Ik Kuri Te Ik Saraap (Punjabi Story) : Navtej Singh
ਇਕ ਕੁੜੀ ਤੇ ਇਕ ਸਰਾਪ (ਕਹਾਣੀ) : ਨਵਤੇਜ ਸਿੰਘ
ਪਿੰਡ ਦੇ ਸਾਰੇ ਬਾਲ ਚੰਪਾ ਨੂੰ ਭੈਣ ਜੀ ਬੁਲਾਂਦੇ ਸਨ, ਪਿੰਡ ਦੇ ਸਾਰੇ ਵੱਡੇ ਚੰਪਾ ਨੂੰ ਮਾਤਾ ਜੀ ਬੁਲਾਂਦੇ ਸਨ, ਤੇ ਹਾਲੀ ਮਸਾਂ ਬਾਈਵਾਂ ਵਰ੍ਹਾ ਏਸ ਹੁਨਾਲੇ ਉਹਨੂੰ ਚੜ੍ਹਿਆ ਸੀ!
ਹੁਣ ਤੋਂ ਨਹੀਂ—ਦੋ ਵਰ੍ਹੇ ਹੋਣ ਲੱਗੇ ਸਨ—ਇਕ ਰਾਤ ਰੋਂਦੀ ਚੰਪਾ ਨੂੰ ਉਹਦੀ ਮਾਂ ਸਾਧਣੀ ਧੰਨ-ਮਾਤਾ ਦੇ ਆਸ਼ਰਮ ਛੱਡ ਗਈ ਸੀ, ਓਦੋਂ ਤੋਂ ਹੀ ਇਥੇ ਸਾਰੇ ਉਹਨੂੰ ਮਾਤਾ ਜੀ ਬੁਲਾਂਦੇ ਸਨ।
ਸ਼ੁਰੂ ਵਿਚ ਜਦੋਂ ਕੋਈ ਉਹਨੂੰ ਮਾਤਾ ਜੀ ਆਖਦਾ, ਇਕ ਬਿੰਦ ਤਾਂ ਉਹਨੂੰ ਚਿਤ ਚੇਤਾ ਹੀ ਨਾ ਆਉਂਦਾ ਕਿ ਉਹਨੂੰ ਹੀ ਕਿਸੇ ਇੰਜ ਬੁਲਾਇਆ ਸੀ ਤੇ ਉਹ ਡੌਰ-ਭੌਰ ਹੋ ਝਾਕਦੀ, ਪਰ ਅਗਲੇ ਹੀ ਬਿੰਦ ਉਹਨੂੰ ਝਟਕਾ ਜਿਹਾ ਵੱਜਦਾ: ਉਹ ਧੌਲੀ ਦਾੜ੍ਹੀ ਵਾਲਾ ਬਾਬਾ, ਉਹ ਪੋਤ੍ਰਾ ਖਿਡਾਂਦੀ ਬੇਬੇ ਉਹਨੂੰ ਹੀ ਮਾਤਾ ਜੀ ਆਖ ਰਹੇ ਸਨ! ਤੇ ਜਿਵੇਂ ਕਿਸੇ ਡੂੰਘ ਡੂੰਘਾਰੇ ਖੂਹ ਵਿਚੋਂ ਵਾਜ ਆਉਂਦੀ ਹੈ—ਚੰਪਾ ਦੇ ਮੂੰਹੋਂ ਚਿਰਾਕੀ ‘ਹਾਂ ਜੀ’ ਨਿਕਲਦੀ। ...ਪਰ ਹੁਣ ਤਾਂ ਦੋ ਵਰ੍ਹੇ ਤੋਂ ਉਹ ‘ਮਾਤਾ ਜੀ’ ‘ਮਾਤਾ ਜੀ’ ਸੁਣਦੀ ਰਹੀ ਸੀ।
ਤੇ ਕਿਹੀ ਕੁਲਹਿਣੀ ਰਾਤ ਸੀ, ਜਦੋਂ ਚੰਪਾ ਦੀ ਮਾਂ ਉਹਨੂੰ ਧੰਨ-ਮਾਤਾ ਦੇ ਆਸ਼ਰਮ ਛੱਡ ਗਈ ਸੀ!
ਉਂਜ ਰਾਤ ਤੇ ਉਹ ਪੁੰਨਿਆਂ ਦੀ ਸੀ, (ਚੰਪਾ ਸਾਰੀ ਰਾਤ ਰੋਂਦੀ ਰਹੀ ਸੀ ਤੇ ਉਹਦੇ ਲਾਲ ਸਾਲੂ ਉੱਤੇ ਜਿਥੇ ਜਿਥੇ ਅੱਥਰੂ ਤਿਪਦੇ ਰਹੇ ਸਨ, ਓਦੋਂ ਚੰਨ-ਚਾਨਣੀ ਵਿਚ ਉਹਨੇ ਤੱਕਿਆ ਸੀ, ਓਥੇ ਓਥੇ ਚਟਾਕ ਜਿਹੇ ਪੈਂਦੇ ਜਾਂਦੇ ਸਨ), ਉਂਜ ਰਾਤ ਤੇ ਉਹ ਚੰਪਾ ਦੇ ਸੁਹਾਗ ਦੀ ਸੀ…।
ਉਹਦੇ ਪਤੀ ਨੇ ਮੌਨ-ਵਰਤ ਧਾਰਿਆ ਹੋਇਆ ਸੀ, ਚੰਪਾ ਲਈ ਸੁਹਾਗ ਸੀ: ਚੁੱਪ ਰਹੋ! ਉਹਦੇ ਪਤੀ ਨੇ ਭੁੰਜੇ ਸੌਣ ਦਾ ਪ੍ਰਣ ਕੀਤਾ ਹੋਇਆ ਸੀ, ਚੰਪਾ ਲਈ ਸੁਹਾਗ ਸੀ: ਭੁੰਜੇ ਸੰਵੋਂ? ਉਹਦੇ ਪਤੀ ਦਾ ਇਹ ਵਰਤ ਬਾਰ੍ਹਾਂ ਵਰ੍ਹਿਆਂ ਲਈ ਸੀ ਤੇ ਪੂਰੇ ਬਾਰ੍ਹਾਂ ਵਰ੍ਹੇ ਉਹਦੇ ਪਤੀ ਨੇ ਲੂਣ ਮੂੰਹ ਨਹੀਂ ਸੀ ਲਾਣਾ; ਚੰਪਾ ਲਈ ਸੁਹਾਗ ਅਲੂਣੀ ਸਿੱਲ ਸੀ।
ਵਿਆਹ ਬਾਰੇ ਕੁੜੀਆਂ, ਕੁੜੀਆਂ ਨੂੰ ਛੇੜਦੀਆਂ ਹੁੰਦੀਆਂ ਹਨ। ਵਿਆਹ ਲਈ ਛੋਟੇ ਹੁੰਦਿਆਂ ਤੋਂ ਹੀ ਨਾਂਹ ਕਰੀਦੀ ਹੈ (ਮਨਚਿੰਦੀਆਂ ਚੀਜ਼ਾਂ ਲਈ ਹਾਬੜਿਆਂ ਨਾ ਲੱਗਣਾ ਸਾਊ ਹੋਣ ਦੀ ਨਿਸ਼ਾਨੀ ਜੁ ਹੈ), ਪਰ ਵਿਆਹ ਦਾ ਚਾਅ ਗੀਤਾਂ ਦੇ ਪੱਜ ਜਵਾਨੀ ਵਿਚੋਂ ਉਮ੍ਹਲਦਾ ਰਹਿੰਦਾ ਹੈ, ਤੇ ਹਰ ਕੁੜੀ ਦਾ ਸਰੀਰ ਜੁਬਨਾਣ ਤੋਂ ਪਹਿਲਾਂ ਹੀ ਉਹਦੇ ਸੁਫ਼ਨੇ ਵਿਆਹ ਦੇ ਰਾਂਗਲੇ ਚਿਤ੍ਰਾਂ ਨਾਲ ਜੁਬਨਾ ਜਾਂਦੇ ਹਨ। ਹਜ਼ਾਰਾਂ ਵਰ੍ਹਿਆਂ ਦੇ ਪੀੜ੍ਹੀਓਂ-ਪੀੜੀ ਚਲੇ ਆਏ ਸਾਂਝੇ ਚੇਤੇ, ਗੀਤਾਂ ਦੀਆਂ ਸੁਰਾਂ, ਬਚਪਨ ਤੋਂ ਹੀ ਵੱਡੀਆਂ ਕੁੜੀਆਂ ਦੇ ਤਕੇ ਵਿਆਹ, ਉਨ੍ਹਾਂ ਦੀ ਵਿਆਹੀ ਛਬ, ਵਿਆਹ ਪਿਛੋਂ ਉਨ੍ਹਾਂ ਦੇ ਪਲ੍ਹਰੇ ਮੂੰਹ—ਇਸ ਸਭ ਕਾਸੇ ਦੇ ਰੇਸ਼ਮੀ ਪਟ ਨਾਲ ਉੱਠਦੀ ਜਵਾਨੀ ਆਪਣੇ ਲਈ ਸੁਫ਼ਨਿਆਂ ਦੀ ਫੁਲਕਾਰੀ ਕੱਢਦੀ ਹੈ; ਪਰ ਚੰਪਾ ਦਾ ਵਿਆਹ ਏਸ ਸਾਰੀ ਫੁਲਕਾਰੀ ਨੂੰ ਲੀਰੋ ਲੀਰ ਕਰ ਗਿਆ ਸੀ।
…ਕੋਈ ਸਹੇਲੀ ਨਹੀਂ ਸੀ, ਕੋਈ ਗੀਤ ਨਹੀਂ ਸੀ, ਕੋਈ ਫੁੱਲ ਨਹੀਂ ਸੀ, ਕੋਈ ਫੇਰੇ ਨਹੀਂ ਸਨ; ਮਾਂ ਆਈ ਸੀ ਨਾਲ, ਚੰਪਾ ਨੂੰ ਧੰਨ-ਮਾਤਾ ਦੇ ਸਪੁਰਦ ਕਰ ਗਈ ਸੀ; ਚੰਪਾ ਡੁਸਕੀ ਸੀ; ਉਹਦਾ ਪਤੀ ਕੁਝ ਵਿੱਥ ਉੱਤੇ ਮੂੰਹ ਦੂਜੇ ਪਾਸੇ ਕਰੀ ਮੌਨ ਬੈਠਾ ਰਿਹਾ ਸੀ, ਚੰਪਾ ਰੋ ਪਈ ਸੀ, ਉਹਦਾ ਪਤੀ ਅਹਿਲ ਬੈਠਾ ਰਿਹਾ ਸੀ; ਮਾਂ ਪਰਤਣ ਲੱਗੀ ਸੀ, ਧੰਨ-ਮਾਤਾ ਦਾ ਹੱਥ ਛੁਡਾ ਚੰਪਾ ਡਡਿਆ ਕੇ ਮਾਂ ਦੇ ਮਗਰ ਦੌੜੀ ਸੀ, ਮਾਂ ਨੇ ਚਪੇੜ ਮਾਰੀ ਸੀ; ਧੰਨ ਮਾਤਾ ਨੇ ਚੰਪਾ ਨੂੰ ਆਪਣੀਆਂ ਬਾਹਾਂ ਵਿਚ ਕਸ ਲਿਆ ਸੀ, ਧੰਨ—ਮਾਤਾ ਦੀਆਂ ਬਾਹਾਂ—ਨਾ ਜ਼ਨਾਨੀਆਂ ਬਾਹਾਂ ਵਰਗੀਆਂ ਲੋਚਵੀਆਂ ਨਰਮ, ਨਾ ਮਰਦਾਵੀਆਂ ਬਾਹਾਂ ਵਰਗੀਆਂ ਨਰੋਈਆਂ ਸਖਤ, ਹੋਰ ਹੀ ਤਰ੍ਹਾਂ ਦੀਆਂ ਬਾਹਾਂ ਤੇ ਧੰਨ-ਮਾਤਾ ਦਾ ਮੁੰਨਿਆ ਹੋਇਆ ਸਿਰ—ਹੋਰ ਹੀ ਤਰ੍ਹਾਂ ਦਾ ਸਿਰ…।
ਤੇ ਰਾਤ ਨੂੰ ਇਕ ਪਾਸੇ ਭੁੰਜੇ ਚੰਪਾ ਦਾ ਪਤੀ ਲੇਟਿਆ ਰਿਹਾ ਸੀ, ਦੂਜੇ ਪਾਸੇ ਭੁੰਜੇ ਚੰਪਾ ਲੇਟੀ ਰਹੀ ਸੀ, ਵਿਚਕਾਰ ਤਖ਼ਤਪੋਸ਼ ਉੱਤੇ ਧੰਨ-ਮਾਤਾ ਸੀ, ਪਤੀ ਮੂੰਹ ਮੋੜ ਕੇ ਚੁੱਪ-ਚਾਪ ਪਿਆ ਸੀ, ਵਿਚਕਾਰ ਧੰਨ-ਮਾਤਾ ਘੁਰਾੜੇ ਮਾਰ ਰਹੀ ਸੀ; ਤੇ ਚੰਪਾ ਜਾਗਦੀ ਰਹੀ ਸੀ, ਬਾਹਰਵਾਰ ਪੁੰਨਿਆਂ ਦਾ ਚੰਨ ਜਾਗਦਾ ਰਿਹਾ ਸੀ; ਚੰਪਾ ਬਾਰੀ ਵਿਚ ਜਾ ਬੈਠੀ ਸੀ, ਆਸ਼ਰਮ ਦੁਆਲੇ ਅਣਘੜ ਬੇਡੌਲ ਪੱਥਰਾਂ ਦੀ ਕੰਧ ਉਹਨੂੰ ਬਾਰੀ ਵਿਚ ਵਿਚੋਂ ਦਿਸ ਰਹੀ ਸੀ। —ਏਸ ਕੰਧ ਤੋਂ ਪਾਰ ਦੂਰ ਜ਼ਿੰਦਗੀ ਸੀ, ਗੀਤ ਸਨ, ਵੀਰ ਸੀ, ਅੰਗ-ਸਹੇਲੀਆਂ ਸਨ, ਇਕ ਪਿਆਰਾ ਮੁਖ ਸੀ, ਫੁੱਲ ਸਨ, ਜਿਹੜੇ ਕਦੇ ਕਿਸੇ ਉਹਦੇ ਕੇਸਾਂ ਵਿਚ ਟੰਗੇ ਸਨ, ਸੁਫ਼ਨੇ ਸਨ ਜਿਹੜੇ ਏਸ ਫੁੱਲਾਂ ਵਾਲੇ ਹੱਥ ਨੇ ਜਗਾਏ ਸਨ। —ਮਾਂ ਸੀ—ਤੇ ਮਾਂ ਦੀ ਚਪੇੜ ਏਸ ਕੰਧ ਤੋਂ ਉਰਾਰ ਸੀ, ਤੇ ਕਮਰੇ ਦੇ ਅੰਦਰ ਵੀ ਜਿਵੇਂ ਚਾਰ-ਦੀਵਾਰੀ ਵਿਚੋਂ ਬਚੇ-ਖੁਚੇ ਦੋ ਪੱਥਰ ਹੀ ਲੇਟੇ ਹੋਏ ਸਨ! ਕੀ ਉਹ ਆਪ ਵੀ ਪੱਥਰ ਹੋ ਜਾਏਗੀ? ਇਕ ਪੱਥਰ ਵਾਂਗ ਮੌਨ, ਦੂਜੇ ਪੱਥਰ ਵਾਂਗ ਸਿਰ-ਮੁੰਨੀ—ਤੇ ਚੰਪਾ ਨੇ ਚੰਨ-ਚਾਨਣੀ ਵਿਚੋਂ ਉਦੋਂ ਤੱਕਿਆ ਸੀ ਉਹਦੇ ਲਾਲ ਸਾਲੂ ਉੱਤੇ ਜਿਥੇ ਜਿਥੇ ਅੱਥਰੂ ਤ੍ਰਿਪਦੇ ਰਹੇ ਸਨ, ਓਥੇ ਓਥੇ ਚਟਾਕ ਜਿਹੇ ਪੈਂਦੇ ਗਏ ਸਨ...
ਚੰਪਾ ਦੀ ਮੰਗਣੀ ਨੂੰ ਛੇ ਵਰ੍ਹੇ ਹੋਣ ਲੱਗੇ ਸਨ। ਓਦੋਂ ਚੰਪਾ ਦੇ ਬਾਊ ਜੀ ਇਕ ਸਰਕਾਰੀ ਦਫ਼ਤਰ ਵਿਚ ਕਲਰਕ ਹੁੰਦੇ ਸਨ। ਛੇ ਵਰ੍ਹਿਆਂ ਤੋਂ ਕੁਝ ਮਹੀਨੇ ਉੱਪਰ ਦੀ ਗੱਲ ਸੀ, ਉਹਦਾ ਇਹ ਮੌਨ ਪਤੀ ਰਾਮ ਚੰਦ ਉਦੋਂ ਦਸਵੀਂ ਪਾਸ ਕਰ ਕੇ ਨਵਾਂ-ਨਵਾਂ ਹੀ ਬਾਊ ਜੀ ਵਾਲੇ ਦਫ਼ਤਰ ਵਿਚ ਭਰਤੀ ਹੋਇਆ ਸੀ। ਬਾਊ ਜੀ ਨੂੰ ਉਹ ਬੜਾ ਪਸੰਦ ਆ ਗਿਆ ਸੀ। ਉਹਦੇ ਕਮਰੇ ਵਿਚ ਕੰਮ ਕਰਨ ਵਾਲੇ ਉਹਦੇ ਬਾਰੇ ਆਖਦੇ ਸਨ: “ਬੜਾ ਚੁੱਪ ਏ, ਕਦੇ ਖੇਡਦਾ ਮਲ੍ਹਦਾ ਨਹੀਂ, ਖਿੜਦਾ ਹੱਸਦਾ ਨਹੀਂ। ਏਸ ਉਮਰੇ ਹੀ ਧਰਮ-ਕਰਮ ਦੇ ਮਸਲ੍ਹਿਆਂ ਵਿਚ ਗੁਆਚਿਆ ਰਹਿੰਦਾ ਏ।” ਤੇ ਚੰਪਾ ਦੇ ਬਾਊ ਜੀ ਨੂੰ ਰਾਮ ਚੰਦ ਹੋਰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ।
ਇਕ ਦਿਨ ਬਾਊ ਜੀ ਨੇ ਕਿਹਾ, “ਅੱਜ ਮੈਂ ਰਾਮ ਚੰਦ ਦੇ ਪਿਉ ਨਾਲ ਗੱਲ ਸਿਰੇ ਚਾੜ੍ਹ ਆਇਆ ਵਾਂ, ਚੰਪਾ ਦੀ ਮਾਂ।”
ਕਿੰਨੇ ਹੀ ਦਿਨਾਂ ਤੋਂ ਚੰਪਾ ਦੇ ਬੁੱਲ੍ਹਾਂ ਤੱਕ ਇਕ ਗੱਲ ਆਉਣ-ਆਉਣ ਕਰਦੀ ਸੀ—ਉਨ੍ਹਾਂ ਦੇ ਗੁਆਂਢੀ ਮੁੰਡੇ ਸੋਹਣ ਬਾਰੇ, ਜਿਨ੍ਹੇ ਚੰਪਾ ਦੇ ਕੇਸਾਂ ਵਿਚ ਇਕ ਵੇਰ ਫੁੱਲ ਟੁੰਗੇ ਸਨ, ਸੋਹਣ—ਜਿਦ੍ਹਾ ਫੁੱਲ-ਟੁੰਗਦਾ ਹੱਥ ਘੁਟ ਕੇ ਚੰਪਾ ਨੇ ਉਸ ਬਿੰਦ ਸੋਚਿਆ ਸੀ: ਜਿੰਦੜੀ ਦੇ ਪੰਧ ਜੇ ਕਿਤੇ ਤੇਰੇ ਹੱਥ ਵਿਚ ਆਪਣਾ ਹੱਥ ਪਾਈ ਮੈਂ ਪਾਰ ਕਰ ਸਕਾਂ!—ਪਰ ਬਾਊ ਜੀ ਦਾ ਮੂੰਹ ਤਕਦਿਆਂ ਹੀ ਚੰਪਾ ਦੀ ਗੱਲ ਪਿਛਾਂਹ ਪਰਤ ਜਾਂਦੀ ਸੀ। ਇਹ ਸੋਹਣ ਬੜਾ ਖਲ੍ਹੰਦੜਾ ਮੁੰਡਾ ਸੀ, ਨਿੱਤ ਗਾਉਂਦਾ ਗੁਣਗੁਣਾਂਦਾ ਹੀ ਲੰਘਦਾ ਸੀ, ਮਾਲਸ਼ ਕਰਦਾ, ਕਸਰਤ ਕਰਦਾ, ਹਾਕੀ ਦੇ ਮੈਚ ਖੇਡਦਾ—ਚੰਪਾ ਦੇ ਬਾਊ ਜੀ ਇਸ ਸਭ ਕਾਸੇ ਨੂੰ ਇੱਲਤਾਂ ਸਮਝਦੇ ਸਨ। ਨਾਲ ਸੋਹਣ ਹੁਰੀਂ ਸਿਖ ਸਨ, ਤੇ ਜੱਟ! ਤੇ ਕਦੇ ਵੀ ਇਹ ਗੱਲ ਬਾਊ ਜੀ ਅੱਗੇ ਜਾਂ ਆਪਣੀ ਮਾਂ ਅੱਗੇ ਚੰਪਾ ਦੇ ਬੁੱਲ੍ਹਾਂ ਤੋਂ ਪਾਰ ਨਹੀਂ ਸੀ ਹੋ ਸਕੀ।
“ਬੜੇ ਚੰਗੇ ਭਾਗ ਨੇ ਸਾਡੀ ਕੁੜੀ ਦੇ, ਚੰਪਾ ਦੀ ਮਾਂ! ਏਸ ਕਲਜੁਗ ਵਿਚ ਰਾਮ ਚੰਦ ਵਰਗਾ ਧਰਮ-ਪੁੱਤਰ ਨਸੀਬਾਂ ਨਾਲ ਈ ਕਿਤੇ ਲਭਦਾ ਏ।” ਤੇ ਬਾਊ ਜੀ ਉਹਦੀ ਮਾਂ ਨੂੰ ਦਸਦੇ ਰਹੇ ਸਨ ਕਿਵੇਂ ਰਾਮ ਚੰਦ ਅੱਜ ਕੱਲ੍ਹ ਦੇ ਹਾਰੀ ਸਾਰੀ ਮੁੰਡਿਆਂ ਨਾਲੋਂ ਨਿਆਰਾ ਸੀ, ਕਿੰਨਾ ਗਹਿਰ-ਗੰਭੀਰ ਰਹਿੰਦਾ ਸੀ ਉਹ, ਤੇ ਧਰਮ-ਕਰਮ ਦੀਆਂ ਸਮੱਸਿਆਵਾਂ ਵਿਚ ਚੱਤੇ ਪਹਿਰ ਮਸਤ।
ਮੰਗਣੀ ਨੂੰ ਹਾਲੀ ਛੇ ਮਹੀਨੇ ਹੀ ਹੋਏ ਸਨ, ਇਕ ਦਿਨ ਬਾਊ ਜੀ ਘਰ ਪਰਤੇ ਤਾਂ ਉਨ੍ਹਾਂ ਦਾ ਮੂੰਹ ਉਤਰਿਆ ਹੋਇਆ ਸੀ, “ਚੰਪਾ ਦੀ ਮਾਂ, ਰਾਮ ਚੰਦ ਦਫ਼ਤਰ ਛੱਡ ਗਿਆ ਏ, ਸਾਧ ਹੋ ਗਿਆ ਏ!”
ਸੋਹਣ ਗਲੀ ਵਿਚੋਂ ਗਾਉਂਦਾ ਲੰਘ ਰਿਹਾ ਸੀ। ਬਾਰੀ ਵਿਚ ਬੈਠੀ ਚੰਪਾ ਦੇ ਇਕ ਕੰਨ ਵਿਚ ਸੋਹਣ ਦੀ ਵਾਜ ਪੈ ਰਹੀ ਸੀ, ਤੇ ਦੂਜੇ ਕੰਨ ਵਿਚ ਬਾਊ ਜੀ ਦੀਆਂ ਮਾਂ ਨਾਲ ਗੱਲਾਂ। ਚੰਪਾ ਨੂੰ ਸਹਿਜ ਸੁਭਾਅ ਚੇਤਾ ਆਇਆ, ਜਦੋਂ ਦੀ ਉਹਦੀ ਮੰਗਣੀ ਹੋਈ ਸੀ ਓਦੋਂ ਤੋਂ ਸੋਹਣ ਦੇ ਗੀਤ ਬੜੇ ਉਦਾਸ-ਉਦਾਸ ਹੋ ਗਏ ਸਨ। ਇਨ੍ਹਾਂ ਛਿਆਂ ਮਹੀਨਿਆਂ ਵਿਚ ਉਹ ਵਸ ਲਗਦਿਆਂ ਸੋਹਣ ਵੱਲ ਕਦੇ ਨਹੀਂ ਸੀ ਤੱਕਦੀ ਹੁੰਦੀ—ਪਰ ਇਸ ਬਿੰਦ ਉਹਨੇ ਪਹਿਲੀਆਂ ਵਾਂਗ ਹੀ ਰਜਵੀਂ ਨੀਝ ਨਾਲ ਸੋਹਣ ਨੂੰ ਤੱਕਿਆ, ਤੇ ਫੇਰ ਸੋਹਣ ਨੇ ਵੀ ਚੰਪਾ ਵੱਲ ਤੱਕਿਆ। …ਸੋਹਣ! ਸ਼ੈਦ ਤੇਰੇ ਗੀਤਾਂ ਵਿਚੋਂ ਉਦਾਸੀ ਪਰਤ ਜਾਏ; ਸੋਹਣ! ਸ਼ੈਦ ਤੇਰੇ ਹੱਥ ਵਿਚ ਹੱਥ ਪਾ ਮੈਂ ਜਿੰਦੜੀ ਦੇ ਪੰਧ ਪਾਰ ਕਰ ਸਕਾਂ…। ਏਸ ਪਲ ਚੰਪਾ ਨੂੰ ਜਾਪਿਆ ਸੋਹਣ ਦੇ ਮੂੰਹ ਉੱਤੇ ਪਹਿਲੀਆਂ ਵਰਗੀ ਹੀ ਰੌਣਕ ਪਰਤ ਆਈ ਸੀ। ਸੋਹਣਿਆਂ! ਕੀ ਮੇਰੀ ਅਣਕਹੀ ਤੇਰੇ ਕੰਨੀਂ ਜਾ ਪਈ ਏ...
ਛੇ ਮਹੀਨੇ ਚੰਪਾ ਦੇ ਮਾਪੇ ਤੇ ਰਾਮ ਚੰਦ ਦੇ ਮਾਪੇ ਉਡੀਕਦੇ ਰਹੇ; ਕਦੇ ਰਾਮ ਚੰਦ ਅੱਗੇ ਮਿੰਨਤਾਂ ਕਰਦੇ, ਕਦੇ ਧੰਨ-ਮਾਤਾ ਦੇ ਵਾਸਤੇ ਪਾਂਦੇ। ਪਰ ਰਾਮ ਚੰਦ ਮੌਨ ਸੀ; ਉਹਦੀ ਹੋਰ ਕਿਸੇ ਲੋਕ ਵਿਚ ਲਿਵ ਲੱਗ ਚੁਕੀ ਸੀ, ਜਿਥੇ ਆਪਣੇ ਮਾਂ ਪਿਓ, ਤੇ ਮੰਗੇਤਰ ਦੇ ਮਾਂ ਪਿਓ ਸਭ ਕਾਸੇ ਤੋਂ ਨਿਰਲੇਪ ਹੋ ਜਾਈਦਾ ਹੈ, ਕੋਈ ਮੰਗੇਤਰ ਨਹੀਂ ਰਹਿੰਦੀ, ਕੋਈ ਮੋਹ-ਜਾਲ ਨਹੀਂ ਰਹਿੰਦਾ। ਤੇ ਧੰਨ-ਮਾਤਾ ਉਨ੍ਹਾਂ ਨੂੰ ਕਹਿੰਦੀ, “ਮੰਗਲ ਗਾਓ, ਤੁਮ੍ਹਾਰਾ ਬੇਟਾ ਔਰ ਤੁਮ੍ਹਾਰੀ ਪੁੱਤਰੀ ਕਾ ਹੋਨੇ ਵਾਲਾ ਪਤੀ ਅਬ ਭਗਵਾਨ ਸੇ ਬਿਆਹਾ ਗਿਆ ਹੈ। ਜੈ ਉਸ ਭਗਵਾਨ ਕੀ, ਜੈ ਸੀਤਾ ਰਾਮ ਕੀ!” ਤੇ ਧੰਨ-ਮਾਤਾ ਅੱਖਾਂ ਮੀਟ ਕੇ ਸਮਾਧੀ ਲਾ ਲੈਂਦੀ।
ਛੇ ਮਹੀਨੇ ਹੋਰ ਲੰਘ ਗਏ। ਰਾਮ ਚੰਦ ਦੇ ਪਿਓ ਨੇ ਚੰਪਾ ਦੇ ਬਾਊ ਜੀ ਨੂੰ ਇਕ ਦਿਨ ਕਹਿ ਦਿੱਤਾ, “ਸਾਡਾ ਪੁੱਤਰ ਹੀ ਇਕ ਤਰ੍ਹਾਂ ਨਾਲ ਨਹੀਂ ਰਿਹਾ, ਸੋ ਅਸੀਂ ਕਿਸ ਆਸਰੇ ਤੁਹਾਡੀ ਧੀ ਲਿਆ ਸਕਦੇ ਹਾਂ। ਸਾਡਾ ਪੁੱਤਰ ਤਾਂ ਜ਼ਿੰਦਗੀ ਦੇ ਨੇਮਾਂ ਤੋਂ ਮੂੰਹ ਫੇਰ ਗਿਆ ਏ, ਪਰ ਜ਼ਿੰਦਗੀ ਦੇ ਨੇਮ ਤਾਂ ਚਲਦੇ ਰਹਿਣੇ ਨੇ। ਤੁਸੀਂ ਜਿਊ ਸਦਕੇ ਚੰਪਾ ਲਈ ਹੋਰ ਵਰ ਟੋਲ ਲਵੋ, ਸਾਡੇ ਵਲੋਂ ਤੁਸੀਂ ਸੁਰਖਰੂ ਹੋ,” ਤੇ ਰਾਮ ਚੰਦ ਦੇ ਪਿਓ ਦੀ ਵਾਜ ਵਿਚ ਅੱਥਰੂ ਸਨ।
ਚੰਪਾ ਦਾ ਪਿਓ ਆਪਣੇ ਬਚਨਾਂ ਤੋਂ ਮੁੜਨਾ ਨਹੀਂ ਸੀ ਚਾਂਹਦਾ,–ਰਘੂ ਕੁਲ ਦੀ ਰੀਤ...ਪਰ ਕੁੜੀ ਕੌੜੀ ਵੇਲ ਵਾਂਗ ਵਧ ਰਹੀ ਸੀ। ਚੰਪਾ ਦੀ ਮਾਂ, ਉਹਦੇ ਮਾਮੇ ਤੇ ਚਾਚੇ ਨਵੇਂ ਸਿਰਿਓਂ ਉਹਦੀ ਮੰਗਣੀ ਕਰਨ ਲਈ ਖਹਿੜੇ ਪਏ ਹੋਏ ਸਨ। ਬਾਊ ਜੀ ਦੀ ਪਿਨਸ਼ਨ ਵੀ ਹੋਣ ਵਾਲੀ ਸੀ, ਉਹ ਸਰੀਰੋਂ ਵੀ ਮਾੜੇ ਸਨ, ਉਨ੍ਹਾਂ ਦੇ ਦਮਾਂ ਦਾ ਕੋਈ ਭਰੋਸਾ ਨਹੀਂ ਸੀ।
ਤੇ ਚੰਪਾ ਨੂੰ ਕੋਈ ਜਵਾਨੀ ਚੜ੍ਹੀ ਸੀ! ਚੰਪਾ ਨੂੰ ਉਹਦੀਆਂ ਸਹੇਲੀਆਂ ਛੇੜਦੀਆਂ ਸਨ, “ਤੂੰ ਬਾਊਆਂ ਦੀ ਕੁੜੀ ਨਹੀਂ, ਜੱਟੀ ਲਗਨੀ ਏਂ, ਜੱਟੀ!” ਤੇ ਚੰਪਾ ਅੰਦਰ ਹੀ ਅੰਦਰ ਟਹਿਕ ਪੈਂਦੀ। ਉਹਦੀ ਸੱਧਰ ਸੀ ਉਹਨੂੰ ਕੋਈ ਜੱਟੀ ਬਣਨ ਤਾਂ ਦਏ, …ਆਪਣੇ ਸੋਹਣ ਦੀ ਜੱਟੀ!
ਚੰਪਾ ਦਾ ਵੱਡਾ ਮਾਮਾ ਅਖੀਰ ਇਕ ਵਰ ਉਹਦੇ ਲਈ ਟੋਲ ਲਿਆਇਆ। ਵਰ ਉਮਰੋਂ ਭਾਵੇਂ ਕੁਝ ਵਡੇਰਾ ਸੀ, ਤੇ ਸਰੀਰੋਂ ਵੀ ਕੁਝ ਮਰੇੜਾ, ਪਰ ਵਿਹਾਰ-ਕਾਰ ਬੜਾ ਸੀ ਤੇ ਉਨ੍ਹਾਂ ਦਾ ਘਰਾਣਾ ਮੰਡੀ ਦਾ ਸਿਰਕੱਢ ਘਰਾਣਾ ਸੀ। ਆਉਂਦੀ ਬਸੰਤ ਪੰਚਮੀ ਨੂੰ ਉਹਦੇ ਨਾਲ ਚੰਪਾ ਦਾ ਸਾਹਿਆ ਸੁਧ ਗਿਆ।
ਪੰਚਮੀ ਤੋਂ ਦਸ ਕੁ ਦਿਨ ਪਹਿਲਾਂ ਬਿਨ ਦੱਸੇ ਹੀ ਵੱਡੇ ਮਾਮਾ ਜੀ ਉਨ੍ਹਾਂ ਦੇ ਘਰ ਆਏ, “ਭਾਈਆ ਜੀ! ਭੈਣ ਮੇਰੀਏ!” ਤੇ ਉਨ੍ਹਾਂ ਦੇ ਮੂੰਹੋਂ ਗੱਲ ਨਹੀਂ ਸੀ ਨਿਕਲਦੀ, “ਸਾਡੀ ਕੁੜੀ ਦੇ ਭਾਗਾਂ ਤੇ ਹੀ ਜਿਵੇਂ ਬਿਧ ਮਾਤਾ ਨੇ ਕਾਲੀ ਲੀਕ ਫੇਰ ਛੱਡੀ ਏ!” ਚੰਪਾ ਦਾ ਵਰ ਅਚਾਨਕ ਦੋ ਦਿਨ ਮਾਮੂਲੀ ਬੀਮਾਰ ਰਹਿ ਕੇ ਚਲ ਵਸਿਆ ਸੀ।
ਏਸ ਮੌਤ ਦੀ ਖ਼ਬਰ ਨੇ ਚੰਪਾ ਦੇ ਬਾਊ ਜੀ ਉੱਤੇ ਅੱਖ-ਪਲਕਾਰੇ ਵਿਚ ਹੀ ਪੰਦਰਾਂ ਵਰ੍ਹੇ ਹੋਰ ਲੱਦ ਦਿੱਤੇ। ਬਾਊ ਜੀ ਨੂੰ ‘ਰਘੂ-ਕੁਲ ਦੀ ਰੀਤ’ ਉਲੰਘਣ ਦਾ ਝੋਰਾ ਖਾ ਰਿਹਾ ਸੀ। ਉਹ ਚੰਪਾ ਦੇ ਵੱਡੇ ਮਾਮੇ ਦੇ ਵੈਰ ਹੀ ਪੈ ਗਏ। ਉਹ ਉਹਨੂੰ ਮੂੰਹ ਨਹੀਂ ਸਨ ਲਾਣਾ ਚਾਂਹਦੇ, ਜਿਸ ਦਾ ਕਿਹਾ ਮੰਨ ਕੇ ਉਨ੍ਹਾਂ ਇਕ ਦੇ ਜਿਊਂਦੇ ਜੀ ਚੰਪਾ ਲਈ ਦੂਜਾ ਵਰ ਸਹੇੜਿਆ ਸੀ! ਬਾਊ ਜੀ ਦਾ ਖ਼ਿਆਲ ਸੀ ਕਿ ਏਸ ਬੇ-ਦੋਸ਼ੇ ਨਵੇਂ ਮੰਗੇਤਰ ਦੀ ਇਹ ਮੌਤ, ਚੰਪਾ ਦੇ ਭਾਗਾਂ ਲਈ ਇਹ ਕਲੰਕ ਤੇ ਅਖੀਰੀ ਉਮਰੇ ਬਚਨਾਂ ਤੋਂ ਝੂਠਿਆਂ ਪੈਣ ਦਾ ਉਨ੍ਹਾਂ ਸਿਰ ਪਾਪ, ਏਸ ਸਭ ਕਾਸੇ ਲਈ ਚੰਪਾ ਦਾ ਇਹ ਮਾਮਾ ਹੀ ਜ਼ਿੰਮੇਵਾਰ ਸੀ। ਤੇ ਏਸ ਦਿਨ ਮਗਰੋਂ ਉਹ ਮਾਮਾ ਕਦੇ ਵੀ ਚੰਪਾ ਹੁਰਾਂ ਦੇ ਘਰ ਨਾ ਆ ਸਕਿਆ।
ਵਰ੍ਹਾ ਹੋਰ ਬੀਤ ਗਿਆ। ਅਵਲ ਤਾਂ ਚੰਪਾ ਦੇ ਬਾਊ ਜੀ ਹੀ ਨਹੀਂ ਸਨ ਮੰਨਦੇ, ਪਰ ਸਾਕ-ਸਬੰਧੀਆਂ ਦੇ ਆਖੇ ਵੇਖੇ ਉਹਦੀ ਮਾਂ ਜੇ ਕਿਸੇ ਅੱਗੇ ਚੰਪਾ ਦੀ ਗੱਲ ਤੋਰਦੀ ਵੀ ਤਾਂ ਅੱਗੋਂ ਕੋਈ ਡਾਹੀ ਹੀ ਨਾ ਦਿੰਦਾ। ਸਾਰੇ ਧੁੰਮ ਚੁਕੀ ਸੀ; ਚੰਪਾ ਉੱਤੇ ਸਾਧੂ ਹੋਏ ਰਾਮ ਚੰਦ ਦਾ ਸਰਾਪ ਹੈ, ਰਾਮ ਚੰਦ ਹੀ ਚੰਪਾ ਦਾ ਅਟੱਲ ਵਰ ਹੈ, ਜਿਸ ਕਿਸੇ ਨਾਲ ਵੀ ਚੰਪਾ ਦਾ ਰਿਸ਼ਤਾ ਹੋਇਆ ਉਹ ਚੰਪਾ ਨਾਲ ਵਿਆਹੇ ਜਾਣ ਤੋਂ ਪਹਿਲਾਂ ਹੀ ਮਰ ਜਾਏਗਾ। ਤੇ ਕੌਣ ਆਪਣੇ ਪੁੱਤਰ ਲਈ ਬਿਨ-ਆਈ ਮੌਤ ਸਹੇੜਦਾ ਸੀ!
ਚੰਪਾ ਦੇ ਸਰਾਪ ਨੂੰ ਹਾਕੀ ਦਾ ਜੇਤੂ ਸੋਹਣ ਹਰਣਾ ਚਾਂਹਦਾ ਸੀ। ਉਹਦੀ ਚੰਪਾ ਸਰਾਪੀ ਕਿਵੇਂ ਜਾ ਸਕਦੀ ਸੀ! ਪਰ ਸੋਹਣ ਦੇ ਮਾਪੇ ਜਿਹੜੇ ਪਹਿਲਾਂ ਵੀ ਚੰਪਾ ਦੀ ਗੱਲ ਸੁਣ ਕੇ ਖ਼ੁਸ਼ ਨਹੀਂ ਸਨ ਹੁੰਦੇ, ਏਸ ਸਰਾਪ ਤੋਂ ਪਿੱਛੋਂ ਤਾਂ ਉਹ ਉੱਕਾ ਹੀ ਚੰਪਾ ਦਾ ਨਾਂ ਆਪਣੇ ਘਰ ਵਿਚ ਨਹੀਂ ਸਨ ਲੈਣ ਦੇਣਾ ਚਾਂਹਦੇ। ਨਾਲੇ ਸੋਹਣ ਹੁਣ ਸਕੂਲਾਂ ਦਾ ਛੋਟਾ ਇਨਸਪੈਕਟਰ ਲੱਗ ਗਿਆ ਸੀ, ਤੇ ਬੜੇ ਸਰਦੇ-ਪੁਜਦੇ ਉੱਚੇ ਘਰਾਂ ਦੇ ਸਾਕ ਸੋਹਣ ਲਈ ਆ ਰਹੇ ਸਨ।
ਸੋਹਣ ਆਪਣੇ ਦਿਲ ਹੀ ਦਿਲ ਵਿਚ ਕਹਿੰਦਾ, “ਇਹ ਸਭੇ ਸਾਕ ਮੇਰੇ ਮਾਪਿਆਂ ਨੂੰ ਆ ਰਹੇ ਨੇ। ਮੇਰਾ ਤਾਂ ਇਕੋ ਇਕ ਸਾਕ ਏ—ਸਰਾਪਿਆ ਜਾਂ ਅਣ-ਸਰਾਪਿਆ, ਮੇਰੀ ਚੰਪਾ!” ਤੇ ਸੋਹਣ ਸੁੱਤਿਆਂ-ਜਾਗਦਿਆਂ ਚੰਪਾ ਦੇ ਸਰਾਪ ਨੂੰ ਹਰਣ ਦੀਆਂ ਵਿਉਂਤਾਂ ਬਣਾਂਦਾ ਰਹਿੰਦਾ ਸੀ। …ਕਦੇ ਉਹਨੂੰ ਸੁਫ਼ਨਾ ਆਉਂਦਾ: ਇਹ ਸਰਾਪ ਬਿਖ ਸੀ ਤੇ ਉਹ ਇਹਨੂੰ ਡੀਕ ਲਾ ਕੇ ਪੀ ਰਿਹਾ ਸੀ; ਫੇਰ ਇਹ ਸਰਾਪ ਅੰਗਿਆਰ ਬਣ ਜਾਂਦਾ ਤੇ ਉਹ ਇਹਨੂੰ ਆਪਣੀ ਜੀਭ ਨਾਲ ਠਾਰਦਾ, ਤੇ ਫੇਰ ਇਹ ਸਰਾਪ ਕੰਡੇ ਬਣ ਜਾਂਦਾ, ਤੇ ਪਤਾ ਨਹੀਂ ਉਹਦੇ ਦੋਵੇਂ ਹੱਥ ਜਿਵੇਂ ਕਿਸੇ ਵੱਢ ਦਿੱਤੇ ਹੋਣ, ਤੇ ਉਹ ਆਪਣੀਆਂ ਝਿਮਣੀਆਂ ਨਾਲ ਇਹ ਕੰਢੇ ਚੁਣਦਾ…
ਪਰ ਜਦੋਂ ਸੋਹਣ ਜਾਗਦਾ ਹੁੰਦਾ ਤਾਂ ਇਹ ਸਰਾਪ ਇਨ੍ਹਾਂ ਸੁਫ਼ਨਿਆਂ ਨਾਲੋਂ ਵੀ ਕਿਤੇ ਵੱਧ ਨਿਰਦਈ ਹੋ ਜਾਂਦਾ। ਤੇ ਜਦੋਂ ਦਾ ਹਿੰਦੀ-ਪੰਜਾਬੀ ਬਾਰੇ ਝੱਖੜ ਝੁੱਲਿਆ ਸੀ, ਇਹ ਸਰਾਪ ਇਕੋ ਵੇਲੇ ਜਿਵੇਂ ਬਿਖ ਦਾ ਸਾਗਰ, ਅੰਗਿਆਰਾਂ ਦਾ ਪਰਬਤ, ਤੇ ਜਿਥੋਂ ਤੱਕ ਨਜ਼ਰ ਜਾਂਦੀ ਓਥੋਂ ਤੱਕ ਕੰਡਿਆਂ ਹੀ ਕੰਡਿਆਂ ਦਾ ਝਾੜ ਬਣ ਗਿਆ ਸੀ...
ਚੰਪਾ ਦੇ ਬਾਊ ਜੀ, ਮੌਤ ਦੀ ਦੰਦੀ ਉੱਤੇ ਅੱਪੜ ਗਏ। ਇਕ ਰਾਤ ਉਨ੍ਹਾਂ ਚੰਪਾ ਦੀ ਮਾਂ ਨੂੰ ਬੁਲਾ ਕੇ ਕਿਹਾ, “ਕੱਲ੍ਹ ਚੰਪਾ ਦਾ ਲਗਨ ਏਂ। ਮੈਂ ਨਹੀਂ ਜਾ ਸਕਦਾ, ਤੂੰ ਜਾਈਂ। ਚੰਪਾ ਨੂੰ ਵਟਣਾ ਮਲ, ਮੇਰੀ ਧੀ ਦਾ ਚੰਗੀ ਤਰ੍ਹਾਂ ਸ਼ਿੰਗਾਰ ਕਰ, ਉੱਤੇ ਸੋਹਣਾ ਲਾਲ ਸਾਲੂ ਦੇ, ਤੇ ਆਪ ਜਾ ਕੇ ਉਹਨੂੰ ਧੰਨ-ਮਾਤਾ ਦੇ ਸਪੁਰਦ ਕਰ। ਰਾਮ ਚੰਦ ਹੀ ਇਹਦਾ ਅਟੱਲ ਵਰ ਏ। ਹੁਣ ਨਾਂਹ-ਨੁੱਕਰ ਨਾ ਕਰ। ਇਹੀ ਇਕੋ ਸਾਧਨ ਏ ਮੇਰੇ ਬਚਣ ਦਾ, ਤੇ ਚੰਪਾ ਦਾ ਸਰਾਪ ਹਰਣ ਦਾ…” ਤੇ ਸਾਰੀ ਰਾਤ ਚੰਪਾ ਦੇ ਬਾਊ ਜੀ ਬੇਹੋਸ਼ ਰਹੇ ਸਨ।
ਅਗਲੀ ਸਵੇਰ ਚੰਪਾ ਦੀ ਮਾਂ ਨੇ ਇਨ-ਬਿਨ ਓਵੇਂ ਹੀ ਕੀਤਾ ਜਿਵੇਂ ਬਾਊ ਜੀ ਨੇ ਰਾਤੀਂ ਉਹਨੂੰ ਦੱਸਿਆ ਸੀ। ਚੰਪਾ ਦੀ ਮਾਂ ਸਾਲਮ ਟਾਂਗਾ ਕਰ ਕੇ ਲਾਲ ਸਾਲੂ ਵਿਚ ਵਲ੍ਹੇਟੀ ਆਪਣੀ ਧੀ ਨੂੰ ਸਾਧਣੀ ਧੰਨ-ਮਾਤਾ ਦੇ ਆਸ਼ਰਮ ਵਿਚ ਛੱਡਣ ਤੁਰ ਪਈ।
ਸਾਰੀ ਵਾਟ ਲਾਲ ਸਾਲੂ ਵਿਚ ਅੱਖਾਂ ਸੋਹਣ ਲਈ ਸਧਰਾਈਆਂ ਰਹੀਆਂ।... ਮੇਰਾ ਸੋਹਣ ਆ ਕੇ ਮੈਨੂੰ ਖੋਹ ਖੜੇਗਾ...। ਧੰਨ-ਮਾਤਾ ਦਾ ਆਸ਼ਰਮ ਨੇੜੇ ਆਉਂਦਾ ਜਾ ਰਿਹਾ ਸੀ। ...ਮੇਰੇ ਸੋਹਣਿਆਂ! ਇਕ ਵਾਰ ਏਸ ਤਤੀ ਨੂੰ ਵੇਖ ਤਾਂ ਜਾ...। ਧੰਨ-ਮਾਤਾ ਦੇ ਆਸ਼ਰਮ ਦੀ ਅਣਘੜ ਬੇਡੌਲ ਪੱਥਰਾਂ ਦੀ ਚਾਰਦੀਵਾਰੀ ਧੂੜ ਉਹਲਿਓਂ ਉੱਭਰ ਆਈ ਸੀ। ...ਵੇ ਮੇਰੇ ਸਰਾਪਾਂ ਨੂੰ ਹਰਣ ਵਾਲਿਆ! ਇਕ ਭੋਰੀ ਦਰਸ ਦਿਖਾਲ…; ਪਰ ਸੋਹਣ ਕਿਤੇ ਵੀ ਨਹੀਂ ਸੀ। ਸੋਹਣ ਬਿਨਾਂ ਸਾਹਮਣੇ ਕਲਜੁਗ ਹੀ ਕਲਜੁਗ ਸੀ, ਸਰਾਪ ਹੀ ਸਰਾਪ ਸਰਾਲਾਂ ਵਾਂਗ ਕੁੰਡਲੇ ਹੋਏ...
ਧੰਨ-ਮਾਤਾ ਦੇ ਆਸ਼ਰਮ ਕੋਲ ਟਾਂਗਾ ਜਾ ਰੁਕਿਆ…
ਦੋ ਵਰ੍ਹੇ ਹੋਏ ਇਹ ਟਾਂਗਾ ਰੁਕਿਆ ਸੀ। ਤੇ ਓਦਨ ਤੋਂ ਹੀ ਪਿੰਡ ਦੇ ਸਾਰੇ ਵੱਡੇ ਚੰਪਾ ਨੂੰ ਮਾਤਾ ਜੀ ਬੁਲਾਣ ਲੱਗ ਪਏ ਸਨ। ਧੰਨ-ਮਾਤਾ ਵੱਡੀ ਮਾਤਾ ਸੀ, ਤੇ ਚੰਪਾ ਛੋਟੀ ਮਾਤਾ ...ਤੇ ਚੰਪਾ ਜਿਵੇਂ ਇਥੇ ਕੋਈ ਨਹੀਂ ਸੀ। ਸੋਹਣ ਆਲੇ-ਦੁਆਲੇ ਦਾ ਸਰਾਪ ਭੰਗ ਕਰ ਕੇ ਚੰਪਾ ਨੂੰ ਖੋਹ ਨਹੀਂ ਸੀ ਸਕਿਆ ਪਰ ਸੋਹਣ ਦੀ ਚੰਪਾ, ਰਾਮ ਚੰਦ ਕੋਲ ਕਿਵੇਂ ਆ ਸਕਦੀ ਸੀ? ਚੰਪਾ ਘਰੋਂ ਤਾਂ ਨਿਕਲੀ ਸੀ, ਪਰ ਜਿਵੇਂ ਆਪਣੇ ਸੋਹਣ ਨੂੰ ਉਡੀਕਦੀ ਓਥੇ ਹੀ ਕਿਤੇ ਔਝੜਾਂ ਵਿਚ ਗੁਆਚ ਗਈ ਹੋਵੇ, ਜਿਵੇਂ ਉਹ ਚੰਪਾ ਦੀ ਹੀ ਜਿੰਦ ਸੀ ਜਿਦ੍ਹੇ ਦੁਆਲੇ ਸਰਾਲ ਕੁੰਡਲਾ ਗਏ ਸਨ, ਜਿਵੇਂ ਚੰਪਾ ਸਰਾਪ ਤੇ ਬਿਖ-ਸਾਗਰ ਵਿਚ ਤਰਦੀ-ਡੁਬਦੀ ਹਾਲੀ ਵੀ ਸੋਹਣ ਦੀ ਬਿਖ-ਪੀਣੀ ਡੀਕ ਲਈ ਤਾਂਘ ਰਹੀ ਸੀ, ਤੇ ਸ਼ੈਦ ਚੰਪਾ ਦੇ ਹੀ ਅੰਗ ਸਨ (ਅੰਗ—ਜਿਨ੍ਹਾਂ ਨੂੰ ਉਹਦੀਆਂ ਸਹੇਲੀਆਂ ਜੱਟੀਆਂ ਦੇ ਅੰਗਾਂ ਵਰਗੇ ਹੁੰਦੜਹੇਲ ਦੱਸਦੀਆਂ ਹੁੰਦੀਆਂ ਸਨ) ਜਿਹੜੇ ਸਰਾਪ ਦੇ ਅੰਗਿਆਰਾਂ ਉੱਤੇ ਲੁਛਦੇ ਸੋਹਣ ਦੀ ਸਰਾਪ-ਠਾਰਵੀਂ ਜੀਭ ਨੂੰ ਉਡੀਕ ਰਹੇ ਸਨ। ਤੇ ਜਿਵੇਂ ਇਥੇ ਆਸ਼ਰਮ ਦੇ ਅੰਦਰ ਚੰਪਾ ਨਹੀਂ ਸੀ ਪੁੱਜੀ, ਸਿਰਫ਼ ਮਾਤਾ ਜੀ ਸਨ; ਛੋਟੇ ਮਾਤਾ ਜੀ...
ਇਕ ਦਿਨ ਉਹਦੇ ਕੰਨੀਂ ਪਿਆ—ਸਕੂਲ ਦੇ ਛੋਟੇ ਇਨਸਪੈਕਟਰ ਨੇ ਆਸ਼ਰਮ ਵਾਲੇ ਪਿੰਡ ਕੱਲ੍ਹ ਆਉਣਾ ਸੀ। ਇਸ ਪਿੰਡ ਦੇ ਲੋਕਾਂ ਨੇ ਜ਼ਿਲ੍ਹੇ ਵਿਚ ਅਰਜ਼ੀ ਦਿੱਤੀ ਸੀ ਕਿ ਕੁੜੀਆਂ ਲਈ ਇਕ ਪ੍ਰਾਇਮਰੀ ਸਕੂਲ ਉਨ੍ਹਾਂ ਦੇ ਪਿੰਡ ਖੋਲ੍ਹਿਆ ਜਾਏ। ਪਿੰਡ ਦੇ ਲੋਕਾਂ ਨੇ ਸ਼ਾਮਲਾਤ ਵਿਚੋਂ ਸਕੂਲ ਦੇ ਨਾਂ ਜ਼ਮੀਨ ਲੁਆਣੀ ਮੰਨੀ ਸੀ, ਤੇ ਚੰਦਾ ਕਰ ਕੇ ਸਕੂਲ ਲਈ ਦੋ ਕੋਠੇ ਪੁਆਣ ਦਾ ਮਤਾ ਵੀ ਕੀਤਾ ਸੀ।
ਪਲ ਦੀ ਪਲ ਇੰਜ ਹੋਇਆ ਜਿਵੇਂ ਛੋਟੇ ਮਾਤਾ ਜੀ ਵਿਚੋਂ ਚੰਪਾ ਨਿਕਲ ਆਈ ਹੋਵੇ। ਤੇ ਚੰਪਾ ਨੇ ਧੰਨ-ਮਾਤਾ ਨੂੰ ਮਨਾ ਲਿਆ ਕਿ ਕੁੜੀਆਂ ਦਾ ਸਕੂਲ ਇਸ ਪਿੰਡ ਖੁੱਲ੍ਹਣ ਨਾਲ ਲੋਕਾਂ ਦੀ ਭਲਾਈ ਹੀ ਹੋਵੇਗੀ, ਤੇ ਉਹਨੇ ਧੰਨ-ਮਾਤਾ ਕੋਲੋਂ ਆਗਿਆ ਵੀ ਲੈ ਲਈ ਕਿ ਉਹ ਏਸ ਸਕੂਲ ਵਿਚ ਪੜ੍ਹਾਨ ਦੀ ਸੇਵਾ ਕਰ ਸਕੇ; (ਆਪਣੇ ਪਤੀ ਕੋਲੋਂ ਆਗਿਆ ਤਾਂ ਉਹ ਮੰਗ ਨਹੀਂ ਸੀ ਸਕਦੀ, ਉਹਦੇ ਮੌਨ ਵਰਤ ਦੇ ਕਿੰਨੇ ਹੀ ਵਰ੍ਹੇ ਹਾਲੀਂ ਬਾਕੀ ਸਨ। ਉਹ ਸਿਰ ਹਿਲਾ ਕੇ ਵੀ ਉਹਨੂੰ ਹਾਂ, ਨਾਂਹ ਨਹੀਂ ਸੀ ਕਰਦਾ ਹੁੰਦਾ। ਜਦੋਂ ਕਦੇ ਚੰਪਾ ਭੁੱਲ-ਭੁਲੇਖੇ ਉਹਦੇ ਸਾਹਮਣੇ ਆਉਂਦੀ—ਤਾਂ ਇੰਜ ਹੁੰਦਾ ਜਿਵੇਂ ਉਹਦਾ ਪਤੀ ਡਿੱਠੇ ਨੂੰ ਅਣਡਿੱਠ ਕਰ ਰਿਹਾ ਹੋਵੇ)।
ਅਗਲੇ ਦਿਨ ਉਹ ਆਸ਼ਰਮ ਵਾਲੇ ਪਿੰਡ ਵਿਚ ਗਈ। (ਉਹਨੇ ਅੱਜ ਚਿੱਟੀ ਧੋਤੀ ਲਾਹ ਕੇ ਉਹੀ ਸੁੱਥਣ ਕਮੀਜ਼ ਪਾ ਲਈ, ਜਿਹੜੀ ਪਾ ਕੇ ਉਹ ਇਸ ਆਸ਼ਰਮ ਵਿਚ ਆਈ ਸੀ, ਤੇ ਉਸ ਦਿਨ ਵਾਲਾ ਹੀ ਲਾਲ ਸਾਲੂ ਉਹਨੇ ਉੱਤੇ ਲੈ ਲਿਆ)।
ਪਿੰਡ ਦੇ ਸਰਪੰਚ ਨੇ ਕਿਹਾ, “ਮਾਤਾ ਜੀ ਦੇ ਚਰਨ ਅੱਜ ਸਾਡੀ ਪਰ੍ਹੇ ਵਿਚ ਪਏ ਨੇ—ਇਹ ਸਾਡੇ ਸਕੂਲ ਲਈ ਬੜੇ ਚੰਗੇ ਸਗਣ ਨੇ।”
ਸਕੂਲਾਂ ਦਾ ਛੋਟਾ ਇਨਸਪੈਕਟਰ ਆਣ ਪੁੱਜਾ। ਦੂਰੋਂ ਆਉਂਦੇ ਨੂੰ ਹੀ ਚੰਪਾ ਨੀਝ ਲਾ ਕੇ ਵੇਖਦੀ ਰਹੀ। ਜਦੋਂ ਉਹਨੇ ਨੇੜੇ ਆ ਕੇ ਸਾਰਿਆਂ ਅੱਗੇ ਹੱਥ ਜੋੜੇ ਤਾਂ ਚੰਪਾ ਕੰਬ ਗਈ...ਇਕ ਵੇਦਨਾ—ਉਹ ਕਿਉਂ ਇਹ ਲਾਲ ਸਾਲੂ ਲੈ ਕੇ ਆਈ ਸੀ, ਇਹ ਤਾਂ ਉਹ ਨਹੀਂ ਸੀ!...ਉਹਦੇ ਸੋਹਣ ਦੀ ਤਰੱਕੀ ਹੋ ਚੁਕੀ ਸੀ, ਉਹ ਵੱਡਾ ਇਨਸਪੈਕਟਰ ਬਣ ਗਿਆ ਸੀ। ਕੁੜੀਆਂ ਦਾ ਸਕੂਲ ਸ਼ੁਰੂ ਹੋ ਗਿਆ। ਚੰਪਾ ਪੜ੍ਹਾਣ ਲੱਗ ਪਈ। ਚੰਪਾ ਨੇ ਰੰਗ-ਸੁਰੰਗੇ ਫੁੱਲ ਲੁਆਏ ਤੇ ਕੁੜੀਆਂ ਨੂੰ ਵੰਨ-ਸੁਵੰਨੇ ਗੀਤ ਸਿਖਾਏ। ਉਹਦੇ ਸਕੂਲ ਦੀਆਂ ਸਾਰੇ ਜ਼ਿਲ੍ਹੇ ਵਿਚ ਧੁੰਮਾਂ ਪੈ ਗਈਆਂ।
ਜਦੋਂ ਤੋਂ ਸਕੂਲ ਖੁੱਲ੍ਹਿਆ ਸੀ ਪਿੰਡ ਦੇ ਸਾਰੇ ਬਾਲ ਚੰਪਾ ਨੂੰ ਭੈਣ ਜੀ ਬੁਲਾਣ ਲੱਗ ਪਏ ਸਨ, ਭਾਵੇਂ ਪਿੰਡ ਦੇ ਸਾਰੇ ਵੱਡੇ ਚੰਪਾ ਨੂੰ ਮਾਤਾ ਜੀ ਹੀ ਬੁਲਾਂਦੇ ਸਨ—ਪਰ ਬੱਚੀਆਂ ਨੂੰ ਪੜ੍ਹਾਂਦਿਆਂ, ਉਨ੍ਹਾਂ ਕੋਲੋਂ ਗੀਤ ਗੁਆਂਦਿਆਂ, ਉਨ੍ਹਾਂ ਦੀਆਂ ਖੇਡਾਂ ਕਰਾਂਦਿਆਂ ਉਹ ਨਿਰੋਲ ਚੰਪਾ ਹੀ ਬਣ ਜਾਂਦੀ ਸੀ, ਭਾਵੇਂ ਉਹਨੇ ਰੋਜ਼ ਵਾਂਗ ਚਿੱਟੀ ਧੋਤੀ ਹੀ ਬੰਨ੍ਹੀ ਹੁੰਦੀ, ਪਰ ਇੰਜ ਲਗਦਾ ਜਿਵੇਂ ‘ਮਾਤਾ ਜੀ’ ਉਸ ਵਿਚੋਂ ਉੱਕਾ ਅਲੋਪ ਹੋ ਗਏ ਹੋਣ।
ਸਕੂਲ ਭਾਵੇਂ ਛੋਟਾ ਹੀ ਸੀ, ਪਰ ਇਹਦੀ ਮਸ਼ਹੂਰੀ ਕਰਕੇ ਇਕ ਦਿਨ ਵੱਡੇ ਇੰਸਪੈਕਟਰ ਨੇ ਚੰਪਾ ਦੇ ਸਕੂਲ ਦਾ ਦੌਰਾ ਰੱਖ ਲਿਆ। ਚੰਪਾ ਨੇ ਆਪਣੇ ਮਨ ਨੂੰ ਬੜਾ ਹੀ ਸਮਝਾਇਆ—ਪਰ ਉਹ ਫੇਰ ਵੀ ਅਗਲੇ ਦਿਨ ਉਹੀ ਉਚੇਚਾ ਵੇਸ ਪਾ ਆਈ, ਤੇ ਉੱਤੇ ਲਾਲ ਸਾਲੂ ਲੈ ਆਈ।
ਜਦੋਂ ਵੱਡਾ ਇਨਸਪੈਕਟਰ ਸਕੂਲ ਵਿਚ ਪੁੱਜਾ ਤਾਂ ਇਕ ਵਾਰ ਫੇਰ ਚੰਪਾ ਪਹਿਲੇ ਦਿਨ ਵਾਂਗ ਹੀ ਕੰਬ ਗਈ। ਉਹਦੇ ਸੋਹਣ ਦੀ ਹੋਰ ਕਿਸੇ ਜ਼ਿਲ੍ਹੇ ਵਿਚ ਬਦਲੀ ਹੋ ਚੁੱਕੀ ਸੀ।
ਤੇ ਹੁਣ ਜਦੋਂ ਕਦੇ ਕਿਸੇ ਨੇ ਉਹਦੇ ਸਕੂਲ ਵਿਚ ਆਉਣਾ ਹੁੰਦਾ ਹੈ, ਚੰਪਾ ਨਿੱਤ ਵਾਲੀ ਚਿੱਟੀ ਧੋਤੀ ਬੰਨ੍ਹ ਕੇ ਹੀ ਸਕੂਲ ਆਉਂਦੀ ਹੈ...ਹੁਣ ਚੰਪਾ ਨੂੰ ਇਕੋ ਇਹੀ ਤਾਂਘ ਹੈ: ਇਹ ਜਿਹੜੀਆਂ ਬੱਚੀਆਂ ਉਹਨੂੰ ‘ਭੈਣ ਜੀ’ ਕਹਿੰਦੀਆਂ ਹਨ, ਉਹ ਸਾਰੀਆਂ ਜਾਂ ਘੱਟੋ-ਘੱਟ ਉਨ੍ਹਾਂ ਵਿਚੋਂ ਇਕ ਜਿਹੜੀ ਉਹਨੂੰ ਬੜੀ ਹੀ ਪਿਆਰੀ ਲੱਗਦੀ ਸੀ, ਉਹ ਸੋਹਣੋਂ ਤਾਂ ਉਹਨੂੰ ‘ਮਾਤਾ ਜੀ’ ਬੁਲਾਇਆ ਕਰੇ; ਤੇ ਪਿੰਡ ਦੇ ਸਾਰੇ ਲੋਕ ਉਹਨੂੰ ਮਾਤਾ ਜੀ ਨਾ ਕਹਿਣ, ‘ਭੈਣ ਜੀ’ ਬੁਲਾਇਆ ਕਰਨ...
[1958]