Ik Din - Hor Dinaan Varga (Punjabi Story) : Navtej Singh
ਇਕ ਦਿਨ — ਹੋਰ ਦਿਨਾਂ ਵਰਗਾ (ਕਹਾਣੀ) : ਨਵਤੇਜ ਸਿੰਘ
“ਉਤੋਂ ਗੋਡੇ ਗੋਡੇ ਦਿਨ ਚੜ੍ਹ ਆਇਐ, ਤੇ ਤੁਸੀਂ ਹਾਲੀ ਕੁੰਭਕਰਨ ਵਾਂਗ ਸੁੱਤੇ ਈ ਪਏ ਹੋ!”
“ਸੁੱਤਾ ਨਹੀਂ, ਐਵੇਂ ਲੇਟਿਆਂ—ਮੇਰਿਆਂ ਦੋਵਾਂ ਪੈਰਾਂ ਦੀਆਂ ਅੱਡੀਆਂ ਬਹੁਤ ਹੀ ਪੀੜ ਕਰ ਰਹੀਆਂ ਨੇ-”
“ਇਹ ਕਿਹੜੀ ਨਵੀਂ ਗੱਲ ਏ—ਰੋਜ਼ ਈ ਤੁਸੀਂ ਪੀੜ ਪੀੜ ਕਰਦੇ ਰਹਿੰਦੇ ਓ । ਰਤਾ ਸੁਸਤੀ ਛੱਡੋ ਖਾਂ, ਸੈਰ ਕਰਿਆ ਕਰੋ, ਪੀੜ ਆਪੇ ਠੀਕ ਹੋ ਜਾਏਗੀ”
“ਸਤਿ ਬਚਨ, ਅਧਿਆਪਕਾ ਜੀ। ਮੈਂ ਤੁਹਾਡੀ ਆਗਿਆ ਦਾ ਪਾਲਨ ਕਰਾਂਗਾ। ਪਰ ਅੱਜ ਤਾਂ ਛੁੱਟੀ ਏ, ਫੇਰ ਵੀ ਤੁਸੀਂ ਸਵੇਰੇ ਸਵੇਰੇ ਕਿਉਂ ਚਿੰਤਾ ਵਿਚ ਗਰੱਸੇ ਪਏ ਹੋ?”
“ਉਹ ਤੁਹਾਡੇ ਸੱਕੇ ਜੂ ਆ ਰਹੇ ਨੇ, ਤੁਹਾਡੇ ਪਰਾਹੁਣੇ। ਮਸਾਂ ਮਸਾਂ ਤਾਂ ਕਿਤੇ ਛੁੱਟੀ ਆਉਂਦੀ ਏ, ਤੇ ਉਤੋਂ...”
“ਉਨ੍ਹਾਂ ਵਿਚਾਰਿਆਂ ਬਾਰੇ ਏਨੀ ਚਿੰਤਾ! ਉਹ ਕਾਹਦੇ ਪਰਾਹੁਣੇ ਨੇ! ਉਹ ਤਾਂ ਘਰ ਦੇ ਜੀਆਂ ਵਾਂਗ ਆ ਕੇ ਕਦੇ ਕਦਾਈਂ ਰਹਿ ਜਾਂਦੇ ਨੇ”
“ਬਹੁਤੇ ਓਦਰ ਗਏ ਹੋ? ਅਖੇ ਕਦੇ-ਕਦਾਈਂ ਆਉਂਦੇ ਨੇ! ਹਾਲੀ ਪਿਛਲੇਰੇ ਐਤਵਾਰ ਤਾਂ ਆਏ ਸਨ ਉਹ। ਰੋਜ਼ ਬੁਲਾ ਲਿਆ ਕਰੋ। ਤੁਹਾਡੇ ਲਈ ਹੋਣਗੇ ਘਰ ਦਿਆਂ ਵਾਂਗ; ਮੇਰੇ ਲਈ ਤਾਂ ਡਬਲ ਪਰਾਹੁਣੇ ਨੇ, ਡਬਲ। ਤੇ ਉਹ ਰੰਨ ਤੁਹਾਡੇ ਦੋਸਤ ਦੀ ਤਾਂ ਹੱਦ ਦੀ ਨਖਰੇਲੋ ਏ। ਬੰਦਿਆਂ ਦੇ ਮੋਢਿਆਂ ’ਤੇ ਚੜ੍ਹ-ਚੜ੍ਹ ਬਹਿੰਦੀ ਏ। ਉਹਦੀਆਂ ਤੇ ਮੱਥੇ ਉਤੇ ਅੱਖਾਂ ਨੇ, ਮੱਥੇ ਉਤੇ।”
“ਮੈਂ ਤੁਹਾਨੂੰ ਕਈ ਲੱਖ ਵਾਰ ਕਹਿ ਚੁਕਿਆਂ ਭਈ ਮਿੱਠਾ ਬੋਲਿਆ ਕਰੋ। ਅਧਿਆਪਕਾ ਹੋ, ਮੁੱਖ ਅਧਿਆਪਕਾ ਬਣਨ ਵਾਲੇ ਹੋ। ਮਿੱਠਾ ਬੋਲਣਾ ਤਾਂ ਤੁਹਾਡੇ ਕਿੱਤੇ ਵਿਚ ਪਹਿਲਾ ਗੁਣ ਹੋਣਾ ਚਾਹੀਦਾ ਏ।”
“ਮੈਂ ਵੀ ਤਾਂ ਰੰਨ ਈ ਕਿਹਾ ਏ—ਰਖੇਲ ਤਾਂ ਨਹੀਂ ਕਿਹਾ। ਵੈਸੇ ਤਾਂ ਅਜਕਲ ਦੀਆਂ ਇਹ ਪੈਂਟਾਂ ਸਲੈਕਾਂ ਵਾਲੀਆਂ, ਝਾਟੇ ਮੁੰਨੀਆਂ ਨੂੰ ਰਖੇਲ ਹੀ ਕਹਿਣਾ ਫੱਬਦਾ ਏ।”
“ਮੈਂ ਤੁਹਾਡੇ ਅੱਗੇ ਅਰਜ਼ ਕਰ ਰਿਹਾ ਸਾਂ ਕਿ ਮਿੱਠਾ ਬੋਲਿਆ ਕਰੋ। ਮੇਰਾ ਦੋਸਤ ਜਦੋਂ ਰੂਸੋਂ ਪਰਤਿਆ ਸੀ ਤਾਂ ਕਹਿੰਦਾ ਸੀ, ‘ਰੂਸ ਵਿਚ ਜਿਸ ਇਸਤਰੀ ਦੀ ਵੀ ਬੋਲੀ ਉਹਨੂੰ ਉਚੇਚੀ ਮਿੱਠੀ ਜਾਪਦੀ, ਆਮ ਤੌਰ ’ਤੇ ਪੁੱਛਣ ’ਤੋਂ ਪਤਾ ਲੱਗਦਾ ਕਿ ਉਹ ਇਸਤਰੀ ਅਧਿਆਪਕਾ ਹੁੰਦੀ ਸੀ’। ਤੇ ਤੁਸੀਂ ਮੇਰੇ ਦੇਸ ਦੀ ਅਧਿਆਪਕਾ, ਥੋੜ੍ਹੀ ਦੇਰ ਨੂੰ ਮੁੱਖ ਅਧਿਆਪਕਾ…”
“ਐਵੇਂ ਡਰਾਮੇ ਵਰਗੇ ਡਾਇਲਾਗ ਨਾ ਪਏ ਬੋਲੋ। ਤੁਸੀਂ ਕਲੱਬ ਦੇ ਗਿੱਝੇ ਹੋਵੇਗੇ। ਇਹ ਕਲੱਬ ਨਹੀਂ, ਘਰ ਏ। ਨਾਲੇ ਇਹ ਰੋਜ਼ ਕੀ ਤੁਸੀਂ ਰੂਸ ਦੀ ਕਥਾ ਛੇੜ ਬਹਿੰਦੇ ਹੋ। ਕਲ ‘ਜਥੇਦਾਰ’ ਵਿਚ ਪੜ੍ਹਿਆ ਸੀ ਕਿ ਉਥੋਂ ਦੀ ਸਰਕਾਰ ਲੋਕਾਂ ਨੂੰ ਮੰਦਰ, ਗੁਰਦਵਾਰੇ ਨਹੀਂ ਜਾਣ ਦੇਂਦੀ। ਭੈੜੇ-ਭੈੜੇ ਯਾਰ ਮੇਰੀ ਫੱਤੋ ਦੇ! ਉਹ ਜਿਹੜਾ ਦੜਾ ਦੋਸਤ ਲਈ ਫਿਰਦੇ ਹੋ, ਮੈਥੋਂ ਗੁਝਾ ਏ ਭਲਾ! ਉਹਨੂੰ ਸਵਾਹ ਸਮਝ ਏ। ਚਿੱਟੀ ਚਮੜੀ ਵਾਲੀਆਂ ਰੂਸਣਾਂ ਨੂੰ ਵੇਖਦਿਆਂ ਸਾਰ ਹੀ ਉਸਦੀਆਂ ਤਾਂ ਲਾਲ੍ਹਾਂ ਡਿੱਗਣ ਲਗ ਪਈਆਂ ਹੋਣੀਆਂ ਨੇ।”
“ਅਧਿਆਪਕਾ ਜੀ, ਰੂਸ ਵਿਚ ਤਾਂ ਮੰਦਰ ਗੁਰਦੁਆਰੇ ਹੁੰਦੇ ਹੀ ਨਹੀਂ—”
“ਇਕੋ ਹੀ ਗੱਲ ਏ, ਮੰਦਰ ਗੁਰਦਵਾਰੇ ਨਾ ਹੋਏ—ਕੀ ਕਹਿੰਦੇ ਨੇ ਉਨ੍ਹਾਂ ਨੂੰ— ਸੜ ਜਾਣੇ ਇਹ ਚਰਚ, ਗਿਰਜੇ—”
“ਉਹ ਭਲਾ ਕਿਉਂ ਸੜ ਜਾਣ? ਤੁਸੀਂ ਤਾਂ ਰੱਬ ਨੂੰ ਬੜਾ ਮੰਨਦੇ ਹੋ, ਤੇ ਚਰਚ ਵੀ ਤਾਂ ਰੱਬ ਦਾ ਹੀ ਘਰ ਏ।”
“ਐਵੇਂ ਹਰ ਵੇਲੇ ਵਿਹਲੀਆਂ ਘਤੂਤੀਆਂ ਈ ਨਾ ਛੱਡਦੇ ਰਿਹਾ ਕਰੋ। ਜਦੋਂ ਦਾ ਤੁਹਾਡਾ ਦੋਸਤ ਨਮੂਨੇ ਦੀ ਰੰਨ ਲਿਆਇਆ ਏ, ਇਕ ਤਾਂ ਓਦੋਂ ਦਾ ਤੁਹਾਡਾ ਆਉਣ-ਜਾਣ ਉਧਰ ਵਧ ਗਿਆ ਏ, ਤੇ ਦੂਜਾ ਓਦੋਂ ਦੀ ਤੁਹਾਨੂੰ ਮੇਰੀ ਬੋਲੀ ਮਾੜੀ ਲੱਗਣ ਲਗ ਪਈ ਏ। ਅੱਗੇ ਏਨੇ ਵਰ੍ਹੇ ਨਾ ਖ਼ਿਆਲ ਆਇਆ? ਤੇ ਹੁਣ ਰੂਸਣਾਂ ਦੀ ਮਿੱਠੀ ਬੋਲੀ ਚੇਤੇ ਆ ਗਈ ਏ। ਬੇਸ਼ੱਕ ਲੈ ਆਓ ਕੋਈ ਰੂਸਣ। ਮੈਂ ਵੀ ਪਿਓ ਦੀ ਧੀ ਨਹੀਂ, ਜੇ ਤੁਹਾਨੂੰ ਕੁਝ ਕਹਾਂ। ਅੱਗੇ ਮੈਂ ਤੁਹਾਡੇ ਕੋਲ ਕਿਹੜੇ ਸੁੱਖ ਪਾਏ ਨੇ? ਤੁਹਾਡੀ ਮਾਂ ਦੀ ਮੈਂ ਗ਼ੁਲਾਮੀ ਕੀਤੀ, ਤੇ ਪਿਓ ਬੁੱਢੇ ਦੀ ਮੈਂ, ਤੇ ਕੁਪੱਤੀਆਂ ਤੁਹਾਡੀਆਂ ਭੈਣਾਂ ਦੀ ਮੈਂ। ਹੁਣ ਜਦੋਂ ਉਹ ਬੁੱਢਾ-ਬੁੱਢੀ ਮਰ ਗਏ ਨੇ, ਤੇ ਭੈਣਾਂ ਦਾ ਮਸਾਂ-ਮਸਾਂ ਵਿਆਹ ਹੋਇਆ ਤੇ ਇਸ ਤੀਹਰੀ ਗ਼ੁਲਾਮੀ ਤੋਂ ਛੁਟਕਾਰਾ ਪਾਇਐ, ਓਦੋਂ ਮੇਰੀ ਜ਼ਿੰਦਗੀ ਵਿਚ ਖ਼ਲਲ ਪਾਣ ਨੂੰ ਇਹ ਤੁਹਾਡਾ ਦੋਸਤ ਤੇ ਉਹਦੀ ਰੰਨ ਪਤਾ ਨਹੀਂ ਕਿਧਰੋਂ ਆਣ ਧਮਕੇ ਨੇ।”
“ਤੁਸੀਂ ਐਵੇਂ ਪਏ ਗਰਮ ਹੁੰਦੇ ਹੋ। ਉਹ ਤਾਂ ਹਮੇਸ਼ਾਂ ਤੁਹਾਡੀ ਤਾਰੀਫ਼ ਕਰਦੀ ਰਹਿੰਦੀ ਏ।”
“ਇਹੋ ਜਿਹੀਆਂ ਫੱਫੇ-ਕੁਟਣੀਆਂ ਦੀ ਤਾਰੀਫ਼ ਤੋਂ ਗੁਰੂ ਮਹਾਰਾਜ ਬਚਾਏ। ਉਹਦੇ ਭਖਾਏ ਹੀ ਤਾਂ ਤੁਸੀਂ ਮੈਨੂੰ ਕਦੇ ਗਰਮ ਤੇ ਕਦੇ ਕੌੜਾ ਬੋਲਣ ਵਾਲੀ ਕਹਿ ਰਹੇ ਹੋ। ਜੇ ਮੇਰੇ ਪਿੱਛੇ ਕੋਈ ਹੁੰਦਾ ਤਾਂ ਮੈਂ ਕਦੇ ਅਜਿਹੀ ਕੁੱਤੇ ਦੀ ਬਾਬ ਨਾ ਕਰਵਾਂਦੀ, ਇਕ ਮਿੰਟ ਨਾ ਲਾਂਦੀ—ਤੇ ਆਪਣੇ ਪੇਕੇ ਤੁਰ ਜਾਂਦੀ। ਹਾਏ ਨੀ ਮੇਰੀ ਅੰਮੜੀਏ, ਹਾਏ ਵੇ ਮੇਰਿਆ ਬਾਬਲਾ—ਤੁਸੀਂ ਦੋਵੇਂ ਕਿਥੇ ਤੁਰ ਗਏ...”
“ਹੁਣ ਪੂਰੀ ਤਰ੍ਹਾਂ ਸਮਝ ਆਈ ਏ ਮੈਨੂੰ—ਹੋਰ ਕੋਈ ਥਾਂ ਨਹੀਂ, ਤਾਂ ਹੀ ਤੁਸੀਂ ਮੇਰੇ ਕੋਲ ਰਹਿ ਰਹੇ ਹੋ, ਨਹੀਂ ਤਾਂ ਇਕ ਮਿੰਟ ਵੀ ਨਾ ਰਹਿੰਦੇ। ਏਨੇ ਵਰ੍ਹਿਆਂ ਦੀ ਵਿਆਹੀ ਸਾਂਝੀ ਜ਼ਿੰਦਗੀ ਪਿਛੋਂ ਤੁਸੀਂ ਮੈਨੂੰ ਇਹੀ ਸਰਟੀਫ਼ਿਕੇਟ ਦੇ ਰਹੇ ਹੋ ਨਾ! ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ”
“ਨਾਲੇ, ਏਥੇ ਮੇਰਾ ਹੈ ਵੀ ਕੀ ਏ, ਇਕ ਬੱਚਾ ਵੀ ਤਾਂ ਨਹੀਂ...”
“ਜਿਥੋਂ ਤੱਕ ਇਕ ਬੱਚਾ ਵੀ ਨਹੀਂ ਦਾ ਤਅਲਕ ਏ ਤੁਸੀਂ ਤਾਂ ਘੱਟੋ-ਘੱਟ ਮੈਨੂੰ ਇਹ ਮਿਹਣਾ ਨਹੀਂ ਮਾਰ ਸਕਦੇ! ਵੱਡੇ ਹਸਪਤਾਲ ਦੀ ਸਭ ਤੋਂ ਵੱਡੀ ਲੇਡੀ ਡਾਕਟਰ ਨੇ ਤੁਹਾਡਾ ਮੁਆਇਨਾ ਕਰ ਕੇ ਜੋ ਕਿਹਾ…”
“ਹਛਾ, ਹੁਣ ਤੁਸੀਂ ਮੈਨੂੰ ਔਂਤਰੀ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਏ! ਹਾਏ ਨੀ ਮੇਰੀਏ ਅੰਮੜੀਏ, ਕਿਦ੍ਹੇ ਲੜ ਤੂੰ ਮੈਨੂੰ ਲਾ ਗਈਓਂ”
“ਡਰਾਮਾ ਮੈਂ ਕਰ ਰਿਹਾ ਜਾਂ ਤੁਸੀਂ! ਮੈਂ ਤੁਹਾਨੂੰ ਕੋਈ ਗਾਲ੍ਹ ਨਹੀਂ ਕੱਢੀ, ਸਿਰਫ਼ ਤੁਹਾਡੇ ਮਿਹਣੇ ਦਾ ਜਵਾਬ ਹੀ ਦਿੱਤਾ ਏ।”
“ਮੈਂ ਜੋ ਵੀ ਕਹਾਂ ਉਹ ਕੌੜਾ, ਗਰਮ ਤੇ ਡਰਾਮਾ—ਤੇ ਤੁਸੀਂ ਭਾਵੇਂ ਕਿੰਨੀਆਂ ਸੜੀਆਂ-ਸੜੀਆਂ ਕਹੋ, ਉਹ ਕੁਝ ਵੀ ਨਹੀਂ! ਸਾਡੇ ਵਰਗੀਆਂ ਸਿਧ-ਪਧਰੀਆਂ ਉਤੇ ਤਾਂ ਮਰਦ ਜ਼ਾਤ ਬੱਸ ਜ਼ੁਲਮ ਹੀ ਕਰਨਾ ਜਾਣਦੀ ਏ। ਹਾਂ, ਇਹ ਝਾਟੇ-ਮੁੰਨੀਆਂ, ਪੈਂਟਾਂ ਸਲੈਕਾਂ ਵਾਲੀਆਂ ਈ ਨੇ ਬਸ ਜਿਹੜੀਆਂ ਰੱਬ ਦੀ ਜੰਝੇ ਆਈਆਂ ਹੋਈਆਂ ਨੇ। ਬਾਦਸ਼ਾਹੀ ਤਾਂ ਇਹ ਕਰਦੀਆਂ ਨੇ ਮਰਦਾਂ ਉਤੇ। ਵੇਖਿਆ ਜੇ ਨਾ ਕਿਵੇਂ ਤੁਹਾਡੇ ਦੋਸਤ ਦੀ ਰੰਨ ਨੇ ਕੀਲ ਰਖਿਆ ਏ ਉਹਨੂੰ!”
“ਉਨ੍ਹਾਂ ਦੀ ਤਾਂ ਇਕ-ਸੁਰ ਜ਼ਿੰਦਗੀ ਏ!”
“ਵੱਡੀਆਂ ਸੁਰਾਂ ਲਈ ਫਿਰਦੇ ਹੋ। ਕੁਝ ਵਰ੍ਹੇ ਲੰਘਣ ਦਿਓ, ਸਭੇ ਸੁਰਾਂ ਨਿਕਲ ਆਣਗੀਆਂ”
“ਹੁਣ ਮੈਂ ਥੱਕ ਗਿਆ ਹਾਂ—ਤੁਸੀਂ ਜੋ ਮਰਜ਼ੀ ਆਏ ਬੋਲੀ ਜਾਓ, ਮੈਂ ਬਿਲਕੁਲ ਚੁੱਪ ਰਹਾਂਗਾ”
“ਹੂੰ, ਮੇਰੀ ਹੀ ਜੀਭ ਵਾਧੂ ਲੰਮੀ ਏ। ਨਹੀਂ ਬੋਲਦੇ ਤੇ ਜੰਮ ਜੰਮ ਨਾ ਬੋਲੋ, ਪਰ ਪਿਛੋਂ ਸੂਰ-ਬਸੂਰਾ ਨਾ ਪਾ ਲੈਣਾ, ਹੁਣੇ ਦੱਸ ਦਿਓ ਕਿ ਤੁਹਾਡੇ ਚੀਫ਼ ਗੈੱਸਟਾਂ ਲਈ ਬਣਾਨਾ ਕੀ ਏ?”
“ਮੈਂ ਸਭਨਾਂ ਚੀਜ਼ਾਂ ਦਾ ਬੰਦੋਬਸਤ ਕਰ ਆਇਆਂ - ਮੱਛੀ, ਪਨੀਰ, ਆਂਡੇ ਤੇ ਫਲ। ਮੇਰੇ ਦਫ਼ਤਰ ਦਾ ਚਪੜਾਸੀ ਇਸ ਕੰਮ ’ਚ ਬੜਾ ਮਾਹਿਰ ਏ, ਕੱਲ੍ਹ ਉਹਨੂੰ ਪੈਸੇ ਦੇ ਆਇਆ ਸਾਂ, ਉਹ ਦਸ ਕੁ ਵਜੇ ਤਕ ਸਭ ਕੁਝ ਪੁਚਾ ਜਾਏਗਾ”
“ਮੈਨੂੰ ਤਾਂ ਹਰ ਵੇਲੇ ਵਿੱਤ ’ਚ ਖਰਚ ਕਰਨ ਦੇ ਉਪਦੇਸ਼ ਦੇਂਦੇ ਰਹਿੰਦੇ ਹੋ, ਤੇ ਇਹ ਮੱਛੀ, ਪਨੀਰ, ਆਂਡੇ! ਮੈਥੋਂ ਨਹੀਂ ਹੁੰਦੇ ਏਨੇ ਪਿੱਟਣੇ। ਉਸ ਚੜ੍ਹੇ ਚਪੜਾਸੀ ਕੋਲੋਂ ਹੀ ਬਣਵਾ ਲੈਣਾ ਸਭ ਕੁਝ। ਮੇਰਾ ਤਾਂ ਅੱਜ ਸਾਰਾ ਸਰੀਰ ਟੁੱਟ ਰਿਹਾ ਏ। ਮੈਂ ਤਾਂ ਲੇਟਣ ਲੱਗੀ ਜੇ।”
“ਚੰਗਾ ਲਗਦਾ ਏ ਇੰਜ? ਉਤੋਂ ਉਨ੍ਹਾਂ ਦੀ ਗੱਡੀ ਦਾ ਵਕਤ ਹੋਣ ਵਾਲਾ ਏ। ਰੋਜ਼ ਤੁਸੀਂ ਮੇਰੇ ਨਾਲ ਲੜਦੇ ਰਹਿੰਦੇ ਹੋ; ਘੱਟੋ ਘੱਟ ਅੱਜ ਤਾਂ ਇੰਝ ਨਾ ਕਰੋ—ਇਹ ਇਕ ਦਿਨ ਤਾਂ ਮੈਨੂੰ ਅਜਿਹਾ ਦੇ ਦਿਓ, ਜਿਹੜਾ ਹੋਰ ਦਿਨਾਂ ਵਰਗਾ ਨਾ ਹੋਵੇ”
“ਹਲਾ ਜੀ, ਅੱਜ ਦੇ ਦਿਨ ਨੂੰ ਸੁਰਖ਼ਾਬ ਦੇ ਪਰ ਲੱਗੇ ਹੋਣੇ ਨੇ ਨਾ! ਹਾਂ, ਸਮਝ ਗਈ, ਅੱਜ ਉਹ ਝਾਟਾ-ਮੁੰਨੀ ਜੂ ਆਣੀ ਏਂ। ਹੇ ਸਤਿਗੁਰ ਸੱਚਿਆ, ਜਿਵੇਂ ਉਹ ਮੈਨੂੰ ਕਲਪਾ ਰਹੀ ਏ, ਮੇਰੇ ਘਰ ’ਚ ਕਲੇਸ਼ ਪੁਆ ਰਹੀ ਏ, ਇਵੇਂ ਹੀ ਉਹਦੇ ਘਰ ਪਏ। ਉਹਦੀਆਂ ਕੀਤੀਆਂ ਸਭ ਉਹਦੇ ਅੱਗੇ ਆਉਣ। ਕੀੜੇ ਪੈਣ ਸੂ, ਔਂਤਰ ਜਾਏ...”
“ਉਹਨੇ ਭਲਾ ਤੈਨੂੰ ਕੀ ਕਲੇਸ਼ ਦਿੱਤਾ ਏ? ਹੁਣ ਤੂੰ ਵਧੀ ਹੀ ਜਾਂਦੀ ਏਂ। ਮੈਂ ਤਾਂ ਕਿਹਾ ਸੀ ਕਿ ਕਿਸੇ ਦਿਨ ਤਾਂ ਇਸ ਸਿਆਪੇ ਤੋਂ ਮੈਨੂੰ ਛੁੱਟੀ ਬਖ਼ਸ਼”
“ਹਾਏ, ਸਿਆਪਾ ਕਹਿੰਦੇ ਹੋ! ਹੁਣ ਇਸ ਕਲਜੋਗਣ ਕਰਕੇ ਮੈਂ ਤੁਹਾਨੂੰ ਸਿਆਪਾ ਲੱਗਣ ਲੱਗ ਪਈ ਆਂ। ਇਕ ਦਿਨ ਦੀ ਛੁੱਟੀ ਕਹਿੰਦੇ ਹੋ, ਮੈਂ ਤਾਂ ਤੁਹਾਨੂੰ ਹਮੇਸ਼ਾ ਲਈ ਛੁੱਟੀ ਦੇਣ ਨੂੰ ਤਿਆਰ ਹਾਂ। ਪਿਓ ਦੀ ਧੀ ਨਹੀਂ—ਜੇ ਫੇਰ ਤੁਹਾਡੇ ਘਰ ਵੱਲ ਮੂੰਹ ਵੀ ਕਰ ਜਾਵਾਂ। ਬਸ ਇਕੋ ਤੁਹਾਡੀ ਪਾਣ-ਪੱਤ ਦਾ ਖ਼ਿਆਲ ਏ। ਦੂਰ ਦੂਰ ਤੀਕ ਤੁਹਾਡੀ ਇੱਜ਼ਤ ਬਣੀ ਹੋਈ ਏ—ਘਰ ਪਤਲੀ, ਬਾਹਰ ਸੰਘਣੀ, ਤੇ ਮੇਲੋ ਮੇਰਾ ਨਾਂ। ਜੇ ਮੈਂ, ਸਰਦਾਰ ਜੀ, ਇੱਕ ਵਾਰ ਚਲੀ ਗਈ ਤਾਂ ਸਭਨਾਂ ਨੂੰ ਚਾਨਣ ਹੋ ਜਾਏਗਾ, ਚਾਨਣ”
“ਮੇਰਾ ਖ਼ਿਆਲ ਏ ਕਿ ਜਿਹੋ ਜਿਹੇ ਘੁਸਮੁਸੇ ’ਚ ਅਸੀਂ ਰਹਿੰਦੇ ਆਂ, ਉਸ ਨਾਲੋਂ ਪੂਰਾ ਚਾਨਣ ਹੋ ਜਾਣਾ ਈ ਠੀਕ ਰਹੇਗਾ”
“ਹਾਏ ਨੀ ਵੈਰਨੇ, ਮੈਨੂੰ ਕਢਾ ਕੇ ਹੀ ਸਾਹ ਲਏਂਗੀ! ਚਾਨਣ ਕਹਿੰਦੇ ਹੋ! ਜੇ ਤੁਹਾਡੀ ਇਹੋ ਮਰਜ਼ੀ ਏ ਤਾਂ ਇਕ ਵਾਰ ਤਾਂ ਮੈਂ ਅਜਿਹਾ ਚਾਨਣ ਕਰ ਕੇ ਜਾਵਾਂਗੀ ਕਿ ਪੁਸ਼ਤਾਂ ਤੱਕ ਚੇਤੇ ਰੱਖੋਗੇ। ਚਾਨਣ ਕੀ, ਮੈਂ ਤਾਂ ਭਾਂਬੜ ਬਾਲ ਕੇ ਜਾਵਾਂਗੀ, ਭਾਂਬੜ…”
“ਹੁਣ ਤੇ ਮੇਰੀ ਜਰਾਂਦ ਮੁੱਕ ਗਈ ਏ। ਮੇਰੀਆਂ ਨਰਵਜ਼ ਉਕਾ ਜਵਾਬ ਦੇ ਗਈਆਂ ਨੇ। ਰੋਜ਼ ਅੱਗ ਧੁਖਦੀ ਰਹਿੰਦੀ ਏਂ, ਹੁਣ ਭਾਂਬੜ ਵੀ ਬਾਲ ਲੈ...।”
ਉਨ੍ਹਾਂ ਦੇ ਘਰ ਦੇ ਪਿਛਵਾੜੇ ਚੀਕ-ਚਿਹਾੜਾ ਪੈ ਗਿਆ। ਪਿਛਲਾ ਕੁਆਟਰ ਉਨ੍ਹਾਂ ਰਿਕਸ਼ੇ ਵਾਲੇ ਨੂੰ ਕਿਰਾਏ ਉਤੇ ਦਿੱਤਾ ਹੋਇਆ ਸੀ। ਰਿਕਸ਼ੇ ਵਾਲੇ ਦੀ ਵਹੁਟੀ ਕੜਕ ਰਹੀ ਸੀ, ਬੱਚੇ ਉੱਚੀ-ਉੱਚੀ ਰੋ ਰਹੇ ਸਨ। ਗਾਲ੍ਹਾਂ ਦੀ ਵਾਛੜ ਹੋ ਰਹੀ ਸੀ।
“ਮੈਂ ਤੁਹਾਨੂੰ ਸੌ ਵੇਰ ਆਖ ਚੁੱਕੀ ਆਂ – ਇਨ੍ਹਾਂ ਘੀਚਰਾਂ ਕਮੀਨਾਂ ਨੂੰ ਆਪਣੇ ਕੁਆਟਰ ’ਚੋਂ ਕੱਢ ਦਿਓ। ਇਨ੍ਹਾਂ ਦੇ ਘਰ ਤਾਂ ਜਿਵੇਂ ਕਿਸੇ ਸੇਹ ਦਾ ਤਕਲਾ ਗੱਡਿਆ ਹੋਏ। ਸ਼ਰੀਫ਼ ਘਰਾਂ ਵਿਚ ਇਹੋ ਜਿਹਿਆਂ ਦੇ ਰਹਿਣ ਦਾ ਭਲਾ ਕੀ ਰਾਹ ਹੋਇਆ। ਹੁਣ ਚੁੱਪ ਕਿਉਂ ਸਾਧ ਲਈ ਜੇ—ਬਸ ਰਤਾ ਦੋ ਪੈਰ ਤੁਰਨਾ ਪਏ, ਤਾਂ ਤੁਹਾਨੂੰ ਮੰਨੋਂ ਪੈ ਜਾਂਦੀ ਏ। ਹੁਣੇ ਹੀ ਜਾਓ ਤੇ ਦਫ਼ਾ ਕਰੋ ਇਨ੍ਹਾਂ ਨੂੰ। ਸਭਨਾਂ ਲੜਾਈਆਂ-ਘਾਮਿਆਂ, ਚੋਰੀਆਂ, ਬਦਮਾਸ਼ੀਆਂ ਦੀ ਜੜ੍ਹ ਹੁੰਦੇ ਨੇ ਇਹ ਰਿਕਸ਼ੇ ਵਾਲੇ”
...ਤੇ ਉਹਨੂੰ ਇਕ ਰਿਕਸ਼ੇ ਵਾਲਾ ਚੇਤੇ ਆ ਗਿਆ। ਉਹਨੂੰ ਓਦੋਂ ਉਹਦਾ ਮੂੰਹ ਨਹੀਂ ਸੀ ਦਿਸਿਆ—ਸਿਰਫ਼ ਪਿੱਠ ਹੀ। ਉਹਦੇ ਰਿਕਸ਼ੇ ਵਿਚ ਉਹ ਤੇ ਉਹਦੀ ਵਹੁਟੀ ਇਕ ਵਾਰ ਕਾਫ਼ੀ ਰਾਤ ਗਈ ਚੜ੍ਹੇ ਸਨ।
ਉਹਨੀਂ ਦਿਨੀਂ ਉਹ ਆਪਣੇ ਕਲੱਬ ਵਲੋਂ ਹੋਣ ਵਾਲੇ ਡਰਾਮੇ ਵਿਚ ਪਾਰਟ ਲੈ ਰਿਹਾ ਸੀ। ਰੀਹਰਸਲਾਂ ਲਈ ਹਨੇਰੇ ਸਵੇਰੇ ਆਣਾ-ਜਾਣਾ ਪੈਂਦਾ ਸੀ। ਉਨ੍ਹਾਂ ਦੇ ਦਫ਼ਤਰ ਦੀਆਂ ਟਾਈਪਿਸਟ ਕੁੜੀਆਂ ਵੀ ਡਰਾਮੇ ਵਿਚ ਪਾਰਟ ਕਰ ਰਹੀਆਂ ਸਨ। ਉਹ ਆਪਣੇ ਕਲੱਬ ਦਾ ਸਭ ਤੋਂ ਚੰਗਾ ਤੇ ਹੰਢਿਆ ਹੋਇਆ ਐਕਟਰ ਸੀ। ਕੁੜੀਆਂ ਮੁੰਡੇ ਉਹਦੀ ਤਾਰੀਫ਼ ਕਰਦੇ, ਉਹਦੇ ਕੋਲੋਂ ਆਪੋ-ਆਪਣੇ ਪਾਰਟਾਂ ਲਈ ਸੁਝਾਅ ਮੰਗਦੇ।
ਇਕ ਰਾਤ ਖ਼ਾਸ ਹੀ ਦੇਰ ਹੋ ਗਈ ਸੀ, ਰੀਹਰਸਲ ਵਾਲੇ ਥਾਂ ਹੀ ਉਹਦੀ ਵਹੁਟੀ ਆਣ ਧਮਕੀ ਸੀ, ਤੇ ਬੜਾ ਗਰਮ ਡਰਾਮਾ ਕਰ ਕੇ ਉਹ ਓਥੋਂ ਉਹਨੂੰ ਧਰੂਹ ਲਿਆਈ ਸੀ। ਰਿਕਸ਼ੇ ਵਿਚ ਚੜ੍ਹਦਿਆਂ ਉਹਦੀ ਵਹੁਟੀ ਨੂੰ ਜਿਵੇਂ ਕੋਈ ਚੰਡਾਲ ਚੜ੍ਹਿਆ ਹੋਇਆ ਸੀ...
“ਸੌਂ ਤਾਂ ਨਹੀਂ ਗਏ। ਮੈਂ ਤੁਹਾਨੂੰ ਆਖਿਐ ਜਾ ਕੇ ਇਸ ਕੁਲਹਿਣੇ ਰਿਕਸ਼ੇ ਵਾਲੇ ਟੱਬਰ ਨੂੰ ਇਥੋਂ ਦਫ਼ਾ ਕਰੋ। ਦੂਰੋਂ ਇਹ ਸ਼ੋਰ ਸੁਣ ਕੇ ਭਾਵੇਂ ਕੋਈ ਇਹ ਹੀ ਪਿਆ ਸਮਝੇ ਕਿ ਅਸੀਂ ਦੋਵੇਂ ਲੜ ਰਹੇ ਹਾਂ! ਜੇ ਤੁਸੀਂ ਨਹੀਂ ਉੱਠਣਾ, ਤਾਂ ਫੇਰ ਮੈਂ ਜਾਂਦੀ ਹਾਂ। ਪਰ ਮੈਂ ਸੋਚਨੀ ਆਂ ਜਨਾਨੀ-ਮ੍ਹਾਨੀ ਇਨ੍ਹਾਂ ਕਾਲੀਆਂ ਜੀਭਾਂ ਵਾਲਿਆਂ ਕੋਲ ਜਾਂਦੀ ਠੀਕ ਨਹੀਂ ਲਗਦੀ। ਜਾਓ ਵੀ ਹੁਣ”
ਉਹ ਉੱਠਿਆ ਤੇ ਆਪਣੇ ਘਰ ਦੇ ਪਿਛਵਾੜੇ ਵੱਲ ਹੋ ਪਿਆ।
“ਕਿਹੜੀ ਰਖੇਲ ਨੂੰ ਪੰਜ ਰੁਪਏ ਫੜਾ ਆਇਐਂ?”
“ਸਹੁੰ ਰੱਬ ਦੀ, ਮੈਂ ਕਿਸੇ ਨੂੰ ਕੋਈ ਰੁਪਏ ਨਹੀਂ ਦਿੱਤੇ, ਰਾਤੀਂ ਰਿਕਸ਼ਾ ਵਾਂਹਦਿਆਂ ਕਿਤੇ ਡਿੱਗ ਪਏ ਹੋਣੇ ਨੇ।”
“ਰੱਬ ਦਾ ਖ਼ੌਫ਼ ਕਰ! ਕੁਫ਼ਰ ਨਾ ਤੋਲ! ਉਹ ਗਸ਼ਤੀ, ਤੇਰੀ ਭਾਬੀ, ਕਲ੍ਹ ਪੰਜ ਰੁਪਏ ਮੰਗਣ ਨਹੀਂ ਸੀ ਆਈ! ਆਪਣੇ ਘਰ ਟਾਕੀ ਨਹੀਂ, ਟੁੱਕਰ ਨਹੀਂ—ਤੇ ਹੋਰਨਾਂ ਲਈ ਸਖ਼ੀ-ਸਰਵਰ ਪਿਆ ਬਣਨਾ ਏਂ!”
“ਮੈਨੂੰ ਆਪਣੇ ਬੱਚਿਆਂ ਦੀ ਸਹੁੰ, ਮੈਂ ਪੰਜ ਰੁਪਏ ਉਹਨੂੰ ਨਹੀਂ ਦਿੱਤੇ। ਖੀਸੇ ‘ਚੋਂ ਕਿਤੇ ਡਿੱਗ ਪਏ ਹੋਣੇ ਨੇ।”
“ਖ਼ਬਰਦਾਰ! ਜੇ ਮੇਰੇ ਬੱਚਿਆਂ ਦੀ ਝੂਠੀ ਸਹੁੰ ਖਾਧੀ! ਹੇਖਾਂ, ਖੀਸੇ ’ਚੋਂ ਕਿਤੇ ਡਿੱਗ ਪਏ ਹੋਣੇ ਨੇ! ਖੇਖਣ ਵੇਖੋ ਇਹਦੇ! ਖੀਸੇ ਤੇਰੇ ’ਚ ਮੋਰੀਆਂ ਹੋਣੀਆਂ ਨੇ ਨਾ”
“ਕਦੇ ਤੂੰ ਮੇਰਾ ਝੱਗਾ ਗੰਢਿਆ ਤਰੁਪਿਆ ਵੀ ਏ?”
“ਕਾਹਨੂੰ—ਉਹ ਤਾਂ ਸਭ ਤੇਰੀ ਉਹ ਭਾਬੀ ਹੀ ਕਰ ਜਾਂਦੀ ਹੋਣੀ ਏਂ! ਬੜਾ ਵਿਫਲਿਆ ਫਿਰਦੈਂ ਉਸ ’ਤੇ। ਇਕ ਦਿਨ ਚੱਲੀਂ ਮੇਰੇ ਨਾਲ ਤੇ ਮੈਂ ਚੰਗੀ ਤਰ੍ਹਾਂ ਉਸ ਬਾਰੇ ਤੈਨੂੰ ਚਾਨਣ ਕਰਾਵਾਂਗੀ। ਗਲੀ ਗਲੀ ਤਾਂ ਉਹਦਾ ਯਾਰ ਏ। ਜੂਠ ਕਿਸੇ ਥਾਂ ਦੀ, ਛੱਨਾਲ...”
“ਹੁਣ ਬਹੁਤ ਵਧਦੀ ਨਾ ਜਾ, ਜੀਭ ਸੰਭਾਲ, ਨਹੀਂ ਤਾਂ...”
“ਨਹੀਂ ਤਾਂ ਕੀ? ਮੌਰਾਂ ਸੇਕੇਂਗਾ ਮੇਰੀਆਂ? ਤੂੰ ਤਾਂ ਸੇਕੇਂਗਾ ਈ, ਮੈਂ ਈ ਪਹਿਲਾਂ ਦੋ ਹੱਥ ਕਰ ਲਾਂ”
ਉਨ੍ਹਾਂ ਦੇ ਘਰ ਦੇ ਪਿਛਵਾੜੇ ਭਾਂਬੜ ਬਲ ਪਿਆ ਸੀ। ਰਿਕਸ਼ੇ ਵਾਲੇ ਦੀ ਵਹੁਟੀ ਨੇ ਇੱਟਾ ਚੁੱਕ ਕੇ ਆਪਣੇ ਖਸਮ ਨੂੰ ਮਾਰਿਆ।
ਰਿਕਸ਼ੇ ਵਾਲੇ ਨੇ ਅੱਗੋਂ ਨਿਉਂ ਕੇ ਮਸਾਂ ਆਪਣਾ ਸਿਰ ਬਚਾਇਆ, ਤੇ ਫੇਰ ਓਸੇ ਇੱਟ ਨਾਲ ਉਹ ਆਪਣੀ ਵਹੁਟੀ ਨੂੰ ਮਾਰਨ ਲਗ ਪਿਆ।
ਵਹੁਟੀ ਦੇ ਸਿਰ ਵਿਚੋਂ ਖ਼ੂਨ ਵਹਿ ਗਿਆ।
ਬਾਲ ਪਹਿਲੋਂ ਕੁਝ ਦਬਕ ਗਏ—ਫੇਰ ਉਨ੍ਹਾਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ।
“ਤੇਰਾ ਬੀ-ਨਾਸ ਹੋ ਜਾਏ! ਤੈਨੂੰ ਪਾਕ ਪਏ। ਤੈਨੂੰ ਕੀੜੇ ਚੱਲਣ। ਜਿਨ੍ਹਾਂ ਲੱਤਾਂ ਨਾਲ ਤੁਰ ਕੇ ਤੂੰ ਆਪਣੀ ਗਸ਼ਤੀ ਭਾਬੀ ਵੱਲ ਜਾਨਾ ਏਂ, ਤੇਰੀਆਂ ਉਹ ਲੱਤਾਂ ਮੈਂ ਵੱਢ ਸੁੱਟਾਂ!”
“ਮੈਂ ਤੁਹਾਡੀਆਂ ਲੱਤਾਂ ਵੱਢ ਸੁੱਟਾਂਗੀ,”...ਉਸ ਰਾਤੇ ਜਦੋਂ ਉਹਦੀ ਵਹੁਟੀ ਬੜਾ ਗਰਮ ਡਰਾਮਾ ਕਰ ਕੇ ਉਹਨੂੰ ਰੀਹਰਸਲ ਵਿਚੋਂ ਧਰੂਹ ਲਿਆਈ ਸੀ, ਤਾਂ ਰਿਕਸ਼ੇ ਵਿਚ ਸਵਾਰ ਹੁੰਦਿਆਂ ਉਹਨੇ ਕਿਹਾ ਸੀ, “ਖ਼ਬਰਦਾਰ, ਜੇ ਮੁੜ ਇਨ੍ਹਾਂ ਪਜਾਮੇ ਵਾਲੀਆਂ ਨਾਲ ਡਰਾਮੇ ਕਰਨ ਆਏ ਤਾਂ ਮੈਂ ਤੁਹਾਡੀਆਂ ਲੱਤਾਂ ਵੱਢ ਸੁੱਟਾਂਗੀ”
“ਮੈਂ ਤੁਹਾਡੀਆਂ ਲੱਤਾਂ ਵੱਢ ਸੁੱਟਾਂਗੀ”, ਤੇ ਉਸ ਰਾਤ ਤੋਂ ਹੀ ਉਹਦੇ ਦੋਵਾਂ ਪੈਰਾਂ ਦੀਆਂ ਅੱਡੀਆਂ ਵਿਚ ਇਕ ਪੀੜ ਜਿਵੇਂ ਘਰ ਪਾ ਬੈਠੀ ਸੀ। ਪੀੜ, ਹਰ ਕਦਮ ਉਤੇ ਪੀੜ—ਜਿਵੇਂ ਉਹਦੀਆਂ ਲੱਤਾਂ ਵਿਚਾਲੇ ਕਿਸੇ ਕੋਈ ਤਲਵਾਰ ਗੱਡ ਦਿੱਤੀ ਹੋਵੇ।
…ਬਚਪਨ ਵਿਚ ਉਹਨੇ ਇਕ ਕਹਾਣੀ ਪੜ੍ਹੀ ਸੀ: ਇਕ ਸੀ ਜਲ-ਪਰੀ, ਜਲ-ਪਰੀ ਨੂੰ ਓਪਰੀ ਧਰਤੀ ਉਤੇ ਤੁਰਨਾ ਪਿਆ, ਜਾਦੂਗਰ ਨੇ ਉਹਨੂੰ ਲੱਤਾਂ ਬਣਾ ਦਿੱਤੀਆਂ, ਪਰ ਨਾਲ ਹੀ ਕਿਹਾ, “ਹਰ ਕਦਮ ਉਤੇ ਤੇਨੂੰ ਇੰਜ ਪੀੜ ਹੋਇਆ ਕਰੇਗੀ, ਜਿਵੇਂ ਤੇਰੀਆਂ ਲੱਤਾਂ ਵਿਚਾਲੇ ਕਿਸੇ ਕੋਈ ਤਲਵਾਰ ਗੱਡ ਦਿੱਤੀ ਹੋਵੇ…!”
ਉਹ ਚੁੱਪ-ਚਾਪ ਆਪਣੇ ਘਰ ਦੇ ਪਿਛਵਾੜੇ ਬਲਦੇ ਭਾਂਬੜ ਕੋਲੋਂ ਆਪਣੇ ਘਰ ਵਿਚ ਪਰਤ ਆਇਆ। ਇਥੇ ਉਹਦੀ ਜ਼ਿੰਦਗੀ ਦਾ ਇਕ ਦਿਨ, ਹੋਰ ਦਿਨਾਂ ਵਰਗਾ, ਉਹਨੂੰ ਉਡੀਕ ਰਿਹਾ ਸੀ।
[1969]