ਗੁਰਦਿਆਲ ਸਿੰਘ - Gurdial Singh

ਗੁਰਦਿਆਲ ਸਿੰਘ (੧੦ ਜਨਵਰੀ ੧੯੩੩ - ੧੬ ਅਗਸਤ ੨੦੧੬) ਇੱਕ ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲ੍ਹਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਿਵਾਰ ਵਿੱਚ ਹੋਇਆ । ਉਨ੍ਹਾਂ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਉੱਥੇ ਹੀ ਰਹੇ । ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ । ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ, ਫਿਰ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲਾ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ ੧੯੯੫ ਵਿੱਚ ਪ੍ਰੋਫੈਸਰੀ ਤੋਂ ਸੇਵਾਮੁਕਤ ਹੋਏ । ਉਨ੍ਹਾਂ ਦੇ ਨਾਵਲਾਂ ‘ਮੜ੍ਹੀ ਦਾ ਦੀਵਾ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ਉੱਤੇ ਫ਼ਿਲਮਾਂ ਵੀ ਬਣ ਚੁੱਕੀਆਂ ਹਨ । ‘ਮੜ੍ਹੀ ਦਾ ਦੀਵਾ’ ਉੱਤੇ ਬਣੀ ਫ਼ਿਲਮ ਨੇ ਬੈਸਟ ਰੀਜ਼ਨਲ ਫ਼ਿਲਮ ਅਵਾਰਡ ੧੯੮੯ ਹਾਸਲ ਕੀਤਾ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ: ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ; ਨਾਵਲ: ਮੜ੍ਹੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਰਸਾ, ਆਹਣ; ਨਾਟਕ ਅਤੇ ਆਤਮਕਥਾ (ਨਿਆਣ ਮੱਤੀਆਂ, ਦੂਜੀ ਦੇਹੀ) ਸ਼ਾਮਿਲ ਹਨ । ਉਨ੍ਹਾਂ ਨੂੰ ਪਦਮ ਸ਼੍ਰੀ, ਗਿਆਨਪੀਠ ਅਤੇ ਸਾਹਿਤ ਅਕਾਦਮੀ ਅਵਾਰਡ ਤੋਂ ਇਲਾਵਾ ਕਈ ਹੋਰ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ।

ਗੁਰਦਿਆਲ ਸਿੰਘ ਕਹਾਣੀਕਾਰ (Gurdial Singh)