ਜਦੋਂ ਉਸ ਨੇ ਡਾਕਟਰਾਂ ਨੂੰ ਪਾਈ ਮਾਤ (ਲੇਖ) : ਲਾਭ ਸਿੰਘ ਸ਼ੇਰਗਿੱਲ
ਇਹ ਕੋਈ ਢਾਈ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਪਿੰਡ ਢੰਡਿਆਲ ਰਹਿੰਦੇ ਸੀ। ਉਹ ਸਮਾਂ ਤੇ ਅੱਜ ਦੇ ਸਮੇਂ ਵਿੱਚ ਬੜੀ ਤਬਦੀਲੀ ਆ ਗਈ ਹੈ। ਇਹ ਕੋਈ ਸਦੀਆਂ ਬੀਤਣ ਦੀਆਂ ਗੱਲਾਂ ਨਹੀਂ, ਕੁੱਝ ਕੁ ਵਰ੍ਹੇ ਪਹਿਲਾਂ ਦੀਆਂ ਬਾਤਾਂ ਹਨ। ਖਾਣ-ਪੀਣ ਐਨਾ ਜ਼ਹਿਰੀਲਾ ਨਹੀਂ ਸੀ ਜਿੰਨਾ ਅੱਜ ਹੋ ਚੁੱਕਿਆ ਹੈ। ਉਸ ਸਮੇਂ ਲੋਕਾਂ ਨੂੰ ਐਨੀਆਂ ਗੰਭੀਰ ਬੀਮਾਰੀਆਂ ਵੀ ਨਹੀਂ ਚਿੰਬੜੀਆਂ ਹੋਈਆਂ ਸਨ। ਬਲੱਡ-ਪਰੈਸ਼ਰ, ਸ਼ੂਗਰ,ਹਾਰਟ-ਅਟੈਕ,ਤੇਜ਼ਾਬ ਬਣਨਾ, ਪਲੇਟਲੈੱਟ ਘਟਣਾ, ਡੇਂਗੂ, ਕਾਲ਼ਾ ਪੀਲ਼ੀਆ ਆਦਿ ਨੂੰ ਪਿੰਡਾਂ ਵਿੱਚ ਬਹੁਤ ਘੱਟ ਲੋਕ ਜਾਣਦੇ ਸਨ। ਬਸ ਐਂਦਾ ਹੀ ਦਵਾਈ ਲੈ ਲਈ ਜਾਂਦੀ ਤੇ ਬੰਦਾ ਠੀਕ ਹੋ ਜਾਂਦਾ। ਜੇ ਕਦੀ ਬੁਖਾਰ ਨਾ ਉਤਰਦਾ ਤਾਂ ਇਹ ਕਿਹਾ ਜਾਂਦਾ ਕਿ ਪਾਣੀ ਝਾਰਾ ਹੈ, ਪਿੰਡ ਵਿੱਚ ਜਾਂ ਕਿਸੇ ਲਾਗਲੇ ਪਿੰਡ ਵਿੱਚੋਂ ਕਿਸੇ ਸਾਧ ਤੋਂ ਤਿੰਨ ਡੰਗ ਪਾਣੀ ਝਾਰੇ ਦਾ ਹਥੌਲ਼ਾ (ਫਾਂਡਾ) ਪਵਾ ਲੈਣਾ,ਠੀਕ ਹੋ ਜਾਣਾ। ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਸ਼ਾਇਦ ਯਕੀਨ ਸੀ ਪਰ ਅਸਲ ਵਿੱਚ ਇਹ ਪਾਣੀ ਝਾਰਾ ( ਟਾਈਫਾਇਡ) ਕੁੱਝ ਦਿਨ ਲੈ ਕੇ ਆਪਣੇ ਆਪ ਸਰੀਰਕ ਆਰਾਮ ਨਾਲ਼ ਠੀਕ ਹੋ ਜਾਂਦਾ ਹੈ। ਕੀਤਾ ਹਥੌਲਾ ਕੰਮ ਕਰਦਾ ਸੀ ਜਾਂ ਨਹੀਂ ਪਰ ਬੰਦੇ ਦਾ ਆਪਣਾ ਵਿਸ਼ਵਾਸ ਉਸ ਨੂੰ ਠੀਕ ਕਰ ਦਿੰਦਾ ਸੀ ਬੱਲੇ ਬੱਲੇ ਫਾਂਡੇ ਵਾਲ਼ੇ ਕਿਸੇ ਬਾਬੇ ਦੀ ਹੋ ਜਾਂਦੀ। ਇਹੋ ਜਿਹੇ ਛੋਟੇ ਸਾਧ ਬਾਬਿਆਂ ਤੋਂ ਇਲਾਵਾ ਕੁੱਝ ਆਪੇ ਬਣੇ ਵੱਡੇ ਪੱਧਰ ਦੇ ਸਿਆਣੇ ( ਮਾਲਵੇ ਵਿੱਚ ਸਿਆਣਾ ਸ਼ਬਦ ਧਾਗੇ-ਤਵੀਤ ਦੇਣ ਵਾਲ਼ਾ, ਓਪਰੀਆਂ ਸ਼ੈਆਂ ਕੱਢਣ ਵਾਲ਼ੇ ਨੂੰ ਕਿਹਾ ਜਾਂਦਾ ਹੈ) ਵੀ ਹੁੰਦੇ ਹਨ ਜੋ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਅਜਿਹੇ ਜਾਲ਼ ਵਿੱਚ ਫਸਾਉਂਦੇ ਹਨ ਕਿ ਅਗਿਆਨ ਵਸ ਲੋਕ ਇਹ ਹੀ ਸਮਝ ਲੱਗ ਜਾਂਦੇ ਹਨ ਕਿ ਸਾਡੀ ਸਮੱਸਿਆ ਦਾ ਹੱਲ ਇਸੇ ਕੋਲ਼ ਹੈ। ਇਹੋ ਜਿਹੇ ਬਾਬੇ ਦੇ ਚੱਕਰ ਵਿੱਚ ਫਸ ਕੇ ਆਪਣੀ ਆਰਥਿਕ ਲੁੱਟ ਦੀ ਗੱਲ਼ ਮੈਨੂੰ ਮੇਰੇ ਇੱਕ ਰਿਸ਼ਤੇਦਾਰ ਤੋਂ ਸੁਣਨ ਨੂੰ ਮਿਲੀ। ਉਸ ਨੇ ਦੱਸਿਆ ਕਿ ਉਸ ਨੂੰ ਪਾਚਣ ਕਿਰਿਆ ਗੜਬੜਾ ਜਾਣ ਕਰਕੇ ਚੰਗੀ ਤਰ੍ਹਾਂ ਭੁੱਖ ਨਹੀਂ ਲੱਗਦੀ ਸੀ। ਵਧੇਰੇ ਡਾਕਟਰਾਂ ਤੋਂ ਦਵਾ ਦਾਰੂ ਕੀਤੀ ਪਰ ਸਮੱਸਿਆ ਉਵੇਂ ਦੀ ਉਵੇਂ ਬਣੀ ਰਹੀ। ਜਦੋਂ ਕਿਤੇ ਤੋਂ ਅਰਾਮ ਨਾ ਪਿਆ ਤਾਂ ਸਾਡੇ ਰਿਸ਼ਤੇਦਾਰ ਤੇ ਜਾਣਕਾਰ ਲੋਕ ਲੱਗੇ ਆਪਣੀਆਂ ਸਲਾਹਾਂ ਦੇਣ।
"ਐਂ ਕਰੋ ਫਲਾਣੀ ਜਗ੍ਹਾ ਇੱਕ ਸਿਆਣਾ ਐ ਓਪਰੀਆਂ ਸ਼ੈਆਂ ਦਾ ਪੱਕਾ ਇਲਾਜ ਕਰਦੈ ਤੁਸੀਂ ਉਸ ਕੋਲ ਜਾ ਕੇ ਦੇਖੋ।"
ਘਰਦਿਆਂ ਦੇ ਵੀ ਸ਼ਾਇਦ ਗੱਲ਼ ਮਨ ਲੱਗੀ ਪਰ ਮੈਨੂੰ ਇਨ੍ਹਾਂ ਗੱਲਾਂ ਵਿੱਚ ਕੋਈ ਬਹੁਤਾ ਯਕੀਨ ਨਹੀਂ ਸੀ। ਮੇਰੇ ਨਾਂਹ ਨਾਂਹ ਕਰਦਿਆਂ ਧੱਕੇ ਨਾਲ਼ ਘਰਦਿਆਂ ਤੇ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ 'ਤੇ ਇੱਕ ਦੱਸੇ ਗਏ ਥਾਂ ਟਿਕਾਣੇ 'ਤੇ ਕਰਿਆ ਕਰਾਇਆ ਜਾਂ ਖਾਧਾ-ਖਵਾਇਆ ਕੱਢਣ ਵਾਲ਼ੇ ਬਾਬੇ ਕੋਲ ਪਹੁੰਚ ਗਏ। ਉਸ ਨੇ ਆਪਣਾ ਮੰਤਰ ਪੜ੍ਹ ਦੱਸ ਦਿੱਤਾ ਕਿ ਕਿਸੇ ਨੇ ਕੁੱਝ ਖਵਾਇਆ ਹੈ। ਤੁਸੀਂ ਮੰਗਲਵਾਰ ਵਾਲ਼ੇ ਦਿਨ ਆਹ-ਆਹ ਚੀਜ਼ਾਂ ਤੇ ਪੰਜ ਬੋਰਾਂ ਦਾ ਪਾਣੀ, ਸੱਤ ਅਲੱਗ-ਅਲੱਗ ਦਰੱਖਤਾਂ ਦੇ ਪੱਤੇ ਤੇ ਨਾਲ਼ 1100 ਸੌ ਰੁਪਇਆ ਲੈ ਕੇ ਆ ਜਾਇਓ । ਕਹਿੰਦਾ ਅਸੀਂ ਦੱਸੇ ਦਿਨ ਮੁਤਾਬਕ ਸਾਰਾ ਸਾਮਾਨ ਲੈ ਕੇ ਪਹੁੰਚ ਗਏ। ਡੇਰੇ 'ਚ ਸਾਧ ਬਾਬਾ ਆਪਣੇ ਇੱਕ ਕਮਰੇ ਵਿੱਚ ਧੂਣੇ ਦੇ ਕੋਲ਼ ਬੈਠਾ ਸੀ। ਕਮਰੇ ਵਿੱਚ ਬੈਠਣ ਲਈ ਬੋਰੀਆਂ ਵਿਛੀਆਂ ਹੋਈਆਂ ਸਨ। ਅਸੀਂ ਜਾ ਕੇ ਨਮਸਕਾਰ ਕਰਕੇ ਬੈਠ ਗਏ। ਥੋੜ੍ਹੇ ਚਿਰ ਬਾਅਦ ਸ਼ੁਰੂ ਹੋਈ ਖਾਧਾ-ਖਵਾਇਆ ਕੱਢਣ ਦੀ ਪ੍ਰਕਿਰਿਆ। ਇਹ ਸਾਰੀ ਪ੍ਰਕਿਰਿਆ ਦੇ ਆਰੰਭ ਤੋਂ ਪਹਿਲਾਂ ਸਾਧ ਉੱਠ ਕੇ ਨਾਲ਼ ਬਾਹਰ ਪੀਰ ਦੀ ਬਣਾਈ ਹੋਈ ਸਮਾਧ ਵਾਲ਼ੇ ਕਮਰੇ ਵਿੱਚ ਗਿਆ ਤੇ ਥੋੜ੍ਹੀ ਦੇਰ ਬਾਅਦ ਆਪਣੇ ਚੌਕੀ ਵਾਲ਼ੀ ਥਾਂ 'ਤੇ ਆ ਕੇ ਬੈਠ ਗਿਆ। ਲਉ ਜੀ ਸਾਧ ਲੱਗ ਪਿਆ ਉੱਚੀ-ਉੱਚੀ ਮੰਤਰ ਪੜ੍ਹਨ। ਸਾਡੇ ਘਰ ਵਾਲ਼ੇ ਪਹਿਲਾਂ ਤਾਂ ਮੈਨੂੰ ਇੱਥੇ ਲਿਆਏ ਹੁਣ ਲੱਗ ਪਏ ਡਰਨ ਵੀ ਪਤਾ ਨੀਂ ਮੁੰਡੇ ਨੂੰ ਕੀ ਕਰੂਗਾ। ਸਾਧ ਨੇ ਸਾਡੇ ਨਾਲ਼ ਆਏ ਸਾਡੇ ਪ੍ਰਾਹੁਣੇ ਨੂੰ ਕਿਹਾ ਕਿ ਤੂੰ ਇਸ ਕੱਪ ਵੱਲ ਧਿਆਨ ਰੱਖਣੈ ਇਸ ਦੇ ਡਿੱਗਣ 'ਤੇ ਫਟਾਫਟ ਮੈਨੂੰ ਫੜਾਉਣਾ ਹੈ। ਲਉ ਉਹ ਵੀ ਚੁਕੰਨਾ ਹੋ ਗਿਆ ਜਿਵੇਂ ਉਸ ਨੇ ਕਿਹਾ ਉਵੇਂ ਹੀ ਕੀਤਾ। ਮੇਰਾ ਸਿਰ ਮੋਰ ਪੰਖੀ ਹਥੌਲਾ ਕਰਨ ਵਾਲੇ ਝਾੜੂ ਜਿਹੇ ਨਾਲ਼ ਲੱਗੀ ਸੁਆਹ ਨਾਲ਼ ਭਰ ਦਿੱਤਾ। ਕੋਈ ਪੰਦਰਾਂ ਵੀਹ ਮਿੰਟ ਦੇ ਸਮੇਂ ਵਿੱਚ ਸਾਧ ਨੇ ਵੱਡੇ ਵੱਡੇ ਸਰਜਰੀ ਕਰਨ ਵਾਲ਼ੇ ਡਾਕਟਰਾਂ ਨੂੰ ਮਾਤ ਪਾ ਦਿੱਤੀ। ਬਿਨਾਂ ਚੀਰਫਾੜ ਤੋਂ ਸਰੀਰ ਵਿੱਚੋਂ ਕਿਸੇ ਦੀ ਮੰਤਰਿਤ ਕਰਕੇ ਖਵਾਈ ਹੋਈ ਚੀਜ਼ ਕੱਢ ਬਾਹਰ ਮਾਰੀ। ਕੱਢਿਆ ਹੋਇਆ ਇਹ ਹੱਡੀਆਂ ਨੁਮਾ ਚੂਰਾ ਉਸ ਨੇ ਇੱਕ ਕਾਗਜ਼ ਵਿੱਚ ਪਾ ਸਾਨੂੰ ਫੜਾਉਂਦਿਆਂ ਕਿਹਾ, "ਦੇਖੋ ਕਿਸੇ ਦੁਸ਼ਟ ਨੇ ਥੋਡੇ ਮੁੰਡੇ ਨਾਲ਼ ਕੀ ਕੀਤੈ ਇਹ ਖਵਾਇਆ ਸੀ।" ਘਰਦਿਆਂ ਨੂੰ ਸ਼ਾਇਦ ਕੁੱਝ ਸਕੂਨ ਮਿਲਿਆ ਹੋਵੇ ਪਰ ਮੇਰੇ ਮਨ 'ਚ ਇਹ ਗਿਆ ਕਿ ਬਿਨਾਂ ਕੋਈ ਦਰਦ,ਬਿਨਾਂ ਚੀਰ ਫਾੜ ਦੇ ਇਵੇਂ ਕੋਈ ਚੀਜ਼ ਬਾਹਰ ਕਿਵੇਂ ਆ ਗਈ। ਉਸ ਸਮੇਂ ਮੈਂ ਬੋਲ ਤਾਂ ਨਾ ਸਕਿਆ ਪਰ ਮੈਨੂੰ ਲੱਗਿਆ ਕਿ ਸਾਧ ਨੇ ਸਾਨੂੰ ਮੂਰਖ ਬਣਾਇਆ ਹੈ। ਅਸਲ 'ਚ ਬਾਅਦ ਵਿੱਚ ਰਸਾਇਣਾਂ ਬਾਰੇ ਪੜ੍ਹਨ 'ਤੇ ਪਤਾ ਚਲਿਆ ਕਿ ਉਸ ਨੇ ਐਲੁਮੀਨੀਅਮ ਦੇ ਕੱਪ ਨੂੰ ਮਰਕਰੀ ਕਲੋਰਾਈਡ ਕੈਮੀਕਲ ਲਾਇਆ ਹੋਇਆ ਸੀ। ਜਦੋਂ ਇਹ ਐਲੁਮੀਨੀਅਮ ਨਾਲ਼ ਪ੍ਰਤੀਕਿਰਿਆ ਕਰਦਾ ਹੈ ਤਾਂ ਐਲੁਮੀਨੀਅਮ ਅਮਲਗਮ ਬਣ ਜਾਂਦਾ ਹੈ ਜੋ ਸੁਆਹ ਦੇ ਰੂਪ ਵਿੱਚ ਕੱਪ ਤੋਂ ਪਾਪੜੀਆਂ ਬਣ ਕੇ ਲਹਿਣ ਲੱਗਦਾ ਹੈ ਹੋਰ ਕੁੱਝ ਨਹੀਂ। ਇਹੋ ਜਿਹੇ ਪਾਖੰਡੀ ਸਾਧ ਜੋ ਆਮ ਲੋਕਾਂ ਨੂੰ ਬੁੱਧੂ ਬਣਾ ਕੇ ਓਪਰੀਆਂ ਸ਼ੈਆਂ ਦਾ ਸਾਇਆ ਦੂਰ ਕਰਨ ਦੇ ਬਹਾਨੇ ਲੋਕਾਂ ਦੀ ਚੰਗੀ ਆਰਥਿਕ ਲੁੱਟ ਕਰਦੇ ਹਨ। ਅਸਲ ਵਿੱਚ ਅਸੀਂ ਇਨ੍ਹਾਂ ਕਰਨ-ਕਰਾਉਣ ਵਾਲ਼ੇ ਚੱਕਰਾਂ 'ਚੋਂ ਅਜੇ ਵੀ ਨਹੀਂ ਨਿਕਲੇ ਜਿਸ ਦਾ ਫਾਇਦਾ ਇਹੋ ਜਿਹੇ ਵਿਹਲੜ ਸਾਧ ਉਠਾਉਂਦੇ ਰਹਿੰਦੇ ਹਨ।
ਮੇਰੇ ਪੁੱਛਣ 'ਤੇ ਕਿ ਉਸ ਦਾ ਇਹ ਸਰੀਰਕ ਮਰਜ਼ ਕਿਵੇਂ ਠੀਕ ਹੋਇਆ? ਉਸ ਨੇ ਦੱਸਿਆ ਕਿ ਸੰਗਰੂਰ ਸ਼ਹਿਰ 'ਚ ਸਾਡੇ ਅੱਗੇ ਰਿਸ਼ਤੇਦਾਰਾਂ ਦਾ ਜਾਣਕਾਰ ਇੱਕ ਬਹੁਤ ਹੀ ਸੁਲਝਿਆ ਹੋਇਆ, ਤਜਰਬੇਕਾਰ ਵੈਦ ਜਿਸ ਨੂੰ ਉਹ ਸਾਰੇ ਅੰਕਲ ਸ਼ੇਰ ਮੁਹੰਮਦ ਕਹਿੰਦੇ ਸਨ ਜੋ ਹੁਣ ਫੌਤ ਹੋ ਚੁੱਕੇ ਹਨ ,ਉਹ ਨਬਜ਼ ਪੜ੍ਹਨ ਵਿੱਚ ਮਾਹਿਰ ਸੀ ਮੈਨੂੰ ਉਸ ਕੋਲ਼ ਭੇਜਿਆ ਉਸ ਨੇ ਨਬਜ਼ ਦੇਖ ਕੇ ਕਿਹਾ," ਮਿਹਦੇ ਨੂੰ ਥੋੜ੍ਹੀ ਗਰਮਾਇਸ ਦੀ ਲੋੜ ਹੈ ਉਸ ਨੇ ਇੱਕ ਛੋਟਾ ਜਿਹਾ ਨੁਸਖਾ ਦੱਸਿਆ ਮੇਰਾ ਮਰਜ਼ ਅੱਠ-ਦਸ ਦਿਨਾਂ ਵਿੱਚ ਠੀਕ ਹੋ ਗਿਆ।
ਅਸਲ ਵਿੱਚ ਸਰੀਰ ਨੂੰ ਲੋੜ ਦਵਾ-ਦਾਰੂ ਦੀ ਹੁੰਦੀ ਹੈ ਅਗਿਆਨ ਵਸ ਅਸੀਂ ਲੋਕ ਇਸ ਨੂੰ ਓਪਰੀਆਂ ਸ਼ੈਆਂ ਦਾ ਸਾਇਆ ਮੰਨ ਕੇ ਅਜਿਹੇ ਪਾਖੰਡੀ ਸਾਧਾਂ ਦੇ ਚੱਕਰਾਂ ਵਿੱਚ ਫਸ ਕੇ ਆਪਣੇ ਰੋਗ ਨੂੰ ਹੋਰ ਵਧਾ ਲੈਂਦੇ ਹਾਂ ਜੋ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦਾ ਹੈ। ਲੋੜ ਹੈ ਸਾਨੂੰ ਇਹੋ ਜਿਹੀਆਂ ਗੱਲਾਂ ਨੂੰ ਤਰਕ ਨਾਲ਼ ਸੋਚਣ ਦੀ ਤੇ ਇਹੋ ਜਿਹੇ ਚੱਕਰਾਂ ਵਿੱਚ ਫਸੇ ਲੋਕਾਂ ਨੂੰ ਸਮਝਾਉਣ ਦੀ ਤਾਂ ਕਿ ਸਾਡੀ ਮਿਹਨਤ ਦੀ ਕਮਾਈ ਨੂੰ ਕੋਈ ਇਸ ਤਰ੍ਹਾਂ ਸਾਨੂੰ ਮੂਰਖ ਬਣਾ ਕੇ ਸਾਡੇ ਤੋਂ ਲੁੱਟ ਨਾ ਸਕੇ। ਅਸਲ ਵਿੱਚ ਇਹ ਕਰਿਆ ਕਰਾਇਆ ਕੁੱਝ ਨਹੀਂ ਹੁੰਦਾ। ਨਾਲ਼ੇ ਆਦਮੀ ਕੋਲ਼ ਐਡੀ ਕਿਹੜੀ ਅਦ੍ਰਿਸ਼ ਤਾਕਤ ਹੈ ਜੋ ਦੂਰ ਤੋਂ ਹੀ ਦੂਸਰੇ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕੇ। ਮਾਨਸਿਕ ਤੌਰ ਤੇ ਕਮਜ਼ੋਰ ਆਦਮੀ ਹੀ ਇਹੋ ਜਿਹੇ ਵਹਿਮ ਦਾ ਸ਼ਿਕਾਰ ਹੁੰਦਾ ਹੈ ਕਿ ਕਿਸੇ ਨੇ ਉਸ 'ਤੇ ਕੋਈ ਜਾਦੂ-ਟੂਣਾ ਕਰਵਾ ਦਿੱਤਾ ਹੈ। ਜੇਕਰ ਆਦਮੀ ਅੰਦਰੋਂ ਮਜ਼ਬੂਤ ਹੈ ਤਾਂ ਇਸ ਤਰ੍ਹਾਂ ਦੇ ਵਹਿਮ ਉਸ 'ਤੇ ਕੋਈ ਅਸਰ ਨਹੀਂ ਕਰਦੇ। ਵਿਗਿਆਨ ਦੇ ਪਸਾਰੇ ਨਾਲ਼ ਇਹੋ ਜਿਹੇ ਢੋਂਗੀਆਂ ਦੇ ਪਾਜ ਖੁੱਲ੍ਹ ਰਹੇ ਹਨ। ਅੱਜ ਸੋਸ਼ਲ ਮੀਡੀਆ ਦੇ ਰੂਪ ਵਿੱਚ ਸਾਡੇ ਕੋਲ਼ ਇੱਕ ਬਹੁਤ ਵੱਡਾ ਹਥਿਆਰ ਹੈ ਇਸ ਦੇ ਮਾਧਿਅਮ ਨਾਲ਼ ਅਸੀਂ ਇਨ੍ਹਾਂ ਮਾੜੀ ਸੋਚ ਵਾਲਿਆਂ ਤੋਂ ਜਨ ਸਾਧਾਰਨ ਨੂੰ ਚੌਕਸ ਤੇ ਜਾਗਰੂਕ ਕਰਕੇ ਉਨ੍ਹਾਂ ਦਾ ਸਮਾਂ ਤੇ ਧਨ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ।