Ik Si Maan... Ik Si Puttar... (Punjabi Story) : Navtej Singh

ਇਕ ਸੀ ਮਾਂ... ਇਕ ਸੀ ਪੁੱਤਰ... (ਕਹਾਣੀ) : ਨਵਤੇਜ ਸਿੰਘ

ਦੇਰ ਤੋਂ ਪਿੰਡ ਹਥੀਆਗੜ੍ਹ ਦੀ ਰੀਤ ਚਲੀ ਆਈ ਸੀ, ਕਿ ਜੰਗਲ ਮਹਿਕਮੇ ਦੇ ਰਾਖਿਆਂ ਨੂੰ ਟੱਬਰ ਪਿੱਛੇ ਫ਼ਸਲ ਉਤੇ ਪੰਜ ਕਿਲੋ ਦਾਣੇ ਦਿੱਤੇ ਜਾਣ।

ਐਤਕੀਂ ਉਹ ਰਾਮਈ ਦਾ ਪੁੱਤਰ ਰਾਮਕੁਮਾਰ ਪਤਾ ਨਹੀਂ ਸ਼ਹਿਰੋਂ ਕੁਝ ਅੱਖਰ ਕਿਹੋ ਜਿਹੇ ਪੜ੍ਹ ਆਇਆ! ਉਹਨੇ ਆਪਣੇ ਪਿਓ ਤੇ ਚਾਚੇ ਤਾਇਆਂ ਨੂੰ ਕਿਹਾ, “ਤੁਹਾਨੂੰ ਸਭ ਨੂੰ ਕਾਹਦੀ ਚੱਟੀ ਪਈ ਏ? ਹੁਣ ਲੋਕਾਂ ਦਾ ਰਾਜ ਏ। ਇਹ ਕਾਹਦੇ ਪੰਜ ਕਿਲੋ ਭਰਦੇ ਹੋ ਹਰ ਵਾਰ? ਇਹ ਰਿਸ਼ਵਤ ਨਹੀਂ ਤਾਂ ਹੋਰ ਕੀ ਏ? ਸਾਨੂੰ ਮਾਸਟਰ ਜੀ ਨੇ ਸਕੂਲੇ ਪੜ੍ਹਾਇਆ ਸੀ ‘ਰਿਸ਼ਵਤ ਲੈਣਾ ਵੀ ਪਾਪ ਹੈ, ਤੇ ਰਿਸ਼ਵਤ ਦੇਣਾ ਵੀ ਪਾਪ ਹੈ। ਜੇ ਜੰਗਲ ਦੇ ਰਾਖਿਆਂ ਦੀ ਤਨਖ਼ਾਹ ਥੋੜੀ ਏ ਤਾਂ ਉਹ ਸਰਕਾਰ ਕੋਲੋਂ ਮੰਗਣ, ਆਪਣੀ ਤਨਖ਼ਾਹ ਲਈ ਹੜਤਾਲ ਕਰਨ ਜਿਵੇਂ ਸਾਡੇ ਮਾਸਟਰਾਂ ਨੇ ਕੀਤੀ ਸੀ। ਉਨ੍ਹਾਂ ਦੀ ਤਨਖ਼ਾਹ ਵਧ ਗਈ ਸੀ।”

ਰਾਮਕੁਮਾਰ ਤਾਂ ਮੁੰਡਾ-ਖੁੰਡਾ ਸੀ, ਖ਼ੂਨ ਗਰਮ ਸੀ; ਪਰ ਰਾਮਈ ਸਿਆਣਾ-ਬਿਆਣਾ ਹੋ ਕੇ ਵੀ ਆਪਣੇ ਪੁੱਤਰ ਦੇ ਆਖੇ ਲੱਗ ਗਿਆ।

ਪਿੰਡ ਦੇ ਬਹੁਤੇ ਲੋਕ ਰਾਮਈ ਦੇ ਆਖੇ ਵਿਚ ਸਨ, ਨਾਲੇ ਸੱਚ ਪੁਛੋ ਤਾਂ ਹਰ ਘਰ ਤੰਗੀ ਹੁੰਦੀ ਹੈ। ਅਜਕਲ ਪੰਜ ਕਿਲੋ ਦਾਣੇ ਆਪਣੀ ਧੀ ਨੂੰ ਵੀ ਦੇਣੇ ਔਖੇ ਹਨ।

ਜਦੋਂ ਫ਼ਸਲ ਘਰੋ ਘਰੀ ਆਈ ਤਾਂ ਜੰਗਲ ਦੇ ਰਾਖੇ ਹਰ ਘਰ ਪੰਜ-ਪੰਜ ਕਿਲੋ ਦਾਣੇ ਲੈਣ ਲਈ ਹਰ ਵਾਰ ਵਾਂਗ ਗਏ; ਪਰ ਐਤਕੀਂ ਅੱਗੋਂ ਉਨ੍ਹਾਂ ਨੂੰ ਹਰ ਥਾਂ ਹੀ ਨਾਂਹ ਹੋਈ।

ਕਿਸੇ ਦੂਤੀ ਨੇ ਵਿਚੋਂ ਦੱਸ ਦਿੱਤਾ ਕਿ ਰਾਮਈ ਨੇ ਹੀ ਇਹ ਨਾਂਹ ਦੀ ਪੱਟੀ ਪੜ੍ਹਾਈ ਹੈ। ਜੰਗਲ ਦੇ ਰਾਖੇ ਰਾਮਈ ਦੇ ਘਰ ਗਏ। ਗੱਲ ਸੱਚ ਹੀ ਜਾਪਦੀ ਸੀ। ਰਾਮਈ ਦਾ ਤੌਰ-ਤਰੀਕਾ ਹੀ ਬਦਲਿਆ ਹੋਇਆ ਸੀ।

ਰਾਮਈ ਨੇ ਉਨ੍ਹਾਂ ਨੂੰ ਕਿਹਾ, “ਭਾਈ, ਜੇ ਤੁਹਾਡਾ ਗੁਜ਼ਰ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਅਫ਼ਸਰਾਂ ਕੋਲੋਂ ਤਨਖਾਹ ਵਧ ਕਰਵਾਓ। ਲੋਕ-ਰਾਜ ਹੈ। ਪਰਚੀਆਂ ਪਾ ਕੇ ਆਪ ਸਰਕਾਰ ਬਣਾਈ ਹੈ। ਉਹ ਨਹੀਂ ਮੰਨਦੇ ਤਾਂ ਹੜਤਾਲ ਕਰੋ, ਜਿਵੇਂ ਰਾਮਕੁਮਾਰ ਦੇ ਮਾਸਟਰਾਂ ਨੇ ਸ਼ਹਿਰ ਵਿਚ ਕੀਤੀ ਸੀ।”

ਰਾਖਿਆਂ ਨੂੰ ਬੜਾ ਗੁੱਸਾ ਆਇਆ। ਅੱਜ ਇਹ ਨਵਾਂ ਸੂਰਜ ਕਿਥੋਂ ਚੜ੍ਹ ਪਿਆ ਸੀ। ਅੱਗੇ ਕਦੇ ਉਨ੍ਹਾਂ ਸਾਹਮਣੇ ਇਸ ਪਿੰਡੋਂ ਕੋਈ ਕੁਸਕਿਆ ਨਹੀਂ ਸੀ। ਉਨ੍ਹਾਂ ਉਹਨੂੰ ਖ਼ੂਬ ਗਾਲ੍ਹਾਂ ਕੱਢੀਆਂ।

ਰਾਮਕੁਮਾਰ ਅੰਦਰੋਂ ਨਿਕਲ ਆਇਆ, “ਅਸੀਂ ਤੁਹਾਡੀਆਂ ਗਾਲ੍ਹਾਂ ਦਾ ਕੋਈ ਜਵਾਬ ਨਹੀਂ ਦੇਣਾ। ਬਸ, ਅਸੀਂ ਥਾਣੇ ਜਾ ਕੇ ਰਿਪੋਰਟ ਕਰ ਦਿਆਂਗੇ।”

ਜੰਗਲ ਦੇ ਰਾਖਿਆਂ ਨੂੰ ਪਤਾ ਲਗ ਗਿਆ ਕਿ ਅਸਲੀ ਫ਼ਿਤਨਾ ਤਾਂ ਇਹ ਛੋਕਰਾ ਸੀ।

ਰਾਖਿਆਂ ਦੇ ਚਲੇ ਜਾਣ ਪਿਛੋਂ ਰਾਮਕੁਮਾਰ ਥਾਣੇ ਜਾ ਕੇ ਮੁਨਸ਼ੀ ਨੂੰ ਕਹਿ ਆਇਆ ਕਿ ਜੰਗਲ ਦੇ ਦੋਵਾਂ ਰਾਖਿਆਂ ਨੇ ਬਿਨਾ ਵਜ੍ਹਾ ਉਹਦੇ ਬਾਪੂ ਨੂੰ ਗਾਲ੍ਹਾਂ ਦਿੱਤੀਆਂ ਹਨ। ‘ਲੋਕ ਰਾਜ ਵਿਚ ਸਰਕਾਰੀ ਕਰਮਚਾਰੀਆਂ ਦਾ ਅਜਿਹਾ ਵਤੀਰਾ ਨਹੀਂ ਹੋਣਾ ਚਾਹੀਦਾ’।

ਅਗਲੇ ਦਿਨ ਰਾਮਕੁਮਾਰ ਨੇ ਦੂਰੋਂ ਵੇਖਿਆ, ਉਹੀ ਦੋ ਰਾਖੇ ਤੇ ਨਾਲ ਪੁਲਿਸ ਦੇ ਦੋ ਸਿਪਾਹੀ ਉਨ੍ਹਾਂ ਦੇ ਘਰ ਵਲ ਆ ਰਹੇ ਸਨ।

ਰਾਮਕੁਮਾਰ ਨੇ ਸੋਚਿਆ, “ਮੈਂ ਚੰਗਾ ਹੀ ਕੀਤਾ। ਹੁਣ ਵੇਖੋ ਸਿਪਾਹੀ ਉਨ੍ਹਾਂ ਨੂੰ ਲੈ ਕੇ ਆਏ ਨੇ। ਜੇ ਓਦੋਂ ਅਸੀਂ ਵੀ ਗਾਲ੍ਹਾਂ ਕੱਢਦੇ ਤਾਂ ਗੱਲ ਵਧ ਜਾਣੀ ਸੀ। ਹੁਣ ਸਿਪਾਹੀਆਂ ਸਾਹਮਣੇ ਉਹ ਕਹਿ ਦੇਣਗੇ ਕਿ ਉਨ੍ਹਾਂ ਗ਼ਲਤੀ ਕੀਤੀ, ਤੇ ਗੱਲ ਮੁਕ ਜਾਵੇਗੀ।”

ਪਰ ਜਦੋਂ ਉਹ ਚਾਰੇ ਉਨ੍ਹਾਂ ਦੇ ਘਰ ਦੇ ਨੇੜੇ ਪੁੱਜੇ ਤਾਂ ਹੁਣ ਰਾਖੇ ਨਹੀਂ, ਸਗੋਂ ਸਿਪਾਹੀ ਸਨ, ਜਿਹੜੇ ਉਹਦੇ ਪਿਓ ਨੂੰ ਦਬਾਦਬ ਗਾਲ੍ਹਾਂ ਕੱਢਣ ਲਗ ਪਏ।

ਸਿਪਾਹੀਆਂ ਨੇ ਪਹਿਲੋਂ ਰਾਮਈ ਨੂੰ ਕੁੱਟਣਾ ਸ਼ੁਰੂ ਕੀਤਾ। ਰਾਮਕੁਮਾਰ ਛੁਡਾਣ ਲੱਗਾ, ਤਾਂ ਉਨ੍ਹਾਂ ਉਹਨੂੰ ਵੀ ਮਾਰਿਆ। ਫੇਰ ਉਹਦੀ ਮਾਂ, ਰੂਪਕਲਾ, ਦੌੜੀ-ਦੌੜੀ ਆਈ ਤੇ ਉਹ ਸਿਪਾਹੀਆਂ ਦੇ ਪੈਰੀਂ ਪਈ। ਉਹਨੇ ਬੜੇ ਤਰਲੇ ਕੀਤੇ, ਪਰ ਸਿਪਾਹੀਆਂ ਨੇ ਉਹਨੂੰ ਵੀ ਕੁੱਟਿਆ।

ਸਿਪਾਹੀ ਗਰਜ ਰਹੇ ਸਨ, “ਵੇਖਾਂਗੇ ਕਿਵੇਂ ਤੁਸੀਂ ਪੰਜ ਕਿਲੋ ਦਾਣੇ ਇਨ੍ਹਾਂ ਨੂੰ ਨਹੀਂ ਦੇਂਦੇ ਤੇ ਹੋਰਨਾਂ ਕੋਲੋਂ ਨਹੀਂ ਲੈਣ ਦੇਂਦੇ।”

ਸ਼ੋਰ-ਸ਼ਰਾਬਾ ਸੁਣ ਕੇ ਪਿੰਡ ਦੇ ਹੋਰ ਬੁੱਢੇ-ਬੁੱਢੇ ਲੋਕੀਂ ਇਕੱਠੇ ਹੋ ਗਏ। ਉਨ੍ਹਾਂ ਵਿਚ ਪੈ ਕੇ ਗੱਲ ਮੁਕਾਣੀ ਚਾਹੀ, ਪਰ ਉਨ੍ਹਾਂ ਨੂੰ ਵੀ ਸਿਪਾਹੀਆਂ ਤੇ ਰਾਖਿਆਂ ਨੇ ਕੁਟਾਪਾ ਫੇਰਨਾ ਸ਼ੁਰੂ ਕੀਤਾ।

ਫੇਰ ਕੁਝ ਨੌਜਵਾਨ ਪਿੰਡੋਂ ਨਿਕਲ ਆਏ। ਉਨ੍ਹਾਂ ਗੁੱਸਾ ਖਾ ਕੇ ਪੁਲਿਸ ਵਾਲਿਆਂ ਦੀਆਂ ਲਾਠੀਆਂ ਖੋਹ ਲਈਆਂ। ਦੋਵੇਂ ਰਾਖੇ ਤੇ ਇਕ ਪੁਲਸੀਆ ਤਾਂ ਭੱਜ ਨਿਕਲੇ, ਪਰ ਇਕ ਪਿੱਛੇ ਰਹਿ ਗਿਆ।

ਉਸ ਪਿਛੋਂ ਰਹਿ ਗਏ ਪੁਲਸੀਏ ਨੂੰ ਨੌਜਵਾਨਾਂ ਨੇ ਰਾਮਕੁਮਾਰ ਦੀ ਅਗਵਾਈ ਵਿਚ ਇਕ ਕਮਰੇ ਵਿਚ ਬੰਦ ਕਰ ਦਿੱਤਾ।

ਰਾਮਕੁਮਾਰ ਨੇ ਆਪਣੇ ਸਾਥੀਆਂ ਨੂੰ ਕਿਹਾ, “ਅਸੀਂ ਇਸ ਨਾਲ ਕੋਈ ਬਦਸਲੂਕੀ ਨਹੀਂ ਕਰਨੀ। ਰੋਟੀ ਵੇਲੇ ਬਾਕਾਇਦਾ ਰੋਟੀ ਦੇਣੀ ਏਂ। ਸਾਡੇ ਮਾਸਟਰ ਜੀ ਨੇ ਕਿਹਾ ਸੀ ਕਿ ਭੈੜੇ ਤੋਂ ਭੈੜੇ ਬੰਦੇ ਨਾਲ ਵੀ ਇਨਸਾਨਾਂ ਵਾਂਗ ਪੇਸ਼ ਆਉਣਾ ਚਾਹੀਦਾ ਏ।” ਰਾਮਈ ਤੇ ਪਿੰਡ ਦਾ ਹੋਰ ਇਕ ਵੱਡਾ ਥਾਣੇ ਗਏ, ਤੇ ਓਥੇ ਸਾਰੀ ਗੱਲ ਉਨ੍ਹਾਂ ਸੱਚ-ਸੱਚ ਜਾ ਦੱਸੀ।

ਥਾਣੇਦਾਰ ਨੇ ਉਨ੍ਹਾਂ ਦੋਵਾਂ ਨੂੰ ਕਿਹਾ, “ਤੁਸੀਂ ਪਿੰਡ ਜਾਓ, ਅਸੀਂ ਆਉਂਦੇ ਹਾਂ।” ਕੁਝ ਚਿਰ ਪਿਛੋਂ ਵੱਡਾ ਥਾਣੇਦਾਰ, ਛੋਟਾ ਥਾਣੇਦਾਰ, ਦਰੋਗਾ ਤੇ ਬੜੇ ਸਾਰੇ ਸਿਪਾਹੀ ਟਰੱਕ ਵਿਚ ਬੈਠ ਕੇ ਪਿੰਡ ਪੁੱਜ ਗਏ।

ਆਉਂਦਿਆਂ ਹੀ ਰਾਮਕੁਮਾਰ ਤੇ ਉਹਦੇ ਸਾਥੀਆਂ ਨੇ ਫੜਿਆ ਹੋਇਆ ਪੁਲਸੀਆ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

ਪੁਲਸ ਅਫ਼ਸਰਾਂ ਤੇ ਪੁਲਸੀਆਂ ਨੇ ਨਾ ਰਾਮਈ, ਨਾ ਰਾਮਕੁਮਾਰ, ਨਾ ਆਪਣੇ ਪਿੰਡ ਵਿਚ ਰਹਿ ਗਏ ਸਿਪਾਹੀ, ਤੇ ਨਾ ਹੀ ਪਿੰਡ ਦੇ ਹੋਰ ਕਿਸੇ ਬੰਦੇ ਨਾਲ ਕੋਈ ਗੱਲ ਕੀਤੀ, ਬਸ ਵਾਹੋ ਦਾਹੀ ਪਿੰਡ ਦੇ ਲੋਕਾਂ ਨੂੰ ਕਸਾਈਆਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪਿੰਡ ਵਾਲਿਆਂ ਦੀਆਂ ਝੁੱਗੀਆਂ ਵਿਚੋਂ ਚੀਜ਼ਾਂ ਕੱਢ-ਕੱਢ ਕੇ ਬਾਹਰ ਸੁੱਟੀਆਂ। ਜੇ ਮੰਜੀ ਉਤੇ ਕੋਈ ਬਾਲ ਸੁੱਤਾ ਪਿਆ ਸੀ, ਤਾਂ ਬਾਲ ਨੂੰ ਥੱਲੇ ਸੁੱਟ ਉਨ੍ਹਾਂ ਮੰਜੀ ਟਰੱਕ ਵਿਚ ਸੁੱਟ ਲਈ। ਮਿੱਟੀ ਦੇ ਭਾਂਡੇ ਤੋੜ ਦਿੱਤੇ। ਚੁਲ੍ਹੇ ਭੰਨ ਦਿੱਤੇ ਤੇ ਫੇਰ ਉਹ ਵਾਰੋ-ਵਾਰੀ ਝੁੱਗੀਆਂ ਨੂੰ ਅੱਗਾਂ ਲਾਂਦੇ ਗਏ।

ਪਿੰਡ ਦਾ ਇਕ ਬੁੱਢਾ ਉਥੇ ਇਸ ਕੁਟਮਾਰ ਵਿਚ ਹੀ ਮਾਰਿਆ ਗਿਆ।

ਚਾਰ ਘੰਟੇ ਪੂਰੇ ਜ਼ੋਰ ਵਿਚ ਪੁਲਸੀਏ ਹਥੀਆਗੜ੍ਹ ਪਿੰਡ ਨਾਲ ਮਨ ਆਈ ਕਰਦੇ ਰਹੇ, ਫੇਰ ਉਹ ਰਾਮਈ, ਉਹਦੀ ਵਹੁਟੀ ਰੂਪਕਲਾ, ਉਨ੍ਹਾਂ ਦੇ ਪੁੱਤਰ ਰਾਮਕੁਮਾਰ ਤੇ ਉੱਨੀ ਹੋਰ ਜਣਿਆਂ ਨੂੰ ਫੜ ਕੇ ਥਾਣੇ ਲੈ ਆਏ।

ਥਾਣੇ ਆ ਕੇ ਵੀ ਸਾਰੀ ਰਾਤ ਖ਼ੂਬ ਕੁੱਟਮਾਰ ਹੁੰਦੀ ਰਹੀ।

ਸਵੇਰ ਹੋਈ ਤਾਂ ਰੂਪਕਲਾ ਨੂੰ ਥਾਣੇ ਦੇ ਬਾਹਰ ਅਫ਼ਸਰਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਰੂਪਕਲਾ ਕੋਈ ਪੈਂਠਾਂ ਵਰ੍ਹਿਆਂ ਦੀ ਹੋਏਗੀ—ਅੱਠਾਂ ਬੱਚਿਆਂ ਦੀ ਮਾਂ, ਸਭ ਤੋਂ ਛੋਟਾ ਰਾਮਕੁਮਾਰ।

ਰੂਪਕਲਾ ਨੂੰ ਸਿਪਾਹੀਆਂ ਨੇ ਅਲਫ਼ ਨੰਗਿਆਂ ਕਰ ਦਿੱਤਾ।

ਰੂਪਕਲਾ ਆਪਣੇ ਨੰਗੇਜ ਨੂੰ ਹੱਥਾਂ ਨਾਲ ਢੱਕਦੀ ਤਾਂ ਥਾਣੇਦਾਰ ਉਹਦੇ ਹੱਥਾਂ ਉਤੇ ਬੈਂਤ ਮਾਰਦਾ ਤੇ ਕਹਿੰਦਾ, “ਹੱਥ ਨੀਵੇਂ ਕਰ। ਤੇਰੇ ਕੁਝ ਚਰਜ ਨਹੀਂ ਲਗਾ ਹੋਇਆ...” ਤੇ ਹੋਰ ਕਈ ਕੁਝ ਕਹਿੰਦਾ।

ਫੇਰ ਸਿਪਾਹੀਆਂ ਨੇ ਰੂਪਕਲਾ ਦੇ ਅਠਵੇਂ ਤੇ ਸਭ ਤੋਂ ਛੋਟੇ ਬੱਚੇ ਰਾਮਕੁਮਾਰ ਨੂੰ ਅਲਫ਼ ਨੰਗਿਆਂ ਕੀਤਾ ਤੇ ਹੁਜਾਂ ਮਾਰ-ਮਾਰ ਕੇ ਉਹ ਅਲਫ਼ ਨੰਗੇ ਰਾਮਕੁਮਾਰ ਨੂੰ ਉਹਦੀ ਅਲਫ਼ ਨੰਗੀ ਮਾਂ ਕੋਲ ਲੈ ਆਏ।

ਸਿਪਾਹੀਆਂ ਨੇ ਨੇੜੇ ਹੀ ਇਕ ਖੂੰਜੇ ਵਿਚ ਰੂਪਕਲਾ ਦੇ ਪਤੀ ਤੇ ਰਾਮਕੁਮਾਰ ਦੇ ਬੁੱਢੇ ਪਿਓ ਰਾਮਈ ਨੂੰ ਖੜਾ ਕਰ ਦਿੱਤਾ।

ਰੂਪਕਲਾ ਚੀਕ ਰਹੀ ਸੀ, “ਹਾਇ ਪਰਮੇਸ਼ਰ...”

ਨੰਗੀ ਰੂਪਕਲਾ ਨੂੰ ਧੱਕੇ ਮਾਰ-ਮਾਰ ਕੇ ਭੁੰਜੇ ਲਿਟਾ ਦਿੱਤਾ ਗਿਆ।

ਵੱਡੇ ਥਾਣੇਦਾਰ ਨੇ ਰਾਮਕੁਮਾਰ ਨੂੰ ਹੁਕਮ ਦਿੱਤਾ, “ਲੇਟ ਓਏ ਆਪਣੀ ਮਾਂ ਉਤੇ।”

ਰਾਮਕੁਮਾਰ ਕੰਬ ਰਿਹਾ ਸੀ, ਪਰ ਓਥੇ ਹੀ ਖੜੋਤਾ ਰਿਹਾ।

ਦੋ ਪੁਲਸੀਆਂ ਨੇ ਲਾਠੀਆਂ ਮਾਰ ਕੇ ਰਾਮਕੁਮਾਰ ਨੂੰ ਰੂਪਕਲਾ ਉਤੇ ਲਿਟਾ ਦਿੱਤਾ। “ਜੰਗਲ ਦੇ ਰਾਖਿਆਂ ਨੂੰ ਕਹਿੰਦਾ ਸੀ ਕਿ ਹੜਤਾਲ ਕਰੋ! ਹੁਣ ਕਿਉਂ ਹੜਤਾਲ ਕੀਤੀ ਹੋਈ ਆ। ਕੰਮ ਕਿਉਂ ਨਹੀਂ ਕਰਦਾ ਜਿਹੜਾ ਅਸੀਂ ਕਹਿੰਦੇ ਆਂ!”

“ਮਾਰੋ ਓਏ ਇਹਦੇ ਚਿਤੜਾਂ ’ਤੇ ਪਿਛੋਂ ਠੁਡੇ।...”

ਦੋ ਪੁਲਸੀਏ ਰਾਮਕੁਮਾਰ ਦੇ ਚਿਤੜਾਂ ਉਤੇ ਠੁੱਡੇ ਮਾਰ ਮਾਰ ਕੇ ਉਹਨੂੰ ਮਜਬੂਰ ਕਰਦੇ ਰਹੇ…

ਕੋਲ ਹੀ ਇਕ ਖੂੰਜੇ ਵਿਚ ਦੋ ਸਿਪਾਹੀਆਂ ਵਿਚ ਜਕੜੇ ਖੜੋਤੇ ਰਾਮਈ ਨੇ ਇਸ ਸਭ ਕਾਸੇ ਵਲੋਂ ਪਿੱਠ ਕਰਨੀ ਚਾਹੀ, ਪਰ ਉਹਨੂੰ ਸਿੱਧਾ ਖੜੋਤਾ ਰੱਖਿਆ ਗਿਆ। ਉਹਨੂੰ ਆਪਣੀਆਂ ਅੱਖਾਂ ਢਕਣ ਤੋਂ ਰੋਕਿਆ ਗਿਆ।

ਵੱਡਾ ਥਾਣੇਦਾਰ ਤੇ ਛੋਟਾ ਥਾਣੇਦਾਰ ਬੋਲੀ ਜਾ ਰਹੇ ਸਨ:

“ਹੁਣ ਤੇਰੀ ਬੈਟਰੀ ਡਾਊਨ ਏ ਬੁੱਢਿਆ।”

“ਇਹਨੂੰ ਹੁਣ ਜਵਾਨ ਚਾਹੀਦਾ ਏ।”

“ਇਸ ਬੁੱਢੀ ਨੇ ਕਿਹੜਾ ਫ਼ੈਮਿਲੀ ਪਲੈਨਿੰਗ ਕੀਤਾ ਹੋਇਆ ਏ—ਅੱਠ ਅੱਗੇ ਜੰਮੇਂ ਸੂ, ਹੁਣ ਨੌਵਾਂ ਸਹੀ...”

ਰਾਮਈ ਭੁਬਾਂ ਮਾਰ ਕੇ ਰੋਂਦਾ ਰਿਹਾ।

ਉਹਦੀਆਂ ਭੁਬਾਂ ਤੇ ਥਾਣੇਦਾਰਾਂ ਤੇ ਸਿਪਾਹੀਆਂ ਦੀ ਹੀ-ਹੀ, ਹਿੜ-ਹਿੜ ਰਲਗਡ ਹੁੰਦੀ ਰਹੀ।

[1969]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •