Is Sone 'Te Vi Hai Maili Akkh (Punjabi Article) : Labh Singh Shergill

ਇਸ ਸੋਨੇ 'ਤੇ ਵੀ ਹੈ ਮੈਲ਼ੀ ਅੱਖ (ਲੇਖ) : ਲਾਭ ਸਿੰਘ ਸ਼ੇਰਗਿੱਲ

ਜੰਗਲੀ ਜੀਵਨ 'ਚੋਂ ਗੁਜ਼ਰ ਕੇ ਜਦੋਂ ਤੋਂ ਮਨੁੱਖ ਨੂੰ ਇਸ ਧਰਤੀ 'ਤੇ ਰਹਿਣ-ਸਹਿਣ,ਖਾਣ-ਪੀਣ ਤੇ ਪਹਿਨਣ ਦੀ ਸੋਝੀ ਆਈ, ਉਦੋਂ ਤੋਂ ਹੀ ਉਹ ਆਪਣੇ ਕੰਮ ਨੂੰ ਸੌਖਾ ਬਣਾਉਣ ਲਈ ਖੋਜਾਂ ਕਰਦਾ ਗਿਆ ਅਤੇ ਵੱਖ ਵੱਖ ਧਾਤਾਂ ਨੂੰ ਲੱਭਿਆ। ਪਹਿਲਾਂ ਪਹਿਲ ਕਾਂਸੀ,ਤਾਂਬਾ ਤੇ ਲੋਹੇ ਦੀਆਂ ਵਸਤਾਂ ਦਾ ਨਿਰਮਾਣ ਸ਼ੁਰੂ ਹੋਇਆ ਅਤੇ ਹੌਲ਼ੀ ਹੌਲ਼ੀ ਪੁਰਾਤਨ ਯੁੱਗ ਤੋਂ ਜਿਵੇਂ ਹੀ ਨਵੀਨ ਯੁੱਗ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਕੀਮਤੀ ਧਾਤ ਸੋਨਾ ਲੱਭਿਆ ਤੇ ਉਹ ਇਸ ਦੇ ਗਹਿਣੇ ਬਣਾ ਕੇ ਆਪਣਾ ਸ਼ਿੰਗਾਰ ਕਰਨ ਲੱਗਾ। ਛੇਤੀ ਹੀ ਇਹ ਧਾਤ ਦੂਸਰੀਆਂ ਧਾਤਾਂ ਦੇ ਮੁਕਾਬਲੇ ਜ਼ਿਆਦਾ ਪਸੰਦੀਦਾ ਬਣ ਗਈ। ਬੇਸ਼ੱਕ ਪਿਛਲੇ ਯੁਗਾਂ ਵਿੱਚ ਮਹਿੰਗੇ ਹੀਰੇ ਜਵਾਹਰਾਤਾਂ ਦਾ ਵੀ ਚਲਣ ਸੀ ਜੋ ਅੱਜ ਵੀ ਹੈ ਪਰ ਉਸ ਸਮੇਂ ਬੇਸ਼ੱਕ ਇਹ ਗਹਿਣੇ, ਮੋਹਰਾਂ ਜਾਂ ਫਿਰ ਅਸ਼ਰਫੀਆਂ ਹੋਣ, ਸੋਨਾ ਬਹੁਤਾਤ ਲੋਕਾਂ ਦੀ ਪਸੰਦ ਰਿਹਾ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਇਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਪਰਲੀ ਗੱਲ ਵਿਚਲੀ ਧਾਤ ਜਿੰਨੀ ਕੀਮਤੀ ਹੈ ਉਸ ਤੋਂ ਵੀ ਵੱਧ ਕੀਮਤੀ ਚੀਜ਼ ਜੇਕਰ ਅਸੀਂ ਇਸ ਵਿਸਾਖ ਮਹੀਨੇ ਚੁਫੇਰੇ ਨਜ਼ਰ ਮਾਰਦੇ ਹਾਂ ਤਾਂ ਲਹਿ-ਲਹਾਉਂਦੀ ਦਿਖਾਈ ਦਿੰਦੀ ਹੈ। ਚਾਰੇ ਪਾਸੇ ਇਕਸਾਰ ਸੁਨਹਿਰੀ ਚਾਦਰ ਵਿਛੀ ਦੇਖ ਕੇ ਮਨ ਬਾਗੋ-ਬਾਗ ਹੋ ਜਾਂਦਾ ਹੈ। ਇਹ ਹੀ ਅਸਲੀ ਸੋਨਾ ਹੈ ਜੋ ਤਨ-ਮਨ ਨੂੰ ਤ੍ਰਿਪਤ ਕਰਦਾ ਹੈ। ਹਵਾ ਦਾ ਝੋਕਾ ਵਗਣ "ਤੇ ਇੱਕ-ਦੂਜੀ ਨਾਲ਼ ਗੱਲਾਂ ਕਰਦੀਆਂ ਤੇ ਹੱਸਦੀਆਂ ਇਹ ਝੰਬਰ ਸੂਈ ਵਰਗੀਆਂ ਕਣਕ ਦੀਆਂ ਬੱਲੀਆਂ ਇੰਜ ਲੱਗਦੀਆਂ ਹਨ ਜਿਵੇਂ ਵਿਆਹ ਵਿੱਚ ਮੇਲਣਾਂ ਇੱਕ ਦੂਜੇ ਨਾਲ਼ ਖਹਿੰਦੀਆਂ ਤੇ ਅਠਖੇਲੀਆਂ ਕਰਦੀਆਂ ਹੋਣ। ਸੱਚਮੁੱਚ ਹੀ ਇਹ ਇਸ ਦਾ ਜੋਬਨ ਮਹੀਨਾ ਹੁੰਦਾ ਹੈ। ਧੀਆਂ ਪੁੱਤਾਂ ਵਾਂਗ ਪਾਲ਼ੀ ਨੂੰ ਇੱਕ ਟੱਕ ਨਿਹਾਰ ਕੇ ਕਿਸਾਨ ਦਾ ਅੰਦਰਲਾ ਰੌ ਖ਼ੁਸ਼ੀ ਨਾਲ਼ ਭਰ ਜਾਂਦਾ ਹੈ ਅਤੇ ਅੱਗੋਂ ਇਹ ਵੀ ਜਿਵੇਂ ਉਸ ਨੂੰ ਅਥਾਹ ਖ਼ੁਸ਼ੀ ਦੇਣਾ ਚਾਹੁੰਦੀ ਹੋਵੇ ਪਰ ਬੜਾ ਅਫਸੋਸ ਹੁੰਦਾ ਹੈ ਇਹ ਦੇਖ ਸੁਣ ਕੇ ਕਿ ਜਦੋਂ ਕਟਾਈ ਤੋਂ ਬਾਅਦ ਮੰਡੀ ਵਿੱਚ ਆਉਣ 'ਤੇ ਇਹ ਬਿਗਾਨਿਆਂ ਹੱਥੀਂ ਪੈ ਜਾਂਦੀ ਹੈ ਜੋ ਬਹੁਤੀ ਵਾਰ ਉਨ੍ਹਾਂ ਦੇ ਮਨ ਮਰਜ਼ੀ ਦੇ ਭਾਅ ਵਿਕਦੀ ਹੈ। ਜਿਸ ਨਾਲ਼ ਛੋਟੇ ਤੇ ਦਰਮਿਆਨੇ ਕਿਸਾਨ ਦੇ ਪੱਲੇ ਜਿੰਨੀ ਮਿਹਨਤ ਪੈਣੀ ਚਾਹੀਦੀ ਹੁੰਦੀ ਹੈ, ਉਨੀ ਨਹੀਂ ਪੈਂਦੀ। ਇਹ ਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਨ ਵਾਲ਼ਾ, ਸਾਡੀ ਸਭ ਦੀ ਭੁੱਖ ਸ਼ਾਂਤ ਕਰਨ ਵਾਲ਼ਾ ਇਹ ਕਿਰਤੀ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਵੀ ਅਸਮਰੱਥ ਹੋ ਜਾਂਦਾ ਹੈ। ਇਹ ਅਸਮਰੱਥਾ ਦਾ ਫਾਇਦਾ ਉਠਾਉਣ ਲਈ ਅੱਜ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਇਸ ਦੀ ਭੋਂਇ 'ਤੇ ਹੈ ਕਿ ਕਿਸੇ ਵੀ ਤਰੀਕੇ ਇਸ ਨੂੰ ਕਮਜ਼ੋਰ ਕਰਕੇ ਇਸਦੀ ਜ਼ਮੀਨ ਹੜੱਪ ਕਰ ਲਈ ਜਾਵੇ। ਇੱਥੇ ਵੱਡੇ-ਵੱਡੇ ਮਾੱਲ ਸਥਾਪਤ ਕਰਨ ਲਈ ਸਰਕਾਰਾਂ ਦਾ ਕੰਨ ਮਰੋੜ ਕੇ ਚਹੁੰ ਮਾਰਗੀ ਕਿਤੇ ਅੱਠ ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ ਜਾ ਰਿਹਾ ਹੈ ਤਾਂ ਕਿ ਕੱਚਾ ਮਾਲ ਆਸਾਨੀ ਨਾਲ਼ ਆਪਣੇ ਗੋਦਾਮਾਂ ਤੱਕ ਪਹੁੰਚਾਇਆ ਜਾ ਸਕੇ। ਗਹਿਣਿਆਂ ਵਾਲ਼ਾ ਸੋਨਾ ਜਿੱਥੇ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਉੱਥੇ ਇਸ ਜੀਵਨ ਦੇ ਆਧਾਰ ਰੂਪੀ ਸੋਨੇ ਨੂੰ ਵੀ ਵੱਡੇ ਧਨਾਢ ਆਪਣੇ ਕਬਜ਼ੇ ਵਿੱਚ ਕਰਕੇ ਮਨਚਾਹੀਆਂ ਕੀਮਤਾਂ 'ਤੇ ਵੇਚਣ ਦਾ ਨਿਸ਼ਾਨਾ ਮਿਥ ਚੁੱਕੇ ਹਨ। ਜੇਕਰ ਅਸੀਂ ਆਪਣੀ ਕਿਰਤ ਨੂੰ ਅਤੇ ਆਪਣੇ ਜ਼ਮੀਨ ਦੇ ਟੁਕੜਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ। ਇੱਥੇ ਇੱਕ ਗੱਲ ਹੋਰ ਕਹਿਣੀ ਵਾਜਿਬ ਹੈ ਕਿ ਕਿਸਾਨ ਜਥੇਬੰਦੀਆਂ ਇੱਕ ਦੂਜੇ ਨੂੰ ਨਿੰਦਣ ਕਿ ਫਲਾਣੀਆਂ ਜਥੇਬੰਦੀਆਂ ਦਾ ਖੇਤੀ ਵਿਰੋਧੀ ਕਾਨੂੰਨਾਂ ਪ੍ਰਤੀ ਰੋਸ ਦਾ ਢੰਗ ਸਾਡੇ ਨਾਲ਼ ਨਹੀਂ ਮਿਲਦਾ ਤੇ ਬੇਲੋੜੀ ਰਾਜਨੀਤੀ ਛੱਡ ਕੇ ਆਪਣੀ ਜ਼ਮੀਨ, ਕਿਸਾਨੀ ਤੇ ਆਪਣੀ ਆਉਣ ਵਾਲ਼ੀ ਨਸਲ ਨੂੰ ਬਚਾਉਣ ਲਈ ਇੱਕਮੁੱਠ ਹੋਏ ਤੋਂ ਬਿਨਾਂ ਨਹੀਂ ਸਰਨਾ, ਨਹੀਂ ਤਾਂ ਸਾਡੇ ਹੱਥੋਂ ਜ਼ਮੀਨ ਵੀ ਜਾਂਦੀ ਰਹੇਗੀ ਤੇ ਸਾਡੇ ਬੱਚਿਆਂ ਨੂੰ ਵੀ ਇਹ ਸ਼ੈਤਾਨੀ ਦਿਮਾਗ ਲੋਕ ਆਪਣੇ ਹੱਥੇ ਚੜ੍ਹਾ ਕੇ ਛੇਤੀ ਹੀ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਆਪਣੇ ਗ਼ੁਲਾਮ ਬਣਾ ਲੈਣਗੇ ਫਿਰ ਸਾਡੇ ਪੱਲੇ ਪਛਤਾਵੇ ਤੋਂ ਬਿਨਾਂ ਕੁੱਝ ਨਹੀਂ ਰਹੇਗਾ। ਅੱਜ ਲੋੜ ਹੈ ਖੇਤੀ ਨਾਲ਼ ਜੁੜੇ ਸਾਰੇ ਕਿਰਤੀਆਂ, ਕਿਸਾਨਾਂ ਨੂੰ ਕਿ ਉਹ ਸਮੇਂ ਦੇ ਹਾਣੀ ਬਣ ਕੇ ਚੱਲਣ ਅਤੇ ਆਪਣੀਆਂ ਫ਼ਸਲਾਂ ਦੀ ਆਪ ਖ਼ੁਦ ਪ੍ਰੋਸੈਸਿੰਗ ਕਰਨ ਦਾ ਹੀਆ ਕਰਨ। ਬੇਸ਼ੱਕ ਇਹ ਕੰਮ ਔਖਾ ਹੈ ਪਰ ਅਸੰਭਵ ਵੀ ਨਹੀਂ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਪੈਰ ਪੁੱਟਿਆਂ ਹੀ ਮੰਜ਼ਿਲ ਸਰ ਹੁੰਦੀ ਹੈ। ਪਿੰਡ ਪੱਧਰ 'ਤੇ ਛੋਟੇ ਵੱਡੇ ਗਰੁੱਪ ਸਥਾਪਤ ਕਰਨ ਵਰਗੀਆਂ ਯੋਜਨਾਵਾਂ ਕਰਨ ਅਤੇ ਸਾਂਝੀ ਪੂੰਜੀ ਦਾ ਨਿਵੇਸ਼ ਕਰਕੇ ਆਪਣੀਆਂ ਫ਼ਸਲਾਂ ਦਾ ਆਪ ਆਪਣੇ ਖੇਤਾਂ 'ਚੋਂ ਹੀ ਬਾਜ਼ਾਰੀਕਰਨ ਵਰਗਾ ਯਤਨ ਕਰਨਾ ਹੀ ਆਰਥਿਕ ਤੌਰ ਤੇ ਉਠਾਣ ਦਾ ਹੀਲਾ ਬਣ ਸਕਦਾ ਹੈ। ਅੱਜ ਕਈ ਹਿੰਮਤੀ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਹੀ ਛੋਟੇ ਛੋਟੇ ਉਦਯੋਗ ਜਿਵੇਂ ਘੁਲਾੜੀ ਲਗਾ ਕੇ ਵਧੀਆ ਗੁਣਵੱਤਾ ਦੇ ਗੁੜ, ਸ਼ੱਕਰ ਦੀਆਂ ਭਿੰਨ-ਭਿੰਨ ਕਿਸਮਾਂ ਬਣਾ ਕੇ ਆਪ ਹੀ ਇਨ੍ਹਾਂ ਦਾ ਬਾਜ਼ਾਰੀਕਰਨ ਕੀਤਾ ਜਾਂਦਾ ਹੈ ਜੋ ਕਿ ਬਹੁਤ ਵਧੀਆ ਉੱਦਮ ਹੈ। ਆਰਗੈਨਿਕ ਰੂਪ ਨਾਲ਼ ਉਗਾਈ ਜਿਨਸ, ਦਾਲਾਂ, ਸਬਜ਼ੀਆਂ, ਫ਼ਲ ਆਦਿ ਜੋ ਦੂਜੀਆਂ ਤੋਂ ਮਹਿੰਗੇ ਵਿਕਦੇ ਹਨ, ਦੀ ਖੇਤੀ ਕਰਕੇ ਵੀ ਕੁੱਝ ਕਿਸਾਨ ਚੰਗੀ ਕਮਾਈ ਕਰ ਰਹੇ ਹਨ। ਅਸਲ ਵਿੱਚ ਜਿੰਨਾ ਚਿਰ ਅਸੀਂ ਵਿਚਲੇ ਠੇਕੇਦਾਰਾਂ ਤੇ ਵਿਚੋਲਿਆਂ ਦੇ ਚੁੰਗਲ ਵਿੱਚੋਂ ਨਿਕਲ ਕੇ ਆਪਣੀਆਂ ਵਸਤਾਂ, ਆਪਣੇ ਸੰਗਠਨ ਬਣਾ ਕੇ ਆਪ ਨਹੀਂ ਵੇਚਾਂਗੇ ਉਨਾ ਚਿਰ ਆਰਥਿਕ ਪੱਖੋਂ ਮਜ਼ਬੂਤੀ ਹਾਸਲ ਨਹੀਂ ਹੋ ਸਕਦੀ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •