Imartan Dhaun Wale (Punjabi Story) : Gulsher Khan Shaani

ਇਮਾਰਤਾਂ ਢਾਉਣ ਵਾਲੇ (ਕਹਾਣੀ) : ਗੁਲਸ਼ੇਰ ਖ਼ਾਂ ਸ਼ਾਨੀ

ਦੂਸਰੇ ਕਮਰੇ 'ਚੋਂ ਸਾਰੀਆਂ ਆਹਟਾਂ ਆ ਰਹੀਆਂ ਨੇ—ਉਹ ਸਾਰੀਆਂ ਆਵਾਜ਼ਾਂ ਜਿਹੜੀਆਂ ਕਿਸੇ ਪਰਿਵਾਰ ਦੀ ਸਵੇਰ ਦੇ ਨਾਲ, ਓਵੇਂ ਹੀ ਆਉਂਦੀਆਂ ਨੇ ਜਿਵੇਂ ਸੂਰਜ ਦੇ ਨਾਲ-ਨਾਲ ਧੁੱਪ! ਹਰ ਘਰ ਦੀ ਸਵੇਰ ਵਰਗੀ ਸਵੇਰ ਸੀ ਜਿਸ ਵਿਚ ਕਿਚਨ ਦੀ ਖਟਖਟ, ਚਾਹ ਦੀਆਂ ਪਿਆਲੀਆਂ ਦੀ ਟੁਣਕਾਰ, ਟੂਟੀ ਦੇ ਚੱਲਣ ਤੇ ਨੰਗੇ ਫ਼ਰਸ਼ ਉੱਤੇ ਪਛਾੜਾਂ ਖਾ ਰਹੇ ਪਾਣੀ ਦੀ ਆਵਾਜ਼ ਤੇ ਬਾਥਰੂਮ ਦੇ ਫਲਸ਼ ਦੀ ਆਵਾਜ਼...
ਮੈਂ ਜਾਣਦਾਂ ਉਹ ਘੜੀ ਆ ਗਈ ਏ, ਜਾਂ ਕਿਸੇ ਪਲ ਵੀ ਯਕਦਮ ਆ ਸਕਦੀ ਏ। ਫੇਰ ਕੀ ਹੋਏਗਾ? ਕੀ ਮੈਂ ਘਬਰਾਇਆ ਹੋਇਆਂ, ਜਾਂ ਡਰ ਗਿਆ ਆਂ? ਸ਼ਾਇਦ ਦੋਏ ਗੱਲਾਂ ਈ ਨੇ। ਕਾਫੀ ਮੂੰਹ ਹਨੇਰੇ ਈ ਮੇਰੀ ਅੱਖ ਖੁੱਲ੍ਹ ਗਈ ਸੀ ਤੇ ਅਚਾਨਕ ਮੈਨੂੰ ਖ਼ਿਆਲ ਆਇਆ ਸੀ ਕਿ ਮੈਂ ਕਿਸੇ ਹੋਰ ਦੇ ਡਰਾਇੰਗ-ਰੂਮ ਵਿਚ ਆਂ। ਪਹਿਲਾਂ ਤਾਂ ਮੈਨੂੰ ਯਕੀਨ ਈ ਨਹੀਂ ਸੀ ਆਇਆ ਕਿ ਮੈਂ ਆਪਣੇ ਘਰ, ਆਪਣੇ ਪਲੰਘ ਉਪਰ ਨਹੀਂ—ਤੇ ਵਰ੍ਹਿਆਂ ਪੁਰਾਣੀ ਆਦਤ ਅਨੁਸਾਰ ਮੇਰਾ ਸਿਰ ਮੇਰੇ ਨਰਮ ਤੇ ਗੁਦਗੁਦੇ ਸਿਰਹਾਣੇ ਉਪਰ ਨਹੀਂ। ਮੇਰੀਆਂ ਬਾਹਾਂ ਵਿਚ ਮੇਰੀ ਪਤਨੀ ਦਾ ਸੁੱਤਾ, ਬਾਸੀ ਸਰੀਰ ਨਹੀਂ ਬਲਕਿ ਇਸ ਦੇ ਐਨ ਉਲਟ ਮੈਂ ਉਹਨਾਂ ਦੇ ਸੋਫੇ ਉਪਰ ਇਕੱਲਾ ਪਿਆ ਹੋਇਆ ਸਾਂ ਤੇ ਸਖ਼ਤ ਸਿਰਹਾਣੇ ਕਾਰਨ ਮੇਰੀ ਧੌਣ ਆਕੜ ਗਈ ਸੀ।...
ਪਿਆਸ ਵੀ ਖਾਸੀ ਲੱਗੀ ਹੋਈ ਸੀ ਤੇ ਸੰਘ ਵਿਚ ਕੰਡੇ ਜਿਹੇ ਉੱਗ ਆਏ ਜਾਪਦੇ ਸਨ—ਅਸਲ ਵਿਚ ਇਸ ਸੁੱਕੇ ਸੰਘ ਨੇ ਈ ਮੈਨੂੰ ਸਮੇਂ ਤੋਂ ਪਹਿਲਾਂ ਜਗਾ ਦਿੱਤਾ ਸੀ। ਨਸ਼ਾ, ਜਿਸਨੂੰ ਖੁਮਾਰ ਕਤਈ ਨਹੀਂ ਸੀ ਆਖਿਆ ਜਾ ਸਕਦਾ, ਅਜੇ ਵੀ ਮੇਰੇ ਸਾਰੇ ਸਰੀਰ ਉਪਰ ਭਾਰੂ ਸੀ। ਸੱਚ ਆਖਾਂ ਤਾਂ ਇਸ ਗੱਲ ਦਾ ਅਹਿਸਾਸ ਹੀ ਮੈਨੂੰ ਹੁਣ ਹੋਇਆ ਸੀ ਕਿ ਰਾਤੀਂ ਮੈਂ ਕਿੰਨੀ ਪੀ ਗਿਆ ਸਾਂ। ਰਾਤ! ਰਾਤ ਦਾ ਚੇਤਾ ਆਉਂਦਿਆਂ ਈ ਧੁੜਧੁੜੀ ਜਿਹੀ ਆ ਗਈ। ਰਾਤੀਂ ਜੋ ਕੁਝ ਹੋਇਆ ਸੀ, ਕੀ ਉਹ ਸੱਚ ਸੀ...ਜਾਂ ਨਸ਼ੇ ਦੀ ਹਾਲਤ ਵਿਚ ਦੇਖੇ ਕਿਸੇ ਸੁਪਨੇ ਦੀ ਝਿਲਮਿਲਾਹਟ...?
ਅਜੇ ਹਨੇਰਾ ਸੀ, ਜੇ ਮੈਂ ਆਪਣੀ ਘੜੀ ਨਾ ਦੇਖੀ ਹੁੰਦੀ ਤਾਂ ਇਹੀ ਸਮਝਦਾ ਕਿ ਅਜੇ ਰਾਤ ਏ। ਮੈਂ ਹੌਲੀ-ਹੌਲੀ ਉਠਿਆ ਤੇ ਇਕ ਹਲਕੀ ਜਿਹੀ ਲੜਖੜਾਹਟ ਪਿੱਛੋਂ ਪਾਣੀ ਦੀ ਭਾਲ ਵਿਚ ਕਿਚਨ ਵੱਲ ਤੁਰ ਪਿਆ। ਬਾਹਰਲੇ ਬੂਹੇ ਤੋਂ ਬਿਨਾਂ ਪੂਰਾ ਘਰ ਖੁੱਲ੍ਹਾ ਪਿਆ ਸੀ। ਕਿਚਨ ਤੇ ਬਾਥਰੂਮ ਦੀਆਂ ਬੱਤੀਆਂ ਜਗ ਰਹੀਆਂ ਸਨ। ਅਨਿਲ ਤੇ ਚੰਦਰਾ ਦਾ ਕਮਰਾ ਵੀ ਜਿਵੇਂ ਦਾ ਤਿਵੇਂ ਪਿਆ ਸੀ, ਜਿਵੇਂ ਮੈਂ ਰਾਤੀਂ ਛੱਡ ਕੇ ਆਇਆ ਸਾਂ। ਪਲੰਘ ਕੋਲ ਪਈ ਤਿਪਾਈ ਉਪਰ ਗ਼ਲਾਸ ਮੂਧੇ-ਸਿੱਧੇ ਪਏ ਸਨ, ਹੇਠਾਂ ਖਾਲੀ ਬੋਤਲਾਂ ਲੁੜਕੀਆਂ ਹੋਈਆਂ ਸਨ। ਕੋਲ ਹੀ ਚੰਦਰਾ ਦੀ ਸਾੜ੍ਹੀ ਪਈ ਸੀ। ਕਮਰੇ ਦੀ ਬੱਤੀ ਵੀ ਜਗ ਰਹੀ ਸੀ ਤੇ ਉਹ ਦੋਏ ਪਤੀ-ਪਤਨੀ, ਮਿੱਧੇ-ਮਸਲੇ ਬਿਸਤਰੇ ਉੱਤੇ ਬੇਸੁੱਧ ਪਏ ਸਨ। ਕਿਚਨ ਵਲੋਂ ਦਬਵੇਂ ਪੈਰੀਂ ਮੁੜਦਾ ਹੋਇਆ ਮੈਂ ਕਾਫੀ ਦੇਰ ਤੱਕ ਉੱਥੇ ਖੜ੍ਹਾ ਰਿਹਾ। ਕਈ ਪਲ ਤੱਕ ਆਪਣੇ ਦੋਸਤ ਅਨਿਲ ਤੇ ਉਸਦੀ ਪਤਨੀ ਦੇ ਘੂਕ ਸੁੱਤੇ ਸਰੀਰਾਂ ਨੂੰ ਦੇਖਦਾ ਰਿਹਾ। ਚੰਦਰਾ ਸਿਰਫ ਪੇਟੀਕੋਟ ਤੇ 'ਬਰਾ' ਵਿਚ ਸੀ। ਉਸਦੀ ਇਕ ਲੱਤ ਗੋਡੇ ਦੀ ਖੁੱਚ ਤੱਕ ਨੰਗੀ ਹੋਈ ਹੋਈ ਸੀ। ਉਸਨੂੰ ਇਸ ਵੇਲੇ ਦੇਖ ਕੇ ਯਕੀਨ ਈ ਨਹੀਂ ਸੀ ਆ ਰਿਹਾ ਕਿ ਇਹ ਰਾਤ ਵਾਲੀ ਉਹੀ ਦੇਹ ਹੈ...।
ਮੈਂ ਡਰਾਇੰਗ ਰੂਮ ਵਿਚ ਪਰਤ ਆਇਆ, ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਉੱਥੇ ਦੇਖਦਾ ਹੋਇਆ ਫੜਿਆ ਜਾਵਾਂ। ਫੇਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਈ ਨਹੀਂ ਸੀ ਕਿ ਇਕ ਪਿੱਛੋਂ ਇਕ ਸਿਗਰੇਟ ਫੂਕਦਾ ਤੇ ਸਮਾਂ ਬਿਤਾਉਂਦਾ ਰਹਾਂ ਤੇ ਦਿਨ ਚੜ੍ਹ ਆਉਣ ਦੀ ਉਡੀਕ ਕਰਾਂ।
ਇਕ ਵਾਰੀ ਮਨ ਵਿਚ ਇਹ ਵੀ ਆਇਆ ਸੀ ਕਿ ਅਜੇ ਦੋਏ ਸੁੱਤੇ ਪਏ ਨੇ, ਉਠਣ ਵਿਚ ਦੇਰ ਵੀ ਹੋ ਸਕਦੀ ਏ—ਕਿਉਂ ਨਾ ਚੁੱਪਚਾਪ ਘਰੇ ਚਲਾ ਜਾਵਾਂ ਤੇ ਆਉਣ ਵਾਲੇ ਸੰਕਟ ਤੋਂ ਬਚ ਜਾਵਾਂ, ਪਰ ਫੇਰ ਸੋਚਿਆ ਕਿ ਇਸ ਨੂੰ ਮੇਰੀ ਹੈਸੀਅਤ ਦੇ ਲਿਹਾਜ਼ ਨਾਲ, ਕਿਤੇ ਮੇਰੀ ਕਾਇਰਤਾ ਈ ਨਾ ਸਮਝ ਲਿਆ ਜਾਏ।
ਅਨਿਲ ਮੇਰਾ ਦੋਸਤ ਵੀ ਸੀ ਤੇ ਨਹੀਂ ਵੀ ਸੀ। ਦੋਸਤ ਉਹ ਇਹਨਾਂ ਸ਼ਬਦਾਂ ਵਿਚ ਸੀ ਕਿ ਇਹਨਾਂ ਦਿਨਾਂ ਵਿਚ ਮੇਰਾ ਸਾਰ; ਸਮਾਂ ਉਸੇ ਨਾਲ ਜਾਂ ਉਸਦੇ ਘਰ ਹੀ ਬੀਤਦਾ ਸੀ । ਕਾਰਨ ਭਾਵੇਂ ਕੁਝ ਵੀ ਹੋਏ, ਮੈਂ ਉਸਨੂੰ ਪਸੰਦ ਵੀ ਕਰਨ ਲੱਗ ਪਿਆ ਸਾਂ। ਜੇ ਨਹੀਂ ਸੀ ਤਾਂ ਇਹਨਾਂ ਅਰਥਾਂ ਵਿਚ ਸਾਡੇ ਵਿਚਕਾਰ ਦੋਸਤੀ ਦਾ ਕੋਈ ਆਧਾਰ ਵੀ ਹੈ ਨਹੀਂ ਸੀ ਕਿ ਉਹ ਇਕ ਦਫ਼ਤਰ ਦੀ ਮਾਮੂਲੀ ਜਿਹੀ ਨੌਕਰੀ ਉਪਰ ਦਿਨ-ਕਟੀ ਕਰਨ ਵਾਲਾ ਇਕ ਸਾਧਾਰਣ ਆਦਮੀ ਸੀ ਤੇ ਮੈਂ...
ਮੇਰਾ ਸਬੰਧ ਉਸ ਵਰਗ ਨਾਲ ਏ ਜਿਸ ਦੇ ਵਸੀਲਿਆਂ ਬਾਰੇ ਲੋਕ ਸੱਪ ਦੇ ਪੈਰਾਂ ਵਾਲੀ ਉਦਾਹਰਨ ਦਿੰਦੇ ਨੇ। ਉਂਜ ਕਾਰੋਬਾਰ ਦੇ ਲਿਹਾਜ਼ ਨਾਲ ਮੈਂ ਇਮਾਰਤਾਂ ਢਾਉਣ ਤੇ ਬਣਾਉਣ ਦਾ ਕੰਮ ਕਰਦਾ ਆਂ। ਸੋ ਅਨਿਲ ਤੇ ਮੇਰੇ ਵਰਗ, ਵੱਕਾਰ, ਚੇਤਨਾ ਤੇ ਮਿਜਾਜ਼ ਵਿਚ ਬੜਾ ਅੰਤਰ ਸੀ। ਵੈਸੇ ਵੀ ਅਨਿਲ ਹਮੇਸ਼ਾ ਮੈਥੋਂ ਦਬਿਆ-ਦਬਿਆ ਰਹਿੰਦਾ ਸੀ ਤੇ ਮੈਂ ਬੜੀ ਖੂਬਸੂਰਤੀ ਨਾਲ ਉਸ ਉਪਰ ਕਾਠੀ ਪਾਈ ਹੋਈ ਸੀ। ਅਸੀਂ ਦੋਏ ਇਹ ਗੱਲ ਜਾਣਦੇ ਵੀ ਸੀ। ਜੇ ਸਾਡੀ ਦੋਸਤੀ ਦਾ ਕੋਈ ਆਧਾਰ ਹੋ ਸਕਦਾ ਸੀ ਤਾਂ ਉਹ ਸ਼ਾਇਦ ਇਹ ਸੀ ਕਿ ਅਨਿਲ ਦੇ ਕਹਿਣ ਅਨੁਸਾਰ ਅਸੀਂ ਦੋਏ ਇਕ ਜਗ੍ਹਾ ਦੇ ਰਹਿਣ ਵਾਲੇ ਸਾਂ।
ਇਸ ਸ਼ਹਿਰ ਨੂੰ ਆਪਣੇ ਜਾਂ ਆਪਣੇ ਕਾਰੋਬਾਰ ਲਈ ਮੈਂ ਐਵੇਂ ਈ ਨਹੀਂ ਸੀ ਚੁਣ ਲਿਆ—ਸ਼ੁਰੂ ਤੋਂ ਈ ਇਹ ਮੈਨੂੰ ਇਸ ਕਰਕੇ ਦਿਲਚਸਪ ਲੱਗਿਆ ਸੀ ਕਿ ਇੱਥੇ ਇਕ ਵਿਚ, ਦੋ ਸ਼ਹਿਰ ਨੇ ਜਾਂ ਦੋ ਸ਼ਹਿਰਾਂ ਨੂੰ ਮਿਲਾ ਕੇ ਇਕ ਸ਼ਹਿਰ ਬਣਿਆ ਹੋਇਆ ਏ ਇਹ। ਇਕ ਪਾਸੇ ਪੁਰਾਣੀਆਂ ਇਮਾਰਤਾਂ ਦਾ ਪੁਰਾਣਾ ਸ਼ਹਿਰ ਏ ਤੇ ਦੂਜੇ ਪਾਸੇ ਨਵੀਂਆਂ-ਨਵੀਂਆਂ ਇਮਾਰਤਾਂ ਵਾਲਾ ਬਿਲਕੁਲ ਨਵਾਂ-ਨਕੋਰ ਸ਼ਹਿਰ। ਮੇਰੇ ਨਾਲੋਂ ਵਧ ਕੌਣ ਜਾਣਦਾ ਹੋਏਗਾ ਕਿ ਪਹਿਲਾ ਪੁਰਾਣਾ ਸ਼ਹਿਰ ਜਿਸ ਅਨੁਪਾਤ ਵਿਚ ਟੁੱਟ ਰਿਹਾ ਏ...ਦੂਜਾ, ਦਿਨ-ਬ-ਦਿਨ ਉਸ ਨਾਲੋਂ ਕਿਤੇ ਵਧੇਰੇ ਤੇਜੀ ਨਾਲ ਪਸਰਦਾ ਜਾ ਰਿਹਾ ਏ।
ਇੱਥੇ ਆਉਣ ਤੋਂ ਪਿੱਛੋਂ ਵੀ ਅਸੀਂ ਕਈ ਵਰ੍ਹੇ ਇਕ ਦੂਜੇ ਨੂੰ ਨਹੀਂ ਸੀ ਮਿਲੇ। ਨਾ ਹੀ ਉਸਨੂੰ ਇਹ ਪਤਾ ਸੀ ਕਿ ਮੈਂ ਇਸ ਸ਼ਹਿਰ ਵਿਚ ਆਂ ਤੇ ਨਾ ਹੀ ਮੈਨੂੰ ਕਦੀ ਉਸਦੀ ਲੋੜ ਮਹਿਸੂਸ ਹੋਈ ਸੀ। ਜੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਮੈਂ ਅਨਿਲ ਦੇ ਦਫ਼ਤਰ ਨਾ ਗਿਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਕਦੀ ਵੀ ਨਾ ਵਾਪਰਦੀ। ਦਰਅਸਲ ਜਿੰਨਾਂ ਮੈਂ ਆਪਣੇ ਕਾਰੋਬਾਰ ਨੂੰ ਸਮਝਦਾਂ ਅਜਿਹੀ ਕੋਈ ਗੱਲ ਨਹੀਂ ਕਿ ਉਸ ਨਾਲੋਂ ਘੱਟ ਇਹਨਾਂ ਦਫ਼ਤਰਾਂ ਵਾਲਿਆਂ ਨੂੰ ਸਮਝਦਾ ਹੋਵਾਂ—ਭਾਵੇਂ ਉਹ ਕਲਰਕ ਹੋਣ ਜਾਂ ਅਫ਼ਸਰ। ਅਖੇ, 'ਤੁਮ ਡਾਲ ਡਾਲ, ਹਮ ਪਾਤ ਪਾਤ' ਵਾਲੀ ਚਾਲ ਮੈਨੂੰ ਖੂਬ ਆਉਂਦੀ ਏ। ਸ਼ਾਇਦ ਇਸੇ ਕਰਕੇ ਆਨੰਦ ਦੀ ਗਰਮ ਜੋਸ਼ੀ ਨੇ ਪਹਿਲਾਂ ਤਾਂ ਮੈਨੂੰ ਚੌਕੰਨਾਂ ਕਰ ਦਿੱਤਾ ਸੀ, ਪਰ ਪਿੱਛੋਂ ਇਹ ਦੇਖ ਕੇ ਮੈਨੂੰ ਸ਼ਮਿੰਦਗੀ ਮਹਿਸੂਸ ਹੋਈ ਸੀ ਕਿ ਉਹ, ਉਹ ਨਹੀਂ ਸੀ ਜੋ ਮੈਂ ਸਮਝ ਰਿਹਾ ਸਾਂ। ਇਹੀ ਨਹੀਂ ਮੇਰੇ ਉਪਰ ਸੌ ਘੜੇ ਪਾਣੀ ਦੇ ਹੋਰ ਪੈ ਗਏ ਸਨ, ਜਦੋਂ ਉਸਨੇ ਦਫ਼ਤਰ ਦੇ ਕਾਰੋਬਾਰੀ ਸਬੰਧਾਂ ਨੂੰ ਇਕ ਪਾਸੇ ਰੱਖ ਕੇ, ਪਿੱਛਲੀ ਜਗ੍ਹਾ ਤੇ ਪਿੱਛਲੇ ਦਿਨਾਂ ਦੀਆਂ ਗੱਲਾਂ ਤੋਰ ਲਈਆਂ ਸਨ—
'ਮੈਂ ਜਾਣਦਾਂ, ਤੁਹਾਨੂੰ ਤਾਂ ਸ਼ਾਇਦ ਯਾਦ ਵੀ ਨਾ ਹੋਏ, '' ਉਸਨੇ ਕਿਹਾ ਸੀ, ''ਪਰ ਮੈਂ ਪਹਿਲੇ ਦਿਨ ਹੀ ਤੁਹਾਨੂੰ ਪਛਾਣ ਲਿਆ ਸੀ। ਬਲਾਇਆ ਇਸ ਕਰਕੇ ਨਹੀਂ ਕਿ ਵੱਡੇ ਆਦਮੀ ਨੇ, ਪਤਾ ਨਹੀਂ ਕੀ ਸੋਚ ਬਹਿਣ। ਤੁਹਾਨੂੰ ਭਲਾ ਕੀ ਯਾਦ ਹੋਏਗਾ ਕਿ ਆਪਾਂ ਸਕੂਲ ਦੀਆਂ ਮੁੱਢਲੀਆਂ ਜਮਾਤਾਂ ਵਿਚ ਨਾਲ ਨਾਲ ਹੁੰਦੇ ਸਾਂ। ਯਾਦ ਕਰੋ ਖਾਂ, ਦੁਪਹਿਰ ਦੀ ਰਿਸੈਸ ਵੇਲੇ ਤੁਹਾਨੂੰ ਕੱਚੀ ਇਮਲੀ ਤੋੜ-ਤੋੜ ਕੇ ਕੌਣ ਖਵਾਂਦਾ ਹੁੰਦਾ ਸੀ?...ਜ਼ਰਾ ਸੋਚ ਕੇ ਦੱਸਣਾ ਬਈ ਛੁੱਟੀ ਵਾਲੇ ਦਿਨ ਜਾਮਨਾਂ ਤੇ ਅਮਰੂਦ ਦੇ ਬਾਗ ਵਿਚ ਗੁਲੇਲ ਚੁੱਕੀ ਤੁਹਾਡੇ ਨਾਲ ਨਾਲ ਕੌਣ ਨੱਠਿਆ ਫਿਰਦਾ ਹੁੰਦਾ ਸੀ?''
ਸੱਚ ਪੁੱਛੋ ਤਾਂ ਮੇਰੇ ਕੁਝ ਵੀ ਯਾਦ ਨਹੀਂ ਸੀ। ਨਾ ਸਥਾਨ ਈ ਯਾਦ ਸਨ ਤੇ ਨਾ ਸਕੂਲ ਦੇ ਸਾਥੀ ਹੀ। ਸੱਚ ਤਾਂ ਇਹ ਈ ਕਿ ਮੈਨੂੰ ਇਸ ਗੱਲ ਉਪਰ ਵੀ ਸ਼ੱਕ ਸੀ ਕਿ ਉਹ ਸਾਡੇ ਪਿੰਡ ਦਾ ਰਹਿਣ ਵਾਲਾ ਸੀ। ਪਰ ਮੈਂ ਜ਼ਾਹਰ ਨਹੀਂ ਸੀ ਕੀਤਾ।
ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਦੇ ਘਰ ਚੱਲਣ ਦੀ ਬੇਨਤੀ ਨੂੰ ਪਹਿਲੀ ਵਾਰੀ ਮੈਂ ਕਿਉਂ ਸਵੀਕਾਰ ਕਰ ਲਿਆ ਸੀ। ਹੋ ਸਕਦਾ ਏ ਕਿ ਇੰਜ ਮੈਂ ਆਪਦੇ ਵੱਡਪਨ ਦਾ ਇਕ ਹੋਰ ਸਬੂਤ ਦੇਣਾ ਚਾਹੁੰਦਾ ਹੋਵਾਂ...ਤੇ ਇਹ ਵੀ ਹੋ ਸਕਦਾ ਏ ਕਿ ਉਸ ਦੀ ਵਾਰੀ ਵਾਰੀ ਦੀ ਜ਼ਿੱਦ ਤੋਂ ਅੱਕ ਦੇ ਆਪਣਾ ਪਿੱਛਾ ਛੁਡਾਉਣ ਲਈ ਈ ਤੁਰ ਗਿਆ ਹੋਵਾਂ। ਖ਼ੈਰ, ਕਈ ਦਿਨਾਂ ਤੇ ਕਈ ਕਈ ਵਾਰੀ ਦੇ ਸੱਦਿਆਂ ਪਿੱਛੋਂ ਜਦੋਂ ਮੈਂ ਇਸ ਦੇ ਘਰ ਪਹੁੰਚਿਆ ਤੇ ਅਨਿਲ ਨੇ ਆਪਣੀ ਪਤਨੀ ਚੰਦਰਾ ਨੂੰ ਮੇਰੇ ਨਾਲ ਮਿਲਾਇਆ ਤਾਂ ਮੈਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੋਇਆ ਸੀ ਕਿ ਇਸ ਤੋਂ ਪਹਿਲਾਂ ਮੈਂ ਉਸ ਦੇ ਘਰ ਕਿਉਂ ਨਹੀਂ ਸੀ ਆਇਆ। ਚੰਦਰਾ ਸਿਰਫ ਸੋਹਣੀ ਹੀ ਨਹੀਂ ਸੀ, ਬਲਕਿ ਉਸ ਦੀ ਗੱਲਬਾਤ, ਰੱਖ-ਰਖਾਅ, ਅੱਖਾਂ ਦੀਆਂ ਮੁਦਰਾਵਾਂ ਤੇ ਅੰਦਾਜ਼ ਵਿਚ ਇਕ ਅਜੀਬ ਉਦਾਸੀ-ਪੂਰਨ, ਹੁਸੀਨ ਕਸ਼ਿਸ਼ ਸੀ। ਮੈਂ ਦਸ ਮਿੰਟ ਲਈ ਗਿਆ ਸਾਂ, ਪਰ ਪਹਿਲੇ ਹੀ ਦਿਨ ਦੋ ਘੰਟੇ ਬਾਅਦ ਪਰਤਿਆ ਸਾਂ ਤੇ ਅਗਲੇ ਦੋ ਦਿਨ ਖਾਸਾ ਬੇਚੈਨ ਰਿਹਾ ਸਾਂ। ਕਹਿਣਾ ਫਜ਼ੂਲ ਏ ਕਿ ਹੁਣ ਅਨਿਲ ਦਾ ਮਹੱਤਵ ਮੇਰੀਆਂ ਨਿਗਾਹਾਂ ਵਿਚ ਕਈ ਗੁਣਾ ਵਧ ਗਿਆ ਸੀ...।
ਮੈਨੂੰ ਇਹ ਦੱਸਣ ਵਿਚ ਜ਼ਰਾ ਵੀ ਸੰਕੋਚ ਨਹੀਂ ਕਿ ਮੈਂ ਬੜਾ ਹੀ ਕੋਰਾ ਤੇ ਕਾਰੋਬਾਰੀ ਜਿਹਾ ਆਦਮੀ ਆਂ। ਚਾਹਾਂ, ਚਾਹੇ ਨਾ ਚਾਹਾਂ ਪਰ ਹਰੇਕ ਚੀਜ਼ ਦਾ ਮੁੱਲ ਇਹ ਦੇਖ ਕੇ ਲਾਉਂਦਾ ਆਂ ਕਿ ਉਹ ਜ਼ਰੂਰੀ ਹੋਣ ਦੇ ਨਾਲ ਨਾਲ ਲਾਭਵੰਤ ਵੀ ਹੈ ਜਾਂ ਨਹੀਂ। ਜ਼ਨਾਨੀ ਦੇ ਮਾਮਲੇ ਵਿਚ ਵੀ ਮੇਰਾ ਦ੍ਰਿਸ਼ਟੀਕੋਣ ਹਮੇਸ਼ਾ ਇਹੀ ਹੁੰਦਾ ਏ। ਮੈਂ ਕਦੀ ਪ੍ਰੇਮ ਨਹੀਂ ਕੀਤਾ ਤੇ ਨਾ ਹੀ ਇਸ ਮੂਰਖਤਾ ਉਤੇ ਵਿਸ਼ਵਾਸ ਹੀ ਹੈ ਮੈਨੂੰ। ਹੋ ਸਕਦਾ ਏ ਕਈਆਂ ਨੂੰ ਇੰਜ ਵੀ ਲੱਗੇ ਕਿ ਮੈਂ ਨਿਰੋਲ ਕਾਰੋਬਾਰੀ ਤੇ ਬਾਣੀਆਂ ਟਾਈਪ ਆਦਮੀ ਆਂ—ਪਰ ਜੇ ਇੰਜ ਵੀ ਹੈ, ਤਾਂ ਵੀ ਮੈਂ ਇਸ ਲਈ ਜ਼ਿੰਮੇਵਾਰ ਨਹੀਂ। ਇੰਜ ਮੇਰੇ ਨਾਲ ਪਹਿਲਾਂ ਕਦੀ ਨਹੀਂ ਸੀ ਹੋਇਆ। ਅਜੀਬ ਗੱਲ ਏ ਕਿ ਚੰਦਰਾ ਨੂੰ ਮਿਲਣ ਤੋਂ ਪਿੱਛੋਂ ਮੇਰੇ ਅੰਦਰ ਇਕ ਅਜੀਬ ਕਿਸਮ ਦੀ ਉਥਲ-ਪੁਥਲ ਹੋਣ ਲੱਗ ਪਈ ਸੀ। ਜਿੱਦਾਂ ਕਿ ਮੈਂ ਕਿਹਾ ਏ, ਮੈਂ ਕਦੀ ਪ੍ਰੇਮ ਨਹੀਂ ਕੀਤਾ—ਪਰ ਕੁੜੀਆਂ ਤੇ ਔਰਤਾਂ ਦੀ ਮੈਨੂੰ ਕਦੇ ਵੀ ਕਮੀ ਨਹੀਂ ਰਹੀ। ਇਕ ਖਾਸ ਵਰਗ ਦੀਆਂ ਔਰਤਾਂ ਐਸ਼ ਕਰਨ ਜਾਂ ਨਾਲ ਸੌਣ ਲਈ ਮੈਨੂੰ ਹਮੇਸ਼ਾ ਮਿਲਦੀਆਂ ਰਹੀਆਂ ਨੇ। ਸ਼ਾਇਦ ਇਕ ਅੱਧੀ ਜ਼ਨਾਨੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਸੀ ਪਰ ਬੜੇ ਉਤਲੇ ਸਤਰ ਉੱਤੇ, ਤੇ ਛੇਤੀ ਈ ਮੈਂ ਉਹਨਾਂ ਸਾਰੀਆਂ ਤੋਂ ਪਿੱਛਾ ਛੁਡਾਅ ਲਿਆ ਸੀ।
ਇੰਜ ਪਹਿਲੀ ਵਾਰੀ ਹੋ ਰਿਹਾ ਸੀ ਕਿ ਮਾਮੂਲੀ ਵਰਗ ਦੀ ਇਕ ਮਾਮੂਲੀ ਜਿਹੀ ਔਰਤ ਮੈਨੂੰ ਚੈਲਿੰਜ ਵਾਂਗ ਲੱਗ ਰਹੀ ਸੀ ਤੇ ਮੇਰੇ ਅੰਦਰ ਉਦਾਸੀ ਦਾ ਰੂਪ ਧਾਰ ਕੇ ਬੈਠ ਗਈ ਸੀ ।
ਜਦੋਂ ਮੈਂ ਉਦਾਸ ਰਹਿ ਰਹਿ ਕੇ ਥੱਕ ਗਿਆ, ਆਪਣੇ ਅੰਦਰ ਦੀ ਕੈਦ ਤੋਂ ਮੈਨੂੰ ਘਬਰਾਹਟ ਹੋਣ ਲੱਗ ਪਈ ਤੇ ਉਸ ਦਾ ਅਸਰ ਮੇਰੇ ਕਾਰੋਬਾਰ ਉੱਤੇ ਪੈਣ ਲੱਗਿਆ ਤਾਂ ਇਸ ਦੇ ਇਲਾਵਾ ਹੋਰ ਕੋਈ ਉਪਰਾਲਾ ਨਹੀਂ ਰਿਹਾ ਸੀ ਕਿ ਇਸ ਬਲਾਅ ਤੋਂ ਛੁਟਕਾਰਾ ਪਾ ਲਵਾਂ। ਬਸ, ਇਕ ਦਿਨ ਮੇਰੀ ਲਿਸ਼-ਲਿਸ਼ ਕਰਦੀ ਕਾਰ ਉਸ ਗਲੀ ਵਿਚ ਜਾ ਕੇ ਖੜ੍ਹੀ ਹੋ ਗਈ ਜਿਸ ਵਿਚ ਅਨਿਲ ਦਾ ਘਰ ਸੀ। ਦੁਪਹਿਰ ਦਾ ਸਮਾਂ ਸੀ, ਮੈਂ ਜਾਣਦਾ ਸਾਂ ਕਿ ਅਨਿਲ ਦਫ਼ਤਰ ਵਿਚ ਹੋਏਗਾ ਪਰ ਬਹਾਨੇ ਘੜਨ ਵਿਚ ਮੈਨੂੰ ਕਿਹੜੀ ਦੇਰ ਲਗਦੀ ਏ? ਪਹਿਲੇ ਦਿਨ ਚੰਦਰਾ ਘਬਰਾ ਗਈ ਸੀ ਪਰ ਨਿਰੋਲ ਘਰੇਲੂ ਤੇ ਪੁੱਠੇ ਸਿੱਧੇ ਕੱਪੜਿਆਂ ਵਿਚ ਮੇਰੇ ਸਾਹਮਣੇ ਆ ਕੇ ਉਸਦਾ ਘਬਰਾ ਜਾਣਾ ਮੈਨੂੰ ਹੋਰ ਵੀ ਦਿਲਕਸ਼ ਲੱਗਿਆ ਸੀ। ਪਤਾ ਨਹੀਂ ਅਨਿਲ ਦੀ ਗੈਰਮੌਜੂਦਗੀ ਵਿਚ ਪਹੁੰਚਣ ਦੇ ਮੇਰੇ ਬਹਾਨੇ ਉਪਰ ਚੰਦਰਾ ਨੇ ਕਿੰਨਾ ਕੁ ਯਕੀਨ ਕੀਤਾ ਜਾਂ ਕੀਤਾ ਵੀ ਕਿ ਨਹੀਂ।
'ਬੁਰਾ ਨਾ ਮੰਨੋ ਤਾਂ ਇਕ ਗੱਲ ਕਹਾਂ,'' ਕੁਝ ਦਿਨ ਬਾਅਦ ਚੰਦਰਾ ਨੇ ਮੈਨੂੰ ਕਿਹਾ ਸੀ, ''ਕੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹਨਾਂ ਦੇ ਹੁੰਦਿਆਂ ਈ ਆਇਆ ਕਰੋ।''
'ਕਿਉਂ?'' ਮੈਂ ਆਪਣੇ ਫ਼ੱਕ ਹੁੰਦੇ ਰੰਗ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਸੀ।
'ਇੰਜ ਚੰਗਾ ਨਹੀਂ ਲਗਦਾ,'' ਦੂਜੇ ਪਾਸੇ ਦੇਖਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਚੰਦਰਾ ਸਿਰਫ ਏਨਾ ਹੀ ਕਹਿ ਸਕੀ ਸੀ, ''ਮੇਰਾ ਮਤਲਬ ਏ...ਤੁਸੀਂ ਜਾਣਦੇ ਓ, ਅਨਿਲ ਦੇ ਬਿਨਾਂ ਦੁਨੀਆਂ ਵਿਚ ਮੇਰਾ ਕੋਈ ਨਹੀਂ।'' ਕਹਿ ਕੇ ਚੰਦਰਾ ਉਦਾਸ ਜਿਹੀ ਹੋ ਗਈ ਸੀ ਤੇ ਮੈਂ ਵੀ ਫੈਸਲਾ ਕਰ ਲਿਆ ਸੀ—ਇਸ ਖੇਡ ਦਾ ਇਹ ਰੂਪ ਮੇਰੇ ਲਈ ਵੀ ਖਤਰਨਾਕ ਹੋ ਸਕਦਾ ਏ। ਫੇਰ ਇਸ ਰਾਸਤੇ ਮੇਰਾ ਇਲਾਜ ਵੀ ਨਹੀਂ ਸੀ ਹੋ ਸਕਦਾ। ਮੈਂ ਆਪਣਾ ਰਾਸਤਾ ਯਕਦਮ ਬਦਲ ਦਿੱਤਾ। ਹੁਣ ਅਨਿਲ ਦੀ ਗੈਰ-ਮੌਜੂਦਗੀ ਵਿਚ ਜਾਣ ਦੀ ਬਜਾਏ ਮੈਂ ਸ਼ਾਮਾਂ ਹੀ ਉਸ ਨਾਲ ਬਿਤਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਉਂਕਿ ਹਰ ਸ਼ਾਮ ਘਰੇ ਤਾਂ ਬਿਤਾਈ ਨਹੀਂ ਜਾ ਸਕਦੀ, ਸੋ ਅਨਿਲ ਤੇ ਚੰਦਰਾ ਨੂੰ ਆਪਣੀ ਕਾਰ ਵਿਚ ਲੈ ਕੇ ਅਕਸਰ ਮੈਂ ਬਾਹਰ ਨਿਕਲ ਜਾਂਦਾ ਸੀ। ਉਹਨਾਂ ਨੂੰ ਅਜਿਹੇ ਖਾਸ ਰੈਸਟੋਰੈਂਟਾਂ ਵਿਚ ਲੈ ਕੇ ਗਿਆ ਜਿੱਥੇ ਅਨਿਲ ਜਾਂ ਉਸਦੀ ਹੈਸੀਅਤ ਦੇ ਲੋਕ ਵੜਨ ਦੀ ਹਿੰਮਤ ਨਹੀਂ ਕਰ ਸਕਦੇ। ਉਹਨਾਂ ਲਈ ਓਹ ਇੰਟਰਕਾਂਟੀਨੈਂਟਲ ਡਿਸ਼ੇਜ਼ ਮਗਵਾਏ ਜਿਹਨਾਂ ਦੇ ਉਹਨਾਂ ਕਦੀ ਨਾਂ ਵੀ ਨਹੀਂ ਸਨ ਸੁਣੇ ਹੋਣੇ। ਅਸੀਂ ਉਹਨਾਂ ਨਾਈਟ ਕੱਲਬਾਂ ਵਿਚ ਵੀ ਗਏ ਜਿੱਥੇ ਕੈਬਰੇ-ਗਰਲਜ਼ ਸਟ੍ਰਿਪ ਕਰਦੀਆਂ ਨੇ ਜਾਂ ਫਲੋਰ-ਸ਼ੌ ਦੀ ਓਟ ਵਿਚ ਮਰਦ-ਔਰਤਾਂ ਉਤੇਜਤ ਹੋ ਜਾਂਦੇ ਨੇ। ਅਸੀਂ ਪੀਤੀ ਵੀ ਤੇ ਪਿਲਾਈ ਵੀ। ਅਨਿਲ ਤਾਂ ਇਕ ਅੱਧੀ ਵਾਰੀ ਨਾਂਹ-ਨੁੱਕਰ ਕਰਕੇ ਰਾਜ਼ੀ ਹੋ ਗਿਆ ਸੀ, ਪਰ ਚੰਦਰਾ ਨੂੰ ਰਜ਼ਾਮੰਦ ਕਰਨ ਲਈ ਮੈਨੂੰ 'ਤੇ ਅਨਿਲ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਪਹਿਲਾਂ ਤਾਂ ਚੰਦਰਾ ਖ਼ਫਾ ਹੋ ਗਈ ਸੀ, ਮੇਰੇ ਨਾਲੋਂ ਵੱਧ ਅਨਿਲ ਉਪਰ। ਇਸ ਚੱਕਰ ਵਿਚ ਦੋ-ਇਕ ਸ਼ਾਮਾਂ ਬੜੀ ਬੁਰੀ ਤਰ੍ਹਾਂ ਨਾਲ ਬਰਬਾਦ ਵੀ ਹੋਈਆਂ ਸਨ, ਪਰ ਮੈਂ ਜਾਣਦਾ ਆਂ ਕਿ ਇਸ ਸ਼ਹਿਰ ਵਿਚ ਅਨਿਲ ਦੀ ਹੈਸੀਅਤ ਦੇ ਲੋਕਾਂ ਦੀ ਨੈਤਿਕਤਾ ਕਿੰਨੇ ਕੁ ਪਾਣੀ ਵਿਚ ਏ। ਮੈਂ ਇਹੀ ਕਮਜ਼ੋਰ ਰਗ ਫੜੀ ਹੋਈ ਸੀ।
ਤੇ ਕੱਲ੍ਹ ਰਾਤ ਜੋ ਕੁਝ ਹੋਇਆ ਸੀ, ਉਹ ਇਕ ਦਿਨ ਤਾਂ ਹੋਣਾ ਹੀ ਸੀ। ਇਹ ਦਿਨ ਦੋ ਚਾਰ ਦਿਨ ਅੱਗੇ ਪਿੱਛੇ ਹੋ ਸਕਦਾ ਸੀ ਜਾਂ ਇਹ ਵੀ ਹੋ ਸਕਦਾ ਸੀ ਕਿ ਇੰਜ ਨਾ ਹੋ ਕੇ ਕਿਸੇ ਹੋਰ ਤਰ੍ਹਾਂ ਹੋ ਜਾਂਦਾ। ਮੁੱਕਦੀ ਗੱਲ ਇਹ ਕਿ ਸਭ ਕੁਝ ਏਨੀ ਤੇਜ਼ੀ ਨਾਲ, ਏਨੀ ਛੇਤੀ ਤੇ ਏਨੇ ਬਿਨਾਂ ਸੋਚੇ ਢੰਗ ਨਾਲ ਵਾਪਰਿਆ ਕਿ ਮੈਨੂੰ ਹੈਰਾਨ ਹੋਣ ਦਾ ਮੌਕਾ ਵੀ ਨਾ ਮਿਲਿਆ।
ਮੈਂ ਸਾਫ ਦੇਖ ਰਿਹਾ ਸਾਂ ਕਿ ਬਾਹਰਲੀਆਂ ਕੁਝ ਸ਼ਾਮਾਂ ਨੇ ਹੀ ਸਾਨੂੰ ਇਕ ਦੂਜੇ ਦੇ ਬੜਾ ਨੇੜੇ ਕਰ ਦਿੱਤਾ ਏ। ਅਸੀਂ ਆਪਸ ਵਿਚ ਕਾਫੀ ਖੁੱਲ੍ਹ ਗਏ ਆਂ, ਦੂਜੇ ਸ਼ਬਦਾਂ ਵਿਚ ਮੈਂ ਉਹਨਾਂ ਨੂੰ ਕਾਫੀ ਹੱਦ ਤੱਕ ਖੋਹਲ ਲਿਆ ਸੀ। ਜਿਵੇਂ ਅਜੇ ਪਿੱਛਲੀ ਹੀ ਇਕ ਸ਼ਾਮ ਨੂੰ ਅਸੀਂ ਸੁੰਨੇ ਪਾਰਕ ਦੇ ਇਕ ਬੈਂਚ ਉਪਰ ਬੈਠੇ ਹੋਏ ਸਾਂ ਕਿ ਅਚਾਨਕ ਅਨਿਲ ਨੇ ਚੰਦਰਾ ਨੂੰ ਮੇਰੇ ਸਾਹਮਣੇ ਹੀ ਚੰਮ ਲਿਆ ਸੀ। ਪਰਤੱਖ ਏ ਕਿ ਮੈਂ ਜਿਹੜਾ ਬੂਟਾ ਲਾਇਆ ਸੀ, ਉਸ ਉਪਰ ਇਹ ਪਹਿਲੀ ਕਲੀ ਖਿੜੀ ਸੀ।
'ਕੀ ਬਦਤਮੀਜ਼ੀ ਏ ਇਹ?'' ਚੰਦਰਾ ਪਹਿਲਾਂ ਤਾਂ ਹੱਕੀ ਬੱਕੀ ਰਹਿ ਗਈ ਸੀ, ਫੇਰ ਹਿਰਖ ਕੇ ਕੜਕੀ ਸੀ।
'ਕਿਉਂ, ਕੀ ਹੋਇਆ ?'' ਅਨਿਲ ਨੇ ਹੱਸ ਕੇ ਮੇਰੇ ਵੱਲ ਦੇਖਿਆ ਸੀ,''ਬਈ ਆਪਾਂ ਪਤੀ-ਪਤਨੀ ਆਂ ਤੇ ਇਹ ਆਪਣੇ ਦੋਸਤ ਨੇ...ਜੇ ਇਹਨਾਂ ਸਾਹਮਣੇ ਪਿਆਰ ਕਰ ਲਿਆ ਤਾਂ ਕੀ ਆਫ਼ਤ ਆ ਗਈ?'' ਅਨਿਲ ਦਾ ਹਾਸਾ, ਹਾਸਾ ਨਹੀਂ ਸੀ ਲੱਗ ਰਿਹਾ।
ਚੰਦਰਾ ਅਚਾਨਕ ਉਠ ਕੇ ਖੜ੍ਹੀ ਹੋ ਗਈ ਸੀ।
ਭਾਵੇਂ ਮੈਂ ਕੁਝ ਨਹੀਂ ਸੀ ਕਿਹਾ ਪਰ ਮੈਂ ਖੁਸ਼ ਸਾਂ ਕਿ ਅਨਿਲ ਦੇ ਮੂੰਹ ਵਿਚ ਹੁਣ ਮੇਰੀ ਜ਼ਬਾਨ ਏ। ਮੈਂ ਇਹ ਵੀ ਜਾਣਦਾ ਸਾਂ ਕਿ ਚੰਦਰਾ ਦੇ ਵਿਰੋਧ ਤੇ ਗੁੱਸੇ ਦੇ ਬਾਵਜ਼ੂਦ, ਉਹ ਪਾਰਕ ਵਾਲੀ ਸ਼ਾਮ, ਖੇਡ ਦਾ ਅੰਤ ਨਹੀਂ, ਇਕ ਤਰ੍ਹਾਂ ਦੀ ਸ਼ੁਰੂਆਤ ਸੀ...ਇਕ ਅਜਿਹੀ ਸ਼ੁਰੂਆਤ ਜਿਸ ਦਾ ਮੋੜ ਆਖ਼ਿਰ ਮੇਰੇ ਵਾਲੇ ਰਾਸਤੇ ਉਪਰ ਹੀ ਆਉਣਾ ਸੀ।
ਤੇ ਕੱਲ੍ਹ ਉਹੀ ਹੋਇਆ।
ਅਸੀਂ ਤਿੰਨੇ ਅਨਿਲ ਦੇ ਬੈੱਡਰੂਮ ਵਿਚ ਬੈਠੇ ਪੀ ਰਹੇ ਸਾਂ ਤੇ ਖਾਣਾ ਘਰੇ ਹੀ ਮੰਗਵਾ ਲਿਆ ਗਿਆ ਸੀ। ਬੈੱਡਰੂਮ ਵਿਚ ਇਕ ਪਲੰਘ, ਇਕ ਨੀਮ ਆਰਾਮਦੇਹ ਕੁਰਸੀ ਤੇ ਇਕ ਸਟੂਲ ਦੇ ਇਲਾਵਾ ਹੋਰ ਕੋਈ ਫਰਨੀਚਰ ਨਹੀਂ ਸੀ—ਸੋ ਅਨਿਲ ਤੇ ਚੰਦਰਾ ਪਲੰਘ ਉਪਰ ਬੈਠੇ ਹੋਏ ਸਨ ਤੇ ਮੈਂ ਕੁਰਸੀ ਉਪਰ। ਦੋ-ਦੋ ਪੈਗਾਂ ਬਾਅਦ ਬਿਨਾਂ ਸਿਰ ਪੈਰ ਦੀਆਂ ਗੱਲਾਂ ਛਿੜ ਪਈਆਂ ਸਨ ਤੇ ਕਈ ਫ਼ਜੂਲ ਜਿਹੇ ਮਸਲਿਆਂ ਉਪਰ ਬਹਿਸ ਕਰਦੇ, ਉਚੀਆਂ ਆਵਾਜ਼ਾਂ ਵਿਚ ਗੱਲਾਂ ਕਰਦੇ ਤੇ ਬੜੀ ਦੇਰ ਤੱਕ ਹੱਸਦੇ ਰਹੇ ਸੀ ਅਸੀਂ...।
ਕਿਸੇ ਪਰਾਈ ਔਰਤ ਨਾਲ ਸ਼ਰਾਬ ਪੀਣਾ ਮੇਰੇ ਲਈ ਨਵੀਂ ਗੱਲ ਨਹੀਂ ਸੀ ਪਰ ਇਹ ਅਨੁਭਵ ਬਿਲਕੁਲ ਨਵਾਂ ਸੀ ਕਿ ਨਸ਼ੇ ਵਿਚ ਔਰਤ ਏਨੀ ਉਤੇਜਿਤ ਵੀ ਹੋ ਸਕਦੀ ਹੈ। ਇਹ ਸ਼ਰਮ ਤੇ ਸ਼ਰਾਬ ਦਾ ਸੁਮੇਲ ਹੀ ਸੀ ਕਿ ਚੰਦਰਾ ਭੱਠੀ ਵਾਂਗ ਭਖ਼ ਰਹੀ ਸੀ। ਪਤਾ ਨਹੀਂ ਕਿੰਨੀ ਰਾਤ ਹੋ ਗਈ ਸੀ। ਇਹ ਵੀ ਪਤਾ ਨਹੀਂ ਕਿ ਅਸੀਂ ਕਿੰਨੀ ਪੀ ਚੁੱਕੇ ਸਾਂ। ਵਾਰੀ ਵਾਰੀ ਅਨਿਲ ਤੇ ਚੰਦਰਾ ਦੇ ਸਰੀਰ ਮੈਨੂੰ ਧੁੰਦਲੇ, ਛੋਟੇ ਨਜ਼ਰ ਆਉਣ ਲੱਗਦੇ ਸਨ। ਕਈ ਵਾਰੀ ਇੰਜ ਲੱਗਦਾ ਸੀ ਜਿਵੇਂ ਹਵਾ ਵਿਚ ਤੈਰਦੇ ਹੋਏ, ਦੂਰ ਪੈ ਰਹੇ, ਰੌਲੇ-ਰੱਪੇ ਦੀਆਂ ਆਵਾਜ਼ਾਂ ਵਾਂਗ ਚੰਦਰਾ ਦਾ ਚਿਹਰਾ ਐਨ ਕੋਲ ਆ ਕੇ ਅਚਾਨਕ ਪਰਤ ਜਾਂਦਾ ਏ।
ਅਨਿਲ ਬਹਿਕ ਗਿਆ ਸੀ। ਇਕ ਵਾਰੀ ਕੌਤਕ ਕਰਨ ਦੇ ਬਹਾਨੇ ਉਸਨੇ ਆਪਣੇ ਆਪ ਨੂੰ ਚੰਦਰਾ ਦੀ ਗੋਦ ਵਿਚ ਲੁੜਕਾਅ ਦਿੱਤਾ। ਫੇਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਚੰਦਰਾ ਨੂੰ ਬੇਸ਼ਰਮੀ ਨਾਲ ਚੁੰਮਦਿਆਂ ਹੋਇਆਂ, ਉਸਨੇ ਮੇਰੇ ਵੱਲ ਦੇਖਿਆ ਸੀ ਤੇ ਲੜਖੜਾਉਂਦੀ ਹੋਈ ਆਵਾਜ਼ ਵਿਚ ਕਿਹਾ ਸੀ, ''ਤੂ...ਤੂੰ ਉੱਥੇ ਕੀ ਕਰ ਰਿਹੈਂ?''
ਮੈਂ?'' ਕਹਿ ਕੇ ਕੱਚਾ ਜਿਹਾ ਹਾਸਾ ਹੱਸਿਆ ਸਾਂ ਮੈਂ। ਉਹ ਹਾਸਾ, ਹਾਸਾ ਨਹੀਂ ਸੀ। ਮੈਂ ਨਰਵਸ ਹੋ ਗਿਆ ਸਾਂ। ਦੇਖਿਆ, ਚੰਦਰਾ ਸੰਗ ਨਾਲ ਲਾਲ ਹੋਈ ਹੋਈ ਸੀ।
'ਲੈ-ਲੈ ਯਾਰ, ਇਕ ਪੱਪੀ ਤੂੰ ਵੀ ਲੈ-ਲੈ। ਕਿਉਂ ਚੰਦਰਾ?''
ਅਨਿਲ ਨੇ ਅਜੇ ਆਪਣੀ ਗੱਲ ਮੁਸ਼ਕਿਲ ਨਾਲ ਈ ਪੂਰੀ ਕੀਤੀ ਹੋਏਗੀ ਕਿ ਮੈਨੂੰ ਚੰਦਰਾ ਵੱਲ ਦੇਖਣ ਜਾਂ ਉਸਦੀ ਪ੍ਰਤੀਕ੍ਰਿਆ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਸੀ—ਅੱਖ ਦੇ ਫੋਰੇ ਵਿਚ ਕਲਾਬਾਜੀ ਲਾ ਕੇ ਮੈਂ ਪਲੰਘ ਉਪਰ ਪਹੁੰਚ ਚੁੱਕਿਆ ਸਾਂ।
ਅਚਾਨਕ ਪਰਦੇ ਦੇ ਦੂਜੇ ਪਾਸੇ ਕਿਸੇ ਦੇ ਪੈਰਾਂ ਤੇ ਚੂੜੀਆਂ ਦੀ ਆਹਟ ਸੁਣਾਈ ਦਿੱਤੀ ਤੇ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਨ ਲੱਗ ਪਿਆ। ਕੀ ਸੱਚਮੁੱਚ ਉਹ ਘੜੀ ਆਣ ਪਹੁੰਚੀ ਏ? ਬਿੰਦ ਦਾ ਬਿੰਦ ਮੈਂ ਸਾਹ ਰੋਕ ਕੇ ਉਧਰ ਦੇਖਦਾ ਰਿਹਾ, ਫੇਰ ਲੰਮਾ ਸਾਹ ਲੈ ਕੇ ਸਿਗਰੇਟ ਸੁਲਗਾ ਲਈ। ਨਾ ਚੰਦਰਾ ਸੀ, ਨਾ ਅਨਿਲ—ਭਾਂਡੇ ਮਾਂਜਣ ਵਾਲੀ ਬਾਈ ਸੀ। ਉਹ ਚੁੱਪਚਾਪ ਚਾਹ ਰੱਖ ਦੇ ਪਰਤਨ ਲੱਗੀ ਤਾਂ ਮੈਂ ਕਾਹਲ ਨਾਲ ਪੁੱਛਿਆ—
'ਸਾਹਬ ਉਠ ਗਏ?''
'ਜੀ!''
'ਕਿੱਥੇ...?''
'ਬਾਥਰੂਮ ਵਿਚ ਨੇ।'' ਮੇਰੇ ਸਵਾਲ ਤੋਂ ਪਹਿਲਾਂ ਹੀ ਝੱਟ ਜਵਾਬ ਮਿਲਿਆ।
'ਤੇ ਬਾਈ ਸਾ'ਬਾ?''
'ਕਿਚਨ 'ਚ।''
ਇਕ ਪਲ ਲਈ ਲੱਗਿਆ ਜਿਵੇਂ ਨੌਕਰਾਣੀ ਵੀ ਸਭ ਜਾਣਦੀ ਏ।
ਮੈਂ ਸਿਗਰੇਟ ਦੇ ਲੰਮੇ ਲੰਮੇ ਸੂਟੇ ਲਾਉਂਦਾ ਰਿਹਾ। ਕੀ ਮੈਂ ਘਬਰਾਇਆ ਹੋਇਆ ਆਂ ਜਾਂ ਡਰ ਰਿਹਾਂ...? ਪਰ ਕਿਉਂ...? ਕੱਲ੍ਹ ਰਾਤ ਮੇਰੇ ਪਲੰਘ ਉਪਰ ਪਹੁੰਚਣ ਤੋਂ ਪਿੱਛੋਂ ਅਨਿਲ ਇਸ ਨਾਲੋਂ ਵੀ ਲੰਮੇ ਕਸ਼ ਖਿੱਚਣ ਲੱਗ ਪਿਆ ਸੀ। ਫੇਰ ਬਲਦੀ ਹੋਈ ਸਿਗਰੇਟ ਨੂੰ ਐਸ਼ਟਰੇ ਵਿਚ ਸੁੱਟਣ ਦੇ ਬਜਾਏ ਉਸਨੇ ਉਂਜ ਹੀ ਸੁੱਟ ਦਿੱਤਾ ਸੀ, ਘਬਰਾਹਟ ਵਿਚ! ਕੁਝ ਪਲਾਂ ਦੇ ਉਸ 'ਟੁਕੜੇ' ਵਿਚ ਦੇਖਿਆ ਅਨਿਲ ਦਾ ਉਹ ਚਿਹਰਾ, ਕੀ ਮੈਂ ਕਦੀ ਭੁੱਲ ਸਕਾਂਗਾ? ਮੇਰੇ ਲਈ ਸੱਚਮੁੱਚ ਇਹ ਇਕ ਤਜਰਬੇ ਵਾਲੀ ਗੱਲ ਸੀ ਕਿ ਕਿਸੇ ਚਿਹਰੇ ਉਪਰ ਜ਼ਰਾ ਜਿੰਨੇ ਵਕਫ਼ੇ ਵਿਚ ਏਨੇ ਸਾਰੇ ਰੰਗ ਆਉਣ ਤੇ ਬਦਲ ਜਾਣ। ਹਾਂ, ਸਭ ਨਾਲੋਂ ਅਖੀਰੀ ਤੇ ਗੂੜ੍ਹਾ ਰੰਗ ਕੁਝ ਓਹੋ ਜਿਹਾ ਸੀ, ਜਿਹੋ ਜਿਹਾ ਖੇਡ ਵਿਚ ਕੋਈ ਬੱਚਾ ਅਚਾਨਕ ਹੀ ਜ਼ਖ਼ਮੀ ਹੋ ਜਾਏ ਤੇ ਪੀੜ ਕਾਰਨ ਸਿੱਜਲ ਹੋਈਆਂ ਅੱਖਾਂ ਦੇ ਬਾਵਜੂਦ ਆਪਣੇ ਨਿੱਕੇ ਜਿਹੇ ਅਹਿਮ ਦੇ ਸਹਾਰੇ, ਮੁਸਕਰਾਉਣ ਲਈ ਮਜ਼ਬੂਰ ਹੋਏ...
''...ਮਾਰਨਿੰਗ।''
ਅਚਾਨਕ ਅਨਿਲ ਦੀ ਆਵਾਜ਼ ਸੁਣ ਕੇ ਮੈਂ ਤ੍ਰਬਕ ਪਿਆ। ਉਹ ਸਾਹਮਣਾ ਪਰਦਾ ਹਟਾਈ ਖੜ੍ਹਾ ਸੀ, ਮੈਥੋਂ ਕੁਝ ਕਦਮਾਂ ਦੇ ਫਾਸਲੇ ਉਪਰ। ਹਾਂ, ਇਹੀ ਉਹ ਘੜੀ ਸੀ ਜਿਸ ਬਾਰੇ ਸੋਚ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ।...ਤੇ ਮੈਂ ਨਹੀਂ ਜਾਣਦਾ ਸਾਂ ਕਿ ਇਸ ਦਾ ਸਾਹਮਣਾ ਕਿਵੇਂ ਕਰਾਂਗਾ। ਆਪਣੇ ਅੰਦਰ ਫੈਲੀਆਂ ਸਾਰੀਆਂ ਦਲੀਲਾਂ ਨੂੰ ਛੇਤੀ ਛੇਤੀ ਸਮੇਟਣ ਲੱਗ ਪਿਆ। ਮੈਂ ਸੋਚ ਲਿਆ ਸੀ ਕਿ ਅਨਿਲ ਦੇ ਇਲਜ਼ਾਮ, ਗੁੱਸੇ ਜਾਂ ਕੁਸੈਲ ਨਾਲ ਮੈਂ ਕਿਵੇਂ ਨਿਬੜਾਂਗਾ। ਮੇਰੇ ਜਿਹੇ ਖਿਲਾੜੀ ਆਦਮੀ ਲਈ ਇਹ ਖੱਬੇ ਹੱਥ ਦੀ ਖੇਡ ਸੀ, ਅਨਿਲ ਜਿਹੇ ਪਿੱਦੇ ਦੇ ਵਾਰ ਨੂੰ ਕਿਵੇਂ ਪਛਾੜਨਾ ਤੇ ਵਾਪਸ ਪਰਤਾਅ ਦੇਣਾ ਏ—ਇੰਜ ਕਿ ਉਹ ਮੇਰੇ ਨਾਲ ਅੱਖ ਵੀ ਨਾ ਮਿਲਾ ਸਕੇ।
ਪਰਦੇ ਨੂੰ ਛੱਡ ਕੇ ਉਹ ਜਿਵੇਂ ਹੀ ਮੇਰੇ ਵੱਲ ਵਧਿਆ, ਮੈਂ ਸੇਹ ਵਾਂਗ ਆਪਣੇ ਤੱਕਲੇ ਖੜ੍ਹੇ ਕਰ ਲਏ। ਅਨਿਲ ਗਿਣੇ-ਮਿਣੇ ਪੈਰਾਂ ਨਾਲ ਮੇਰੇ ਐਨ ਸਾਹਮਣੇ ਆ ਖੜ੍ਹਾ ਹੋਇਆ। ਮੈਂ ਅੱਖਾਂ ਉਪਰ ਚੁੱਕੀਆ…
'ਕਿਉਂ?'' ਮੇਰੇ ਨਾਲ ਅੱਖ ਮਿਲਾਉਂਦਿਆਂ ਹੀ ਅਨਿਲ ਬੋਲਿਆ, ''ਕਿਵੇਂ ਰਹੀ?'' ਮੈਂ ਉਸਨੂੰ ਬੜੇ ਗਹੁ ਨਾਲ ਤੱਕਿਆ। ਮਾਈ ਗੁੱਡਨੈਸ! ਉਸਦੇ ਬੁੱਲ੍ਹਾਂ ਉਪਰ ਹਲਕੀ ਜਿਹੀ ਮੁਸਕਰਾਹਟ ਵੀ ਸੀ।
ਮੈਨੂੰ ਖੁਸ਼ ਹੋਣਾ ਚਾਹੀਦਾ ਸੀ। ਹੁਣ ਮੈਂ ਬਿਨਾਂ ਕਿਸੇ ਰੋਸੇ-ਗੁੱਸੇ ਦੇ ਆਪਣੀ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਉੱਥੋਂ ਜਾ ਸਕਦਾ ਸਾਂ...ਪਰ ਹੈਰਾਨੀ ਏ ਕਿ ਨਾ ਤਾਂ ਮੈਥੋਂ ਉਠਿਆ ਹੀ ਜਾ ਰਿਹਾ ਸੀ ਤੇ ਨਾ ਹੀ ਇਹ ਸੰਭਵ ਸੀ ਕਿ ਉੱਥੇ ਬੈਠਾ ਰਹਿ ਸਕਾਂ। ਸ਼ਾਇਦ ਮੈਨੂੰ ਠੇਸ ਪਹੁੰਚੀ ਸੀ। ਕੁਝ ਉਸੇ ਕਿਸਮ ਦਾ ਧੱਕਾ ਜਿਹਾ ਲੱਗਾ ਸੀ, ਜਿਵੇਂ ਕਿਸੇ ਪੁਰਾਣੀ ਇਮਾਰਤ ਨੂੰ ਡੇਗਦਾ ਹੋਇਆ ਮੈਂ ਇਕ ਵਾਰੀ ਜ਼ਖ਼ਮੀ ਹੋ ਗਿਆ ਸਾਂ, ਕਿਵੇਂ ਮੈਨੂੰ ਨਹੀਂ ਪਤਾ!
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਗੁਲਸ਼ੇਰ ਖ਼ਾਂ ਸ਼ਾਨੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ