Hun Kahiye Kihnu ? (Punjabi Article): Labh Singh Shergill
ਹੁਣ ਕਹੀਏ ਕੀਹਨੂੰ ? (ਲੇਖ) : ਲਾਭ ਸਿੰਘ ਸ਼ੇਰਗਿੱਲ
ਉਂਝ ਤਾਂ ਤਕਰੀਬਨ ਹਰ ਚੋਣਾਂ ਵਿੱਚ ਹੀ ਇਹੋ ਜਿਹਾ ਕੁੱਝ ਹੁੰਦਾ ਹੈ ਪਰ ਹੁਣੇ ਹੀ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ 'ਚ ਜੋ ਕੁੱਝ ਹੋਇਆ ਤੇ ਖਬਰਾਂ ਮਿਲੀਆਂ, ਬੜਾ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲ਼ੀਆਂ ਸਨ। ਹੁਣ ਤੱਕ ਅਸੀਂ ਬਹੁਤ ਗਲ਼ਾ ਪਾੜ-ਪਾੜ ਕੇ ਸਰਕਾਰਾਂ ਨੂੰ ਭੰਡਣ 'ਤੇ ਲੱਗੇ ਹੋਏ ਸੀ ਕਿ ਪਿੰਡਾਂ ਵਿੱਚ ਨਸ਼ੇ ਨੂੰ ਫੈਲਾਉਣ ਵਿੱਚ ਇਹ ਜ਼ਿੰਮੇਵਾਰ ਹਨ ਪਰ ਜੋ ਇਨ੍ਹਾਂ ਲੰਘੀਆਂ ਚੋਣਾਂ ਵਿੱਚ ਦੇਖਣ ਸੁਣਨ ਨੂੰ ਮਿਲਿਆ ਉਹ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਸ ਲਈ ਕੋਈ ਬਾਹਰਲਾ ਨਹੀਂ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਦੂਸਰਿਆਂ ਤੇ ਦੋਸ਼ ਮੜ੍ਹਕੇ ਆਪਣੀਆਂ ਕਮਜ਼ੋਰੀਆਂ, ਆਪਣੇ ਗੁਨਾਹ ਛੁਪਾਉਣ ਦਾ ਇਹ ਸੌਖਾ ਤਰੀਕਾ ਹੁੰਦਾ ਹੈ। ਅਸੀਂ ਪਹਿਲਾਂ ਇਹ ਕਹਿੰਦੇ ਨਹੀਂ ਥੱਕਦੇ ਸੀ ਕਿ ਸਾਡੇ ਬੱਚਿਆਂ, ਸਾਡੇ ਨੌਜਵਾਨਾਂ ਨੂੰ ਸਾਜ਼ਿਸ ਤਹਿਤ ਨਸ਼ੇ ਤੇ ਲਾ ਕੇ ਬਰਬਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਐਲਾਨ ਤੇ ਉਮੀਦਵਾਰੀ ਹਾਸਲ ਕਰਨ ਵਾਲ਼ਿਆਂ ਨੇ ਨਸ਼ੇ ਦੀ ਉਹ ਹਨ੍ਹੇਰੀ ਵਗਾਈ ਕਿ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਇੱਥੇ ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਦੇ, ਬਹੁਤ ਪਿੰਡਾਂ ਵਿੱਚ ਅਜਿਹੇ ਸੂਝਵਾਨ, ਸੁਹਿਰਦ, ਸਿਆਣੇ ਤੇ ਸਮਝਦਾਰ ਲੋਕ ਵੀ ਹਨ ਜਿਨ੍ਹਾਂ ਨੇ ਸਰਬਸੰਮਤੀ ਨਾਲ਼ ਪੰਚਾਇਤਾਂ ਦਾ ਗਠਨ ਕਰ ਲਿਆ ਜਾਂ ਜੇ ਚੋਣ ਵੀ ਲੜੀ ਹੈ ਤਾਂ ਆਪਣੀ ਜ਼ਮੀਰ ਨੂੰ ਜਿਉਂਦਾ ਰੱਖ ਕੇ, ਬਿਨਾ ਕਿਸੇ ਨਸ਼ਾ-ਪੱਤਾ ਵੰਡਣ ਤੋਂ ਅਤੇ ਆਪਣੀ ਸੁਹਿਰਦ ਸੋਚ ਨਾਲ਼ ਪਿੰਡ ਦਾ ਵਿਕਾਸ ਕਰਨ ਅਤੇ ਨੌਜਵਾਨੀ ਨੂੰ ਸਹੀ ਸੇਧ ਦੇ ਕੇ ਕਿਸੇ ਆਹਰੇ ਲਾਉਣ ਦੀ ਗੱਲ ਦਾ ਪ੍ਰਚਾਰ ਕਰਿਆ ਅਤੇ ਬਹੁਤੀਆਂ ਥਾਵਾਂ ਤੇ ਲੋਕਾਂ ਨੇ ਅਜਿਹੇ ਉਮੀਦਵਾਰਾਂ ਦੇ ਹੱਕ ਵਿੱਚ ਆਪਣਾ ਫ਼ਤਵਾ ਦਿੱਤਾ ਤੇ ਉਨ੍ਹਾਂ ਨੂੰ ਜਿਤਾਇਆ ਵੀ। ਇਹ ਬਹੁਤ ਹੀ ਚੰਗੀ ਗੱਲ ਹੈ ਪਰ ਦੂਸਰੇ ਪਾਸੇ ਧੜੱਲੇ ਨਾਲ਼ ਹਰ ਪ੍ਰਕਾਰ ਦਾ ਨਸ਼ਾ ਵੰਡਣ ਅਤੇ ਹੋਰ ਤਾਂ ਹੋਰ ਘਰ-ਘਰ ਬਰਤਨ, ਸੂਟ, ਮਾਇਆ ਆਦਿ ਵੰਡਣ ਤੇ ਵੋਟਾਂ ਪੈਣ ਦੇ ਦਿਨ ਤੱਕ ਭਿੰਨ-ਭਿੰਨ ਤਰ੍ਹਾਂ ਦੇ ਪਕਵਾਨਾਂ ਨਾਲ਼ ਵੋਟਰਾਂ ਨੂੰ ਲੁਭਾਉਣ ਤੇ ਵੋਟਾਂ ਹਾਸਲ ਕਰਨ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਹੋਰ ਵਸੀਲਿਆਂ ਨਾਲ਼ ਦੇਖਣ ਸੁਣਨ ਨੂੰ ਮਿਲੀਆਂ ਹਨ ਜੋ ਕਿ ਬੜੇ ਸ਼ਰਮ ਦੀ ਗੱਲ ਹੈ। ਇੱਧਰ ਅਸੀਂ ਜਿਹੜੇ ਖਾਣ ਦੇ ਲਾਲਚੀ ਤੇ ਕੁੱਝ ਕੁ ਦਮੜਿਆਂ ਲਈ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਹਾਂ। ਬਿਨਾਂ ਸੋਚ ਵਿਚਾਰ ਕਰੇ ਆਪਣੀ ਕੀਮਤੀ ਵੋਟ ਕਿਸੇ ਅਜਿਹੇ ਦੇ ਹੱਕ ਵਿੱਚ ਪਾ ਦਿੰਦੇ ਹਾਂ ਜੋ ਬਿਲਕੁਲ ਇਸ ਦੇ ਹੱਕਦਾਰ ਨਹੀਂ ਹੁੰਦੇ। ਕੀ ਸਾਡੀ ਕੀਮਤ ਬਸ ਇੰਨੀ ਕੁ ਰਹਿ ਗਈ ? ਸਿਆਣੇ ਕਹਿੰਦੇ ਨੇ ਕਿ ਸੁੱਤੀ ਜ਼ਮੀਰ ਨੂੰ ਜਗਾਇਆ ਜਾ ਸਕਦਾ ਹੈ ਪਰ ਜੇਕਰ ਜ਼ਮੀਰ ਮਰ ਚੁੱਕੀ ਹੋਵੇ ਤਾਂ ਫਿਰ ਕੀ ਕੀਤਾ ਜਾਵੇ ? ਸਾਡੇ ਸ਼ਾਇਦ ਸਰੀਰ ਹੀ ਚਲਦੇ ਫਿਰਦੇ ਦਿਖਾਈ ਦਿੰਦੇ ਹਨ ਉਂਝ ਸਿਰ ਪੱਖੋਂ ਤਾਂ ਅਸੀਂ ਕਦੋਂ ਦੇ ਮਰ ਚੁੱਕੇ ਹਾਂ।ਰੌਲਾ ਪਾ-ਪਾ ਕੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਨਸ਼ੇ 'ਤੇ ਲਗਾਮ ਕਸੀ ਜਾਵੇ। ਇਸ ਨੇ ਸਾਡੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ ਪਰ ਮਾਫ਼ ਕਰਨਾ ਇਹ ਗੱਲ ਬੇਸ਼ੱਕ ਬਹੁਤਿਆਂ ਨੂੰ ਕੌੜੀ ਲੱਗੇਗੀ ਪਰ ਇਹ ਸੱਚ ਹੈ ਕਿ ਬਾਹਰਲੇ ਕਿਸੇ ਦੀ ਹਿੰਮਤ ਨਹੀਂ ਕਿ ਸਾਨੂੰ ਬਰਬਾਦ ਕਰ ਜੇ, ਇਹ ਬਰਬਾਦੀ ਅਸੀਂ ਆਪ ਹੀ ਕੀਤੀ ਹੈ ਤੇ ਆਪ ਹੀ ਕਰ ਰਹੇ ਹਾਂ। ਅਸੀਂ ਨਸ਼ੇ ਦੀ ਹਨ੍ਹੇਰੀ ਵਗਾਉਣ ਵਾਲ਼ਿਆਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ। ਸੋਚੋ ਅਜਿਹੇ ਸ਼ਖਸ ਪਿੰਡਾਂ ਦਾ ਭਲਾ ਕਰ ਸਕਣਗੇ। ਜਿਨ੍ਹਾਂ ਨੇ ਲੱਖਾਂ ਰੁਪਏ ਖ਼ਰਚ ਕਰਕੇ ਚੋਣ ਜਿੱਤੀ ਹੈ। ਕੀ ਉਹ ਸਾਡੇ ਪਿੰਡਾਂ ਦੇ ਸੁਧਾਰ ਤੇ ਵਿਕਾਸ ਬਾਰੇ ਸੰਜੀਦਾ ਹੋਣਗੇ ? ਸ਼ਾਇਦ ਜਵਾਬ ਸਾਡੇ ਕੋਲ਼ ਨਹੀਂ ਹੈ ਕਿਉਂਕਿ ਹੁਣ ਸਮਾਂ ਨਿਕਲ ਚੁੱਕਿਆ ਹੈ। ਹੁਣ ਚੰਗਾ ਹੋਵੇ ਜਾਂ ਮਾੜਾ ਭੁਗਤਨਾ ਹੀ ਪੈਣਾ ਹੈ। ਹੁਣ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਇਕੱਠੇ ਹੋ ਕੇ ਇਨ੍ਹਾਂ ਫ਼ੈਲੀਆਂ ਭੈੜੀਆਂ ਅਲਾਮਤਾਂ ਨਾਲ਼ ਲੜਨ ਦੀ ਲੋੜ ਹੈ ਕਿਉਂਕਿ ਕਹੀਏ ਕਿੰਨ੍ਹਾਂ ਨੂੰ ? ਹੁਣ ਤਾਂ ਬਸ ਉਸ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਨੂੰ ਸੁਮੱਤ ਬਖ਼ਸ਼ੇ ਤੇ ਕਿਸੇ ਢੰਗ ਨਾਲ਼ ਸਾਡੀ ਸੋਚ ਵਿੱਚ ਬਦਲਾਅ ਆਜੇ। ਇਹ ਇੱਕੋ ਇੱਕ ਉਮੀਦ ਹੈ,ਦੇਖਦਿਆਂ ਕਦੋਂ ਪੂਰੀ ਹੁੰਦੀ ਹੈ।