Jion Hi Aseen Kunda Kholhia... (Punjabi Article): Labh Singh Shergill
ਜਿਓਂ ਹੀ ਅਸੀਂ ਕੁੰਡਾ ਖੋਲ੍ਹਿਆ... (ਲੇਖ) : ਲਾਭ ਸਿੰਘ ਸ਼ੇਰਗਿੱਲ
(ਯਾਦਾਂ ਦੇ ਝਰੋਖੇ 'ਚੋਂ)
ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਅਸੀਂ ਸਾਰੇ ਬੜੇ ਖੁਸ਼ ਸੀ ਕਿਉਂਕਿ ਨਾ ਸਵੇਰੇ ਜਲਦੀ ਉੱਠਣਾ, ਨਾ ਸਕੂਲ ਜਾਣ ਦਾ ਫਿਕਰ, ਬਸ ਹੁਣ ਸਿਰਫ ਖੇਡਣਾ ਹੀ ਖੇਡਣਾ ਸੀ। ਸਾਡੇ ਪਿੰਡ ਸਿਰਫ ਪ੍ਰਾਇਮਰੀ ਸਕੂਲ ਸੀ,ਅਗਲੇਰੀ ਪੜ੍ਹਾਈ ਲਈ ਪਿੰਡ ਦੁਗਾਲ ਜੋ ਸਾਡੇ ਪਿੰਡ ਤੋਂ ਤਕਰੀਬਨ ਅੱਠ ਕਿਲੋਮੀਟਰ ਦੇ ਫਾਸਲੇ ਤੇ ਸੀ, ਜਾਣਾ ਪੈਂਦਾ ਸੀ। ਮੈਂ ਅਤੇ ਪਿੰਡ ਦੇ ਹੋਰ ਮੁੰਡੇ ਵੀ ਪੜ੍ਹਨ ਇਸੇ ਪਿੰਡ ਵਿੱਚ ਜਾਂਦੇ ਸੀ। ਕੁੜੀਆਂ ਨੂੰ ਪੰਜਵੀਂ ਜਮਾਤ ਤੋਂ ਬਾਅਦ ਸਕੂਲੋਂ ਹਟਾ ਕੇ ਘਰ ਦੇ ਕੰਮਾਂ ਵਿੱਚ ਲਗਾ ਲਿਆ ਜਾਂਦਾ ਸੀ ਕਿਉਂਕਿ ਇਹ ਹੀ ਸਮਝਿਆ ਜਾਂਦਾ ਹੁੰਦਾ ਸੀ ਕਿ ਕੁੜੀਆਂ ਨੂੰ ਪੜ੍ਹਾ ਕੇ ਕੀ ਕਰਨਾ ਹੈ ਇਨ੍ਹਾਂ ਨੇ ਤਾਂ ਬਿਗਾਨੇ ਘਰ ਜਾ ਕੇ ਵੀ ਇਹੋ ਘਰੇਲੂ ਕੰਮ ਹੀ ਕਰਨੇ ਹਨ। ਹੋ ਸਕਦਾ ਹੈ ਕੋਈ ਮਾਪੇ ਪੜ੍ਹਾ ਵੀ ਲੈਂਦੇ ਪਰ ਪੜ੍ਹਨ ਲਈ ਦੂਜੇ ਪਿੰਡ ਵਿੱਚ ਜਾਣਾ ਪੈਣਾ ਸੀ। ਇਕੱਲੀਆਂ ਕੁੜੀਆਂ ਨੂੰ ਇਸ ਤਰ੍ਹਾਂ ਹੋਰ ਪਿੰਡ ਵਿੱਚ ਪੜ੍ਹਨ ਭੇਜਣਾ ਮਾਪਿਆਂ ਨੂੰ ਸ਼ਾਇਦ ਠੀਕ ਨਹੀਂ ਸੀ ਲੱਗਦਾ । ਪੜ੍ਹਨ ਤੇ ਖੇਡਣ ਦੀ ਉਮਰੇ ਹੀ ਉਨ੍ਹਾਂ ਨੂੰ ਕੰਮ ਧੰਦਿਆਂ ਵਿੱਚ ਲਗਾ ਦਿੱਤਾ ਜਾਂਦਾ। ਛੁੱਟੀਆਂ ਵਿੱਚ ਅਸੀਂ ਕਈ ਕਈ ਮੁੰਡੇ ਇਕੱਠੇ ਹੋ ਕੇ ਖੇਡਦੇ ਰਹਿੰਦੇ ਪਰ ਆਮ ਕਰਕੇ ਮੈ ਤੇ ਸੁੱਖਾ ਇਕੱਠੇ ਹੀ ਖੇਡਦੇ ਅਤੇ ਪੜ੍ਹਦੇ ਸੀ। ਸੁੱਖਾ ਸਾਡੇ ਗੁਆਂਢ ਵਿੱਚ ਬ੍ਰਾਹਮਣਾਂ ਦਾ ਦੋਹਤਾ ਜੋ ਇਥੇ ਹੀ ਸਾਡੇ ਪਿੰਡ ਆਪਣੇ ਨਾਨਕੇ ਰਹਿੰਦਾ ਸੀ। ਉਹ ਮੇਰਾ ਹਮਉਮਰ ਸੀ ਅਤੇ ਅਸੀਂ ਆਪਸ ਵਿੱਚ ਗੂੜ੍ਹੇ ਮਿੱਤਰ ਸਾਂ। ਅਸੀਂ ਸਕੂਲ ਦਾ ਕੰਮ ਵੀ ਇਕੱਠੇ ਹੀ ਕਰਦੇ ਅਤੇ ਨਾਲ਼ੇ ਗੱਲਾਂ ਕਰਦੇ। ਸੁੱਖਾ ਰਿਸ਼ਤੇ ਵਜੋਂ ਮੇਰਾ ਭਾਣਜਾ ਲੱਗਦਾ ਸੀ ਪਰ ਹਮਉਮਰ ਹੋਣ ‘ਤੇ ਸਾਨੂੰ ਰਿਸ਼ਤੇ ਨਾਲੋਂ ਦੋਸਤੀ ਦਾ ਹੀ ਪਤਾ ਸੀ। ਸਾਡਾ ਦਿਨ ਵਿੱਚ ਜਿਆਦਾ ਸਮਾਂ ਤਕਰੀਬਨ ਇਕੱਠਿਆਂ ਦਾ ਹੀ ਬੀਤਦਾ ਪੜ੍ਹਦੇ ਵੀ ਤੇ ਖੇਡਦੇ ਵੀ ।
ਛੁੱਟੀਆਂ ਵਿੱਚ ਅਸੀਂ ਦੁਪਹਿਰਾਂ ਵੇਲੇ ਨਿੰਮਾਂ ਦੇ ਦਰੱਖਤਾਂ ਤੇ ਚੜ੍ਹ ਕੇ ਖੇਡਦੇ ਰਹਿੰਦੇ ਅਤੇ ਕਦੇ ਜਿਆਦਾ ਗਰਮੀ ਲੱਗਦੀ ਤਾਂ ਪਿੰਡ ਦੇ ਲਾਗਲੇ ਟੋਭਿਆਂ ਜਾਂ ਸੂਏ ਤੇ ਨਹਾਉਣ ਲਈ ਚਲੇ ਜਾਂਦੇ। ਇੱਕ ਵਾਰ ਅਸੀਂ ਦੋਵਾਂ ਨੇ ਸਾਡੇ ਪਿੰਡ ਦੇ ਕਾਲ਼ੀ ਮਾਤਾ ਦੇ ਡੇਰੇ ਵਾਲ਼ੇ ਟੋਭੇ 'ਚ ਨਹਾਉਣ ਦਾ ਮਨ ਬਣਾਇਆ। ਟੋਭੇ ਤਾਂ ਸਾਡੇ ਪਿੰਡ ਵਿੱਚ ਦੋ ਹੋਰ ਵੀ ਸਨ ਪਰ ਇਹ ਡੇਰੇ ਵਾਲ਼ੇ ਟੋਭੇ ਦਾ ਪਾਣੀ ਸਾਫ਼ ਹੁੰਦਾ ਸੀ ਕਿਉਂਕਿ ਇਸ ਵਿੱਚ ਲਾਗਲੇ ਸੂਏ ਦਾ ਪਾਣੀ ਪੈਂਦਾ ਰਹਿੰਦਾ ਸੀ ਅਤੇ ਇੱਧਰ ਲੋਕ ਪਸ਼ੂਆਂ ਨੂੰ ਨਮ੍ਹਾਉਣ ਲਈ ਵੀ ਘੱਟ ਹੀ ਲੈ ਕੇ ਜਾਂਦੇ ਸਨ। ਪਹਿਲਾਂ ਅਸੀਂ ਟੋਭੇ ਵਿੱਚ ਖੂਬ ਨਹਾਏ ਜਦੋਂ ਗਰਮੀ ਤੋਂ ਰਾਹਤ ਮਿਲ ਗਈ ਤਾਂ ਆਪਣੇ ਕੱਪੜੇ ਪਾ ਕੇ, ਡੇਰੇ ਵਿੱਚ ਚਲੇ ਗਏ। ਉੱਥੇ ਜੋ ਸਾਧੂ ਰਹਿੰਦਾ ਸੀ ਉਹ ਉਸ ਦਿਨ ਡੇਰੇ ਵਿੱਚ ਨਹੀਂ ਸੀ ਸ਼ਾਇਦ ਪਿੰਡ ਵਿੱਚ ਗਿਆ ਹੋਇਆ ਸੀ। ਡੇਰੇ ਵਿੱਚ ਮੰਦਰ ਬਣਿਆ ਹੋਇਆ ਸੀ, ਅਸੀਂ ਸੁਣਿਆ ਸੀ ਪਰ ਕਦੇ ਦੇਖਿਆ ਨਹੀਂ ਸੀ ਕਿ ਕਾਲ਼ੀ ਮਾਤਾ ਨੇ ਮੂਹਰੇ ਪਏ ਸ਼ਿਵਜੀ ਭਗਵਾਨ 'ਤੇ ਆਪਣਾ ਪੈਰ ਰੱਖਿਆ ਹੋਇਆ ਹੈ। ਮੰਦਰ ਦਾ ਕੁੰਡਾ ਲੱਗਿਆ ਹੋਇਆ ਸੀ।
“ ਆਪਾਂ ਕੁੰਡਾ ਖੋਲ੍ਹ ਕੇ ਅੰਦਰ ਦੇਖੀਏ ?” ਮੈਂ ਸੁੱਖੇ ਨੂੰ ਕਿਹਾ ।
“ਹਾਂ, ਚੱਲ ਦੇਖਦੇ ਆਂ ।”
ਜਿਓਂ ਹੀ ਉਸ ਨੇ ਮੰਦਰ ਦੇ ਦਰਵਾਜ਼ੇ ਦਾ ਸੰਗਲੀ ਵਾਲਾ ਕੁੰਡਾ ਜੋ ਦੇਲ੍ਹੀ ‘ਤੇ ਲੱਗਿਆ ਹੋਇਆ ਸੀ ਖੋਲ੍ਹਿਆ, ਅੰਦਰ ਕਾਲ਼ਾ ਚਿਹਰਾ, ਵੱਡੀ ਲਾਲ਼ ਜੀਭ, ਹੱਥ ਵਿੱਚ ਤਲਵਾਰ, ਜਦੋਂ ਅਸੀਂ ਮਾਤਾ ਦੀ ਮੂਰਤੀ ਦੇਖੀ, ਐਨੇ ਡਰ ਗਏ ਅਤੇ ਮੰਦਰ ਦਾ ਕੁੰਡਾ ਖੁੱਲ੍ਹਾ ਹੀ ਛੱਡ ਕੇ ਜਿਉਂ ਭੱਜੇ ਡੇਰੇ ਤੋਂ ਤਕਰੀਬਨ ਅੱਧਾ ਮੀਲ ਆ ਕੇ ਸਾਹ ਲਿਆ ਅਤੇ ਇੱਕ ਦਰੱਖਤ ਦੀ ਛਾਂ ਹੇਠ ਬੈਠ ਗਏ, ਸਾਡੇ ਦਿਲ ਜ਼ੋਰ-ਜ਼ੋਰ ਨਾਲ਼ ਧੜਕ ਰਹੇ ਸਨ। ਇਸ ਤੋਂ ਪਹਿਲਾਂ ਅਸੀਂ ਕਦੇ ਅਜਿਹੀ ਕੋਈ ਵੱਡੀ ਮੂਰਤੀ ਨਹੀਂ ਦੇਖੀ ਸੀ ਸਿਰਫ ਕੈਲੰਡਰਾਂ ‘ਤੇ ਫੋਟੋਆਂ ਹੀ ਦੇਖਦੇ ਹੁੰਦੇ ਸੀ। ਇਹ ਗੱਲ ਚੇਤੇ ਕਰਕੇ ਅੱਜ ਵੀ ਮਨ ਮੁਸਕਰਾ ਪੈਂਦਾ ਹੈ ਕਿ ਉਹ ਬਚਪਨ ਕਿੰਨਾ ਅਣਭੋਲ ਸੀ। ਜਦੋਂ ਵੱਡੇ ਹੋਏ ਫਿਰ ਪੌਰਾਣਿਕ ਕਥਾਵਾਂ ਤੋਂ ਪਤਾ ਲੱਗਿਆ ਕਿ ਮਾਤਾ ਨੇ ਪ੍ਰਿਥਵੀ ‘ਤੇ ਫੈਲੀ ਹਿੰਸਾ, ਅਸਹਿਣਸ਼ੀਲਤਾ,ਡਰ, ਸਹਿਮ ਦਾ ਨਾਸ਼ ਕਰਨ ਲਈ ਅਜਿਹਾ ਰੂਪ ਧਾਰਿਆ ਅਤੇ ਰਕਤਬੀਜ ਵਰਗੇ ਭਿਆਨਕ ਰਾਖਸ਼ਾਂ ਦਾ ਖਾਤਮਾ ਕਰਕੇ ਧਰਮ (ਸਚਾਈ) ਦੀ ਰੱਖਿਆ ਕੀਤੀ। ਮਾਤਾ ਦਾ ਕ੍ਰੋਧ ਐਨਾ ਵੱਧ ਗਿਆ ਸੀ ਕਿ ਲੱਗਦਾ ਸੀ ਜਿਵੇਂ ਇਸ ਸ਼ਕਤੀ ਮੂਹਰੇ ਆਈ ਹਰ ਵਸਤੂ ਫਨ੍ਹਾ ਹੁੰਦੀ ਚਲੀ ਜਾਵੇਗੀ। ਮਾਤਾ ਦੇ ਕ੍ਰੋਧ ਨੂੰ ਸ਼ਾਂਤ ਕਰਨ ਲਈ ਸ਼ਿਵਜੀ ਭਗਵਾਨ ਨੂੰ ਉਸਦੇ ਕਦਮਾਂ ਦੇ ਮੂਹਰੇ ਲੇਟਣਾ ਪਿਆ ਫਿਰ ਜਾ ਕੇ ਉਨ੍ਹਾਂ ਦਾ ਕ੍ਰੋਧ ਸ਼ਾਂਤ ਹੋਇਆ। ਅੱਜ ਚਾਰੇ ਪਾਸੇ ਹਿੰਸਾ,ਚੋਰੀ, ਠੱਗੀ, ਲੁੱਟ,ਭ੍ਰਿਸ਼ਟਾਚਾਰ ਅਜਿਹੀਆਂ ਬੁਰਾਈਆਂ ਪੂਰੇ ਪ੍ਰਚੰਡ ‘ਤੇ ਹਨ। ਲੋੜ ਹੈ ਹਰ ਮਨੁੱਖ ਨੂੰ ਆਪਣੇ ਅੰਦਰਲੀ ਸ਼ਕਤੀ ਨੂੰ ਪਛਾਨਣ ਦੀ ਤਾਂ ਕਿ ਹਰ ਬੁਰਾਈ ਦਾ ਮੁਕਾਬਲਾ ਡਟ ਕੇ ਕੀਤਾ ਜਾ ਸਕੇ ।