Gau Vansh (Dogri Story in Punjabi) : Rajeshwar Singh 'Raju'

ਗਊ ਵੰਸ਼ (ਡੋਗਰੀ ਕਹਾਣੀ) : ਰਾਜੇਸ਼ਵਰ ਸਿੰਘ 'ਰਾਜੂ'

ਇਸ ਦਾ ਨਾਂ ਹੈ- ‘ਥਲੇ’; ਤਹਿਸੀਲ ਰਾਮਨਗਰ ਦਾ ਇੱਕ ਬਹੁਤ ਪਛੜਿਆ ਹੋਇਆ ਪਿੰਡ ਹੈ ਇਹ। ਇਥੇ ਪਿਛਲੇ ਤੀਹ ਸਾਲਾਂ ਤੋਂ ਸੜਕ ਬਨਾਉਣ ਦਾ ਕੰਮ ਚੱਲ ਰਿਹਾ ਹੈ। ਸੜਕ ਪੂਰੀ ਹੀ ਨਹੀਂ ਹੁੰਦੀ। ਕਦੇ ਪਹਾੜ ਤੋਂ ਆਏ ਪਾਣੀ ਨਾਲ ਬੱਜਰੀ ਖੁਰ ਜਾਂਦੀ ਹੈ ਅਤੇ ਕਦੇ ਇਸ ਉੱਤੇ ਪਹਾੜ ਦੀ ਮਿੱਟੀ ਦੀਆਂ ਢਿਗਾਂ ਆ ਡਿੱਗਦੀਆਂ ਹਨ। ਲੁੱਕ ਪੈਣ ਤੀਕ ਤਾਂ ਸੜਕ ਪਹੁੰਚਦੀ ਹੀ ਨਹੀਂ।

ਨਤੀਜਾ ?

ਕੰਮ ਦੁਬਾਰਾ ਤੋਂ ਸ਼ੁਰੂ !

ਸਰਕਾਰੀ ਫ਼ਾਈਲਾਂ ਵਿੱਚ ਇਸ ਸੜਕ ਰਾਹੀਂ ਅਨੇਕਾਂ ਠੇਕੇਦਾਰਾਂ ਨੇ ਆਪਣੇ ਟੱਬਰ ਪਾਲ਼ੇ, ਸਰਕਾਰੀ ਅਫ਼ਸਰਾਂ ਦੀ ਅੱਯਾਸ਼ੀ ਦਾ ਸਾਧਨ ਬਣਿਆ। ਪਰ ਪਿੰਡ ਵਾਲ਼ੇ ਅਜੇ ਵੀ ਪਛੜਿਆ ਜੀਵਨ ਜਿਉਣ ਲਈ ਲਾਚਾਰ। ਜਿੱਥੇ ਸੜਕ ਹੀ ਨਹੀਂ, ਉਥੇ ਬਾਕੀ ਸਹੂਲਤਾਂ ਵੀ ਨਾਂਮਾਤਰ ਹੀ ਹੋਣਗੀਆਂ। ਆਖ਼ਰ ਉਹੀ ਹਾਲ ਹੈ।

ਪਿੰਡ ਵਾਲ਼ੇ, ਕੁਝ ਕਮਾਉਣ ਦੀ ਗ਼ਰਜ਼ ਨਾਲ ਰਾਮਨਗਰ ਜਾਂ ਉਧਮਪੁਰ ਆਉਂਦੇ ਹਨ। ਪੈਸਾ-ਧੇਲਾ ਜੁੜ ਜਾਵੇ ਤਾਂ ਉਥੇ ਹੀ ਜ਼ਮੀਨ ਦਾ ਇੱਕ ਟੁਕੜਾ ਲੈ ਕੇ ਮਕਾਨ ਬਣਾ ਲੈਂਦੇ ਹਨ ਅਤੇ ਸੁਖੀ ਜੀਵਨ ਜਿਉਣ ਦੀ ਆਰਜ਼ੂ ਪੂਰੀ ਕਰਦੇ ਹਨ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਪਿੰਡ ਦੀ ਤਰੱਕੀ ਹੋ ਹੀ ਨਹੀਂ ਸਕਦੀ। ਉਹਨਾਂ ਨੇ ਇਹ ਉਮੀਦ ਹੀ ਛੱਡ ਦਿੱਤੀ ਹੈ। ਵਰ੍ਹਿਆਂ ਪੁਰਾਣਾ ਤਜਰਬਾ ਜੋ ਹੈ।

ਉਸੇ ਪਿੰਡ ਦਾ ਇੱਕ ਨੌਜਵਾਨ ਹੈ- ਬਲਵਾਨ। ਨੌਵੀਂ ਤਕ ਪੜ੍ਹਿਆ ਹੈ। ਅੱਗੇ ਪੜ੍ਹ ਹੀ ਨਹੀਂ ਸਕਿਆ। ਸ਼ਹਿਰ ਆ ਕੇ ਪੈਸਾ-ਧੇਲਾ ਕਮਾਉਣਾ ਲੋੜ ਬਣ ਗਿਆ ਹੈ। ਪਰ ਸ਼ਹਿਰ ਜਾਵੇ ਵੀ ਤਾਂ ਕਿਵੇਂ ਅਤੇ ਕੀ ਕਰਨ ਲਈ ?

ਬਲਵਾਨ ਨੂੰ ਕੌਸ਼ਲ ਨੇ ਜਦੋਂ ਦਾ ਸ਼ਹਿਰ ਵਿੱਚ ਕੰਮ ਦਿਵਾਉਣ ਦਾ ਵਾਅਦਾ ਕੀਤਾ ਹੋਇਆ ਹੈ, ਬਲਵਾਨ ਨੂੰ ਨੀਂਦ ਹੀ ਨਹੀਂ ਆਉਂਦੀ। ਰਾਤ ਨੂੰ ਸੁੱਤਿਆਂ ਹੋਇਆਂ ਵੀ ਉਸ ਨੂੰ ਸ਼ਹਿਰ ਦੇ ਖ਼ਾਬ ਆਉਂਦੇ ਰਹਿੰਦੇ ਹਨ, ਜਿਸ ਕਾਰਨ ਨੀਂਦ ਉੱਖੜ ਜਾਂਦੀ ਹੈ। ਫਿਰ ਤੜਕੇ ਕੁੱਕੜ ਦੇ ਬਾਂਗ ਦੇਣ ਵੇਲ਼ੇ ਤਕ ਉਹ ਉਨੀਂਦੇ ਵਿੱਚ ਹੀ ਸ਼ਹਿਰ ਦੇ ਸੁਪਨੇ ਦੇਖਦਾ ਰਹਿੰਦਾ ਹੈ।

ਕੌਸ਼ਲ ਸ਼ਹਿਰ ਵਿੱਚ ਇੱਕ ਸ਼ਰਾਬ ਦੀ ਦੁਕਾਨ ‘ਤੇ ਨੌਕਰ ਸੀ। ਪਿਛਲੇ ਕਈ ਸਾਲਾਂ ਤੋਂ ਉਹ ਉਥੇ ਨੌਕਰੀ ਕਰ ਰਿਹਾ ਹੈ। ਛੋਟੀ ਉਮਰ ਵਿੱਚ ਹੀ ਉਹ ਨੌਕਰ ਹੋ ਗਿਆ ਸੀ ਅਤੇ ਘਰ ਦੇ ਖ਼ਰਚੇ ਵਿੱਚ ਹੱਥ ਵਟਾਉਣ ਲੱਗਿਆ ਸੀ। ਉਸ ਦਾ ਮਾਲਕ ਬਹੁਤ ਭਲਾ ਸੀ। ਸਮੇਂ-ਸਮੇਂ ਤੇ ਉਹ ਕੌਸ਼ਲ ਦੀ ਮਜ਼ਦੂਰੀ ਤੋਂ ਬਿਨਾਂ ਵੀ ਪੈਸੇ-ਧੇਲੇ ਦੀ ਮਦਦ ਕਰਦਾ ਰਹਿੰਦਾ ਸੀ।

ਕੌਸ਼ਲ ਨੂੰ ਮਾਲਕ ਆਪਣੇ ਪਰਿਵਾਰ ਦਾ ਹੀ ਇੱਕ ਜੀਅ ਮੰਨਦੇ ਸਨ। ਜਦੋਂ ਉਸ ਦੀ ਭੈਣ ਦਾ ਵਿਆਹ ਸੀ ਤਾਂ ਮਾਲਕਣ ਨੇ ਚੋਖੀ ਮਦਦ ਕੀਤੀ ਸੀ। ਫਿਰ ਜਦੋਂ ਉਸ ਦਾ ਆਪਣਾ ਵਿਆਹ ਹੋਇਆ ਤਾਂ ਮਾਲਕ-ਮਾਲਕਣ ਖਾਸ ਤੌਰ ‘ਤੇ ਉਸ ਦੇ ਪਿੰਡ ਆਏ ਸਨ। ਕੌਸ਼ਲ ਦੇ ਮਾਂ-ਬਾਪ ਲਈ ਤਾਂ ਇਹ ਅਚੰਭਾ ਸੀ ਹੀ, ਪਰ ਰਿਸ਼ਤੇਦਾਰ ਅਤੇ ਸ਼ਰੀਕੇ-ਕਬੀਲੇ ਵਾਲੇ ਵੀ ਹੈਰਾਨ ਰਹਿ ਗਏ ਸਨ। ਕੌਸ਼ਲ ਨੂੰ ਉਹਨਾਂ ਨੇ ਚੰਗਾ ਸ਼ਗਨ ਤਾਂ ਦਿੱਤਾ ਹੀ, ਵੈਸੇ ਵੀ ਚੰਗੀ ਆਰਥਿਕ ਮਦਦ ਕੀਤੀ ਸੀ।

ਕੌਸ਼ਲ ਵੀ ਇਮਾਨਦਾਰ ਤਾਂ ਸੀ ਹੀ। ਸ਼ਰਾਬ ਦੇ ਠੇਕੇ ‘ਤੇ ਕੁੰਡੀ ਲਾਉਣੀ ਹੋਵੇ ਤਾਂ ਕੁਝ ਨਾ ਕੁਝ ਜੁਗਾੜ ਬਣ ਹੀ ਜਾਂਦਾ ਹੈ ਪਰ ਉਸ ਨੇ ਹੇਰਾ-ਫੇਰੀ ਕਰਨੀ ਸਿੱਖੀ ਹੀ ਨਹੀਂ ਸੀ। ਉਸ ਦੀ ਇਸੇ ਇਮਾਨਦਾਰੀ ਕਾਰਨ ਹੀ ਮਾਲਕ ਉਸ ਨੂੰ ਪੂਰਾ ਮਾਨ-ਸਤਿਕਾਰ ਦਿੰਦੇ ਸਨ, ਸਮੇਂ-ਸਮੇਂ ਤੇ ਉਸ ਦੀ ਆਰਥਿਕ ਮਦਦ ਵੀ ਕਰਦੇ ਰਹਿੰਦੇ।

ਕੌਸ਼ਲ ਦੇ ਮਾਲਕ ਦਾ ਇੱਕ ਛੋਟਾ ਭਰਾ ਹੈ- ਪਿਤਾਂਬਰ। ਉਸ ਨੇ ਇੱਕ ਵਾਰ ਕੌਸ਼ਲ ਨੂੰ ਕਿਹਾ ਸੀ- “ਕੌਸ਼ਲ, ਆਪਣੇ ਪਿੰਡ ਵਿੱਚ ਦੇਖਣਾ ਕੋਈ ਮੁੰਡਾ। ਡੇਅਰੀ ਦੇ ਲਈ ਚਾਹੀਦਾ।”

ਇਹ ਸੁਣਦਿਆਂ ਹੀ ਕੌਸ਼ਲ ਦੇ ਦਿਮਾਗ਼ ਵਿੱਚ ਬਲਵਾਨ ਦਾ ਚਿਹਰਾ ਘੁੰਮ ਗਿਆ ਸੀ। ਉਸ ਨੂੰ ਯਾਦ ਆਇਆ ਕਿ ਬਲਵਾਨ ਕਿੰਨੇ ਚਿਰ ਦਾ ਉਸ ਮਗਰ ਪਿਆ ਹੋਇਆ ਹੈ ਕਿ ਸ਼ਹਿਰ ਵਿੱਚ ਉਸ ਲਈ ਵੀ ਨੌਕਰੀ ਦਾ ਕੋਈ ਪ੍ਰਬੰਧ ਕਰੇ। ਹਰ ਵਾਰ ਉਹ ਪਿੰਡ ਜਾਂਦਾ ਤਾਂ ਉਸ ਨੂੰ ਦਿਲਾਸਾ ਦੇ ਆਉਂਦਾ ਕਿ ਛੇਤੀ ਹੀ ਉਸ ਲਈ ਕੰਮ ਲੱਭ ਦੇਵੇਗਾ। ਪਰ ਸ਼ਹਿਰ ਆਉਂਦਿਆਂ ਹੀ ਜਾਂ ਤਾਂ ਉਹ ਭੁੱਲ ਜਾਂਦਾ ਸੀ ਜਾਂ ਕੋਈ ਅਜਿਹਾ ਸਬੱਬ ਹੀ ਨਹੀਂ ਬਣਦਾ ਸੀ ਕਿ ਕਿਤੇ ਬਲਵਾਨ ਨੂੰ ਨੌਕਰ ਲਵਾਇਆ ਜਾਵੇ।

ਪਿਤਾਂਬਰ ਜੀ ਤੋਂ ਸੁਣ ਕੇ ਉਹ ਛੇਤੀ ਹੀ ਬੋਲਿਆ ਸੀ, “ਉਹ, ਮੇਰੇ ਹੀ ਚਾਚੇ ਦਾ ਮੁੰਡਾ ਹੈ- ਬਲਵਾਨ।”

“ਕਿੰਨੀ ਉਮਰ ਹੋਵੇਗੀ ਉਸ ਦੀ ?”

“ਅਠਾਰਾਂ-ਉੱਨੀ ਸਾਲਾਂ ਦਾ ਤਾਂ ਹੋਵੇਗਾ ਹੀ।”

“ਤਾਂ ਠੀਕ ਹੈ। ਅਠਾਰਾਂ ਸਾਲਾਂ ਤੋਂ ਘੱਟ ਵੀ ਨਹੀਂ ਹੋਣਾ ਚਾਹੀਦਾ। ਬਾਲ ਮਜ਼ਦੂਰੀ ਦਾ ਇਲਜ਼ਾਮ ਲੱਗ ਜਾਂਦਾ ਹੈ। ਤੈਨੂੰ ਤਾਂ ਪਤਾ ਹੀ ਹੈ, ਅਸੀਂ ਹੀ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ਼ ਆਵਾਜ਼ ਉਠਾਉਂਦੇ ਹਾਂ, ਤਾਂ ਖੁਦ ਹੀ ਅਜਿਹੇ ਕੰਮ ਥੋੜ੍ਹਾ ਕਰ ਸਕਦੇ ਹਾਂ।”

“ਜਨਾਬ, ਤੁਸੀਂ ਚਿੰਤਾ ਨਾ ਕਰੋ। ਮੈਂ ਤੁਹਾਨੂੰ ਗ਼ਲਤ ਥੋੜ੍ਹਾ ਕਹਾਂਗਾ। ਨਾ ਹੀ ਕੋਈ ਗ਼ਲਤ ਬੰਦਾ ਤੁਹਾਡੇ ਕੋਲ ਨੌਕਰ ਰਖਵਾਊਂਗਾ।”

“ਡੇਅਰੀ ਦਾ ਕੰਮ ਸੰਭਾਲ ਲਵੇਗਾ ਨਾ ?”

“ਹਾਂ ਜਨਾਬ। ਜਿਮੀਂਦਾਰ ਹੈ। ਸਾਰਾ ਕੰਮ ਕਰਨ ਜਾਣਦਾ ਹੈ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਹੋਏਗੀ।”

“ਤਾਂ ਫਿਰ ਸੱਦੋ ਉਹਨੂੰ।”

“ਕਦੋਂ ?”

“ਆ ਜਾਵੇ, ਦੋ-ਤਿੰਨ ਦਿਨਾਂ ਤਾਈਂ।”

“ਜੀ…ਜੀ….।”

ਪਿਤਾਂਬਰ ਜੀ ਨਿਸ਼ਚਿੰਤ ਹੋ ਕੇ ਚਲੇ ਗਏ ਤਾਂ ਕੌਸ਼ਲ ਫ਼ੌਰਨ ਆਪਣੇ ਮੋਬਾਈਲ ਤੇ ਬਲਵਾਨ ਦਾ ਨੰਬਰ ਟਾਈਪ ਕਰਨ ਲੱਗਿਆ। ਕੁਝ ਘੰਟੀਆਂ ਵੱਜਣ 'ਤੇ ਬਲਵਾਨ ਨੇ ਫੋਨ ਚੁੱਕਿਆ ਤਾਂ ਕੌਸ਼ਲ ਨੇ ਪੁੱਛਿਆ ਸੀ,

“ਬਲਵਾਨ ਕਿੱਥੇ ਹੈਂ ਤੂੰ ?”

ਬਲਵਾਨ ਨੇ ਜਵਾਬ ਦਿੱਤਾ, “ਤਲਾਅ ‘ਤੇ ਆਇਆ ਹੋਇਆ ਹਾਂ ਭਰਾ। ਪਸ਼ੂਆਂ ਨੂੰ ਪਾਣੀ ਪਿਆਉਣ। ਕੀ ਗੱਲ ਹੈ, ਤਾਇਆ-ਤਾਈ ਲਈ ਕੋਈ ਖ਼ਾਸ ਸਨੇਹਾ ਹੈ ?”

“ਸਨੇਹਾ ਕੀ ! ਆਪਣਾ ਵਚਨ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਤੇਰੀ ਨੌਕਰੀ ਦਾ ਪ੍ਰਬੰਧ ਕਰ ਲਿਆ ਹੈ ਛੋਟੇ।”

“ਮੇਰੀ ਨੌਕਰੀ ?”

ਬਲਵਾਨ ਬਹੁਤ ਖੁਸ਼ ਹੋਇਆ ਸੀ। ਉਸ ਨੇ ਪੁੱਛਿਆ ਸੀ, “ਭਰਾ, ਕਿਸੇ ਸ਼ਰਾਬ ਦੇ ਠੇਕੇ 'ਤੇ ਤਾਂ ਨਹੀਂ ?”

“ਉਏ ਨਹੀਂ ਵੀਰ। ਮੈਨੂੰ ਪਤਾ ਹੈ, ਤੂੰ ਸ਼ਰਾਬ ਦੇ ਠੇਕੇ ‘ਤੇ ਨੌਕਰੀ ਨਹੀਂ ਕਰਨੀ। ਤੇਰੇ ਲਈ ਤਾਂ ਡੇਅਰੀ ਦਾ ਕੰਮ ਲੱਭਿਆ ਹੈ। ਸਾਰੀ ਡੇਅਰੀ ਦੀ ਸਾਂਭ-ਸੰਭਾਲ ਕਰਨੀ ਹੈ।”

“ਭਰਾ, ਗੋਹਾ-ਕੂੜਾ ਕਰਨਾ ਹੈ ਕਿ ? ਹੈ ਤੇਰੇ ਦੀ !”

“ਉਏ ਨਹੀਂ ਵੀਰੇ ! ਉਸ ਲਈ ਉਹਨਾਂ ਨੇ ਕੋਈ ਹੋਰ ਰੱਖਿਆ ਹੋਊਗਾ। ਤੂੰ ਤਾਂ ਸਿਰਫ਼ ਦੁੱਧ ਦਾ ਹਿਸਾਬ-ਕਿਤਾਬ ਕਰਨਾ ਹੈ। ਸਮਝ ਲੈ ਡੇਅਰੀ ਚਲਾਉਣੀ ਹੈ। ਮਾਲਕਾਂ ਕੋਲ ਸਮਾਂ ਨਹੀਂ ਹੈ। ਡੇਅਰੀ ਤੇਰੇ ਹੀ ਸਹਾਰੇ ਚੱਲਣੀ ਐ।”

“ਅੱਛਾ, ਫੇਰ ਤਾਂ ਠੀਕ ਹੈ।”

ਬਲਵਾਨ ਬੜਾ ਖੁਸ਼ ਹੋਇਆ ਸੀ। ਉਸ ਨੇ ਪੁੱਛਿਆ ਸੀ,

“ਤਾਂ ਫਿਰ ਕਦੋਂ ਆਵਾਂ ?”

“ਆ ਜਾਈਂ, ਦੋ-ਤਿੰਨ ਦਿਨਾਂ ਵਿੱਚ।”

“ਕੱਲ੍ਹ ਹੀ ਆ ਜਾਂਦਾ ਹਾਂ।”

ਬਹੁਤੇ ਕਾਹਲ਼ੇ ਪੈਂਦੇ ਬਲਵਾਨ ਨੇ ਕਿਹਾ ਤਾਂ ਸੁਣ ਕੇ ਕੌਸ਼ਲ ਹੱਸ ਪਿਆ ਸੀ।

“ਕਾਹਲ਼ਾ ਬਹੁਤ ਹੋ ਜਾਨੈਂ ਤੂੰ । ਚੱਲ ਕੱਲ੍ਹ ਹੀ ਆ ਜਾ।”

ਬਲਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਉਸ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੇ ਸੁਪਨੇ ਹੁਣ ਸਾਕਾਰ ਹੋਣ ਲੱਗੇ ਹਨ।

ਉਸ ਰਾਤ ਵੀ ਬਲਵਾਨ ਨੂੰ ਨੀਂਦ ਨਾ ਆਈ। ਉਹ ਸਾਰੀ ਰਾਤ ਡੇਅਰੀ ਦੀ ਸਾਂਭ-ਸੰਭਾਲ ਦੀਆਂ ਸਕੀਮਾਂ ਹੀ ਘੜਦਾ ਰਿਹਾ ਸੀ।

ਸਵੇਰੇ ਜਲਦੀ ਹੀ ਨਹਾ-ਧੋ ਕੇ ਤਿਆਰ ਹੋਇਆ। ਫਿਰ ਆਪਣੇ ਕੁਲ ਦੇਵਤਾ ਰਾਜਾ ਮੰਡਲੀਕ ਅਤੇ ਕਾਲੀਬੀਰ ਦੀ ਸਮਾਧ ‘ਤੇ ਜਾ ਕੇ ਪੂਜਾ ਅਰਚਨਾ ਕੀਤੀ, ਮੱਥਾ ਟੇਕਿਆ ਅਤੇ ਆਪਣੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਨੱਕ ਨਾਲ ਲਕੀਰਾਂ ਵੀ ਕੱਢੀਆਂ, ਕਿਉਂਕਿ ਜੇ ਕਿਤੇ ਭੁੱਲ-ਚੁੱਕ ਹੋ ਗਈ ਹੋਵੇ ਤਾਂ ਦੇਵਤੇ ਉਸ ਨੂੰ ਖ਼ਿਮਾ ਕਰ ਦੇਣ। ਸ਼ਹਿਰ ਵਿੱਚ ਉਸ ਨੂੰ ਕਾਮਯਾਬੀ ਦੇਣ ਕਿ ਉਹ ਵੀ ਪਿੰਡ ਦੇ ਜ਼ਿਆਦਾਤਰ ਬਾਸ਼ਿੰਦਿਆਂ ਦੀ ਤਰ੍ਹਾਂ ਪੈਸਾ-ਧੇਲਾ ਕਮਾ ਕੇ ਰਾਮਨਗਰ ਜਾਂ ਉਧਮਪੁਰ ਹੀ ਨਹੀਂ ਸਗੋਂ ਜੰਮੂ ਵਿੱਚ ਜ਼ਮੀਨ ਖਰੀਦੇ ਅਤੇ ਘਰ ਬਣਾਵੇ। ਤਦ ਹੀ ਉਹ ਵਿਆਹ ਕਰਵਾਏਗਾ।

ਇਹ ਸੋਚਦਿਆਂ ਹੋਇਆਂ ਉਹ ਆਪਣੇ-ਆਪ ‘ਤੇ ਵੀ ਹੱਸ ਪਿਆ। ਅਜੇ ਤਾਂ ਪਿੰਡ ਦੀ ਜੂਹ ਵੀ ਨਹੀਂ ਟੱਪਿਆ ਤੇ ਸੁਪਨੇ ਐਨੇ ਵੱਡੇ। ਉਸ ਨੇ ਦੁਬਾਰਾ ਮੱਥਾ ਟੇਕਿਆ ਅਤੇ ਘਰ ਆ ਗਿਆ। ਮਾਂ ਨੇ ਉਸ ਦੇ ਕੱਪੜੇ ਇੱਕ ਪੁਰਾਣੇ ਅਟੈਚੀ ਵਿੱਚ ਪਾ ਦਿੱਤੇ ਸਨ। ਕੱਪੜੇ ਦੀ ਗਠੜੀ ਵਿੱਚ ਅੰਬ ਦੇ ਅਚਾਰ ਦਾ ਡੱਬਾ, ਇੱਕ ਡੱਬੇ ਵਿੱਚ ਮੱਖਣ ਅਤੇ ਉਹਨਾਂ ਦੇ ਪਹਾੜੀ ਪਿੰਡਾਂ ਵਿੱਚ ਦੁੱਧ ਤੋਂ ਬਣਦੀ ਖ਼ਾਸ ਮਿਠਿਆਈ 'ਕਲਾੜੀ' ਦਾ ਲਿਫ਼ਾਫ਼ਾ ਵੀ ਸੀ। ਕਲਾੜੀਆਂ ਅਤੇ ਮੱਖਣ ਉਸ ਨੇ ਪਿੰਡ ਤੋਂ ਤੋਹਫ਼ੇ ਵਜੋਂ ਮਾਲਕ ਲਈ ਅਤੇ ਅਚਾਰ ਦਾ ਡੱਬਾ ਬਲਵਾਨ ਲਈ। ਅਚਾਰ ਤੋਂ ਬਿਨਾਂ ਤਾਂ ਉਸ ਤੋਂ ਰੋਟੀ ਨਹੀਂ ਸੀ ਖਾਧੀ ਜਾਂਦੀ।

ਬਲਵਾਨ ਜਦੋਂ ਸ਼ਹਿਰ ਜਾਣ ਲਈ ਤਿਆਰ ਹੋ ਗਿਆ ਅਤੇ ਮਾਂ ਦੇ ਪੈਰੀਂ ਪੈਣ ਬਾਅਦ ਪਿਤਾ ਜੀ ਦੇ ਪੈਰਾਂ ਵੱਲ ਝੁਕਿਆ ਤਾਂ ਪਿਤਾ ਨੇ ਉਸ ਨੂੰ ਗਲ਼ ਲਾ ਲਿਆ ਸੀ। ਤਦ ਉਹਨਾਂ ਨੇ ਆਪਣੀ ਕਮੀਜ਼ ਦੀ ਜੇਬ ਵਿੱਚੋਂ ਕੁਝ ਰੁਪਏ ਕੱਢੇ ਅਤੇ ਉਸ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਸੀ, “ਕੁਝ ਪੈਸੇ ਰੱਖ ਲੈ।”

ਬਲਵਾਨ ਨੇ ਚੁੱਪਚਾਪ ਪੈਸੇ ਫੜ ਕੇ ਆਪਣੀ ਪੈਂਟ ਦੀ ਜੇਬ ਵਿੱਚ ਪਾ ਲਏ ਸੀ। ਉਸ ਦੀਆਂ ਅੱਖਾਂ ‘ਚੋਂ ਹੰਝੂ ਕਿਰਨ ਵਾਲ਼ੇ ਸਨ ਪਰ ਉਸ ਨੇ ਆਪਣਾ ਚਿਹਰਾ ਘੁੰਮਾਉਂਦੇ ਹੋਏ ਜਲਦੀ ਅਟੈਚੀ ਅਤੇ ਗਠੜੀ ਚੁੱਕੀ ਅਤੇ ਤੇਜ਼ ਕਦਮਾਂ ਨਾਲ ਤੁਰ ਪਿਆ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਪਿਤਾ ਨੇ ਕੱਲ੍ਹ ਹੀ ਰਾਮਨਗਰ ਜਾ ਕੇ ਪਿਛਲੇ ਤਿੰਨ ਮਹੀਨੇ ਦੀ ਬੁਢੇਪਾ ਪੈਨਸ਼ਨ ਬੈਂਕ ਤੋਂ ਲਿਆਂਦੀ ਸੀ, ਜਿਸ ਵਿੱਚੋਂ ਕੁਝ ਰੁਪਏ ਉਸ ਨੂੰ ਦੇ ਦਿੱਤੇ ਸਨ।

ਅਗਲਾ ਕਦਮ ਰਖਦੇ ਹੀ ਉਹ ਮਨ ਹੀ ਮਨ ਪ੍ਰਣ ਕਰ ਰਿਹਾ ਸੀ ਕਿ ਉਹ ਆਪਣੇ ਮਾਂ-ਬਾਪ ਨੂੰ ਉਹ ਸਾਰੀ ਖ਼ੁਸ਼ੀਆਂ ਦੇਵੇਗਾ ਜੋ ਗ਼ਰੀਬੀ ਕਾਰਨ ਕਦੇ ਉਹਨਾਂ ਨੂੰ ਨਸੀਬ ਨਹੀਂ ਹੋਈਆਂ ਸਨ।

ਬਲਵਾਨ ਦੇ ਮਾਂ-ਬਾਪ ਉਸ ਨੂੰ ਜਾਂਦੇ ਹੋਏ ਕਾਫ਼ੀ ਚਿਰ ਦੇਖਦੇ ਰਹੇ, ਜਦੋਂ ਤਕ ਉਹ ਢੱਕੀ ਦੀ ਢਾਲ ਢਲ ਕੇ ਦਰਖ਼ਤਾਂ ਵਿਚਾਲੇ ਗੁੰਮ ਨਾ ਹੋਇਆ।

ਬਲਵਾਨ ਸ਼ਹਿਰ ਪਹੁੰਚਿਆ ਤਾਂ ਕੌਸ਼ਲ ਨੇ ਗਲ਼ੇ ਲਾ ਕੇ ਉਸ ਦਾ ਸਵਾਗਤ ਕੀਤਾ ਸੀ। ਫਟਾਫਟ ਉਸ ਦੇ ਲਈ ਸਾਹਮਣੇ ਰੇਹੜੀ ਤੋਂ ਚਾਹ ਅਤੇ ਕਚੌਰੀ ਮੰਗਵਾਈ। ਬਲਵਾਨ ਪਹਿਲਾਂ ਵੀ ਇੱਕ-ਦੋ ਵਾਰ ਕੌਸ਼ਲ ਕੋਲ ਸ਼ਹਿਰ ਆਇਆ ਸੀ ਪਰ ਸ਼ਹਿਰ ਵੀ ਬਹੁਤ ਤੇਜੀ ਨਾਲ ਬਦਲਦਾ ਹੈ। ਉਹ ਗੁੰਮ ਹੋ ਗਿਆ ਸੀ। ਫਿਰ ਫੋਨ ਰਾਹੀਂ ਰਾਹ ਪੁੱਛ ਕੇ ਉਹ ਉਹਦੇ ਕੋਲ ਪਹੁੰਚਿਆ ਸੀ।

ਦੂਜੇ ਪਾਸੇ ਉਸ ਦਾ ਪਿੰਡ ਜਿੱਥੇ ਖੜ੍ਹਾ ਹੈ, ਕਈ ਸਾਲ ਪਹਿਲਾਂ ਵੀ ਉਥੇ ਹੀ ਖੜ੍ਹਾ ਸੀ। ਖੰਭੇ ਲੱਗ ਗਏ ਪਰ ਬਿਜਲੀ ਕਦੇ-ਕਦਾਈਂ ਹੀ ਆਉਂਦੀ ਹੈ। ਪਾਣੀ ਦੀ ਪਾਈਪ ਪਾਈ ਹੋਈ ਹੈ ਪਰ ਸੁੱਕੀ ਰਹਿੰਦੀ ਹੈ, ਪਾਣੀ ਕਦੇ ਵਾਰ-ਤਿਹਾਰ ਨੂੰ ਹੀ ਆਉਂਦਾ ਹੈ। ਡਿਸਪੈਂਸਰੀ ਵਿੱਚ ਵੀ ਤਾਲ਼ੇ ਲੱਗੇ ਹੋਏ ਹਨ, ਪਤਾ ਨਹੀਂ ਕਿੰਨੇ ਸਾਲਾਂ ਦੀ ਮੰਗ ਉਪਰੰਤ ਡਿਸਪੈਂਸਰੀ ਖੁੱਲ੍ਹੀ ਤਾਂ ਸਹੀ ਪਰ ਉਦਘਾਟਨ ਤੋਂ ਬਾਅਦ ਐਸੇ ਜਿੰਦਰੇ ਵੱਜੇ ਕਿ ਕਦੇ ਖੁੱਲ੍ਹੇ ਹੀ ਨਹੀਂ। ਸਕੂਲ ਹੈ, ਪਰ ਅਧਿਆਪਕ ਨਹੀਂ ਹਨ। ਬੱਚੇ ਮਸਤੀ ਕਰਦੇ ਰਹਿੰਦੇ ਹਨ। ਬਲਵਾਨ ਨੂੰ ਇਹਨਾਂ ਸੋਚਾਂ ਵਿੱਚ ਗੁਆਚਿਆ ਦੇਖ ਕੇ ਕੌਸ਼ਲ ਨੇ ਉਸ ਨੂੰ ਹਲੂਣਿਆ ਸੀ।

“ਕਿੱਥੇ ਗੁੰਮ ਹੋ ਗਿਆ ? ਡੇਅਰੀ ਚਲਦੇ ਆਂ। ਪਹਿਲਾਂ ਚਾਹ ਪੀ ਲੈ ਅਤੇ ਕਚੌਰੀ ਖਾ ਲੈ।"

ਜਵਾਬ ਵਿੱਚ ਬਲਵਾਨ ਮੁਸਕਰਾਇਆ ਸੀ।

“ਭਰਾ, ਲਗਦਾ ਹੈ ਸ਼ਹਿਰ ਹਰ ਰੋਜ਼ ਬਦਲ ਜਾਂਦਾ ਹੈ।”

“ਇਸੇ ਨੂੰ ਤਰੱਕੀ ਕਹਿੰਦੇ ਹਨ। ਜ਼ਿੰਦਗੀ ਦੀ ਰਫ਼ਤਾਰ ਬੜੀ ਤੇਜ ਹੈ। ਉਸੇ ਰਫ਼ਤਾਰ ਨਾਲ ਚੱਲਣਾ ਪੈਂਦਾ ਹੈ। ਸਾਡੇ ਪਿੰਡਾਂ ਵਲ ਤਾਂ ਜ਼ਿੰਦਗੀ ਦੀ ਤੋਰ ਬੜੀ ਸੁਸਤ ਹੁੰਦੀ ਹੈ। ਇਸੇ ਲਈ ਤਾਂ ਉਥੋਂ ਦੀ ਤਰੱਕੀ ਵੀ ਸੁਸਤ ਹੈ।”

“ਭਰਾ, ਆਪਣੇ ਪਿੰਡ ਵਿੱਚ ਤਾਂ ਸੁਸਤ ਵੀ ਨਹੀਂ।”

ਜਵਾਬ ਵਿੱਚ ਕੌਸ਼ਲ ਮੁਸਰਾਇਆ ਸੀ।

ਬਲਵਾਨ ਨੇ ਚਾਹ ਦਾ ਆਖਰੀ ਘੁੱਟ ਪੀ ਕੇ ਗਲਾਸ ਮੇਜ ‘ਤੇ ਰੱਖਿਆ ਤਾਂ ਕੌਸ਼ਲ ਨੇ ਆਪਣੇ ਨਾਲ ਕੰਮ ਕਰਨ ਵਾਲ਼ੇ ਮੁੰਡੇ ਨੂੰ ਕਿਹਾ ਸੀ, “ਮੈਂ ਬਲਵਾਨ ਨੂੰ ਪਿਤਾਂਬਰ ਜੀ ਨਾਲ ਮਿਲਾ ਕੇ ਲਿਆਉਂਦਾ ਹਾਂ। ਆਇਆ ਥੋੜੇ ਚਿਰ ‘ਚ।”

ਤਦ ਦੋਵੇਂ, ਬਲਵਾਨ ਅਤੇ ਕੌਸ਼ਲ ਦੁਕਾਨ ਵਿੱਚੋਂ ਬਾਹਰ ਆ ਗਏ ਸਨ। ਬਲਵਾਨ ਨੇ ਆਉਂਦੇ ਹੋਏ ਜਿਸ ਸਮੇਂ ਗਠੜੀ ਚੁੱਕੀ ਸੀ ਤਾਂ ਕੌਸ਼ਲ ਮੁਸਕਰਾਇਆ ਸੀ, “ਸਮਾਨ ਰਹਿਣ ਦੇ। ਮੁੜ ਕੇ ਐਥੇ ਹੀ ਆਉਣਾ ਹੈ ਤੂੰ। ਕੁਝ ਦਿਨ ਮੇਰੇ ਨਾਲ ਵੀ ਰਹਿ ਲਵੀਂ। ਜਦੋਂ ਤੇਰੇ ਰਹਿਣ ਦਾ ਪ੍ਰਬੰਧ ਹੋ ਗਿਆ ਤਾਂ ਚਲਿਆ ਜਾਈਂ।”

“ਭਰਾ, ਇਸ ਵਿੱਚ ਮਾਂ ਨੇ ਕਲਾੜੀਆਂ ਅਤੇ ਮੱਖਣ ਭੇਜਿਆ ਹੈ।”

“ਅੱਛਾ, ਪਿਤਾਂਬਰ ਜੀ ਲਈ ?”

“ਜੀ।”

ਕੌਸ਼ਲ ਮੁਸਕਰਾਇਆ ਸੀ। ਉਸ ਨੇ ਕਦਮ ਅੱਗੇ ਵਧਾਇਆ ਅਤੇ ਬਲਵਾਨ ਗਠੜੀ ਚੁੱਕ ਕੇ ਉਸ ਦੇ ਪਿੱਛੇ-ਪਿੱਛੇ ਚੱਲ ਪਿਆ। ਦੁਕਾਨ ਦੇ ਬਾਹਰ ਪਾਰਕਿੰਗ ਵਿੱਚ ਲੱਗੇ ਸਕੂਟਰ ਨੂੰ ਸਟਾਰਟ ਕੀਤਾ ਤਾਂ ਬਲਵਾਨ ਨੂੰ ਹੈਰਾਨੀ ਹੋਈ। ਸਕੂਟਰ ਦੀ ਪਿਛਲੀ ਸੀਟ ‘ਤੇ ਬੈਠਦੇ ਹੋਏ ਉਸ ਨੇ ਪੁੱਛਿਆ ਸੀ, “ਭਰਾ, ਇਹ ਸਕੂਟਰ ਤੁਹਾਡਾ ਆਪਣਾ ਹੈ ?”

“ਨਹੀਂ ਭਾਈ, ਮਾਲਕਾਂ ਦਾ ਹੈ। ਚਿੰਤਾ ਨਾ ਕਰ, ਤੈਨੂੰ ਵੀ ਤੇਰੇ ਮਾਲਕ ਲੈ ਦੇਣਗੇ। ਤੈਨੂੰ ਚਲਾਉਣਾ ਆਉਂਦਾ ਹੈ ਨਾ ?”

“ਨਹੀਂ ਤਾਂ ।”

“ਜ਼ਿਆਦਾ ਸਮਾਂ ਨਹੀਂ ਲਗਦਾ ਸਿੱਖਣ ਵਿੱਚ।”

ਕੌਸ਼ਲ ਸਕੂਟਰ ਦਾ ਗਿਅਰ ਬਦਲਦੇ ਹੋਏ ਬੋਲਿਆ ਸੀ, “ਸ਼ਹਿਰ ਵਿੱਚ ਮਾਲਕ ਸਕੂਟਰ ਲੈ ਦਿੰਦੇ ਹਨ, ਛੇਤੀ ਕੰਮ ਕਰਨ ਲਈ। ਕਿਹਾ ਸੀ ਨਾ, ਬੜੀ ਤੇਜ ਸਪੀਡ ਨਾਲ ਜ਼ਿੰਦਗੀ ਚਲਦੀ ਹੈ। ਵਕਤ ਦੀ ਬੜੀ ਕਦਰ ਕੀਤੀ ਜਾਂਦੀ ਹੈ। ਵਕਤ ਐਥੇ ਕਿਸੇ ਕੋਲ ਨਹੀਂ। ਸਿਰਫ਼ ਸਮੇਂ ਦੀ ਅਹਿਮੀਅਤ ਪਛਾਣੋ ਅਤੇ ਤੇਜ ਰਫ਼ਤਾਰ ਨਾਲ ਅੱਗੇ ਵਧਦੇ ਜਾਓ। ਘੜੀ-ਮੁੜੀ ਦਮ ਲੈਣ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ।”

ਇਹ ਕਹਿੰਦੇ ਹੋਏ ਕੌਸ਼ਲ ਜੋਰ ਨਾਲ ਹੱਸ ਪਿਆ ਸੀ। ਜਦੋਂ ਕਿ ਬਲਵਾਨ ਆਲ਼ੇ-ਦੁਆਲ਼ੇ ਨਜ਼ਰ ਮਾਰਦਾ ਸ਼ਹਿਰੀ ਜ਼ਿੰਦਗੀ ਦੀ ਚਕਾਚੌਂਧ ਵਿੱਚ ਗੁਆਚ ਗਿਆ ਸੀ। ਵੱਡੀਆਂ ਉੱਚੀਆਂ-ਉੱਚੀਆਂ ਇਮਾਰਤਾਂ, ਲੋਕਾਂ ਦੀ ਭੀੜ, ਗੱਡੀਆਂ ਦਾ ਸ਼ੋਰ। ਹਰ ਕੋਈ ਦੋੜ ਰਿਹਾ ਸੀ। ਉਸਨੇ ਸੋਚਿਆ, ਕੌਸ਼ਲ ਠੀਕ ਕਹਿ ਰਿਹਾ ਹੈ। ਇਥੇ ਆਰਾਮ ਕਰਦਾ ਕੋਈ ਨਹੀਂ ਦਿੱਸ ਰਿਹਾ ਹੈ।

ਕੁਝ ਦੇਰ ਬਾਅਦ ਹੀ ਬਲਵਾਨ ਅਤੇ ਕੌਸ਼ਲ ਬਾਹੂ ਪਲਾਜ਼ਾ ਦੀ ਇੱਕ ਵੱਡੀ ਦੁਕਾਨ ਤੇ ਸਨ। ਪਿਤਾਂਬਰ ਜੀ ਆਪਣੀ ਕੁਰਸੀ ‘ਤੇ ਬੈਠੇ ਹੋਏ ਗਾਹਕਾਂ ਵਿੱਚ ਮਸ਼ਗੂਲ ਸਨ। ਕੌਸ਼ਲ ਅਤੇ ਬਲਵਾਨ ਵਲ ਨਿਗਾਹ ਗਈ ਤਾਂ ਇਸ਼ਾਰੇ ਨਾਲ ਉਹਨਾਂ ਨੂੰ ਬੈਠਣ ਲਈ ਕਿਹਾ। ਫਿਰ ਗਹਕਾਂ ਤੋਂ ਵਿਹਲੇ ਹੋ ਕੇ ਬੋਲੇ, “ਹੋਰ ਸੁਣਾ ਕੌਸ਼ਲ। ਕਿਵੇਂ ਆਏ ਹੋ ?”

“ਜਨਾਬ, ਤੁਸੀਂ ਡੇਅਰੀ ਦੇ ਲਈ…….।”

“ਹਾਂ-ਹਾਂ ਯਾਦ ਆਇਆ। ਚੰਗਾ ਕੀਤਾ ਛੇਤੀ ਹੀ ਆ ਗਏ। ਕੀ ਨਾਂ ਹੈ ਤੇਰਾ ?”

“ਜੀ ਬਲਵਾਨ….।”

ਕੁਝ ਝਿਜਕਦੇ ਹੋਏ ਬਲਵਾਨ ਨੇ ਦੱਸਿਆ ਤਾਂ ਪਿਤਾਂਬਰ ਜੀ ਮੁਸਕਰਾਏ।

“ਡੰਗਰ-ਵੱਛੇ ਦੀ ਸਾਂਭ-ਸੰਭਾਲ ਕਰਨੀ ਆਉਂਦੀ ਹੈ ਨਾ ?”

“ਜੀ ਹਾਂ….।”

“ਬਈ….ਸੱਚ ਦੱਸਾਂ ਤਾਂ ਮੈਨੂੰ ਡੇਅਰੀ ਚਲਾਉਣੀ ਨਹੀਂ ਆਉਂਦੀ। ਡੇਅਰੀ ਦਾ ਕੰਮ-ਕਾਜ ਨਫ਼ੇ ਦਾ ਕੰਮ ਹੈ। ਮੈਂ ਸੋਚਿਆ, ਚਲੋ ਇਹ ਵੀ ਕਰਕੇ ਦੇਖਦੇ ਹਾਂ। ਇਸੇ ਲਈ ਕੁਝ ਸਾਲਾਂ ਤੋਂ ਕਰ ਰਹੇ ਹਾਂ, ਚੰਗਾ ਹੈ। ਮੇਰਾ ਕਿੱਤਾ ਤਾਂ ਵਕਾਲਤ ਦਾ ਹੈ। ਲੋਕਾਂ ਦੇ ਕੇਸ ਲੜਦੇ ਹਾਂ। ਧਰਮ ਦਾ ਕੰਮ ਕਰਨ ਦਾ ਵੀ ਸ਼ੌਕ ਹੈ।”

“ਜੀ…..।”

ਕੌਸ਼ਲ ਨੇ ਜਿਵੇਂ ਸਹਿਮਤੀ ਦਿੱਤੀ ਸੀ।

“ਗਊ ਵੰਸ਼ ਦੀ ਰੱਖਿਆ ਲਈ ਅਸੀਂ ਮੁਹਿੰਮ ਵੀ ਚਲਾਈ ਹੋਈ ਹੈ। ਗਊ ਰੱਖਿਆ ਸਾਡਾ ਧਾਰਮਿਕ ਕਰਤੱਵ ਹੀ ਨਹੀਂ, ਇਨਸਾਨੀ ਫਰਜ਼ ਵੀ ਹੈ। ਮੈਂ ਵਪਾਰ ਦੇ ਨਾਲ-ਨਾਲ ਇਹ ਵੀ ਕਰਨਾ ਚਾਹੰਦਾ ਹਾਂ। ਮਤਲਬ ਨਫ਼ਾ ਇੱਕ ਪਾਸੇ, ਪਰ ਇਸ ਬਹਾਨੇ ਗਊ ਵੰਸ਼ ਦੀ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ।”

ਇਹ ਸੁਣ ਕੇ ਬਲਵਾਨ ਪਿਤਾਂਬਰ ਜੀ ਤੋਂ ਬਹੁਤ ਮੁਤਾਸਰ ਹੋਇਆ ਸੀ। ਪਿਤਾਂਬਰ ਜੀ ਨੇ ਇੱਕ ਪਾਸੇ ਇਸ਼ਾਰਾ ਕਰਦੇ ਹੋਏ ਕਿਹਾ ਸੀ,

“ਉਹ ਦੇਖੋ। ਸਾਹਮਣੇ ਇੱਕ ਛੋਟਾ ਜਿਹਾ ਦਫ਼ਤਰ ਬਣਾਇਆ ਹੋਇਆ ਹੈ ਮੈਂ। ਇਹ ਥਾਂ ਵਕਾਲਤ ਲਈ ਹੈ। ਇਥੇ ਅਸੀਂ ਧਰਮ ਨਿਰਪੱਖ ਹਾਂ ਕਿਉਂਕਿ ਹਰ ਧਰਮ ਨੂੰ ਮੰਨਣ ਵਾਲਿਆਂ ਨਾਲ ਵਾਹ ਪੈਂਦਾ ਹੈ। ਹਰ ਧਰਮ ਨੂੰ ਮੰਨਣ ਵਾਲੇ ਸਾਡੇ ਮੁਵੱਕਿਲ ਹਨ। ਉਹ ਥਾਂ ਸਿਰਫ਼ ਧਰਮ ਦੇ ਕੰਮ ਲਈ ਹੈ। ਆਓ ਉਥੇ ਬੈਠਦੇ ਹਾਂ।”

ਪਿਤਾਂਬਰ ਜੀ ਉੱਠੇ ਅਤੇ ਇੱਕ ਪਾਸੇ ਬਣੇ ਹੋਏ ਕੈਬਨ ਵਲ ਚੱਲ ਪਏ। ਕੈਬਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਕੈਬਨ ਦੀ ਇੱਕ ਕੰਧ ‘ਤੇ ਗਊ ਮਾਤਾ ਦੀ ਵੱਡੀ ਫੋਟੋ ਲੱਗੀ ਹੋਈ ਸੀ ਅਤੇ ਫੋਟੋ ਦੇ ਠੀਕ ਸਾਹਮਣੇ ਟਿਕੀ ਹੋਈ ਸੀ ਪਿਤਾਂਬਰ ਜੀ ਦੀ ਕੁਰਸੀ।

ਪਿਤਾਂਬਰ ਜੀ ਆਪਣੀ ਕੁਰਸੀ ਤੇ ਬੈਠ ਗਏ ਅਤੇ ਦੋਹਾਂ ਨੂੰ ਸਾਹਮਣੇ ਬੈਠਣ ਦਾ ਇਸ਼ਾਰਾ ਕੀਤਾ।

ਬਲਵਾਨ ਦੀ ਨਜ਼ਰ ਸਾਹਮਣੇ ਦੀਵਾਰ ‘ਤੇ ਸੀ, ਇਥੇ ਗਊ ਦੀ ਬਹੁਤ ਹੀ ਖ਼ੂਬਸੂਰਤ ਫੋਟੋ ਸੀ ਅਤੇ ਉਸ ਦੇ ਠੀਕ ਸਾਹਮਣੇ ਪਿਤਾਂਬਰ ਜੀ ‘ਤੇ ਨਿਗਾਹ ਪਈ ਤਾਂ ਮਹਿਸੂਸ ਹੋਇਆ ਕਿ ਜਿਵੇਂ ਉਹ ਗਊ ਮਾਤਾ ਦੇ ਰੱਖਿਅਕ ਬਣੇ ਹੋਏ ਹੋਣ। ਉਸ ਦੀ ਸੋਚ ਤੇ ਮੁਹਰ ਲਾਉਂਦੇ ਹੋਏ ਪਿਤਾਂਬਰ ਜੀ ਨੇ ਕਿਹਾ ਸੀ,

“ਗਊ ਵੰਸ਼ ਦੀ ਰਾਖੀ ਲਈ ਅਸੀਂ ਪੂਰੀ ਉਮਰ ਲਾ ਦਿੱਤੀ ਹੈ। ਜਿਵੇਂ ਹੀ ਪਤਾ ਲਗਦਾ ਹੈ ਕਿ ਕਿਸੇ ਟਰੱਕ ਵਿੱਚ ਸਾਡੀ ਗਊ ਮਾਤਾ ਨੂੰ ਬਨਿਹਾਲ ਤੋਂ ਪਾਰ ਲਿਜਾਇਆ ਜਾ ਰਿਹਾ ਹੈ, ਤਾਂ ਖ਼ੂਨ ਵਿੱਚ ਉਬਾਲ ਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਉਸ ਨੂੰ ਬਚਾਉਣਾ ਸਾਡਾ ਫਰਜ਼ ਬਣ ਜਾਂਦਾ ਹੈ, ਜਿਸ ਨੂੰ ਅਸੀਂ ਆਪਣੀ ਸੰਸਥਾ ਰਾਹੀਂ ਨਿਭਾਉਂਦੇ ਵੀ ਹਾਂ।”

ਭਾਵੁਕ ਹੁੰਦੇ ਹੋਏ ਪਿਤਾਂਬਰ ਜੀ ਨੇ ਅੱਗੇ ਕਿਹਾ ਸੀ,

“ਦੇਖੋ ਜੀ, ਗਊ ਮਾਤਾ ਸਾਨੂੰ ਕੀ ਕੁਝ ਨਹੀਂ ਦਿੰਦੀ ? ਦੁੱਧ ਤੋਂ ਲੈ ਕੇ ਉਸ ਦਾ ਮੂਤਰ ਅਤੇ ਗੋਹਾ ਤਕ ਸਾਡੇ ਕੰਮ ਆਉਂਦਾ ਹੈ। ਇਹ ਮਾਂ ਸਮਾਨ ਹੈ। ਸਾਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਇਸ ਦੀ ਸੇਵਾ ਕਰਨੀ ਚਾਹੀਦੀ ਹੈ।”

“ਜੀ ਜਨਾਬ……।” ਕੌਸ਼ਲ ਨੇ ਹਾਮੀ ਭਰੀ ਸੀ।

“ਬਲਵਾਨ, ਮੇਰੇ ਖਿਆਲ ‘ਚ ਤੂੰ ਮੇਰੀ ਡੇਅਰੀ ਖੋਲ੍ਹਣ ਵਿਚਲੀ ਭਾਵਨਾ ਤਾਂ ਸਮਝ ਹੀ ਗਿਆ ਹੋਵੇਂਗਾ। ਗਊ ਮਾਤਾ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਉਹਨਾਂ ਨੂੰ ਚੰਗਾ ਘਾਹ, ਤੂੜੀ, ਖਲ਼ ਆਦਿ ਜੋ ਵੀ ਉਹਨਾਂ ਲਈ ਹੋ ਸਕਦਾ ਹੈ, ਕਰਨਾ ਹੈ। ਇਸ ਵਿੱਚ ਕੋਈ ਨੁਕਸਾਨ ਵੀ ਨਹੀਂ ਹੈ। ਅਤੇ ਕਮਾਉਣਾ ਵੀ ਤਾਂ ਦੁੱਧ ਵੇਚ ਕੇ ਹੈ। ਪਰ ਨਫ਼ਾ ਘੱਟ ਵੀ ਹੋਵੇ ਤਾਂ ਵੀ ਚਿੰਤਾ ਨਹੀਂ। ਸੇਵਾ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇੱਕ ਪਸ਼ੂ ਦੀ ਤਰ੍ਹਾਂ ਨਹੀਂ, ਗਊ ਮਾਤਾ ਦੀ ਤਰ੍ਹਾਂ ਹੀ ਸਾਂਭ-ਸੰਭਾਲ ਕਰਨੀ ਹੈ, ਕਰਵਾਉਣੀ ਵੀ ਹੈ। ਪਿਛਲੇ ਨੌਕਰ ਨੂੰ ਇਸੇ ਲਈ ਨੌਕਰੀ ਤੋਂ ਕੱਢ ਦਿੱਤਾ ਸੀ ਮੈਂ, ਕਿਉਂਕਿ ਉਹ ਆਪਣਾ ਫਰਜ਼ ਨਹੀਂ ਨਿਭਾ ਸਕਿਆ ਸੀ।”

“ਜੀ….।”

“ਇਸ ਨੂੰ ਡੇਅਰੀ ‘ਤੇ ਛੱਡ ਆਓ।” ਪਿਤਾਂਬਰ ਜੀ ਨੇ ਕੌਸ਼ਲ ਨੂੰ ਕਿਹਾ ਤਾਂ ਕੌਸ਼ਲ ਨੇ ਕੁਝ ਝਿਜਕਦੇ ਹੋਏ ਪੁੱਛਿਆ ਸੀ,

“ਜਨਾਬ, ਇਸ ਨਾਲ ਤਨਖ਼ਾਹ ਦੀ ਗੱਲ ਵੀ ਕਰ ਲਈ ਜਾਂਦੀ ਤਾਂ ਚੰਗਾ ਰਹਿੰਦਾ।”

ਇਹ ਸੁਣਦੇ ਹੀ ਪਿਤਾਂਬਰ ਜੀ ਮੁਸਕਰਾਏ ਸਨ।

“ਕਮਾਲ ਹੈ ਯਾਰ ! ਸਮਝ ਲਓ ਜਿਵੇਂ ਵੱਡੇ ਭਾਈ ਨੇ ਤੈਨੂੰ ਰੱਖਿਆ ਹੋਇਆ ਹੈ, ਅਸੀਂ ਬਲਵਾਨ ਨੂੰ ਰੱਖ ਲਿਆ ਹੈ। ਪੈਸੇ-ਧੇਲੇ ਦੀ ਪਰਵਾਹ ਨਹੀਂ ਕਰਨੀ। ਜਿੰਨੀ ਸੋਚੀ ਹੋਏਗੀ, ਉਸ ਤੋਂ ਵੱਧ ਹੀ ਮਿਲੇਗੀ।”

“ਜੀ…ਜੀ ਜਨਾਬ ! ਇਹ ਚਾਚੀ ਜੀ ਨੇ ਤੁਹਾਡੇ ਲਈ ਭੇਜਿਆ ਹੈ….।”

ਕੌਸ਼ਲ ਨੇ ਬਲਵਾਨ ਤੋਂ ਗਠੜੀ ਲੈ ਕੇ ਮੇਜ਼ ‘ਤੇ ਰੱਖੀ ਤਾਂ ਪਿਤਾਂਬਰ ਜੀ ਨੇ ਮੁਸਕਰਾ ਕੇ ਪੁੱਛਿਆ ਸੀ,

“ਇਸ ਵਿੱਚ ਕੀ ਹੈ ?”

“ਘਰ ਦੇ ਦੁੱਧ ਤੋਂ ਬਣਾਈਆਂ ਹੋਈਆਂ ਕਲਾੜੀਆਂ ਅਤੇ ਮੱਖਣ।”

“ਵਾਹ ! ਤਾਂ ਤਾਂ ਆਨੰਦ ਹੀ ਆ ਗਿਆ।”

ਜਵਾਬ ਵਿੱਚ ਕੌਸ਼ਲ ਅਤੇ ਬਲਵਾਨ ਮੁਸਕਰਾਏ ਸਨ। ਉਸੇ ਸਮੇਂ ਕਿਸੇ ਨੇ ਦਰਵਾਜ਼ੇ ‘ਤੇ ਦਸਤਕ ਦਿੱਤੀ,

“ਆ …ਜਾਓ….।”

ਪਿਤਾਂਬਰ ਜੀ ਦੇ ਕਹਿਣ 'ਤੇ ਉਹਨਾਂ ਦੇ ਜੂਨੀਅਰ ਵਕੀਲ ਨੇ ਧੱਕ ਕੇ ਦਰਵਾਜ਼ਾ ਖੋਲ੍ਹਿਆ ਸੀ।

“ਸਰ, ਸਾਹਨੀ ਸਾਹਬ ਆਏ ਹੋਏ ਹਨ।”

“ਓਹ ! ਚੱਲ ਮੈਂ ਆਇਆ। ਅੱਛਾ ਕੌਸ਼ਲ, ਤੂੰ ਵੀ ਬਲਵਾਨ ਨੂੰ ਡੇਅਰੀ ਉੱਤੇ ਛੱਡ ਆ।”

“ਜੀ…।”

ਇਹ ਆਖ ਕੇ ਕੌਸ਼ਲ ਬਲਵਾਨ ਨਾਲ ਬਾਹਰ ਆ ਗਿਆ ਸੀ। ਬਾਹੂ ਪਲਾਜ਼ਾ ਦੀ ਪਾਰਕਿੰਗ ਵਿੱਚ ਖੜ੍ਹੇ ਹੋਏ ਸਕੂਟਰ ਨੂੰ ਕੌਸ਼ਲ ਨੇ ਸਟਾਰਟ ਕੀਤਾ ਅਤੇ ਉਸ ਦੀ ਪਿਛਲੀ ਸੀਟ ਉੱਤੇ ਬੈਠਦੇ ਹੋਏ ਬਲਵਾਨ ਨੇ ਕਿਹਾ ਸੀ,

“ਭਰਾ….ਥੈਲੇ ਵਿੱਚ ਮਾਂ ਨੇ ਅੰਬ ਦਾ ਅਚਾਰ ਵੀ ਪਾਇਆ ਹੋਇਆ ਸੀ।”

“ਫਿਰ ਉਹ ਵੀ ਗਿਆ….।”

ਸਕੂਟਰ ਮੁੜ ਸੜਕ ਤੇ ਦੌੜ ਰਿਹਾ ਸੀ। ਬਲਵਾਨ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਨੂੰ ਵੀ ਆਪਣੇ ਆਪ ਨੂੰ ਇਸ ਦੌੜ ਲਈ ਤਿਆਰ ਕਰਨਾ ਪਵੇਗਾ। ਬਲਵਾਨ ਚੰਗਾ ਸੁਘੜ-ਸਿਆਣਾ ਸੀ। ਮੇਹਨਤੀ ਸੀ। ਥੋੜ੍ਹੇ ਹੀ ਦਿਨਾਂ ਵਿੱਚ ਉਸ ਨੇ ਆਪਣੇ ਆਪ ਨੂੰ ਸ਼ਹਿਰੀ ਜੀਵਨ ਮੁਤਾਬਿਕ ਢਾਲ ਲਿਆ ਸੀ।

ਪਿਤਾਂਬਰ ਜੀ ਦੀ ਡੇਅਰੀ ਬਹੁਤ ਵੱਡੀ ਸੀ, ਜਿੱਥੇ ਵੀਹ ਤੋਂ ਜ਼ਿਆਦਾ ਜਰਸੀ ਗਾਵਾਂ ਸਨ। ਕੰਮ ਕਰਨ ਲਈ ਦੋ ਨੌਕਰ ਵੀ ਸਨ। ਨੌਕਰਾਂ ਨੂੰ ਸਖ਼ਤ ਨਿਰਦੇਸ਼ ਸਨ ਕਿ ਗਊ ਵੰਸ਼ ਦੀ ਪੂਰੀ ਸੇਵਾ ਕੀਤੀ ਜਾਵੇ। ਉਹਨਾਂ ਦੀ ਸੁੱਖ-ਸਹੂਲਤ ਦਾ ਪੂਰਾ ਖ਼ਿਆਲ ਰੱਖਿਆ ਜਾਵੇ।

ਬਲਵਾਨ ਇਹ ਸਭ ਦੇਖ ਕੇ ਉਹਨਾਂ ਦੀ ਸੇਵਾ ਭਾਵਨਾ ਵਲ ਜਿਵੇਂ ਨਤਮਸਤਕ ਹੋ ਗਿਆ ਸੀ। ਉਸ ਦੀ ਨਜ਼ਰ ਵਿੱਚ ਪਿਤਾਂਬਰ ਜੀ ਕਿਸੇ ਦੇਵਤਾ ਤੋਂ ਘੱਟ ਨਹੀਂ ਸਨ। ਨਫ਼ਾ ਚਾਹੇ ਘੱਟ ਹੋਵੇ, ਪਰ ਉਸ ਲਈ ਗਊ ਵੰਸ਼ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਹੋਣੀ ਚਾਹੀਦੀ। ਉਸ ਦਾ ਖ਼ਿਆਲ ਸੀ ਕਿ ਡੇਅਰੀ ਰਾਹੀਂ ਉਹਨਾਂ ਦਾ ਅਸਲ ਉਦੇਸ਼ ਗਊ ਵੰਸ਼ ਦੀ ਸੇਵਾ ਹੀ ਸੀ। ਉਹਨਾਂ ਦੀ ਕਥਨੀ ਅਤੇ ਕਰਨੀ ਤੋਂ ਇਹ ਸਾਬਿਤ ਹੁੰਦਾ ਸੀ।

ਕੁਝ ਮਹੀਨਿਆਂ ਵਿੱਚ ਹੀ ਬਲਵਾਨ ਨੇ ਆਪਣੀ ਮਿਹਨਤੀ ਦਿੱਖ ਨਾਲ ਪਿਤਾਂਬਰ ਜੀ ਦੇ ਦਿਲ ਵਿੱਚ ਪੱਕੀ ਥਾਂ ਬਣਾ ਲਈ ਸੀ।

ਬਲਵਾਨ ਨੂੰ ਚੰਗੀ ਤਨਖ਼ਾਹ ਮਿਲਣ ਲੱਗੀ ਸੀ। ਘਰ ਜਾਂਦੇ ਹੋਏ ਵੀ ਪੈਸਾ-ਧੇਲਾ ਮਿਲ ਜਾਂਦਾ ਸੀ ਅਤੇ ਨਾਲ ਹੀ ਇਹ ਹਿਦਾਇਤ ਵੀ ਜ਼ਰੂਰ ਦੇ ਦਿੱਤੀ ਜਾਂਦੀ ਸੀ ਕਿ ਛੇਤੀ ਮੁੜ ਆਉਣਾ ਹੈ। ਇੱਕ ਦਿਨ ਤੋਂ ਵੱਧ ਛੁੱਟੀ ਮਿਲਦੀ ਹੀ ਨਹੀਂ ਸੀ। ਕਿਉਂਕਿ ਡੇਅਰੀ ਦਾ ਸਾਰਾ ਦਾਰੋਮਦਾਰ ਉਸੇ ਉੱਤੇ ਜੋ ਸੀ।

ਵੈਸੇ ਤਾਂ ਬਲਵਾਨ ਬਹੁਤ ਖ਼ੁਸ਼ ਸੀ। ਕੰਮ-ਕਾਜ਼ ਠੀਕ ਸੀ, ਪੈਸਾ ਧੇਲਾ ਵੀ ਬਚ ਰਿਹਾ ਸੀ। ਮਾਲਕ ਪਿਤਾਂਬਰ ਜੀ ਨੂੰ ਉਸ ਉੱਤੇ ਪੂਰਾ ਯਕੀਨ ਸੀ। ਪਰ ਉਸ ਦੀ ਚਿੰਤਾ ਦਾ ਕਾਰਨ ਕੁਝ ਹੋਰ ਹੀ ਸੀ। ਕਈ ਵਾਰ ਉਸ ਦੇ ਮਨ ਵਿੱਚ ਵਿਚਾਰ ਆਉਂਦਾ ਕਿ ਡੇਅਰੀ ਵਿੱਚ ਸਿਰਫ਼ ਗਾਵਾਂ ਅਤੇ ਵੱਛੀਆਂ ਹੀ ਹਨ। ਜੇਕਰ ਗਾਵਾਂ ਨੇ ਵੱਛੇ ਦਿੱਤੇ ਹੋਣਗੇ ਤਾਂ ਉਹ ਕਿੱਥੇ ਹਨ ? ਉਸ ਦੇ ਮਨ ਦੀ ਦੁਬਿਧਾ ਮਨ ਵਿੱਚ ਹੀ ਰਹਿ ਜਾਂਦੀ। ਸੋਚਦਾ, ਕੀ ਪਤਾ ਵੱਛੀਆਂ ਹੀ ਦਿੱਤੀਆਂ ਹੋਣ !

“ਖ਼ੈਰ….।”

ਇਸ ਵਾਰ ਵੀ ਇੱਕ ਗਾਂ ਸੂਣ ਵਾਲ਼ੀ ਸੀ। ਬਲਵਾਨ ਦੀ ਨਜ਼ਰ ਉਸ ਗਾਂ ‘ਤੇ ਸੀ ਕਿ ਜੇ ਇਸ ਵਾਰ ਉਸ ਨੇ ਵੱਛੀ ਦੀ ਥਾਂ ਵੱਛਾ ਦਿੱਤਾ ਤਾਂ ਉਸ ਦੀ ਡੇਅਰੀ ਦੇ ਗਊ ਵੰਸ਼ ਵਿੱਚ ਇੱਕ ਵੱਛਾ ਵੀ ਆ ਜਾਵੇਗਾ। ਇੱਕ ਦਿਨ ਸਵੇਰੇ-ਸਵੇਰੇ ਹੀ ਡੇਅਰੀ ‘ਤੇ ਕੰਮ ਕਰਨ ਵਾਲ਼ਾ ਨੌਕਰ ਪੱਪੂ ਉਸ ਦੇ ਕੋਲ ਆਇਆ ਅਤੇ ਬੋਲਿਆ,

“ਰਾਤ ਚਿੱਟੀ ਗਾਂ ਨੇ ਵੱਛਾ ਦਿੱਤਾ ਹੈ।”

ਬਲਵਾਨ ਦਾ ਚੇਹਰਾ ਖਿੜ ਉੱਠਿਆ। ਭੱਜਿਆ ਹੋਇਆ ਉਹ ਡੇਅਰੀ ਦੇ ਉਸ ਥਾਂ ਪਹੁੰਚਿਆ ਜਿੱਥੇ ਚਿੱਟੀ ਗਾਂ ਬੰਨ੍ਹੀ ਹੁੰਦੀ ਸੀ। ਉਥੇ ਪਹੁੰਚਦੇ ਹੀ ਉਹ ਹੈਰਾਨ-ਪਰੇਸ਼ਾਨ ਸੀ। ਉਸ ਥਾਂ ਗਾਂ ਤਾਂ ਖੜ੍ਹੀ ਸੀ, ਵੱਛਾ ਨਹੀਂ।

“ਵੱਛਾ ਕਿੱਥੇ ਹੈ ?”

ਪੱਪੂ ਨੇ ਇੱਕ ਪਾਸੇ ਬਣੇ ਹੋਏ ਛੋਟੇ ਜਿਹੇ ਟੀਨ ਦੇ ਸ਼ੈੱਡ ਵਲ ਇਸ਼ਾਰਾ ਕੀਤਾ ਸੀ। ਬਲਵਾਨ ਹੈਰਾਨ ਹੋਇਆ ਉਧਰ ਗਿਆ।

ਛੋਟੇ ਜਿਹੇ ਟੀਨ ਦੇ ਸ਼ੈੱਡ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਵੱਛਾ ਪਿਆ ਹੋਇਆ ਸੀ- ਭੁੱਖਣ ਭਾਣਾ।

ਬਲਵਾਨ ਅੰਦਰੋ-ਅੰਦਰੀ ਤੜਫ ਉੱਠਿਆ। ਉਸ ਨੇ ਘੂਰ ਕੇ ਪੱਪੂ ਨੂੰ ਵੇਖਿਆ।

“ਇਹ ਕੀ ਹੈ ? ਇਸ ਤਰ੍ਹਾਂ ਤਾਂ ਇਹ ਮਰ ਜਾਏਗਾ।”

ਪੱਪੂ ਚੁੱਪ ਰਿਹਾ।

ਬਲਵਾਨ ਆਪੇ ਤੋਂ ਬਾਹਰ ਹੋ ਗਿਆ।

“ਤੈਨੂੰ ਪਤਾ ਹੈ ? ਮਾਲਕਾਂ ਨੂੰ ਪਤਾ ਲੱਗੇਗਾ ਤਾਂ ਤੇਰਾ ਕੀ ਹਾਲ ਹੋਵੇਗਾ ?”

ਪੱਪੂ ਅੱਖਾਂ ਝੁਕਾਈ ਖੜ੍ਹਾ ਹੀ ਬੋਲਿਆ ਸੀ, “ਉਹਨਾਂ ਦਾ ਹੀ ਹੁਕਮ ਹੈ।”

ਬਲਵਾਨ ਜਿਵੇਂ ਉਥੇ ਹੀ ਪੱਥਰ ਹੋ ਗਿਆ ਹੋਵੇ।

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •