Kareer Di Dhingari (Punjabi Story) : Gurdial Singh

ਕਰੀਰ ਦੀ ਢਿੰਗਰੀ (ਕਹਾਣੀ) : ਗੁਰਦਿਆਲ ਸਿੰਘ

ਬਲੰਤੋ ਦੇ ਸਹੁਰੇ ਤੇ ਦਿਉਰ, ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲ੍ਹਾਂ ਦਿੱਤੀਆਂ ਸਨ। ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਨ੍ਹਾਂ ਪਿਉ-ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ। ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਛਹਿ ਕੇ ਬੈਠੇ ਤਿੱਤਰਾਂ ਵਾਂਗ ਖੇਸਾਂ ਵਿਚ ਮੂੰਹ ਸਿਰ ਵਲ੍ਹੇਟੀ ਪਏ ਰਹੇ ਸਨ ਤੇ ਗਿਆਲਾ 'ਤੀਵੀਂਆਂ ਵਾਂਗੂੰ' ਕੋਲ ਪਿਆ ਸੁਣਦਾ ਰਿਹਾ ਸੀ ਪਰ ਉਹਦਾ ਚਿੱਤ ਟਿਕਾਣੇ ਨਹੀਂ ਸੀ ਰਿਹਾ। ਗਿਆਲੇ ਨੂੰ ਦਿੱਤੇ 'ਵਚਨ' ਦਾ ਉਹਨੂੰ ਰਾਤ ਵੀ ਚੇਤਾ ਆਇਆ ਸੀ ਪਰ ਅੱਗੇ ਵਾਂਗ ਚੱਲ ਹੋਊ' ਉਹਤੋਂ ਨਹੀਂ ਆਖਿਆ ਗਿਆ ਪਿਛਲੇ ਕੁਝ ਮਹੀਨਿਆਂ ਤੋਂ ਉਹ ਕਦੇ ਵੀ ਇੰਜ ਨਹੀਂ ਸੀ ਕਹਿ ਸਕੀ।
ਇਹ ਪਹਿਲੀ ਵੇਰ ਨਹੀਂ ਸੀ ਕਿ ਉਹਦੇ ਸਹੁਰੇ ਤੇ ਦਿਉਰ ਨੇ ਗਾਲ੍ਹਾਂ ਦਿੱਤੀਆਂ ਸਨ। ਬਾਰਾਂਤੇਰਾਂ ਵਰ੍ਹੇ ਹੋ ਗਏ ਸਨ ਜਦੋਂ ਉਨ੍ਹਾਂ ਨੂੰ ਹਲਕ ਛੁਟਦਾ ਉਹਨੂੰ ਗਾਲ੍ਹਾਂ ਦੇ ਲੈਂਦੇ। ਅੱਡ-ਵਿੱਢ ਉਹ ਕਦੇ ਕਿਸੇ ਨੂੰ ਮੰਦਾ ਨਹੀਂ ਸੀ ਬੋਲੀ। ਪਰ ਉਹ ਏਡੇ ਚੰਦਰੇ ਬੰਦੇ ਸਨ ਜਿਵੇਂ ਗਾਲ੍ਹਾਂ ਦਿੱਤੇ ਬਿਨਾ ਉਨ੍ਹਾਂ ਦੀ ਪੀਤੀ ਖਰੀ ਨਹੀਂ ਸੀ ਹੁੰਦੀ। ਵਾਹ ਲੱਗਦੀ ਆਪ ਉਹ ਕਿਸੇ ਪਸ਼ੂ ਨੂੰ ਵੀ ਗਾਲ੍ਹ ਨਹੀਂ ਸੀ ਕੱਢਦੀ ਮਤੇ ਉਹ ਗੱਲ ਪੁੱਠੀ ਪਾ ਲੈਣ, ਅੱਗੇ ਉਹ ਜਰ ਲੈਂਦੀ ਸੀ ਪਰ ਹੁਣ ਕੋਲ ਪਈ ਬਰਾਬਰ ਦੀ ਧੀ ਸਾਹਮਣੇ ਉਹਤੋਂ ਬਿਨਾ ਉਹਦੀ ਕਿਸੇ ਖੁਨਾਮੀਓਂ, ਗੰਦ ਬਕਦੇ ਉਹ ਝੱਲੇ ਨਹੀਂ ਸਨ ਜਾਂਦੇ।
ਸਾਰੀ ਰਾਤ ਬਲੰਤੋ ਨੂੰ ਨੀਂਦ ਨਾ ਆਈ। ਉਹਦੇ ਅੰਦਰ ਜਿਵੇਂ ਕਿਸੇ ਨੇ ਕਿੱਕਰ ਦੀਆਂ ਸੂਲਾਂ ਦਾ ਰੁੱਗ ਭਰ ਕੇ ਖਿੰਡਾ ਦਿੱਤਾ ਸੀ, ਪਾਸਾ ਵੀ ਉਹਤੋਂ ਨਹੀਂ ਸੀ ਪਰਤਿਆ ਜਾਂਦਾ। ਸੂਲਾਂ ਦੀ ਪੀੜ ਨਾਲ ਉਹਦਾ ਲੂੰ-ਲੂੰ ਪੱਛਿਆ ਜਾ ਰਿਹਾ ਸੀ। ਅੱਧੀ ਰਾਤ ਤਾਈਂ ਅੱਖਾਂ ਸੌਣ-ਭਾਦੋਂ ਦੇ ਤਾਰਿਆਂ ਵਾਂਗ ਸਲ੍ਹਾਬੀਆਂ ਰਹੀਆਂ ਪਰ ਅੱਧੀ ਰਾਤ ਮਗਰੋਂ ਹੌਲੀ-ਹੌਲੀ ਸੁੱਕ ਕੇ ਤਪਣ ਲੱਗ ਪਈਆਂ। ਏਸੇ ਤਪਸ਼ ਦੇ ਤਾਅ ਨਾਲ ਨਾਲ ਉਹ ਆਪੇ ਈ ਮਿਚ ਗਈਆਂ ਤੇ ਜਦੋਂ ਮੁੜ ਖੁੱਲ੍ਹੀਆਂ ਤਾਂ ਉਹ ਉਭੜਵਾਹੀ ਉਠ ਕੇ ਬਹਿ ਗਈ।
ਦਿਨ ਚਿੱਟਾ ਚੜ੍ਹਿਆ ਹੋਇਆ ਸੀ। ਗਿਆਲਾ ਬਲਦਾਂ ਨੂੰ ਪੱਠੇ ਪਾ ਰਿਹਾ ਸੀ। ਉਹਦੀ ਵੱਡੀ ਧੀ ਚਾਹ ਧਰ ਰਹੀ ਸੀ। ਉਸ ਆਸੀਂ-ਪਾਸੀਂ ਤੱਕਿਆ, ਉਨੀਂਦਰੇ ਦੀ ਰੜਕ ਨਾਲ ਅੰਬੀਆਂ ਅੱਖਾਂ ਨਾਲ ਸਭ ਕੁਝ ਓਪਰਾ-ਓਪਰਾ ਲੱਗਿਆ। ਅੱਖਾਂ ਮੱਲੋਜੋਰੀ ਮਿਚ-ਮਿਚ ਜਾਂਦੀਆਂ ਸਨ। ਉਸ ਹਥੇਲੀਆਂ ਨਾਲ ਅੱਖਾਂ ਮਲੀਆਂ ਪਰ ਚਾਣਚੱਕ ਈ ਉਸ ਦੋਵੇਂ ਹੱਥ ਸਾਹਮਣੇ ਕਰਕੇ ਹਥੇਲੀਆਂ ਵੱਲ ਇੰਜ ਵੇਖਿਆ ਜਿਵੇਂ ਉਨ੍ਹਾਂ ਨੂੰ ਤੂਤੜੇ ਦੇ ਲੂੰ ਲੱਗ ਗਏ ਹੋਣ। ਬਿੰਦ ਕੁ ਮਗਰੋਂ ਹੱਥ ਝਾੜ ਕੇ ਮੁੜ ਅੱਖਾਂ ਮਲਣ ਲੱਗ ਪਈ। ਪਿਛਲੇ ਦੋ ਕੁ ਵਰ੍ਹਿਆਂ ਤੋਂ ਜਦੋਂ ਵੀ ਉਹ ਅੱਖਾਂ ਮਲਦੀ ਤਾਂ ਉਹਨੂੰ ਇੰਜ ਲੱਗਦਾ ਸੀ ਜਿਵੇਂ ਉਹ ਬਾਜਰੇ ਦੇ ਸਿੱਟੇ ਦੀ ਆਖਰੀ ਫਾਂਕ ਵਾਂਗ, ਆਪਣੇ ਰੂਪ ਨੂੰ ਮਸਲਣ ਲੱਗੀ ਹੋਵੇ, ਹਰ ਵਾਰ ਲੱਗਦਾ ਉਹਦੇ ਰੂਪ ਦੇ ਸਾਰੇ ਦਾਣੇ ਕਿਰਦੇ ਜਾਂਦੇ ਸਨ ਤੇ ਨਿਰਾ ਤੂਤੜਾ ਰਹਿੰਦਾ ਜਾਂਦਾ ਸੀ, ਪੋਲਾ-ਪੋਲਾ, ਫੋਕਾ ਤੂਤੜਾ, ਜੀਹਨੂੰ ਚਿੜੀਆਂ ਕਾਵਾਂ ਨੇ ਫਰੋਲ-ਫਰੋਲ ਕੇ ਖਿੰਡਾ ਦਿੱਤਾ ਹੋਵੇ।
ਜਦੋਂ ਬਲੰਤੋ ਵਿਆਹੀ ਆਈ ਸੀ, ਉਦੋਂ ਉਹਨੂੰ ਵੇਖਣ ਆਈਆਂ ਤੋਂ ਉਹਦੀ ਸਿਫਤ ਨਹੀਂ ਸੀ ਹੋਈ। ਪਿੰਡ ਦੀ ਸਭ ਤੋਂ ਵੱਡੀ ਨਘੋਚਣ, ਸੋਧਾਂ ਨੈਣ ਨੂੰ ਵੀ ਕੋਈ ਘਾਟ ਨਹੀਂ ਸੀ ਦਿਸੀ, ਉਹ ਉਹਦੇ ਰੂਪ ਨੂੰ ਕੋਈ ਉਪਮਾ ਨਹੀਂ ਸੀ ਦੇ ਸਕੀ। 'ਪਰੀ ਵਰਗੀ', 'ਮੂਰਤ ਵਰਗੀ' ਤੇ 'ਫੂਲਾਂ ਰਾਣੀ' ਵਰਗੇ ਸਾਰੇ ਸ਼ਬਦ ਉਹਨੂੰ ਫੋਕੇ-ਫੋਕੇ ਲੱਗੇ ਸਨ। ਤੇ ਫੇਰ ਉਹਨੇ ਆਖਿਆ ਸੀ, 'ਨੰਗ ਜੱਟਾਂ ਨੂੰ ਡਿੱਗਿਆ ਲਾਲ ਥਿਆ ਗਿਆ।' ਉਹਦੀਆਂ ਅੱਖਾਂ ਉਹਨੂੰ ਸੱਚੀਂ ਲਾਲਾਂ ਵਾਂਗ ਚਮਕਦੀਆਂ ਲੱਗੀਆਂ ਸਨ। ਪਰ ਅੱਜ, ਚੌਦਾਂ ਵਰ੍ਹਿਆਂ ਦੀ ਵਿੱਥ ਮਸਾਂ ਅਜੇ ਪਈ ਸੀ ਕਿ ਉਹੋ ਅੱਖਾਂ ਰਿੱਚ ਕੌਡੀਆਂ ਵਰਗੀਆਂ ਹੋ ਗਈਆਂ ਸਨ। ਉਨ੍ਹਾਂ ਲਾਲਾਂ ਵਿਚੋਂ ਫੁੱਟਦੀਆਂ ਸਾਰੀਆਂ ਕਿਰਨਾਂ ਏਡੀਆਂ ਮੱਧਮ ਪੈ ਗਈਆਂ ਸਨ ਕਿ ਉਨ੍ਹਾਂ ਦੇ ਆਰੋਂ-ਪਾਰੋਂ ਕੁਝ ਵੀ ਨਹੀਂ ਸੀ ਦਿਸਦਾ - ਨਾ ਕਿਸੇ ਅੰਦਰਲੀ ਸ਼ੈ ਦਾ ਆਕਾਰ, ਨਾ ਬਾਹਰਲੀ ਦਾ ਅਕਸ - ਜਿਵੇਂ ਉਨ੍ਹਾਂ ਦੇ ਦੋਹੀਂ ਪਾਸੀਂ, ਚੌਦਾਂ ਵਰ੍ਹਿਆਂ ਦੀ ਧੂੜ ਜੰਮਜੰਮ ਕੇ ਦੋਵੇਂ ਪਾਸੇ ਘਸਮੈਲੇ ਹੋ ਗਏ ਹੋਣ।
ਬਲਦਾਂ ਨੂੰ ਪੱਠੇ ਪਾ ਕੇ, ਗਿਆਲਾ ਚੁੱਲ੍ਹੇ ਮੂਹਰੇ ਆ ਬੈਠਾ। ਜੀਤਾਂ, ਉਨ੍ਹਾਂ ਦੀ ਵੱਡੀ ਧੀ ਨੇ ਕੌਲੇ ਵਿਚ ਚਾਹ ਪਾ ਕੇ ਉਹਦੇ ਅੱਗੇ ਲਿਆ ਧਰੀ। ਜਦੋਂ ਗਿਆਲੇ ਨੇ ਕੌਲਾ ਚੁੱਕ ਕੇ ਮੂੰਹ ਨੂੰ ਲਾਇਆ ਤਾਂ ਜੀਤਾਂ ਨੇ ਨਿਗਾਹ ਉਚੀ ਕਰਕੇ ਪਿਓ ਦੇ ਮੁਹਾਂਦਰੇ ਵੱਲ ਇੰਜ ਤੱਕਿਆ ਕਿ ਗਿਆਲੇ ਤੋਂ ਧੀ ਦੀਆਂ ਅੱਖਾਂ ਦੀ ਝਾਲ ਝੱਲੀ ਨਾ ਗਈ। ਉਸ ਨੀਵੀਂ ਪਾ ਲਈ। ਪਰ ਜੀਤਾਂ, ਓਵੇਂ ਝਾਕੀ ਗਈ ਕਦੇ ਪਿਓ ਦੀਆਂ ਡੂੰਘੀਆਂ ਅੱਖਾਂ ਵੱਲ ਤੇ ਕਦੇ ਕਰੜ-ਬਰੜੀ ਦਾੜ੍ਹੀ ਵੱਲ।
ਤੇ ਪਿਓ-ਧੀ ਦੀ ਏਸ ਤੱਕਣੀ ਵਿਚ ਪਤਾ ਨਹੀਂ 'ਕੀ' ਸੀ ਕਿ ਬਲੰਤੋ ਦੀ ਭੁੱਬ ਨਿਕਲ ਗਈ ਤੇ ਉਸ ਚੁੰਨੀ ਦਾ ਪੱਲਾ ਮਰੋੜ ਕੇ ਮੂੰਹ ਵਿਚ ਤੁੰਨ ਲਿਆ। ਓਹੋ ਸੂਲਾਂ ਬਲੰਤੋ ਦੇ ਅੰਦਰ ਚੁਭੀਆਂ ਤੇ ਪੀੜ ਨਾਲ ਉਹਦਾ ਲੂੰ-ਲੂੰ ਪੱਛਿਆ ਗਿਆ। ਉਹ ਓਵੇਂ ਬੈਠੀ ਬਿਠਾਈ ਮੁੜ ਮੰਜੀ ਉਤੇ ਡਿੱਗ ਪਈ। ਏਧਰ ਪਿੱਠ ਹੋਣ ਕਰਕੇ ਗਿਆਲੇ ਨੂੰ ਕੋਈ ਪਤਾ ਨਹੀਂ ਸੀ ਲੱਗਿਆ।
ਚਾਹ ਪੀ ਕੇ ਗਿਆਲਾ ਨਰਮਾ ਗੋਡਣ ਖੇਤ ਨੂੰ ਤੁਰ ਗਿਆ। ਜੀਤਾਂ ਨੇ ਘਰ ਦਾ ਸਾਰਾ ਗੋਹਾਕੂੜਾ ਕੀਤਾ, ਚੁੱਲ੍ਹਾ-ਚੌਂਕਾ ਸਾਂਭਿਆ ਤੇ ਖੇਤ ਵੀ ਰੋਟੀ ਉਹੋ ਲੈ ਕੇ ਗਈ। ਬਲੰਤੋ ਨਿਢਾਲ ਹੋ ਕੇ ਮੰਜੀ ਉਤੇ ਪਈ ਰਹੀ। ਰੋਟੀ ਵੀ ਉਸ ਨਾ ਖਾਧੀ। ਨਿੱਕੇ ਦੋਵੇਂ ਆਪੇ ਈ ਪਤਾ ਨਹੀਂ ਕਦੋਂ ਚੁੱਪਚੁਪੀਤੇ ਸਕੂਲ ਚਲੇ ਗਏ। ਸੁੰਨੇ ਘਰ ਵਿਚ ਬਲੰਤੋ ਦਾ ਚਿਤ ਕਾਹਲਾ ਪੈਣ ਲੱਗ ਪਿਆ ਤੇ ਉਹ ਕਿਸੇ ਆਹਰ ਲੱਗਣ ਲਈ ਉਠ ਕੇ ਬਹਿ ਗਈ। ਪਰ ਮੰਜੀ ਤੋਂ ਉਠਦੀ ਨੂੰ ਸਾਹਮਣੀ ਸਾਂਝੀ ਕੰਧ ਉਤੋਂ ਦੀ ਸਹੁਰੇ ਦੀ ਪੱਗ ਦਿਸੀ। ਉਹਦੇ ਅੰਦਰ ਖਿਲਰੀਆਂ ਸੂਲਾਂ ਨੇ ਲੂੰ-ਲੂੰ ਮੁੜ ਪੱਛ ਦਿੱਤਾ। ਬਲੰਤੋ ਫੇਰ ਮੰਜੀ 'ਤੇ ਪੈ ਗਈ ਤੇ ਉਹਨੂੰ ਗਿਆਲੇ ਨੂੰ ਦਿੱਤਾ ਵਚਨ ਯਾਦ ਆ ਗਿਆ।
ਜਿਦੋਂ ਉਹ ਵਿਆਹੀ ਆਈ ਸੀ ਉਹਦੀ ਸੱਸ ਓਦੋਂ ਤੋਂ ਈ ਉਹਨੂੰ ਮਿਹਣੇ ਮਾਰਨ ਲੱਗ ਪਈ ਸੀ। ਸਭ ਤੋਂ ਵੱਡਾ ਮਿਹਣਾ ਉਹਦਾ ਦਾਜ ਦਾ ਸੀ। 'ਅਸੀਂ ਕੋਈ ਸਿਗਲੀਗਰ ਸੀ, ਜਾਏਖਾਣਿਆਂ ਨੇ ਚਾਂਦੀ ਦੀਆਂ ਬਾਂਕਾਂ ਪਾ ਕੇ ਸਾਡੇ ਮੱਥੇ ਮਾਰੀ...। ਨਿਰੇ ਰੂਪ ਨੂੰ ਕਿਸੇ ਨੇ ਥੇਲ੍ਹੀ 'ਤੇ ਪਾ ਕੇ ਚੱਟਣੈ।' ਬਲੰਤੋ ਦੇ ਮੂੰਹ ਉਤੇ ਉਸ ਕਿੰਨਾ ਚਿਰ ਅਜਿਹਾ ਮਿਹਣਾ ਭਾਵੇਂ ਨਹੀਂ ਸੀ ਦਿੱਤਾ ਪਰ ਆਂਢਣਾਂ-ਗੁਆਂਢਣਾਂ ਕੋਲ ਕੀਤੀਆਂ ਉਹਦੀਆਂ ਬਦਖੋਈਆਂ ਦਾ ਬਲੰਤੋ ਨੂੰ ਪਤਾ ਲੱਗਦਾ ਰਿਹਾ ਸੀ। ਆਪਣੇ ਵੱਲੋਂ ਬਲੰਤੋ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਹੋਣ ਦਿੱਤੀ। ਸਾਰੇ ਘਰ ਦਾ ਕੰਮ ਉਹ ਅਣਥੱਕ ਹੋ ਕੇ ਕਰਦੀ। ਦਸਾਂ ਜੀਆਂ ਦੀਆਂ ਰੋਟੀਆਂ ਪਕਾਂਦੀ, ਅੱਠ-ਸੱਤ ਪਸ਼ੂ ਸਾਂਭਦੀ, ਕਿਸੇ ਦੇ ਗਲ ਮੈਲਾ ਕੱਪੜਾ ਨਾ ਰਹਿਣ ਦਿੰਦੀ, ਘਰ ਨੂੰ ਕੂਚੇ ਰਿੜਕਣੇ ਵਾਂਗ ਲਿਸ਼ਕਾਈ ਰੱਖਦੀ। ਪਰ ਫੇਰ ਵੀ ਦਿਨੋ-ਦਿਨ ਉਹਦੀ ਸੱਸ ਦੇ ਮਿਹਣੇ ਵੱਧਦੇ ਵੇਖ ਕੇ ਉਹਦਾ ਚਿੱਤ ਭੈੜਾ ਪੈਣ ਲੱਗ ਪਿਆ ਸੀ। ਹੌਲੀ-ਹੌਲੀ ਉਹ ਜਦੋਂ ਆਨੀਂ-ਬਹਾਨੀਂ ਮੂੰਹ ਉਤੇ ਵੀ ਉਹਨੂੰ ਮੰਦਾ ਬੋਲਣ ਲੱਗ ਪਈ ਤਾਂ ਬਲੰਤੋ ਦਾ ਸਬਰ ਟੁੱਟ ਗਿਆ।
ਇੱਕ ਰਾਤ ਉਸ ਗਿਆਲੇ ਨੂੰ ਸਾਰੀ ਗੱਲ ਦੱਸੀ। ਪਰ ਗਿਆਲਾ 'ਤੀਵੀਂਆਂ' ਵਰਗਾ ਬੰਦਾ ਸੀ। ਉਸ ਬੜੀ ਨਰਮੀ ਨਾਲ ਆਖਿਆ, "ਮੈਂ ਜਿਉਂ ਜੰਮਿਐਂ ਕਦੇ ਮਾਪਿਆਂ ਸਾਹਮਣੇ ਨਹੀਂ ਬੋਲਿਆ। ਜੇ ਤੂੰ ਅੱਗੋਂ ਬੋਲ ਪਈ ਤਾਂ ਸਾਰੀ ਰੱਖੀ ਰਖਾਈ ਖੂਹ 'ਚ ਪੈ ਜਾਏਗੀ। ਹੋਰ ਭਾਵੇਂ ਜੋ ਜੀ ਆਵੇ ਉਹ ਕਰ ਪਰ ਮੇਰੇ ਮਾਪਿਆਂ ਮੂਹਰੇ ਨਾ ਬੋਲੀਂ - ਸਾਰੀ ਉਮਰ ਵਾਸਤੇ ਨਾ ਬੋਲੀਂ।"
ਤੇ ਗਿਆਲੇ ਨੇ ਉਹਤੋਂ ਮਾਪਿਆਂ ਮੂਹਰੇ ਨਾ ਬੋਲਣ ਦਾ 'ਵਚਨ' ਲੈ ਲਿਆ ਤੇ ਇਹ 'ਵਚਨ' ਬਲੰਤੋ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਚਾਣਚੱਕ, ਰਮਦੀ ਪੈਲੀ ਵਿਚ ਪੈਂਦੇ ਮੋਘੇ ਦੇ ਮੂੰਹ ਅੱਗੇ ਕਰੀਰ ਦੀ ਕੋਈ ਢਿੰਗਰੀ ਅੜਾ ਦਿੱਤੀ ਹੋਵੇ...ਤੇ ਉਹਦਾ ਅੰਦਰ ਪਾਣੀ ਦੀ ਤਿਹਾਈ ਪੈਲੀ ਵਾਂਗ ਪਹਿਲਾਂ ਸੁੱਕਣ ਤੇ ਫੇਰ ਤਿੜਕਣ ਲੱਗ ਪਿਆ।
ਪੂਰੇ ਤਿੰਨ ਵਰ੍ਹੇ ਉਹ ਸੱਸ ਦੇ ਖਰ੍ਹਵੇ ਬੋਲ ਤੇ ਮਿਹਣੇ ਸੁਣਦੀ ਰਹੀ। ਸ਼ਰਾਬੀ ਸਹੁਰੇ ਤੇ ਅਲੱਥ ਦਿਉਰ ਦੀਆਂ ਨਾ ਜਰੀਆਂ ਜਾਣ ਵਾਲੀਆਂ ਗੱਲਾਂ ਤੇ ਗਾਲ੍ਹਾਂ ਸੁਣਦੀ ਰਹੀ ਪਰ ਗਿਆਲੇ ਨੂੰ ਦਿੱਤਾ 'ਵਚਨ' ਉਸ ਨਾ ਤੋੜਿਆ। ਗਿਆਲੇ ਉਤੇ ਪਹਿਲੇ ਦਿਨੋਂ ਉਹਨੂੰ ਏਡਾ ਤਰਸ ਆਉਣ ਲੱਗ ਪਿਆ ਸੀ ਕਿ ਉਹ ਨਿਆਣਿਆਂ ਵਾਂਗ ਉਹਨੂੰ ਚਾਰੇ ਪਾਸਿਓਂ ਲੁਕਾ-ਲੁਕਾ ਕੇ ਰੱਖਦੀ ਰਹੀ ਸੀ - ਤੇ ਉਹਦਾ ਇਹ ਤਰਸ ਏਡਾ ਮੋਹ ਬਣ ਗਿਆ ਸੀ ਕਿ ਉਹ ਗਿਆਲੇ ਪਿੱਛੇ ਆਪਣਾ ਸਭ ਕੁਝ ਵਾਰ ਸਕਦੀ ਸੀ।
ਫੇਰ ਉਹਦੇ ਦਿਓਰ ਦਾ ਵਿਆਹ ਹੋਇਆ। ਉਹਦੀ ਦਰਾਣੀ ਨੇ ਸਾਰਾ ਅੰਦਰ-ਬਾਹਰ ਭਰ ਦਿੱਤਾ। ਬਲੰਤੋ ਦਾ ਰਹਿੰਦਾ-ਖੂੰਹਦਾ ਉਕਰ ਵੀ ਮੁੱਕ ਗਿਆ। ਉਸ ਨੇ ਗਿਆਲੇ ਨੂੰ ਕਈ ਵਾਰੀ ਅੱਡ ਹੋਣ ਦੀ ਸਲਾਹ ਦਿੱਤੀ ਪਰ ਜਦੋਂ ਤਾਈਂ ਮਾਪਿਆਂ ਤੇ ਭਰਾ ਨੇ ਉਹਦੀ ਤੀਵੀਂ ਤੇ ਸੌ ਸੌ ਊਝਾਂ ਲਾ ਕੇ ਤੇ ਉਹਨੂੰ 'ਰੰਨ ਦਾ ਗੋਲਾ' ਆਖ ਆਖ ਕੇ ਘਰੋਂ ਨਾ ਕੱਢਿਆ, ਓਨਾ ਚਿਰ ਉਹ ਅੱਡ ਨਾ ਹੋਇਆ।
ਅੱਡ ਹੋਣ ਵੇਲੇ ਵੀ ਗਿਆਲੇ ਨੇ 'ਤੀਵੀਂਆਂ ਵਾਲੀ' ਗੱਲ ਕੀਤੀ। ਪਿਉ ਨੇ ਹਿੱਸੇ ਆਉਂਦੀ ਪੂਰੀ ਪੈਲੀ ਵੀ ਨਾ ਦਿੱਤੀ, ਜਿਹੜੀ ਦਿੱਤੀ ਉਹ ਵੀ ਬਾਕੀ ਨਾਲੋਂ ਰੱਦੀ, ਮਾਰੂ ਤੇ ਝਾੜ-ਮਲ੍ਹਿਆਂ ਵਾਲੀ। ਘਰ ਵਿਚੋਂ ਵੀ ਪੰਜਵਾਂ ਛੀਵਾਂ ਹਿੱਸਾ ਈ ਵੰਡ ਕੇ ਦਿੱਤਾ। ਬਲਦ ਦੋਵੇਂ ਹਾਰੇ ਤੇ ਸੰਦ ਉਹ ਫੜਾਏ ਜਿਹੜੇ ਕਿਸੇ ਵੀ ਕੰਮ ਦੇ ਨਹੀਂ ਸਨ। ਬਲੰਤੋ ਦੇ ਪੇਕਿਆਂ ਦੇ ਭਾਂਡੇ, ਕੱਪੜੇ ਵੀ ਅੱਧਿਓਂ ਬਹੁਤੇ, ਰੱਖ-ਰਖਾ ਲਏ। ਗਿਆਲਾ ਚੁੱਪ ਕਰ ਰਿਹਾ, ਬਲੰਤੋ ਉਹਨੂੰ ਦਿੱਤੇ 'ਵਚਨ' ਤੇ ਕਾਇਮ ਰਹੀ ਤੇ ਦੋਵੇਂ ਸਬਰ ਦਾ ਘੁੱਟ ਭਰ ਕੇ ਬਹਿ ਗਏ।
ਤੇ ਹੁਣ ਗਿਆਰਾਂ ਵਰ੍ਹੇ ਉਨ੍ਹਾਂ ਨੂੰ 'ਸਬਰ ਦਾ ਘੁੱਟ' ਭਰਦਿਆਂ ਹੋ ਗਏ ਸਨ, ਬਾਰ੍ਹਵਾਂ ਲੱਗਿਆ ਹੋਇਆ ਸੀ - ਓਹੋ ਬਾਰ੍ਹਵਾਂ, ਜਿਹੜੇ ਵਰ੍ਹੇ ਆਖਦੇ ਨੇ ਰੂੜੀ ਦੀ ਵੀ ਸੁਣੀ ਜਾਂਦੀ ਏ। ਪਰ ਉਨ੍ਹਾਂ ਦੀ ਸੁਣੀ ਨਹੀਂ ਸੀ ਗਈ। ਉਨ੍ਹਾਂ ਦਾ ਅੱਧ-ਢੱਠਾ ਘਰ ਓਵੇਂ ਜਿਵੇਂ ਸੀ - ਪੱਕੀ ਤਾਂ ਕੀ ਕੱਚੀ ਇੱਟ ਵੀ ਉਹ ਨਹੀਂ ਸਨ ਲੁਆ ਸਕੇ। ਓਹੋ ਖੁਰਲੀ ਸੀ ਜਿੱਥੇ ਜੇਠ ਹਾੜ ਦੇ ਮਹੀਨੇ ਬੱਧੇ ਪਸ਼ੂਆਂ ਨੂੰ ਸਿੱਧੀ ਧੁੱਪ ਆਉਂਦੀ ਸੀ, ਖੁਰਲੀ ਉਤੇ ਪਾਇਆ ਪੁਰਾਣਾ ਛੱਪਰ ਵੀ ਓਵੇਂ ਜਿਵੇਂ ਸੀ ਜਿਹੜਾ ਧੁੱਪ ਨੂੰ ਵੇਂਹਦਿਆਂ, ਪਸ਼ੂਆਂ ਨੂੰ ਆਸਰਾ ਦੇਣ ਦੀ ਥਾਂ ਆਪ ਹੌਂਕਣ ਲੱਗ ਪੈਂਦਾ, ਪਿਛਲੀ ਸਬਾਤ ਵੀ ਓਵੇਂ ਮੀਹਾਂ ਦੀ ਰੁੱਤੇ ਪਾਣੀ ਨਾਲ ਭਰ ਜਾਂਦੀ ਸੀ। ਸਾਰਾ ਘਰ ਵਾਹ ਲੱਗਦੀ ਬਲੰਤੋ ਹਰ ਵੇਲੇ ਸੁਆਰਦੀ ਰਹਿੰਦੀ ਪਰ ਨਿਰੀ ਉਹਦੀ ਹੱਥਾਂ ਦੀ ਖੇਚਲ ਨਾਲ, ਅੱਧੀ ਸਦੀ ਦੀਆਂ ਪੁਰਾਣੀਆਂ ਕੰਧਾਂ ਤੇ ਕਾਠ ਨਵਾਂ ਨਰੋਆ ਨਹੀਂ ਸੀ ਬਣਦਾ। ਅੱਡ ਹੋ ਕੇ ਨਾ ਉਨ੍ਹਾਂ ਕੋਈ ਭਾਰੀ ਮੱਝ ਖਰੀਦੀ ਸੀ ਤੇ ਨਾ ਕੋਈ ਨਰੋਆ ਬਲਦ ਲਿਆ ਸੀ। ਗੱਡੇ ਦੀ ਜੋੜੀ ਵੀ ਨਵੀਂ ਨਹੀਂ ਸੀ ਚੜ੍ਹਾਈ, ਮੁੜ ਮੁੜ ਬੂਜਲੀਆਂ ਲੁਆ ਕੇ ਉਖੜੇ-ਹਿੱਲੇ ਗੱਡੇ ਨੂੰ ਠਿੱਬੇ ਛਿੱਤਰ ਵਾਂਗ ਗਿਆਲਾ ਧੂਹੀ ਫਿਰਿਆ ਸੀ ਤੇ ਠਠੇ ਨਾਲ ਲੋਕ ਉਨ੍ਹਾਂ ਦੇ ਗੱਡੇ ਨੂੰ 'ਗਿਆਲੇ ਦੀ ਨਗੌਰੀ ਗੱਡ' ਆਖਣ ਲੱਗ ਪਏ ਸਨ।
ਇਹ ਗਿਆਰਾਂ ਵਰ੍ਹੇ ਉਹ ਸੱਸ ਸਹੁਰੇ ਤੇ ਸ਼ਰੀਕ ਦੀਆਂ ਤੱਤੀਆਂ-ਠੰਢੀਆਂ ਸੁਣਦੀ ਰਾਹੀ ਸੀ ਤੇ ਉਹਨੇ ਗਿਆਲੇ ਦੇ 'ਵਚਨ' ਦੀ ਅੜਾਈ ਕਰੀਰ ਦੀ ਢਿੰਗਰੀ ਨਹੀਂ ਸੀ ਟੁੱਟਣ ਦਿੱਤੀ। ਇਹਦੇ ਨਾਲ ਲੱਗ-ਲੱਗ ਕੇ ਹੋਰ ਕਿੰਨਾ ਸਾਰਾ ਨਿੱਕ-ਸੁੱਕ ਇਕੱਠਾ ਹੋ ਗਿਆ ਸੀ ਤੇ ਪਾਣੀ ਦਾ ਨਿਕਾਸ ਉਕਾ ਰੁਕ ਗਿਆ ਸੀ...ਉਹਦਾ ਅੰਦਰ ਏਨੇ ਚਿਰ ਦੇ ਸੋਕੇ ਨਾਲ, ਖੱਖੜੀ ਵਾਂਗ ਪਾਟ ਚੱਲਿਆ ਸੀ...ਤੇ ਪਾਣੀ ਕਦੇ-ਕਦੇ ਏਨਾ ਜ਼ੋਰ ਮਾਰਦਾ ਕਿ ਢਿੰਗਰੀ ਟੁੱਟਣਟੁੱਟਣ ਕਰਨ ਲੱਗ ਪੈਂਦੀ ਸੀ।
ਹੋਰ ਤਾਂ ਸਾਰੇ ਜੋ ਆਹੰਦੇ ਸਨ ਸੋ ਆਹੰਦੇ ਸਨ ਪਰ ਬਿਨਾ ਕਿਸੇ ਗੱਲੋਂ ਉਹਦੀ ਸੌਂਕਣਾਂ ਵਰਗੀ ਦਰਾਣੀ ਵੀ ਉਹਨੂੰ ਆਰ੍ਹਾਂ ਲਾਣੋਂ ਨਹੀਂ ਸੀ ਹਟਦੀ। ਪਤਾ ਨਹੀਂ ਕੇਹੋ ਜੇਹੇ ਗਏ ਘਰ ਦੀ ਉਹ ਆਈ ਸੀ ਕਿ ਜਿਉਂ-ਜਿਉਂ ਬਲੰਤੋ ਦੀ ਹਾਲਤ ਮੰਦੀ ਹੁੰਦੀ ਜਾਂਦੀ ਸੀ ਉਹ ਵਧੇਰੇ ਚਾਂਭੜਾਂ ਪਾਉਂਦੀ। ਜਦੋਂ ਬਲੰਤੋ ਦਾ ਕੋਈ ਨਿਆਣਾ ਕਿਸੇ ਚੀਜ਼ ਪਿੱਛੇ ਰੋਂਦਾ ਤਾਂ ਉਹਨੂੰ ਖੁਸ਼ੀ ਜਿਹੀ ਹੁੰਦੀ। ਗਿਆਲਾ ਤੇ ਬਲੰਤੋ ਜਦੋਂ ਉਚਾ ਬੋਲਦੇ, ਉਹਦਾ ਅੰਦਰ ਜਿਵੇਂ ਠਰ ਜਾਂਦਾ, ਕੰਧ ਨਾਲ ਕੰਨ ਲਾ ਲਾ ਉਹ ਬਿੜਕਾਂ ਲੈਂਦੀ ਤੇ ਰੱਤੀ ਭਰ ਗੱਲ ਦਾ ਪਹਾੜ ਬਣਾ ਕੇ ਸਾਰੇ ਅਗਵਾੜ ਵਿਚ ਗਾ ਦਿੰਦੀ।
ਪਹਿਲਾਂ ਪਹਿਲਾਂ ਬਲੰਤੋ ਨੂੰ ਸਮਝ ਨਹੀਂ ਆਈ ਕਿ ਉਹਦੀ ਦਰਾਣੀ ਦਾ ਉਹਦੇ ਨਾਲ ਕੀ ਵੈਰ ਸੀ। ਇਕ ਦਿਨ ਚਾਣਚੱਕ ਉਹਦੀ ਦਰਾਣੀ ਦਾ ਪਿਉ ਸੱਜਰੀ ਸੂਈ ਝੋਟੀ ਬੰਨ੍ਹ ਗਿਆ। ਜਦੋਂ ਉਨ੍ਹਾਂ ਦੀ ਗੁਆਂਢਣ ਬਚਿੰਤੀ ਦੀ ਨੂੰਹ ਨੇ ਉਹਨੂੰ ਆ ਕੇ ਵਧਾਈ ਦਿੱਤੀ ਤਾਂ ਬਿਨਾ ਕੋਈ ਸਿੱਧਾ ਜੁਆਬ ਦੇਣ ਦੇ ਉਸ ਕੰਧ ਉਤੋਂ ਦੀ ਟੇਢੀ ਅੱਖ ਝਾਕਦਿਆਂ ਬਲੰਤੋ ਨੂੰ ਸੁਣਾ ਕੇ ਆਖਿਆ, "ਰੱਬ ਦਾ ਦਿੱਤਾ ਸਭ ਕੁਸ਼ ਐ - ਸਤ ਖੜ੍ਹੀਆਂ ਸੀ ਹਥਨੀਆਂ ਵਰਗੀਆਂ, ਬਾਪੂ ਕਹਿੰਦਾ 'ਬੱਚਾ, ਹੁਣ ਜਿਹੜੀ ਜੀ ਕਰਦੈ ਲੈ ਜਾ।'...ਲੋਕਾਂ ਵਾਂਗੂੰ ਕੁੱਜੇ ਫੜ ਕੇ ਲੱਸੀ ਨੂੰ ਤਾਂ ਦਰ-ਦਰ ਨਾ ਤੁਰੇ ਫਿਰਾਂਗੇ।"
ਤੇ ਓਦੋਂ ਬਲੰਤੋ ਨੂੰ ਗੱਲ ਦੀ ਸਮਝ ਪਈ ਸੀ। ਦਰਾਣੀ ਨੂੰ ਆਪਣੇ ਪੇਕਿਆਂ ਦੀ ਅਮੀਰੀ ਦਾ ਹੰਕਾਰ ਸੀ। ਸਹੁਰੇ ਘਰ ਵੀ ਉਹਦਾ ਏਸੇ ਕਰਕੇ ਉਕਰ ਸੀ, ਤੇ ਏਸੇ ਕਰਕੇ ਉਹ ਬਲੰਤੋ ਨੂੰ ਟਿੱਡੀ ਪਲਪੀਹੀ ਈ ਸਮਝਦੀ ਸੀ।
ਬਲੰਤੋ ਦੇ ਚਿੱਤ ਵਿਚ ਓਦੋਂ ਪਹਿਲੀ ਵਾਰੀ ਇਹ ਖ਼ਿਆਲ ਆਇਆ, 'ਜੇ ਉਹ ਵੀ ਸਰਦੇਪੁਜਦੇ ਮਾਪਿਆਂ ਦੀ ਧੀ ਹੁੰਦੀ ਤਾਂ ਦਰਾਣੀ ਦੇ ਬਰਾਬਰ ਮੱਝ ਲਿਆ ਬੰਨ੍ਹਦੀ ਤੇ ਆਹ ਆਰ੍ਹਾਂ ਉਹਨੂੰ ਨਾ ਝੱਲਣੀਆਂ ਪੈਂਦੀਆਂ ਪਰ ਉਹਦੇ ਗਰੀਬ ਮਾਪੇ ਤਾਂ ਉਹਨੂੰ ਤੇੜ-ਸਿਰ ਦੇ ਲੀੜੇ ਦੇਣ ਜੋਗੇ ਵੀ ਨਹੀਂ ਸਨ। ਤੇ ਆਪਣੀ ਗਰੀਬੀ ਓਦੋਂ ਉਹਨੂੰ ਬੜੀ ਚੰਦਰੀ ਲੱਗੀ ਸੀ।
ਫੇਰ ਪਾਣੀ ਦਿਨੋ ਦਿਨ ਚੜ੍ਹਦਾ ਗਿਆ। ਕਰੀਰ ਦੀ ਢਿੰਗਰੀ ਦੇ ਬਲ ਤੋਂ ਵਧੇਰਾ ਜ਼ੋਰ ਕਰਨ ਲੱਗ ਪਿਆ ਪਰ ਢਿੰਗਰੀ ਦੇ ਪਾਸੀਂ ਇਕੱਠੇ ਹੋਏ ਨਿੱਕਸੁੱਕ ਨੇ ਅਜੇ ਤਾਈਂ ਇਹਨੂੰ ਟੁੱਟਣ ਨਹੀਂ ਸੀ ਦਿੱਤਾ ਤੇ ਬਲੰਤੋ ਦੇ ਅੰਦਰ ਦੀ ਧਰਤੀ ਹੋਰ ਵਧੇਰੇ ਤਿੜਕਦੀ ਜਾਂਦੀ, ਘਾਹ ਦੀਆਂ ਜੜ੍ਹਾਂ ਵੀ ਭੁੱਜਣ ਲੱਗ ਪਈਆਂ।
ਬਲੰਤੋ ਸਾਰਾ ਦਿਨ ਨਿਢਾਲ ਹੋ ਕੇ ਪਈ ਰਹੀ। ਦਿਨ ਢਲੇ ਜਦੋਂ ਗਿਆਲਾ ਘਰ ਮੁੜਿਆ ਤਾਂ ਉਹਨੂੰ ਮੰਜੇ 'ਤੇ ਪਈ ਨੂੰ ਵੇਖ ਉਹਦਾ ਕਾਲਜਾ ਫੜਿਆ ਗਿਆ ਚਹੁੰ ਪਹਿਰਾਂ ਦੀ ਬਲੰਤੋ ਦਾ ਰਹਿੰਦਾ ਰੰਗ ਰੂਪ ਵੀ ਜਿਵੇਂ ਮੁੱਕ ਗਿਆ ਸੀ। ਅੱਖਾਂ ਬਹੁਤੀਆਂ ਈ ਡੂੰਘੀਆਂ ਹੋ ਗਈਆਂ ਸਨ, ਤੇ ਹੇਠਾਂ ਤੇ ਪਾਸਿਆਂ ਤੋਂ ਇੰਜ ਲੱਗਦੀਆਂ ਸਨ ਜਿਵੇਂ ਕਾਲਸ ਮਲੀ ਹੋਈ ਹੋਵੇ। ਚਿਹਰਾ ਤੇ ਹੱਥ-ਪੈਰ ਹਲਦੀ ਵਰਗੇ ਪੀਲੇ ਹੋ ਗਏ ਲੱਗਦੇ ਸਨ।
ਗਿਆਲਾ ਨਿਮੋਝੂਣਾ ਜਿਹਾ ਹੋ ਕੇ ਖੁਰਲੀ ਉਤੇ ਬਹਿ ਗਿਆ। ਉਹਦਾ ਸਿਰ ਤੇ ਪਿੱਠ ਬੜੀ ਦੁਖਣ ਲੱਗ ਪਈ ਸੀ। ਨੀਵੀਂ ਪਾ ਕੇ ਉਸ ਕਸੌਲੀ ਦੇ ਦਸਤੇ ਦੇ ਸਿਰੇ ਉਤੇ ਮੱਥਾ ਰੱਖ ਲਿਆ। ਉਹਦੇ ਸਿਰ ਨੂੰ ਘੇਰ ਚੜ੍ਹਨ ਲੱਗ ਪਈ ਸੀ। ਸੁਪਨੇ ਵਾਂਗ ਉਹਨੂੰ ਬਲੰਤੋ ਦੇ ਉਨ੍ਹਾਂ ਨਕਸ਼ਾਂ ਦਾ ਖ਼ਿਆਲ ਆਇਆ ਜਿਨ੍ਹਾਂ ਦੀ ਅੱਜ ਤੋਂ ਕੁੱਲ ਚੌਦਾਂ ਵਰ੍ਹੇ ਪਹਿਲਾਂ ਝਾਲ ਨਹੀਂ ਸੀ ਝੱਲੀ ਜਾਂਦੀ। ਦੁੱਧ ਵਰਗੇ ਚਿੱਟੇ ਮੌਮੀ ਕਾਗਜ਼ ਦੀ 'ਗੁੱਡੀ ਵਰਗੀ' ਉਸ ਤੀਵੀਂ ਨੂੰ ਘੁਟਵਾਂ ਹੱਥ ਵੀ ਉਹ ਨਹੀਂ ਸੀ ਪਾਉਂਦਾ ਹੁੰਦਾ, ਮਤੇ ਮੈਲੀ ਹੋ ਜਾਏ... ਮਤੇ ਕਿਤੋਂ ਮਚਕੋੜੀ ਜਾਏ।
ਜਦੋਂ ਗਿਆਲੇ ਨੇ ਸਿਰ ਉਤਾਂਹ ਚੁੱਕਿਆ, ਸਾਹਮਣੇ ਜਟੂਰੀਆਂ ਖਿਲਾਰੀ ਫਿਰਦਾ ਮਾਘੀ ਉਹਨੂੰ ਦਿਸਿਆ। ਸ਼ਰਾਬ ਦਾ ਰੱਜਿਆ ਉਹ ਝੂਲਦਾ ਫਿਰਦਾ ਸੀ। ਗਿਆਲੇ ਨੂੰ ਖੁਰਲੀ ਉਤੇ ਇੰਜ ਉਦਾਸ ਬੈਠਿਆਂ ਵੇਖ ਉਸ ਅੱਡੀਆਂ ਚੁੱਕ ਕੇ ਏਧਰ ਵੇਖਿਆ ਤੇ ਵਿਅੰਗ ਨਾਲ ਉਚੀ ਸਾਰੀ ਆਖਿਆ, "ਸੁਣਾ ਬਈ ਜ਼ਨ-ਮੁਰੀਦਾ ਕਿਹੜੇ ਰੰਗਾਂ 'ਚ ਐਂ?" ਉਹਦੀ ਅਵਾਜ਼ ਖਰ੍ਹਵੀ ਤੇ ਬੇ-ਤਰਸੀ ਭਰੀ ਸੀ।
ਗਿਆਲਾ ਕਦੇ ਵੱਧ-ਘੱਟ ਉਸ ਨਾਲ ਨਹੀਂ ਸੀ ਬੋਲਿਆ। ਗਿਆਰਾਂ ਵਰ੍ਹੇ ਉਹਨੂੰ ਅੱਡ ਹੋਇਆਂ ਹੋ ਗਏ ਸਨ, ਕਿੰਨੇ ਵਾਰੀ ਉਹਦੇ ਏਸ ਅਲੱਥ ਸ਼ਰਾਬੀ ਭਰਾ ਨੇ ਉਹਨੂੰ ਮੰਦਾ ਬੋਲਿਆ ਸੀ, ਮਿਹਣੇ ਮਾਰੇ ਸਨ, ਰੜਕਾ-ਰੜਕਾ ਗੱਲਾਂ ਆਖੀਆਂ ਸਨ, ਬਲੰਤੋ ਨੂੰ ਸਿੱਧੀਆਂ ਗਾਲ੍ਹਾਂ ਕੱਢੀਆਂ ਸਨ ਪਰ ਗਿਆਲੇ ਨੇ ਅੱਗੋਂ ਕਦੇ ਓਏ ਨਹੀਂ ਸੀ ਆਖੀ - ਪਾਣੀ ਵਾਂਗ ਸਭ ਪੀ ਕੇ ਅੰਦਰ ਵੜ ਜਾਂਦਾ ਰਿਹਾ ਸੀ, ਅੱਜ ਵੀ ਪਹਿਲਾਂ ਵਾਂਗ ਚੁੱਪ ਕਰਕੇ ਅੰਦਰ ਜਾ ਵੜਿਆ। ਸਬਾਤ ਦੇ ਪਰਛਾਵੇਂ ਪਈ ਬਲੰਤੋ ਨੇ ਜਦੋਂ ਗਿਆਲੇ ਨੂੰ ਇੰਜ ਅੰਦਰ ਵੜਦਿਆਂ ਵੇਖਿਆ ਤਾਂ ਉਹਦਾ ਸਵਾ ਦਹਾਕੇ ਦੇ ਸੋਕੇ ਨਾਲ ਖੱਖੜੀ ਵਾਂਗ ਪਾਟਿਆ ਅੰਦਰ ਝੁਲਸਿਆ ਗਿਆ ਜਿਵੇਂ ਸੂਰਜ ਦੀ ਸਾਰੀ ਅੱਗ ਉਹਦੇ ਉਤੇ ਵਰ੍ਹ ਗਈ ਹੋਵੇ।
ਬਲੰਤੋ ਉਠ ਕੇ ਬਹਿ ਗਈ ਪਰ ਦਿਉਰ ਦੀ ਥਾਂ ਉਹਨੂੰ ਦਾਰੂ ਨਾਲ ਡੱਕਿਆ ਉਹਦਾ ਸਹੁਰਾ ਖੜੋਤਾ ਦਿਸਿਆ। ਮਾਘੀ ਹੱਸ ਕੇ ਪਰ੍ਹੇ ਹੋ ਗਿਆ ਸੀ। ਉਸ ਆਪਣੀਆਂ ਮਰਨਊ ਅੱਖਾਂ ਨਾਲ ਉਸ ਵੱਲ ਇੰਜ ਵੇਖਿਆ ਜਿਵੇਂ ਉਹਨੂੰ ਲੈਣ ਆਏ ਧਰਮ ਰਾਜ ਦੇ ਦੂਤਾਂ ਵੱਲ ਵੇਂਹਦੀ ਹੋਵੇ। ਇਸ ਗੱਲ ਦਾ ਖ਼ਿਆਲ ਉਹਨੂੰ ਕਿੰਨਾ ਚਿਰ ਨਾ ਆਇਆ ਕਿ ਸਹੁਰੇ ਦੇ ਸਾਹਮਣੇ ਉਹ ਅਜੇ ਤਾਈਂ ਨੰਗੇ ਸਿਰ ਹੀ ਬੈਠੀ ਸੀ। ਮੰਜੀ ਤੋਂ ਉਠ ਕੇ ਬਹਿਣ ਲੱਗਿਆਂ, ਸਿਰ ਤੋਂ 'ਲਹਿ ਗਈ ਚੁੰਨੀ' ਉਸ ਅਜੇ ਤਾਈਂ ਚੁੱਕ ਕੇ ਸਿਰ ਉਤੇ ਨਹੀਂ ਸੀ ਲਈ।
ਤੇ 'ਵਚਨ' ਦੀ ਕਰੀਰ ਦੀ ਢਿੰਗਰੀ ਦਾ ਜਰਕਾਟਾ ਪੈ ਗਿਆ। ਸਾ-ਰਾ ਪਾਣੀ ਦਹਾਕੇ ਦੇ ਭੁੱਖੇ ਮੋਘੇ ਦੇ ਵਿਚੋਂ ਦੀ ਸਣੇ ਟੁੱਟੀ ਢਿੰਗਰੀ ਤੇ ਇਸ ਦੇ ਦੁਆਲੇ ਇਕੱਠੇ ਹੋਏ ਨਿੱਕ-ਸੁੱਕ ਦੇ ਹੜ੍ਹ ਵਾਂਗ ਵਗ ਪਿਆ ਤੇ ਉਹਦੇ ਝੁਲਸੀਂਦੇ ਅੰਦਰ ਦੀ ਧਰਤੀ ਦੀਆਂ ਪੱਥਰ ਹੋਈਆਂ ਤ੍ਰੇੜਾਂ ਭਿੱਜ ਕੇ ਹੋਰ ਤਿੜਕ ਗਈਆਂ।
"ਤੇਰੀ..." ਉਹਦੇ ਸਹੁਰੇ ਨੇ ਉਹਨੂੰ ਨੰਗੇ ਸਿਰ ਇੰਜ ਬੈਠੀ ਵੇਖ ਕੇ ਉਚੀ ਸਾਰੀ ਗਾਲ੍ਹ ਕੱਢੀ, "ਤੂੰ ਸਾਨੂੰ ਕੰਜਰ ਈ ਬਣਾ ਛੱਡਿਐ ਵਹਿਲੇ! ਬੋਟੀਬੋਟੀ ਕਰਕੇ ਅੰਦਰੇ ਖਪਾ ਦੂੰ, ਹਵਾ ਨ੍ਹੀਂ ਨਿਕਲਣ ਦੇਣੀ ਭਲਾ ਕਿਤੇ ਭੁੱਲੀ ਫਿਰਦੀ ਹੋਵੇਂਗੀ।"
ਪਰ ਅੱਜ ਬਲੰਤੋ ਨੂੰ ਅੱਗੇ ਵਾਂਗ ਸਹੁਰੇ ਤੋਂ ਡਰ ਨਾ ਲੱਗਿਆ, ਨਾ ਉਹਨੇ ਚੁੰਨੀ ਚੁੱਕ ਕੇ ਸਿਰ ਧਰੀ, ਨਾ ਅੱਖਾਂ ਨੀਵੀਆਂ ਕੀਤੀਆਂ, ਸਹੁਰੇ ਵੱਲ ਓਵੇਂ ਬਿਤਰ-ਬਿਤਰ ਝਾਕਦੀ ਰਹੀ।
"ਕੀ ਗੱਲ ਐ?" ਪਿਉ ਨੂੰ ਗਾਲ੍ਹਾਂ ਕੱਢਦਿਆਂ ਸੁਣ ਕੇ ਮਾਘੀ ਨੇ ਨੇੜੇ ਆ ਕੇ ਸ਼ਰਾਬੀ ਆਵਾਜ਼ ਵਿਚ ਪਿਉ ਤੋਂ ਪੁੱਛਿਆ।
"ਆਹ ਵੇਖ ਕੰਜਰਾਂ ਦੀ ਨੇ ਸਾਨੂੰ ਕਿਵੇਂ ਠਿੱਠ ਕੀਤੈ। ਹੋਰ ਤਾਂ ਸਭ ਕਰਤੂਤਾਂ ਕਰ ਲੀਆਂ, ਹੁਣ ਆਹ ਕਸਰ ਰਹਿੰਦੀ ਸੀ, ਇਹ ਵੀ ਕਰ ਲੀ। ਵਿਹਨੈ ਕਿਵੇਂ ਕੰਜਰੀਆਂ ਵਾਂਗੂੰ ਬਿਸ਼ਰਮ ਹੋਈ ਬੈਠੀ ਐ...ਮੈਨੂੰ- ਗੰਡਾਸੀ ਫੜਾ ਕੇਰਾਂ ਉਰੇ, ਮੈਂ ਇਹਦਾ ਭੁਗਤਾਂ ਧੰਦਾ, ਸਾਰੀ ਉਮਰ ਦਾ ਸਿਆਪਾ ਮੁੱਕੂ।"
"ਤੂੰ ਕਾਹਨੂੰ, ਧੋਲਿਆਂ ਨੂੰ ਕਲੰਕ ਲੌਣੈ, ਇਹ ਪੁੰਨ ਮੈਨੂੰ ਖੱਟਣ ਦੇ, ਨਾਲੇ ਵਿਚਾਰੇ ਸਾਡੇ ਬਾਈ ਦੀ ਗਤ ਹੋ ਜੂ...ਹਿਹ ਕਰੀਂਡਲ ਲਾਹ ਈ ਦੇਈਏ ਅੱਜ ਇਹਦੇ ਗਲੋਂ।" ਮਾਘੀ ਨੇ ਖੁੱਲ੍ਹੇ ਕੇਸਾਂ ਦਾ ਜੂੜਾ ਕਰਦਿਆਂ ਲਲਕਾਰਾ ਮਾਰਿਆ।
ਤੇ ਫੇਰ ਖੁਰਲੀ ਉਤੇ ਚੜ੍ਹ ਕੇ ਉਹਨੇ ਕੰਧ ਉਤੋਂ ਦੀ ਛਾਲ ਮਾਰੀ ਤੇ ਬਲੰਤੋ ਦੇ ਵਿਹੜੇ ਵਿਚ ਆ ਗਿਆ। ਬਲੰਤੋ ਦਾ ਸਹੁਰਾ ਵੀ, ਗਾਲ੍ਹਾਂ ਕੱਢਦਾ ਗਲੀ ਵਿਚ ਦੀ ਹੋ ਕੇ ਆ ਵੜਿਆ। ਰੌਲਾ ਸੁਣ ਕੇ ਗਿਆਲਾ ਅੰਦਰੋਂ ਨਿਕਲਿਆ ਤੇ ਰਾਕਸ਼ਾਂ ਵਾਂਗ ਆਉਂਦੇ ਆਪਣੇ ਭਰਾ ਤੇ ਪਿਉ ਨੂੰ ਵੇਖ ਕੇ ਸਹਿਮ ਗਿਆ।
...ਪਰ ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ। ਬਲੰਤੋ ਉਨ੍ਹਾਂ ਦੋਹਾਂ ਦੇ ਨੇੜੇ ਆਉਣ ਤੋਂ ਪਹਿਲਾਂ ਥਬੂਕਾ ਮਾਰ ਕੇ ਖੜ੍ਹੀ ਹੋ ਗਈ। ਉਹਦੀਆਂ ਅੰਦਰ ਧੱਸੀਆਂ ਅੱਖਾਂ ਲਾਲ ਸੂਹੀਆਂ ਹੋ ਗਈਆਂ। ਓਵੇਂ ਜਿਵੇਂ ਨੰਗੇ ਸਿਰ, ਉਸ ਖੂੰਜੇ ਪਿਆ ਘੋਟਾ ਚੁੱਕ ਲਿਆ ਤੇ ਕਿਲਕਾਰੀ ਮਾਰ ਕੇ ਚੀਕੀ, "ਆਓ ਮੇਰੇ ਪਿਓ ਦਾ ਸਾਲਾ, ਕਿਹੜਾ ਮੇਰੇ ਨੇੜੇ ਲੱਗਦੈ। ਸਣੇ ਓੜਮੇ-ਕੋੜਮੇ ਉਹਦੀਆਂ ਆਂਦਰਾਂ ਕੱਢਲੂੰ ਜੀਹਨੇ ਮੈਨੂੰ ਹੱਥ ਵੀ ਲਾਇਐ।"
ਉਹ ਏਨੀ ਉਚੀ ਚੀਕੀ ਸੀ ਕਿ ਗਿਆਲੇ ਤੋਂ ਉਹਦੀ ਅਵਾਜ਼ ਪਛਾਣੀ ਨਾ ਗਈ। ਨਿਆਣੇ ਡਰਦੇ ਮਾਰੇ ਕੰਧਾਂ ਨਾਲ ਜਾ ਲੱਗੇ ਤੇ ਡਾਡਾਂ ਮਾਰਨ ਲੱਗ ਪਏ। ਗਿਆਲੇ ਦਾ ਪਿਓ ਤੇ ਮਾਘੀ ਵੀ ਕੁਝ ਸਹਿਮ ਗਏ ਸਨ। ਉਨ੍ਹਾਂ ਨੂੰ ਸੱਚ ਨਹੀਂ ਸੀ ਆਉਂਦਾ ਕਿ ਇਹ ਉਹੋ ਤੀਵੀਂ ਸੀ ਜਿਹੜੀ ਬਾਰਾਂ ਵਰ੍ਹੇ ਕੰਧ ਬਣ ਕੇ ਉਨ੍ਹਾਂ ਦੀਆਂ ਜੁੱਤੀਆਂ ਖਾਂਦੀ ਰਹੀ ਸੀ, ਖਰ੍ਹਵੇ ਬੋਲ ਤੇ ਗਾਲ੍ਹਾਂ ਸੁਣਦੀ ਰਹੀ ਸੀ ਤੇ ਕਦੇ ਕੂਈ ਵੀ ਨਹੀਂ ਸੀ ਪਰ ਅੱਜ ਕਾਲਕਾ ਮਾਈ ਦਾ ਰੂਪ ਧਾਰੀ ਘੋਟਾ ਚੁੱਕੀ ਦੋ ਬੰਦਿਆਂ ਨੂੰ ਸਿੱਧੀ ਹੋਈ ਖੜ੍ਹੀ ਸੀ। ਇਹ ਗੱਲ ਉਨ੍ਹਾਂ ਦੀਆਂ ਸ਼ਰਾਬੀ ਅੱਖਾਂ ਨੂੰ ਵੀ ਓਪਰੀ ਲੱਗੀ ਸੀ ਪਰ ਅਗਲੇ ਪਲ ਹੀ ਸ਼ਰਾਬੀ ਅੱਖਾਂ, ਬਿਨਾ ਕੋਈ ਡੂੰਘੀ ਗੱਲ ਸੋਚਿਆਂ ਹੋਰ ਕਹਿਰ ਵਿਚ ਆ ਗਈਆਂ। ਤੇ ਉਹ ਦੋਵੇਂ ਪਿਓ-ਪੁੱਤ, ਉਸ 'ਕੰਜਰੀ ਤੀਵੀਂ' ਨੂੰ ਬਘਿਆੜ ਵਾਂਗ ਪਾੜਨ ਪੈ ਗਏ।
"ਬਲੰਤੋ!" ਗਿਆਲੇ ਨੇ ਕੂਕ ਕੇ ਆਖਿਆ, ਤੇ ਉਹਦੇ ਵੱਲ ਭੱਜਿਆ। ਪਰ ਬਲੰਤੋ! ਹੁਣ ਕੌਣ ਬਲੰਤੋ! ਬਲੰਤੋ ਹੁਣ ਕਿਤੇ ਨਹੀਂ ਸੀ, ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ! ਗਿਆਲਾ ਅਜੇ ਉਹਦੇ ਕੋਲ ਨਹੀਂ ਸੀ ਅਪੜਿਆ ਕਿ ਬਲੰਤੋ ਨੇ ਉਹਦੇ ਵੱਲ ਆਉਂਦੇ ਮਾਘੀ ਵੱਲ, ਸਿਰ-ਮਦਾਨ ਭੱਜ ਕੇ ਉਹਨੂੰ ਮਿਲਦਿਆਂ, ਘੋਟਾ ਸੱਜੇ ਮੋਢੇ ਉਤੇ, ਏਡੇ ਜ਼ੋਰ ਨਾਲ ਮਾਰਿਆ ਕਿ ਮਾਘੀ ਦੀ ਬਾਂਹ ਟੁੱਟੀ ਟਾਹਣੀ ਵਾਂਗ ਲਮਕਣ ਲੱਗ ਪਈ। ਸਹੁਰਾ ਅਗਾਂਹ ਹੋਇਆ ਤਾਂ ਉਹ ਮਾਘੀ ਵੱਲੋਂ ਹਟ ਕੇ ਉਹਨੂੰ ਪੈ ਗਈ। ਜਦੋਂ ਟੁੱਟਵਾਂ ਜਿਹਾ ਇੱਕ ਘੋਟਾ ਗਿਆਲੇ ਦੇ ਪਿਓ ਦੇ ਵੀ ਵੱਜਿਆ, ਉਹ ਗਾਲ੍ਹਾ ਕੱਢਦਾ ਪਿਛਾਂਹ ਭਉਂ ਕੇ, ਕੋਈ ਡਾਂਗ ਸੋਟੀ ਲੱਭਣ ਦੇ ਬਹਾਨੇ ਵਿਹੜੇ ਵਿਚ ਆ ਗਿਆ। ਜਦੋਂ ਨੂੰ ਗਿਆਲਾ ਭੱਜ ਕੇ ਬਲੰਤੋ ਦੇ ਨੇੜੇ ਹੋਇਆ ਉਦੋਂ ਨੂੰ ਉਹ ਗਤਕੇ ਦੇ ਖਿਡਾਰੀ ਵਾਂਗ ਪੁੱਠੀ-ਪੈਰੀਂ, ਬਬੂਕਾ ਮਾਰ ਕੇ ਪਿਛਲੀ ਕੰਧ ਨਾਲ ਜਾ ਲੱਗੀ ਸੀ ਤੇ ਉਸ ਕੰਧ ਨਾਲ ਲੱਗੀ ਨੇ ਪਹਿਲੇ ਵਾਂਗ ਈ ਫੇਰ ਕਿਲਕਾਰੀ ਮਾਰੀ,
"ਹੁਣ ਆਓ ਕੋਈ ਸੱਗਾ-ਰੱਤਾ ਮੇਰੇ ਨੇੜੇ ਤਾਂ ਲੱਗ ਕੇ ਵੇਖੇ!...ਤੁਸੀਂ ਚੌਦਾਂ ਵਰ੍ਹੇ ਮੇਰਾ ਅੰਦਰ ਸਾੜਿਐ - ਤੀਵੀਂ ਕਰਕੇ ਈ ਨਾ?...ਲੱਗੋ ਹੁਣ ਨੇੜੇ ਜੇ ਥੋਡੀ ਰੱਤ ਨਾ ਪੀ ਜਾਂ ਤਾਂ! ਨਾਲੇ ਸੱਦ ਲੋ ਹੁਣ ਥੋਡੀ ਅਹੁ 'ਫੂਲਕਿਆਂ ਦੀ ਧੀ' ਨੂੰ ਜਿਹੜੀ ਨਿੱਤ 'ਰਾਜੇ ਮਾਪਿਆਂ' ਦਿਓਂ ਲਿਆ-ਲਿਆ ਕੇ ਹੱਥਣੀਆਂ ਬੰਨ੍ਹਦੀ ਸੀ!...ਤੁਸੀਂ ਗੰਦ ਦਿਓ ਭੁੱਖਿਓ, ਵੱਡੇ ਮਰਦਊ-ਪੁਣੇ ਵਾਲਿਓ, ਹੁਣ ਕੰਗਾਲਾਂ ਦੀ ਧੀ ਦੇ ਨੇੜੇ ਲੱਗ ਕੇ ਵੇਖੋ! ਵੇ ਮੈਂ ਚੌਦਾਂ ਵਰ੍ਹੇ ਥੋਡੀਆਂ ਸੁਣੀਆਂ ਪਰ ਤੁਸੀਂ ਮੈਨੂੰ ਗਰੀਬਣੀ ਜਾਣ ਕੇ ਮੇਰੀ ਆਤਮਾ ਪੱਛਦੇ ਰਹੇ! ਆਓ ਹੁਣ ਲੱਗੇ ਨੇੜੇ - ਤੀਵੀਂਆਂ ਦੇ ਹੱਥ ਤਾਂ ਵੇਖੋ ਵੱਡਿਓ ਸੂਰਮਿਓਂ...ਰੱਤ ਪੀ ਲੂੰ।" ਉਹਦਾ ਚਿਹਰਾ, ਪਲ ਦਾ ਪਲ ਇੰਜ ਲਾਲ ਸੂਹਾ ਹੋ ਗਿਆ ਸੀ ਜਿਵੇਂ ਉਹ ਸੱਚੀਂ ਹੀ ਰੱਤ ਪੀ ਕੇ ਹਟੀ ਹੋਵੇ। ਡਰਦਾ ਕੋਈ ਉਹਦੇ ਨੇੜੇ ਨਾ ਲੱਗਿਆ।
ਰੌਲਾ ਸੁਣ ਕੇ ਸਾਰਾ ਅਗਵਾੜ 'ਕੱਠਾ ਹੋ ਗਿਆ ਸੀ। ਜਦੋਂ ਲੋਕਾਂ ਨੇ ਬਲੰਤੋ ਨੂੰ ਨੰਗੇ ਸਿਰ ਸਾਰਿਆਂ ਦੇ ਸਾਹਮਣੇ ਇੰਜ ਘੋਟਾ ਚੁੱਕੀ ਖੜੋਤਿਆਂ ਤੇ ਅਵਾ-ਤਵਾ ਬੋਲਦਿਆਂ ਸੁਣਿਆ ਤਾਂ ਬਹੁਤਿਆਂ ਨੇ ਸ਼ਰਮ ਨਾਲ ਨੀਵੀਂ ਪਾ ਲਈ। ਕਈ ਜਿਹੜੇ ਗਿਆਲੇ ਦੇ ਪਿਓ ਤੇ ਮਾਘੀ ਨਾਲ ਖਾਰ ਖਾਂਦੇ ਸਨ, ਵੇਖ ਕੇ ਮੁਸਕੜੀਏਂ ਹੱਸਦੇ ਰਹੇ। ਇੰਦਰ ਨੰਬਰਦਾਰ, ਜੀਹਨੇ ਆਪਣੀ ਸੱਠਾਂ ਵਰ੍ਹਿਆਂ ਦੀ ਉਮਰ ਵਿਚ ਏਡੀ ਬਿਸ਼ਰਮ ਤੀਵੀਂ ਨਹੀਂ ਸੀ ਵੇਖੀ, ਸ਼ਰਮ ਤੇ ਗੁੱਸੇ ਦਾ ਮਾਰਿਆ ਪਾਣੀ ਪਾਣੀ ਹੋਈ ਜਾਂਦਾ ਸੀ। ਜਦੋਂ ਤੀਵੀਂ ਇੰਜ ਗਾਲ੍ਹਾਂ ਕੱਢਦੀ ਉਹਤੋਂ ਜਰੀ ਨਾ ਗਈ ਤਾਂ ਉਸ ਆਪਣੀ ਬਜ਼ੁਰਗੀ ਤੇ ਚੌਧਰ ਦਾ ਦਬਾਅ ਪਾਉਂਦਿਆਂ ਲਲਕਾਰਾ ਮਾਰਿਆ।
"ਚੁੱਪ ਕਰਦੀ ਐਂ ਕਿ ਨਹੀਂ?...ਕੰਜਰਾਂ ਦੀ ਭੂਤਨੀ ਜੀ, ਕਿਤੋਂ ਮਸਤੀ ਐ!"
ਤੇ ਜਦੋਂ ਉਹ ਥੋੜ੍ਹਾ ਜਿਹਾ ਅਗਾਂਹ ਹੋਇਆ ਤਾਂ ਓਵੇਂ ਕਿਲਕਾਰੀ ਮਾਰ ਕੇ ਬਲੰਤੋ ਕੂਕੀ, "ਬਾਬਾ ਵੇਖੀਂ, ਐਵੇਂ ਆਵਦੀ ਪੱਗ ਲੁਹਾ ਬੈਠੇਂ! ਆਵਦੀ ਲੰਬਰਦਾਰੀ ਕੋਲੇ ਰੱਖ਼..ਜਦੋਂ ਇਹ ਮੇਰੇ ਨਾਲ ਤੇਰ੍ਹਵੀਆਂ ਕਰਦੇ ਹੁੰਦੇ ਸੀ ਓਦੋਂ ਤੂੰ ਵੱਡਾ ਪੰਚੈਤੀ ਕਿੱਥੇ ਗਿਆ ਸੀ...ਏਸੇ ਪਿੰਡ ਵਸਦਾ ਸੀ ਕਿ ਕਿਤੇ ਹੋਰ?"
ਨੰਬਰਦਾਰ ਨੇ ਦੰਦਾਂ 'ਚ ਜੀਭ ਦੇ ਲਈ। ਤੇ ਫੇਰ ਚਾਣਚੱਕ ਪਾਸਾ ਈ ਪਰਤ ਗਿਆ। ਇੰਦਰ ਨੰਬਰਦਾਰ ਡੌਰ ਭੌਰੇ ਹੋਏ ਖੜੋਤੇ ਗਿਆਲੇ ਨੂੰ ਪੈ ਗਿਆ। "ਸਾਲਿਆ ਤੂੰ ਕੋਈ ਬੰਦੈਂ? ਆਹ ਬਾਂਦਰੀ ਜੀ ਐਨੀਂ ਸਿਰ ਚੜ੍ਹਾ ਛੱਡੀ ਐ, ਏਹੋ ਜੀਆਂ ਭੇਡਾਂ ਪਿੱਛੇ ਤੂੰ ਸਾਰੇ ਪਿੰਡ ਦੀ ਇੱਜਤ ਲਹੌਨੈ, ਤੈਨੂੰ ਸ਼ਰਮ ਨ੍ਹੀਂ ਆਉਂਦੀ ਕੁੱਤਿਆ?"
ਤੇ ਪਲੋਂ ਅੰਦਰ ਅੰਦਰ ਲੋਕ ਬਲੰਤੋ ਨੂੰ ਛੱਡ ਕੇ ਗਿਆਲੇ ਦੇ ਗਲ ਪੈ ਗਏ। ਚੂਹੇ ਪਿੱਛੇ ਪਈਆਂ ਇੱਲਾਂ ਵਾਂਗ ਲੋਕਾਂ ਨੇ ਉਹਨੂੰ ਬੋਚ ਲਿਆ।
"ਸਾਲੇ ਬੰਦਿਆਂ ਦੇ!"
"ਜੇ ਇਹਦੇ 'ਚੋਂ ਤਿੰਨ ਕਾਣੇ ਹੋਣ, ਤੀਵੀਂ ਐਨੀਂ ਸਿਰ ਕੀ ਚੜ੍ਹ ਜਾਏ ਓਇ?"
"ਇਹ ਤਾਂ ਕੁੜੀਆਂ ਉਤੋਂ ਦੀ ਜੰਮਿਐਂ, ਤੀਵੀਆਂ ਨਾਲੋਂ ਵੀ ਨਿਕੰਮੈ ਸਾਲਾ।"
"ਮੇਰੀ ਤੀਵੀਂ ਐਂ ਕਰਦੀ ਜੇ ਮੈਂ ਵੱਢ ਕੇ ਅੰਦਰ ਨਾ ਖਪਾ ਦਿੰਦਾ ਸਾਲੀ ਨੂੰ।"
"ਤੀਵੀਂ ਕੀ ਬੋਲ ਜੇ ਓਏ! ਗੁੱਤੋਂ ਫੜ ਕੇ ਚਾਰ ਮਾਰੇ ਗਿੱਚੀ 'ਚ ਤਕਲੇ ਵਰਗੀ ਹੋ ਜਾਂਦੀ ਐ।"
ਗਿਆਲੇ ਨੂੰ ਏਹੋ ਜੇਹੇ ਗਾਲ੍ਹਾਂ ਵਰਗੇ ਤੇ ਖਰ੍ਹਵੇ ਬੋਲ ਸੁਣਦੇ ਰਹੇ ਪਰ ਉਹਨੂੰ ਇਹ ਸਾਰਾ ਕੁਝ ਨਿਰਾ ਸੁਪਨੇ ਵਾਂਗ ਲੱਗਿਆ। 'ਤੀਵੀਂ' ਸ਼ਬਦ ਸੁਣ ਕੇ ਉਹਦੀ ਹਾਲਤ ਇੰਜ ਹੁੰਦੀ ਜਾਂਦੀ ਸੀ ਜਿਵੇਂ ਸੈਆਂ ਬੰਦੇ ਉਹਦੀਆਂ ਦੋਹਾਂ ਬਾਹਾਂ ਫੜ ਕੇ ਰੱਸਾਕਸ਼ੀ ਕਰ ਰਹੇ ਹੋਣ। ਬਲੰਤੋ ਉਹੋ ਤੀਵੀਂ ਸੀ ਜਿਸ ਉਹਦੇ ਪਿੱਛੇ ਆਪਣੀ ਹਰ ਗੱਲ ਛੱਡ ਦਿੱਤੀ ਸੀ, ਆਪਣੀ ਦਿਹ ਵੀ ਗਾਲ ਲਈ ਸੀ...ਤੇ ਕਦੇ ਕਦੇ ਉਹਨੂੰ ਇੰਜ ਲੱਗਦਾ ਸੀ ਜਿਵੇਂ ਬਲੰਤੋ ਵਿਚ ਉਹਦੀ ਜਾਨ ਸੀ - ਜਿਵੇਂ ਬਾਤਾਂ ਵਾਲੇ ਰਾਜੇ ਦੀ ਜਾਨ ਪਿੱਪਲ ਉਤੇ ਟੰਗੇ ਤੋਤੇ ਵਿਚ।...ਇਹ ਲੋਕ ਤੀਵੀਂ ਨੂੰ ਕੀ ਆਖਦੇ ਸਨ? ਗਿਆਲੇ ਦੀ ਹਾਲਤ ਬੇਹੋਸ਼ੀ ਵਰਗੀ ਹੋ ਗਈ। ਉਹ ਉਕਾ ਬੌਂਦਲ ਗਿਆ ਸੀ।
ਅਖੀਰ ਕਈ ਸਿਆਣੇ ਲੰਮੀਂ ਸੋਚ ਕੇ ਮਾਘੀ ਤੇ ਉਹਦੇ ਪਿਉ ਨੂੰ ਉਥੋਂ ਮੱਲੋਜ਼ੋਰੀ ਲੈ ਗਏ। ਹਰੇਕ ਨੇ ਬਲੰਤੋ ਤੇ 'ਜਨਾਨੇ' ਗਿਆਲੇ ਨੁੰ ਚਿੱਤ ਆਈਆਂ ਗਾਲ੍ਹਾਂ ਕੱਢੀਆਂ ਤੇ ਹੌਲੀ-ਹੌਲੀ ਤੁਰ ਗਏ। ਵਿਹੜੇ ਦਾ ਰੌਲਾ ਸਾਰੇ ਪਿੰਡ 'ਚ ਖਿਲਰ ਗਿਆ ਪਰ ਬਲੰਤੋ ਅਜੇ ਓਵੇਂ ਘੋਟਾ ਫੜੀ ਕੰਧ ਨਾਲ ਲੱਗੀ ਖੜੋਤੀ ਸੀ।
ਗਿਆਲਾ ਘਾਊਂ-ਮਾਊਂ ਜਿਹਾ ਹੋਇਆ ਅੰਦਰ ਜਾ ਵੜਿਆ। ਉਹਨੂੰ ਪਤਾ ਨਹੀਂ ਸੀ ਲੱਗਾ ਕਿ ਅੰਦਰ ਵੜਦਿਆਂ ਉਹ ਕਦੋਂ ਮੁਸਕਰਾ ਪਿਆ ਤੇ ਉਹਦੀ ਏਸ ਓਪਰੀ ਮੁਸਕਾਨ ਨੂੰ ਤੱਕ ਕੇ ਆਥਣ ਦੇ ਘਸਮੈਲੇ ਚਾਨਣ ਵਿਚ ਡਡਿਆਂਦੇ ਨਿਆਣੇ ਹੋਰ ਵਧੇਰੇ ਸਹਿਮ ਕੇ ਇੱਕ ਦਮ ਚੁੱਪ ਕਰ ਗਏ ਸਨ।
...ਤੇ ਫੇਰ ਉਸੇ ਪਲ ਉਹਨੂੰ ਬਾਹਰ ਕਾਸੇ ਦੇ ਡਿੱਗਣ ਦੀ ਆਵਾਜ਼ ਸੁਣੀ ਜਿਵੇਂ ਹਨੇਰੀ ਨਾਲ, ਖੜਸੁੱਕ ਟਾਹਲੀ ਦਾ ਕੋਈ ਬੋਦਾ ਟਾਹਣਾ ਟੁੱਟ ਕੇ ਡਿੱਗਿਆ ਹੋਵੇ। ਉਹ ਬਾਹਰ ਨੱਸਿਆ। ਬਲੰਤੋ ਮੂਧੇ ਮੂੰਹ ਡਿੱਗੀ ਪਈ ਸੀ। ਉਹ ਹੱਥਾਂ 'ਤੇ ਚੁੱਕ ਕੇ ਉਹਨੂੰ ਅੰਦਰ ਲੈ ਆਇਆ।
ਤੇ ਓਦੂੰ ਸਤਵੇਂ ਦਿਨ ਲੋਕਾਂ ਨੇ ਸੁਣਿਆ ਬਲੰਤੋ ਮਰ ਗਈ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ