Jivan Da Doosra Roop Hai Sangharsh (Punjabi Article): Labh Singh Shergill
ਜੀਵਨ ਦਾ ਦੂਸਰਾ ਰੂਪ ਹੈ ਸੰਘਰਸ਼ (ਲੇਖ) : ਲਾਭ ਸਿੰਘ ਸ਼ੇਰਗਿੱਲ
ਇਹ ਸੱਚ ਹੈ ਕਿ ਜੀਵਨ ਦਾ ਦੂਸਰਾ ਰੂਪ ਸੰਘਰਸ਼ ਹੈ।ਜ਼ਿੰਦਗੀ ਸੰਘਰਸ਼ ਵਿੱਚੋਂ ਹੀ ਪਨਪਦੀ ਹੈ। ਆਦਿ ਕਾਲ ਤੋਂ ਲੈ ਕੇ ਹੁਣ ਤੱਕ ਜੋ ਵੀ ਵਿਕਾਸ ਹੋਇਆ ਹੈ ਇਹ ਸਭ ਸੰਘਰਸ਼ ਹੀ ਹੈ। ਕਿਵੇਂ ਮਨੁੱਖ ਜੰਗਲੀ ਜੀਵਨ ‘ਚੋਂ ਨਿਕਲ ਕੇ ਅੱਜ ਦੇ ਆਧੁਨਿਕ ਯੁੱਗ ਵਿੱਚ ਵਿਚਰ ਰਿਹਾ ਹੈ। ਪੜਾਅ ਦਰ ਪੜਾਅ ਮਨੁੱਖ ਜ਼ਿੰਦਗੀ ਦੀ ਜੱਦੋ-ਜਹਿਦ ਨਾਲ਼ ਦੋ-ਚਾਰ ਹੁੰਦਾ ਹੋਇਆ ਅੱਗੇ ਵਧਿਆ। ਪਹਿਲਾਂ-ਪਹਿਲ ਮਨੁੱਖ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਹੀ ਦਰਪੇਸ਼ ਔਕੜਾਂ ਨਾਲ਼ ਘੋਲ਼ ਕਰਦਾ ਰਿਹਾ, ਆਪਣੇ ਹੱਕਾਂ ਬਾਰੇ ਉਹ ਅਜੇ ਐਨਾ ਜਾਗਰਿਤ ਨਹੀਂ ਸੀ
ਸਮੇਂ ਦੇ ਨਾਲ਼-ਨਾਲ਼ ਆਪਣੇ ਹੱਕਾਂ ਦੀ ਸਮਝ ਅਤੇ ਇਸ ਲਈ ਘੋਲ਼ ਕਰਨ ਦੇ ਢੰਗ ਬਦਲ ਗਏ।ਆਧੁਨਿਕ ਯੁੱਗ ਵਿੱਚ ਸਾਡੇ ਕੋਲ਼ ਆਪਣੀ ਆਵਾਜ਼ ਦੂਸਰਿਆਂ ਤੱਕ ਪਹੁੰਚਣ ਲਈ ਬਹੁਤ ਸਾਰੇ ਸਾਧਨ ਉਪਲੱਬਧ ਹਨ। ਬੰਦੇ ਨੂੰ ਜੇ ਆਪਣੇ ਹੱਕਾਂ ਦੀ ਸਮਝ ਹੈ ਤਾਂ ਉਸ ਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਈਮਾਨਦਾਰ ਹੋਣਾ ਉਨਾ ਹੀ ਜ਼ਰੂਰੀ ਹੈ।ਹੱਕਾਂ ਲਈ ਲੜਦੇ-ਲੜਦੇ ਆਪਣੇ ਫਰਜ਼ਾਂ ਪ੍ਰਤੀ ਕੁਤਾਹੀ ਕਦੇ ਵੀ ਨਹੀਂ ਵਰਤਣੀ ਚਾਹੀਦੀ।
ਮੌਜੂਦਾ ਦੌਰ ਵਿੱਚ ਆਪਣੇ ਹੱਕ ਲੈਣ ਲਈ ਹਰ ਵਰਗ ਨੂੰ ਲੜਾਈ ਲੜਨੀ ਪੈ ਰਹੀ ਹੈ । ਹਕੂਮਤ ਕੋਈ ਵੀ ਹੋਵੇ ਉਸ ਦਾ ਵਤੀਰਾ ਸੰਘਰਸ਼ਸ਼ੀਲ ਲੋਕਾਂ ਪ੍ਰਤੀ ਦਮਨ ਵਾਲ਼ਾ ਹੀ ਰਿਹਾ ਹੈ ।
ਅੱਜ ਅਸੀਂ ਦੇਖਦੇ ਹੀ ਆਂ ਸਰਕਾਰੀ ਤਾਣਾ-ਬਾਣਾ ਕਿਵੇਂ ਅੰਗਰੇਜ਼ਾਂ ਦੁਆਰਾ ਚਲਾਈ ਗਈ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ , ਜਿਉਂ ਦਾ ਤਿਉਂ ਇਹਨਾਂ ਅਖੌਤੀ ਲੀਡਰਾਂ ਨੇ ਬਰਕਰਾਰ ਰੱਖਿਆ ਹੋਇਆ ਹੈ। ਆਪਣੀ ਗੱਲ ਕਹਿਣ ਲਈ ਲੋਕਾਂ ਨੂੰ ਸੰਘਰਸ਼ ਦੇ ਰਾਹ ਚਲਣਾ ਪੈਂਦਾ ਹੈ ।
ਇੱਕ ਵਾਰ ਮੈਂ ਇੱਕ ਸ਼ਾਂਤਮਈ ਧਰਨੇ ‘ਚ ਸ਼ਾਮਿਲ ਹੋਇਆ। ਜਥੇਬੰਦੀ ਨੇ ਧਰਨਾ ਆਪਣੇ ਹੱਕਾਂ ਨੂੰ ਸੁਰੱਖਿਅਤ ਕਰਨ ਅਤੇ ਉਹਨਾਂ ਪ੍ਰਤੀ ਜਾਗਰਿਤ ਹੋਣ ਲਈ ਰੱਖਿਆ ਸੀ। ਕਿਸੇ ਨਾਲ਼ ਧੱਕਾ ਨਾ ਕਰਨਾ ਤੇ ਆਪਣੇ ਹੱਕਾਂ ‘ਤੇ ਨਜਾਇਜ਼ ਡਾਕਾ ਨਾ ਪੈਣ ਦੇਣਾ, ਸੁੱਤੀ ਹਕੂਮਤ ਦੇ ਕੰਨਾਂ ਤੱਕ ਆਪਣੀ ਆਵਾਜ਼ ਪੁੱਜਦੀ ਕਰਨਾ, ਧਰਨਿਆਂ ਤੇ ਸਭਾਵਾਂ ਦਾ ਅਸਲ ਮਕਸਦ ਇਹ ਹੀ ਹੁੰਦਾ ਹੈ। ਚਲ ਰਹੇ ਧਰਨੇ ਦੌਰਾਨ ਕਈ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ ਜੋ ਤਕਰੀਰ ਦਾ ਮੈਂ ਇੱਥੇ ਜ਼ਿਕਰ ਕਰਨ ਲੱਗਿਆਂ, ਉਹ ਇਹ ਹੈ ਕਿ ਜਥੇਬੰਦੀ ਦੇ ਪ੍ਰਧਾਨ ਨੇ ਭਾਸ਼ਣ ਦੌਰਾਨ ਇੱਕ ਗੱਲ ਕਹੀ ਜੋ ਵਾਕਿਆਈ ਕਾਬਲੇ ਤਾਰੀਫ ਸੀ। ਉਸ ਨੇ ਕਿਹਾ ਜੇ ਅਸੀਂ ਕਿਸੇ ਦਾ ਹੱਕ ਮਾਰਨਾ ਹੁੰਦਾ ਤਾਂ ਸਾਡੇ ਕੋਲ਼ ਮਦਦ ਅਤੇ ਆਪਣਾ ਲਟਕਦਾ ਮਸਲਾ ਹੱਲ ਕਰਵਾਉਣ ਆਏ ਦੂਸਰੀ ਜਥੇਬੰਦੀ ਦੇ ਇੱਕ ਮੁਲਾਜ਼ਮ ਜਿਸ ਦਾ ਇੱਥੇ ਨਾਮ ਲੈਣਾ ਵਾਜਿਬ ਨਹੀਂ ਹੈ,ਉੱਚ ਅਧਿਕਾਰੀ ਨੂੰ ਮਿਲ ਕੇ ਉਸ ਦਾ ਬਣਦਾ ਹੱਕ ਦਵਾਇਆ, ਇਹ ਹੀ ਨਹੀਂ ਇਸ ਤੋਂ ਇਲਾਵਾ ਜਦੋਂ ਤਰੱਕੀਆਂ ਵਿੱਚ ਅੜਚਨਾਂ ਪਾਉਣ ਲਈ ਦੂਸਰੇ ਜਥੇਬੰਦੀ ਦੇ ਨੁਮਾਇੰਦਿਆਂ ਨੇ ਕੋਸ਼ਿਸ਼ ਕੀਤੀ ਤਾਂ ਵੀ ਇਸ ਜਥੇਬੰਦੀ ਨੇ ਤਪੰਜ ਹੋਰ ਮੁਲਾਜ਼ਮ ਜੋ ਦੂਸਰੀ ਜਥੇਬੰਦੀ ਦੇ ਸਨ, ਮੌਕੇ ਦੇ ਅਫ਼ਸਰ ਨੂੰ ਮਿਲ ਕੇ, ਉਨ੍ਹਾਂ ਨੂੰ ਸਾਹਮਣੇ ਬਿਠਾ ਕੇ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਅਤੇ ਆਪਣਾ ਵਾਜਿਬ ਹੱਕ ਸੁਰਖਿਅਤ ਰੱਖਿਆ । ਆਪਣੇ ਹੱਕਾਂ ਪ੍ਰਤੀ ਚੇਤੰਨ ਹੋਣਾ ਅਤੇ ਦੂਸਰੇ ਦਾ ਭਲਾ ਸੋਚਣਾ ਇੱਕ ਸੱਚੇ ਸੁੱਚੇ ਲੀਡਰ ਦੀ ਪਛਾਣ ਹੁੰਦੀ ਹੈ ਜੋ ਮੈਨੂੰ ਇਸ ਜ਼ਿਕਰ ਕੀਤੇ ਆਗੂ ਵਿੱਚ ਪ੍ਰਤੱਖ ਨਜ਼ਰ ਆ ਰਹੀ ਸੀ।
ਸੰਘਰਸ਼ ਨੂੰ ਚਲਾਉਣ ਅਤੇ ਸਹੀ ਬੰਦਿਆਂ ਨੂੰ ਆਪਣੇ ਨਾਲ਼ ਜੋੜਨ ਲਈ ਜਥੇਬੰਦੀ ਦੇ ਆਗੂਆਂ ਨੂੰ ਅਸੂਲਾਂ ਦੇ ਪ੍ਰਪੱਕ, ਕਹਿਣੀ-ਕਰਨੀ ਦੇ ਪੱਕੇ ਹੋਣਾ ਅਤਿ ਜ਼ਰੂਰੀ ਹੈ ਤਾਂ ਹੀ ਹਕੂਮਤ ਤੋਂ ਆਪਣੀਆਂ ਮੰਗਾਂ ਮੰਨਵਾਈਆਂ ਜਾ ਸਕਦੀਆਂ ਹਨ ।
ਪਿਛਾਂਹਖਿੱਚੂ ਵਿਚਾਰਾਂ ਦੀਆਂ ਵਲਗਣਾਂ ਤੋਂ ਨਿਕਲ ਕੇ ਭਾਵੇਂ ਅੱਜ ਅਸੀਂ ਆਧੁਨਿਕ, ਸਭਿਅਕ ਮਨੁੱਖ ਕਹਾਉਂਦੇ ਹਾਂ ਪਰ ਮੁੱਢ ਤੋਂ ਹੀ ਕੁੱਝ ਅਖੌਤੀ ਤੇ ਚਲਾਕ ਲੋਕਾਂ ਦੁਆਰਾ ਸਿਰਜੇ ਜਾਤ-ਪਾਤ, ਵਰਗਾਂ ਦੇ ਢਾਂਚੇ ਦੀ ਕੈਦ ‘ਚ ਮਨੁੱਖ ਅੱਜ ਵੀ ਬੰਦ ਹੈ। ਸਿੱਖਿਆ ਨੇ ਭਾਵੇਂ ਅਜਿਹੀਆਂ ਰੂੜੀਵਾਦੀ ਦੀਵਾਰਾਂ ਤੋੜਣ ‘ਚ ਕਾਫੀ ਮਦਦ ਕੀਤੀ ਹੈ, ਬੰਦਾ ਕੁੱਝ ਹੱਦ ਤੱਕ ਸਮਝਿਆ ਵੀ ਹੈ ਪਰ ਰਾਜ-ਭਾਗ, ਕੁਰਸੀ ਦੀ ਲਾਲਸਾ ਰੱਖਣ ਵਾਲ਼ੇ , ਸਾਡੇ ਲੋਕਾਂ ਦੇ ਮਨਾਂ ਵਿੱਚ ਅਜਿਹਾ ਜਾਤ-ਪਾਤੀ ਕੀੜਾ ਫਿਰ ਪੈਦਾ ਕਰ ਦਿੰਦੇ ਹਨ। ਮੁਲਾਜ਼ਮ ਵਰਗ ਹੋਣ ਜਾਂ ਸੰਗਠਿਤ ਵੱਖ-ਵੱਖ ਜਥੇਬੰਦੀਆਂ ਇਨ੍ਹਾਂ ਨੂੰ ਅਲੱਗ-ਅਲੱਗ ਕੈਟਾਗਰੀਆਂ ਵਿੱਚ ਵੰਡ ਕੇ ਆਪਣੀ ਕੁਰਸੀ ਦੇ ਮਾਲਕ ਬਣੇ ਰਹਿਣ ਲਈ ਇਨ੍ਹਾਂ ਰਾਜਨੀਤਿਕ ਆਗੂਆਂ ਨੇ ਏਕੇ ਦੀ ਤੰਦ ਨੂੰ ਹਮੇਸ਼ਾ ਤੋੜ ਕੇ ਰੱਖਿਆ ਹੈ ਤਾਂ ਕਿ ਲੋਕ ਇੱਕਠੇ ਹੋ ਕੇ ਇਨ੍ਹਾਂ ਲਈ ਖ਼ਤਰਾ ਨਾ ਬਣ ਜਾਣ ।
ਅਸਲ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਨੀਤੀਆਂ ਸੱਚੀ ਨੀਤ ਯੁਕਤ ਅਤੇ ਬਿਲਕੁਲ ਪਾਰਦਰਸ਼ੀ ਹੋਣ, ਕਿਸੇ ਵੀ ਵਰਗ ਨਾਲ਼ ਕਾਣੀ ਵੰਡ ਨਾ ਹੋਵੇ ਤਾਂ ਜੋ ਧਰਨਿਆਂ, ਰੋਸ ਪ੍ਰਦਰਸ਼ਨ, ਸੰਘਰਸ਼ ਆਦਿ ਵਿੱਚ ਲੱਗੇ ਕੀਮਤੀ ਮਨੁੱਖੀ ਸਮੇਂ ਤੇ ਊਰਜਾ ਦਾ ਉਪਯੋਗ ਸਹੀ ਦਿਸ਼ਾ ਵਿੱਚ ਹੋ ਸਕੇ ਜਿਸ ਨਾਲ਼ ਸਮਾਜ ਤੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਤੇਜੀ ਫੜ ਸਕੇ।