Jarhan (Punjabi Story) : Kirpal Kazak

ਜੜ੍ਹਾਂ (ਕਹਾਣੀ) : ਕਿਰਪਾਲ ਕਜ਼ਾਕ

ਜਿਥੇ ਕਿਤੇ ਵੀ ਗੱਡੀ ਖੜ੍ਹਦੀ, ਮਾਂ ਹੁੱਭ ਕੇ ਪੁੱਛਦੀ, “ਕਿੱਥੇ ਕੁ ਆ ਗਏ ਪੁੱਤ?” ਤੇ ਮੈਂ ਕੁਝ ਤਲਖ ਹੋ ਕੇ ਸਟੇਸ਼ਨ ਦੱਸ ਦਿੰਦਾ।
ਘਰੋਂ ਤੁਰਦਿਆਂ ਮੈਂ ਬੜੇ ਜ਼ਬਤ ਵਿਚ ਸਾਂ ਪਰ ਮਾਂ ਦੇ ਇਕੋ ਗੱਲ ਵਾਰ-ਵਾਰ ਪੁੱਛਣ ‘ਤੇ ਮੈਂ ਤਲਖ ਹੋ ਗਿਆ ਸਾਂ। ਥੋੜ੍ਹੀ ਦੇਰ ਪਹਿਲਾਂ ਤਾਂ ਹੱਦ ਹੀ ਹੋ ਗਈ ਸੀ। ਪਿਛਲੇ ਕਿਸੇ ਸਟੇਸ਼ਨ ਤੋਂ ਸਾਹਮਣੀ ਸੀਟ ‘ਤੇ ਦੋ ਸ਼ਹਿਰੀ ਜਿਹੀਆਂ ਕੁੜੀਆਂ ਆ ਕੇ ਬੈਠ ਗਈਆਂ ਤਾਂ ਮੈਂ ਕੁਝ ਰਾਹਤ ਜਿਹੀ ਮਹਿਸੂਸ ਕੀਤੀ ਸੀ ਪਰ ਕੁੜੀਆਂ ਜਦੋਂ ਬਿਨਾਂ ਰੁਕੇ ਗੱਲਾਂ ਦਾ ਅੰਗਰੇਜ਼ੀ ਵਿਚ ਕਚੀਰਾ ਹੀ ਕਰਨ ਲੱਗੀਆਂ ਤਾਂ ਮਾਂ ਸੁੰਗੜ ਕੇ ਬੈਠ ਗਈ ਸੀ। ਫਿਰ ਹੌਲੇ ਜਿਹੇ ਬੋਲੀ ਸੀ,
“ਪੁੱਤ ਤੇਰੀ ਬਹੂ ਦੇ ਮੁਲਖ ਦੀਐਂ?”
ਸੁਣਦਿਆਂ ਮੇਰੇ ਅੰਦਰੋਂ ਕੁਝ ਕੜੱਕ ਕਰਕੇ ਟੁੱਟਿਆ। ਸਾਹਾਂ ਵਿਚ ਧੂੰਆਂ ਜਿਹਾ ਫੈਲ ਗਿਆ ਤੇ ਮੈਂ ਇਕ ਤਰ੍ਹਾਂ ਬੁਝ ਜਿਹਾ ਗਿਆ ਪਰ ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ, ਮੈਂ ਮਾਂ ਨੂੰ ਨੀਂਦਰ ਦੀ ਗੋਲੀ ਦੇ ਕੇ, ਦੁਆਲੇ ਲੀੜਾ ਘੁੱਟ ਦਿੱਤਾ। ਉਂਜ ਮੈਂ ਜਾਣਦਾ ਸਾਂ, ਇਸ ਗੋਲੀ ਦਾ ਕੋਈ ਅਸਰ ਨਹੀਂ ਸੀ ਹੋਣਾ ਪਰ ਮਾਂ ਇਉਂ ਪਾਸਾ ਵੱਟ ਕੇ ਪੈ ਗਈ ਜਿਵੇਂ ਸੱਚਮੁਚ ਸੌਂ ਗਈ ਹੋਵੇ।

ਪਿਛਲੇ ਕੁਝ ਵਰ੍ਹਿਆਂ ਤੋਂ ਇੰਜ ਹੀ ਹੁੰਦਾ ਸੀ। ਅਸੀਂ ਮੀਆਂ ਬੀਵੀ ਚਾਹੁੰਦੇ ਤਾਂ ਮਾਂ ਜਾਗਦਿਆਂ ਵੀ ਸੌਂ ਜਾਂਦੀ, ਨਾ ਚਾਹੁੰਦੇ ਤਾਂ ਉਹ ਸੁੱਤੇ ਪਿਆਂ ਵੀ ਜਾਗਦੀ ਰਹਿੰਦੀ। ਮਾਂ ਦੇ ਇਸ ਬਦਲੇ ਹੋਏ ਰਵੱਈਏ ਨੇ ਜਿਥੇ ਮੇਰੀ ਪਤਨੀ ਸ਼ੈਲੀ ਨੂੰ ਖੁਸ਼ ਕੀਤਾ ਸੀ, ਉਥੇ ਮੈਨੂੰ ਉਦਾਸ ਅਤੇ ਪ੍ਰੇਸ਼ਾਨ ਕਰ ਦਿੱਤਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਕੁਝ ਮਹੀਨੇ ਪਹਿਲਾਂ ਹੀ ਮਾਂ ਨੂੰ ਚਾਈਂ-ਚਾਈਂ ਪਿੰਡੋਂ ਸ਼ਹਿਰ ਲੈ ਕੇ ਆਉਣ ਵਾਲਾ ਮੈਂ, ਅੱਜ ਭਰੇ ਹੋਏ ਮਨ ਨਾਲ ਪਿੰਡ ਪਰਤ ਰਿਹਾ ਸਾਂ।
ਮਾਂ ਦੀ ਇਹ ਹਲੀਮੀ ਮੇਰਾ ਗੱਚ ਭਰ ਦਿੰਦੀ। ਹੁਣ ਵੀ ਮੇਰਾ ਮਨ ਭਰ ਆਇਆ ਸੀ। ਮਾਂ ਭਾਵੇਂ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਸੀ ਪਰ ਮੈਨੂੰ ਲੱਗਾ, ਉਹ ਮੈਨੂੰ ਵੇਖ ਰਹੀ ਸੀ। ਇਕਾ ਇਕ ਮੇਰਾ ਗੱਚ ਭਰ ਆਇਆ ਤੇ ਮੈਂ ਐਨਕ ਸਾਫ ਕਰਨ ਦੇ ਪੱਜ ਅੱਖਾਂ ਦੀ ਨਮੀ ਸੋਖ ਲਈ।
ਮਾਂ ਪ੍ਰਤੀ ਮੇਰਾ ਇਹ ਲਗਾਓ ਵੇਖ, ਸ਼ੈਲੀ ਮੱਚਣ ਲੱਗਦੀ।
“ਮਾਂ ਲਈ ਤਾਂ ਬੁੱਕ-ਬੁੱਕ ਅੱਥਰੂ ਡੁੱਲਦੇ ਐ…ਮੇਰੇ ਲਈ ਹਉਕਾ ਵੀ ਮੁੱਲ ਦਾ!”
ਉਹ ਚੀਕ ਕੇ ਗੱਲ ਸ਼ੁਰੂ ਕਰਦੀ ਤੇ ਛੇਤੀ ਹੀ ਛੱਤਣੀ ਜਾ ਚੜ੍ਹਦੀ।
ਕਦੀ-ਕਦਾਈਂ ਮੈਨੂੰ ਸ਼ੈਲੀ ਦਾ ਇਹ ਗਿਲਾ ਜਾਇਜ਼ ਵੀ ਲੱਗਦਾ। ਮੈਂ ਮਹਿਸੂਸ ਕਰਦਾ, ਮਾਂ ਪ੍ਰਤੀ ਮੇਰਾ ਇਹ ਮੋਹ ਇਕ ਸੀਮਾ ਦੀ ਮੰਗ ਕਰਦਾ ਸੀ ਪਰ ਸ਼ੈਲੀ ਜਦੋਂ ਇਸ ਮੋਹ ਦੀ ਸੀਮਾ ਨੂੰ ਦੌਲਤ ਦੀ ਦ੍ਰਿਸ਼ਟੀ ਤੋਂ ਦੇਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ‘ਤੇ ਤਰਸ ਆਉਂਦਾ, ਜਿਨ੍ਹਾਂ ਵਿਚ ਉਹ ਜੰਮੀ ਪਲੀ ਸੀ ਪਰ ਕੋਈ ਉਸ ‘ਤੇ ਤਰਸ ਕਰੇ, ਇਹ ਉਹਦੇ ਲਈ ਮਰ ਜਾਣ ਵਾਲੀ ਗੱਲ ਸੀ। ਅਬਾ-ਤਬਾ ਬੋਲਦਿਆਂ ਘਰ ਸਿਰ ‘ਤੇ ਚੁੱਕ ਲੈਂਦੀ। ਪਹਿਲਾਂ-ਪਹਿਲ ਮੈਂ ਸੋਚਦਾ, ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵੱਸ ਵਿਚ ਨਹੀਂ ਸੀ ਪਰ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ-ਨਿੱਕੀ ਗੱਲ ‘ਤੇ ਵਧਦਾ ਤਣਾਓ ਮਾਂ ਨੂੰ ਵੀ ਵਿਚੇ ਲਪੇਟ ਲੈਂਦਾ ਤਾਂ ਮੈਨੂੰ ਲੱਗਦਾ, ਹੋਰ ਵੀ ਬਹੁਤ ਕੁਝ ਸੀ, ਜੋ ਮੇਰੇ ਵੱਸ ਵਿਚ ਨਹੀਂ ਸੀ।
ਵੱਸ ਵਿਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ। ਚਲੋ ਵਿਆਹ ਕਰਵਾ ਲਿਆ ਤਾਂ ਉਹਦੇ ਅਮੀਰ ਪਿਓ ਵਲੋਂ ਖੈਰਾਇਤ ਵਜੋਂ ਮਿਲੀ ਨੌਕਰੀ ਹੀ ਨਾ ਸਵੀਕਾਰ ਕਰਦਾ। ਇਸ ਗੱਲ ਦੇ ਬਾਵਜੂਦ ਕਿ ਮਾਂ ਨੇ ਸਿਰੋਂ ਨੰਗੀ ਹੋਣ ‘ਤੇ ਵੀ ਮੇਰੀ ਹਰ ਇੱਛਾ ਦਾ ਨੰਗ ਢਕਿਆ ਸੀ। ਭੁੱਖੀ-ਤਿਹਾਈ ਰਹਿ ਕੇ ਵੀ ਮੇਰੀ ਪੋਟ ਵਿਚ ਚਾਰ ਡਿਗਰੀਆਂ ਦਾ ਚੋਗਾ ਘੱਤਿਆ ਸੀ, ਤੇ ਇਕ ਮੈਂ ਸਾਂ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫਿਰ ‘ਜਿਥੇ ਦਾਣਾ ਪਾਣੀ ਲਿਖਿਐ’ ਦੀ ਓਟ ਲੈ ਕੇ ਸ਼ਹਿਰ ਨੌਕਰੀ ਕਰਨ ਤੁਰ ਆਇਆ; ਸਿਰਫ ਸ਼ੈਲੀ ਦੀ ਇੱਛਾ ਕਰਕੇ ਹੀ, ਕਿਉਂਕਿ ਉਸ ਕਿਹਾ ਸੀ।
“ਉਸ ਦੀਆਂ ਜੜ੍ਹਾਂ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਅਤੇ ਕੱਚੇ ਬਨੇਰਿਆਂ ਤੋਂ ਕਿਸੇ ਵੱਡੀ ਉਡਾਣ ਲਈ ਕਿਵੇਂ ਪਰਵਾਜ਼ ਭਰੀ ਜਾ ਸਕਦੀ ਸੀ।”
ਪਰ ਮੈਂ ਸੋਚਦਾ, ਮਾਂ ਦੀ ਇੱਛਾ ਕਿਥੇ ਸੀ? ਜਿਹੜੀ ਮੇਰੇ ਜਵਾਨ ਹੋਣ ਤੱਕ ਇਕੋ ਗੱਲ ਦੁਹਰਾਉਂਦੀ ਰਹੀ।
“ਅਫਸਰ ਬਣੂ ਮੇਰਾ ਪੁੱਤ! ਰਾਜ ਕਰਾਊ ਮਾਂ ਨੂੰ…ਆਖਰ ਬੰਦੇ ਦੀ ਅੰਸ ਐ…ਜੇ ਮਾਂ ਦੀ ਆਂਦਰ ਠੰਢੀ ਕਰੂ, ਤਾਂ ਹੀ ਪਿਓ ਦਾ ਸਿਵਾ ਠੰਢਾ ਹੋਊ…ਮਾੜੀ Ḕਲਾਦ ਤਾਂ ਕਹਿੰਦੇ ਬੰਦੇ ਦੀ ਗਤੀ ਨੀਂ ਹੋਣ ਦਿੰਦੀ।”
ਮੈਂ ਤੜਪ ਕੇ ਸੋਚਦਾ, ਮਾਂ ਕਦੇ ਇਸ ਗੱਲ ਨੂੰ ਹੁਣ ਕਿਉਂ ਨਹੀਂ ਸੀ ਦੁਹਰਾਉਂਦੀ।
ਇਕ ਦਿਨ ਮੈਂ ਖਿਝ ਕੇ ਕਿਹਾ, “ਮਾਂ ਮੈਂ ਪੜ੍ਹ ਲਿਖ ਗਿਆਂ, ਵਿਆਹਿਆ ਵਰ੍ਹਿਆਂ, ਸ਼ਹਿਰ ਨੌਕਰੀ ਕਰਦਾਂ, ਹੁਣ ਤਾਂ ਆਪਣੇ ਪੁੱਤ ਨੂੰ ਅਫਸਰ ਸਮਝ ਲੈ।”

“ਖਰਾ ਪੁੱਤ! ਜਮ ਜਮ ਸਮਝੂੰ…ਪਰ ਉਦੋਂ ਪੁੱਤ, ਜਿਦੇ ਤੈਨੂੰ ਪਿੰਡ ਨਿਉਂ ਨਿਉਂ ਸਲਾਮਾਂ ਕਰੂ…ਪਰ ਪੁੱਤ! ਤੈਂ ਤਾਂ ਜੜ੍ਹਾਂ ਈ ਕਿਧਰੇ ਹੋਰ ਜਾ ਲਾਈਆਂ, ਫਿਰ ਪੁੱਤ! ਮਾਂ ਪੇ ਲਈ ਤਾਂ ਧੀਆਂ ਪੁੱਤ ਜੰਮਦੇ ਈ ਅਫਸਰ ਹੁੰਦੇ ਐ।” ਤੇ ਮਾਂ ਨਾ ਚਾਹੁੰਦੇ ਵੀ ਮੂੰਹ ਢਕ ਕੇ ਰੋਣ ਲੱਗ ਪਈ ਸੀ।

ਪਰ ਮੈਥੋਂ ਤਾਂ ਮਾਂ ਲਈ ਰੋਣਾ ਛੱਡ, ਹਉਕਾ ਵੀ ਨਹੀਂ ਸੀ ਸਰਿਆ। ਉਂਜ ਮੇਰੇ ਹਉਕਿਆਂ ਨੇ ਮਾਂ ਦਾ ਸੁਆਰਨਾ ਵੀ ਕੀ ਸੀ? ਮਾਂ ਕੋਲ ਤਾਂ ਪਹਿਲਾਂ ਹੀ ਹਉਕੇ ਬਹੁਤ ਸਨ। ਕਦੇ ਮੈਂ ਸੋਚਦਾ, ਪਿਤਾ ਦੀ ਮੌਤ ਅਤੇ ਮੇਰੇ ਸ਼ਹਿਰ ਚਲੇ ਆਉਣ ਪਿਛੋਂ, ਮਾਂ ਕੋਲ ਹਉਕੇ ਹੀ ਤਾਂ ਸਨ। ਨਹੀਂ ਉਮਰ ਦੀ ਨਿਸ਼ਠਾ ਦਾ ਉਹਨੂੰ ਕੀ ਮਿਲਿਆ? ਵਰ੍ਹੇ ਛਮਾਹੀ ਲੈ ਕੇ ਦਿੱਤੇ ਚਾਰ ਲੀੜੇ? ਫੋਕੇ ਦਿਲਾਸੇ? ਜਾਂ ਮੇਰੇ ਤੇ ਸ਼ੈਲੀ ਵਿਚਾਲੇ ਨਿੱਤ ਵਧਦਾ ਜ਼ਹਿਰ…?
ਇਹ ਜ਼ਹਿਰ ਸ਼ਾਇਦ ਵਧਦਾ ਹੀ ਚਲਾ ਜਾਂਦਾ, ਜੇ ਸ਼ੈਲੀ ਨੂੰ ਅਚਾਨਕ ਮਾਂ ਦੀ ਲੋੜ ਨਾਂ ਪੈਂਦੀ। ਸੁਣ ਕੇ ਮੈਂ ਹੈਰਾਨ ਹੋਇਆ। ਮਾਂ ਤਾਂ ਸ਼ੈਲੀ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ, ਫਿਰ ਇਹ ਚਾਹਤ ਕੈਸੀ? ਪਿਛੋਂ ਪਤਾ ਲੱਗਾ, ਸ਼ੈਲੀ ਖੁਦ ਮਾਂ ਬਣਨ ਵਾਲੀ ਸੀ। ਮੈਨੂੰ ਹੈਰਾਨੀ ਅਤੇ ਖੁਸ਼ੀ ਹੋਈ। ਹੈਰਾਨੀ ਇਸ ਗੱਲ ਦੀ ਕਿ ਸ਼ੈਲੀ ਬੱਚਾ ਜੰਮਣ ਨੂੰ ਫਾਲਤੂ ਦਾ ਝੰਜਟ ਸਮਝਦੀ ਸੀ। ਉਹ ਕਹਿੰਦੀ, “ਇਹ ਕਿੱਧਰ ਦਾ ਇਨਸਾਫ ਹੈ ਕਿ ਬੱਚਾ ਮਾਂ ਜੰਮੇ ਤੇ ਪੀੜ੍ਹੀ ਪਿਓ ਦੀ ਤੁਰੇ…। ਉਤੋਂ ਫਿੱਗਰ ਦਾ ਨਾਸ।” ਖੁਸ਼ੀ ਇਸ ਗੱਲ ਦੀ ਕਿ ਇਕ ਦਿਨ ਕਹਿਣ ਲੱਗੀ, “ਕੁਝ ਵੀ ਐ…ਤੀਵੀਂ ਦੀਆਂ ਜੜ੍ਹਾਂ ਲੱਗਣ ਲਈ ਮਾਂ ਬਣਨਾ ਜ਼ਰੂਰੀ ਐ।”
ਮੈਂ ਸ਼ੈਲੀ ਦੇ ਇਸ ਅਚਾਨਕ ਬਦਲਾਓ ‘ਤੇ ਬਹਿਸ ਕਰਨੀ ਚਾਹੁੰਦਾ ਸਾਂ, ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੇ ਸ਼ੈਲੀ ਅਤੇ ਮਾਂ ਵਿਚਾਲੇ ਕੋਈ ਚੌਥੀ ਕੋਨ ਸਿਰਜ ਕੇ ਕਿਸੇ ਮੋਹ ਦੀ ਜੜ੍ਹ ਲਾ ਦੇਵੇ।
ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਓਧਰ ਸ਼ੈਲੀ ਦੀ ਕੁੱਖ ਵਿਚ ਚਾਨਣ ਦਾ ਬੀਜ ਪੁੰਗਰਿਆ, ਇਧਰ ਪਿੰਡ ਵਿਚੋਂ ਮਾਂ ਦੀਆਂ ਜੜ੍ਹਾਂ ਹੀ ਖੱਗੀਆਂ ਗਈਆਂ।
“ਦੇਖੋ! ਬੱਚਾ ਚਾਹੀਦੈ ਤਾਂ ਪਿੰਡੋਂ ਮਾਂ ਨੂੰ ਲੈ ਕੇ ਆਉ…ਜਾਂ ਨੌਕਰ ਰੱਖ ਕੇ ਦਿਉ।”
ਤੀਜੇ ਮਹੀਨੇ ਦੀ ਗਰਭਵਤੀ ਸ਼ੈਲੀ ਨੇ ਇਕ ਤਰ੍ਹਾਂ ਲੀਕ ਖਿੱਚ ਦਿੱਤੀ।
ਨੌਕਰ ਰੱਖਣ ਦਾ ਮਤਲਬ ਸੀ, ਉਹਦੇ ਅਮੀਰ ਪਿਓ ਦੇ ਹੋਰ ਹਠਾਰੂ ਹੋਣਾ। ਰਹੀ ਮਾਂ? ਮਾਂ ਦਾ ਕੀ ਸੀ?…ਫਿਰ ਮਾਂ ਦਾ ਤਾਂ ਫਰਜ਼ ਵੀ ਬਣਦਾ ਸੀ। ਮੈਂ ਆਪਣੇ ਆਪ ਨੂੰ ਦਲੀਲ ਦਿੱਤੀ ਅਤੇ ਬਿਨਾਂ ਪਾਂਧਾ ਪੁੱਛੇ ਮੂਹਰੇ ਜਾ ਖੜ੍ਹਿਆ। ਮੈਂ ਝਕਦੇ ਜਿਹੇ ਸ਼ਹਿਰ ਜਾਣ ਦੀ ਗੱਲ ਤੋਰੀ ਤਾਂ ਮਾਂ ਪੈਰੋਂ ਹੀ ਮੱਚ ਉਠੀ ਪਰ ਜਿਉਂ ਹੀ ਉਹਨੇ ਸ਼ੈਲੀ ਦੇ ਮਾਂ ਬਣਨ ਬਾਰੇ ਸੁਣਿਆ, ਬਿਨਾਂ ਕੋਈ ਉਜ਼ਰ ਕੀਤੇ, ਆਪਣੇ ਲੀੜਿਆਂ ਦੀ ਨਿੱਕੀ ਜਿਹੀ ਬੁਚਕੀ ਚੁੱਕ ਦਰਾਂ ਤੋਂ ਬਾਹਰ ਜਾ ਖੜ੍ਹੀ। ਉਤੋਂ ਗੁੱਸੇ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ।
ਫਿਰ ਅੱਖਾਂ ਭਰਦਿਆਂ ਕਹਿਣ ਲੱਗੀ, “ਨਾਲੇ ਪੁੱਤ ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਐ, ਉਸੇ ਦੀਆਂ ਜੜ੍ਹਾਂ ਦਾ ਮੁੱਲ ਐ…ਫਿਰ ਥੋਡੇ ਬਿਨਾਂ ਮੇਰਾ ਪਿੰਡ ‘ਚ ਕੀ ਐ?” ਇਕ ਪਲ ਮੈਨੂੰ ਲੱਗਾ, ਮਾਂ ਠੀਕ ਕਹਿ ਰਹੀ ਸੀ, ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪ੍ਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ, ਉਹ ਸੱਚਮੁਚ ਹੈਰਾਨ ਕਰਨ ਵਾਲੀ ਸੀ।
ਸ਼ਹਿਰ ਆ ਕੇ ਤਾਂ ਮਾਂ ਨੇ ਸਾਨੂੰ ਹੋਰ ਵੀ ਹੈਰਾਨ ਕਰ ਦਿੱਤਾ। ਨਾ ਕੋਈ ਸ਼ਿਕਵਾ, ਨਾ ਸ਼ਿਕਾਇਤ…ਨਾ ਕੋਈ ਉਜ਼ਰ, ਨਾ ਉਜਰਤ। ਪਤਾ ਨਹੀਂ ਕਿਉਂ, ਮਾਂ ਦਾ ਇਉਂ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬੁਰਾ ਲੱਗਾ।
ਸ਼ੈਲੀ ਲਈ ਇਹ ਜਿੱਤ ਦੀ ਘੜੀ ਸੀ। ਉਹਨੇ ਇਹ ਜਿੱਤ ਜ਼ਾਹਿਰ ਵੀ ਕੀਤੀ। ਇਕ ਦਿਨ ਕਿਸੇ ਬਾਗਬਾਨੀ ਨਰਸਰੀ ਤੋਂ ਤਿੰਨ ਚਾਰ ਗਮਲੇ ਖਰੀਦ ਲਿਆਈ। ਵਿਚ ਬੋਹੜ, ਪਿੱਪਲ ਅਤੇ ਜੰਡ ਉਗੇ ਹੋਏ। ਹੂਬਹੂ ਸ਼ਕਲ ਪਰ ਆਕਾਰ ਵਿਚ ਸਿਰਫ ਦੋ ਤਿੰਨ ਗਿੱਠਾਂ ਉਚੇ। ਕਹਿਣ ਲੱਗੀ, “ਦੇਖਿਆ, ਤੂੰ ਕਹਿੰਦਾ ਸੀ ਜੜ੍ਹਾਂ ਹੁੰਦੀਐਂ ਬੰਦੇ ਦੀਆਂ। ਜੇ ਬੋਹੜ, ਪਿੱਪਲ ਗਮਲਿਆਂ ਵਿਚ ਉਗ ਸਕਦੇ ਐ, ਤਾਂ ਬੰਦੇ ਦਾ ਕੀ ਐ?” ਉਹਨੇ ਮੇਰੀ ਮਾਂ ‘ਚੋਂ ਗੱਲ ਕੱਢੀ।
ਉਤਰ ਵਿਚ ਮੈਂ ਜੜ੍ਹਾਂ ਕੁਤਰ ਕੇ ਬੌਣਾਂ ਕਰ ਦੇਣ ਦੀ ਤਕਨੀਕ ਬਾਰੇ ਚੀਕਣਾ ਚਾਹੁੰਦਾ ਸਾਂ ਪਰ ਚੁੱਪ ਰਿਹਾ ਅਤੇ ਸ਼ੈਲੀ ਦੀ ਸਾਰੀ ਉਗਲੀ ਹੋਈ ਜ਼ਹਿਰ ਵਿਚੇ ਵਿਚ ਹੀ ਪੀ ਲਈ।
ਪਰ ਮਾਂ ਨੇ ਤਾਂ ਜਿਵੇਂ ਬਿਨਾਂ ਕਹੇ ਹੀ ਸਭ ਕੁਝ ਸੁਣ ਲਿਆ ਅਤੇ ਦੇਖਦਿਆਂ ਦੇਖਦਿਆਂ ਦੁਨੀਆਂ ਦੀ ਹਰ ਤਕਨੀਕ ਨੂੰ ਹੀ ਮਾਤ ਪਾ ਦਿੱਤੀ। ਆਪਣੀਆਂ ਜੜ੍ਹਾਂ ਆਪ ਹੀ ਕੁਤਰ ਕੇ ਉਹਨੇ ਸ਼ੈਲੀ ਦੀ ਹਰ ਹਮਕੀ ਤੁਮਕੀ ਜਰਨੀ ਸਿੱਖ ਲਈ। ਸ਼ੈਲੀ ਨੂੰ ਪੁਚ ਪੁਚ ਕਰਦੇ ਉਹਦਾ ਮੂੰਹ ਨਾ ਥੱਕਦਾ। ਸਬਜ਼ੀ-ਭਾਜੀ ਦਾ ਭਾਅ ਤੈਅ ਕਰਨਾ ਅਤੇ ਸੜਕ ਪਾਰ ਕਰਨਾ ਤਾਂ ਮਾਂ ਲਈ ਆਮ ਗੱਲ ਹੋ ਗਈ। ਇਥੋਂ ਤੱਕ ਕਿ ਘਰ ਦੇ ਕੰਮਾਂ ਵਿਚ ਗਲ ਗਲ ਡੁੱਬੀ ਉਹ ਹਰ ਆਏ ਗਏ ਨੂੰ ਨੌਕਰਾਣੀ ਦਿਸਣ ਵਿਚ ਵੀ ਮਾਹਰ ਹੋ ਗਈ ਸੀ।
ਮੈਂ ਮਨ ਹੀ ਮਨ ਸ਼ੁਕਰ ਕੀਤਾ ਕਿ ਮਾਂ ਸ਼ਹਿਰ ਵਿਚ ਜੜ੍ਹਾਂ ਲਾ ਰਹੀ ਸੀ। ਮੈਂ ਸੁਖਣਾ ਸੁੱਖੀ। ਸ਼ੈਲੀ ਨੇ ਸੁਖ ਦਾ ਸਾਹ ਲਿਆ ਤੇ ਕਿਸੇ ਜਿੱਤ ਦੀ ਖੁਸ਼ੀ ਵਿਚ ਛੇਵੇਂ ਮਹੀਨੇ ਹੀ ਮੰਜਾ ਮੱਲ ਕੇ ਬੈਠ ਗਈ। ਆਖਰ ਮਾਂ ਪਿੰਡ ਲਈ ਕਿੰਨਾ ਕੁ ਤੜਪ ਸਕਦੀ ਸੀ। ਅਸਾਂ ਦੋਹਾਂ ਨੇ ਸੋਚਿਆ।
ਪਰ ਇਕ ਦਿਨ ਸਭ ਕੁਝ ਤਹਿਸ-ਨਹਿਸ ਹੋ ਗਿਆ…।

ਗਈ ਰਾਤ 237 ਵਾਲਿਆਂ ਦੇ ਘਰੋਂ ਉਚੀ ਲੇਰ ਸੁਣੀ। ਮਾਂ ਤਾਂ ਜਿਵੇਂ ਹਵਾ ਵਿਚੋਂ ਵੀ ਖੁਸ਼ੀ ਗਮੀ ਸੁੰਘ ਲੈਂਦੀ ਸੀ। ਫਿਰ ਉਤੋਂ ਰਾਤ ਦਾ ਸੰਨਾਟਾ ਅਤੇ ਦਿਲ ਵਿੰਨ੍ਹਵੀਂ ਲੇਰ…। ਮਾਂ ਧਾਹ ਕੇ ਦੂਜੇ ਬਲਾਕ ਵੱਲ ਦੌੜੀ। ਮੈਂ ਵੀ ਜਾਣ ਲੱਗਾ ਤਾਂ ਸ਼ੈਲੀ ਤਰਲਾ ਲਿਆ, “ਕੀ ਕਰਦੇ ਓ…ਐਵੇਂ ਜਾ ਕੇ ਫਸ ਜੋਂ ਗੇ।”

ਅੱਗੇ ਗਏ ਤਾਂ ਸੱਥਰ ਵਿਛਿਆ ਪਿਆ ਸੀ। ਪਤਾ ਲੱਗਾ, ਦੀਨ ਦਿਆਲ ਨਹੀਂ ਸੀ ਰਿਹਾ। “ਹਾਏ ਬੇ ਬੀਰ! ਉਹ ਤਾਂ ਬਾਹਲਾ ਚੰਗਾ ਸੀ।” ਮਾਂ ਦੇ ਕਾਲਜੇ ਜਿਵੇਂ ਡੂੰਘੀ ਪੀੜ ਹੋਈ।
ਮੈਨੂੰ ਯਾਦ ਆਇਆ, ਦੀਨ ਦਿਆਲ ਵੀ ਆਪਣੇ ਬੱਚਿਆਂ ਲਈ ਪਿੰਡੋਂ ਸ਼ਹਿਰ ਆਇਆ ਹੋਇਆ ਸੀ। ਸਬਜ਼ੀ ਭਾਜੀ ਖਰੀਦਦਿਆਂ, ਬੱਚੇ ਖਿਡਾਉਂਦਿਆਂ ਜਾਂ ਕੁੱਤੇ ਨੂੰ ਫੇਰੀ ਲਵਾਉਂਦਿਆਂ ਮਾਂ ਨੂੰ ਮਿਲਦਾ ਤਾਂ ਦੁਖ ਸੁਖ ਫੋਲਦਾ। ਉਹਨੂੰ ਸਭ ਤੋਂ ਵੱਡਾ ਝੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰ ਬਾਰ ਵੀ ਵੰਡ ਲਿਆ ਅਤੇ ਇਕ ਨੇ ਮਾਂ, ਦੂਜੇ ਨੇ ਪਿਓ ਲੈ ਲਿਆ। ਦੋਵੇਂ ਪੁੱਤ ਵੱਖੋ ਵੱਖ ਸ਼ਹਿਰਾਂ ਵਿਚ ਸਨ ਪਰ ਵਿਚਾਰਾ ਦੀਨ ਦਿਆਲ ਸ਼ਹਿਰ ਵਿਚ ਜੜ੍ਹਾਂ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ। ਇਕ ਪਲ ਮੈਂ ਮਾਂ ਬਾਰੇ ਸੋਚ ਅੰਦਰੇ-ਅੰਦਰ ਕੰਬ ਗਿਆ।
ਮਾਂ ਰੋਣ ਵਰਗੇ ਬੋਲਾਂ ਨਾਲ ਅਫਸੋਸ ਕਰਨ ਲੱਗੀ ਤਾਂ ਕਿਸੇ ਟੋਕਿਆ, “ਬਸ ਮਾਂ ਜੀ, ਰੋਣਾ ਨਹੀਂ।” ਮਾਂ ਚੁੱਪ ਕਰ ਗਈ। ਪਤਾ ਲੱਗਾ, ਘਰ ਵਿਚ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ। ਮਾਂ ਇਕ ਕੋਨੇ ਵਿਚ ਮੂੰਹ ਦੇ ਕੇ ਸਿਸਕੀਆਂ ਭਰਦੀ ਰੋਣ ਲੱਗੀ। ਮਾਂ ਨੂੰ ਦੇਖ ਇਕ ਦੋ ਆਈਆਂ ਗੁਆਂਢਣਾਂ ਵੀ ਰੋਣ ਲੱਗੀਆਂ।
“ਦੇਖੋ ਜੀ! ਜੇ ਇਥੇ ਰੋਣ-ਧੋਣ ਦਾ ਹੀ ਪ੍ਰੋਗਰਾਮ ਚੱਲਣੈ ਤਾਂ ਮੈਂ ਬੱਚੇ ਕਿਸੇ ਹੋਰ ਘਰ ਭੇਜ ਦਿੰਨਾਂ।” ਦੀਨ ਦਿਆਲ ਦਾ ਪੁੱਤ ਸਖਤੀ ਨਾਲ ਬੋਲਿਆ।
ਮਾਂ ਇਕਦਮ ਚੁੱਪ ਕਰ ਗਈ।
“ਚਲੋ ਭਾਈ! ਮਰਨਾ ਕੀਹਨੇ ਨਹੀਂ, ਜੱਗ ਚੱਲਦੀ ਸਰਾਂ ਐ… ਪਰ ਇਸ ਪਰਿਵਾਰ ਨਾਲ ਤਾਂ ਬੁਰੀ ਹੋਈ। ਤੁਸੀਂ ਸੋਚੋ, ਪਿੰਡੋਂ ਬਜ਼ੁਰਗ ਨੂੰ ਇਸ ਲਈ ਲੈ ਕੇ ਆਂਦਾ ਕਿ ਦੋਵੇਂ ਨੂੰਹ ਪੁੱਤ ਨੌਕਰੀ ‘ਤੇ ਸਨ, ਚਲੋ ਬਜ਼ੁਰਗ ਬੱਚੇ ਸਾਂਭ ਲਊ ਪਰ ਆਉਂਦੇ ਹੀ ਬਿਮਾਰ ਪੈ ਗਿਆ। ਸੁਖ ਦੀ ਥਾਂ ਖਰਚਾ ਵਧ ਗਿਆ। ਸ਼ੁਰੂ ਵਿਚ ਤਾਂ ਵਿਚਾਰੇ ਨੂੰ ਹਾਜਤ ਲਈ ਵੀ ਬੜੀ ਔਖ ਪੇਸ਼ ਆਈ। ਬਈ ਕੁਸ਼ ਕਹੋ, ਟੱਬਰ ਨੇ ਬਜ਼ੁਰਗ ਬਦਲੇ ਔਖ ਬੜੀ ਝੱਲੀ।” ਕਿਸੇ ਕਿਹਾ।
“ਔਖ ਤਾਂ ਆਪੇ ਝੱਲਣੀ ਹੋਈ, ਤੁਸੀਂ ਸੋਚੋ, ਇਕ ਸ਼ਹਿਰਦਾਰੀ, ਬੱਚਿਆਂ ਦੀਆਂ ਮਹਿੰਗੀਆਂ ਪੜ੍ਹਾਈਆਂ ਤੇ ਉਤੋਂ ਬਿਰਧ ਬੰਦੇ ਦੀ ਬਿਮਾਰੀ।”
“ਬਿਮਾਰੀ ਤਾਂ ਭਾਈ ਸਾਬ੍ਹ ਉਨ੍ਹਾਂ ਆਪ ਲਈ”, ਦੀਨ ਦਿਆਲ ਦੇ ਪੁੱਤਰ ਨੇ ਕਿਹਾ, “ਹਰ ਵੇਲੇ ਸ਼ਿਕਾਇਤ…ਇਥੇ ਗੰਦ ਬਹੁਤ ਐ…ਰਿਸ਼ਵਤ ਐ…ਸ਼ੋਰ ਐ…ਅਖੇ ਘਰ ‘ਚ ਕਿਉਂ ਹੱਗਦੇ ਉਂ…। ਹੁਣ ਦੱਸੋ, ਉਹਦੇ ਲਈ ਸ਼ਹਿਰ, ਘਰ…ਸੜਕਾਂ ਨਵੀਆਂ ਬਣ ਜਾਂਦੀਆਂ।”
“ਕੁਝ ਵੀ ਸੀ…ਭਲੇ ਪੁਰਸ਼ ਸਨ ਵਿਚਾਰੇ…ਨਾ ਚੰਗੀ ਨਾ ਮੰਦੀ…ਜੋ ਮਿਲਿਆ ਪਾ ਲਿਆ, ਜੋ ਦਿੱਤਾ ਖਾ ਲਿਆ।” ਕਿਸੇ ਹੋਰ ਕਿਹਾ।
ਮਾਂ ਨੂੰ ਉਸ ਬੰਦੇ ਦੀ ਗੱਲ ਸ਼ਾਇਦ ਚੰਗੀ ਲੱਗੀ। ਉਹ ਉਸ ਵੱਲ ਉਚੇਚ ਨਾਲ ਝਾਕੀ। ਅਚਾਨਕ ਚੁੱਪ ਜਿਵੇਂ ਬੋਝਲ ਜਾਪਣ ਲੱਗੀ। ਸਾਹ ਘੁਟਣ ਲੱਗਾ। ਮੇਰੇ ਉਠਣ ਤੋਂ ਪਹਿਲਾਂ ਜਦੋਂ ਆਏ ਗੁਆਂਢੀ ਸਵੇਰੇ ਸਸਕਾਰ ਦਾ ਟਾਈਮ ਪੁੱਛ ਕੇ ਚਲੇ ਗਏ ਤਾਂ ਮੈਂ ਵੀ ਜਾਣ ਲਈ ਮਾਂ ਦਾ ਮੋਢਾ ਝੂਣਿਆ। ਮੈਨੂੰ ਲੱਗਾ, ਮਾਂ ਹੁਣੇ ਮੇਰਾ ਹੱਥ ਝਟਕ ਕੇ ਕਹੇਗੀ, “ਹੈ ਕਮਲਾ। ਐਂ ਕਿਵੇਂ ਮੋਈ ਮਿੱਟੀ ਨੂੰ ਛੱਡ ਕੇ ਘਰੇ ਜਾ ਪਵਾਂ?” ਪਰ ਮੈਂ ਹੈਰਾਨ ਰਹਿ ਗਿਆ, ਜਦੋਂ ਮਾਂ ਬਿਨਾਂ ਕੁਝ ਬੋਲੇ ਪੌੜੀਆਂ ਉਤਰ ਗਈ।
ਸਵੇਰੇ ਜਦੋਂ ਦੂਜੇ ਬਲਾਕ ਦੇ ਵਿਹੜੇ ਵਿਚ ਮੁਰਦਾ ਗੱਡੀ ਆ ਖੜ੍ਹੀ ਤਾਂ ਮੈਂ ਬਾਹਰ ਸਾਡੇ ਗੁਆਂਢ ਵਿਚ ਰਹਿੰਦੀ ਬੰਗਾਲਣ, ਮਿਸਿਜ਼ ਬਾਸੂ ਬੋਲਦਿਆਂ ਸੁਣੀ। ਉਹ ਮਾਂ ਨੂੰ ਸ਼ਹਿਰ ਵਿਚ ਲੱਗੀ ਮੁਰਦਾ ਫੂਕਣ ਵਾਲੀ ਬਿਜਲੀ ਭੱਠੀ ਬਾਰੇ ਦੱਸ ਰਹੀ ਸੀ।
“ਮਾਂ ਜੀ! ਕੇਵਲ ਬੀਸ ਮਿੰਟ, ਔਰ ਬੋਨ ਕਾ ਪੈਕਟ ਆਪ ਕੇ ਹਾਥ ਮੇਂ, ਪਾਣੀ ਮੇਂ ਫੇਂਕੋ ਔਰ ਛੁੱਟੀ…ਕੋਈ ਆਲਤੂ ਫਾਲਤੂ ਕਾ ਝੰਜਟ ਨਈਂ…।”
ਸੁਣਦਿਆਂ ਮੇਰੀ ਖਾਨਿਉਂ ਗਈ। ਮੈਨੂੰ ਲੱਗਾ, ਮਾਂ ਹੁਣੇ ਪੁੱਛੇਗੀ, “ਪੁੱਤ, ਜੇ ਬੰਦੇ ਦਾ ਸਿਵਾ ਹੀ ਨਹੀਂ ਬਲਣਾ…ਤਾਂ ਸਿੜ੍ਹੀ ਦੀ ਪਰਕਰਮਾ ਕੌਣ ਕਰੂ? ਅਗਨੀ ਕੌਣ ਦਖਾਊ? ਗਤੀ ਕਿਵੇਂ ਹੋਊ ਬੰਦੇ ਦੀ?” ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮਾਂ ਕੁਝ ਵੀ ਨਾ ਬੋਲੀ ਅਤੇ ਚੁੱਪ ਚਾਪ ਲਾਸ਼ ਨੂੰ ਗੱਡੀ ਵਿਚ ਲੱਦਦਿਆਂ ਉਪਰਲੀ ਮੰਜ਼ਿਲ ਤੋਂ ਹੀ ਵੇਖਦੀ ਰਹੀ। ਜਾਂ ਫਿਰ ਚਾਰ ਪੰਜ ਬੰਦਿਆਂ ਨੂੰ ਮੁਰਦਾ ਗੱਡੀ ਨਾਲ ਜਾਂਦੇ ਦੇਖਦੀ ਰਹੀ। ਨਾ ਉਸ ਆਪ ਸਿਵਿਆਂ ਤਕ ਜਾਣ ਦੀ ਜ਼ਿਦ ਕੀਤੀ, ਨਾ ਮੈਨੂੰ ਜਾਣ ਲਈ ਕਿਹਾ।
ਉਸ ਦਿਨ ਤੋਂ ਬਾਅਦ ਮਾਂ ਬਿਲਕੁਲ ਚੁੱਪ ਹੋ ਗਈ। ਇਕ ਦਿਨ ਅਚਾਨਕ ਕਹਿਣ ਲੱਗੀ, “ਪੁੱਤ! ਭਲਾ ਜੜ੍ਹਾਂ ਕਿਥੇ ਹੁੰਦੀਐਂ ਬੰਦੇ ਦੀਆਂ?” ਉਤਰ ਵਿਚ ਮੈਂ ਨੀਵੀਂ ਪਾ ਲਈ। ਉਸ ਦਿਨ ਤੋਂ ਬਾਅਦ ਸਾਡੇ ਲਈ ਮਾਂ ਦੀ ਚੁੱਪ ਅਸਹਿ ਹੋ ਗਈ। ਅਸੀਂ ਮਾਂ ਦੀ ਹਰ ਗੱਲ ਵਿਚੋਂ ਚੋਭ ਮਹਿਸੂਸ ਕਰਦੇ। ਮਾਂ ਹਰ ਗੱਲ ਨੂੰ ਦੀਨ ਦਿਆਲ ਦੀ ਮੌਤ ਵਿਚੋਂ ਦੇਖਣ ਲੱਗ ਪਈ ਤਾਂ ਅਸੀਂ ਚਾਹਿਆ, ਮਾਂ ਜਿੰਨੀ ਛੇਤੀ ਹੋ ਸਕਦੈ, ਪਿੰਡ ਚਲੀ ਜਾਵੇ।
ਪਰ ਹੁਣ, ਜਦੋਂ ਕਿ ਮੈਂ ਮਾਂ ਨੂੰ ਲੈ ਕੇ ਪਿੰਡ ਪਰਤ ਰਿਹਾ ਹਾਂ ਤਾਂ ਸੋਚਦਾ ਹਾਂ ਕੁਝ ਵੀ ਸੀ, ਮਾਂ ਨੂੰ ਸ਼ੈਲੀ ਦੀ ਇਸ ਹਾਲਤ ਵਿਚ ਪਿੰਡ ਨਹੀਂ ਸੀ ਪਰਤਣਾ ਚਾਹੀਦਾ।

ਜਿਉਂ ਹੀ ਅਸੀਂ ਪਿੰਡ ਦੀ ਜੂਹ ਵਿਚ ਦਾਖਲ ਹੋਏ, ਮਾਂ ਇਕਦਮ ਚਹਿਕ ਉਠੀ। ਨਿਆਈਂ ਵਿਚ ਨਰਮਾ ਚੁਗਦੀਆਂ ਤੀਵੀਆਂ ਉਠ ਕੇ ਜਿਵੇਂ ਮਾਂ ਦੇ ਗਲ ਨਾਲ ਚਿੰਬੜ ਗਈਆਂ। ਪਿੰਡ ਦੀ ਗਲੀ ਵਿਚ ਵੜਦਿਆਂ ਤਾਂ ਹੱਦ ਹੀ ਹੋ ਗਈ। ਜਿਸ ਜਿਸ ਨੇ ਵੀ ਮਾਂ ਦੇ ਪਿੰਡ ਆਉਣ ਬਾਰੇ ਸੁਣਿਆ, ਉਹ ਮਾਂ ਦੁਆਲੇ ਝੁਰਮਟ ਵਾਂਗ ਜੁੜ ਗਿਆ। ਮੈਨੂੰ ਲੱਗਾ, ਮਾਂ ਜਿਵੇਂ ਵਿਸਰ ਹੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਸਾਂ।

ਮੈਂ ਇਕ ਦੋ ਵਾਰ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਦਾ ਯਤਨ ਵੀ ਕੀਤਾ ਪਰ ਸਭ ਵਿਅਰਥ…। ਹਰ ਕੋਈ “ਕਿਵੇਂ ਐ ਅਫਸਰਾ…” ਕਹਿ ਕੇ ਪਾਸਾ ਵੱਟ ਗਿਆ। ਮੈਨੂੰ ਯਾਦ ਆਇਆ, ਜਦੋਂ ਤੋਂ ਮੈਂ ਸ਼ਹਿਰ ਰਹਿਣ ਲੱਗਾ ਸਾਂ, ਮੇਰੇ ਨਾਲ ਇੰਜ ਹੀ ਹੁੰਦਾ ਸੀ। ਇਕਾ ਇਕ ਮੇਰਾ ਮਨ ਪੀੜ ਨਾਲ ਭਰ ਗਿਆ।
ਮੈਂ ਇਕ ਨਜ਼ਰ ਮਾਂ ਨੂੰ ਤੀਵੀਆਂ ਵਿਚ ਚਹਿਕਦੇ ਦੇਖਿਆ ਅਤੇ ਸੋਚਿਆ, ਇਹ ਮਾਂ ਤਾਂ ਉਹ ਮਾਂ ਹੀ ਨਹੀਂ ਸੀ, ਜਿਸ ਨੂੰ ਮੈਂ ਸ਼ਹਿਰੋਂ ਲੈ ਕੇ ਪਰਤਿਆ ਸਾਂ। ਇਹ ਮਾਂ ਤਾਂ ਸ਼ਹਿਰ ਗਈ ਹੀ ਨਹੀਂ ਸੀ। ਅਚਾਨਕ ਮੈਨੂੰ ਕਿਧਰੇ ਪੜ੍ਹਿਆ ਯਾਦ ਆਇਆ, “ਬੰਦਿਆ ਤੇਰੀਆਂ ਦਸ ਦੇਹੀਆਂ…” ਪਰ ਅਗਲੇ ਹੀ ਪਲ ਮੈਂ ਇਹ ਖਿਆਲ ਝਟਕ ਦਿੱਤਾ ਅਤੇ ਸੋਚਿਆ, ਇਹ ਤਸ਼ਬੀਹ ਵੀ ਠੀਕ ਨਹੀਂ ਸੀ। ਕੀ ਪਤਾ, ਜੜ੍ਹਾਂ ਖੱਗੇ ਜਾਣ ਦੀ ਕੋਈ ਉਮਰ ਹੋਵੇ। ਸ਼ਾਇਦ ਇਸੇ ਲਈ ਮਾਂ ਸ਼ਹਿਰ ਜੜ੍ਹਾਂ ਨਹੀਂ ਸੀ ਲਾ ਸਕੀ ਪਰ ਪਤਾ ਨਹੀਂ ਕਿਉਂ? ਮੈਂ ਇਹ ਖਿਆਲ ਵੀ ਝਟਕ ਦਿੱਤਾ ਅਤੇ ਬੜੇ ਦੁਖੀ ਮਨ ਨਾਲ ਸੋਚਣ ਲੱਗਾ ਕਿ ਆਖਰ ਮੈਂ ਕਿਹੜੇ ਲੋਕਾਂ ਵਿਚੋਂ ਸਾਂ? ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸੀ ਆਈ ਅਤੇ ਪਿੰਡ ਦੀ ਮਿੱਟੀ ਵਿਚ ਜੜ੍ਹਾਂ ਲਈ ਕੋਈ ਥਾਂ ਹੀ ਨਹੀਂ ਸੀ ਰਹੀ ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ, ਮੈਨੂੰ ਲੱਗਾ, ਮੇਰੀਆਂ ਤਾਂ ਜਿਵੇਂ ਜੜ੍ਹਾਂ ਹੀ ਨਹੀਂ ਸਨ…।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਿਰਪਾਲ ਕਜ਼ਾਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ