Jadon Loki Saun Jaande Han (Punjabi Story) : Navtej Singh
ਜਦੋਂ ਲੋਕੀ ਸੌਂ ਜਾਂਦੇ ਹਨ (ਕਹਾਣੀ) : ਨਵਤੇਜ ਸਿੰਘ
ਸਰਹਾਣੇ ਥੱਲੇ ਬਾਹਵਾਂ ਪਾ ਕੇ ਉਹਨੂੰ ਮੈਂ ਆਪਣੇ ਸਿਰ ਥੱਲੇ ਗੋਲ ਕੀਤਾ ਹੋਇਆ ਹੈ। ਸਰਹਾਣੇ ਦੀ ਨਰਮ ਤਹਿ ਮੇਰੀਆਂ ਗੱਲ੍ਹਾਂ ਤੇ ਕੰਨਾਂ ਨੂੰ ਛੂਹ ਰਹੀ ਹੈ। ਮੇਰੇ ਮੱਥੇ ਵਿਚੋਂ ਤੇ ਕੰਨਾਂ ਕੋਲੋਂ ਲੰਘਦੀ ਨਾੜੀ ਵਿਚ ਮੇਰੇ ਦਿਲ ਦੀ ਆਵਾਜ਼ ਉਚੇਰੀ ਹੁੰਦੀ ਜਾਂਦੀ ਐਉਂ ਮਹਿਸੂਸ ਹੋਣ ਲੱਗ ਪਈ ਹੈ ਜਿਵੇਂ ਕਦੇ ਰਾਤ ਐਂਵੇ ਨੀਂਦਰ ਖੁੱਲ੍ਹਣ ਉੱਤੇ ਘੜੀ ਦੀ ਟਿੱਕ ਟਿੱਕ। ਪਰ ਏਸ ਧੱਕ ਧੱਕ ਤੇ ਉਸ ਟਿੱਕ ਟਿੱਕ ਵਿਚ ਪ੍ਰੇਮਕਾ ਦੀਆਂ ਬਾਹਵਾਂ ਦੀ ਛੁਹ ਤੇ ਮੇਰੇ ਸਰਹਾਣੇ ਦੀ ਛੁਹ ਜਿੰਨਾ ਫ਼ਰਕ ਹੈ। ਘੜੀ ਦੀ ਟਿੱਕ ਟਿੱਕ ਚਾਲ ਨਹੀਂ ਬਦਲਦੀ, ਖੜੋ ਜਾਏ ਤਾਂ ਫੇਰ ਚਲ ਵੀ ਸਕਦੀ ਹੈ। ਤੇ ਇਹ ਧੱਕ ਧੱਕ — ਕਿਸੇ ਨੂੰ ਤਕਿਆਂ ਤੇਜ਼ ਹੋ ਜਾਂਦੀ ਹੈ, ਤੇ ਉਹਨੂੰ ਛੁਹਿਆਂ ਹੋਰ ਤੇਜ਼ ਤੇ ਉਸ ਕੋਲੋਂ ਵੱਖ ਹੋ ਕੇ ਕਦੇ ਠਹਿਰ ਗਈ ਜਾਪਦੀ ਹੈ। ਜੇ ਕਦੇ ਲੋਕ-ਅੱਖਾਂ ਦੇ ਸਾਹਮਣੇ ਪਰ ਜਾਣੀਆਂ ਅੱਖਾਂ ਤੋਂ ਲੁਕ ਕੇ ਤੁਸੀਂ ਬਾਗ਼ ਦੇ ਇਕ ਚੁੱਪ ਕੋਨੇ ਵਿਚ ਆਪਣੀ ਪ੍ਰੇਮਕਾ ਨੂੰ ਮਿਲੋ ਤਾਂ ਇਹ ਧੱਕ ਧੱਕ ਕਈ ਵਾਰ ਆਪਣੀ ਚਾਲ ਬਦਲੇਗੀ—ਹਰ ਘੂਰਦੀ ਅੱਖ ਤੇ, ਹਰ ਆਹਟ ਤੇ, ਪ੍ਰੇਮਕਾ ਦੀਆਂ ਅੱਖਾਂ ਦੀ ਅਸਮਾਨੀ ਡੂੰਘਾਣ ਵਿਚ ਤਕਦਿਆਂ, ਤੇ ਉਹਦੀ ਨੀਝ ਜਿੱਡੀ ਡੂੰਘੀ ਹੁੰਦੀ ਹਥ-ਘੁਟਣੀ ਦੇ ਵਿਚ ਗੁਆਚਿਆਂ, ਤੇ ਇਸ ਧੱਕ ਧੱਕ ਦੀਆਂ ਓਦੋਂ ਏਨੀਆਂ ਬਦਲਵੀਆਂ ਚਾਲਾਂ ਹੋ ਜਾਂਦੀਆਂ ਹਨ, ਜਿੰਨੀਆਂ ਵਰਖਾ ਰੁੱਤ ਦੇ ਸੂਰਜ-ਅਸਤ ਵੇਲੇ ਅਸਮਾਨ ਦੇ ਰੰਗਾਂ ਦੀਆਂ ਵੱਖ ਵੱਖ ਭਾਆਂ।
ਮੇਰੇ ਖ਼ਿਆਲ ਕਿੰਨੇ ਦੂਰ ਚਲੇ ਗਏ ਸਨ! ਕਿੰਨੇ ਮੱਛਰ ਹਨ ਏਸ ਕਮਰੇ ਵਿਚ। ਜਿੰਨਾ ਏਸ ਹਵਾ ਵਿਚ ਘੱਟਾ ਹੈ, ਸ਼ਾਇਦ ਓਦੂੰ ਅੱਧੇ ਮੱਛਰ ਹਨ। ਸ਼ਹਿਰ ਵਿਚ ਏਸ ਬਹਾਰੇ ਵੀ ਮੱਛਰ ਹੁੰਦੇ ਹਨ! ਗਰਮੀਆਂ ਵਿਚ ਤਾਂ ਹੁੰਦੇ ਹੀ ਹਨ, ਦਸੰਬਰ ਵਿਚ ਵੀ ਹੋਣਗੇ! ਬਾਹਰ ਵਰਾਂਡੇ ਵਿਚ ਚਲਦਾ ਹਾਂ, ਨੀਂਦਰ ਤਾਂ ਖੁੰਝ ਹੀ ਗਈ ਹੈ।
ਸਾਡੇ ਵਰਾਂਡੇ ਸਾਹਮਣੇ ਇੱਕ ਪਿੱਪਲ ਲੱਗਿਆ ਹੋਇਆ ਹੈ। ਪਿੱਪਲ ਦੇ ਪੱਤੇ— ਕਿਸੇ ਮੁਟਿਆਰ ਦੇ ਅਣ-ਕੱਜੇ ਅੰਗਾਂ ਵਾਂਗ ਲਿਸ਼ਕਦੇ ਪਰ ਇਹ ਸਾਡੇ ਵਰਾਂਡੇ ਸਾਹਮਣੇ ਦਾ ਪਿੱਪਲ, ਸੜਕ ਤੋਂ ਨਿੱਤ ਉੱਠਦੀ ਅਣਦਿਸਦੀ ਧੂੜ ਨਾਲ ਅੱਟਿਆ ਪਿੱਪਲ—ਇਹਦੇ ਪੱਤੇ ਲਿਚ ਲਿਚ ਨਹੀਂ ਕਰਦੇ। ਵਰਾਂਡੇ ਦੀ ਚਿੱਟੀ ਕੰਧ ਉੱਤੇ ਪਿੱਪਲ ਦੇ ਹਿਲਦੇ ਪੱਤਿਆਂ ਦਾ, ਤੇ ਵਰਾਂਡੇ ਦੇ ਜੰਗਲੇ ਦਾ ਮਿਲਵਾਂ ਛਾਇਆ-ਚਿਤ੍ਰ ਬੜਾ ਸੁਹਣਾ ਪਿਆ ਜਾਪਦਾ ਹੈ। ਰਾਤ ਨੇ ਏਸ ਉਚੜੀ ਹੋਈ ਕੰਧ ਨੂੰ, ਇਸ ਧੂੜ-ਅੱਟੇ ਪਿੱਪਲ ਨੂੰ ਤੇ ਏਸ ਲੋਹੇ ਦੇ ਜੰਗਲੇ ਨੂੰ ਇਕ ਅਨੋਖੀ ਸੁੰਦਰਤਾ ਕੁਝ ਪਲਾਂ ਲਈ ਉਧਾਰ ਦੇ ਦਿਤੀ ਹੈ।
ਸਾਹਮਣੇ ਸੜਕ ਸੁੰਨਸਾਨ ਪਈ ਹੈ, ਅੱਧੀ ਰਾਤ ਪਿਛੋਂ ਕਿਸੇ ਸਿਨਮਾ-ਘਰ ਵਾਂਗ। ਕਿਸੇ ਦੇਰ ਤਕ ਵਗਣ ਵਾਲੇ ਘੋੜੇ ਦੀਆਂ ਨਾਲਾਂ ਤੇ ਸੜਕ ਦੀ ਰਗੜ ਵਿਚੋਂ ਪੈਦਾ ਹੋਇਆ ਝਿਜਕਦਾ ਚੰਗਿਆੜਾ ਵੀ ਹੁਣ ਨਹੀਂ ਦਿਸਦਾ। ਸ਼ਹਿਰ ਸੁੱਤਾ ਹੋਇਆ ਜਾਪਦਾ ਹੈ। ਕਿਤੇ ਦੂਰੋਂ ਕਦੇ ਕਿਸੇ ਰੇਲ-ਇੰਜਨ ਦੀ ਚੀਕ, ਕਿਸੇ ਕੁੱਤੇ ਦਾ ਭੌਂਕਣਾ, ਕਿਸੇ ਸਵੇਰੇ ਹੀ ਉੱਠ ਪੈਣ ਵਾਲੇ ਕੁੱਕੜ ਦੀ ਬਾਂਗ—ਇਹ ਸਭ ਸੁੱਤੇ ਸ਼ਹਿਰ ਦੇ ਬੁੱੜਾਨ ਵਾਂਗ ਜਾਪਦੇ ਹਨ।
ਰਾਤੀਂ ਸੌਣ ਵੇਲੇ ਮੇਰੇ ਸਾਥੀ ਨੇ ਮੈਨੂੰ ਆਖਿਆ ਸੀ, ਕੁਝ ਹਮਦਰਦੀ-ਮਿਲੇ ਛੇੜਦੇ ਬੋਲ ਵਿਚ, “ਜਿਦ੍ਹੇ ਤੂੰ ਨਿੱਤ ਖ਼ਤ ਉਡੀਕਦਾ ਏਂ—ਉਹ ਏਥੇ ਚਾਰ-ਪੰਜ ਦਿਨਾਂ ਦੀ ਆਈ ਹੋਈ ਏ। ਕੀ ਤੈਨੂੰ ਮਿਲੀ ਨਹੀ?”
ਮਿਲੀ ਨਹੀਂ...ਉਹ ਸੌਂ ਗਿਆ ਹੈ, ਮੈਂ ਜਾਗ ਰਿਹਾ ਹਾਂ। ਜਿੰਨੇ ਵੀ ਟਾਂਗੇ ਸਟੇਸ਼ਨ ਤੋਂ ਆਉਂਦੇ ਹਨ, ਉਹ ਸਾਡੇ ਸਾਹਮਣੇ ਦੀ ਸੜਕ ਤੋਂ ਲੰਘਦੇ ਹਨ। ਇਸ ਟਾਂਗੇ ਵਿਚ ਉਹ ਬੈਠੀ ਹੋਈ ਹੈ? ਜਿਦ੍ਹੇ ਮੈਂ ਨਿਤ ਖ਼ਤ ਉਡੀਕਦਾ ਹਾਂ, ਮੈਂ ਉਹਨੂੰ ਤਕ ਕੇ ਹੇਠਾਂ ਨੂੰ ਭੱਜਦਾ ਹਾਂ। ਐਵੇ ਇਕ ਨਿਮਿਖ ਲਈ ਪੌੜੀਆਂ ਉਤਰਦਿਆਂ-ਉਤਰਦਿਆਂ ਮੇਰੇ ਮਨ ਵਿਚੋਂ ਕਈ ਕੁਝ ਪੰਛੀਆਂ ਦੀਆਂ ਡਾਰਾਂ ਵਾਂਗ ਉੱਡਦਾ ਲੰਘ ਜਾਂਦਾ ਹੈ। ਉਹਦੇ ਮੱਥੇ ਉੱਤੇ ਵਾਲਾਂ ਦੀ ਝਾਲਰ, ਉਹਦੀਆਂ ਅੱਖਾਂ, ਉਹ ਸਾਰੀ ਦੀ ਸਾਰੀ। ਮੇਰਾ ਦਿਲ ਮੇਰਿਆਂ ਬੁੱਲ੍ਹਾਂ ਉੱਤੇ, ਮੇਰਿਆਂ ਕੰਨਾਂ ਉੱਤੇ, ਹੱਥਾਂ ਦੇ ਪੋਟਿਆਂ ਉੱਤੇ ਆਣ ਖਲੋਂਦਾ ਹੈ। ਪਰ ਉਹਦਾ ਟਾਂਗਾ ਨਹੀਂ ਰੁਕਦਾ, ਉਹਦਾ ਝਾਉਲਾ ਵੀ ਮੁੱਕਦਾ ਜਾਂਦਾ ਹੈ। ਮੇਰੀਆਂ ਅੱਖਾਂ ਵਿਚੋਂ ਉੱਡਦੇ ਚਾਅ ਦੇ ਖੰਭ ਖੁਸ ਜਾਂਦੇ ਹਨ। ਤੇ ਫੇਰ ਉਹਦੀ ਵਾਪਸੀ ਤੇ ਵੀ ਕਿਸੇ ਅਣਹੋਣੇ ਜਾਪਦੇ ਇਤਫ਼ਾਕ ਨਾਲ ਮੈਂ ਫੇਰ ਉਹ ਟਾਂਗਾ ਤਕ ਲੈਂਦਾ ਹਾਂ, ਬੜੀ ਤੇਜ਼ੀ ਨਾਲ ਸਟੇਸ਼ਨ ਵਲ ਵਧ ਰਿਹਾ ਇਕ ਟਾਂਗਾ। ਉਹ ਗੱਡੀ ਵਿਚ ਚੜ੍ਹ ਰਹੀ ਹੁੰਦੀ ਹੈ ਕਿ ਮੈਂ ਪਹੁੰਚਦਾ ਹਾਂ। ਇੰਜਨ ਦੀ ਚੀਕ, ਗਾਰਡ ਦੀ ਸੀਟੀ ਮੇਰੇ ਬੁੱਲ੍ਹਾਂ ’ਤੇ ਆਏ ਦਿਲ ਨੂੰ ਧੜਕਣ ਨਹੀਂ ਦੇਂਦੀ। ਮੈਂ ਉਹਦੇ ਕੋਲ ਹੀ ਗੱਡੀ ਵਿਚ ਬੈਠ ਜਾਂਦਾ ਹਾਂ, ਸੋਚਦਾ ਹਾਂ ਅਗਲੇ ਸਟੇਸ਼ਨ ਤੇ ਉਤਰ ਵਾਪਸ ਆ ਜਾਵਾਂਗਾ। ਗੱਡੀ ਉੱਡਦੀ ਜਾਂਦੀ ਹੈ—ਮੈਂ ਆਪਣਾ ਉਤਰਨਾ ਲਮਕਾਂਦਾ ਜਾਂਦਾ, ਅਗਲੇ ਸਟੇਸ਼ਨ ਤੋਂ ਅਗਲੇਰੇ ਸਟੇਸ਼ਨ ਤੇ ਪਾਂਦਾ ਜਾਂਦਾ ਹਾਂ।… …
ਵਿਹੜੇ ਵਿਚਲੇ ਹੱਥ-ਪੰਪ ਦੀ ਚੀਕੂੰ ਚੀਕੂੰ ਨੇ ਮੈਨੂੰ ਏਸ ਗੱਡੀ ਵਿਚੋਂ ਉਤਾਰ ਲਿਆ ਹੈ। ਮੈਂ ਜਾਣਦਾ ਹਾਂ ਇਹ ਟਾਂਗੇ ਦਾ ਨਾ ਰੁਕਣਾ, ਇਹ ਉੱਡਦੀ ਗੱਡੀ, ਮੈਂ ਜਾਣਦਾ ਹਾਂ ਇਹ ਮੇਰੇ ਮਨ ਦੀਆਂ ਵਿਉਂਤਾਂ—ਮੈਨੂੰ ਸੁਖਿਆਰਣ ਲਈ, ਮੈਨੂੰ ਰਿਝਾਣ ਲਈ! ਮੈਂ ਜਾਣਦਾ ਹਾਂ—ਇਹ ਛਲਾਵਾ, ਇਹ ਕਲਪਨਾ, ਇਹ ਭੁਲਾਵਾ!
ਮੈਂ ਜਦੋਂ ਵੀ ਉਹਦਾ ਖ਼ਿਆਲ ਕਰਦਾ ਹਾਂ, ਉਹਨੂੰ ਖ਼ਤ ਲਿਖਦਾ ਹਾਂ, ਇੰਜ ਮਹਿਸੂਸ ਕਰਦਾ ਹਾਂ, ਜਿਵੇਂ ਮੈਂ ਕਿਸੇ ਨੂੰ ਕਹਾਣੀ ਸੁਣਾ ਰਿਹਾ ਹਾਂ ਤੇ ਉਹ ਹੁੰਗਾਰਾ ਨਹੀ ਭਰਦਾ। ਮੈਂ ਕਿਵੇਂ ਇਸ ਹੁੰਗਾਰੇ ਲਈ ਲੋਚਦਾ ਹਾਂ! ਤੇ ਇਹ ਸਭ ਕੁਝ, ਇਹ ਟਾਂਗਾ, ਇਹ ਗੱਡੀ ਇਸ ਹੁੰਗਾਰੇ ਦੀ ਅਣਹੋਂਦ ਪੂਰਨ ਦਾ ਇਕ ਜਤਨ ਹੈ। ਏਸ ਹੁੰਗਾਰੇ ਬਿਨਾਂ ਕਈ ਦੋ-ਚਿਤੀਆਂ ਤੇ ਤੌਖਲੇ ਮੇਰੇ ਮਨ ਵਿਚ ਖਿਲਰ ਰਹੇ ਹਨ, ਤੇ ਮੈਂ ਇਹਨਾਂ ਸਭਨਾਂ ਵਿਚ ਇੰਜ ਗੁੰਦਿਆ ਜਾਂਦਾ ਹਾਂ ਜਿਵੇਂ ਵਾਲ ਪਰਾਂਦੀ ਵਿਚ।
ਕਦੇ ਕਦੇ ਮੈਂ ਸੋਚਦਾ ਹਾਂ, ਮੈਂ ਇਕ ਨਿੱਕੀ ਜਿਹੀ, ਭੋਲੀ ਜਿਹੀ ਕੁੜੀ ਹੋਵਾਂ, ਜਿਹੜੀ ਆਪਣੀ ਸਹੇਲੀ ਦੇ ਪਿਆਰ ਨੂੰ ਕੱਚ ਦੀ ਚੂੜੀ ਤੋੜ ਕੇ ਮਾਪ ਸਕਦੀ ਹੈ!
…ਪਰ ਮੈਂ ਕਿਉਂ ਆਪਣੇ ਲੈਂਪ ਦੀ ਜ਼ਰਾ ਉੱਚੀ ਹੋਈ ਲਾਟ ਵਿਚੋਂ ਨਿਕਲਦੇ ਧੂਏਂ ਦੀ ਕਾਲਖ਼ ਬਾਰੇ ਏਨਾ ਸੋਚੀ ਜਾ ਰਿਹਾ ਹਾਂ—ਕੀ ਇਹਦੀ ਖਿਲਰਦੀ ਕਾਲਖ਼ ਸਮੁੱਚੀ ਜ਼ਿੰਦਗੀ ਉੱਤੇ ਪਸਰੀ ਸ਼ਾਹ ਰਾਤ ਸਾਹਮਣੇ ਨਿਗੂਣੀ ਨਹੀਂ ਹੋ ਜਾਂਦੀ!
ਮੇਰਾ ਸਾਥੀ ਅੰਦਰ ਉਸਲ-ਵੱਟੇ ਲੈ ਰਿਹਾ ਹੈ। ਮੈਨੂੰ ਡਰ ਹੈ, ਕਿਤੇ ਮੇਰੀ ਖ਼ਾਲੀ ਮੰਜੀ ਤਕ ਕੇ, ਉਹ ਮੈਨੂੰ ਬਾਹਰ ਖਲੋਤਾ ਲੱਭ ਲਏ ਤੇ ਟਕੋਰ ਨਾਲ ਪੁੱਛੇ, “ਆਰਾਮ ਕਹਾਂ ਜੋ ਦਿਲ ਪੜਾਅ... ...” ਸੋ ਮੈਂ ਏਦੂੰ ਪਹਿਲਾਂ ਹੀ ਅੰਦਰ ਚਲਾ ਜਾਣਾ ਚਾਹੁੰਦਾ ਹਾਂ।
[1941]