ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ (ਪੰਜਾਬੀ ਲੇਖ) : ਰਵੇਲ ਸਿੰਘ ਇਟਲੀ
ਇਹ ਆਲੀ ਸ਼ਾਨ ਅਸਥਾਨ, ਛੋਟੇ ਘੱਲੂ ਘਾਰੇ ਨਾਲ ਸਬੰਧਤ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਮੇਰੇ ਪਿੰਡ ਨਵਾਂ ਪਿੰਡ ਬਹਾਦਰ (ਗੁਰਦਾਸ ਪੁਰ) ਦੇ ਚੜ੍ਹਦੇ ਪਾਸੇ ਨਿਕਾਸੀ ਨਹਿਰ ਤੋਂ ਕਾਹਨੋਂਵਾਨ ਛੰਭ ਦੇ ਨਾਲ ਥੋੜੀ ਵਿੱਥ ਤੇ ਇਸ ਪਿੰਡ ਦੀ ਜੂਹ ਵਿੱਚ ਸੁਸ਼ੋਭਿਤ ਹੈ।
ਮਹਿਕਮਾ ਮਾਲ ਦੇ ਰੀਕਾਰਡ ਅਨੁਸਾਰ ਇਹ ਜਗ੍ਹਾ ਕਾਇਮੀ ਦਾ ਨੰਬਰ ਖਸਰਾ ਕਾਇਮੀ 89 ਕੁੱਲ ਰਕਬਾ 6 ਕਨਾਲ ਗੈਰ ਮੁਮਕਨ ਰਾਮ ਸਿੱਧ ਦਰਜ ਹੈ।
ਇਸ ਪਿੰਡ ਦੇ ਮਾਲ ਰੀਕਾਰਡ ਅਨੁਸਾਰ ,ਮਾਲਕੀ ਜੁਮਲਾ ਮਾਲਕਾਨ ਆਰਾਜੀ ਵਾ ਦੀਗਰ ਆਰਾਜੀ ਹਸਬ ਰਸਦ ਰਕਬਾ ਖਾਨਾ ਕਾਸ਼ਤ ਵਿੱਚ ਦਰਜ ਹੈ।
ਜਿਸ ਤੋਂ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਕਦੇ ਕਿਸੇ ਸਮੇਂ ਏਥੇ ਕਿਸੇ ਰਾਮ ਸਿੱਧ ਨਾਂ ਦੇ ਸਾਧੂ ਦਾ ਇਹ ਟਿਕਾਣਾ ਰਿਹਾ ਹੋਵੇਗਾ।
1947 ਦੀ ਦੇਸ਼ ਦੀ ਵੰਡ ਤੋਂ ਸਾਡਾ ਪ੍ਰਿਵਾਰ ਥਾਂ ਥਾਂ ਖੱਜਲ ਖੁਆਰ ਹੁੰਦਾ ਆਖਰ 1950 ਵਿੱਚ ਇਸ ਪਿੰਡ ਵਿੱਚ ਆ ਵੱਸਿਆ ਓਦੋਂ ਇਹ ਜਗ੍ਹਾ ਰਾਮ ਸਿੱਧਾਂ ਦੇ ਨਾਂ ਨਾਲ ਜਾਣੀ ਜਾਂਦੀ ਸੀ।
ਚਾਰ ਚਫੇਰੇ ਛੰਭ ਵਿੱਚ ਘਿਰੀ ਥਾਂ ਉਜਾੜ ਸੰਘਣੇ ਰੁੱਖ ਪਿੱਪਲ ਖਜੂਰਾਂ ਆਦਿ ਅਤੇ ਹੋਰ ਕਈ ਕਿਸਮਾਂ ਦੀਆਂ ਕੰਡਿਆਲੀਆਂ ਝਾੜੀਆਂ ਦੀ ਵੈਰਾਨ ਤੇ ਸੁੰਨਸਾਨ ਝੰਗੀ ਹੁੰਦੀ ਸੀ। ਜਿਸ ਵਿੱਚ ਇਕ ਛੱਪੜੀ ਜਿਹੀ ਹੁੰਦੀ ਸੀ।
ਜਿਸ ਦੇ ਇਤਹਾਸ ਬਾਰੇ ਕਿਸੇ ਨੂੰ ਘੱਟ ਹੀ ਪਤਾ ਨਹੀਂ ਸੀ।
ਪਿੰਡ ਵਾਲੇ ਆਪਣੀਆਂ ਸੱਜਰ ਸੂਈਆਂ ਲਵੇਰੀਆਂ ਦੇ ਦੁੱਧ ਦੀ ਖੀਰ ਬਣਾ ਕੇ ਏਥੇ ਇਸ ਜਗਾਹ ਦੀ ਏਸ ਛੱਪੜੀ ਦੇ ਕੰਢੇ ਤੇ ਮੰਨੱਤ ਪੂਰੀ ਹੋਣ ਤੇ ਚਾੜ੍ਹਿਆ ਕਰਦੇ ਸਨ ਤੇ ਬਾਕੀ ਬਚਦਾ ਪ੍ਰਸ਼ਾਦ ਵਾਂਗੋਂ ਆਂਉਦੇ ਜਾਂਦੇ ਲੋਕਾਂ ਵਿੱਚ ਵੰਡ ਦਿਆ ਕਰਦੇ ਸਨ।
ਕਹਿਣ ਦਾ ਭਾਵ ਲੋਕਾਂ ਦੀ ਇਸ ਜਗਾਹ ਤੇ ਇਹ ਆਸਥਾ ਸ਼ਾਇਦ ਪਰਾਣੇ ਸਮੇ ਤੋਂ ਹੀ ਚਲੀ ਆ ਰਹੀ ਹੈ।
ਸਮੇਂ ਸਮੇਂ ਸਿਰ ਇਸ ਉਜਾੜ ਪਈ ਜਗਾਹ ਨੂੰ ਆਬਾਦ ਕਰਨ ਲਈ ਕਈ ਸਾਧੂ ਸੰਤ ਆਏ,ਪਰ ਬਹੁਤਾ ਸਮਾਂ ਏਥੇ ਨਹੀਂ ਟਿਕੇ ਅਤੇ ਇਸੇ ਤਰ੍ਹਾਂ ਇਹ ਜਗਾਹ ਉਸੇ ਤ੍ਰਹਾਂ ਵਿੱਚ ਵਿਚਾਲੇ ਛੱਡ ਕੇ ਕਿਤੇ ਹੋਰ ਥਾਂ ਚਲੇ ਗਏ।
ਫਿਰ ਇਸ ਪਿੰਡ ਤੋਂ ਨੇੜਲੇ ਪਿੰਡ ਗ੍ਹੋਤ ਪੋਕਰ ਦਾ ਇੱਕ ਸ਼ਖਸ ਜੋ ਭਗਤ ਪ੍ਰੀਤਮ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਜਿਸ ਦਾ ਆਉਣਾ ਜਾਣਾ ਇਸੇ ਪਿੰਡ ਵਿੱਚ ਸੰਤ ਬਾਬਾ ਢੇਰੂ ਆਣਾ ਨਾਂ ਦੇ ਇੱਕ ਮਨ ਮੌਜੀ ਸਾਧ ਦੇ ਡੇਰੇ ਸੀ।
ਉਸੇ ਫੱਕਰ ਦੀ ਪ੍ਰੇਰਨਾ ਨਾਲ ਭਗਤ ਪ੍ਰੀਤਮ ਸਿੰਘ ਨੇ ਇਸ ਜਗ੍ਹਾ ਦੀ ਸਾਫ ਸਫਾਈ ਕਰਕੇ ਇਸ ਜਗਾਹ ਤੇ ਇਕ ਸੱਭ ਧਰਮਾਂ ਦਾ ਪ੍ਰਤੀਕ ਚਾਰ ਦਰਵਾਜਿਆਂ ਵਾਲਾ ਗੁੰਬਦ ਵਾਲਾ ਕਮਰਾ ਜਿਸ ਦੇ ਆਲੇ ਦੁਆਲੇ ਗੋਲ ਵਰਾਂਡਾ ਬਣਵਾ ਕੇ ਗੁਰੂ ਗ੍ਰੰਥ ਦੇ ਲੜੀ ਵਾਰ ਅਖੰਡ ਪਾਠ ਕਰਵਾ ਕੇ ਮੱਸਿਆ ਵਾਲੇ ਦਿਨ ਭੋਗ ਪਾ ਕੇ ਰੌਨਕ ਲਗਾਉਣੀ ਸ਼ੁਰੂ ਕੀਤੀ ਤੇ ਹੌਲੀ ਹੋਲੀ ਦਿਨੋ ਦਿਨ ਨੇੜੇ ਨੇੜੇ ਦੇ ਪਿੰਡਾਂ ਦੇ ਲੋਕਾਂ ਦੀ ਇਸ ਅਸਥਾਨ ਪ੍ਰਤੀ ਆਸਥਾ ਵਧਦੀ ਗਈ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਦੋਂ ਮੈਂ ਵੀ ਇਨ੍ਹਾਂ ਲੜੀ ਵਾਰ ਅਖੰਡ ਪਾਠਾਂ ਵਿੱਚ ਪਾਠੀ ਦੀ ਡੀਊਟੀ ਕਰਿਆ ਕਰਦਾ ਸਾਂ,ਉਦੋਂ ਪਾਠੀ ਦੀ ਭੇਟਾ 10 ਰੁਪੈ ਹੋਇਆ ਕਰਦੀ ਸੀ।
ਇੱਕ ਵੇਰਾਂ ਜਦ ਮੈਨੂੰ ਇੱਕ ਅਖੰਡ ਪਾਠ ਦੀ ਭੇਟਾ ਨਾ ਮਿਲੀ ਤਾਂ ਪੁੱਛਣ ਤੇ ( ਇੱਸ ਗੁਰਦੁਆਰਾ ਦੇ ਮੋਢੀ ਭਗਤ ਪ੍ਰੀਤਮ ਸਿੰਘ ਜੀ ) ਕਹਿਣ ਲੱਗੇ ਕਿ ਉਨ੍ਹਾਂ ਪਾਸ ਇੱਕ ਗੁਰੂ ਗ੍ਰੰਥ ਦੀ ਛੋਟੀ ਸਫਰੀ ਬੀੜ ਹੈ ਤੁਸੀਂ ਭੇਟਾ ਦੇ ਬਦਲੇ ਉਹ ਸਫਰੀ ਬੀੜ ਲੈ ਲਵੋ।
ਮੈਨੂੰ ਹੋਰ ਕੀ ਚਾਹੀਦਾ ਸੀ, ਮੇਰੇ ਹਾਂ ਕਹਿਣ ਤੇ ਉਹ ਦੂਸਰੇ ਦਿਨ ਹੀ ਉਹ ਸਫਰੀ ਬੀੜ ਮੇਰੇ ਘਰ ਆ ਕੇ ਦੇ ਗਏ।
ਬੀੜ ਬੜੀ ਬਿਰਧ,ਅੰਗਾਂ ਤੇ ਜਿਲਦ ਸਮੇਤ ਉੱਖੜੀ ਹੋਏ ਵੇਖ ਕੇ ਮਨ ਨੂੰ ਬੜਾ ਦੁੱਖ ਤਾਂ ਹੋਇਆ,ਪਰ ਉਸ ਪੁਰਾਣੀ ਬੀੜ ਦੇ ਮੇਰੇ ਕੋਲ ਆ ਜਾਣ ਤੇ ਮੈਨੂੰ ਤਾਂ ਇਵੇਂ ਜਾਪਿਆ ਜਿਵੇਂ ਦੁਨੀਆ ਦਾ ਕੋਈ ਬਹੁ ਮੁੱਲਾ ਖਜਾਨਾ ਮੈਨੂੰ ਮਿਲ ਗਿਆ ਹੋਵੇ। ਇਹ ਗੱਲ 1969 ਦੀ ਹੈ ਜਦੋਂ ਮੈਂ ਸ੍ਹੀ ਅਮ੍ਹਿਤ ਸਰ ਵਿਖੇ ਨੋਕਰੀ ਕਰਦਾ ਸਾਂ, ਮੇਰੇ ਦਫਤਰ ਵਿੱਚ ਫਾਈਲਾਂ ਨੂੰ ਜਿਲਦਾਂ ਬੰਨ੍ਹਣ ਲਈ ਜਿਲਦ ਸਾਜ ਆਇਆ ਕਰਦੇ ਸਨ ,ਉਸ ਬੀੜ ਦੀ ਜਿਲਦ ਬਨ੍ਹਾਉਣ ਲਈ ਮੈਂ ਇੱਕ ਜਿਲਦ ਸਾਜ ਨੂੰ ਕਿਹਾ ਤਾਂ ਉਹ ਬੀੜ ਵੇਖ ਕੇ ਬੜੇ ਸਤਿਕਾਰ ਨਾਲ ਉਸ ਨੂੰ ਦੂਰੋਂ ਨਮਸਕਾਰ ਕਰਕੇ ਕਹਿਣ ਲੱਗਾ ਕਿ ਉਹ ਰਹਿਤੀ ਬਹਿਤੀ ਨਹੀਂ ਹੈ, ਇਸ ਲਈ ਇਹ ਕੰਮ ਕਿਸੇ ਹੋਰ ਤੋਂ ਕਰਵਾ ਲਓ,ਤਾਂ ਠੀਕ ਹੋਵੇਗਾ।
ਫਿਰ ਮੈਂ ਠੀਕ ਥਾਂ ਲਿਜਾ ਕੇ ਉਸ ਸਫਰੀ ਬੜ ਦੀ ਬੜੀ ਸੁੰਦਰ ਜਿਲਦ ਬਣਵਾਈ ਤੇ ਇੱਕ ਛੋਟਾ ਪੀੜ੍ਹਾ ਸਾਹਿਬ,ਰੁਮਾਲਾ,ਪਲਕਾਂ,ਚਾਨਣੀ,ਚੌਰ, ਤਿਆਰ ਕਰਵਾ ਕੇ,ਉਸ ਦਾ ਆਪਣੇ ਘਰ ਦੇ ਛੋਟੇ ਕਮਰੇ ਵਿੱਚ ਪ੍ਰਕਾਸ਼ ਕਰਕੇ ਨੇਮ ਨਾਲ ਸਹਿਜ ਪਾਠ ਕਰਨਾ ਅਰੰਭ ਕੀਤਾ । ਨੇਮ ਨਾਲ ਦੋਵੇਂ ਵੇਲੇ ਪ੍ਰਕਾਸ਼ ,ਸੁਖਾਸਣ ਕਰਨਾ,ਕਿਸੇ ਕੰਮ ਕਾਰ ਲਈ ਬਾਹਰ ਜਾਣਾ ਤਾਂ ਵਾਪਸ ਘਰ ਪਰਤ ਆਉਣਾ ਜਿਵੇਂ ਮੇਰਾ ਨੇਮ ਹੀ ਬਣ ਗਿਆ । ਸਹਿਜ ਪਾਠ ਕਰਨ ਦੇ ਨਾਲ ਗੁਰਬਾਨੀ ਦੇ ਅਰਥਾਂ ਨੂੰ ਭਾਈ ਕਾਹਨ ਸਿੰਘ ਜੀ ਨਾਭਾ ਜੀ ਦੇਮਹਾਨ ਸ਼ਬਦ ਕੋਸ਼ ਅਤੇ ਪ੍ਰੇਫੈਸਰ ਸਾਹਿਬ ਸਿੰਘ ਜੀ ਦੇ ਗੁਰਬਾਨੀ ਦੇ ਕੀਤੇ ਗਏ ਟੀਕੇ ਤੋਂ ਗੁਰਬਾਨੀ ਦੇ ਅਰਥ ਤੇ ਭਾਵ ਅਰਥਾਂ ਨੂੰ ਜਾਨਣ ਤੇ ਸਮਝਣ ਦਾ ਲਾਭ ਵੀ ਉਠਾਇਆ, ਇਹ ਗੱਲ ਮੇਰੇ ਨੌਕਰੀ ਸਮੇਂ ਦੀ ਹੈ,ਫਿਰ ਮੇਰੀ ਬਦਲੀ ਕਿਤੇ ਕਿਸੇ ਹੋਰ ਥਾਂ ਹੋ ਜਾਣ ਕਰਕੇ ਮਜਬੂਰੀ ਕਰਕੇ ਗੁਰਦੁਆਰੇ ਦੇ ਗ੍ਰੰਥੀ ਜੀ ਨੂੰ ਉਹ ਬੀੜ ਗੁਰਦੁਆਰੇ ਸੌਂਪਣ ਲਈ ਬੇਨਤੀ ਕੀਤੀ,ਤੇ ਉਹ ਸਫਰੀ ਬੀੜ ਗੁਰਦੁਆਰੇ ਦੇ ਤੋਸ਼ਾ ਖਾਨੇ ਵਿੱਚ ਸੁਸ਼ੋਭਿਤ ਕਰ ਦਿੱਤੀ ਗਈ।
ਜੀਵਣ ਦਾ ਉਹ ਸਮਾਂ ਜਿੰਨੇ ਚਿਰ ਉਸ ਸਫਰੀ ਬੀੜ ਦਾ ਨਿਵਾਸ ਮੇਰੇ ਗਰੀਬ ਖਾਨੇ ਵਿੱਚ ਰਿਹਾ ਉਹ ਮੇਰੇ ਜੀਵਣ ਲਈ ਵੱਡਾ ਵਰਦਾਨ ਸਾਬਤ ਹੋਇਆ । ਕਈ ਵਾਰ ਇਸ ਘਟਨਾ ਨੂੰ ਯਾਦ ਕਰਦਿਆਂ ਗੁਰਬਾਣੀ ਦਾ ਇਹ ਸ਼ਬਦ ਆਪ ਮੁਹਾਰਾ ਜੁਬਾਨ ਤੇ ਥਿਰਕਣ ਲੱਗ ਜਾਂਦਾ.
॥ ਭਾਗ ਹੋਆ ਗੁਰ ਸੰਤ ਮਿਲਾਇਆ॥
॥ਪ੍ਰਭ ਅਬਿਨਾਸੀ ਘਰ ਮਹਿ ਪਾਇਆ॥
॥ਸੇਵ ਕਰੀ ਪਲ ਚਸਾ ਨਾ ਵਿਛੜਾ,॥
॥ਜਨ ਨਾਨਕ ਦਾਸ ਤੁਮਾਰੇ ਜੀਉ॥
ਜਦੋਂ ਭਗਤ ਪ੍ਰੀਤਮ ਸਿੰਘ ਅਤੇ ਇਲਾਕੇ ਦੀ ਸੰਗਤ ਦੇ ਉਦਮ ਸਦਕਾ ਇਸ ਪੁਰਾਣੇ ਅਸਥਾਨ ਦੀ ਸਾਫ ਸਫਾਈ ਆਰੰਭ ਕੀਤੀ ਗਈ ਇਸ ਕਾਰਜ ਨੂੰ ਕਰਦਿਆ ਏਥੇ ਕੁੱਝ ਗੁਫਾ ਵਰਗੇ ਨਿਸ਼ਾਨ ਤੇ ਪੁਰਾਤਨ ਨਾਨਕ ਸ਼ਾਹੀ ਇੱਟਾਂ ਤੇ ਹੋਰ ਵੀ ਪੁਰਾਤਨ ਚੀਜਾਂ ਵਸਤਾਂ ਵੀ ਮਿਲੀਆਂ ਜਿਨ੍ਹਾਂ ਵਿੱਚੋਂ ਕੁੱਝ ਹਾਲੇ ਵੀ ਇਸ ਗੁਰਦੁਆਰੇ ਦੇ ਅਜਾਇਬ ਘਰ ਦੇ ਕਮਰੇ ਵਿੱਚ ਵੇਖੀਆਂ ਜਾ ਸਕਦੀਆਂ ਹਨ।
ਇਸ ਦੇ ਇਲਾਵਾ ਖੁਦਾਈ ਦੋਰਾਨ ਇੱਕ ਗੁਫਾ ਨੁਮਾ ਕੁਟੀਆ ਤੇ ਉਸ ਦੇ ਨਾਲ ਲਗਵੀਂ ਬੌਲੀ ਵੀ ਨਿਕਲੀ,ਜਿਸ ਦੀ ਖੁਦਾਈ ਕਰਕੇ ਇਸ ਵਿੱਚੋਂ ਠੰਡੇ ਮਿੱਠੇ ਜਲ ਦਾ ਸੋਮਾ ਨਿਕਲਿਆ । ਇਹ ਅਸਥਾਨ ਦੀ ਵੇਖਦਿਆਂ ਵੇਖਦਿਆਂ ਸੰਗਤਾਂ ਦੀ ਆਸਥਾ ਦਿਨੋ ਦਿਨ ਬੜੀ ਤੇਜੀ ਨਾਲ ਵਧਨੀ ਸ਼ੁਰੂ ਹੋਈ।
ਇੱਕ ਵੇਰਾਂ ਏਥੇ ਪਦਮ ਭੂਸ਼ਨ ਭਾਈ ਵੀਰ ਜੀ ਵੀ ਆਪਣੇ ਕੁੱਝ ਸਾਥੀਆਂ ਸਮੇਤ ਏਸ ਇਲਾਕੇ ਵਿੱਚ ਆਏ ਤਾਂ ਉਹ ਉਨ੍ਹਾਂ ਦੇ ਲਿਖੇ ਸੁੰਦਰੀ ਨਾਂ ਦੇ ਧਾਰਮਕ ਨਾਵਲ ਅਤੇ ਕੁੱਝ ਹੋਰ ਪੁਸਤਕਾਂ ਨੌਧ ਸਿੰਘ, ਕਲਗੀ ਧਰ ਚਮਤਕਾਰ ,ਆਦ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਪੜ੍ਹਨ ਲਈ ਦੇ ਗਏ, ਸੁੰਦਰੀ ਨਾਵਲ ਨੂੰ ਪੜ੍ਹਿਆਂ ਮੁਗਲ ਰਾਜ ਦੌਰਾਨ ਸਿੱਖ ਕੌਮ ਨਾਲ ਹੋਏ ਦੂਜੇ ਘੱਲੂ ਘਾਰੇ ਸਿੰਘਾ ਦੇ ਕਾਹਨੋਂਵਾਨ ਦੇ ਨਾਲ ਲਗਦੇ ਛੰਬ ਦਾ ਕਿਸੇ ਇਸ ਵਰਗੇ ਅਸਥਾਨ ਜਿੱਥੇ ਇਸ ਨਾਵਲ ਵਿਚ ਦਰਸਾਈ ਗਈ ਸੁੰਦਰੀ ਨਾਂ ਦੀ ਬਹਾਦਰ ਮੁਟਿਆਰ ਜਿਸ ਦਾ ਅਸਲ ਨਾਂ ਸੁਰਸਤੀ ਸੀ , ਜੋ ਸਿੰਘਾਂ ਦੀ ਸੇਵਾ ਕਰਦੀ ਬੜੀ ਬਹਾਦਰੀ ਨਾਲ ਮੁਗਲਾਂ ਦੇ ਹੱਥੋਂ ਜਖਮੀ ਦੇ ਕੇ ਜਿੱਥੇ ਸ਼ਹੀਦ ਹੋਈ ਇਹ ਅਸਥਾਨ ਭਾਈ ਸਾਹਿਬ ਜੀ ਨਾਵਲ ਅਨੁਸਾਰ ਕੁੱਝ ਏਸ ਤਰ੍ਹਾਂ ਦਾ ਹੋਣ ਕਰਕੇ ਏਸ ਅਸਥਾਨ ਦਾ ਨਾਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਹੀ ਪੈ ਗਿਆ ।
ਇਸੇ ਸਬੰਧ ਵਿੱਚ ਇਸ ਲੇਖ ਦੇ ਲੇਖਕ ਨੇ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ,ਦੇ ਇੱਸ ਧਾਰਮਕ ਨਾਵਲ ਬੀਬੀ ਸੁੰਦਰੀ, ਪ੍ਰਸੰਗ ਬਹਾਦਰ ਸੁੰਦਰੀ,ਕਵੀਸ਼ਰ ਜੋਗਾ ਸਿੰਘ ਜੋਗੀ,ਅਤੇ ਹੰਸ ਰਾਜ ਹੰਸ ਦੇ ਗਾਏ, ਸ਼ਮਸ਼ੇਰ ਸੰਧੂ ਦੇ ਲਿਖੇ ਗੀਤਾਂ ਦੀ ਕੇਸਟ ,ਪੱਤਾ ਪੱਤਾ ਸਿੰਘਾ ਦਾ ਵੈਰੀ, ਤੇ ਆਧਾਰਿਤ ਇੱਕ ਪੁਸਤਕ ਵਾਰ ਸ਼ਹੀਦ ਬੀਬੀ ਸੁੰਦਰੀ,ਸੰਨ 1997 ਵੱਚ ਲਿਖੀ ਸੀ।ਜਿਸ ਦੀਆਂ ਲਗ ਪਗ ਸਾਰੀਆਂ ਪੁਸਤਕਾਂ ਸੇਵਾਏ ਮੇਰੇ ਕੋਲ ਇਕੋ ਕਾਪੀ ਦੇ ਸੰਗਤਾਂ ਵਿੱਚ ਮੁਫਤ ਵੰਡੀਆਂ ਜਾ ਚੁਕੀਆਂ ਹਨ।
ਉਸੇ ਪੁਸਤਕ ਆਰੰਭ ਵਿੱਚ ਲਿਖੀ ਗਈ ਇੱਕ ਕਵਿਤਾ ਪਾਠਕਾਂ ਦੀ ਨਜਰ ਕਰਨ ਦੀ ਖੁਸ਼ੀ ਲੈ ਰਿਹਾ ਹਾਂ,
ਜਰਾ ਸਿੱਖ ਇਤਹਾਸ ਨੂੰ ਫੋਲ ਵੇਖੋ,ਭਰਿਆ ਪਿਆ ਇਤਹਾਸ ਕੁਰਬਾਨੀਆਂ ਦਾ।
ਇਸ ਦੀ ਨੀਂਹ ਪੱਕੀ,ਸਿਰਾਂ ਨਾਲ ਉਸਰੀ,ਨਾਲੇ ਹੱਥ ਸਰਬੰਸ ਦੇ ਦਾਨੀਆਂ ਦਾ।
ਇੱਕੋ ਟੇਕ ਹੈ ਗੁਗੂ ਗ੍ਰੰਥ ਉੱਤੇ, ਜਿਸ ਦੇ ਵਿੱਚ, ਉਪਦੇਸ਼ ਰੂਹਾਨੀਆਂ ਦਾ ।
ਸੇਵਾ ,ਬੰਦਗੀ,ਕਿਰਤ ਅਸੂਲ ਉੱਚੇ, ਸੁੰਦਰ ਜੋੜ ਹੈ ਤਿੰਨਾਂ ਨਿਸ਼ਾਨੀਆਂ ਦਾ।
ਉਬਲੇ ਦੇਗ ਅੰਦਰ,ਸਿਰੀਂ,ਫਿਰਾਏ ਆਰੇ,ਸਿੱਖੀ ਸਿਦਕ ਦੀ ਮਿਲੇ ਮਿਸਾਲ ਮੁਸ਼ਕਲ,
ਹੱਥੀਂ ਤੋਰਨੇ ਜੰਗ ਦੇ ਬੰਨ੍ਹ ਗਾਨੇ , ਨੀਹਾਂ ਵਿੱਚ ਚਿਣਾਵਣੇ ਲਾਲ ਮੁਸ਼ਕਲ ।
ਖਾਤਰ ਜੁਲਮ ਦੀ ਸਿਰਾਂ ਤੋ ਬਨ੍ਹ ਖੱਫਨ.ਬਣਨਾ ਮਾੜੇ ਮਜਲੂਮ ਦੀ ਢਾਲ ਮੁਸ਼ਕਲ ।
ਜਬਰ ਅਤੇ ਅਨਿਆਂ ਨੂੰ ਠੱਲ੍ਹ ਪਾਉਣੀ,ਛੱਡ ਕੇ ਘਰਾਂ ਸੱਭ ਜੰਜਾਲ ਮੁਸ਼ਕਲ।
ਵਾਰ ਸ਼ੁਰੂ ਕੀਤੀ,ਲਿਖਣੀ ਸੁੰਦਰੀ ਦੀ,ਅੱਖਾਂ ਸਾਮ੍ਹਨੇ ਸਾਰੀ ਤਸਵੀਰ ਘੁੰਮੀ।
ਐਸੀ ਕਾਂਗ ਆਈ,ਮੇਰੇ ਮਨ ਅੰਦਰ,ਕਲਮ ਤਦੋਂ ਸੀ ਵਾਂਗ ਸ਼ਮਸ਼ੀਰ ਘੁੰਮੀ।
ਧਰਮ ਲਈ ਸ਼ਹੀਦਾਂ ਦੇ ਦੇਖ ਸਾਕੇ, ਸੱਚ ਜਾਣਿਓ ਮੇਰੀ ਜਮੀਰ ਘੁੰਮੀ।
ਆਇਆ ਯਾਦ ਬਹੁਤਾ.ਲਿਖਿਆ ਬੜਾ ਥੋੜ੍ਹਾ,ਬੇਸ਼ੱਕ ਸੋਚ ਮੇਰੀ ਵਾਂਗਰ ਤੀਰ ਘੁੰਮੀ।
ਬੀਬੀ ਸੁੰਦਰੀ ਵਾਂਗਰਾਂ ਮਾਈ ਭਾਗੋ, ਸਿੱਖ ਪੰਥ ਦੀ ਆਨ ਦੇ ਸ਼ਾਨ ਸੁੰਦਰੀ।
ਸੇਵਾ ਧਰਮ ਤੇ ਉੱਚੇ ਆਚਰਨ ਵਾਲੀ,ਬੀਤੇ ਸਮੇਂ ਦੀ ਹਸਤੀ ਮਹਾਨ ਸੁੰਦਰੀ।
ਜਿਸ ਤੇ ਦੇਸ਼ ਤੇ ਕੌਮ ਨੂੰ ਮਾਨ ਡਾਢਾ,ਸਿੱਖੀ ਸਿਦਕ ਦਾ ਉੱਚਾ ਨਿਸ਼ਾਨ ਸੁੰਦਰੀ ।
ਰੂਪ ਖਾਲਸੇ ਦਾ ਨਜਰੀਂ ਪਏ ਸੁਥਰਾ ਸ਼ੀਸ਼ੇ ਵਾਂਗ ਸੁਹਣਾ ਏਸ ਵਾਰ ਵਿੱਚੋਂ,
ਕਿਵੇਂ ਜਬਰ ਦੇ ਜੁਲਮ ਨੂੰ ਠੱਲ੍ਹ ਪਾਈ,ਲੈ ਕੇ ਸਬਕ ਸਰਹੰਦ ਦੀਵਾਰ ਵਿੱਚੋਂ।
ਲੜਿਆ ਖਾਲਸਾ ਜੁਲਮ ਤੇ ਜਬਰ ਖਾਤਰ,ਜਿਹੜਾ ਜਨਮਿਆ ਖੰਡੇ ਦੀ ਧਾਰ ਵਿੱਚੋਂ।
ਜਾਨਾਂ ਤਲੀ ਤੇ ਧਰ ਕੇ ਲੜੇ ਯੋਧੇ,ਲੈ ਕੇ ਬਿਜਲੀਆਂ ਜਿਵੇਂ ਤਲਵਾਰ ਵਿੱਚੋਂ ।
ਵਿਰਸਾ ਸਿੱਖੀ ਦਾ ਬੜਾ ਅਮੀਰ ਧੁਰ ਤੋਂ, ਆਓ ਏਸ ਦੀ ਸਾਰੇ ਸੰਭਾਲ ਕਰੀਏ।
ਜਿਹੜੇ ਪੂਰਨੇ ਪਾਏ ਬਹਾਦਰਾਂ ਨੇ, ਸਦਾ ਉਨ੍ਹਾਂ ਦਾ ਆਪ ਖਿਆਲ ਕਰੀਏ।
ਜੋ ਸੀ ਕੌਮ ਦੇ ਵਾਸਤੇ ਕੰਮ ਆਏ, ਯਾਦ ਉਨ੍ਹਾਂ ਨੂੰ ਮਨਾਂ ਦੇ ਨਾਲ ਕਰੀਏ।
ਕੌਮਾਂ ਵਾਸਤੇ ਰਹੇ ਨਿਸ਼ਕਾਮ ਸੇਵਕ,ਮਿਲਕੇ ਨਾਲ ਸੇਵਾ ਮਾਲੋ ਮਾਲ ਕਰੀਏ ।
ਪਾਠਕਾਂ ਦੀ ਜਾਨਕਾਰੀ ਹਿੱਤ ਬੇਨਤੀ ਕਰਨੀ ਜਰੂਰੀ ਸਮਝਦਾ ਹਾਂ ਕਿ ਕਿ ਸਿੱਖ ਇਤਹਾਸ ਦੋ ਸਿਖ ਬੀਬੀਆਂ ਦਾ ਜਿਕਰ ਆਉਂਦਾ ਹੈ ਪਹਿਲੀ ਮਾਤਾ ਸੁੰਦਰੀ ਜੀ ਗੁਰੂ ਦਸਮ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਪਤਨੀ ਸੀ ਜੋ ਬਿਜਵਾੜਾ ਜਿਲਾ ਹੁਸ਼ਿਆਰ ਪੁਰ ਦੇ ਰਾਮ ਸਰਨ ਖੱਤਰੀ ਦੀ ਪੁੱਤਰੀ ਸੀ,ਗੁਰੂ ਸਾਹਿਬ ਦਾ ਵਿਆਹ ਸੰਨ1684 ਵਿੱਚ ਸੁੰਦਰੀ ਨਾਲ ਹੋਇਆ, ਜੋ ਦਸਮ ਪਿਤਾ ਦੇ ਸੱਭ ਤੋਂ ਵੱਡੇ ਸਾਹਿਬਜਾਦੇ ਅਜੀਤ ਸਿੰਘ ਦੀ ਜਨਮ ਦਾਤੀ ਸੀ ।
ਏਸੇ ਤਰ੍ਹਾਂ ਸਿੱਖ ਇਤਹਾਸ ਵਿੱਚ ਦੋ ਅਜੀਤ ਸਿੰਘਾਂ ਦਾ ਜਿਕਰ ਆਉਂਦਾ ਹੈ,ਇੱਕ ਇਹ ਮਾਤਾ ਸੁੰਦਰੀ ਜੀ ਦੀ ਕੁਖੋਂ ਜਨਮਿਆ ਸਾਹਿਬਜਾਦਾ ਅਜੀਤ ਸਿੰਘ ਜੋ ਸਾਹਿਬ ਜਾਦਾ ਜੁਝਾਰ ਸਿੰਘ ਨਾਲ ਚਮਕੋਰ ਦੀ ਜੰਗ ਵੇਲੇ ਮੁਗਲ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋਇਆ ਅਤੇ ਦੂਸਰਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਮਾਤਾ ਸੁੰਦਰੀ ਜੀ ਨੇ ਗੋਦ ਲਿਆ। ( ਵੇਖੇ ਸਿੱਖ ਧਰਮ ਵਿਸ਼ਵ ਕੋਸ਼ ਪਬਲੀਕਸ਼ਨ ਬੀਉਰੋ ਪੰਜਾਬੀਯੂਨੀ ਵਰਸਟੀ ਪਟਿਆਲਾ )
ਜਦੋਂ ਕਿ ਸ਼ਹੀਦ ਬੀਬੀ ਸੁੰਦਰੀ ਨਾਂ ਵਾਲੇ ਇਸ ਗੁਰਦੁਆਰੇ ਵਾਲੀ ਸੁੰਦਰੀ ਜਿਲਾ ਜਲੰਧਰ ਦੇ ਪਿੰਡ ਮਜਾਰੀ ਦੇ ਸ਼ਾਹੂ ਕਾਰ ਸ਼ਾਮੂ ਸ਼ਾਹ ਦੀ ਸੁਰਸਤੀ ਨਾਂ ਦੀ ਲੜਕੀ ਸੀ ਜਿਸ ਨੂੰ ਪਿਆਰ ਨਾਲ ਸਾਰੇ ਸੁੰਦਰੀ ਕਿਹਾ ਕਰਦੇ ਸਨ।
ਇਸ ਬਾਰੇ ਹੋਰ ਬਹੁਤੀ ਜਾਨਕਾਰੀ ਪਦਮ ਭੂਸ਼ਨ ਭਾਈ ਵੀਰ ਸਿੰਘ ਦੇ ਨਾਵਲ ਤੋਂ ਲਈ ਜਾ ਸਕਦੀ ਹੈ।
ਸ਼ਹੀਦ ਬੀਬੀ ਸੁੰਦਰੀ ਨਾਂ ਦਾ ਇਹ ਗੁਰਦੁਆਰਾ ਜਿਸ ਦੀ ਬੜੀ ਆਲੀ ਸ਼ਾਨ ਨਾਲ ਸੁਸ਼ੋਭਿਤ ਹੈ,ਜਿੱਥੇ ਗੁਰਮਤਿ ਦੀਆਂ ਰਿੱਧੀਆਂ ਸਿੱਧੀਆਂ ਦੀ ਹਰ ਵੇਲੇ ਝੜੀ ਲੱਗੀ ਰਹਿੰਦੀ ਹੈ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀ ਵਾਰ ਅਖੰਡ ਪਾਠ ਚਲਦੇ ਹਨ,ਗੁਰਬਾਨੀ ਦੇ ਮਨੋਹਰ ਕੀਰਤਨ ਹੁੰਦੇ ਹਨ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੇਣ ਤੇ ਯਥਾ ਸ਼ਕਤੀ ਭੇਟਾਵਾਂ ਲੈ ਕੇ ਹਾਜ਼ਰ ਹੁੰਦੀਆਂ ਹਨ। ਅਰਦਾਸਾਂ ਹੁੰਦੀਆਂ ਹਨ,ਪਾਠਾਂ ਦੇ ਭੋਗ ਹਰ ਕੀ ਗੁਰੂ ਕੇ ਅਤੁੱਟ ਲੰਗਰ ਵਰਤਦੇ ਹਨ।.ਹਰ ਐਤਵਾਰ ਨੂੰ ਨਾਮ ਸਿਮਰਣ ਚਲਦਾ ਹੈ।
ਮੱਸਿਆ ਤੇ ਤਾਂ ਏਥੋਂ ਦੀਆਂ ਰੌਨਕਾਂ ਵੇਖਣ ਵਾਲੀਆਂ ਹੁੰਦੀਆਂ ਹਨ।
ਪੁਰਾਤਨ , ਰਾਮ ਸਿੱਧ , ਨਾਂ ਦਾ ਛੇ ਕਨਾਲ ਦੇ ਰਕਬੇ ਵਾਲਾ ਇਹ ਅਸਥਾਨ ਹੁਣ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ , ਸ਼ਰਧਾਲੂਆਂ ,ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੀ ਕਾਰਜ ਕੁਸ਼ਲਤਾ ਕਰਕੇ ਛੇ ਕਨਾਲ ਦਾ ਦੀ ਬਜਾਏ ਲਗ ਪਗ ਛੇ ਏਕੜਾਂ ਦੇ ਰਕਬੇ ਵਾਲਾ ਹੋ ਚੁਕਾ ਹੈ।
ਇੱਕ ਦੀਵਾਨ ਹਾਲ, ਹੈ, ਸਰੋਵਰ ਹੈ, ਸੇਵਾਦਾਰਾਂ ਦੇ ਆਰਾਮ ਕਰਨ ਲਈ,ਦੋ ਮੰਜ਼ਿਲੀ ਬਿਲਡਿੰਗ ਹੈ।ਵਾਸ਼ ਰੂਮ ਵੀ ਹਨ। ਬਿ੍ਧ ਆਸ਼੍ਰਮ ਤੇ ਵੱਡਾ ਲੰਗਰ ਹਾਲ ,ਵੀ ਤਿਆਰ ਹੋ ਰਿਹਾ ਹੈ।
ਖਿਡਾਰੀਆਂ ਲਈ ਖੇਡ ਮੈਦਾਨ ਹੈ। ਸਿੱਖ ਧਰਮ ਦੀਆਂ ਪੁਗਾਤਨ ਖੇਡਾਂ ਗਤਕਾ ਬਾਜ਼ੀ ਦਾ ਪ੍ਰਬੰਧ ਵੀ ਹੈ।
ਸਿਰਫ ਇੱਕੋ ਵੱਡੀ ਤੇ ਜ਼ਰੂਰੀ ਘਾਟ ਜੋ ਇਸ ਪਿੰਡ ਅਤੇ ਨੇੜਲੇ ਪਿੰਡਾਂ ਦੂਰ ਦਰੇਡੇ ਸਕੂਲਾਂ ਵਿੱਚ ਪੜ੍ਹਨ ਜਾਂਦੇ ਬੱਚਿਆਂ ਨੂੰ ਵਿਦਿਆ ਦੇਣ ਲਈ ਸਕੂਲ ਖੋਲ੍ਹਣ ਦੀ ਹੈ।
ਇਹ ਕੰਮ ਵੀ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਹੈ ਜੋ ਛੇਤੀ ਪੂਰਾ ਹੋਣ ਦੀ ਆਸ ਹੈ।
ਰਵੇਲ ਸਿੰਘ ਇਟਲੀ, ਪੰਜਾਬ
ਹੁਣ ਕੇਨੇਡਾ