Ik Milni (Punjabi Story) : Navtej Singh
ਇਕ ਮਿਲਣੀ (ਕਹਾਣੀ) : ਨਵਤੇਜ ਸਿੰਘ
“ਤੇਜੀ…” ਇਕ ਵਾਜ ਦਾ ਭੁਲੇਖਾ ਜਿਹਾ ਮੈਨੂੰ ਪਿਆ।
ਵਾਜ ਕਾਹਦੀ, ਬੀਤੇ ਸਾਲਾਂ ਦੀ ਸੁਗੰਧ ਜਿਵੇਂ ਮੇਲੇ ਕੋਲ ਆਣ ਰੁਮਕੀ ਹੋਏ। ਏਸ ਨਾਂ ਨਾਲ ਮੈਨੂੰ ਜਾਂ ਮੇਰੀ ਮਾਂ ਬੁਲਾਂਦੀ ਹੈ, ਤੇ ਜਾਂ ਕੋਈ ਬੜਾ ਪਿਆਰਾ ਦੋਸਤ। ਪਰ ਹੁਣ ਚਿਰਾਂ ਤੋਂ ਕਿਸੇ ਇਸ ਤਰ੍ਹਾਂ ਨਹੀਂ ਸੀ ਬੁਲਾਇਆ।
ਮੈਂ ਏਧਰ ਉਧਰ ਵੇਖਿਆ, ਤੇ ਫੇਰ ਆਪਣੀਆਂ ਖ਼ਾਹਿਸ਼ਾਂ ਤੋਂ ਉਪਜੇ ਏਸ ਕੰਨ-ਭਰਮ ਤੇ ਹੱਸ ਪਿਆ। ਏਥੇ ਸਿਰੀ ਨਗਰ ਵੱਲ ਜਾਂਦੀ ਸੜਕ ਦੇ ਨਿੱਕੇ ਜਿਹੇ ਪੜਾਅ ਉੱਤੇ, ਕੌਣ ਇੰਜ ਮੈਨੂੰ ਬੁਲਾ ਸਕਦਾ ਸੀ! ਕੋਈ ਵੀ ਮੇਰੇ ਸਾਹਮਣੇ ਨਹੀਂ ਸੀ, ਸਿਰਫ਼ ਸੜਕ ਦੇ ਥੱਲੇ ਝਨਾਂ ਸ਼ੂਕਦੀ ਵਹਿ ਰਹੀ ਸੀ (ਜਦੋਂ ਇਹ ਪੰਜਾਬ ਦੀ ਧਰਤੀ ਤੇ ਨਾ ਵਹਿ ਰਹੀ ਹੋਵੇ, ਕੀ ਓਦੋਂ ਵੀ ਅਸੀਂ ਇਹਨੂੰ ਝਨਾਂ ਆਖ ਸਕਦੇ ਹਾਂ?), ਸ਼ਾਇਦ ਇਹਦੀ ਵਾਜ ਨੇ ਈ ਮੇਰੇ ਅੰਦਰੋਂ ਬੀਤੇ ਨੂੰ ਜਗਾ ਦਿੱਤਾ ਹੋਵੇ, ਤੇ ਮੇਰੇ ਕੰਨ ਬੋਲ ਪਏ ਹੋਣ।
ਇਕ ਮੁੰਡਾ ਮੇਰੇ ਵੱਲ ਆਉਂਦਾ ਦਿਸਿਆ। ਉਸ ਨੇੜੇ ਪੁੱਜ ਕੇ ਮੈਨੂੰ ਕਿਹਾ,
“ਤੁਹਾਨੂੰ ਮੇਰੇ ਆਪਾ ਜੀ ਬੁਲਾ ਰਹੇ ਨੇ—ਓਥੇ।”
ਮੈਂ ਹੈਰਾਨ ਉਹਦੇ ਨਾਲ ਤੁਰ ਪਿਆ ਤੇ ਉਹ ਮੈਨੂੰ ਪੁਚਾ ਤੇ ਆਪ ਚਲਿਆ ਗਿਆ।
ਸ਼ੀਰੀਂ ਸਾਹਮਣੇ ਖਲੋਤੀ ਸੀ, “ਤੇਜੀ, ਤੂੰ ਤੇ ਆਉਂਦਾ ਹੀ ਨਹੀਂ ਸੈਂ। ਮੈਂ ਈ ਤੈਨੂੰ ਬੁਲਾਇਆ ਨਾ ਆਖ਼ਰ!”
ਕਿੰਨੀ ਦਲੇਰੀ ਨਾਲ ਉਹ ਮੇਰੇ ਜਵਾਬ ਤੋਂ ਬਿਨਾਂ ਏਨੀ ਦੂਰੋਂ ਮੈਨੂੰ ਵਾਜਾਂ ਮਾਰਦੀ
ਰਹੀ ਸੀ, ਤੇ ਹੁਣ ਸੰਗ ਦੀ ਇਕ ਸੂਹੀ ਭਾਅ ਉਹਦੀਆਂ ਗੱਲ੍ਹਾਂ ਤੇ ਖਿੰਡੀ ਹੋਈ ਸੀ।
“ਸ਼ੀਰੀਂ...ਤੂੰ ਇਥੇ!”
ਤੇ ਉਹਦੀਆਂ ਗੱਲ੍ਹਾਂ ਦਾ ਸੂਹਾਪਨ ਤੱਕ ਕੇ ਪਤਾ ਨਹੀਂ ਮੈਨੂੰ ਬੁਗਨਵੇਲੀਆ ਦੀ ਉਹ ਵੇਲੇ ਕਿਉਂ ਯਾਦ ਆ ਗਈ ਜਿਹੜੀ ਸਾਡੇ ਘਰ ਅੱਗੇ ਲੱਗੀ ਹੋਈ ਸੀ। ਜਦੋਂ ਸ਼ੀਰੀਂ ਨੇ ਲਿਖਿਆ ਸੀ ਕਿ ਉਹ ਅਗਲੇ ਮਹੀਨੇ ਮੇਰੇ ਘਰ ਆਵੇਗੀ ਤਾਂ ਮੈਂ ਉਚੇਚੇ ਧਿਆਨ ਨਾਲ ਇਹਦੇ ਵਿਚੋਂ ਮਰੇ ਹੋਏ ਫੁੱਲ ਲਾਹੇ ਸਨ, ਤੇ ਇਹਨੂੰ ਇਸ ਖਿਆਲ ਨਾਲ ਛਾਂਗਿਆ ਸੁਆਰਿਆ ਸੀ ਕਿ ਸ਼ੀਰੀਂ ਨੂੰ ਮਲਾਈ-ਰੰਗੀਆਂ ਕੰਧਾਂ ਨਾਲ ਲੱਗੀ ਇਹ ਸਾਵੀ ਸੂਹੀ ਵੇਲ ਚੰਗੀ ਚੰਗੀ ਜਾਪੇਗੀ। ਪਰ ਜਦੋਂ ਉਹਨੇ ਆਉਣਾ ਸੀ, ਓਦੋਂ ਇਹ ਘਰ ਉਹਦੇ ਲਈ ਪ੍ਰਦੇਸ ਹੋ ਗਿਆ। ਓਦੋਂ ਪੰਜਾਬ ਦੋ ਹੋ ਗਏ, ਸ਼ੀਰੀਂ ਦਾ ਹੋਰ, ਤੇਜੀ ਦਾ ਹੋਰ ਤੇ ਦੋਹਾਂ ਵਿਚਾਲੇ ਇਕ ਹੱਦ, ਇਕ ਪਹਾੜ—ਜਿਸ ਨੂੰ ਦੋਸਤੀਆਂ ਦੀ ਝਨਾਂ ਵੀ ਪਾਰ ਨਹੀਂ ਸੀ ਕਰ ਸਕਦੀ। ਓਦੋਂ ਤੋਂ ਮੈਨੂੰ ਸੂਹਾ ਬੁਗਨਵੇਲੀਆ ਲਹੂ ਦੀਆਂ ਛਿੱਟਾਂ ਜਾਪਣ ਲੱਗ ਪਿਆ ਸੀ, ਫੁੱਲ ਟਾਵੇਂ ਤੇ ਲਹੂ ਦੀਆਂ ਛਿੱਟਾਂ ਹਰ ਥਾਂ...
“ਚੁੱਪ ਕਿਉਂ ਹੋ ਗਿਆ?” ਸ਼ੀਰੀਂ ਨੇ ਡੂੰਘੀ ਨੀਝ ਨਾਲ ਤੱਕ ਕੇ ਕਿਹਾ।
ਕਾਲਜ ਵਿਚ ਬੀਤੇ ਸਾਲਾਂ ਦੀਆਂ ਯਾਦਾਂ ਦੀ ਡਾਰ ਉਹਦੀਆਂ ਅੱਖਾਂ ਵਿਚੋਂ ਉੱਡ ਕੇ ਮੇਰੇ ਵੱਲ ਆਈ, ਤੇ ਆਉਂਦੀ ਰਹੀ...
“ਇਥੇ ਤੂੰ ਕਿਵੇਂ ਤੇਜੀ? ਅੱਜ-ਕੱਲ੍ਹ ਹਿੰਦੁਸਤਾਨੀ ਸਿਪਾਹੀਆਂ ਤੇ ਕਬਾਇਲੀਆਂ ਦੇ ਸਿਵਾ ਤਾਂ ਕਸ਼ਮੀਰ ਵਿਚ ਕੋਈ ਨਹੀਂ ਆਉਂਦਾ।”
ਮੈਂ ਉਹਨੂੰ ਦੱਸਿਆ ਕਿ ਕਸ਼ਮੀਰ ਦੀ ਨਵੀਂ ਸਰਕਾਰ ਨੇ ਕੁਝ ਲਿਖਾਰੀਆਂ ਨੂੰ ਕਸ਼ਮੀਰ ਦੀ ਹਾਲਤ ਦੇਖਣ ਲਈ ਬੁਲਾਇਆ ਸੀ, ਉਹਨਾਂ ਨਾਲ ਮੈਂ ਵੀ ਆਇਆ ਸਾਂ।
ਉਹਨੇ ਆਪਣੇ ਬਾਰੇ ਦੱਸਿਆ ਕਿ ਉਹ ਏਸ ਸਾਲ ਮਈ ਵਿਚ ਆਪਣੇ ਘਰ ਦਿਆਂ ਨਾਲ ਕਸ਼ਮੀਰ ਗਰਮੀਆਂ ਬਿਤਾਣ ਆਈ ਸੀ। ਪਰਤਣ ਵੇਲੇ ਪੰਜਾਬ ਵਿਚ ਫ਼ਸਾਦ ਹੋ ਗਏ ਤੇ ਫੇਰ ਕਸ਼ਮੀਰ ਉੱਤੇ ਹਮਲਾ, ਤੇ ਉਹ ਸਾਰੇ ਵਾਪਸ ਨਾ ਜਾ ਸਕੇ।
“ਹਾਂ, ਹੁਣ ਮੈਂ ਵਾਪਸ ਆਪਣੇ ਘਰ ਨਹੀਂ ਜਾ ਸਕਦੀ। ਇੱਥੋਂ ਹੀ ਪੰਜਾਬ ਵੱਲ ਵਹਿੰਦੀ ਝਨਾਂ ਨੂੰ ਤੱਕਦੀ ਰਹਿੰਦੀ ਹਾਂ,” ਤੇ ਉਹ ਮੇਰੀ ਬਾਂਹ ਫੜ ਥੱਲੇ ਝਨਾਂ ਵੱਲ ਤੁਰ ਪਈ, ਜਿਵੇਂ ਕਿਸੇ ਮਿੱਠੇ ਸੁਪਨੇ ਵਿਚ। ਅਸੀਂ ਵੱਡੇ ਵੱਡੇ ਪੱਥਰਾਂ ਤੋਂ ਲੰਘ ਕੇ ਅਖੀਰ ਸ਼ੂਕਦੇ ਪਾਣੀਆਂ ਕੋਲ ਚੁੱਪ ਬਹਿ ਗਏ।
ਸ਼ੀਰੀਂ ਨੇ ਬੋਲਣ ਵਿਚ ਪਹਿਲ ਕੀਤੀ, “ਪਤਾ ਨਹੀਂ, ਪੰਜਾਬੋਂ ਏਨੀ ਦੂਰ ਵੀ ਮੈਨੂੰ ਇਹਨਾਂ ਪਾਣੀਆਂ ਬਾਰੇ ਇਹ ਅਹਿਸਾਸ ਕਿਉਂ ਹੋ ਗਿਆ ਏ—ਕਿ ਇਹ ਸਾਡੀ ਝਨਾਂ ਹੈ,” ਤੇ ਫੇਰ ਕੁਝ ਦੇਰ ਠਹਿਰ ਕੇ, ਉਹਨੇ ਕਿਹਾ, “ਤੇ ਸ਼ਾਇਦ ਇਹ ਪਾਣੀ ਅਜ ਕਲ ਸਾਡੀ ਝਨਾਂ ਦੇ ਪਾਣੀਆਂ ਨਾਲੋਂ ਚੰਗੇ ਨੇ—ਏਹਨਾਂ ਵਿਚ ਲਹੂ ਤਾਂ ਨਹੀਂ!”
“ਹਾਂ ਸ਼ੀਰੀਂ, ਅਸਾਂ ਅੱਜ ਫੇਰ ਸੁਹਣੀ ਨੂੰ ਝਨਾਂ ਵਿਚ ਡੋਬਿਆ ਏ।”
“ਮੈਂ ਓਥੇ ਰਹਿੰਦੀ ਹਾਂ—ਉਸ ਪੀਲੀ ਕੋਠੀ ਵਿਚ। ਰੋਜ਼ ਆ ਕੇ ਏਥੇ ਬਹਿੰਦੀ ਹਾਂ। ਕੱਲੀ ਬੈਠੀ ਨੂੰ ਕਿੰਨੇ ਈ ਖ਼ਿਆਲ ਆਉਂਦੇ ਰਹੇ ਨੇ। ਇਨ੍ਹਾਂ ਪਾਣੀਆਂ ਨਾਲੋਂ ਮੇਰੇ ਖ਼ਿਆਲਾਂ ਦਾ ਵਹਿਣ ਕਿਤੇ ਤੇਜ਼ ਹੁੰਦਾ ਏ—ਬੜੀ ਵਾਰੀ ਇਨ੍ਹਾਂ ਸੋਚਾਂ ਵਿਚ ਤੂੰ ਵੀ ਮੈਨੂੰ ਦਿਸਿਆ ਏਂ—ਪਰ ਪਤਾ ਨਹੀਂ, ਤਸੱਵਰ ਵਿਚ ਵੀ ਤੂੰ ਹੁਣ ਬਹੁਤ ਦੂਰ ਦੂਰ ਦਿਸਦਾ ਸੈਂ। ਕਦੇ ਇੰਜ ਮੇਰੇ ਕੋਲ ਨਹੀਂ,” ਤੇ ਸ਼ੀਰੀਂ ਨੇ ਮੇਰੇ ਵੱਲ ਤੱਕਿਆ।
ਇਸ ਤਰ੍ਹਾਂ ਇਕ ਵਾਰੀ ਅੱਗੇ ਉਸ ਤੱਕਿਆ ਸੀ…ਜਦੋਂ ਇਕ ਚਾਨਣੀ ਰਾਤੇ ਅਸੀਂ ਆਪਣੀ ਜਮਾਤ ਦੇ ਮੁੰਡੇ ਕੁੜੀਆਂ ਰਾਵੀ ਤੇ ਗਏ ਸਾਂ। ਸਈਦ ਕੋਲ ਬੰਦੂਕ ਸੀ। ਬਹੁਤੀਆਂ ਕੁੜੀਆਂ ਅਚੇਤ ਹੀ ਡਰ ਤੋਂ ਬਚਣ ਲਈ ਉਹਦੀ ਬੇੜੀ ਵਿਚ ਚੜ੍ਹ ਗਈਆਂ ਸਨ। ਪਰ ਸ਼ੀਰੀਂ ਨੇ ਕਿਹਾ ਸੀ, “ਜੇ ਮੈਨੂੰ ਪੱਕਾ ਯਕੀਨ ਵੀ ਹੋਵੇ ਕਿ ਦਰਿਆ ਦੇ ਪਾਰਲੇ ਕੰਢੇ ਉਤਰਦਿਆਂ ਸਾਰ ਸਾਡੇ ਤੇ ਸ਼ੇਰਾਂ ਨੇ ਟੁੱਟ ਪੈਣਾ ਹੈ, ਤਾਂ ਵੀ ਮੈਂ ਬੰਦੂਕ ਦੀ ਹਿਫ਼ਾਜ਼ਤ ਨਾਲੋਂ ਤੇਰੇ ਸਾਥ ਨੂੰ ਤਰਜੀਹ ਦਿਆਂ।” ਓਦੋਂ ਉਹਨੇ ਇਨ ਬਿਨ ਇਸੇ ਤਰ੍ਹਾਂ ਤੱਕਿਆ ਸੀ, ਤੇ ਚਾਨਣੀ ਰਾਤ ਵਿਚ ਲਿਸ਼ਕਦੀਆਂ ਲਹਿਰਾਂ ਉਹਦੀਆਂ ਅੱਖਾਂ ਵਿਚ ਤਰਦੀ ਮਿੱਤ੍ਰਤਾ ਦੀ ਉੱਜਲੀ ਕਿਰਨ ਸਾਹਮਣੇ ਹਨੇਰੀਆਂ ਜਾਪੀਆਂ ਸਨ।
“ਸ਼ੀਰੀਂ—ਉਹ ਪਿਕਨਿਕ ਯਾਦ ਈ, ਜਦੋਂ ਤੂੰ ਸਾਰਿਆਂ ਵਿਚ ਕਿਹਾ ਸੀ ਕਿ ਤੂੰ ਮੈਨੂੰ ਗੀਤਾਂ ਦਾ ‘ਬਲੈਂਕ ਚੈੱਕ’ ਦਿੱਤਾ ਹੋਇਆ ਏ, ਜਦੋਂ ਵੀ ਮੈਂ ਕਹਾਂ ਤੂੰ ਗੰਵੇਂਗੀ।”
“ਹਾਂ, ਮੈਂ ਉਹ ਚਾਨਣੀ ਰਾਤ ਕਈ ਵਾਰ ਯਾਦ ਕਰਦੀ ਹਾਂ। ਪਰ ਹੁਣ ਮੈਂ ਤੇ ਤੂੰ ਕੱਠੇ ਕਦੇ ਰਾਵੀ ਤੇ ਨਹੀਂ ਜਾ ਸਕਦੇ! ਮਾਜ਼ੀ ਦੀਆਂ ਯਾਦਾਂ ਦੇ ਮੁਕਾਮ ਈ ਕਿਸੇ ਕੋਲੋਂ ਖੋਹ ਲੈਣੇ ਕੀ ਮਾਰਨ ਦੇ ਬਰਾਬਰ ਨਹੀਂ?”
ਮੈਂ ਕਿੰਵ੍ਹੀ ਇਹਦਾ ਜੁਆਬ ਦੇ ਸਕਦਾ ਸਾਂ। ਇਹ ਸਵਾਲ ਛੜ੍ਹੀਆਂ ਵਾਂਗ ਮੇਰੀ ਸੁਰਤ ਨੂੰ ਕਈ ਵਾਰ ਜ਼ਖਮੀ ਕਰਦਾ ਰਿਹਾ ਸੀ। ਇਹ ਆਪਣੇ ਜ਼ਖ਼ਮ ਲੁਕਾਣ ਲਈ ਮੈਂ ਸ਼ੀਰੀਂ ਕਿਹਾ, “ਕੀ ਉਹ ਗੀਤਾਂ ਦਾ ‘ਬਲੈਂਕ ਚੈੱਕ’ ਮੈਂ ਹੁਣ ਵੀ ਵਰਤ ਸਕਦਾ ਹਾਂ?”
“ਲੈ ਤੇ ਮੈਂ ਕੋਈ ਸੂਮ ਥੋੜ੍ਹੀ ਆਂ”, ਇਕ ਚਿਰ-ਪਛਾਤੀ ਮੁਸਕਾਨ ਉਹਦੇ ਬੁੱਲ੍ਹਾਂ ਤੇ ਲਿਸ਼ਕੀ, “ਤੇ ਨਾਲੇ ਇਕ ਵਾਰ ਕੁਝ ਦੇ ਕੇ ਮੋੜ ਥੋੜ੍ਹਾ ਲਈਦਾ ਏ।”
ਪਹਿਲੀ ਵਾਰ ਉਹ ਖਿਡਾਰਨ ਸ਼ੀਰੀਂ ਮੈਨੂੰ ਦਿਸੀ, ਜਿਹੜੀ ਬੈਡਮਿੰਟਨ ਕੋਰਟ ਦੀ ਰੂਹ ਹੁੰਦੀ ਸੀ। ਉਸੇ ਤਰ੍ਹਾਂ ਹੁਣ ਉਹਦਾ ਮੱਥਾ ਨਿਰਮਲ ਅਸਮਾਨ ਵਰਗਾ ਹੋ ਗਿਆ ਸੀ।
ਤੇ ਉਸ ਜੀਕਰ ਹੋਣੀ ਵੱਲ ਪਿੱਠ ਕਰ ਕੇ ਪੁੱਛਿਆ, “ਦੱਸ ਕੀ ਗੰਵਾਂ?”
“ਉਹੀ ਜਿਹੜਾ ਤੂੰ ਰੀਕਾਰਡ ਨਾਲੋਂ ਕਿਤੇ ਸੁਹਣਾ ਗੌਂਦੀ ਸੈਂ ਸੁਹਣੇ ਦੇਸਾਂ ’ਚੋਂ ...।”
ਤੇ ਸ਼ੀਰੀਂ ਦੇ ਗਲੇ ਵਿਚ ਉਹ ਗੀਤ ਉੱਚਾ ਹੋਇਆ, ਸਾਦੇ ਲਫ਼ਜ਼ਾਂ ਵਿਚ ਸਾਦੇ ਦੇਸ ਦਾ ਗੀਤ, ‘ਦੇਸ ਪੰਜਾਬ ਨੀ ਸਈਓ’ ਤੇ ਅੱਜ ਇਹ ਗੀਤ ਅੱਥਰੂਆਂ ਵਿਚ ਸਮੋਇਆ ਗਿਆ। ਇਸ ਤਰ੍ਹਾਂ ਦੀ ਵਾਜ ਅੱਗੇ ਸ਼ੀਰੀਂ ਦੇ ਗਲੇ ਵਿਚੋਂ ਕਦੇ ਨਹੀਂ ਸੀ ਸੁਣੀ। ਉਹ ਪਿਆਰਾ ਜਿਹਾ ਗੀਤ ਅੱਜ ਕਿਸੇ ਪਿਆਰੇ ਦੀ ਮੌਤ ਦਾ ਗੀਤ ਬਣ ਗਿਆ ਜਾਪ ਰਿਹਾ ਸੀ।
ਅਚਾਨਕ ਇਕ ਡਰੀ ਹੋਈ ਚੀਕ ਅੱਥਰੂਆਂ-ਭਿੱਜੇ ਗੀਤ ਨਾਲ ਟਕਰਾਈ। ਮੈਂ ਤ੍ਰਭਕ ਪਿਆ।
“ਇਹ ਮੇਰੀ ਭਾਬੀ ਨਸੀਮ ਦੀਆਂ ਚੀਕਾਂ ਸਨ,” ਸ਼ੀਰੀਂ ਨੇ ਮੈਨੂੰ ਦੱਸਿਆ।
“ਕਿਉਂ, ਉਨ੍ਹਾਂ ਨੂੰ ਕੀ ਏ?”
“ਉਨ੍ਹਾਂ ਕਰਕੇ ਈ ਤੇ ਮੈਂ ਤੈਨੂੰ ਆਪਣੇ ਘਰ ਨਹੀਂ ਲੈ ਗਈ!”
ਮੈਂ ਸਵਾਲ ਕਰਦੀਆਂ ਅੱਖਾਂ ਉਹਦੇ ਵੱਲ ਉੱਚੀਆਂ ਕੀਤੀਆਂ—ਚੀਕ ਤੇ ਮੇਰਾ ਇਹ ਤੁਅਲਕ ਮੈਨੂੰ ਸਮਝ ਨਹੀਂ ਸੀ ਪੈ ਰਿਹਾ।
“ਮੇਰਾ ਭਰਾ ਇਕਬਾਲ ਮਸ਼ਰਕੀ ਪੰਜਾਬ ਦੇ ਫ਼ਸਾਦਾਂ ਵਿਚ ਮਾਰਿਆ ਗਿਆ ਏ,” ਤੇ ਸ਼ੀਰੀਂ ਨੇ ਨੀਵੀਂ ਪਾ ਲਈ, “ਓਦੋਂ ਤੋਂ ਭਾਬੀ ਜਾਨ ਨੂੰ ਕੁਝ ਹੋ ਗਿਆ ਏ। ਜੇ ਕਦੇ ਉਹ ਅਖ਼ਬਾਰ ਵਿਚ ਕਿਸੇ ਸਿੱਖ ਸਿਪਾਹੀ ਦੀ ਤਸਵੀਰ ਵੀ ਤੱਕ ਲੈਣ ਤਾਂ ਇੰਜ ਚੀਕਾਂ ਮਾਰਨ ਲੱਗ ਪੈਂਦੇ ਨੇ।” ਸ਼ੀਰੀ ਨੇ ਹੌਕਾ ਭਰਿਆ, “ਵਿਚਾਰੇ!”—ਪਰ ਸਾਡਾ ਸਾਰਾ ਵਤਨ ਹੀ ਵਿਚਾਰਾ ਹੋ ਗਿਐ। ਕਿੰਨੀਆਂ ਈ ਸਿੱਖ ਕੁੜੀਆਂ—ਮੇਰੀ ਭਾਬੀ ਵਰਗੀਆਂ ਸੁਹਣੀਆਂ— ਕਿਸੇ ਮੁਸਲਮਾਨ ਸਿਪਾਹੀ ਦੀ ਤਸਵੀਰ ਤੱਕ ਕੇ ਇੰਜ ਹੀ ਕੁਰਲਾ ਪੈਂਦੀਆਂ ਹੋਣਗੀਆਂ…!”
ਭਾਬੀ ਨਸੀਮ ਦੀ ਦੂਜੀ ਚੀਕ ਅੱਗੇ ਨਾਲੋਂ ਵੀ ਉੱਚੀ ਸੁਣਾਈ ਦਿੱਤੀ। ਇਹ ਚੀਕ ਦਰਿਆ ਦੇ ਪਾਰਲੇ ਪਹਾੜਾਂ ਨਾਲ ਟਕਰਾ ਕੇ ਗੂੰਜੀ—ਇਕ ਅਜੀਬ ਅਣ-ਮਨੁੱਖੀ ਵਾਜ, ਜਿਵੇਂ ਐਤਕੀਂ ਉਨ੍ਹਾਂ ਚੋਟੀਆਂ ਦੀ ਬਰਫ਼ ਤੋਂ ਮੌਤ-ਸੁੰਨ ਨਾਲ ਲੈ ਆਈ ਹੋਵੇ। ਨਸੀਮ ਨਹੀਂ ਸੀ ਇਹ, ਇਹ ਤਾਂ ਇੰਝ ਸੀ ਜਿਵੇਂ ਸਾਰੇ ਪੰਜਾਬ ਦੀਆਂ ਤੀਵੀਆਂ ਕੁਰਲਾ ਰਹੀਆਂ ਹੋਣ…।
ਸ਼ੀਰੀਂ ਡਰੇ ਹੋਏ ਬਾਲ ਵਾਂਗ ਮੇਰੇ ਨਾਲ ਲੱਗ ਗਈ। ਉਹਦਾ ਪਿੰਡਾ ਕੰਬ ਰਿਹਾ ਸੀ— ਇਕ ਨਾ ਬੰਦ ਹੋਣ ਵਾਲਾ ਕਾਂਬਾ—ਉਹਦੀਆਂ ਅੱਖਾਂ ਵਿਚ ਅੱਥਰੂ ਸਨ, ਤੇ ਮੇਰੀਆਂ ਵਿਚ; ਤੇ ਜਾਪਿਆ ਜਿਵੇਂ ਸਾਡੀ ਝਨਾਂ ਅੱਥਰੂਆਂ ਨਾਲ ਭਰੀ ਹੋਈ ਸੀ।
[1948]