Ik Aatshi-Gulabi Chupp (Punjabi Story) : Navtej Singh

ਇਕ ਆਤਸ਼ੀ-ਗੁਲਾਬੀ ਚੁੱਪ (ਕਹਾਣੀ) : ਨਵਤੇਜ ਸਿੰਘ

ਇਕ ਚਿੱਠੀ ਹੁਣੇ ਹੁਣੇ ਉਹਨੇ ਪੜ੍ਹੀ ਸੀ।

ਉਹਨੇ ਜ਼ਿੰਦਗੀ ਵਿਚ ਅਨੇਕਾਂ ਸਫ਼ਲਤਾਵਾਂ ਜਿੱਤੀਆਂ ਸਨ। ਰਾਜਧਾਨੀ ਦੀਆਂ ਸਭ ਤੋਂ ਸੁਹਣੀਆਂ ਇਮਾਰਤਾਂ ਉਹਦੀ ਉਸਾਰੀ-ਕਲਾਂ ਦੀਆਂ ਹੀ ਕਿਰਤਾਂ ਸਨ। ਉਹਦੀਆਂ ਡੀਜ਼ਾਈਨ ਕੀਤੀਆਂ ਇਮਾਰਤਾਂ ਦੀ ਚਰਚਾ ਕਲਾ-ਪਾਰਖੂ ਹਲਕਿਆਂ ਵਿਚ ਆਮ ਸੀ। ਪ੍ਰਸਿੱਧ ਪ੍ਰਦੇਸੀ ਰਿਸਾਲਿਆਂ ਵਿਚ ਉਹਦੀਆਂ ਕਿਰਤਾਂ ਦੀਆਂ ਤਸਵੀਰਾਂ ਬੜੀ ਵਾਰ ਛਪ ਚੁੱਕੀਆਂ ਸਨ।

ਅੱਜ ਉਹ ਆਪਣੇ ਏਅਰ-ਕੰਡੀਸ਼ਨਡ ਦਫ਼ਤਰ ਵਿਚ ਬੈਠਾ ਕੁਝ ਪਲਾਂ ਲਈ ਬਿਲਕੁਲ ਵਿਹਲਾ ਸੀ। ਅਜਿਹੀ ਨਿਰੋਲ ਵਿਹਲ ਉਹਨੂੰ ਇਕ ਜ਼ਮਾਨੇ ਪਿੱਛੋਂ ਲੱਭੀ ਸੀ। ਸਾਹਮਣੀ ਕੰਧ ਉਤੇ ਉਹਦਾ ਬਣਿਆ ਇਕ ਡੀਜ਼ਾਈਨ ਟੰਗਿਆ ਸੀ – ਕਿਸੇ ਕੌਮੀ ਯਾਦਗਾਰ ਦਾ ਡੀਜ਼ਾਈਨ। ਇਸ ਯਾਦਗਾਰ ਦੇ ਡੀਜ਼ਾਈਨ ਲਈ ਕੌਮਾਂਤ੍ਰੀ ਪੱਧਰ ਉਤੇ ਮੁਕਾਬਲਾ ਹੋਇਆ ਸੀ। ਦੇਸਾਂ-ਵਿਦੇਸਾਂ ਤੋਂ ਡੀਜ਼ਾਈਨ ਆਏ ਸਨ, ਤੇ ਫ਼ੈਸਲੇ ਲਈ ਸੰਸਾਰ ਪ੍ਰਸਿੱਧ ਆਰਕੀਟੈਕਟਾਂ ਦੀ ਇਕ ਜਿਊਰੀ ਬਣੀ ਸੀ।

ਹੁਣੇ ਹੁਣੇ ਇਸ ਮੁਕਾਬਲੇ ਬਾਰੇ ਜਿਊਰੀ ਦਾ ਫ਼ੈਸਲਾ ਉਸ ਕੋਲ ਪੁੱਜਾ ਸੀ—
ਉਹਦਾ ਡੀਜ਼ਾਈਨ ਇਸ ਮੁਕਾਬਲੇ ਵਿਚ ਅੱਵਲ ਚੁਣਿਆ ਗਿਆ ਸੀ।

ਨਾਲ ਹੀ ਜਿਊਰੀ ਦੇ ਪ੍ਰਧਾਨ, ਸੰਸਾਰ ਵਿਚ ਉਹਨੂੰ ਸਭ ਤੋਂ ਵੱਧ ਪਸੰਦ, ਇਕ ਅਮਰੀਕੀ ਆਰਕੀਟੈਕਟ ਦੀ ਜ਼ਾਤੀ ਚਿੱਠੀ ਵੀ ਆਈ ਸੀ। ਉਹਨੇ ਉਹਦੇ ਡੀਜ਼ਾਈਨ ਦੀ ਉਚੇਚੀ ਪ੍ਰਸੰਸਾ ਲਿਖੀ ਸੀ, ਤੇ ਉਹਨੂੰ ਨਿੱਘਾ ਸੱਦਾ ਦਿੱਤਾ ਸੀ ਕਿ ਉਹ ਉਹਦਾ ਮਹਿਮਾਨ ਬਣ ਕੇ ਉਸ ਕੋਲ ਆਏ, ਤੇ ਉਹਦੇ ਨਾਲ ਰਲ ਕੇ ਕੁਝ ਕੰਮ ਕਰੇ।

ਕਾਲਿਜ ਵਿਚ ਪੜ੍ਹਦਿਆਂ ਪ੍ਰਦੇਸ ਜਾਣ ਦਾ ਅਜਿਹਾ ਉਸਾਰੂ ਅਵਸਰ ਉਹਦੇ ਸੁਪਨਿਆਂ ਦੀ ਹੱਦ ਹੁੰਦੀ ਸੀ, ਤੇ ਇਸ ਪਲ ਇਹ ਹੱਦ ਵੀ ਉਹਦੀ ਪਕੜ ਵਿਚ ਆ ਗਈ ਸੀ। ਸੱਜੇ ਪਾਸੇ ਦੇ ਦਰਾਜ਼ ਵਿਚੋਂ ਉਹਨੇ ਇਕ ਵਾਰ ਫੇਰ ਆਪਣੇ ਮਨ-ਪਸੰਦ ਅਮਰੀਕੀ ਆਰਕੀਟੈਕਟ ਦੀ ਚਿੱਠੀ ਕੱਢੀ ਤੇ ਪੜ੍ਹਨੀ ਸ਼ੁਰੂ ਕੀਤੀ।

ਆਪਣੀ ਸਫ਼ਲਤਾ ਦੀ ਇਸ ਨਵੇਰੀ ਸਿਖਰ ਉਤੇ ਖੜੋ ਕੇ ਉਹਨੇ ਆਪਣੀ ਜ਼ਿੰਦਗੀ ਉਤੇ ਇਕ ਝਾਤੀ ਪਾਈ। ਉਹਦੀ ਜ਼ਿੰਦਗੀ ਦਾ ਸਭ ਤੋਂ ਵੱਧ ਖ਼ੁਸ਼ ਪਲ…ਕੀ ਇਹੀ ਪਲ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਧ ਖ਼ੁਸ਼ ਪਲ ਨਹੀਂ ਸੀ! ਪਰ ਉਹਨੂੰ ਇਕ ਹੋਰ ਪਲ ਚੇਤੇ ਆਇਆ—ਉਸ਼ਾ, ਜਿਹੜੀ ਹੁਣ ਇਸ ਦੁਨੀਆਂ ਵਿਚ ਨਹੀਂ ਸੀ ਰਹੀ, ਉਸ ਉਸ਼ਾ ਨਾਲ ਉਹਦਾ ਅਖ਼ੀਰਲਾ ਪਲ...

ਉਹਦੇ ਕੁਝ ਜਮਾਤੀ ਮੁੰਡੇ ਕੁੜੀਆਂ ਸਨ ਤੇ ਉਨ੍ਹਾਂ ਦੀ ਇਕ ਬਹੁਤ ਅਮੀਰ ਜਮਾਤਣ ਰੀਟਾ ਦਾ ਘਰ ਸੀ, ਤੇ ਰੀਟਾ ਦੇ ਜਨਮ ਦਿਨ ਦੀ ਪਾਰਟੀ ਸੀ।

ਏਅਰ-ਕੰਡੀਸ਼ਨਡ ਵੱਡਾ ਸਾਰਾ ਕਮਰਾ, ਰੇਡੀਓਗਰਾਮ ਉਤੇ ਵਜਦਾ ਅਧੁਨਿਕ ਸੰਗੀਤ, ਮੁੰਡੇ ਕੁੜੀਆਂ ਇਕੱਠੇ ਨੱਚ ਰਹੇ, ਗੌਂ ਰਹੇ, ਖਾ ਰਹੇ, ਪੀ ਰਹੇ, ਕੁਝ ਕਿਸੇ ਨੁੱਕਰ ਵਿਚ ਬੈਠ ਕੇ ਤਾਸ਼ ਖੇਡ ਰਹੇ—ਬੜੀ ਗਹਿਮਾ ਗਹਿਮੀ ਸੀ।

ਉਹਨੂੰ ਨੱਚਣਾ ਨਹੀਂ ਸੀ ਆਉਂਦਾ, ਉਹਨੂੰ ਇਹ ਸੰਗੀਤ ਨਹੀਂ ਸੀ ਭਾਂਦਾ, ਉਹਨੂੰ ਖਾਣ-ਪੀਣ ਦਾ ਸ਼ੌਕ ਨਹੀਂ ਸੀ, ਤੇ ਫੇਰ ਅਜਿਹੀ ਭੀੜ ਵਿਚ ਤਾਂ ਉਹ ਉਕਾ ਖਾ ਪੀ ਸਕਦਾ ਹੀ ਨਹੀਂ ਸੀ, ਤਾਸ਼ ਦੀ ਵੀ ਉਹਨੂੰ ਜਾਚ ਨਹੀਂ ਸੀ।

ਤੇ ਉਹਦੇ ਆਲੇ-ਦੁਆਲੇ ਗੱਲਾਂ ਹੋ ਰਹੀਆਂ ਸਨ—ਏਅਰ ਕੰਡੀਸ਼ਨਰ ਤੇ ਰੇਡੀਓਗਰਾਮਾਂ ਦੀਆਂ ਕਿਸਮਾਂ ਤੇ ਕੀਮਤਾਂ ਦੀਆਂ, ਨਵੇਂ ਪੱਛਮੀ ਨਾਚ-ਫ਼ੈਸ਼ਨਾਂ ਤੇ ਨਾਚ-ਧੁਨਾਂ ਦੀਆਂ, ਤੇ ਕੌਣ ਕਿਸ ਨਾਲ ਅੱਜ-ਕੱਲ੍ਹ ‘ਚੁਹਲ’ ਕਰ ਰਿਹਾ ਹੈ, ਤੇ ਕੌਣ ਕਿਸ ਉਤੇ ਅੱਜ-ਕੱਲ੍ਹ ‘ਮਰ’ ਰਿਹਾ ਹੈ।

ਚੁਪਾਸੀਂ ਹੋ ਰਹੀ ਅਜਿਹੀ ਘੁਸਰ-ਮੁਸਰ ਵਿਚ ਉਸ ਦੇ ਅੰਦਰ ਇਕ ਚੁੱਪ ਪੰਘਰੇ ਸਿੱਕੇ ਵਾਂਗ ਫੈਲਦੀ ਜਾ ਰਹੀ ਸੀ।

…ਚੁਹਲ ਪਾਲਤੂ ਤੋਤਿਆਂ ਤੇ ਚਿੜੀਆਂ ਨਾਲ, ਬਿੱਲੀਆਂ ਤੇ ਕੁੱਤਿਆਂ ਨਾਲ ਤਾਂ ਹੋ ਸਕਦਾ ਹੈ, ਪਰ ਮਨੁੱਖ ਇਸਤਰੀ ਨਾਲ ਜਾਂ ਇਸਤ੍ਰੀ ਮਨੁੱਖ ਸਿਰਫ਼ ਚੁਹਲ ਕਰੇ!...

ਕਿਸੇ ਉਤੇ ‘ਮਰਨਾ’! ਕਿਸੇ ਦੇ ਪਿਆਰ ਕਾਰਨ ਆਪਣੇ ਆਪ ਨੂੰ ਪਹਿਲਾਂ ਤੋਂ ਕਿਤੇ ਵੱਧ ਜਿਊਂਦਾ ਮਹਿਸੂਸ ਕਰਨਾ ਤੇ ਜੇ ਲੋੜ ਪਏ ਤਾਂ ਕਿਸੇ ਲਈ ਕਿਸੇ ਦਿਨ ਮਰ ਵੀ ਸਕਣਾ—ਉਹਨੂੰ ਇਹ ਸਮਝ ਪੈਂਦਾ ਸੀ। ਪਰ ਅੱਜ ਕਿਸੇ ਉਤੇ ‘ਮਰਨਾ’, ਤੇ ਫੇਰ ਦੋ ਦਿਨਾਂ ਨੂੰ ਕਿਸੇ ਹੋਰ ਉਤੇ ‘ਮਰਨਾ’! ਕਦੇ ਜ਼ੁਲਫ਼ ਉਤੇ ‘ਮਰਨਾ’, ਕਦੇ ਨਾਚ ਵਿਚ ਹਿਲਦੇ ਕੁਲ੍ਹਿਆਂ ਉਤੇ ‘ਮਰਨਾ’ ਤੇ ਕਦੇ ਲਿਪਸਟਿਕ-ਲਗੇ ਬੁਲ੍ਹਾਂ ਉਤੇ ‘ਮਰਨਾ’, ਕਦੇ ਕਿਸੇ ਨੂੰ ਕਾਰ ਚਲਾਂਦਿਆਂ ਵੇਖ ਕੇ ‘ਮਰਨਾ’, ਤੇ ਕਦੇ ਕਿਸੇ ਨੂੰ ਟੈਨਿਸ ਖੇਡਦਿਆਂ ਵੇਖ ਕੇ ‘ਮਰਨਾ’!

ਉਹਨੂੰ ਉਸ ਏਅਰ-ਕੰਡੀਸ਼ਨਡ ਕਮਰੇ ਵਿਚ ਕੁਝ ਘੁਟਣ ਜਿਹੀ ਮਹਿਸੂਸ ਹੋਣ ਲੱਗੀ।

ਉਹਦੇ ਨੇੜੇ ਨਿਰੋਲ ਮੁੰਡਿਆਂ ਦੀ ਇਕ ਟੋਲੀ ਬੈਠੀ ਸੀ। ਉਹ ਆਪਸ ਵਿਚ ਬਹਿਸ ਰਹੇ ਸਨ ਕਿ ਕੁੜੀਆਂ ਕਾਹਦੇ ਉਤੇ ‘ਮਰਦੀਆਂ’ ਹਨ।

“ਉਹ ਜੀ, ਇਹ ਆਦਰਸ਼ ਪਿਆਰ ਤਾਂ ਸਭ ਟੈਗੋਰ ਵਰਗੇ ਦਾੜ ੍ਹੀ ਵਾਲੇ ਕਵੀਆਂ ਦੇ ਢਕੌਂਸਲੇ ਨੇ। ਸੱਚ ਪੁੱਛੋ ਤਾਂ ਹਰ ਕੁੜੀ”, ਅੱਗੋਂ ਉਹਨੇ ਆਪਣੀ ਟੋਲੀ ਦੇ ਕੰਨਾਂ ਦੇ ਹੋਰ ਨੇੜੇ ਹੋ ਕੇ ਕਿਹਾ, “ – ਉਤੇ ਹੀ ਮਰਦੀ ਏ।”

ਤੇ ਇਹੋ ਜਿਹੇ ਹਾਸੇ ਨਾਲ ਉਸ ਟੋਲੀ ਵਿਚਲੇ ਸਭਨਾਂ ਦੇ ਬੁਲ੍ਹ ਲਿਬੜ ਗਏ।

ਉਸ ਮੁੰਡੇ ਨੇ ਭਾਵੇਂ ਆਪਣੀ ਟੋਲੀ ਦੇ ਕੰਨਾਂ ਦੇ ਨੇੜੇ ਹੋ ਕੇ ਹੀ ਕਿਹਾ ਸੀ, ਪਰ ਉਹਨੂੰ ਵੀ ਇਹ ਸੁਣਾਈ ਦੇ ਗਿਆ ਸੀ।

ਉਹਨੇ ਪਹਿਲਾਂ ਵੀ ਇਕ ਵਾਰ ਇਨ ਬਿਨ ਇਹ ਸੁਣਿਆ ਹੋਇਆ ਸੀ।

...ਇਕ ਚੌਰਾਹੇ ਦੇ ਨੇੜੇ ਮਜਮਾ ਲੱਗਾ ਹੋਇਆ ਸੀ। ਇਕ ਪਠਾਣ ਆਪਣੀ ਪਸ਼ਤੋ-ਉਰਦੂ ਵਿਚ ਬੋਲ ਰਿਹਾ ਸੀ। ਪਠਾਣ ਦੇ ਸਾਹਮਣੇ ਇਕ ਦਰੀ ਉਤੇ ਕੁਝ ਜੜੀਆਂ-ਬੂਟੀਆਂ ਤੇ ਵੱਡੇ-ਵੱਡੇ ਕਿਰਲੇ ਜਿਹੇ ਸਨ, ਤੇ ਉਹ ਪਠਾਣ ਆਪਣੇ ਹੀ ਕੀਤੇ ਸਵਾਲ—‘ਖ਼ੋ ਔਰਤ ਕਿਆ ਚਾਹਤੀ ਏ?’—ਦਾ ਜਵਾਬ ਬੜੇ ਨਾਟਕੀ ਅੰਦਾਜ਼ ਵਿਚ ਦੇ ਰਿਹਾ ਸੀ। ਤੇ ਜਦੋਂ ਪਠਾਣ ਨੇ ਉੱਚੀ ਸਾਰੀ ਇਸ ਸਵਾਲ ਦਾ ਇਨ ਬਿਨ ਨਾਲ ਦੀ ਟੋਲੀ ਵਿਚਲੇ ਮੁੰਡੇ ਦੇ ਲਫ਼ਜ਼ਾਂ ਵਿਚ ਹੀ ਜਵਾਬ ਦਿੱਤਾ ਸੀ, ਤਾਂ ਸਾਰੇ ਮਜਮੇ ਦੇ ਮੂੰਹ ਉਤੇ ਇਨ੍ਹਾਂ ਮੁੰਡਿਆਂ ਦੇ ਮੂੰਹਾਂ ਉਪਰਲੇ ਲਿਬੜੇ ਹਾਸੇ ਵਰਗਾ ਹਾਸਾ ਖਿੰਡ ਗਿਆ ਸੀ।

ਉਹ ਇਕ ਕਰੀਚ ਨਾਲ ਓਦੋਂ ਉਸ ਮਜਮੇ ਨੂੰ ਛਡ ਕੇ ਅਗਾਂਹ ਚਲ ਪਿਆ ਸੀ
– ਜਿਵੇਂ ਕੋਈ ਜ਼ਿੰਦਗੀ ਦੀ ਸਭ ਤੋਂ ਵਧੀਆ ਡੀਜ਼ਾਈਨ ਹੋਈ ਉਸਾਰੀ ਨੂੰ ਉਹਦੇ ਸਾਹਮਣੇ, ਸਰੇ-ਬਾਜ਼ਾਰ ਤਹਿਸ-ਨਹਿਸ ਕਰ ਰਿਹਾ ਹੋਵੇ।

ਕਮਰੇ ਦੀ ਦੁਰੇਡੀ ਨੁਕਰੇ ਨਿਰੋਲ ਕੁੜੀਆਂ ਦੀ ਇਕ ਟੋਲੀ ਵਿਚ ਉਸ਼ਾ ਬੈਠੀ ਹੋਈ ਸੀ। ਉਸ਼ਾ ਦੀ ਇਕ ਝਲਕ ਹੀ ਉਹਨੂੰ ਪਈ।

ਉਹਦੇ ਨਾਲ ਬੈਠੇ ਮੁੰਡਿਆਂ ਵਿਚੋਂ ਇਕ ਕਹਿ ਰਿਹਾ ਸੀ, “ਬਾਹਰ ਕਿੰਨੀ ਟੈਰੀਬਲ ਗਰਮੀ ਸੀ ਤੇ ਅੰਦਰ ਇਥੇ ਏਨਾ ਪਲੈਜ਼ੈਂਟ ਏ! ਬਾਈ ਗਾਡ, ਨਿਰਾ ਕਸ਼ਮੀਰ ਬਣਿਆ ਪਿਆ ਏ।”

“ਬਸ ਇਕੋ ਹੈਂਡੀਕੈਪ ਏ, ਭੀੜ ਬਹੁਤ ਏ!” ਤੇ ਉਹਨੇ—ਜਿਸਨੇ ਕੁਝ ਚਿਰ ਪਹਿਲਾਂ ਫ਼ੈਸਲਾ ਦਿੱਤਾ ਸੀ ਕਿ ਕੁੜੀਆਂ ਕਾਹਦੇ ਉਤੇ ‘ਮਰਦੀਆਂ’ ਹਨ—ਜ਼ੋਰ ਨਾਲ ਅੱਖ ਮਾਰ ਕੇ ਕਿਹਾ, “ਚਾਹੀਦਾ ਇਹ ਹੈ ਕਿ ਤੁਸੀਂ ਸਭ ਲੋਕ ਇਥੋਂ ਦਫ਼ਾ ਹੋ ਜਾਓ, ਤੇ ਫੇਰ ਮੈਂ ਤੇ ਰੀਟਾ ਇਕੱਲਿਆਂ, ਸਿਰਫ਼ ਅਸੀਂ ਦੋਵੇਂ, ਇਸ ਕਸ਼ਮੀਰ ਵਿਚ ਸਾਰੀ ਰਾਤ ਇਕ ਖ਼ਾਸ ਕਿਸਮ ਦੀ ਪਾਰਟੀ ਕਰੀਏ।”

ਤੇ ਪਹਿਲਾਂ ਵਾਂਗ ਹੀ ਉਸ ਟੋਲੀ ਵਿਚਲੇ ਸਭਨਾਂ ਮੁੰਡਿਆਂ ਦੇ ਬੁਲ੍ਹ ਲਿਬੜ ਗਏ, ਤੇ ਫੇਰ ਉਨ੍ਹਾਂ ਸਭਨਾਂ ਨੇ ‘ਇਸ ਕਸ਼ਮੀਰ ਵਿਚ ਸਾਰੀ ਰਾਤ ਇਕ ਖ਼ਾਸ ਕਿਸਮ ਦੀ ਪਾਰਟੀ’ ਕਰਨ ਵਾਸਤੇ ਆਪਣਾ-ਆਪਣਾ ਸਾਥੀ ਚੁਣਨ ਲਈ ਉਸ ਕਮਰੇ ਵਿਚ ਬੈਠੀਆਂ ਜਾਂ ਨੱਚਦੀਆਂ ਕੁੜੀਆਂ ਨੂੰ ਲਿਬੜੀਆਂ ਪਲੀਤ ਅੱਖਾਂ ਨਾਲ ਟੁਹਿਆ।

ਏਅਰ-ਕੰਡੀਸ਼ਨਰ ਲਗਾਤਾਰ ਚਲ ਰਿਹਾ ਸੀ; ਪਰ ਉਹਨੂੰ ਇੰਝ ਲੱਗਾ ਜਿਵੇਂ ਏਅਰ-ਕੰਡੀਸ਼ਨਰ ਰੁਕ ਗਿਆ ਹੋਵੇ, ਤੇ ਉਹਦਾ ਦਮ ਘੁਟਿਆ ਜਾ ਰਿਹਾ ਸੀ।

ਉਹ ਏਅਰ-ਕੰਡੀਸ਼ਨਡ ਕਮਰੇ ਤੋਂ ਬਾਹਰ ਨਿਕਲ ਆਇਆ, ਬਾਹਰ ਘਾ ਦੇ ਖਿੱਤੇ ਵਿਚ ਖੜੋ ਗਿਆ। ‘ਦੁਪਹਿਰ-ਖਿੜੀ’ ਦੇ ਅਣਗਿਣਤ ਆਤਸ਼ੀ-ਗੁਲਾਬੀ ਫੁੱਲ ਸਾਹਮਣੇ ਟਹਿਕ ਰਹੇ ਸਨ।

ਉਸ਼ਾ ਵੀ ਅੰਦਰੋਂ ਬਾਹਰ ਆ ਕੇ ਉਸ ਕੋਲ ਖੜੋ ਗਈ।

“ਮੈਂ ਤੇਰੇ ਕੋਲ ਬਾਹਰ ਵ੍ਹਾ-ਵਾਰੇ ਕੁਝ ਦੇਰ ਲਈ ਖਲੋਣਾ ਚਾਹਦੀ ਸਾਂ।”

“ਅੰਦਰ ਤਾਂ ਏਅਰ-ਕੰਡੀਸ਼ਨਡ ਕਮਰਾ ਏ। ਕੋਈ ਕਹਿ ਰਿਹਾ ਸੀ, ‘ਬਾਹਰ ਕਿੰਨੀ ਟੈਰੀਬਲ ਗਰਮੀ ਏ, ਤੇ ਅੰਦਰ ਬਾਈ ਗਾਡ, ਕਸ਼ਮੀਰ ਬਣਿਆ ਪਿਆ ਏ’।

“ਮੈਂ ਤੇਰੇ ਕੋਲ ਬਾਹਰ ਵ੍ਹਾ-ਵਾਰੇ ਖਲੋਣਾ ਚਾਹਦੀ ਹਾਂ।”

ਤੇ ਐਤਕੀ ਉਸ਼ਾ ਨੇ ‘ਕੁਝ ਦੇਰ ਲਈ’ ਨਹੀਂ ਸੀ ਕਿਹਾ, ਤੇ ‘ਸਾਂ’ ਦੀ ਥਾਂ ‘ਹਾਂ’ ਵਰਤਿਆ ਸੀ।

“ਜਿਥੇ ਤੂੰ ਮੇਰੇ ਕੋਲ ਖਲੋਤਾ ਹੋਵੇਂ, ਉਥੇ ਹੀ ਕਸ਼ਮੀਰ ਏ...” ਸੰਗੀਤ ਦੀ ਇਕ ਲਹਿਰ ਆਈ।

‘ਦੁਪਹਿਰ ਖਿੜੀ’ ਦੇ ਫੁੱਲਾਂ ਦੀ ਆਤਸ਼ੀ-ਗੁਲਾਬੀ ਭਾਅ ਉਸ਼ਾ ਦੀਆਂ ਗਲ੍ਹਾਂ ਉਤੇ ਤਰ ਪਈ।

“ਅੰਦਰ ਕਿੰਨੀ ਘੁਟਣ ਸੀ ਤੇ ਕਿੰਨਾ ਬੇਮਤਲਬ ਸ਼ੋਰ। ਮੈਂ ਤਾਂ ਸਾਰਾ ਵਕਤ ਇਹੀ ਸੋਚਦੀ ਰਹੀ ਕਿ ਤੈਨੂੰ ਬਾਹਰ ਲੈ ਜਾਵਾਂ, ਤੇ ਕੁਝ ਪਲ ਵ੍ਹਾ-ਵਾਰੇ ਅਸੀਂ ਦੋਵੇਂ ਚੁੱਪਚਾਪ ਖੜੋਈਏ।”

‘ਦੁਪਹਿਰ-ਖਿੜੀ’ ਦੇ ਫੁਲਾਂ ਦੀ ਆਤਸ਼ੀ-ਗੁਲਾਬੀ ਭਾਅ ਉਸ਼ਾ ਦੀਆਂ ਗਲ੍ਹਾਂ ਉਤੇ ਤਰਦੀ ਹੁਣ ਉਹਦੀਆਂ ਗਲ੍ਹਾਂ ਨੂੰ ਵੀ ਛੁਹ ਗਈ, ਤੇ ਉਹ ਦੋਵੇਂ ਇਸ ਆਤਸ਼ੀ-ਗੁਲਾਬੀ ਚੁੱਪ ਵਿਚ ਬੜਾ ਚਿਰ ਖਲੋਤੇ ਰਹੇ।

ਇਹ ਉਸ਼ਾ ਨਾਲ ਉਹਦਾ ਅਖ਼ੀਰਲਾ ਪਲ ਸੀ...

ਤੇ ਅੱਜ ਆਈ ਚਿੱਠੀ ਉਹ ਹੋਰ ਕਿਸੇ ਨੂੰ ਵੀ ਨਹੀਂ, ਸਿਰਫ਼ ਉਸ਼ਾ ਨੂੰ ਪੜ੍ਹਾਣਾ ਚਾਂਹਦਾ ਸੀ। ਉਹਦੇ ਮਨ-ਪਸੰਦ ਅਮਰੀਕੀ ਆਰਕੀਟੈਕਟ ਨੇ ਉਹਦੇ ਡੀਜ਼ਾਈਨ ਬਾਰੇ ਇਸ ਚਿੱਠੀ ਵਿਚ ਲਿਖਿਆ ਸੀ, “ਮੈਂ ਕਲਪਨਾ ਕਰ ਸਕਦਾ ਹਾਂ ਕਿ ਜਦੋਂ ਇਸ ਯਾਦਗਾਰ ਦੀ ਤੇਰੇ ਡੀਜ਼ਾਈਨ ਅਨੁਸਾਰ ਉਸਾਰੀ ਮੁਕੰਮਲ ਹੋ ਜਾਏਗੀ, ਤਾਂ ਓਦੋਂ ਓਥੇ ਇਸਤ੍ਰੀਆਂ ਤੇ ਮਰਦ ਆਇਆ ਕਰਨਗੇ, ਵ੍ਹਾ-ਵਾਰੇ ਕੁਝ ਦੇਰ ਚੁੱਪ-ਚਾਪ ਖੜੋਣ ਲਈ, ਵੱਡੇ ਸ਼ਹਿਰਾਂ ਦੀ ਅਜੋਕੀ ਜ਼ਿੰਦਗੀ ਦੀ ਘੁਟਣ ਤੇ ਬੇਮਤਲਬ ਸ਼ੋਰ ਤੋਂ ਬਚਣ ਲਈ। ਤੇਰੇ ਇਸ ਡੀਜ਼ਾਈਨ ਦੀਆਂ ਲਕੀਰਾਂ ਵਿਚ ਕਰਾਮਾਤੀ, ਸੰਗੀਤ-ਮਈ, ਬਲਵਾਨ ਚੁੱਪ ਦਾ ਤਾਲ ਹੈ।”

ਉਹਨੇ ਸਾਹਮਣੀ ਕੰਧ ਉਤੇ ਟੰਗੇ ਉਸ ਕੌਮੀ ਯਾਦਗਾਰ ਦੇ ਡੀਜ਼ਾਈਨ ਵੱਲ ਵੇਖਿਆ। ਇਕ ਆਤਸ਼ੀ-ਗੁਲਾਬੀ ਚੁੱਪ ਉਹਦੇ ਚੇਤਿਆਂ ਵਿਚ ਉਸ਼ਾ-ਕਿਰਨਾਂ ਵਾਂਗ ਖਿੰਡਦੀ ਗਈ।

...ਇਹ ਤੇਰੀ ਯਾਦਗਾਰ ਏ, ਉਸ਼ਾ! ਉਸ ਪਲ ਦੀ ਯਾਦਗਾਰ ਜਦੋਂ ਤੂੰ ਤੇ ਮੈਂ ਅਖੀਰਲੀ ਵਾਰ ਇਕੱਠੇ ਖੜੋਤੇ ਸਾਂ...

ਇਸ ਵਿਚਲੀ ਕਰਾਮਾਤ, ਸੰਗੀਤ, ਬਲ ਤੇ ਤਾਲ—ਸਭੇ ਤੇਰੀ ਹੀ ਦਾਤ ਨੇ…

[1967]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •