Ghar Da Raah (Punjabi Story) : Navtej Singh
ਘਰ ਦਾ ਰਾਹ (ਕਹਾਣੀ) : ਨਵਤੇਜ ਸਿੰਘ
ਮੇਰਾ ਜਾਦੂ-ਆਵਾਜ਼ ਯਾਰ ਇਥੋਂ ਮਸਾਂ ਤਿੰਨਾਂ ਮੀਲਾਂ ਦੀ ਵਾਟ ਉੱਤੇ ਹੀ ਰਹਿੰਦਾ ਸੀ! ਮੈਨੂੰ ਚਾਅ ਚੜ੍ਹ ਗਿਆ।
ਮੈਂ ਆਪਣੇ ਯਾਰ ਦੀ ਜਾਦੂ-ਆਵਾਜ਼ ਰੇਡਿਓ ’ਤੇ ਰੀਕਾਰਡਾਂ ਉੱਤੇ ਭਾਵੇਂ ਸੁਣਦਾ ਰਿਹਾ ਸਾਂ, ਉਹਦੀ ਮਸ਼ਹੂਰੀ ਦੀਆਂ ਸੋਆਂ ਵੀ ਮੇਰੇ ਤੱਕ ਪੁੱਜਦੀਆਂ ਰਹੀਆਂ ਸਨ, ਪਰ ਉਹਨੂੰ ਮਿਲਿਆਂ ਪੂਰੇ ਵੀਹ ਵਰ੍ਹੇ ਹੋਣ ਲੱਗੇ ਸਨ। ਉਨੀਆਂ ਵਰ੍ਹਿਆਂ ਤੋਂ ਕੁਝ ਉੱਪਰ ਤਾਂ ਮੈਂ ਨੌਕਰੀ ਦੇ ਸਿਲਸਿਲੇ ਵਿਚ ਪੰਜਾਬੋਂ ਬਾਹਰ ਰਹਿ ਆਇਆ ਸਾਂ। ਇਸ ਵਰ੍ਹੇ ਹੀ ਮੇਰੀ ਪੰਜਾਬ ਵਿਚ ਬਦਲੀ ਹੋਈ ਸੀ।
ਪਹਿਲਾਂ-ਪਹਿਲਾਂ ਅਸੀਂ ਇਕ ਦੂਜੇ ਨੂੰ ਕਾਫ਼ੀ ਚਿੱਠੀਆਂ ਲਿਖਦੇ ਹੁੰਦੇ ਸਾਂ, ਸਮੇਂ ਨਾਲ ਇਹ ਟਾਵੀਆਂ ਵਿਰਲੀਆਂ ਹੁੰਦੀਆਂ ਗਈਆਂ, ਤੇ ਫੇਰ ਉੱਕਾ ਬੰਦ।
ਅੱਜ ਨਹਿਰੋਂ ਪਾਰਲੇ ਪਿੰਡਾਂ ਦਾ ਦੌਰਾ ਕਰਦਿਆਂ ਮੈਨੂੰ ਅਚਾਨਕ ਪਤਾ ਲੱਗਾ ਕਿ ਜਿਸ ਡਾਕ-ਬੰਗਲੇ ਵਿਚ ਮੈਂ ਕੁਝ ਦਿਨਾਂ ਤੋਂ ਠਹਿਰਿਆ ਹੋਇਆ ਸਾਂ, ਉਸ ਤੋਂ ਮਸਾਂ ਤਿੰਨਾਂ ਮੀਲਾਂ ਦੀ ਵਾਟ ਉੱਤੇ, ਪਿੰਡਾਂ ਵਿਚਾਲੇ, ਇਕ ਨਿੱਕੀ ਜਿਹੀ ਰਮਣੀਕ ਬਸਤੀ ਹੈ, ਤੇ ਓਥੇ ਮੇਰਾ ਜਾਦੂ-ਆਵਾਜ਼ ਯਾਰ ਰਹਿੰਦਾ ਹੈ। ਮੈਂ ਦੁਪਹਿਰ ਦੀ ਰੋਟੀ ਪਿੱਛੋਂ ਹੀ ਉਹਦੇ ਵੱਲ ਆਪਣਾ ਚਪੜਾਸੀ ਭੇਜ ਦਿੱਤਾ।
ਅਸੀਂ ਕਾਲਜ ਵਿਚ ਪੂਰੇ ਛੇ ਵਰ੍ਹੇ ਜਮਾਤੀ ਰਹੇ ਸਾਂ। ਗੌਂਦਾ ਓਦੋਂ ਵੀ ਉਹ ਬੜਾ ਵਧੀਆ ਹੁੰਦਾ ਸੀ। ਗੌਣ ਦਾ ਤਾਂ ਕਹਿਣਾ ਹੀ ਕੀ, ਉਹਦੀ ਗੱਲਬਾਤ ਦੀ ਵਾਜ ਵੀ ਬੜੀ ਅਲੋਕਾਰ ਸੀ। ਤੁਸੀਂ ਉਹਦੇ ਨਾਲ ਬੰਦ ਕਮਰੇ ਵਿਚ ਬੈਠੇ ਹੋਵੋ, ਬੰਦ ਗਲੀ ਵਿਚ ਤੁਰ ਰਹੇ ਹੋਵੋ, ਪਰ ਜਦੋਂ ਉਹ ਗੱਲ ਕਰਦਾ ਤਾਂ ਇੰਝ ਜਾਪਦਾ ਤੁਸੀਂ ਕਿਸੇ ਚਾਨਣੇ ਬਾਗ਼ ਵਿਚ ਖੜੋਤੇ ਹੋ।
ਮੈਂ ਦਫ਼ਤਰੀ ਕੰਮ ਮੁਕਾ ਕੇ ਅਖ਼ਬਾਰ ਵੇਖ ਰਿਹਾ ਸਾਂ ਕਿ ਚਪੜਾਸੀ ਨੇ ਮੈਨੂੰ ਖੁਸ਼ਖਬਰੀ ਸੁਣਾਈ, “ਮੈਂ ਉਨ੍ਹਾਂ ਨੂੰ ਨਾਲ ਹੀ ਲੈ ਆਇਆ ਹਾਂ। ਉਹ ਬਾਹਰ ਖੜੋਤੇ ਨੇ।”
ਭੱਜ ਕੇ ਮੈਂ ਉਹਨੂੰ ਜੱਫ਼ੀ ਵਿਚ ਲੈ ਲਿਆ। ਜੱਫੀ ਵਿਚੋਂ ਨਿਕਲ ਕੇ ਜਦੋਂ ਅਸੀਂ ਆਹਮੋ-ਸਾਹਮਣੇ ਬੈਠੇ ਤਾਂ ਬੜਾ ਚਿਰ ਇਕ ਦੂਜੇ ਨੂੰ ਵੇਖਦੇ ਰਹੇ। ਮੇਰਾ ਯਾਰ ਓਵੇਂ ਦਾ ਓਵੇਂ ਸੀ, ਬਸ ਉਹਦੇ ਸਿਰ ਵਿਚ ਕਿਤੇ-ਕਿਤੇ ਚਾਂਦੀ-ਵੰਨੀਆਂ ਤਾਰਾਂ ਨਵੀਆਂ ਸਨ। ਮੈਂ ਉਹਨੂੰ ਬਹੁਤ ਬਦਲਿਆ ਹੋਇਆ ਜਾਪਿਆ ਹੋਵਾਂਗਾ—ਮੇਰੇ ਵਾਲਾਂ ਵਿਚ ਚਿੱਟਾ ਹਿੱਸਾ ਕਾਲੇ ਤੋਂ ਵੱਧ ਸੀ, ਸਰੀਰ ਵੀ ਭਾਰਾ ਹੋ ਗਿਆ ਸੀ।
ਜਦੋਂ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਮਹਿਸੂਸ ਹੋਇਆ: ਨਹੀਂ, ਓਵੇਂ ਦਾ ਓਵੇਂ ਨਹੀਂ ਸੀ—ਬੋਲ ਸੰਕੋਚਵੇਂ, ਤੇ ਵਾਜ ਭਾਵੇਂ ਉਹਦੀ ਹੀ ਸੀ, ਪਰ ਜਿਵੇਂ ਉਹਦੀ ਨਹੀਂ ਸੀ। ਮੈਂ ਆਪਣੇ ਯਾਰ ਨੂੰ ਪੁੱਛਿਆ, “ਸ਼ਾਂਤੀ ਭਾਬੀ ਦਾ ਕੀ ਹਾਲ ਏ?”
ਉਹ ਕੁਝ ਨਾ ਬੋਲਿਆ, ਸਿਰਫ਼ ਉਹਦੇ ਮੱਥੇ ਵਿਚਾਲੇ ਉੱਭਰੀ ਹੋਈ ਇਕ ਨਾੜ ਕੰਬੀ। ਕਾਲਿਜ ਦੇ ਪੂਰੇ ਛੇ ਵਰ੍ਹੇ ਸ਼ਾਂਤੀ ਵੀ ਸਾਡੀ ਜਮਾਤਣ ਰਹੀ ਸੀ। ਅਖ਼ੀਰਲੇ ਵਰ੍ਹਿਆਂ ਵਿਚ ਸਭ ਇਹ ਜਾਣਦੇ ਸਨ ਕਿ ਸ਼ਾਂਤੀ ਤੇ ਮੇਰੇ ਜਾਦੂ-ਆਵਾਜ਼ ਯਾਰ ਦੇ ਵਿਆਹ ਦੀ ਗੱਲ ਪੱਕੀ ਹੋ ਚੁੱਕੀ ਹੈ।
ਮੇਰਾ ਯਾਰ ਬਿੰਦ ਦੀ ਬਿੰਦ ਓਵੇਂ ਹੀ ਅਬੋਲ ਮੇਰੇ ਵੱਲ ਵੇਖਦਾ ਰਿਹਾ। ਉਹਦੇ ਮੱਥੇ ਵਿਚਾਲੇ ਕੰਬਦੀ ਨਾੜ ਸਵਾਲੀਆ ਨਿਸ਼ਾਨ ਬਣ ਗਈ…ਪਹਿਲੀਆਂ ਵਿਚ ਜਦੋਂ ਉਹ ਕੋਈ ਬੜਾ ਦਰਦੀਲਾ ਗੀਤ ਗੌਂਦਾ ਹੁੰਦਾ ਸੀ, ਤਾਂ ਇਹ ਇੰਜ ਹੋ ਜਾਂਦੀ ਹੁੰਦੀ ਸੀ…
“ਸ਼ਾਂਤੀ ਨਹੀਂ, ਮੇਰੀ ਵਹੁਟੀ—ਤੇਰੀ ਭਾਬੀ ਦਾ ਨਾਂ ਲਕਸ਼ਮੀ ਏਂ।”
ਮੇਰੇ ਬੁੱਲ੍ਹਾਂ ਤੱਕ ਕੁਝ ਪੁੱਛਾਂ ਆਈਆਂ, ਪਰ ਉਹਦੇ ਮੱਥੇ ਵਿਚਲੀ ਕੰਬਦੀ ਨਾੜ ਵੇਖ ਕੇ ਚੁੱਪ-ਚਾਪ ਪਿਛਾਂਹ ਪਰਤ ਗਈਆਂ; ਤੇ ਮੈਂ ਉਹਨੂੰ ਉਹਦੇ ਬੱਚਿਆਂ ਬਾਰੇ ਪੁੱਛਿਆ।
“ਮੇਰੇ ਦੋ ਪੁੱਤਰ ਨੇ, ਵੱਡਾ ਹਰੀਸ਼ ਤੇ ਛੋਟਾ-ਛੋਟਾ...ਸ਼ਾਂਤੀ।”
ਮੈਂ ਆਪਣੇ ਯਾਰ ਨੂੰ ਉਹਦੇ ਘਰ, ਉਹਦੇ ਪਰਿਵਾਰ ਵਿਚ ਵੇਖਣਾ ਚਾਂਹਦਾ ਸਾਂ। ਸ਼ਾਂਤੀ ਦੀ ਪਕਾਈ ਹਰ ਚੀਜ਼ ਵਿਚ ਇਕ ਅਜੀਬ ਰਸ ਹੁੰਦਾ ਸੀ...‘ਤੇਰੀ ਭਾਬੀ ਦਾ ਨਾਂ ਲਕਸ਼ਮੀ ਏਂ’
“ਅੱਜ ਤੂੰ ਮੇਰੇ ਕੋਲ ਠਹਿਰ ਖਾਂ,” ਮੇਰਾ ਯਾਰ ਕਹਿ ਰਿਹਾ ਸੀ, “ਇਥੋਂ ਪੈਦਲ ਈ ਚੱਲੀਏ। ਕੋਈ ਬਹੁਤਾ ਫ਼ਾਸਲਾ ਨਹੀਂ, ਜਿੰਨਾ ਸਾਡੇ ਹੋਸਟਲ ਤੋਂ...ਹੋਸਟਲ ਤੋਂ ਸ਼ਾਂਤੀ ਦਾ ਘਰ ਹੁੰਦਾ ਸੀ।”
ਕੁਝ ਚਿਰ ਪਿੱਛੋਂ ਉਹਨੇ ਕਿਹਾ, “ਤੈਨੂੰ ਲੰਮੀਆਂ ਸੈਰਾਂ ਦਾ ਬੜਾ ਸ਼ੌਕ ਹੁੰਦਾ ਸੀ। ਉਹ ਪੁਰਾਣਾ ਸ਼ੌਕ ਕਾਇਮ ਏਂ ਕਿ ਨਹੀਂ?” ਉਹਦੀ ਨਜ਼ਰ ਮੇਰੇ ਭਾਰੇ ਸ਼ਰੀਰ ਨੂੰ ਘੋਖ ਰਹੀ ਸੀ।
“ਹਾਂ—ਕਾਇਮ ਏਂ,” ਤੇ ਮੇਰੇ ਪੈਰਾਂ ਵਿਚ ਉਹ ਲੰਬੀਆਂ ਸੈਰਾਂ ਜਾਗ ਪਈਆਂ—
ਮੇਰਾ ਯਾਰ, ਉਹਦੀ ਸ਼ਾਂਤੀ, ਤੇ ਮੈਂ, ਤੇ ਸੜਕਾਂ...
ਮੇਰਾ ਯਾਰ ਸੜਕਾਂ ਉੱਤੇ ਸਾਡੇ ਨਾਲ ਤੁਰਦਿਆਂ ਕਈ ਵਾਰੀ ਟੈਗੋਰ ਦਾ ਇਕ ਬੰਗਾਲੀ ਗੀਤ ਗੌਂਦਾ ਹੁੰਦਾ ਸੀ, ਜਿਦ੍ਹੇ ਅਰਥ ਕੁਝ ਇੰਝ ਦੇ ਸਨ, ‘ਮੈਂ ਸੜਕਾਂ ਨਾਲ ਪਰਣਾਇਆ ਹਾਂ।’ ਤੇ ਇਕ ਵਾਰ ਉਹਨੇ ਇਸ ਗੀਤ ਦੇ ਐਨ ਬਾਅਦ ਸ਼ਾਂਤੀ ਨੂੰ ਪੁੱਛਿਆ ਸੀ, ‘ਤੇ ਜੇ ਕਦੇ ਤੂੰ ਮੇਰੀ ਜ਼ਿੰਦਗੀ ਦੀ ਸੜਕ ਉੱਤੇ ਨਾ ਹੋਈ ਤਾਂ....’
ਤੇ ਹੁਣ ਸਿਰਫ਼ ਉਹ ਤੇ ਮੈਂ ਇਕ ਸੜਕ ਉੱਤੇ ਤੁਰ ਰਹੇ ਸਾਂ।
ਫ਼ਰਵਰੀ ਦਾ ਅੱਧ ਸੀ। ਕੁਝ ਦੂਰ ਹੀ ਚੱਲੇ ਸਾਂ ਕਿ ਸੜਕ ਦੇ ਸੱਜੇ ਪਾਸੇ ਇਕ ਨਿੱਕਾ ਜਿਹਾ ਆੜੂਆਂ ਦਾ ਬਾਗ ਆ ਗਿਆ। ਫਲਾਂ-ਜੜੇ ਬੂਟਿਆਂ ਦੇ ਪਿਛਾਂਹ ਸੂਰਜ-ਅਸਤ ਦਾ ਜਲੌ ਸੀ।
ਕਦੇ-ਕਦਾਈਂ ਜ਼ਿੰਦਗੀ ਵਿਚ ਵੀ ਅਜਿਹਾ ਮੌਕਾ-ਮੇਲ ਹੋ ਜਾਂਦਾ ਹੈ ਜਿਹੋ ਜਿਹਾ ਨਾਵਲਾਂ ਜਾਂ ਫ਼ਿਲਮਾਂ ਵਿਚ ਆਮ ਵਿਖਾਇਆ ਜਾਂਦਾ ਹੈ। ਟੈਗੋਰ ਦਾ ਗੀਤ ‘ਮੈਂ ਸੜਕਾਂ ਨਾਲ ਪਰਣਾਇਆ ਹਾਂ’ ਗੌਣ ਦੇ ਐਨ ਬਾਅਦ ਇਕ ਵਾਰੀ ਜਦੋਂ ਮੇਰੇ ਯਾਰ ਨੇ ਸ਼ਾਂਤੀ ਨੂੰ ਪੁੱਛਿਆ ਸੀ, “ਤੇ ਜੇ ਕਦੇ ਤੂੰ ਮੇਰੀ ਜ਼ਿੰਦਗੀ ਦੀ ਸੜਕ ਉੱਤੇ ਨਾ ਹੋਈ ਤਾਂ...” ਉਦੋਂ ਵੀ ਇਹੀ ਫ਼ਰਵਰੀ ਦੇ ਦਿਨ ਸਨ, ਯੂਨੀਵਰਸਿਟੀ ਦੇ ਇਮਤਿਹਾਨ ਨੂੰ ਦੋ-ਢਾਈ ਮਹੀਨੇ ਰਹਿੰਦੇ ਸਨ, ਤੇ ਇੰਜ ਹੀ ਆੜੂਆਂ ਦੇ ਫੁੱਲਾਂ-ਜੜੇ ਨਿੱਕੇ ਜਿਹੇ ਬਾਗ਼ ਕੋਲੋਂ ਅਸੀਂ ਲੰਘ ਰਹੇ ਸਾਂ।
ਓਦੋਂ, ਅੱਜ ਤੋਂ ਪੂਰੇ ਇੱਕੀ ਵਰ੍ਹੇ ਪਹਿਲਾਂ, ਉਹ ਤੇ ਸ਼ਾਂਤੀ ਤੇ ਮੈਂ ਆੜੂਆਂ ਦੇ ਬਾਗ਼ ਵਿਚ ਚਲੇ ਗਏ ਸਾਂ, ਕਿੰਨਾ ਚਿਰ ਓਥੇ ਬੈਠੇ ਰਹੇ ਸਾਂ—ਪਰ ਅੱਜ ਜਿਵੇਂ ਸਾਡੇ ਦੋਵਾਂ ਦੇ ਪੈਰ ਕਿਸੇ ਬੰਨ੍ਹ ਲਏ ਸਨ।
ਮੇਰਾ ਜੀਅ ਬਹੁਤ ਕਰ ਰਿਹਾ ਸੀ ਕਿ ਮੈਂ ਆਪਣੇ ਯਾਰ ਕੋਲੋਂ ਉਹੋ ਗੀਤ ਸੁਣਾਂ, ‘ਮੈਂ ਸੜਕਾਂ ਨਾਲ ਪਰਣਾਇਆ ਹਾਂ।’ ਪਰ ਜਿਉਂ ਹੀ ਇਹ ਮੰਗ ਮੇਰਿਆਂ ਬੁੱਲ੍ਹਾਂ ਉੱਤੇ ਆਉਂਦੀ, ਮੇਰੀਆਂ ਅੱਖਾਂ ਅੱਗੇ ਉਹਦੇ ਮੱਥੇ ਉੱਤੇ ਕੰਬਦਾ ਸਵਾਲੀਆ ਨਿਸ਼ਾਨ ਉਘੜ ਆਂਦਾ।
ਆੜੂਆਂ ਦੇ ਬਾਗ਼ ਤੋਂ ਪਹਿਲਾਂ ਉਹ ਮੇਰੇ ਨਾਲ ਗੱਲਾਂ ਕਰਦਾ ਰਿਹਾ ਸੀ, ਪਰ ਜਦੋਂ ਦੇ ਆੜੂਆਂ ਦੇ ਫੁੱਲ ਅਸੀਂ ਪਿਛਾਂਹ ਛੱਡ ਆਏ ਸਾਂ, ਉਹ ਤਕਰੀਬਨ ਚੁੱਪ ਸੀ।
ਮੈਂ ਹੈਰਾਨ ਸਾਂ ਕਿ ਏਨੇ ਵਰ੍ਹਿਆਂ ਬਾਅਦ ਮਿਲੇ ਹਾਂ, ਤੇ ਉਹਨੇ ਇਕ ਵਾਰੀ ਵੀ ਮੈਨੂੰ ਮੇਰੀ ਵਹੁਟੀ, ਮੇਰੇ ਬੱਚਿਆਂ ਬਾਰੇ ਕੁਝ ਵੀ ਨਹੀਂ ਸੀ ਪੁੱਛਿਆ!
ਹਨੇਰਾ ਉਤਰਦਾ ਆ ਰਿਹਾ ਸੀ, ਪੰਧ ਵੀ ਅਸੀਂ ਕਾਫ਼ੀ ਨਬੇੜ ਚੁੱਕੇ ਸਾਂ—ਪਰ ਕਿਸੇ ਬਸਤੀ ਦੇ ਨਿਸ਼ਾਨ ਨੇੜੇ-ਤੇੜੇ ਨਹੀਂ ਸਨ ਦਿਸ ਰਹੇ।
“ਮੈਨੂੰ ਰਾਹ ਭੁਲ ਗਿਆ ਏ,” ਅਭੜਵਾਹੇ ਮੇਰਾ ਯਾਰ ਬੋਲਿਆ। ਉਹਦੀ ਵਾਜ ਕੁਝ ਵੱਧ ਉੱਚੀ ਸੀ।
ਮੈਂ ਉਸ ਵੱਲ ਵੇਖਿਆ। ਕਿਤੇ ਉਹ ਮੈਨੂੰ ਝੁਠਾ ਤਾਂ ਨਹੀਂ ਸੀ ਰਿਹਾ? ਭਲਾ ਕਦੇ ਕੋਈ ਆਪਣੇ ਘਰ ਦਾ ਰਾਹ ਵੀ ਭੁੱਲ ਸਕਦਾ ਹੈ? ਪਰ ਉਹ ਸੱਚ-ਮੁੱਚ ਬੜਾ ਪਰੇਸ਼ਾਨ ਸੀ।
ਕੁਝ ਦੂਰ ਅਸੀਂ ਹੋਰ ਤੁਰੇ। ਅਸਮਾਨ ਦਾ ਪਹਿਲਾ ਤਾਰਾ ਨਿਕਲ ਆਇਆ। ਮੇਰੇ ਯਾਰ ਨੇ ਇਕ ਰਾਹੀ ਕੋਲੋਂ ਆਪਣੀ ਬਸਤੀ ਦਾ ਨਾਂ ਲੈ ਕੇ ਰਾਹ ਪੁਛਿਆ। ਰਾਹੀ ਨੇ ਮੇਰੇ ਯਾਰ ਦਾ ਨਾਂ ਲੈ ਕੇ ਕਿਹਾ, “ਜਿਥੇ ਉਹ ਰਹਿੰਦਾ ਏ, ਜਿਦ੍ਹੇ ਗੌਣ ’ਕੇਰਾਂ ਦਿਲ ’ਚੋਂ ਰੁਗ ਭਰ ਲੈਂਦੇ ਨੇ?”
ਮੇਰਾ ਯਾਰ ਰਾਹੀ ਦੀ ਗੱਲ ਸੁਣ ਕੇ ਉਹਦੇ ਵੱਲ ਵੇਖਦਾ ਰਿਹਾ।
ਰਾਹੀ ਜਾਂ ਤਾਂ ਉਹਨੂੰ ਸ਼ਕਲੋਂ ਨਹੀਂ ਸੀ ਜਾਣਦਾ, ਤੇ ਜਾਂ ਹਨੇਰੇ ਵਿਚ ਉਹਨੂੰ ਪਛਾਣ ਨਹੀਂ ਸੀ ਸਕਿਆ।
ਮੈਂ ਕਿਹਾ, “ਹਾਂ, ਉਹੀ ਬਸਤੀ।”
ਰਾਹੀ ਨੇ ਬੜੀ ਚੰਗੀ ਤਰ੍ਹਾਂ ਸਾਨੂੰ ਇਹ ਰਾਹ ਸਮਝਾਇਆ। ਅਸੀਂ ਇਸ ਸੜਕ ਤੋਂ ਬਸਤੀ ਵੱਲ ਮੁੜਦਾ ਮੋੜ ਕਾਫ਼ੀ ਪਿਛਾਂਹ ਛੱਡ ਆਏ ਸਾਂ।
ਪਿਛਾਂਹ ਪਰਤ ਕੇ ਅਖੀਰ ਅਸੀਂ ਉਸ ਬਸਤੀ ਵਿਚ ਪੁੱਜੇ, ਤੇ ਮੇਰਾ ਯਾਰ ਇਕ ਘਰ ਦੇ ਫਾਟਕ ਸਾਹਮਣੇ ਰੁਕਿਆ।
ਫਾਟਕ ਖੋਲ੍ਹ ਕੇ ਜਦੋਂ ਅਸੀਂ ਅੰਦਰ ਵੜੇ ਤਾਂ ਵਰਾਂਡੇ ਵਿਚ ਬੱਤੀ ਬਲ ਰਹੀ ਸੀ। ਇਕ ਇਸਤਰੀ ਕੁਰਸੀ ਉੱਤੇ ਬੈਠੀ ਸੀ। ਇਸਤਰੀ ਦੇ ਕੋਲ ਇਕ ਸ਼ੇਰ ਜਿੱਡਾ ਕੁੱਤਾ ਸੀ। ਮੇਰਾ ਯਾਰ ਹਾਲੀ ਫਾਟਕ ਬੰਦ ਹੀ ਕਰ ਰਿਹਾ ਸੀ ਕਿ ਦੋ ਬੱਚੇ ਨਸਦੇ-ਨਸਦੇ ਪਿੱਛੋਂ ਵਾਲੀ ਉਹਦੀ ਨਾਲ ਲਿਪਟ ਗਏ।
“ਇਹ ਹਰੀਸ਼ ਏ, ਤੇ ਇਹ–ਸ਼ਾਂਤੀ,” ਮੇਰੇ ਯਾਰ ਨੇ ਸ਼ਾਂਤੀ ਨੂੰ ਚੁੰਮਦਿਆਂ ਕਿਹਾ।
ਕੁੱਤੇ ਵਾਲੀ ਇਸਤਰੀ ਵਰਾਂਡੇ ਵਿਚੋਂ ਹੀ ਕੜਕੀ, “ਮੈਂ ਤੁਹਾਨੂੰ ਕਈ ਵਾਰ ਕਹਿ ਚੁੱਕੀ ਆਂ ਇੰਜ ਸ਼ਾਂਤੀ ਨੂੰ ਨਾ ਚੁੰਮਿਆ ਕਰੋ। ਹੁਣ ਉਹ ਵੱਡਾ ਹੋ ਗਿਆ ਏ। ਨਾਲੇ ਹਰੀਸ਼ ਵਿਚ ਇੰਜ ਸਾੜਾ ਪੈਦਾ ਹੁੰਦਾ ਏ।”
ਸ਼ੇਰ ਜਿੱਡਾ ਕੁੱਤਾ ਭੌਂਕਿਆ।
ਅਸੀਂ ਵਰਾਂਡੇ ਵਿਚ ਪੁੱਜੇ ਤਾਂ ਮੇਰੇ ਦੋਸਤ ਨੇ ਕਿਹਾ, “ਇਹ ਲਕਸ਼ਮੀ ਜੀ ਨੇ; ਤੇ ਇਹ ਨੇ ਮੇਰੇ ਕਾਲਿਜ ਵੇਲੇ ਦੇ ਦੋਸਤ, ਜਿਨ੍ਹਾਂ ਬਾਰੇ ਅੱਜ ਤੁਹਾਨੂੰ ਮੈਂ ਦੱਸਿਆ ਸੀ।”
ਲਕਸ਼ਮੀ ਕੁਰਸੀ ਤੋਂ ਉੱਠੀ ਤੇ ਨਮਸਤੇ ਕਰਦਿਆਂ ਮੇਰੇ ਵੱਲ ਵੇਖ ਕੇ ਕਾਹਲੀ ਨਾਲ ਬੋਲੀ, “ਤੁਹਾਨੂੰ ਮਿਲ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਏ,” ਤੇ ਫੇਰ ਉਹਨੇ ਆਪਣੇ ਪਤੀ ਵੱਲ ਭਖ਼ਦੀਆਂ ਅੱਖਾਂ ਕੀਤੀਆਂ, “ਅੱਜ ਫੇਰ ਕਾਲਿਜ ਵੇਲੇ ਦੀਆਂ ਸੈਰਾਂ ਵਿਚ ਗੁਆਚੇ ਆਪਣੇ ਘਰ ਦਾ ਰਾਹ ਭੁੱਲ ਗਏ ਜਾਪਦੇ ਹੋ! ਏਨੇ ਸੋਤੇ ਪਏ ਆਏ ਹੋ!”
ਸ਼ੇਰ ਵਰਗਾ ਕੁੱਤਾ ਘੁਰਕਿਆ। ਕੁੱਤੇ ਦੀ ਚਿੱਟੀ ਜੱਤ ਉੱਤੇ ਥਾਂ-ਥਾਂ ਕਾਲੇ ਦਾਗ਼ ਸਨ।
“ਵੇਖੋ ਨਾ ਇਹ ਤੀਜੀ ਵਾਰ ਏ—ਜਦੋਂ ਵੀ ਕੋਈ ਕਾਲਿਜ ਦੇ ਦਿਨਾਂ ਦਾ ਇਨ੍ਹਾਂ ਦਾ ਯਾਰ ਆਉਂਦਾ ਏ, ਇਹ ਇੰਜ ਹੀ ਆਪਣੇ ਘਰ ਦਾ ਰਾਹ ਭੁੱਲ ਜਾਂਦੇ ਨੇ।” ਲਕਸ਼ਮੀ ਗੱਲ ਮੇਰੇ ਨਾਲ ਕਰ ਰਹੀ ਸੀ, ਪਰ ਵੇਖ ਕੁੱਤੇ ਵੱਲ ਰਹੀ ਸੀ। ਕੁੱਤਾ ਵੀ ਉਸ ਵੱਲ ਵੇਖ ਕੇ ਪੂਛਲ ਹਿਲਾ ਰਿਹਾ ਸੀ, ਜਿਵੇਂ ਉਹਦੀ ਹਾਮੀ ਭਰ ਰਿਹਾ ਹੋਵੇ। ਕੁੱਤੇ ਦੀ ਖੱਬੀ ਅੱਖ ਦੁਆਲੇ ਇਕ ਵੱਡਾ ਸਾਰਾ ਕਾਲਾ ਦਾਗ਼ ਸੀ, ਜਿਹੜਾ ਉਹਨੂੰ ਹੋਰ ਡਰਾਉਣਾ ਬਣਾ ਰਿਹਾ ਸੀ।
“ਜੇ ਕਿਸੇ ਹੋਰ ਨੂੰ ਮੈਂ ਇਹ ਦੱਸਾਂ ਤਾਂ ਕੋਈ ਮੰਨੇਂ ਹੀ ਨਾ! ਪਰ ਮੈਂ ਬਿਲਕੁਲ ਸੱਚ ਕਹਿ ਰਹੀ ਆਂ—ਅੱਜ ਤੀਜੀ ਵਾਰ ਏ। ਭਲਾ ਆਪਣੇ ਘਰ ਦਾ ਵੀ ਕੋਈ ਰਾਹ ਭੁੱਲ ਸਕਦਾ ਏ!” ਮੇਰਾ ਯਾਰ ਬੰਦ ਫਾਟਕ ਤੋਂ ਪਾਰ ਵੇਖ ਰਿਹਾ ਸੀ।
ਲਕਸ਼ਮੀ ਨੇ ਕੁੱਤੇ ਵੱਲੋਂ ਨਜ਼ਰ ਹਟਾ ਕੇ ਮੇਰੇ ਵੱਲ ਦੇਖਿਆ ਤੇ ਆਪਣੀ ਸਾੜੀ ਦੇ ਪੱਲੂ ਨੂੰ ਠੀਕ ਕਰਦਿਆਂ ਕਿਹਾ, “ਮੁਆਫ਼ ਕਰਨਾ, ਏਨੀ ਦੇਰ ਤੁਹਾਨੂੰ ਅਸਾਂ ਇਥੇ ਵਰਾਂਡੇ ਵਿਚ ਹੀ ਖੜ੍ਹਾ ਕਰੀ ਰਖਿਆ। ਆਓ ਅੰਦਰ ਚੱਲੀਏ।”
ਮੇਰੇ ਯਾਰ ਨੇ ਅਗਾਂਹ ਹੋ ਕੇ ਬੂਹਾ ਖੋਲ੍ਹਿਆ।
“ਤੁਸੀਂ ਆਲੀਸ਼ਾਨ ਕੋਠੀਆਂ ਵਿਚ ਰਹਿਣ ਗਿੱਝੇ ਹੋਏ ਹੋ—ਤੁਹਾਨੂੰ ਤਾਂ ਸਾਡਾ ਹਮਾਤੜਾਂ ਦਾ ਡਰਾਇੰਗ ਰੂਮ ਵੀ ਆਪਣੀ ਕੋਠੀ ਦੇ ਵਰਾਂਡੇ ਦੇ ਤੁਲ ਨਹੀਂ ਜਾਪਦਾ—ਪਰ ਖੈਰ, ਲਕਸ਼ਮੀ ਨੇ ਡੂੰਘਾ ਸਾਹ ਭਰਿਆ। ਅਸੀਂ ਦੋਵੇਂ ਇਕ ਸੋਫ਼ੇ ਉੱਤੇ ਬਹਿ ਗਏ, ਤੇ ਲਕਸ਼ਮੀ ਸਾਹਮਣੀ ਕੁਰਸੀ ਉੱਤੇ।
ਲਕਸ਼ਮੀ ਦੇ ਨਕਸ਼ ਤਿੱਖੇ ਤੇ ਰੰਗ ਗੋਰਾ ਸੀ, ਪਰ ਇਨ੍ਹਾਂ ਵਿਚ ਇਕ ਸਖ਼ਤੀ ਰਚੀ-ਮਿਚੀ ਸੀ, ਤੇ ਇਹੀ ਸਖ਼ਤੀ ਉਹਦੀ ਵਾਜ ਵਿਚ ਸੀ, “ਸੱਚ ਪੁੱਛੋ ਤਾਂ ਇਨ੍ਹਾਂ ਦੀ ਇਹ ਘਰ ਭੁੱਲਣ ਵਾਲੀ ਗੱਲ ਮੈਨੂੰ ਬਹੁਤ ਤੰਗ ਕਰਦੀ ਰਹਿੰਦੀ ਏ। ਕੋਈ ਵੱਡਾ ਸਾਰਾ ਸ਼ਹਿਰ ਹੋਵੇ, ਦਿੱਲੀ ਵਰਗਾ। ਮੁੱਦਤ ਪਿਛੋਂ ਕੋਈ ਘਰ ਪਰਤੇ, ਘਰ ਦੇ ਆਲੇ-ਦੁਆਲੇ ਦਾ ਨਕਸ਼ਾ ਚੁਪਾਸੀ ਛੁਹੀ ਨਵੀਂ ਉਸਾਰੀ ਕਰ ਕੇ ਬਦਲਿਆ ਹੋਵੇ; ਇਸ ਹਾਲਤ ਵਿਚ ਬਿੰਦ ਦੀ ਬਿੰਦ ਕੋਈ ਘਰ ਦਾ ਰਾਹ ਭੁੱਲ ਵੀ ਜਾਏ ਤਾਂ ਸਮਝ ਆ ਸਕਦਾ ਹੈ। ਪਰ ਬਾਰਾਂ ਪੱਥਰੋਂ ਪਾਰ, ਇਸ ਵੱਢਖਾਣੀ ਉਜਾੜ ਵਿਚ, ਜਿਥੇ ਇਹ ਸਾਨੂੰ ਲੈ ਆਏ ਨੇ, ਓਹੀ ਚਾਰ ਕੰਧਾਂ ਹਰ ਵੇਲੇ ਅੱਖਾਂ ਵਿਚ ਵੱਜਦੀਆਂ ਰਹਿੰਦੀਆਂ ਨੇ, ਨੇੜੇ-ਤੇੜੇ ਕਿਧਰੇ ਸਹੁੰ ਖਾਣ ਨੂੰ ਵੀ ਨਵਾਂ ਕੁਝ ਉਸਰਦਾ ਨਹੀਂ— ਭਲਾ ਏਥੇ ਵੀ ਕੋਈ ਆਪਣੇ ਘਰ ਦਾ ਰਾਹ ਭੁੱਲ ਸਕਦਾ ਏ? ਪਰ ਇਹ ਤਾਂ ਹੋਏ ਆਰਟਿਸਟ! ਬੁਰਾ ਨਾ ਮਨਾਣਾ। ਕਿਤੇ ਤੁਸੀਂ ਵੀ ਆਰਟਿਸਟ ਤਾਂ ਨਹੀਂ?— ਨਹੀਂ, ਮੈਂ ਭੁੱਲ ਗਈ, ਤੁਸੀਂ ਤਾਂ ਵੱਡੇ ਡਾਇਰੈਕਟਰ ਹੋ। ਮਹਿਕਮਾ ਵੀ ਇਨ੍ਹਾਂ ਮੈਨੂੰ ਦੱਸਿਆ ਸੀ।”
ਲਕਸ਼ਮੀ ਦਾ ਹੱਥ ਫੇਰ ਆਪਣੀ ਸਾੜੀ ਦੇ ਪੱਲੂ ਉੱਤੇ ਗਿਆ। ਉਹਦੀ ਸਾੜੀ ਦੀਆਂ ਭੰਨਾਂ ਤੋਂ ਜਾਪਦਾ ਸੀ ਕਿ ਉਹ ਇਹਨੂੰ ਉਚੇਚੇ ਮੌਕਿਆਂ ਉੱਤੇ ਹੀ ਪਾਂਦੀ ਸੀ।
“ਸੱਚ ਪੁੱਛੋ ਤਾਂ ਇਨ੍ਹਾਂ ਆਰਟਿਸਟ ਲੋਕਾਂ ਦੀ ਤਾਂ ਰਗ ਹੀ ਵੱਖਰੀ ਏ। ਮੈਂ ਤਾਂ ਵਸੀਅਤ ਕਰ ਜਾਣੀ ਏਂ ਕਿ ਮੇਰੀ ਜੱਦ ਮੁਨਿਆਦ ’ਚੋਂ ਵੀ ਕੋਈ ਕਦੇ ਕਿਸੇ ਆਰਟਿਸਟ ਨਾਲ ਵਿਆਹ ਨਾ ਕਰਾਏ।”
ਏਨੇ ਨੂੰ ਕੁੱਤਾ ਅੰਦਰ ਆ ਗਿਆ। ਕਮਰਾ ਛੋਟਾ ਲੱਗਣ ਲੱਗ ਪਿਆ ਸੀ। ਲਕਸ਼ਮੀ ਨੇ ਕੁੱਤੇ ਨੂੰ ਥਪਕਦਿਆਂ ਮੇਰੇ ਯਾਰ ਵਲ ਵੇਖਿਆ, “ਡਾਰਲਿੰਗ, ਮੇਰੀ ਗੱਲ ਦਾ ਬੁਰਾ ਨਾ ਮਨਾਣਾ। ਮੈਂ ਤਾਂ ਖਰਾ ਬੰਦਾ ਹਾਂ। ਲੋਲੋ-ਪੋਪੋ ਮੈਨੂੰ ਨਹੀਂ ਆਉਂਦੀ। ਨਾਲੇ ਇਹ ਕਿਹੜਾ ਤੁਹਾਨੂੰ ਜਾਣਦੇ ਨਹੀਂ।”
ਸਾਹਮਣੇ ਅੰਗੀਠੀ ਉੱਤੇ ਦੋ ਤਸਵੀਰਾਂ ਪਈਆਂ ਸਨ, ਇਕ ਵੱਡੀ ਸਾਰੀ ਰੰਗੀਨ—ਲਕਸ਼ਮੀ ਦੀ, ਤੇ ਇਕ ਓਦੂੰ ਰਤਾ ਕੁ ਛੋਟੀ, ਕਾਲੀ-ਚਿੱਟੀ—ਕੁੱਤੇ ਦੀ।
ਮੈਂ ਗੱਲ ਦਾ ਰੁਖ ਮੋੜਨ ਲਈ ਕਿਹਾ, “ਤੁਹਾਡੀ ਇਹ ਤਸਵੀਰ ਬੜੀ ਚੰਗੀ ਏ।”
“ਇਹ ਮੇਰੇ ਵਿਆਹ ਤੋਂ ਪਹਿਲਾਂ ਦੀ ਏ, ਜਦੋਂ ਮੈਂ ਡੈਡੀ ਕੋਲ ਦਿੱਲੀ ਹੁੰਦੀ ਸਾਂ। ਤੇ ਉਹ ਵਿਕਟਰ ਦੀ ਤਸਵੀਰ ਤੁਹਾਨੂੰ ਕਿਹੋ ਜਿਹੀ ਲੱਗੀ ਏ?” ਉਹਨੇ ਕੁੱਤੇ ਦੀ ਤਸਵੀਰ ਵੱਲ ਸੈਨਤ ਕਰਦਿਆਂ ਕਿਹਾ।
“ਚੰਗੀ ਏ।” ਮੇਰੀ ਨਜ਼ਰ ਮੇਰੇ ਯਾਰ ਵੱਲ ਚਲੀ ਗਈ, ਤੇ ਅਚਨਚੇਤ ਮੈਨੂੰ ਖ਼ਿਆਲ ਆਇਆ ਕਿ ਹਰੀਸ਼ ਤੇ ਸ਼ਾਂਤੀ ਫਾਟਕ ਕੋਲ ਮੇਰੇ ਯਾਰ ਨੂੰ ਜੱਫੀ ਪਾਣ ਪਿੱਛੋਂ ਫੇਰ ਕਿਤੇ ਨਜ਼ਰ ਹੀ ਨਹੀਂ ਸਨ ਆਏ!
“ਤੁਸੀਂ ਮੂੰਹ ਹੱਥ ਧੋਣਾ ਚਾਹੋਗੇ ਕਿ ਇਨ੍ਹਾਂ ਦੇ ਪੱਕੇ ਯਾਰ ਹੋ। ਇਹ ਤਾਂ ਮਰਜ਼ੀ ਆਏ ਤਾਂ ਕਈ-ਕਈ ਦਿਨ ਨਹਾਂਦੇ ਹੀ ਨਹੀਂ।”
ਮੇਰਾ ਯਾਰ ਬਿਲਕੁਲ ਚੁੱਪ ਬੈਠਾ ਸੀ। ਕਦੇ-ਕਦੇ ਉਹਦੇ ਮੱਥੇ ਵਿਚਾਲੇ ਉੱਭਰੀ ਨਾੜ ਕੰਬ ਜਾਂਦੀ, ਤੇ ਬਸ...
ਰੋਟੀ ਵੇਲੇ ਹਰੀਸ਼ ਤੇ ਸ਼ਾਂਤੀ ਸਾਡੇ ਨਾਲ ਆਣ ਬੈਠੇ। ਬੱਚਿਆਂ ਦੀ ਪੁਸ਼ਾਕ ਤੇ ਵਾਲਾਂ ਤੋਂ ਜਾਪਦਾ ਸੀ ਕਿ ਲਕਸ਼ਮੀ ਨੂੰ ਇਨ੍ਹਾਂ ਲਈ ਅੱਜ ਵਿਹਲ ਨਹੀਂ ਸੀ ਮਿਲੀ। ਰੋਟੀ ਦਾ ਕੰਮ ਮੁੱਕਿਆ। ਰੋਟੀ ਡਾਕ-ਬੰਗਲੇ ਵਰਗੀ ਹੀ ਸੀ।
ਮੇਰਾ ਯਾਰ ਤੇ ਲਕਸ਼ਮੀ ਮੈਨੂੰ ਇਕ ਕਮਰੇ ਵਿਚ ਲੈ ਗਏ, ਜਿਹੜਾ ਉਨ੍ਹਾਂ ਮੇਰੇ ਸੌਣ ਲਈ ਤਿਆਰ ਕੀਤਾ ਸੀ।
ਮੇਰੇ ਯਾਰ ਨੂੰ ਚੇਤੇ ਆ ਗਿਆ ਕਿ ਮੈਂ ਰਾਤ ਨੂੰ ਉੱਠ ਕੇ ਪਾਣੀ ਜ਼ਰੂਰ ਪੀਂਦਾ ਹੁੰਦਾ ਹਾਂ। ਉਹ ਆਪ ਮੇਰੇ ਲਈ ਪਾਣੀ ਦੀ ਗੜਵੀ ਤੇ ਗਲਾਸ ਲੈਣ ਚਲਾ ਗਿਆ। ਲਕਸ਼ਮੀ ਨੇ ਮੈਨੂੰ ਗ਼ੁਸਲਖ਼ਾਨੇ ਦਾ ਬੂਹਾ ਦੂਰੋਂ ਵਿਖਾਂਦਿਆਂ ਕਿਹਾ, “ਤੁਹਾਨੂੰ ਇਥੇ ਤਕਲੀਫ਼ ਤਾਂ ਹੋਏਗੀ। ਤੁਸੀਂ ਫ਼ਲੱਸ਼ ਦੇ ਗਿਝੇ ਹੋਏ ਹੋ। ਪਰ ਇਥੇ ਤਾਂ ਇਹੀ ਗੰਦਾ ਦੇਸੀ ਇੰਤਜ਼ਾਮ ਏ। ਤੁਹਾਡਾ ਯਾਰ ਕੋਈ ਡਾਇਰੈਕਟਰ ਥੋੜ੍ਹਾ ਏ। ਮੇਰੇ ਬਹੁਤੇ ਰਿਸ਼ਤੇਦਾਰ ਤਾਂ ਇਨ੍ਹਾਂ ਦੇ ਕੰਮ ਨੂੰ ਮਰਾਸੀਆਂ ਦਾ ਕਿੱਤਾ ਹੀ ਕਹਿੰਦੇ ਨੇ। ਮੇਰੇ ਬਹੁਤੇ ਰਿਸ਼ਤੇਦਾਰ ਤੁਹਾਡੇ ਵਾਂਗ ਵੱਡੇ-ਵੱਡੇ ਅਫ਼ਸਰ...।”
ਮੇਰਾ ਯਾਰ ਕੌਲੀ ਨਾਲ ਢਕੀ ਗੜਵੀ ਤੇ ਗਲਾਸ ਲੈ ਕੇ ਆ ਗਿਆ।
ਮੈਨੂੰ ਉਹ ਰਾਹੀ ਯਾਦ ਆ ਰਿਹਾ ਸੀ ਜਿਦ੍ਹੇ ਦਿਲ ਵਿਚ ਮੇਰੇ ਯਾਰ ਦੇ ਗੌਣ ਨਾਲ ‘ਕੇਰਾਂ ਰੁੱਗ ਭਰਿਆ ਜਾਂਦਾ ਸੀ।
ਕਮਰੇ ਵਿਚ ਮੇਰੇ ਬਿਸਤਰੇ ਦੇ ਸਿਵਾ ਹੋਰ ਕੋਈ ਬੈਠਣ ਦੀ ਥਾਂ ਨਹੀਂ ਸੀ। ਮੇਰਾ ਯਾਰ ਤੇ ਲਕਸ਼ਮੀ ਛੇਤੀ ਹੀ ਚਲੇ ਗਏ।
ਇਕ ਤੇ ਮੈਂ ਦਿਨੇ ਕੰਮ ਕਰ-ਕਰ ਕੇ ਅੱਕਿਆ ਹੋਇਆ ਸਾਂ, ਨਾਲੇ ਚਿਰਾਂ ਪਿੱਛੋਂ ਏਨਾ ਪੈਦਲ ਤੁਰਨ ਕਰ ਕੇ ਥਕਾਵਟ ਵੀ ਬੜੀ ਹੋ ਗਈ ਸੀ, ਸੋ ਬਿਸਤਰੇ ਉੱਤੇ ਪੈਂਦਿਆਂ ਸਾਰ ਹੀ ਮੈਂ ਸੌਂ ਗਿਆ।
ਪਤਾ ਨਹੀਂ, ਕਿੰਨੇ ਕੁ ਚਿਰ ਪਿਛੋਂ ਤਰੇਹ ਦੀ ਭਟਕੀ ਕਰਕੇ ਮੇਰੀ ਅੱਖ ਖੁੱਲ੍ਹੀ। ਮੈਂ ਗੜਵੀ ਵਿਚੋਂ ਪਾਣੀ ਗਲਾਸ ਵਿਚ ਪਾ ਹੀ ਰਿਹਾ ਸਾਂ ਕਿ ਮੈਨੂੰ ਨਾਲ ਦੇ ਕਮਰੇ ਵਿਚੋਂ ਆਪਣੇ ਯਾਰ ਦੇ ਗੌਣ ਦੀ ਵਾਜ ਸੁਣਾਈ ਦਿੱਤੀ:
“ਮੈਂ ਸੜਕਾਂ ਨਾਲ ਪਰਣਾਇਆ ਹਾਂ...”
ਫੇਰ ਗੀਤ ਜਦੋਂ ਮੁੱਕਿਆ ਤਾਂ ਮੈਨੂੰ ਮੇਰੇ ਯਾਰ ਦੇ ਬੋਲ ਸੁਣਾਈ ਦਿੱਤੇ, “ਤੇ ਜੇ ਕਦੇ ਤੂੰ ਮੇਰੀ ਜ਼ਿੰਦਗੀ ਦੀ ਸੜਕ ਉੱਤੇ ਨਾ ਹੋਈ ਤਾਂ...।”
ਤੇ ਫੇਰ ਵਕਫ਼ੇ ਪਿੱਛੋਂ, “ਸ਼ਾਂਤੀ-ਸ਼ਾਂਤੀ, ਤੂੰ ਕਿੱਥੇ ਏਂ...”
“ਪਾਪਾ, ਪਾਪਾ—ਮੈਂ ਤੁਹਾਡੇ ਕੋਲ ਆਂ।”
“ਸ਼ਾਂਤੀ-ਸ਼ਾਂਤੀ...”, ਤੇ ਇਹ ਆਵਾਜ਼ ਚਾਨਣੇ ਬਾਗ਼ ਵਿਚ ਨਹੀਂ ਸੀ ਲੈ ਜਾਂਦੀ, ਚੁੱਪ ਦੇ ਸਹਿਰਾ ਵਾਂਗ ਸਿਸਕ ਰਹੀ ਸੀ।
[1969]