Punjabi Stories/Kahanian
ਜਸਬੀਰ ਭੁੱਲਰ
Jasbir Bhullar
Punjabi Kavita
  

Janauran Da Jashan Jasbir Bhullar

ਜਨੌਰਾਂ ਦਾ ਜਸ਼ਨ ਜਸਬੀਰ ਭੁੱਲਰ

ਸ਼ੀਤ ਹਵਾ ਹੱਡੀਆਂ ਠਾਰ ਰਹੀ ਸੀ। ਲੈਫਟੀਨੈਂਟ ਆਲਮ ਵੜੈਚ ਨੇ ਡੌਰ-ਭੌਰੀਆਂ ਨਜ਼ਰਾਂ ਨਾਲ ਬੇਆਬਾਦ ਪਹਾੜਾਂ ਵੱਲ ਵੇਖਿਆ। ਉਹ ਉਜੜੇ-ਪੁੱਜੜੇ ਜਿਹੇ ਟੁੱਟ ਟੁੱਟ ਕੇ ਦੂਰ ਤਕ ਖਿੱਲਰੇ ਪਏ ਸਨ ਜਿਵੇਂ ਮੋਏ ਹੋਏ ਸੈਨਿਕ ਹੁੰਦੇ ਹਨ। ਬੀਆਬਾਨ ਪਹਾੜਾਂ ਦੇ ਉਸ ਮਾਰੂਥਲ ਵਿੱਚ ਨਾ ਕੋਈ ਬੂਟਾ, ਨਾ ਕੋਈ ਪੱਤਾ। ਨਾ ਕਿਧਰੇ ਹਰਾ ਹਰਾ ਘਾਹ ਤੇ ਨਾ ਕਿਧਰੇ ਸੁੱਕੀਆਂ ਤਿੜ੍ਹਾਂ। ਲੈਫਟੀਨੈਂਟ ਆਲਮ ਵੜੈਚ ਨੇ ਪ੍ਰੇਸ਼ਾਨ ਹੋ ਕੇ ਕਿਹਾ, ‘‘ਸਰ! ਇਹ ਅਸੀਂ ਕਿੱਥੇ ਆ ਗਏ ਹਾਂ? ਜੇ ਉਹ ਪਿੱਛੇ ਪਰਤ ਗਏ ਤਾਂ ਅਸੀਂ ਇਨ੍ਹਾਂ ਪੱਥਰਾਂ ਦਾ ਕੀ ਕਰਾਂਗੇ? …ਜੇ ਸਾਨੂੰ ਪਿਛਾਂਹ ਮੁੜਨਾ ਪਿਆ ਤਾਂ ਉਹ ਇਨ੍ਹਾਂ ਪੱਥਰਾਂ ਦਾ ਕੀ ਕਰਨਗੇ? …ਇੰਨੀ ਕੁ ਗੱਲ ਲਈ ਅਸੀਂ ਲੜ ਕਿਉਂ ਰਹੇ ਹਾਂ?’’ ‘‘…ਜਸਟ ਸ਼ਟ ਅੱਪ, ਆਲਮ।’’ ਮੇਜਰ ਪਰਮਵੀਰ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ ਸੀ। ਲੈਫਟੀਨੈਂਟ ਆਲਮ ਵੜੈਚ ਨੇ ਚੁੱਪ ਵੱਟ ਲਈ ਸੀ। ਉਹਦੀ ਚੁੱਪ ਵਿੱਚ ਬਹੁਤ ਸਾਰੇ ਸੁਆਲ ਲੁਕੇ ਹੋਏ ਸਨ।
ਮੁਹਾਜ਼ ਉੱਤੇ ਪਹੁੰਚਣ ਸਾਰ ਸੈਨਿਕਾਂ ਨੇ ਉਨ੍ਹਾਂ ਪੱਥਰਾਂ ਵਿੱਚ ਪਨਾਹ ਲੈ ਲਈ। ਉਸ ਵੇਲੇ ਉਨ੍ਹਾਂ ਨੂੰ ਜਿਹੜਾ ਵੀ ਓਹਲਾ ਜਾਂ ਟੋਆ ਮਿਲਿਆ, ਉਹੀ ਮੱਲ ਲਿਆ। ਦੁਸ਼ਮਣ ਦੇ ਹਮਲੇ ਸਾਹਵੇਂ ਟਿਕਣ ਲਈ ਉਸ ਵੇਲੇ ਇੰਨੀ ਕੁ ਮੋਰਚਾਬੰਦੀ ਵੀ ਵੱਡਾ ਆਸਰਾ ਸੀ। ਉਨ੍ਹਾਂ ਨੰਗੇ ਮੋਰਚਿਆਂ ਵਿੱਚ ਬੈਠ ਕੇ ਸੈਨਿਕਾਂ ਨੇ ਆਪਣੇ ਮੁਲਕ ਦੀ ਲੜਾਈ ਲੜਨੀ ਸੀ। ਚੌਗਿਰਦੇ ਨਾਲ ਇਕਮਿਕ ਹੋਣ ਲਈ ਉਨ੍ਹਾਂ ਚਿਹਰੇ ਉੱਤੇ ਮਟਮੈਲੀ ਗਾਚੀ ਦੀਆਂ ਲੀਕਾਂ ਵਾਹ ਲਈਆਂ ਤੇ ਮੋਰਚਿਆਂ ਨੂੰ ਡੂੰਘਾ ਕਰਨ ਵਿੱਚ ਰੁੱਝ ਗਏ। ਲੈਫਟੀਨੈਂਟ ਆਲਮ ਵੜੈਚ ਨੇ ਮੇਜਰ ਪਰਮਵੀਰ ਵੱਲ ਝੁਕਦਿਆਂ ਹੌਲੀ ਜਿਹੀ ਕਿਹਾ, ‘‘ਸਰ! ਸਾਡੇ ਕੋਲ ਆਪਣਾ ਧੜ ਹੈ, ਪਰ ਇਸ ਧੜ ਉੱਤੇ ਸਿਰ ਕਿਸੇ ਹੋਰ ਦਾ ਹੈ। …ਰੱਬ ਖ਼ੈਰ ਕਰੇ।’’ ਮੇਜਰ ਪਰਮਵੀਰ ਨੇ ਠਰੀਆਂ ਹੋਈਆਂ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ ਤੇ ਚੁੱਪ ਰਿਹਾ। ਲੈਫਟੀਨੈਂਟ ਆਲਮ ਵੜੈਚ ਨੂੰ ਹੁਣੇ ਹੁਣੇ ਕਮਿਸ਼ਨ ਮਿਲਿਆ ਸੀ। ਉਹ ਫ਼ੌਜ ਲਈ ਨਵਾਂ ਸੀ। ਲੜਾਈ ਦਾ ਮੁਹਾਜ਼ ਉਹਦੀ ਪਾਠਸ਼ਾਲਾ ਸੀ। ਉਹ ਪੂਰਾ ਸੈਨਿਕ ਬਣਨ ਦੇ ਰਾਹ ਤੁਰ ਪਿਆ ਸੀ। ਫਿਲਹਾਲ ਤਾਂ ਉਹ ਇੱਕ ਜਗਿਆਸੂ ਬਾਲ ਵਰਗਾ ਸੀ, ਕਿਹੜੇ ਵੇਲੇ ਕਿਹੋ ਜਿਹੀ ਗੱਲ ਕਹਿ ਦੇਵੇ ਕੋਈ ਨਹੀਂ ਸੀ ਜਾਣਦਾ।
+++
ਉਹ ਪਹਾੜਾਂ ਦੀ ਸ਼ਾਮ ਸੀ। ਉਸ ਸ਼ਾਮ ਨੇ ਰਾਤ ਦੀ ਬੁੱਕਲ ਮਾਰਨ ਵੇਲੇ ਬਹੁਤਾ ਚਿਰ ਨਹੀਂ ਸੀ ਲਾਉਣਾ। ਉਹ ਵੇਲੇ ਨਾਲ ਭੋਜਨ ਕਰ ਲੈਣ ਤਾਂ ਬਿਹਤਰ ਸੀ। ਹੁਕਮ ਹੋਇਆ ਤਾਂ ਸੈਨਿਕਾਂ ਨੇ ਮੋਰਚਿਆਂ ਵਿੱਚ ਬੈਠ ਕੇ ਭੋਜਨ ਵਾਲੇ ਪੈਕਟ ਖੋਲ੍ਹ ਲਏ। ਭੋਜਨ ਦੀ ਗੰਧ ਫੈਲੀ ਤਾਂ ਕੁੱਤੇ ਇੱਕ-ਇੱਕ ਕਰਕੇ ਕਈ ਹੋ ਗਏ। ਜ਼ਮੀਨ ਸੁੰਘਦਾ, ਪੈਰ ਪੈਰ ਅਗਾਂਹ ਤੁਰਦਾ ਇੱਕ ਕੁੱਤਾ ਆ ਕੇ ਭਾਰੇ ਪੱਥਰ ਕੋਲ ਖਲੋ ਗਿਆ ਤੇ ਲੱਤ ਚੁੱਕ ਕੇ ਪਿਸ਼ਾਬ ਕਰਨ ਲੱਗ ਪਿਆ। ਨੇੜਲੇ ਮੋਰਚੇ ਵਿੱਚ ਬੈਠੇ ਸੈਨਿਕ ਨੇ ਉਹਨੂੰ ਛਿਛਕਾਰਿਆ। ਕੁੱਤੇ ਨੇ ਸੈਨਿਕ ਵੱਲ ਸਰਸਰੀ ਜਿਹਾ ਵੇਖਿਆ ਤੇ ਵਿਹਲਾ ਹੋ ਕੇ ਉੱਥੋਂ ਤੁਰ ਪਿਆ। ਸੈਨਿਕ ਨੇ ਪੱਥਰ ਚੁੱਕ ਕੇ ਉਹਦੇ ਵੱਲ ਵਗਾਹ ਮਾਰਿਆ ਤੇ ਬੁੜ-ਬੁੜ ਕੀਤੀ। ਉਹਦਾ ਸਾਥੀ ਸੈਨਿਕ ਬੇਥਵਾ ਜਿਹਾ ਹੱਸਿਆ।
ਅਤਿ ਦੀ ਠੰਢ ਵਿੱਚ ਉਨ੍ਹਾਂ ਦਾ ਭੋਜਨ ਬਰਫ਼ ਬਣਿਆ ਹੋਇਆ ਸੀ। ਪੂਰੀਆਂ ਕੁਝ ਇਸ ਤਰ੍ਹਾਂ ਸਨ ਜਿਵੇਂ ਚੰਮ ਦੀਆਂ ਬਣੀਆਂ ਹੋਣ। ਉਹ ਮੋਰਚਿਆਂ ਵਿੱਚ ਬੈਠੇ ਚੰਮ ਵਰਗੀਆਂ ਪੂਰੀਆਂ ਆਲੂ ਦੀ ਸਬਜ਼ੀ ਨਾਲ ਚਿੱਥਦੇ ਰਹੇ ਤੇ ਦੁਸ਼ਮਣ ਦੇ ਹਮਲੇ ਦੀ ਉਡੀਕ ਕਰਦੇ ਰਹੇ। ਕਈ ਸੈਨਿਕਾਂ ਨੇ ਬਚਿਆ ਹੋਇਆ ਭੋਜਨ ਪਿੱਠੂ ਵਿੱਚ ਸਾਂਭ ਲਿਆ ਸੀ। ਲੜਾਈ ਦੌਰਾਨ ਮੁੜ ਭੋਜਨ ਮਿਲੇ ਨਾ ਮਿਲੇ… ਕੀ ਪਤਾ। ਪਰ ਬਹੁਤਿਆਂ ਨੇ ਕੁੱਤਿਆਂ ਨੂੰ ਨਿਰਾਸ਼ ਨਹੀਂ ਸੀ ਕੀਤਾ। ਉਨ੍ਹਾਂ ਬਚੀਆਂ ਹੋਈਆਂ ਪੂਰੀਆਂ ਕੁੱਤਿਆਂ ਅੱਗੇ ਸੁੱਟ ਦਿੱਤੀਆਂ ਸਨ।
+++
ਰਾਤ ਨੇ ਪੈਰ ਪਸਾਰ ਲਏ। ਬਿਮਾਰ ਜਿਹਾ ਚੰਨ ਆਸਮਾਨ ਉੱਤੇ ਦਿਸਣ ਲੱਗ ਪਿਆ। ਤਾਰਿਆਂ ਦੀ ਕਿਧਰੇ ਵੀ ਦੱਸ-ਧੁੱਖ ਨਹੀਂ ਸੀ। ਸ਼ੀਤ ਹਵਾ ਪਹਿਲਾਂ ਵਾਂਗ ਹੀ ਵਗਦੀ ਰਹੀ। ਸੈਨਿਕਾਂ ਦੇ ਹੱਥ-ਪੈਰ ਤੇ ਨੱਕ-ਕੰਨ ਹੌਲੀ ਹੌਲੀ ਬਰਫ਼ ਹੋ ਰਹੇ ਸਨ। ਉਨ੍ਹਾਂ ਕੋਟ ਪਰਕਾ ਦੇ ਕੁੱਪ ਨਾਲ ਸਿਰ ਢੱਕ ਲਏ। ਚਿਹਰੇ ਉੱਤੇ ਗੁਲੂਬੰਦ ਵਲ੍ਹੇਟ ਲਿਆ ਤੇ ਹਨੇਰੇ ਨੂੰ ਘੂਰਨ ਲੱਗ ਪਏ।
ਉਸ ਵੇਲੇ ਕੁੱਤੇ ਜਾ ਚੁੱਕੇ ਸਨ।
ਪਿਛਲੇ ਬਹੱਤਰ ਘੰਟਿਆਂ ਤੋਂ ਗੋਰਖਿਆਂ ਦੀ ਬਟਾਲੀਅਨ ਨੇ ਦੁਸ਼ਮਣ ਨੂੰ ਠੱਲ ਪਾਈ ਹੋਈ ਸੀ। ਹੁਣ ਉਹ ਬਟਾਲੀਅਨ ਤਿੜਕ ਰਹੀ ਸੀ। ਉਨ੍ਹਾਂ ਦੀ ਨਫ਼ਰੀ ਨੂੰ ਭਾਰੀ ਸੱਟ ਵੱਜੀ ਸੀ। ਉਨ੍ਹਾਂ ਨੂੰ ਵਿਦਡਰਾਅਲ ਦਾ ਹੁਕਮ ਹੋ ਚੁੱਕਿਆ ਸੀ। ਗਾਰਡਜ਼ ਵਾਲੇ ਉੱਥੇ ਗੋਰਖਾ ਬਟਾਲੀਅਨ ਦੀ ਥਾਂ ਲੈਣ ਆਏ ਸਨ। ਗਾਰਡਜ਼ ਦੀ ਬਰਾਵੋ ਕੰਪਨੀ ਦਾ ਉਹ ਇਲਾਕਾ ਜ਼ਮੀਨ ਦੇ ਸੁਭਾਅ ਕਾਰਨ ਬਾਕੀ ਬਟਾਲੀਅਨ ਨਾਲੋਂ ਟੁੱਟਿਆ ਹੋਇਆ ਸੀ। ਉਹ ਲੋੜ ਪੈਣ ਉੱਤੇ ਵਿਚਲੇ ਖੱਪਿਆਂ ਨੂੰ ਗੋਲੀਆਂ ਨਾਲ ਢਕ ਸਕਦੇ ਸਨ, ਪਰ ਲੋੜ ਪੈਣ ਉੱਤੇ ਬਰਾਵੋ ਕੰਪਨੀ ਨੂੰ ਗਾਰਡਜ਼ ਦੀਆਂ ਦੂਜੀਆਂ ਕੰਪਨੀਆਂ ਦੀ ਸਹਾਇਤਾ ਮੁਹੱਈਆ ਨਹੀਂ ਸੀ ਹੋ ਸਕਣੀ। ਉਨ੍ਹਾਂ ਨੂੰ ਖ਼ੁਦ ਉੱਤੇ ਹੀ ਨਿਰਭਰ ਕਰਨਾ ਪੈਣਾ ਸੀ। ਇਸ ਗੱਲ ਨੂੰ ਲੈ ਕੇ ਮੇਜਰ ਪਰਮਵੀਰ ਬਹੁਤਾ ਫ਼ਿਕਰਮੰਦ ਨਹੀਂ ਸੀ। ਗੋਰਖਾ ਬਟਾਲੀਅਨ ਦੀ ਵਾਪਸੀ ਦਾ ਜ਼ੋਰ ਅਲਫਾ ਤੇ ਚਾਰਲੀ ਕੰਪਨੀ ਵਾਲੇ ਪਾਸੇ ਸੀ। ਗੋਰਖਿਆਂ ਦੀ ਵਿਦਡਰਾਅਲ ਨੂੰ ਸੌਖਿਆਂ ਕਰਨ ਲਈ ਗਾਰਡਜ਼ ਦੀਆਂ ਦੂਜੀਆਂ ਕੰਪਨੀਆਂ ਦੁਸ਼ਮਣ ਲਈ ਗੋਲੀਆਂ ਦਾ ਜਾਲ ਬੁਣ ਰਹੀਆਂ ਸਨ।
ਬਰਾਵੋ ਕੰਪਨੀ ਦੇ ਸੈਨਿਕਾਂ ਲਈ ਚੁੱਪ ਸੰਘਣੀ ਹੋ ਰਹੀ ਸੀ। ਰਾਤ ਨਾਲ ਇਕਮਿਕ ਹੋਏ ਪਰਛਾਵੇਂ ਅਗਾਂਹ ਸਰਕ ਰਹੇ ਸਨ। ਦੁਸ਼ਮਣ ਦੇ ਤੋਪਖ਼ਾਨੇ ਦੇ ਗੋਲੇ ਬਰਾਵੋ ਕੰਪਨੀ ਦੇ ਮੋਰਚਿਆਂ ਉੱਤੇ ਅਚਨਚੇਤੀ ਵਰ੍ਹਨ ਲੱਗ ਪਏ। ਉਨ੍ਹਾਂ ਦੇ ਤੋਪਖਾਨੇ ਨੇ ਸਾਹ ਲਿਆ ਤਾਂ ਮੌਰਟਰਜ਼ ਨੇ ਮੂੰਹ ਖੋਲ੍ਹ ਲਿਆ। ਨਿੱਕੇ ਹਥਿਆਰ ਵੀ ਅੱਗ ਉਗਲਣ ਲੱਗ ਪਏ। ਜੰਗੀ ਹਥਿਆਰਾਂ ਦਾ ਰੌਲਾ ਬਹੁਤ ਉੱਚਾ ਹੋ ਗਿਆ। ਜ਼ਖਮੀਆਂ ਦੀ ਚੀਤਕਾਰ ਉਸ ਰੌਲੇ ਦਾ ਹਿੱਸਾ ਹੋ ਗਈ। ਸੈਨਿਕ ਡੁੱਲ੍ਹ ਰਹੇ ਸਨ। ਸੈਨਿਕ ਖਿੱਲਰ ਰਹੇ ਸਨ। ਸੈਨਿਕ ਚਿੱਥੜ ਰਹੇ ਸਨ। ਦੇਹਾਂ ਦਾ ਮਲਬਾ ਜਿਵੇਂ ਰੁੱਖੋਂ ਡਿੱਗੇ ਫਲ, ਟੁੱਟੇ-ਫਿੱਸੇ, ਮਿੱਧੇ-ਮਿੱਧੇ, ਲਿਬੜੇ-ਲਿਬੜੇ।
ਦੁਸ਼ਮਣ ਗੋਰਖਿਆਂ ਦੇ ਖ਼ਾਲੀ ਮੋਰਚਿਆਂ ਨੂੰ ਲਿਤਾੜ ਕੇ ਅਗਾਂਹ ਟੱਪ ਆਇਆ ਸੀ। ਦੁਸ਼ਮਣ ਦੇ ਕੁਝ ਸਿਪਾਹੀ ਬਾਹਰਲੀ ਵਾੜ ਦੀ ਕੰਡਿਆਲੀ ਤਾਰ ਤਕ ਵੀ ਪਹੁੰਚ ਗਏ ਸਨ। ਬਾਰੂਦੀ ਸੁਰੰਗਾਂ ਦੇ ਜਾਲ ਵਿੱਚ ਫਸਿਆਂ ਦੇ ਚਿਥੜੇ ਦੂਰ ਤਕ ਖਿੱਲਰ ਗਏ ਸਨ। ਦੁਸ਼ਮਣ ਦਾ ਇੱਕ ਸਿਪਾਹੀ ਅਧੂਰਾ ਜਿਹਾ ਕੰਡਿਆਲੀਆਂ ਤਾਰਾਂ ਵਿੱਚ ਲਟਕਿਆ ਹੋਇਆ ਸੀ। ਉਹ ਤੜਫ਼ ਰਿਹਾ ਸੀ, ਕੁਰਲਾ ਰਿਹਾ ਸੀ, ਪਰ ਤਾਰਾਂ ਉਹਨੂੰ ਮੁਕਤ ਨਹੀਂ ਸਨ ਕਰ ਰਹੀਆਂ। ਆਪਣੀ ਸਹਾਇਤਾ ਲਈ ਉਹਦੇ ਕੋਲ ਹੱਥ ਹੀ ਨਹੀਂ ਸਨ। ਉਹਦੇ ਹੱਥ ਬਾਰੂਦੀ ਸੁਰੰਗਾਂ ਵਿੱਚ ਹੀ ਕਿਧਰੇ ਰਹਿ ਗਏ ਸਨ।
ਦੁਸ਼ਮਣ ਦੇ ਸੈਨਿਕ ਟਿੱਬਿਆਂ ਦੀਆਂ ਨਿਵਾਣਾਂ ਵੱਲ ਇਕੱਠੇ ਹੋ ਰਹੇ ਸਨ। ਬਰਾਵੋ ਕੰਪਨੀ ਦੇ ਕਮਾਂਡਰ ਮੇਜਰ ਪਰਮਵੀਰ ਨੇ ਕਿਆਫ਼ਾ ਲਾਇਆ, ਦੁਸ਼ਮਣ ਨੇ ਵੱਡੇ ਹਮਲੇ ਦੀ ਤਿਆਰੀ ਵਿੱਢ ਲਈ ਸੀ। ਉਹਨੇ ਫੀਲਡ ਫੋਨ ਉੱਤੇ ਮੌਰਟਰ ਪਲਟੂਨ ਦੇ ਕਮਾਂਡਰ ਲੈਫਟੀਨੈਂਟ ਆਲਮ ਵੜੈਚ ਨੂੰ ਹੁਕਮ ਦਿੱਤਾ, ‘‘ਮੌਰਟਰ ਦੇ ਫਾਇਰ ਨਾਲ ਦੁਸ਼ਮਣ ਦੇ ਇਰਾਦਿਆਂ ਨੂੰ ਫੌਰੀ ਠੱਲ ਪਾਓ।’’ ਲੈਫਟੀਨੈਂਟ ਆਲਮ ਵੜੈਚ ਨੇ ਫ਼ੌਜੀ ਮੁਹਿੰਮਾਂ ਬਾਰੇ ਕਈ ਫ਼ਿਲਮਾਂ ਵੇਖੀਆਂ ਹੋਈਆਂ ਸਨ। ਉਹਦੇ ਕੋਲ ਜੰਗ ਦੀ ਸਤਰੰਗੀ ਜਿਹੀ ਕਲਪਨਾ ਸੀ, ਪਰ ਇਹ ਲੜਾਈ ਉਸ ਤਰ੍ਹਾਂ ਦੀ ਨਹੀਂ ਸੀ। ਇਹ ਭਲਾ ਕੀ ਲੜਾਈ ਹੋਈ ਕਿ ਟੋਇਆਂ ਵਿੱਚ ਬੈਠੇ ਬੈਠੇ ਦੁਸ਼ਮਣ ਨੂੰ ਉਡੀਕਦੇ ਰਹੋ। ਜਦੋਂ ਦੁਸ਼ਮਣ ਹੱਲਾ ਬੋਲ ਦੇਵੇ ਤਾਂ ਲੁਕੇ-ਲੁਕੇ ਗੋਲੀਆਂ ਚਲਾਉਣ ਲੱਗ ਪਵੋ। ਉਸ ਆਖਿਆ, ‘‘ਸਰ, ਜੇ ਆਪਾਂ ਉਨ੍ਹਾਂ ਉੱਤੇ ਪਹਿਲਾਂ ਹੱਲਾ ਬੋਲ ਦੇਈਏ ਤਾਂ…।’’ ‘‘ਇਹ ਤੇਰੀ ਪਹਿਲੀ ਲੜਾਈ ਹੈ ਨਾ?’’ ‘‘ਯੈੱਸ ਸਰ।’’ ‘‘ਆਲਮ! ਫ਼ਿਲਹਾਲ ਇੰਨਾ ਕੁ ਚੇਤੇ ਰੱਖ ਕਿ ਆਪਾਂ ਡਿਫੈਂਸ ਵਿੱਚ ਹਾਂ। …ਕਾਹਲਾ ਨਾ ਪੈ, ਜੰਗ ਤੈਨੂੰ ਅਟੈਕ ਦਾ ਮੌਕਾ ਵੀ ਦੇਊ।’’ ‘‘ਕਦੋਂ ਸਰ?’’
ਲੈਫਟੀਨੈਂਟ ਆਲਮ ਵੜੈਚ ਦੀ ਉਮਰ ਮੌਤ ਨੂੰ ਨਹੀਂ ਸੀ ਜਾਣਦੀ। ਉਹ ਉਮਰ ਇਹ ਵੀ ਨਹੀਂ ਸੀ ਜਾਣਦੀ ਕਿ ਇੱਕ ਸੈਨਿਕ ਦੇ ਮਰਨ ਨਾਲ ਉਹਦੇ ਪਿੱਛੇ ਰਹਿ ਗਏ ਜਿਊਂਦੇ ਕਿੰਨੀਆਂ ਮੌਤਾਂ ਮਰਦੇ ਸਨ। ਮੇਜਰ ਪਰਮਵੀਰ ਨੇ ਗੁੱਸੇ ਦਾ ਵਿਖਾਵਾ ਕਰਦਿਆਂ ਆਖਿਆ, ‘‘ਆਲਮ! ਵਿਲ ਯੂ ਕੀਪ ਯੁਅਰ ਟਰੈਪ ਸ਼ੱਟ! ਪਹਿਲੋਂ ਹੁਕਮ ਪੂਰਾ ਕਰ। ਫਾਲਤੂ ਗੱਲਾਂ ਫੇਰ ਕਰ ਲਵੀਂ।’’ ‘‘ਓ. ਕੇ. ਸਰ! … ਸੌਰੀ ਸਰ!’’ ਅਗਲੇ ਪਲਾਂ ਵਿੱਚ ਮੌਰਟਰ ਦੇ ਗੋਲੇ ਨਿਵਾਣਾਂ ਵੱਲ ਵਰ੍ਹਨ ਲੱਗ ਪਏ।
ਮੇਜਰ ਪਰਮਵੀਰ ਦਾ ਕਿਆਫ਼ਾ ਠੀਕ ਸੀ। ਦੁਸ਼ਮਣ ਦੇ ਸੈਨਿਕ ਉੱਥੋਂ ਹੀ ਹੱਲਾ ਬੋਲਣ ਵਾਲੇ ਸਨ। ਮੌਰਟਰ ਦੀ ਮਾਰ ਪਈ ਤਾਂ ਉਹ ਇਧਰ-ਉਧਰ ਨੱਸਣੇ ਸ਼ੁਰੂ ਹੋ ਗਏ। ਨਿਰਧਾਰਤ ਥਾਵਾਂ ਉੱਤੇ ਲੱਗੀਆਂ ਮਸ਼ੀਨਗੰਨਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਈਆਂ। ਇਸ ਕਾਰਵਾਈ ਨੇ ਦੁਸ਼ਮਣ ਦੇ ਹਮਲੇ ਨੂੰ ਕੁਝ ਚਿਰ ਲਈ ਮੁਲਤਵੀ ਕਰ ਦਿੱਤਾ। ਹਥਿਆਰਾਂ ਨੂੰ ਵੀ ਆਰਾਮ ਦੀ ਲੋੜ ਸੀ, ਉਨ੍ਹਾਂ ਕੁਝ ਚਿਰ ਲਈ ਚੁੱਪ ਵੱਟ ਲਈ।
ਜਦੋਂ ਗੋਲੀਆਂ ਚੱਲ ਰਹੀਆਂ ਸਨ ਤਾਂ ਹਥਿਆਰ ਨਿੱਘੇ ਸਨ। ਹੁਣ ਹਥਿਆਰਾਂ ਦੇ ਹਿੱਸੇ ਪੁਰਜ਼ੇ ਠੰਢ ਨਾਲ ਜੰਮਣ ਲੱਗ ਪਏ ਸਨ। ਲੋੜ ਪੈਣ ’ਤੇ ਉਨ੍ਹਾਂ ਚੱਲਣਾ ਨਹੀਂ ਸੀ। ਹਥਿਆਰਾਂ ਨੂੰ ਚਲਦੀ ਹਾਲਤ ਵਿੱਚ ਰੱਖਣ ਲਈ ਗਰਮੀ ਚਾਹੀਦੀ ਸੀ। ਹੰਢੇ ਹੋਏ ਸੈਨਿਕਾਂ ਨੇ ਆਪਣੇ ਹਥਿਆਰਾਂ ਦੁਆਲੇ ਕੱਪੜਾ ਲਪੇਟ ਦਿੱਤਾ ਸੀ। ਨਵੇਂ ਰੰਗਰੂਟ ਕਿਸੇ ਹੋਰ ਓਹੜ-ਪੋਹੜ ਨਾਲ ਹਥਿਆਰਾਂ ਨੂੰ ਨਿੱਘਾ ਰੱਖਣ ਦੀ ਕੋਸ਼ਿਸ਼ ਵਿੱਚ ਸਨ। ਮੋਰਚਿਆਂ ਵਿੱਚ ਬੈਠੇ ਉਹ ਹਨੇਰੇ ਵੱਲ ਅੱਖਾਂ ਪਾੜ ਪਾੜ ਵੇਖ ਰਹੇ ਸਨ। ਕੁਝ ਉਨੀਂਦਰੇ ਮਾਰੇ ਖੁੱਲ੍ਹੀਆਂ ਅੱਖਾਂ ਨਾਲ ਸੌਂ ਰਹੇ ਸਨ। ਉਨ੍ਹਾਂ ਜਾਗਦੇ ਰਹਿ ਕੇ ਸੌਣ ਦੀ ਜਾਚ ਸਿੱਖ ਲਈ ਸੀ।
ਮੁੜ ਹਮਲਾ ਹੋਇਆ ਤਾਂ ਦੁਸ਼ਮਣ ਨੇ ਪਹਿਲਾਂ ਵਾਂਗ ਗੋਲੀਆਂ ਨਹੀਂ ਸਨ ਦਾਗੀਆਂ, ਰੌਲਾ ਨਹੀਂ ਸੀ ਪਾਇਆ। ਉਹ ਸ਼ਹਿ ਕੇ ਅੱਗੇ ਵਧੇ ਸਨ। ਆਪਸੀ ਗੋਲਾਬਾਰੀ ਸ਼ੁਰੂ ਹੋਈ ਤਾਂ ਉਹ ਪਿਛਾਂਹ ਸਰਕ ਗਏ। ਉਹ ਹਮਲਾ ਹਾਰਿਆ ਹੁੱਟਿਆਂ ਵਰਗਾ ਸੀ। ਦੁਸ਼ਮਣ ਸ਼ਾਇਦ ਕੁਮਕ ਤੋਂ ਵਿਰਵਾ ਸੀ।
ਮੇਜਰ ਪਰਮਵੀਰ ਨੇ ਕੰਪਨੀ ਦੇ ਸੀਨੀਅਰ ਸੂਬੇਦਾਰ ਸੁੱਚਾ ਸਿੰਘ ਨਾਲ ਮਸ਼ਵਰਾ ਕੀਤਾ ਤੇ ਦੁਸ਼ਮਣ ਉੱਤੇ ਖੱਬੀ ਬਾਹੀ ਵੱਲੋਂ ਦਬਾਅ ਪਾਉਣ ਲਈ ਰਾਖਵੀਂ ਪਲਟੂਨ ਨੂੰ ਉਹਦੀ ਕਮਾਨ ਹੇਠ ਕੂਚ ਕਰਵਾ ਦਿੱਤਾ।
ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਉਨ੍ਹਾਂ ਨੂੰ ਬਹੁਤ ਥੋੜ੍ਹਾ ਵੇਲਾ ਮਿਲਿਆ ਸੀ। ਉਨੇ ਸਮੇਂ ਵਿੱਚ ਉਹ ਮਸਾਂ ਮੋਰਚੇ ਹੀ ਸੰਭਾਲ ਸਕੇ ਸਨ। ਦੁਸ਼ਮਣ ਦੇ ਸੁਰੱਖਿਆ ਦੇ ਵਿਸਥਾਰ ਨੂੰ ਜਾਣੇ ਬਿਨਾਂ ਸੈਨਿਕ ਟੁਕੜੀ ਨੂੰ ਭੇਜਣਾ ਵੱਡੀ ਭੁੱਲ ਸੀ। ਉਹ ਸਿੱਧੇ ਦੁਸ਼ਮਣ ਦੇ ਮੋਰਚਿਆਂ ਵਿੱਚ ਜਾ ਵੜੇ ਸਨ। ਉੱਥੋਂ ਉਹ ਵਾਪਸ ਨਹੀਂ ਸਨ ਪਰਤ ਸਕੇ। ਉਹ, ਜੋ ਤੀਹ ਜਣੇ ਸਨ, ਉਨ੍ਹਾਂ ਦੀ ਲੜਾਈ ਮੁੱਕ ਗਈ ਸੀ।
+++
ਗਹਿਗੱਚ ਲੜਾਈ ਦੌਰਾਨ ਬਰਾਵੋ ਕੰਪਨੀ ਦੇ ਸੈਨਿਕਾਂ ਨੂੰ ਜਦੋਂ ਵੀ ਅਵਸਰ ਮਿਲਿਆ, ਉਨ੍ਹਾਂ ਮੋਰਚਿਆਂ ਨੂੰ ਵੀ ਸੁਧਾਰ ਲਿਆ ਤੇ ਇੱਕ ਤੋਂ ਦੂਜੇ ਮੋਰਚੇ ਤਕ ਜਾਣ ਲਈ ਸੰਪਰਕ ਖਾਈ ਵੀ ਖੋਦ ਲਈ। ਉਸ ਖਾਈ ਰਾਹੀਂ ਉਹ ਆਪਸੀ ਤਾਲਮੇਲ ਚੰਗਾ ਬਣਾ ਸਕਦੇ ਸਨ ਅਤੇ ਆਪਣੇ ਟਿਕਾਣਿਆਂ ਬਾਰੇ ਦੁਸ਼ਮਣ ਨੂੰ ਭੁਲੇਖੇ ਵਿੱਚ ਵੀ ਪਾ ਸਕਦੇ ਸਨ। ਪਰ ਤੋਪਖਾਨੇ ਦੇ ਅਾਸਰੇ ਤੋਂ ਬਿਨਾਂ ਦੁਸ਼ਮਣ ਨੂੰ ਮਾਤ ਦੇਣੀ ਆਸਾਨ ਨਹੀਂ ਸੀ।
ਮੇਜਰ ਪਰਮਵੀਰ ਚਿੰਤਤ ਸੀ। ਬਰਾਵੋ ਕੰਪਨੀ ਨੂੰ ਹਾਲੇ ਤਕ ਤੋਪਖਾਨੇ ਦਾ ਫਾਇਰ ਮੁਹੱਈਆ ਨਹੀਂ ਸੀ ਹੋਇਆ। ਨਿੱਕੇ ਹਥਿਆਰਾਂ ਦੇ ਆਸਰੇ ਉਹ ਦੁਸ਼ਮਣ ਸਾਹਵੇਂ ਕਿੰਨੀ ਕੁ ਦੇਰ ਟਿਕੇ ਰਹਿ ਸਕਦੇ ਸਨ। ਹਾਲੇ ਬਟਾਲੀਅਨ ਨਾਲ ਸੰਪਰਕ ਬਹਾਲ ਵੀ ਨਹੀਂ ਸੀ ਹੋਇਆ ਕਿ ਉਹ ਲੜਾਈ ਵਿੱਚ ਰੁੱਝ ਗਏ। ਮੇਜਰ ਪਰਮਵੀਰ ਨੇ ਲੈਫਟੀਨੈਂਟ ਆਲਮ ਵੜੈਚ ਨੂੰ ਮਕਸਦ ਸਮਝਾ ਕੇ ਬਟਾਲੀਅਨ ਵੱਲ ਤੋਰ ਦਿੱਤਾ।
ਰਾਤ ਵੀ ਤੁਰਦੀ ਰਹੀ ਤੇ ਜੰਗ ਵੀ।
ਦੁਸ਼ਮਣ ਨੇ ਆਪਣੀਆਂ ਮੀਡੀਅਮ ਮਸ਼ੀਨ ਗੰਨਾਂ ਦਾ ਨਿਸ਼ਾਨਾ ਬਰਾਵੋ ਕੰਪਨੀ ਦੇ ਪਹੁੰਚ ਵਾਲੇ ਰਾਹਵਾਂ ਉੱਤੇ ਸਾਧਿਆ ਹੋਇਆ ਸੀ। ਉਹ ਗਾਹੇ-ਬਗਾਹੇ 7.5 ਮਿਲੀਮੀਟਰ ਤੇ ਚਾਰ ਇੰਚ ਮੌਰਟਰ ਦੇ ਗੋਲੇ ਵੀ ਦਾਗ ਦਿੰਦੇ ਸਨ। ਜੇ ਕਿਧਰੇ ਹਿਲਜੁਲ ਦਾ ਭੁਲੇਖਾ ਵੀ ਪੈਂਦਾ ਸੀ ਤਾਂ ਉਹ ਨਿੱਕੇ ਹਥਿਆਰਾਂ ਦਾ ਮੂੰਹ ਖੋਲ੍ਹ ਦਿੰਦੇ ਸਨ।
ਲੈਫਟੀਨੈਂਟ ਆਲਮ ਵੜੈਚ ਚੰਗੀ ਖ਼ਬਰ ਲੈ ਕੇ ਮੁੜਿਆ ਤਾਂ ਮੇਜਰ ਪਰਮਵੀਰ ਨੇ ਤਸੱਲੀ ਦਾ ਲੰਮਾ ਸਾਹ ਭਰਿਆ। ਬਟਾਲੀਅਨ ਨੂੰ ਮਾਊਂਨਟੇਨ ਬੈਟਰੀ ਮੁਹੱਈਆ ਹੋ ਚੁੱਕੀ ਸੀ। ਓ.ਪੀ. ਅਫ਼ਸਰ ਵੀ ਪਹੁੰਚ ਗਿਆ ਸੀ, ਪਰ ਆਲਮ ਵੜੈਚ ਕੋਲ ਕੁਝ ਹੋਰ ਖ਼ਬਰਾਂ ਵੀ ਸਨ। ਬ੍ਰਿਗੇਡ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਗੋਰਖਾ ਪਲਟਨ ਉੱਤੇ ਹੋਇਆ ਹਮਲਾ ਬਹੁਤ ਮਾਰੂ ਸੀ। ਉਹਦੀਆਂ ਦੋ ਕੰਪਨੀਆਂ ਦਾ ਤਾਂ ਨਾਮੋ-ਨਿਸ਼ਾਨ ਵੀ ਬਾਕੀ ਨਹੀਂ ਸੀ ਰਿਹਾ। ਗਾਰਡਜ਼ ਦਾ ਵੀ ਭਾਰੀ ਨੁਕਸਾਨ ਹੋਇਆ ਸੀ, ਪਰ ਉਹ ਮੋਰਚਿਆਂ ਵਿੱਚ ਡਟੇ ਹੋਏ ਸਨ। ਇੱਕ ਉੱਡਦੀ-ਉੱਡਦੀ ਖ਼ਬਰ ਇਹ ਵੀ ਸੀ ਕਿ ਅਗਲੀ ਰਾਤ ਜਾਟ ਰੈਜੀਮੈਂਟ ਉਨ੍ਹਾਂ ਦੀ ਥਾਂ ਲੈ ਲਵੇਗੀ।
ਉਸ ਰਾਤ ਨੇ ਆਉਣਾ ਵੀ ਸੀ ਕਿ ਨਹੀਂ, ਇਸ ਬਾਰੇ ਕੋਈ ਖ਼ਬਰ ਨਹੀਂ ਸੀ।
+++
ਬੰਬਾਰੀ ਮੁੜ ਸ਼ੁਰੂ ਹੋ ਗਈ। 7.5 ਮਿਲੀਮੀਟਰ ਦਾ ਗੋਲਾ ਮੇਜਰ ਪਰਮਵੀਰ ਦੇ ਬੰਕਰ ਨੇੜੇ ਆ ਡਿੱਗਾ। ਇਸ ਤਰ੍ਹਾਂ ਜਾਪਿਆ ਜਿਵੇਂ ਭੂਚਾਲ ਆ ਗਿਆ ਹੁੰਦਾ ਹੈ। ਇਹ ਵੱਡੇ ਹਮਲੇ ਦੇ ਮੁਢਲੇ ਚਿੰਨ੍ਹ ਸਨ। ਅਗਲੇ ਪਲਾਂ ਵਿੱਚ 7.5 ਮਿਲੀਮੀਟਰ ਦੇ ਗੋਲਿਆਂ ਦਾ ਜਿਵੇਂ ਮੀਂਹ ਹੀ ਵਰ੍ਹਨ ਲੱਗ ਪਿਆ।
ਉਹ ਰੌਲਾ ਪਾ ਰਹੇ ਸਨ, ਚੰਘਾੜ ਰਹੇ ਸਨ ਜਿਵੇਂ ਭੁੱਖੇ ਬਘਿਆੜਾਂ ਦੇ ਝੁੰਡ ਹੁੰਦੇ ਹਨ। ਗਾਰਡਜ਼ ਵਾਲਿਆਂ ਦਾ ਮਨੋਬਲ ਡੇਗਣ ਲਈ ਉਹ ਮਨੋਵਿਗਿਆਨਕ ਲੜਾਈ ਲੜ ਰਹੇ ਸਨ, ਪਰ ਮੋਰਚਿਆਂ ਵਿੱਚ ਪੱਕੇ ਪੈਰੀਂ ਬੈਠਿਆਂ ਨੂੰ ਉਖਾੜਨਾ ਆਸਾਨ ਨਹੀਂ ਸੀ। ਦੁਸ਼ਮਣ ਨੂੰ ਕਿਆਸ ਤਕ ਵੀ ਨਹੀਂ ਸੀ ਕਿ ਬਰਾਵੋ ਕੰਪਨੀ ਦੀ ਸਹਾਇਤਾ ਲਈ ਤੋਪਖ਼ਾਨਾ ਬਹੁੜ ਪਿਆ ਸੀ। ਜਵਾਬੀ ਗੋਲਾਬਾਰੀ ਵਿੱਚ ਤੋਪਖ਼ਾਨਾ ਕਾਰਗਰ ਦਿਸਣ ਲੱਗ ਪਿਆ ਸੀ। ਜਿੱਥੇ ਵੀ ਤੋਪਖ਼ਾਨੇ ਦਾ ਗੋਲਾ ਡਿੱਗਦਾ ਸੀ, ਕੰਨ ਪਾੜਵੇਂ ਰੌਲੇ ਨਾਲ ਕਿੰਨੇ ਸਾਰੀ ਰੇਤ, ਮਿੱਟੀ ਤੇ ਪੱਥਰਾਂ ਦੇ ਟੁਕੜੇ ਆਸਮਾਨ ਵੱਲ ਉੱਡਦੇ ਸਨ। ਪੱਥਰਾਂ ਦੀਆਂ ਕਿਰਚਾਂ ਬੰਬਾਂ ਦੇ ਸਪਲਿੰਟਰਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਸਨ। ਉਨ੍ਹਾਂ ਦੀ ਮਾਰ ਵੀ ਦੂਰ ਤਕ ਸੀ। ਜਦੋਂ ਘੱਟੇ ਦੇ ਗੁਬਾਰ ਸ਼ਾਂਤ ਹੁੰਦੇ ਤਾਂ ਉੱਥੇ ਡੂੰਘਾ ਟੋਇਆ ਵਿਖਾਈ ਦੇਣ ਲੱਗ ਪੈਂਦਾ ਸੀ। ਚੁਫ਼ੇਰੇ ਗੋਲੇ ਫਟ ਰਹੇ ਸਨ। ਆਸਮਾਨੀ ਬਿਜਲੀ ਦੇ ਚਮਕਣ ਵਰਗੀ ਰੌਸ਼ਨੀ ਵਾਰ-ਵਾਰ ਅੱਖਾਂ ਚੁੰਧਿਆ ਰਹੀ ਸੀ। ਬੱਦਲਾਂ ਦੇ ਗਰਜਣ ਵਰਗੀ ਗੜਗੜਾਹਟ ਕੰਨਾਂ ਦੇ ਪਰਦੇ ਪਾੜ ਰਹੀ ਸੀ। ਉਸ ਗੜਗੜਾਹਟ ਦੇ ਵਿੱਚ-ਵਿਚਾਲੇ ਨਿੱਕੇ ਹਥਿਆਰਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਜਾਂਦੀਆਂ ਸਨ।
ਦੁਸ਼ਮਣ ਨੇ ਆਪਣਾ ਤੋਪਖ਼ਾਨਾ ਮੁੜ ਕੰਪਨੀ ਉੱਤੇ ਝੋਕ ਦਿੱਤਾ ਸੀ। ਦੁਸ਼ਮਣ ਦੀ ਲੁਕੀ ਹੋਈ ਮਸ਼ੀਨਗੰਨ ਮੁੜ ਹਰਕਤ ਵਿੱਚ ਆ ਗਈ ਸੀ। ਬਰਾਵੋ ਕੰਪਨੀ ਦੇ ਸੈਨਿਕ ਦੁਸ਼ਮਣ ਦੇ ਟਿਕਾਣਿਆਂ ਨੂੰ ਲੱਭ-ਲੱਭ ਕੇ ਬੇਅਸਰ ਕਰਨ ਦੀ ਕੋਸ਼ਿਸ਼ ਵਿੱਚ ਸਨ। ਅਗਲੇ ਮੋਰਚਿਆਂ ਸਾਹਵੇਂ ਲੱਗੀ ਕੰਡਿਆਲੀ ਤਾਰ ਕਈ ਥਾਵਾਂ ਤੋਂ ਟੁੱਟ ਚੁੱਕੀ ਸੀ। ਬਰਾਵੋ ਕੰਪਨੀ ਦੇ ਅਗਲੇ ਬੰਕਰ ਤਬਾਹ ਹੋ ਚੁੱਕੇ ਸਨ। ਉਸ ਵੇਲੇ ਤਕ ਵੀ ਦੋਵਾਂ ਧਿਰਾਂ ਦੇ ਸਾਰੇ ਹਥਿਆਰ ਹਰਕਤ ਵਿੱਚ ਸਨ।
+++
ਦੁਸ਼ਮਣ ਦੀਆਂ ਕੁਝ ਗਤੀਵਿਧੀਆਂ ਲੈਫਟੀਨੈਂਟ ਆਲਮ ਵੜੈਚ ਦੀ ਨਿਗਾਹ ਵਿੱਚ ਆਈਆਂ ਤਾਂ ਉਹਨੇ ਮਾਊਂਨਟੇਨ ਬੈਟਰੀ ਦੇ ਫਾਇਰ ਦੀ ਕੁਝ ਸੁਧਾਈ ਕਰਵਾਉਣ ਬਾਰੇ ਸੋਚਿਆ। ਇਸ ਬਾਰੇ ਮੇਜਰ ਪਰਮਵੀਰ ਨਾਲ ਸਲਾਹ ਕਰਨਾ ਜ਼ਰੂਰੀ ਸੀ। ਉਹ ਉੱਠਿਆ ਤੇ ਸੰਪਰਕ ਖਾਈ ਰਾਹੀਂ ਰੀਂਗਦਾ, ਸਰਕਦਾ ਮੇਜਰ ਪਰਮਵੀਰ ਕੋਲ ਪਹੁੰਚ ਗਿਆ।
ਉਹਦੀ ਸਲਾਹ ਅਹਿਮ ਵੀ ਸੀ ਤੇ ਲਾਹੇਵੰਦ ਵੀ। ਉਸ ਅਨੁਸਾਰ ਫੌਰੀ ਤਰਮੀਮ ਵੀ ਕਰਵਾ ਦਿੱਤੀ ਗਈ। ਉਸ ਤਰਮੀਮ ਦਾ ਸਿੱਟਾ ਇਹ ਨਿਕਲਿਆ ਕਿ ਦੁਸ਼ਮਣ ਦੀ ਗੋਲਾਬਾਰੀ ਛੇਤੀ ਹੀ ਮੱਠੀ ਪੈ ਗਈ। ਤੋਪਖ਼ਾਨੇ ਨੇ ਉਨ੍ਹਾਂ ਦਾ ਕੋਈ ਅਹਿਮ ਟਿਕਾਣਾ ਤਬਾਹ ਕਰ ਦਿੱਤਾ ਸੀ।
ਉੱਥੋਂ ਜਾਣ ਲਈ ਲੈਫਟੀਨੈਂਟ ਆਲਮ ਵੜੈਚ ਨੇ ਬੰਕਰ ਤੋਂ ਬਾਹਰ ਪੈਰ ਧਰਿਆ ਹੀ ਸੀ ਕਿ ਇੱਕ ਗੋਲੀ ਸ਼ੂਕਦੀ ਹੋਈ ਆਈ ਤੇ ਉਹਦੀ ਧੌਣ ਵਿੱਚੋਂ ਦੀ ਲੰਘ ਗਈ। ਉਹਨੇ ਆਪਣੀ ਧੌਣ ਫੜ ਲਈ ਤੇ ਵਲ੍ਹੇਟਣੀ ਖਾ ਗਿਆ। ਗੋਲੀ ਨਾਲ ਹੋਏ ਸੁਰਾਖ਼ ਵਿੱਚੋਂ ਲਹੂ ਫੁਹਾਰੇ ਵਾਂਗ ਫੁੱਟਿਆ ਤੇ ਹੇਠਾਂ ਨੂੰ ਵਹਿਣ ਲੱਗਿਆ। ਮੇਜਰ ਪਰਮਵੀਰ ਨੇ ਇਹਤਿਆਤ ਨਾਲ ਉਹਨੂੰ ਬੰਕਰ ਅੰਦਰ ਖਿੱਚ ਲਿਆ। ਲੈਫਟੀਨੈਂਟ ਆਲਮ ਵੜੈਚ ਦੇ ਚਿਹਰੇ ਦਾ ਰੰਗ ਪਲ-ਛਿਣ ਵਿੱਚ ਪੀਲਾ ਪੈ ਗਿਆ। ਛੇਤੀ ਹੀ ਲਹੂ ਉਹਦੇ ਨੱਕ ਅਤੇ ਮੂੰਹ ਵਿੱਚੋਂ ਵੀ ਵਗਣਾ ਸ਼ੁਰੂ ਹੋ ਗਿਆ। ਉਹਨੇ ਮਾਸੂਮ ਜਿਹੀਆਂ ਅੱਖਾਂ ਝਪਕੀਆਂ ਤੇ ਸਹਿਮੇ ਜਿਹੇ ਨੇ ਮੇਜਰ ਪਰਮਵੀਰ ਵੱਲ ਵੇਖਿਆ ਜਿਵੇਂ ਉਹਦੇ ਕੋਲੋਂ ਧਰਵਾਸ ਮੰਗ ਰਿਹਾ ਹੋਵੇ।
ਮੇਜਰ ਪਰਮਵੀਰ ਨੇ ਉਹਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ। ਉਹਦੇ ਮੱਥੇ ਉੱਤੇ ਹੱਥ ਫੇਰਦਿਆਂ ਬੋਲਿਆ, ‘‘ਆਲਮ, ਤੂੰ ਫ਼ਿਕਰ ਨਾ ਕਰ। ਸਭ ਠੀਕ ਹੋ ਜਾਵੇਗਾ। ਇਹ ਮਾਮੂਲੀ ਜ਼ਖ਼ਮ ਹੈ।’’ ਮੇਜਰ ਪਰਮਵੀਰ ਦੇ ਬੋਲ ਬੇਪੇਂਦੇ ਸਨ। ਅਗਲੇ ਪਲ ਲੈਫਟੀਨੈਂਟ ਆਲਮ ਵੜੈਚ ਨੇ ਖ਼ੂਨ ਦੀ ਉਲਟੀ ਕਰ ਦਿੱਤੀ। ਉਹਨੇ ਹੱਥ ਨਾਲ ਮੂੰਹ ਪੂੰਝਿਆ ਤੇ ਫਿਰ ਹੌਲੀ ਜਿਹੀ ਬੋਲਿਆ, ‘‘ਮਾਂ! ਮੈਂ ਮਰਨਾ ਨਹੀਂ ਸਾਂ ਚਾਹੁੰਦਾ।’’ ਬੇਹੋਸ਼ੀ ਦੇ ਆਲਮ ਵਿੱਚ ਉਹ ਮਾਂ ਨਾਲ ਗੱਲਾਂ ਕਰਨ ਲੱਗ ਪਿਆ ਸੀ। ਉਹਨੇ ਪਤਾ ਨਹੀਂ ਸੀ ਹੋਰ ਵੀ ਕੀਹਦੇ ਕੀਹਦੇ ਨਾਲ ਗੱਲਾਂ ਕਰਨੀਆਂ ਸਨ, ਪਰ ਉਹਦੀ ਆਵਾਜ਼ ਗੁੰਮ ਹੋ ਗਈ। ਉਹਦੇ ਬੁੱਲ੍ਹ ਫਿਰ ਵੀ ਬਹੁਤ ਦੇਰ ਤਕ ਫਰਕਦੇ ਰਹੇ।
…ਤੇ ਫਿਰ ਉਹ ਮਰ ਗਿਆ।
ਆਖ਼ਰੀ ਵੇਲੇ ਉਹਦੀਆਂ ਅੱਖਾਂ ਭਰੀਆਂ ਹੋਈਆਂ ਸਨ, ਪਰ ਅੱਥਰੂ ਅੱਖਾਂ ਦੇ ਤਲਾਬ ਵਿੱਚੋਂ ਬਾਹਰ ਨਹੀਂ ਸਨ ਉੱਛਲੇ। ਅਣਵਗੇ ਅੱਥਰੂਆਂ ਦੇ ਦਰਦ ਨਾਲ ਉਹਦਾ ਚਿਹਰਾ ਫਿਰ ਵੀ ਭਿੱਜ ਗਿਆ ਸੀ।
+++
ਥੱਕੇ ਹੋਏ ਹਥਿਆਰਾਂ ਨੇ ਚੁੱਪ ਵੱਟਣ ਦਾ ਯਤਨ ਕੀਤਾ। ਟਾਂਵੀਆਂ-ਟੱਲੀਆਂ ਗੋਲੀਆਂ ਫਿਰ ਵੀ ਚਲਦੀਆਂ ਰਹੀਆਂ ਜਿਵੇਂ ਮੋਰਚੇ ਵਿੱਚ ਸੁੱਤਾ ਹੋਇਆ ਕੋਈ ਸੈਨਿਕ ਅੱਬੜਵਾਹਿਆ ਉੱਠੇ ਤੇ ਆਦਤਨ ਬੰਦੂਕ ਦਾ ਘੋੜਾ ਨੱਪ ਦੇਵੇ। ਹੌਲੀ-ਹੌਲੀ ਉਹ ਹੜਬੜਾਹਟ ਵੀ ਮੁੱਕ ਗਈ। ਜੰਗ ਦੀ ਭਿਆਨਕਤਾ ਨੇ ਚੁੱਪ ਦੀ ਬੁੱਕਲ ਮਾਰ ਲਈ।
ਮੇਜਰ ਪਰਮਵੀਰ ਉੱਜੜਿਆ-ਪੁੱਜੜਿਆ ਜਿਹਾ ਬੰਕਰ ਵਿੱਚ ਬੈਠਾ ਸੀ। ਲੈਫਟੀਨੈਂਟ ਆਲਮ ਵੜੈਚ ਦੀ ਮੁਰਦਾ ਦੇਹ ਬੰਕਰ ਦੇ ਮੁਹਾਣੇ ’ਤੇ ਪਈ ਸੀ। ਉਹਦਾ ਮੂੰਹ ਖੁੱਲ੍ਹਾ ਹੋਇਆ ਸੀ। ਉਹਦੀਆਂ ਅੱਖਾਂ ਖਲਾਅ ਵੱਲ ਝਾਕ ਰਹੀਆਂ ਸਨ। ਉਹਦੀ ਧੌਣ ਹੇਠ ਲਹੂ ਦਾ ਛੱਪੜ ਜਿਹਾ ਬਣਿਆ ਹੋਇਆ ਸੀ। ਉਹਦਾ ਠਰਿਆ ਹੋਇਆ ਸਰੀਰ ਆਕੜ ਚੁੱਕਿਆ ਸੀ।
ਉਹ ਮਸਾਂ ਤੇਈ ਕੁ ਵਰ੍ਹਿਆਂ ਦਾ ਸੀ। ਉਹਦੀ ਉਹ ਉਮਰ ਸੁਪਨਿਆਂ ਦੇ ਗੀਟੇ ਖੇਡਣ ਵਾਲੀ ਸੀ, ਮਰਨ ਵਾਲੀ ਨਹੀਂ ਸੀ। …ਤੇ ਉਹ ਫਿਰ ਵੀ ਮਰ ਗਿਆ ਸੀ। ਮੇਜਰ ਪਰਮਵੀਰ ਨੂੰ ਉਹ ਨਿੱਕੇ ਬਾਲ ਵਰਗਾ ਲੱਗਦਾ ਸੀ, ਮਾਸੂਮ ਤੇ ਨਿਰਛਲ। ਜਦੋਂ ਮੁਹਾਜ਼ ਵੱਲ ਕੂਚ ਕਰਨਾ ਸੀ ਤਾਂ ਉਹਨੇ ਮੇਜਰ ਪਰਮਵੀਰ ਨੂੰ ਕਿਹਾ ਸੀ, ‘‘ਸਰ! ਲੜਾਈ ਮੁੱਕੂ ਤਾਂ ਮੈਨੂੰ ਛੁੱਟੀ ਜ਼ਰੂਰ ਭੇਜ ਦਿਉ। ਮਾਂ ਨੂੰ ਕਹੂੰ, ਪਹਿਲੋਂ ਵਿਆਹ ਕਰੇ ਮੇਰਾ। …ਐਵੇਂ ਸਾਰਾ ਦਿਨ ਫੋਟੋ ਸੰਭਾਲਣੀ ਪੈਂਦੀ ਐ।’’ ਮੇਜਰ ਪਰਮਵੀਰ ਮੁਸਕਰਾਇਆ ਸੀ। ਉਹ ਜਾਣਦਾ ਸੀ, ਲੈਫਟੀਨੈਂਟ ਆਲਮ ਵੜੈਚ ਨੇ ਪ੍ਰੇਮਿਕਾ ਦੀ ਤਸਵੀਰ ਉਸ ਵੇਲੇ ਵੀ ਹਿੱਕ ਨਾਲ ਲਾਈ ਹੋਈ ਸੀ। ਉਹ ਤਸਵੀਰ ਉਹਦੀ ਮੁਰਦਾ ਦੇਹ ਨਾਲੋਂ ਵੀ ਵੱਖਰੀ ਨਹੀਂ ਸੀ ਹੋਈ, ਪਰ ਉਹ ਤਸਵੀਰ ਲਹੂ ਨਾਲ ਲਿੱਬੜ ਗਈ ਸੀ।
‘‘ਹੈਲੋ!…ਹੈਲੋ!’’ ਮੈਗਾਫੋਨ ਦੀ ਆਵਾਜ਼ ਨਾਲ ਚੁੱਪ ਤਰੇੜੀ ਗਈ, ‘‘ਮੇਜਰ! ਤੂੰ ਚਹੁੰ ਪਾਸਿਆਂ ਤੋਂ ਘਿਰ ਚੁੱਕਿਆ ਹੈਂ। ਹੁਣ ਇਹੋ ਠੀਕ ਰਹੂ ਕਿ ਤੁਸੀਂ ਆਪਣੇ ਹਥਿਆਰ ਸੁੱਟ ਦੇਵੋ ਤੇ ਖ਼ੁਦ ਨੂੰ ਸਾਡੇ ਹਵਾਲੇ ਕਰ ਦਿਉ।’’ ਅੱਜ ਤੜਕਸਾਰ ਜਿਹੜੀ ਰਿਪੋਰਟ ਮਿਲੀ ਸੀ ਉਹ ਦਿਲ ਹਿਲਾਉਣ ਵਾਲੀ ਸੀ। ਤਿੰਨ ਸੌ ਦੀ ਨਫ਼ਰੀ ਵਾਲੀ ਬਰਾਵੋ ਕੰਪਨੀ ਦੇ ਕੁੱਲ ਵੀਹ ਕੁ ਸੈਨਿਕ ਹੀ ਬਾਕੀ ਬਚੇ ਸਨ। ਕੁਝ ਜ਼ਖ਼ਮੀ ਵੀ ਸਨ, ਪਰ ਉਹ ਲੜਨ ਦੇ ਕਾਬਲ ਨਹੀਂ ਸਨ। ਬਰਾਵੋ ਕੰਪਨੀ ਗੋਲੀ ਸਿੱਕੇ ਤੋਂ ਊਣੀ ਨਹੀਂ ਸੀ। ਉਦੋਂ ਮੇਜਰ ਪਰਮਵੀਰ ਨੇ ਬਚੇ-ਖੁਚੇ ਸੈਨਿਕਾਂ ਨੂੰ ਮੋਰਚਿਆਂ ਦੇ ਫੈਲਾਅ ਵਿੱਚ ਕੁਝ ਇਸ ਤਰ੍ਹਾਂ ਵੰਡ ਦਿੱਤਾ ਸੀ ਕਿ ਦੁਸ਼ਮਣ ਲਈ ਭਾਂਜ ਦੇਣੀ ਸੌਖੀ ਨਾ ਰਹੇ ਅਤੇ ਗੋਲੀਆਂ ਦੀ ਵਾਛੜ ਉਨ੍ਹਾਂ ਨੂੰ ਅਣਕਿਆਸੀ ਮੌਤ ਬਣ ਕੇ ਮਿਲੇ। ਮੇਜਰ ਪਰਮਵੀਰ ਨੇ ਉਦੋਂ ਹਥਿਆਰ ਸੁੱਟਣ ਬਾਰੇ ਨਹੀਂ ਸੀ ਸੋਚਿਆ। ਉਹ ਹੁਣ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਉਹਨੇ ਬੰਕਰ ਦੇ ਝਰੋਖੇ ਕੋਲ ਖਲੋ ਕੇ ਉੱਚੀ ਆਵਾਜ਼ ਵਿੱਚ ਆਖਿਆ, ‘‘ਸਾਡੀ ਅਸਲੀ ਲੜਾਈ ਹੁਣ ਸ਼ੁਰੂ ਹੋਣ ਵਾਲੀ ਹੈ। ਫਿਰ ਦਮ-ਖਮ ਵੀ ਵੇਖ ਲਿਉ। …ਜੇ ਹੌਸਲਾ ਹੈ ਤਾਂ ਪਹਿਲੋਂ ਮੈਨੂੰ ਆ ਕੇ ਫੜੋ ਤੇ ਫਿਰ…।’’
ਵੀਹ ਸਿਪਾਹੀਆਂ ਨਾਲ ਉਹ ਕਿਹੋ ਜਿਹੀ ਲੜਾਈ ਲੜ ਸਕਦਾ ਸੀ ਭਲਾ!
ਪਰ ਉਹਦਾ ਝੂਠ ਅਸਰਦਾਇਕ ਸੀ। ਦੂਜੀ ਧਿਰ ਦੀ ਚੁੱਪ ਲੰਮੀ ਹੋ ਗਈ। ਮੇਜਰ ਪਰਮਵੀਰ ਦੁਸ਼ਮਣ ਦੇ ਫੈਸਲਾਕੁਨ ਹਮਲੇ ਦੀ ਉਡੀਕ ਵਿੱਚ ਭੁੰਜੇ ਬੈਠ ਗਿਆ। ਮੌਤ ਦੇ ਫਰਿਸ਼ਤੇ ਉਹਦੇ ਨੇੜੇ-ਤੇੜੇ ਹੀ ਸਨ। ਉਡੀਕ ਲੰਮੀ ਹੁੰਦੀ ਗਈ। ਦੋ ਘੰਟੇ ਬੀਤ ਗਏ। ਮੋਰਚਿਆਂ ਵਿੱਚ ਬੈਠੇ ਸੈਨਿਕ ਦੁਸ਼ਮਣ ਦੀ ਤਾਕ ਵਿੱਚ ਖਲਾਅ ਘੂਰਦੇ ਰਹੇ। ਉਨ੍ਹਾਂ ਦੀਆਂ ਉਨੀਂਦਰੇ ਮਾਰੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਅੱਖਾਂ ਖੁੱਲ੍ਹੀਆਂ ਰੱਖਣ ਲਈ ਉਨ੍ਹਾਂ ਨੂੰ ਉਚੇਚਾ ਯਤਨ ਕਰਨਾ ਪੈ ਰਿਹਾ ਸੀ। ਮੇਜਰ ਪਰਮਵੀਰ ਨੇ ਹੌਲਦਾਰ ਮੇਜਰ ਸ਼ੰਭੂ ਨਾਥ ਨਾਲ ਸੰਪਰਕ ਕੀਤਾ, ‘‘ਵੇਖ ਮੇਜਰ, ਵੰਗਾਰੇ ਜਾਣ ਪਿੱਛੋਂ ਦੁਸ਼ਮਣ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਕਾਰਨ ਕੀ ਹੈ? ਇਰਾਦਾ ਕੀ ਹੈ ਉਨ੍ਹਾਂ ਦਾ? ਦੁਸ਼ਮਣ ਦੇ ਇਲਾਕੇ ਵਿੱਚ ਫੌਰਨ ਗਸ਼ਤ ਭੇਜੋ, ਪਰ ਗਸ਼ਤੀ ਦਲ ਦੀ ਨਫ਼ਰੀ ਤਿੰਨ ਤੋਂ ਵੱਧ ਨਾ ਹੋਵੇ। …ਪਿੱਛੇ ਕੰਪਨੀ ਦਾ ਵੀ ਵੇਖਣਾ ਹੈ।’’ ਗਸ਼ਤੀ ਦਲ ਦੀ ਰਿਪੋਰਟ ਹੈਰਾਨ ਕਰਨ ਵਾਲੀ ਸੀ। ਦੁਸ਼ਮਣ ਕਿਤੇ ਨਹੀਂ ਸੀ, …ਦੂਰ ਤਕ ਕਿਤੇ ਨਹੀਂ ਸੀ। ਉਹ ਮੋਰਚੇ ਖਾਲੀ ਕਰ ਕੇ ਜਾ ਚੁੱਕੇ ਸਨ।
+++
ਦਸਤਾਨਿਆਂ ਵਾਲੇ ਹੱਥ ਠਰੇ ਹੋਏ ਸਨ। ਉਹਨੇ ਹੱਥ ਕੋਟ ਪਰਕਾ ਦੀ ਜੇਬ ਵਿੱਚ ਪਾ ਲਏ। ਉਹਦੀਆਂ ਨਜ਼ਰਾਂ ਸਾਹਮਣੇ ਰਾਤ ਦੀ ਵਹਿਸ਼ਤ ਦਾ ਖਿਲਾਰਾ ਸੀ। ਦੂਰ ਤਕ ਲਾਸ਼ਾਂ ਸਨ, ਲਹੂ-ਮਾਸ ਦੇ ਲੋਥੜੇ ਸਨ, ਕੱਟੇ-ਵੱਢੇ ਅੰਗਾਂ ਦੀ ਨੁਮਾਇਸ਼ ਸੀ। ਮੋਏ ਸੈਨਿਕ ਬੂਅ ਨਹੀਂ ਸਨ ਮਾਰ ਰਹੇ। ਅਤਿ ਦੀ ਸਰਦੀ ਦੇ ਲਾਸ਼ਾਂ ਨੂੰ ਤਰੱਕ ਜਾਣ ਤੋਂ ਰੋਕਿਆ ਹੋਇਆ ਸੀ। ਮੇਜਰ ਪਰਮਵੀਰ ਨੂੰ ਉਨ੍ਹਾਂ ਵਿੱਚੋਂ ਕੁਝ ਕੁ ਦੇ ਸਾਹਾਂ ਦੀ ਸਲਾਮਤੀ ਦੀ ਵੀ ਆਸ ਸੀ। ਮੌਤ ਦੇ ਮਲਬੇ ਵਿੱਚੋਂ ਜਿਊਂਦਿਆਂ ਦੀ ਤਲਾਸ਼ ਕਰਦਾ ਉਹ ਬਾਰੂਦੀ ਸੁਰੰਗਾਂ ਦੀ ਨਿਸ਼ਾਨਦੇਹੀ ਵਾਲੀ ਤਾਰ ਤਕ ਪਹੁੰਚ ਗਿਆ।
ਟੁੱਟੀ ਹੋਈ ਉਸ ਤਾਰ ਦੇ ਨੇੜੇ ਉਹਨੇ ਮੱਧਮ ਜਿਹੀ ਆਵਾਜ਼ ਸੁਣੀ, ‘‘ਪਾ..ਣੀ! …ਪਾਣੀ!’’ ਉਸ ਦੇ ਪੈਰ ਥਾਏਂ ਥੰਮ ਗਏ। ਉਸ ਦੇ ਸਾਹਵੇਂ ਤਾਰ ਨੇੜੇ ਸੂਬੇਦਾਰ ਸੁੱਚਾ ਸਿੰਘ ਬਿਖਰਿਆ ਹੋਇਆ ਪਿਆ ਸੀ। ਉਹਦੀ ਇੱਕ ਬਾਂਹ ਖੱਖੜੀਆਂ ਹੋ ਚੁੱਕੀ ਸੀ, ਪਰ ਮੋਢੇ ਨਾਲ ਇਸ ਤਰ੍ਹਾਂ ਲਟਕੀ ਹੋਈ ਸੀ ਜਿਵੇਂ ਟੁੱਟੀ ਹੋਈ ਟਾਹਣੀ ਹੁੰਦੀ ਹੈ। ਉਹਦਾ ਢਿੱਡ ਪਾਟਾ ਹੋਇਆ ਸੀ ਤੇ ਅੰਤੜੀਆਂ ਬਾਹਰ ਆ ਗਈਆਂ ਸਨ। ਉਹ ਫਿਰ ਵੀ ਸਾਹ ਲੈ ਰਿਹਾ ਸੀ।
‘‘ਪਾ…ਣੀ।’’ ਡੁਬਦੇ ਜਿਹੇ ਬੋਲ ਫਿਰ ਉਭਰੇ। ਮੇਜਰ ਪਰਮਵੀਰ ਨੇ ਆਸਰਾ ਦੇ ਕੇ ਸੂਬੇਦਾਰ ਸੁੱਚਾ ਸਿੰਘ ਦੀ ਧੌਣ ਕੁਝ ਉਪਰ ਕੀਤੀ। ਉਹਨੇ ਢੱਕਣ ਖੋਲ੍ਹ ਕੇ ਪਾਣੀ ਵਾਲੀ ਬੋਤਲ ਉਹਦੇ ਮੂੰਹ ਵੱਲ ਕੀਤੀ, ‘‘ਲਓ ਸਾਬ੍ਹ! ਪਾਣੀ ਪੀਓ!’’ ‘‘ਸਰ, ਤੁ…ਸੀਂ।’’ ਸੂਬੇਦਾਰ ਸੁੱਚਾ ਸਿੰਘ ਨੇ ਪੂਰੇ ਯਤਨ ਨਾਲ ਅੱਖਾਂ ਉਘੇੜੀਆਂ। ਉਸ ਦੀਆਂ ਨਜ਼ਰਾਂ ਵਿੱਚ ਪਛਾਣ ਜਾਗੀ, ‘‘ਸਰ!… ਅ…ਸੀਂ ਤਾਂ…।’’ ‘‘ਸਾਬ੍ਹ! ਪਹਿਲਾਂ ਪਾਣੀ ਪੀ ਲਵੋ।’’ ਮੇਜਰ ਪਰਮਵੀਰ ਨੇ ਟੋਕ ਦਿੱਤਾ। ਬੋਤਲ ਦੇ ਪਾਣੀ ਵਿੱਚ ਰੰਮ ਰਲੀ ਹੋਈ ਸੀ। ਉਸ ਪਾਣੀ ਦੀਆਂ ਕੁਝ ਘੁੱਟਾਂ ਨੇ ਸੂਬੇਦਾਰ ਸੁੱਚਾ ਸਿੰਘ ਨੂੰ ਆਰਜ਼ੀ ਤੌਰ ’ਤੇ ਕੁਝ ਆਰਾਮ ਦਿੱਤਾ ਸੀ।
ਮੇਜਰ ਪਰਮਵੀਰ ਨੇ ਨੇੜੇ ਪਿਆ ਪਿੱਠੂ ਉਹਦੇ ਸਿਰ ਹੇਠ ਰੱਖ ਦਿੱਤਾ। ਫਿਰ ਅੰਤੜੀਆਂ ਦਾ ਬੁੱਕ ਭਰਿਆ ਤੇ ਸੂਬੇਦਾਰ ਸੁੱਚਾ ਸਿੰਘ ਦੇ ਪਾਟੇ ਹੋਏ ਢਿੱਡ ਵਿੱਚ ਧਰ ਦਿੱਤਾ। ਕਿਸੇ ਮੋਏ ਸੈਨਿਕ ਦੀ ਕਮੀਜ਼ ਪਾੜ ਕੇ ਉਸ ਰੰਮ ਵਿੱਚ ਭਿਉਂ ਲਈ ਤੇ ਢਿੱਡ ਉੱਤੇ ਪੱਟੀ ਵਾਂਗੂੰ ਬੰਨ੍ਹ ਦਿੱਤੀ। ਸੂਬੇਦਾਰ ਸੁੱਚਾ ਸਿੰਘ ਦੇ ਬੁੱਲ੍ਹ ਫਰਕੇ, ‘‘ਮੇਰੇ ਪਿੱਛੇ…।’’ ਉਹਦੀ ਆਵਾਜ਼ ਧੀਮੀ ਸੀ ਤੇ ਡੁੱਬ ਰਹੀ ਸੀ। ਉਹ ਸ਼ਾਇਦ ਆਪਣੀਆਂ ਤਿੰਨ ਕੁਆਰੀਆਂ ਧੀਆਂ ਦੀ ਗੱਲ ਕਰਨਾ ਚਾਹੁੰਦਾ ਸੀ। ਉਹ ਉਨ੍ਹਾਂ ਬਾਰੇ ਅਕਸਰ ਫ਼ਿਕਰਮੰਦ ਰਹਿੰਦਾ ਸੀ। ਮੇਜਰ ਪਰਮਵੀਰ ਨੇ ਉਹਨੂੰ ਬੋਲਣ ਤੋਂ ਵਰਜ ਦਿੱਤਾ, ‘‘ਸਾਬ੍ਹ! ਹਾਲੇ ਗੱਲਾਂ ਨਾ ਕਰੋ। …ਤੁਹਾਨੂੰ ਪੂਰਾ ਆਰਾਮ ਚਾਹੀਦੈ।’’ ਸੂਬੇਦਾਰ ਸੁੱਚਾ ਸਿੰਘ ਦੀਆਂ ਮਿਚ ਰਹੀਆਂ ਅੱਖਾਂ ਮੇਜਰ ਪਰਮਵੀਰ ਦੇ ਚਿਹਰੇ ਉੱਤੇ ਟਿਕ ਗਈਆਂ। ਉਨ੍ਹਾਂ ਨਿਰਜੀਵ ਹੋ ਗਈਆਂ ਅੱਖਾਂ ਦੇ ਕੋਇਆਂ ਵਿੱਚੋਂ ਪਾਣੀ ਬਾਹਰ ਨੂੰ ਵਹਿ ਗਿਆ।
+++
ਉਹਦੇ ਹੱਥਾਂ ਦੀਆਂ ਤਲੀਆਂ ਉੱਤੋਂ ਲਹੂ ਕਦੋਂ ਦਾ ਸੁੱਕ ਚੁੱਕਿਆ ਸੀ, ਪਰ ਉਂਗਲਾਂ ਦੀਆਂ ਵਿਰਲਾਂ ਵਿੱਚ ਲਹੂ ਦੀ ਚਿੱਪ-ਚਿੱਪ ਅਜੇ ਬਾਕੀ ਸੀ। ਮੇਜਰ ਪਰਮਵੀਰ ਨੇ ਨਸਵਾਰੀ ਹੋ ਗਈਆਂ ਤਲੀਆਂ ਆਸਮਾਨ ਵੱਲ ਫੈਲਾਅ ਦਿੱਤੀਆਂ। ਪਿਛਲੀ ਰਾਤ ਦਾ ਬੱਸ ਇਹੋ ਹਾਸਲ ਸੀ।
ਮੋਏ ਹੋਏ ਸੈਨਿਕ ਪੱਥਰਾਂ ਵਿੱਚ ਬਿਖਰੇ ਪਏ ਪੱਥਰਾਂ ਵਾਂਗੂੰ ਹੀ ਦਿਸ ਰਹੇ ਸਨ। ਬੰਜਰ ਪਹਾੜਾਂ ਉੱਤੇ ਕਿਧਰੇ ਵੀ ਰੁੱਖ ਨਹੀਂ ਸਨ। ਆਲ੍ਹਣਿਆਂ ਦੀ ਦੂਰ ਤਕ ਵੀ ਸੋਅ ਨਹੀਂ ਸੀ, ਪਰ ਪੰਛੀਆਂ ਲਈ ਫਿਰ ਵੀ ਕਿਧਰੇ ਆਲ੍ਹਣੇ ਸਨ।
ਜਨੌਰਾਂ ਦੇ ਰਹਿਣ ਲਈ ਕੁੰਦਰਾਂ ਦਾ ਕੋਈ ਸੁਰਾਗ ਨਹੀਂ ਸੀ, ਉਨ੍ਹਾਂ ਲਈ ਫਿਰ ਵੀ ਕਿਧਰੇ ਕੁੰਦਰਾਂ ਸਨ। ਪੰਛੀਆਂ ਨੇ ਉਡਾਰੀ ਭਰ ਲਈ। ਜਨੌਰ ਵੀ ਕੁੰਦਰਾਂ ਵਿੱਚੋਂ ਬਾਹਰ ਆ ਕੇ ਉਸੇ ਪਾਸੇ ਤੁਰ ਪਏ ਜਿੱਥੇ ਜੰਗ ਨੇ ਉਨ੍ਹਾਂ ਲਈ ਭੋਜਨ ਪਰੋਸਿਆ ਹੋਇਆ ਸੀ।
ਜੰਗ ਮੁੱਢ ਕਦੀਮ ਤੋਂ ਹੀ ਜਨੌਰਾਂ ਦਾ ਜਸ਼ਨ ਸੀ। ਉੱਥੇ ਜਸ਼ਨ ਦੇ ਪ੍ਰਾਹੁਣਿਆਂ ਦੀ ਭੀੜ ਹੌਲੀ-ਹੌਲੀ ਵਧ ਗਈ। ਬੂ ਦੀ ਪੈੜ ਨੱਪ ਕੇ ਕੁਝ ਕੁੱਤੇ ਵੀ ਪਹੁੰਚ ਗਏ। ਪਹਾੜੀ ਘੋਰਨਿਆਂ ਵਿੱਚੋਂ ਜੰਗਲੀ ਬਿੱਲੀਆਂ ਵੀ ਨਿਕਲ ਆਈਆਂ। ਮੁਰਦਾ ਦੇਹਾਂ ਨੂੰ ਬਘਿਆੜਾਂ ਦੀ ਉਡੀਕ ਸੀ। ਜਦੋਂ ਗਿਰਝਾਂ ਦਾ ਝੁੰਡ ਦਾਅਵਤ ਵਿੱਚ ਸ਼ਾਮਲ ਹੋਇਆ ਤਾਂ ਦੋ ਪਹਾੜੀ ਕਾਂ ਉੱਡ ਕੇ ਕੰਡਿਆਲੀ ਤਾਰ ਉੱਤੇ ਬੈਠ ਗਏ। ਉਨ੍ਹਾਂ ਦੇ ਭਾਰ ਨਾਲ ਤਾਰ ਹਿੱਲਣ ਲੱਗ ਪਈ। ਤਵਾਜ਼ਨ ਕਾਇਮ ਰੱਖਣ ਲਈ ਕਾਵਾਂ ਨੇ ਖੰਭ ਫੜਫੜਾਏ। ਧੁੰਦ ਦੇ ਗੁਬਾਰ ਹੌਲੀ-ਹੌਲੀ ਸਮੁੰਦਰ ਸਿਰਜ ਰਹੇ ਸਨ। ਮੇਜਰ ਪਰਮਵੀਰ ਦੀ ਚੇਤਨਾ ਉਸ ਸਮੁੰਦਰ ਵਿੱਚ ਡੁੱਬ ਰਹੀ ਸੀ। ਉਨੀਂਦਰੇ ਦੀਆਂ ਭਰੀਆਂ ਹੋਈਆਂ ਅੱਖਾਂ ਮਿਚ ਰਹੀਆਂ ਸਨ। ਦਿਨ ਅਜੇ ਚੜ੍ਹਿਆ ਨਹੀਂ ਸੀ ਤੇ ਰਾਤ ਉਹਦੇ ਜ਼ਿਹਨ ਉੱਤੇ ਫੈਲ ਗਈ। ਉਹਦਾ ਸਿਰ, ਕੱਟੇ ਹੋਏ ਸਿਰ ਵਾਂਗੂੰ ਇੱਕ ਪੱਥਰ ਉੱਤੇ ਟਿਕ ਗਿਆ।
ਖੋਹਾ-ਖਿੰਝੀ ਦਾ ਰੌਲਾ ਬਹੁਤ ਵਧ ਗਿਆ। ਕੁੱਤੇ ਬਿੱਲੀਆਂ ਵੱਲ ਲਗਾਤਾਰ ਭੌਂਕੇ। ਮੇਜਰ ਪਰਮਵੀਰ ਨੇ ਬੇਹੋਸ਼ੀ ਦੀ ਨੀਂਦ ਵਿੱਚੋਂ ਅੱਬੜਵਾਹੇ ਉੱਠ ਕੇ ਡੈਂਬਰਿਆਂ ਵਾਂਗੂੰ ਵੇਖਿਆ। ਉਹ ਮੋਇਆਂ ਵਿੱਚ ਲੇਟਿਆ ਹੋਇਆ ਸੀ। ਕੁਝ ਸੋਮਨ ਹੋ ਕੇ ਉਹ ਆਪਣੀ ਪਛਾਣ ਵੱਲ ਪਰਤਿਆ ਤਾਂ ਜਿਊਂਦੇ ਹੋਣ ਦਾ ਖ਼ਿਆਲ ਆਇਆ। ਉਹਨੇ ਮਾਸਖ਼ੋਰਿਆਂ ਦੇ ਲਿਬੜੇ ਹੋਏ ਮੂੰਹ ਵੇਖੇ। ਉਹਦਾ ਜੀਅ ਕਚਿਆ ਗਿਆ। ਉਹ ਪਾਗਲਾਂਹਾਰ ਗਾਲ੍ਹਾਂ ਕੱਢਣ ਲੱਗ ਪਿਆ ਤੇ ਕਈ ਗੋਲੀਆਂ ਉਨ੍ਹਾਂ ਵੱਲ ਦਾਗ ਦਿੱਤੀਆਂ। ਜਨੌਰ ਤ੍ਰਹਿ ਕੇ ਇਧਰ ਉਧਰ ਦੌੜੇ ਤੇ ਫਿਰ ਪਹਿਲਾਂ ਵਾਂਗ ਹੀ ਮੁਰਦਿਆਂ ਨਾਲ ਰੁੱਝ ਗਏ।
ਉਨ੍ਹਾਂ ਗੋਲੀਆਂ ਨਾਲ ਹਵਾ ਦੇ ਮੱਥੇ ਉੱਤੇ ਕੋਈ ਵੀ ਮੋਰੀ ਨਹੀਂ ਹੋਈ। ਵੇਲਾ ਉਦੋਂ ਖ਼ੁਦ ਨੂੰ ਦਿਨ ਕਹਿਣ ਦੇ ਯਤਨ ਵਿੱਚ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)