ਹੇਠਾਂ ਲੱਥਾ ਤੇ ਉਹਨਾਂ ਵੱਲ ਦੌੜਿਆ ਤੇ ਜਿਸ ਵੇਲੇ ਵੱਡੇ ਕੋਟ ਦਾ ਲੰਮਾ ਘੇਰਾ ਉਸ ਦੀਆਂ ਲੱਤਾਂ ਨੂੰ ਅੜ-ਅੜ ਜਾਂਦਾ ਸੀ, ਓਦੋਂ, ਜੋ ਕੁਝ ਹੋਇਆ ਸੀ ਉਸ ਦੀ ਅਸਲ ਖੁਸ਼ੀ ਉਹਨਾਂ ਦੇ ਮਨ ਦੀ ਪਕੜ ਵਿਚ ਨਾ ਆ ਸਕੀ।ਏਥੋਂ ਤੱਕ ਕਿ ਜਦੋਂ ਸਾਰਜੈਂਟ ਮੇਜਰ ਨੇ ਆਪਣੀ ਪੂਰੀ ਅਵਾਜ਼ ਨਾਲ ਬੜ੍ਹਕ ਮਾਰੀ, “ਆ ਗਿਆ ਮੈਂ, ਜਵਾਨੋ, ਤੁਹਾਡਾ ਰਾਸ਼ਨ ਲੈ ਕੇ !” ਨਾ ਹੀ ਉਸ ਦਾ ਆਉਣਾ ਤੇ ਨਾ ਹੀ ਉਸ ਦੀ ਬੜ੍ਹਕ ਅਸਲੀਅਤ ਜਾਪਦੀ ਸੀ। ਇਹ ਤਾਂ ਦੂਜੀ ਦੁਨੀਆਂ ਦੇ ਧੁੰਦਲੇ ਪਰਛਾਵੇਂ ਸਨ ਜਿਹੜੀ ਇਸ ਦੁਨੀਆਂ ਤੋਂ ਏਨੀ ਦੂਰ ਸੀ ਕਿ ਉਸ ਦੀ ਹੋਂਦ ਵੀ ਮਹਿਸੂਸ ਨਹੀਂ ਸੀ ਕੀਤੀ ਜਾ ਸਕਦੀ। ਕਿਸੇ ਨੇ ਵੀ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ।
“ਸਿਰਫ ਚਾਰ ਹੀ ਤੁਸੀਂ ? ਬਸ ਚਾਰ ? ਬਾਕੀ ਕਿੱਧਰ ਗਏ ?..”
ਸਾਰਜੈਂਟ ਮੇਜਰ ਦੀਆਂ ਨਜ਼ਰਾਂ ਤੋਪਾਂ ਦੇ ਉਜਾੜ ਪਏ ਮੋਰਚਿਆਂ ਤੇ ਟੁੱਟੇ-ਭੱਜੇ ਤੇ ਲੁਸੇ ਪਏ ਜਰਮਨ ਟੈਂਕਾਂ ਉੱਤੇ ਫਿਰੀਆਂ।ਉਹ ਆਪਣੇ ਅਫਸਰਾਂ ਵਾਲੇ ਫੈਲਟ ਬੂਟਾਂ ਵਿਚ ਫੁਰਤੀ ਨਾਲ ਦਗੜ ਕਰਦਾ ਤੋਪ ਦੇ ਮੋਰਚੇ ਵੱਲ ਆਇਆ, ਇਕ ਮੂਕ ਜਿਹੀ ਗੁਆਚੀ-ਗੁਆਚੀ ਅਵਾਜ਼ ਉਹਦੇ ਮੂੰਹ ਵਿਚੋਂ ਨਿਕਲੀ ਤੇ ਲੰਗਰ ਵੱਲ ਪਿਛਾਂਹ ਦੌੜ ਪਿਆ। ਉਸ ਨੇ ਥਰਮ ਫਲਾਸਕ ਤੇ ਦੋ ਥੈਲੇ ਜਿਨ੍ਹਾਂ ਵਿਚ ਰੋਟੀ ਤੇ ਰਸ ਜਾਪਦੇ ਸਨ ਪਿੱਠ ਉੱਤੇ ਚੁੱਕੇ ਤੇ ਲੜਖੜਾਉਂਦਾ ਹੋਇਆ ਤੋਪ ਕੋਲ ਵਾਪਸ ਆ ਗਿਆ ਤੇ ਸਭ ਕੁਝ ਤੋਪ ਦੀਆਂ ਪਿਛਲੀਆਂ ਟੇਕਾਂ ਵਿਚਕਾਰ ਢੇਰੀ ਕਰ ਦਿੱਤਾ ਅਤੇ ਡੌਰ-ਭੌਰ ਜਿਹਾ ਬੁੜ-ਬੁੜ ਕਰਨ ਲੱਗਾ: “ਸਾਰੇ ਤੋਪ ਦਸਤੇ ਵਾਸਤੇ ਹੈ — ਰੋਟੀ, ਰਸ ਤੇ ਵੋਦਕਾ। ਤੇ ਤੁਸੀਂ ਸਿਰਫ ਚਾਰ ਜਣੇ ਹੋ ?...ਮੈਂ ਇਹਨਾਂ ਸਭ ਚੀਜ਼ਾਂ ਦਾ ਕੀ ਕਰਾਂ, ਕਾਮਰੇਡ ਲੈਫਟੀਨੈਂਟ ? ਦਰੋਜ਼ਦੋਵਸਕੀ ਕਿੱਥੇ ਹੈ ? ਤੋਪ ਦਸਤੇ ਦਾ ਕਮਾਂਡਰ ਕਿੱਥੇ ਹੈ ?"
“ਨਿਗਰਾਨ ਚੌਂਕੀ ਨੂੰ ਗਿਆ ਏ।ਓਥੇ ਤਿੰਨ ਜਣੇ ਨੇ ਤੇ ਕੁਝ ਜ਼ਖਮੀ ਨੇ ਬੰਕਰ ਵਿਚ ਜਾਓ ਉਹਨਾਂ ਕੋਲ, ਸਾਰਜੈਂਟ ਮੇਜਰ," ਕੁਜ਼ਨੇਤਸੋਵ ਨੇ ਜਵਾਬ ਦਿੱਤਾ।ਉਹਦੀ ਜਬਾਨ ਵਿਚ ਹਿੱਲਣ ਦੀ ਵੀ ਤਾਕਤ ਨਹੀਂ ਸੀ ਰਹੀ।ਉਹ ਪਾਲੇ ਨਾਲ ਠੁਰ ਠੁਰ ਕਰਦਾ ਤੋਪ ਦੀ ਪਿਛਲੀ ਟੇਕ ਉੱਤੇ ਬਹਿ ਗਿਆ। ਨਾ ਉਸ ਨੂੰ ਖਾਣ-ਪੀਣ ਦੀ ਕੋਈ ਫਿਕਰ ਸੀ ਨਾ ਸਾਰਜੈਂਟ ਮੇਜਰ ਦੇ ਚੀਕ ਚਿਹਾੜੇ ਦੀ।
“ਥੋੜ੍ਹੀ ਜਿਹੀ ਅੱਗ ਬਾਲ ਲੈਣੀ ਚਾਹੀਦੀ ਏ, ਲੈਫਟੀਨੈਂਟ,” ਊਖਾਨੋਵ ਨੇ ਆਖਿਆ। “ਅੱਗ ਬਿਨਾਂ ਤਾਂ ਮਰ ਜਾਵਾਂਗੇ। ਤੂੰ ਆਪ ਇਸ ਤਰ੍ਹਾਂ ਕੰਬ ਰਿਹਾ ਏਂ ਜਿਵੇਂ ਕੋਈ ਪੱਤਾ ਕੰਬਦਾ ਹੈ।ਗੋਲਿਆਂ ਵਾਲੇ ਬਕਸੇ ਹੈਨ।ਤੇ ਪੀਣ ਲਈ ਸਾਡੇ ਕੋਲ ਵੋਦਕਾ ਵੀ ਬਥੇਰੀ ਏ ! ਜਾਪਦਾ ਏ, ਕਸਰਾਂ ਕੱਢ ਦਿੱਤੀਆਂ ਐਤਕਾਂ।”
“ਵੋਦਕਾ ?” ਕੁਜ਼ਨੇਤਸੋਵ ਨੇ ਬੇਪ੍ਰਵਾਹੀ ਵਾਲਾ ਜਵਾਬ ਦਿੱਤਾ।ਹਾਂ, ਵੋਦਕਾ ਸਾਰਿਆਂ ਵਾਸਤੇ।”
ਸਾਰਜੈਂਟ ਮੇਜਰ ਤੋਂ ਬਗ਼ੈਰ ਹੀ, ਜਿਹੜਾ ਬੰਕਰ ਵਿਚ ਪਾਏ ਜ਼ਖ਼ਮੀਆਂ ਵੱਲ ਦੌੜ ਗਿਆ ਸੀ, ਨੇਚਾਯੇਵ ਤੇ ਰੂਬਿਨ ਨੇ ਗੋਲਿਆਂ ਵਾਲੇ ਕੁਝ ਬਕਮੇ ਤੋੜੇ ਤੇ ਖੰਦਕ ਵਿਚ ਮੋਰਚੇ ਕੋਲ੍ਹ ਅੱਗ ਬਾਲ ਲਈ। ਓਧਰ ਊਖਾਨੋਵ ਨੇ ਗੋਲਿਆਂ ਦੇ ਖਾਲੀ ਬਕਸਿਆਂ ਦਾ ਢੇਰ ਇਕ ਪਾਸੇ ਕੀਤਾ ਤੇ ਤੋਪ ਦੀ ਨਾਲੀ ਦੇ ਪੇਂਦੇ ਹੇਠ ਤਰਪਾਲ ਵਿਛਾਈ ਤੇ ਵੋਦਕਾ ਦੀ ਥਰਮਸ ਤੇ ਬੇਹਿਸਾਬ ਖਾਣ ਦੀਆਂ ਚੀਜ਼ਾਂ ਟਿਕਾ ਦਿੱਤੀਆਂ।ਉਸ ਨੇ ਖੰਦਕ ਵਿਚੋਂ ਲੱਭੇ ਇਕੋ-ਇਕ ਮੱਗ ਵਿਚ ਵੋਦਕਾ ਪਾਈ ਤੇ ਰਸਾਂ ਵਾਲਾ ਪੈਕਟ ਖੋਹਲਿਆ। ਫੇਰ ਉਹ ਕੁਜ਼ਨੇਤਸੋਵ ਦੇ ਕੋਲ ਹੀ ਤੋਪ ਦੀ ਪਿਛਲੀ ਟੇਕ ਉੱਤੇ ਬਹਿ ਗਿਆ ਤੇ ਮੱਗ ਉਸ ਨੂੰ ਪੇਸ਼ ਕੀਤਾ।
“ਨਿੱਘਾ ਹੋ, ਲੈਫਟੀਨੈਂਟ, ਵਰਨਾ ਅਸੀਂ ਪਲਾਂ ਵਿਚ ਪੱਥਰ ਦੇ ਬੁੱਤ ਬਣ ਜਾਵਾਂਗੇ।ਪੀ ਘੁੱਟ – ਕੁਝ ਨਿੱਘ ਆਵੇ।”
ਕੁਜ਼ਨੇਤਸੋਵ ਨੇ ਮੱਗ ਦੋਹਾਂ ਹੱਥਾਂ ਵਿਚ ਫੜ ਲਿਆ ਤੇ ਜੀਅ ਕੱਚਾ ਕਰਨ ਵਾਲੀ ਮੁਸ਼ਕ ਦੀ ਪ੍ਰਵਾਹ ਨਾ ਕਰਦਿਆਂ ਵੱਡੇ ਵੱਡੇ ਇਕ ਦੋ ਘੁੱਟ ਇਸ ਉਮੀਦ ਨਾਲ ਭਰ ਲਏ ਕਿ ਵੋਦਕਾ ਨਾਲ ਉਹਦਾ ਕਾਂਬਾ ਹਟ ਜਾਏਗਾ ਤੇ ਉਹਦੇ ਅੰਦਰ ਕਸਿਆ ਹੋਇਆ ਜਿਵੇਂ ਕੋਈ ਅਸਪਾਤੀ ਸਪ੍ਰਿੰਗ ਢਿੱਲਾ ਹੋ ਜਾਏਗਾ। ਬਰਫ ਵਾਂਗ ਠੰਡੀ ਵੋਦਕਾ ਉਹਦੇ ਅੰਦਰ ਅੱਗ ਲਾਉਂਦੀ ਚਲੀ ਗਈ ਤੇ ਤੁਰੰਤ ਹੀ ਉਹਨੂੰ ਇਕ ਨਿੱਘੀ ਜਿਹੀ ਧੁੰਦ ਵਿਚ ਲਪੇਟ ਲਿਆ ਤੇ ਜਦੋਂ ਉਹਨੇ ਲੋਹੇ ਵਰਗੇ ਸਖਤ ਰਸ ਨੂੰ ਦੰਦੀ ਵੱਢੀ ਤਾਂ ਉਹਨੂੰ ਯਾਦ ਆਇਆ ਕਿਵੇਂ ਇਕ ਦਿਨ, ਢੇਰ ਚਿਰ ਪਹਿਲਾਂ, ਅਸੀਮ, ਲਿਸ਼ਕਦੇ ਸਤੇਪੀ ਵਿਚ ਕੂਚ ਦੇ ਦਿਨੀ, ਊਖਾਨੋਵ ਨੇ ਜ਼ੋਇਆ ਨੂੰ ਵੋਦਕਾ ਪਿਆਈ ਸੀ, ਕਿਵੇਂ ਉਸ ਨੇ ਅੱਖਾਂ ਬੰਦ ਕਰ ਕੇ ਕੁਝ ਘੁੱਟ ਭਰ ਲਏ ਸਨ ਤੇ ਹੱਸ ਕੇ ਆਖਿਆ ਸੀ ਕਿ ਇਸ ਨੇ ਉਹਦੇ ਢਿੱਡ ਵਿਚ ਦੀਵਾ ਬਾਲ ਦਿੱਤਾ ਹੈ ਭਾਵੇਂ ਉਹ ਜਾਣਦਾ ਸੀ ਕਿ ਇਸ ਨਾਲ ਜ਼ੋਇਆ ਦੀ ਤਬੀਅਤ ਖਰਾਬ ਹੋ ਗਈ ਸੀ ਇਹ ਕਦੋਂ ਦੀ ਗੱਲ ਸੀ ? ਤਕਰੀਬਨ ਸੌ ਸਾਲ ਪਹਿਲਾਂ ਦੀ, ਬਹੁਤ ਪੁਰਾਣੀ ਕਿ ਯਾਦ ਕਰ ਸਕਣਾ ਵੀ ਬੰਦੇ ਦੀ ਤਾਕਤ ਵਿਚ ਨਹੀਂ। ਪਰ ਉਹਨੂੰ ਇਹ ਗੱਲ ਇਸ ਤਰ੍ਹਾਂ ਯਾਦ ਆ ਗਈ ਸੀ ਜਿਵੇਂ ਇਹ ਘੰਟਾ ਕੁ ਪਹਿਲਾਂ ਹੀ ਹੋਈ ਹੋਵੇ।ਜ਼ੋਇਆ ਦੀਆਂ ਅੱਖਾਂ ਦੀ ਚਮਕ ਨਾਲ਼ ਉਹਦਾ ਚਿਹਰਾ ਹੇਠੋਂ ਉੱਤੋਂ ਲਿਸ਼ਕ ਪਿਆ ਸੀ ਤੇ ਉਹਦਾ ਖਾਮੋਸ਼ ਹਾਸਾ ਅਜੇ ਵੀ ਉਹਦੇ ਕੰਨਾਂ ਵਿਚ ਗੂੰਜ ਰਿਹਾ ਸੀ, ਏਨਾ ਸਪਸ਼ਟ ਕਿ ਜਿਵੇਂ ਸਭ ਕੁਝ ਇਸ ਵੇਲੇ ਹੀ ਹੋ ਰਿਹਾ ਹੋਵੇ ਤੇ ਕੁਝ ਵੀ ਪਹਿਲਾਂ ਨਹੀਂ ਸੀ ਵਾਪਰਿਆ।ਕੀ ਬਾਕੀ ਸਭ ਕੁਝ ਉਹਦਾ ਸੁਪਨਾ ਸੀ, ਪੂਰੀ ਦੀ ਪੂਰੀ ਜ਼ਿੰਦਗੀ, ਪੂਰੇ ਦਾ ਪੂਰਾ ਸੌ ਸਾਲ ? ਹਾਂ, ਉਸ ਨੇ ਕੋਈ ਸੁਪਨਾ ਵੇਖਿਆ ਸੀ, ਜਿਹੜੀ ਗੱਲ ਵਾਪਰੀ ਨਹੀਂ ਸੀ ਉਸ ਦਾ... ਕੁਝ ਨਹੀਂ, ਕੁਝ ਵੀ ਨਹੀਂ ਸੀ ਹੋਇਆ।ਉਹ ਦਵਾਈਆਂ ਲੈਣ ਵਾਸਤੇ ਮੈਡੀਕਲ ਬਟਾਲੀਅਨ ਗਈ ਸੀ ਤੇ ਆਪਣੇ ਸਾਫ-ਸੁਥਰੇ ਚਿੱਟੇ ਭੇਡ ਦੇ ਕੋਟ ਨੂੰ ਲੱਕ ਉੱਤੇ ਘੁੱਟ ਕੇ ਪੇਟੀ ਬੰਨ੍ਹੀ ਤੋਪਾਂ ਦੇ ਮੋਰਚਿਆਂ ’ਤੇ ਵਾਪਿਸ ਆ ਜਾਏਗੀ। ਬਿਲਕੁਲ ਓਸੇ ਰੂਪ ਵਿਚ ਜਿਵੇਂ ਉਹ ਗੱਡੀਓਂ ਲਹਿਣ ਲੱਗਿਆਂ ਸੀ।“ਕਿਉਂ ਪਿਆਰੇ ਬੱਚਿਓ ! ਮੇਰੇ ਬਗ਼ੈਰ ਕਿਵੇਂ ਦਿਨ ਕੱਟੇ ?”
ਪਰ ਇਸ ਵੇਲੇ ਵੀ ਧੁੰਦਲੀਆਂ-ਧੁੰਦਲੀਆਂ ਸੋਚਾਂ ਵਿਚ ਉਸ ਨੂੰ ਯਾਦ ਆਇਆ ਕਿ ਉਹ ਆਪਣੇ-ਆਪ ਨੂੰ ਧੋਖਾ ਦੇ ਰਿਹਾ ਸੀ, ਕਿ ਉਹ ਕਿਸੇ ਮੈਡੀਕਲ ਬਟਾਲੀਅਨ ਤੋਂ ਕਦੇ ਵਾਪਸ ਨਹੀਂ ਆਵੇਗੀ, ਕਿ ਉਹ ਤਾਂ ਏਥੇ ਹੀ ਸੀ, ਉਸ ਦੇ ਪਿੱਛੇ, ਤੋਪ ਦੇ ਨੇੜੇ ਹੀ, ਰਾਤ ਦੇ ਆਖਰੀ ਪਲਾਂ ਵਿਚ ਉਸ ਨੇ, ਊਖਾਨੋਵ, ਰੂਬਿਨ ਤੇ ਨੇਚਾਯੇਵ ਨੇ ਆਪ ਹੀ ਤਾਂ ਉਸ ਨੂੰ ਦੱਬਿਆ ਸੀ।ਉਹ ਉਸ ਥਾਂ ਪਈ ਹੈ, ਕੇਪ ਵਿਚ ਵਲ੍ਹੇਟੀ ਹੋਈ, ਸਦਾ ਲਈ ਇਕੱਲੀ, ਮਿੱਟੀ ਨਾਲ ਕੱਜੀ ਹੋਈ ਤੇ ਨੀਵੀਂ ਜਿਹੀ ਕਬਰ ਉੱਤੇ ਉਹਦਾ ਦਵਾਈਆਂ ਵਾਲਾ ਬੈਗ ਪਿਆ ਹੈ ਜਿਹੜਾ ਪਹਿਲਾਂ ਹੀ ਅੱਧਾ ਬਰਫ ਵਿਚ ਧਸਿਆ ਹੋਇਆ ਹੈ।
ਏਹੋ ਕੁਝ ਬਾਕੀ ਰਹਿ ਗਿਆ ਸੀ ਉਸ ਦਾ, ਜਦੋਂ ਉਹਨਾਂ ਨੇ ਆਖਰੀ ਕੰਮ ਨਿਬੇੜਿਆ ਸੀ। ਅਤੇ ਇਹ ਰੂਬਿਨ ਸੀ ਜਿਸ ਨੇ ਨਵੀਂ ਬਣੀ ਕਬਰ ਉੱਤੇ ਬੈਗ ਰੱਖ ਦਿੱਤਾ ਸੀ ਤੇ ਅਜਿਹੇ ਮਾਮਲਿਆਂ ਬਾਰੇ ਗੂੜ੍ਹ ਗਿਆਨ ਨਾਲ ਆਖਿਆ ਸੀ: “ਬਾਅਦ ਵਿਚ ਲਿਖ ਦੇਵਾਂਗੇ, ‘ਯੇਲਾਗੀਨਾ ਜ਼ੋਇਆ, ਮੈਡੀਕਲ ਸੇਵਕਾ।”
ਰਾਤ ਦੀਆਂ ਘਟਨਾਵਾਂ ਤੋਂ ਮਗਰੋਂ, ਇਸ ਵੇਲੇ ਉਹ ਤਿੰਨੇ ਹੀ ਕੁਸ਼ਨੇਤਸੋਵ ਦੇ ਬਹੁਤ ਨੇੜੇ ਤਿੜਤਿੜ ਕਰਦੀ ਅੱਗ ਦੇ ਲਾਗੇ ਤੋਪ ਦੀ ਪਿਛਲੀ ਟੇਕ ਉੱਤੇ ਬੈਠੇ ਹੋਏ ਸਨ। ਉਸ ਦੀ ਪਲਟਣ ਵਿਚੋਂ ਬਸ ਏਹੋ ਹੀ ਬਚੇ ਸਨ।ਅੱਗ ਵਿਚੋਂ ਮਾਮੂਲੀ ਜਿਹਾ ਨਿੱਘਾ ਤੇ ਕੁਝ ਕੌੜਾ ਧੂੰਆਂ ਉੱਠ ਰਿਹਾ ਸੀ। ਵੋਦਕਾ ਨਾਲ ਖਿੜ ਪਏ ਤੇ ਅੱਗ ਨਾਲ ਨਿੱਘੇ ਹੋ ਗਏ ਉਹ ਜਰਮਨਾਂ ਦੇ ਅਚਾਨਕ ਪਿੱਛੇ ਹਟਣ ਦੀਆਂ ਗੱਲਾਂ ਕਰਨ ਅਤੇ ਮਚਦੇ ਪਿੰਡ ਵੱਲ ਵੇਖਣ ਲੱਗ ਪਏ। ਪਿੰਡ ਤੋਂ ਪਾਰ ਹੋ ਰਹੀ ਲੜਾਈ ਦੀਆਂ ਅਵਾਜ਼ਾਂ ਆ ਰਹੀਆਂ ਸਨ ਜਿਹੜੀ ਪਲੋ-ਪਲ ਤੋਪ ਦਸਤੇ ਦੇ ਦੱਖਣ ਵੱਲ ਹੌਲੀ-ਹੌਲੀ ਸਤੇਪੀ ਵਿਚ ਹੋਰ ਅੱਗੇ, ਹੋਰ ਅੱਗੇ ਵਧਦੀ ਜਾ ਰਹੀ ਸੀ।
ਘਰ ਚਲਾਉਣ ਦੇ ਕੰਮ ਨੂੰ ਪੂਰੀ ਤਰ੍ਹਾਂ ਆਪਣੀ ਮੁੱਠ ਵਿਚ ਲੈ ਕੇ, ਊਖਾਨੋਵ ਰਸਾਂ ਉੱਤੇ ਚਰਬੀ ਲਾ ਰਿਹਾ ਸੀ, ਉਹਨਾਂ ਉੱਤੇ ਖੰਡ ਧੂੜ ਰਿਹਾ ਸੀ, ਥਰਮਸ ਵਿਚੋਂ ਵੋਦਕਾ ਦਾ ਮੱਗ ਭਰ ਰਿਹਾ ਸੀ ਤੇ ਰਾਸ਼ਨ ਦੀ ਪ੍ਰਵਾਹ ਕੀਤੇ ਬਗੈਰ ਅੰਤਾਂ ਦੀ ਦਰਿਆਦਿਲੀ ਨਾਲ ਵਰਤਾਉਂਦਾ ਜਾ ਰਿਹਾ ਸੀ।ਉਹ ਸ਼ਰਾਬੀ ਨਹੀਂ ਸੀ ਹੋਇਆ। ਇਹ ਵੇਖ ਕੇ ਕਿ ਉਹਦੇ ਅਮਲੇ ਦੇ ਬੰਦਿਆਂ, ਰੂਬਿਨ ਤੇ ਨੇਚਾਯੇਵ, ਨੇ ਮਾੜਾ ਜਿਹਾ ਸੰਭਲਣਾ ਸ਼ੁਰੂ ਕਰ ਦਿੱਤਾ ਹੈ, ਸਿਰਫ ਉਹਦੇ ਚਿਹਰੇ ਉੱਤੇ ਪਿਲੱਤਣ ਆ ਗਈ ਸੀ। ਕੁਜ਼ਨੇਤਸੋਵ ਨੂੰ ਵੋਦਕਾ ਨਾਲ ਕੋਈ ਫਾਇਦਾ ਨਹੀਂ ਹੋਇਆ। ਇਸ ਨਾਲ ਉਹਦੇ ਅੰਦਰਲਾ ਉਹ ਅਸਪਾਤੀ ਸਪ੍ਰਿੰਗ ਜਿਹਾ ਢਿੱਲਾ ਨਹੀਂ ਸੀ ਹੋਇਆ ਅਤੇ ਉਸ ਦਾ ਕਾਂਬਾ ਨਹੀਂ ਸੀ ਹਟਿਆ, ਭਾਵੇਂ ਉਹ, ਇਸ ਦੀ ਕਰਹਿਤਭਰੀ ਮੁਸ਼ਕ ਦੇ ਬਾਵਜੂਦ, ਊਖਾਨੋਵ ਦੀ ਗੱਲ ਮੰਨ ਕੇ ਵੱਡੇ ਵੱਡੇ ਘੁੱਟ ਅੰਦਰ ਸੁੱਟਦਾ ਰਿਹਾ ਸੀ।
“ਲੈਫਟੀਨੈਂਟ, ਜਾਪਦਾ ਏ ਸਾਹਿਬ ਸਾਡੇ ਵੱਲ ਆ ਰਹੇ ਨੇ !" ਤੋਪ ਦਸਤੇ ਵੱਲ ਆਉਂਦੀ ਟੋਲੀ ਵੱਲ ਸਭ ਤੋਂ ਪਹਿਲਾਂ ਊਖਾਨੋਵ ਦਾ ਹੀ ਧਿਆਨ ਗਿਆ।“ਬੰਨੀ ਦੇ ਨਾਲ-ਨਾਲ ਆ ਰਹੇ ਨੇ... ਵੇਖ, ਲੈਫਟੀਨੈਂਟ !"
“ਪੱਕੀ ਗੱਲ, ਏਧਰ ਹੀ ਆ ਰਹੇ ਨੇ," ਰੂਬਿਨ ਨੇ ਪੁਸ਼ਟੀ ਕੀਤੀ। ਸ਼ਰਾਬ ਨਾਲ ਉਹਦਾ ਮੂੰਹ ਚੁਕੰਦਰ ਰੰਗਾ ਹੋ ਗਿਆ ਸੀ ਤੇ ਉਹਨੂੰ ਚੱਕਰ ਆ ਰਹੇ ਸਨ। ਇਹਤਿਆਤ ਵਜੋਂ, ਉਹ ਨੇ ਵੋਦਕਾ ਵਾਲਾ ਮੱਗ ਆਪਣੇ ਵੱਡੇ ਸਾਰੇ ਖਰਵੇ ਹੱਥ ਨਾਲ ਤੋਪ ਦੇ ਇਕ ਪਹੀਏ ਪਿੱਛੇ ਧੱਕ ਦਿੱਤਾ।“ਇਹ ਤਾਂ ਜਨਰਲ ਏ, ਕਿਉਂ ? ਜਿਸ ਨੇ ਸੋਟੀ ਫੜੀ ਹੋਈ ਏ।”
“ਹਾਂ, ਵੇਖ ਰਿਹਾ ਆਂ,” ਕੁਜ਼ਨੇਤਸੋਵ ਨੇ ਅਸੁਭਾਵਿਤ ਠਰੰਮੇ ਨਾਲ ਆਖਿਆ।“ਵੋਦਕਾ ਲੁਕਾਉਣ ਦੀ ਨਹੀਂ ਲੋੜ, ਰੂਬਿਨ।” ਬੇਸੋਨੋਵ, ਕਦਮ-ਕਦਮ ਉੱਤੇ ਉਹਨਾਂ ਚੀਜ਼ਾਂ ਨਾਲ ਠੇਡੇ ਖਾਂਦਾ ਜਿਹੜੀਆਂ ਹਾਲੇ ਕੱਲ੍ਹ ਤੱਕ ਤੋਪ ਦਸਤੇ ਦੇ ਪੂਰੇ ਅਮਲੇ ਦਾ ਹਿੱਸਾ ਸਨ, ਮੋਰਚਿਆਂ ਦੇ ਨਾਲ-ਨਾਲ ਤੁਰਿਆ ਆਉਂਦਾ ਸੀ – ਖੰਦਕਾਂ ਦੀਆਂ ਟੁੱਟੀਆਂ-ਭੱਜੀਆਂ ਬੰਨ੍ਹੀਆਂ ਦੇ ਅੱਗੋਂ ਦੀ, ਜਿਨ੍ਹਾਂ ਨੂੰ ਜਿਵੇਂ ਦਾਤਰ ਵੱਜੇ ਹੋਏ ਹੋਣ, ਤੋਪਾਂ ਦੀਆਂ ਲੱਥੀਆਂ ਚਿੱਪਰਾਂ, ਮੂੰਹ ਅੱਡੀ ਵੇਖਦੀਆਂ ਦਰਾੜਾਂ, ਮਿੱਟੀ ਦੇ ਵੱਡੇ- ਵੱਡੇ ਢੇਰਾਂ ਕੋਲੋਂ ਦੀ ਲੰਘਦਾ ਹੋਇਆ।
“ਇਹਦਾ ਮਤਲਬ ਹੋਇਆ ਕਿ ਇਹਨਾਂ ਮੋਰਚਿਆਂ ਵਿਚੋਂ ਟੈਂਕਾਂ ਉੱਤੇ ਗੋਲੇ ਉਹ ਤੋਪ ਦਸਤਾ ਵਰ੍ਹਾ ਰਿਹਾ ਸੀ, ਜਿਸ ਦਾ ਕਮਾਂਡਰ ਉਹ ਮੁੰਡਾ ਜਿਹਾ ਹੈ ?”
ਪਤਾ ਨਹੀਂ ਕਿਸ ਤਰ੍ਹਾਂ ਖਿਆਲਾਂ ਖਿਆਲਾਂ ਵਿਚ ਹੀ ਬੇਸੋਨੋਵ ਨੂੰ ਆਪਣੇ ਪੁੱਤਰ ਦਾ ਚੇਤਾ ਆ ਗਿਆ, ਹਸਪਤਾਲ ਵਿਚ ਉਹਦੇ ਨਾਲ ਆਪਣੀ ਆਖ਼ਰੀ ਮੁਲਾਕਾਤ ਦਾ, ਹਸਪਤਾਲ ਤੋਂ ਵਾਪਿਸ ਆਉਣ ਮਗਰੋਂ ਆਪਣੀ ਬੀਵੀ ਵਲੋਂ ਮਾਫ ਨਾ ਕੀਤੀ ਜਾਣ ਵਾਲੀ ਝਾੜ ਝੰਬ ਦਾ, ਇਸ ਲਈ ਕਿ ਉਹਨੇ ਇਸ ਗੱਲ ਉੱਤੇ ਜ਼ੋਰ ਕਿਉਂ ਨਾ ਦਿੱਤਾ ਕਿ ਉਹਦਾ ਪੁੱਤਰ ਉਹਦੀ ਹੀ ਆਰਮੀ ਵਿਚ ਕੰਮ ਲੱਗੇ ਜੋ ਬਿਹਤਰ ਵੀ ਸੀ, ਜਿਸ ਵਿਚ ਖ਼ਤਰਾ ਵੀ ਕੋਈ ਨਹੀਂ ਸੀ। ਤੇ ਹੁਣ ਪਲ ਦੀ ਪਲ ਉਸ ਦੀਆਂ ਅੱਖਾਂ ਅੱਗੇ ਆਪਣੇ ਪੁੱਤਰ ਦੀ ਤਸਵੀਰ ਆ ਗਈ ਜਿਹੜਾ ਪਿਆਦਾ ਫੌਜ ਦੀਆਂ ਖੰਦਕਾਂ ਵਿਚ ਉਸ ਕੰਪਨੀ ਦਾ ਕਮਾਂਡਰ ਸੀ ਜਿੱਥੇ ਉਸ ਨੂੰ ਦੋ ਜਿਊਂਦੇ ਰਹਿ ਗਏ ਮਿਲੇ ਸਨ ਜਾਂ ਏਥੇ, ਤੋਪਾਂ ਦੇ ਮੋਰਚਿਆਂ ਉੱਤੇ ਜਿੱਥੇ ਉੱਡਦੇ ਅਸਪਾਤ ਦੇ ਵਾਵਰੋਲੇ ਨੇ ਹਰ ਚੀਜ਼ ਨੂੰ ਇਉਂ ਗਡਮਡ ਤੇ ਕੁਰੂਪ ਬਣਾ ਦਿੱਤਾ ਸੀ ਕਿ ਕੁਝ ਵੀ ਪਛਾਣਿਆ ਨਹੀਂ ਸੀ ਜਾਂਦਾ। ਇਸ ਖਿਆਲ ਦੇ ਆਉਂਦਿਆਂ ਹੀ ਉਸ ਨੇ ਤੋਰ ਮੱਠੀ ਕਰ ਲਈ ਤਾਂ ਜੋ ਉਹਦਾ ਸਾਹ ਵਿਚ ਸਾਹ ਰਲ ਜਾਏ, ਪਰ ਉਹਦਾ ਅੰਦਰ ਦਾ ਤਲਖ਼ ਤਣਾਓ ਨਹੀਂ ਸੀ ਘਟਿਆ ਤੇ ਉਹ ਆਪਣੇ ਭੇਡ ਦੀ ਖੱਲ ਦੇ ਕੋਟ ਦੇ ਕਾਲਰ ਦੀਆਂ ਹੁੱਕਾਂ ਖੋਹਲਣ ਲੱਗ ਪਿਆ ਜੋ ਉਸ ਦਾ ਸਾਹ ਘੁੱਟਦੀਆਂ ਜਾਪਦੀਆਂ ਸਨ।
“ਹੁਣੇ ਸਾਹ ਵਿਚ ਸਾਹ ਆ ਜਾਏਗਾ... ਹੁਣੇ ਠੀਕ ਹੋ ਜਾਏਗਾ, ਬਸ ਮੈਨੂੰ ਪੁੱਤਰ ਬਾਰੇ ਨਹੀਂ ਸੋਚਣਾ ਚਾਹੀਦਾ,” ਉਸ ਨੇ ਆਪਣੀ ਸੋਟੀ ਉੱਤੇ ਭਾਰ ਪਾ ਕੇ ਉਲਰਦਿਆਂ, ਆਪਣੇ ਆਪ ਨੂੰ ਆਖਿਆ।
“ਸਾਵਧਾਨ ! ਕਾਮਰੇਡ ਜਨਰਲ ...”
ਉਹ ਰੁਕ ਗਿਆ।ਉਸ ਨੇ ਨਜ਼ਰ ਚੁੱਕ ਕੇ ਵੇਖਿਆ। ਚਾਰ ਤੋਪਚੀ ਜਿਨ੍ਹਾਂ ਦੇ ਵੱਡੇ ਕੋਟ ਵਿਸ਼ਵਾਸੋਂ ਬਾਹਰੇ ਦਾਗੋ-ਦਾਗ਼ ਤੇ ਕਾਲੇ ਹੋਏ ਪਏ ਸਨ, ਉਹਦੇ ਸਾਮ੍ਹਣੇ ਦਸਤੇ ਦੀ ਆਖਰੀ ਤੋਪ ਦੇ ਕੋਲ ਸਾਵਧਾਨ ਖੜੇ ਸਨ।ਮੋਰਚੇ ਵਿਚ ਮਾੜੀ ਜਿਹੀ ਅੱਗ ਧੁਖ਼ ਰਹੀ ਸੀ ਅਤੇ ਭੁੰਜੇ ਵਿਛਾਈ ਤਰਪਾਲ ਉੱਤੇ ਇਕ ਥਰਮਸ ਫਲਾਸਕ ਤੇ ਦੋ ਝੋਲੇ ਪਏ ਸਨ। ਉਸ ਨੂੰ ਵੋਦਕਾ ਦੀ ਮਹਿਕ ਆਈ।
ਚਹੁੰਆਂ ਦੇ ਚਿਹਰਿਆਂ ਉੱਤੇ ਮੈਲ ਜੰਮੀ ਹੋਈ ਸੀ ਜਿਹੜੀ ਚਮੜੀ ਵਿਚ ਪਈਆਂ ਬਿਆਈਆਂ ਵਿਚ ਧਸ ਗਈ ਹੋਈ ਸੀ।ਉਹਨਾਂ ਦੀਆਂ ਅੱਖਾਂ ਵਿਚ ਬਿਮਾਰਾਂ ਵਰਗੀ ਚਮਕ ਸੀ।ਉਹਨਾਂ ਦੀਆਂ ਬਾਹਵਾਂ ਤੇ ਟੋਪੀਆਂ ਧੁਆਂਖੀਆਂ ਹੋਈਆਂ ਸਨ। ਬੇਸੋਨੋਵ ਨੂੰ ਵੇਖ ਕੇ ਜਿਸ ਨੇ ਹੌਲੀ ਜਿਹੀ ‘ਸਾਵਧਾਨ” ਆਖਿਆ ਸੀ ਉਹ ਇਕ ਸ਼ਾਂਤ, ਗੰਭੀਰ ਚਿਹਰੇ ਤੇ ਮਧਰੇ ਕੱਦ ਦਾ ਲੈਫਟੀਨੈਂਟ ਸੀ।ਉਹ ਤੋਪ ਦੀ ਟੇਕ ਤੋਂ ਹੇਠਾਂ ਉਤਰਿਆ ਤੇ ਤਣ ਕੇ ਖੜ੍ਹੇ ਹੁੰਦਿਆਂ ਆਪਣਾ ਹੱਥ ਟੋਪੀ ਕੋਲ ਲਿਜਾ ਕੇ ਸਲੂਟ ਮਾਰਿਆ ਜਿਵੇਂ ਰਿਪੋਰਟ ਕਰਨ ਲੱਗਾ ਹੋਵੇ।
“ਰਿਪੋਰਟ ਕਰਨ ਦੀ ਨਹੀਂ ਲੋੜ... ਮੈਂ ਸਭ ਕੁਝ ਜਾਣਦਾ ਹਾਂ। ਮੈਨੂੰ ਤੁਹਾਡੇ ਤੋਪ ਦਸਤੇ ਦੇ ਕਮਾਂਡਰ ਦਾ ਨਾਂ ਯਾਦ ਹੈ, ਪਰ ਤੁਹਾਡੇ ਨਾਂ ਭੁੱਲ ਗਿਆ ਹਾਂ ...”
“ਪਹਿਲੀ ਪਲਟਣ ਦਾ ਕਮਾਂਡਰ, ਲੈਫਟੀਨੈਂਟ ਕੁਜ਼ਨੇਤਸੋਵ।”
“ਮਤਲਬ ਹੈ, ਕਿ ਤੁਹਾਡੇ ਦਸਤੇ ਨੇ ਹੀ ਇਹ ਟੈਂਕ ਤਬਾਹ ਕੀਤੇ ?”
“ਹਾਂ, ਕਾਮਰੇਡ ਜਨਰਲ। ਅੱਜ ਅਸੀਂ ਹੀ ਟੈਂਕਾਂ ਉੱਤੇ ਗੋਲੇ ਦਾਗ ਰਹੇ ਸਾਂ ਪਰ ਸਾਡੇ ਕੋਲ ਸਿਰਫ ਸੱਤ ਗੋਲ਼ੇ ਹੀ ਬਚਦੇ ਸਨ... ਔਹ ਟੈਂਕ ਕੱਲ੍ਹ ਹੀ ਬਰਬਾਦ ਕਰ ਦਿੱਤੇ ਗਏ ਸਨ।”
ਉਹ ਆਪਣੀ ਅਵਾਜ਼ ਵਿਚ ਇਕਸਾਰ ਅਡੋਲ ਦ੍ਰਿੜ੍ਹਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਉਸ ਦੇ ਅੰਦਾਜ਼ ਵਿਚ, ਉਸ ਦੀ ਤੱਕਣੀ ਵਿਚ, ਉਸ ਦੀ ਗਮਗੀਨ, ਸਿਆਣਿਆਂ ਵਾਲੀ ਗੰਭੀਰਤਾ ਵਿਚ, ਜਿਸ ਵਿਚ ਜਨਰਲ ਦੀ ਮੌਜੂਦਗੀ ਵਿਚ ਕਿਸੇ ਤਰ੍ਹਾਂ ਦੀ ਸੰਗ ਝਿਜਕ ਨਹੀਂ ਸੀ, ਕੋਈ ਐਸੀ ਗੱਲ ਸੀ ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਇਹ ਪਲਟਣ ਦੇ ਕਮਾਂਡਰ, ਇਸ ਮੁੰਡੇ ਨੇ ਆਪਣੀ ਜ਼ਿੰਦਗੀ ਦਾ ਮੁੱਲ ਤਾਰ ਕੇ ਕਿਸੇ ਚੀਜ਼ ਉੱਤੇ ਕਾਬੂ ਪਾ ਰੱਖਿਆ ਸੀ ਤੇ ਹੁਣ ਇਹ “ਕੋਈ ਚੀਜ਼’” ਜਿਸ ਨੂੰ ਉਹ ਸਮਝਦਾ ਸੀ ਉਸ ਦੀਆਂ ਅੱਖਾਂ ਵਿਚ ਆ ਕੇ ਸੁੱਕ ਗਈ ਸੀ, ਜੰਮ ਗਈ ਸੀ ਅਤੇ ਵਹਿ ਨਹੀਂ ਸੀ ਰਹੀ। ਲੈਫਟੀਨੈਂਟ ਦੀ ਅਵਾਜ਼ ਤੇ ਤੱਕਣੀ ਕਰਕੇ ਅਤੇ ਆਪਣੀ ਪਲਟਣ ਦੇ ਕਮਾਂਡਰ ਦੇ ਪਿੱਛੇ ਤੋਪ ਦੀਆਂ ਟੇਕਾਂ ਵਿਚਕਾਰ ਖੜ੍ਹੇ ਤਿੰਨਾਂ ਤੋਪਚੀਆਂ ਦੇ ਰੁੱਖੇ-ਰੁੱਖੇ, ਲਾਲ-ਨੀਲੇ ਚਿਹਰਿਆਂ ਉੱਤੇ ਓਸੇ ਤਰ੍ਹਾਂ ਦੇ, ਲਗਪਗ ਓਹੋ ਜਿਹੇ ਹੀ ਹਾਵ-ਭਾਵ ਵੇਖ ਕੇ ਬੇਸੋਨੋਵ ਨੂੰ ਲੱਗਾ ਜਿਵੇਂ ਉਹਦੇ ਸੰਘ ਵਿਚ ਕੁਝ ਅੜ ਗਿਆ ਹੋਵੇ, ਕੁੜੱਤਣ ਘੁਲ ਗਈ ਹੋਵੇ ਤੇ ਉਹਦਾ ਜੀਅ ਕੀਤਾ ਕਿ ਪੁੱਛੇ, ਤੋਪ ਦਸਤੇ ਦਾ ਕਮਾਂਡਰ ਜਿਊਂਦਾ ਹੈ ਜਾਂ ਨਹੀਂ, ਉਹ ਕਿੱਥੇ ਹੈ, ਪਰ ਉਸ ਨੇ ਕੁਝ ਨਹੀਂ ਪੁੱਛਿਆ, ਉਹ ਕੁਝ ਪੁੱਛ ਸਕਿਆ ਹੀ ਨਹੀਂ... ਤੇਜ਼ ਹਵਾ ਝਈਆਂ ਲੈ-ਲੈ ਕੇ ਮੋਰਚਿਆਂ ਵਿਚ ਪੈਂਦੀ ਸੀ, ਉਸ ਦੇ ਕੋਟ ਦੇ ਕਾਲਰ ਤੇ ਘੇਰੇ ਨੂੰ ਉੱਡਾ ਜਾਂਦੀ ਸੀ ਤੇ ਉਹਦੀਆਂ ਲਟ-ਲਟ ਬਲਦੀਆਂ ਅੱਖਾਂ ਵਿਚ ਪਾਣੀ ਲੈ ਆਉਂਦੀ ਸੀ। ਅਤੇ ਬੇਸੋਨੋਵ, ਸ਼ੁਕਰਾਨੇ ਦੇ ਇਹਨਾਂ ਝੁਲਸਵੇਂ ਖਾਰੇ ਹੰਝੂਆਂ ਨੂੰ ਖੁੰਝੇ ਬਗ਼ੈਰ, ਚੁੱਪ-ਗਰੁੱਪ ਆਪਣੇ ਇਰਦ-ਗਿਰਦ ਖੜੇ ਅਫ਼ਸਰਾਂ ਦੇ ਧਿਆਨ ’ਤੇ ਪਸ਼ੇਮਾਨ ਹੋਏ ਬਗੈਰ, ਆਪਣੀ ਸੋਟੀ ਉੱਤੇ ਭਾਰ ਪਾ ਕੇ ਝੁਕਿਆ ਤੇ ਬੋਜ਼੍ਹੀਚਕੋ ਵੱਲ ਮੁੜਿਆ। ਉਸ ਸਰਵਉੱਚ ਸੱਤਾ ਵੱਲੋਂ ਜਿਸ ਨੇ ਲੱਖਾਂ ਹੀ ਲੋਕਾਂ ਦੀ ਕਮਾਂਡ ਸਾਂਭਣ ਤੇ ਉਹਨਾਂ ਦੀ ਹੋਣੀ ਦਾ ਫੈਸਲਾ ਕਰਨ ਦਾ ਮਹਾਨ ਤੇ ਖਤਰਨਾਕ ਹੱਕ ਉਸ ਨੂੰ ਦਿੱਤਾ ਹੋਇਆ ਸੀ ਚੌਹਾਂ ਨੂੰ “ਲਾਲ ਝੰਡੇ ਦਾ ਆਰਡਰ’” ਪੇਸ਼ ਕਰਨ ਤੋਂ ਬਾਅਦ ਉਹ ਬੜੀ ਹਿੰਮਤ ਕਰਕੇ ਏਨਾ ਕੁ ਆਖ ਸਕਿਆ:
“ਸਭ ਕੁਝ, ਜੋ ਵੀ ਮੈਂ ਕਰ ਸਕਦਾ ਹਾਂ ... ਸਭ ਕੁਝ, ਜੋ ਕਰ ਸਕਦਾ ਹਾਂ ... ਇਹਨਾਂ ਟੈਂਕਾਂ ਨੂੰ ਪਛਾੜ ਦੇਣ ਲਈ ਸ਼ੁਕਰੀਆ। ਵੱਡੀ ਗੱਲ ਤਾਂ ਇਹੋ ਸੀ... ਇਹਨਾਂ ਟੈਂਕਾਂ ਨੂੰ ਪਛਾੜਨਾ। ਵੱਡੀ ਗੱਲ ਤਾਂ ਇਹੋ ਸੀ...”
ਅਤੇ ਆਪਣੇ ਦਸਤਾਨੇ ਚੜ੍ਹਾ ਕੇ, ਸੰਚਾਰ-ਖਾਈ ਦੇ ਨਾਲ਼-ਨਾਲ਼ ਜਲਦੀ-ਜਲਦੀ ਪੁਲ ਵੱਲ ਤੁਰ ਪਿਆ।
ਕੁਜ਼ਨੇਤਸੋਵ ਅਜੇ ਵੀ ਤਿਊੜੀ ਪਾਈ ਖਾਮੋਸ਼ ਖੜਾ ਸੀ। ਤਮਗੇ ਵਾਲੀ ਡੱਬੀ ਉਹਦੀਆਂ ਕੱਕਰ-ਖਾਧੀਆਂ ਉਂਗਲਾਂ ਵਿਚ ਫੜੀ ਹੋਈ ਸੀ ਤੇ ਉਹ ਹਾਲੇ ਵੀ ਉਹਨਾਂ ਹੰਝੂਆਂ ਬਾਰੇ ਹੈਰਾਨ ਹੋ ਰਿਹਾ ਸੀ ਜਿਹੜੇ ਉਸ ਨੇ ਕਮਾਂਡਰ ਦੀਆਂ ਪਲਕਾਂ ਵਿਚ ਵੇਖੇ ਸਨ।
ਐਨ ਓਸੇ ਪਲ ਸਰਜੈਂਟ ਮੇਜਰ ਸਕੋਰੀਕ ਤੇ ਲੈਫਟੀਨੈਂਟ ਦਰੋਜ਼ਦੋਵਸਕੀ ਦਰਿਆ ਕੋਲ ਢਾਹੇ ਜਿਹੇ ਉੱਤੇ ਵਿਖਾਈ ਦਿੱਤੇ ਅਤੇ ਇਕਦਮ ਤੋਪ ਦੇ ਨੇੜੇ ਹੀ ਵੱਡੇ ਅਫਸਰਾਂ ਵੱਲ ਧਿਆਨ ਪੈ ਜਾਣ ਨਾਲ ਉਹ ਤੋਪ ਦਸਤੇ ਵੱਲ ਭੱਜ ਉੱਠੇ।
ਮੋਰਚਿਆਂ ਕੋਲ ਪੁੱਜਣ ਤੋਂ ਪਹਿਲਾਂ ਹੀ, ਸਾਰਜੈਂਟ ਮੇਜਰ ਸਕੋਰੀਕ ਪਤਾ ਨਹੀਂ ਕਿਉਂ ਤੋਪ ਤੋਂ ਦੂਜੇ ਪਾਸੇ ਮੁੜ ਪਿਆ ਤੇ ਲੰਗਰ ਵੱਲ ਤੁਰ ਪਿਆ, ਪਰ ਦਰੋਜ਼ਦੋਵਸਕੀ ਅਫਸਰਾਂ ਵੱਲ ਦੌੜ ਪਿਆ ਜਿਹੜੇ ਹੁਣ ਤੱਕ ਦਰਿਆ ਦੇ ਨਾਲ-ਨਾਲ ਕੋਈ ਸੌ ਮੀਟਰ ਅਗਾਂਹ ਨਿਕਲ ਗਏ ਸਨ। ਬੇਸੋਨੋਵ ਦੇ ਸਾਮ੍ਹਣੇ ਖੜੇ ਹੋ ਕੇ, ਘੁੱਟ ਕੇ ਕੱਸੇ ਹੋਏ ਵੱਡੇ ਕੋਟ ਤੇ ਪਿਸਤੌਲ ਦੀ ਪੇਟੀ ਸਦਕਾ ਤਣ ਕੇ ਸਾਵਧਾਨ ਹੁੰਦਿਆਂ, ਉਹ ਆਪਣੇ ਹੱਥ ਨੂੰ ਬਾਕਾਇਦਾ ਫੌਜੀ ਅਫਸਰ ਵਾਂਗ ਪੁੜਪੁੜੀ ਕੋਲ ਲੈ ਗਿਆ। ਲੰਮ ਸਲੰਮੇ ਛੀਟਕੇ ਜਿਹੇ ਇਸ ਬੰਦੇ ਦੀ ਗਰਦਨ ਉੱਤੇ ਪੱਟੀ ਬੱਝੀ ਹੋਈ ਸੀ ਤੇ ਚਿਹਰੇ ਦਾ ਰੰਗ ਚਾਕ ਵਾਂਗ ਚਿੱਟਾ ਹੋਇਆ ਪਿਆ ਸੀ। ਜੋ ਉਸ ਨੇ ਰਿਪੋਰਟ ਕੀਤਾ, ਮੋਰਚਿਆਂ ਵਿਚ ਕਿਸੇ ਨੇ ਨਹੀਂ ਸੁਣਿਆ ਸੀ, ਪਰ ਉਹਨਾਂ ਵੇਖਿਆ ਕਿ ਜਨਰਲ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ ਸੀ ਤੇ ਉਹਨਾਂ ਡੱਬੀਆਂ ਵਰਗੀ ਹੀ ਇਕ ਡੱਬੀ ਉਸ ਨੂੰ ਪੇਸ਼ ਕੀਤੀ ਸੀ ਜਿਹੜੀਆਂ ਤੋਪ ਮੋਰਚਿਆਂ ਵਿਚਲੇ ਚਾਰੇ ਤੇ ਖੰਦਕ ਵਿਚਲੇ ਦੋਵੇਂ ਪ੍ਰਾਪਤ ਕਰ ਚੁੱਕੇ ਸਨ।
“ਸਭ ਦਾ ਇਕੋ ਜਿਹਾ ਹਿੱਸਾ’' ਊਖਾਨੋਵ ਤੋਪ ਦੀ ਟੇਕ ਉੱਤੇ ਬਹਿੰਦਾ ਹੋਇਆ ਖੁਣਸ ਨਾਲ ਹੱਸਿਆ, ਪਰ ਰੂਬਿਨ ਨੇ ਅਜਿਹੀ ਲੰਮੀ ਤੇ ਅਜਿਹੀ ਹੁਸ਼ਿਆਰੀ ਨਾਲ ਗਾਲ੍ਹ ਕੱਢੀ ਕਿ ਊਖਾਨੋਵ ਨੇ ਦਿਲਚਸਪੀ ਨਾਲ ਉਹਦੇ ਵੱਲ ਤਿਰਛੀ ਨਜ਼ਰ ਵੇਖਿਆ।“ਕੋਚਵਾਨ ਸੀ, ਜਿਵੇਂ ਬੜੀਆਂ ਮੱਲਾਂ ਮਾਰੀਆਂ ਹੋਣ ! ਇਹ ਭਲਾ ਕਾਹਦੇ ਲਈ ?”
“ਇਹਨੂੰ ਕੱਢ ਬਾਹਰ ਮੇਰੀ ਛਾਤੀ ਵਿਚੋਂ, ਸਾਰਜੈਂਟ। ਹਿੱਕ ਫੜੀ ਹੋਈ ਏ..”
“ਕਿਉਂ ਕੀ ਖਿਆਲ ਹੈ, ਭਰਾਓ,'' ਊਖਾਨੋਵ ਨੇ ਆਖਿਆ, “ਆਓ ਆਪਣੇ ਤਮਗੇ ਧੋ ਲਈਏ।ਤੇ ਆਪਣੇ ਗਭਰੂਆਂ ਲਈ ਜਾਮ ਪੀਏ ਜਿਨ੍ਹਾਂ ਨੇ ਜਰਮਨਾਂ ਦੇ ਛੱਕੇ ਛੁੜਾ ਦਿੱਤੇ ! ਤੇ ਉਹਨਾਂ ਲਈ ਜਿਹੜੇ ਬਿਪਤਾ ਦੇ ਮਾਰੇ ਕਮਲੇ ਹੋਏ ਫਿਰਦੇ ਨੇ। ਬਸ ਹੁਣ ! ਠੀਕ ਏ ਨਾ, ਲੈਫਟੀਨੈਂਟ ? ਤੂੰ ਸੁਣਾ ? ਬਹਿ ਜਾ ਮੇਰੇ ਕੋਲ। ਰੂਬਿਨ, ਲਿਆ ਫੜਾ ਮੰਗ ਕੋਈ ਗੱਲ ਨਹੀਂ, ਲੈਫਟੀਨੈਂਟ। ਵਕਤ ਆਏਗਾ, ਸਭ ਮੁਸੀਬਤਾਂ ਮਿਟ ਜਾਣਗੀਆਂ। ਸਾਡੇ ਹੁਕਮ ਅਟੱਲ ਰਹਿਣਗੇ।”
“ਮੁਸੀਬਤ ?” ਕੁਜ਼ਨੇਤਸੋਵ ਨੇ ਹੌਲੀ ਜਿਹੀ ਲਫਜ਼ ਦੁਹਰਾਇਆ ਤੇ ਉਹਦਾ ਚਿਹਰਾ ਵੱਟੋ ਵੱਟ ਹੋ ਗਿਆ।
“ਸਾਡੇ ਕਮਾਂਡਰ ਨੂੰ ਕੀ ਹੋਇਆ ਏ,” ਨੇਚਾਯੇਵ ਬੋਲਿਆ। ਉਹ ਆਪਣੀਆਂ ਮੁੱਛਾਂ ਮਰੋੜਦਾ ਢਾਹੇ ਵਾਲੇ ਪਾਸੇ ਝਾਕ ਰਿਹਾ ਸੀ।“ਇਉਂ ਫਿਰਦਾ ਏ ਜਿਵੇਂ ਕੋਈ ਅੰਨ੍ਹਾ ਫਿਰਦਾ ਹੋਵੇ...”
ਜਨਰਲ ਤੇ ਉਹਦੇ ਅਫ਼ਸਰ ਪੁਲ ਵੱਲ ਅਗਾਂਹ ਨਿਕਲ ਗਏ ਸਨ। ਦਰੋਜ਼ਦੋਵਸਕੀ ਢਾਹੇ ਦੇ ਨਾਲ਼-ਨਾਲ਼ ਉਹਨਾਂ ਪੌੜੀਆਂ ਵੱਲ ਜਾ ਰਿਹਾ ਸੀ ਜਿਹੜੀਆਂ ਚੱਟਾਨ ਦੇ ਹੇਠਾਂ ਬੰਕਰ ਨੂੰ ਜਾਂਦੀਆਂ ਸਨ ਜਿੱਥੇ ਜ਼ਖਮੀ ਪਏ ਹੋਏ ਸਨ। ਪਰ ਇਹ ਹੁਣ ਤਣੀ ਹੋਈ ਪਤਲੀ ਜਿਹੀ ਸੂਰਤ ਨਹੀਂ ਸੀ, ਹਮੇਸ਼ਾ ਵਰਗਾ ਦਰੋਜ਼ਦੋਵਸਕੀ, ਜਿਸ ਨੂੰ ਦੌੜ ਕੇ ਜਨਰਲ ਕੋਲ ਪਹੁੰਚਣ ਤੇ ਆਪਣੀ ਪਹਿਲਾਂ ਵਰਗੀ ਤਾਕਤ ਨਾਲ ਸਲੂਟ ਮਾਰਨ ਤੇ ਰਿਪੋਰਟ ਦੇਣ ਲਈ ਏਨੀ ਹਿੰਮਤ ਤੋਂ ਕੰਮ ਲੈਣਾ ਪਿਆ ਸੀ। ਹੁਣ ਤੋਪ ਨੂੰ ਧਿਆਨੋ ਪਰੋਖੇ ਕਰ ਕੇ ਜਿਵੇਂ ਓਥੇ ਕੋਈ ਹੋਵੇ ਹੀ ਨਾ, ਆਪਣੀ ਹਿੱਕ ਨਾਲ ਸਿਰ ਜੋੜੀ ਢੀਚਕ ਚਾਲ ਤੁਰਿਆ ਜਾ ਰਿਹਾ ਸੀ।
“ਜ਼ੋਇਆ ਦੀ ਮੌਤ ਮਗਰੋਂ ਇਹ ਅਸਲੋਂ ਹੀ ਬਦਲ ਗਿਆ ਹੈ,” ਊਖਾਨੋਵ ਨੇ ਆਖਿਆ। “ਠੀਕ ਹੈ, ਬਸ। ਹਾਲੇ ਇਸ ਬਾਰੇ ਨਹੀਂ ਸੋਚਾਂਗੇ। ਆਪਣੇ ਤਮਗਿਆਂ ਨੂੰ ਧੋਣ ਦਾ ਤਰੀਕਾ, ਭਰਾਓ, ਇਹ ਜੇ।”
ਉਸ ਨੇ ਤਰਪਾਲ ਦੇ ਵਿਚਾਲੇ ਮੱਗ ਰੱਖਿਆ, ਵੋਦਕਾ ਨਾਲ ਅੱਧਾ ਭਰ ਦਿੱਤਾ, ਆਪਣਾ ਤਮਗ਼ਾ ਕੱਢਿਆ ਤੇ ਇਸ ਨੂੰ ਦੋ ਉਂਗਲਾਂ ਵਿਚ ਫੜ ਕੇ, ਜਿਵੇਂ ਇਹ ਖੰਡ ਦੀ ਡਲੀ ਹੋਵੇ, ਮੱਗ ਵਿਚ ਹੇਠਾਂ ਤੱਕ ਡੋਬ ਦਿੱਤਾ ਤੇ ਫੇਰ ਦੂਜਿਆਂ ਦੇ, ਰੂਬਿਨ, ਨੇਚਾਯੇਵ ਤੇ ਕੁਜ਼ਨੇਤਸੋਵ ਦੇ ਤਮਗ਼ਆਂ ਨਾਲ ਵੀ ਇਸ ਤਰ੍ਹਾਂ ਕੀਤਾ।
ਸਾਰਿਆਂ ਨੇ ਵਾਰੀ-ਵਾਰੀ ਪੀਤੀ।ਕੁਜ਼ਨੇਤਸੋਵ ਨੇ ਸਭ ਤੋਂ ਅਖੀਰ ਮੱਗ ਫੜਿਆ।ਓਧਰ ਦਰੋਜ਼ਦੋਵਸਕੀ, ਜਿਵੇਂ ਸ਼ਰਾਬੀ ਹੋਵੇ, ਲੜਖੜਾਉਂਦਾ ਹੋਇਆ ਨਿਤਾਣਿਆਂ ਵਾਂਗ ਪੌੜੀਆਂ ਉੱਤਰ ਗਿਆ ਤੇ ਉਸ ਦੀ ਅਜੀਬ ਤਰ੍ਹਾਂ ਨਾਲ ਝੁਕੀ ਹੋਈ ਸੂਰਤ ਢਾਹੇ ਪਿੱਛੇ ਨਜ਼ਰੋਂ ਓਹਲੇ ਹੋ ਗਈ। ਦਰਿਆ ਵਲੋਂ ਹਵਾ ਦੇ ਜ਼ੋਰਦਾਰ ਬੁੱਲੇ ਆਏ ਅਤੇ ਅਚਨਚੇਤ ਕੁਜ਼ਨੇਤਸੋਵ ਨੇ ਆਪਣੇ ਪਿੱਛੇ ਕੋਈ ਚੀਜ਼ ਫੜਫੜ ਕਰਦੀ ਸੁਣੀ, ਟੋਏ ਦੇ ਸਿਰੇ ਉੱਤੇ ਕੇਪ ਵਰਗੀ ਕੋਈ ਚੀਜ਼ ਜਿਸ ਤਰ੍ਹਾਂ ਦੀ ਅਵਾਜ਼ ਜ਼ੋਇਆ ਨੂੰ ਉਸ ਵਿਚ ਲਿਟਾ ਦੇਣ ਬਾਦ ਆਈ ਸੀ।ਮੱਗ ਉਹਦੇ ਹੱਥਾਂ ਵਿਚ ਹਿਲ ਗਿਆ ਤੇ ਉਸ ਵਿਚ ਪਏ ਤਮਗਿਆਂ ਨੇ ਟਨ-ਟਨ ਕੀਤੀ। ਸ਼ਰਾਬ ਪੀਂਦਿਆਂ ਉਸ ਨੇ ਸਵਾਲੀਆ ਅੰਦਾਜ਼ ਨਾਲ ਆਪਣੀ ਨਜ਼ਰ ਉਸ ਚਿੱਟੇ ਹੋ ਗਏ ਧੋੜੇ ਵੱਲ ਮੋੜੀ ਜਿੱਥੇ ਡਾਕਟਰੀ ਬੈਗ ਬਰਫ ਵਿਚ ਲਿਸ਼-ਲਿਸ਼ ਕਰ ਰਿਹਾ ਸੀ ਤੇ ਉਹਨੂੰ ਖੰਘ ਆ ਗਈ, ਉਥੂ ਛਿੜ ਪਿਆ।ਉਸ ਨੇ ਮੱਗ ਇਕ ਪਾਸੇ ਸੁੱਟਿਆ, ਉੱਠ ਕੇ ਖੜ੍ਹਾ ਹੋ ਗਿਆ ਤੇ ਆਪਣੇ ਸੰਘ ਨੂੰ ਮਲਦਾ-ਮਲਦਾ ਤੋਪ ਤੋਂ ਸੰਚਾਰ-ਖਾਈ ਦੇ ਨਾਲ-ਨਾਲ ਤੁਰ ਪਿਆ।
“ਲੈਫਟੀਨੈਂਟ, ਕੀ ਕਰਦਾ ਏ ? ਕਿਧਰ ਨੂੰ, ਲੈਫਟੀਨੈਂਟ ?” ਊਖਾਨੋਵ ਨੇ ਮਗਰੋਂ ਅਵਾਜ਼ਾਂ ਮਾਰੀਆਂ।
“ਕੁਝ ਨਹੀਂ ...,” ਉਸ ਨੇ ਫੁਸਰ-ਫੁਸਰ ਕਰ ਕੇ ਜਵਾਬ ਦਿੱਤਾ।ਹੁਣੇ ਮੁੜਿਆ ਮੈਂ। ਬਸ,...ਜ਼ਰਾ ਤੋਪ ਮੋਰਚਿਆਂ ਦਾ ਚੱਕਰ ਲਾ ਲਵਾਂ।”
ਸਿਰ ਉੱਪਰ, ਹਮਲਾ ਬੋਲਣ ਵਾਲੇ ਹਵਾਈ ਜਹਾਜ਼ ਪਿੰਡ ਦੇ ਉੱਪਰੋਂ ਨੀਵੇਂ-ਨੀਵੇਂ ਉੱਡਦੇ ਲੰਘਦੇ ਸਨ ਤੇ ਸਤੇਪੀ ਵਿਚ ਦੂਰ ਤੱਕ ਉਹਨਾਂ ਦੀ ਗੂੰਜ ਉੱਠਦੀ ਸੀ।ਪ੍ਰਭਾਤ ਵੇਲ਼ੇ ਦੀ ਠੰਡੀ ਲੋਅ ਨਾਲ ਉਹਨਾਂ ਦੇ ਖੰਭ ਗੁਲਾਬੀ ਲਿਸ਼ਕਾਂ ਮਾਰਦੇ ਸਨ ਤੇ ਫੇਰ ਉਹ ਦੁਮੇਲ ਉੱਤੇ ਝੋਲ ਖਾਕੇ, ਅੱਗ ਦੇ ਗੋਲਿਆਂ ਨਾਲ ਪ੍ਰਭਾਤ ਦੇ ਵਾਤਾਵਰਣ ਨੂੰ ਲੀਰ-ਲੀਰ ਕਰਦੇ, ਅਦਿੱਖ ਟਿਕਾਣਿਆਂ ਨੂੰ ਟੁੱਭੀ ਮਾਰ ਜਾਂਦੇ ਸਨ। ਸਾਮ੍ਹਣੇ, ਮਚਦੇ ਪਿੰਡ ਦੀਆਂ ਛੱਤਾਂ ਤੋਂ ਪਾਰ, ਦੁਮੇਲ ਕਾਲੇ, ਊਦੇ, ਰੰਗ ਬਰੰਗੇ ਧੂਏਂ ਦੇ ਘੁੰਮਣ ਘੇਰੀਆਂ ਖਾਂਦੇ ਬੱਦਲ ਵਿਚ ਵਲ੍ਹੇਟਿਆ ਗਿਆ ਜਿਹੜਾ ਪੱਛਮ ਵੱਲ ਵਧਦਾ ਜਾ ਰਿਹਾ ਸੀ, ਜਿੱਥੇ ਬੇਰੰਗ, ਫਿੱਕਾ ਜਿਹਾ ਚੰਦ ਅਕਾਸ਼ ਦੇ ਵਿਸ਼ਾਲ ਸਖਣੇਪਨ ਵਿਚ ਹੇਠਾਂ ਹੁੰਦਾ ਜਾ ਰਿਹਾ ਸੀ।
(ਨਾਵਲ “ਗਰਮ ਬਰਫ਼,” ਵਿਚੋਂ ਇਕ ਅੰਸ਼)