Hanere Rahan Nu Rushnaun Wale Guru Nanak Patshah (Punjabi Article): Labh Singh Shergill

ਹਨ੍ਹੇਰੇ ਰਾਹਾਂ ਨੂੰ ਰੁਸ਼ਨਾਉਣ ਵਾਲ਼ੇ ਗੁਰੂ ਨਾਨਕ ਪਾਤਸ਼ਾਹ (ਲੇਖ) : ਲਾਭ ਸਿੰਘ ਸ਼ੇਰਗਿੱਲ

ਜਗਤ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਸੰਬੰਧੀ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ:-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ।।
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।

ਸੱਚਮੁੱਚ ਗੁਰੂ ਨਾਨਕ ਜੀ ਦੇ ਇਸ ਜਗਤ 'ਚ ਪ੍ਰਗਟ ਹੁੰਦਿਆਂ ਹੀ ਹਰ ਪਾਸੇ ਪਸਰਿਆ ਅਗਿਆਨ ਦਾ ਅੰਧ੍ਹੇਰਾ ਮਿਟਣ ਲੱਗਿਆ। ਉਨ੍ਹਾਂ ਦੇ ਸਮੁੱਚੇ ਜਗਤ ਨੂੰ ਸੱਚ 'ਤੇ ਚੱਲਣ ਦੇ ਦਿੱਤੇ ਸੰਦੇਸ਼ ਨੇ ਲੱਖਾਂ ਜੀਵਾਂ ਦਾ ਉਦਾਰ ਕੀਤਾ। ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਦੇਸ਼ ਤੇ ਵਿਦੇਸ਼ਾਂ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਜਿੱਥੇ-ਜਿੱਥੇ ਨਾਨਕ ਨਾਮ ਲੇਵਾ ਲੋਕਾਈ ਦਾ ਵਾਸਾ ਹੈ, ਇਸ ਸਾਂਝੇ ਰਹਿਬਰ ਦਾ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ। ਹਰ ਧਰਮ ਤੇ ਫਿਰਕੇ ਦੇ ਲੋਕ ਇਸ ਰੱਬੀ ਨੂਰ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਅਤੇ ਨਤਮਸਤਕ ਹੁੰਦੇ ਹਨ ਕਿਉਂਕਿ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਸੇ ਇੱਕ ਮਜ਼ਹਬ ਨਾਲ਼ ਬੰਨ੍ਹ ਕੇ ਨਹੀਂ ਰੱਖਿਆ ਤਾਂ ਹੀ ਤਾਂ ਪੂਰਾ ਸੰਸਾਰ ਉਨ੍ਹਾਂ ਨੂੰ ਆਪਣੇ-ਆਪਣੇ ਢੰਗ ਤਰੀਕੇ ਨਾਲ਼ ਕੋਈ ਪੀਰ,ਕੋਈ ਗੁਰੂ, ਕੋਈ ਪੈਗੰਬਰ ਤੇ ਕੋਈ ਰਹਿਬਰ ਦੇ ਰੂਪ ਵਿੱਚ ਯਾਦ ਕਰਦਾ ਹੈ।

ਚਾਰੇ ਪਾਸੇ ਪ੍ਰਕਾਸ਼ ਉਤਸਵ 'ਤੇ ਆਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਚਲਾਈ ਲੰਗਰ ਪ੍ਰਥਾ ਵਿੱਚ ਸ਼ਰਧਾਲੂ ਵਧ ਚੜ੍ਹ ਕੇ ਸੇਵਾ ਕਰਦੇ ਹਨ। ਹਰ ਪਿੰਡ, ਕਸਬੇ, ਸ਼ਹਿਰਾਂ ਵਿੱਚ ਇਸ ਦਿਨ ਬਾਬਾ ਨਾਨਕ ਦੀ ਰੱਬੀ ਬਾਣੀ ਦੇ ਪਾਠ ਸੁਣਨ ਨੂੰ ਮਿਲਦੇ ਹਨ ਅਤੇ ਉਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦਾ ਹੋਕਾ ਦਿੱਤਾ ਜਾਂਦਾ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਦਾ ਪ੍ਰਚਾਰ ਗੁਰਬਾਣੀ, ਕੀਰਤਨ ਤੇ ਗੀਤਾਂ ਰਾਹੀਂ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸਿਧਾਂਤਾਂ, ਪ੍ਰਚਾਰ, ਸੁਧਾਰਾਂ ਆਦਿ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਰਾਏ ਹੱਕ ਨੂੰ ਮੁਰਦਾਰ ਦੇ ਬਰਾਬਰ ਦੱਸਿਆ ਹੈ।ਹੱਕ ਹਲਾਲ ਦੀ ਕਮਾਈ ਨੂੰ ਵਡਿਆਇਆ ਜੋ ਅੰਮ੍ਰਿਤ ਦੇ ਸਮਾਨ ਹੁੰਦੀੇ ਹੈ ਜੋ ਕਿਰਤੀਆਂ ਦੀ ਹੱਡਭੰਨਵੀਂ ਮਿਹਨਤ,ਮੁਸ਼ੱਕਤ ਦਾ ਮੁਜੱਸਮਾ ਹੁੰਦੀ ਹੈ ਤੇ ਹਰਾਮ ਦੀ ਕਮਾਈ ਵਿੱਚੋਂ ਲਹੂ ਨਿਚੋੜ ਕੇ ਇਹ ਸਿੱਧ ਕੀਤਾ ਕਿ ਇਹ ਕਿਸੇ ਮਜ਼ਲੂਮ ਨੂੰ ਮਜਬੂਰ ਕਰਕੇ ਬੇਈਮਾਨੀ ਨਾਲ਼ ਹਾਸਲ ਕੀਤੀ ਗਈ ਸ਼ੈਅ ਖੂਨ ਦੇ ਸਮਾਨ ਹੁੰਦੀ ਹੈ ।

ਸੱਚੇ ਪਾਤਸ਼ਾਹ ਨੇ ਉਸ ਸਮੇਂ ਸਮਾਜ ਵਿੱਚ ਪ੍ਰਚੱਲਿਤ ਸਮਾਜਿਕ ਬੁਰਾਈਆਂ ਮੂਰਤੀ ਪੂਜਾ, ਕਰਮ-ਕਾਂਡ, ਤੀਰਥਵਾਦ, ਜਾਤ-ਪਾਤ, ਔਰਤ ਜਾਤੀ ਨੂੰ ਨੀਵਾਂ ਸਮਝਣਾ, ਫੋਕੇ ਕਰਮ-ਕਾਂਡਾਂ, ਵਹਿਮਾਂ ਆਦਿ ਦਾ ਨਿਧੜਕ ਹੋ ਕੇ ਖੰਡਨ ਕੀਤਾ। ਗੁਰੂ ਜੀ ਨੇ ਉਸ ਸਮੇਂ ਦੇ ਧਰਮ ਹਿੰਦੂ ਤੇ ਮੁਸਲਿਮ ਦੋਨਾਂ ਨੂੰ ਨਕਾਰਿਆ, ਉਹ ਸਿਰਫ ਇਨਸਾਨੀਅਤ ਨੂੰ ਇਨਸਾਨ ਦਾ ਧਰਮ ਮੰਨਦੇ ਸਨ। ਚੰਗੇ ਕਰਮ ਕਰਨਾ ਹੀ ਅਸਲੀ ਧਰਮ ਹੈ ,ਇਹ ਉਨ੍ਹਾਂ ਦੇ ਸਿਧਾਂਤ ਦਾ ਹਿੱਸਾ ਸੀ। ਨਾਨਕ ਮਹਾਰਾਜ ਵਿਗਿਆਨਕ ਸੋਚ ਤੇ ਦਿੱਬ ਦ੍ਰਿਸ਼ਟੀ ਦੇ ਮਾਲਕ ਸਨ ਉਨ੍ਹਾਂ ਦੀ ਬਾਣੀ ਵਿੱਚ ਬ੍ਰਹਿਮੰਡੀ ਭੇਦਾਂ ਦੀ ਸਪਸ਼ਟ ਝਲਕ ਦਿੱਸਦੀ ਹੈ, ਜਦੋਂ ਉਹ ਫੁਰਮਾਉਂਦੇ ਹਨ:-

ਪਾਤਾਲਾ ਪਾਤਾਲ ਲਖ ਅਗਾਸਾ ਅਗਾਸ ।।

ਉਨ੍ਹਾਂ ਨੇ ਵਲ਼ੀ ਕੰਧਾਰੀ ਵਰਗੇ ਹੰਕਾਰੀਆਂ ਦਾ ਹੰਕਾਰ ਤੋੜਿਆ, ਸੱਜਣ ਠੱਗ ਨੂੰ ਸੱਜਣ ਬਣਾਇਆ , ਕੌਡੇ ਰਾਕਸ਼ ਦਾ ਉਦਾਰ ਕੀਤਾ ਅਤੇ ਅਫਗਾਨ ਧਾੜਵੀ ਬਾਬਰ ਦੇ ਜ਼ੁਲਮ ਦਾ ਵਿਰੋਧ ਨਿਧੜਕ ਹੋ ਕੇ ਕੀਤਾ ਅਤੇ ਉਸ ਨੂੰ ਆਪਣੇ ਰੱਬੀ ਨੂਰ ਅਤੇ ਗਿਆਨ ਦੇ ਪ੍ਰਕਾਸ਼ ਨਾਲ਼ ਸਿੱਧੇ ਰਾਹ ਪਾਇਆ ਤਾਹੀਂ ਤਾਂ ਕਿਹਾ ਜਾਂਦਾ ਹੈ ਕਿ ਆਸਮਾਨ ਦੇ ਤਾਰੇ ਗਿਣੇ ਜਾ ਸਕਦੇ ਹਨ ਪਰ ਬਾਬੇ ਨਾਨਕ ਦੇ ਤਾਰੇ (ਗਿਆਨ ਨਾਲ਼ ਸਿੱਧੇ ਰਾਹ ਪਾਉਣਾ) ਨਹੀਂ ਗਿਣੇ ਜਾ ਸਕਦੇ। ਉਨ੍ਹਾਂ ਦੀਆਂ ਕੀਤੀਆਂ ਉਦਾਸੀਆਂ ਦਾ ਇਹ ਹੀ ਮਕਸਦ ਸੀ ਕਿ ਭੁੱਲੇ ਭਟਕੇ ਲੋਕਾਂ ਨੂੰ ਸਹੀ ਦਿਸ਼ਾ ਦੇਣਾ ਅਤੇ ਉਸ ਪ੍ਰਭੂ ਭਗਤੀ ਨਾਲ਼ ਜੋੜਨਾ। ਉਦਾਸੀਆਂ ਤੋਂ ਬਾਅਦ ਆਪਣੇ ਅਖੀਰਲੇ ਦਿਨਾਂ ਵਿੱਚ ਉਨ੍ਹਾਂ ਨੇ ਕਰਤਾਰਪੁਰ ਸਥਾਨ ਵਸਾਇਆ ਅਤੇ ਉੱਥੇ ਆਪਣੇ ਹੱਥੀਂ ਕਿਰਤ ਕੀਤੀ, ਹਲ਼ ਵਾਹਿਆ ,ਖੇਤੀ ਕੀਤੀ ਤੇ ਲੋਕਾਈ ਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ।

ਅੱਜ ਦੇ ਸੰਦਰਭ ਵਿੱਚ ਜੇ ਦੇਖਿਆ ਜਾਵੇ ਤਾਂ ਜਿੰਨ੍ਹਾਂ ਬੁਰਾਈਆਂ ਝੂਠ-ਫਰੇਬ, ਆਡੰਬਰ, ਠੱਗੀ-ਠੋਰੀ, ਵਹਿਮ-ਭਰਮ, ਚੁਗਲੀ-ਨਿੰਦਿਆ, ਮੜ੍ਹੀ-ਮਸਾਨੀ ਪੂਜਨ ਆਦਿ ਅਜਿਹੀਆਂ ਬਹੁਤ ਸਾਰੀਆਂ ਜਿੰਨ੍ਹਾਂ ਤੋਂ ਉਨ੍ਹਾਂ ਨੇ ਸਾਨੂੰ ਵਰਜਿਆ ਸੀ, ਅਸੀਂ ਅੱਜ ਤੱਕ ਵੀ ਉਨ੍ਹਾਂ ਬੁਰਾਈਆਂ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲ ਪਾਏ। ਇਸ ਦਾ ਮਤਲਬ ਇਹ ਹੈ ਕਿ ਅਸੀਂ ਸਿਰਫ ਸੁਣਦੇ ਹਾਂ ਉਸ ਤੇ ਅਮਲ ਨਹੀਂ ਕਰਦੇ। ਉਨ੍ਹਾਂ ਨੇ ਮਨੁੱਖ ਨੂੰ ਸਾਦਾ ਰਹਿਣ-ਸਹਿਣ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਪਰ ਅਸੀਂ ਅੱਜ ਉਨ੍ਹਾਂ ਦੇ ਕਿਰਤ ਕਰਨ ਦੇ ਦਿੱਤੇ ਸੰਦੇਸ਼ ਨੂੰ ਵਿਸਾਰ ਦਿੱਤਾ ਹੈ। ਕੋਈ ਕਿਰਤ ਕਰਕੇ ਰਾਜ਼ੀ ਨਹੀਂ। ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਬਿਨਾਂ ਕੋਈ ਕੰਮ ਕੀਤੇ ਹੀ ਧਨ-ਦੌਲਤ ਮਿਲਦੀ ਰਹੇ ਜੋ ਗਲਤ ਸੋਚ ਦੀ ਨਿਸ਼ਾਨੀ ਹੈ। ਉਹ ਮਾਨਵਤਾ ਨੂੰ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਦਿੰਦੇ ਹੋਏ ਫੁਰਮਾਉਂਦੇ ਹਨ:-

ਘਾਲਿ ਖਾਇ ਕਿਛੁ ਹਥਹੁ ਦੇਇ ।।

ਬੇਈਮਾਨੀ, ਠੱਗੀ-ਠੋਰੀ, ਹਰਾਮ ਨਾਲ਼ ਕਮਾਈ ਦੌਲਤ ਇਨਸਾਨ ਦੀ ਮੱਤ ਮਾਰ ਦਿੰਦੀ ਹੈ ਜਿਸ ਨਾਲ਼ ਉਹ ਪਾਪਾਂ ਦੇ ਜਾਲ਼ ਵਿੱਚ ਘਿਰਿਆ ਰਹਿੰਦਾ ਹੈ।

ਜੇ ਅਸੀਂ ਸਾਡੇ ਇਸ ਮਹਾਨ ਗੁਰੂ, ਪੈਗੰਬਰ, ਰਹਿਬਰ ਨੂੰ ਉਨ੍ਹਾਂ ਦੇ ਇਸ ਪ੍ਰਕਾਸ਼ ਪੁਰਬ ਤੇ ਸੱਚੇ ਮਨ ਨਾਲ਼, ਸ਼ਰਧਾ ਭਾਵਨਾ ਨਾਲ਼ ਯਾਦ ਕਰਨ ਅਤੇ ਨਤਮਸਤਕ ਹੋਣਾ ਚਾਹੁੰਦੇ ਹਾਂ ਤਾਂ ਅੱਜ ਸਾਨੂੰ ਲੋੜ ਹੈ ਉਨ੍ਹਾਂ ਦੇ ਦੱਸੇ ਰਾਹ ‘ਤੇ ਚੱਲਣ ਦੀ ਤੇ ਹਰ ਤਰ੍ਹਾਂ ਦੀ ਬੁਰਾਈ ਜੋ ਮਾਨਵ ਜਾਤੀ ਲਈ ਘਾਤਕ ਹੈ, ਨੂੰ ਤਿਆਗਣ ਦੀ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਦੇ ਦਿੱਤੇ ਉਪਦੇਸ਼ ਨੂੰ ਧਾਰਨ ਕਰਨ ਦੀ ਤਾਂ ਕਿ ਉਨ੍ਹਾਂ ਦੇ ਸੱਚੇ-ਸੁੱਚੇ ਬੋਲ਼ ਸਾਡੇ ਹਨ੍ਹੇਰੇ ਰਾਹਾਂ ਨੂੰ ਹਮੇਸ਼ਾ ਰੁਸ਼ਨਾਉਂਦੇ ਰਹਿਣ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •