Janam-Din Di Sugaat (Punjabi Story) : Navtej Singh

ਜਨਮ-ਦਿਨ ਦੀ ਸੁਗਾਤ (ਕਹਾਣੀ) : ਨਵਤੇਜ ਸਿੰਘ

ਚਾਨਣੀ ਦੇ ਬੂਟੇ ਥੱਲੇ ਇਕੱਲੀ ਮੰਜੀ ਉੱਤੇ ਸੁਦੀਪ ਸੋਚਦਾ ਰਿਹਾ:

ਪਵੇਲ ਤੇ ਰੀਮਾ…

ਜਨਮ-ਦਿਨ ਦੀ ਸੁਗਾਤ...

ਚੈੱਕ ਕੱਟ-ਗਲਾਸ ਦੀ ਤਸ਼ਤਰੀ ਵਿਚ ਪੀਲੀ ਜਹੀ ਚਾਬੀ…

ਦਿੱਲੀ ਵਿਚ ਰਹਿੰਦਾ ਇਕ ਰੂਸੀ ਪੱਤਰਕਾਰ, ਪਵੇਲ, ਸੁਦੀਪ ਦਾ ਬੜਾ ਦੋਸਤ ਸੀ। ਜਦੋਂ ਵੀ ਸੁਦੀਪ ਦਿੱਲੀ ਆਉਂਦਾ, ਪਵੇਲ ਇਕ ਵਾਰ ਉਹਨੂੰ ਆਪਣੇ ਘਰ ਜ਼ਰੂਰ ਖੜਦਾ, “ਇਕੱਠੇ ਬਹਿਣ ਰਲ ਗੱਲਾਂ ਕਰਨ, ਤੇ ਘੁੱਟ ਦੋ ਘੁੱਟ ਪੀਣ ਲਈ।”

ਹੁਣ ਪਵੇਲ ਆਪਣੀ ਕਾਰ ਵਿਚ ਸੁਦੀਪ ਨੂੰ ਏਥੇ ਛੱਡ ਗਿਆ ਸੀ। ਜਾਣ ਵੇਲੇ ਉਹਨੇ ਫੇਰ ਕਿਹਾ ਸੀ: “ਦੀਪ, ਮੇਰਾ ਭੇਤ ਸਾਂਭ ਕੇ ਰਖੀਂ, ਘੱਟੋ ਘੱਟ ਪਰਸੋਂ ਤੱਕ!”

ਅੱਜ ਸ਼ਾਮ ਨੂੰ ਜਦੋਂ ਸੁਦੀਪ, ਪਵੇਲ ਦੇ ਘਰ ਗਿਆ, ਤਾਂ ਉਹਦੇ ਨਿਰ-ਪਤਨੀ ਘਰ ਦੀ ਉਹੀ ਪੁਰਾਣੀ ਨੁਹਾਰ ਦਿਸੀ ਸੀ, ਉਸੇ ਤਰ੍ਹਾਂ ਪੀਣ ਨੂੰ ਬੜਾ ਕੁਝ ਤੇ ਖਾਣ ਨੂੰ ਲਗਭਗ ਕੁਝ ਵੀ ਨਾ।

ਤਿੰਨ ਕੁ ਵਾਰ ਗਲਾਸ ਭਰੇ, ਖ਼ਾਲੀ ਹੋਏ, ਤੇ ਪਵੇਲ ਨੇ ਕਿਹਾ ਸੀ, “ਦੀਪ, ਤੂੰ ਮੇਰਾ ਜਿਗਰੀ ਦੋਸਤ ਏਂ। ਮੈਂ ਤੈਨੂੰ ਅੱਜ ਇਕ ਭੇਤ ਵਿਚ ਭਿਆਲ ਬਣਾ ਰਿਹਾਂ, ਕਿਸੇ ਨੂੰ ਭਿਣਕ ਨਾ ਪਏ—ਘੱਟੋ ਘਟ ਪਰਸੋਂ ਤੱਕ।”

ਤੇ ਫੇਰ ਪਵੇਲ ਅੱਧ-ਜੱਫੀ ਵਿਚ ਸੁਦੀਪ ਨੂੰ ਆਪਣੇ ਦੂਜੇ ਕਮਰੇ ਵਿਚ ਲੈ ਗਿਆ।

ਪਿਛਲੀ ਵਾਰੀ ਜਦੋਂ ਸੁਦੀਪ ਉਹਦੇ ਘਰ ਆਇਆ ਸੀ, ਤਾਂ ਇਹ ਕਮਰਾ ਕਾਗ਼ਜ਼ਾਂ, ਪੁਰਾਣੀਆਂ ਅਖ਼ਬਾਰਾਂ, ਪੈਂਫ਼ਲਿਟਾਂ ਤੇ ਕਿਤਾਬਾਂ ਦੇ ਉਧੜ-ਗੁਧੜੇ ਢੇਰਾਂ ਨਾਲ ਅੱਟਿਆ ਪਿਆ ਸੀ—ਬਿਲਕੁਲ ਇਕ ਪੱਤ੍ਰਕਾਰ ਦਾ ਕਮਰਾ। ਹੁਣ ਤਾਂ ਏਸ ਕਮਰੇ ਦੀ ਜੂਨ ਹੀ ਬਦਲ ਗਈ ਸੀ—ਸੱਜੇ ਪਾਸੇ ਇਕ ਰੇਡੀਓਗਰਾਮ, ਖੱਬੇ ਪਾਸੇ ਵੱਡਾ ਸਾਰਾ ਕਸ਼ਮੀਰੀ ਲੈਂਪ, ਵਿਚਕਾਰ ਨਵਾਂ ਸੋਫ਼ਾ ਸੈੱਟ, ਕੋਲ ਹੀ ਸ਼ੀਸ਼ੇ ਦੀ ਇਕ ਨਵੇਂ ਢੰਗ ਦੀ ਮੇਜ਼, ਕੰਧਾਂ ਉੱਤੇ ਹਿੰਦੁਸਤਾਨੀ ਚਿਤ੍ਰਕਲਾ ਦੀਆਂ ਦੋ ਬੜੀਆਂ ਸੁਹਣੀਆਂ ਵੰਨਗੀਆਂ, ਇਕ ਪਾਸੇ ਵੱਡਾ ਸਾਰਾ ਨਵਾਂ ਕਲੀਨ, ਕੰਧ ਵਿਚ ਜੜੀ ਅਲਮਾਰੀ ਵਿਚ ਤਰਤੀਬ ਨਾਲ ਚਿਣੀਆਂ ਕਿਤਾਬਾਂ।

ਪਰ ਪਵੇਲ ਦਾ ਭੇਤ ਕਿੱਥੇ ਸੀ?

ਪਵੇਲ ਨੇ ਕਿਤਾਬਾਂ ਵਾਲੀ ਅਲਮਾਰੀ ਵਿਚੋਂ ਇਕ ਬੜੀ ਵੱਡੀ ਕਿਤਾਬ ਕੱਢੀ। ਜਦੋਂ ਉਹ ਇਹਨੂੰ ਨੇੜੇ ਲਿਆਇਆ ਤਾਂ ਪਤਾ ਲੱਗਾ ਕਿ ਇਹ ਕਿਤਾਬ ਦੀ ਸ਼ਕਲ ਵਿਚ ਬਣਿਆ ਧਾਤ ਦਾ ਖੋਲ ਸੀ। ਉੱਪਰ ਸੁਨਹਿਰੀ ਛਪਿਆ ਸੀ: ‘ਸਪਿਰਿਟ ਆਫ਼ ਸਕਾਟਲੈਂਡ, ਵਾਲਯੂਮ-1’। ਇਹਦੇ ਪਿਛਲੇ ਪਾਸੇ ਇਕ ਪੇਚਦਾਰ ਢੱਕਣ ਸੀ।

ਪਵੇਲ ਦੂਜੇ ਕਮਰੇ ਵਿਚੋਂ ਦੋ ਗਲਾਸ ਲੈ ਆਇਆ। ਉਹਨੇ ਵੱਡੇ ਸਾਰੇ ਨਵੇਂ ਕਸ਼ਮੀਰੀ ਲੈਂਪ ਵਿਚ ਤਾਰ ਜੋੜੀ, ਤੇ ਪੁਰਾਣੀਆਂ ਲੱਗੀਆਂ ਸਭ ਬੱਤੀਆਂ ਬੁਝਾ ਕੇ ਨਵੇਂ ਲੈਂਪ ਦਾ ਚਾਨਣ ਕਰ ਲਿਆ। ਫੇਰ ਰੇਡੀਓਗਰਾਮ ਉੱਤੇ ਸਾਜ਼-ਸੰਗੀਤ ਦਾ ਰੀਕਾਰਡ ਲਾਇਆ, “ਚਾਇਕੋਵਸਕੀ—ਮੇਰੀ ਪਤਨੀ ਰੀਮਾ ਦਾ ਪਿਆਰਾ ਸੰਗੀਤ।” ਤੇ ਉਹਨੇ ‘ਸਪਿਰਿਟ ਆਫ਼ ਸਕਾਟਲੈਂਡ, ਵਾਲਯੂਮ-1’ ਦਾ ਪੇਚਦਾਰ ਢੱਕਣ ਖੋਲ੍ਹ ਕੇ ਦੋਵੇਂ ਗਲਾਸ ਭਰ ਦਿੱਤੇ।

ਗਲਾਸ ਸ਼ਾਇਦ ਪਹਿਲਾਂ ਹੀ ਥੱਲਿਓਂ ਗਿੱਲੇ ਸਨ, ਸ਼ੀਸ਼ੇ ਦੇ ਨਵੇਂ ਮੇਜ਼ ਉੱਤੇ ਨਿਸ਼ਾਨ ਪੈ ਗਏ। ਪਵੇਲ ਨੇ ਆਪਣਾ ਰੁਮਾਲ ਕੱਢ ਕੇ ਇਹ ਦਾਗ਼ ਬੜੀ ਇਹਤਿਆਤ ਨਾਲ ਸਾਫ਼ ਕੀਤੇ। ਪਵੇਲ ਤੇ ਸੋਫ਼ੀ ਹੁੰਦਿਆਂ ਵੀ ਕਦੇ ਏਨੀ ਇਹਤਿਆਤ ਨਹੀਂ ਸੀ ਵਰਤਦਾ ਹੁੰਦਾ, ਪਰ ਤਿੰਨ-ਚਾਰ ਗਲਾਸਾਂ ਪਿੱਛੋਂ ਉਸ ਕੋਲੋਂ ਅਜਿਹੀ ਇਹਤਿਆਤ ਤਾਂ ਸੁਦੀਪ ਨੂੰ ਹੋਰ ਵੀ ਓਪਰੀ ਲੱਗੀ। ਇੰਜ ਜਾਪਦਾ ਸੀ ਜਿਵੇਂ ਅੱਜ ਪਵੇਲ ਆਪਣੇ ਕਮਰੇ ਵਿਚ ਨਹੀਂ, ਕਿਸੇ ਮੰਦਰ ਵਿਚ ਸੀ।

ਪਵੇਲ ਨੇ ਇਕ ਗਲਾਸ ਸੁਦੀਪ ਨੂੰ ਦਿੱਤਾ, ਤੇ ਆਪਣਾ ਗਲਾਸ ਪੋਲੇ ਜਿਹੇ ਉਹਦੇ ਗਲਾਸ ਨਾਲ ਛੁਹਾ ਕੇ ਕਿਹਾ, “ਰੀਮਾ ਦੇ ਨਾਂ !... …”

“ਮੇਰੀ ਰੀਮਾ ਪਰਸੋਂ ਮਾਸਕੋ ਤੋਂ ਆ ਰਹੀ ਏ। ਜਦੋਂ ਉਹ ਗਈ ਸੀ—ਤੈਨੂੰ ਪਤਾ ਹੀ ਏ, ਓਦੋਂ ਇਹ ਕਮਰਾ ਕਿਹੋ ਜਿਹਾ ਸੀ। ਇਹ ਸਭ ਕੁਝ ਉਹਦੇ ਲਈ ਇਕ ਅਚੰਭਾ ਹੋਏਗਾ। ਮੈਂ ਤਿੰਨ ਤਨਖ਼ਾਹਾਂ ਇਸ ਉੱਤੇ ਖ਼ਰਚ ਦਿੱਤੀਆਂ ਨੇ।”

ਇਕੋ ਡੀਕੇ ਅਖ਼ੀਰ ਤੱਕ ਮੁਕਾ ਕੇ ਦੋਵਾਂ ਨੇ ਗਲਾਸ ਥੱਲੇ ਰੱਖੇ।

“ਪਰਸੋਂ ਰੀਮਾ ਆ ਰਹੀ ਏ, ਤੇ ਪਰਸੋਂ ਹੀ ਉਹਦਾ ਜਨਮ-ਦਿਨ ਏ। ਜਦੋਂ ਉਹ ਏਥੇ ਪੁੱਜੇਗੀ, ਬਾਹਰ ਪੋਰਚ ਵਿਚ ਹੀ ਉਹਨੂੰ ਮੈਂ ਘਰ ਦੀ ਚਾਬੀ ਫੜਾ ਦਿਆਂਗਾ, ਤੇ ਮੂੰਹ ਚੁੱਕ ਕੇ ਕਹਾਂਗਾ, ‘ਏਸ ਸ਼ੁਭ-ਦਿਨ ਦੀ ਸੁਗਾਤ।’ ਮੈਂ ਆਪ ਬਾਹਰ ਖਲੋਤਾ ਰਹਾਂਗਾ। ਰੀਮਾ ਅੰਦਰ ਜਾ ਕੇ ਹੈਰਾਨ ਹੁੰਦੀ ਜਾਏਗੀ, ਤੇ ਫੇਰ ਮੈਨੂੰ ਵਾਜ ਮਾਰੇਗੀ, ਤੇ ਉਹਦੀਆਂ ਅੱਡੀਆਂ ਬਾਹਾਂ… …”

ਪਵੇਲ ਨੂੰ ਵਿਚੋਂ ਹੀ ਜਿਵੇਂ ਕੁਝ ਯਾਦ ਆ ਗਿਆ। ਉਹ ਗੋਲ ਹੋਏ ਨਵੇਂ ਕਲੀਨ ਨੂੰ ਖੋਲ੍ਹਣ ਲੱਗ ਪਿਆ। ਕਲੀਨ ਤੋਂ ਵਿਹਲਿਆਂ ਹੋ ਕੇ ਉਹਨੇ ਆਪਣੇ ਬੋਝੇ ਵਿਚੋਂ ਇਕ ਪੀਲੀ ਜਹੀ ਚਾਬੀ ਕੱਢੀ।

“ਯਾਰ ਮੇਰੇ, ਪਰਸੋਂ ਤੱਕ ਮੇਰਾ ਇਹ ਭੇਤ ਸਾਂਭ ਰੱਖੀਂ। ਪਰਸੋਂ ਰੀਮਾ ਆ ਰਹੀ ਏ, ਤੇ ਪਰਸੋਂ ਹੀ ਉਹਦਾ ਜਨਮ-ਦਿਨ ਏਂ..!”

ਪਵੇਲ ਨੇ ਉਹ ਚਾਬੀ ਚੈੱਕ ਕੱਟ-ਗਲਾਸ ਦੀ ਤਸ਼ਤਰੀ ਵਿਚ ਪਾ ਕੇ ਅਲਮਾਰੀ ਵਿਚ ਰੱਖ ਦਿੱਤੀ।

“...ਜਨਮ-ਦਿਨ ਦੀ ਸੁਗਾਤ…”

ਹੁਣੇ ਜਦੋਂ ਪਵੇਲ ਛੱਡਣ ਆਇਆ ਸੀ, ਭੇਤ ਸਾਂਭਣ ਦੀ ਤਾਕੀਦ ਕਰਦਿਆਂ ਉਹਨੇ ਰੂਸੀ ਢੰਗ ਨਾਲ ਸੁਦੀਪ ਨੂੰ ਤਿੰਨ ਵਾਰ ਚੁੰਮਿਆ ਸੀ, ਓਦੋਂ ਪਵੇਲ ਕੋਲੋਂ ਸ਼ਰਾਬ ਦੀ ਨਹੀਂ, ਕਿਸੇ ਅਨੰਤ ਖ਼ੁਸ਼ੀ ਦੀ ਖ਼ੁਸ਼ਬੋ ਆ ਰਹੀ ਸੀ।

ਸੁਦੀਪ ਦੀ ਇਕੱਲੀ ਮੰਜੀ ਉੱਤੇ ਚਾਨਣੀ ਦੇ ਬੂਟੇ ਉੱਤੋਂ ਦੋ ਫੁੱਲ ਡਿੱਗੇ। ਅਜਿਹੇ ਦੋ ਫੁੱਲ, ਇਕ ਵਾਰ ਪਹਿਲਾਂ ਵੀ ਸੁਦੀਪ ਦੀ ਮੰਜੀ ਉੱਤੇ ਡਿੱਗੇ ਸਨ...

ਵਾੜ ਤੋਂ ਪਾਰ, ਨਾਲ ਦੇ ਘਰ ਵਾਲਿਆਂ ਦੇ ਬਗ਼ੀਚੇ ਵਿਚ ਸ਼ੁਸ਼ਕ-ਸ਼ੁਸ਼ਕ ਹੋ ਰਹੀ ਸੀ। ਸ਼ਾਇਦ ਕੋਈ ਆਵਾਰਾ ਸੰਢਾ ਅੰਦਰ ਆ ਵੜਿਆ ਹੋਵੇ।

ਇਕ ਜ਼ਮਾਨਾ ਹੋਇਆ, ਅਜਿਹੇ ਹੀ ਦੋ ਫੁੱਲ... ਪਰ ਉਦੋਂ ਸੁਦੀਪ ਇਕੱਲਾ ਨਹੀਂ ਸੀ, ਓਦੋਂ ਸੁਦੀਪ ਦੇ ਨਾਲ ਕਾਂਤੀ ਸੀ—ਕਾਂਤੀ, ਜਿਹੜੀ ਸੁਦੀਪ ਦੀ ‘ਰੀਮਾ’ ਬਣ ਸਕਦੀ ਸੀ...

ਇਮਤਿਹਾਨਾਂ ਪਿੱਛੋਂ ਦੀਆਂ ਛੁੱਟੀਆਂ ਵਿਚ ਕਾਂਤੀ ਕੁਝ ਦਿਨਾਂ ਲਈ ਸੁਦੀਪ ਦੇ ਘਰ ਆਈ ਹੋਈ ਸੀ। ਸੁਦੀਪ ਤੇ ਕਾਂਤੀ ਰਾਤ ਨੂੰ ਸੈਰ ਕਰ ਕੇ ਰਤਾ ਚਿਰਕੇ ਘਰ ਪਰਤੇ ਸਨ। ਰਾਹ ਵਿਚ ਸੁਦੀਪ ਨੇ ਕਾਂਤੀ ਦੀ ਪਸੰਦ ਦਾ ਉਚੇਚਾ ਪਾਨ ਲੁਆਇਆ ਸੀ। ਪਨਵਾੜੀ ਨੇ ਖ਼ੁਸ਼ਬੂ ਵਾਲੀ ਕਾਂਸੀ ਦੀ ਕਟੋਰੀ ਵਿਚ ਪਾਨ ਡੋਬ ਕੇ ਟੱਨ ਕੀਤੀ ਸੀ, ਤਾਂ ਕਾਂਤੀ ਨੇ ਬਾਲਾਂ ਵਾਂਗ ਕਿਹਾ ਸੀ, “ਇਕ ਵਾਰ ਫੇਰ ਟੱਨ।”

ਤੇ ਇਹ ਟੱਨ ਅੱਜ ਇੱਕ ਜ਼ਮਾਨੇ ਪਿੱਛੋਂ ਵੀ ਸੁਦੀਪ ਨੂੰ ਓਵੇਂ ਸੁਣਾਈ ਦਿੱਤੀ।

ਓਸ ਰਾਤ ਵੀ ਸੁਦੀਪ ਦਾ ਮੰਜਾ ਬਾਹਰ ਬਗ਼ੀਚੇ ਵਿਚ ਹੀ ਸੀ—ਚਾਨਣੀ ਦੇ ਅਜਿਹੇ ਬੂਟੇ ਥੱਲੇ। ਕਾਂਤੀ ਨੇ ਅੰਦਰ ਵਿਹੜੇ ਵਿਚ ਸੁਦੀਪ ਦੀਆਂ ਭੈਣਾਂ ਕੋਲ ਸੌਣਾ ਸੀ। ਸੁਦੀਪ ਨੇ ਕਾਂਤੀ ਨੂੰ ਕੁਝ ਚਿਰ ਬਗ਼ੀਚੇ ਵਿਚ ਅਟਕਾ ਲਿਆ ਤੇ ਉਹਨੂੰ ਉਹ ਉਚੇਚਾ ਪਾਨ ਦਿੱਤਾ ਸੀ।

“ਤੁਸੀਂ ਇਹ ਪਾਨ ਮੈਨੂੰ ਇੰਜ ਦੇ ਰਹੇ ਹੋ, ਜਿਵੇਂ ਇਹ ਕੋਈ ਫੁੱਲ ਹੋਵੇ!”

“ਤੇ ਫੁੱਲ ਹੀ ਤਾਂ ਹੈ ਇਹ। ਕਾਂਤੀ…ਕਾਂਤੀ…।”

ਤੇ ਦੋਵਾਂ ਦੇ ਬੁੱਲ੍ਹਾਂ ਵਿਚ ਇਕੋ ਪਾਨ ਦਾ ਸੁਆਦ ਘੁਲਦਾ ਗਿਆ…ਖ਼ੁਸ਼ਬੂ ਵਾਲੀ ਕਾਂਸੀ ਦੀ ਕਟੋਰੀ ਜਿਵੇਂ ਉਹਨਾਂ ਦੇ ਕੋਲ ਲਗਾਤਾਰ ਸੁਖਾਵੀਂ ਟੱਨ-ਟੱਨ ਕਰਦੀ ਜਾ ਰਹੀ ਸੀ...ਤੇ ਪਾਨ ਹੀ ਨਹੀਂ ਸੀ ਇਹ, ਬੁੱਲ੍ਹ ਹੀ ਨਹੀਂ ਸਨ ਇਹ, ਅਨੰਤ ਖ਼ੁਸ਼ੀ ਦੀ ਖ਼ੁਸ਼ਬੋ ਹੁਲ ਰਹੀ ਸੀ। ਏਸ ਬਿੰਦ ਚਾਨਣੀ ਦੇ ਬੂਟੇ ਉੱਤੋਂ ਸੁਦੀਪ ਤੇ ਕਾਂਤੀ ਕੋਲ ਦੋ ਫੁੱਲ ਡਿੱਗੇ ਸਨ…

ਵਾੜ ਤੋਂ ਪਾਰ ਹੁਣ ਸ਼ੁਸ਼ਕ-ਸ਼ੁਸ਼ਕ ਵਧਦੀ ਜਾ ਰਹੀ ਸੀ। ਕੀ ਇਹ ਆਵਾਰਾ ਸੰਢਾ ਵਾੜ ਵੀ ਟੱਪ ਆਏਗਾ? ਕੀ ਉਹ ਏਸ ਚਾਨਣੀ ਦੇ ਬੂਟੇ ਨੂੰ ਵੀ ਮੂੰਹ ਮਾਰ ਦਏਗਾ?

ਇਕ ਜ਼ਮਾਨਾ ਹੋਇਆ...ਇਕ ਸੈਲਾਨੀ ਟੋਲੀ ਨਾਲ ਸੁਦੀਪ ਤੇ ਕਾਂਤੀ ਦੱਖਣੀ ਭਾਰਤ ਦੀ ਯਾਤਰਾ ਕਰਨ ਗਏ ਸਨ।

ਰਾਤ ਸੀ। ਉਹ ਦੋਵੇਂ ਗੱਡੀ ਵਿਚ ਬਾਰੀ ਕੋਲ ਬੈਠੇ ਸਨ। ਗੱਡੀ ਕਿਸੇ ਦਰਿਆ ਉਤੋਂ ਲੰਘ ਰਹੀ ਸੀ।

“ਇਹ ਕਿਹੜਾ ਦਰਿਆ ਏ, ਦੀਪ?”

“ਮੈਂ ਤੇ ਇਕੋ ਦਰਿਆ ਤੋਂ ਜਾਣੂ ਹਾਂ, ਜਿਹੜਾ ਸਮੁੰਦਰਾਂ ਤੋਂ ਵੀ ਡੂੰਘਾ ਹੁੰਦਾ ਕਾਂਤੀ !”

ਕਾਂਤੀ ਨੇ ਏਸ ਬਿੰਦ ਜਿਵੇਂ ਸੁਦੀਪ ਵੱਲ ਤਕਿਆ ਸੀ....ਦਰਿਆ ਦੇ ਕੰਢੇ ਸੁਪਾਰੀਆਂ ਦੇ ਰੁੱਖ ਮਨੁੱਖ ਦੀਆਂ ਸੱਧਰਾਂ ਵਾਂਗ ਅੰਬਰ ਵੱਲ ਉੱਠ ਰਹੇ ਸਨ...ਓਸ ਤਰ੍ਹਾਂ ਦੀ ਸਰਸ਼ਾਰ ਕਰਦੀ ਨਜ਼ਰ ਫੇਰ ਇਸ ਜ਼ਿੰਦਗੀ ਵਿਚ ਉਹਨੂੰ ਨਹੀਂ ਸੀ ਲੱਭੀ।

ਕਾਂਤੀ ਹੁਣ ਭਾਵੇਂ ਦਿੱਲੀ ਵਿਚ ਹੀ ਰਹਿੰਦੀ ਸੀ, ਸੁਦੀਪ ਹੁਣ ਭਾਵੇਂ ਸਾਲ ਵਿਚ ਤਿੰਨ-ਚਾਰ ਵਾਰ ਦਿੱਲੀ ਆਪਣੇ ਕੰਮਾਂ ਲਈ ਆਉਂਦਾ ਸੀ, ਸੁਦੀਪ ਨੂੰ ਕਾਂਤੀ ਦੇ ਪਤੀ ਦਾ ਨਾਂ ਵੀ ਚੇਤੇ ਸੀ, ਉਹ ਸੈਕਰੇਟੇਰੀਏਟ ਵਿਚ ਵੱਡਾ ਅਫ਼ਸਰ ਸੀ, ਇਕ ਵਾਰ ‘ਗੇਲਾਰਡ’ ਵਿਚ ਅਚਾਨਕ ਮਿਲ ਪੈਣ ਉੱਤੇ ਕਾਂਤੀ ਨੇ ਉਹਨੂੰ ਆਪਣੇ ਘਰ ਆਉਣ ਲਈ ਕਿਹਾ ਵੀ ਸੀ—ਪਰ ਉਹ ਸਰਸ਼ਾਰ ਕਰਦੀ ਨਜ਼ਰ ਜ਼ਿੰਦਗੀ ਦੇ ਥਲ ਵਿਚ ਕਿੱਥੇ ਗੁਆਚ ਗਈ ਸੀ।

ਵਾੜ ਤੋਂ ਪਾਰ ਸ਼ੁਸ਼ਕ-ਸ਼ੁਸ਼ਕ ਹੋਰ ਵਧ ਗਈ, ਪਰ ਪਤਾ ਨਹੀਂ ਸ਼ਰਾਬ ਸੀ ਕਿ ਪਾਨ, ਚਾਨਣੀ ਦੇ ਦੋ ਫੁੱਲ ਸਨ ਕਿ ਸਮੁੰਦਰਾਂ ਤੋਂ ਡੂੰਘਾ ਕੋਈ ਦਰਿਆ—ਸੁਦੀਪ ਕੋਲੋਂ ਉੱਠਿਆ ਨਾ ਗਿਆ।

ਵਾੜ ਤੋਂ ਪਾਰ, ਆਵਾਰਾ ਸੰਢਾ ਸ਼ਾਇਦ ਸਾਰੀ ਰਾਤ ਚਰਦਾ ਰਿਹਾ।

ਸਵੇਰ ਹੋ ਗਈ।

ਕਿਸੇ ਨੇ ਸੁਦੀਪ ਨੂੰ ਨਾ ਜਗਾਇਆ। ਉਹਨੂੰ ਯਾਦ ਆਇਆ ਕਿ ਦਿੱਲੀ ਜਿਸ ਦੋਸਤ ਦੇ ਘਰ ਉਹ ਠਹਿਰਿਆ ਹੋਇਆ ਸੀ, ਉਹ ਦੋ ਛੁੱਟੀਆਂ ਇਕੱਠੀਆਂ ਹੋਣ ਕਰਕੇ ਵਹੁਟੀ ਸਣੇ ਆਪਣੇ ਮਾਪਿਆਂ ਨੂੰ ਮਿਲਣ ਗ਼ਾਜ਼ੀਆਬਾਦ ਚਲਾ ਗਿਆ ਸੀ।

ਇਕੱਲਿਆਂ ਹੋਣ ਕਰ ਕੇ ਸੁਦੀਪ ਕੁਝ ਚਿਰ ਹੋਰ ਲੇਟਿਆ ਰਿਹਾ।

ਚਾਨਣੀ ਤੋਂ ਡਿੱਗੇ ਦੋ ਫੁੱਲ ਸੁਦੀਪ ਦੀ ਮੰਜੀ ਉੱਤੇ ਹੁਣ ਤੱਕ ਅਡੋਲ ਪਏ ਸਨ। ਉਹਨੂੰ ਜਾਪਿਆ, ਇਹ ਦੋ ਫੁੱਲ ਯਾਦ ਦੀ ਗੱਲ੍ਹ ਉੱਤੇ ਅਟਕ ਗਏ ਦੋ ਅੱਥਰੂ ਸਨ।

ਉਹਨੇ ਘੜੀ ਤੱਕੀ। ਘੜੀ ਖੜੋਤੀ ਹੋਈ ਸੀ। ਰਾਤੀਂ ਉਹ ਚਾਬੀ ਦੇਣੀ ਭੁੱਲ ਗਿਆ ਸੀ।

ਵਾੜ ਤੋਂ ਪਾਰ, ਉਹਨੇ ਝਾਤ ਮਾਰੀ, ਆਵਾਰਾ ਸੰਢੇ ਦੀ ਕਾਰਵਾਈ ਦਾ ਓਥੇ ਕੋਈ ਨਿਸ਼ਾਨ ਨਹੀਂ ਸੀ।

ਸੁਦੀਪ ਉੱਠ ਕੇ ਅੰਦਰ ਗਿਆ। ਵਕਤ ਦਾ ਅੰਦਾਜ਼ਾ ਲਾਣ ਲਈ ਉਹਨੇ ਰੇਡੀਓ ਲਾਇਆ।

ਰੇਡੀਓ ਬੋਲ ਰਿਹਾ ਸੀ—‘ਆਜ ਸੋਮਵਾਰ ਹੈ, ...ਸਿਤੰਬਰ ਕੀ ਉਨੀਸ ਤਾਰੀਖ਼…’

ਸੁਦੀਪ ਨੇ ਰੇਡੀਓ ਬੰਦ ਕਰ ਦਿੱਤਾ।

19 ਸਤੰਬਰ...

ਅੱਜ ਤਾਂ ਸੁਦੀਪ ਦਾ ਜਨਮ-ਦਿਨ ਸੀ! ਕਿੰਨੇ ਹੀ ਵਰ੍ਹਿਆਂ ਤੋਂ ਉਹਦਾ ਜਨਮ-ਦਿਨ ਇੰਜ ਹੀ ਭੁੱਲਿਆ ਵਿਸਰਿਆ ਲੰਘ ਜਾਂਦਾ ਸੀ। ਹੁਣ ਕਦੇ ਕੋਈ ਉਹਨੂੰ ਏਸ ਦਿਨ ਦੀ ਸੁਗਾਤ ਨਹੀਂ ਸੀ ਘੱਲਦਾ, ਕੋਈ ਉਚੇਚੀ ਚਿੱਠੀ ਤੱਕ ਵੀ ਨਹੀਂ ਸੀ ਪਾਂਦਾ। ਕਦੇ ਕਦਾਈਂ ਕੋਈ ਫ਼ਾਰਮ ਭਰਦਿਆਂ, ਜਾਂ ਆਪਣਾ ਪਾਸਪੋਰਟ ਵੇਖਦਿਆਂ ਉਹਨੂੰ ਏਸ ਤਰੀਕ ਦਾ ਖ਼ਿਆਲ ਆ ਜਾਂਦਾ ਸੀ—ਤੇ ਬੱਸ।

ਰਾਤ ਨੂੰ ਪਵੇਲ ਆਪਣੀ ਰੀਮਾ ਦੇ ਜਨਮ-ਦਿਨ ਦਾ ਕਿੰਨੀ ਤਾਂਘ ਨਾਲ ਜ਼ਿਕਰ ਕਰਦਾ ਰਿਹਾ ਸੀ, ਤੇ ਓਦੋਂ ਵੀ ਸੁਦੀਪ ਨੂੰ ਆਪਣਾ ਜਨਮ-ਦਿਨ ਚੇਤੇ ਨਹੀਂ ਸੀ ਆਇਆ।

ਸੁਦੀਪ ਦਾ ਅੱਜ ਜਨਮ-ਦਿਨ ਸੀ, ਤੇ ਉਹ ਇਕੱਲਾ ਸੀ। ਦਿੱਲੀ ਉਹਦੇ ਦੋ ਹੀ ਦੋਸਤ ਸਨ—ਇਕ ਆਪਣੀ ‘ਰੀਮਾ’ ਸਣੇ ਗ਼ਾਜ਼ੀਆਬਾਦ ਗਿਆ ਹੋਇਆ ਸੀ, ਤੇ ਇਕ ਜਿਦ੍ਹੀ ਰੀਮਾ ਨੇ ਕੱਲ੍ਹ ਮਾਸਕੋ ਤੋਂ ਆਉਣਾ ਸੀ।

ਸੁਦੀਪ ਫ਼ੋਨ ਕੋਲ ਗਿਆ, ਤੇ ਉਹਨੇ ਪਵੇਲ ਦਾ ਨੰਬਰ ਘੁਮਾਇਆ। ਟੱਲੀ ਬੜੀ ਦੇਰ ਵੱਜਦੀ ਰਹੀ। ਸ਼ਾਇਦ ਪਵੇਲ ਹੁਣ ਤੱਕ ਸੁੱਤਾ ਹੋਇਆ ਸੀ, ਜਾਂ ਕਿਤੇ ਰੀਮਾ ਦੇ ਜਨਮ-ਦਿਨ ਲਈ ਹੋਰ ਕੁਝ ਲੈਣ ਚਲਿਆ ਗਿਆ ਸੀ। ਟੈਲੀਫ਼ੋਨ ਕੋਈ ਨਹੀਂ ਸੀ ਚੁੱਕ ਰਿਹਾ।

ਕਾਂਤੀ, ਜਿਹੜੀ ਸੁਦੀਪ ਦੀ ‘ਰੀਮਾ’ ਬਣ ਸਕਦੀ ਸੀ, ਉਹ ਵੀ ਤਾਂ ਦਿੱਲੀ ਹੀ ਰਹਿੰਦੀ ਸੀ, ਤੇ ਸੁਦੀਪ ਅਚੇਤ ਹੀ ਟੈਲੀਫ਼ੋਨ ਡਾਇਰੈਕਟਰੀ ਫੋਲਣ ਲੱਗ ਪਿਆ।

ਕਾਂਤੀ ਦੇ ਪਤੀ ਦਾ ਨਾਂ...

ਉਹਦੇ ਦਫ਼ਤਰ ਦਾ ਨੰਬਰ...

ਉਹਦੇ ਘਰ ਦਾ ਨੰਬਰ…

ਸੁਦੀਪ ਕੋਲੋਂ ਇਹ ਨੰਬਰ ਘੁੰਮ ਗਿਆ।

ਟੈਲੀਫ਼ੋਨ ਭਖਦੀ ਜਾਪੀ। ਟੱਨ, ਟੱਨ। ਉਹ ਹੁਣ ਵੀ ਟੈਲੀਫ਼ੋਨ ਬੰਦ ਕਰ ਦਏ! ਹੁਣ ਵੀ…

ਬਾਰੀ ਵਿਚੋਂ ਉਹਨੂੰ ਚਾਨਣੀ ਦਾ ਬੂਟਾ ਦਿਸਿਆ। …ਉਹ ਟੈਲੀਫ਼ੋਨ ਕਿਉਂ ਨਹੀਂ ਸੀ ਬੰਦ ਕਰ ਰਿਹਾ।

ਚਾਨਣੀ ਉੱਤੇ ਦੋ ਮਮੋਲੇ ਬੈਠੇ ਹੋਏ ਸਨ। ਟੱਨ…ਟੱਨ…ਟੱਨ। ਚੰਗਾ, ਜਦੋਂ ਇਨ੍ਹਾਂ ਵਿਚੋਂ ਇਕ ਮਮੋਲਾ ਉੱਡ ਗਿਆ ਓਦੋਂ ਉਹ ਟੈਲੀਫ਼ੋਨ ਬੰਦ ਕਰ ਦਏਗਾ।

ਮਮੋਲੇ ਹਾਲੀ ਵੀ ਬੈਠੇ ਹੋਏ ਸਨ। ਟੱਨ…ਟੱਨ।

ਟੈਲੀਫ਼ੋਨ ਹੀ ਨਹੀਂ, ਉਹਨੂੰ ਆਪਣਾ ਹੱਥ ਵੀ ਭਖ਼ਦਾ ਜਾਪਿਆ—ਟੈਲੀਫ਼ੋਨ ਕਿਸੇ ਅੱਗੋਂ ਚੁੱਕ ਲਿਆ ਸੀ।

ਕੋਈ ਬਾਲ ਸੀ, ਉਹਨੇ ਕਿਹਾ, “ਮੈਂ ਮੰਮੀ ਨੂੰ ਬੁਲਾ ਦੇਂਦਾ ਹਾਂ।”

ਬਾਲ ਦੇ ਜਾਣ ਦੀ ਵਾਜ ਟੈਲੀਫ਼ੋਨ ਵਿਚੋਂ ਸੁਣਾਈ ਦਿਤੀ, ਤੇ ਅੰਮੀਂ, ਅੰਮੀਂ...

ਪਤਾ ਨਹੀਂ ਇਸ ਬੱਚੇ ਦਾ ਕੀ ਨਾਂ ਸੀ। ਇਕ ਜ਼ਮਾਨਾ ਹੋਇਆ, ਸੁਦੀਪ ਤੇ ਕਾਂਤੀ ਨੇ ਆਪਣੇ ਸੁਪਨ-ਬਾਲ ਦਾ ਨਾਂ ਰੱਖਿਆ ਸੀ: ਸੁਰਬਹਾਰ। ਕਿੱਥੇ ਸੀ ਸੁਰਬਹਾਰ…

ਟੈਲੀਫ਼ੋਨ ਵਿਚ ਕੁਝ ਗੜਬੜ ਹੋਈ, ਕੋਈ ਹੋਰ ਨੰਬਰ ਜੁੜ ਗਿਆ ਸੀ।

“ਹੈਲੋ, ਹੈਲੋ—ਰੱਖਿਆ ਮੰਤ੍ਰੀ ਦਾ ਦਫ਼ਤਰ।”

ਸੁਦੀਪ ਦੇ ਮੂੰਹੋਂ ਅਚੇਤ ਨਿਕਲ ਗਿਆ, “ਨਹੀਂ ਏਥੇ ਅਜਿਹਾ ਕੋਈ ਦਫ਼ਤਰ ਨਹੀਂ। ਅਸੀਂ ਤੇ ਸਿਰਫ਼ ਯਾਦ ਦੀਆਂ ਗੱਲਾਂ ਉੱਤੇ ਅਟਕ ਗਏ ਦੋ ਅੱਥਰੂਆਂ ਦੀ ਹੀ ਰੱਖਿਆ ਕਰ ਰਹੇ ਹਾਂ।”

ਤੇ ਫੇਰ ਇਹ ਗ਼ਲਤ ਨੰਬਰ ਕਟ ਗਿਆ, ਵਾਜ ਆਈ “ਹੈਲੋ, ਮੈਂ ਮਿਸਿਜ਼ ਕਾਂਤੀ...।”

“ਮੈਂ ਨਿਰਾ ਦੀਪ...।”

ਫੇਰ ਲੰਮੀ ਚੁੱਪ। ਫੇਰ, “ਤੁਸੀਂ ਕਦੋਂ ਆਏ...ਰਾਜ਼ੀ ਹੋ?”

“ਅੱਜ 19 ਸਤੰਬਰ ਏ, ਕਾਂਤੀ...19 ਸਤੰਬਰ!”

ਫੇਰ ਲੰਮੀ ਚੁੱਪ, ਫੇਰ, “ਤੁਹਾਡਾ ਜਨਮ-ਦਿਨ! ਤੁਹਾਨੂੰ ਵਧਾਈ ਹੋਏ ਸੁਦੀਪ ਜੀ।”

“ਮੈਂ ਤੁਹਾਨੂੰ ਤੁਹਾਡੇ ਜਨਮ-ਦਿਨ ਉੱਤੇ ਕੀ ਦਿਆਂ?”

ਸੁਦੀਪ ਨੂੰ ਟੈਲੀਫ਼ੋਨ ਵਿਚੋਂ ਖ਼ੁਸ਼ਬੂ ਵਾਲੀ ਕਾਂਸੀ ਦੀ ਕਟੋਰੀ ਦੀ ਟੱਨ ਸੁਣਾਈ ਦਿੱਤੀ।

ਅੱਜ ਦੇ ਦਿਨ ਤੂੰ ਮੈਨੂੰ ਆਵਾਜ਼ ਦੇ। ...ਮੈਂ ਅੱਜ ਤੈਨੂੰ ਫ਼ੋਨ ਕੀਤੀ ਏ। ਜੇ ਕਿਤੇ ਅੱਜ ਦੇ ਦਿਨ ਤੂੰ ਆਪ ਮੈਨੂੰ ਬੁਲਾਂਦੀਓਂ, ਜਨਮ-ਦਿਨ ਦੀ ਕਹੀ ਸੁਗਾਤ ਹੋਣੀ ਸੀ ਇਹ...।”

ਲੰਮੀ ਚੁੱਪ...

“ਤੂੰ ਮੇਰਾ ਨੰਬਰ ਲਿਖ ਲੈ: 45955, ਚੰਗੀ ਤਰ੍ਹਾਂ ਲਿਖ ਲੈ: 45955. ਮੈਂ ਹੁਣ ਟੈਲੀਫ਼ੋਨ ਬੰਦ ਕਰ ਦੇਂਦਾ ਹਾਂ। ਤੇ ਤੂੰ ਆਪ ਮੈਨੂੰ ਏਸ ਨੰਬਰ ਉੱਤੇ ਆਵਾਜ਼ ਦੇ। ਮੇਰੇ ਜਨਮ ਦਿਨ ਉੱਤੇ ਇਹ ਸੁਗਾਤ ਮੈਨੂੰ ਦਏਂਗੀ? ਕਾਂਤੀ…ਕਾਂਤੀ…” ਤੇ ਸੁਦੀਪ ਨੇ ਟੈਲੀਫ਼ੋਨ ਬੰਦ ਕਰ ਦਿੱਤਾ।

ਹੁਣ ਟੈਲੀਫ਼ੋਨ ਗਰਮ ਨਹੀਂ ਸੀ, ਹੁਣ ਸੁਦੀਪ ਦਾ ਹੱਥ ਵੀ ਗਰਮ ਨਹੀਂ ਸੀ— ਇੰਜ ਸੀ ਜਿਵੇਂ ਕਿਸੇ ਦਰਿਆ ਉੱਤੋਂ ਸੁਦੀਪ ਤੇ ਕਾਂਤੀ ਲੰਘ ਰਹੇ ਸਨ, ਸਮੁੰਦਰ ਨਾਲੋਂ ਡੂੰਘੇ ਦਰਿਆ ਦੀ ਬਾਤ ਹੁਲ ਪਈ ਸੀ, ਤੇ ਕੁਝ ਰੁੱਖ ਮਨੁੱਖ ਦੀਆਂ ਸੱਧਰਾਂ ਵਾਂਗ ਅੰਬਰ ਵੱਲ ਉੱਠ ਰਹੇ ਸਨ...

ਸੁਦੀਪ ਨੂੰ ਇਹ ਡਰ ਨਹੀਂ ਸੀ ਕਿ ਕਾਂਤੀ ਉਹਨੂੰ ਟੈਲੀਫ਼ੋਨ ਕਰੇਗੀ ਕਿ ਨਹੀਂ। ਉਹਨੂੰ ਸਿਰਫ਼ ਇਹ ਹੀ ਡਰ ਸੀ ਕਿ ਹੁਣ ਉਹ ਪਵੇਲ ਦਾ ਭੇਤ ਨਹੀਂ ਸਾਂਭ ਸਕੇਗਾ। ਕਾਂਤੀ ਭਾਵੇਂ ਰੀਮਾ ਨੂੰ ਨਹੀਂ ਸੀ ਜਾਣਦੀ, ਪਵੇਲ ਨੂੰ ਨਹੀਂ ਸੀ ਜਾਣਦੀ, ਪਰ ਸੁਦੀਪ ਉਹਨੂੰ ਜ਼ਰੂਰ ਦੱਸਣਾ ਚਾਂਹਦਾ ਸੀ ਕਿ ਰੀਮਾ ਨੂੰ ਉਹਦੇ ਜਨਮ-ਦਿਨ ਉੱਤੇ ਉਹਦਾ ਪਵੇਲ ਕੀ ਸੁਗਾਤ ਦੇ ਰਿਹਾ ਸੀ...

ਟੈਲੀਫ਼ੋਨ ਕੋਲ ਖੜੋਤਾ ਸੁਦੀਪ ਆਪਣੇ ਜਨਮ-ਦਿਨ ਦੀ ਸੁਗਾਤ ਉਡੀਕ ਰਿਹਾ ਸੀ।

[1960]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •