Ik Phull, Ik Phaluha (Punjabi Story) : Navtej Singh

ਇਕ ਫੁੱਲ, ਇਕ ਫਲੂਹਾ (ਕਹਾਣੀ) : ਨਵਤੇਜ ਸਿੰਘ

ਕਿੰਨੇ ਹੀ ਦਿਨਾਂ ਤੋਂ ਦਰਸ਼ਨ ਲੋਚਨ ਦੀ ਚਿੱਠੀ ਉਡੀਕ ਰਿਹਾ ਸੀ, ਤੇ ਅੱਜ ਲੋਚਨ ਦੀ ਚਿੱਠੀ ਆ ਗਈ ਸੀ। ਦੋ ਪੀਲੇ ਕਾਗ਼ਜ਼ ਉਹਦੇ ਬੋਝੇ ਵਿਚ ਵਲੇਟੇ ਪਏ ਸਨ।

ਚਿੱਠੀ ਆ ਗਈ ਸੀ, ਪਰ ਚਿੱਠੀ ਆਉਣ ਪਿੱਛੋਂ ਓਵੇਂ ਨਹੀਂ ਸੀ ਹੋਇਆ, ਜਿਵੇਂ ਉਹਨੇ ਸੋਚਿਆ ਸੀ। ਹੁਣ ਉਡੀਕ ਵੀ ਨਹੀਂ ਸੀ, ਬੱਸ ਇੱਕ ਸੱਖਣਾਪਣ ਰਹਿ ਗਿਆ ਸੀ ਉਹਦੇ ਅੰਦਰ। ਤੇ ਉਹ ਚਾਂਹਦਾ ਸੀ ਜੇ ਹੋਰ ਕੁਝ ਨਹੀਂ ਤਾਂ ਏਸ ਸੱਖਣੇਪਣ ਦੀ ਥਾਂ ਉਹੋ ਉਡੀਕ ਹੀ ਹੁੰਦੀ। ਤਾਂ ਵੀ ਉਹ ਜਰ ਲੈਂਦਾ।

ਉਡੀਕ ਮੁੱਕ ਚੁੱਕੀ ਸੀ। ਦੋ ਪੀਲੇ ਕਾਗ਼ਜ਼ ਉਹਦੇ ਬੋਝੇ ਵਿਚ ਵਲੇਟੇ ਪਏ ਸਨ। ਕਿਹਾ ਚਸ਼ਮਾ ਸੀ ਇਹ ਜਿਸ ਤੋਂ ਪਾਣੀ ਪੀ ਕੇ ਪਿਆਸਾ ਆਪਣੀ ਪਿਆਸ ਲਈ ਓਦਰ ਗਿਆ ਸੀ।

ਸਿਆਲ ਦੀ ਮਿੱਠੀ ਮਿੱਠੀ ਧੁੱਪ ਸੀ। ਦਰਸ਼ਨ ਦੇ ਨਿੱਕੇ ਜਿਹੇ ਬਾਗ਼ ਵਿਚ ਰੁੱਤ ਦਾ ਪਹਿਲਾ ਨਰਗਸ ਖਿੜਿਆ ਸੀ।

ਉਹ ਲੋਚਨ ਨਾਲ ਪਿਛਲੇ ਵਰ੍ਹੇ ਕਸ਼ਮੀਰ ਰਿਹਾ ਸੀ, ਤੇ ਉਥੋਂ ਉਨ੍ਹਾਂ ਦੋਵਾਂ ਨੇ ਨਰਗਸ ਦੀਆਂ ਗੰਢੀਆਂ ਲਿਆਂਦੀਆਂ ਸਨ।

“ਅਸੀਂ ਘਰ ਮੁੜ ਕੇ ਕਸ਼ਮੀਰ ਵਿਚ ਇਕੱਠੇ ਬਿਤਾਏ ਦਿਨਾਂ ਦੀ ਯਾਦ ਵਿਚ ਨਰਗਸ ਲਾਈਏ।”

“ਮੈਂ ਆਪ ਆਪਣੀ ਇਹ ਯਾਦ-ਕਿਆਰੀ ਸੁਆਰਾਂਗੀ।”

“ਮੈਂ ਵੀ ਆਪਣੀ-ਯਾਦ-ਕਿਆਰੀ ਕਿਸੇ ਮਾਲੀ ਦੇ ਵਸ ਨਹੀਂ ਪਾਵਾਂਗਾ।”

“ਭਾਵੇਂ ਅਸੀਂ ਇਕ ਦੂਜੇ ਕੋਲੋਂ ਤਿੰਨ ਸੌ ਮੀਲਾਂ ਦੀ ਵਿੱਥ ਉੱਤੇ ਹੋਵਾਂਗੇ, ਪਰ ਇਕੋ ਦਿਨ ਦੋਵਾਂ ਦੁਰਾਡੀਆਂ ਕਿਆਰੀਆਂ ਵਿਚ ਨਰਗਸ ਲਾਵਾਂਗੇ।”

“ਭਾਵੇਂ, ਇਹ ਕਿਆਰੀਆਂ ਇਕ ਦੂਜੇ ਤੋਂ ਤਿੰਨ ਸੌ ਮੀਲ ਦੀ ਵਿੱਥ ਉੱਤੇ ਹੋਣਗੀਆਂ, ਇਨ੍ਹਾਂ ਵਿਚੋਂ ਇਕੋ ਦਿਨ ਨਰਗਸ ਆਪਣੇ ਨੈਣ ਖੋਲ੍ਹਣਗੇ।”

“ਨਹੀਂ, ਮੇਰੀ ਯਾਦ-ਕਿਆਰੀ ਵਿਚ ਤੇਰੀ ਕਿਆਰੀ ਨਾਲੋਂ ਕੁਝ ਪਹਿਲਾਂ, ਕਿਉਂਕਿ ਮੈਂ ਤੈਨੂੰ ਵੱਧ ਯਾਦ ਕਰਾਂਗੀ।”

“ਜਿਦ੍ਹੀ ਕਿਆਰੀ ’ਚ ਪਹਿਲਾਂ ਨਰਗਸ ਦੀ ਅੱਖ ਖੁੱਲ੍ਹ ਪਏ, ਉਹਦੀ ਯਾਦ ਵੱਧ ਮੰਨੀ ਜਾਏਗੀ।”

“ਚਲੋ—ਇੰਜ ਹੀ ਸਹੀ।”

“ਦੋ ਦੁਰਾਡੀਆਂ ਕਿਆਰੀਆਂ ਵਿਚ ਖਿੜੇ ਦੋ ਫੁੱਲ—ਇਕੋ ਫੁੱਲ।”

“ਇਹਨਾਂ ਦੋ ਫੁੱਲਾਂ—ਇਕ ਫੁੱਲ ਵਿਚ ਕਸ਼ਮੀਰ ਇਕੱਠੇ ਬਿਤਾਏ ਦਿਨਾਂ ਦੀ ਮਹਿਕ…”

ਰੁੱਤ ਦਾ ਪਹਿਲਾ ਨਰਗਸ ਦਰਸ਼ਨ ਦੀ ਯਾਦ-ਕਿਆਰੀ ਵਿਚ ਖਿੜ ਪਿਆ ਸੀ। ਦਰਸ਼ਨ ਨੂੰ ਪਤਾ ਸੀ ਹੁਣ ਇਹ ਫੁੱਲ ਬੇ-ਹਾਣ ਹੈ। ਇਹ ਦੋ ਫੁੱਲ—ਇਕ ਫੁੱਲ ਨਹੀਂ। ਇਹ ਇਕ ਫੁੱਲ ਸੀ, ਇਕੱਲਾ ਫੁੱਲ—ਇਕ ਫਲੂਹਾ...

ਦਰਸ਼ਨ ਏਸ ਵੇਲੇ ਏਸ ਫੁੱਲ ਕੋਲ ਖੜੋਨਾ ਨਹੀਂ ਸੀ ਚਾਂਹਦਾ। ਇਸ ਨਿੱਕੀ ਜਿਹੀ ਯਾਦ-ਕਟੋਰੀ ਵਿਚੋਂ ਬੂੰਦ ਬੂੰਦ ਸਭ ਡੁਲ੍ਹ ਜਾਣਾ ਸੀ। ਦਰਸ਼ਨ ਦੇ ਬੋਝੇ ਵਿਚ ਪਏ ਦੋ ਪੀਲੇ ਕਾਗਜ਼ ਭਿੱਜ ਰਹੇ ਸਨ।

ਦਰਸ਼ਨ ਯਾਦ-ਕਿਆਰੀ ਤੋਂ ਦੂਰ, ਆਪਣੇ ਘਰੋਂ ਬਾਹਰ ਆ ਗਿਆ।

ਬਾਹਰ ਉਹਦਾ ਨਿੱਕਾ ਭਰਾ ਉਹਨੂੰ ’ਵਾਜਾਂ ਮਾਰ ਰਿਹਾ ਸੀ। ਨਿੱਕੇ ਭਰਾ ਦੀ ’ਵਾਜ ਵਿਚ ਆਖ਼ਰਾਂ ਦਾ ਚਾਅ ਸੀ।

“ਵੇਖੋ, ਭਾ ਜੀ—ਮੈਂ ਗੁੱਡੀ ਚੜ੍ਹਾ ਲਈ। ਬੜੀ ਉੱਚੀ।”

ਪੀਲੇ ਕਾਗ਼ਜ਼ ਦੀ ਇਕ ਗੁੱਡੀ ਬੜੀ ਉੱਚੀ ਉੱਡ ਰਹੀ ਸੀ, ਤੇ ਉਹਦੇ ਨਿੱਕੇ ਭਰਾ ਦੇ ਦੋਵੇਂ ਹੱਥ ਡੋਰ ਨਾਲ ਰੁੱਝੇ ਹੋਏ ਸਨ।

ਬੜੇ ਦਿਨਾਂ ਤੋਂ ਉਹ ਗੁੱਡੀ ਉਡਾਣ ਦੇ ਜਤਨ ਕਰ ਰਿਹਾ ਸੀ, ਤੇ ਅਖ਼ੀਰ ਅੱਜ ਉਸ ਗੁੱਡੀ ਚੜ੍ਹਾ ਹੀ ਲਈ ਸੀ। ਉਹਨੇ ਦਰਸ਼ਨ ਕੋਲੋਂ ਗੁੱਡੀ ਉਡਾਣੀ ਸਿੱਖਣੀ ਚਾਹੀ ਸੀ, ਪਰ ਦਰਸ਼ਨ ਨੂੰ ਗੁੱਡੀ ਉਡਾਣੀ ਨਹੀਂ ਸੀ ਆਉਂਦੀ।

ਉਹਦਾ ਨਿੱਕਾ ਭਰਾ, ਵੱਡੀ ਭੈਣ ਨੂੰ ਬੁਲਾਣਾ ਚਾਂਹਦਾ ਸੀ। ਵੱਡੀ ਭੈਣ ਨੇ ਉਹਨੂੰ ਕਿਹਾ ਸੀ, ‘ਵੀਰ, ਜਦੋਂ ਪਹਿਲੀ ਵਾਰ ਤੇਰੇ ਕੋਲੋਂ ਗੁੱਡੀ ਚੜ੍ਹ ਜਾਏ—ਤਾਂ ਓਸੇ ਵੇਲੇ ਮੈਨੂੰ ਬੁਲਾਈਂ। ਮੈਂ ਤੇਰਾ ਮੂੰਹ ਚੁੰਮਾਂਗੀ, ਤੇ ਤੈਨੂੰ ਦੋ ਰੁਪਏ ਗੁੱਡੀਆਂ ਤੇ ਡੋਰ ਦੇ ਪਿੰਨੇ ਲਈ ਦਿਆਂਗੀ।’ ਤੇ ਹੁਣ ਉਹ ਭੈਣ ਨੂੰ ਵਾਜਾਂ ਮਾਰ ਰਿਹਾ ਸੀ, ਪਰ ਉਹ ਨਹੀਂ ਸੀ ਆਈ।

ਦਰਸ਼ਨ ਨੂੰ ਉਹ ਗੁੱਡੀ ਫੜਾ ਕੇ ਨਹੀਂ ਸੀ ਜਾਣਾ ਚਾਂਹਦਾ—ਭਾ ਜੀ ਏਨੇ ਵੱਡੇ ਹੋ ਗਏ ਨੇ ਤੇ ਇਹਨਾਂ ਨੂੰ ਗੁੱਡੀ ਵੀ ਉਡਾਣੀ ਨਹੀਂ ਆਉਂਦੀ—ਮਤੇ ਭਾ ਜੀ ਕੋਲੋਂ ਚੜ੍ਹੀ ਚੜ੍ਹਾਈ ਗੁੱਡੀ ਡਿੱਗ ਪਏ; ਅਤੇ ਭੈਣ ਜੀ ਸੋਚਣ ਉਹਨੇ ਗੁੱਡੀ ਆਪ ਨਹੀਂ, ਦਰਸ਼ਨ ਭਾ ਜੀ ਕੋਲੋਂ ਚੜ੍ਹਵਾਈ ਹੈ!—ਉਹ ਇੱਟੇ ਨਾਲ ਡੋਰ ਬੰਨ੍ਹ ਕੇ ਨੱਸਦਾ ਨੱਸਦਾ ਆਪਣੀ ਭੈਣ ਨੂੰ ਲੱਭਣ ਗਿਆ।

ਦਰਸ਼ਨ ਓਥੇ ਖੜੋਤਾ ਰਿਹਾ, ਅਸਮਾਨ ਵਿਚ ਉੱਡਦੀ ਪੀਲੀ ਗੁੱਡੀ ਦੀ ਰਾਖੀ ਕਰਦਾ ਰਿਹਾ। ਉਹ ਆਪਣੇ ਭਰਾ ਦੇ ਅਮਿਣਵੇਂ ਚਾਅ ਉੱਤੇ ਰਸ਼ਕ ਕਰ ਰਿਹਾ ਸੀ। ਇਹ ਪੀਲੀ ਗੁੱਡੀ, ਨਰਗਸ ਵਿਚਲੀ ਯਾਦ-ਕਟੋਰੀ ਦੇ ਰੰਗ ਦੀ … ਗੁੱਡੀ ਤੇ ਉਹਨੂੰ ਕਦੇ ਵੀ ਚੜ੍ਹਾਣੀ ਨਹੀਂ ਸੀ ਆਈ। ਉਹਨੇ ਚੇਤਿਆਂ ਦੇ ਅਸਮਾਨ ਵਿਚ ਸੁਹਣੀਆਂ ਚਿੱਠੀਆਂ ਦੀਆਂ ਗੁੱਡੀਆਂ ਕਈ ਵਾਰ ਚੜ੍ਹਾਈਆਂ ਸਨ। ਏਸ ਰੁੱਤੇ ਪਹਿਲੇ ਖਿੜਨ ਵਾਲੇ ਨਰਗਸ ਨੂੰ ਵੀ ਉਹ ਕਿਸੇ ਅਜਿਹੀ ਗੁੱਡੀ ਦੇ ਲੜ ਬੰਨ੍ਹ ਕੇ ਹੀ ਕਿਸੇ ਕੋਲ ਭੇਜਣਾ ਚਾਂਹਦਾ ਸੀ, ਪਰ ਹੁਣ ਤੋਂ ਉਹ ਅਜਿਹੀਆਂ ਗੁੱਡੀਆਂ ਕਦੇ ਨਹੀਂ ਚੜ੍ਹਾ ਸਕੇਗਾ।

ਦਰਸ਼ਨ ਦੇ ਬੋਝੇ ਵਿਚ ਜਿਵੇਂ ਉਹ ਦੋ ਪੀਲੇ ਕਾਗ਼ਜ਼ ਸੁਲਘ ਪਏ ਹੋਣ।

ਉਹ ਇਕੱਠੇ ਬਿਤਾਏ ਦਿਨ, ਉਹ ਦੁਰੇਡੀਆਂ ਕਿਆਰੀਆਂ ਵਿਚ ਦੋ ਫੁੱਲ— ਇਕ ਫੁੱਲ ਇਕੱਠੇ ਖਿੜਾਣ ਦੀ ਤਾਂਘ …ਕਾਸੇ ਦੀ ਵੀ ਛੁਹ ਨਹੀਂ ਸੀ ਇਹਨਾਂ ਕਾਗ਼ਜ਼ਾਂ ਉੱਤੇ।

“ਫ਼ੈਜ਼ ਨੇ ਕਿਹਾ ਏ ਕਿ ਅੱਜ ਏਨਾ ਲੁਤਫ਼ ਨਾ ਲਓ ਕਿ ਕੱਲ੍ਹ ਜਿਊਣਾ ਮੁਸ਼ਕਲ ਹੋ ਜਾਏ।

“ਅਜਿਹੇ ਅੱਜ ਪਿੱਛੋਂ ਕੱਲ੍ਹ ਮੌਤ ਵੀ ਡਰਾਉਣੀ ਨਹੀਂ ਜਾਪੇਗੀ।”

“ਤੂੰ ਕਦੇ ਨਾ ਮਰੀਂ, ਲੋਚਨਾ।”

“ਇਕ ਸ਼ਰਤ!”

“ਕੀ?”

“ਤੂੰ ਸਦਾ ਮੇਰਾ ਦੋਸਤ ਰਹੀਂ, ਦਰਸ਼ਨ।”

“ਇਹ ਤੇ ਇੰਜ ਏ ਜਿਵੇਂ ਜਿਦ੍ਹੀ ਜ਼ਿੰਦਗੀ ਹੀ ਗੌਣਾ ਹੋਵੇ, ਉਸ ਉੱਤੇ ਕੋਈ ਸ਼ਰਤ ਲਾਏ—ਤੂੰ ਕਦੇ ਗੌਣਾ ਨਾ ਛੱਡੀਂ!”

“ਮੇਰਾ ਤੇ ਤੇਰਾ ਹਰ ਪਲ ਚੰਗੇ ਕਾਫ਼ੀਏ ਵਾਂਗ ਸਦਾ ਰਲਿਆ ਰਹੇਗਾ।”

ਦਰਸ਼ਨ ਦਾ ਨਿੱਕਾ ਭਰਾ, ਵੱਡੀ ਭੈਣ ਨੂੰ ਬੁਲਾ ਲਿਆਇਆ।

ਗੁੱਡੀ ਉੱਡ ਰਹੀ ਸੀ।

ਵੱਡੀ ਭੈਣ ਨੇ ਨਿੱਕੇ ਭਰਾ ਨੂੰ ਚੁੰਮਿਆ।

ਵੱਡੀ ਭੈਣ ਨੇ ਦਰਸ਼ਨ ਨੂੰ ਕਿਹਾ, “ਤਕਿਆ ਮੇਰੇ ਨਿੱਕੇ ਵੀਰ ਨੇ ਆਪੇ ਗੁੱਡੀ ਚੜ੍ਹਾ ਲਈ। ਤੈਨੂੰ ਸਾਰੀ ਉਮਰ ਗੁੱਡੀ ਚੜ੍ਹਾਣੀ ਨਹੀਂ ਆਈ।”

ਦਰਸ਼ਨ ਹੱਸਿਆ।

ਦਰਸ਼ਨ ਦੇ ਹਾਸੇ ਵਿਚ ਜਿਵੇਂ ਉਹਦੇ ਅੰਦਰਲੇ ਸੱਖਣੇਪਣ ਦੀ ਹਵਾੜ ਸੀ, ਜਿਵੇਂ ਉਹਦੇ ਅੰਦਰ ਉਹ ਸੱਖਣਾਪਣ ਸੁਲਘ ਪਿਆ ਸੀ!

ਦਰਸ਼ਨ ਹੋਰ ਦੂਰ ਚਲਾ ਗਿਆ।
ਰੁੱਤ ਦੀ ਪਹਿਲੀ ਖਿੜੀ ਨਰਗਸ ਤੋਂ ਦੂਰ।
ਪਹਿਲੀ ਵਾਰ ਚੜ੍ਹੀ ਗੁੱਡੀ ਤੋਂ ਦੂਰ।
ਦਰਸ਼ਨ ਪੈਲੀਆਂ ਵੱਲ ਗਿਆ।

ਪੌਣ ਵਿਚ ਨਿੰਮ੍ਹੀ ਨਿੰਮ੍ਹੀ ਵਾਸ਼ਨਾ ਵੇਲਣੇ ਦੀ ਸੂਹ ਦੇ ਰਹੀ ਸੀ। ਦਰਸ਼ਨ ਵੇਲਣੇ ਵੱਲ ਹੋ ਗਿਆ।

ਚੁੰਭਾ ਬਲ ਰਿਹਾ ਸੀ। ਕੜਾਹੇ ਵਿਚ ਪੱਤ ਆਣ ਵਾਲੀ ਸੀ। ਫੇਰ ‘ਗੰਡੋਏ’ ਨੇ ਕੜਾਹੇ ਵਿਚ ਘਾਂਵਾਂ ਫੇਰਿਆ, ਉੱਡਦੀ ਵਾਸ਼ਨਾ ਵਿਚ ਇਕਦਮ ਮਿਠਾਸ ਵੱਧ ਗਈ—ਪੀਲਾ ਸੁਨਹਿਰੀ ਉਬਾਲ।

ਪੀਲੀ ਨਰਗਸ ਤੋਂ ਦੂਰ, ਪੀਲੀ ਗੁੱਡੀ ਤੋਂ ਦੂਰ, ਇਹ ਪੀਲਾ ਸੁਨਹਿਰੀ ਉਬਾਲ! ਅੱਗ ਸੀ, ਨਿੱਘ ਸੀ, ਮਹਿਕ ਸੀ—ਦਰਸ਼ਨ ਖੜੋਤਾ ਰਿਹਾ।

“ਇਹ ਏਸ ਰੁੱਤੇ ਸਾਡਾ ਪਹਿਲਾ ਗੁੜ ਏ।”

ਗੁੜ ਦੀ ਪੇਸੀ ਉੱਤੇ ਮੱਛੀਆਂ ਦੇ ਚਾਨੇ ਵਰਗੀ ਚਮਕ ਸੀ।

ਉਹ ਕਸ਼ਮੀਰ ਦੀਆਂ ਨਦੀਆਂ...
ਉਹਨਾਂ ਨਦੀਆਂ ਦੀਆਂ ਮੱਛੀਆਂ...
ਦਰਸ਼ਨ ਤੇ ਲੋਚਨ, ਇਕੱਠੇ ਮੱਛੀਆਂ ਫੜਦੇ ...
ਉਹ ਸਾਂਝੀ ਚੁੱਪ...
ਉਹ ਨਰੋਈ ਭੁੱਖ...
ਉਹ ਨਦੀ ਕੰਢੇ ਭੁੰਨੀਆਂ ਮੱਛੀਆਂ...

ਉਹ ਨਦੀ ਕੰਢੇ ਬਣਾਈ ਚਾਹ ਦੇ ਪਿਆਲੇ, ਪਿਆਲੇ ਜਿਨ੍ਹਾਂ ਵਿਚ ਚੁੰਮਣ ਘੁਲੇ ਹੁੰਦੇ, ਤੇ ਉਹ ਦੋਵੇਂ ਅੱਖੀਆਂ ਨਾਲ ਪੀਂਦੇ...

“ਖਾ ਕੇ ਤਾਂ ਤਕੋ, ਇਹ ਸਾਡਾ ਏਸ ਰੁੱਤ ਦਾ ਪਹਿਲਾ ਗੁੜ ਏ।”

ਦਰਸ਼ਨ ਨੇ ਗੁੜ ਦਾ ਇਕ ਟੁਕੜਾ ਆਪਣੇ ਮੂੰਹ ਵਿਚ ਪਾਇਆ, “ਬੜਾ ਕਣ ਏ...।”

ਸਾਹਮਣੇ ਕਮਾਦ ਖੜੋਤਾ ਸੀ। ਏਨੇ ਮਹੀਨੇ ਰਸ ਇਹਦੇ ਵਿਚ ਪਲਦਾ ਰਿਹਾ ਸੀ, ਇਸ ਵਿਚੋਂ ਕਦੇ ਇੰਜ ਮਹਿਕ ਨਹੀਂ ਸੀ ਉੱਠੀ। ਪਰ ਅੱਜ ਵੇਲਣੇ ਵਿਚ ਇਹ ਰਸ ਪੀੜੀ ਗਈ ਸੀ, ਫੇਰ ਚੁੰਭੇ ਉੱਤੇ ਕੜਾਹੇ ਵਿਚ ਪਾ ਕੇ ਚਾੜ੍ਹੀ ਗਈ ਸੀ, ਹੇਠਾਂ ਸਰਕੜਾ ਬਾਲਿਆ ਗਿਆ ਸੀ। ਫੇਰ ਇਕ ਵੇਲਾ ਆਇਆ ਸੀ, ਘਾਂਵਾਂ ਫੇਰਿਆ ਗਿਆ ਸੀ ਤੇ ਆਲੇ ਦੁਆਲੇ ਦੀ ਪੌਣ ਵਿਚ ਮਿਠਾਸ ਹੀ ਮਿਠਾਸ ਉੱਡ ਪਈ।

ਦਰਸ਼ਨ ਤੁਰ ਪਿਆ। ਕਮਾਦ ਮੁੱਕ ਗਏ। ਕਮਾਦ ਨਜ਼ਰੋਂ ਓਝਲ ਹੋ ਗਏ, ਪਰ ਗੁੜ ਦੀ ਮਹਿਕ ਏਨੀ ਦੂਰ ਵੀ ਉਹਦੇ ਨਾਲ ਸੀ।

ਦਰਸ਼ਨ ਦੀਆਂ ਅੱਖਾਂ ਸਾਹਮਣੇ ਕਸ਼ਮੀਰ ਦੇ ਰਸੀਲੇ ਦਿਨ ਕਮਾਦ ਵਾਂਗ ਖੜੋਤੇ ਹੋਏ ਸਨ। ਫੇਰ ਇਕ ਦਿਨ ਇਹ ਵੇਲਣੇ ਵਿਚ ਪੀੜੇ ਗਏ ਸਨ, ਚੁੰਭੇ ਉੱਤੇ ਕੜਾਹੇ ਵਿਚ ਪਾ ਕੇ ਚਾੜ੍ਹੇ ਗਏ ਸਨ, ਪੱਤ ਆ ਰਹੀ ਸੀ ਤੇ ਲੋਚਨ ਦੀ ਚਿੱਠੀ ਨੇ ਜਿਵੇਂ ਘਾਂਵਾਂ ਫੇਰਿਆ ਸੀ। ਤੇ ਇਕ ਮਹਿਕ ਉੱਠੀ ਸੀ ਪੀੜ ਦੀ—ਕਿੰਨੀ ਕੁ ਦੂਰ ਤੱਕ ਇਹ ਉਹਦੇ ਦਰਦ ਦੀ ਸੂਹ ਲਾ ਦਏਗੀ!

ਦਰਸ਼ਨ ਸੂਏ ਦੇ ਕੰਢੇ ਉੱਤੇ ਜਾ ਬੈਠਾ।
ਦਰਸ਼ਨ ਨੇ ਦੋ ਪੀਲੇ ਕਾਗ਼ਜ਼ ਕੱਢੇ।

ਲੋਚਨ ਨੇ ਆਪਣੀ ਚਿੱਠੀ ਵਿਚ ਉਹਨੂੰ ਲਿਖਿਆ ਸੀ:

ਤੁਹਾਡੀ ਚਿੱਠੀ ਮੈਨੂੰ ਮਿਲ ਗਈ ਸੀ। ਇਹੋ ਜਿਹੀ ਪਿਆਰੀ, ਇਹੋ ਜਿਹੀ ਕੀਮਤੀ। ਜਦੋਂ ਮੈਂ ਆਪਣੀਆਂ ਕੀਮਤੀ ਚੀਜ਼ਾਂ ਸਾਂਭਣ ਵਾਸਤੇ ਬੈਂਕ ਗਈ, ਜੀਅ ਕੀਤਾ ਇਹ ਵੀ ਸਾਂਭ ਆਵਾਂ—ਇਹ ਦੌਲਤ ਵੀ! ਤੁਸੀਂ ਚਿੱਠੀਆਂ ਬਹੁਤ ਚੰਗੀਆਂ ਲਿਖਦੇ ਹੋ।

ਇਕ ਖ਼ਬਰ ਤੁਹਾਨੂੰ ਦਿਆਂ—ਮੇਰੀ ਕੁੜਮਾਈ ਹੋ ਗਈ ਏ। ਕਲਕੱਤੇ ਮੈਂ ਉਨ੍ਹਾਂ ਨੂੰ ਮਿਲੀ ਸਾਂ। ਉੱਥੇ ਉਹਨਾਂ ਦਾ ਵਪਾਰ ਏ।

ਇਕ ਬੇਨਤੀ ਕਰਾਂਗੀ, ਅੱਗੇ ਤੋਂ ਤੁਸੀਂ ਅਜਿਹੀਆਂ ਚਿੱਠੀਆਂ ਲਿਖਣੀਆਂ ਜਿਨ੍ਹਾਂ ਤੋਂ ਕਿਸੇ ਤੀਜੇ ਨੂੰ ਕੋਈ ਗ਼ਲਤ-ਫ਼ਹਿਮੀ ਨਾ ਹੋ ਸਕੇ...ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਬੇਨਤੀ ਨੂੰ ਠੀਕ ਰੌਸ਼ਨੀ ਵਿਚ ਹੀ ਲਓਗੇ।

[1960]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •