Jadon Lok Jaagange (Punjabi Story) : Navtej Singh
ਜਦੋਂ ਲੋਕ ਜਾਗਣਗੇ (ਕਹਾਣੀ) : ਨਵਤੇਜ ਸਿੰਘ
ਇਹ ਉਥੋਂ ਦੀ ਕਹਾਣੀ ਹੈ, ਜਿਥੇ ਸੌ ਸਾਲ ਪਹਿਲਾਂ ਉਹ ਖੱਡੀਆਂ ਚੱਲਦੀਆਂ ਹੁੰਦੀਆਂ ਸਨ, ਜਿਨ੍ਹਾਂ ਦਾ ਸੰਗੀਤ ਹੁਣ ਤੱਕ ਕਈਆਂ ਨੂੰ ਸੁਣਾਈ ਦੇਂਦਾ ਹੈ। ਇਨ੍ਹਾਂ ਖੱਡੀਆਂ ਉੱਤੇ ਜਿਹੜੀ ਮਲਮਲ ਬਣਦੀ ਸੀ, ਕਈ ਹੁਣ ਵੀ ਉਹਦੀਆਂ ਕਹਾਣੀਆਂ ਪਾਂਦੇ ਹਨ— ਮਲਮਲ, ਜਿਦ੍ਹਾ ਸਾਬਤ ਥਾਨ ਮੁੰਦਰੀ ਦੇ ਤੰਗ ਘੇਰੇ ਵਿਚੋਂ ਲੰਘ ਜਾਂਦਾ ਸੀ। ਮਲਮਲ, ਜਿਸ ਨੂੰ ਰਾਣੀਆਂ ਆਪਣੇ ਪਿੰਡੇ ਦੁਆਲੇ ਵਲ੍ਹੇਟ ਲੈਂਦੀਆਂ ਸਨ, ਪਰ ਫੇਰ ਵੀ ਉਨ੍ਹਾਂ ਦੇ ਮਰਮਰੀ ਅੰਗਾਂ ਦੀ ਚਮਕ ਰਾਜਿਆਂ ਦੀਆਂ ਅੱਖਾਂ ਚੁੰਧਿਆ ਦੇਂਦੀ ਸੀ...
ਇਕ ਘਰ ਦੀ ਵਰਾਨ ਨੁੱਕਰ ਵਿਚ ਅੱਜ ਵੀ ਇਕ ਖੱਡੀ ਚਾਮਚੜਿੱਕ ਵਾਂਗ ਚੰਬੜੀ ਦਿਸਦੀ ਹੈ ਤੇ ਦੂਜੀ ਨੁੱਕਰ ਵਿਚ ਝੋਨੇ ਦੀ ਇਕ ਭਰੀ ਬੱਝੀ ਪਈ ਹੈ। ਕੋਈ ਊਂਧੀ ਪਾਈ ਬੈਠਾ ਹੈ। ਇਹ ਡਿੱਗਦਾ ਢਹਿੰਦਾ ਭਰੀ ਚੁੱਕ ਲਿਆਇਆ ਸੀ, ਪਰ ਉਹਦੀਆਂ ਉਂਗਲਾਂ ਵਿਚ ਦਾਣੇ ਛੰਡਣ ਦੀ ਤਾਕਤ ਹੁਣ ਬਾਕੀ ਨਹੀਂ ਰਹੀ।
ਇਸ ਘਰ ਦੇ ਨੇੜੇ ਕਈ ਹੋਰ ਘਰ ਹਨ, ਪਰ ਕਿਸੇ ਵਿਚੋਂ ਕੋਈ ਖੜਾਕ ਨਹੀਂ ਆਉਂਦਾ। ਅਨੇਕਾਂ ਕਬਰਾਂ ਘਰਾਂ ਦੁਆਲੇ ਹੀ ਬਣੀਆਂ ਹੋਈਆਂ ਹਨ। ਘਰ ਵਰਾਨ ਹੁੰਦੇ ਜਾ ਰਹੇ ਹਨ ਤੇ ਕਬਰਾਂ ਆਬਾਦ। ਤਾਪ, ਹੈਜ਼ੇ, ਚੇਚਕ ਨੇ ਇਨ੍ਹਾਂ ਵਿਚ ਆਪਣੇ ਮੁਰਦੇ ਦਬਾਏ ਹੋਏ ਹਨ। ਧਰਤੀ ਵੀ ਵਬਾ ਤੋਂ ਬਚ ਨਹੀਂ ਸਕੀ, ਤੇ ਕਬਰਾਂ ਉਹਦੀ ਛਾਤੀ ’ਤੇ ਛਾਲੇ ਬਣ ਉੱਭਰ ਆਈਆਂ ਹਨ।
ਕਈ ਤਰ੍ਹਾਂ ਦੀਆਂ ਕਬਰਾਂ ਹੁੰਦੀਆਂ ਹਨ। ਇਕ ਉਹ—ਸਰੂਆਂ-ਘਿਰੀਆਂ, ਜਿਨ੍ਹਾਂ ਉੱਤੇ ਸੰਗ-ਮਰਮਰੀ ਸਲੀਬਾਂ, ਚੰਨ-ਤਾਰੇ ਤੇ ਪਰੀਆਂ ਫ਼ਰਿਸ਼ਤਿਆਂ ਦੇ ਸੁਹਣੇ ਬੁੱਤ, ਫੁੱਲਾਂ ਦੇ ਹਾਰ, ਤੇ ਪਿਆਰਿਆਂ ਦੀ ਆਵਾਜਾਈ ਰਾਹਾਂ ਰਵਸ਼ਾਂ ਤੇ ਘਾਹ ਉੱਚਾ ਨਹੀਂ ਹੋਣ ਦੇਂਦੀ। ...ਤੇ ਇਹ ਕਬਰਾਂ—ਕੋਈ ਇਨ੍ਹਾਂ ਦੇ ਨੇੜੇ ਨਹੀਂ ਆਉਂਦਾ।
ਪਰ ਉਹ ਕੌਣ ਹੈ? ਮਰਦ ਜਾਂ ਤੀਵੀਂ? ਕਬਰਾਂ ਵੱਲ ਰਸ਼ਕ ਨਾਲ ਵੇਖਦਾ ਹੈ। ਅੱਖਾਂ ਨਾਲ ਵੇਖਦਾ ਕਹਿਣਾ ਗ਼ਲਤ ਹੋਵੇਗਾ, ਅੱਖਾਂ-ਹੀਣ ਦੋ ਖੁੱਡਾਂ ਵਿਚੋਂ ਝਾਕਦਾ ਕਹਿਣਾ ਠੀਕ ਹੈ। ਇਕ ਕਬਰ ਦੁਆਲੇ ਉਹ ਇੰਜ ਘੁੰਮ ਰਿਹਾ ਹੈ, ਜਿਵੇਂ ਵਾ-ਵਰੋਲੇ ਵਿਚਕਾਰ ਕਿਸੇ ਆਲ੍ਹਣੇ ਨਾਲੋਂ ਟੁੱਟੇ ਘਾਹ-ਤਿਣਕੇ।
ਠੇਡਾ ਲੱਗਾ, ਉਹ ਢਹਿ ਪਿਆ ਤੇ ਅੰਦਰੋਂ ਹੌਕਾ ਉੱਠਿਆ: “ਆਇਆ ਸਾਂ, ਵੇਖਾਂ ਕੋਈ ਭਰੀ ਦੇ ਦਾਣੇ ਛੰਡ ਸਕਦਾ—ਕੋਈ ਨਹੀਂ। ਸਭਨਾਂ ਦੀ ਮੁਸੀਬਤ ਕੱਟੀ ਗਈ। ਇਹ ਸੁਖੀਏ, ਮੈਂ ਦੁਖੀਆ।” ਜਿਨ੍ਹੇਂ ਉਹਦੀ ਇਹ ਵਾਜ ਸੁਣੀ ਹੋਵੇ, ਉਹਨੂੰ ਰਹੱਸਵਾਦੀ ਕਵੀਆਂ ਵਾਂਗ ਮੌਤ ਦੇ ਬੋਲਾਂ ਦੀ ਕਨਸੋਅ ਸੁਣਨ ਦੀ ਖਿੱਚ ਨਹੀਂ ਰਹੇਗੀ।
ਫੇਰ ਵਾਜ ਆਈ, ਹੁਣ ਅੱਗੇ ਨਾਲੋਂ ਕੁਝ ਸਾਫ਼ :
“ਤਾਪ ਨਾਲ ਤਪ ਰਿਹਾ ਆਂ, ਕੁਨੈਨ ਮਿਲਦੀ ਨਹੀਂ। ਪਿੱਛੇ ਮਿਲੀ ਸੀ। ਕੋਈ ਵੱਡਾ ਅਫ਼ਸਰ ਵੇਖਣ ਆਇਆ ਸੀ। ਤੰਬੂਆਂ ਵਿਚ ਹਸਪਤਾਲ ਖੁੱਲ੍ਹੇ ਸਨ, ਮੱਖੀਆਂ ਵਾਂਗ ਲੋਕ ਕੱਠੇ ਹੋਏ ਸਨ, ਕੁਨੈਨ ਵੰਡੀ ਗਈ ਸੀ। ਕਹਿੰਦੇ ਨੇ ਉਹ ਬਹੁਤ ਸਾਰੀ ਕੁਨੈਨ ਵੰਡਣ ਦਾ ਹੁਕਮ ਦੇ ਗਿਆ ਸੀ। ਪਰ ਹੁਣ ਬੰਦ ਕਰ ਦਿੱਤੀ ਗਈ ਏ, ਚੋਰ-ਮੰਡੀ ਵਿਚ ਜਾਣ ਲੱਗ ਪਈ ਸੀ। ਇਹਨੂੰ ਰੋਕਣ ਦਾ ਹੋਰ ਇਲਾਜ ਕੋਈ ਨਹੀਂ ਲੱਭਾ—ਬੱਸ ਦੇਣੀ ਬੰਦ ਕਰ ਦਿਓ!”
ਇਥੇ ਖੰਘ ਨੇ ਕਿਸੇ ‘ਸੈਂਸਰ’ ਵਾਂਗ ਉਹਨੂੰ ਟੋਕ ਦਿੱਤਾ। ਉਹ ਕਬਰ ਦੇ ਪੈਰਾਂ ਵਿਚ ਸਿੱਧਾ ਲੇਟ ਗਿਆ, ਸਾਹ ਹੇਠਾਂ ਉਤਾਂਹ ਹੋ ਗਿਆ ਸੀ।
ਜਦ ਫੇਰ ਸਾਹ ਠੀਕ ਆਇਆ, ਤਾਂ ਉਹ ਮੁੜ ਬੋਲਿਆ :
“ਥੋੜ੍ਹੀ ਜਿਹੀ ਵਿਰਲ ਕਰਕੇ ਮੈਨੂੰ ਵੀ ਨਾਲ ਪਾ ਲੈ! ਵੇਖਿਆ ਨਹੀਂ ਜਾਂਦਾ!
ਜਿਨ੍ਹਾਂ ਘਰਾਂ ਵਿਚ ਅਜੇ ਜਾਨ ਏ, ਉਨ੍ਹਾਂ ਦੇ ਅੰਦਰੋਂ ਜ਼ਨਾਨੀਆਂ ਬਾਹਰ ਨਹੀਂ ਆਉਂਦੀਆਂ। ਉਹ ਨੰਗੀਆਂ ਨੇ—ਉਹ ਜਿਹੜੀਆਂ ਜੇਠਾਂ, ਸਹੁਰਿਆਂ ਸਾਹਮਣੇ ਮੂੰਹ ਨਹੀਂ ਸਨ ਨੰਗਾ ਕਰਦੀਆਂ, ਹੁਣ ਸਾਰੀਆਂ ਨੰਗੀਆਂ ਨੇ। ਉਨ੍ਹਾਂ ਨੂੰ ਖਾਣ ਲਈ ਗਿੱਦੜ ਬਾਹਰ ਧ੍ਰੀਕ ਲਿਜਾਂਦੇ ਨੇ। ਇਹੋ ਆਪਣੇ ਬਾਲਾਂ ਨੂੰ ਆਂਹਦੀਆਂ ਹੁੰਦੀਆਂ ਸਨ—‘ਲਾਲੀ, ਤੂੰ ਕੋਈ ਗਿੱਦੜ ਥੋੜਾ ਏਂ, ਤੂੰ ਸ਼ੇਰ ਬਣੀਂ। ਗਿੱਦੜ ਡਰਪੋਕ, ਗਿੱਦੜ ਆਦਮੀ ਦੀ ਵਾਜ ਤੋਂ ਵੀ ਤ੍ਰਹਿੰਦਾ ਏ। ਪਰ ਇਹ ਗੱਲਾਂ ਓਦੋਂ ਦੀਆਂ, ਜਦੋਂ ਸਭ ਚੌਲ ਖਾ ਸਕਦੇ ਸਨ। ਹੁਣ ਚੌਲ ਹਨੇਰੇ ਗੁਦਾਮਾਂ ਤੇ ਤਹਿਖਾਨਿਆਂ ਵਿਚ...।”
ਕਹੀ ਦਾ ਖੜਾਕ ਆਇਆ। ਦੂਰ ਸਾਰੇ ਕੋਈ ਕਬਰ ਪੁੱਟ ਰਿਹਾ ਸੀ।
“ਆਹ, ਜੇ ਤੇਰੀਆਂ ਬਾਹਾਂ ਵਿਚ ਜ਼ੋਰ ਬਾਕੀ ਏ, ਤਾਂ ਕਬਰ ਨਾ ਪੁੱਟ, ਮੇਰੀ ਭਰੀ ਛੰਡ ਦੇ। …ਪਰ ਤੇਰੇ ਕੋਲ ਚੌਲ ਅਜੇ ਹੋਣਗੇ। ਕਈਆਂ ਕੋਲ ਹੈਣ—ਉਹ ਦੇਂਦੇ ਨਹੀਂ। ਚੌਧਰੀ ਬਾਬੂ ਨੇ ਆਪਣੀ ਧੀ ਦੇ ਵਿਆਹ ਤੇ ਕੁਝ ਵੇਚੇ ਸਨ। ਓਦੋਂ ਉਹਨੂੰ ਪੈਸਿਆਂ ਦੀ ਲੋੜ ਸੀ। ਹੁਣ ਉਹ ਲੋੜ ਨਹੀਂ ਰਹੀ। ਚੌਲਾਂ ਦੇ ਚਿੱਟੇ ਢੇਰਾਂ ਵੱਲ ਤੱਕਦਿਆਂ ਕਈਆਂ ਸੋਚਿਆ ਸੀ, “ਕਾਲ ਦਾ ਸਾਨੂੰ ਕੀ, ਇਹ ਵੀ ਸਰਕਾਰ ਵਾਂਗ ਗਰੀਬਾਂ ਲਈ ਕੋਈ ਬਲਾ ਹੋਵੇਗੀ।” ਪਰ ਕਾਲ ਨਿਰੀ ਭੁੱਖ ਈ ਨਾ ਲਿਆਇਆ, ਵਬਾਵਾਂ ਵੀ ਲਿਆਇਆ। ਆਫ਼ਰੇ ਢੇਰਾਂ ਵਾਲਿਆਂ ਦੇ ਨੌਕਰ ਮਰਨ ਲੱਗੇ, ਬੈਲ ਮਰਨ ਲੱਗੇ, ਗਾਹਕ ਮਰਨ ਲੱਗੇ, ਮੁਜ਼ਾਰੇ ਮਰਨ ਲੱਗੇ, ਤੇ ਫੇਰ— ਫੇਰ ਉਹ ਆਪ ਵੀ...”
ਇਹ ਕਹਿੰਦਿਆਂ ਉਹਦੇ ਬੁੱਲ੍ਹ ਜ਼ਰਾ ਵਿੰਗੇ ਹੋਏ, ਦੰਦ ਨੰਗੇ ਹੋਏ, ਸ਼ਾਇਦ ਆਪ-ਮੁਹਾਰੀ ਹਸਰਤ ਨੇ ਕਿਸੇ ਕਿਸਮ ਦੇ ਹਾਸੇ ਦੀ ਸ਼ਕਲ ਬਣਾਨੀ ਚਾਹੀ—ਤੇ ਫੇਰ ਵਾਜ ਆਈ :
“ਪਿਛਲੇ ਐਤਵਾਰ ਪਿੰਡ ਦੇ ਪਰ੍ਹੇ ਵਿਚ ਇਕ ਭੀੜ ਜੁੜੀ ਹੋਈ ਸੀ। ਵਿਚਕਾਰ ਇਕ ਨੰਗੀ ਜ਼ਨਾਨੀ ਬੈਠੀ ਸੀ ਤੇ ਉਹਦੀ ਝੋਲੀ ਵਿਚ ਇਕ ਮਰਿਆ ਬੱਚਾ। ਪਿੰਡ ਦਾ ਚੌਕੀਦਾਰ ਬੜੇ ਜੋਸ਼ ਨਾਲ ਆਖ ਰਿਹਾ ਸੀ, ‘ਮੈਂ ਆਪਣੀ ਅੱਖੀਂ ਤੱਕਿਆ ਏ, ਇਹਨੇ ਆਪਣੇ ਹੱਥਾਂ ਨਾਲ ਇਹਦੀ ਸੰਘੀ ਘੁੱਟੀ ਏ।’ ...ਥੋੜ੍ਹੀ ਦੇਰ ਪਹਿਲਾਂ ਮੈਂ ਤੱਕਿਆ ਸੀ। ਉਹ ਬੱਚੇ ਨੂੰ ਦੁੱਧ ਚੁੰਘਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਛਾਤੀ ਵਿਚੋਂ ਦੁੱਧ ਨਹੀਂ ਸੀ ਆਉਂਦਾ, ਬੱਚੇ ਨੇ ਦੰਦੀ ਵੱਢ ਖਾਧੀ। ਉਹਨੇ ਸੰਘੀ ਘੁੱਟ ਦਿੱਤੀ ਹੋਏਗੀ। ਥਾਣੇਦਾਰ ਆਇਆ। ਚੌਧਰੀ ਬਾਬੂ ਨੇ ਥਾਣੇਦਾਰ ਨੂੰ ਕਿਹਾ, “ਇਕ ਮਾਂ ਕਿਸ ਤਰ੍ਹਾਂ ਆਪਣੇ ਬੱਚੇ ਦੀ ਸੰਘੀ ਘੁੱਟ ਸਕਦੀ ਏ?” ਇਹ ਮਾਂ, ਚੌਧਰੀ ਬਾਬੂ ਦੀ ਨੌਕਰਾਣੀ ਸੀ। ਭੀੜ ਵਿਚਲੇ ਲੋਕਾਂ ਵੀ ਆਖਿਆ, “ਚੌਕੀਦਾਰ ਝੂਠ ਬਕਦਾ ਏ।” ਮਾਂ ਦੀ ਖੱਬੀ ਛਾਤੀ ’ਚੋਂ ਲਹੂ ਸਿੰਮ ਰਿਹਾ ਸੀ। ਉਹਦੀਆਂ ਗਿੱਲੀਆਂ ਗੱਲ੍ਹਾਂ ਤੋਂ ਰੋਣ ਦਾ ਭੁਲੇਖਾ ਪੈ ਸਕਦਾ ਸੀ; ਪਰ ਉਹ ਚੁੱਪ ਸੀ—ਬਿਲਕੁਲ ਚੁੱਪ। ਥਾਣੇਦਾਰ ਨੂੰ ਕੋਈ ਸਬੂਤ ਨਾ ਮਿਲਿਆ। ਉਸ ਆਖਿਆ, “ਮੁਲਜ਼ਮ ਨੂੰ ਸ਼ੱਕ ਦਾ ਫ਼ਾਇਦਾ ਮਿਲਣਾ ਚਾਹੀਦਾ ਏ।”
ਉਹ ਉੱਠਿਆ, ਸਾਹਮਣੇ ਤੱਕ ਕੇ ਕਦਮ ਪੁੱਟਣ ਲੱਗਾ। ਪਰ ਤੁਰ ਸਕਣ ਦਾ ਸਤ ਉਹਨੂੰ ਮੁੱਕ ਚੁਕਿਆ ਜਾਪਿਆ। ਉਹ ਕਬਰ ਦੇ ਨਾਲ ਸਿੱਧਾ ਲੇਟ ਗਿਆ, “ਘਰ ਨਾਲੋਂ ਇਥੇ ਚੰਗਾ ਏ। ਮੇਰਾ ਘਰ ਕੱਲਾ ਏ। ਘਰਦਿਆਂ ਨੂੰ ਮੈਂ ਇਕ ਇਕ ਕਰ ਕੇ ਇਥੇ ਛੱਡ ਗਿਆਂ। ਕੀ ਜਾਣਾਂ ਇਹ ਕਬਰ ਮੇਰੇ ਘਰ ਦਾ ਇਕ ਹਿੱਸਾ ਹੀ ਹੋਵੇ! ਨਾ ਵੀ ਹੋਵੇ ਤਾਂ ਵੀ ਸਾਥ ਤੇ ਵੇ...”
ਉਹ ਬਾਂਹ ਉਲਾਰੀ ਜੀਕਰ ਉਹ ਕਬਰ ਨੂੰ ਜੱਫੀ ਪਾਣਾ ਚਾਹੁੰਦੀ ਸੀ, ਤੇ ਉਹਦੇ ਮੂੰਹੋਂ ਨਿਕਲਿਆ:
“ਹਾਂ—ਸ਼ੱਕ ਦਾ ਫ਼ਾਇਦਾ। ਪਰ ਤੁਹਾਨੂੰ...ਤੁਹਾਨੂੰ”
ਜੱਫੀ ਲਈ ਉਲਰੀ ਬਾਂਹ ਵਿਚ ਮੁੱਠੀ ਤਣੀ ਗਈ, ਬਾਂਹ ਖੜੋ ਗਈ। ਉਹਦੇ ਦੰਦ ਵੱਜ ਰਹੇ ਸਨ, ਉਹਦੀ ਕਮਜ਼ੋਰ ਵਾਜ ਵਿਚ ਗੁੱਸਾ ਸੀ :
“ਪਰ ਤੁਹਾਨੂੰ ਕਦੇ ਸ਼ੱਕ ਦਾ ਫ਼ਾਇਦਾ ਨਹੀਂ ਦਿੱਤਾ ਜਾਏਗਾ, ਤੁਹਾਨੂੰ ਜਿਨ੍ਹਾਂ ਛੱਤੀ ਲੱਖ ਜਾਨਾਂ ਕਤਲ ਕਰ ਦਿੱਤੀਆਂ! ਜਦੋਂ ਲੋਕ ਜਾਗਣਗੇ ਤੁਹਾਨੂੰ...।”
ਖੜੀ ਬਾਂਹ ਕਬਰ ਤੇ ਡਿੱਗ ਪਈ, ਤੇ ਫੇਰ ਕੋਈ ਵਾਜ ਨਾ ਆਈ।
[1944]