Guachian Akkhaan (Punjabi Story) : Navtej Singh

ਗੁਆਚੀਆਂ ਅੱਖਾਂ (ਕਹਾਣੀ) : ਨਵਤੇਜ ਸਿੰਘ

“ਅੰਨ੍ਹੀਂ ਕੁੜੀ ਨੂੰ ਇਕ ਪੈਸਾ ਦੇ ਜਾ।”

ਜਿਥੇ ਰਮਾ ਦੀ ਮੋਟਰ ਰੁਕੀ, ਉਸ ਤੋਂ ਕੁਝ ਅੱਗੇ ਇਕ ਨਿੱਕੀ ਜਿਹੀ ਕੁੜੀ ਹੱਥ ਅੱਡੀ ਖੜੋਤੀ ਸੀ। ਦੁਕਾਨਾਂ ਹੁਣੇ ਹੁਣੇ ਖੁੱਲ੍ਹੀਆਂ ਸਨ, ਸੜਕ ਉਤੇ ਵਿਰਲਾ ਟਾਂਵਾਂ ਹੀ ਕੋਈ ਸੀ।

…ਇਕ ਵਾਰ ਉਹਦੀ ਸੁਨੈਨਾ ਨੇ ਇਨ-ਬਿਨ ਇਸੇ ਤਰ੍ਹਾਂ ਹੀ ਕਿਸੇ ਮੰਗਤੀ ਦੀ ਨਕੱਲ੍ਹ ਲਾਈ ਸੀ, ਓਦੋਂ ਰਮਾ ਨੇ ਉਹਨੂੰ ਬੜਾ ਝਿੜਕਿਆ ਸੀ। ...ਵਾਜਾਂ ਵੀ ਕਈ ਵਾਰੀ ਕਿੰਨੀਆਂ ਰਲ ਜਾਂਦੀਆਂ ਹਨ, ਜਦੋਂ ਦੀ ਸੁਨੈਨਾ ਗੁਆਚੀ ਸੀ, ਰਮਾ ਨੂੰ ਅਨੇਕਾਂ ਵਾਰ ਇੰਜ ਕੰਨ-ਭਰਮ ਹੋ ਚੁੱਕੇ ਸਨ।

ਮੰਗਤੀ ਕੁੜੀ ਵੱਲ ਤੱਕੇ ਬਿਨਾਂ ਰਮਾ ਅੱਗੇ ਦੁਕਾਨ ਵੱਲ ਹੋ ਗਈ।

“ਮਾਂ, ਅੰਨ੍ਹੀਂ ਕੁੜੀ ਨੂੰ...”

...ਭਾਵੇਂ ਸੁਨੈਨਾ ਨਿਤ ‘ਅੰਮੀਂ’ ਬੁਲਾਂਦੀ ਸੀ, ਪਰ ਕਦੇ ਕਦੇ ਉਚੇਚੇ ਲਾਡ ਵਿਚ ਉਹ ਉਹਨੂੰ ‘ਮਾਂ’ ਕਹਿ ਕੇ ਬੜੀ ਖੁਸ਼ ਹੁੰਦੀ ਸੀ...ਤੇ ਰਮਾ ਦੀਆਂ ਅੱਖਾਂ ਵਿਚ ਅੱਥਰੂ ਉਮੜ ਆਏ।

“...ਇਕ ਪੈਸਾ ਦੇ ਜਾ!”

ਰਮਾ ਅੰਨ੍ਹੀਂ ਕੁੜੀ ਵੱਲ ਪਰਤੀ, ਤੇ ਉਹਦੀ ਤਲੀ ਉਤੇ ਇਕ ਆਨਾ ਰਖ ਕੇ ਉਹਨੇ ਕਿਹਾ, “ਇਕ ਵਾਰ ਫੇਰ ਕਹਿ ‘ਮਾਂ’!”

ਰਮਾ ਨੂੰ ਅੱਥਰੂਆਂ ਦੀ ਧੁੰਦ ਵਿਚੋਂ ਕੁਝ ਨਹੀਂ ਸੀ ਦਿਸ ਰਿਹਾ—ਸਿਰਫ਼ ਉਹਦੇ ਕੰਨ ਵਿਚ ਬੋਲ ਸੁਣਨ ਲਈ ਉਤਾਵਲੇ ਸਨ। ...ਦੋ ਵਰ੍ਹਿਆਂ ਤੋਂ ਉਹਨੂੰ ਕਿਸੇ ਮਾਂ ਨਹੀਂ ਸੀ ਕਿਹਾ। ਇਨ੍ਹਾਂ ਦੋ ਵਰ੍ਹਿਆਂ ਵਿਚ ਵੀਹ ਵਰ੍ਹੇ ਉਹਦੇ ਮੋਢਿਆਂ ਉਤੇ ਲੱਦੇ ਗਏ ਸਨ; ਉਹਦੇ ਮੂੰਹ ਉਤੇ ਹੱਡੀਆਂ ਵੱਡੀਆਂ ਹੋ ਗਈਆਂ ਸਨ, ਤੇ ਅੱਖਾਂ ਛੋਟੀਆਂ ਛੋਟੀਆਂ। ਉਹਦੀ ਧੀ ਦੀਆਂ ਅੱਖਾਂ ਕਿੰਨੀਆਂ ਵੱਡੀਆਂ ਤੇ ਸੁਹਣੀਆਂ ਸਨ। ਸਾਰੇ ਆਖਦੇ ਸਨ, ‘ਇਨ-ਬਿਨ ਮਾਂ ਵਰਗੀਆਂ’— ਏਸੇ ਲਈ ਉਹਦਾ ਨਾਂ ਸੁਨੈਨਾ ਰੱਖਿਆ ਗਿਆ ਸੀ। ਤੇ ਸੁਨੈਨਾ ਦੇ ਪਿਤਾ ਜੀ ਕਹਿੰਦੇ ਹੁੰਦੇ ਸਨ ‘ਰੱਬ ਨੇ ਮੇਰੀ ਰਮਾ ਦਾ ਰੰਗ ਦੁੱਧ ਤੇ ਗੁਲਾਬ ਰਲਾ ਕੇ ਬਣਾਇਆ ਸੀ!’ ਪਰ ਜਦੋਂ ਦੀ ਸੁਨੈਨਾ ਗੁਆਚੀ ਸੀ, ਰਮਾ ਦੇ ਰੰਗ ਵਿਚ ਨਾ ਦੁੱਧ ਰਿਹਾ ਸੀ, ਨਾ ਗੁਲਾਬ...

“ਮਾਂ, ਅੰਨ੍ਹੀਂ ਕੁੜੀ ਨੂੰ...”

ਰਮਾ ਸਾਰੀ ਦੀ ਸਾਰੀ ਪੰਘਰ ਗਈ ਸੀ, ਅਣਜਾਣਿਆਂ ਹੀ ਉਹਨੇ ਮੰਗਤੀ ਕੁੜੀ ਦੇ ਸਿਰ ਉੱਤੇ ਹੱਥ ਫੇਰਿਆ। ਅਚਣਚੇਤ ਉਹਦੀ ਨਜ਼ਰ ਉਸ ਕੁੜੀ ਦੇ ਮੱਥੇ ਉਤੇ ਪਈ— ਖੱਬੇ ਪਾਸੇ ਇਕ ਤਿਲ ਸੀ, ਇਨ-ਬਿਨ ਸੁਨੈਨਾ ਦੇ ਤਿਲ ਵਰਗਾ।

ਰਮਾ ਨੇ ਸਿਰ ਤੋਂ ਲੈ ਕੇ ਪੈਰਾਂ ਤਕ ਅੰਨ੍ਹੀਂ ਕੁੜੀ ਨੂੰ ਨਜ਼ਰ ਭਰ ਕੇ ਤੱਕਿਆ।

“ਸੁਨੈਨਾ...ਸੁਨੈਨਾ...” ਰਮਾ ਕੂਕੀ।

ਕੁੜੀ ਤ੍ਰਬਕ ਗਈ… ਸੁਨੈਨਾ, ਇਹ ਨਾਂ ਉਹਨੇ ਚਿਰ ਹੋਇਆ ਕਦੇ ਸੁਣਿਆ ਸੀ। ਉਹਦੀ ਅੰਨ੍ਹੀਂ ਯਾਦ ਦੂਰ ਪਿਛਾਂਹ ਨੂੰ ਉਡੀ—ਇਕ ਸੁਨੈਨਾ ਜ਼ਰੂਰ ਹੁੰਦੀ ਸੀ, ਸ਼ੈਦ ਇਹ ਉਹਦੀ ਕਿਸੇ ਸਹੇਲੀ ਦਾ ਨਾਂ ਸੀ; ਓਦੋਂ ਚਾਨਣ ਚਾਨਣ ਸੀ, ਪਰ ਹੁਣ ਤੇ ਹਨੇਰਾ ਸੀ, ਤੇ ਉਹਨੂੰ ਅੱਕੋ ਕਹਿੰਦੇ ਸਨ।

ਕੁੜੀ ਦੇ ਮੱਥੇ ਦੇ ਖੱਬੇ ਪਾਸੇ ਉਹੀ ਤਿਲ ਸੀ ‘...ਨੈਨੀਏਂ, ਮੈਂ ਤੇਰੇ ਤਿਲ ਨੂੰ ਚੁੰਮ ਚੁੰਮ ਕੇ ਏਥੇ ਡੂੰਘ ਪਾ ਦੇਣਾ ਏਂ…!”

“ਸੁਨੈਨਾ...ਸੁਨੈਨਾ...”, ਰਮਾ ਪਾਗਲਾਂ ਵਾਂਗ ਚੀਕੀ ਤੇ ਅੰਨ੍ਹੀਂ ਕੁੜੀ ਨੂੰ ਚੰਬੜ ਗਈ।

ਰਮਾ ਦਾ ਡਰਾਈਵਰ ਆਪਣੀ ਬੀਬੀ ਦੀ ’ਵਾਜ ਸੁਣ ਕੇ ਨੱਸ ਆਇਆ, ਤੇ ਠਠੰਬਰ ਕੇ ਖੜੋ ਗਿਆ।

ਕਿਹੋ ਜਿਹੀਆਂ ਬਾਹਾਂ ਸਨ ਇਹ! ਜਦੋਂ ਦਾ ਹਨੇਰਾ ਹੋਇਆ ਸੀ, ਅੱਕੋ ਨੇ ਅਜਿਹੀਆਂ ਬਾਹਾਂ ਨਹੀਂ ਸਨ ਛੁਹੀਆਂ, ਹਨੇਰਾ ਹੋਣ ਤੋਂ ਪਹਿਲਾਂ ਦੀਆਂ ਬਾਹਾਂ... “ਸੁਨੈਨਾ ਲੱਭ ਪਈ! ਮੇਰੀ ਸੁਨੈਨਾ ਲੱਭ ਪਈ...!

ਪਰ ਕੀ ਇਹ ਸੁਨੈਨਾ ਹੀ ਸੀ? ਅੱਖਾਂ ਨਹੀਂ ਸਨ, ਸਖਣੇ ਅਖਵਾਨੇ! ਸੁਨੈਨਾਂ ਦੀਆਂ ਅੱਖਾਂ ਸਨ ਜਿਵੇਂ ਦੋ ਦੀਵੇ ਜਗਦੇ ਹੋਣ, ਤੇ ਇਹਦੇ ਮੂੰਹ ਉਤੇ ਦੀਵੇ ਨਹੀਂ, ਸਖਣੇ ਧੁਆਂਖੇ ਦੋ ਆਲੇ!

ਰਮਾ ਅੰਨ੍ਹੀਂ ਕੁੜੀ ਨੂੰ ਧੂਹ ਕੇ ਆਪਣੀ ਮੋਟਰ ਵਿਚ ਲੈ ਗਈ।

ਇਕ ਬੰਦਾ ਦੌੜ ਕੇ ਉਹਦੀ ਮੋਟਰ ਕੋਲ ਆਇਆ।

ਕਿੰਨੀਆਂ ਭਿਆਨਕ ਅੱਖਾਂ!

“ਮੇਮ ਸਾਹਬ, ਅੱਕੋ ਨੂੰ ਕਿਧਰ ਲੈ ਚਲੇ ਓ?”

ਡਰਾਈਵਰ ਨੇ ਉਹਨੂੰ ਪਿਛਾਂਹ ਹਟਾਇਆ, ਪਰ ਉਹ ਨਾ ਹੀ ਹਟਿਆ।

“ਇਹ ਮੇਰੀ ਅੱਕੋ ਏ!”

“ਨਹੀਂ—ਇਹ ਤੇ ਮੇਰੀ ਸੁਨੈਨਾ ਏ!”

ਡਰਾਈਵਰ ਨੇ ਭਿਆਨਕ ਅੱਖਾਂ ਵਾਲੇ ਬੰਦੇ ਨੂੰ ਬੜਾ ਧਮਕਾਇਆ, “ਸਾਫ਼ ਸਾਫ਼ ਬੱਕ ਦੇ, ਇਹ ਕੁੜੀ ਕੌਣ ਏ? ਨਹੀਂ ਤਾਂ ਬੀਬੀ ਜੀ ਤੈਨੂੰ ਪੁਲਸ ਦੇ ਹਵਾਲੇ ਕਰਾ ਦੇਣਗੇ।”

ਅਖ਼ੀਰ ਭਿਆਨਕ ਅੱਖਾਂ ਵਾਲੇ ਨੇ ਦੱਸ ਦਿੱਤਾ, “ਮੈਨੂੰ ਇਹਦਾ ਅਸਲੀ ਨਾਂ ਨਹੀਂ ਪਤਾ। ਮੈਂ ਸੌ ਰੁਪਿਆ ਦੇ ਕੇ ਇਹ ਕੁੜੀ ਮੁੱਲ ਲਈ ਸੀ—ਅਗਲੀ ਮੱਸਿਆ ਨੂੰ ਦੋ ਵਰ੍ਹੇ ਪੂਰੇ ਹੋ ਜਾਣਗੇ। ਮੇਰਾ ਕੋਈ ਕਸੂਰ ਨਹੀਂ, ਮੇਮ ਸਾਹਿਬ!”

“ਕਿਸ ਪਾਪੀ ਨੇ ਇਹ ਮਾਸੂਮ ਤੇਰੇ ਅੱਗੇ ਵੇਚੀ ਸੀ? ਓਸ ਚੰਡਾਲ ਨੇ ਇਹਦੀਆਂ ਅੱਖਾਂ…”, ਤੇ ਰਮਾ ਨੇ ਸੌ ਰੁਪਏ ਦਾ ਨੋਟ ਦੇ ਕੇ ਉਸ ਤੋਂ ਖਹਿੜਾ ਛੁਡਾਇਆ।

“ਡਰਾਈਵਰ, ਘਰ ਚਲੋ।” ਉਹ ਉਥੇ ਹੋਰ ਇਕ ਬਿੰਦ ਵੀ ਨਹੀਂ ਸੀ ਅਟਕਣਾ ਚਾਂਹਦੀ, ਮਤੇ ਉਹ ਬੰਦਾ ਕੋਈ ਆਫ਼ਤ ਖੜ੍ਹੀ ਕਰ ਦਏ।

ਅੰਨ੍ਹੀਂ ਕੁੜੀ ਨੇ ਕਿਹਾ, “ਹੁਣ ਮੈਨੂੰ ਕਦੇ ਉਹਨੂੰ ਨਾ ਫੜਾਨਾ, ਕਦੇ ਵੀ ਨਾ। ਉਹ ਮੈਨੂੰ ਬੜਾ ਮਾਰਦਾ ਸੀ।”

“ਕਿਥੇ ਰਹਿੰਦਾ ਏ ਉਹ ਹੈਂਸਿਆਰਾ?”

“ਇਹ ਮੈਨੂੰ ਪਤਾ ਨਹੀਂ। ਓਥੇ ਤਿੰਨ ਹੋਰ ਕੁੜੀਆਂ ਨੇ—ਨਰੈਣੋਂ, ਗੋਗੋ ਤੇ ਸੂਰਤੋ। ਉਨ੍ਹਾਂ ਨੂੰ ਵੀ ਨਹੀਂ ਦਿਸਦਾ। ਸਾਰਾ ਦਿਨ ਅਸੀਂ ਪੈਸੇ ਮੰਗਦੀਆਂ ਹਾਂ। ਰਾਤੀਂ ਉਹ ਸਾਡੇ ਕੋਲੋਂ ਸਾਰੇ ਪੈਸੇ ਖੋਹ ਲੈਂਦਾ ਏ।”

“ਸੁਨੈਨਾ ...ਮੇਰੀ ਸੁਨੈਨਾ!”

ਅੰਨ੍ਹੀਂ ਕੁੜੀ ਅਡੋਲ ਰਹੀ।

“ਤੂੰ ਅੱਕੋ ਨਹੀਂ ਤੂੰ ਸੁਨੈਨਾ, ਮੈਂ ਤੇਰੀ ਮਾਂ, ਅਸੀਂ ਆਪਣੇ ਘਰ ਚਲੇ ਆਂ।”

ਤੇ ਰਮਾ ਨੇ ਸੁਨੈਨਾ ਨੂੰ ਆਪਣੀ ਝੋਲੀ ਵਿਚ ਘੁਟ ਲਿਆ। ਇਕ ਜੁਗ ਤੋਂ ਉਹਨੂੰ ਕਿਸੇ ਕੰਘੀ ਨਹੀਂ ਸੀ ਵਾਹੀ ਜਾਪਦੀ। ਘਰ ਰਮਾ ਨੇ ਉਹਦੇ ਸਾਰੇ ਰਿਬਨ ਸਾਂਭੇ ਹੋਏ ਸਨ... ਰਮਾ ਨੇ ਉਹਦੇ ਮੱਥੇ ਦੇ ਖੱਬੇ ਪਾਸੇ ਦੇ ਤਿਲ ਨੂੰ ਚੁੰਮਿਆ… ਜਿਥੇ ਉਹ ਚੁੰਮ ਚੁੰਮ ਕੇ ਡੂੰਘ ਨਹੀਂ ਸੀ ਪਾ ਸਕੀ।

ਸੁਨੈਨਾ ਦੇ ਮੱਥੇ ਥੱਲੇ ਹੁਣ ਦੋ ਡੂੰਘ ਸਨ!

ਕਦੇ ਏਥੇ ਦੋ ਦੀਵੇ ਜਗਦੇ ਹੁੰਦੇ ਸਨ, ਹੁਣ ਦੋ ਹਨੇਰੇ ਟੋਏ!

ਰਮਾ ਦੀ ਝੋਲੀ ਵਿਚ ਹੀ ਸੁਨੈਨਾ ਦੀ ਅੱਖ ਲੱਗ ਗਈ। ਨੀਂਦਰ ਵਿਚ ਉਹਦੀ ਯਾਦ ਚਾਨਣੇ ਦਿਨਾਂ ਤਕ ਅਪੜ ਗਈ।

ਪਰੀਆਂ ਦੇ ਉਡਣ-ਖਟੋਲੇ ਵਿਚ ਉਹ ਉਡ ਰਹੀ ਸੀ। ਉਹਦੀ ਮਾਂ ਉਹਦੇ ਕੋਲ ਬੈਠੀ ਹੋਈ ਸੀ। ਬੜੇ ਚਿਰ ਤੋਂ ਉਹ ਆਪਣੇ ਏਸ ਖਟੋਲੇ ਵਿਚ ਨਹੀਂ ਸੀ ਬੈਠ ਸਕੀ। ਤੇ ਏਨਾ ਚਿਰ ਉਹਦੀ ਮਾਂ ਕਿਥੇ ਰਹੀ ਸੀ?

“ਮੈਂ ਸੌ ਰੁਪਿਆ ਤਾਂ ਦੇ ਦਿਆ, ਪਰ ਅਜਿਹੀਆਂ ਸਾਬਤ ਅੱਖਾਂ ਨਾਲ ਏਸ ਉਮਰੇ ਇਹ ਫੁਟੀ ਕੌਡੀ ਦੀ ਵੀ ਨਹੀਂ...।”

…ਤੇ ਇਕ ਦੈਂਤ ਨੇ ਉਹਦੀਆਂ ਅੱਖਾਂ ਵਿਚ ਤਪਦੀ ਤਪਦੀ ਕੋਈ ਚੀਜ਼ ਚੋਭੀ ਸੀ। ਫੇਰ ਪੀੜ ਤੇ ਹਨੇਰਾ ਚੁਫੇਰ...

‘…ਅੰਨ੍ਹੀਂ ਕੁੜੀ ਨੂੰ ਇਕ ਪੈਸਾ ਦੇ ਜਾ...’

ਉਹ ਉਭੜਵਾਹੇ ਉਠ ਪਈ, “ਮੈਂ ਸੁਨੈਨਾ ਹਾਂ ਨਾ? ਮੈਂ ਅੱਕੋ ਤਾਂ ਨਹੀਂ? ਉਹ ਝੂਠ ਬੋਲਦਾ ਸੀ ਨਾ, ਮਾਂ? ਸੱਚੋ ਸੱਚ ਦੱਸ, ਮਾਂ?”

ਰਮਾ ਕੰਬ ਰਹੀ ਸੀ, ਉਹਦੇ ਅੱਥਰੂ ਫਰਨ ਫਰਨ ਵਹਿ ਰਹੇ ਸਨ।

“ਮਾਂ, ਤੂੰ ਮੈਨੂੰ ਦਿਸਦੀ ਨਹੀਂ। ਹੋਰ ਵੀ ਕੁਝ ਨਹੀਂ ਦਿਸਦਾ—ਮੈਨੂੰ ਇਕ ਪਰੀ ਨੇ ਦੱਸਿਆ ਸੀ, “ਜਦੋਂ ਤੈਨੂੰ ਤੇਰੀ ਮਾਂ ਮਿਲੇਗੀ, ਤੂੰ ਉਹਨੂੰ ਵੇਖ ਸਕੇਂਗੀ!” ਤੂੰ ਮਾਂ ਏਂ ਫੇਰ ਵੀ ਮੈਨੂੰ ਦਿਸਦੀ ਨਹੀਂ।” ਸੁਨੈਨਾ ਡਡਿਆ ਕੇ ਰਮਾ ਦੀ ਹਿੱਕ ਨਾਲ ਚੰਬੜ ਗਈ।

ਮਾਂ ਹੀ ਸੀ ਇਹ, ਮਾਂ ਦੀ ਮਹਿਕ, ਮਾਂ ਦਾ ਨਿੱਘ… ਸੁਨੈਨਾ ਨੇ ਮਾਂ ਦੀ ਹਿੱਕ ਨੂੰ ਆਪਣੇ ਨਿੱਕੇ ਨਿੱਕੇ ਹੱਥਾਂ ਵਿਚ ਘੁਟ ਲੈਣਾ ਚਾਹਿਆ।

ਗੁਆਚੀਆਂ ਅੱਖਾਂ ਦੀ ਥਾਂ ਹੱਥ ਵੇਖ ਰਹੇ ਸਨ… “ਮੇਰੇ ਦੁਧੂ”—ਤੇ ਪੰਜਾਂ ਵਰ੍ਹਿਆਂ ਦੀ ਸੁਨੈਨਾ ਇਕ ਬਿੰਦ ਵਿਚ ਨਿਆਣੀ ਹੋ ਗਈ। ਉਹਨੇ ਮਾਂ ਦੀ ਕਮੀਜ਼ ਟੁਹ ਟਹ ਕੇ ‘ਆਪਣੇ ਦੁਧੂ” ਮੂੰਹ ਵਿਚ ਲੈ ਲਏ ...ਗੁਆਚੀਆਂ ਅੱਖਾਂ ਦੀ ਥਾਂ ਬੁਲ੍ਹ ਪਛਾਣ ਰਹੇ ਸਨ।

ਰਮਾ ਦੀਆਂ ਛਾਤੀਆਂ ਵਿਚ ਇਕ ਝਰਨਾਟ ਛਿੜੀ… ਇਨ-ਬਿਨ ਓਦੋਂ ਵਰਗੀ ਜਦੋਂ ਪਲੇਠਣ ਸੁਨੈਨਾ ਨੇ ਪਹਿਲੀ ਵਾਰ ਰਮਾ ਦੀਆਂ ਛਾਤੀਆਂ ਨੂੰ ਪਪੋਲਿਆ ਸੀ।

ਰਮਾ ਨੇ ਸੁਨੈਨਾ ਦੀਆਂ ਗੁਆਚੀਆਂ ਅੱਖਾਂ ਵਿਚ ਨੀਝ ਲਾਈ। ...ਰਮਾ ਦੀ ਸਹੇਲੀ ਕਰਾਂਤੀ ਨੇ ਇਕ ਵਾਰ ਲਿਖਿਆ ਸੀ: ‘ਜ਼ਿੰਦਗੀ ਤੋਂ ਪੈਸੇ ਦੀ ਬਾਦਸ਼ਾਹੀ ਹਟਾਣ ਲਈ ਸਭ ਨੂੰ ਰਲ ਕੇ ਸੰਗਰਾਮ ਕਰਨਾ ਚਾਹੀਦਾ ਹੈ’ ਪਰ ਇਹ ਸੱਚਾਈ ਅੱਗੇ ਕਦੇ ਉਹਨੂੰ ਅੱਜ ਵਾਂਗ ਸਾਫ਼ ਨਹੀਂ ਸੀ ਦਿਸੀ! ਕੀ ਇਹ ਸੱਚਾਈ ਅੱਖਾਂ ਗੁਆ ਕੇ ਹੀ ਦਿਸਣੀ ਸੀ...!

ਅੱਜ ਰਮਾ ਦੀ ਸੁਨੈਨਾ ਮੁੜ ਜੰਮੀ ਸੀ।

ਅੱਜ ਰਮਾ ਦੀਆਂ ਛਾਤੀਆਂ ਵਿਚ ਦੁੱਧ ਉਤਰ ਆਇਆ ਸੀ।

[1959]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •