Ik Kuri Te Kujh Baalan (Punjabi Story) : Navtej Singh

ਇਕ ਕੁੜੀ ਤੇ ਕੁਝ ਬਾਲਣ (ਕਹਾਣੀ) : ਨਵਤੇਜ ਸਿੰਘ

“ਧੀਆਂ ਦੇ ਦੁੱਖ ਬੁਰੇ।”

ਲਾਰੀ ਵਿਚ ਸਾਰੀਆਂ ਸਵਾਰੀਆਂ ਭਾਂਤ ਸੁਭਾਂਤੀ ਬੋਲ ਰਹੀਆਂ ਸਨ, ਪਰ ਚੰਨਣ ਸਿੰਘ ਮੇਰੇ ਨਾਲ ਦੀ ਸੀਟ ਉੱਤੇ ਉੱਕਾ ਚੁੱਪ ਬੈਠਾ ਸੀ, ਤੇ ਉਸ ਤੋਂ ਅੱਗੇ ਉਹਦੀ ਬੁੱਢੀ ਮਾਂ ਆਪਣੇ ਦੁੱਖ ਦੀ ਝੁੰਬ ਵਿਚ ਗੁਆਚੀ।

“ਕਿਸੇ ਵੈਰੀ ’ਤੇ ਵੀ ਅਜਿਹੀ ਬਿਪਤਾ ਨਾ ਬਣੇ।”

“ਏਨਾ ਅਨਿਆਂ!”

ਸਵਾਰੀਆਂ ਬਹੁਤੀਆਂ ਸਾਡੇ ਪਿੰਡੋਂ ਹੀ ਸਨ, ਸੋ ਉਨ੍ਹਾਂ ਨੂੰ ਸਭ ਕੁਝ ਪਤਾ ਸੀ।

“ਚੰਗੀ ਆਪਣੀ ਸਰਕਾਰ ਏ, ਠਾਣੇਦਾਰ ਰੱਪਟ ਈ ਨਹੀਂ ਲੈਂਦਾ!”

“ਸਾਰੀ ਓਸ ਰਾਣੀਪੁਰੇ ਦੇ ਸਰਦਾਰ ਦੀ ਈ ਸ਼ਹਿ ਵੇ।”

ਸਭੋ ਸਵਾਰੀਆਂ ਚੰਨਣ ਸਿੰਘ ਦੀ ਵਿਆਹੀ ਹੋਈ ਧੀ ਦੇ ਕੱਢੇ ਜਾਣ ਬਾਰੇ ਨਿੱਜੀ ਪੀੜ ਨਾਲ ਬੋਲ ਰਹੀਆਂ ਸਨ। ਧੀਆਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਹਨ—ਤੇ ਇਹ ਕਹਿਰ ਸਭਨਾਂ ਉੱਤੇ ਸਾਂਝਾ ਟੁੱਟਿਆ ਸੀ।

ਬੜਾ ਜਿਗਰੇ ਵਾਲਾ ਸੀ ਚੰਨਣ ਸਿੰਘ। ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ। ਭਾਵੇਂ ਉਹਦੀ ਆਪਣੀ ਕੋਈ ਭੋਂ ਨਹੀਂ ਸੀ, ਪਰ ਹਿੱਸੇ ਤੇ ਲੈ ਕੇ ਉਹ ਚੰਗੀ ਵਾਹੀ ਕਰਦਾ ਸੀ। ਤੇ ਇਨ੍ਹਾਂ ਸੋਲ੍ਹਾਂ ਵਰ੍ਹਿਆਂ ਵਿਚ ਇਕ ਵਾਰ ਉਹਦਾ ਖਲਵਾੜਾ ਲੂਹਿਆ ਗਿਆ ਸੀ, ਇਕ ਵਾਰ ਉਹਦੀ ਸੱਜਰ ਸੂ ਮਹਿੰ ਅਫਾਰੇ ਨਾਲ ਮਰ ਗਈ ਸੀ। ਇਕ ਵਾਰ ਕਿਸੇ ਉਹਦੀ ਬਾਸਮਤੀ ਦਾ ਪੂਰਾ ਵਿੱਘਾ ਰਾਤੋ ਰਾਤ ਲਾਪਰ ਲਿਆ ਸੀ, ਤੇ ਇਕ ਵਾਰ ਪਾਣੀ ਦੇ ਤਨਾਜ਼ੇ ਤੋਂ ਗੋਪਾਲੇ ਨੇ ਛਵ੍ਹੀ ਕੱਢ ਮਾਰੀ ਸੀ, ਤੇ ਫੇਰ ਇਕ ਵਾਰ ਉਹਦੀਆਂ ਪੈਲੀਆਂ ਲਾਗਿਓਂ ਸੂਆ ਟੁੱਟ ਗਿਆ ਸੀ ਤੇ ਉਹਦੀ ਸਾਰੀ ਫ਼ਸਲ ਪਾਣੀ-ਬੁਰਦ ਹੋ ਗਈ ਸੀ, ਪਰ ਅਫ਼ਸਰ ਉਹਨੂੰ ਹੀ ਤਾਵਾਨ ਪਾ ਗਿਆ ਸੀ। ਏਸ ਸਭ ਕਾਸੇ ਵਿਚੋਂ ਉਹ ਮਰਦਾਂ ਵਾਂਗ ਘੁਲਦਾ ਲੰਘ ਆਇਆ ਸੀ। ਉਹਨੂੰ ਆਪਣੀ ਮਿਹਨਤ ਉੱਤੇ ਬੜਾ ਮਾਣ ਸੀ। ਉਹਦੀ ਪਿੱਠ ਉੱਤੇ ਕਈ ਆਕੜ-ਖ਼ੋਰੇ ਜੱਟ ਉਹਦੇ ਬਾਰ ਆਂਹਦੇ ਹੁੰਦੇ ਸਨ, “ਸਹੁਰੇ ਨੇ ਪਤਾ ਨਹੀਂ ਜੱਟਾਂ ਵਾਲਾ ਜਿਗਰਾ ਕਿੱਥੋਂ ਲਿਆ ਸੂ!”

ਤੇ ਅੱਜ ਜਿੱਕਰ ਜੀਅ-ਭਿਆਣਾ ਉਹ ਬੈਠਾ ਸੀ, ਇੰਜ ਢੇਰੀ ਢਾਹੀ ਉਹਨੂੰ ਮੈਂ ਅੱਗੇ ਕਦੇ ਨਹੀਂ ਸੀ ਤਕਿਆ, ਕਦੇ ਵੀ ਨਹੀਂ।

ਸਾਡੇ ਪਿੰਡ ਦੀਆਂ ਵਡੇਰੀ ਉਮਰ ਦੀਆਂ ਤੀਵੀਆਂ ਦੱਸਦੀਆਂ ਹੁੰਦੀਆਂ ਸਨ, “ਚੰਨਣ ਨੇ ਇਹ ਜਿਗਰਾ ਆਪਣੀ ਮਾਂ ਕੋਲੋਂ ਲਿਆ ਸੀ।” ਚੰਨਣ ਦੀ ਮਾਂ ਪੂਰੋ ਦੇ ਹੌਸਲੇ ਦਾ ਕੋਈ ਅੰਤ ਨਹੀਂ ਸੀ। ਸਿਖਰ ਜਵਾਨੀ ਵਿਚ ਹੀ ਸਿਰੋਂ ਨੰਗੀ ਹੋ ਗਈ ਸੀ ਉਹ, ਕੁਛੜ ਉਹਦੇ ਚੰਨਣ, ਤੇ ਹੋਰ ਕੋਈ ਅੰਗ ਸਾਕ ਨਾ। ਅਜਿਹੇ ਹਾਲ ਵਿਚ ਜ਼ਿੰਦਗੀ ਕਿੰਨੀ ਜ਼ਾਲਮ ਬਣ ਕੇ ਕੱਲੀ ਕਾਰੀ ਜ਼ਨਾਨੀ ਦੇ ਪੇਸ਼ ਪੈਂਦੀ ਹੈ, ਪਰ ਪੂਰੋ ਨੇ ਰੰਡੇਪੇ ਦੇ ਰੱਕੜਾਂ ਵਿਚ ਵੀ ਆਪਣਾ ਬਾਗ਼ ਪਰਿਵਾਰ ਖਿੜਾ ਲਿਆ ਸੀ। ਤੇ ਹੁਣ ਉਹਦਾ ਸ਼ੀਂਹ ਵਰਗਾ ਪੁੱਤ ਸੀ, ਉਹਦੀ ਬੜੀ ਸਾਊ ਨੂੰਹ ਸੀ, ਦੋ ਹੁੰਦੜਹੇਲ ਪੋਤ੍ਰੇ ਸਨ, ਤੇ ਇਕ ਵਿਆਹੀ ਵਰ੍ਹੀ ਪੋਤ੍ਰੀ।

ਤੇ ਇਹੀ ਪੋਤ੍ਰੀ, ਉਹਦੇ ਚੰਨਣ ਦੀ ਪਲੇਠੀ ਦੀ ਬੀਰੋ, ਆਪਣੇ ਸਹੁਰੇ ਘਰੋਂ, ਸਰਦਾਰਾਂ ਦੇ ਰਾਣੀਪੁਰਿਓਂ ਕੱਢੀ ਗਈ ਸੀ। ਤੇ ਏਸ ਵੇਲੇ ਪੂਰੋ ਦਾ ਮੂੰਹ ਪੀਲਾ ਵਸਾਰ ਸੀ। ਉਹਦੇ ਹਉਕਿਆਂ ਨਾਲ ਲਾਰੀ ਵਿਚਲੀ ਹਵਾ ਭਾਰੀ ਹੋ ਗਈ ਜਾਪਦੀ ਸੀ।

“ਮੇਰੀ ਪੋਤ੍ਰੀ ਬੀਰੋ—ਪਹਿਲੀ ਵਾਰ ਉਹਦੇ ਘਰ ਬਾਲ ਹੋਣ ਵਾਲਾ ਏ। ਦੂਜਾ ਮਹੀਨਾ ਸੂ। ਹਾਇਆ ਵੇ ਲੋਕਾ, ਮੇਰੀ ਗਊ-ਧੀ ਨੂੰ ਕਸਾਈ ਕੱਢ ਕੇ ਲੈ ਗਏ! ਹਾਏ ਨੀ ਧੀਏ, ਕੀ ਬੀਤਦੀ ਹੋਣੀ ਏਂ ਤੇਰੇ ਉੱਤੇ,” ਕੱਲ੍ਹ ਪੂਰੋ ਮੇਰੀ ਵਹੁਟੀ ਕੋਲ ਰੋਂਦੀ ਰਹੀ ਸੀ।

ਤੇ ਚੰਨਣ ਸਿੰਘ ਨੇ ਸਵੇਰੇ ਸਵੇਰੇ ਆ ਕੇ ਕਿਹਾ ਸੀ, “ਸਾਡੀ ਤਾਂ ਠਾਣੇਦਾਰ ਅੱਗੇ ਕੋਈ ਵਾਹ ਨਹੀਂ ਲੱਗਦੀ—ਕਹਿੰਦੇ ਨੇ ਸਰਦਾਰ ਉਹਨੂੰ ਰੱਪਟ ਹੀ ਨਹੀਂ ਲੈਣ ਦੇਂਦਾ! ਦਸਾਂ ਦਿਨਾਂ ਤੋਂ ਤਰਲੋ-ਮੱਛੀ ਹੋ ਰਹੇ ਹਾਂ। ਤੁਸੀਂ ਪੜ੍ਹੇ ਲਿਖੇ ਹੋ, ਤੇ ਰਸੂਖ਼ ਵਾਲੇ, ਤੁਸੀਂ ਹੀ ਕੋਈ ਹੀਲਾ ਕਰ ਵੇਖੋ।” ਤੇ ਮੈਂ ਉਹਦੇ ਨਾਲ ਤੁਰ ਪਿਆ ਸਾਂ।

ਲਾਰੀ ਵਿਚ ਉਹਨੇ ਇਕ ਲਫ਼ਜ਼ ਵੀ ਨਹੀਂ ਸੀ ਬੋਲਿਆ। ਜਦੋਂ ਟਿਕਟ ਦੇਣ ਵਾਲਾ ਆਇਆ ਉਹਨੇ ਟਿਕਟ ਲੈ ਲਈ, ਗਿਣ ਕੇ ਪੈਸੇ ਦੇ ਦਿੱਤੇ, ਪਰ ਸਭ ਇੰਜ ਹੌਲੀ ਹੌਲੀ ਤੇ ਸੋਚੀਂ ਪਿਆਂ, ਜਿਵੇਂ ਇਸ ਟਿਕਟ ਉੱਤੇ ਤੇ ਸਰਦਾਰਾਂ ਦੇ ਰਾਣੀਪੁਰੇ ਵੱਲ ਜਾਂਦੀ ਏਸ ਲਾਰੀ ਉੱਤੇ ਕਿਸੇ ਕੋਈ ਟੂਣਾ ਕਰ ਦਿੱਤਾ ਹੋਵੇ।

ਪਹਿਲਾਂ ਜਦੋਂ ਵੀ ਕਦੇ ਉਹ ਏਸ ਲਾਰੀ ਵਿਚ ਬਹਿੰਦਾ ਸੀ ਤਾਂ ਇਹ ਉਹਨੂੰ ਉਹਦੀ ਬੀਰੋ ਕੋਲ ਲੈ ਜਾਂਦੀ ਹੁੰਦੀ ਸੀ। ਆਪਣੀ ਉਲਾਦ ਵਿਚੋਂ ਉਹਨੂੰ ਬੀਰੋ ਸਭ ਤੋਂ ਵੱਧ ਪਿਆਰੀ ਸੀ—ਤੇ ਜਦੋਂ ਉਹ ਏਸ ਲਾਰੀ ਵਿਚ ਬਹਿ ਕੇ ਉਹਦੇ ਸਹੁਰੀਂ ਜਾਂਦਾ ਹੁੰਦਾ ਸੀ ਤਾਂ ਕਦੇ ਉਹਦੇ ਕੋਲ ਬੀਰੋ ਲਈ ਸ਼ੱਕਰ ਹੁੰਦੀ ਸੀ, ਕਦੇ ਨਵਾਂ ਸਵਾਇਆ ਸੁੱਥਣ ਝੱਗਾ, ਤੇ ਇਕ ਵਾਰ ਝੁਮਕੀਆਂ ਸਨ। ਪਰ ਹੁਣ ਕਿਸੇ ਅਜਿਹਾ ਟੂਣਾ ਕਰ ਦਿਤਾ ਸੀ, ਭਾਵੇਂ ਲਾਰੀ ਉਹੀਓ ਹੀ ਸੀ, ਭਾਵੇਂ ਭਾੜਾ ਓਨਾ ਹੀ ਸੀ, ਪਰ ਹੁਣ ਇਹ ਉਹਨੂੰ ਬੀਰੋ ਕੋਲ ਨਹੀਂ ਸੀ ਲਿਜਾ ਰਹੀ। ਤੇ ਏਸ ਵੇਲੇ ਉਹਦੇ ਕੋਲ ਝੱਗਾ ਜਾਂ ਝੁਮਕੀਆਂ ਨਹੀਂ ਸਨ, ਸਗੋਂ ਛੀ ਵੀਹਾਂ ਰੁਪਏ ਸਨ ਜਿਹੜੇ ਵਕੀਲਾਂ ਮੁਨਸ਼ੀਆਂ ਦੇ ਖ਼ਰਚੇ ਲਈ, ਤੇ ਥਾਣੇ ਵਿਚ ਜਿਹੜਾ ਕੋਈ ਏਸ ਅਭਾਗੇ ਪਿਓ ਦੀ ਬਿਪਤਾ ਸੁਣ ਪਸੀਜ ਪਏ, ਉਹਦੀ ਮੁੱਠੀ ਗਰਮ ਕਰਨ ਲਈ ਉਹਨੇ ਪੰਨੇ ਸ਼ਾਹ ਕੋਲੋਂ ਉਧਾਰ ਫੜੇ ਸਨ। ਉਹਨੂੰ ਆਪਣੇ ਹੱਥਾਂ ਦੀ ਮਿਹਨਤ ਉੱਤੇ ਏਨਾ ਮਾਣ ਸੀ ਕਿ ਬੀਰੋ ਦੇ ਵਿਆਹ ਢੰਗ ਵੇਲੇ ਵੀ ਉਹਨੇ ਸ਼ਾਹ ਅੱਗੇ ਤਲੀ ਨਹੀਂ ਸੀ ਅੱਡੀ; ਪਰ ਹੁਣ ਜਦੋਂ ਬੀਰੋ…ਹੁਣ ਜਦੋਂ ਬੀਰੋ ਨੂੰ…

ਤੇ ਮੈਂ ਤਕਿਆ ਚੰਨਣ ਸਿੰਘ ਰੋਈ ਜਾ ਰਿਹਾ ਸੀ, ਉਹਦੇ ਅੱਥਰੂ ਨਿਸੰਗ ਸਭਨਾਂ ਦੇ ਸਾਹਮਣੇ ਚੁੱਪ ਚਾਪ ਵਹੀ ਜਾ ਰਹੇ ਸਨ। ਤੇ ਹਉਕਿਆਂ ਨਾਲ ਭਾਰੀ ਹੋਈ ਲਾਰੀ ਵਿਚਲੀ ਹਵਾ ਅੰਦਰ ਉਹਦੇ ਅੱਥਰੂਆਂ ਦੀ ਸਿਲ੍ਹ ਰਲਦੀ ਜਾਂਦੀ ਸੀ।

ਰਾਣੀਪੁਰੇ ਦੇ ਮੋੜ ਉੱਤੇ ਅਸੀਂ ਉਤਰ ਗਏ। ਬੀਰੋ ਦਾ ਦਿਓਰ ਤੇ ਪਤਿਔਰਾ ਅੱਗੋਂ ਸਾਨੂੰ ਲੈਣ ਆਏ ਹੋਏ ਸਨ। ਪੱਕੀ ਸੜਕ ਤੋਂ ਸਰਦਾਰਾਂ ਦੀ ਕੋਠੀ ਕੋਹ ਕੁ ਵਾਟ ਉੱਤੇ ਸੀ। ਤੇ ਚੰਨਣ ਚਾਂਹਦਾ ਸੀ ਮੈਂ ਸਰਦਾਰ ਨੂੰ ਆਪ ਮਿਲਾਂ। ਸਭਨਾਂ ਉਹਨੂੰ ਦੱਸਿਆ ਸੀ ਕਿ ਥਾਣੇਦਾਰ ਦੀ ਕਲਾ ਇਹ ਸਰਦਾਰ ਹੀ ਮਰੋੜ ਸਕਦਾ ਸੀ।

ਬੀਰੋ ਦਾ ਗੱਭਰੂ ਤੇ ਉਹਦਾ ਸਹੁਰਾ ਰਾਤ ਦੇ ਰਾਜੇ-ਚੱਕ ਵੱਲ ਗਏ ਹੋਏ ਸਨ। ਓਥੋਂ ਬੀਰੋ ਦੀ ਕਿਸੇ ਸੂਹ ਦਿੱਤੀ ਸੀ। ਹਾਲੀ ਤੱਕ ਉਨ੍ਹਾਂ ਵਲੋਂ ਕੋਈ ਸੁੱਖ-ਸੁਨਾਹ ਨਹੀਂ ਸੀ ਆਇਆ।

ਪੱਕੀ ਸੜਕ ਤੋਂ ਮੁੜਦਿਆਂ ਹੀ ਪਹੇ ਦੇ ਦੋਵੇਂ ਬੰਨੀਂ ਸਰਦਾਰਾਂ ਦੀ ਉਹ ਜ਼ਮੀਨ ਸੀ ਜਿਹੜੀ ਉਨ੍ਹਾਂ ਪਿਛਲੇ ਵਰ੍ਹੇ ਹੀ ਆਪਣੇ ਮੁਜ਼ਾਰਿਆਂ ਕੋਲੋਂ ਬੇਦਖ਼ਲ ਕਰਾਈ ਸੀ। ਇਹਦੇ ਵਿਚ ਉਹ ਹੁਣ ਆਪ ਟਰੈਕਟਰ ਨਾਲ ਵਾਹੀ ਕਰਵਾਂਦੇ ਸਨ। ਦੋ ਟਰੈਕਟਰ ਏਸ ਵੇਲੇ ਵੀ ਚੱਲ ਰਹੇ ਸਨ। ਤੇ ਜੇ ਅਸੀਂ ਬੀਰੋ ਨੂੰ ਭੁੱਲ ਸਕਦੇ, ਤੇ ਸਰਦਾਰ ਦੇ ਉਨ੍ਹਾਂ ਮੁਜ਼ਾਰਿਆਂ ਨੂੰ ਭੁੱਲ ਸਕਦੇ ਜਿਨ੍ਹਾਂ ਕੋਲ ਬੇਦਖ਼ਲੀ ਪਿੱਛੋਂ ਆਪਣੀ ਮਿਹਨਤ ਲੁਟਾ ਸਕਣ ਦਾ ਮੌਕਾ ਵੀ ਨਹੀਂ ਸੀ ਰਿਹਾ, ਤੇ ਉਨ੍ਹਾਂ ਦੇ ਘਰੀਂ ਵਿਲਕਦੀ ਭੁੱਖ ਨੂੰ ਭੁੱਲ ਸਕਦੇ—ਤਾਂ ਸਾਡੇ ਸਾਹਮਣੇ ਬੜੀ ਸੁਹਣੀ ਝਾਤੀ ਸੀ। ਪਹੇ ਦੇ ਇਕ ਪਾਸੇ ਦੂਰ ਤੱਕ ਮਟਰ ਹੀ ਮਟਰ ਉੱਗੇ ਹੋਏ ਸਨ, ਤੇ ਦੂਜੇ ਪਾਸੇ ਆਲੂ। ਬੜੀ ਵਿਉਂਤ ਨਾਲ ਖੇਲਾਂ ਬਣਾਈਆਂ ਗਈਆਂ ਸਨ। ਤੇ ਅੱਗੇ ਜਾ ਕੇ ਇਕ ਵੱਡਾ ਸਾਰਾ ਅਮਰੂਦਾਂ ਦਾ ਬਾਗ ਸੀ ਤੇ ਪਰ੍ਹਾਂ ਅੰਬਾਂ ਦੇ ਬ੍ਰਿਛ ਸਿਰ ਚੁੱਕਦੇ ਸਨ।

ਫੇਰ ਕੋਠੀ ਦੇ ਨੇੜੇ ਸਰਦਾਰਾਂ ਦੇ ਵਡੇਰਿਆਂ ਦੇ ਵੇਲੇ ਦਾ ਤਾਲ ਸਾਨੂੰ ਦਿਸਿਆ। ਇਹਦੇ ਵਿਚ ਕੰਵਲ ਲੱਗੇ ਹੋਏ ਸਨ।

ਤਾਲ ਕੋਲੋਂ ਮਾਂ ਪੂਰੋ ਬੀਰੋ ਦੇ ਪਤਿਔਰੇ ਨਾਲ ਉਨ੍ਹਾਂ ਦੇ ਘਰ ਵੱਲ ਹੋ ਪਈ। ਮੈਨੂੰ ਤੇ ਚੰਨਣ ਸਿੰਘ ਨੂੰ ਬੀਰੋ ਦਾ ਦਿਓਰ ਕੰਵਲਾਂ ਤੋਂ ਪਰ੍ਹੇ ਸਰਦਾਰ ਦੀ ਕੋਠੀ ਲੈ ਗਿਆ।

ਕੋਠੀ ਬੜੀ ਉੱਚੀ ਫ਼ਸੀਲ ਨਾਲ ਦੁਆਲਿਓਂ ਵਲੀ ਹੋਈ ਸੀ। ਇਕ ਬੁੱਢਾ ਨੌਕਰ ਆਇਆ ਤੇ ਸਾਨੂੰ ਅੰਦਰ ਲੈ ਗਿਆ। ਮੇਰੇ ਨਾਲਦਿਆਂ ਦੋਵਾਂ ਨੂੰ ਉਹਨੇ ਬਰਾਂਡੇ ਵਿਚ ਭੁੰਜੇ ਹੀ ਬਹਾ ਦਿੱਤਾ ਤੇ ਮੇਰੇ ਲਈ ਬੈਠਕ ਖੋਲ੍ਹ ਦਿਤੀ।

“ਸਰਦਾਰ ਜੀ ਹੁਣੇ ਆਰਾਮ ਕਰਕੇ ਉੱਠੇ ਨੇ, ਤਿਆਰ ਹੋ ਰਹੇ ਨੇ, ਝੱਟ ਕੁ ਲੱਗ ਜਾਏਗਾ,” ਤੇ ਬੁੱਢਾ ਨੌਕਰ ਚਲਿਆ ਗਿਆ।

ਕੋਠੀ ਦਾ ਢਾਂਚਾ ਬਾਹਰੋਂ ਬੜਾ ਪੁਰਾਣਾ ਸੀ, ਪਰ ਬੈਠਕ ਅੰਦਰੋਂ ਬੜੇ ਨਵੇਂ ਢੰਗ ਨਾਲ ਸਜੀ ਹੋਈ ਸੀ। ਕੰਧਾਂ ਉੱਤੇ ਡਿਸਟੈਂਪਰ, ਤਿਲਕਵੇਂ ਚਿਪਸ ਦਾ ਫ਼ਰਸ਼; ਤੇ ਬੜੇ ਹੀ ਨਵੇਂ ਪੱਛਮੀ ਢੰਗ ਦੇ ਸੋਫ਼ੇ ਤੇ ਕੁਰਸੀਆਂ—ਜਿਨ੍ਹਾਂ ਦੀ ਨਿਸਬਤ ਤੇ ਜ਼ਾਵੀਏ ਕੁਝ ਏਨੇ ਅਜੀਬ ਹੁੰਦੇ ਹਨ ਕਿ ਬਹਿਣ ਤੋਂ ਪਹਿਲਾਂ ਹੀ ਡਿੱਗਣ ਦਾ ਸੰਸਾ ਲੱਗ ਜਾਂਦਾ ਹੈ।

ਕਮਰੇ ਵਿਚ ਹੱਥ ਦੀਆਂ ਬਣੀਆਂ ਚਾਰ ਤਸਵੀਰਾਂ ਲੱਗੀਆਂ ਹੋਈਆਂ ਸਨ: ਇਕ ਨੰਗੀ ਔਰਤ ਸ਼ਰਾਬ ਦੀ ਸੁਰਾਹੀ ਛਲਕਾ ਰਹੀ, ਦੂਜੀ ਤਸਵੀਰ ਵਿਚ ਮਲਕਾ ਵਿਕਟੋਰੀਆ ਦੇ ਚਰਨਾਂ ਕੋਲ ਰਾਜਿਆਂ ਵਰਗੀ ਪੁਸ਼ਾਕ ਵਿਚ ਤਮਗਿਆਂ ਦੀ ਪਾਲ ਹਿੱਕ ਨਾਲ ਲਾਈ ਇਕ ਬਜ਼ੁਰਗ ਬੈਠੇ ਸਨ, ਤੇ ਖੱਬੇ ਪਾਸੇ ਓਸ ਨਵੇਂ ਢੰਗ ਦੀ ਤਸਵੀਰ ਸੀ, ਜਿਸ ਥੱਲੇ ਜਿੰਨਾ ਚਿਰ ਕੋਈ ਨਾਂ ਨਾ ਲਿਖਿਆ ਹੋਵੇ ਤਾਂ ਤੁਸੀਂ ਉਹਨੂੰ ਕੁਝ ਵੀ ਸਮਝ ਲਓ ਜਾਂ ਕੁਝ ਵੀ ਨਾ ਸਮਝੋ, ਤੇ ਸੱਜੇ ਪਾਸੇ ਦੂਰ ਖੂੰਜੇ ਵਿਚ ਮਹਾਤਮਾ ਗਾਂਧੀ ਜੀ ਦੀ ਤਸਵੀਰ ਸੀ।

ਪਹਿਲਾ ਮੌਕਾ ਸੀ ਕਿ ਮੈਂ ਇਕ ਜਗੀਰਦਾਰ ਦੀ ਬੈਠਕ ਵਿਚ ਆਇਆ ਸਾਂ। ਕਿਤਾਬਾਂ ਵਿਚ ਇਨ੍ਹਾਂ ਬਾਰੇ ਪੜ੍ਹਿਆ ਸੀ, ਪਰ ਜਿਊਂਦੇ, ਸੱਚ-ਮੁੱਚ ਦੇ ਜਗੀਰਦਾਰ ਨਾਲ ਅੱਜ ਪਹਿਲੀ ਵਾਰ ਵਾਹ ਪੈਣ ਲੱਗਾ ਸੀ। ਓਸ ਬੀਰੋ ਦੀ ਖ਼ਾਤਰ ਜਿਹੜੀ ਛੋਟਿਆਂ ਹੁੰਦਿਆਂ ਮੇਰੀਆਂ ਭੈਣਾਂ ਨਾਲ ਗੁੱਡੀਆਂ-ਪਟੋਲੇ ਖੇਡਦੀ ਰਹੀ ਸੀ, ਤੇ ਘਰ ਘਰ ਪਾਂਦੀ ਰਹੀ ਸੀ। ਮੈਂ ਏਸ ਜਗੀਰਦਾਰ ਨਾਲ ਉਚੇਚੀ ਨਰਮਾਈ ਨਾਲ ਪੇਸ਼ ਆਣਾ ਸੀ। ਬੀਰੋ ਦੇ ਘਰ ਦੇ ਵਸਣ ਜਾਂ ਉਜੜਨ ਦਾ ਮਾਮਲਾ ਸੀ। ਉਹਦੀ ਗੋਦ ਵਿਚ ਆਉਣ ਵਾਲੀ ਗੁੱਡੀ ਦਾ ਮਾਮਲਾ ਸੀ।

ਸਰਦਾਰ ਜੀ ਆ ਗਏ। ਅਤਰ ਦੀ ਲਪਟ ਪਹਿਲਾਂ ਆਈ। ਰਸਮੀਆ ਹਾਲ ਚਾਲ ਪੁੱਛਣ ਮਗਰੋਂ ਉਨ੍ਹਾਂ ਕਿਹਾ, “ਤੁਸੀਂ ਬੀਰੋ ਦੇ ਮੁਤਅੱਲਕ ਆਏ ਹੋ?”

ਚੰਨਣ ਸਿੰਘ ਤੇ ਬੀਰੋ ਦਾ ਦਿਓਰ ਵੀ ਬੈਠਕ ਵਿਚ ਆ ਕੇ ਭੁੰਜੇ ਹੱਥ ਜੋੜ ਕੇ ਬਹਿ ਗਏ।

ਸਰਦਾਰ ਜੀ ਨੇ ਕਿਹਾ, “ਅਜਿਹਾ ਵਕੂਆ ਕਿਸੇ ਵੀ ਪਿੰਡ ਨੂੰ ਜ਼ੇਬ ਨਹੀਂ ਦੇਂਦਾ—ਤੇ ਖ਼ਾਸ ਤੌਰ ਉੱਤੇ ਸਾਡੇ ਪਿੰਡ ਨੂੰ ਤਾਂ ਉੱਕਾ ਹੀ ਨਹੀਂ। ਮੈਂ ਤਾਂ ਓਸੇ ਦਿਨ ਹੀ ਬਹੁਤ ਤਫ਼ਤੀਸ਼ ਕੀਤੀ। ਸਭ ਨੂੰ ਬੁਲਾ ਕੇ ਪੁੱਛਿਆ, ਪੁਲਸ ਵੀ ਆਈ, ਪਰ ਕੁਝ ਨਹੀਂ ਕਰ ਸਕੀ। ਪੁਲਸ ਵਾਲੇ ਵੀ ਹਕ ਬਜਾਨਬ ਨੇ। ਹਾਈਂ ਮਾਈਂ ਉਹ ਅਗਵਾ ਦੀ ਵਾਰਦਾਤ ਨੂੰ ਹੱਥ ਨਹੀਂ ਪਾਂਦੇ। ਇਹ ਉਧਲ-ਗਈਆਂ ਕਚਹਿਰੀ ਜਾ ਕੇ ਆਮ ਤੌਰ ਤੇ ਇਨਕਾਰੀ ਹੋ ਜਾਂਦੀਆਂ ਨੇ, ਤੇ ਇਸ ਤਰ੍ਹਾਂ ਥਾਣੇ ਦੇ ਰੀਕਾਰਡ ਉੱਤੇ ਹਰਫ਼ ਆ ਜਾਂਦਾ ਏ। ਅੱਜ ਕਲ ਤਾਂ ਜ਼ਮਾਨੇ ਨੂੰ ਮਾਰ ਹੀ ਅਜਿਹੀ ਵਗ ਗਈ ਏ। ਅਮੂਮਨ ਤੱਕਿਐ ਜਵਾਨ ਜ਼ਨਾਨੀਆਂ ਕੱਢਣ ਵਾਲਿਆਂ ਨਾਲ ਪਹਿਲਾਂ ਤੋਂ ਹੀ ਰਲੀਆਂ ਹੁੰਦੀਆਂ ਨੇ!”

ਚੰਨਣ ਸਿੰਘ ਹੱਥ ਜੋੜ ਕੇ ਬੋਲ ਪਿਆ, “ਹਜ਼ੂਰ, ਮੇਰੀ ਧੀ ਇਹੋ ਜਿਹੀ ਨਹੀਂ ਜੇ, ਮੇਰੀ ਬੀਰੋ ਇਹੋ ਜਿਹੀ ਨਹੀਂ ਜੇ। ਆਪਣਾ ਧੀ ਪੁੱਤ ਕਿਸ ਤੋਂ ਗੁੱਝਾ ਹੁੰਦਾ ਏ? ਬੇਸ਼ੱਕ ਤੱਤੇ ਕੜਾਹੇ ਵਿਚ ਹੱਥ ਪੁਆ ਕੇ ਮੇਰੇ ਕੋਲੋਂ ਉਹਦਾ ਧਿਆ ਲੈ ਲਓ।” ਰਤਾ ਠਹਿਰ ਕੇ ਫੇਰ ਉਹਨੇ ਬੜੇ ਹਿਰਖ ਨਾਲ ਕਿਹਾ, “ਇਨ੍ਹਾਂ ਸਰਦਾਰ ਹੁਰਾਂ ਕੋਲੋਂ ਭਾਵੇਂ ਪੁੱਛ ਲਓ, ਇਨ੍ਹਾਂ ਦੀਆਂ ਭੈਣਾਂ ਨਾਲ ਨਿੱਕੇ ਹੁੰਦਿਆਂ ਬੀਰੋ ਖੇਡਦੀ ਹੁੰਦੀ ਸੀ। ਇਨ੍ਹਾਂ ਦੀਆਂ ਭੈਣਾਂ ਕੋਲੋਂ ਹੀ ਓਸ ਉੜਾ-ਐੜਾ ਸਿੱਖਿਆ ਸੀ। ਵਿਆਹੋਂ ਪਹਿਲਾਂ ਇਨ੍ਹਾਂ ਦੇ ਘਰੀਂ ਹੀ ਕੰਮ ਕਰਦੀ ਰਹੀ ਏ—ਮਜਾਲ ਏ ਕਦੇ ਇਕ ਵੀ ਉਲਾਂਭਾ ਆਇਆ ਹੋਵੇ!”

ਮੈਂ ਬੜੇ ਜ਼ੋਰ ਨਾਲ ਪ੍ਰੌੜ੍ਹਤਾ ਕੀਤੀ।

ਪਰ ਸਰਦਾਰ ਜੀ ਆਪਣੀ ਚੁਸਤ ਬਿਰਜਿਸ ਉੱਤੇ ਹੱਥ ਫੇਰਦੇ ਰਹੇ ਤੇ ਕਹਿੰਦੇ ਗਏ, “ਅੱਜ ਕਲ ਦੇ ਜ਼ਮਾਨੇ ਵਿਚ ਸੱਚ ਪੁੱਛੋ ਤਾਂ ਆਪਣੇ ਨਜ਼ਦੀਕੀਆਂ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ, ਤੇ ਇਹ ਬੀਰੋ ਤਾਂ ਕਮੀਣਾਂ ਦੀ ਧੀ ਠਹਿਰੀ। ਸਾਡੀ ਤੁਹਾਡੀ ਕੁਝ ਹੋਰ ਗੱਲ ਏ। ਇਨ੍ਹਾਂ ਦੇ ਘਰੀਂ ਖਾਣ ਨੂੰ ਤਾਂ ਬਸ ਵਾਹਿਗੁਰੂ ਦਾ ਨਾਂ ਹੀ ਹੁੰਦਾ ਏ, ਫਾਕੇ ਖਾਣ ਨੂੰ ਤੇ ਪਿੰਡੇ ਹੰਢਾਣ ਨੂੰ। ਤੇ ਜਿਹੜੇ ਪਰਾਏ ਪੁੱਤ ਕੱਢ ਕੇ ਲਿਜਾਂਦੇ ਨੇ ਉਹ ਪਹਿਲਾਂ ਤਾਂ ਉਹ ਸਬਜ਼ ਬਾਗ਼ ਵਿਖਾਂਦੇ ਨੇ ਕਿ ਰਹੇ ਰੱਬ ਦਾ ਨਾਂ—ਰੇਸ਼ਮ, ਗਹਿਣੇ ਤੇ ਖਾਣ ਪੀਣ ਨੂੰ ਸਭੇ ਨਿਆਮਤਾਂ। ਤੇ ਕੁਝ ਦਿਨਾਂ ਪਿੱਛੋਂ ਕਚਹਿਰੀ ਜਾ ਕੇ ਇਹ ਉੱਧਲ-ਜਾਣੀਆਂ ਆਪਣੇ ਘਰਦਿਆਂ ਵੱਲੋਂ ਅੱਖਾਂ ਫੇਰ ਕੇ ਇਨ੍ਹਾਂ ਨਵੇਂ ਲੱਭੇ ਯਾਰਾਂ ਵੱਲ ਹੋ ਜਾਂਦੀਆਂ ਨੇ। ਫੱਟ ਬਿਆਨ ਦੇ ਦੇਂਦੀਆਂ ਨੇ, ‘ਜੀ ਸਾਨੂੰ ਇਹ ਕੱਢ ਕੇ ਨਹੀਂ ਲਿਆਏ, ਅਸੀਂ ਮਰਜ਼ੀ ਨਾਲ ਆਈਆਂ ਵਾਂ’।” ਸਰਦਾਰ ਜੀ ਦੀ ਨਜ਼ਰ ਸਾਹਮਣੀ ਕੰਧ ਉੱਤੇ ਸ਼ਰਾਬ ਦੀ ਸੁਰਾਹੀ ਛਲਕਾਂਦੀ ਅਲਫ਼ ਨੰਗੀ ਔਰਤ ਉੱਤੇ ਜਾ ਟਿਕੀ, ਤੇ ਉਹ ਕਹਿੰਦੇ ਗਏ, “ਤੇ ਫੇਰ ਔਰਤ ਦੀ ਆਖ਼ਰ ਸਭ ਤੋਂ ਵੱਡੀ ਨਿਆਮਤ...” ਤੇ ਸਰਦਾਰ ਜੀ ਇਨ ਬਿਨ ਬਾਜ਼ਾਰਾਂ ਵਿਚ ਮਜਮੇ ਲਾ ਕੇ ਮਰਦਮੀ ਤਾਕਤ ਦੀਆਂ ਦਵਾਈਆਂ ਵੇਚਣ ਵਾਲਿਆਂ ਦੀ ਬੋਲੀ ਬੋਲਣ ਲੱਗ ਪਏ।

ਗਾਂਧੀ ਜੀ ਦੀ ਤਸਵੀਰ ਵੱਲ ਮੇਰੀ ਨਜ਼ਰ ਚਲੀ ਗਈ। ਇਕ ਵਾਰ ਗਾਂਧੀ ਜੀ ਨੇ ਕਿਹਾ ਸੀ, ‘ਜਗੀਰਦਾਰ ਮੁਜ਼ਾਰਿਆਂ ਦੇ ਮਿਹਰਬਾਨ ਪਿਓ ਹੁੰਦੇ ਹਨ।’ …ਇਕ ‘ਪਿਓ’ ਆਪਣੀ ‘ਧੀ’ ਬਾਰੇ ਗੱਲਾਂ ਕਰ ਰਿਹਾ ਸੀ!

ਮੇਰੇ ਕੰਨ ਗਰਮ ਹੁੰਦੇ ਜਾਂਦੇ ਸਨ। ਮੈਨੂੰ ਹਿੰਮਤ ਨਹੀਂ ਸੀ ਪੈਂਦੀ ਕਿ ਮੈਂ ਚੰਨਣ ਸਿੰਘ ਵੱਲ ਅੱਖਾਂ ਕਰ ਸਕਾਂ। ਇਹ ਸਭ ਕੁਝ ਉਹਦੇ ਸਾਹਮਣੇ ਹੀ ਕਿਹਾ ਜਾ ਰਿਹਾ ਸੀ।

ਬੁੱਢਾ ਨੌਕਰ ਚਾਹ ਲੈ ਆਇਆ। ਚੰਨਣ ਸਿੰਘ ਤੇ ਬੀਰੋ ਦਾ ਦਿਓਰ ਚਾਹ ਆਈ ਤੱਕ ਕੇ ਬਾਹਰ ਚਲੇ ਗਏ।

ਸਰਦਾਰ ਜੀ ਨੇ ਮੇਰੇ ਕੋਲੋਂ ਪੁੱਛਿਆ, “ਚਾਹ ਹੀ ਪੀਓਗੇ, ਜਾਂ ਹੋਰ ਵੀ ਕੁਝ?

ਉੱਕਾ ਸੰਗ ਨਾ ਕਰਨੀ—ਏਥੇ ਕਾਸੇ ਦੀ ਘਾਟ ਨਹੀਂ,” ਤੇ ਉਨ੍ਹਾਂ ਨੌਕਰ ਨੂੰ ਵ੍ਹਿਸਕੀ ਲਿਆਣ ਲਈ ਕਿਹਾ।

ਮੇਰੀ ਦੌੜ ਨਿਰੀ ਚਾਹ ਤੱਕ ਹੀ ਜਾਣ ਕੇ ਉਨ੍ਹਾਂ ਨੂੰ ਦੁੱਖ ਹੋਇਆ, “ਸਰਦਾਰ ਜੀ, ਆਪਣੇ ਚਾਹ ਦੇ ਪਿਆਲੇ ਵਿਚ ਹੀ ਇਕ ਦੋ ਬੂੰਦਾਂ ਏਸ ‘ਸੰਜੀਵਨੀ’ ਦੀਆਂ ਪੁਆ ਲਓ।”

ਤੇ ਫੇਰ ਉਨ੍ਹਾਂ ਮੇਰੇ ਅੱਗੇ ਆਪਣੇ ਖ਼ਾਨਦਾਨ ਦੀ ਤਾਰੀਖ਼ ਛੁਹ ਲਈ। ਉਹ ਮਲਕਾ ਵਿਕਟੋਰੀਆ ਦੇ ਚਰਨਾਂ ਵਿਚ ਸਸ਼ੋਭਤ ਉਨ੍ਹਾਂ ਦੇ ਪੜਦਾਦਾ ਜੀ ਸਨ। ਉਨ੍ਹਾਂ ਨੂੰ ਗ਼ਦਰ ਵੇਲੇ ਇਹ ਤਮਗ਼ੇ ਮਿਲੇ ਸਨ, ਤੇ ਇਹ ਸਾਰੀਆਂ ਮਿਲਖਾਂ ਜਗੀਰਾਂ। ਜੇ ਮੇਰੇ ਕੋਲ ਵਕਤ ਹੁੰਦਾ ਤਾਂ ਉਹ ਮਲਕਾ ਵਿਕਟੋਰੀਆ ਦਾ ਖ਼ਤ ਵੀ ਮੈਨੂੰ ਵਿਖਾ ਸਕਦੇ ਸਨ। ਉਨ੍ਹਾਂ ਦੱਸਿਆ ਇਕ ਰਿਆਸਤ ਦਾ ਰਾਜਾ ਉਨ੍ਹਾਂ ਦੇ ਭਤੀਜੇ ਦੇ ਮਾਮੇ ਦਾ ਤਾਇਆ ਸੀ, ਤੇ ਦੂਜੀ ਦਾ ਉਨ੍ਹਾਂ ਦੇ ਤਾਏ ਦੇ ...ਤੇ ਉਹ ਜਿਹੜੀ ਤਸਵੀਰ ਸੀ—ਸ਼ਰਾਬ ਛਲਕਾਂਦੀ ਨੰਗੀ ਔਰਤ ਦੀ, ਉਹ ਇਕ ਮੇਮ ਨੇ ਉਨ੍ਹਾਂ ਲਈ ਆਪ ਬਣਾਈ ਸੀ। ਤੇ ਉਨ੍ਹਾਂ ਮੈਨੂੰ ਦੱਸਿਆ, ਉਹ ਮੇਮ ਆਪ ਇਨ ਬਿਨ ਏਸ ਤਸਵੀਰ ਵਿਚਲੀ ਔਰਤ ਨਾਲ ਰਲਦੀ ਸੀ, “ਉਸ ਕਦੇ ਅੱਜ ਏਥੇ ਹੁੰਦੀ ਤਾਂ ਤੁਸੀਂ ਬੜੇ ਖੁਸ਼ ਹੁੰਦੇ। ਅਸੀਂ ਤਾਂ ਬੁੱਢੇ ਹੋ ਗਏ ਹਾਂ। ਹੀ…ਹੀ…। ਪਰ ਹੁਣ ਉਹ ਸਮੇਂ ਕਿੱਥੇ? ਅੰਗਰੇਜ਼ਾਂ ਦੇ ਵੇਲੇ ਦੀਆਂ ਗੱਲਾਂ ਹੀ ਹੋਰ ਸਨ। ਇਹ ਮੇਮ ਕੁੜੀਆਂ ਦੇ ਸਕੂਲਾਂ ਦੀ ਵੱਡੀ ਇਨਸਪੈਕਟਰ ਸੀ, ਤੇ ਉਹਨੂੰ ਸਾਡੇ ਪਿੰਡਾਂ ਦੀਆਂ ਤਸਵੀਰਾਂ ਬਣਾਨ ਦਾ ਬੜਾ ਸ਼ੌਕ ਸੀ। ਏਸ ਲਈ ਕਦੇ ਕਦੇ ਛੁੱਟੀਆਂ ਵਿਚ ਮੇਰੇ ਕੋਲ ਆਣ ਰਹਿੰਦੀ ਸੀ। ਸੱਚੀ ਗੱਲ ਏ, ਇਨ੍ਹਾਂ ਅੰਗਰੇਜ਼ਾਂ ਨੂੰ ਆਰਟ ਦਾ ਬੜਾ ਸ਼ੌਕ ਹੁੰਦਾ ਏ, ਬੜੀ ਤਹਿਜ਼ੀਬ-ਯਾਫ਼ਤਾ ਕੌਮ ਏ।”

ਤੇ ਉਨ੍ਹਾਂ ਅਲਫ਼ ਨੰਗੀ ਔਰਤ ਦੀ ਤਸਵੀਰ ਵੱਲ—ਜਿਹੜੀ ਉਹ ਦੱਸਦੇ ਸਨ ਕਿ ਓਸ ਮੇਮ ਨਾਲ ਇਨ ਬਿਨ ਰਲਦੀ ਸੀ—ਬੜੀ ਹਸਰਤ ਨਾਲ ਤੱਕਦਿਆਂ ਕਿਹਾ, “ਲੱਦ ਗਏ ਜੀ ਉਹ ਜ਼ਮਾਨੇ! ਹੁਣ ਤੇ ਸੱਚ ਪੁੱਛੋ ਇਹ ਜੁੱਲੀ-ਚੁੱਕ ਸਾਨੂੰ ਚੈਨ ਹੀ ਨਹੀਂ ਲੈਣ ਦੇਂਦੇ। ਮੇਰਾ ਹੀ ਹਾਲ ਤੱਕੋ! ਨਾਂ ਨੂੰ ਮੈਂ ਬੜਾ ਸਰਦਾਰ ਹਾਂ, ਪਰ ਮੇਰੀ ਨੱਕ-ਜਿੰਦ ਕਰ ਰੱਖੀ ਏ ਇਨ੍ਹਾਂ ਜੁੱਲੀ-ਚੁੱਕਾਂ। ਜ਼ਮੀਨ ਮੇਰੀ ਵਾਂਹਦੇ ਨੇ, ਤੇ ਜਦੋਂ ਮੁਖ਼ਤਿਆਰ ਬਟਾਈ ਲੈਣ ਜਾਂਦੇ ਨੇ ਤਾਂ ਅੱਗੋਂ ਧੜੀ-ਧੜੀ ਜਿੱਡਾ ਸਿਰ ਹਿਲਾ ਕੇ ਇਹ ਕਹਿ ਛੱਡਦੇ ਨੇ, ‘ਬਟਾਈ ਨਹੀਂ ਦੇਣੀ।’ ਤੇ ਜੇ ਹਾਰ ਕੇ ਮੈਂ ਆਪ ਟਰੈਕਟਰਾਂ ਨਾਲ ਵਹਾਣਾ ਚਾਹਾਂ ਤਾਂ ਫੇਰ ਫ਼ਸਾਦ! ਬਜ਼ੁਰਗ ਦੱਸਦੇ ਹੁੰਦੇ ਸਨ ਕਿ ਪਹਿਲੀਆਂ ਵਿਚ ਜੇ ਕਿਸੇ—ਕਮੀਣ ਨੇ ਕੰਮੋਂ ਘੇਸ ਮਾਰਨ ਲਈ ਕਹਿਣਾ, ‘ਤਾਪ ਹੁੰਦਾ ਏ ਸਰਦਾਰ ਜੀ’, ਤਾਂ ਝੱਟ ਪੈਰਾਂ ਨਾਲ ਉਹਦੇ ਪਿੰਡੇ ਦਾ ਤਾਪ ਤੱਕ ਲਈਦਾ ਸੀ, ਮਤੇ ਖੇਖਣ ਹੀ ਨਾ ਕਰਦਾ ਹੋਏ। ਓਦੋਂ ਹੱਥ ਥੋੜ੍ਹਾ ਲਾਈਦਾ ਸੀ ਇਨ੍ਹਾਂ ਨੂੰ। ਤੇ ਹੁਣ ਤਾਂ ਉਹ ਬੈਠਕ ਵਿਚ ਆਣ ਸਾਡੇ ਮੁੱਢ ਡਟਦੇ ਨੇ।”

ਸਰਦਾਰ ਜੀ ਕੁਝ ਚਿਰ ਫ਼ਰਸ਼ ਦੇ ਓਸ ਟੁਕੜੇ ਨੂੰ ਨੀਝ ਲਾ ਕੇ ਤੱਕਦੇ ਰਹੇ ਜਿਥੋਂ ਚੰਨਣ ਸਿੰਘ ਤੇ ਬੀਰੋ ਦਾ ਦਿਓਰ ਹੁਣੇ ਹੁਣੇ ਉੱਠ ਕੇ ਗਏ ਸਨ।

ਫੇਰ ਦੋ ਘੁੱਟ ਭਰ ਕੇ ਉਨ੍ਹਾਂ ਮੈਨੂੰ ਕਿਹਾ, “ਤੁਹਾਡਾ ਚੰਨਣ ਸਿੰਘ ਨਾਲ ਵਾਹਵਾ ਰਸੂਖ਼ ਜਾਪਦਾ ਏ। ਜੇ ਤੁਸੀਂ ਉਹਨੂੰ ਕਹੋ ਕਿ ਉਹ ਆਪਣੇ ਕੁੜਮਾਂ ਨੂੰ ਸਮਝਾਏ—ਹਾਂ, ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਵਾਂ। ਓਧਰ ਚੜ੍ਹਦੇ ਬੰਨੇ ਮੇਰੀ ਬੜੀ ਮੋਟੀ ਜ਼ਮੀਨ ਏ। ਪਰ ਉਹਦੇ ਉੱਪਰ ਵਾਹੀ ਕਰਦੇ ਮੁਜ਼ਾਰੇ ਵੀ ਬੜੇ ਕੁੱਤੇ ਦੇ ਬੀ ਨੇ। ਕਿੰਨੀ ਦੇਰ ਤੋਂ ਉਨ੍ਹਾਂ ਦੇ ਖ਼ਿਲਾਫ਼ ਮੈਂ ਮੁਕਦਮੇ ਚਲਾਏ ਹੋਏ ਨੇ—ਪਰ ਉਹ ਦਖ਼ਲ ਹੀ ਨਹੀਂ ਛੱਡਦੇ। ਪਿੱਛੇ ਜਿਹੇ ਉਨ੍ਹਾਂ ਦੇ ਕੁਝ ਬੰਦੇ ਮੇਰੇ ਬਾਗ਼ ਵਿਚੋਂ ਕਿੰਨੇ ਸਾਰੇ ਦਰਖ਼ਤ ਬਾਲਣ ਲਈ ਵੱਢ ਕੇ ਲੈ ਗਏ ਸਨ। ਮੈਂ ਇਸ ਚੋਰੀ ਬਾਰੇ ਵੀ ਉਨ੍ਹਾਂ ਉੱਤੇ ਇਕ ਮੁਕੱਦਮਾ ਕੀਤਾ ਹੋਇਆ ਏ। ਪਰ ਮੇਰੇ ਹੱਕ ਵਿਚ ਗੁਆਹੀ ਦੇਂਦਿਆਂ ਸਭਨਾਂ ਨੂੰ ਜਿਵੇਂ ਮੌਤ ਪੈਂਦੀ ਏ! ਥਾਣੇਦਾਰ ਆਪਣਾ ਬੜਾ ਸਨੇਹੀ ਏ, ਉਹਨੇ ਸਾਰੇ ਪਿੰਡ ਨੂੰ ਓਹ ਤੌਣੀ ਚਾੜ੍ਹੀ ਕਿ ਸਵਾਦ ਆ ਗਿਆ। ਪਰ ਫੇਰ ਵੀ ਕੋਈ ਸੂਰ ਨਹੀਂ ਮੰਨਿਆ। ਪਤਾ ਨਹੀਂ ਕਿਹੋ ਜਹੇ ਦਿਨ ਆ ਗਏ ਨੇ! ਉਮਰਾਂ ਤੋਂ ਇਹ ਤੇ ਇਨ੍ਹਾਂ ਦੇ ਵਡੇਰੇ ਸਾਡਾ ਤੇ ਸਾਡੇ ਬਜ਼ੁਰਗਾਂ ਦਾ ਨਿਮਕ ਖਾਂਦੇ ਰਹੇ ਨੇ, ਪਰ ਉਸ ਨਿਮਕ ਦਾ ਵੀ ਹੁਣ ਕਿਸੇ ਨੂੰ ਪਾਸ ਨਹੀਂ ਰਿਹਾ।”

ਸਰਦਾਰ ਜੀ ਨੇ ਬਦੋ ਬਦੀ ਮੇਰੇ ਲਈ ਚਾਹ ਦੇ ਪਿਆਲੇ ਵਿਚ ਆਪਣੀ ‘ਸੰਜੀਵਨੀ’ ਦੀਆਂ ਬੂੰਦਾਂ ਪਾਂਦਿਆਂ ਕਿਹਾ, “ਮੈਂ ਆਖ ਰਿਹਾ ਸਾਂ ਤੁਹਾਡਾ ਚੰਨਣ ਨਾਲ ਵਾਹਵਾ ਰਸੂਖ਼ ਜਾਪਦਾ ਏ। ਤੁਸੀਂ ਉਹਨੂੰ ਕਹੋ ਉਹ ਆਪਣੇ ਕੁੜਮਾਂ ਨੂੰ ਸਮਝਾਏ, ਤੇ ਉਹ ਏਸ ਬਾਲਣ ਦੇ ਮੁਕੱਦਮੇ ਵਿਚ ਮੇਰੇ ਵੱਲੋਂ ਗੁਆਹ ਭੁਗਤ ਜਾਣ। ਦੇਖੋ ਜੀ ਗੌਂ ਭੁਨਾਵੇ ਜੌਂ। ਭਾਵੇਂ ਮੈਨੂੰ ਇਨ੍ਹਾਂ ਚੂ…ਚਪੜੀਆਂ ਉੱਤੇ ਉੱਕਾ ਇਤਬਾਰ ਨਹੀਂ, ਪਰ ਫੇਰ ਵੀ ਮੈਂ ਬੀਰੋ ਲਈ ਪੂਰੀ ਵਾਹ ਲਾ ਦਿਆਂਗਾ। ਮੇਰਾ ਬਚਨ ਰਿਹਾ। ...ਨਾਲੇ ਤੁਹਾਡੇ ਵਰਗੇ ਗੁਰਮੁਖਾਂ ਦੇ ਆਉਣ ਦਾ ਕਦਰ ਵੀ ਤਾਂ ਪਾਣਾ ਹੋਇਆ। ਹਾਂ, ਤੁਸੀਂ ਚੰਨਣ ਸਿੰਘ ਨੂੰ ਪੱਕੀ ਕਰ ਦੇਣੀ।...”

ਇਕ ਕਰੀਚ ਨਾਲ ਮੈਂ ਰਾਣੀਪੁਰੇ ਦੇ ਸਰਦਾਰ ਦੀ ਬੈਠਕ ਵਿਚੋਂ ਬਾਹਰ ਨਿਕਲ ਆਇਆ।

[1956]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •