Hawaldar Shingara Singh (Punjabi Story) : Navtej Singh

ਹਵਾਲਦਾਰ ਸ਼ਿੰਗਾਰਾ ਸਿੰਘ (ਕਹਾਣੀ) : ਨਵਤੇਜ ਸਿੰਘ

ਸੁੰਦਰ ਤ੍ਰਲੋਕੇ ਦੇ ਵੇਲਣੇ ਤੋਂ ਰੌਹ ਦੀ ਗਾਗਰ ਲੈ ਕੇ ਘਰ ਪੁੱਜਿਆ ਹੀ ਸੀ ਕਿ ਹਵਾਲਦਾਰ ਸ਼ਿੰਗਾਰਾ ਸਿੰਘ ਨੇ ਰੌਲੀ ਪਾ ਦਿਤੀ, “ਵੇਲਣਾ ਧਵਾਇਆ ਨਹੀਂ ਹੋਣਾ—ਉਹ ਵੇਖ ਲਹੂ! ਮਨੁੱਖਾਂ ਦਾ ਲਹੂ! ਤੇਰੇ ਦੀਦੇ ਨਾਲ ਨਹੀਂ। ਕਿਆ ਮਲਕ ਦੇਣੀ ਚੁੱਕੀ ਲਿਆਂਦੈ ਲਹੂ ਦੀ ਭਰੀ ਗਾਗਰ!”

ਸੁੰਦਰ ਦੀ ਮਾਂ ਤੇ ਭੈਣ ਬੀਰੋ ਬਥੇਰਾ ਵਿਚ ਪਈਆਂ, ਪਰ ਸੁੰਦਰ ਦੇ ਭਾਊ ਸ਼ਿੰਗਾਰਾ ਸਿੰਘ ਉੱਤੇ ਤਾਂ ਕੋਈ ਭੂਤ ਸਵਾਰ ਸੀ। ਉਹਨੇ ਰੌਹ ਦੀ ਭਰੀ ਭਰਾਤੀ ਗਾਗਰ ਡੋਲ੍ਹ ਕੇ ਹੀ ਸਾਹ ਲਿਆ।

ਫੇਰ ਹਵਾਲਦਾਰ ਸ਼ਿੰਗਾਰਾ ਸਿੰਘ ਆਪਣੇ ਹੀ ਵੇਗ ਨਾਲ ਹਫ਼ ਗਿਆ। ਬਿੰਦ ਕੁ ਅਟਕ ਕੇ ਉਹਨੇ ਚੁਲ੍ਹੇ ਵਿਚੋਂ ਸੁਆਹ ਦੀਆਂ ਕੁਝ ਮੁਠਾਂ ਗਾਗਰ ਵਿਚ ਪਾਈਆਂ, ਤੇ ਬਾਹਰ ਚਲਾ ਗਿਆ।

ਬੀਰੋ ਕਹਿਣ ਲਗੀ, “ਵੀਰ ਤੈਨੂੰ ਚੰਗਾ ਭਲਾ ਪਤਾ ਏ ਕਿ ਭਾਊ ਰੌਹ ਤੇ ਵੜੀਆਂ ਤੱਕਦਿਆਂ ਹੀ ਸ਼ੁਦਾਈ ਹੋ ਜਾਂਦੈ। ਮੈਨੂੰ ਤੇ ਮਾਂ ਨੂੰ ਵੜੀਆਂ ਏਨੀਆਂ ਚੰਗੀਆਂ ਲੱਗਦੀਆਂ ਨੇ, ਤੇ ਹੁਣ ਅਸੀਂ ਵੜੀਆਂ ਘਰ ਕਦੇ ਵਾੜੀਆਂ ਵੀ ਨਹੀਂ—ਜਿਵੇਂ ਕਿਤੇ ਗੰਗਾ ਜੀ ਜਾ ਕੇ ਛੱਡ ਆਈਆਂ ਹੋਵੀਏ—ਤੇ ਤੇਰਾ ਇਸ ਰੜੀ ਰੌਹ ਬਿਨਾਂ ਨਹੀਂ ਸੀ ਸਰਦਾ? ਸਵੇਰੇ-ਸਵੇਰੇ ਬਖੇੜਾ ਖੜ੍ਹਾ ਕਰ ਲਿਆ ਈ। ਹੁਣ ਪਤਾ ਨਹੀਂ ਭਾਊ ਕਿੰਨੀ ਦੇਰ ਉਹ ਗਾਗਰ ਹੀ ਮਾਂਜਦਾ ਰਹੇਗਾ।”

“ਪੋਹ ਰਿਦ੍ਹੀ ਤੇ ਮਾਘ ਖਾਧੀ—ਮੈਂ ਸੋਚਿਆ ਸੀ ਮਾਘੀ ਦੇ ਵਰ੍ਹੇ-ਵਰ੍ਹੇ ਦੇ ਦਿਨ ਰੌਹ ਦੀ ਖੀਰ ਤਾਂ ਖਾ ਲਈਏ! ਭਲਾ ਲੋਹੜੀ ਨੂੰ ਦਾਰੂ ਦਾ ਘੁੱਟ ਤਾਂ ਭਾਊ ਦੇ ਆਖੇ ਲੱਗ ਨਾ ਪੀਵਾਂਗਾ!”

“ਵੱਡਿਆ ਦਾਰੂ-ਪੀਣਿਆਂ! ਤੈਨੂੰ ਜੀਭ ਦੇ ਚਸਕੇ ਤੋਂ ਛੁੱਟ ਹੋਰ ਕੁਝ ਨਹੀਂ ਸੁੱਝਦਾ। ਪੋਹ ਰਿਦ੍ਹੀ, ਮਾਘ ਖਾਧੀ—ਤੈਨੂੰ ਪਤਾ ਈ ਏ ਜਦੋਂ ਦੀ ਭਾਊ ਨੇ ਪੁਲਸ ਦੀ ਨੌਕਰੀ ਛੱਡੀ ਏ, ਰੌਹ ਤੇ ਵੜੀਆਂ ਵਿਚੋਂ ਉਹਨੂੰ ਲਹੂ ਨਜ਼ਰ ਆਣ ਲੱਗ ਪਿਆ ਏ।”

“ਗੱਲ ਨਿਰੀ ਰੌਹ ਤੇ ਵੜੀਆਂ ਤੱਕ ਹੀ ਨਹੀਂ ਰਹੀ—ਕੱਲ੍ਹ ਸਕੂਲ ਦੀ ਕੰਧ ਪਿਆ ਟੋਂਹਦਾ ਸੀ। ਮੈਂ ਕੋਲ ਗਿਆ ਤੇ ਮੈਨੂੰ ਕਹਿਣ ਲੱਗਾ, ‘ਇਹ ਕੰਧ ਛਾਨਣੀ-ਛਾਨਣੀ ਹੋਈ ਪਈ ਏ। ਗੋਲੀਆਂ–ਗੋਲੀਆਂ...ਇਹ ਸਕੂਲ ਦੀ ਕੰਧ ਏ ਨਾ!’ ਉਸ ਵੇਲੇ ਵੀ ਉਹਦਾ ਮੂੰਹ ਇਨ-ਬਿਨ ਏਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਹੁਣੇ ਰੌਹ ਦੀ ਗਾਗਰ ਨੂੰ ਵੇਖ ਕੇ ਹੋ ਗਿਆ ਸੀ।”

ਉਨ੍ਹਾਂ ਦੀ ਮਾਂ ਬੋਲੀ, “ਮੈਨੂੰ ਤਾਂ ਇਨ੍ਹਾਂ ਦਾ ਝੋਰਾ ਖਾਈ ਜਾ ਰਿਹਾ ਏ। ਚੰਗੇ-ਭਲੇ ਹੁੰਦੇ ਸਨ। ਜਾਂ ਤਾਂ ਹੋਵੇ ਭਈ, ਕਿਤੇ ਜਮਾਂਦਰੂ ਹੀ ਕਿਸੇ ਨੂੰ ਕੋਈ ਛਾਇਆ ਪੈਂਦੀ ਹੋਵੇ। ਏਨੇ ਨਰੋਏ ਹੁੰਦੇ ਸਨ, ਤੇ ਹੱਸਮੁਖ। ਬਸ ਜਦੋਂ ਦਾ ਉਹ ਸੋਢੀ ਸਾਹਿਬ ਇਨ੍ਹਾਂ ਨੂੰ ਠਾਣੇਦਾਰੀ ਦਾ ਲਾਰਾ ਲਾ ਕੇ ਮੁਕਰਿਆ ਏ, ਅਜਿਹੀ ਦਿਲ ਨੂੰ ਲਾ ਲਈ ਏ! ਚੰਗੇ ਭਲੇ ਹਵਾਲਦਾਰ ਸਨ, ਰਿਜ਼ਕ ਨੂੰ ਲੱਤ ਮਾਰ ਆਏ ਤੇ ਓਦੋਂ ਦੇ ਇੰਜ ਡੌਰ ਭੌਰ ਹੋਏ ਫਿਰਦੇ ਨੇ ਜਿਵੇਂ ਕੁਝ ਚੰਬੜ ਗਿਆ ਹੋਇਆ ਏ। ਹੁਣ ਉੱਕਾ ਸੂਫ਼ੀ ਰਹਿੰਦੇ ਨੇ। ਆਪ ਤਾਂ ਕੀ, ਦਾਰੂ ਹੋਰ ਕਿਸੇ ਕੋਲ ਵੀ ਇਨ੍ਹਾਂ ਨੂੰ ਵੱਢਿਆਂ ਨਹੀਂ ਭਾਂਦਾ; ਤੇ ਜਦੋਂ ਨੌਕਰੀ ਉੱਤੇ ਸਨ, ਆਮ ਦਾਰੂ ਪੀ ਲੈਂਦੇ ਸਨ, ਪਰ ਸੁਰਤ ਕੈਮ ਰੱਖਦੇ ਸਨ। ਹੁਣ ਸੂਫ਼ੀ ਨੇ, ਪਰ ਸ਼ਰਾਬੀਆਂ ਤੋਂ ਵੱਧ ਬੇਸੁਰਤ!”

“ਕੋਈ ਹਕੀਮ ਡਾਕਟਰ ਨਹੀਂ ਛੱਡਿਆ—ਪਰ ਕਿਸੇ ਵੀ ਨਬਜ਼ ਸਿੰਝਾਤੀ ਨਹੀਂ।” ਬੀਰੋ ਦਾ ਬੋਲ ਬੜਾ ਹੀ ਉਦਾਸ ਸੀ।

ਮਾਂ ਮੁੜ ਬੋਲੀ ਤਾਂ ਇਵੇਂ ਜਾਪਿਆ ਜਿਵੇਂ ਚਿੰਤਾ ਦੇ ਖੂਹ ਵਿੱਚੋਂ ਵਾਜ ਆ ਰਹੀ ਹੋਵੇ, “ਤੁਸੀਂ ਮੇਰੀ ਤਾਂ ਇਕ ਨਹੀਂ ਸੁਣਦੇ। ਚਾਰ ਅੱਖਰ ਪੜ੍ਹ ਗਏ ਓ, ਤੇ ਤੁਹਾਡੀਆਂ’ ਸਮਾਨੇ ਅੱਖਾਂ ਲੱਗ ਗਈਆਂ ਨੇ। ਮੈਨੂੰ ਤਾਂ ਇਉਂ ਲਗਦਾ ਏ ਜਿਵੇਂ ਕਿਸੇ ਦੁਸ਼ਮਣ ਨੇ ਤੁਹਾਡੇ ਭਾਊ ਦੇ ਸਿਰ ਕੁਝ ਧੂੜ ਦਿੱਤਾ ਏ। ਜੇ ਮੇਰੀ ਮੰਨੋਂ ਤਾਂ ਵੱਡੇ ਸ਼ਹਿਰ ਆਪਣੇ ਮਾਮੇ ਕੋਲ ਆਪਣੇ ਭਾਊ ਨੂੰ ਲੈ ਜਾਓ। ਉਹਦੀ ਸਿਆਣਿਆਂ ਨਾਲ ਸੰਗਤ ਏ, ਜੇ ਅਜਿਹੀ ਕੋਈ ਕਸਰ ਹੋਈ ਤਾਂ ਉਹ ਜ਼ਰੂਰ ਕਢਵਾ ਦਏਗਾ।”

ਹਵਾਲਦਾਰ ਸ਼ਿੰਗਾਰਾ ਸਿੰਘ ਦੀ ਬਿੜਕ ਸੁਣ ਕੇ ਸਾਰੇ ਇਕਦਮ ਚੁੱਪ ਕਰ ਗਏ। ਹਵਾਲਦਾਰ ਨੇ ਮਾਂਜ-ਮਾਂਜ ਲਿਸ਼ਕਾਈ ਗਾਗਰ ਰਸੋਈ ਵਿਚ ਟਿਕਾ ਦਿਤੀ, ਤੇ ਆਪ ਨਿਢਾਲ ਹੋ ਕੇ ਮੰਜੇ ਉੱਤੇ ਲੇਟ ਗਿਆ।

ਅਖ਼ੀਰ ਇਕ ਦਿਨ ਸੁੰਦਰ ਨੇ ਆਪਣੇ ਭਾਊ ਨੂੰ ਤਿਆਰ ਕਰ ਹੀ ਲਿਆ। ਉਹਨੇ ਵੱਡੇ ਸ਼ਹਿਰ ਵਾਲੇ ਮਾਮੇ ਤੋਂ ਆਈ ਚਿੱਠੀ ਦਾ ਪੱਜ ਪਾਇਆ।

ਹਵਾਲਦਾਰ ਸ਼ਿੰਗਾਰਾ ਸਿੰਘ ਤੁਰਨ ਹੀ ਲਗਾ ਸੀ ਕਿ ਉਹਨੇ ਅੜੀ ਬੰਨ੍ਹ ਲਈ, “ਬੀਰੋ ਨੂੰ ਵੀ ਨਾਲ ਲੈ ਚੱਲੋ। ਪਿੱਛੋਂ ਇਹ ਕੁੜੀਆਂ ਨਾਲ ਬਾਹਰ ਫਿਰਨ ਚਲੀ ਜਾਏਗੀ। ਤੇਰੀ ਮਾਂ ਨੇ ਤਾਂ ਰੋਕਣਾ ਨਹੀਂ ਤੇ ਬਸ ਗੋਲੀ ਚੱਲ ਜਾਣੀ ਏਂ। ਲਹੂ…ਲਹੂ…ਕੰਜਕਾਂ ਦਾ ਲਹੂ...!”

ਜ਼ਨਾਨਾ ਸਾਥ ਬੜਾ ਔਖਾ ਹੁੰਦਾ ਹੈ, ਪਰ ਭਾਊ ਨੂੰ ਵੱਡੇ ਸ਼ਹਿਰ ਲਿਜਾਣ ਖ਼ਾਤਰ ਬੀਰੋ ਨੂੰ ਵੀ ਨਾਲ ਲਿਜਾਣਾ ਹੀ ਪਿਆ।

ਵੱਡੇ ਸ਼ਹਿਰ ਜਦੋਂ ਉਹ ਪੁੱਜੇ ਤਾਂ ਮਾਮਾ ਘਰ ਨਹੀਂ ਸੀ। ਮਾਮੀ ਨੇ ਸੁੰਦਰ ਨੂੰ ਵੱਖ ਕਰ ਕੇ ਦੱਸਿਆ, “ਉਹ ਇਕ ਸਿਆਣੇ ਨਾਲ ਤੇਰੇ ਭਾਊ ਦੀ ਹੀ ਗੱਲ ਕਰਨ ਗਏ ਨੇ। ਆਖ ਗਏ ਸਨ ਤੁਸੀਂ ਜੇ ਆਓ, ਤਾਂ ਉਨ੍ਹਾਂ ਦੇ ਮਗਰ ਹੀ ਆ ਜਾਣਾ।”

ਮਾਮੀ ਕੋਲੋਂ ਟਿਕਾਣੇ ਤੇ ਰਾਹ ਦਾ ਪੂਰਾ ਪਤਾ ਕਰ ਕੇ ਉਹ ਤਿੰਨੋਂ ਤੁਰ ਪਏ। ਸੁੰਦਰ ਨੇ ਭਾਊ ਨੂੰ ਸਾਫ਼-ਸਾਫ਼ ਨਾ ਦੱਸਿਆ ਕਿ ਹੁਣ ਕਿੱਥੇ ਜਾਣਾ ਹੈ। ਭਾਊ ਦਾ ਕੁਝ ਨਹੀਂ ਸੀ ਪਤਾ, ਕਈ ਵਾਰ ਉਹ ਬਿਨਾਂ ਕਾਰਨ ਹੀ ਨਾਂਹ ਕਰ ਦੇਂਦਾ ਹੁੰਦਾ ਸੀ। ਮਾਮੀ ਦੇ ਦੱਸੇ ਪਿੰਡ ਕੋਲ ਪੁੱਜ ਕੇ ਬਾਹਰਵਾਰ ਉਨ੍ਹਾਂ ਨੂੰ ਇਕ ਗੁਰਦੁਆਰਾ ਦਿਸਿਆ।

ਸੁੰਦਰ ਨੇ ਸੋਚਿਆ ਗੁਰਦੁਆਰੇ ਵਿਚ ਕੋਈ ਹੋਣਾ ਹੀ ਹੈ, ਉਸੇ ਕੋਲੋਂ ਉਸ ਸਿਆਣੇ ਦਾ ਘਰ ਪੁੱਛ ਲੈਂਦੇ ਹਾਂ।

ਸੁੰਦਰ ਹਾਲੀ ਮਸਾਂ ਗੁਰਦੁਆਰੇ ਦੇ ਭਾਈ ਕੋਲ ਪੁੱਜਾ ਹੀ ਸੀ ਕਿ ਬਾਹਰ ਹਵਾਲਦਾਰ ਸ਼ਿੰਗਾਰਾ ਸਿੰਘ ਨੇ ਰੌਲੀ ਪਾ ਦਿਤੀ, “ਏਸ ਗੁਰਦੁਆਰੇ ਵਿਚ ਨਾ ਜਾਈਂ, ਸੁੰਦਰਾ! ਮੈਂ ਪਛਾਣ ਲਿਆ ਏ ਇਹ। ਏਥੇ ਅੰਦਰ ਸ਼ਰਾਬ ਪਏ ਪੀਂਦੇ ਨੇ ਉਹ—ਉਹ...”

ਬੀਰੋ ਨੇ ਬਥੇਰਾ ਉਹਨੂੰ ਚੁੱਪ ਕਰਾਣਾ ਚਾਹਿਆ, “ਭਾਊ ਵਾਸਤਾ ਈ ਰੱਬ ਦਾ! ਇਹ ਆਪਣਾ ਪਿੰਡ ਨਹੀਂ! ਲੋਕੀਂ ਕੀ ਆਖਣਗੇ!...”

ਪਰ ਹਵਾਲਦਾਰ ਚੀਕੀ ਜਾ ਰਿਹਾ ਸੀ, “ਉਹੀਓ ਏ—ਗੁਰੂ ਦੇ ਘਰ ਵਿਚ ਸ਼ਰਾਬ ਉੱਡ ਰਹੀ ਏ...”

ਰੌਲੀ ਸੁਣ ਕੇ ਭਾਈ ਤੇ ਸੁੰਦਰ ਭੱਜੇ ਭੱਜੇ ਆਏ। ਸੁੰਦਰ ਹਾਲੀ ਭਾਈ ਨਾਲ ਉਸ ਸਿਆਣੇ ਬਾਰੇ ਗੱਲ ਵੀ ਨਹੀਂ ਸੀ ਕਰ ਸਕਿਆ।

ਭਾਈ ਨੇ ਹਵਾਲਦਾਰ ਸ਼ਿੰਗਾਰਾ ਸਿੰਘ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਕਿਹਾ,
“ਗੁਰਮੁਖਾ, ਧੀਰਜ ਕਰ। ਗੁਰੂ ਘਰ ਨੂੰ ਮੰਦਾ ਨਾ ਬੋਲ..।”

ਹਵਾਲਦਾਰ ਨਿਢਾਲ ਹੋ ਗਿਆ ਸੀ, ਤੇ ਸੁੰਦਰ ਤੇ ਭਾਈ ਉਹਨੂੰ ਆਸਰਾ ਦੇ ਕੇ ਗੁਰਦੁਆਰੇ ਲੈ ਗਏ। ਨਿਮੋਝੂਣ ਬੀਰੋ ਮਗਰ ਮਗਰ ਤੁਰ ਆਈ।

ਹਵਾਲਦਾਰ ਨੇ ਗੁਰਦੁਆਰੇ ਦੇ ਅੰਦਰ ਪੈਰ ਪਾਂਦਿਆਂ ਕਿਹਾ, “ਹਾਂ, ਏਥੇ ਹੀ, ਗੁਰੂ ਘਰ ਦੇ ਵਿਚ ਸ਼ਰਾਬ! ਮੈਨੂੰ ਮੁਸ਼ਕ ਪਈ ਆਉਂਦੀ ਏ। ਕਿੱਥੇ ਗਏ ਉਹ ਜਿਹੜੇ ਹੁਣੇ ਸ਼ਰਾਬ ਪਏ ਪੀਂਦੇ ਸਨ? ਬਚਾਓ, ਬਚਾਓ, ਭਾਈ ਜੀ ਆਪਣੇ ਪਿੰਡ ਨੂੰ ਬਚਾਓ! ਉਹ ਜੇ ਬਾਹਰ ਚਲੇ ਗਏ ਤਾਂ ਹੁਣੇ ਗੋਲੀ ਚੱਲ ਜਾਏਗੀ।” ਤੇ ਕਿਸੇ ਅਣ-ਮਨੁਖੀ ਭੈ ਨਾਲ ਹਵਾਲਦਾਰ ਨੇ ਅੱਖਾਂ ਮੀਟ ਲਈਆਂ ਤੇ ਕੰਨਾਂ ਵਿਚ ਉਂਗਲੀਆਂ ਦੇ ਲਈਆਂ।

ਭਾਈ ਨੂੰ ਚੇਤੇ ਆ ਗਿਆ, “ਗੁਰਮੁਖਾ, ਤੂੰ ਭਾਵੇਂ ਸ਼ੁਦਾ ਵਿਚ ਬੋਲ ਰਿਹਾ ਏਂ— ਪਰ ਤਿੰਨ ਵਰ੍ਹੇ ਹੋਏ ਸਾਡੇ ਪਿੰਡ ਇੰਜ ਹੀ ਹੋਇਆ ਸੀ!”

“ਸੱਚੀਂ?” ਬੀਰੋ ਤੇ ਸੁੰਦਰ ਅੱਭੜਵਾਹੇ ਬੋਲ ਪਏ।

ਹਵਾਲਦਾਰ ਨੇ ਹਾਲੀ ਵੀ ਅੱਖਾਂ ਮੀਟੀਆਂ ਹੋਈਆਂ ਤੇ ਕੰਨਾਂ ਵਿਚ ਉਂਗਲੀਆਂ ਦਿੱਤੀਆਂ ਹੋਈਆਂ ਸਨ।

“ਹਾਂ, ਏਸੇ ਕਮਰੇ ਵਿਚ ਜਿੱਥੇ ਤੁਸੀਂ ਬੈਠੇ ਹੋਏ ਹੋ, ਤਿੰਨ ਵਰ੍ਹੇ ਹੋਏ ਏਥੇ ਬਹਿ ਕੇ ਪੁਲਸ ਦੀ ਧਾੜ ਨੇ ਖ਼ੂਬ ਲ੍ਹੇੜ ਕੇ ਸ਼ਰਾਬ ਪੀਤੀ ਸੀ। ਤੇ ਫੇਰ ਉਹ ਪਿੰਡ ਉੱਤੇ ਟੁੱਟ ਪਏ ਸਨ। ਤਾੜ ਤਾੜ ਗੋਲੀਆਂ ਚੱਲੀਆਂ ਸਨ।”

“ਗੋਲੀਆਂ...” ਬੀਰੋ ਨੂੰ ਜਿਵੇਂ ਕੋਈ ਚੰਦਰਾ ਸੁਫ਼ਨਾ ਆ ਰਿਹਾ ਸੀ।

“ਹਾਂ, ਗੋਲੀਆਂ। ਸਾਡੇ ਪਿੰਡ ਦੇ ਪੰਜ ਜਣੇ ਓਦੋਂ ਮਾਰੇ ਗਏ ਸਨ। ਗੋਲੀਆਂ ਡੰਗਰਾਂ ਨੂੰ ਵੀ ਵੱਜੀਆਂ ਸਨ, ਤੇ ਕੋਠਿਆਂ ਨੂੰ ਵੀ। ਸਾਡੇ ਪਿੰਡ ਦੇ ਸਕੂਲ ਦੀ ਕੰਧ ਵਿਚ ਹਾਲੀ ਤੱਕ ਗੋਲੀਆਂ ਦੇ ਨਿਸ਼ਾਨ ਬਾਕੀ ਨੇ।”

ਹਵਾਲਦਾਰ ਵਿਚੋਂ ਹੀ ਬੋਲ ਪਿਆ, “ਭਾਈ ਜੀ, ਇਹ ਦੋਵੇਂ ਮੰਨਦੇ ਨਹੀਂ ਸਨ। ਮੈਂ ਇਨ੍ਹਾਂ ਨੂੰ ਬਥੇਰੀ ਵਾਰ ਕਿਹਾ ਏ। ਹੁਣ ਆ ਗਿਆ ਜੇ ਨਾ ਅਤਬਾਰ! ਸਕੂਲ ਦੀ ਕੰਧ ਵਿਚ ਗੋਲੀਆਂ ...।”

“ਪਰ ਬਾਪੂ ਉਹ ਤੇ ਏਸ ਪਿੰਡ ਦੇ ਸਕੂਲ ਦੀ ਕੰਧ ਦੀ ਗੱਲ ਪਏ ਕਰਦੇ ਨੇ। ਤੂੰ ਤਾਂ ਆਪਣੇ ਪਿੰਡ ਦੇ ਸਕੂਲ ਦੀ ਕੰਧ ਟੋਹ ਟੋਹ ਕੇ ਗੋਲੀ ਦੇ ਨਿਸ਼ਾਨ ਲਭ ਰਿਹਾ ਸੈਂ!”

ਬੀਰੋ ਨੇ ਪੁੱਛਿਆ, “ਪਿੰਡ ਵਿਚ ਡਾਕੂ ਲੁਕੇ ਹੋਣੇ ਨੇ...?”

ਭਾਈ ਦੇ ਗਹਿਰ ਗੰਭੀਰ ਮੂੰਹ ਉੱਤੇ ਇਕ ਪਰਛਾਵਾਂ ਜਿਹਾ ਆਇਆ ਜਿਵੇਂ ਕੋਈ ਪੁਰਾਣੀ ਪੀੜ ਸਜਰੀ ਹੋ ਗਈ ਸੀ, “ਧੀਏ, ਡਾਕੂ ਨਹੀਂ। ਇਕ ਤਾਂ ਬੁੱਢੀ ਮਾਈ ਮਰੀ ਸੀ, ਦੋ ਘੱਟ ਸੱਤਰ ਵਰ੍ਹਿਆਂ ਦੀ ਹੋਵੇਗੀ। ਉਹ ਆਪਣੇ ਵਿਹੜੇ ਵਿਚ ਬੈਠੀ ਵੜੀਆਂ ਪਈ ਟੁਕਦੀ ਸੀ ਕਿ ਚਾਣਚੱਕ ਪਿੰਡ ਵਿਚ ਗੋਲੀਆਂ ਦਾ ਸ਼ੂਕ-ਸ਼ਕਾਟਾ ਹੋ ਗਿਆ। ਉਹਦੇ ਨਿੱਕੇ-ਨਿੱਕੇ ਪੋਤੇ ਕਿਤੇ ਖੇਡਣ ਗਏ ਹੋਏ ਸਨ। ਉਹ ਵੜੀਆਂ ਵਿੱਚੇ ਹੀ ਛੱਡ ਕੇ ਉਨ੍ਹਾਂ ਨੂੰ ਲੱਭਣ ਚੱਲੀ ਸੀ ਕਿ ਓਥੇ ਆਪਣੇ ਵਿਹੜੇ ਵਿਚ ਹੀ ਗੋਲੀ ਖਾ ਕੇ ਡਿੱਗ ਪਈ। ਤੇ ਇਕ ਗੋਲੀ ਸਾਡੇ ਪਿੰਡ ਦੇ ਇਕ ਬੜੇ ਚੰਗੇ ਪਿਨਸ਼ਨੀਏਂ ਨੂੰ ਵੱਜੀ ਸੀ। ਉਹ ਆਪਣੇ ਵੇਲਣੇ ਉੱਤੇ ਗੰਨੇ ਪੀੜ ਰਿਹਾ ਸੀ। ਰੌਹ ਵਿਚ ਲਹੂ ਰਲ ਗਿਆ ਸੀ।”

ਹਵਾਲਦਾਰ ਟਿਕਟਿਕੀ ਬੰਨ੍ਹ ਕੇ ਭਾਈ ਵੱਲ ਤੱਕੀ ਜਾ ਰਿਹਾ ਸੀ।

“ਤੇ ਇਕ ਧੀਏ ਤੇਰੇ ਜਿੱਡੀ ਕੁੜੀ ਸੀ। ਉਹ ਆਪਣੀਆਂ ਹਾਨਣਾਂ ਨਾਲ ਰਲ ਕੇ ਬਾਹਰ ਪੈਲੀਆਂ ਵੱਲ ਫਿਰਨ ਜਾ ਰਹੀ ਸੀ ਕਿ ਉਹਨੂੰ ਹਿੱਕ ਵਿੱਚ ਗੋਲੀ ਆਣ ਵੱਜੀ।… ਉਹ ਜਿਹੜੇ ਥੜ੍ਹੇ ਤੁਸੀਂ ਤੱਕ ਰਹੇ ਹੋ ਉਹ ਏਸ ਪਿੰਡ ਦੇ ਸ਼ਹੀਦਾਂ ਦੀਆਂ ਸਮਾਧਾਂ ਨੇ।”

ਹਵਾਲਦਾਰ ਸ਼ਿੰਗਾਰਾ ਸਿੰਘ ਵਾਹੋਦਾਹੀ ਉਨ੍ਹਾਂ ਸਮਾਧਾਂ ਵੱਲ ਦੌੜ ਗਿਆ। ਓਥੇ ਪੁੱਜ ਕੇ ਸੰਗਮਰਮਰ ਉੱਤੇ ਉਕਰਿਆ ਉਹਨੇ ਓਸ ਪਿੰਡ ਦਾ ਨਾਂ ਹੀ ਹਾਲੀ ਪੜ੍ਹਿਆ ਸੀ ਕਿ ਭਾਈ, ਸੁੰਦਰ, ਤੇ ਬੀਰੋ ਨੇ ਉਹਨੂੰ ਫੜ ਲਿਆ ਤੇ ਪਿਛਾਂਹ ਹਟਾਣਾ ਚਾਹਿਆ।

ਪਰ ਹਵਾਲਦਾਰ ਸ਼ਿੰਗਾਰਾ ਸਿੰਘ ਜਿਵੇਂ ਕਿਸੇ ਮੋਰਚੇ ਉੱਤੇ ਜੰਮ ਗਿਆ ਹੋਵੇ। ਪਹਿਲਾਂ ਉਹ ਕੁਝ ਦੇਰ ਚੁੱਪ-ਚਾਪ ਖਲੋਤਾ ਰਿਹਾ, ਫੇਰ ਉਹਨੇ ਹਰ ਇਕ ਸਮਾਧ ਉੱਤੇ ਸੰਗਮਰਮਰ ਵਿਚ ਉਕਰੇ ਨਾਂ ਪੜ੍ਹੇ।

ਹੁਣ ਹਵਾਲਦਾਰ ਦੇ ਕੰਨ ਭਾਈ, ਸੁੰਦਰ ਤੇ ਬੀਰੋ ਦੀ ਇਕ ਨਹੀਂ ਸਨ ਸੁਣ ਰਹੇ। ਉਹਦੇ ਕੰਨ ਸੁਣ ਰਹੇ ਸਨ:

...ਉਹਨੂੰ ਕੱਲੇ ਨੂੰ ਕੋਈ ਕਹਿ ਰਿਹਾ ਸੀ, “ਤੈਨੂੰ ਥਾਣੇਦਾਰ ਬਣਾ ਦਿਆਂਗਾ। ਬਸ, ਬਸ, ਇਹ ਥੋੜਾ ਜਿਹਾ ਕੰਮ।”

“…ਏਸ ਪਿੰਡ ਨੂੰ ਸਬਕ ਸਿਖਾਣਾ ਚਾਹੀਦਾ ਏ, ਵੋਟਾਂ ਵੇਲੇ ਇਨ੍ਹਾਂ ਮੈਨੂੰ ਇਕ ਵੋਟ ਨਹੀਂ ਸੀ ਪਾਈ—ਤੇ ਹੁਣ ਟੈਕਸ ਦੇਣੋਂ ਵੀ ਮੁਨਕਰ ਨੇ।”

...“ਮੈਂ ਦੋ ਘੱਟ ਸੱਤਰਾਂ ਵਰ੍ਹਿਆਂ ਦਾ ਹਾਂ, ਉਹ ਵੀ ਏਨੇ ਕੁ ਵਰ੍ਹਿਆਂ ਦੀ ਹੀ ਹੋਵੇਗੀ। ਤੇ ਹੁਣੇ ਉਹ ਵੜੀਆਂ ਟੁੱਕ ਰਹੀ ਸੀ, ਤੇ ਹੁਣ ਏਸ ਜਗ ਤੇ ਹੈ ਨਹੀਂ! ਮੇਰਾ ਸਭ ਕੁਝ ਲੁੱਟਿਆ ਗਿਆ।”

“…ਵੇਲਣੇ ਵਿਚੋਂ ਜੁਗਾਂ ਤੋਂ ਮਿਠੀ ਰੌਹ ਹੀ ਨਿਕਲਦੀ ਰਹੀ ਏ; ਅੱਜ ਇਨ੍ਹਾਂ ਹੈਂਸਿਆਰਿਆਂ ਨੇ ਇਹਨੂੰ ਮੇਰੇ ਸਿਰ ਦੇ ਸਾਈਂ ਦਾ ਲਹੂ ਲਾ ਦਿੱਤਾ ਏ।”

“…ਹਾਇਆ ਨੀ ਧੀਏ ਮੋਰਨੀਏ, ਤੈਨੂੰ ਕਹੇ ਅਚਿੰਤੇ ਬਾਜ ਪਏ!”

ਹਵਾਲਦਾਰ ਚੀਕ ਪਿਆ, “ਮੈਂ ਹੋਰ ਨਹੀਂ ਸੁਣ ਸਕਦਾ! ਮੈਂ ਹੋਰ ਨਹੀਂ ਸੁਣ ਸਕਦਾ! ਭਾਈ ਜੀ ਤੁਸੀਂ ਕੱਢੋ ਆਪਣੀ ਕਿਰਪਾਨ ਤੇ ਮੇਰੀ ਧੌਣ ਲਾਹ ਦਿਓ। ਵਾਸਤਾ ਜੇ ਗੁਰੂ ਦਾ।”

ਤੇ ਹਵਾਲਦਾਰ ਆਪਣੀ ਗਰਦਨ ਭਾਈ ਜੀ ਦੇ ਅੱਗੇ ਨਿਵਾ ਕੇ ਉਹਦੇ ਤਰਲੇ ਕੱਢਣ ਲੱਗ ਪਿਆ।

“ਮੈਂ ਸਮਾਧ ਉੱਤੇ ਤੁਹਾਡੇ ਪਿੰਡ ਦਾ ਨਾਂ ਪੜ੍ਹ ਲਿਆ ਏ। ਤਿੰਨ ਵਰ੍ਹੇ ਹੋਏ ਮੈਂ ਏਸ ਪਿੰਡ ਬੜੇ ਸਾਰੇ ਸਿਪਾਹੀਆਂ ਨਾਲ ਆਇਆ ਸਾਂ।”

ਬੀਰੋ ਤੇ ਸੁੰਦਰ ਝੱਲੇ ਬੌਰੇ ਹੋਏ ਕਦੇ ਭਾਈ ਜੀ ਵੱਲ ਤੇ ਕਦੇ ਆਪਣੇ ਭਾਊ ਵੱਲ ਵੇਖ ਰਹੇ ਸਨ।

ਭਾਈ ਜੀ ਨੇ ਗਹੁ ਨਾਲ ਹਵਾਲਦਾਰ ਦੀਆਂ ਅੱਖਾਂ ਵਿਚ ਤੱਕਿਆ।

“ਉਹ ਸੋਢੀ ਸਾਹਿਬ ਏ ਨਾ, ਜਿਦ੍ਹਾ ਪਿੱਛਾ ਸਾਡੇ ਪਿੰਡ ਤੋਂ ਈ ਏਂ। ਮੈਨੂੰ ਆਪਣੀ ਕੋਠੀ ਬੁਲਾ ਕੇ ਉਹਨੇ ਕਿਹਾ ਸੀ, ‘ਬਸ ਉਨ੍ਹਾਂ ਨੂੰ ਸਬਕ ਸਿਖਾ ਆ, ਤੈਨੂੰ ਮੈਂ ਠਾਣੇਦਾਰ ਬਣਾ ਦਿਆਂਗਾ।’ ਤੇ ਏਸ ਪਿੰਡ ਸਬਕ ਸਿਖਾਣ ਆਏ ਸਿਪਾਹੀਆਂ ਵਿਚੋਂ ਵੱਡਾ ਉਸਤਾਦ ਮੈਂ ਹੀ ਸਾਂ। ...ਮੇਰੇ ਤੇ ਤਰਸ ਨਾ ਖਾਓ। ਵੱਢ ਦਿਓ ਮੇਰਾ ਸਿਰ। ਮੈਂ ਹੋਰ ਨਹੀਂ ਜਿਉਂ ਸਕਦਾ ਹੁਣ!”

ਭਾਈ ਜੀ ਨੇ ਵਧੇਰੇ ਗਹੁ ਨਾਲ ਉਹਦੀਆਂ ਅੱਖਾਂ ਵਿਚ ਤੱਕਿਆ। ਉਨ੍ਹਾਂ ਸ਼ੁਦਾਈ ਅੱਖਾਂ ਵਿਚ ਨੰਗਾ ਸੱਚ ਕੰਬ ਰਿਹਾ ਸੀ।

“ਮੈਨੂੰ ਵੱਢ ਦਿਓ! ਤੁਹਾਨੂੰ ਵੜੀਆਂ ਟੁੱਕਦਿਆਂ ਮਰੀ ਓਸ ਬੁਢੀ ਮਾਈ ਦੀ ਸਹੁੰ! ਮੈਨੂੰ ਵੱਢ ਦਿਓ, ਤੁਹਾਨੂੰ ਗੰਨੇ ਪੀੜਦਿਆਂ ਮਰੇ ਓਸ ਪਿਨਸ਼ਨੀਏਂ ਦੀ ਸਹੁੰ! ਤੁਹਾਨੂੰ ਬੀਰੋ ਜਿਹੀ ਓਸ ਕੁੜੀ ਦੀ ਸਹੁੰ! ਮੈਨੂੰ ਵੱਢ ਦਿਓ!” ਤੇ ਹਵਾਲਦਾਰ ਕੁਰਲਾਣ ਲੱਗ ਪਿਆ।

“ਤੈਨੂੰ ਕਿਸੇ ਹੋਰ ਕੀ ਮਾਰਨਾ ਏਂ! ਜਿਸ ਤੈਨੂੰ ਏਸ ਪਿੰਡ ਸਬਕ ਸਿਖਾਣ ਲਈ ਘੱਲਿਆ ਸੀ, ਉਸ ਤੈਨੂੰ ਅੱਗੇ ਕਿਹੜਾ ਜਿਊਂਦਾ ਛੱਡਿਆ ਏ!”

ਹਵਾਲਦਾਰ ਰੋਈ ਜਾ ਰਿਹਾ ਸੀ, ਸੰਗਮਰਮਰ ਉੱਤੇ ਉਕਰੇ ਪਿੰਡ ਦੇ ਨਾਂ ਉੱਤੇ ਆਪਣੀ ਉਂਗਲ ਫੇਰੀ ਜਾ ਰਿਹਾ ਸੀ ਤੇ ਉੱਚੀ ਸਾਰੀ ਉਹਨੇ ਉਸ ਪਿੰਡ ਦਾ ਨਾਂ ਪੜ੍ਹਿਆ ਤੇ ਭਾਈ ਕੋਲੋਂ ਕਿਰਪਾਨ ਜ਼ੋਰੀਂ ਖੋਹ ਲਈ, “ਮੈਂ ਮੋਇਆਂ ਬਰੋਬਰ ਹੀ ਸਹੀ, ਪਰ ਕਈ ਜਰਵਾਣੇ ਹਾਲੀ ਜਿਊਂਦੇ ਨੇ, ਮੈਂ ਉਨ੍ਹਾਂ ਨੂੰ ਸਬਕ ਸਿਖਾਣ ਚੱਲਿਆ ਹਾਂ..!” ਹਵਾਲਦਾਰ ਸ਼ਿੰਗਾਰਾ ਸਿੰਘ ਨੇ ਇਕ ਚਾਂਘਰ ਮਾਰੀ, ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ।

[1959]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •