Jang Di Keemat (Russian Story in Punjabi) : Grigory Baklanov

ਜੰਗ ਦੀ ਕੀਮਤ (ਰੂਸੀ ਕਹਾਣੀ) : ਗਰੀਗੋਰੀ ਬਾਕਲਾਨੋਵ

ਮਈ ਦਾ ਮਹੀਨਾ ਸੀ। ਲੜਾਈ ਖ਼ਤਮ ਹੋਈ ਨੂੰ ਛੇ ਦਿਨ ਹੋ ਗਏ ਸਨ, ਅਤੇ ਅਸੀਂ ਸਾਰੇ ਇਕ ਜਰਮਨ ਪਿੰਡ ਵਿਚ ਤਾਇਨਾਤ ਸੀ। ਅਸੀਂ ਪੰਜ ਜਣੇ ਸੀ, ਚਾਰ ਜਾਸੂਸ ਤੇ ਮੈਂ ਉਹਨਾਂ ਦੇ ਉੱਪਰ ਇਕ ਅਫ਼ਸਰ। ਇਹ ਪਿੰਡ ਸਾਡੇ ਪਿੰਡਾਂ ਨਾਲ ਬਿਲਕੁਲ ਹੀ ਨਹੀਂ ਸੀ ਮਿਲਦਾ। ਬਾਰਾਂ ਪੱਕੇ ਮਜ਼ਬੂਤ ਮਕਾਨ ਸਨ ਅਤੇ ਹਰ ਮਕਾਨ ਦੇ ਹੇਠਾਂ ਸਾਫ਼-ਸੁਥਰਾ ਭੋਰਾ ਸੀ ਜਿਸ ਵਿਚ ਰੇਤ ਖਿਲਾਰੀ ਹੋਈ ਸੀ ਤੇ ਸਾਈਡਰ ਵਾਈਨ ਦੇ ਡਰੰਮ ਰੱਖੇ ਹੋਏ ਸਨ। ਹਰ ਵਿਹੜੇ ਵਿਚ ਮੁਰਗੀਆਂ ਤੇ ਗੁਲਾਬੀ ਸੂਰ ਸਨ, ਹਰ ਤਬੇਲੇ ਵਿਚ ਹਾਲੈਂਡੀ ਗਊਆਂ ਸਨ ਜਿਹੜੀਆਂ ਡੂੰਘੇ- ਡੂੰਘੇ ਸਾਹ ਲੈਂਦੀਆਂ ਰਹਿੰਦੀਆਂ ਅਤੇ ਮਕਾਨ ਦੇ ਪਿਛਵਾੜੇ ਬਹੁਤ ਚੰਗੀ ਤਰ੍ਹਾਂ ਵਾਹੇ ਬੀਜੇ ਅਨਾਜ ਦੇ ਖੇਤ ਸਨ। ਇਹਨਾਂ ਸਭਨਾਂ ਉੱਤੇ – ਛੋਟੇ ਛੋਟੇ ਖੇਤਾਂ, ਲਾਲ ਟੈਲਾਂ ਵਾਲੀਆਂ ਛੱਤਾਂ, ਗੁਲਾਬੀ ਸੂਰਾਂ, ਤੇ ਕਿਸਾਨਾਂ ਉੱਤੇ ਜਿਹੜੇ ਰੋਜ਼ ਸਵੇਰੇ ਖੁਸ਼-ਖੁਸ਼ ਸਿਰ ਝੁਕਾ ਕੇ ਸਾਨੂੰ ਆਦਾਬ ਕਰਦੇ – ਬਸੰਤ ਰੁੱਤ ਦਾ ਸ਼ਾਂਤ ਸੂਰਜ ਆਪਣੀਆਂ ਕਿਰਨਾਂ ਸੁੱਟਦਾ। ਉਹਨਾਂ ਨੇ ਇਕਦਮ, ਬਿਨਾਂ ਕਿਸੇ ਮਾਨਸਿਕ ਪ੍ਰੇਸ਼ਾਨੀ ਦੇ, ਅਮਨ ਸਵੀਕਾਰ ਕਰ ਲਿਆ ਸੀ ਜਿਵੇਂ ਇਹਦੇ ਵਾਸਤੇ ਸਿਰਫ਼ ਇਕੋ ਗੱਲ ਦੀ ਲੋੜ ਸੀ—ਆਪਣੇ ਬੂਟ ਲਾਹ ਦੇਣੇ ਤੇ ਛੇ ਸਾਲ ਪਹਿਲਾਂ ਇਹ ਫ਼ੌਜੀ ਬੂਟ ਪਾਉਣ ਲਈ ਲਾਹ ਦਿੱਤੀ ਘਰ ਦੀ ਜੁੱਤੀ ਪਾ ਲੈਣੀ। ਲੜਾਈ ਬਾਰੇ ਗੱਲਬਾਤ ਕਰਨਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਸਿਰਫ਼ ਉਦਾਸ ਜਿਹੇ ਆਪਣਾ ਸਿਰ ਮਾਰ ਦੇਂਦੇ ਅਤੇ ਹਿਟਲਰ ਦਾ ਨਾਂ ਲੈ ਕੇ ਬੁੜ-ਬੁੜ ਕਰਦੇ: ਸਾਰਾ ਓਸੇ ਦਾ ਕਸੂਰ ਹੈ, ਦੇਵੋ ਜਵਾਬ ਸਭ ਕੁਝ ਦਾ। ਤੇ ਅਸੀਂ, ਅਸੀਂ ਆਪਣੇ ਲੰਮੇ ਬੂਟ ਲਾਹ ਦਿੱਤੇ ਹਨ।

ਅਮਨ ਹੋ ਜਾਣ ਦੇ ਦੂਜੇ ਦਿਨ, ਪਿੰਡ ਦੇ ਬਾਹਰ ਖੇਤਾਂ ਵਿਚ ਲੁਕਿਆ ਇਕ ਜਰਮਨ ਕਾਰਪੋਰਲ ਸਾਡੇ ਕਾਬੂ ਆ ਗਿਆ। ਉੱਚਾ-ਲੰਮਾ ਆਦਮੀ, ਮਖ਼ਮਲ ਦੇ ਕਾਲਰ ਵਾਲ਼ੀ ਚਮਕਦਾਰ ਕਾਲੀ ਬਰਸਾਤੀ ਪਾਈ ਹੋਈ ਜਿਸ ਤਰ੍ਹਾਂ ਦੀ ਜਰਮਨ ਅਫ਼ਸਰ ਪਾਉਂਦੇ ਸਨ ਅਤੇ ਇਹ ਪਹਿਲੀ ਵਾਰ ਸੀ ਕਿ ਸਾਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਇਸ ਜਰਮਨ ਦਾ ਕੀ ਕਰੀਏ। ਜਦੋਂ ਮੈਂ ਉਹਦੇ ਤਿੱਖੇ ਮੋਢਿਆਂ ਵੱਲ ਵੇਖਿਆ ਜਿਹੜੇ ਚਮਕਦੀ ਬਰਸਾਤੀ ਹੇਠੋਂ ਬਾਹਰ ਨੂੰ ਉੱਭਰੇ ਹੋਏ ਸਨ, ਤਾਂ ਮੈਂ ਅਚਾਨਕ ਮਹਿਸੂਸ ਕੀਤਾ ਕਿਵੇਂ ਸਾਰੀਆਂ ਮਨੁੱਖੀ ਕਦਰਾਂ ਕੀਮਤਾਂ ਤੁਲਨਾਤਮਕ ਹੁੰਦੀਆਂ ਹਨ। ਦੋ ਦਿਨ ਪਹਿਲਾਂ ਉਹਨੇ ਸਾਡਾ ਦੁਸ਼ਮਣ ਹੋਣਾ ਸੀ। ਤੇ ਹੁਣ ਨਾ ਉਹ ਦੁਸ਼ਮਣ ਸੀ ਨਾ ਜੰਗੀ ਕੈਦੀ, ਪਰ ਤਾਂ ਵੀ ਉਸ ਨੂੰ ਛੱਡ ਦੇਣਾ ਅਜੀਬ ਲੱਗਦਾ ਸੀ।

ਜੁਲਾਈ ਉੱਨੀ ਸੌ ਇਕਤਾਲੀ ਦਾ ਇਕ ਦਿਨ ਯਾਦ ਆ ਗਿਆ। ਅਸੀਂ ਪਿੱਛੇ ਹਟ ਰਹੇ ਸਾਂ ਤੇ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਸੀ ਕਿ ਅਸੀਂ ਇਕ ਜਰਮਨ ਨੂੰ ਕੈਦੀ ਬਣਾ ਲਿਆ। ਜਿਸ ਵੇਲੇ ਅਸੀਂ ਉਹਦੇ ਅੱਟਣਾਂ ਵਾਲੇ ਵੱਡੇ-ਵੱਡੇ ਹੱਥ ਵੇਖੇ ਜੋ ਇਕ ਕਾਮੇ ਦੇ ਹੱਥ ਸਨ, ਤਾਂ ਅਸੀਂ ਉਹਦੀ ਪਿੱਠ ਉੱਤੇ ਥਾਪੀ ਦਿੱਤੀ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਕਿ ਸਾਨੂੰ ਇਹਦੇ ਨਾਲ ਇਸ ਵਾਸਤੇ ਹਮਦਰਦੀ ਹੋਈ ਹੈ ਕਿ ਇਹ ਮਜ਼ਦੂਰ ਹੈ ਤੇ ਹਿਟਲਰ ਨੇ ਇਹਦੇ ਨਾਲ ਕੀ ਕੀਤਾ ਸੀ ਕਿ ਇਸ ਨੇ ਸਾਡੇ ਖਿਲਾਫ਼ ਹਥਿਆਰ ਚੁੱਕ ਲਏ। ਅਸੀਂ ਉਸ ਨੂੰ ਆਪਣੇ ਪਤੀਲੇ ਵਿਚੋਂ ਹੀ ਖਾ ਲੈਣ ਦਿੱਤਾ। ਇਹ ਲੜਾਈ ਦੇ ਸ਼ੁਰੂ ਦੀ ਗੱਲ ਸੀ। ਹੁਣ ਲੜਾਈ ਖ਼ਤਮ ਹੋ ਚੁੱਕੀ ਸੀ ਅਤੇ ਸਾਡੇ ਸਾਮ੍ਹਣੇ ਇਕ ਜਰਮਨ ਕਾਰਪੋਰਲ ਖੜਾ ਸੀ ਜਿਹੜਾ ਸਾਨੂੰ ਕਣਕ ਦੇ ਖੇਤ ਵਿਚ ਲੇਲ੍ਹੜੀਆਂ ਕੱਢਦਾ ਮਿਲਿਆ ਸੀ ਤੇ ਸਾਡੇ ਵਿਚੋਂ ਕਿਸੇ ਦਾ ਵੀ ਉਸ ਦੀ ਪਿੱਠ ਥਾਪੜਨ ਤੇ ਉਹਨੂੰ ਹੌਂਸਲਾ ਦੇਣ ਵਾਸਤੇ ਕੁਝ ਆਖਣ ਦਾ ਜੀਅ ਨਹੀਂ ਸੀ ਕਰਦਾ। ਅਸੀਂ ਹੁਣ ਇਕ ਦੂਜੇ ਨੂੰ ਉਹ ਕੁਝ ਨਹੀਂ ਆਖ ਸਕੇ ਜੋ ਸ਼ਾਇਦ, ਬੀਤੀਆਂ ਜੰਗਾਂ ਦੇ ਖ਼ਤਮ ਹੋਣ ਉੱਤੇ ਫ਼ੌਜੀ ਇਕ ਦੂਜੇ ਨੂੰ ਆਖਦੇ ਸਨ: “ਤੂੰ ਵੀ ਫ਼ੌਜੀ ਏਂ, ਮੈਂ ਵੀ ਫ਼ੌਜੀ ਆਂ, ਤੇ ਕਸੂਰਵਾਰ ਅਸੀਂ ਨਹੀਂ, ਉਹ ਨੇ ਜਿਨ੍ਹਾਂ ਨੇ ਸਾਨੂੰ ਇਕ ਦੂਜੇ ਉੱਤੇ ਗੋਲੀ ਚਲਾਉਣ ਲਈ ਮਜ਼ਬੂਰ ਕੀਤਾ। ਦੇਣ ਹੁਣ ਇਸ ਸਭ ਕੁਝ ਦਾ ਜਵਾਬ। ” ਸਾਡੇ ਵਿਚਾਲੇ ਕੋਈ ਹੋਰ ਚੀਜ਼ ਸੀ। ਇਸ ਲੜਾਈ ਤੋਂ ਬਾਅਦ ਹਰ ਇਕ ਬੰਦੇ ਦਾ ਕਸੂਰ ਤੇ ਉਹਦੀ ਜਿੰਮੇਵਾਰੀ ਮਾਪਣ ਦੇ ਮਿਆਰ ਵੱਖਰੇ ਸਨ।

ਪਰ ਜਾਪਦਾ ਸੀ ਕਿ ਇਸ ਪਿੰਡ ਦੇ ਲੋਕ ਤੇ ਉਸ ਘਰ ਦੇ ਮਾਲਕ, ਜਿਸ ਵਿਚ ਅਸੀਂ ਡੇਰਾ ਲਾਇਆ ਹੋਇਆ ਸੀ, ਇਹ ਗੱਲ ਮਹਿਸੂਸ ਨਹੀਂ ਕਰਦੇ ਸਨ। ਰੋਜ਼ ਸਵੇਰੇ ਜਦੋਂ ਮੈਂ ਆਪਣੀ ਪੇਟੀ ਤੇ ਪਿਸਤੌਲ ਨੂੰ ਲੱਕੜ ਦੇ ਮੰਜੇ ਨਾਲ ਲਟਕਾ ਕੇ, ਨਾਸ਼ਤਾ ਕਰਨ ਲੱਗਦਾ ਤਾਂ ਫਾਰਮ ਦਾ ਮਾਲਕ ਆਪਣੇ ਦੰਦਾਂ ਵਿਚ ਆਪਣਾ ਪਾਈਪ ਅੜਾਈ “Herr Ofizier" ਨੂੰ ਸਲਾਮ ਆਖਣ ਆ ਜਾਂਦਾ। ਸ਼ੁਰੂ ਵਿਚ ਉਹ ਸਿਰਫ ਬਰੂਹਾਂ ਤੱਕ ਆਇਆ, ਪਰ ਇਕ ਦੋ ਦਿਨਾਂ ਵਿਚ ਹੀ ਉਹ ਮੇਜ਼ ਦੇ ਕੋਲ ਕੁਰਸੀ ਉੱਤੇ ਬਹਿਣ ਲੱਗ ਪਿਆ। ਉਹ ਬਾਰੀ ਦੇ ਕੋਲ ਚੜ੍ਹਦੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਵਿਚ ਆ ਬਹਿੰਦਾ, ਲੱਤ ਉੱਤੇ ਲੱਤ ਰੱਖ ਲੈਂਦਾ, ਤੇ ਪਾਈਪ ਵਿਚੋਂ ਸੂਟੇ ਭਰਦਾ ਜਾਂਦਾ ਜਿਸ ਦੇ ਧਾਤ ਦੇ ਢੱਕਣ ਉੱਤੇ ਨਿਕੋਟੀਨ ਦੇ ਕਾਲੇ ਦਾਗ਼ ਪੈ ਗਏ ਸਨ। ਜਾਪਦਾ ਸੀ ਜਿਵੇਂ ਉਹਨੂੰ “Herr Ofizier" ਨੂੰ ਨਾਸ਼ਤਾ ਕਰਦਿਆਂ ਵੇਖ ਕੇ ਬੜਾ ਮਜ਼ਾ ਆਉਂਦਾ ਸੀ। ਉਹ ਆਪ ਵੀ ਕਦੇ ਜਵਾਨ ਹੁੰਦਾ ਸੀ ਤੇ ਉਹਨੂੰ ਪਤਾ ਸੀ ਕਿ ਜਵਾਨ ਆਦਮੀ ਨੂੰ ਸਵੇਰ ਵੇਲੇ ਚੰਗਾ ਚੋਖਾ ਖਾਣ-ਪੀਣ ਦੀ ਲੋੜ ਹੁੰਦੀ ਹੈ। ਉਹਦੀਆਂ ਅੱਖਾਂ ਵਿਚ ਖੁਸ਼ੀ ਤੇ ਖੇੜੇ ਦੀ ਚਮਕ ਹੁੰਦੀ। ਬਾਹਰ ਵਿਹੜੇ ਵਿਚ ਉਹਦੀ ਬੀਵੀ ਦੇ ਛੋਹਲੇ–ਛੋਹਲੇ ਕਦਮਾਂ ਦੀ ਅਤੇ ਕਲੀ ਕੀਤੀਆਂ ਦੁੱਧ ਵਾਲੀਆਂ ਬਾਲਟੀਆਂ ਦੇ ਟੁਣਕਣ ਦੀ ਅਵਾਜ਼ ਸਾਡੇ ਕੰਨੀਂ ਪੈਂਦੀ ਰਹਿੰਦੀ। ਅਠਾਰਾਂ ਵਰ੍ਹਿਆਂ ਦੀ ਉਮਰ ਵਿਚ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਸੀ ਅਤੇ ਹੁਣ, ਬੱਤੀ ਸਾਲ ਦੀ ਉਮਰ ਵਿਚ, ਕਿਸੇ ਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਉਹ ਉਸ ਉੱਚੇ ਲੰਮੇ ਤੇ ਛੀਟਕੇ ਜਿਹੇ ਮੁੰਡੇ ਦੀ ਮਾਂ ਹੋ ਸਕਦੀ ਹੈ ਜਿਹੜਾ ਆਪਣੇ ਪਿਓ ਨਾਲੋਂ ਵੀ ਚੱਪਾ ਉੱਚਾ ਸੀ। ਕਈ ਵਾਰੀ ਸਾਨੂੰ ਇਸ ਤਰ੍ਹਾਂ ਜਾਪਦਾ ਕਿ ਉਹ ਇਸ ਆਦਮੀ ਦੀ ਕਿਸੇ ਦੂਸਰੀ ਬੀਵੀ ਦੇ ਪੇਟੋਂ ਹੈ।

ਪਹਿਲੇ ਦਿਨ ਹੀ ਕਿਸਾਨ ਨੇ ਮੈਨੂੰ ਆਖਿਆ ਕਿ ਉਹਨੂੰ ਤੇ ਉਹਦੀ ਬੀਵੀ ਨੂੰ ਰਾਤ ਵੇਲੇ ਨਾਲ ਦੇ ਪਿੰਡ ਆਪਣੇ ਰਿਸ਼ਤੇਦਾਰਾਂ ਕੋਲ੍ਹ ਚਲੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਉਸ ਨੇ ਆਖਿਆ ਕਿ ਉਹਦੀ ਬੀਵੀ ਹਾਲੇ ਜਵਾਨ ਹੈ ਤੇ ਆਸ-ਪਾਸ ਫੌਜੀ ਹਨ... ਇਹ ਕਿ ਮੈਨੂੰ ਕੋਈ ਸ਼ੱਕ ਸੁਬ੍ਹਾ ਹੋ ਸਕਦਾ ਹੈ ਇਸ ਨੂੰ ਦੂਰ ਕਰਨ ਲਈ ਉਸ ਨੇ ਇਕਰਾਰ ਕੀਤਾ ਕਿ ਉਹਦਾ ਪੁੱਤਰ ਸਾਡੇ ਕੋਲ ਹੀ ਰਿਹਾ ਕਰੇਗਾ। ਕਿਉਂਕਿ ਉਸ ਨੇ ਆਪਣੇ ਘਰ ਦਾ ਸਾਰਾ ਸਾਜ਼-ਸਾਮਾਨ, ਮਾਲ ਡੰਗਰ ਵਗੈਰਾ ਵੀ ਛੱਡ ਕੇ ਜਾਣਾ ਹੁੰਦਾ ਸੀ ਇਸ ਲਈ ਮੈਨੂੰ ਕੋਈ ਸ਼ੱਕ-ਸ਼ੁਬ੍ਹਾ ਕਿਵੇਂ ਹੋ ਸਕਦਾ ਸੀ ਜਿਸ ਲਈ ਮੁੰਡੇ ਨੂੰ ਰਾਤ ਵੇਲੇ ਪਿੱਛੇ ਰਹਿਣ ਦੀ ਲੋੜ ਹੋਵੇ।

ਕਿਸਾਨ ਤੇ ਉਹਦੀ ਬੀਵੀ ਆਮ ਕਰਕੇ ਸੂਰਜ ਡੁੱਬਦੇ ਨਾਲ ਚਲੇ ਜਾਂਦੇ ਸਨ, ਅਤੇ ਉਹਨਾਂ ਦੇ ਚਲੇ ਜਾਣ ਤੋਂ ਢੇਰ ਚਿਰ ਮਗਰੋਂ ਤੱਕ ਤਬੇਲਿਆਂ ਤੇ ਢਾਰਿਆਂ ਵਿਚ ਮੁੰਡੇ ਦੀਆਂ ਕੁੰਜੀਆਂ ਛਣ-ਛਣ ਕਰਦੀਆਂ ਸੁਣਦੀਆਂ ਰਹਿੰਦੀਆਂ ਸਨ। ਅਸੀਂ ਉਹਦੇ ਵੱਲ ਕੋਈ ਧਿਆਨ ਨਹੀਂ ਸੀ ਦੇਂਦੇ। ਮੇਰੇ ਮਾਤਹਿਤ ਜਾਸੂਸ ਵਿਹੜੇ ਵਿਚ ਬੈਠੇ ਸੂਰਜ ਡੁੱਬਦਾ ਵੇਖਦੇ ਰਹਿੰਦੇ ਤੇ ਦੋ ਟੋਲੀਆਂ ਬਣਾ ਕੇ ਉਸ ਕਜ਼ਾਕ ਬਾਰੇ ਗੀਤ ਗਾਉਂਦੇ ਜਿਹੜਾ ਲਾਮ ਨੂੰ ਗਿਆ ਸੀ ਅਤੇ ਇਹ ਗੀਤ ਜਿਹੜਾ ਅਸੀਂ ਸੈਂਕੜੇ ਵਾਰ ਸੁਣਿਆਂ ਹੋਇਆ ਸੀ, ਏਥੇ ਜਰਮਨੀ ਬੈਠਿਆਂ ਸਿੱਧਾ ਸਾਡੇ ਦਿਲਾਂ ਵਿਚ ਉੱਤਰ ਜਾਂਦਾ।

ਵੱਡੇ ਤੜਕੇ ਹੀ, ਜਦੋਂ ਹਾਲੇ ਪਾਲਾ ਹੁੰਦਾ, ਉਹ ਮੀਆਂ ਬੀਵੀ ਵਾਪਸ ਆ ਜਾਂਦੇ। ਉਹ “Herr Ofizier” ਨੂੰ ਸ਼ੁਭ-ਪ੍ਰਭਾਤ ਕਹਿਣ ਆਉਂਦਾ ਤੇ ਉਹਦੀ ਬੀਵੀ ਆਉਂਦੀ ਹੀ ਵਿਹੜੇ ਵਿਚ ਆਪਣੇ ਕੰਮ ਕਾਰ ਵਿਚ ਰੁੱਝ ਜਾਂਦੀ, ਆਪਣੇ ਗੁਦਗੁਦੇ, ਫੁਰਤੀਲੇ ਤੇ ਸੁਚੱਜੇ ਹੱਥਾਂ ਨਾਲ ਸੂਰਾਂ ਵਾਸਤੇ ਚਾਰਾ ਤਿਆਰ ਕਰਦੀ। ਜਦੋਂ ਉਹ ਤਬੇਲੇ ਤੋਂ ਘਰ ਤੇ ਘਰ ਤੋਂ ਤਬੇਲੇ ਭੱਜੀ-ਭੱਜੀ ਆਉਂਦੀ-ਜਾਂਦੀ ਅਤੇ ਆਪਣੇ ਪਿੱਛੇ-ਪਿੱਛੇ ਖੁਰਲੀ, ਕੋਸੇ-ਕੋਸੇ ਦੁੱਧ ਤੇ ਮੁੜ੍ਹਕੇ ਦੀਆਂ ਮਹਿਕਾਂ ਖਿਲਾਰ ਜਾਂਦੀ ਓਦੋਂ ਮੇਰੇ ਵਿਹਲੜ ਮਾਤਹਿਤ ਧੁੱਪੇ ਬੈਠੇ ਸੁਸਤਾ ਰਹੇ ਹੁੰਦੇ। ਉਹ ਮੁੰਡਿਆਂ ਉੱਤੇ ਤਿੱਖੀਆਂ ਨਜ਼ਰਾਂ ਸੁੱਟਦੀ ਤੇ ਉਹਨਾਂ ਦੇ ਅੱਗੋਂ ਦੀ ਦੌੜਦੀ ਲੰਘਦੀ ਆਪਣੀ ਘੱਗਰੀ ਨੂੰ ਉਹਨਾਂ ਦੇ ਗੋਡਿਆਂ ਨਾਲ ਛੁਹਾ ਜਾਣ ਦੀ ਕੋਸ਼ਿਸ਼ ਕਰਦੀ। ਤੇ ਜਦੋਂ ਉਹ ਆਪਣੀਆਂ ਢਾਕਾਂ ਉੱਤੇ ਹੱਥ ਰੱਖੀ, ਨੰਗੀਆਂ ਲੱਤਾਂ ਚੌੜੀਆਂ ਕਰ ਕੇ, ਜਿਹੜੀਆਂ ਖੁਰਲੀਆਂ ਦੁਆਲੇ ਤੁਰੇ ਫਿਰਦੇ ਤੇ ਘੀਂ ਘੀਂ ਕਰਦੇ ਸੂਰਾਂ ਸਦਕਾ ਅੱਧੀਆਂ ਲੁਕੀਆਂ ਹੁੰਦੀਆਂ, ਸੂਰਵਾੜੇ ਦੀਆਂ ਬਰੂਹਾਂ ਵਿਚ ਖਲੋਤੀ ਹੁੰਦੀ ਤਾਂ ਆਪਣੇ ਮੋਟੇ-ਮੋਟੇ ਪੱਟਾਂ, ਮਜ਼ਬੂਤ ਗੁਲਾਈਆਂ ਅਤੇ ਰੱਜੇ-ਪੁੱਜੇ ਬੱਚੇ ਵਰਗੇ ਵੱਟ ਚੜ੍ਹੇ ਭਰਵੱਟਿਆਂ ਤੋਂ ਸੰਤੋਖ ਤੇ ਬਹੁਲਤਾ ਦੀ ਮੂਰਤ ਜਾਪਦੀ ਸੀ। ਉਹਦਾ ਖਾਵੰਦ ਬੇਡੌਲ ਤੇ ਗਠਵੇਂ ਸਰੀਰ ਵਾਲਾ ਸੀ ਜਿਸ ਦੇ ਹੱਡਲ ਮੋਢੇ ਤੇ ਵੱਡੇ-ਵੱਡੇ ਹੱਥ ਸਨ ਤੇ ਮੂੰਹ ਵਿਚ ਹਰ ਵੇਲ਼ੇ ਪਾਈਪ ਅੜਾਈ ਰੱਖਦਾ ਸੀ। ਪਰ ਮੈਨੂੰ ਉਹਦੀ ਪੇਂਡੂਆਂ ਵਾਲੀ ਸੂਰਤ ਤੇ ਢਿਲੜਾਂ ਵਰਗੀ ਰਹਿਣੀ ਬਹਿਣੀ ਹੇਠ ਬੜੀ ਹੁਸ਼ਿਆਰੀ ਨਾਲ ਲੁਕਾਇਆ ਹੋਇਆ ਫੌਜੀ ਤੌਰ-ਤਰੀਕਾ ਜਿਹਾ ਨਜ਼ਰ ਆਉਂਦਾ ਸੀ।

ਉਸ ਦਿਨ ਸਵੇਰ ਵੇਲੇ, ਜਦੋਂ ਮੈਂ ਨਾਸ਼ਤਾ ਕਰ ਰਿਹਾ ਸਾਂ, ਉਹ ਮੇਜ਼ ਕੋਲ ਆ ਬੈਠਾ ਤੇ ਸਾਵਧਾਨੀ ਤੋਂ ਕੰਮ ਲੈਂਦਿਆਂ ਕਈ ਤਰ੍ਹਾਂ ਦੀਆਂ ਗੱਲਾਂ ਛੇੜੀ ਗਿਆ। ਆਪਣੇ ਗਲਾਸ ਦੇ ਕੰਢੇ ਉੱਤੋਂ ਦੀ ਮੈਂ ਉਹਦੇ ਵੱਲ ਵੇਖਿਆ ਤੇ ਅਚਾਨਕ ਹੀ ਮੈਨੂੰ ਘਰ ਦਾ ਓਦਰੇਵਾਂ ਮਹਿਸੂਸ ਹੋਣ ਲੱਗ ਪਿਆ ਜਿਵੇਂ ਅਸੀਂ ਇਸ ਸਾਫ-ਸੁਥਰੇ ਛੋਟੇ ਜਿਹੇ ਜਰਮਨ ਪਿੰਡ ਵਿਚ (ਜਿਹੜਾ ਕਿਸੇ ਚਮਤਕਾਰ ਨਾਲ ਹੀ ਜੰਗ ਦੀ ਤਬਾਹੀ ਤੋਂ ਬਚ ਗਿਆ ਸੀ) ਸਿਰਫ਼ ਛੇ ਦਿਨ ਤੋਂ ਨਹੀਂ ਸਗੋਂ ਇਕ ਸੌ ਸਾਲ ਤੋਂ ਡੇਰੇ ਲਾਏ ਹੋਏ ਹੋਣ। ਅੱਜ ਮੇਰੇ ਵਾਸਤੇ ਖੁਸ਼ੀ ਦੀ ਗੱਲ ਸਿਰਫ਼ ਇਹ ਹੀ ਸੀ। ਉਹ ਇਹ ਕਿ ਇਕ ਨਵਾਂ ਮੋਟਰ ਸਾਈਕਲ ਬਾਹਰ ਵਿਹੜੇ ਵਿਚ ਮੇਰੀ ਉਡੀਕ ਕਰ ਰਿਹਾ ਸੀ। ਤੜਕੇ ਸਵੇਰੇ ਖੁਫੀਆ ਮਹਿਕਮੇ ਦੇ ਸੈਨਿਕ ਇਸ ਨੂੰ ਲੈ ਕੇ ਆਏ ਸਨ ਅਤੇ ਮੈਂ ਹਾਲੇ ਇਸ ਨੂੰ ਵੇਖਿਆ ਵੀ ਨਹੀਂ ਸੀ।

ਮੈਂ ਵੇਖਿਆ ਕਿ ਮਾਗਦਾ ਮੋਟੇ ਤਲੇ ਵਾਲੇ ਫ਼ੌਜੀ ਬੂਟ ਪਾਈ ਬਾਰੀ ਅੱਗੋਂ ਦੀ ਲੰਘੀ। ਉਸ ਦੇ ਬੇਹਿਸ ਚਿਹਰੇ ਉੱਤੇ ਵੱਟ ਪਏ ਹੋਏ ਸਨ ਅਤੇ ਆਪਣੀਆਂ ਅਸਪਾਤ ਵਰਗੀਆਂ ਬਾਹਵਾਂ ਵਿਚ ਬਲੂਤ ਦਾ ਗਿਲਾ ਟੱਪ ਚੁੱਕਿਆ ਹੋਇਆ ਸੀ ਜੋ ਉਹਦੇ ਢਿੱਡ ਨਾਲ ਲੱਗਾ ਹੋਇਆ ਸੀ। ਉਹ ਸਾਡੇ ਇਸ ਕਿਸਾਨ ਲਈ ਪਤਝੜ ਦੇ ਦਿਨਾਂ ਤੋਂ ਕੰਮ ਕਰ ਰਹੀ ਸੀ। ਲੱਗਦਾ ਸੀ ਕਿ ਇਸ ਪਿੰਡ ਵਿਚ ਉਹਦੇ ਨਸੀਬੇ ਵਿਚ ਅਮਨ ਨਹੀਂ ਸੀ, ਉਹਦਾ ਕੋਈ ਭਵਿੱਖ ਹੀ ਨਹੀਂ ਰਿਹਾ ਸੀ। ਜੋ ਕੁਝ ਵੀ ਉਸ ਕੋਲ ਸੀ ਉਹ ਅਤੀਤ ਵਿਚ ਰਹਿ ਗਿਆ ਸੀ ਪਰ ਉਹਦੀ ਤਕੜੀ ਸਿਹਤ ਦੱਸਦੀ ਸੀ ਕਿ ਉਹ ਲੰਮੀ ਉਮਰ ਭੋਗੇਗੀ।

ਉਹਦਾ ਘਰ ਵਾਲਾ ਸੀ। ਇਕ ਕਮਿਊਨਿਸਟ। ਇਕ ਜਲਸੇ ਵਿਚ ਪਿੱਠ ਵਿਚ ਛੁਰਾ ਵੱਜਣ ਨਾਲ ਉਹਦੀ ਮੌਤ ਹੋ ਗਈ ਸੀ। ਉਹਦਾ ਇਕ ਪੁੱਤਰ ਸੀ ਜਿਸ ਨੂੰ ਉਹਨੇ ਵਡੇਰੀ ਉਮਰ ਵਿਚ ਜਨਮ ਦਿੱਤਾ ਸੀ। ਉਹ ਸਿਰਫ਼ ਉਹਦੀ ਖ਼ਾਤਰ ਹੀ ਜਿਊਂਦੀ ਰਹੀ ਸੀ। ਉਹ ਉਨੀ ਚੁਤਾਲੀ ਵਿਚ ਮੁਹਾਜ਼ ’ਤੇ ਮਾਰਿਆ ਗਿਆ।

ਮੇਰੇ ਮਾਤਹਿਤ ਜਾਸੂਸਾਂ ਵਿਚੋਂ ਇਕ, ਸੁੱਤ-ਉਨੀਂਦੀਆਂ ਅੱਖਾਂ ਵਾਲਾ ਮਾਰਗੋਸਲਿਨ ਨੰਗੇ ਪੈਰ ਤੇ ਕਮੀਜ਼ ਉੱਤੇ ਪੇਟੀ ਬੰਨ੍ਹੇ ਬਗ਼ੈਰ ਲੜਖੜਾਉਂਦਾ ਹੋਇਆ ਅੱਗੇ ਵਧਿਆ ਤੇ ਟੱਪ ਫੜ ਲਿਆ। ਪਹਿਲਾਂ ਤਾਂ ਉਹ ਟੱਪ ਛੱਡਦੀ ਹੀ ਨਹੀਂ ਸੀ ਤੇ ਥੋੜ੍ਹਾ ਚਿਰ ਉਹਨਾਂ ਵਿਚ ਖਿੱਚ ਧੂਹ ਹੁੰਦੀ ਰਹੀ, ਪਰ ਅਖ਼ੀਰ ਉਹਨੇ ਟੱਪ ਫੜਾ ਦਿੱਤਾ। ਮਾਰਗੋਸਲਿਨ ਨੇ ਬੜੇ ਆਰਾਮ ਨਾਲ ਉਸ ਨੂੰ ਮੋਢਿਆਂ ਉੱਤੇ ਚੁਕ ਲਿਆ ਤੇ ਮਾਗਦਾ ਉਹਦੇ ਮਗਰ-ਮਗਰ ਤੁਰ ਪਈ। ਧੁਪ ਵਿਚ ਉਹਦੇ ਚਿਹਰੇ ਦਾ ਰੰਗ ਕਾਲਾ-ਕਾਲਾ ਲੱਗਦਾ ਸੀ। ਜਿੰਨਾ ਚਿਰ ਉਹ ਢਾਰੇ ਦੇ ਓਹਲੇ ਨਹੀਂ ਹੋ ਗਏ ਮੈਂ ਉਹਨਾਂ ਵੱਲ ਵੇਖਦਾ ਰਿਹਾ।

ਮੈਂ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ ਕਿ ਮੇਰੇ ਜਵਾਨ ਉਸ ਪਰਵਾਰ ਦਾ ਹੱਥ ਵਟਾਉਣ ਜਿਸ ਦੇ ਘਰ ਅਸੀਂ ਠਹਿਰੇ ਹੋਏ ਸਾਂ ਨਾ ਹੀ ਮਾਲਕਣ ਦਾ ਜਿਸ ਵਿਚ ਬੜੀ ਕਾਮੁਕ ਖਿੱਚ ਸੀ, ਤੇ ਨਾ ਹੀ ਮੁੰਡੇ ਦਾ। ਜੇ ਕਿਸੇ ਉੱਤੇ ਉਹਨਾਂ ਨੂੰ ਤਰਸ ਆਉਂਦਾ ਸੀ, ਇਹ ਸੋਚੇ ਬਗ਼ੈਰ ਕਿ ਕਿਉਂ, ਤਾਂ ਉਹ ਸੀ ਬੁੱਢੀ ਮਾਗਦਾ ਜਿਸ ਦਾ ਜੰਗ ਵਿਚ ਸਭ ਕੁਝ ਤਬਾਹ ਹੋ ਗਿਆ ਸੀ ਤੇ ਹੁਣ ਉਹਨਾਂ ਲੋਕਾਂ ਵਾਸਤੇ ਕੰਮ ਕਰਨਾ ਪੈਂਦਾ ਸੀ ਜਿਨ੍ਹਾਂ ਨੇ ਨੁਕਸਾਨ ਦੀ ਥਾਂ ਫਾਇਦਾ ਉਠਾਇਆ ਸੀ।

ਮੈਂ ਫਰਾਈ ਕੀਤੇ ਹੋਏ ਆਂਡੇ ਮੁਕਾਏ ਜਿਹੜੇ ਮੈਂ ਫਰਾਈਪੈਨ ਵਿਚ ਹੀ ਖਾ ਰਿਹਾ ਸਾਂ ਅਤੇ ਆਪਣੇ ਵਾਸਤੇ ਵਾਈਨ ਦਾ ਇਕ ਹੋਰ ਗਲਾਸ ਭਰਿਆ। ਵਾਈਨ ਦਾ ਰੰਗ ਪੀਲਾ ਸੀ ਤੇ ਇਹ ਪਾਰਦਰਸ਼ੀ ਸੀ ਅਤੇ ਏਨੀ ਠੰਡੀ ਕਿ ਖਾਲੀ ਕਰ ਕੇ ਰੱਖਿਆ ਗਲਾਸ ਬੜੀ ਦੇਰ ਤੱਕ ਮਗਰੋਂ ਵੀ ਠੰਡਾ ਹੀ ਰਿਹਾ। ਮੈਂ ਆਪਣੀ ਪਿਸਤੌਲ ਵਾਲੀ ਪੇਟੀ ਗਲ ਵਿਚ ਪਾਈ (ਕਿਸਾਨ ਮੇਰੀ ਹਰ ਹਰਕਤ ਨੂੰ ਆਦਰ ਨਾਲ ਵੇਖੀ ਜਾ ਰਿਹਾ ਸੀ) ਲੱਕ ਦੀ ਪੇਟੀ ਦਾ ਬਕਸੂਆ ਬੰਦ ਕੀਤਾ, ਆਪਣੇ ਪੱਠਿਆਂ ਨੂੰ ਤੇ ਢਾਕ ਨਾਲ ਲੱਗੇ ਪਿਸਤੌਲ ਨੂੰ ਖਾਸ ਖੁਸ਼ੀ ਨਾਲ ਟੋਹ ਕੇ ਵੇਖਿਆ, ਅਫਸਰਾਂ ਵਾਲੀ ਆਪਣੀ ਟੋਪੀ ਸਿਰ ਉੱਤੇ ਟਿਕਾਈ ਤੇ ਵਿਹੜੇ ਵਿਚ ਆ ਗਿਆ। ਇਸ ਜਰਮਨ ਦੇ ਸਾਮ੍ਹਣੇ ਇਸ ਤਰ੍ਹਾਂ ਦਾ ਵਿਖਾਵਾ ਕਰ ਕੇ ਜੋ ਖੁਸ਼ੀ ਮੈਨੂੰ ਮਿਲੀ, ਉਸ ਤੋਂ ਅੰਦਾਜ਼ਾ ਕੀਤੀਆਂ ਤਾਂ ਬਾਈ ਵਰ੍ਹਿਆ ਦੀ ਉਮਰ ਦਾ ਆਦਮੀ ਹਾਲੇ ਬੜਾ ਜਵਾਨ ਹੁੰਦਾ ਹੈ ਭਾਵੇਂ ਉਹ ਇਸ ਕਿਸਮ ਦੀ ਲੜਾਈ ਵਿਚੋਂ ਲੰਘ ਕੇ ਆਇਆ ਹੋਵੇ।

ਵਾਈਨ ਪੀਣ ਕਾਰਨ ਵਿਹੜੇ ਵਿਚ ਸੂਰਜ ਦੀ ਧੁੱਪ ਆਮ ਨਾਲੋਂ ਬਹੁਤੀ ਚੁੰਧਿਆਊ ਜਾਪਦੀ ਸੀ ਅਤੇ ਮਕਾਨ ਦੀ ਚਿੱਟੀ ਕੰਧ ਨਾਲ ਲੱਗਾ ਮੋਟਰ ਸਾਈਕਲ ਨਿਕਲ ਤੇ ਕਾਲੀ ਅਨੈਮਲ ਦੇ ਰੋਗਨ ਸਦਕਾ ਲਿਸ਼ਕਾਂ ਮਾਰਦਾ ਸੀ। ਚਲਦੀ ਮੋਟਰ ਨਾਲ ਡੋਲਦੇ ਕੰਬਦੇ ਤੇ ਫਿਟ ਫਿਟ ਕਰਦੇ ਮੋਟਰ ਸਾਈਕਲ ਨੂੰ ਮੈਂ ਰੇੜ੍ਹ ਕੇ ਵਿਹੜੇ ਵਿਚੋਂ ਬਾਹਰ ਲੈ ਆਂਦਾ ਅਤੇ ਅਜੇ ਮੈਂ ਪੈਡਲ ਉੱਤੇ ਪੈਰ ਰੱਖਿਆ ਹੀ ਸੀ ਕਿ ਉਹ ਉੱਛਲ ਕੇ ਅਗਾਂਹ ਵਧਿਆ ਤੇ ਅਸਮਾਨ ਦੀ ਚਮਕਦੀ ਨੀਲੀ ਕੰਧ ਵੱਲ੍ਹ ਪਿੰਡ ਦੀ ਢਾਲਵੀਂ ਸੜਕ ਉੱਤੇ ਉੱਡ ਪਿਆ। ਇਸ ਵਿਚ ਕੋਈ ਸ਼ੱਕ ਨਹੀਂ ਸੀ ਹੋ ਸਕਦਾ ਕਿ ਲੜਾਈ ਬੰਦ ਹੋ ਗਈ ਸੀ ਅਤੇ ਅਸੀਂ ਜਰਮਨੀ ਵਿਚ ਸਾਂ ਉਹਨਾਂ ਸਾਰਿਆਂ ਵਲੋਂ ਏਥੇ ਸਾਂ ਜਿਹੜੇ ਰਾਹ ਵਿਚ ਸ਼ਹੀਦ ਹੋ ਗਏ ਸਨ। ਮੈਂ ਆਪਣੇ ਮੋਟਰ ਸਾਈਕਲ ਨੂੰ ਜਿੰਨਾ ਵੀ ਤੇਜ਼ ਚਲਾ ਸਕਦਾ ਸੀ ਚਲਾ ਰਿਹਾ ਸਾਂ ਤੇ ਮੈਨੂੰ ਆਪਣੇ ਦੰਦਾਂ ਉੱਤੇ ਹਵਾ ਅਤੇ ਆਪਣੀ ਛਾਤੀ ਵਿਚ ਚੜ੍ਹੇ ਚਾਅ ਦੀ ਇਕ ਠੰਡੀ ਝਰਨਾਹਟ ਤੋਂ ਸਿਵਾਏ ਕੁਝ ਵੀ ਮਹਿਸੂਸ ਨਹੀਂ ਸੀ ਹੋ ਰਿਹਾ।

ਪਹਾੜੀ ਦੇ ਉੱਪਰ ਇਕ ਹੋਰ ਪਿੰਡ ਸੀ ਜਿੱਥੇ ਸਾਡੇ ਇਕ ਹੋਰ ਡਿਵੀਜ਼ਨ ਦੇ ਜਾਸੂਸਾਂ ਦਾ ਮੁਖੀ, ਵੋਲੋਦਿਯਾ ਯਾਕੋਵੇਨਕੋ ਠਹਿਰਿਆ ਹੋਇਆ ਸੀ। ਉਹਦੇ ਮਾਤਹਿਤ ਵੀ ਚਾਰ ਜਾਸੂਸ ਸਨ। ਜਦੋਂ ਮੈਂ ਜੰਗਲ ਵਿਚੋਂ ਦੀ ਪਥਰੀਲੀ ਸੜਕ ਉੱਤੇ ਮੋਟਰ ਸਾਈਕਲ ਭਜਾਉਂਦਾ ਪਹਾੜੀ ਦੀ ਚੋਟੀ ਉੱਤੇ ਪੁੱਜਾ ਤਾਂ ਮੈਂ ਮੋਟਰ ਦੇ ਧੂੰਆਂ ਛੱਡਣ ਵਾਲੇ ਪਾਈਪ ਦੀ ਕੰਨ-ਪਾੜਵੀਂ ਗੜਗੜ ਨਾਲ ਮੋਟਰ ਸਾਈਕਲ ਨੂੰ ਅਚਾਨਕ ਹੇਠਾਂ ਪਿੰਡ ਨੂੰ ਜਾਂਦੇ ਰਾਹ ਉੱਤੇ ਮੋੜ ਲਿਆ। ਅੱਖਾਂ ਵਿਚ ਆਏ ਪਾਣੀ ਕਾਰਨ ਧੁੰਦਲੇ ਨਜ਼ਰ ਆਉਂਦੇ ਰੁੱਖ, ਸ਼ਟਰ, ਡਿਉੜੀਆਂ ਤੇ ਮਕਾਨਾਂ ਅਗਲੇ ਬਗ਼ੀਚੇ ਸੜਕ ਦੇ ਦੋਵੇਂ ਪਾਸੇ ਦੋ ਧੁਪੀਲੀਆਂ ਧਾਰੀਆਂ ਵਾਂਗ ਲਗਦੇ ਸਨ।

ਮੇਰੇ ਸਾਮ੍ਹਣੇ ਐਨ ਸੜਕ ਦੇ ਵਿਚਕਾਰ ਪੱਥਰ ਗੀਟਿਆਂ ਦਾ ਇਕ ਢੇਰ ਲੱਗਾ ਹੋਇਆ ਸੀ। ਯਾਕੋਵੇਨਕੋ ਦਾ ਮਕਾਨ ਸੱਜੇ ਪਾਸੇ ਸੀ। ਜਦੋਂ ਮੈਂ ਖ਼ਤਰਨਾਕ ਢੰਗ ਨਾਲ ਮੋਟਰ ਸਾਈਕਲ ਨੂੰ ਉਲਾਰਦਿਆਂ ਤੇਜ਼ ਰਫ਼ਤਾਰ ਵਿਚ ਹੀ ਮੋੜ ਕੱਟਿਆ ਤਾਂ ਅੱਗੋਂ ਇਕ ਕਤੂਰਾ ਦੌੜਦਾ ਹੋਇਆ ਸਿੱਧਾ ਪਹੀਏ ਵੱਲ ਆਇਆ। ਇਹ ਸਭ ਕੁਝ ਇਉਂ ਅੱਖ ਪਲਕਾਰੇ ਵਿਚ ਹੋਇਆ ਕਿ ਮੇਰੇ ਹੱਥਾਂ ਨੇ ਮੇਰੇ ਦਿਮਾਗ਼ ਨਾਲੋਂ ਵੀ ਛੋਹਲਾ ਕੰਮ ਕੀਤਾ। ਮੈਂ ਇਕਦਮ ਬਰੇਕ ਲਾਈ ਤੇ ਹੈਂਡਲ ਨੂੰ ਇਕ ਪਾਸੇ ਵੱਲ ਮੌੜ ਦਿੱਤਾ। ਓਸੇ ਵੇਲੇ ਮੈਂ ਕਾਠੀ ਤੋਂ ਉੱਛਲ ਕੇ ਭੁੰਜੇ ਜਾ ਡਿੱਗਾ ਤੇ ਮਿੱਟੀ-ਘੱਟੇ ਨਾਲ ਭਰ ਗਿਆ ਤੇ ਮੇਰੇ ਦੋਹਾਂ ਹੱਥਾਂ ਵਿਚ ਮੁੱਠ-ਮੁੱਠ ਮਿੱਟੀ ਆ ਗਈ ਸੀ।

ਮੈਂ ਉੱਛਲ ਕੇ ਖੜਾ ਹੋਇਆ। ਕੋਈ ਤਿੰਨ ਕੁ ਸਾਲ ਦਾ ਇਕ ਬੱਚਾ ਕਤੂਰੇ ਨੂੰ ਕੁੱਛੜ ਲਈ ਮਕਾਨ ਦੇ ਸਾਮ੍ਹਣੇ ਖੜਾ ਸੀ। ਉਹ ਭੱਜਾ ਨਹੀਂ ਸੀ, ਬਸ ਕਤੂਰੇ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਕੇ ਅੱਖਾਂ ਪਾੜ-ਪਾੜ ਮੇਰੇ ਵੱਲ ਝਾਕਦਾ ਰਿਹਾ ਸੀ।

ਡਿੱਗਣ ਨਾਲ ਗੋਡਿਆਂ ਤੋਂ ਮੇਰੀ ਬਿਰਜਸ ਪਾਟ ਗਈ ਅਤੇ ਮੇਰੇ ਹੱਥ ਛਿੱਲੇ ਗਏ। ਮੋਟਰ ਸਾਈਕਲ ਪੱਥਰ ਗੀਟਿਆਂ ਦੇ ਢੇਰ ਉੱਤੇ ਟੇਢਾ ਹੋਇਆ ਪਿਆ ਸੀ ਤੇ ਉਸ ਦਾ ਪਿਛਲਾ ਪਹੀਆ ਘੁੰਮੀ ਜਾ ਰਿਹਾ ਸੀ। ਮੈਂ ਇਕ ਪੱਥਰ ਉੱਤੇ ਬਹਿ ਗਿਆ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਮੈਂ ਆਪਣੇ ਮੂੰਹ ਵਿਚੋਂ ਮਿੱਟੀ ਨੂੰ ਬਾਹਰ ਥੁੱਕਿਆ। ਮੇਰੇ ਦਿਮਾਗ਼ ਵਿਚ ਇਕ ਧੁੰਦਲਾ ਜਿਹਾ ਖ਼ਿਆਲ ਉਭਰਿਆ: “ਮੇਰੀ ਮੌਤ ਹੋ ਸਕਦੀ ਸੀ ... ਹੁਣ ... ਲੜਾਈ ਬੰਦ ਹੋਣ ਮਗਰੋਂ। ” ਯਾਕੋਵੇਨਕੋ ਦੇ ਮਾਤਹਿਤ ਕੰਮ ਕਰਦੇ ਜਾਸੂਸ ਭੱਜੇ-ਭੱਜੇ ਮੇਰੇ ਵੱਲ ਆਏ। ਉਹ ਮੈਨੂੰ ਖੰਡ-ਖੰਡ ਕਰਕੇ ਮਕਾਨ ਅੰਦਰ ਲੈ ਗਏ: ਪਹਿਲਾਂ ਮੈਨੂੰ ਤੇ ਫੇਰ ਮੇਰੀ ਟੋਪੀ ਨੂੰ ਜਿਹੜੀ ਇਕ ਮੁੰਡੇ ਨੂੰ ਸੜਕ ਦੇ ਦੂਜੇ ਪਾਸਿਓਂ ਲੱਭੀ।

ਜਿਸ ਵੇਲੇ ਉਹਨਾਂ ਮੇਰੇ ਬੂਟ ਲਾਹੇ ਯਾਕੋਵੇਨਕੋ ਵੋਦਕਾ ਦਾ ਗਲਾਸ ਹੱਥ ਵਿਚ ਫੜੀ ਮੇਰੇ ਕੋਲ ਖੜਾ ਸੀ।

“ਪੀ ਲੈ,” ਉਸ ਨੇ ਆਖਿਆ। “ਕੋਈ ਹੱਡੀ ਤਾਂ ਨਹੀਂ ਟੁੱਟੀ ? ਹੱਡੀਆਂ ਟੋਹ ਕੇ ਵੇਖੋ, ਜਵਾਨੋ। ”

“ਪੀੜ ਹੁੰਦੀ ਏ ? ਏਥੇ ? ਨੌਂ ਬਰ ਨੌਂ ਏਂ ! ਸੋ ਤੂੰ ਪੀ ਸਕਦਾ ਏਂ। ”

ਜਦੋਂ ਬਾਕੀ ਸਭ ਚਲੇ ਗਏ ਤਾਂ ਉਹ ਮੰਜੇ ਉਤੇ ਮੇਰੇ ਕੋਲ ਹੀ ਬਹਿ ਗਿਆ। ਸਿਰਫ਼ ਤਦੋਂ ਹੀ ਮੈਂ ਵੇਖਿਆ ਕਿ ਉਹਦਾ ਚਿਹਰਾ ਬੀਮਾਰਾਂ ਵਰਗਾ ਸੀ। ਉਹਦੇ ਕੋਲੋਂ ਸ਼ਰਾਬ ਦੀ ਮੁਸ਼ਕ ਆਉਂਦੀ ਸੀ।

“ਪਤਾ ਈ,” ਉਸ ਨੇ ਆਖਿਆ, “ਮੈਂ ਨਜ਼ਰਬੰਦੀ ਕੈਂਪ ਗਿਆ ਸਾਂ। ਪਤਾ ਲੱਗਾ ਕਿ ਏਥੇ ਇਕ ਨਜ਼ਰਬੰਦੀ ਕੈਂਪ ਹੈ। ਏਥੋਂ ਤਿੰਨ ਕਿਲੋਮੀਟਰ ਦੂਰ। ਮੈਂ ਕੱਲ੍ਹ ਗਿਆ ਸਾਂ ਓਥੇ। ” ਉਸ ਨੇ ਆਪਣੇ ਮੱਥੇ ਉੱਤੇ ਹੱਥ ਫੇਰਿਆ।

ਮੈਨੂੰ ਪਤਾ ਸੀ ਕਿ ਉਹਦਾ ਪਿਓ, ਜਿਹੜਾ ਟੈਂਕ ਬਟਾਲੀਅਨ ਦਾ ਕੁਮੀਸਾਰ ਸੀ, ੧੯੪੧ ਵਿਚ ਕੀਵ ਦੇ ਨੇੜੇ ਮਾਰਿਆ ਗਿਆ ਸੀ, ਦੋ ਸਾਲ ਮਗਰੋਂ ਇਕ ਆਦਮੀ ਉਹਦੀ ਮਾਂ ਨੂੰ ਮਿਲਣ ਆਇਆ ਤੇ ਕਹਿਣ ਲੱਗਾ ਕਿ ਉਹ ਉਸ ਦੇ ਖਾਵੰਦ ਨਾਲ ਇਕ ਨਜ਼ਰਬੰਦੀ ਕੈਂਪ ਵਿਚ ਰਿਹਾ ਸੀ। ਉਹ ਆਦਮੀ ਜਰਮਨੀ ਵਿਚੋਂ ਬਚ ਕੇ ਭੱਜ ਨਿਕਲਿਆ ਸੀ ਪਰ ਯਾਕੋਵੇਨਕੋ ਦਾ ਪਿਓ ਏਨਾ ਕਮਜ਼ੋਰ ਸੀ ਕਿ ਉਹ ਇਹ ਹਿੰਮਤ ਨਹੀਂ ਸੀ ਕਰ ਸਕਿਆ। ਉਸ ਨੇ ਇਸ ਆਦਮੀ ਨੂੰ ਕਿਹਾ ਸੀ ਕਿ ਉਹਦੇ ਟੱਬਰ ਨੂੰ ਦੱਸ ਦੇਵੇ ਕਿ ਉਹ ਜਿਊਂਦਾ ਹੈ। ਯਾਕੋਵੇਨਕੋ ਦੀ ਮਾਂ ਨੇ ਇਸ ਬਾਰੇ ਮੁਹਾਜ਼ ਉੱਤੇ ਉਸਨੂੰ ਚਿੱਠੀ ਲਿਖੀ ਸੀ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਵਿਸ਼ਵਾਸ ਕਰੇ, ਆਸ ਰੱਖੇ ?

ਓਦੋਂ ਤੋਂ ਹੀ ਯਾਕੋਵੇਨਕੋ ਨੇ ਇਕ ਗੁੱਝੀ ਆਸ ਲਾ ਰੱਖੀ ਸੀ ਕਿ ਜਦੋਂ ਉਹ ਜਰਮਨੀ ਗਿਆ ਤਾਂ ਆਪਣੇ ਪਿਓ ਦਾ ਕੁਝ ਪਤਾ ਥਹੁ ਲਾਵੇਗਾ। ਜਿਵੇਂ-ਜਿਵੇਂ ਲੜਾਈ ਦਾ ਅੰਤ ਨੇੜੇ ਆਉਂਦਾ ਗਿਆ ਇਹ ਆਸ ਬਲਵਾਨ ਹੁੰਦੀ ਗਈ।

ਕੱਲ੍ਹ ਉਹਨੇ ਪਹਿਲੀ ਵਾਰੀ ਇਕ ਨਜ਼ਰਬੰਦੀ ਕੈਂਪ ਵੇਖਿਆ ਸੀ। ਉਹ ਆਪ ਕੈਂਪ ਦੇ ਫਾਟਕ ਤੋਂ ਸ਼ਮਸ਼ਾਨ ਭੂਮੀ ਨੂੰ ਜਾਂਦੇ ਲਹੂ ਲਿਬੜੇ ਰਾਹ ਤੋਂ ਤੁਰਦਾ ਗਿਆ ਸੀ ਜਿਸ ਉੱਤੇ ਉਹਦੇ ਤੋਂ ਪਹਿਲਾਂ ਹਜ਼ਾਰਾਂ ਕੈਦੀ ਤੁਰਦੇ ਗਏ ਸਨ। ਅਤੇ ਉਹ ਜਾਣਦਾ ਸੀ ਕਿ ਜੇ ਉਹਦੇ ਪਿਓ ਦੀ ਪੈੜ ਵੀ ਇਹਨਾਂ ਸਭਨਾਂ ਦੀਆਂ ਪੈੜਾਂ ਵਿਚ ਹੋਈ ਤਾਂ ਇਸ ਬਾਰੇ ਕੋਈ ਵੀ ਉਹਨੂੰ ਕਦੇ ਕੁਝ ਨਹੀ ਦੱਸ ਸਕੇਗਾ।

“ਓਥੇ ਇਕ ਖਾਈ ਸੀ। ਸ਼ਮਸ਼ਾਨ ਦੇ ਪਿੱਛੇ। ” ਅਚਾਨਕ ਉਹਦਾ ਚਿਹਰਾ ਹੋਰ ਵੀ ਬਗਾ ਹੋ ਗਿਆ। “ਇਸ ਉੱਤੇ ਮੱਖੀਆਂ ਭਿੰਨ-ਭਿੰਨਾ ਰਹੀਆਂ ਸਨ। ਪਹਿਲਾਂ ਮੈਨੂੰ ਸਮਝ ਨਹੀਂ ਸੀ ਆ ਸਕੀ... ਅਚਾਨਕ ਜਿਵੇ ਕੋਈ ਖੌਫ਼ ਦੀ ਲਹਿਰ ਉੱਠਦੀ ਹੈ। ਮੇਰਾ ਖਿਆਲ ਹੈ, ਇਹ ਮੁਸ਼ਕ ਸੀ। ਇਹ ਖਾਈ ਮਨੁੱਖੀ ਚਰਬੀ ਨਾਲ ਭਰੀ ਹੋਈ ਸੀ। ਜਦੋਂ ਲੋਕਾਂ ਨੂੰ ਸਾੜਿਆ ਜਾਂਦਾ ਸੀ, ਉਹਨਾਂ ਦੀ ਚਰਬੀ ਰੁੜ੍ਹ ਕੇ ਖਾਈ ਵਿਚ ਚਲੀ ਜਾਂਦੀ ਸੀ ...”

ਉਹ ਆਪਣੇ ਗੋਡੇ ਹੱਥਾਂ ਵਿਚ ਫੜ ਕੇ ਅੱਗੇ ਪਿੱਛੇ ਝੂਲਣ ਲੱਗਾ।

“ਪਤਾ ਈ,” ਉਹਨੇ ਆਖਿਆ, “ਮੈਨੂੰ ਸਿਰਫ ਇਕੋ ਆਸ ਹੈ: ਮੇਰਾ ਪਿਓ ਕਮੀਸਾਰ ਸੀ ਤੇ ਉਹ ਕਮੀਸਾਰਾਂ ਨੂੰ ਕੈਦੀ ਨਹੀਂ ਬਣਾਉਂਦੇ। ਤੇ ਨਾਲੇ ਉਸ ਆਦਮੀ ਨੇ ਨਾਂ ਵੀ ਯਾਕੋਵਲੇਵ ਦੱਸਿਆ ਸੀ। ਯਾਕੋਵੇਨਕੋ ਨਹੀਂ, ਯਾਕੋਵਲੇਵ। ਹੋ ਸਕਦਾ ਹੈ, ਇਹ ਮੇਰਾ ਪਿਓ ਹੋਵੇ ਹੀ ਨਾ। ਮਾਂ ਨੇ ਉਸ ਆਦਮੀ ਨੂੰ ਫੇਰ ਕਦੇ ਨਹੀਂ ਵੇਖਿਆ। ”

ਮੈਂ ਉਸ ਨੂੰ ਕੀ ਕਹਿ ਸਕਦਾ ਸੀ ? ਮੈਂ ਉਸ ਨੂੰ ਆਖਿਆ, ਕਿ ਇਸ ਤਰ੍ਹਾਂ ਬਿਲਕੁਲ ਹੋ ਸਕਦਾ ਹੈ, ਤੇ ਸੱਚਮੁੱਚ ਹੈ ਵੀ, ਕਿ ਮੈਂ ਇਸ ਕਿਸਮ ਦੇ ਢੇਰ ਸਾਰੇ ਕਿੱਸੇ ਸੁਣ ਚੁਕਿਆ ਸਾਂ। ਮਿਸਾਲ ਵਾਸਤੇ, ਜਦੋਂ ਸਾਡੀ ਰੈਜਮੈਂਟ ਨੇ ਜੂਝ ਕੇ ਦੁਸ਼ਮਣ ਦੇ ਮੁਹਾਸਰੇ ਵਿਚੋਂ ਰਾਹ ਬਣਾਇਆ...

ਯਾਕੋਵੇਨਕੋ ਬੈਠਾ ਝੂਲ ਰਿਹਾ ਸੀ। ਉਸ ਦੀਆਂ ਅੱਖਾਂ ਬੰਦ ਸਨ, ਗੱਲ੍ਹਾਂ ਦੀਆਂ ਹੱਡੀਆਂ ਤੋਂ ਚਮੜੀ ਚਿੱਟੀ ਸੀ, ਲਾਲ ਹੋਈਆਂ ਪੁੜਪੁੜੀਆਂ ਤੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਸਨ।

ਉਸ ਰਾਤ ਮੈਨੂੰ ਜਾਗ ਆ ਗਈ ਤੇ ਮੈਨੂੰ ਛੱਤ ਉੱਤੇ ਇਕ ਬਹੁਤ ਵੱਡਾ ਪਰਛਾਵਾਂ ਨਜ਼ਰ ਆਇਆ। ਮੋਢੇ ਇਕ ਕੰਧ ਤੋਂ ਦੂਜੀ ਕੰਧ ਤੱਕ ਪਹੁੰਚਦੇ ਸਨ ਤੇ ਮੋਢਿਆਂ ਵਿਚ ਸਿਰ ਝੁਕਿਆ ਹੋਇਆ ਸੀ। ਯਾਕੋਵੇਨਕੋ ਮੇਜ਼ ਕੋਲ ਬੈਠਾ ਹੋਇਆ ਸੀ, ਸਿਰ ਦੋਵਾਂ ਹੱਥਾਂ ਵਿਚ ਫੜਿਆ ਹੋਇਆ ਸੀ, ਇਕ ਪਲੇਟ ਵਿਚ ਬਲਦੀਆਂ ਦੋ ਮੋਮਬੱਤੀਆਂ ਉਹਦੇ ਚਿਹਰੇ ਉੱਤੇ ਚਾਨਣ ਸੁੱਟ ਰਹੀਆਂ ਸਨ। ਇਹ ਵੇਖ ਕੇ ਕਿ ਮੈਂ ਜਾਗ ਪਿਆ ਉਸ ਨੇ ਪੈਰਾਂ ਵਿਚ ਸਲੀਪਰ ਅੜਾਏ ਤੇ ਮੇਰੇ ਮੰਜੇ ਦੀ ਬਾਹੀ ਉੱਤੇ ਆ ਬੈਠਾ। ਉਸ ਨੇ ਹਾਲੇ ਵੀ ਬਿਰਜਸ ਪਾਈ ਹੋਈ ਸੀ ਤੇ ਕਮੀਜ਼ ਉੱਤੋਂ ਪੇਟੀ ਲੱਥੀ ਹੋਈ ਸੀ।

“ਮੈਨੂੰ ਓਥੇ ਦੱਸਿਆ ਗਿਆ ਕਿ ਰਾਖ਼, ਸਾੜੇ ਗਏ ਲੋਕਾਂ ਦੀ ਰਾਖ਼ ਓਥੋਂ ਢੋ ਲਈ ਗਈ ਸੀ। ਖੇਤਾਂ ਵਿਚ ਰੂੜੀ ਪਾ ਲਈ ਗਈ। ”

ਉਸ ਨੇ ਆਪਣਾ ਸੰਘ ਮਲਿਆ। ਉਹਦੇ ਬੁੱਲ੍ਹ ਸੁੱਕ ਗਏ ਸਨ ਤੇ ਅਵਾਜ਼ ਭਰੜਾਉਂਦੀ ਸੀ।

“ਮੈਂ ਵਾਪਸ ਆ ਗਿਆ ਤੇ ਉਨ੍ਹਾਂ ਨੂੰ ਪੁੱਛਿਆ: “ਇਸ ਸਭ ਕੁਝ ਬਾਰੇ ਜਾਣਦੇ ਹੋ ?” “Nein, Nein,” ਉਹਨਾਂ ਆਖਿਆ। "ਆਓ ਫੇਰ ਵੇਖੋ,' ਮੈਂ ਕਿਹਾ। ” ਉਹਦੀ ਧੌਣ ਲਾਲ ਸੀ ਤੇ ਸੁੱਜੀ ਹੋਈ ਸੀ। “ਉਹ ਨਹੀਂ ਆਏ। ਉਹ ਨਹੀਂ ਜਾਣਨਾ ਚਾਹੁੰਦੇ ਸਨ। ਸਮਝੇ ? ਉਹਨਾਂ ਦੇ ਸਾਮ੍ਹਣੇ ਲੋਕਾਂ ਨੂੰ ਸਾੜਿਆ ਗਿਆ ਸੀ। ਉਹਨਾਂ ਦੀ ਰਾਖ਼ ਰੂੜੀ ਦੀ ਥਾਂ ਉਹਨਾਂ ਦੇ ਖੇਤਾਂ ਵਿਚ ਪਾਈ ਹੋਈ ਸੀ। ਅਤੇ ਉਹ ਹਾਲੇ ਵੀ ਅਨਾਜ ਖਾਈ ਖਾਂਦੇ ਸਨ। ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖ ਸਕਦਾ ਸਾਂ। ”

ਉਹ ਉੱਠਿਆ, ਮੋਮਬੱਤੀਆਂ ਦੀ ਤੜ-ਤੜ ਹੋਈ, ਤੇ ਕੰਧ ਉੱਤੇ ਅਲਮਾਰੀ ਤੱਕ ਉਸ ਦੀ ਬਾਂਹ ਦਾ ਪਰਛਾਵਾਂ ਪਿਆ। ਉਸ ਨੇ ਅਲਮਾਰੀ ਵਿਚੋਂ ਇਕ ਨਿੱਕਾ ਜਿਹਾ ਬੁੱਤ ਚੁੱਕਿਆ ਤੇ ਉਹਦੇ ਮਾਰਕੇ ਦਾ ਨਿਸ਼ਾਨ ਚਾਨਣ ਵੱਲ ਕੀਤਾ। “ਵੇਖਿਆ?” ਫਰਾਂਸ ਦਾ ਮਾਰਕਾ ਸੀ। ਥਿਰਕਦੇ ਚਾਨਣ ਵਿਚ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ, ਅਲਮਾਰੀ ਵਿਚੋਂ ਸਾਡੀ ਨਜ਼ਰ ਪਈਆਂ। ਇਕ ਤੋਂ ਇਕ ਵਿਲੱਖਣ ਚੀਜ਼ ਸੀ। ਇਹ ਚੀਜ਼ਾਂ ਲੋਕਾਂ ਦੇ ਘਰਾਂ ਵਿਚੋਂ ਲਿਆਂਦੀਆਂ ਹੋਈਆਂ ਸਨ ਅਤੇ ਇਹਨਾਂ ਦੇ ਅਸਲ ਮਾਲਕ ਸ਼ਾਇਦ ਮਾਰੇ ਗਏ ਸਨ, ਜਿਨ੍ਹਾਂ ਨੇ ਪਹਿਲਾਂ ਇਕ ਦੂਜੇ ਨੂੰ ਕਦੇ ਨਹੀਂ ਵੇਖਿਆ ਸੀ, ਜੋ ਵੱਖ-ਵੱਖ ਜ਼ੁਬਾਨਾਂ ਬੋਲਦੇ ਸਨ। ਬਾਹਰ ਪਸ਼ੂ ਡੰਗਰਾਂ ਦੇ ਵਾੜੇ ਵਿਚ ਹਾਲੈਂਡ ਦੀਆਂ ਗਊਆਂ, ਡੈਨਮਾਰਕ ਤੋਂ ਲਿਆਦੇ ਹੋਏ ਸੂਰ ਸਨ। ਅਤੇ ਕੁਝ ਇਕ ਕਿਲੋਮੀਟਰ ਦੂਰ ਨਜ਼ਰਬੰਦੀ ਕੈਂਪ ਸੀ। ਸ਼ਾਇਦ ਇਹਨਾਂ ਵਸਤਾਂ ਦੇ ਮਾਲਕ ਲੋਕ ਏਥੇ ਹੀ ਮਾਰੇ ਗਏ ਸਨ।

ਦੂਸਰੇ ਦਿਨ ਖੇਤਾਂ ਵੱਲ ਮੇਰੇ ਕੋਲੋਂ ਵੇਖਿਆ ਨਹੀਂ ਸੀ ਜਾਂਦਾ। ਜਿਨ੍ਹਾਂ ਖੇਤਾਂ ਵਿਚ ਮਨੁੱਖੀ ਰਾਖ਼ ਦੀ ਰੂੜੀ ਪਾਈ ਗਈ ਸੀ। ਮੈਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਆਉਂਦਾ, ਤਾਂ ਵੀ ਮੈਂ ਇਸ ਖ਼ਿਆਲ ਨੂੰ ਦਿਮਾਗ਼ ਵਿਚੋਂ ਨਹੀਂ ਸੀ ਕੱਢ ਸਕਿਆ। ਮੈਂ ਸਮਝਦਾ ਸਾਂ ਕਿ ਜੇ ਚਾਹੀਏ ਤਾਂ ਇਕ ਜਣੇ ਦੇ ਕਸੂਰ ਨੂੰ ਕੁਝ ਜਣਿਆ ਉੱਤੇ ਮੜ੍ਹਿਆ ਜਾ ਸਕਦਾ ਹੈ ਪਰ ਸਾਰੇ ਚੁਪ ਰਹੇ। ਉਹ ਵੀ, ਜਿਹੜੇ ਜਾਣਦੇ ਸਨ ਤੇ ਉਹ ਵੀ ਜਿਹੜੇ ਅਟਕਲਾਂ ਹੀ ਲਾਉਂਦੇ ਸਨ ਅਤੇ ਇਥੋਂ ਤੱਕ ਕਿ ਉਹ ਵੀ ਜਿਹੜੇ ਸਹਿਮਤ ਨਹੀਂ ਸਨ।

ਅਸੀਂ ਪਹਾੜੀ ਤੋਂ ਹੇਠਾਂ ਉੱਤਰ ਰਹੇ ਸਾਂ, ਅਤੇ ਸੈਨਿਕ ਜਾਸੂਸ ਨੇ ਲਗਾਮਾਂ ਖਿੱਚ ਕੇ ਘੋੜਿਆਂ ਨੂੰ ਕਾਬੂ ਵਿਚ ਰੱਖਿਆ ਹੋਇਆ ਸੀ। ਮੈਂ ਥੋੜ੍ਹੀ ਜਿਹੀ ਪਰਾਲੀ ਉੱਤੇ ਲੰਮਾ ਪਿਆ ਹੋਇਆ ਸਾਂ, ਸੂਰਜ ਲਿਸ਼ਕਾਂ ਮਾਰ ਰਿਹਾ ਸੀ ਤੇ ਜ਼ੋਰ ਲਾ-ਲਾ ਕੇ ਗਰਮ ਹੋਏ ਘੋੜਿਆਂ ਕੋਲੋਂ ਮੁੜ੍ਹਕੇ ਦੀ ਮਹਿਕ ਆਉਂਦੀ ਸੀ। ਛਕੜੇ ਦੀ ਇਕ ਬਾਹੀ ਵਿਚੋਂ ਦੀ ਕੋਲੋਂ ਦੀ ਤਿਲਕਦੇ ਜਾਂਦੇ ਖੇਤਾਂ ਦਾ ਦ੍ਰਿਸ਼ ਨਜ਼ਰ ਆਉਂਦਾ ਸੀ। ਸਵਾਹ ਰੰਗੀ ਮਿੱਟੀ ਵਿਚੋਂ ਲਵੀਆਂ ਕਣਕਾਂ ਉੱਗ ਨਿਕਲੀਆਂ ਸਨ ਜਿਨ੍ਹਾਂ ਉੱਤੇ ਧੂੜ ਜੰਮੀ ਹੋਈ ਸੀ। ਧੁੱਪ ਵਿਚ ਸਿੱਟੇ ਲਿਸ਼ਕਾਂ ਮਾਰਦੇ ਸਨ। ਤੇ ਮੇਰੇ ਕੋਲੋਂ ਇਸ ਧਰਤੀ ਵੱਲ, ਕਣਕ ਦੀਆਂ ਇਹਨਾਂ ਫਸਲਾਂ ਵੱਲ ਵੇਖਿਆ ਨਹੀਂ ਸੀ ਜਾਂਦਾ।

ਜਰਮਨੀ ਦੇ ਪਿੰਡਾਂ ਦੇ ਅਲੋਹ ਨੀਲੇ ਆਕਾਸ਼ ਉੱਤੇ ਨਿਰੋਲ ਚਿੱਟੇ ਬੱਦਲ ਤੁਰਦੇ ਫਿਰਦੇ ਸਨ। ਧਰਤੀ ਉੱਤੇ ਉਹਨਾਂ ਦੇ ਪਰਛਾਵੇਂ ਰੀਂਗਦੇ ਜਾਂਦੇ ਸਨ। ਸਭ ਪਾਸੇ ਅਮਨ ਅਮਾਨ ਤੇ ਖ਼ਾਮੋਸ਼ੀ ਸੀ। ਪਰ ਸ਼ਾਂਤੀ ਦੇ ਇਸ ਨਵੇਂ ਸੰਸਾਰ ਵਿਚ ਕਿੰਨੇ ਲੋਕ ਸਨ ਜਿਨ੍ਹਾਂ ਨੇ ਆਪਣੇ ਮੁਰਦੇ ਇਸ ਲਈ ਸੁਰਜੀਤ ਕਰਨੇ ਸਨ ਕਿ ਉਹਨਾਂ ਨੂੰ ਫੇਰ ਦਫਨ ਕਰਨ, ਅਤੇ ਕੁਝ ਖੁਸ਼ਕਿਸਮਤ ਵੀ ਹੋਣਗੇ ਜਿਹੜੇ ਉਹਨਾਂ ਆਪਣਿਆਂ ਦਾ ਘਰਾਂ ਵਿਚ ਸਵਾਗਤ ਕਰਨਗੇ ਜਿਨ੍ਹਾਂ ਨੂੰ ਉਹਨਾਂ ਨੇ ਮਰ ਗਏ ਸਮਝ ਲਿਆ ਹੋਇਆ ਸੀ।

ਅਸੀਂ ਪਿੰਡ ਦੀ ਗਲੀ ਵਿਚੋਂ ਲੰਘੇ ਅਤੇ ਮੇਰੇ ਵਿਹੜੇ ਵੱਲ ਮੁੜ ਪਏ ਅਤੇ ਫੇਰ ਮੈਨੂੰ ਏਥੇ ਲਿਆਉਣ ਵਾਲਾ ਸੈਨਿਕ ਜਾਸੂਸ ਆਪਣੇ ਸਾਥੀਆਂ ਨਾਲ ਜਾ ਰਲਣ ਵਾਸਤੇ ਜਲਦੀ ਨਾਲ ਪਿਛਾਂਹ ਮੁੜ ਗਿਆ। ਮੈਂ ਘਰ ਨੂੰ ਤੁਰ ਪਿਆ। ਮੇਰੇ ਜਵਾਨਾਂ ਵਿਚੋਂ ਕੋਈ ਵੀ ਘਰ ਨਹੀਂ ਸੀ ਅਤੇ ਕਿਸਾਨ ਤੇ ਉਹਦੀ ਬੀਵੀ ਮੈਨੂੰ ਵੇਖਦਿਆਂ ਹੀ ਤੇਬਲੇ ਵਿਚ ਜਾ ਵੜੇ। ਮੈਨੂੰ ਉਹਨਾਂ ਦੀ ਇਕ ਦੂਜੇ ਨਾਲ ਘੁਸਰ-ਮੁਸਰ ਕਰਨ ਦੀ ਅਵਾਜ਼ ਸੁਣਦੀ ਸੀ ਅਤੇ ਕਿਸੇ ਵੇਲੇ ਮੈਨੂੰ ਨਜ਼ਰ ਆਉਂਦਾ ਕਿ ਉਹ ਬੇਤਾਬ ਹੋਏ ਮੇਰੇ ਵੱਲ ਵੇਖਦੇ ਸਨ। ਮੇਰੀ ਗ਼ੈਰ-ਹਾਜ਼ਰੀ ਵਿਚ ਕੁਝ ਹੋ ਗਿਆ ਸੀ।

ਮੈਂ ਆਪਣੀ ਝਰੀਟਾਂ ਨਾਲ ਭਰੀ ਲੱਤ ਪਸਾਰ ਕੇ ਬਾਰੀ ਹੇਠ ਇਕ ਬੈਂਚ ਉੱਤੇ ਬਹਿ ਗਿਆ ਅਤੇ ਇਕ ਸਿਗਰਟ ਕੱਢੀ। ਪਰ ਮੈਂ ਯਾਕੋਵੇਨਕੋ ਦੀ ਨੀਲੀ ਬਿਰਜਸ ਪਾਈ ਹੋਈ ਸੀ ਤੇ ਆਪਣਾ ਲਾਈਟਰ ਜੇਬ ਵਿਚ ਪਾਉਣਾ ਭੁੱਲ ਗਿਆ ਸਾਂ। ਕਿਸਾਨ ਮੇਰੇ ਕੋਲ ਆ ਗਿਆ ਸੀ। ਮੈਂ ਆਪਣੀ ਉਂਗਲ ਚੋਟੀ ਤੇ ਆਪਣੀ ਪੇਟੀ ਉੱਤੇ ਇਕ ਝਰੀਟ ਪਾ ਦਿੱਤੀ।

ਕਿਸਾਨ ਨੇ ਹਮੇਸ਼ਾ ਨਾਲੋਂ ਕੁਝ ਜਿਆਦਾ ਖ਼ਲੂਸ ਵਿਖਾਇਆ। ਮੇਰੀਆਂ ਉਂਗਲਾਂ ਵਿਚ ਅਣਸੁਲਘਾਈ ਸਿਗਰਟ ਨੂੰ ਵੇਖ ਕੇ ਉਸ ਨੇ ਝੱਟ, ਪਰ ਬੜੇ ਆਰਾਮ ਨਾਲ, ਪੁਰਾਣੇ ਦੋਸਤ ਵਾਂਗ, ਮੇਰੀ ਸਿਗਰਟ ਸੁਲਘਾ ਦਿੱਤੀ। ਤੇ ਫੇਰ ਉਹ ਬੈਂਚ ਉੱਤੇ ਮੇਰੇ ਕੋਲ ਇਉਂ ਬਹਿ ਗਿਆ ਜਿਵੇਂ ਕੋਈ ਲੰਗੋਟੀਆ ਯਾਰ ਬਹਿੰਦਾ ਹੈ।

ਸਿਗਰਟ ਸੁਲਘਾਉਂਦਿਆਂ ਮੈਂ ਕਿਸਾਨ ਦੀ ਬੀਵੀ ਨੂੰ ਦੌੜ ਕੇ ਸੂਰਖਾਨੇ ਵੱਲ ਜਾਂਦਿਆਂ ਵੇਖਿਆ ਸੀ। ਉਸ ਦੇ ਚਿਹਰੇ ਤੋਂ ਗੁੱਸਾ ਟਪਕਦਾ ਸੀ, ਪਰ ਨਾਲ ਹੀ ਡਰੀ ਹੋਈ ਵੀ ਜਾਪਦੀ ਸੀ, ਜਿਵੇਂ ਉਹ ਨਿਉਂ ਜਾਣ ਲਈ ਤਿਆਰ ਹੋਵੇ। ਉਸ ਦੇ ਖਾਵੰਦ ਦਾ ਇਸ ਪਾਸੇ ਧਿਆਨ ਨਹੀਂ ਸੀ ਗਿਆ। ਉਹ ਆਪਣਾ ਪਾਈਪ ਪੀਂਦਾ ਰਿਹਾ ਸੀ ਅਤੇ ਬਾਰੀ ਹੇਠਾਂ ਬੈਂਚ ਉੱਤੇ ਬੈਠਿਆਂ, ਸਾਡੇ ਦੋਹਾਂ ਉੱਤੇ ਧੁੱਪ ਪੈ ਰਹੀ ਸੀ। ਥੋੜ੍ਹੀ ਦੇਰ ਬਾਦ ਉਹਦਾ ਪੁੱਤਰ ਹੱਥ ਵਿਚ ਇਕ ਕਾਪੀ ਤੇ ਪੈਨਸਿਲ ਫੜੀ ਸਾਡੇ ਕੋਲ ਆਇਆ। ਉਹ ਮੇਰੇ ਸਾਮ੍ਹਣੇ ਆ ਖਲੋਤਾ ਅਤੇ ਕਾਪੀ ਉੱਤੇ ਨਜ਼ਰ ਟਿਕਾ ਕੇ ਗਲਾ ਸਾਫ਼ ਕੀਤਾ ਜਿਵੇਂ ਉਹ ਕੋਈ ਗੀਤ ਗਾਉਣ ਲੱਗਾ ਹੋਵੇ। ਮੈਂ ਨਜ਼ਰ ਚੁੱਕ ਕੇ ਉਹਦੇ ਵੱਲ ਵੇਖਿਆ। ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਤਾਂ ਉਹਨੇ ਆਪਣੇ ਮੋਢੇ ਢਿੱਲੇ ਛੱਡ ਦਿੱਤੇ ਤੇ ਉਹਦੀ ਧੌਣ ਬਾਹਰ ਨਿਕਲ ਆਈ।

ਉਹ ਏਨਾ ਕਾਹਲੀ-ਕਾਹਲੀ ਬੋਲਿਆ ਕਿ ਮੈਂ ਕੋਈ-ਕੋਈ ਲਫਜ਼ ਹੀ ਸਮਝ ਸਕਿਆ, ਪਰ ਇਹ ਲਫਜ਼ ਬਾਰ-ਬਾਰ ਦੁਹਰਾਏ ਗਏ ਸਨ। ਜਾਪਦਾ ਸੀ ਕਿ ਮੇਰੇ ਇਕ ਸੈਨਿਕ ਜਾਸੂਸ ਨੇ ਇਕ ਸੂਰ ਨੂੰ ਗੋਲੀ ਮਾਰ ਦਿੱਤੀ ਸੀ।

“ਐਰਸ਼ੋਸ, ਐਰਸ਼ੋਸ !” ਉਹ ਬੋਲਦਾ ਗਿਆ ਤੇ ਦਰਸਾਉਂਦਾ ਗਿਆ ਕਿ ਇਹ ਸਭ ਕੁਝ ਕਿਵੇਂ ਕੀਤਾ ਗਿਆ ਸੀ।

ਮਾਰਗੋਸਲਿਨ ਚਮੜੇ ਦੀ ਨਵੀਂ ਚਮਕਦਾਰ ਜੈਕਟ ਪਾਈ ਵਿਹੜੇ ਵਿਚੋਂ ਲੰਘਿਆ। ਉਹ ਮਾੜਾ ਜਿਹਾ ਝੂਮ-ਝੂਮ ਕੇ ਤੁਰਦਾ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਹਾਲਾਤ ਦਾ ਜਾਇਜ਼ਾ ਲੈਣ ਗਿਆ ਸੀ ਤੇ ਉਹਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਸੀ। ਮੁੰਡੇ ਨੇ ਉਸ ਨੂੰ ਨਹੀਂ ਸੀ ਵੇਖਿਆ। ਘਬਰਾਹਟ ਸਦਕਾ ਉਹਦੇ ਚਿਹਰੇ ਉੱਤੇ ਚਟਾਕ ਉੱਭਰੇ ਹੋਏ ਸਨ। ਉਹ ਬੋਲਿਆ:

“ਬੜਾ ਵਧੀਆ ਸੂਰ ਸੀ। ਤੀਹ ਕਿਲੋਗ੍ਰਾਮ ਭਾਰਾ ਹੋ ਗਿਆ ਸੀ ਤੇ ਹਾਲੇ ਵੱਧਦਾ ਜਾਂਦਾ ਸੀ। ਤੀਹ ਕਿਲੋ ਅਵਲ ਦਰਜੇ ਦਾ ਸੂਰ ਦਾ ਮਾਸ ਤੇ ਫੀ ਕਿਲੋਗ੍ਰਾਮ..."

“ਕੋਸਤਤ" (ਕੀਮਤ) ਲਫਜ਼ ਨੂੰ ਉਹ ਬਾਰ-ਬਾਰ ਦੁਹਰਾਏ ਜਾਂਦਾ ਸੀ। ਇਹ ਲਫਜ਼ ਮੈਨੂੰ ਬਚਪਨ ਤੋਂ ਹੀ ਯਾਦ ਸੀ।

ਪੈਰ ਬੈਂਚ ਦੇ ਹੇਠਾਂ ਕਰ ਕੇ ਤੇ ਆਪਣੇ ਹੱਥਾਂ ਉੱਤੇ ਭਾਰ ਪਾ ਕੇ ਕਿਸਾਨ ਅੱਗੇ ਪਿੱਛੇ ਝੂਮੀ ਜਾਂਦਾ ਸੀ। ਉਸ ਦੇ ਹੱਡਲ ਮੋਢੇ ਬਾਹਰ ਨੂੰ ਨਿਕਲੇ ਹੋਏ ਸਨ ਤੇ ਉਹਦਾ ਸਿਰ ਅੰਦਰ ਨੂੰ ਵੜਿਆ ਹੋਇਆ ਸੀ। ਉਸ ਨੇ ਇਕ ਲਫਜ਼ ਵੀ ਮੂੰਹੋਂ ਨਹੀਂ ਸੀ ਕੱਢਿਆ। ਬਸ ਅੱਖਾਂ ਬੰਦ ਕਰ ਕੇ ਸੁਣਦਾ ਰਿਹਾ ਸੀ ਅਤੇ ਆਪਣੇ ਤਮਾਕੂ ਵਾਲੇ ਪਾਈਪ ਨੂੰ ਦੰਦਾਂ ਵਿਚ ਹਿਲਾਉਂਦਾ ਰਿਹਾ ਸੀ। ਮੈਂ ਉਹਨਾਂ ਹੱਥਾਂ ਵੱਲ ਵੇਖਿਆ ਜਿਨ੍ਹਾਂ ਨੇ ਬੈਂਚ ਦੇ ਸਿਰੇ ਨੂੰ ਘੁੱਟ ਕੇ ਫੜਿਆ ਹੋਇਆ ਸੀ। ਇਹ ਇਕ ਕਾਮੇ ਦੇ ਹੱਥ ਸਨ, ਵੱਡੇ-ਵੱਡੇ ਤੇ ਖਰ੍ਹਵੇ ਅਤੇ ਇਸ ਦੀਆਂ ਲਕੀਰਾਂ ਤੇ ਨਹੁੰਆਂ ਅੰਦਰ ਮਿੱਟੀ ਫਸੀ ਹੋਈ ਸੀ। ਮਿੱਟੀ ? ਹੋ ਸਕਦਾ ਹੈ, ਰਾਖ਼ ਹੀ ਹੋਵੇ ?

ਕਿਸਾਨ ਦੰਦਾਂ ਵਿਚ ਅੜਾਇਆ ਆਪਣਾ ਪਾਈਪ ਹਿਲਾਉਂਦਾ ਰਿਹਾ ਤੇ ਮੁੰਡਾ ਉਹ ਲੇਖਾ ਮੁੜ-ਮੁੜ ਪੜ੍ਹ ਕੇ ਸੁਣਾਉਂਦਾ ਗਿਆ ਜਿਹੜਾ ਸਾਰੇ ਟੱਬਰ ਨੇ ਰਲ ਕੇ ਤਿਆਰ ਕੀਤਾ ਸੀ। ਮੈਨੂੰ ਯਕੀਨ ਆ ਜਾਣਾ ਚਾਹੀਦਾ ਸੀ ਅਤੇ ਮੈਂ ਆਪ ਵੇਖਿਆ ਸੀ ਕਿ ਉਹ ਮੇਰੇ ਨਾਲ ਠੱਗੀ ਨਹੀਂ ਸੀ ਕਰ ਰਹੇ, ਕਿ ਉਹ ਐਸੇ ਵਧੀਆ ਸੂਰ ਦੇ ਮਾਸ ਦੀ ਬਹੁਤ ਵਾਜਿਬ ਕੀਮਤ ਮੰਗ ਰਹੇ ਸਨ। ਮੁੰਡੇ ਦੀਆਂ ਨਾਸਾਂ ਤੱਕ ਬੱਗੀਆਂ ਹੋ ਗਈਆਂ ਸਨ ਤੇ ਉਹਦੀਆਂ ਹਰਕਤਾਂ ਵਿਚ ਘਬਰਾਹਟ ਸੀ । ਝਟਕੇ ਨਾਲ ਕਾਪੀ ਨੂੰ ਆਪਣੀਆਂ ਅੱਖਾਂ ਕੋਲ ਕਰ ਕੇ, ਉਸ ਨੇ ਉਸ ਜਾਸੂਸ ਸੈਨਿਕ ਦਾ ਨਾਂ ਪੜ੍ਹਿਆ ਜਿਸ ਨੇ ਸੂਰ ਮਾਰਿਆ ਸੀ। “ਜ਼ੋਲਦਾਤ ਮਾਕਾਰੂਸ਼ਕਾ !” ਫੇਰ ਉਸ ਨੇ ਮੇਰੇ ਵੱਲ ਵੇਖਿਆ। ਪਹਿਲਾਂ ਮੈਨੂੰ ਸਮਝ ਨਹੀਂ ਆਈ ਕਿ ਇਹ ‘ਜ਼ੋਲਦਾਤ ਮਾਕਾਰੂਸ਼ਕਾ" ਕੌਣ ਹੈ। ਉਸ ਦੇ ਉਚਾਰਨ ਵਿਚ ਇਹ ਨਾਂ ਬੜਾ ਓਪਰਾ ਲੱਗਦਾ ਸੀ। ਨਿਰਸੰਦੇਹ, ਇਹ ਸਾਡੇ ਮਾਕਾਰੂਸ਼ਕਾ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜਿਹੜਾ ਸਾਡੇ ਜਾਸੂਸਾਂ ਵਿਚੋਂ ਸਭ ਤੋਂ ਛੋਟਾ ਸੀ।

ਇਕ ਦਿਨ ਉਹ ਸਾਡੇ ਕੋਲ ਆਇਆ ਸੀ, ਨੰਗੇ ਪੈਰ ਫਟੀਚਰ ਜਿਹਾ ਜਿਸ ਦੀਆਂ ਅੱਖਾਂ ਕਹਿੰਦੀਆਂ ਸਨ ਕਿ ਭੁੱਖ ਨਾਲ ਉਹਦੀ ਜਾਨ ਨਿਕਲਦੀ ਜਾ ਰਹੀ ਹੈ। ਤਾਂ ਉਹਨੇ ਆਖਿਆ ਕਿ ਅਸੀਂ ਉਹਨੂੰ ਮੁਹਾਜ਼ 'ਤੇ ਆਪਣੇ ਨਾਲ ਲੈ ਚੱਲੀਏ। ਪਿੰਡ ਵਿਚ ਉਹਨੂੰ ਕੋਈ ਵੀ ਨਹੀਂ ਸੀ ਜਾਣਦਾ। ਉਹ ਬਹਾਰ ਵਿਚ ਆਇਆ ਸੀ ਜਦੋਂ ਹਾਲੇ ਬਰਫ਼ ਢਲੀ ਨਹੀਂ ਸੀ। ਉਸ ਵੇਲੇ ਵੀ ਉਹ ਪੈਰੋਂ ਨੰਗਾ ਹੀ ਸੀ ਤੇ ਉਹਦੀ ਪਤਲੂਣ ਦੀਆਂ ਮੋਰੀਆਂ ਵਿਚੋਂ ਨੀਲੇ ਲੂੰ-ਕੰਡੇ ਨਜ਼ਰ ਆਉਂਦੇ ਸਨ। ਪਿੰਡ ਦੀਆਂ ਔਰਤਾਂ ਉਹਦੇ ਵੱਲ ਇਉਂ ਵੇਖਦੀਆਂ ਸਨ ਜਿਵੇਂ ਉਹ ਨੀਮ-ਪਾਗ਼ਲ ਹੋਵੇ ਤੇ ਕਿਸੇ-ਕਿਸੇ ਵੇਲੇ ਉਹਨੂੰ ਖਾਣ ਨੂੰ ਦੇ ਦੇਂਦੀਆਂ ਸਨ। ਉਹਦੇ ਬਾਰੇ ਇਹ ਮਸ਼ਹੂਰ ਹੋਣ ਕਾਰਨ ਕਿ ਨੀਮ-ਪਾਗ਼ਲ ਹੈ, ਉਹ ਜਰਮਨੀ ਭੇਜੇ ਜਾਣ ਤੋਂ ਬਚ ਗਿਆ ਸੀ। ਉਹ ਤੁਰੰਤ ਹੀ ਜਾਸੂਸ ਸੈਨਿਕਾਂ ਨਾਲ ਰਚਮਿਚ ਗਿਆ ਸੀ, ਪਰ ਢੇਰ ਚਿਰ ਤੱਕ ਸਾਨੂੰ “ਰੂਸੀ” ਹੀ ਕਹਿੰਦਾ ਰਿਹਾ ਜਿਵੇਂ ਜਰਮਨ ਤੇ ਕਬਜ਼ੇ ਹੇਠਲੇ ਇਲਾਕਿਆਂ ਦੇ ਲੋਕ ਸਾਡੀ ਫੌਜ ਨੂੰ ਕਹਿੰਦੇ ਸਨ। ਉਹ ਚੁੱਪ ਰਹਿਣ ਵਾਲਾ ਤੇ ਕੋਈ ਨੁਕਸਾਨ ਕਰਨ ਵਾਲਾ ਨਹੀਂ ਸੀ, ਅਤੇ ਰੱਜ ਕੇ ਢਿੱਡ ਭਰ ਲੈਣ ਮਗਰੋਂ, ਬੇਹੱਦ ਤਕੜਾ ਵੀ ਹੁੰਦਾ ਸੀ। ਮੈਨੂੰ ਇਹ ਯਾਦ ਨਹੀਂ ਕਿ ਉਹਨਾਂ ਨਾਂ “ਮਾਕਾਰੂਸ਼ਕਾ” ਸਭ ਤੋਂ ਪਹਿਲਾਂ ਕਿਸ ਨੇ ਰੱਖਿਆ ਸੀ, ਪਰ ਕਿਉਂਕਿ ਉਹ ਸੰਗਾਊ ਤੇ ਤਕੜਾ ਬੰਦਾ ਸੀ, ਇਸ ਲਈ ਨਾਂ ਉਹਨੂੰ ਜਚਨਾ ਸੀ ਤੇ ਉਹਦਾ ਅਸਲੀ ਨਾਂ ਕਿਸੇ ਨੂੰ ਵੀ ਯਾਦ ਨਹੀਂ ਸੀ। ਇਕ ਵਾਰ ਜਦੋਂ ਅਸੀਂ ਇਕੱਠੇ ਨਿਗਰਾਨ ਚੌਂਕੀ ਉੱਤੇ ਡਿਊਟੀ ਦੇ ਰਹੇ ਸਾਂ, ਤਾਂ ਉਸ ਨੇ ਮੈਨੂੰ ਆਪਣੇ ਆਪ ਬਾਰੇ ਦੱਸਿਆ ਸੀ। ਉਹ ਇਕ ਛਾਪਾਮਾਰਾਂ ਦੇ ਪਿੰਡ ਦਾ ਰਹਿਣ ਵਾਲਾ ਸੀ। ਲਗਪਗ ਸਾਰੇ ਹੀ ਮਰਦ, ਉਸ ਦੇ ਪਿਓ ਸਮੇਤ, ਜੰਗਲ ਵਿਚ ਚਲੇ ਗਏ ਹੋਏ ਸਨ, ਪਰ ਪਤਾ ਨਹੀਂ ਕਿਉਂ ਜਰਮਨਾਂ ਨੇ ਤੁਰੰਤ ਹੀ ਉਹਨਾਂ ਦੇ ਟੱਬਰਾਂ ਨੂੰ ਸਜ਼ਾ ਨਹੀਂ ਸੀ ਦਿੱਤੀ। ਫੇਰ ਇਕ ਰਾਤ ਛਾਪਾ ਮਾਰ ਕੇ ਸਭ ਨੂੰ ਫੜ ਲਿਆ ਗਿਆ। ਉਹ ਸਾਰੇ ਪਿੰਡ ਵਾਸੀਆਂ ਨੂੰ ਧੱਕ ਕੇ ਇਕ ਸਕੂਲ ਦੀ ਇਮਾਰਤ ਅੰਦਰ ਲੈ ਗਏ, ਦਰਵਾਜ਼ਿਆਂ ਨੂੰ ਜੰਦਰੇ ਮਾਰ ਦਿੱਤੇ ਤੇ ਅੱਗ ਲਾ ਦਿੱਤੀ। ਜਿਨ੍ਹਾਂ ਨੇ ਖਿੜਕੀਆਂ ਵਿਚੋਂ ਛਾਲਾਂ ਮਾਰਕੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਉਹਦੀ ਮਾਂ ਵੀ ਅੱਗ ਵਿਚ ਸੜ ਮਰਨ ਵਾਲਿਆਂ ਵਿਚ ਸੀ। ਬਾਵਜੂਦ ਇਸ ਦੇ ਕਿ ਛਾਪਾ ਅਚਨਚੇਤ ਹੀ ਮਾਰਿਆ ਗਿਆ ਸੀ, ਕੁਝ ਮਾਵਾਂ ਨੇ ਆਪਣੇ ਬੱਚੇ ਲੁਕਾ ਦਿੱਤੇ ਸਨ। ਪਿੰਡ ਦੇ ਕੁਝ ਲੋਕ ਲੁਕਣ ਵਿਚ ਕਾਮਯਾਬ ਹੋ ਗਏ ਸਨ। ਭੋਰਿਆਂ ਵਿਚ ਤੇ ਬਾਹਰ ਵਾਲੇ ਘਰਾਂ ਵਿਚ ਉਹਨਾਂ ਦੀ ਖੋਜ-ਭਾਲ ਕੀਤੀ ਗਈ ਤੇ ਜਿਹੜੇ ਲੱਭ ਪਏ ਉਹਨਾਂ ਨੂੰ ਰਾਤ ਵੇਲ਼ੇ ਗੋਲੀ ਮਾਰ ਦਿੱਤੀ ਗਈ। ਮਾਕਾਰੂਸ਼ਕਾ ਨੇ ਆਪਣੀ ਦੋ ਸਾਲਾਂ ਦੀ ਭੈਣ ਕੁੱਛੜ ਚੁੱਕੀ ਹੋਈ ਸੀ। ਉਹਨਾਂ ਨੂੰ ਇਕ ਖਾਈ ਦੇ ਕੰਢੇ ਖੜੇ ਕੀਤਾ ਗਿਆ। ਮਾਕਾਰੂਸ਼ਕਾ ਆਪਣੀ ਭੈਣ ਨੂੰ ਕੁੱਛੜ ਚੁੱਕੀ ਰੱਖਣ ਲਈ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕਿਆ।

“ਜੇ ਮੈਂ ਉਹਨੂੰ ਭੁੰਜੇ ਪਾ ਦੇਂਦਾ ਤਾਂ ਸ਼ਾਇਦ ਉਹਨਾਂ ਨੂੰ ਉਹਦਾ ਪਤਾ ਹੀ ਨਾ ਲੱਗਣਾ। ਬਹੁਤ ਛੋਟੀ ਜਿਹੀ ਤਾਂ ਸੀ ਤੇ ਨਾਲੇ ਰਾਤ ਦਾ ਹਨੇਰਾ ਸੀ। ਪਰ ਉਹ ਸਹਿਮੀ ਹੋਈ ਸੀ ਤੇ ਇਉਂ ਘੁੱਟ ਕੇ ਮੇਰੇ ਗਲ ਨੂੰ ਚੰਬੜੀ ਹੋਈ ਸੀ ਕਿ ਮੈਂ ਉਸ ਨੂੰ ਆਪਣੇ ਨਾਲੋਂ ਲਾਹ ਹੀ ਨਾ ਸਕਿਆ। ਉਹਨੇ ਤਾਂ ਨਹੁੰਦਰਾਂ ਖੋਭੀਆਂ ਹੋਈਆਂ ਸਨ। ਏਸ ਥਾਂ। ” ਉਸ ਨੇ ਆਪਣੀ ਗਰਦਨ ਵੱਲ ਇਸ਼ਾਰਾ ਕੀਤਾ। ਮੈਂ ਓਦੋਂ ਸੋਚਦਾ ਸਾਂ ਕਿ ਜਿੰਨਾ ਚਿਰ ਇਹ ਜਿਊਂਦਾ ਰਹੇਗਾ, ਇਸ ਨੂੰ ਦੋ ਸਾਲ ਦੇ ਬੱਚੇ ਦੀਆਂ ਨਹੁੰਦਰਾਂ ਮਹਿਸੂਸ ਹੁੰਦੀਆਂ ਰਹਿਣਗੀਆਂ ਜਿਸ ਦੇ ਨਿੱਕੇ ਜਿਹੇ ਬਦਨ ਨੂੰ ਮੌਤ ਦੀ ਮੌਜੂਦਗੀ ਦਾ ਅਹਿਸਾਸ ਸੀ।

“ਹਾਲੇ ਉਹ ਵਧਦਾ ਜਾਂਦਾ ਸੀ,” ਨੌਜਵਾਨ ਜਰਮਨ ਮੁੰਡੇ ਨੇ ਉਸ ਛੋਟੇ ਜਿਹੇ ਸੂਰ ਬਾਰੇ ਆਖਿਆ ਸੀ ਜਿਸ ਦਾ ਭਾਰ ਤੀਹ ਕਿਲੋਗ੍ਰਾਮ ਸੀ। ਇਹ ਉਹਦਾ ਸੂਰ ਸੀ ਤੇ ਕਿਸੇ ਨੂੰ ਹੱਕ ਨਹੀਂ ਸੀ ਕਿ ਇਸ ਨੂੰ ਗੋਲੀ ਮਾਰੇ। ਅਤੇ ਕਿਸਾਨ, ਆਪਣੇ ਸਲੀਪਰ ਪਾਈ ਬੈਂਚ ਉੱਤੇ ਬੈਠਾ ਤੇ ਆਪਣੇ ਦੰਦਾਂ ਵਿਚ ਪਾਈਪ ਨੂੰ ਹਿਲਾਉਂਦਾ ਝੁਲਉਂਦਾ, ਆਪਣੇ ਪੁੱਤਰ ਉੱਤੇ ਪ੍ਰਸੰਨ ਸੀ।

ਮੈਂ ਨਜ਼ਰ ਚੁੱਕ ਕੇ ਗੱਭਰੂ ਜਰਮਨ ਵੱਲ ਵੇਖਿਆ। ਉਹ ਚੌਦਾਂ ਵਰ੍ਹਿਆਂ ਦਾ ਸੀ, ਉਸ ਦੀ ਅਵਾਜ਼ ਬਦਲ ਰਹੀ ਸੀ, ਗੱਲ ਕਰਨ ਲੱਗਿਆਂ ਅਵਾਜ਼ ਪਾਟਦੀ ਸੀ। ਮਾਕਾਰੂਸ਼ਕਾ ਏਸੇ ਹੀ ਉਮਰ ਦਾ ਸੀ ਜਦੋਂ ਜਰਮਨਾਂ ਨੇ, ਉਹਦੇ ਕੁੱਛੜ ਉਹਦੀ ਭੈਣ ਸਮੇਤ ਗੋਲੀ ਮਾਰਨ ਲਈ ਅੱਗੇ ਲਾ ਲਿਆ ਸੀ, ਜਦੋਂ ਉਹ ਸਾਂਝੀ ਕਬਰ ਵਿਚੋਂ ਰੀਂਗ ਕੇ ਬਾਹਰ ਆਇਆ ਸੀ ਤੇ ਬਚ ਕੇ ਜੰਗਲ ਨੂੰ ਨਿਕਲ ਗਿਆ ਸੀ ਜਿੱਥੇ, ਜੰਗਲੀ ਜਾਨਵਰ ਵਾਂਗ, ਉਸ ਨੂੰ ਆਪਣੇ ਜ਼ਖਮਾਂ ਦੇ ਇਲਾਜ ਲਈ ਜੜੀਆਂ ਬੂਟੀਆਂ ਲੱਭ ਗਈਆਂ ਸਨ।

ਚੌਦਾਂ ਸਾਲਾਂ ਦੇ ਇਸ ਕਿਸਾਨ ਮੁੰਡੇ ਨੂੰ ਲੜਾਈ ਦੀ ਕੀਮਤ ਦਾ ਕੋਈ ਅਨੁਭਵ ਨਹੀਂ ਸੀ ਪਰ ਉਹ ਇਕ ਕਿਲੋਗ੍ਰਾਮ ਸੂਰ ਦੇ ਮਾਸ ਦੀ ਕੀਮਤ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਅਤੇ ਉਹ ਆਪਣੇ ਹੱਥ ਵਿਚ ਬਿੱਲ ਲੈ ਕੇ ਮੇਰੇ ਸਾਮ੍ਹਣੇ ਖੜਾ ਸੀ, ਇਸ ਵਿਸ਼ਵਾਸ ਨਾਲ ਕਿ ਮੇਰੇ ਅੱਗੇ ਇਹ ਬਿੱਲ ਪੇਸ਼ ਕਰਨ ਦਾ ਉਸ ਨੂੰ ਹੱਕ ਹੈ।

ਉਸ ਦਿਨ ਸ਼ਾਮ ਨੂੰ ਸਾਡੇ ਖਾਣੇ ਵਿਚ ਸੂਰ ਦਾ ਮਾਸ ਸੀ। ਕਿਸਾਨ ਤੇ ਉਹਦੀ ਬੀਵੀ, ਜਿਵੇਂ ਹਮੇਸ਼ਾ ਕਰਦੇ ਸਨ, ਚਲੇ ਗਏ ਸਨ ਅਤੇ ਸਾਡੇ ਨਾਲ ਬੜੇ ਨਾਖੁਸ਼ ਸਨ। ਉਹ ਸਾਡੇ ਤੋਂ ਨਜ਼ਰਾਂ ਚੁਰਾਉਂਦੇ ਸਨ ਅਤੇ ਔਰਤ ਦਾ ਮੂੰਹ ਰੋ ਰੋ ਕੇ ਲਾਲ ਹੋਇਆ ਪਿਆ ਸੀ। ਉਹਨਾਂ ਦਾ ਪੁੱਤਰ ਘਰ ਹੀ ਰਿਹਾ ਅਤੇ ਆਪਣੇ ਨਿੱਤ ਦਿਹਾੜੀ ਦੇ ਕੰਮ ਵਿਚ ਲੱਗਾ ਰਿਹਾ।

ਸੋਹਣੀ ਤਰ੍ਹਾਂ ਵਾਹੇ ਬੀਜੇ ਖੇਤਾਂ ਦੇ ਓਹਲੇ ਸੂਰਜ ਹੇਠਾਂ ਲਹਿਰ ਗਿਆ ਤੇ ਨੋਕਦਾਰ ਛੱਤਾਂ ਇਸ ਦੀਆਂ ਕਿਰਨਾਂ ਨੂੰ ਚੀਰ ਪਾ ਰਹੀਆਂ ਸਨ। ਬਾਹਰ ਪਾਰਦਰਸ਼ੀ ਵਾਤਾਵਰਣ ਵਿਚ ਡੁਬਦੇ ਸੂਰਜ ਦੀ ਲਾਲੀ ਥਿਰਕ ਰਹੀ ਸੀ, ਪਰ ਕਮਰਿਆਂ ਵਿਚ ਘੁਸਮੁਸਾ ਹੋ ਗਿਆ ਸੀ।

ਮੈਂ ਸੁਣਿਆ ਕਿਵੇਂ ਬਾਹਰ ਫਾਟਕ ਉੱਤੇ ਠੱਕ-ਠੱਕ ਹੋਈ। ਤੇ ਫੇਰ ਕਦਮਾਂ ਦੀ ਅਣਪਛਾਤੀ ਘੁਸਰ-ਘਸਰ ਕਰਦੀ ਆਹਟ। ਜਿੱਥੇ ਮੈਂ ਬੈਠਾ ਹੋਇਆ ਸੀ ਉਸ ਥਾਂ ਤੋਂ ਮੈਂ ਵਿਹੜੇ ਦੀ ਇਕ ਨੁੱਕਰ ਹੀ ਵੇਖ ਸਕਦਾ ਸੀ। ਥੋੜ੍ਹੇ ਚਿਰ ਬਾਅਦ ਇਕ ਆਦਮੀ ਮੇਰੀ ਨਜ਼ਰ ਦੇ ਦਾਇਰੇ ਵਿਚ ਆਇਆ। ਉਹ ਕਮਜ਼ੋਰ ਜਿਹਾ ਲੱਗਦਾ ਸੀ ਤੇ ਪੈਰ ਘਸੀਟ ਕੇ ਤੁਰਿਆ ਆਉਂਦਾ ਸੀ। ਪਰ ਜਿਸ ਅੰਦਾਜ਼ ਨਾਲ ਵਿਹੜੇ ਵਿਚੋਂ ਲੰਘ ਰਿਹਾ ਸੀ, ਉਸ ਤੋਂ ਮੈਨੂੰ ਮਹਿਸੂਸ ਹੋਇਆ ਕਿ ਉਹ ਪਹਿਲਾਂ ਵੀ ਏਥੇ ਜ਼ਰੂਰ ਆਇਆ ਹੋਵੇਗਾ। ਸੂਰਵਾੜੇ ਅੱਗੇ ਜਾ ਕੇ, ਉਹ ਖੜਾ ਹੋ ਕੇ ਹਨੇਰੇ ਵਿਚ ਧੁਰ ਅੰਦਰ ਤੱਕ ਝਾਕਣ ਲੱਗਾ। ਉਸ ਨੇ ਨਹੀਂ ਸੀ ਵੇਖਿਆ ਕਿ ਕਿਸਾਨ ਦੇ ਪੁੱਤਰ ਨੇ ਵਿਹੜੇ ਵਿਚ ਪਈਆਂ ਲੱਕੜਾਂ ਦੇ ਢੇਰ ਪਿਛੋਂ ਉਹਨੂੰ ਤਾੜ ਲਿਆ ਸੀ। ਇਕ ਪਲ ਆਇਆ ਜਦੋਂ ਮੁੰਡਾ ਉੱਚੀ ਸਾਰੀ ਵਾਜ ਮਾਰਨ ਲੱਗਾ ਸੀ, ਪਰ ਅਚਾਨਕ ਹੀ ਉਹਦੇ ਚਿਹਰੇ ਦਾ ਰੰਗ ਢੰਗ ਬਦਲ ਗਿਆ ਤੇ ਉਹਨੇ ਆਪਣੇ ਆਪ ਨੂੰ ਰੋਕ ਲਿਆ। ਉਸ ਨੇ ਉਹਨੂੰ ਪਛਾਣ ਲਿਆ ਸੀ।

ਮੈਂ ਡਿਉੜੀ ਵਿਚ ਆ ਗਏ ਕਦਮਾਂ ਦੀ ਆਹਟ ਸੁਣੀ। ਖਿੜਕੀ ਦੇ ਪਰਦੇ ਕਾਰਨ ਮੈਨੂੰ ਉਸ ਦੇ ਜਿਸਮ ਦਾ ਉੱਤਲਾ ਹਿੱਸਾ ਨਜ਼ਰ ਨਹੀਂ ਸੀ ਆਉਂਦਾ, ਸਿਰਫ ਲੱਤਾਂ ਹੀ ਵਿਖਾਈ ਦੇਂਦੀਆਂ ਸਨ ਜਿਨ੍ਹਾਂ ਉੱਤੇ ਮੁਰੰਮਤ ਕੀਤੇ ਬੂਟ ਚੜ੍ਹਾਏ ਹੋਏ ਸਨ। ਜ਼ਾਹਿਰ ਸੀ ਕਿ ਉਸ ਆਦਮੀ ਨੂੰ ਸੱਜਾ ਕਦਮ ਪੁੱਟਣ ਲੱਗਿਆਂ ਬਹੁਤ ਪੀੜ ਹੁੰਦੀ ਸੀ ਕਿਉਂਕਿ ਉਹ ਫੌਰਨ ਆਪਣਾ ਭਾਰ ਖੱਬੇ ਪੈਰ ਉੱਤੇ ਪਾ ਦੇਂਦਾ ਸੀ ਤੇ ਸੱਜੇ ਪੈਰ ਨੂੰ ਬਸ ਘਸੀਟੀ ਆਉਂਦਾ ਸੀ। ਕੁਝ ਚਿਰ ਉਹ ਹੱਥ ਮਾਰ ਕੇ ਦਰਵਾਜ਼ੇ ਦਾ ਕੁੰਡਾ ਲੱਭਦਾ ਰਿਹਾ ਤੇ ਓਨਾ ਚਿਰ ਮੈਨੂੰ ਉਹਦੇ ਬੋਝਲ ਸਾਹਾਂ ਦੀ ਆਵਾਜ਼ ਸੁਣਦੀ ਰਹੀ। ਅਖੀਰ ਦਰਵਾਜ਼ਾ ਖੁੱਲ੍ਹਾ ਤੇ ਉਹਨੇ ਅੰਦਰ ਕਦਮ ਰੱਖਿਆ। ਉਹ ਇਕ ਬੁੱਢਾ ਆਦਮੀ ਸੀ ਜਿਸ ਨੇ ਘਸੇ ਹੋਏ ਕੱਪੜੇ ਪਾਏ ਹੋਏ ਸਨ ਜਿਨ੍ਹਾਂ ਦਾ ਰੰਗ ਉੱਡ ਗਿਆ ਹੋਇਆ ਸੀ ਤੇ ਜਿਹੜੇ ਉਸ ਦੇ ਮੇਚ ਵੀ ਨਹੀਂ ਸਨ ਜਿਵੇਂ ਇਹ ਉਹਦੇ ਲਈ ਬਣਾਏ ਹੀ ਨਹੀਂ ਸਨ ਗਏ। ਜਿਸ ਢੰਗ ਨਾਲ ਉਹਨੇ ਕਮਰੇ ਵਿਚ ਏਧਰ ਓਧਰ ਵੇਖਿਆ ਉਸ ਤੋਂ ਮੈਨੂੰ ਫੇਰ ਏਹੋ ਅਹਿਸਾਸ ਹੋਇਆ ਕਿ ਉਹ ਪਹਿਲਾਂ ਵੀ ਏਥੇ ਆ ਚੁੱਕਾ ਸੀ।

“ਸਲਾਮ ਏ,” ਮੈਂ ਹਨੇਰੇ ਵਿਚ ਬੈਠਿਆਂ ਹੀ ਆਖਿਆ।

ਉਹ ਤ੍ਰਭਕਿਆ ਤੇ ਉਹਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ। ਇਹਨਾਂ ਨਜ਼ਰਾਂ ਵਿਚ ਡਰ ਦਾ ਅਹਿਸਾਸ ਨਹੀਂ ਸੀ। ਜਦੋਂ ਉਹਨੇ ਘੋਖ ਕੇ ਵੇਖ ਲਿਆ ਕਿ ਉਹਦੇ ਸਾਮ੍ਹਣੇ ਕੌਣ ਹੈ, ਤਾਂ ਉਹਨੇ ਮੇਰੀ ਸਲਾਮ ਦਾ ਜਵਾਬ ਦਿੱਤਾ ਤੇ ਗੋਲ ਟੋਪੀ ਲਾਹੀ ਜਿਹੜੀ ਨਜ਼ਰਬੰਦੀ ਕੈਪਾਂ ਵਿਚ ਕੈਦੀਆਂ ਨੂੰ ਦਿੱਤੀ ਜਾਂਦੀ ਸੀ, ਅਤੇ ਪੋਲਿਸ਼ ਭਾਸ਼ਾ ਵਿਚ ਮੈਨੂੰ ਕੁਝ ਪੁੱਛਿਆ। ਮੈਂ ਆਪਣੇ ਮੋਢੇ ਛੰਡ ਦਿੱਤੇ। ਉਸ ਨੇ ਹੱਥ ਮਾਰ ਕੇ ਕੋਈ ਇਸ਼ਾਰਾ ਕੀਤਾ ਤੇ ਮੈਨੂੰ ਫੇਰ ਪੋਲਿਸ਼ ਤੇ ਜਰਮਨ ਵਿਚ ਸਵਾਲ ਕੀਤਾ। ਉਹ ਕਿਸਾਨ ਬਾਰੇ ਪੁੱਛ ਰਿਹਾ ਸੀ। ਮੈਂ ਉਸ ਨੂੰ ਦੱਸਿਆ ਕਿ ਉਹ ਏਥੇ ਹੀ ਰਹਿੰਦਾ ਹੈ ਪਰ ਰਾਤ ਵੇਲੇ ਚਲਾ ਜਾਂਦਾ ਹੈ। ਜਿਸ ਤਾਂਘ ਨਾਲ ਉਹਨੇ ਮੇਰੇ ਜਵਾਬ ਦੀ ਉਡੀਕ ਕੀਤੀ, ਉਸ ਤੋਂ ਮੈਂ ਦੰਗ ਸਾਂ।

“Hier, ” (ਏਥੇ) ਉਸ ਨੇ ਸੁਖ ਦਾ ਸਾਹ ਲੈਂਦਿਆਂ ਦੁਹਰਾਇਆ ਤੇ ਫੇਰ ਪੋਲਿਸ਼ ਵਿਚ ਹੀ ਮੈਨੂੰ ਸ਼ੁਕਰੀਆ ਆਖਿਆ।

“ਮੈਂ ਉਸ ਨੂੰ ਬਲੂਤ ਦੀ ਇਕ ਭਾਰੀ ਜਿਹੀ ਕੁਰਸੀ ਪੇਸ਼ ਕੀਤੀ ਤੇ ਜਦੋਂ ਉਹ ਬਹਿ ਗਿਆ ਤਾਂ ਮੈ ਵੇਖਿਆ ਉਹਦੇ ਗੋਡਿਆਂ ਦੀਆਂ ਚੱਪਣੀਆਂ ਬਾਹਰ ਨਿਕਲੀਆਂ ਹੋਈਆਂ ਸਨ। ਹੁਣ ਜਦੋਂ ਮੈਂ ਉਸ ਨੂੰ ਨੇੜਿਓਂ ਵੇਖ ਰਿਹਾ ਸਾਂ, ਮੈਂ ਵੇਖਿਆ ਕਿ ਉਹ ਬੁੱਢਾ ਬਿਲਕੁਲ ਨਹੀਂ ਸੀ, ਸਗੋਂ ਐਸਾ ਆਦਮੀ ਲੱਗਦਾ ਸੀ ਜਿਸ ਨੇ ਬੜੀਆਂ ਦੁੱਖ-ਮੁਸੀਬਤਾਂ ਝਲੀਆਂ ਹੋਣ। ਉਹਦੀਆਂ ਪੁੜਪੜੀਆਂ ਵਿਚ ਡੂੰਘ ਪੈਂਦੇ ਸਨ ਤੇ ਉਹਦੇ ਚਿਹਰੇ ਵਿਚ ਜਿਵੇਂ ਲਹੂ ਹੀ ਨਹੀਂ ਸੀ। ਗਰਮ ਤੇ ਸਵਾਦੀ ਭੁੰਨੇ ਹੋਏ ਸੂਰ ਦੇ ਮਾਸ ਤੇ ਆਲੂਆਂ ਦੀ ਪਲੇਟ ਅਜੇ ਮੈਨੂੰ ਫੜਾਈ ਹੀ ਗਈ ਸੀ ਅਤੇ ਮੈਂ ਵੇਖ ਰਿਹਾ ਸਾਂ ਕਿ ਇਸ ਦੀ ਮਹਿਕ ਨਾਲ ਉਹਦੇ ਮੂੰਹ ਵਿਚ ਪਾਣੀ ਆ ਗਿਆ ਸੀ।

“ਮੈਂ ਮਾਕਾਰੂਸ਼ਕਾ ਨੂੰ ਜਾਣ ਦਿੱਤਾ, ਫਰਾਈ-ਪੈਨ ਵਿਚੋਂ ਅੱਧਾ ਮਾਸ ਤੇ ਆਲੂ ਇਕ ਪਲੇਟ ਵਿਚ ਪਾ ਕੇ ਉਹਨੂੰ ਫੜਾਈ। ਉਹ ਡਰੀਆਂ ਹੋਈਆਂ ਅੱਖਾਂ ਨਾਲ ਪਲੇਟ ਵੱਲ ਵੇਖ ਰਿਹਾ ਸੀ। “ਂੲਨਿ, ਂੲਨਿ,”, ਉਸ ਨੇ ਜ਼ੋਰ ਨਾਲ ਆਪਣਾ ਸਿਰ ਮਾਰਦਿਆਂ ਆਖਿਆ। “ਖਾ ਲਓ, ਖਾ ਲਓ,” ਮੈਂ ਜ਼ੋਰ ਦੇ ਕੇ ਆਖਿਆ। “ਮੈਂ ਹੁਣੇ ਹੋਰ ਮੰਗਵਾ ਲਵਾਂਗਾ। ” ਉਸ ਨੇ ਨਿਸੱਤੇ ਜਿਹੇ ਹੱਥ ਨਾਲ ਪਲੇਟ ਪਰੇ ਧੱਕ ਦਿੱਤੀ। ਮੈਂ ਹੋਰ ਜ਼ੋਰ ਨਹੀਂ ਪਾਇਆ, ਪਰ ਮੈਨੂੰ ਕੁਝ ਸਮਝ ਨਹੀਂ ਸੀ ਆਉਂਦੀ। ਕੁਝ ਕੁਝ ਬੇਚੈਨੀ ਜਿਹੀ ਨਾਲ਼, ਮੈਂ ਉਹਨੂੰ ਵਾਈਨ ਦਾ ਇਕ ਗਲਾਸ ਭਰ ਦਿੱਤਾ। ਉਸ ਨੇ ਨਜ਼ਰਾਂ ਨਜ਼ਰਾਂ ਨਾਲ ਹੀ ਮੇਰਾ ਸ਼ੁਕਰੀਆ ਅਦਾ ਕੀਤਾ ਅਤੇ ਸ਼ੌਂਕ ਨਾਲ ਪੀ ਲਿਆ। ਜਦੋਂ ਉਹ ਪੀ ਰਿਹਾ ਸੀ ਤਾਂ ਉਹਦੀਆਂ ਪੁੜਪੜੀਆਂ ਦੇ ਡੂੰਘ ਫੁਲਦੇ ਤੇ ਪਿਚਕਦੇ ਰਹੇ ਸਨ ਤੇ ਜਿਹੜੇ ਹੱਥ ਵਿਚ ਉਹਨੇ ਗਲਾਸ ਫੜਿਆ ਹੋਇਆ ਸੀ ਉਹਦੇ ਗੁੱਟ ਦੀਆਂ ਨਾੜਾਂ ਤਕਰੀਬਨ ਨਜ਼ਰ ਆਉਂਦੀਆਂ ਸਨ ਤੇ ਉਂਗਲਾਂ ਤੱਕ ਹੱਡੀਆਂ ਫੜਫੜਾਉਂਦੀਆਂ ਸਨ। ਉਹਦੀ ਬਾਹਰ ਨਿਕਲੀ ਹੋਈ ਘੰਡੀ ਹੇਠਾਂ ਉੱਤੇ ਜਾਂਦੀ ਵੇਖ ਕੇ ਖ਼ੌਫ ਆਉਂਦਾ ਸੀ।

ਗਲਾਸ ਅਜੇ ਪੂਰਾ ਪੀਤਾ ਨਹੀਂ ਸੀ ਕਿ ਉਸ ਨੂੰ ਆਂਦਰਾਂ ਖਿੱਚ ਲੈਣ ਵਾਲੀ ਖੰਘ ਛਿੜ ਪਈ ਜਿਸ ਨਾਲ ਉਹਦਾ ਚਿਹਰਾ ਨੀਲਾ ਹੋ ਗਿਆ, ਸਾਹ ਉਖੜ ਗਿਆ, ਅੱਖਾਂ ਵਿਚੋਂ ਪਾਣੀ ਆ ਗਿਆ ਤੇ ਹੱਥ ਕੰਬਣ ਲੱਗ ਪਏ।

“ਤੁਸੀਂ ਪਹਿਲਾਂ ਏਥੇ ਰਹਿੰਦੇ ਸੀ ?” ਮੈਂ ਇਹ ਭਾਂਪ ਕੇ ਪੁੱਛਿਆ ਕਿ ਉਸ ਨੂੰ ਇਸ ਤਰ੍ਹਾਂ ਬੀਮਾਰ ਹੋਣ ਦੀ ਸ਼ਰਮ ਆ ਰਹੀ ਸੀ। “ਤੁਸੀਂ ਪਹਿਲਾਂ ਵੀ ਇਸ ਮਕਾਨ ਵਿਚ ਆਏ ਹੋ ?” ਉਸ ਨੇ ਗੁੰਗਿਆਂ ਵਾਂਗ ਮੇਰੇ ਵੱਲ ਵੇਖਿਆ ਤੇ ਉਹ ਮੇਰੇ ਹਿਲਦੇ ਬੁੱਲ੍ਹਾਂ ਤੋਂ ਇਹ ਅੰਦਾਜ਼ਾ ਲਾ ਰਿਹਾ ਸੀ ਕਿ ਉਸ ਨੂੰ ਕੀ ਕਿਹਾ ਜਾ ਰਿਹਾ ਹੈ।

“ਤੁਸੀਂ ਰੂਸੀ ਬੋਲੀ ਨਹੀਂ ਸਮਝਦੇ ?”

“ਕੁਝ, ਕੁਝ, ਉਹਨੇ ਸਿਰ ਹਿਲਾਇਆ। "ਕੁਝ ਕੁਝ ਸਮਝਦਾ ਹਾਂ!”

“ਮੈਂ ਪੁਛਦਾਂ, ਤੁਸੀਂ ਪਹਿਲਾਂ ਵੀ ਇਸ ਘਰ ਵਿਚ ਆਏ ?”

ਉਸ ਨੇ ਆਪਣਾ ਸਿਰ ਹਿਲਾ ਛੱਡਿਆ।

ਅਚਾਨਕ ਮੈਨੂੰ ਲੱਗਾ ਕਿ ਉਹ ਕੁਝ ਪਾਗਲ ਸੀ: ਉਹਦੀਆਂ ਅੱਖਾਂ ਤੋਂ ਇੰਜ ਹੀ ਲੱਗਦਾ ਸੀ। ਉਹ ਫਿਰ ਕਮਰੇ ਵਿਚ ਨਜ਼ਰ ਦੌੜਾਉਣ ਲੱਗ ਪਿਆ।

“ਪੋਲ,” ਉਸ ਨੇ ਆਖਿਆ। ਉਸ ਨੇ ਮੈਨੂੰ ਸਮਝਾਇਆ ਕਿ ਉਹਨੂੰ ਮਾਤਭੂਮੀ ਤੋਂ ਜ਼ਬਰਦਸਤੀ ਧੱਕ ਕੇ ਇੱਥੇ ਲਿਆਂਦਾ ਗਿਆ ਹੈ।

“ਮੇਰੀ ਬੀਵੀ ਏਥੇ ਰਹਿੰਦੀ ਸੀ। ਏਥੇ। ” ਉਸ ਨੇ ਖਿੜਕੀ ਵਿਚੋਂ ਤਬੇਲੇ ਵੱਲ ਇਸ਼ਾਰਾ ਕੀਤਾ। ਆਪਣਾ ਹੱਥ ਉਤਾਂਹ ਕਰਨ ਵਾਸਤੇ ਉਹਨੂੰ ਬੜਾ ਜ਼ੋਰ ਲਾਉਣਾ ਪਿਆ ਸੀ। “ਮੇਰੇ ਏਥੇ ਇਕ ਪੁੱਤਰ ਵੀ ਸੀ। ” ਉਸ ਨੇ ਇਕ ਵਾਰੀ ਫੇਰ ਮੇਰੇ ਵੱਲ ਵੇਖਿਆ। “ਜਦੋਂ ਉਹਨੇ ਜਨਮ ਲਿਆ ਤੇ ਚੀਕ ਮਾਰੀ ਮੇਰੀ ਬੀਵੀ ਨੇ ਉਹਦੇ ਮੂੰਹ ਉੱਤੇ ਹੱਥ ਰੱਖ ਦਿੱਤਾ ਸੀ ਤਾਂ ਜੋ ਕੋਈ ਸੁਣ ਨਾ ਲਵੇ। ਪਰ ਸਿਰਫ਼ ਲਾਸ਼ਾਂ ਹੀ ਲੁਕਾਈਆਂ ਜਾ ਸਕਦੀਆਂ ਨੇ। ਇਕ ਦਿਨ ਜਦੋਂ ਉਹ ਬੱਚੇ ਨੂੰ ਦੁੱਧ ਚੁੰਘਾ ਰਹੀ ਸੀ ਤਾਂ ਜਰਮਨ ਅੰਦਰ ਆ ਗਿਆ। ਉਹ ਬੋਲਿਆ ਕੁਝ ਨਹੀਂ ਸੀ, ਬਸ ਖਲੋਤਾ ਰਿਹਾ ਤੇ ਉਹਨੂੰ ਵੇਖਦਾ ਰਿਹਾ। ਉਹ ਮੈਨੂੰ ਸਮਝਾ ਨਹੀਂ ਸੀ ਸਕੀ ਕਿ ਉਸ ਨੇ ਕਿਸ ਤਰ੍ਹਾਂ ਵੇਖਿਆ ਸੀ, ਪਰ ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ ਉਹ ਕੰਬੀ ਜਾਂਦੀ ਸੀ ਤੇ ਰੋਈ ਜਾਂਦੀ ਸੀ। ਮੈਂ ਕੀ ਕਰ ਸਕਦਾ ਸਾਂ ? ਮੈਂ ਨਾਲ ਦੇ ਪਿੰਡ ਇਕ ਜਰਮਨ ਵਾਸਤੇ ਕੰਮ ਕਰਦਾ ਸੀ। ਮੈਂ ਕੀ ਕਰ ਸਕਦਾ ਸਾਂ ? ਮੈਂ ਲਾਚਾਰ ਸਾਂ..."

ਉਹਦੇ ਖੁਸ਼ਕ ਸਲੇਟੀ ਬੁੱਲ੍ਹ ਹੌਲ਼ੀ-ਹੌਲ਼ੀ ਹਿਲਦੇ ਸਨ ਜਿਵੇਂ ਪਾਲੇ ਨਾਲ ਸੁੰਨ ਹੋ ਗਏ ਹੋਣ। ਖਿੜਕੀ ਵਿਚੋਂ ਆਉਂਦਾ ਮੱਧਮ ਜਿਹਾ ਚਾਨਣ ਉਹਦੀਆਂ ਪਥਰਾਈਆਂ ਜਿਹੀਆਂ ਅੱਖਾਂ ਵਿਚ ਪੈਂਦਾ ਸੀ ਜਿਨ੍ਹਾਂ ਅੱਖਾਂ ਦੀ ਨਜ਼ਰ ਅੰਦਰ ਵੱਲ ਮੁੜ ਗਈ ਸੀ।

“ਹੁਣ ਮੈਨੂੰ ਪਤਾ ਹੈ ਕਿ ਉਹ ਮੇਰੀ ਬੀਵੀ ਵੱਲ ਕਿਵੇਂ ਵੇਖਦਾ ਸੀ। ਉਹ ਉਸ ਨੂੰ ਚੋਗਾ ਸੁੱਟ ਰਿਹਾ ਸੀ ਤਾਂ ਜੋ ਉਹ ਉਹਦੇ ਵਾਸਤੇ ਕੰਮ ਕਰਦੀ ਅਤੇ ਬੱਚਾ ਉਹਦੀ ਸੱਤਿਆ ਖਿੱਚ ਰਿਹਾ ਸੀ। ਉਸ ਤੋਂ ਮਗਰੋਂ ਉਹ ਹਮੇਸ਼ਾ ਹੀ ਖੇਤਾਂ ਨੂੰ ਜਾਣ ਤੋਂ ਪਹਿਲਾਂ ਬੱਚੇ ਨੂੰ ਲੁਕਾ ਜਾਂਦੀ ਸੀ। ਉਹ ਕਹਿੰਦੀ ਸੀ ਕਿ ਜਦੋਂ ਉਹ ਬਾਹਰ ਹੁੰਦੀ ਸੀ ਓਦੋਂ ਵੀ ਉਹਨੂੰ ਰੋਂਦੇ ਬੱਚੇ ਦੀ ਅਵਾਜ਼ ਸੁਣਦੀ ਸੀ, ਪਰ ਮੈਂ ਸਮਝਦਾ ਹਾਂ ਕਿ ਇਹ ਚੀਕ ਹਮੇਸ਼ਾ ਹੀ ਉਹਦੇ ਕੰਨਾਂ ਵਿਚ ਗੂੰਜਦੀ ਰਹਿੰਦੀ ਸੀ। ਇਕ ਵਾਰੀ ਉਹਨੂੰ ਇਹ ਅਵਾਜ਼ ਸੁਣਨ ਦਾ ਏਨਾ ਪੱਕਾ ਯਕੀਨ ਹੋ ਗਿਆ ਕਿ ਉਹ ਭੱਜੀ- ਭੱਜੀ ਵਾਪਸ ਆ ਗਈ ਸੀ। ਜਰਮਨ ਵਿਹੜੇ ਵਿਚ ਬਾਹਰ ਜਾਣ ਲਈ ਆਪਣੇ ਘੋੜੇ ਜੋੜ ਰਿਹਾ ਸੀ। ਸੂਰਖਾਨੇ ਦੇ ਬੂਹੇ ਅੱਗੇ ਇਕ ਫੱਟਾ ਰੱਖਿਆ ਹੋਇਆ ਸੀ। ਉਹ ਵਾਹੋਦਾਹੀ ਓਧਰ ਗਈ: ਉਹਦਾ ਮੱਥਾ ਠਣਕ ਗਿਆ ਸੀ। ਜਦੋਂ ਉਹਨੇ ਸੂਰਾਂ ਦੇ ਜਮਘਟੇ ਨੂੰ ਧੱਕ ਕੇ ਪਰੇ ਕੀਤਾ ਤਾਂ ਓਥੇ ਸਾਡਾ ਬਚਾ ਪਿਆ ਸੀ। ਉਸ ਤੋਂ ਬਾਅਦ ਉਹ ਕਦੇ ਕੁਝ ਵੇਖ ਨਹੀਂ ਸਕੀ। ਜਦੋਂ ਉਹ ਉੱਕੀ ਹੀ ਪਾਗਲ ਹੋ ਗਈ ਤਾਂ ਜਰਮਨ ਉਸ ਨੂੰ ਪਹਾੜੀ ਉੱਤੇ ਕੈਂਪ ਵਿਚ ਲੈ ਗਿਆ। ਸ਼ਮਸ਼ਾਨ ਵੱਲ। ਉਸ ਨੂੰ ਕੁਝ ਸਮਝ ਨਹੀਂ ਸੀ ਆਉਂਦਾ, ਅਤੇ ਏਹੋ ਕਿਸਮਤ ਸੀ। ”

ਮੇਰੇ ਜਾਸੂਸ ਸੈਨਿਕ ਬਾਹਰ ਵਿਹੜੇ ਵਿਚ ਹੌਲੀ-ਹੌਲੀ ਗਾ ਰਹੇ ਸਨ ਤੇ ਉਸਨੇ ਜਰਮਨ ਤੇ ਪੋਲਿਸ਼ ਜਬਾਨ ਦੇ ਮਿਲਗੋਭੇ ਵਿਚ ਮੈਨੂੰ ਆਪਣੀ ਕਹਾਣੀ ਸੁਣਾ ਦਿੱਤੀ। ਘੁਸਮੁਸੇ ਵਿਚ ਮੈਨੂੰ ਉਹਦਾ ਚਿਹਰਾ ਚੰਗੀ ਤਰ੍ਹਾਂ ਨਜ਼ਰ ਨਹੀਂ ਸੀ ਆਉਂਦਾ – ਸਿਰਫ਼ ਉਹਦੀਆਂ ਅੰਦਰ ਨੂੰ ਧਸੀਆਂ ਗੱਲ੍ਹਾਂ ਦੇ ਗੂੜ੍ਹੇ ਪਰਛਾਵੇਂ ਅਤੇ ਡੂੰਘੀਆਂ ਅੱਖਾਂ ਦੀ ਝਲਕ ਹੀ ਪੈਂਦੀ ਸੀ।

“ਮੈਂ ਡੇੜ੍ਹ ਸਾਲ ਕੈਂਪ ਵਿਚ ਰਿਹਾ, ਤੇ ਇਹ ਸਭ ਕੁਝ ਝੱਲਿਆ ਤਾਂ ਜੋ ਏਥੇ ਵਾਪਸ ਆ ਸਕਾਂ,” ਉਸ ਨੇ ਆਖਿਆ।

ਮੈਨੂੰ ਯਾਦ ਆਇਆ ਕਿ ਕਿਸਾਨ ਮਾਲਕ ਦਾ ਮੁੰਡਾ, ਲੱਕੜਾਂ ਦੇ ਢੇਰ ਓਹਲੇ ਖਲੋਤਾ ਉਹਨੂੰ ਕਿਵੇਂ ਵੇਖ ਰਿਹਾ ਸੀ। ਮੈਂ ਖਿੜਕੀ ਕੋਲ ਆਇਆ ਤੇ ਮਾਗੋਸਲਿਨ ਨੂੰ ਬੁਲਾਇਆ। ਗੀਤ ਅਚਾਨਕ ਬੰਦ ਹੋ ਗਿਆ ਅਤੇ ਮੈਨੂੰ ਨੇੜੇ ਆਉਂਦੀ ਚਮੜੇ ਦੀ ਜੈਕਟ ਦੀ ਚਰਚਰ ਚੀਂ ਚੀਂ ਸੁਣਾਈ ਦਿੱਤੀ। ਮਾਰਗੋਸਲਿਨ ਬਾਰੀ ਹੇਠ ਆ ਖੜਾ ਹੋਇਆ ਤੇ ਮੂੰਹ ਉਪਰ ਕਰ ਕੇ ਵੇਖਿਆ।

“ਏਧਰ ਸੱਦ ਲਿਆ ਮੁੰਡੇ ਨੂੰ," ਮੈਂ ਆਖਿਆ।

ਤਕਰੀਬਨ ਦਸ ਮਿੰਟ ਤੱਕ ਮੈਨੂੰ ਵਿਹੜੇ ਵਿਚ, ਢਾਰਿਆਂ ਦੇ ਪਿੱਛੇ, ਮਕਾਨ ਦੇ ਲਾਗੇ- ਚਾਗੇ ਕਦਮਾਂ ਦੀ ਆਹਟ ਤੇ ਅਵਾਜ਼ਾਂ ਸੁਣਦੀਆਂ ਰਹੀਆਂ। ਇਚਰ ਨੂੰ ਕਮਰੇ ਵਿਚ ਪੂਰੀ ਤਰ੍ਹਾਂ ਹਨੇਰਾ ਹੋ ਗਿਆ ਸੀ। ਸਿਰਫ਼ ਦੋ ਖਿੜਕੀਆਂ ਦੀ ਸਾਮ੍ਹਣੀ ਕੰਧ ਤੇ ਨੁੱਕਰ ਵਿਚ ਪਏ ਸ਼ੀਸ਼ੇ ਉੱਤੇ ਹੀ ਚਾਨਣ ਰਹਿ ਗਿਆ ਸੀ।

“ਓਥੇ ਇਕ ਵੱਡੀ ਸਾਰੀ ਕੋਠੜੀ ਸੀ ... ਵੱਡੀ ਸਾਰੀ। ਇਹਨਾਂ ਹੱਥਾਂ ਨੇ ਹੀ ਬਣਾਈ ਸੀ। ” ਉਹਨੇ ਆਪਣੇ ਹੱਥ ਮੈਨੂੰ ਵਿਖਾਏ ਤੇ ਆਪ ਵੀ ਵੇਖਿਆ।

“ਉਥੇ ਲੋਕਾਂ ਨੂੰ ਡੱਕਿਆ ਜਾਂਦਾ ਸੀ। ਕੀ ਔਰਤਾਂ ਕੀ ਬੱਚੇ। ਬੱਚੇ, ਖਿੜਾਉਣਿਆਂ ਸਮੇਤ... ਉਹਨਾਂ ਨੂੰ ਆਖਣ ਓਥੇ ਹਮਾਮ ਹੈ। ਤੇ ਲੋਕ ਤੁਰੇ ਜਾਂਦੇ। ਬੱਚੇ ਵੀ ਓਥੇ," ਉਸ ਨੇ ਛੱਤ ਵੱਲ ਇਸ਼ਾਰਾ ਕਰ ਕੇ ਕਿਹਾ, “ਏਡੀ ਵੱਡੀ ਖਿੜਕੀ ਸੀ। ਉਸ ਰਾਹੀਂ ਗੈਸ ਛੱਡੀ ਜਾਂਦੀ ਸੀ। ਗੈਸ ...। ਮੇਰੀ ਕਾਤਾਜ਼ੀਨਾ ਨੇ ਵੇਖਿਆ ਵੀ ਨਾ ਕਿ ਉਹਨੂੰ ਕਿੱਥੇ ਲਈ ਜਾਂਦੇ ਸਨ। ਤੇ ਉਹਦੀ ਕਿਸਮਤ ਹੀ ਇਹੋ ਸੀ...। ਏਨੀ ਜਵਾਨ, ਏਨੀ ਸੁਣੱਖੀ...। ”

ਤੇ ਇਕ ਵਾਰੀ ਫਿਰ ਉਹਦੀਆਂ ਅੱਖਾਂ 'ਚੋਂ ਪਾਗਲਪਨ ਝਲਕਿਆ। ਪਰ ਉਹ ਪਾਗ਼ਲ ਬਿਲਕੁਲ ਨਹੀਂ ਸੀ।

ਸਿਰਫ਼ ਸਾਵਧਾਨੀ ਸਦਕਾ ਹੀ, ਮੈਂ ਪੋਲ ਨੂੰ ਪੁੱਛਿਆ ਕਿ ਉਸ ਨੂੰ ਓਸ ਪਿੰਡ ਦੀ ਜਾਣਕਾਰੀ ਹੈ ਜਿੱਥੇ ਕਿਸਾਨ ਤੇ ਉਹਦੀ ਬੀਵੀ ਗਏ ਸਨ ਅਤੇ ਕੀ ਉਹ ਸਾਨੂੰ ਓਥੇ ਲਿਜਾ ਸਕਦਾ ਹੈ। ਫੇਰ ਅਸੀਂ ਚੁੱਪ ਕਰ ਕੇ ਬੈਠੇ ਉਡੀਕਦੇ ਰਹੇ।

ਅਖੀਰ ਮਾਰਗੋਸਲਿਨ ਆਇਆ। ਜਿਵੇਂ ਮੈਨੂੰ ਆਸ ਸੀ, ਉਹਨੇ ਦੱਸਿਆ ਕਿ ਮੁੰਡਾ ਤਾਂ ਓਥੇ ਕਿਧਰੇ ਵੀ ਨਹੀਂ।

ਅਸੀਂ ਚਾਰ ਜਣੇ – ਪੋਲ, ਮਾਰਗੋਸਲਿਨ, ਮਾਕਾਰੂਸ਼ਕਾ ਤੇ ਮੈਂ — ਜੰਗਲ ਵਿਚੋਂ ਦੀ ਤੁਰ ਪਏ। ਦੁਮੇਲ ’ਤੇ ਚੰਨ ਦਾ ਉਪਰਲਾ ਅੱਧਾ ਹਿੱਸਾ ਨਜ਼ਰ ਆ ਰਿਹਾ ਸੀ, ਹੇਠਲਾ ਹਿੱਸਾ ਪ੍ਰਤੱਖ ਤੌਰ 'ਤੇ ਉੱਚੀਆਂ ਨੀਵੀਆਂ ਪਹਾੜੀਆਂ ਦੇ ਓਹਲੇ ਸੀ। ਬੜਾ ਵੱਡਾ ਚੰਨ ਸੀ, ਤਾਂਬੇ ਦੇ ਰੰਗ ਦਾ ਅਤੇ ਪਹਾੜੀਆਂ ਗੂੜ੍ਹੀਆਂ ਕਾਲੀਆਂ। ਜਦੋਂ ਆਖ਼ਰ ਚੰਨ ਪਹਾੜੀਆਂ ਦੇ ਚੁੰਗਲ ਵਿਚੋਂ ਨਿਕਲਿਆ ਤਾਂ ਇਕਦਮ ਸਾਡੇ ਸੱਜੇ ਪਾਸੇ ਅਸਮਾਨ ਉੱਤੇ ਆ ਗਿਆ, ਤੇ ਜਿਵੇਂ-ਜਿਵੇਂ ਉੱਚਾ ਹੁੰਦਾ ਗਿਆ, ਛੋਟਾ ਹੁੰਦਾ ਗਿਆ। ਚੰਨ ਬਹੁਤ ਉੱਚਾ ਹੋ ਗਿਆ ਸੀ, ਤੇ ਇਸ ਨੇ ਆਪਣੀ ਚਿੱਟੀ ਚਾਨਣੀ ਨਾਲ ਦੁਨੀਆਂ ਹੀ ਬਦਲ ਕੇ ਰੱਖ ਦਿੱਤੀ ਸੀ, ਜਦੋਂ ਪਿੰਡ ਉੱਤੇ ਸਾਡੀ ਪਹਿਲੀ ਨਜ਼ਰ ਪਈ-ਮਕਾਨਾਂ ਦੀਆਂ ਕੰਧਾਂ ਨੀਲੀ ਭਾਹ ਮਾਰਦੀਆਂ ਸਨ, ਟੈਲਾਂ ਦੀਆਂ ਢਾਲਵੀਆਂ ਛੱਤਾਂ ਉੱਤੇ ਸਿਲ੍ਹੀ ਚਮਕ ਸੀ, ਹਨੇਰੀਆਂ ਖਿੜਕੀਆਂ ਦੇ ਰੰਗਦਾਰ ਸ਼ੀਸ਼ੇ ਸਨ। ਅਸੀਂ ਪਿਛਲੇ ਪਾਸੇ ਦਾ ਰਾਹ ਫੜਿਆ। ਹਾਤਿਆਂ ਵਿਚੋਂ ਖੁਰਲੀਆਂ ਤੇ ਖਾਦ ਦੀ ਨਿੱਘੀ ਤੱਰਕੀ ਹੋਈ ਮੁਸ਼ਕ ਆਉਂਦੀ ਸੀ। ਹੇਠੋਂ, ਜਿੱਥੇ ਪੱਥਰਾਂ ਵਿਚਾਲੇ ਇਕ ਕਾਲੀ ਨਦੀ ਚਮਕਦੀ ਸੀ, ਸਿਲ੍ਹ ਦੀ ਮੁਸ਼ਕ ਆਉਂਦੀ ਸੀ। ਤੇਲ ਭਿੱਜੀਆਂ ਪੱਥਰ ਦੀਆਂ ਪੌੜੀਆਂ ਹੇਠਾਂ ਨਦੀ ਵੱਲ ਜਾਂਦੀਆਂ ਸਨ।

ਸਾਡੇ ਵਿਚੋਂ ਦੋ ਮਕਾਨ ਤੇ ਢਾਰੇ ਉੱਤੇ ਨਿਗਾਹ ਰੱਖਣ ਲੱਗੇ ਤੇ ਦੂਜੇ ਦੋ ਜਣੇ ਮਲਕੜੇ ਜਿਹੇ ਚੁੱਪ ਕਰ ਕੇ ਵਿਹੜੇ ਵਿਚ ਚਲੇ ਗਏ ਜਿਹੜਾ, ਚੰਨ ਚਾਨਣੀ ਵਿਚ, ਹੂੰਝਿਆ ਬੁਹਾਰਿਆ ਲੱਗਦਾ ਸੀ। ਅਸੀਂ ਇਕ ਲੱਕੜ ਦੀ ਪੌੜੀ ਚੜ੍ਹ ਕੇ ਘਾਹ ਵਾਲੀ ਪੜਛੱਤੀ ਵਿਚ ਚਲੇ ਗਏ। ਜਿੰਨਾ ਚਿਰ ਸੰਘ ਨਹੀਂ ਬਹਿ ਗਿਆ ਕੁੱਤਾ ਭੌਂਕਦਾ ਰਿਹਾ ਤੇ ਆਪਣੀ ਸੰਗਲੀ ਨੂੰ ਖਿੱਚਦਾ ਛਣਕਾਉਂਦਾ ਰਿਹਾ, ਪਰ ਮਕਾਨ ਦੀ ਕਿਸੇ ਖਿੜਕੀ ਵਿਚ ਚਾਨਣ ਨਹੀਂ ਹੋਇਆ ਤੇ ਕੋਈ ਬੂਹਾ ਨਹੀਂ ਖੁਲ੍ਹਿਆ।

ਦੋ ਖੰਭਾਂ ਦੀਆਂ ਚਿੱਟੀਆਂ ਤਲਾਈਆਂ ਹਨੇਰੇ ਵਿਚ ਪਰਾਲੀ ਉੱਤੇ ਚਮਕਦੀਆਂ ਸਨ। ਇਹਨਾਂ ਉੱਤੇ ਅਜੇ ਤੱਕ ਜਿਸਮਾਂ ਦੇ ਨਿਸ਼ਾਨ ਸਨ। ਅਸੀਂ ਆਪਣੀਆਂ ਜੇਬੀ ਬੈਟਰੀਆਂ ਨਾਲ ਪੜਛੱਤੀ ਦੀਆਂ ਨੁੱਕਰਾਂ ਵਿਚ, ਢਾਰੇ ਵਿਚ, ਮਕਾਨ ਵਿਚ, ਹਾਤੇ ਵਿਚ ਚਾਨਣ ਸੁੱਟਿਆ ਪਰ ਸਾਨੂੰ ਉਹ ਕਿਤੇ ਵਿਖਾਈ ਨਾ ਦਿੱਤੇ ਜਿਨ੍ਹਾਂ ਨੂੰ ਅਸੀਂ ਲੱਭਦੇ ਸਾਂ। ਸਾਨੂੰ ਉਹ ਅਗਲੇ ਦਿਨ ਵੀ ਨਹੀਂ ਲੱਭੇ। ਮਗਰੋਂ ਸਾਨੂੰ ਪਤਾ ਲੱਗਾ ਕਿ ਉਹ ਭੱਜ ਗਏ ਸਨ। ਤਿੰਨੇ ਦੇ ਤਿੰਨੇ। ਉਹਨਾਂ ਨੇ ਪੱਛਮ ਵੱਲ ਜਾਂਦੀ ਸੜਕ ਫੜੀ ਸੀ।

ਗੁਆਢੀਆਂ ਨੇ ਸਾਨੂੰ ਦੱਸਿਆ ਕਿ ਉਹ ਬੜੇ ਭੈੜੇ ਲੋਕ ਸਨ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਘਰਵਾਲਾ ਨਾਜ਼ੀ ਸੀ ਜਾਂ ਫਿਰ ਉਸ ਦਾ ਭਰਾ ਨਾਜ਼ੀ ਸੀ। ਪਰ ਇਹ ਉਹ ਪਹਿਲਾਂ ਨਹੀਂ ਕਹਿੰਦੇ ਸਨ।

“ਤੁਸੀਂ ਪਹਿਲਾਂ ਕਿਉਂ ਨਾ ਦੱਸਿਆ ?” ਅਸੀਂ ਪੁੱਛਿਆ।

ਉਹਨਾਂ ਨੇ ਆਪਣੇ ਮੋਢੇ ਛੰਡ ਦਿੱਤੇ।

“ਅਸੀਂ ਡਰਦੇ ਸਾਂ,” ਉਹਨਾਂ ਆਖਿਆ।

ਸਿਰਫ਼ ਮਾਗਦਾ ਹੀ ਸੀ ਜਿਹੜੀ ਉਹਨਾਂ ਬਾਰੇ ਕੁਝ ਨਹੀਂ ਬੋਲੀ, ਨਾ ਚੰਗਾ ਨਾ ਮਾੜਾ ਉਸ ਨੇ ਕੁਝ ਆਖਿਆ ਹੀ ਨਹੀਂ ਸੀ। ਕਈ ਹੋਰ ਦਿਨ ਉਹ ਹਮੇਸ਼ਾ ਸਵੇਰੇ ਸਵੱਖਤੇ ਆਉਂਦੀ ਰਹੀ ਸੀ। ਸੂਰਾਂ ਨੂੰ ਚਾਰਾ ਪਾਉਂਦੀ, ਵਿਹੜਾ ਹੂੰਝਦੀ, ਗਊਆਂ ਦੀ ਧਾਰ ਕੱਢਦੀ, ਉਹ ਸਾਰੇ ਫਰਜ਼ ਪੂਰੇ ਕਰਦੀ ਜਿਨ੍ਹਾਂ ਨੇ ਮਸ਼ੀਨੀ ਢੰਗ ਨਾਲ ਉਸ ਨੂੰ ਜਿੰਦਗੀ ਨਾਲ ਜੋੜਿਆ ਹੋਇਆ ਸੀ। ਸਭ ਬਾਲਟੀਆਂ ਤੇ ਵਲਟੋਹੀਆਂ ਦੁੱਧ ਨਾਲ ਭਰੀਆਂ ਰਹਿੰਦੀਆਂ ਜਿਹੜਾ ਹੌਲੀ-ਹੌਲੀ ਖੱਟਾ ਹੋ ਜਾਂਦਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਕੁਝ ਦਿਨਾਂ ਦਾ ਚੇਤਾ ਆ ਜਾਣ ਨਾਲ ਕਿਸਾਨ ਪਰਵਾਰ ਕੰਬ ਉੱਠਦਾ ਸੀ। ਮੁੰਡਾ ਓਦੋਂ ਸਿਰਫ ਚੌਦਾਂ ਵਰ੍ਹਿਆ ਦਾ ਸੀ ਤੇ ਉਹਦੀ ਅਵਾਜ਼ ਬਦਲ ਰਹੀ ਸੀ। ਹੁਣ ਉਸ ਦੀ ਆਵਾਜ਼ ਭਾਰੀ ਤੇ ਮਜ਼ਬੂਤ ਹੋ ਗਈ ਸੀ ਅਤੇ ਇਸ ਭਾਰੀ ਅਵਾਜ਼ ਵਿਚ ਉਹ ਤੇ ਉਹਦੇ ਵਰਗੇ ਕਈ ਹੋਰ ਗਿਲੇ ਸ਼ਿਕਵੇ ਕਰਦੇ ਸਨ।

ਲੜਾਈ ਬੰਦ ਹੋਣ ਤੋਂ ਛੇਤੀ ਹੀ ਬਾਅਦ ਮਈ ਦੀ ਇਕ ਸਵੇਰ ਚੌਦਾਂ ਵਰ੍ਹਿਆਂ ਦਾ ਇਕ ਲਿੱਸਸਾ ਜਿਹਾ ਗਭਰੇਟ ਆਪਣੇ ਹੱਥ ਵਿਚ ਬਿੱਲ ਫੜੀ ਮੇਰੇ ਸਾਮ੍ਹਣੇ ਖੜਾ ਸੀ। ਅੱਜ ਵੀ ਉਹ ਮੈਨੂੰ ਦਿਸਦਾ ਹੈ – ਨਾਸਾਂ ਚਿੱਟੀਆਂ ਤੇ ਅੰਦਰ ਮੱਚੀ ਹਲਚਲ ਦੇ ਚਿਹਰੇ ਉੱਤੇ ਚਟਾਕ। ਉਸ ਨੂੰ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਕਿ ਉਹਦੇ ਦੇਸ਼ ਨੇ ਕੀ ਕੀਤਾ ਸੀ। ਉਹ ਨਹੀਂ ਜਾਣਨਾ ਚਾਹੁੰਦਾ, ਉਹ ਸਿਰਫ ਸੂਰ ਦੇ ਪੈਸੇ ਲੈਣਾ ਚਾਹੁੰਦਾ ਸੀ। ਅਤੇ ਇਹ ਬਿੱਲ ਪੇਸ਼ ਕਰਨ ਦੇ ਆਪਣੇ ਹੱਕ ਬਾਰੇ ਉਹਨੂੰ ਪੂਰਾ ਪੂਰਾ ਯਕੀਨ ਸੀ।

  • ਮੁੱਖ ਪੰਨਾ : ਗਰੀਗੋਰੀ ਬਾਕਲਾਨੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •