Glacier De Yodhe Te Aadam-Bo Hawa (Punjabi Story) : Jasbir Bhullar

ਗਲੇਸ਼ੀਅਰ ਦੇ ਯੋਧੇ ਤੇ ਆਦਮ-ਬੋਅ ਹਵਾ (ਕਹਾਣੀ) : ਜਸਬੀਰ ਭੁੱਲਰ

(ਸਿਆਚਨ ਗਲੇਸ਼ੀਅਰ ਖ਼ਬਰਾਂ ਵਿੱਚ ਹੈ, ਜਿਉਂਦਿਆਂ ਦੀਆਂ ਖ਼ਬਰਾਂ ਕਰਕੇ ਨਹੀਂ, ਮੋਇਆਂ ਦੀਆਂ ਖ਼ਬਰਾਂ ਕਰਕੇ। ਇਸ ਵਾਰ ਖ਼ਬਰ ਪਾਕਿਸਤਾਨ ਵਾਲੇ ਪਾਸੇ ਦੇ ਗਲੇਸ਼ੀਅਰ ਦੀ ਸੀ। ਬਰਫ਼ ਦਾ ਪਹਾੜ ਟੁੱਟ ਕੇ ਡਿੱਗ਼ਣ ਨਾਲ ਸਵਾ ਸੌ ਤੋਂ ਵੱਧ ਸੈਨਿਕ ਬਰਫ਼ ਹੇਠ ਦੱਬ ਕੇ ਮਰ ਗਏ ਸਨ। ‘ਬਰਫ਼ ਦੀਆਂ ਕਬਰਾਂ ਫਰੋਲਦਿਆਂ’ ਮਜ਼ਮੂਨ ਲਿਖਣ ਵੇਲੇ ਪਹਿਲੋਂ ਮੈਂ ਇਹ ਸਿਰਲੇਖ ਲਿਖਿਆ ਸੀ, ਫੇਰ ਮੈਂ ਆਪ ਹੀ ਪ੍ਰੇਸ਼ਾਨ ਹੋਇਆ ਸਾਂ। ਸਿਆਚਨ ਗਲੇਸ਼ੀਅਰ ਦਾ ਵੱਡਾ ਭਾਗ ਭਾਰਤ ਵਾਲੇ ਪਾਸੇ ਹੈ। ਸੈਂਕੜੇ ਨਹੀਂ, ਹਜ਼ਾਰਾਂ ਸੈਨਿਕ ਉਸ ਬਰਫ਼ ਵਿੱਚ ਦਫ਼ਨ ਹਨ। ਗਲੇਸ਼ੀਅਰ ਉੱਤੇ ਸੈਨਿਕ ਦੇ ਸਸਕਾਰ ਲਈ ਲੱਕੜਾਂ ਦੀ ਲੋੜ ਨਹੀਂ ਪੈਂਦੀ। ਬਰਫ਼ ਉਨ੍ਹਾਂ ਨੂੰ ਬੜੀ ਛੇਤੀ ਢੱਕ ਲੈਂਦੀ ਹੈ। ਉੱਥੇ ਮੁੜ ਨਵੇਂ ਮੋਰਚੇ ਬਣਦੇ ਹਨ, ਨਵੇਂ ਸੈਨਿਕ ਤਾਇਨਾਤ ਹੁੰਦੇ ਹਨ। ਛੇਤੀ ਹੀ ਮੁਰਦਿਆਂ ਦੀ ਫ਼ਸਲ ਮੁੜ ਤਿਆਰ ਹੋ ਜਾਂਦੀ ਹੈ। ਗਲੇਸ਼ੀਅਰ ਦੀ ਬਰਫ਼ ਕਦੇ ਪ੍ਰੇਸ਼ਾਨ ਨਹੀਂ ਹੁੰਦੀ। ਦਰਅਸਲ ਪਾਕਿਸਤਾਨ ਵਿੱਚ ਬਰਫ਼ ਹੇਠ ਦੱਬ ਕੇ ਮੋਏ ਸੈਨਿਕਾਂ ਦੀ ਖ਼ਬਰ, ਇਸ ਪਾਸੇ ਵਾਲੇ ਸੈਨਿਕਾਂ ਦੀ ਵੀ ਹੈ। ਬਰਫ਼ ਪਾਕਿਸਤਾਨ ਅਤੇ ਭਾਰਤ ਦੇ ਸੈਨਿਕਾਂ ਵਿੱਚ ਵਿਤਕਰਾ ਨਹੀਂ ਕਰਦੀ। ਫ਼ਰਕ ਸਿਰਫ਼ ਏਨਾ ਕੁ ਹੈ ਕਿ ਸਾਡੇ ਵਾਲੇ ਪਾਸਿਓਂ ਮੋਇਆਂ ਦੀ ਕੋਈ ਫਹਿਰਿਸਤ ਜਾਰੀ ਨਹੀਂ ਹੁੰਦੀ। ਅਖ਼ਬਾਰਾਂ ਨੂੰ ਵੇਰਵਿਆਂ ਦਾ ਕੁਝ ਪਤਾ ਨਹੀਂ ਲੱਗਦਾ। ਉੱਥੋਂ ਸਿਰਫ਼ ਘਰਾਂ ਨੂੰ ਚਿੱਠੀਆਂ ਤੁਰਦੀਆਂ ਹਨ। ਉਨ੍ਹਾਂ ਚਿੱਠੀਆਂ ਨਾਲ ਘਰਾਂ ਵਿੱਚ ਵੈਣ ਜਾਗਦੇ ਹਨ ਅਤੇ ਕੁਝ ਸਮਾਂ ਪਿੱਛੋਂ ਅਲਾਹੁਣੀਆਂ ਦੇ ਬੋਲ ਮਾਵਾਂ ਦੀਆਂ ਹਿੱਕਾਂ ਵਿੱਚ ਸਹਿਮ ਜਾਂਦੇ ਹਨ। ਸਿਆਚਨ ਗਲੇਸ਼ੀਅਰ ਦੁਨੀਆਂ ਦਾ ਸਭ ਤੋਂ ਉੱਚਾ ਅਤੇ ਭਖਿਆ ਹੋਇਆ ਜੰਗ ਦਾ ਮੈਦਾਨ ਹੈ। ਭਾਵੇਂ ਪ੍ਰਤੱਖ ਤੌਰ ’ਤੇ ਕੋਈ ਜੰਗ ਲੱਗੀ ਹੋਈ ਨਹੀਂ ਦਿੱਸਦੀ। ਭਾਰਤ ਸੱਚਮੁੱਚ ਹੀ ਪਿਛਲੇ ਕਈ ਵਰ੍ਹਿਆਂ ਤੋਂ ਸਿਆਚਨ ਗਲੇਸ਼ੀਅਰ ਦੀ ਰਣਭੂਮੀ ਵਿੱਚ ਜੂਝ ਰਿਹਾ ਹੈ। ਹੁਣ ਤਕ ਸੈਂਕੜੇ ਨਹੀਂ ਹਜ਼ਾਰਾਂ ਸੈਨਿਕ ਸੂਰਮਗਤੀ ਨੂੰ ਪ੍ਰਾਪਤ ਹੋ ਚੁੱਕੇ ਹਨ। ਬਰਫ਼ ਦੇ ਦਾਨਵ ਦਾ ਹਾਬੜਾ ਮੁੱਕਣ ਵਾਲਾ ਨਹੀਂ। ਕੀ ਇਹ ਖ਼ਬਰ ਤੁਸੀਂ ਅੱਜ ਤਕ ਕਦੀ ਪੜ੍ਹੀ ਹੈ, ਕਿੱਧਰੇ?)

ਸਿਆਚਨ ਗਲੇਸ਼ੀਅਰ ਬਰਫ਼ ਹੈ, ਨਿਰੀ ਬਰਫ਼। ਨਜ਼ਰ ਦੀ ਸੀਮਾਂ ਤਕ ਉੱਥੇ ਸਭ ਕੁਝ ਚਿੱਟਾ ਹੀ ਚਿੱਟਾ ਹੈ। ਕਦੀ ਰੂੰ ਦੇ ਫੰਭਿਆਂ ਵਰਗੀ ਬਰਫ਼ ਡਿੱਗਦੀ ਹੈ ਅਤੇ ਕਦੀ ਖੰਡ ਵਰਗੀ। ਰਾਤ ਵੇਲੇ ਅੰਬਰ ਏਨਾ ਨੇੜੇ ਲੱਗਦਾ ਹੈ ਕਿ ਭਾਵੇਂ ਹੱਥ ਲੰਮਾ ਕਰਕੇ ਬੰਦਾ ਤਾਰੇ ਤੋੜ ਲਵੇ। ਚਾਨਣੀ ਰਾਤ, ਸਾਫ਼ ਮੌਸਮ ਵਿੱਚ ਚੰਨ ਦੀਆਂ ਰਿਸ਼ਮਾਂ ਬਰਫ਼ ’ਤੇ ਪੈਂਦੀਆਂ ਹਨ ਤਾਂ ਜਾਪਦਾ ਹੈ ਜਿਵੇਂ ਹਜ਼ਾਰਾਂ ਟਿਊਬ ਲਾਈਟਾਂ ਇਕੱਠੀਆਂ ਜਗ ਪਈਆਂ ਹੋਣ। ਚੁਫ਼ੇਰੇ ਏਨਾ ਚਾਨਣ ਹੋ ਜਾਂਦਾ ਹੈ ਕਿ ਬਰਫ਼ ਦੀ ਲਿਸ਼ਕੋਰ ਵਿੱਚ ਅੱਖਾਂ ਚੁੰਧਿਆ ਜਾਂਦੀਆਂ ਹਨ। ਉਸ ਵੇਲੇ ਬਰਫ਼ ਦੇ ਅੰਨ੍ਹੇਪਣ ਤੋਂ ਵਿਸ਼ੇਸ਼ ਐਨਕਾਂ ਹੀ ਬਚਾਅ ਸਕਦੀਆਂ ਹਨ।
ਲੱਦਾਖੀ ਬੋਲੀ ਵਿੱਚ ਸਿਆਚਨ ਦਾ ਅਰਥ ਹੈ ‘ਗੁਲਾਬ ਦੀ ਝਾੜੀ’। ਹੇਠਲੀ ਉਚਾਈ ’ਤੇ ਗਲੇਸ਼ੀਅਰ ਦੁਆਲੇ ਜੰਗਲੀ ਗੁਲਾਬ ਦੀਆਂ ਸੰਘਣੀਆਂ ਝਾੜੀਆਂ ਹਨ। ਇਨ੍ਹਾਂ ਝਾੜੀਆਂ ਕਰਕੇ ਹੀ ਇਸ ਗਲੇਸ਼ੀਅਰ ਦਾ ਨਾਂ ਸਿਆਚਨ ਹੈ।
ਸਿਆਚਨ ਗਲੇਸ਼ੀਅਰ 3000 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਹੋਇਆ ਹੈ। ਇਹ ਪੂਰਾ ਖੇਤਰ ਬਰਫ਼ ਦੇ ਪਾੜਾਂ ਅਤੇ ਤਿਲਕਣੀਆਂ ਢਲਾਨਾਂ ਦਾ ਅੱਟਿਆ ਹੋਇਆ ਹੈ। ਧਰੁਵਾਂ ਨੂੰ ਛੱਡ ਕੇ ਇਹ ਦੁਨੀਆਂ ਭਰ ਦੇ ਗਲੇਸ਼ੀਅਰਾਂ ਵਿੱਚੋਂ ਦੂਜੇ ਨੰਬਰ ’ਤੇ ਆਉਂਦਾ ਹੈ। ਇੱਥੋਂ ਦਾ ਤਾਪਮਾਨ ਮਨਫ਼ੀ 50 ਡਿਗਰੀ ਸੈਂਟੀਗਰੇਡ ਤਕ ਵੀ ਚਲਿਆ ਜਾਂਦਾ ਹੈ। ਇਸੇ ਕਰਕੇ ਇਹਨੂੰ ਤੀਜਾ ਧਰੁਵ ਵੀ ਕਹਿੰਦੇ ਹਨ।
ਏਨੀ ਠੰਢ ਵਿੱਚ ਕਿਤੇ ਬਰਫ਼ ਸ਼ੀਸ਼ੇ ਵਾਂਗ ਹੁੰਦੀ ਹੈ ਤੇ ਕਿਤੇ ਸੁੱਕੀ ਹੋਈ ਖੰਡ ਵਰਗੀ। ਸੈਨਿਕਾਂ ਦੇ ਭਾਰੇ ਬੂਟਾਂ ਨਾਲ ਵੱਜ ਕੇ ਇਹ ਬਰਫ਼ ਕੱਚੇ ਰਾਹ ਦੀ ਮਿੱਟੀ ਵਾਂਗੂੰ ਉੱਡਦੀ ਰਹਿੰਦੀ ਹੈ। ਜਦੋਂ ਗਲੇਸ਼ੀਅਰ ’ਤੇ ਝੱਖੜ ਝੁਲਦਾ ਹੈ ਤਾਂ ਬਰਫ਼ ਦੇ ਗੁਬਾਰ ਆਸਮਾਨ ਮੱਲ ਲੈਂਦੇ ਹਨ। ਉੱਡਦੀ ਬਰਫ਼ ਵਿੱਚ ਤੂਫ਼ਾਨ ਦੀਆਂ ਚੀਕਾਂ ਸੁਣਦੀਆਂ ਹਨ ਜਿਵੇਂ ਭੁੱਖੇ ਬਘਿਆੜ ਹੂਅ… ਹੂਅ ਕਰ ਰਹੇ ਹੋਣ।
ਸਿਆਚਨ ਗਲੇਸ਼ੀਅਰ ’ਤੇ ਕੋਈ ਵੀ ਜੀਵ ਪੱਕੇ ਤੌਰ ’ਤੇ ਜਿਉਂਦਾ ਨਹੀਂ ਰਹਿ ਸਕਦਾ। ਨਾ ਆਦਮੀ, ਨਾ ਪਰਿੰਦਾ। ਸਿਰਫ਼ ਇੱਕ ਲੱਦਾਖੀ ਕਾਂ ਹੈ ਜੋ ਗਲੇਸ਼ੀਅਰ ’ਤੇ ਜਿਉਂਦਾ ਰਹਿ ਸਕਣ ਦੇ ਸਮਰੱਥ ਹੈ ਪਰ ਉਹ ਵੀ ਕਦੀ-ਕਦਾਈਂ ਹੀ ਉੱਥੇ ਵਿਖਾਈ ਦਿੰਦਾ ਹੈ।
ਇਹ ਸੁਆਲ ਮਨ ਵਿੱਚ ਆਉਣਾ ਸੁਭਾਵਿਕ ਹੈ ਕਿ ਸੈਨਿਕ ਉੱਥੇ ਕਿਸ ਤਰ੍ਹਾਂ ਜਿਉਂਦੇ ਹਨ, ਜਦੋਂਕਿ ਉੱਥੇ ਆਕਸੀਜਨ ਦੀ ਵੀ ਘਾਟ ਹੈ। ਸੈਨਿਕਾਂ ਨੂੰ ਗਲੇਸ਼ੀਅਰ ’ਤੇ ਲਿਜਾਣ ਤੋਂ ਪਹਿਲਾਂ ਗਲੇਸ਼ੀਅਰ ’ਤੇ ਜਿਉਂਦਿਆਂ ਰਹਿਣ ਦੇ ਤਰੀਕਿਆਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਵਾਤਾਵਰਣ ਮੁਤਾਬਕ ਢਾਲਣ ਲਈ ਉਨ੍ਹਾਂ ਨੂੰ ਗਲੇਸ਼ੀਅਰ ’ਤੇ ਕਈ ਦਿਨਾਂ ਤਕ ਪੈਦਲ ਲਿਜਾਇਆ ਅਤੇ ਉਤਾਰਿਆ ਜਾਂਦਾ ਹੈ। ਜੇ ਕੋਈ ਗਲੇਸ਼ੀਅਰ ’ਤੇ ਸਿੱਧਾ ਪਹੁੰਚ ਕੇ ਕਿਆਮ ਕਰ ਲਵੇ ਤਾਂ ਉਸ ਦੇ ਜਿਉਂਦਾ ਪਰਤਣ ਦੇ ਮੌਕੇ ਘੱਟ ਹੀ ਹਨ। ਫੇਫੜਿਆਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਬੰਦਾ ਸਾਹ ਘੁਟ ਕੇ ਹੀ ਮਰ ਜਾਂਦਾ ਹੈ।
ਗਲੇਸ਼ੀਅਰ ’ਤੇ ਪਾਉਣ ਲਈ ਸੈਨਿਕਾਂ ਦੇ ਕੱਪੜੇ ਵੀ ਵਿਸ਼ੇਸ਼ ਹਨ। ਹੇਠਲੀ ਉਚਾਈ ’ਤੇ ਉਹ ਕੱਪੜੇ ਤਾਂ ਦਸੰਬਰ ਦੀ ਸਰਦੀ ਵਿੱਚ ਹੀ ਮੁੜਕਾ ਲੈ ਆਉਣ।
ਗਲੇਸ਼ੀਅਰ ’ਤੇ ਸੈਨਿਕਾਂ ਦੇ ਬੰਕਰ ਵੀ ਖ਼ਾਸ ਤਰ੍ਹਾਂ ਦੇ ਬਣੇ ਹੋਏ ਹਨ। ਉਹ ਢਾਂਚੇ ਹੈਲੀਕਾਪਟਰਾਂ ਰਾਹੀਂ ਗਲੇਸ਼ੀਅਰ ’ਤੇ ਟੁਕੜਿਆਂ ਵਿੱਚ ਸੁੱਟੇ ਗਏ ਸਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਜੋੜਿਆ ਗਿਆ ਸੀ। ਇਨ੍ਹਾਂ ਬੰਕਰਾਂ ਨੂੰ ਨਿੱਘੇ ਰੱਖਣ ਦਾ ਵੀ ਪ੍ਰਬੰਧ ਹੈ ਪਰ ਇਹ ਖ਼ਾਸ ਤਾਪਮਾਨ ਤਕ ਹੀ ਨਿੱਘੇ ਰੱਖੇ ਜਾ ਸਕਦੇ ਹਨ। ਜ਼ਿਆਦਾ ਗਰਮ ਹੋਣ ਨਾਲ ਬੰਕਰ ਬਰਫ਼ ਵਿੱਚ ਧੱਸਣ ਲੱਗ ਪੈਂਦਾ ਹੈ। ਇਸ ਤਰ੍ਹਾਂ ਸੈਨਿਕਾਂ ਦੀ ਉਹ ਖ਼ੁਆਬਗਾਹ ਉਨ੍ਹਾਂ ਦੀ ਕਬਰ ਬਣ ਜਾਂਦੀ ਹੈ।
ਇਹ ਸਾਰੇ ਪ੍ਰਬੰਧ ਵੀ ਸੈਨਿਕਾਂ ਨੂੰ ਲੰਮੇ ਸਮੇਂ ਤਕ ਗਲੇਸ਼ੀਅਰ ’ਤੇ ਜਿਉਂਦਿਆਂ ਨਹੀਂ ਰੱਖ ਸਕਦੇ। ਮਿੱਥੇ ਹੋਏ ਸਮੇਂ ਪਿੱਛੋਂ ਸੈਨਿਕ ਨੂੰ ਬਦਲ ਦਿੱਤਾ ਜਾਂਦਾ ਹੈ ਅਤੇ ਪੁਰਾਣਿਆਂ ਦੀ ਥਾਂ ਨਵੇਂ ਸੈਨਿਕ ਆ ਜਾਂਦੇ ਹਨ। ਉੱਥੇ ਸੈਨਿਕਾਂ ਦੀ ਇੱਕ ਜੰਗ ਮੌਸਮ ਨਾਲ ਹੈ ਅਤੇ ਦੂਜੀ ਦੁਸ਼ਮਣ ਨਾਲ। ਦੁਸ਼ਮਣ ਨਾਲ ਲੜਨ ਲਈ ਹਥਿਆਰ ਉਨ੍ਹਾਂ ਦਾ ਅਹਿਮ ਸਾਥੀ ਹੈ ਪਰ ਏਨੀ ਠੰਢ ਵਿੱਚ ਹਥਿਆਰਾਂ ਦੇ ਹਿੱਸੇ ਪੁਰਜ਼ੇ ਜੰਮ ਜਾਂਦੇ ਹਨ। ਜਦੋਂ ਹਥਿਆਰਾਂ ਨੂੰ ਚਲਾਉਣ ਦੀ ਲੋੜ ਪੈਂਦੀ ਹੈ ਤਾਂ ਹਥਿਆਰ ਨਹੀਂ ਚਲਦਾ। ਉਸ ਵੇਲੇ ਸੈਨਿਕ ਦੀ ਹਿੱਕ ਲਈ ਦੁਸ਼ਮਣ ਦੀ ਗੋਲੀ ਲਾਜ਼ਮੀ ਹੋ ਜਾਂਦੀ ਹੈ ਪਰ ਇੱਕ ਪਾਸੜ ਲੜਾਈ ਕਿਸੇ ਵੀ ਯੋਧੇ ਨੂੰ ਮਨਜ਼ੂਰ ਨਹੀਂ ਹੁੰਦੀ। ਇਸੇ ਕਰਕੇ ਗਲੇਸ਼ੀਅਰ ਦੇ ਸੈਨਿਕ ਆਪਣੇ ਹਥਿਆਰ ਨੂੰ ਨਿੱਘਾ ਰੱਖਣ ਲਈ ਹਥਿਆਰ ’ਤੇ ਗਰਮ ਕੱਪੜਾ ਵਲ੍ਹੇਟ ਕੇ ਰੱਖਦੇ ਹਨ। ਬੱਸ ਇੱਕ ਵਾਰ ਗੋਲੀ ਚਲ ਜਾਵੇ, ਫੇਰ ਬੈਰਲ ਗਰਮ ਹੋ ਜਾਂਦੀ ਹੈ। ਗੋਲੀਆਂ ਲਗਾਤਾਰ ਚਲਦੀਆਂ ਰਹਿੰਦੀਆਂ ਹਨ ਅਤੇ ਲੜਾਈ ਭਖੀ ਰਹਿੰਦੀ ਹੈ।
ਉਹ ਪੂਰੀ ਗਿਣਤੀ ਵਿੱਚ ਗਲੇਸ਼ੀਅਰ ’ਤੇ ਪਹੁੰਚਦੇ ਹਨ ਪਰ ਪੂਰੀ ਗਿਣਤੀ ਵਿੱਚ ਵਾਪਸ ਨਹੀਂ ਜਾਂਦੇ। ਕੁਝ ਬਰਫ਼ ਦੇ ਪਾੜਾਂ ਵਿੱਚ ਸਮਾਅ ਜਾਂਦੇ ਹਨ। ਕੁਝ ਕੁ ਨੂੰ ਬਰਫ਼ ਦੀਆਂ ਬੀਮਾਰੀਆਂ ਨਿਗਲ ਲੈਂਦੀਆਂ ਹਨ, ਕੁਝ ਬਰਫ਼ ਵਿੱਚ ਦੱਬੇ ਜਾਂਦੇ ਹਨ ਅਤੇ ਕੁਝ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਕੁਝ ਘਟਨਾਵਾਂ ਗਲੇਸ਼ੀਅਰ ’ਤੇ ਵਾਰ-ਵਾਰ ਵਾਪਰਦੀਆਂ ਹਨ। ਮਿਸਾਲ ਵਜੋਂ ਪੋਸਟਾਂ ’ਤੇ ਸੁਨੇਹਾ ਪਤਾ ਲੈ ਕੇ ਜਾਣ ਦੀ ਲੋੜ ਪੈਂਦੀ ਹੈ। ਸੁਨੇਹਾ ਜਾਂ ਚਿੱਠੀਆਂ ਲੈ ਕੇ ਜਾਣ ਵਾਲੇ ਸੈਨਿਕ ਦੇ ਬਚਾਅ ਲਈ ਪੰਜਾਂ ਦੀ ਟੋਲੀ ਭੇਜੀ ਜਾਂਦੀ ਹੈ। ਉਹ ਇੱਕ-ਦੂਜੇ ਤੋਂ ਵਿੱਥ ਰੱਖ ਕੇ ਚੱਲਦੇ ਹਨ। ਉਨ੍ਹਾਂ ਦੇ ਲੱਕ ਨਾਲ ਇੱਕ ਸਾਂਝਾ ਰੱਸਾ ਬੱਝਿਆ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਸ ਵਿੱਚ ਜੋੜਦਾ ਹੈ। ਕਈ ਵਾਰ ਅਚਾਨਕ ਕਿਸੇ ਇੱਕ ਸੈਨਿਕ ਦੇ ਪੈਰਾਂ ਹੇਠੋਂ ਬਰਫ਼ ਪਾਟ ਜਾਂਦੀ ਹੈ ਤੇ ਉਹ ਪਾੜ ਵਿੱਚ ਡਿੱਗ ਪੈਂਦਾ ਹੈ। ਰੱਸਾ ਲੱਕਾਂ ਨਾਲ ਹੀ ਇਸ ਲਈ ਬੱਝਿਆ ਹੁੰਦਾ ਹੈ ਕਿ ਦੂਜੇ ਸੈਨਿਕ ਉਹਨੂੰ ਬਾਹਰ ਖਿੱਚ ਲੈਣ। ਪਰ ਇਹਤਿਆਤ ਬਹੁਤੀ ਵਾਰ ਉਲਟੀ ਪੈ ਜਾਂਦੀ ਹੈ। ਪਾੜ ਵਿੱਚ ਡਿੱਗੇ ਸੈਨਿਕ ਨਾਲ ਬਾਕੀ ਵੀ ਪਾੜ ਅੰਦਰ ਖਿੱਚੇ ਜਾਂਦੇ ਹਨ। ਉਹ ਪਾੜ ਸੈਂਕੜੇ ਫੁੱਟ ਡੂੰਘਾ ਹੁੰਦਾ ਹੈ। ਸੈਨਿਕ ਉਸ ਪਾੜ ਵਿੱਚ ਡਿੱਗ ਕੇ ਇਕਦਮ ਨਹੀਂ ਮਰਦੇ ਪਰ ਉਨ੍ਹਾਂ ਪਾੜਾਂ ਵਿੱਚੋਂ ਬਾਹਰ ਆਉਣ ਦਾ ਕੋਈ ਵੀ ਤਰੀਕਾ ਈਜਾਦ ਨਹੀਂ ਹੋਇਆ। ਉਹ ਸੈਨਿਕ ਪਾੜਾਂ ਵਿੱਚ ਕਿੰਨੇ ਘੰਟੇ ਜਾਂ ਕਿੰਨੇ ਦਿਨ ਜਿਉਂਦੇ ਰਹਿੰਦੇ ਹੋਣਗੇ, ਕੋਈ ਨਹੀਂ ਜਾਣਦਾ। ਨਿੱਤ ਵਰ੍ਹਦੀ ਬਰਫ਼ ਉਨ੍ਹਾਂ ਪਾੜਾਂ ਨੂੰ ਪੂਰ ਵੀ ਦਿੰਦੀ ਹੈ।
ਮੇਰਾ ਇੱਕ ਦੋਸਤ ਮੇਜਰ ਗਲੇਸ਼ੀਅਰ ਦੀ ਇੱਕ ਪੋਸਟ ਤੋਂ ਟਰੁੱਪ ਬਦਲੀ ਕਰਨ ਜਾ ਰਿਹਾ ਸੀ ਕਿ ਅਚਾਨਕ ਬਰਫ਼ ਦਾ ਪਹਾੜ ਟੁੱਟਿਆ ਅਤੇ ਬਰਫ਼ ਗਾਰ ਵਾਂਗ ਹੇਠਾਂ ਵਗਣੀ ਸ਼ੁਰੂ ਹੋ ਗਈ। ਉਸ ਟੁਕੜੀ ਦੇ ਬਹੁਤੇ ਸੈਨਿਕ ਉਸ ਬਰਫ਼ ਹੇਠ ਦੱਬੇ ਗਏ। ਉਸ ਮੇਜਰ ਨੇ ਬਰਫ਼ ਤੋਂ ਬਾਹਰ ਰਹਿ ਗਏ ਸੈਨਿਕਾਂ ਦੀ ਮਦਦ ਨਾਲ ਬਰਫ਼ ਪੁੱਟ ਕੇ ਦੱਬਿਆਂ ਹੋਇਆਂ ਵਿੱਚੋਂ ਕੁਝ ਕੁ ਨੂੰ ਜਿਉਂਦਿਆਂ ਬਾਹਰ ਕੱਢ ਲਿਆ ਪਰ ਬਰਫ਼ ਨਾਲ ਜੂਝਦਿਆਂ ਉਹ ਆਪ ਫੇਫੜਿਆਂ ਵਿੱਚ ਪਾਣੀ ਭਰਨ ਦੀ ਬੀਮਾਰੀ ਦਾ ਸ਼ਿਕਾਰ ਹੋ ਗਿਆ।
ਗਲੇਸ਼ੀਅਰ ’ਤੇ ਦਵਾਈਆਂ ਅਤੇ ਡਾਕਟਰ ਦੇ ਹੁੰਦਿਆਂ-ਸੁੰਦਿਆਂ ਵੀ ਇਲਾਜ ਖ਼ਾਸ ਅਸਰਦਾਰ ਸਾਬਤ ਨਹੀਂ ਹੁੰਦਾ। ਬੀਮਾਰ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਫ਼ੌਜੀ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ ਪਰ ਹੈਲੀਕਾਪਟਰ ਗਲੇਸ਼ੀਅਰ ’ਤੇ ਤਾਂ ਹੀ ਪਹੁੰਚ ਸਕਦਾ ਹੈ ਜੇ ਮੌਸਮ ਠੀਕ ਹੋਵੇ। ਮੌਸਮ ਦੇ ਠੀਕ ਹੋਣ ਦੀ ਉਡੀਕ ਵਿੱਚ ਉਸ ਮੇਜਰ ਨੇ ਪ੍ਰਾਣ ਤਿਆਗ ਦਿੱਤੇ।
ਕੁਝ ਕੁ ਨੂੰ ਇਹ ਸੁਆਲ ਵੀ ਪ੍ਰੇਸ਼ਾਨ ਕਰ ਸਕਦਾ ਹੈ ਕਿ ਸੈਨਿਕ ਸਿਆਚਨ ’ਤੇ ਸੜਕਾਂ ਕਿਉਂ ਨਹੀਂ ਬਣਾ ਲੈਂਦੇ? ਰੁੱਖ ਕਿਉਂ ਨਹੀਂ ਲਾਉਂਦੇ। ਇਸ ਤਰ੍ਹਾਂ ਕਰਨ ਨਾਲ ਆਕਸੀਜਨ ਦੀ ਘਾਟ ਵੀ ਪੂਰੀ ਹੋਊ ਤੇ ਆਉਣਾ-ਜਾਣਾ ਵੀ ਸੌਖਾ ਹੋਊ। ਗਲੇਸ਼ੀਅਰ ’ਤੇ ਮਿੱਟੀ ਜਾਂ ਪੱਥਰ 4000 ਫੁੱਟ ਜਾਂ ਕਈ ਥਾਈਂ 5000 ਫੁੱਟ ਦੀ ਡੂੰਘਾਈ ਤੋਂ ਪਿੱਛੋਂ ਹੀ ਮਿਲਦੇ ਹਨ। ਨਿਰ੍ਹੀ ਬਰਫ਼ ’ਤੇ ਸੜਕ ਕਿਸ ਤਰ੍ਹਾਂ ਬਣੇ? ਰੁੱਖ ਕਾਹਦੇ ਵਿੱਚ ਉੱਗਣਗੇ।
ਗਲੇਸ਼ੀਅਰ ’ਤੇ ਹਰ ਛਿਣ ਹੀ ਲੜਾਈ ਦਾ ਛਿਣ ਹੈ। ਉੱਥੇ ਆਪਸ ਵਿੱਚ ਗੋਲਾਬਾਰੀ ਅਕਸਰ ਹੁੰਦੀ ਰਹਿੰਦੀ ਹੈ। ਦੋਵਾਂ ਪਾਸਿਆਂ ਦੇ ਸੈਨਿਕ ਅਕਸਰ ਮਰਦੇ ਹਨ। ਸੀਮਾ ਦੀ ਸੁਰੱਖਿਆ ਤੋਂ ਇਲਾਵਾ ਜਿਊਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ।
ਸਿਆਚਨ ਗਲੇਸ਼ੀਅਰ ਦੀ ਹੇਠਲੀ ਉਚਾਈ ’ਤੇ ਇੱਕ ਸਿੱਖ ਪਲਟਨ ਦਾ ਕਿਆਮ ਸੀ। ਉਨ੍ਹਾਂ ਦੀਆਂ ਕੁਝ ਪੋਸਟਾਂ ਗਲੇਸ਼ੀਅਰ ’ਤੇ ਵੀ ਸਨ। ਇੱਕ ਸ਼ਾਮ ਪਲਟਨ ਦਾ ਕਮਾਨ ਅਫ਼ਸਰ ਮੇਰੇ ਕੋਲ ਆਇਆ। ਉਹਨੇ ਮੇਰੇ ਕੋਲੋਂ ਪੰਜਾਬੀ ਵਿੱਚ ਇੱਕ ਚਿੱਠੀ ਲਿਖਵਾਉਣੀ ਸੀ ਜੋ ਇੱਕ ਸਿਪਾਹੀ ਦੀ ਮੌਤ ਦੀ ਖ਼ਬਰ ਬਾਰੇ ਸੀ ਤੇ ਸਿਪਾਹੀ ਦੇ ਘਰ ਭੇਜੀ ਜਾਣੀ ਸੀ। ਮੈਂ ਉਹ ਚਿੱਠੀ ਲਿਖ ਦਿੱਤੀ।
ਕੁਝ ਦਿਨਾਂ ਪਿੱਛੋਂ ਉਹ ਕਰਨਲ ਮੁੜ ਮੇਰੇ ਕੋਲ ਆਇਆ। ਉਹਦੇ ਕੋਲ ਇੱਕ ਹੋਰ ਚਿੱਠੀ ਸੀ ਜਿਹੜੀ ਮੇਰੀ ਲਿਖੀ ਚਿੱਠੀ ਦੇ ਜੁਆਬ ਵਿੱਚ ਉਸ ਮੋਏ ਸੈਨਿਕ ਦੇ ਘਰਵਾਲਿਆਂ ਨੇ ਲਿਖੀ ਸੀ। ਹੁਣ ਉਹ ਕਮਾਨ ਅਫ਼ਸਰ ਉਸ ਚਿੱਠੀ ਦਾ ਜੁਆਬ ਵੀ ਮੇਰੇ ਕੋਲੋਂ ਲਿਖਵਾਉਣਾ ਚਾਹੁੰਦਾ ਸੀ। ਮੈਂ ਉਹ ਚਿੱਠੀ ਕਰਨਲ ਦੇ ਹੱਥੋਂ ਲੈ ਕੇ ਪੜ੍ਹੀ ਪਰ ਇਹ ਕੋਈ ਹੋਰ ਸੀ। ਜਿਸ ਸਿਪਾਹੀ ਦੇ ਮਰਨ ਦੀ ਚਿੱਠੀ ਮੈਂ ਲਿਖੀ ਸੀ ਉਹਦਾ ਨਾਂ ਕੁਝ ਹੋਰ ਸੀ।
ਮੈਂ ਇਸ ਗੱਲ ਵੱਲ ਕਰਨਲ ਦਾ ਧਿਆਨ ਦਿਵਾਇਆ ਤਾਂ ਉਸ ਦੱਸਿਆ ਕਿ ਮੇਰੀ ਲਿਖੀ ਹੋਈ ਚਿੱਠੀ ਉਨ੍ਹਾਂ ਨੇ ਮਾਸਟਰ ਫਾਇਲ ਵਿੱਚ ਲਾ ਲਈ ਸੀ। ਸਿੱਖ ਪਲਟਨ ਦੀ ਗਲੇਸ਼ੀਅਰ ਵਾਲੀ ਇੱਕ ਪੋਸਟ ਐਵਲਾਂਚ ਦੀ ਮਾਰ ਵਿੱਚ ਅਕਸਰ ਆਉਂਦੀ ਰਹਿੰਦੀ ਸੀ। ਸੈਨਿਕ ਮਰਦੇ ਰਹਿੰਦੇ ਸਨ। ਕਰਨਲ ਨੇ ਮਰੇ ਹੋਏ ਸੈਨਿਕਾਂ ਦੇ ਘਰੀਂ, ਉਨ੍ਹਾਂ ਸੈਨਿਕਾਂ ਦੀ ਬਹਾਦਰੀ, ਫਰਜ਼-ਸ਼ਨਾਸੀ ਅਤੇ ਪਲਟਨ ਦੀ ਹਮਦਰਦੀ ਭੇਜਣ ਦਾ ਇੱਕ ਸੌਖਾ ਢੰਗ ਲੱਭ ਲਿਆ ਸੀ। ਉਹ ਆਪਣੇ ਕਲਰਕ ਨੂੰ ਬੁਲਾ ਕੇ ਦੱਸ ਦਿੰਦਾ ਸੀ ਅਤੇ ਕਲਰਕ ਮਾਸਟਰ ਫਾਇਲ ਵਿਚਲੀ ਮੇਰੀ ਲਿਖੀ ਹੋਈ ਚਿੱਠੀ ਵਿੱਚ ਨਾਂ, ਨੰਬਰ ਬਦਲ ਕੇ ਚਿੱਠੀ ਭੇਜ ਦਿੰਦਾ ਸੀ।
ਉਹ ਕਰਨਲ ਸਿਆਚਨ ਗਲੇਸ਼ੀਅਰ ਦੇ ਖੇਤਰ ਵਿੱਚ ਨਵਾਂ ਸੀ। ਉਹਨੂੰ ਮੇਰੀ ਰਾਇ ਦੀ ਇੱਕ ਵਾਰ ਮੁੜ ਲੋੜ ਪੈ ਗਈ। ਉਹਨੂੰ ਆਪਣੇ ਕੁਝ ਜੁਆਨਾਂ ਦੀਆਂ ਬਰਫ਼ ਵਿੱਚ ਦੱਬੀਆਂ ਹੋਈਆਂ ਲਾਸ਼ਾਂ ਨਹੀਂ ਸਨ ਮਿਲ ਰਹੀਆਂ। ਉਂਜ ਤਾਂ ਗਲੇਸ਼ੀਅਰ ’ਤੇ ਲਾਸ਼ਾਂ ਲੱਭਣ ਦੀ ਲੋੜ ਨਹੀਂ ਸੀ ਪੈਂਦੀ ਪਰ ਗਲੇਸ਼ੀਅਰ ਦੇ ਕਿਨਾਰੇ ਵਾਲੀਆਂ ਪੋਸਟਾਂ ’ਤੇ ਇਹ ਤਰੱਦਦ ਕਰ ਲਿਆ ਜਾਂਦਾ ਸੀ। ਮੈਂ ਉਸ ਕਮਾਨ ਅਫ਼ਸਰ ਨੂੰ ਸਲਾਹ ਦਿੱਤੀ ਕਿ ਕਈ ਮੀਲ ਅੱਗੇ ਜਾ ਕੇ ਪਾਣੀ ਦੇ ਸਰੋਤ ਸਾਹਵੇਂ ਫ਼ੌਜੀ ਟਰੱਕਾਂ ਨੂੰ ਲੁਕਾਉਣ ਵਾਲੇ ਜਾਲ ਤਾਣ ਦਿੱਤੇ ਜਾਣ।
ਪੋਸਟ ’ਤੇ ਨਿੱਤ ਨਵੀਂ ਬਰਫ ਪੈਂਦੀ ਸੀ। ਪਹਿਲੀ ਬਰਫ਼ ਉਤਲੀ ਬਰਫ਼ ਦੇ ਬੋਝ ਨਾਲ ਹੇਠਾਂ ਸਰਕਦੀ ਸੀ। ਹੇਠਲੀ ਉਚਾਈ ’ਤੇ ਆ ਕੇ ਉਹ ਬਰਫ਼ ਹੌਲੀ-ਹੌਲੀ ਪਿਘਲਦੀ ਸੀ। ਉਸ ਬਰਫ਼ ਦੇ ਬੋਝ ਨਾਲ ਹੇਠਾਂ ਸਰਕਦੀਆਂ ਲਾਸ਼ਾਂ ਪਾਕਿਸਤਾਨ ਵੱਲ ਰੁੜ੍ਹ ਜਾਂਦੀਆਂ ਸਨ। ਜਾਲ ਲਾਉਣ ਨਾਲ ਪਲਟਨ ਵਾਲਿਆਂ ਨੂੰ ਕੁਝ ਦਿਨਾਂ ਵਿੱਚ ਹੀ ਨੌ-ਦਸ ਲਾਸ਼ਾਂ ਮਿਲ ਗਈਆਂ ਸਨ। ਨਿੱਤ ਕੋਈ ਨਾ ਕੋਈ ਲਾਸ਼ ਉਸ ਜਾਲ ਵਿੱਚ ਆ ਫਸਦੀ ਸੀ।
ਪਲਟਨ ਦਾ ਕਲਰਕ ਮਾਸਟਰ ਫਾਇਲ ਵਾਲੀ ਚਿੱਠੀ ਵਿੱਚ ਅਗਲੇ ਸੈਨਿਕ ਦਾ ਨਾਂ, ਨੰਬਰ ਭਰਨ ਲੱਗ ਪੈਂਦਾ ਸੀ।
ਸਿਆਚਨ ਗਲੇਸ਼ੀਅਰ ਉੱਤੋਂ ਜਦੋਂ ਸੈਨਿਕ ਵਾਪਸ ਮੁੜਦੇ ਹਨ ਤਾਂ ਉਹ ਆਦਿ ਕਾਲ ਦੇ ਮਨੁੱਖਾਂ ਵਾਂਗ ਵਿਖਾਈ ਦਿੰਦੇ ਹਨ। ਉਨ੍ਹਾਂ ਦੇ ਦੋ-ਦੋ ਗਿੱਠਾਂ ਲੰਮੀ ਦਾਹੜੀ ਹੁੰਦੀ ਹੈ। ਗਲੇਸ਼ੀਅਰ ’ਤੇ ਨਾ ਉਹ ਹਜ਼ਾਮਤ ਕਰਨ ਬਾਰੇ ਸੋਚ ਸਕਦੇ ਹਨ ਅਤੇ ਨਾ ਨਹਾਉਣ ਬਾਰੇ। ਉਨ੍ਹਾਂ ਦੇ ਖਾਣ-ਪੀਣ ਲਈ ਤਰ੍ਹਾਂ-ਤਰ੍ਹਾਂ ਦੇ ਖਾਧ-ਪਦਾਰਥ ਮੁਹੱਈਆ ਹਨ ਪਰ ਉਹ ਖਾਣ ਤੋਂ ਡਰਦੇ ਹਨ। ਨਵਿਰਤ ਹੋਣ ਲਈ ਕੱਪੜੇ ਸਰਕਾਉਣੇ ਹੀ ਪੈਂਦੇ ਹਨ। ਗਲੇਸ਼ੀਅਰ ’ਤੇ ਇਹ ਕਿੰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਗੱਲ ਸੈਨਿਕ ਭਲੀਭਾਂਤ ਜਾਣਦੇ ਹਨ।
ਸਿਆਚਨ ਗਲੇਸ਼ੀਅਰ ਦੇ ਦਾਨਵ ਤੋਂ ਬਚ ਕੇ ਆਉਣ ਤੋਂ ਪਿੱਛੋਂ ਵੀ ਉਹ ਪੂਰੇ ਬਚੇ ਹੋਏ ਨਹੀਂ ਹੁੰਦੇ। ਮਾਨਸਿਕ ਵਿਕਾਰਾਂ ਤੋਂ ਬਿਨਾਂ ਉਹ ਭਾਂਤ-ਭਾਂਤ ਦੇ ਸਰੀਰਕ ਰੋਗ ਵੀ ਆਪਣੇ ਨਾਲ ਲੈ ਕੇ ਆਉਂਦੇ ਹਨ। ਕਿਸੇ ਦੀਆਂ ਬਰਫ਼ ਵਿੱਚ ਲੱਤਾਂ ਗਲ ਜਾਂਦੀਆਂ ਹਨ ਅਤੇ ਕਿਸੇ ਦੇ ਹੱਥ। ਕਿਸੇ ਦੀ ਚਮੜੀ ਨੂੰ ਬਰਫ਼ ਸਾੜ ਦਿੰਦੀ ਹੈ ਅਤੇ ਕਿਸੇ ਦੇ ਕੰਨ ਬੋਲੇ ਹੋ ਜਾਂਦੇ ਹਨ।
ਮੈਨੂੰ ਉਹ ਸੈਨਿਕ ਵੀ ਕਦੀ-ਕਦਾਈਂ ਯਾਦ ਆਉਂਦਾ ਹੈ ਜੋ ਬਰਫ਼ ਦੀ ਗਾਰ ਵਿੱਚ ਆਪਣੇ ਜਵਾਈ ਦੇ ਦਫ਼ਨ ਹੋ ਜਾਣ ਪਿੱਛੋਂ ਮਾਨਸਿਕ ਤਵਾਜ਼ਨ ਗੁਆ ਬੈਠਾ ਸੀ। ਉਹ ਕਦੀ ਪਾਕਿਸਤਾਨ ਵੱਲ ਮੂੰਹ ਕਰਕੇ ਬਰਫ਼ ਝੱਟਣ ਲੱਗ ਪੈਂਦਾ ਸੀ ਤੇ ਕਦੀ ਭਾਰਤ ਵੱਲ ਮੂੰਹ ਕਰਕੇ। ਬਰਫ਼ ਝਟਦਿਆਂ ਉਹ ਲਗਾਤਾਰ ਬੁੜਬੁੜਾਈ ਜਾਂਦਾ ਸੀ, ‘‘ਤੁਹਾਨੂੰ ਬਰਫ਼ ਚਾਹੀਦੀ ਹੈ ਨਾ? ਐਹ ਲਵੋ!… ਹੋਰ ਲਵੋ।’’ ਕਹਾਣੀ ‘ਬਰਫ਼ ਦਾ ਦਾਨਵ’ ਮੈਂ ਉਸੇ ਸੈਨਿਕ ਬਾਰੇ ਲਿਖੀ ਸੀ। ਉਦੋਂ ਸਾਹਿਰ ਲੁਧਿਆਣਵੀ ਦੀ ਇੱਕ ਨਜ਼ਮ ਮੈਨੂੰ ਪ੍ਰੇਸ਼ਾਨ ਕਰਦੀ ਰਹੀ ਸੀ:
‘ਖ਼ੁਦਾਇਆ ਬਰਤਰ,
ਤੇਰੀ ਜ਼ਿਮੀਂ ਪਰ
ਜ਼ਿਮੀਂ ਕੀ ਖ਼ਾਤਰ ਯੇਹ ਜੰਗ ਕਿਉਂ ਹੈ?
ਜ਼ਿਮੀਂ ਭੀ ਤੇਰੀ,
ਹਮ ਭੀ ਤੇਰੇ,
ਯੇਹ ਮਲਕੀਅਤ ਕਾ ਸਵਾਲ ਕਿਆ ਹੈ?
ਜਿਨ੍ਹੇਂ ਤਲਬ ਹੈ ਜਹਾਨ ਭਰ ਕੀ,
ਉਨ੍ਹੀਂ ਕਾ ਦਿਲ ਇਤਨਾ ਤੰਗ ਕਿਉਂ ਹੈ?’
ਗਲੇਸ਼ੀਅਰ ’ਤੇ ਹੈਲੀਕਾਪਟਰ ਰਾਹੀਂ ਕਿਸੇ ਨੇਤਾ ਦਾ ਇੱਕ-ਅੱਧ ਘੰਟੇ ਲਈ ਜਾਣਾ ਅਤੇ ਤਸਵੀਰਾਂ ਉਤਰਵਾ ਕੇ ਪਰਤ ਆਉਣਾ ਹੋਰ ਗੱਲ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ, ਨਿੱਤ ਕਿੰਨੇ ਘਰਾਂ ਵਿੱਚ ਕੀਰਨੇ ਜਾਗ ਪੈਂਦੇ ਨੇ, ਕਿੰਨੇ ਸੁਪਨੇ ਮਰ ਜਾਂਦੇ ਨੇ। ਇੱਕ ਦੀਵਾਰ ਡਿੱਗਣ ਨਾਲ ਘਰ ਦੀ ਛੱਤ ਢਹਿ ਜਾਂਦੀ ਹੈ ਪਰ ਸਿਆਸਤ ਦੀ ਅੱਖ ਵਿੱਚ ਕਦੀ ਅੱਥਰੂ ਨਹੀਂ ਆਉਂਦੇ।
ਮੈਂ ਜਦੋਂ ਵੀ ਸਿਆਚਨ ਗਲੇਸ਼ੀਅਰ ਦੇ ਯੋਧਿਆਂ ਬਾਰੇ ਗੱਲ ਕਰਦਾ ਹਾਂ ਤਾਂ ਪਹਿਲੋਂ ਮਨ ਹੀ ਮਨ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਮੇਰੀ ਇਹ ਸਲਾਮ ਰਸਮੀਂ ਨਹੀਂ, ਉਨ੍ਹਾਂ ਸੈਨਿਕਾਂ ਪ੍ਰਤੀ ਮੇਰੀ ਸੱਚੀ-ਸੁੱਚੀ ਭਾਵਨਾ ਹੈ। ਮੈਨੂੰ ਦੂਜੀ ਵੱਡੀ ਜੰਗ ਵੇਲੇ ਦੇ ਕੋਹਿਮਾ ਵਿੱਚ ਬਣੇ ਸਮਾਰਕ ’ਤੇ ਉਕਰੇ ਸ਼ਬਦ ਅਕਸਰ ਯਾਦ ਆਏ ਹਨ:
‘ਜਦੋਂ ਤੁਸੀਂ ਘਰ ਜਾਓ
ਤਾਂ ਉਨ੍ਹਾਂ ਨੂੰ ਸਾਡੇ ਬਾਰੇ ਦੱਸਿਓ
ਤੇ ਆਖਿਓ
ਅਸੀਂ ਉਨ੍ਹਾਂ ਦੇ ਭਲਕ ਲਈ
ਆਪਣੇ ਅੱਜ ਦੀ ਬਲੀ ਦਿੱਤੀ ਹੈ।’
ਸੈਨਿਕਾਂ ਦੇ ਦੁੱਖਾਂ-ਸੁੱਖਾਂ ਵਿੱਚ ਮੈਂ ਉਮਰ ਭਰ ਸਾਹ ਲਏ ਹਨ। ਉਨ੍ਹਾਂ ਦੀਆਂ ਔਕੜਾਂ ਅਤੇ ਬਿਖੜੇ ਪੈਂਡੇ ’ਤੇ ਮੈਂ ਆਪ ਤੁਰਿਆਂ ਹਾਂ। ਉਨ੍ਹਾਂ ਦੀਆਂ ਕਹਾਣੀਆਂ ਲਿਖਦਿਆਂ ਦਰਅਸਲ ਮੈਂ ਆਪਣੇ ਆਪ ਨੂੰ ਹੀ ਲਿਖਦਾ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਤੋਂ ਵੱਖਰਾ ਨਹੀਂ ਸਾਂ।
ਇੱਕ ਵਾਰ ਮੈਂ ਕੁਝ ਓਦਰਿਆ ਹੋਇਆ ਸਾਂ, ਛੁੱਟੀ ਜਾਣ ਬਾਰੇ ਸੋਚ ਲਿਆ। ਮੌਸਮ ਵਿਗੜਿਆ ਹੋਇਆ ਸੀ ਪਰ ਮੇਰਾ ਛੁੱਟੀ ਮੁਲਤਵੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਥੋਇਸ ਤਕ ਜਾਣ ਲਈ ਅੱਧਾ ਕੁ ਪੈਂਡਾ ਮੁਕਾ ਲਿਆ ਸੀ ਕਿ ਪਹਾੜਾਂ ਦਾ ਤਵਾਜ਼ਨ ਕੁਝ ਵਧੇਰੇ ਹਿੱਲ ਗਿਆ। ਉਚਾਈਆਂ ਤੋਂ ਨਿੱਕੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਰਾਹ ਬੰਦ ਹੋ ਗਿਆ। ਨਾ ਮੈਂ ਅਗਾਂਹ ਜਾਣ ਜੋਗਾ ਸਾਂ ਤੇ ਨਾ ਪਿੱਛੇ ਹੀ ਪਰਤ ਸਕਦਾ ਸਾਂ।
ਮੈਂ ਤੋਪਖ਼ਾਨੇ ਵਾਲਿਆਂ ਕੋਲ ਪਨਾਹ ਲੈ ਲਈ। ਜਦੋਂ ਮੈਂ ਤੋਪਖ਼ਾਨੇ ਵਾਲਿਆਂ ਦੇ ਟਿਕਾਣੇ ’ਤੇ ਪਹੁੰਚਿਆ ਤਾਂ ਉਨ੍ਹਾਂ ਦੇ ਸੈਨਿਕ ਵਰ੍ਹਦੀ ਬਰਫ਼ ਵਿੱਚ ਖੜ੍ਹੇ ਸਨ। ਉਨ੍ਹਾਂ ਦੇ ਕੋਟ ਪਰਕਿਆਂ ’ਤੇ ਬਰਫ਼ ਜਦੋਂ ਕੁਝ ਵਧ ਜਮ੍ਹਾਂ ਹੋ ਜਾਂਦੀ ਤਾਂ ਉਹ ਸਰੀਰ ਛੰਡ ਕੇ ਬਰਫ਼ ਝਾੜ ਦਿੰਦੇ ਸਨ।
ਬਰਫ਼ ਦੇ ਫੰਬੇ ਲਗਾਤਾਰ ਡਿੱਗ ਰਹੇ ਸਨ। ਇੱਕ ਵਿਸ਼ਾਲ ਪਹਾੜ ਦੀ ਟੀਸੀ ਤੋਂ ਨਿੱਕੇ-ਵੱਡੇ ਪੱਥਰ ਟੁੱਟ-ਟੁੱਟ ਕੇ ਡਿੱਗ ਰਹੇ ਸਨ। ਸੈਨਿਕਾਂ ਤਕ ਪਹੁੰਚਦਿਆਂ ਉਨ੍ਹਾਂ ਪੱਥਰਾਂ ਦੀ ਗਤੀ ਗੋਲੀ ਵਾਂਗੂੰ ਹੋ ਜਾਂਦੀ ਸੀ। ਉਹ ਪੱਥਰਾਂ ਦੀ ਮਾਰ ਨਾਲ ਨਹੀਂ ਸਨ ਮਰਨਾ ਚਾਹੁੰਦੇ। ਉਹ ਆਪਣੇ ਬਚਾਅ ਲਈ ਤਰਲਾ ਲੈ ਰਹੇ ਸਨ। ਪੱਥਰ ਡਿੱਗਣੇ ਬੰਦ ਹੋਏ ਤਾਂ ਸੈਨਿਕ ਬੈਰਕਾਂ ਵਿੱਚ ਚਲੇ ਗਏ।
ਰਾਤ ਤੂਫ਼ਾਨੀ ਸੀ। ਪੱਥਰ ਮੁੜ ਡਿੱਗਣ ਲੱਗ ਪਏ। ਇੱਕ ਬੋਲਡਰ ਪਹਾੜ ਦੇ ਸਿਖਰ ਵੱਲੋਂ ਰਿੜ੍ਹਦਾ ਹੋਇਆ ਆਇਆ, ਬੈਰਕ ਦੀ ਟੀਨ ਅਤੇ ਲੱਕੜ ਦੇ ਫੱਟਿਆਂ ਨੂੰ ਤੋੜਦਾ ਹੋਇਆ ਅਗਾਂਹ ਨਿਕਲ ਗਿਆ ਪਰ ਉਸ ਤੋਂ ਪਹਿਲਾਂ ਉਹਨੇ ਤਿੰਨ ਜੁਆਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸਿਆਚਨ ਗਲੇਸ਼ੀਅਰ ’ਤੇ ਤਾਂ ਬਰਫ਼ ਮੋਏ ਸੈਨਿਕਾਂ ਨੂੰ ਪੂਰੇ ਅਦਬ ਨਾਲ ਸੰਭਾਲ ਲੈਂਦੀ ਸੀ ਪਰ ਬੇਸ ਵਾਲੀਆਂ ਯੂਨਿਟਾਂ ਕੋਲ ਸਸਕਾਰ ਲਈ ਲੱਕੜ ਚਾਹੀਦੀ ਸੀ। ਤੋਪਖਾਨੇ ਵਾਲਿਆਂ ਗੋਲਿਆਂ ਵਾਲੇ ਬਕਸੇ ਤੋੜ ਕੇ ਲੱਕੜ ਇਕੱਠੀ ਕੀਤੀ। ਲੰਗਰ ਵਿੱਚੋਂ ਕੁਝ ਘਿਉ ਲਿਆ, ਟਰੱਕਾਂ ਵਿੱਚੋਂ ਕੁਝ ਡੀਜ਼ਲ ਕੱਢਿਆ ਤੇ ਸ਼ਿਔਕ ਦੇ ਕਿਨਾਰੇ ਕੁਝ ਥਾਂ ਲੱਭ ਕੇ ਇੱਕ ਸੈਨਿਕ ਦੀ ਚਿਤਾ ਨੂੰ ਲਾਂਬੂ ਲਾ ਦਿੱਤਾ। ਉਨ੍ਹਾਂ ਦਾ ਤਰੱਦਦ ਲਾਸ਼ ਨੂੰ ਕੱਚਾ-ਭੁੰਨਾ ਹੀ ਕਰ ਸਕਿਆ। ਸ਼ਿਔਕ ਦਰਿਆ ਦੀ ਮਿਹਰ ਹੋਈ ਤਾਂ ਉਸ ਦਾ ਪਾਣੀ ਅੱਧ ਜਲੀ ਲਾਸ਼ ਨੂੰ ਰੋੜ ਕੇ ਲੈ ਗਿਆ।
ਬਾਕੀ ਦੇ ਦੋ ਸੈਨਿਕਾਂ ਦਾ ਉਹ ਕੀ ਕਰਨ? ਮੌਸਮ ਕੁਝ ਸਾਫ਼ ਹੋਇਆ ਤਾਂ ਬਾਕੀ ਦੇ ਦੋ ਸੈਨਿਕਾਂ ਨੂੰ ਉਨ੍ਹਾਂ ‘ਕੋਮਾ’ ਵਿੱਚ ਕਹਿ ਕੇ ਹੈਲੀਕਾਪਟਰ ਰਾਹੀਂ ਮਿਲਟਰੀ ਹਸਪਤਾਲ ਵਿੱਚ ਭੇਜ ਦਿੱਤਾ।
ਮੇਰੀ ਛੁੱਟੀ ਰੱਦ ਹੋ ਗਈ।
ਬ੍ਰਿਗੇਡ ਹੈੱਡਕੁਆਰਟਰ ਵੱਲੋਂ ਹੰਗਾਮੀ ਮੀਟਿੰਗ ਬੁਲਾਈ ਗਈ। ਮੋਏ ਸੈਨਿਕਾਂ ਦੇ ਸਸਕਾਰ ਲਈ ਲੱਕੜਾਂ ਦੀ ਲੋੜ ਦਾ ਮੁੱਦਾ ਵਿਚਾਰਿਆ ਗਿਆ। ਮੋਇਆਂ ਦੇ ਅੰਕੜੇ ਫਰੋਲੇ ਗਏ। ਜ਼ਰਬਾਂ-ਤਕਸੀਮਾਂ ਹੋਈਆਂ ਤੇ ਹਜ਼ਾਰਾਂ ਮਣ ਲੱਕੜ ਦੀ ਡੀਮਾਂਡ ਭੇਜ ਦਿੱਤੀ ਗਈ।
ਛੇਤੀ ਹੀ ਜਹਾਜ਼ਾਂ ’ਤੇ ਲੱਕੜਾਂ ਆਉਣੀਆਂ ਸ਼ੁਰੂ ਹੋ ਗਈਆ। ਪਹਾੜ ਕੁਝ ਇਸ ਤਰ੍ਹਾਂ ਦੇ ਸਨ ਕਿ ਕਿਧਰੇ ਵੀ ਲੱਕੜਾਂ ਰੱਖਣ ਜੋਗੀ ਥਾਂ ਨਹੀਂ ਸੀ। ਉਨ੍ਹਾਂ ਸੜਕ ਦੇ ਪਹਾੜ ਵੱਲ ਦੇ ਕਿਨਾਰੇ ਲੱਕੜਾਂ ਚਿਣਨੀਆਂ ਸ਼ੁਰੂ ਕਰ ਦਿੱਤੀਆਂ। ਮੀਲਾਂ ਤਕ ਲੱਕੜਾਂ ਹੀ ਲੱਕੜਾਂ ਹੋ ਗਈਆਂ।
ਛੁੱਟੀ ਜਾਂਦੇ ਸੈਨਿਕ ਜਾਂ ਛੁੱਟੀ ਤੋਂ ਆਉਂਦੇ ਸੈਨਿਕ ਉਨ੍ਹਾਂ ਲੱਕੜਾਂ ਵਿੱਚੋਂ ਆਪਣੀ ਮੌਤ ਦਾ ਚਿਹਰਾ ਵੇਖਣ ਲੱਗ ਪਏ। ਮੈਂ ਮੌਕਾ ਮਿਲਦਿਆਂ ਹੀ ਛੁੱਟੀ ਤੁਰ ਗਿਆ ਸਾਂ।
ਛੁੱਟੀ ਦੌਰਾਨ ਮੇਰੇ ਬੇਟੇ ਸੈਫੁੱਲ ਨੇ ਇੱਕ ਦਿਨ ਮੈਥੋਂ ਪੁੱਛਿਆ, ‘‘ਪਾਪਾ! ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੀ ਹੁੰਦਾ ਹੈ?’’
‘‘ਕੁਝ ਨਹੀਂ!’’ ਮੈਂ ਸੰਖੇਪ ਜਿਹਾ ਜੁਆਬ ਦਿੱਤਾ ਸੀ।
‘‘ਜਦੋਂ ਕੁਝ ਨਹੀਂ ਹੁੰਦਾ, ਉਦੋਂ ਕੀ ਹੁੰਦਾ ਹੈ?’’ ਸੈਫੁੱਲ ਦੀਆਂ ਅੱਖਾਂ ਵਿੱਚ ਸ਼ਰਾਰਤ ਚਮਕੀ ਸੀ।
ਉਦੋਂ ਮੈਂ ਉਹਨੂੰ ਕੋਈ ਜਵਾਬ ਨਹੀਂ ਸਾਂ ਦੇ ਸਕਿਆ। ਉਹ ਨਿੱਕਾ ਸੀ ਉਦੋਂ। ਹੁਣ ਉਹ ਵੱਡਾ ਹੋ ਗਿਆ ਹੈ। ਸ਼ਾਇਦ ਉਸ ‘ਕੁਝ ਨਹੀਂ’ ਬਾਰੇ ਉਹ ਇਹ ਮਜ਼ਮੂਨ ਪੜ੍ਹ ਲਵੇ, ਭਾਵੇਂ ਇਹ ਮਜ਼ਮੂਨ ਵੀ ਸਿਆਚਨ ਦੇ ਸੱਚ ਦਾ ਅੰਸ਼ ਮਾਤਰ ਹੀ ਹੈ।
‘‘ਜਦੋਂ ਕੁਝ ਨਹੀਂ ਹੁੰਦਾ, ਉਦੋਂ ਕੀ ਹੁੰਦਾ ਹੈ?’’ ਕੀ ਪਤੈ, ਸੈਫੁੱਲ ਕਿਸੇ ਦਿਨ ਮੁੜ ਇਹੋ ਸੁਆਲ ਮੈਨੂੰ ਪੁੱਛ ਲਵੇ।
ਇਸ ਵਾਰ ਮੈਂ ਉਹਨੂੰ ਦੱਸਾਂਗਾ, ‘‘ਜਦੋਂ ਕੁਝ ਨਹੀਂ ਹੁੰਦਾ, ਉਦੋਂ ਇਹ ਵੀ ਹੁੰਦਾ ਹੈ ਕਿ ਕੋਈ ਜ਼ਰਦਾਰੀ ਸਵਾ ਸੌ ਪੁੱਤਾਂ ਨੂੰ ਸਿਆਚਨ ਦੀ ਬਰਫ਼ ਵਿੱਚ ਦੱਬਿਆ ਛੱਡ ਕੇ ਇੱਕ ਇਕੱਲੇ ਪੁੱਤ ਬਿਲਾਵਲ ਦੀ ਸੁੱਖ ਮੰਗਣ ਕਿਸੇ ਦਰਗਾਹ ’ਤੇ ਮੱਥਾ ਟੇਕਦਾ ਹੈ।’’
ਜੋ ਬਰਫ਼ਾਂ ਹੇਠ ਦੱਬੇ ਗਏ, ਉਹ ਪੁੱਤ ਕੀਹਦੇ ਸਨ? ਕੀ ਦੇਸ਼ ਦੇ ਹੁਕਮਰਾਨਾਂ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਸੀ?
ਉਹ ਜ਼ਰਦਾਰੀ ਭਾਵੇਂ ਪਾਕਿਸਤਾਨ ਦਾ ਹੋਵੇ ਤੇ ਭਾਵੇਂ ਹਿੰਦੁਸਤਾਨ ਦਾ, ਜਿਸ ਦਿਨ ਵੀ ਇਸ ਸੁਆਲ ਦਾ ਉਨ੍ਹਾਂ ਜਵਾਬ ਲੱਭ ਲਿਆ ਉਦੋਂ ਸ਼ਾਇਦ ਸਾਨੂੰ ਬਰਫ਼ ਦੇ ਉਸ ਦਾਨਵ ਦੀ ਲੋੜ ਹੀ ਮੁੱਕ ਜਾਵੇ।
ਕੀ ਪਤੈ, ਆਪੋ-ਆਪਣੇ ਬਨੇਰਿਆਂ ’ਤੇ ਉਦੋਂ ਅਸੀਂ ਪਿਆਰ-ਮੁਹੱਬਤ ਦੇ ਦੀਵੇ ਬਾਲ ਲਈਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ