Ishar Aaye Daliddar Jaaye (Punjabi Article): Labh Singh Shergill

ਈਸ਼ਰ ਆਏ ਦਲਿੱਦਰ ਜਾਏ (ਲੇਖ) : ਲਾਭ ਸਿੰਘ ਸ਼ੇਰਗਿੱਲ

ਸਾਡੇ ਦੇਸ਼ ਵਿੱਚ ਤਕਰੀਬਨ ਹਰ ਰੁੱਤ ਨਾਲ਼ ਕੋਈ ਨਾ ਕੋਈ ਤਿਉਹਾਰ ਜ਼ਰੂਰ ਜੁੜਿਆ ਹੋਇਆ ਹੈ ਇਸ ਕਰਕੇ ਹੀ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ।ਸਰਦ ਰੁੱਤ ਦੇ ਕੜਾਕੇ ਦੀ ਠੰਢ ਵਿੱਚ ਲੋਹੜੀ ਦਾ ਤਿਉਹਾਰ ਬਦਲਵੇਂ ਰੂਪ 'ਚ ਅਲੱਗ-ਅਲੱਗ ਪ੍ਰਾਂਤਾਂ ਵਿੱਚ ਥੋੜ੍ਹੀ ਮੋਟੀ ਭਿੰਨਤਾ ਨਾਲ਼ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਲੋਹੜੀ ਸ਼ਬਦ ਤਿਲੋੜੀ ਤੋਂ ਬਣਿਆ। ਤਿਲ ਤੇ ਰੋੜੀ ਭਾਵ ਗੁੜ, ਫਿਰ ਤਿਲੋੜੀ ਤੋਂ ਹੀ ਲੋਹੜੀ ਕਿਹਾ ਜਾਣ ਲੱਗਾ।

ਇਸ ਤਿਉਹਾਰ ਪਿੱਛੇ ਕਈ ਮਾਨਤਾਵਾਂ ਮਿਲਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਸਾਂਦਲਬਾਰ ਦੇ ਸੂਰਮੇ ਦੁੱਲਾ ਭੱਟੀ ਨਾਲ਼ ਸੰਬੰਧਤ ਹੈ ਜੋ ਗਰੀਬਾਂ ਦਾ ਹਮਦਰਦ ਅਤੇ ਉਸ ਸਮੇਂ ਦੇ ਹਾਕਮਾਂ ਲਈ ਬਾਗ਼ੀ ਸੀ। ਉਸ ਨੇ ਬਹੁਤ ਸਾਰੀਆਂ ਗਰੀਬ ਲੜਕੀਆਂ ਦਾ ਵਿਆਹ ਕਰਵਾਇਆ ਜਿਸ ਕਰਕੇ ਉਸ ਨੂੰ ਇਸ ਤਿਉਹਾਰ 'ਤੇ ਯਾਦ ਕਰਦੇ ਹੋਏ ਇਹ ਬੋਲ਼ ਉਚਾਰੇ ਜਾਂਦੇ ਹਨ:-

ਸੁੰਦਰ ਮੁੰਦਰੀਏ , ਹੋ
ਤੇਰਾ ਕੌਣ ਵਿਚਾਰਾ, ਹੋ
ਦੁੱਲਾ ਭੱਟੀ ਵਾਲ਼ਾ, ਹੋ
ਦੁੱਲਾ ਧੀ ਵਿਆਹੀ, ਹੋ
ਸੇਰ ਸ਼ੱਕਰ ਪਾਈ, ਹੋ.....

ਧਾਰਮਿਕ ਆਸਥਾਵਾਂ ਵਜੋਂ ਰਾਜਾ ਦਕਸ਼ ਦੀ ਪੁੱਤਰੀ ਸਤੀ ਦੀ ਯਾਦ 'ਚ ਅੱਗ ਜਲਾਈ ਜਾਂਦੀ ਹੈ। ਪਰੰਪਰਿਕ ਕਥਾਵਾਂ ਅਨੁਸਾਰ ਲੋਹੜੀ ਹੋਲਿਕਾ ਦੀ ਭੈਣ ਸੀ ਜੋ ਚੰਗੀ ਪ੍ਰਵਿਰਤੀ ਵਾਲ਼ੀ ਸੀ ਉਸ ਦੇ ਨਾਂ 'ਤੇ ਲੋਹੜੀ ਮਨਾਈ ਜਾਂਦੀ ਹੈ।

ਲੋਕਾਂ ਦਾ ਇਹ ਮੰਨਣਾ ਵੀ ਹੈ ਕਿ ਲੋਹੜੀ ਦਾ ਨਾਂਵ ਸੰਤ ਕਬੀਰ ਜੀ ਦੀ ਪਤਨੀ ਲੋਈ ਦੇ ਨਾਂ 'ਤੇ ਪਿਆ ਹੈ।ਕਈ ਥਾਵਾਂ 'ਤੇ ਇਸ ਨੂੰ ਲੋਈ ਵੀ ਕਿਹਾ ਜਾਂਦਾ ਹੈ।

ਮੁੰਡੇ ਦੇ ਜਨਮ ਤੇ ਨਵ-ਵਿਆਹੇ ਜੋੜਿਆਂ ਦੀ ਲੋਹੜੀ ਖ਼ਾਸ ਤੇ ਧੂਮ-ਧੜੱਕੇ ਨਾਲ਼ ਮਨਾਈ ਜਾਂਦੀ ਹੈ।

ਸਾਡੇ ਸਮਾਜ ਵਿੱਚ ਪੀੜ੍ਹੀ ਨੂੰ ਅੱਗੇ ਤੋਰਨ ਲਈ ਮੁੰਡੇ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ ਇਸ ਲਈ ਪੀੜ੍ਹੀ ਅੱਗੇ ਵਧਣ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ ਜਾਂਦੇ ਹਨ ਪਰ ਅੱਜ ਸਮਾਂ ਤੇ ਸੋਚ ਕੁੱਝ ਬਦਲੀ ਹੈ,ਅਗਾਂਹਵਧੂ ਸੋਚ ਵਾਲ਼ੇ ਕੁੜੀਆਂ ਦੀ ਲੋਹੜੀ ਵੀ ਪੂਰੇ ਜਸ਼ਨ ਨਾਲ਼ ਮਨਾਉਂਦੇ ਹਨ ਜੋ ਚੰਗੀ ਰਿਵਾਇਤ ਹੈ। ਅਸੀਂ ਸਾਰੇ ਲੋਹੜੀ ਲਈ ਬਾਲ਼ੀ ਅਗਨ ਵਿੱਚ ਤਿਲ ਪਾ ਕੇ ਆਪਣੇ ਲਈ ਹਿੰਮਤ, ਮਿਹਨਤ ਕਰਨ ਦੀ ਸ਼ਕਤੀ ਮੰਗਦੇ ਹੋਏ ਕਹਿੰਦੇ ਹਾਂ:-

ਈਸ਼ਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •