"Ih Radio Leningrad Ai !" (Russian Story in Punjabi) : Olga Bergholtz
“ਇਹ ਰੇਡੀਓ ਲੈਨਿਨਗ੍ਰਾਦ ਏ !" (ਰੂਸੀ ਕਹਾਣੀ) : ਓਲਗਾ ਬੇਰੱਗੋਲਤਸ
ਜਨਵਰੀ 1941 ਦੀ ਇਕ ਬਹੁਤ ਹੀ ਠੰਡੀ ਰਾਤ ਨੂੰ, ਜਦੋਂ ਲੈਨਿਨਗ੍ਰਾਦ ਦੇ ਤਕਰੀਬਨ ਸਭਨਾਂ ਇਲਾਕਿਆਂ ਵਿਚ ਰੇਡੀਓ ਸੁਣਾਈ ਦੇਣਾ ਬੰਦ ਹੋਇਆ ਕੋਈ ਤਿੰਨ ਦਿਨ ਹੋ ਗਏ ਸਨ, ਰੇਡੀਓ ਸਟੇਸ਼ਨ ਦੇ ਸਾਹਿਤ ਵਿਭਾਗ ਦੇ ਹੋਸਟਲ ਵਿਚ “ਇਹ ਰੇਡੀਓ ਲੈਨਿਨਗ੍ਰਾਦ ਏ!” ਨਾਂ ਦੀ ਇਕ ਕਿਤਾਬ ਲਿਖਣ ਦਾ ਫੁਰਨਾ ਫੁਰਿਆ।
ਇਸ ਦੀ ਇਕ ਵਿਸਥਾਰਮਈ ਵਿਉਂਤ ਬਣਾਈ ਗਈ। ਰੇਡੀਓ ਸਟੇਸ਼ਨ ਦਾ ਕਲਾ ਡਾਇਰੈਕਟਰ, ਬਾਬੂਸ਼ਕਿਨ, ਸਾਹਿਤ ਵਿਭਾਗ ਦਾ ਸੰਪਾਦਕ, ਮਾਕੋਗੋਨੇਨਕੋ ਤੇ ਮੈਂ ਅਖਬਾਰ ਦੇ ਸੇਡ ਵਾਲੇ ਇਕੋ ਇਕ ਨਿੰਮ੍ਹੇ ਜਿਹੇ ਬਲਬ ਦੀ ਰੋਸ਼ਨੀ ਵਿਚ ਸਾਰੀ ਰਾਤ ਬੈਠੇ ਰੂਪ-ਰੇਖਾ ਤਿਆਰ ਕਰਦੇ ਰਹੇ।
ਖਿੜਕੀ ਦੇ ਬਾਹਰ ਬਰਫੀਲੇ ਘੁੱਪ ਹਨੇਰੇ ਵਿਚ ਦਿਲ ਕੰਬਾਊ ਧਮਾਕਿਆਂ ਦੀ ਗੜਗੜਾਹਟ ਹੋ ਰਹੀ ਸੀ, ਅਤੇ ਅੰਦਰ ਵਿਭਾਗ ਦੇ ਇਕ ਵੱਡੇ ਸਾਰੇ ਲੰਮੇ ਕਮਰੇ ਵਿਚ ਅਮਲੇ ਦੇ ਲੋਕ ਕੰਧਾਂ ਨਾਲ ਜੋੜੇ ਹੋਏ ਮੰਜਿਆਂ, ਅਰਾਮ ਕੁਰਸੀਆਂ ਤੇ ਸੋਫਿਆਂ ਉੱਤੇ ਸੁੱਤੇ ਹੋਏ ਸਨ। ਕਮਰਾ ਰੇਲ ਦੇ ਡੱਬੇ ਵਾਂਗ ਲੱਗਦਾ ਸੀ। ਆਪਣੇ ਕੋਟ, ਨਮਦੇ ਦੇ ਬੂਟ ਤੇ ਦਸਤਾਨੇ ਪਾਈ, ਇਹ ਲੋਕ ਜਿਨ੍ਹਾਂ ਦੇ ਸਰੀਰ ਭੁੱਖ ਨਾਲ਼ ਜਾਂ ਤਾਂ ਪਿੰਜਰ ਬਣ ਗਏ ਸਨ ਜਾਂ ਫੁੱਲ ਗਏ ਸਨ, ਹੂੰਘਦੇ ਤੇ ਬਰੜਾਉਂਦੇ, ਬੋਝਲ ਤੇ ਬੇਚੈਨ ਨੀਂਦ ਵਿਚ ਡੁੱਬੇ ਹੋਏ ਸਨ।
10 ਜਨਵਰੀ 1942 ਦੀ ਇਹ ਰਾਤ, ਮੇਰੇ ਲਈ ਤੇ ਸਾਥੀਆਂ ਲਈ ਸਾਡੀ ਜ਼ਿੰਦਗੀ ਦੀ ਇਕ ਅਤਿ ਖੁਸ਼ੀਭਰੀ ਤੇ ਪ੍ਰੇਰਨਾਮਈ ਰਾਤ ਸੀ। ਕਾਰਨ ਇਹ ਸੀ ਕਿ ਜਦੋਂ ਅਸੀਂ ਆਪਣੀ ਕਿਤਾਬ ਦੀ ਰੂਪ ਰੇਖਾ ਤਿਆਰ ਕਰਨੀ ਸ਼ੁਰੂ ਕੀਤੀ ਤਾਂ ਅਚਾਨਕ ਅਸੀਂ ਮਹਿਸੂਸ ਕੀਤਾ ਕਿ ਅਸੀਂ, ਲੜਾਈ ਛਿੜਨ ਤੋਂ ਬਾਅਦ ਪਹਿਲੀ ਵਾਰੀ, ਉਸ ਪੈਂਡੇ ਉੱਤੇ ਪਿੱਛਲ ਝਾਤ ਪਾ ਰਹੇ ਸਾਂ ਜਿਹੜਾ ਸਾਡੇ ਸ਼ਹਿਰ, ਇਸ ਦੇ ਲੋਕਾਂ ਤੇ ਇਸ ਦੀ ਕਲਾ ਨੇ (ਸਾਡੇ ਰੇਡੀਓ ਸਟੇਸ਼ਨ ਸਮੇਤ) ਤੈਅ ਕੀਤਾ ਸੀ ਅਤੇ ਇਸ ਗੱਲੋਂ ਹੈਰਾਨ ਹੋ ਰਹੇ ਸਾਂ ਕਿ ਇਹ ਰਾਹ ਕੇਡਾ ਭਿਆਨਕ ਤੇ ਕੇਡਾ ਸ਼ਾਨਦਾਰ ਸੀ। ਲੂੰ ਲੂੰ ਵਿਚ ਝਰਨਾਟਾਂ ਛੇੜ ਦੇਣ ਵਾਲਾ ਇਕ ਐਸਾ ਤੀਬਰ ਅਹਿਸਾਸ ਹੋਇਆ ਕਿ ਯਥਾਰਥ ਭਾਵੇਂ ਕਿੰਨਾ ਵੀ ਖੌਫਨਾਕ ਹੈ, ਇਹ ਹੋ ਨਹੀਂ ਸਕਦਾ ਕਿ ਉਹ ਅਦਭੁੱਤ, ਸੁਭਾਵਿਕ ਤੇ ਸੂਝ ਵਾਲੀ ਮਨੁੱਖੀ ਹੋਂਦ ਵਾਪਸ ਨਾ ਆਵੇ ਜਿਸ ਨੂੰ “ਅਮਨ” ਆਖਿਆ ਜਾਂਦਾ ਹੈ।ਅਤੇ ਸਾਨੂੰ ਜਾਪਿਆ ਕਿ ਜਿੱਤ ਤੇ ਅਮਨ ਦੋਵੇਂ ਹੀ ਬਹੁਤ ਛੇਤੀ ਆ ਜਾਣਗੇ-ਸਿਰਫ ਕੁਝ ਦਿਨਾਂ ਦਾ ਹੀ ਮਾਮਲਾ ਹੈ !
ਇਸ ਕਰਕੇ ਅਸੀਂ, ਭਾਵੇ ਭੁੱਖੇ ਤੇ ਕਮਜ਼ੋਰ ਸਾਂ, ਮਾਣਮੱਤੇ ਤੇ ਖੁਸ਼ ਸਾਂ ਅਤੇ ਆਪਣੇ ਅੰਦਰ ਕੋਈ ਜਾਦੂ ਵਰਗੀ ਸ਼ਕਤੀ ਮਹਿਸੂਸ ਕਰ ਰਹੇ ਸਾਂ।
“ਕੁਝ ਵੀ ਹੋਵੇ, ਅਸੀਂ ਇਹ ਦਿਨ ਵੇਖਣ ਵਾਸਤੇ ਜਿਊਂਦੇ ਰਹਾਂਗੇ, ਕਿਉਂ ?'' ਯਾਸ਼ਾ ਬਾਬੂਸ਼ਕਿਨ ਖੁਸ਼ੀ ਵਿਚ ਆ ਕੇ ਬੋਲ ਉੱਠਿਆ।“ਬੜਾ ਹੀ ਜੀਅ ਕਰਦਾ ਹੈ ਵੇਖਣ ਨੂੰ, ਕਿ ਇਹ ਸਭ ਕੁਝ ਕਿਵੇਂ ਹੋਵੇਗਾ ਙ ਠੀਕ ਹੈ ਨਾ ?"
ਉਹ ਬੌਂਦਲਾਇਆ ਜਿਹਾ ਮੁਸਕ੍ਰਾਇਆ ਤੇ ਇਕ ਤੇਜ਼ ਨਜ਼ਰ ਨਾਲ ਸਾਡੇ ਵੱਲ ਵੇਖਿਆ ਤੇ ਉਹਦੀਆਂ ਵੱਡੀਆਂ ਵੱਡੀਆਂ ਚਮਕੀਲੀਆਂ ਅੱਖਾਂ ਵਿਚ ਏਡਾ ਬੇਸਬਰੀ ਤੇ ਤਾਂਘ ਭਰਿਆ ਤਰਲਾ ਸੀ ਕਿ ਅਸੀਂ ਇਕਦਮ ਸਹਿਮਤ ਹੁੰਦਿਆਂ ਆਖਿਆ:
“ਕਿਉਂ ਨਹੀਂ, ਅਸੀਂ ਜੀਵਾਂਗੇ, ਯਾਸ਼ਾ, ਹਰ ਹਾਲਤ ਵਿਚ ! ਅਸੀਂ ਸਾਰੇ ਜੀਵਾਂਗੇ।”
ਅਸੀਂ ਬੜੀ ਚੰਗੀ ਤਰ੍ਹਾਂ ਵੇਖ ਰਹੇ ਸਾਂ ਕਿ ਉਹਦੀ ਹਾਲਤ ਬਹੁਤ ਖਰਾਬ ਸੀ, ਤਕਰੀਬਨ ਮਰਨ ਕਿਨਾਰੇ।ਉਹਦਾ ਸਾਰਾ ਸਰੀਰ ਸੁੱਜ ਗਿਆ ਸੀ, ਉਹਦੀ ਚਮੜੀ ਹਰਿਆਲੀ ਦੀ ਭਾਰ ਮਾਰਦੀ ਸੀ ਤੇ ਪੌੜੀਆਂ ਚੜ੍ਹਨਾ ਉਹਦੇ ਲਈ ਬਹੁਤ ਔਖਾ ਹੋ ਗਿਆ ਸੀ।ਉਹ ਬਹੁਤ ਥੋੜ੍ਹਾ ਸੌਂਦਾ ਸੀ ਤੇ ਬਹੁਤ ਜ਼ਿਆਦਾ ਕੰਮ ਕਰਦਾ ਸੀ ਅਤੇ ਸਭ ਤੋਂ ਵੱਡੀ ਗੱਲ, ਅਸੀਂ ਜਾਣਦੇ ਸਾਂ, ਕਿ ਇਸ ਤੋਂ ਬਿਨਾਂ ਹੋਰ ਕੁਝ ਹੋ ਵੀ ਨਹੀਂ ਸੀ ਸਕਦਾ (ਏਨੇ ਕੰਮਾਂ ਤੇ ਏਨੇ ਲੋਕਾਂ ਦੀ ਜ਼ਿੰਮੇਵਾਰੀ ਉਹਦੇ ਸਿਰ ਸੀ; ਇਕੱਲਾ ਆਰਕੈਸਟਰਾ ਹੀ ਕੁਲਵਕਤੀ ਕੰਮ ਸੀ)। ਸਾਨੂੰ ਪਤਾ ਸੀ ਕਿ ਆਪਣਾ ਖਿਆਲ ਨਾ ਉਸ ਨੇ ਰੱਖ ਸਕਣਾ ਸੀ ਅਤੇ ਨਾ ਹੀ ਰੱਖਦਾ ਸੀ। ਅਸੀਂ ਕਿਸੇ ਵੀ ਤਰ੍ਹਾਂ ਉਹਦੀ ਮਦਦ ਕਰਨ ਦੇ ਅਸਮਰਥ ਸਾਂ, ਅਤੇ ਇਸ ਲਈ ਅਸੀਂ ਜਲਦੀ ਨਾਲ ਉਹਨੂੰ ਯਕੀਨ ਦਿਵਾਇਆ ਕਿ ਅਸੀਂ ਜੀਵਾਂਗੇ, ਜੀਵਾਂਗੇ, ਸਾਰੇ ਹੀ ਜੀਵਾਂਗੇ।
ਉਹ ਖੁਸ਼ ਹੋ ਕੇ ਮੁਸਕ੍ਰਾਇਆ ਅਤੇ ਚੁੱਪ ਰਿਹਾ ਜਿਵੇਂ ਸਾਡੇ ਜਵਾਬ ਉੱਤੇ ਵਿਚਾਰ ਕਰ ਰਿਹਾ ਹੋਵੇ ਤੇ ਫੇਰ ਉਸ ਨੇ ਹੌਲੀ ਹੌਲੀ ਪਲਕਾਂ ਹੇਠਾਂ ਕਰ ਲਈਆਂ। ਉਸ ਦੀਆਂ ਪਲਕਾਂ ਸੁੱਜੀਆਂ ਹੋਈਆਂ, ਕਾਲੀਆਂ ਤੇ ਬੋਝਲ ਸਨ। ਹਮੇਸ਼ਾ ਵਾਂਗ ਹੀ, ਜਦੋਂ ਬਾਬੂਸ਼ਕਿਨ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਉਹਦਾ ਜਵਾਨ ਚਿਹਰਾ ਇਕਦਮ ਬੁੱਢਾ ਲੱਗਣ ਲੱਗ ਪਿਆ।ਉਹ ਬਹੁਤ ਥੱਕਿਆ ਹੋਇਆ ਤੇ ਸਖ਼ਤ ਬੀਮਾਰ ਨਜ਼ਰ ਆਉਂਦਾ ਸੀ। ਸਾਡੀਆਂ ਸਿਰਫ ਨਜ਼ਰਾਂ ਹੀ ਮਿਲੀਆਂ ਸਨ ਅਤੇ ਅਸੀਂ ਵੀ ਖਾਮੋਸ਼ ਸਾਂ। ਅਚਾਨਕ, ਆਪਣੀਆਂ ਅੱਖਾਂ ਖੋਹਲਿਆਂ ਬਗ਼ੈਰ ਹੀ, ਉਸ ਨੇ ਪੋਲੇ-ਪੋਲੇ ਤੇ ਹੌਲੀ-ਹੌਲੀ ਆਖਿਆ:
ਔਹ ਹੈ
ਚੌੜੇ ਮੱਥੇ ਵਾਲਾ
ਅੱਠੇ ਪਹਿਰ
ਚੁੱਪ ਰਸਾਇਣਵੇਤਾ
ਨਵਾਂ ਤਜਰਬਾ
ਕਰਨ ਤੋਂ ਪਹਿਲਾਂ
ਮੱਥੇ ਚੜ੍ਹੀ ਤਿਊੜੀ
ਪੁਸਤਕ
“ਸਾਰੀ ਦੁਨੀਆਂ” ਦੇ
ਪੰਨੇ ਪਰਤਾਉਂਦਾ ਸੋਚੇ
ਵੀਹਵੀਂ ਸਦੀ।
ਵੇਖੀਏ ਕਿਸ ਦੀ ਹੁੰਦੀ ਹੈ ਸੁਰਜੀਤੀ ?
ਉਹ ਚੁੱਪ ਹੋ ਗਿਆ ਤੇ ਫੇਰ ਹੌਲੀ-ਹੌਲੀ ਉੱਚੀ ਹੁੰਦੀ ਜਾਂਦੀ ਅਵਾਜ਼ ਵਿਚ ਬੋਲਣ ਲੱਗਾ:
ਔਹ ਹੈ ਮਾਇਕੋਵਸਕੀ...
ਆਓ ਲੱਭੀਏ ਉਜਲਾ ਚਿਹਰਾ
ਵੇਖਣ ਨੂੰ ਨਹੀਂ ਸ਼ਾਇਰ
ਕੋਈ ਬਹੁਤਾ ਸੁੰਦਰ
ਅੱਜ ਤੋਂ
ਮੈਂ ਵਿਗਿਆਨੀ ਨੂੰ ਚੀਖ਼ ਚੀਖ਼ ਕੇ ਆਖਾਂ
ਪੰਨੇ ਨਾ ਪਰਤਾਓ !
ਮੈਨੂੰ ਕਰੋ ਫੇਰ ਤੋਂ ਜੀਵਤ
“ਅਸੀਂ ਰੇਡੀਓ ਤੋਂ ਪ੍ਰਸਾਰਤ ਉਹਦੀਆਂ ਕਵਿਤਾਵਾਂ ਵੀ ਆਪਣੀ ਕਿਤਾਬ ਵਿਚ ਸ਼ਾਮਿਲ ਕਰਾਂਗੇ,” ਬਾਬੂਸ਼ਕਿਨ ਨੇ ਉਤਸ਼ਾਹ ਵਿਚ ਆ ਕੇ, ਆਪਣੀਆਂ ਅੱਖਾਂ ਖੋਹਲਦਿਆਂ ਤੇ ਇਕਦਮ ਫੇਰ ਜਵਾਨ ਨਜ਼ਰ ਆਉਂਦਿਆਂ ਆਖਿਆ।"ਸਾਡੀ ਅੱਜ ਦੀ ਹਾਲਤ ਵਿਚ ਉਹਨਾਂ ਦੀ ਖਾਸ ਅਹਿਮੀਅਤ ਹੈ।ਬੇਸ਼ਕ, ਉਹਦੇ ਬੋਲਾਂ ਨਾਲ ਵੀ ਲੈਨਿਨਗ੍ਰਾਦ ਬੋਲਦਾ ਹੈ।”
ਉਸ ਰਾਤ ਜਿਹੜੀ ਕਿਤਾਬ ਦੀ ਅਸੀਂ ਵਿਉਂਤ ਬਣਾਈ ਉਸ ਵਿਚ ਕਵਿਤਾਵਾਂ, ਕਹਾਣੀਆਂ, ਵਾਰਤਾਵਾਂ, ਵਿਅੰਗ, ਦਸਤਾਵੇਜ਼ੀ ਸਮੱਗਰੀ, ਰੇਡੀਓ ਲੈਨਿਨਗ੍ਰਾਦ ਤੋਂ ਪ੍ਰਸਾਰਿਤ ਕੀਤੇ ਸਾਰੇ ਪ੍ਰੋਗਰਾਮ ਅਤੇ, ਸਭ ਤੋਂ ਅਹਿਮ ਚੀਜ਼, ਲੈਨਿਨਗ੍ਰਾਦ ਵਾਸੀਆਂ ਫੌਜੀਆਂ ਤੇ ਜਹਾਜ਼ੀਆਂ, ਮਜ਼ਦੂਰਾਂ ਤੇ ਵਿਗਿਆਨੀਆਂ, ਅਦਾਕਾਰਾਂ ਤੇ ਲੇਖਕਾਂ – ਦੀਆਂ ਅਵਾਜ਼ਾਂ ਸ਼ਾਮਿਲ ਕੀਤੀਆਂ ਜਾਣੀਆਂ ਸਨ।
ਕਿਧਰੇ ਵੀ ਰੇਡੀਓ ਨੇ ਏਡੀ ਵੱਡੀ ਭੂਮਿਕਾ ਨਹੀਂ ਸੀ ਨਿਭਾਈ ਜੇਡੀ ਜੰਗ ਦੇ ਦਿਨੀਂ ਸਾਡੇ ਸ਼ਹਿਰ ਵਿਚ।
ਅਗਸਤ 1941 ਵਿਚ, ਜਦੋਂ ਲੈਨਿਨਗ੍ਰਾਦ ਤੋਂ ਬਾਹਰ ਜਾਣ ਵਾਲੇ ਆਖਰੀ ਰਸਤੇ ਵੀ ਬੰਦ ਕਰ ਦਿੱਤੇ ਗਏ ਅਤੇ ਨਾਕਾਬੰਦੀ ਦਾ ਫੰਦਾ ਸਾਡੇ ਸ਼ਹਿਰ ਦੀ ਧੌਣ ਦੁਆਲੇ ਕੱਸਿਆ ਗਿਆ ਤਾਂ ਰੇਡੀਓ ਹੀ ਬਾਕੀ ਦੇਸ਼ ਨਾਲ ਸੰਪਰਕ ਦਾ ਇਕੋ ਇਕ ਸਾਧਨ ਰਹਿ ਗਿਆ ਸੀ। ਰੇਡੀਓ ਤੋਂ ਹੀ ਲੈਨਿਨਗ੍ਰਾਦ-ਵਾਸੀਆਂ ਨੂੰ ਪਤਾ ਲੱਗਦਾ ਸੀ ਕਿ ਰੂਸ ਦੇ ਮੁਹਾਜ਼ਾਂ ਉੱਤੇ ਕੀ ਵਾਪਰਦਾ ਸੀ ("ਮੁੱਖ ਧਰਤੀ” ਤੋਂ ਅਖਬਾਰ ਸਾਡੇ ਤੱਕ ਬੜੀ ਮੁਸ਼ਕਲ ਨਾਲ ਪਹੁੰਚਦੇ ਸਨ) ਅਤੇ ਰੂਸ ਨੂੰ ਵੀ ਸਿਰਫ ਰੇਡੀਓ ਤੋਂ ਹੀ ਪਤਾ ਲੱਗਦਾ ਸੀ ਕਿ ਲੈਨਿਨਗ੍ਰਾਦ ਵਿਚ ਕੀ ਹੋ ਵਾਪਰ ਰਿਹਾ ਸੀ।ਤੇ ਦੇਸ਼ ਨੂੰ ਸੱਚਾਈ ਦਾ ਇਲਮ ਹੋਣਾ ਹੀ ਚਾਹੀਦਾ ਸੀ ਕਿਉਂਕਿ ਜਰਮਨ ਜਿਹੜੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਅੰਨ੍ਹਾ ਜ਼ੋਰ ਲਾ ਰਹੇ ਸਨ ਰਾਤ ਦਿਨ ਸਾਰੀ ਦੁਨੀਆਂ ਵਿਚ ਐਲਾਨ ਕਰ ਰਹੇ ਸਨ ਕਿ ਲੈਨਿਨਗ੍ਰਾਦ ਨੇ ਕਿਸੇ ਵੀ ਪਲ ਹਥਿਆਰ ਸੁੱਟੇ ਕਿ ਸੁੱਟੇ। ਹਕੀਕਤ ਤਾਂ ਇਹ ਸੀ ਕਿ ਲੈਨਿਨਗ੍ਰਾਦ ਪ੍ਰਦੇਸ਼ ਦੇ ਕਬਜ਼ੇ ਹੇਠ ਆ ਗਏ ਹਿੱਸਿਆਂ ਵਿਚ ਜਰਮਨ ਅਖਬਾਰਾਂ ਨੇ ਸ਼ਹਿਰ ਉੱਤੇ ਕਬਜ਼ੇ ਦੀਆਂ ਖਬਰਾਂ ਵੀ ਫੈਲਾ ਦਿੱਤੀਆਂ ਸਨ ਅਤੇ ਇਕ ਜਾਅਲੀ ਤਸਵੀਰ ਵੀ ਛਾਪੀ ਸੀ ਜਿਸ ਵਿਚ ਨੇਵਸਕੀ ਪ੍ਰਾਸਪੈਕਟ ਦੀ ਇਕ ਇਮਾਰਤ ਦੇ ਬਾਹਰ ਨਾਜ਼ੀਆਂ ਦੀ ਖਾਸ ਪੁਲਸ ਦਾ ਸਿਪਾਹੀ ਪਹਿਰੇ ’ਤੇ ਖੜਾ ਦਿਖਾਇਆ ਗਿਆ ਸੀ। ਜਰਮਨ ਕਮਾਂਡ ਨੇ ਮਹਿਲ ਚੌਂਕ ਵਿਚ ਫੌਜੀ ਪਰੇਡ ਦੀ ਤੇ "ਆਸਟੋਰੀਆ” ਹੋਟਲ ਵਿਚ ਅਫਸਰਾਂ ਦੀ ਦਾਅਵਤ ਦੀ ਤਾਰੀਖ ਵੀ ਮਿਥ ਲਈ ਸੀ ਅਤੇ ਸਗੋਂ ਦਾਅਵਤਨਾਮੇ ਵੀ ਛਾਪ ਲਏ ਸਨ।
ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਹਦਾਇਤ ਉੱਤੇ, ਲੈਨਿਨਗ੍ਰਾਦ ਨੇ ਆਪਣਾ ਰੇਡੀਓ ਪ੍ਰਸਾਰਨ ਸ਼ੁਰੂ ਕਰ ਦਿੱਤਾ ਸੀ। ਜਰਮਨਾਂ ਨੂੰ ਭੰਬਲ ਭੂਸਿਆਂ ਵਿਚ ਪਾਉਣ ਲਈ ਹਰ ਰੋਜ਼ ਪ੍ਰੋਗਰਾਮ ਦਾ ਵਕਤ ਬਦਲ ਦਿੱਤਾ ਜਾਂਦਾ ਸੀ ਕਿਉਂਕਿ ਉਹ ਸਾਡੇ ਪ੍ਰੋਗਰਾਮ ਨੂੰ ਜਾਮ ਕਰਨ ਦੀ ਪੂਰੀ ਵਾਹ ਲਾਉਂਦੇ ਸਨ । ਲੈਨਿਨਗ੍ਰਾਦ ਰੇਡੀਓ ਨੇ ਆਪਣੇ ਰਖਵਾਲਿਆਂ ਦੇ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਵਿਚ ਸ਼ਾਮਲ ਸਨ ਫੌਜੀ, ਜਹਾਜ਼ੀ, ਮਜ਼ਦੂਰ, ਪਾਰਟੀ ਅਧਿਕਾਰੀ, ਕਵੀ, ਸਵਰਕਾਰ ਤੇ ਵਿਗਿਆਨੀ।
ਮਾਸਕੋ ਤੋਂ ਸਾਡੇ ਪ੍ਰਸਾਰਨ ਦੇਸ਼ ਦੇ ਸਭਨਾਂ ਹਿੱਸਿਆਂ ਲਈ ਪ੍ਰਸਾਰੇ ਜਾਂਦੇ ਸਨ ਤਾਂ ਜੋ ਸਾਰੀ ਕੌਮ ਨੂੰ ਇਹ ਪਤਾ ਰਹੇ: ਲੈਨਿਨਗ੍ਰਾਦ ਅਜੇ ਡਟਿਆ ਹੋਇਆ ਹੈ, ਲੈਨਿਨਗ੍ਰਾਦ ਨੇ ਹਥਿਆਰ ਨਹੀਂ ਸੀ ਸੁੱਟੇ। ਇਹ ਲੜਾਈ ਦੇ ਅਤਿ ਭਿਆਨਕ ਦਿਨਾਂ ਦੀ ਗੱਲ ਹੈ ਜਦੋਂ ਜਰਮਨ ਸੈਨਾਵਾਂ ਮੂੰਹਜ਼ੋਰ ਹੋ ਕੇ ਅੱਗੇ ਵੱਧਦੀਆਂ ਆ ਰਹੀਆਂ ਸਨ ਅਤੇ ਸਾਨੂੰ ਇਕ ਤੋਂ ਬਾਦ ਇਕ ਸ਼ਹਿਰ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਤੇ ਫੇਰ ਅਚਾਨਕ ਲੈਨਿਨਗ੍ਰਾਦ ਨੇ ਜਰਮਨਾਂ ਨੂੰ ਠੱਲ੍ਹ ਪਾ ਦਿੱਤੀ। ਲੈਨਿਨਗ੍ਰਾਦ ਡਟਿਆ ਰਹਿ ! ਲੈਨਿਨਗ੍ਰਾਦ-ਵਾਸੀਆਂ ਦੀਆਂ ਜਿਉਂਦੀਆਂ ਅਵਾਜ਼ਾਂ ਨੇ ਪ੍ਰਤਿਗਿਆ ਕੀਤੀ ਕਿ ਹਥਿਆਰ ਨਹੀਂ ਸੁੱਟੇ ਜਾਣਗੇ, ਨਾ ਅੱਜ, ਨਾ ਭਲਕੇ- ਕਦੇ ਵੀ ਨਹੀਂ, ਤੇ ਅਗਲੇ ਦਿਨ ਸੋਵੀਅਤ ਲੋਕ ਉਹਨਾਂ ਦੀ ਅਵਾਜ਼ ਫੇਰ ਸੁਣਦੇ। ਲੈਨਿਨਗ੍ਰਾਦ ਡਟਿਆ ਹੋਇਆ ਸੀ, ਉਸ ਨੇ ਮੁਕਾਬਲਾ ਕੀਤਾ, ਪੂਰੇ ਬਾਹੂਬਲ ਨਾਲ, ਰੋਹ ਵਿਚ ਆ ਕੇ ਅਤੇ ਡੱਟ ਕੇ।
ਹਵਾਈ ਹਮਲਿਆਂ ਤੇ ਤੋਪਾਂ ਦੇ ਗੋਲਿਆਂ ਦੀ ਵਰਖਾ ਦੇ ਬਾਵਜੂਦ ਇਹ ਪਰਸਾਰਨ ਜਾਰੀ ਰਹੇ। ਪ੍ਰੋਗਰਾਮ ਹਮੇਸ਼ਾ ਇਹਨਾਂ ਲਫਜ਼ਾਂ ਨਾਲ ਸ਼ੁਰੂ ਹੁੰਦਾ: “ਇਹ ਰੇਡੀਓ ਲੈਨਿਨਗ੍ਰਾਦ ਏ ! ਸੁਣੋ ਦੇਸ਼ ਵਾਸੀਓ ! ਅਸੀਂ ਲੈਨਿਨ ਦੇ ਸ਼ਹਿਰ ਤੋਂ ਬੋਲ ਰਹੇ ਆਂ।” ਸਵਰਕਾਰ ਦਮਿਤਰੀ ਸ਼ੋਸਤਾਕੋਵਿਚ ਇਸ ਪ੍ਰੋਗਰਾਮ ਵਿਚ ਉਸ ਦਿਨ ਬੋਲਿਆ ਸੀ ਜਿਸ ਦਿਨ ‘ਲੈਨਿਨਗ੍ਰਆਦਸਕਾਯਾ ਪ੍ਰਾਵਦਾ” ਵਿਚ “ਦੁਸ਼ਮਣ ਸਾਡੀਆਂ ਬਰੂਹਾਂ ’ਤੇ'' ਦੇ ਸਿਰਲੇਖ ਹੇਠ ਸੰਪਾਦਕੀ ਲੇਖ ਛਪਿਆ ਸੀ।“ਸਾਡੇ ਸ਼ਹਿਰ ਨੂੰ ਇਕ ਨੀਚ ਤੇ ਬੇਕਿਰਕ ਦੁਸ਼ਮਣ ਦੇ ਹਮਲੇ ਦਾ ਫੌਰੀ ਖਤਰਾ ਹੈ,'' ਸੰਪਾਦਕੀ ਵਿਚ ਲਿਖਿਆ ਹੋਇਆ ਸੀ। “ਲੈਨਿਨਗ੍ਰਾਦ ਮੋਹਰਲਾ ਮੋਰਚਾ ਬਣ ਗਿਆ ਹੈ।” ਸੈਨਿਕ ਪ੍ਰੀਸ਼ਦ ਵਲੋਂ ਜਿਹੜੀ ਅਪੀਲ ਕੰਧਾਂ ਉੱਤੇ ਚਿਪਕਾਈ ਗਈ ਸੀ ਉਸ ਵਿਚ ਵੀ ਏਹੋ ਆਖਿਆ ਗਿਆ ਸੀ: “ਦੁਸ਼ਮਣ ਸਾਡੀਆਂ ਬਰੂਹਾਂ 'ਤੇ।” ਜਿਸ ਵੇਲੇ ਸਵਰਕਾਰ ਰੇਡੀਓ ਸਟੇਸ਼ਨ ਵੱਲ ਆ ਰਿਹਾ ਸੀ ਤਾਂ ਹਵਾਈ ਹਮਲੇ ਦੇ ਖਤਰੇ ਦਾ ਘੁੱਗੂ ਵੱਜਿਆ। ਪਰ ਲੈਨਿਨਗ੍ਰਾਦ ਦੀ ਅਵਾਜ਼ ਨੂੰ ਬੜੇ ਚਾਅ ਨਾਲ ਸੁਣ ਰਹੇ ਦੇਸ਼ ਨੂੰ ਇਹ ਨਹੀਂ ਸੀ ਪਤਾ ਕਿ ਤੋਪਾਂ ਦੇ ਗੋਲਿਆਂ ਦੀ ਸ਼ੂਕਰ ਤੇ ਬੰਬਾਂ ਦੀ ਗੜਗੜਾਹਟ ਵਿਚ ਸ਼ੋਸਤਾਕੋਵਿਚ ਬੋਲ ਰਿਹਾ ਸੀ।
ਖੁਸ਼ਕਿਸਮਤੀ ਨਾਲ ਹੀ, ਰੇਡੀਓ ਸਟੇਸ਼ਨ ਦੇ ਨੇੜੇ ਕੋਈ ਬੰਬ ਨਹੀਂ ਸੀ ਡਿੱਗਾ। ਸਵਰਕਾਰ ਬੜੇ ਜਜ਼ਬਾਤ ਵਿਚ ਆ ਕੇ ਬੋਲਿਆ ਸੀ ਅਤੇ ਉਹਦੀ ਅਵਾਜ਼ ਭਾਵੇਂ ਕੁਝ-ਕੁਝ ਨੱਪੀ ਘੁਟੀ ਸੀ, ਪਰ ਬਿਲਕੁਲ ਸਾਫ ਤੇ ਬਾਹਰੋਂ ਠਰ੍ਹਮੇ ਭਰੀ ਸੀ।
“ਇਕ ਘੰਟਾ ਪਹਿਲਾਂ ਮੈਂ ਆਪਣੀ ਰਚਨਾ ਦਾ ਦੂਜਾ ਭਾਗ ਮੁਕੰਮਲ ਕੀਤਾ ਸੀ, ਸ਼ੋਸਤਾਕੋਵਿਚ ਨੇ ਬੋਲਣਾ ਸ਼ੁਰੂ ਕੀਤਾ।“ਜੇ ਮੈਂ ਇਸ ਸਿੰਫਨੀ ਦਾ ਤੀਜਾ ਤੇ ਚੌਥਾ ਭਾਗ ਪੂਰਾ ਕਰ ਸਕਿਆ ਅਤੇ ਇਹ ਕੰਮ ਤਸੱਲੀਬਖਸ਼ ਹੋਇਆ, ਤਾਂ ਮੈਂ ਇਸ ਨੂੰ ਸੱਤਵੀਂ ਸਿੰਫਨੀ ਆਖ ਸਕਾਂਗਾ... ਜੰਗ ਦੀਆਂ ਹਾਲਤਾਂ ਦੇ ਬਾਵਜੂਦ, ਉਸ ਖਤਰੇ ਦੇ ਬਾਵਜੂਦ ਜਿਹੜਾ ਲੈਨਿਨਗ੍ਰਾਦ ਉੱਤੇ ਮੰਡਲਾ ਰਿਹਾ ਹੈ, ਮੈਂ ਪਹਿਲੇ ਦੋ ਭਾਗ ਮੁਕਾਬਲਤਨ ਥੋੜ੍ਹੇ ਵਕਤ ਵਿਚ ਲਿਖ ਲਏ ਹਨ। ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਹਾਂ ? ਮੈਂ ਇਹ ਗੱਲ ਇਸ ਵਾਸਤੇ ਦੱਸ ਰਿਹਾ ਹਾਂ ਕਿ ਰੇਡੀਓ ਦੇ ਜਿਹੜੇ ਸਰੋਤੇ ਇਸ ਵੇਲੇ ਮੈਨੂੰ ਸੁਣ ਰਹੇ ਹਨ, ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਸ਼ਹਿਰ ਵਿਚ ਜ਼ਿੰਦਗੀ ਆਮ ਵਰਗੀ ਹੀ ਹੈ।ਅੱਜ ਅਸੀਂ ਸਾਰੇ ਹੀ ਜੁਝਾਰੂ ਪਹਿਰੇਦਾਰ ਬਣ ਗਏ ਹਾਂ। ਅਤੇ ਸਭਿਆਚਾਰ ਤੇ ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਲੈਨਿਨਗ੍ਰਾਦ ਦੇ ਦੂਜੇ ਸ਼ਹਿਰੀਆਂ ਨਾਲ ਮੋਢਾ ਜੋੜ ਕੇ ਆਪਣਾ ਫਰਜ਼ ਪੂਰਾ ਕਰ ਰਹੇ ਹਾਂ।
“ਮੈਂ ਲੈਨਿਨਗ੍ਰਾਦ ਦੇ ਸਾਰੇ ਵਾਸੀਆਂ ਵਲੋਂ, ਸਭਿਆਚਾਰ ਤੇ ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਸਭਨਾਂ ਲੋਕਾਂ ਵਲੋਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਨੂੰ ਕੋਈ ਨਹੀਂ ਹਰਾ ਸਕਦਾ, ਅਸੀਂ ਹਰ ਵਕਤ ਆਪਣੇ ਮੋਰਚਿਆਂ ਉੱਤੇ ਡੱਟੇ ਹੋਏ ਹਾਂ...”
“ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਨੂੰ ਕੋਈ ਨਹੀਂ ਹਰਾ ਸਕਦਾ ...” ਇਸ ਤਰ੍ਹਾਂ ਬੋਲਿਆ ਸੀ ਸ਼ੋਸਤਾਕੋਵਿਚ, ਲੈਨਿਨਗ੍ਰਾਦ ਦਾ ਇਕ ਉੱਘਾ ਸਪੂਤ, ਇਸ ਦਾ ਮਾਣ ਤੇ ਉਹ ਲੈਨਿਨਗ੍ਰਾਦ ਦੇ ਸਾਰੇ ਵਾਸੀਆਂ ਵਲੋਂ ਬੋਲਿਆ ਸੀ।ਅਤੇ ਮਾਤਭੂਮੀ ਦੇ ਸਮੂਹ ਲੋਕਾਂ ਨੇ, ਮਾਣ, ਪੀੜ ਤੇ ਚਿੰਤਾ ਨਾਲ ਲੈਨਿਨਗ੍ਰਾਦ ਦਾ ਇਕ-ਇਕ ਲਫਜ਼ ਸੁਣਦਿਆਂ ਉਸ ਉੱਤੇ ਵਿਸ਼ਵਾਸ ਕੀਤਾ ਸੀ।
ਪਤਝੜ ਮੁੱਕਣ ਵਾਲੀ ਸੀ ਜਦੋਂ ਲੈਨਿਨਗ੍ਰਾਦ ਪ੍ਰਦੇਸ਼ ਦੇ ਪਹਿਲੇ ਛਾਪਾਮਾਰਾਂ ਨੇ ਮੋਰਚਾ ਲੰਘ ਕੇ ਸ਼ਹਿਰ ਵਿਚ ਪ੍ਰਵੇਸ਼ ਕੀਤਾ ਅਤੇ ਸ਼ਹਿਰੀਆਂ ਨੂੰ ਸੰਬੋਧਨ ਕਰਨ ਲਈ ਰੇਡੀਓ ਸਟੇਸ਼ਨ ਆਏ, ਤਾਂ ਉਹਨਾਂ ਤੋਂ ਸਾਨੂੰ ਪਤਾ ਲੱਗਾ ਕਿ ਲੈਨਿਨਗ੍ਰਾਦ ਤੋਂ ਸਾਡੇ ਪ੍ਰਸਾਰਨ ਉਹਨਾਂ ਵਾਸਤੇ ਕੀ ਅਹਿਮੀਅਤ ਰੱਖਦੇ ਸਨ।
“ਰੋਜ਼-ਬਰੋਜ਼ ਜਰਮਨ ਆਪਣੇ ਅਖਬਾਰਾਂ ਵਿਚ ਲਿਖਦੇ ਸਨ ਕਿ ਲੈਨਿਨਗ੍ਰਾਦ ਉੱਤੇ ਕਬਜ਼ਾ ਹੋ ਗਿਆ ਹੈ ਅਤੇ ਬਾਲਟਿਕ ਬੇੜਾ ਤਬਾਹ ਕਰ ਦਿੱਤਾ ਗਿਆ ਹੈ, ” ਲੂਗਾ ਦਸਤੇ ਦੇ ਕਮਾਂਡਰ ਨ. ਅ. ਪਾਨੋਵ (ਓਦੋਂ ਕਾਮਰੇਡ ਪ.) ਨੇ ਸਾਨੂੰ ਦੱਸਿਆ, “ਖਬਰ ਸੁਣ ਕੇ ਲੋਕਾਂ ਨੂੰ ਭਾਰੀ ਨਿਰਾਸ਼ਾ ਹੋਈ ਤੇ ਸਾਡੇ ਦਸਤੇ ਦਾ ਜੋਸ਼ ਵੀ ਮੱਠਾ ਪੈ ਗਿਆ।... ਅਸੀਂ ਕੀ ਕਰਦੇ ? ਅਸੀਂ ਪਾਰਟੀ ਦੀ ਮੀਟਿੰਗ ਸੱਦ ਲਈ। ਏਜੰਡੇ ਉੱਤੇ ਇਕੋ ਸਵਾਲ ਸੀ ਲੈਨਿਨਗ੍ਰਾਦ ਨੇ ਹਥਿਆਰ ਸੁੱਟ ਦਿੱਤੇ ਹਨ ਜਾਂ ਨਹੀਂ ? ਫੈਸਲਾ ਹੋਇਆ-ਨਹੀਂ ਸੁੱਟੇ ! ਹਾਂ, ਹਾਂ, ਫੈਸਲਾ ਹੋਇਆ: ਲੈਨਿਨਗ੍ਰਾਦ ਨੇ ਹਥਿਆਰ ਨਹੀਂ ਸੁੱਟੇ... ਪਰ ਸਾਡੇ ਦਿਲ ਪੀੜ-ਪੀੜ ਸਨ। ਫੇਰ ਇਕ ਦਿਨ ਸਾਨੂੰ ਓਰੇਦੇਜ਼ ਦੇ ਕੁਝ ਛਾਪੇਮਾਰ ਮਿਲੇ। ਨਿਰਸੰਦੇਹ, ਸਾਡਾ ਪਹਿਲਾ ਸਵਾਲ ਇਹ ਸੀ: ‘ਸੁਣਾਓ, ਲੈਨਿਨਗ੍ਰਾਦ ਦਾ ਕੀ ਹਾਲ ਹੈ ?" ਉਹਨਾਂ ਕੋਲ ਰੇਡੀਓ ਸੀ... ‘ਹੁਣੇ ਪਤਾ ਕਰ ਲੈਂਦੇ ਆਂ’ਉਹਨਾਂ ਨੇ ਆਖਿਆ ਤੇ ਰੇਡੀਓ ਲਾ ਦਿੱਤਾ। ਤੇ ਕਲਪਨਾ ਤਾਂ ਕਰੋ, ਸਾਡੀ ਖੁਸ਼ਕਿਸਮਤੀ, ਇਕ ਘੰਟੇ ਦੇ ਅੰਦਰ ਅਸੀਂ ਸੁਣ ਲਿਆ: ‘ਇਹ ਰੇਡੀਓ ਲੈਨਿਨਗ੍ਰਾਦ ਏ । ਇਹ ਕਰੂਜ਼ਰ “ਕੀਰੋਵ” ਏ।' ਤੁਸੀਂ ਆਪ ਹੀ ਅੰਦਾਜ਼ਾ ਕਰ ਸਕਦੇ ਹੋ ਕਿ ਸਾਡੇ ਵਾਸਤੇ ਇਸ ਦਾ ਕੀ ਮਤਲਬ ਸੀ। ਸੋ ਲੈਨਿਨਗ੍ਰਾਦ ਵਿਚ ਜਾਨ ਸੀ ਤੇ ਲੜ ਰਿਹਾ ਸੀ। ਬਾਲਟਿਕ ਬੇੜਾ ਵੀ ਲੜ ਰਿਹਾ ਸੀ।ਆਖਰ, ਸਾਡੀ ਪਾਰਟੀ ਮੀਟਿੰਗ ਵਿਚ ਠੀਕ ਹੀ ਫੈਸਲਾ ਲਿਆ ਗਿਆ ਸੀ।ਅਸੀਂ ਓਸੇ ਵੇਲੇ ਪਿੰਡਾਂ ਵਿਚ ਪ੍ਰਚਾਰਕ ਭੇਜੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਲੈਨਿਨਗ੍ਰਾਦ ਨੇ ਹੱਥਿਆਰ ਨਹੀਂ ਸੁੱਟੇ ਤੇ ਨਾ ਹੀ ਹਥਿਆਰ ਸੁੱਟੇਗਾ। ਇਸ ਦਾ ਸਾਨੂੰ ਬਹੁਤ ਫਾਇਦਾ ਹੋਇਆ।”
ਲੈਨਿਨਗ੍ਰਾਦ ਦੀ ਅਵਾਜ਼ ਸਾਡੇ ਦੇਸ਼ ਦੀਆਂ ਦੂਰ-ਦੁਰਾਡੀਆਂ ਨੁੱਕਰਾਂ ਵਿਚ ਪਹੁੰਚਦੀ ਸੀ। ਲੈਨਿਨਗ੍ਰਾਦ ਦੇ ਪ੍ਰਸਾਰਨਾਂ ਦੇ ਪ੍ਰਭਾਵ ਬਾਰੇ 1944 ਵਿਚ ਸੇਵਾਸਤੋਪੋਲ ਦੀਆਂ ਸੁਆਣੀਆਂ ਅਤੇ ਖੇਰਸਨ ਮਿਊਜ਼ੀਅਮ ਦੇ ਪ੍ਰਬੰਧਕ ਅਲੇਕਸਾਂਦਰ ਤਾਖਤਾਈ ਨੇ ਸਾਨੂੰ ਬਹੁਤ ਕੁਝ ਦੱਸਿਆ ਸੀ। 1941 ਦੀ ਪਤਝੜ ਵਿਚ ਸੇਵਾਸਤੋਪੋਲ, ਕੀਵ ਤੇ ਓਦੇਸਾ ਦੇ ਮੁਹਾਸਰੇ ਵਿਚ ਆਏ ਸ਼ਹਿਰਾਂ ਨੇ ਘਿਰੇ ਹੋਏ ਲੈਨਿਨਗ੍ਰਾਦ ਨਾਲ ਪ੍ਰਸਾਰਨਾਂ ਦਾ ਵਟਾਂਦਰਾ ਸ਼ੁਰੂ ਕੀਤਾ। ਇਹ ਬੜਾ ਔਖਾ ਤੇ ਸੂਰਮਗਤੀ ਦਾ ਵਕਤ ਸੀ ਅਤੇ ਅਫਸੋਸ ਦੀ ਗੱਲ, ਇਹ ਵਟਾਂਦਰਾ ਬਹੁਤੀ ਦੇਰ ਚਲਦਾ ਨਾ ਰਹਿ ਸਕਿਆ। ਵਟਾਂਦਰੇ ਦੀ ਇਸ ਲੜੀ ਵਿਚ ਸਭ ਤੋਂ ਲੰਮਾ ਵਟਾਂਦਰਾ ਸੇਵਾਸਤੋਪੋਲ ਨਾਲ ਹੋਇਆ ਜਿਹੜਾ ਸ਼ਹਿਰ ਦੇ ਜਰਮਨ ਕਬਜ਼ੇ ਵਿਚ ਆ ਜਾਣ ਤੱਕ ਜਾਰੀ ਰਿਹਾ।
“ਅਸੀਂ ਇਕ ਖਾਸ ਤਰ੍ਹਾਂ ਦੇ ਜੋਸ਼ ਨਾਲ ਲੈਨਿਨਗ੍ਰਾਦ ਦੀ ਅਵਾਜ਼ ਸੁਣਦੇ ਸਾਂ, ਤਾਖ਼ਤਾਈ ਨੇ ਸਾਨੂੰ ਦੱਸਿਆ, “ਕਿਉਂਕਿ ਇਹ ਸਾਡੇ ਸਾਥੀਆਂ ਦੀ, ਸਾਡੇ ਵੱਡੇ ਭਰਾਵਾਂ ਦੀ ਅਵਾਜ਼ ਸੀ।ਇਸ ਅਵਾਜ਼ ਦੇ ਠਰੰਮੇ ਤੇ ਦ੍ਰਿੜ੍ਹਤਾ ਤੋਂ ਅਸੀਂ ਦੰਗ ਰਹਿ ਜਾਂਦੇ ਸਾਂ ਤੇ ਪ੍ਰਭਾਵਿਤ ਹੁੰਦੇ ਸਾਂ। ਅਸੀਂ ਆਪਣੇ ਤਜਰਬੇ ਤੋਂ ਜਾਣਦੇ ਸਾਂ ਕਿ ਇਹਨਾਂ ਸਿੱਧੇ ਸਾਦੇ ਲਫਜ਼ਾਂ – ‘ਦੁਸ਼ਮਣ ਦੇ ਜ਼ੋਰਦਾਰ ਜ਼ਮੀਨੀ ਤੇ ਹਵਾਈ ਹਮਲਿਆਂ ਦੇ ਬਾਵਜੂਦ' – ਪਿੱਛੇ ਕੀ ਲੁਕਿਆ ਹੋਇਆ ਹੁੰਦਾ ਸੀ। ਪਰ ਬਾਅਦ ਵਿਚ ਅਸੀਂ ਹੋਰ ਵੀ ਬਹੁਤੇ ਪ੍ਰਭਾਵਿਤ ਹੋਏ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ‘ਜ਼ੋਰਦਾਰ ਹਮਲਿਆਂ' ਦੇ ਇਲਾਵਾ 1942 ਦੇ ਸਿਆਲ ਤੇ ਬਹਾਰ ਵਿਚ ਤੁਹਾਡੇ ਉੱਤੇ ਕੀ ਕੁਝ ਹੋਰ ਬੀਤਿਆ ਸੀ।”
ਅਸੀਂ ਕਦੇ ਕੁਝ ਲੁਕਾਉਂਦੇ ਨਹੀਂ ਸੀ, ਕਿਸੇ ਨੂੰ ਧੋਖੇ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਸੀ ਕਰਦੇ। ਅਸੀਂ ਤਾਂ ਬਸ ਸਿੱਧਾ ਸਾਦਾ ਸੱਚ ਬੋਲਦੇ ਸਾਂ ਜੋ ਸਭਨਾਂ ਵਾਸਤੇ ਵੱਡੀ ਚੀਜ਼ ਸੀ: ਅਸੀਂ ਡਟੇ ਹੋਏ ਸਾਂ ਅਤੇ ਅਸੀਂ ਡਟੇ ਰਹਾਂਗੇ।
ਪਰ ਅਸੀਂ ਆਪਸ ਵਿਚ ਗੱਲਬਾਤ ਵਧੇਰੇ ਖੁੱਲ੍ਹ ਕੇ ਕਰ ਲੈਂਦੇ ਸਾਂ।
ਮੈਨੂੰ ਯਾਦ ਹੈ ਕਿਵੇਂ 19 ਸਤੰਬਰ 1941 ਵਾਲੇ ਦਿਨ, ਜਿਸ ਦਿਨ ਐਸੀ ਅੰਧਾਧੁੰਦ ਬੰਬਾਰੀ ਹੋਈ ਜਿਹੜੀ ਲੈਨਿਨਗ੍ਰਾਦ ਦੇ ਸਾਰੇ ਵਾਸੀਆਂ ਨੂੰ ਯਾਦ ਹੋਵੇਗੀ, ਮਸਕੋਵਸਕਾਯਾ ਨਾਂ ਦੀ ਇਕ ਔਰਤ ਸਾਡੇ ਸਟੂਡੀਓ ਆਈ। ਇਹ ਸਤਰੇਮਿਆਨਾਯਾ ਸੜਕ ਉੱਤੇ ਰਹਿੰਦੀ ਸੀ। ਉਸ ਦੇ ਦੋ ਬੱਚੇ ਉਹਦੇ ਮਕਾਨ ਦੇ ਮਲਬੇ ਹੇਠਾਂ ਦੱਬ ਕੇ ਮਰ ਗਏ ਸਨ। ਉਹ ਰੇਡੀਓ ਉੱਤੇ ਪਹਿਲਾਂ ਕਦੇ ਨਹੀਂ ਸੀ ਬੋਲੀ ਪਰ ਉਹ ਆਈ ਤੇ ਕਹਿਣ ਲੱਗੀ:
“ਮੈਨੂੰ ਰੇਡੀਓ ਤੋਂ ਬੋਲ ਲੈਣ ਦਿਓ ... ਮੈਂ ਬੋਲਣਾ ਚਾਹੁੰਦੀ ਆਂ।”
ਉਸ ਨੇ ਸਰੋਤਿਆਂ ਨੂੰ ਇਸ ਬਾਰੇ ਦੱਸਿਆ ਕਿ ਇਕ ਘੰਟਾ ਪਹਿਲਾਂ ਉਹਦੇ ਬੱਚਿਆਂ ਨਾਲ ਕੀ ਹੋਇਆ ਸੀ।ਜਿਹੜੀ ਚੀਜ਼ ਮੈਨੂੰ ਸਭ ਤੋਂ ਬਹੁਤੀ ਯਾਦ ਹੈ ਉਹ ਏਨੇ ਉਹਦੇ ਲਫਜ਼ ਨਹੀਂ ਜਿੰਨੀ ਉਹਦੇ ਸਾਹਾਂ ਦੀ ਧੜਕਣ। ਇਕ ਐਸੇ ਇਨਸਾਨ ਦੇ ਬੋਝਲ ਤੇ ਔਖੇ ਔਖੇ ਸਾਹ ਜਿਹੜਾ ਹਰ ਵਕਤ ਆਪਣੀ ਚੀਕ ਰੋਕਦਾ ਹੋਵੇ, ਉੱਚੇ-ਉੱਚੇ ਹਟਕੋਰਿਆਂ ਨੂੰ ਨੱਪ-ਘੁੱਟ ਰਿਹਾ ਹੋਵੇ। ਸਾਹਾਂ ਦੀ ਇਹ ਧੜਕਣ, ਜਿਹੜੀ ਲਾਊਡਸਪੀਕਰ ਨਾਲ ਹੋਰ ਉੱਚੀ ਹੋ ਜਾਂਦੀ ਸੀ, ਲੈਨਿਨਗ੍ਰਾਦ ਦੇ ਇਕ-ਇਕ ਮਕਾਨ ਵਿਚ ਅਤੇ ਸ਼ਹਿਰ ਨੂੰ ਆਉਂਦੇ ਰਸਤਿਆਂ ਉੱਤੇ ਬਣੀਆਂ ਖੰਦਕਾਂ ਵਿਚ ਪਹੁੰਚੀ, ਅਤੇ ਫੌਜੀਆਂ ਨੇ ਇਕ ਮਾਂ ਦੀ ਕਹਾਣੀ ਸੁਣੀ ਕਿਵੇਂ ਉਸ ਦਾ ਨਿੱਕਾ ਜਿਹਾ ਮੁੰਡਾ ਤੇ ਕੁੜੀ ਸਤਰੇਮਿਆਨਾਯਾ ਸੜਕ ਉੱਤੇ ਉਹਦੇ ਘਰ ਵਿਚ ਦਮ ਤੋੜ ਗਏ ਸਨ, ਉਸ ਦੇ ਸਾਹਾਂ ਦੀ ਧੜਕਣ ਸੁਣੀ, ਅਥਾਹ ਦੁੱਖ ਤੇ ਅਥਾਹ ਹੌਂਸਲੇ ਦੀ ਧੜਕਣ ਸੁਣੀ। ਸਾਹਾਂ ਦੀ ਇਹ ਧੜਕਣ ਉਹਨਾਂ ਸਭਨਾਂ ਨੂੰ ਯਾਦ ਰਹੀ ਤੇ ਡਟੇ ਰਹਿਣ ਵਿਚ ਉਹਨਾਂ ਦੀ ਮਦਦ ਕੀਤੀ।
ਰੇਡੀਓ ਦੇ ਮੰਚ ਤੋਂ ਬੋਲਦਿਆਂ, ਸ਼ਹਿਰ ਦੇ ਲੋਕਾਂ ਨੇ, ਜਿੱਥੇ ਨਿੱਜੀ ਤੇ ਸਮੂਹਿਕ ਇਕ ਦੂਜੇ ਵਿਚ ਘੁਲਮਿਲ ਗਿਆ ਸੀ, ਇਕ ਦੂਜੇ ਨੂੰ ਆਸਰਾ ਦਿੱਤਾ, ਹੌਂਸਲਾ ਦਿੱਤਾ ਅਤੇ ਉਹ ਸਭ ਇਕਮੁਠ ਹੋ ਸਕੇ।
ਇਕ ਲੇਖਕ ਦੇ ਤੌਰ 'ਤੇ ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਦਿਨਾਂ ਵਿਚ ਲੈਨਿਨਗ੍ਰਾਦ ਦੇ ਲੇਖਕਾਂ ਦੀਆਂ ਅਵਾਜ਼ਾਂ ਉੱਚੀਆਂ ਤੇ ਸਪੱਸ਼ਟ ਗੂੰਜਦੀਆਂ ਸਨ। ਕਲਾ ਇਸ ਬਹੁਤ ਵੱਡੇ ਤੇ ਲਾਸਾਨੀ ਮੰਚ ਉੱਤੇ ਸਿਰਫ਼ ਤਕਰੀਰਾਂ ਕਰਨ, ਪ੍ਰੇਰਨਾ ਦੇਣ ਤੇ ਅਪੀਲਾਂ ਕਰਨ ਵਾਸਤੇ ਹੀ ਨਹੀਂ ਸੀ ਆਈ। ਨਹੀਂ ਇਸ ਨੇ ਆਪਣੇ ਸਾਥੀ ਸ਼ਹਿਰੀਆਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਸਨ, ਬਹੁਤ ਹੀ ਅਹਿਮ ਮਸਲਿਆਂ ਬਾਰੇ ਇਸ ਨੇ ਉੱਚੀ ਸੁਰ ਵਿਚ ਸੋਚਿਆ ਸੀ, ਇਸ ਨੇ ਸਲਾਹ ਮਸ਼ਵਰਾ ਕੀਤਾ ਸੀ, ਢਾਰਸ ਬੰਨ੍ਹਾਇਆ ਸੀ ਅਤੇ ਉਸ ਢੰਗ ਨਾਲ ਉਹਨਾਂ ਦੇ ਦਿਲਾਂ ਤੱਕ ਪਹੁੰਚ ਕੇ ਜਿਸ ਨਾਲ ਸਿਰਫ ਕਲਾ ਹੀ ਪਹੁੰਚ ਸਕਦੀ ਹੈ, ਆਪਣੇ ਸਰੋਤਿਆਂ ਦੀਆਂ ਖੁਸ਼ੀਆਂ-ਗ਼ਮੀਆਂ ਵਿਚ ਹਿੱਸਾ ਵੰਡਾਇਆ ਸੀ।
ਜਿੱਥੋਂ ਤੱਕ ਤਕਰੀਰਾਂ ਤੇ ਅਪੀਲਾਂ ਕਰਨ ਦਾ ਸਵਾਲ ਹੈ ਸਾਡੇ ਵੀ ਆਪਣੇ ਸਿਰਕੱਢ ਬੁਲਾਰੇ ਸਨ।ਲੈਨਿਨਗ੍ਰਾਦ ਦਾ ਕੋਈ ਵੀ ਵਸਨੀਕ, ਜਿਹੜਾ ਮੁਹਾਸਰੇ ਦੇ ਦਿਨਾਂ ਵਿਚ ਸ਼ਹਿਰ ਵਿਚ ਰਹਿੰਦਾ ਸੀ, ਵਸੇਵੋਲੋਦ ਵਿਸ਼ਨੇਵਸਕੀ ਦੀਆਂ ਰੇਡੀਓ ਤੋਂ ਕੀਤੀਆਂ ਜਜ਼ਬਿਆਂ ਵਿਚ ਗੁੰਨ੍ਹੀਆਂ ਤਕਰੀਰਾਂ ਨੂੰ ਕਦੇ ਨਹੀਂ ਭੁੱਲ ਸਕੇਗਾ। ਰੇਡੀਓ, ਜਿਸ ਦੇ ਯੰਤਰ ਹਨ ਧੁਨੀ, ਅਵਾਜ਼ ਤੇ ਲੈਅ, ਇਸ ਲੇਖਕ ਦੀ ਨਿਵੇਕਲੀ ਸੁਰ ਨੂੰ ਸਰੋਤਿਆ ਤੱਕ ਪਹੁੰਚਾਉਣ ਦਾ ਇਕ ਆਦਰਸ਼ਕ ਸਾਧਨ ਸੀ। ਇਹ ਲੇਖਕ ਕਰੂਜਰ "ਆਰੋਰਾ” ਦੇ ਵੇਲਿਆਂ ਦਾ ਬਾਲਟਿਕ ਬੇੜੇ ਦਾ ਜਹਾਜ਼ੀ ਸੀ ਜਦੋਂ ਇਸ ਨੇ ਸਰਦ ਮਹੱਲ ਉੱਤੇ ਧਾਵੇ ਦੌਰਾਨ ਆਪਣਾ ਇਤਿਹਾਸਕ ਗੋਲਾ ਦਾਗਿਆ ਸੀ।ਉਸ ਦੀ ਸੁਰ ਤੇ ਉਸ ਦੇ ਅੰਦਾਜ਼ ਦਾ ਆਪਣੇ ਆਪ ਹੀ ਸੇਂਟ ਪੀਟਰਸਬਰਗ- ਪੀਤਰੋਗ੍ਰਾਦ-ਲੈਨਿਨਗ੍ਰਾਦ ਦੇ ਇਨਕਲਾਬੀ ਇਤਿਹਾਸ ਨਾਲ ਇਕ ਜਿਊਂਦਾ ਜਾਗਦਾ ਰਿਸ਼ਤਾ ਸੀ। ਬਾਲਟਿਕ ਜਹਾਜ਼ੀ ਦਾ ਇਹ ਬੇਪ੍ਰਵਾਹੀ ਵਾਲਾ ਅੰਦਾਜ਼, ਇਹ ਜਾਣੀ ਪਛਾਣੀ ਗੂੰਜਦੀ ਸੁਰ, ਜਿਸ ਨੇ ਅਕਤੂਬਰ ਇਨਕਲਾਬ ਤੇ ਖਾਨਾਜੰਗੀ ਦੇ ਦਿਨੀਂ ਆਪਣੀ ਸਮਰਥਾ ਦਾ ਸ਼ਾਨਦਾਰ ਸਬੂਤ ਦਿੱਤਾ ਸੀ, ਫੇਰ ਵਾਪਸ ਆ ਗਏ ਸਨ ਜਿਊਂਦੇ ਜਾਗਦੇ, ਅਸਲੀ ਰੂਪ ਵਿਚ, ਹਰ ਦਿਲ ਨੂੰ ਪਿਆਰੇ। ਇਹ ਠੀਕ ਹੈ ਕਿ ਬਾਲਟਿਕ ਜਹਾਜ਼ੀ ਹੁਣ ਵਧੇਰੇ ਹਠੀਲਾ ਤੇ ਗੰਭੀਰ ਹੋ ਗਿਆ ਸੀ ਪਰ 1941 ਦੀ ਉਸ ਖੌਫਨਾਕ ਪਤਝੜ ਵਿਚ, ਹਮਲੇ ਦੇ ਉਹਨਾਂ ਭਿਆਨਕ ਦਿਨਾਂ ਵਿਚ ਉਸ ਦੀਆਂ ਜੋਸ਼ ਭਰੀਆਂ ਤੇ ਕਦੇ-ਕਦੇ ਕੁਝ ਉਖੜੀਆਂ-ਉਖੜੀਆਂ ਤਕਰੀਰਾਂ ਨੇ ਇਸ ਸ਼ਹਿਰ ਨੂੰ, ਜਿਹੜਾ ਆਪਣੀਆਂ ਰਵਾਇਤਾਂ ਨੂੰ ਪਿਆਰ ਹੀ ਨਹੀਂ ਕਰਦਾ ਸਗੋਂ ਉਹਨਾਂ ਨੂੰ ਅਮਲ ਵਿਚ ਜਿਊਂਦਾ ਵੀ ਹੈ, ਬੜਾ ਹੌਂਸਲਾ ਦਿੱਤਾ ਸੀ। ਉਹ ਇਸ ਲਈ ਬੜੀਆਂ ਜ਼ਰੂਰੀ ਸਨ।
ਆਪਣੇ ਸ਼ਹਿਰ ਨਿਵਾਸੀਆਂ ਨੂੰ, ਰਜ਼ਾਕਾਰਾਂ ਅਤੇ ਫ਼ੌਜੀਆਂ ਨੂੰ ਪੀਤਰੋਗ੍ਰਾਦ ਦੇ ਬੁੱਢੇ ਮਜ਼ਦੂਰਾਂ ਦੀ ਹਰ ਅਪੀਲ ਇਸ ਪ੍ਰਤਿਗਿਆ ਨਾਲ ਸਮਾਮਤ ਹੁੰਦੀ ਸੀ: “ਮਰ ਜਾਵਾਂਗੇ, ਪਰ ਆਪਣਾ ਪਿਆਰਾ ਲੈਨਿਨਗ੍ਰਾਦ ਨਹੀਂ ਛੱਡਾਂਗੇ।”
ਇਹ ਪ੍ਰਤਿਗਿਆ ਤਕਰੀਬਨ ਅੱਖਰ-ਅੱਖਰ ਉਹ ਨਾਹਰਾ ਸੀ ਜਿਹੜਾ ਫੌਜੀਆਂ ਤੇ ਲਾਲ ਗਾਰਦਾਂ ਦੇ ਝੰਡਿਆਂ ਉੱਤੇ ਲਿਖਿਆ ਹੋਇਆ ਸੀ ਜਿਹੜੇ 1917–1919 ਵਿਚ ਕੋਰਨੀਲੋਵ, ਕੋਰੇਨਸਕੀ ਜਾਂ ਯੂਦੇਵਿਚ1 ਦੇ ਖਿਲਾਫ ਸ਼ਹਿਰ ਦੀ ਰੱਖਿਆ ਲਈ ਮੈਦਾਨ ਵਿਚ ਨਿਤਰੇ ਸਨ: “ਮਰ ਜਾਵਾਂਗੇ, ਪਰ ਲਾਲ ਪੀਤਰੋਗ੍ਰਾਦ ਨਹੀਂ ਛੱਡਾਗੇ !”
1. ਰੂਸ ਵਿਚ ਸਮਾਜਵਾਦੀ ਇਨਕਲਾਬ ਮਗਰੋਂ ਛਿੜੀ ਖਾਨਾਜੰਗੀ ਦੌਰਾਨ ਉਲਟ ਇਨਕਲਾਬੀਆਂ ਦੇ ਮੁਖੀ।-ਸੰਪਾ:
ਇਹ ਕੋਈ ਟੂਕ ਨਹੀਂ ਸੀ, ਇਹ ਤਾਂ ਜਿਊਂਦੀ ਜਾਗਦੀ ਆਤਮਾ ਦੀ ਅਵਾਜ਼ ਸੀ, ਓਨੀ ਹੀ ਜਿਊਂਦੀ ਜਾਗਦੀ ਤੇ ਅਹਿਮ ਜਿੰਨੀਆਂ ਬਾਲਟਿਕ ਬੇੜੇ ਦੇ ਇਨਕਲਾਬੀ ਜਹਾਜ਼ੀ ਵਾਲੇ ਲਾਸਾਨੀ ਅੰਦਾਜ਼ ਵਿਚ ਵਸੇਵੋਲੇਦ ਵਿਸ਼ਨੇਵਸਕੀ ਦੀਆਂ ਤਕਰੀਰਾਂ। ਮਿਸਾਲ ਵਾਸਤੇ ਉਹਦੀ ਉਹ ਤਕਰੀਰ ਹੀ ਜਿਹੜੀ ਉਹਨੇ ਅਕਤੂਬਰ ਇਨਕਲਾਬ ਦੀ 24 ਵੀਂ ਵਰ੍ਹੇਗੰਢ ਦੇ ਮੌਕੇ ਰੇਡੀਓ ਤੋਂ ਕੀਤੀ ਸੀ:
“ਅਕਤੂਬਰ ਦੀ ਵਰ੍ਹੇਗੰਢ ਤੋਂ ਪਹਿਲੀ ਰਾਤ: ਜੰਮੇ ਹੋਏ ਨੇਵਾ ਦੇ ਕੰਢੇ ਸ਼ਹਿਰ ਉੱਤੇ ਜੋ ਸਭ ਕੁਝ ਕਰਨ ਨੂੰ ਤਿਆਰ ਹੈ, ਤਰਕਾਲਾਂ ਦਾ ਘੁਸਮੁਸਾ ਹੋ ਗਿਆ ਹੈ... ਮੋਰਚੇ 'ਤੇ ਡਟਿਆ ਸ਼ਹਿਰ ਜਿਊਂਦਾ ਜਾਗਦਾ ਹੈ ਅਤੇ ਇਨਕਲਾਬ ਦੇ ਦਿਲ ਦੀ ਧੜਕਣ ਪਹਿਲਾਂ ਜਿੰਨੀ ਹੀ ਮਜ਼ਬੂਤ ਹੈ।ਸੱਚੇ ਰੂਸੀ ਵਾਂਗ, ਲੈਨਿਨ ਵਾਂਗ ਇਸ ਵਿਚ ਠਰੰਮਾ ਤੇ ਭਰੋਸਾ ਹੈ। ਲਾਊਡਸਪੀਕਰਾਂ ਉੱਤੇ ਲਿਓ ਤਾਲਸਤਾਏ ਦੀ ਕਹਾਣੀ “ਸੇਵਾਸਤੋਪੋਲ ਸਿਆਲ 18੫4" ਸੁਣਾਈ ਜਾ ਰਹੀ ਹੈ। ਕੀਲੀ ਹੋਈ ਭੀੜ ਸੁਣ ਰਹੀ ਹੈ। ਲੋਕ ਆਪਣੇ ਆਪ ਨੂੰ ਪਛਾਣਦੇ ਹਨ। ਇਹ ਤਾਂ ਅੱਜ ਦੇ ਦਿਨਾਂ ਦੀ ਕਹਾਣੀ ਹੈ। ਤਾਲਸਤਾਏ ਦੀ "ਚੌਥੀ ਗੜ੍ਹੀ” ਅੱਜ ਦਾ ਲੈਨਿਨਗ੍ਰਾਦ ਹੈ। ਤਾਲਸਤਾਏ ਦੇ ਬਿਆਨ ਦਾ ਇਕ ਇਕ ਲਫਜ਼ ਸਹੀ ਹੈ, ਸਭ ਕੁਝ ਉਸ ਤਰ੍ਹਾਂ ਹੀ ਜਿਵੇਂ ਅੱਜ ਸਾਡੀਆਂ ਅੱਖਾਂ ਦੇ ਸਾਮ੍ਹਣੇ ਹੈ। ਅਸਲ ਰੂਸੀ ਬਹਾਦਰੀ, ਸਨਿਮਰ, ਨਿਰਮਲ। ਇਕ ਟਰਾਮ ਜਿਸ ਦੀਆਂ ਬੱਤੀਆਂ ਬੁਝਾਈਆਂ ਹੋਈਆਂ ਹਨ ਮੁਹਾਜ਼ ਵੱਲ, ਚੌਥੀ ਗੜ੍ਹੀ ਵੱਲ ਜਾਂਦੀ ਹੈ ... ਇਹ ਮਹਾਨ ਸ਼ਹਿਰ ਅਕਤੂਬਰ ਇਨਕਲਾਬ ਦਾ ਵਫ਼ਾਦਾਰ ਹੈ, ਇਸ ਨੂੰ ਆਪਣੀ ਹੋਣੀ ਦੀ ਅਤੇ ਆਪਣੇ ਆਪ ਦੀ ਪੂਰੀ ਚੇਤਨਾ ਹੈ। ਇਸ ਨੂੰ ਪਤਾ ਹੈ ਕਿ ਇਸ ਦੇ ਸਾਮ੍ਹਣੇ ਕੀ ਹੈ ਕੰਮ, ਕੁਰਬਾਨੀਆਂ, ਵਫ਼ਾਦਾਰੀ, ਹੌਂਸਲਾ ਤੇ ਫਤਹਿ...”
ਮੈਨੂੰ ਇਹ "ਰੇਡੀਓ ਲੈਨਿਨਗ੍ਰਾਦ ਏ” ਲੜੀ ਦੀ ਇਕ ਹੋਰ ਵਾਰਤਾ ਦਾ ਚੇਤਾ ਆਉਂਦਾ ਹੈ – 1941 ਦੇ ਸਤੰਬਰ ਦੇ ਅਖੀਰ ਵਿਚ ਜਦੋਂ ਸ਼ਹਿਰ ਉੱਤੇ ਤੋਪਾਂ ਅਤੇ ਹਵਾਈ ਹਮਲਿਆਂ ਨਾਲ ਵਹਿਸ਼ੀਆਨਾ ਗੋਲਾਬਾਰੀ ਕੀਤੀ ਗਈ ਸੀ। ਇਹ ਕਵਿਤਰੀ ਅੰਨਾ ਅਖਮਾਤੋਵਾ ਦੀ ਵਾਰਤਾ ਸੀ। ਇਸ ਨੂੰ ਅਸੀਂ ਸਟੂਡੀਓ ਵਿਚ ਨਹੀਂ, ਸਗੋਂ ਲੇਖਕ ਭਵਨ ਅੰਦਰ, ਮਿਖਾਇਲ ਜ਼ੋਸ਼ਚੇਨਕੋ ਦੇ ਫਲੈਟ ਵਿਚ ਰਿਕਾਰਡ ਕੀਤਾ ਸੀ।ਜਿਵੇਂ ਕਿਸੇ ਨੂੰ ਚਿੜਾਉਣਾ ਹੋਵੇ, ਤੋਪਖਾਨਾ ਬੜੀ ਅੰਧਾਧੁੰਦ ਗੋਲਾਬਾਰੀ ਕਰ ਰਿਹਾ ਸੀ, ਅਤੇ ਅਸੀਂ ਬੁਰੀ ਤਰ੍ਹਾਂ ਘਬਰਾਏ ਹੋਏ ਸਾਂ, ਰਿਕਾਰਡਿੰਗ ਠੀਕ ਤਰ੍ਹਾਂ ਨਹੀਂ ਸੀ ਹੋ ਰਹੀ।ਅੱਨਾ ਅਖਮਾਤੋਵਾ ਨੇ ਬੋਲ ਕੇ ਮੈਨੂੰ ਛੋਟੀ ਜਿਹੀ ਤਕਰੀਰ ਲਿਖਾਈ ਸੀ ਜਿਸ ਨੂੰ ਮਗਰੋਂ ਉਹਨੇ ਆਪਣੇ ਆਪ ਠੀਕ-ਠਾਕ ਕੀਤਾ ਸੀ, ਅਤੇ ਇਹ ਪੀਲਾ ਪੈ ਗਿਆ ਕਾਗਜ਼ ਮੇਰੇ ਵਾਸਤੇ ਓਨਾ ਹੀ ਵਡਮੁੱਲਾ ਹੈ ਜਿੰਨਾ ਸ਼ੋਸਤਾਕੋਵਿਚ ਦੀ ਤਕਰੀਰ ਦਾ ਖਰੜਾ । ਅਤੇ ਅੱਜ ਵੀਹ ਸਾਲ ਬੀਤਣ ਬਾਦ ਵੀ ਸ਼ੋਸਤਾਕੋਵਿਚ ਦੀ ਮੱਧਮ, ਸੂਝਭਰੀ ਤੇ ਠਰ੍ਹੰਮੇ ਵਾਲੀ ਅਵਾਜ਼ ਅਤੇ ਕਦੇ ਉੱਚੀ, ਕਦੇ ਨੀਵੀਂ ਤੇ ਤਿੱਖੀ ਹੁੰਦੀ ਵਿਸ਼ਨੇਵਸਕੀ ਦੀ ਉਤੇਜਨਾਭਰੀ ਅਵਾਜ਼ ਇਉਂ ਯਾਦ ਹੈ ਜਿਵੇਂ ਇਹ ਅੱਜ ਦੀ ਗੱਲ ਹੋਵੇ।ਇਸੇ ਹੀ ਤਰ੍ਹਾਂ ਮੇਰੀ ਯਾਦ ਵਿਚ “ਵਿਰਲਾਪ ਦੀ ਕਾਵਿ-ਦੇਵੀ" ਦੀ ਭਾਰੀ, ਦਰਦਨਾਕ ਤੇ ਮਾਣਮੱਤੀ ਅਵਾਜ਼ ਸਾਂਭੀ ਹੋਈ ਹੈ ਜਦੋਂ ਉਹ ਤਰਕਾਲਾਂ ਵੇਲੇ ਦੇ, ਕਾਲੇ-ਸੁਨਹਿਰੇ, ਥੋੜੇ ਚਿਰ ਲਈ ਖਾਮੋਸ਼ ਹੋ ਗਏ ਲੈਨਿਨਗ੍ਰਾਦ ਉੱਤੇ ਉੱਡਦੀ ਸੀ। ਪਰ ਉਹਨਾਂ ਦਿਨਾਂ ਵਿਚ ਉਹ "ਵਿਰਲਾਪ ਦੀ ਕਾਵਿ-ਦੇਵੀ" ਵਾਂਗ ਨਾ ਲਿਖਦੀ ਸੀ ਨਾ ਬੋਲਦੀ ਸੀ, ਸਗੋਂ ਲੈਨਿਨਗ੍ਰਾਦ ਤੇ ਰੂਸ ਦੀ ਸੱਚੀ ਤੇ ਬਹਾਦਰ ਸਪੁੱਤਰੀ ਵਜੋਂ ਲਿਖਦੀ ਬੋਲਦੀ ਸੀ।
ਉਸ ਨੇ ਆਖਿਆ ਸੀ:
“ਮੇਰੇ ਪਿਆਰੇ ਹਮਸ਼ਹਿਰੀਓ ! ਲੈਨਿਨਗ੍ਰਾਦ ਦੀਓ ਮਾਤਾਓ ! ਬੀਵੀਓ ਅਤੇ ਭੈਣੋਂ ! ਮਹੀਨੇ ਤੋਂ ਉੱਤੇ ਹੋ ਗਿਆ ਹੈ, ਕਿਵੇਂ ਦੁਸ਼ਮਣ ਸਾਡੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਬੜ੍ਹਕਾਂ ਮਾਰ ਰਿਹਾ ਹੈ ਅਤੇ ਇਸ ਨੂੰ ਮਾਰੂ ਫੱਟ ਲਾ ਰਿਹਾ ਹੈ। ਮਹਾਨ ਪੀਟਰ ਦਾ ਇਹ ਸ਼ਹਿਰ, ਲੈਨਿਨ ਦਾ ਸ਼ਹਿਰ, ਪੁਸ਼ਕਿਨ, ਦੋਸਤੋਯੇਵਸਕੀ ਤੇ ਬਲੋਕ ਦਾ ਸ਼ਹਿਰ, ਮਹਾਨ ਸਭਿਆਚਾਰ ਤੇ ਕਿਰਤ ਦਾ ਸ਼ਹਿਰ ਨਮੋਸ਼ੀ ਤੇ ਤਬਾਹੀ ਦੇ ਖਤਰੇ ਵਿਚ ਪਿਆ ਹੋਇਆ ਹੈ। ਲੈਨਿਨਗ੍ਰਾਦ ਦੇ ਸਭਨਾਂ ਵਸਨੀਕਾਂ ਵਾਂਗ, ਇਹ ਸੋਚ ਕੇ ਖੌਫ ਨਾਲ ਮੈਂ ਸੁੰਨ ਹੋ ਜਾਂਦੀ ਹਾਂ ਕਿ ਮੇਰਾ ਸ਼ਹਿਰ, ਸਾਡਾ ਸ਼ਹਿਰ ਲਿਤਾੜਿਆ ਜਾ ਸਕਦਾ ਹੈ। ਮੇਰੀ ਸਾਰੀ ਜ਼ਿੰਦਗੀ ਲੈਨਿਨਗ੍ਰਾਦ ਨਾਲ ਜੁੜੀ ਹੋਈ ਹੈ। ਮੈਂ ਲੈਨਿਨਗ੍ਰਾਦ ਵਿਚ ਹੀ ਕਵੀ ਬਣੀ। ਮੇਰੀ ਕਵਿਤਾ ਵਿਚ ਲੈਨਿਨਗ੍ਰਾਦ ਦੇ ਸਾਹਾਂ ਦੀ ਧੜਕਣ ਹੈ... ਤੁਹਾਡੇ ਸਭ ਵਾਂਗ, ਮੈਂ ਵੀ ਸਿਰਫ ਇਸ ਅਡੋਲ ਵਿਸ਼ਵਾਸ ਦੇ ਸਹਾਰੇ ਜਿਊਂਦੀ ਹਾਂ ਕਿ ਲੈਨਿਨਗ੍ਰਾਦ ਨਾਜ਼ੀਆਂ ਦੇ ਸਾਮ੍ਹਣੇ ਕਦੇ ਗੋਡੇ ਨਹੀਂ ਟੇਕੇਗਾ। ਇਹ ਵਿਸ਼ਵਾਸ ਹੋਰ ਤਕੜਾ ਹੁੰਦਾ ਹੈ ਜਦੋਂ ਮੈਂ ਲੈਨਿਨਗ੍ਰਾਦ ਦੀਆਂ ਔਰਤਾਂ ਨੂੰ ਵੇਖਦੀ ਹਾਂ ਜਿਹੜੀਆਂ ਬਹਾਦਰਾਂ ਵਾਂਗ ਲੈਨਿਨਗ੍ਰਾਦ ਦੀ ਰੱਖਿਆ ਕਰ ਰਹੀਆਂ ਹਨ ਅਤੇ ਇਸ ਦੀ ਸਾਧਾਰਨ ਮਨੁੱਖੀ ਜ਼ਿੰਦਗੀ ਨੂੰ ਬਾਂਹ ਦੇਂਦੀਆਂ ਹਨ। ਸਾਡੀਆਂ ਆਉਣ ਵਾਲੀਆਂ ਨਸਲਾਂ ਦੇਸ਼ਭਗਤਕ ਜੰਗ ਦੇ ਜ਼ਮਾਨੇ ਦੀ ਹਰ ਮਾਂ ਨੂੰ ਸ਼ਰਧਾਂਜਲੀ ਪੇਸ਼ ਕਰਨਗੀਆਂ ਪਰ ਖਾਸ ਕਰਕੇ ਲੈਨਿਨਗ੍ਰਾਦ ਦੀ ਔਰਤ ਨੂੰ ਜਿਹੜੀ ਵਰ੍ਹਦੇ ਬੰਬਾਂ ਵਿਚ ਕੁੰਡੀ ਵਾਲਾ ਡੰਡਾ ਤੇ ਚਿਪਟਾ ਲੈ ਕੇ ਛੱਤ ਉੱਤੇ ਖਲੋਂਦੀ ਹੈ, ਲੈਨਿਨਗ੍ਰਾਦ ਦੀ ਰਜ਼ਾਕਾਰ ਨਰਸ ਨੂੰ ਜਿਹੜੀ ਮਚਦੇ ਘਰਾਂ ਦੇ ਖੰਡਰਾਂ ਵਿਚ ਜ਼ਖ਼ਮੀਆਂ ਦੀ ਮਲ੍ਹਮ ਪੱਟੀ ਕਰਦੀ ਹੈ... ਜਿਸ ਸ਼ਹਿਰ ਨੇ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਜਨਮ ਦਿੱਤਾ ਹੈ ਉਹ ਤਬਾਹ ਨਹੀਂ ਹੋ ਸਕਦਾ। ਅਸੀਂ ਲੈਨਿਨਗ੍ਰਾਦ ਦੇ ਵਸਨੀਕ ਬੜੇ ਔਖੇ ਦਿਨਾਂ ਵਿਚੋਂ ਲੰਘ ਰਹੇ ਹਾਂ, ਪਰ ਸਾਨੂੰ ਪਤਾ ਹੈ ਕਿ ਸਾਡਾ ਦੇਸ਼ ਅਤੇ ਸਾਡੇ ਸਾਰੇ ਹਮਵਤਨ ਸਾਡੇ ਨਾਲ ਹਨ। ਅਸੀਂ ਆਪਣੇ ਵਾਸਤੇ ਉਹਨਾਂ ਦੀ ਚਿੰਤਾ ਨੂੰ, ਉਹਨਾਂ ਦੇ ਪਿਆਰ, ਉਹਨਾਂ ਦੀ ਸਹਾਇਤਾ ਨੂੰ ਮਹਿਸੂਸ ਕਰ ਸਕਦੇ ਹਾਂ। ਅਸੀਂ ਉਹਨਾਂ ਦੇ ਧੰਨਵਾਦੀ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਅਸੀਂ ਹਮੇਸ਼ਾ ਡਟੇ ਰਹਾਂਗੇ, ਸਾਡੇ ਹੌਂਸਲੇ ਬੁਲੰਦ ਰਹਿਣਗੇ...”
ਪੂਰੇ ਦੇਸ਼ ਵਾਸਤੇ ਹੁੰਦੇ ਪ੍ਰਸਾਰਨ ਵੀ ਲੈਨਿਨਗ੍ਰਾਦ ਦੇ ਵਾਸੀ ਸੁਣਦੇ ਸਨ, ਅਤੇ ਇਸੇ ਕਰਕੇ ਹੀ ਅੰਨਾ ਅਖਮਾਤੋਵਾ, ਲੈਨਿਨਗ੍ਰਾਦ ਦੀਆਂ ਔਰਤਾਂ ਨੂੰ ਸੰਬੋਧਨ ਕਰ ਰਹੀ ਸੀ।ਹਰ ਪਹਿਲੀ ਥਾਂ ’ਤੇ ਇਹ ਪ੍ਰਸਾਰਨ ਪੂਰੇ ਦੇਸ਼ ਲਈ ਤੇ ਸਮੁੱਚੇ ਸੰਸਾਰ ਲਈ ਸਨ, ਅਤੇ ਇਹ ਬਹੁਤ ਜ਼ਰੂਰੀ ਸੀ ਕਿ ਸ਼ਹਿਰ ਦੇ ਆਮ ਰਾਖਿਆਂ ਦੇ ਨਾਲ-ਨਾਲ ਹੀ, ਦੁਨੀਆਂ ਭਰ ਵਿਚ ਪ੍ਰਸਿੱਧੀ ਦੇ ਮਾਲਕ ਲੋਕ ਵੀ ਰੇਡੀਓ ਤੋਂ ਬੋਲਣ।ਬੇਸ਼ਕ, ਨਾਜ਼ੀ ਵੀ ਸਾਡੇ ਪ੍ਰਸਾਰਨ ਸੁਣਦੇ ਸਨ।ਉਹ ਇਹ ਪ੍ਰੋਗਰਾਮ ਸੁਣਦੇ ਸਨ ਅਤੇ, ਜਿਵੇਂ ਸਾਨੂੰ ਮਗਰੋਂ ਪਤਾ ਲੱਗਾ, ਬੋਲਣ ਵਾਲਿਆਂ ਦੇ ਨਾਂ ਲਿਖ ਲੈਂਦੇ ਸਨ, “ਹਿਸਾਬ ਲੈਣ ਦੇ ਦਿਨ" ਦੀ ਉਡੀਕ ਵਿਚ।ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਉਹਨਾਂ ਦੇ ਇਹ ਫਤੂਰ ਪੂਰੇ ਨਹੀਂ ਹੋਣੇ ਸਨ। ਮੈਨੂੰ ਇਹ ਸੋਚ ਕੇ ਫਖ਼ਰ ਹੁੰਦਾ ਹੈ ਕਿ ਲੈਨਿਨਗ੍ਰਾਦ ਦਾ ਇਕ ਵੀ ਲੇਖਕ ਐਸਾ ਨਹੀਂ ਜਿਸ ਨੇ ਕਦੇ ਇਹਨਾਂ ਪ੍ਰਸਾਰਨਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੋਵੇ। ਸਗੋਂ, ਇਸ ਦੇ ਉਲਟ, ਇਸ ਕੰਮ ਲਈ ਸੱਦਿਆ ਜਾਣਾ ਇਕ ਵੱਡਾ ਮਾਣ ਸਮਝਿਆ ਜਾਂਦਾ ਸੀ। ਨਿਕੋਲਾਈ ਤਿਖ਼ਾਨੋਵ, ਅਲੇਕਸਾਂਦਰ ਪਰੋਕੋਫੀਏਵ ਤੇ ਵਿਸਾਰੀਓਨ ਸਾਯਾਨੋਵ ਕਈ ਵਾਰ ਰੇਡੀਓ ਲੈਨਿਨਗ੍ਰਾਦ ਆਏ ਅਤੇ ਆਪਣੀਆਂ ਜੋਸ਼ੀਲੀਆਂ ਤੇ ਦਲੇਰੀ ਭਰੀਆਂ ਕਵਿਤਾਵਾਂ ਤੇ ਵਾਰਤਾਵਾਂ ਸੁਣਾਈਆਂ। ਅਲੇਕਸਾਂਦਰ ਫਾਦੇਯੇਵ ਜਿਹੜਾ 1942 ਦੀ ਬਹਾਰ ਵਿਚ ਹਵਾਈ ਜਹਾਜ਼ ਰਾਹੀ ਲੈਨਿਨਗ੍ਰਾਦ ਆਇਆ, ਦੋ ਵਾਰੀ ਰੇਡੀਓ ਤੋਂ ਬੋਲਿਆ। ਮਿਖਾਇਲ ਸ਼ੋਲੋਖੋਵ ਦੀ ਪ੍ਰਸਾਰਤ ਹੋਈ ਨਿੱਘੀ ਵਾਰਤਾ ਦਾ ਖਰੜਾ ਅਜੇ ਤੱਕ ਮੇਰੇ ਕੋਲ ਸਾਂਭਿਆ ਹੋਇਆ ਹੈ।
ਹੁਣ ਸਾਡਾ ਇਰਾਦਾ ਸੀ ਕਿ ਇਹ ਸਭ ਚੀਜ਼ਾਂ-ਸ਼ੋਸਤਾਕੋਵਿਚ ਦੀ ਸਤੰਬਰ 1941 ਦੀ ਤਕਰੀਰ, ਉਸ ਮਾਂ ਦੀ ਕਹਾਣੀ ਜਿਸ ਦੇ ਬੱਚੇ ਇਕ ਖੰਡਰ ਹੋਏ ਮਕਾਨ ਵਿਚ ਮਾਰੇ ਗਏ ਸਨ, ਵਿਸ਼ਨੇਵਸਕੀ ਦੇ ਜਜ਼ਬਿਆਂ ਵਿਚ ਗੁੱਧੇ ਹੋਏ ਭਾਸ਼ਨ, ਤਿਖੋਨੋਵ ਦੀਆਂ ਜੰਗ ਬਾਰੇ ਡੌਲੇ ਫਰਕਾ ਦੇਣ ਵਾਲੀਆਂ ਕਵਿਤਾਵਾਂ, ਵੋਲਜ਼ੇਨਿਨ ਦੀਆਂ ਬੀਰ ਰਸੀ ਬੋਲੀਆਂ ਤੇ ਟੱਪੇ ਅਤੇ ਕੁਝ ਇਕ ਦੇਸ਼ ਲਈ ਸਮੁੱਚੇ ਦੇ ਸਮੁੱਚੇ ਪ੍ਰੋਗਰਾਮ ਅਤੇ ਰੇਡੀਓ ਦੀਆਂ ਖਬਰਾਂ ਦੇ ਅੰਸ਼ ਅਤੇ ਲੈਨਿਨਗ੍ਰਾਦ ਦੀ ਅਵਾਜ਼ ਤੋਂ ਮਿਲੀ ਹਲਾਸ਼ੇਰੀ ਬਾਰੇ ਛਾਪੇਮਾਰਾਂ ਦੀਆਂ ਕਹਾਣੀਆਂ “ਇਹ ਰੇਡੀਓ ਲੈਨਿਨਗ੍ਰਾਦ ਏ” ਕਿਤਾਬ ਦੇ ਪਹਿਲੇ ਭਾਗ ਵਿਚ ਸ਼ਾਮਿਲ ਕਰੀਏ।
ਇਥੇ ਮੈਂ ਇਕ ਛੋਟਾ ਜਿਹਾ ਪਰ ਬੜਾ ਅਹਿਮ ਵਾਧਾ ਕਰਨਾ ਚਾਹੁੰਦਾ ਹਾਂ। ਜਦੋਂ ਅਸੀਂ 10 ਜਨਵਰੀ 1942 ਦੀ ਉਸ ਬੇਚੈਨੀ ਭਰੀ ਪ੍ਰੇਰਨਾਮਈ ਰਾਤ ਆਪਣੀ ਵਿਉਂਤ ਉਲੀਕੀ ਓਦੋਂ ਬਹੁਤ ਕੁਝ ਐਸਾ ਸੀ ਜਿਸ ਦਾ ਸਾਨੂੰ ਪਤਾ ਨਹੀਂ ਸੀ ਤੇ ਜਿਸ ਨੂੰ ਅਸੀਂ ਅਗਾਊਂ ਵੇਖ ਨਹੀਂ ਸਕਦੇ ਸਾਂ। ਮਿਸਾਲ ਵਾਸਤੇ, ਅਸੀਂ ਸ਼ੋਸਤਾਕੋਵਿਚ ਦੀ ਉਸ ਸਿੰਫਨੀ ਬਾਰੇ ਵਾਰਤਾ ਤਾਂ ਸ਼ਾਮਿਲ ਕਰ ਲਈ ਜਿਸ ਦੀ ਉਹ ਰਚਨਾ ਕਰ ਰਿਹਾ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਓਸੇ ਸਾਲ ਮਾਰਚ ਵਿਚ ਉਹ ਸਿੰਫਨੀ ਮਾਸਕੋ ਵਿਚ ਪੇਸ਼ ਕੀਤੀ ਜਾਏਗੀ ਅਤੇ ਸਵਰਕਾਰ ਤੇ ਸਾਰੀ ਦੁਨੀਆਂ ਵਲੋਂ ਇਸ ਨੂੰ ਲੈਨਿਨਗ੍ਰਾਦ ਸਿੰਫਨੀ ਦਾ ਨਾਂ ਦਿੱਤਾ ਜਾਏਗਾ, ਜਾਂ ਓਸੇ ਹੀ ਸਾਲ ਬਾਦ ਵਿਚ ਸਾਡਾ ਆਪਣਾ ਆਰਕੈਸਟਰਾ, ਰੇਡੀਓ ਸਟੇਸ਼ਨ ਦਾ ਆਰਕੈਸਟਰਾ, ਸਾਡੇ ਘਿਰੇ ਹੋਏ ਸ਼ਹਿਰ ਵਿਚ ਇਸ ਨੂੰ ਪੇਸ਼ ਕਰੇਗਾ ! ਉਸ ਸਿਆਲ ਆਰਕੈਸਟਰਾ ਨੇ ਪ੍ਰੋਗਰਾਮ ਪੇਸ਼ ਕਰਨਾ ਲਗਪਗ ਬੰਦ ਕਰ ਦਿੱਤਾ ਸੀ ਕਿਉਂਕਿ ਸਾਜ਼ਿੰਦਿਆਂ ਵਿਚ ਸਾਹ-ਸੱਤ ਹੀ ਨਹੀਂ ਸੀ ਰਿਹਾ। ਫੂਕ ਨਾਲ ਹਵਾ ਭਰ ਕੇ ਵਜਾਏ ਜਾਣ ਵਾਲੇ ਸਾਜਾਂ ਬਾਰੇ ਇਹ ਗੱਲ ਖਾਸ ਤੌਰ 'ਤੇ ਲਾਗੂ ਹੁੰਦੀ ਸੀ ਕਿਉਂਕਿ ਜ਼ੋਰ ਲਾਉਣ ਨਾਲ ਪੇਟ ਵੀ ਪਾਟ ਸਕਦਾ ਸੀ। ਸਾਜ਼ਿੰਦਿਆਂ ਦੀ ਗਿਣਤੀ ਘੱਟਦੀ ਗਈ ਸੀ। ਕੁਝ ਮੁਹਾਜ਼ ’ਤੇ ਚਲੇ ਗਏ, ਕੁਝ ਭੁੱਖ ਦੇ ਹੱਥੋਂ ਮਰ ਗਏ। ਮੈਨੂੰ ਸਿਆਲ ਦੀਆਂ ਉਹ ਬੱਗੀਆਂ ਚਿੱਟੀਆਂ ਸਵੇਰਾਂ ਹਮੇਸ਼ਾ ਯਾਦ ਰਹਿਣਗੀਆਂ ਜਦੋਂ ਯਾਸ਼ਾ ਬਾਬੂਸ਼ਕਿਨ, ਜਿਸ ਦਾ ਸਰੀਰ ਫੁਲ ਗਿਆ ਸੀ ਤੇ ਰੰਗ ਸਿੱਕੇ ਵਰਗਾ ਹੋ ਗਿਆ ਸੀ, ਟਾਈਪਿਸਟ ਨੂੰ ਆਰਕੈਸਟਰਾ ਦੀ ਹਾਲਤ ਬਾਰੇ ਆਪਣੀਆਂ ਚਲੰਤ ਰਿਪੋਰਟਾਂ ਲਿਖਵਾ ਰਿਹਾ ਹੁੰਦਾ ਸੀ।
“ਪਹਿਲੀ ਵਾਇਲਿਨ ਮਰਨ ਵਾਲੀ ਹੈ, ਡਰੱਮ ਕੰਮ ਉੱਤੇ ਆਉਂਦਾ ਰਾਹ ਵਿਚ ਮਰ ਗਿਆ, ਧੂਤੂ ਮਰਨ ਕਿਨਾਰੇ ਹੈ,” ਉਸ ਨੇ ਬਾਹਰੋਂ ਸ਼ਾਂਤ, ਨਿਰਾਸ਼ਾ ਨਾਲ ਖੋਖਲੀ ਅਵਾਜ਼ ਵਿਚ ਲਿਖਵਾਇਆ।
ਇਸ ਦੇ ਬਾਵਜੂਦ ਜਿਊਂਦੇ ਮੈਂਬਰਾਂ ਨੇ, ਜਿਨ੍ਹਾਂ ਵਿਚੋਂ ਬਹੁਤੇ ਰੇਡੀਓ ਸਟੇਸ਼ਨ ਦੀ ਇਮਾਰਤ ਵਿਚ ਹੀ ਠਹਿਰਾਏ ਗਏ ਸਨ, ਕੰਮ ਕਰਨਾ ਨਹੀਂ ਸੀ ਛੱਡਿਆ ਅਤੇ ਆਪਣਾ ਅਸਲ ਕੰਮ ਕਰੀ ਜਾ ਰਹੇ ਸਨ। ਕਾਰਲ ਐਲਿਆਸਬਰਗ ਸਟੂਡੀਓ ਦੇ ਬਰਫ ਠੰਡੇ ਕਮਰਿਆਂ ਵਿਚ ਬਹਾਦਰੀ ਨਾਲ ਰਿਆਜ਼ ਕਰਾਈ ਜਾਂਦਾ ਸੀ ਅਤੇ ਐਸੀਆਂ ਰਚਨਾਵਾਂ ਚੁਣਦਾ ਜਿਨ੍ਹਾਂ ਨੂੰ ਵਜਾਉਣਾ ਸੰਗੀਤਕਾਰਾਂ ਦੀ ਸਰੀਰਕ ਸਮਰੱਥਾ ਵਿਚ ਹੁੰਦਾ ਸੀ। ਜਦੋਂ ਇਹ ਖਬਰ ਆਈ ਕਿ ਸਤਵੀਂ ਸਿੰਫਨੀ ਮਾਸਕੋ ਵਿਚ ਪੇਸ਼ ਕੀਤੀ ਗਈ ਸੀ ਅਤੇ ਫੇਰ ਕੁਝ ਚਿਰ ਬਾਦ ਇਸ ਦੀ ਸੁਰ-ਲਿੱਪੀ ਹਵਾਈ ਜਹਾਜ਼ ਰਾਹੀਂ ਲਿਆਂਦੀ ਗਈ ਤਾਂ ਆਰਕੈਸਟਰਾ ਦੀ ਅਮਲੀ ਰੂਪ ਵਿਚ ਪੂਰੀ ਨਾ ਹੋ ਸਕਣ ਵਾਲੀ ਇਹ ਤਾਂਘ ਪ੍ਰਚੰਡ ਹੋ ਗਈ ਕਿ ਸਿੰਫਨੀ ਨੂੰ ਏਥੇ ਪੇਸ਼ ਕੀਤਾ ਜਾਏ ਜਿੱਥੇ ਇਹਦਾ ਜਨਮ ਹੋਇਆ ਸੀ, ਘਿਰੇ ਹੋਏ, ਭੁੱਖੇ ਮਰਦੇ ਪਰ ਹੱਠੀ ਸ਼ਹਿਰ ਵਿਚ। ਸੁਰ-ਲਿੱਪੀ ਉੱਤੇ ਪਹਿਲੀ ਨਜ਼ਰ ਮਾਰ ਕੇ ਹੀ ਐਲਿਆਸਬਰਗ ਸਮਝ ਗਿਆ ਸੀ ਕਿ ਸੁਪਨਾ ਉੱਕਾ ਹੀ ਸਾਕਾਰ ਹੋਣ ਵਾਲ਼ਾ ਨਹੀਂ – ਇਸ ਇਤਿਹਾਸਕ, ਸ਼ਕਤੀਸ਼ਾਲੀ ਸੁਰ-ਲਿੱਪੀ ਲਈ ਦੋਹਰੇ ਆਰਕੈਸਟਰਾ ਦੀ, ਲਗਪਗ ਇਕ ਸੌ ਬੰਦਿਆ ਦੀ ਲੋੜ ਸੀ ਅਤੇ ਰੇਡੀਓ ਸਟੇਸ਼ਨ ਦੇ ਆਰਕੈਸਟਰਾ ਵਿਚ ਬਹਾਰ ਤੋਂ ਸਿਰਫ ਪੰਦਰਾਂ ਸੰਗੀਤਕਾਰ ਰਹਿ ਗਏ ਸਨ। ਇਸ ਦੇ ਬਾਵਜੂਦ, ਉਸ ਨੇ ਰੇਡੀਓ ਸਟੇਸ਼ਨ ਦੇ ਉਸ ਵੇਲੇ ਦੇ ਕਾਰਜਕਾਰੀ ਚੇਅਰਮੈਨ ਵਿਕਤੋਰ ਖੋਦਰੇਨਕੋ ਅਤੇ ਸਟੇਸ਼ਨ ਦੇ ਕਲਾ ਨਿਰਦੇਸ਼ਕ ਬਾਬੂਸ਼ਕਿਨ ਨਾਲ ਮਿਲਕੇ, ਸਤਵੀਂ ਸਿੰਫਨੀ ਲੈਨਿਨਗ੍ਰਾਦ ਵਿਚ ਪੇਸ਼ ਕਰਨ ਦਾ ਫੈਸਲਾ ਕੀਤਾ।
ਸ਼ਹਿਰੀ ਪਾਰਟੀ ਕਮੇਟੀ ਨੇ ਸੰਗੀਤਕਾਰਾਂ ਲਈ ਦਲੀਏ ਦਾ ਰੋਜ਼ਾਨਾ ਵਾਧੂ ਰਾਸ਼ਨ ਰਾਖਵਾਂ ਕਰਕੇ, ਉਹਨਾਂ ਦੀ ਮਦਦ ਕੀਤੀ।ਉਸ ਵੇਲੇ, ਮੇਰਾ ਖਿਆਲ ਹੈ, ਕਿ ਇਹ ਕੁਲ ਚਾਲੀ ਗ੍ਰਾਮ ਦਾਣੇ ਜਾਂ ਫਲੀਆਂ ਦਾ ਰਾਸ਼ਨ ਹੁੰਦਾ ਸੀ। ਰੇਡੀਓ ਤੋਂ ਸ਼ਹਿਰ ਦੇ ਸਾਰੇ ਸੰਗੀਤਕਾਰਾਂ ਦੇ ਨਾਂ ਇਕ ਅਪੀਲ ਪ੍ਰਸਾਰਨ ਕੀਤੀ ਗਈ ਕਿ ਉਹ ਰੇਡੀਓ ਸਟੇਸ਼ਨ ਹਾਜ਼ਰ ਹੋਣ। ਬੜਾ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ। ਪਹੁੰਚਣ ਵਾਲਿਆਂ ਵਿਚ ਸੰਗੀਤ-ਸੰਸਥਾ ਦਾ ਪਹਿਲਾ ਵਾਇਲਿਨ, ਜ਼ਾਵੇਤਨੋਵਸਕੀ ਸੀ, ਮਾੜਚੂ ਜਿਹਾ ਪਰ ਹਮੇਸ਼ਾ ਵਾਂਗ ਚੁਸਤ ਤੇ ਧੀਰਜਵਾਨ, ਅਤੇ ਲੈਨਿਨਗ੍ਰਾਦ ਦਾ ਸਭ ਤੋਂ ਵੱਡੀ ਉਮਰ, ਸੱਤਰ ਸਾਲਾਂ ਦਾ ਸੰਗੀਤਕਾਰ ਨਾਗੋਰਨੀਊਕ, ਜਿਹੜਾ ਕੰਡਕਟਰ ਰਿਮਸਕੀ-ਕੋਰਸਾਕੋਵ, ਨਾਪਰਾਵਨਿਕ ਅਤੇ ਗਲਾਜ਼ੂਨੋਵ ਨਾਲ ਆਰਕੈਸਟਰਾ ਵਿਚ ਧੂਤੂ ਵਜਾ ਚੁੱਕਾ ਹੋਇਆ ਸੀ। ਸਖ਼ਤ ਜ਼ਖਮੀ ਹੋ ਜਾਣ ਕਾਰਨ ਫ਼ੌਜ ਵਿਚੋਂ ਨਾਮ ਕਟਾ, ਨਾਗੋਰਨੀਊਕ ਦਾ ਪੁੱਤਰ, ਜਿਸ ਨੂੰ ਲੈਨਿਨਗ੍ਰਾਦ ਵਿਚੋਂ ਬਾਹਰ ਪਹੁੰਚਾ ਦਿੱਤਾ ਗਿਆ ਸੀ, ਨੇ ਵੀ ਆਪਣੇ ਪਿਓ ਦੇ ਨਾਲ ਆਉਣ ਲਈ ਤਰਲਾ ਲਿਆ ਸੀ। ਪਰ ਬੁੱਢੇ ਸੰਗੀਤਕਾਰ ਨੇ ਇਨਕਾਰ ਕਰ ਦਿੱਤਾ ਸੀ: ਸ਼ਾਇਦ ਉਹ ਸਤਵੀਂ ਸਿੰਫਨੀ ਨਾ ਵਜਾ ਸਕੇ ?
ਪਰ ਹਾਲੇ ਵੀ ਸੰਗੀਤਕਾਰ ਕਾਫੀ ਨਹੀਂ ਸਨ। ਤਦ ਮਹਾਜ਼ ਤੇ ਬਾਲਟਿਕ ਬੇੜੇ ਦੇ ਰਾਜਸੀ ਪ੍ਰਸ਼ਾਸਨ ਨੇ ਇਕ ਹੁਕਮ ਜਾਰੀ ਕੀਤਾ ਕਿ ਫੌਜ ਤੇ ਜਲ-ਸੈਨਾ ਦੇ ਸਭ ਤੋਂ ਚੰਗੇ ਸੰਗੀਤਕਾਰ ਸ਼ਹਿਰ ਦੇ ਮਿਲਵੇਂ ਆਰਕੈਸਟਰਾ ਵਿਚ ਭੇਜੇ ਜਾਣ। ਇਸ ਪ੍ਰਕਾਰ ਲੈਨਿਨਗ੍ਰਾਦ ਦੇ ਰਾਖਿਆਂ ਨੇ ਆਪਣੀ ਹੀ ਸਿੰਫਨੀ ਪੇਸ਼ ਕਰਨ ਲਈ ਸਿਰਤੋੜ ਯਤਨ ਕੀਤੇ।
ਤੇ ਫੇਰ 9 ਅਗਸਤ 1942 ਦਾ ਉਹ ਦਿਹਾੜਾ ਆਇਆ ਜਦੋਂ ਕਈ ਮਹੀਨੇ ਵਿਰਾਨ ਪਏ ਰਹਿਣ ਮਗਰੋਂ, ਸੰਗੀਤ-ਸੰਸਥਾ ਦਾ ਚਿੱਟੇ ਥੰਮੇ ਵਾਲਾ ਹਾਲ ਜਗਮਗ-ਜਗਮਗ ਕਰ ਉੱਠਿਆ ਅਤੇ ਲੈਨਿਨਗ੍ਰਾਦ ਦੇ ਵਾਸੀਆਂ ਨਾਲ ਖਚਾ ਖਚ ਭਰ ਗਿਆ। ਉਹ ਮੂਹਰਲੇ ਮੋਰਚਿਆਂ ਤੋਂ ਅਤੇ ਹਰ ਐਸੀ ਥਾਂ ਤੋਂ ਆਏ ਜਿਥੋਂ ਪੈਦਲ ਤੁਰ ਕੇ ਜਾਂ ਟਰਾਮ ਉੱਤੇ ਆਇਆ ਜਾ ਸਕਦਾ ਸੀ (ਬਹਾਰ ਵਿਚ ਟਰਾਮਾਂ ਫੇਰ ਚੱਲਣ ਲੱਗ ਪਈਆਂ ਸਨ)। ਇਹਨਾਂ ਲੋਕਾਂ ਵਿਚ ਮਜ਼ਦੂਰ ਸਨ ਜਿਹੜੇ ਰੱਖਿਆ ਵਾਸਤੇ ਹਥਿਆਰ ਬਣਾਉਂਦੇ ਸਨ, ਇਮਾਰਤਕਾਰ ਸਨ ਜਿਹੜੇ ਸ਼ਹਿਰ ਦੇ ਪੁਨਰ-ਨਿਰਮਾਣ ਦੀਆਂ ਵਿਉਂਤਾਂ ਬਣਾ ਰਹੇ ਸਨ, ਅਧਿਆਪਕ ਸਨ ਜਿਹੜੇ ਹਵਾਈ ਹਮਲਿਆਂ ਤੋਂ ਮਹਿਫੂਜ਼ ਤਹਿਖਾਨਿਆਂ ਵਿਚ ਬੱਚਿਆਂ ਨੂੰ ਪੜ੍ਹਾਉਂਦੇ ਸਨ, ਲੇਖਕ ਤੇ ਕਵੀ ਸਨ ਜਿਨ੍ਹਾਂ ਨੇ ਬੀਤੇ ਸਿਆਲ ਦੇ ਖੌਫਨਾਕ ਮਹੀਨਿਆਂ ਵਿਚ ਹੱਥਾਂ ਵਿਚੋਂ ਕਲਮਾਂ ਨਹੀਂ ਛੱਡੀਆਂ ਸਨ, ਫ਼ੌਜੀ, ਅਫ਼ਸਰ, ਪਾਰਟੀ ਕਾਰਕੁਨ ਅਤੇ ਸ਼ਹਿਰ ਦੇ ਪ੍ਰਸ਼ਾਸਨ ਦੇ ਨੁਮਾਇੰਦੇ ਸਨ।
ਮਿਲਵੇਂ ਆਰਕੈਸਟਰਾ ਦੇ ਸੰਗੀਤਕਾਰ ਵੱਡੀ ਸਾਰੀ ਸਟੇਜ ਉੱਤੇ ਆਏ। ਹਾਲ ਵਿਚ ਤਿਲ ਧਰਨ ਨੂੰ ਥਾਂ ਨਹੀਂ ਸੀ। ਸਟੇਜ ਉੱਤੇ ਆਏ ਸੰਗੀਤਕਾਰਾਂ ਵਿਚ ਇਸ ਆਰਕੈਸਟਰਾ ਦਾ ਧੁਰਾ, ਰੇਡੀਓ ਦੇ ਸੰਗੀਤਕਾਰ ਨਜ਼ਰ ਆਉਂਦੇ ਸਨ: ੲ. ਯਾਸਿਨਿਯਾਵਸਕੀ, ਜਿਸ ਨੇ ਸਟੂਡੀਓ ਦੇ ਛੱਤ 'ਤੇ ਡਿੱਗੇ ਪਹਿਲੇ ਬਲਦੇ ਬੰਬ ਨੂੰ ਬੁਝਾਇਆ ਸੀ, ਅੱਗ ਦਾ ਧਿਆਨ ਰੱਖਣ ਵਾਲੇ ਜਥੇ ਦਾ ਕਮਾਂਡਰ ਵਾਇਲਿਨਵਾਦਕ ਅ. ਪਰੇਸਰ, ਅ. ਸਾਫੋਨੋਵ ਅਤੇ ਯ . ਸ਼ਾਖ ਜਿਸ ਨੇ ਪੁਲਕੋਵੋ ਦੇ ਨੇੜੇ ਖੰਦਕਾਂ ਪੁੱਟਣ ਵਿਚ ਹੱਥ ਵਟਾਇਆ ਸੀ। ਸੰਗੀਤਕਾਰਾਂ ਨੇ ਫੌਜੀਆਂ ਵਾਲੀਆਂ ਕਮੀਜ਼ਾਂ ਤੇ ਜਹਾਜ਼ੀਆਂ ਵਾਲੀਆਂ ਬੰਡੀਆਂ ਪਾਈਆਂ ਹੋਈਆਂ ਸਨ। ਸਾਡੇ ਸਾਮ੍ਹਣੇ ਲੈਨਿਨਗ੍ਰਾਦ ਦੇ ਰਾਖੇ ਸਨ, ਸਦਾ ਵਾਂਗ ਤਿਆਰ ਬਰ ਤਿਆਰ ਜਿਹੜੇ ਕਿਸੇ ਵੀ ਪਲ ਆਪਣੇ ਸ਼ਹਿਰ ਲਈ, ਆਪਣੇ ਦੇਸ਼ ਲਈ ਤੇ ਆਪਣੇ ਲੋਕਾਂ ਲਈ ਜਾਨਾਂ ਵਾਰ ਸਕਦੇ ਸਨ।
ਕਾਰਲ ਐਲਿਅਸਬਰਗ ਕੰਡਕਟਰ ਵਾਲੇ ਸਟੈਂਡ 'ਤੇ ਆ ਖੜ੍ਹਾ ਹੋਇਆ।ਉਸ ਨੇ ਟੇਲ-ਕੋਟ, ਅਸਲ ਟੇਲ-ਕੋਟ ਪਾਇਆ ਹੋਇਆ ਸੀ ਜਿਵੇਂ ਕਿ ਕੰਡਕਟਰ ਨੂੰ ਸ਼ੋਭਾ ਦੇਂਦਾ ਹੈ, ਭਾਵੇਂ ਇਹ ਉਹਦੇ ਮੋਢਿਆਂ ਉੱਤੇ ਇਉਂ ਲੱਗ ਰਿਹਾ ਸੀ ਜਿਵੇਂ ਕਿੱਲੀ ਨਾਲ ਟੰਗਿਆ ਹੋਇਆ ਹੋਵੇ। ਕੁਝ ਪਲ ਮੁਕੰਮਲ ਚੁੱਪ ਤਣੀ ਰਹੀ ਤੇ ਫੇਰ ਸਿੰਫਨੀ ਸ਼ੁਰੂ ਹੋਈ। ਇਸ ਦੇ ਪਹਿਲੇ ਹੀ ਤਾਲ ਤੋਂ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਅਤੇ ਉਸ ਪੈਂਡੇ ਨੂੰ ਜਿਹੜਾ ਅਸੀਂ ਤੁਰ ਕੇ ਆਏ ਸਾਂ, ਲੈਨਿਨਗ੍ਰਾਦ ਦੀ ਸੂਰਮਗਤੀ ਜਿਹੜੀ ਦੰਦ-ਕਥਾ ਬਣ ਚੁੱਕੀ ਸੀ: ਵਿਸਾਹਘਾਤੀ ਦੁਸ਼ਮਣ ਦਾ ਸਾਡੇ ਉੱਤੇ ਹਮਲਾ, ਸਾਡਾ ਅੱਗੋਂ ਡਟਵਾਂ ਮੁਕਾਬਲਾ, ਸਾਡਾ ਦੁਖ-ਦਰਦ, ਉਜਲੇ ਸੰਸਾਰ ਲਈ ਸਾਡਾ ਸੁਪਨਾ, ਸਾਡੀ ਹੋਣ ਵਾਲੀ ਅੱਟਲ ਜਿੱਤ। ਅਤੇ ਅਸੀਂ ਜਿਨ੍ਹਾਂ ਨੇ ਸਿਆਲ ਵਿਚ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਉੱਤੇ ਅੱਥਰੂ ਨਹੀਂ ਕੇਰੇ ਸਨ, ਆਪਣੇ ਖਾਮੋਸ਼, ਕੌੜੇ ਤੇ ਦਿਲ ਦਾ ਭਾਰ ਹੌਲਾ ਕਰਨ ਵਾਲੇ ਅੱਥਰੂਆਂ ਨੂੰ ਰੋਕ ਨਹੀਂ ਸੀ ਸਕੇ ਤੇ ਇਹਨਾਂ ਦੀ ਸਾਨੂੰ ਕੋਈ ਸ਼ਰਮਿੰਦਗੀ ਵੀ ਨਹੀਂ ਸੀ... ਸਾਨੂੰ ਰੇਡੀਓ ਸਟੇਸ਼ਨ ’ਤੇ ਕੰਮ ਕਰਨ ਵਾਲਿਆਂ ਨੂੰ ਇਸ ਅਦਭੁਤ ਸੰਗੀਤ ਵਿਚੋਂ ਇਸ ਦੇ ਰਚਨਾਕਾਰ, ਦਮਿਤਰੀ ਸ਼ੋਸਤਾਕੋਵਿਚ ਦੀ ਮੱਧਮ ਜਿਹੀ, ਠਰ੍ਹੰਮੇ ਭਰੀ ਤੇ ਸਿਆਣੀ ਅਵਾਜ਼ ਸੁਣ ਰਹੀ ਸੀ ਜਿਹੜੀ ਸਤੰਬਰ 1941 ਦੇ ਘਿਰੇ ਹੋਏ ਲੈਨਿਨਗ੍ਰਾਦ ਵਿਚੋਂ ਆਉਂਦੀ ਸੀ ਜਦੋਂ ਦੁਸ਼ਮਣ ਸ਼ਹਿਰ ਉੱਤੇ ਕਬਜ਼ਾ ਕਰਨ ਦਾ ਸਿਰਤੋੜ ਯਤਨ ਕਰ ਰਿਹਾ ਸੀ:
“ਸਾਥੀਓ ! ਮੈਂ ਤੁਹਾਨੂੰ ਲੈਨਿਨਗ੍ਰਾਦ ਦੇ ਵਾਸੀਆਂ ਵਲੋਂ ਯਕੀਨ ਦਿਵਾਉਂਦਾ ਹਾਂ ਕਿ ਸਾਨੂੰ ਕੋਈ ਨਹੀਂ ਹਰਾ ਸਕਦਾ ਤੇ ਅਸੀਂ ਹਮੇਸ਼ਾ ਆਪਣੇ ਮੋਰਚਿਆਂ ਉੱਤੇ ਡਟੇ ਰਹਾਂਗੇ...
...10 ਜਨਵਰੀ ਦੀ ਉਸ ਯਾਦਗਾਰੀ ਰਾਤ ਨੂੰ ਅਸੀਂ ਆਪਣੀ ਵਿਉਂਤ ਵਿਚ ‘ਨਾਕਾਬੰਦੀ ਵਿਚ ਪਾੜ' ਲਿਖ ਲਿਆ ਸੀ ਭਾਵੇਂ ਇਸ ਦਾ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹ ਕਿਵੇਂ ਹੋਵੇਗਾ। ਮੈਂ ਇਕ ਵਾਰੀ ਫੇਰ ਆਖਾਂ ਕਿ ਓਦੋਂ ਸਾਨੂੰ ਜਾਪਦਾ ਸੀ, ਕਿ ਇਹ ਬਹੁਤ ਜਲਦੀ ਹੋ ਜਾਏਗਾ। ਸਾਨੂੰ ਇਹ ਨਹੀਂ ਸੀ ਪਤਾ ਕਿ ਇਸ ਨਾਕਾਬੰਦੀ ਦੇ ਟੁੱਟਣ ਤੋਂ ਪਹਿਲਾਂ ਸਾਨੂੰ 1942 ਦਾ ਪੂਰਾ ਵਰ੍ਹਾ ਅਸਹਿ ਔਕੜਾਂ ਝਲਦਿਆਂ ਗੁਜ਼ਾਰਨਾ ਪਵੇਗਾ।
ਜਿਸ ਰਾਤ ਨਾਕਾਬੰਦੀ ਟੁੱਟੀ, ਉਸ ਰਾਤ ਰੇਡੀਓ ਸਟੇਸ਼ਨ ਉੱਤੇ ਜੋ ਕੁਝ ਵੀ ਹੋਇਆ ਸੀ ਉਹ ਆਪਮੁਹਾਰਾ, ਬਿਨ੍ਹਾਂ ਕਿਸੇ ਤਿਆਰੀ ਤੇ ਯੋਜਨਾ ਦੇ ਹੋਇਆ ਸੀ – ਸੰਗੀਤ, ਓਸੇ ਪਲ ਲਿਖੀਆਂ ਗਈਆਂ ਕਵਿਤਾਵਾਂ, ਤਕਰੀਰਾਂ – ਇਹ ਖੁਸ਼ੀਆਂ ਦਾ ਇਕ ਨਿਰੰਤਰ ਵਹਾਓ ਸੀ ਜਿਸ ਨੂੰ ਵੋਲਖੋਵ ਮੁਹਾਜ਼ ਨੇ ਸੁਣਿਆ, ਸਾਰੇ ਦੇਸ ਨੇ, ਸਮੂਹ ਸੰਸਾਰ ਨੇ ਸੁਣਿਆ। ਅਤੇ ਸਾਡੇ ਲਈ, ਰੇਡੀਓ ’ਤੇ ਕੰਮ ਕਰਨ ਵਾਲਿਆਂ ਲਈ ਸਭ ਤੋਂ ਵੱਡਾ ਇਨਾਮ ਇਹ ਸੀ ਕਿ ਖੁਸ਼ੀਆਂ ਭਰੀ ਉਸ ਰਾਤ ਲੈਨਿਨਗ੍ਰਾਦ ਦੇ ਵਾਸੀ ਵਹੀਰਾਂ ਘੱਤ ਕੇ ਸਾਡੇ ਕੋਲ, ਆਪਣੇ ਪਿਆਰ, ਸੱਚਮੁੱਚ ਲੋਕ-ਪਿਆਰੇ ਮੰਚ ਕੋਲ ਆਏ।
ਇਕ ਬੁੱਢੀ ਔਰਤ ਸ਼ਹਿਰ ਦੇ ਦੂਜੇ ਸਿਰੇ ਤੋਂ ਸਾਰੀ ਰਾਤ ਤੁਰਦੀ ਆਈ ਤੇ ਜਦੋਂ ਉਹਨੂੰ ਰੋਕ ਕੇ ਮਿਲੀਸ਼ੀਆਂ ਵਾਲੇ ਪਾਸ ਪੁੱਛਦੇ ਤਾਂ ਉਹ ਜਵਾਬ ਦੇਂਦੀ:
“ਮੈਂ ਰੇਡੀਓ ਨੂੰ ਚੱਲੀ ਆਂ, ਬੀਬਾ ! ਲੈਨਿਨਗ੍ਰਾਦ ਵਾਲਿਆਂ ਨੂੰ ਵਧਾਈ ਦੇਣ।”
ਤੇ ਮਿਲੀਸ਼ੀਆ ਵਾਲੇ ਉਸ ਨੂੰ ਲੰਘ ਜਾਣ ਦੇਂਦੇ। ਉਹ ਤੜਕਸਾਰ ਸਾਡੇ ਕੋਲ ਪਹੁੰਚੀ ਤੇ “ਵਧਾਈ ਦਿੱਤੀ।”
ਇਕ ਹੋਰ ਸੁਆਣੀ ਨੇ ਸਾਨੂੰ ਦੱਸਿਆ:
“ਜਦੋਂ ਮੈਂ ਖਬਰ ਸੁਣੀ ਕਿ ਨਾਕਾਬੰਦੀ ਤੋੜ ਦਿੱਤੀ ਗਈ ਏ, ਮੇਰੇ ਅਥਰੂ ਛਲਕ ਆਏ ਤੇ ਮੈਂ ਫਲੈਟ ਵਿਚ ਅੱਗੇ ਪਿੱਛੇ ਭੱਜੀ ਫਿਰਾਂ ਕਿ ਕੋਈ ਲੱਭੇ ਜਿਸ ਨੂੰ ਜੱਫੀ ਪਾਵਾਂ। ਪਰ ਮੈਂ ਇਕੱਲੀ ਸਾਂ। ਫੇਰ ਮੈਨੂੰ ਖਿਆਲ ਆਇਆ ਕਿ ਹੁਣੇ ਰੇਡੀਓ ਵੱਲ ਦੌੜ ਜਾਵਾਂ, ਪਰ ਫਲੈਟ ਵਿਚੋਂ ਨਿਕਲਣ ਤੋਂ ਡਰਦੀ ਸਾਂ। ਸੋ ਮੈਂ ਸਾਰੀ ਰਾਤ ਲਾਊਡਸਪੀਕਰ ਅੱਗੇ ਖੜੀ ਰਹੀ ਤੇ ਸੁਣਦੀ ਰਹੀ ਤੇ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਇਕੱਲੀ ਨਹੀਂ।”
ਅਤੇ ਪਾੜ ਪੈ ਜਾਣ ਦੇ ਬਾਵਜੂਦ ਵੀ ਭਾਵੇਂ ਨਾਕਾਬੰਦੀ ਇਕ ਸਾਲ ਹੋਰ ਰਹੀ, ਹੋਰ ਗੋਲੇ, ਹੋਰ ਬੰਬ ਤੇ ਲੋਕਾਂ ਲਈ ਹੋਰ ਨਵੀਆਂ ਮੁਸੀਬਤਾਂ ਆਈਆਂ, ਭਾਵੇਂ ਸ਼ਹਿਰ ਦੀ ਆਖਰੀ ਬੰਦਖਲਾਸੀ ਦਾ ਖੁਸ਼ੀਆਂ ਭਰਿਆ ਦਿਨ ਇਕ ਸਾਲ ਮਗਰੋਂ ਆਇਆ, ਪਰ ਲੈਨਿਨਗ੍ਰਾਦ ਦੇ ਵਾਸੀਆਂ ਨੂੰ ਖੁਸ਼ੀ ਦੀ ਸਿਖਰ ਵਾਲੀ, 18 ਜਨਵਰੀ 1943 ਦੀ ਰਾਤ ਯਾਦ ਹੈ, ਉਹ ਰਾਤ ਜਦੋਂ ਸਾਰੇ ਦਿਲ ਇਕ ਦੂਜੇ ਵਾਸਤੇ ਖੁੱਲ੍ਹੇ ਸਨ। ਰੇਡੀਓ ਦੀ ਅਵਾਜ਼ ਉਸ ਰਾਤ ਦਾ ਅਨਿੱਖੜ ਅੰਗ ਸੀ। ਕਈ ਮਹੀਨਿਆਂ ਬਾਦ ਪਹਿਲੀ ਵਾਰੀ ਸਾਰੀ ਰਾਤ ਰੇਡੀਓ ਤੋਂ ਗੀਤ ਤੇ ਵਾਰਤਾਵਾਂ ਪ੍ਰਸਾਰਨ ਹੁੰਦੀਆਂ ਰਹੀਆਂ ਸਨ ਅਤੇ ਦੁਨੀਆਂ ਦੇ ਕੋਨੇ-ਕੋਨੇ ਵਿਚ ਇਹ ਆਵਾਜ਼ ਸੁਣੀ ਗਈ ਸੀ ।