Kaal De Dinaan Vich (Punjabi Story) : Navtej Singh

ਕਾਲ ਦੇ ਦਿਨਾਂ ਵਿਚ (ਕਹਾਣੀ) : ਨਵਤੇਜ ਸਿੰਘ

“ਕੱਲ੍ਹ ਕੁਝ ਛਿੱਟਾਂ ਪਈਆਂ ਸਨ...” ਰਾਧੂ ਅੱਭੜਵਾਹੇ ਬੋਲ ਪਿਆ।

“ਹੂੰ...” ਹੌਲੀ ਲੰਮੀ ਹੁਆਂਕ ਵਿਚ ਸ਼ਾਂਤੀ ਨੇ ਜਵਾਬ ਦਿੱਤਾ। ਉਹਦੇ ਤੇੜ ਸਿਰਫ਼ ਇਕ ਪਰਨਾ ਸੀ।

“ਤੇ ਭੋਂ ਕੁਝ ਪੋਲੀ ਹੋ ਗਈ ਹੋਣੀ ਏ, ਤੇ...” ਪਰ ਅੱਗੋਂ ਰਾਧੂ ਇਕ ਦਮ ਰੁਕ ਗਿਆ।

“ਭੋਂ ਏਨੇ ਦਿਨਾਂ ਤੋਂ ਅਨਜੋਤ੍ਰੀ ਪਈ ਏ, ਇਨ੍ਹਾਂ ਛਿੱਟਾਂ ਨੂੰ ਉਹਦੀ ਕਰੜਾਈ ਨੇ ਕੀ ਗੌਲਣਾ ਏ,” ਸ਼ਾਂਤੀ ਬੋਲੀ, ਤੇ ਉਹ ਕੋਲ ਪਏ ਆਪਣੇ ਨੰਗੇ ਪੁੱਤਰ ਨੂੰ ਥਾਪੜਨ ਲੱਗ ਪਈ। ਉਹਨੇ ਜਦੋਂ ਆਪਣੇ ਪੁੱਤਰ ਵੱਲ ਤੱਕਿਆ ਤਾਂ ਅਚਾਨਕ ਉਹਦੇ ਮੂੰਹੋਂ ‘ਹਾਇ’ ਨਿਕਲੀ। ਉਹਨੂੰ ਇੰਝ ਜਾਪਿਆ ਜਿਵੇਂ ਨੀਲੂ ਦੀਆਂ ਪਸਲੀਆਂ ਹੁਣੇ ਮਾਸ ਦਾ ਮਹੀਨ ਗੁੱਡੀਆਂ ਵਰਗਾ ਕਾਗਜ਼ ਪਾੜ ਕੇ ਬਾਹਰ ਨਿਕਲ ਆਣਗੀਆਂ, ਬਾਂਸ ਦੀਆਂ ਛਮਕਾਂ ਵਾਂਗ। “ਹਾਇ।”

“ਮਾਂ…ਕੀ ਆ…?” ਖੇਮਾਂ ਨੇ ਪੁੱਛਿਆ। ਉਹ ਦੂਜੀ ਨੁੱਕਰੇ ਨੰਗੀ ਬੈਠੀ ਸੀ, ਮਾਂ ਵਾਂਗ ਤੇੜ ਇਕ ਪਰਨਾ ਬੱਧੀ, ਪਿਓ ਦੀਆਂ ਨਜ਼ਰਾਂ ਤੋਂ ਲੁਕੀ ਜਿਹੀ, ਸੁੰਗੜੀ ਹੋਈ, ਹਿੱਕ ਦੁਆਲੇ ਬਾਹਵਾਂ ਵਲੀ। “ਮਾਂ...ਕੀ ਆ?” ਉਹਨੇ ਫੇਰ ਕਿਹਾ।

ਮਾਂ ਹੌਲੀ ਜਿਹੀ ‘ਰਾਮ ਰਾਮ’ ਕਹਿੰਦੀ ਗਈ, ਤੇ ਉਸੇ ਤਰ੍ਹਾਂ ਹੱਥਾਂ ਨਾਲ ਨੀਲੂ ਦੀ ਛਾਤੀ ਪਲੋਸਦੀ, ਉਹਦੀਆਂ ਹੜਬਾਂ ਉੱਤੇ ਨੀਝ ਲਾਈ ਬੈਠੀ ਰਹੀ।

“ਭੋਂ ਜੋਤ੍ਰੇ ਨੂੰ ਸਹਿਕਦੀ ਹੋਣੀ ਏਂ...” ਰਾਧੂ ਫੇਰ ਏਨਾ ਕਹਿ ਕੇ ਰੁਕ ਗਿਆ।

“ਪਰ ਆਪਣਾ ਗੋਰਾ ਢੱਗਾ ਤੇ ਮੱਸਿਆ ਦੇ ਦਿਨ ਅਸਾਂ ਮਾਲਕ ਕੋਲ ਵੇਚ ਦਿੱਤਾ ਸੀ,” ਉਸੇ ਤਰ੍ਹਾਂ ਨੀਲੂ ਉੱਤੇ ਨੀਝ ਲਾਈ ਬੈਠੀ ਸ਼ਾਂਤੀ ਬੋਲੀ।

“ਆਹੋ,” ਤੇ ਰਾਧੂ ਨੇ ਕਾਲ ਤੋਂ ਪਹਿਲਾਂ ਦੇ ਭਲੇ ਦਿਨਾਂ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਨ੍ਹਾਂ ਦੀ ਖੁਰਲੀ ਉੱਤੇ ਗੋਰਾ ਢੱਗਾ ਬੱਝਿਆ ਹੁੰਦਾ ਸੀ। ਉਹਦੇ ਕੰਨਾਂ ਵਿਚ ਟੁਣ ਟੁਣ ਹੋਈ, ਗੋਰੇ ਦੀਆਂ ਟੱਲੀਆਂ ਟੁਣਕੀਆਂ, ਮੀਂਹ ਵਿਚੋਂ ਸੁਣੀਂਦੀਆਂ ਮੰਦਰ ਦੀਆਂ ਘੰਟੀਆਂ ਵਾਂਗ—ਤੇ ਪੋਲੀ ਵੱਤਰੀ ਭੋਂ, ਮਹਿਕੀ ਹੁਆੜ ਨਾਸ੍ਹਾਂ ਨੂੰ ਜਲੂਣਦੀ, ਪੀਡੀਆਂ ਢੇਮਾਂ ਭੁਰਦੀਆਂ, ਪੋਲੀ ਹੁੰਦੀ ਭੋਂ, ਪੋਲੀ ਜਿਵੇਂ ਸ਼ੱਕਰ…

ਪਰ ਗੋਰੇ ਦੀਆਂ ਟੱਲੀਆਂ ਦੀ ਟੁਣ ਟੁਣ ਖਿਸਕਦੀ ਜਾ ਰਹੀ ਸੀ, ਭਰ ਸਿਆਲੇ ਦੀ ਨੀਂਦਰ ਵਿਚ ਲੇਫ਼ ਦੇ ਸਰਕ ਸਰਕ ਕੇ ਲਹਿਣ ਵਾਂਗ।

...ਤੇ ਹੁਣ ਰਾਧੂ ਨੂੰ ਓਦੋਂ ਦੀਆਂ ਵਾਜਾਂ ਸੁਣੀਨ ਲੱਗ ਪਈਆਂ ਜਦੋਂ ਵੱਡਾ ਮਾਲਕ ਉਹਦਾ ਇੱਕੋ ਇਕ ਗੋਰਾ ਢੱਗਾ ਕਰਜ਼ਾ ਨਾ ਮੋੜਨ ਕਰਵਾ ਕੇ ਕੁਰਕ ਕਰ ਕੇ ਲੈ ਗਿਆ ਸੀ, ਕਿਵੇਂ ਉਹਦੇ ਵਲੈਤੀ ਬੂਟ ਚੀਕਦੇ ਸਨ, ਕਿਵੇਂ ਬੇਕਿਰਕੀ ਨਾਲ ਮਾਰੇ ਸੋਟੇ ਸ਼ੂਕਦੇ ਸਨ। ਗੋਰਾ ਆਪਣਾ ਘਰ ਨਹੀਂ ਸੀ ਛੱਡਦਾ ਤੇ ਮਾਲਕ ਦੇ ਨੌਕਰ ਗੋਰੇ ਨੂੰ ਮਾਰੀ ਜਾ ਰਹੇ ਸਨ।

ਤੇ ਫੇਰ ਜਦੋਂ ਉਹਦੇ ਘਰ ਕੁਰਕੀ ਲਈ ਕੁਝ ਨਹੀਂ ਸੀ ਰਹਿ ਗਿਆ, ਤਾਂ ਇਕ ਵਾਰ ਛੋਟਾ ਮਾਲਕ ਉਨ੍ਹਾਂ ਦੇ ਘਰ ਆਇਆ ਸੀ। ਉਹਦੀ ਹਾਬੜੀ ਨੀਝ ਖੇਮਾਂ ਦੇ ਅਧੋਰਾਣੇ ਪਿੰਡੇ ਉੱਤੇ ਚੰਬੜੀ ਹੋਈ ਸੀ। ਤੇ ਰਾਧੂ ਨੇ ਆਪਣੀ ਖੇਮਾਂ ਵੱਲ ਤੱਕ ਕੇ ਛੋਟੇ ਮਾਲਕ ਨੂੰ ਕਿਹਾ ਸੀ, “ਅਜਿਹਾ ਪਾਪ ਮੈਂ ਕਦੇ ਨਹੀਂ ਕਰਾਂਗਾ, ਛੋਟੇ ਮਾਲਕ।”...

ਪਰੂੰ ਧਾਨ ਦੀ ਫ਼ਸਲੇ ਹਾਲੀ ਖੇਮਾਂ ਬਾਲੜੀ ਹੁੰਦੀ ਸੀ, ਤੇ ਕੁੜੀਆਂ ਕਿਵੇਂ ਵਧਦੀਆਂ ਹਨ...

“ਅਸਾਂ ਕਦੇ ਆਪਣੀ ਭੋਂ ਉਸ ਰਾਖਸ਼ ਕੋਲ ਨਹੀਂ ਵੇਚਣੀ,” ਰਾਧੂ ਚਾਨਚਕ ਜ਼ੋਰ ਦੀ ਬੋਲ ਪਿਆ ਜਿਵੇਂ ਅੰਦਰੋਂ ਉੱਠੇ ਕਿਸੇ ਖ਼ਿਆਲ ਨੂੰ ਝਿੜਕ ਰਿਹਾ ਹੋਵੇ। ਰਾਧੂ ਬਹੁਤੀ ਤਾਂ ਮਾਲਕ ਦੀ ਭੋਂ ਹੀ ਵਾਹੁੰਦਾ ਹੁੰਦਾ ਸੀ, ਪਰ ਇਕ ਪੈਲੀ ਉਹਦੀ ਆਪਣੀ ਵੀ ਸੀ।

ਸ਼ਾਂਤੀ ਨੇ ਨੀਲੂ ਦੀਆਂ ਮਾਸ-ਪਾੜਵੀਆਂ ਪਸਲੀਆਂ ਨੂੰ ਤੱਕਿਆ, ਤੇ ਫੇਰ ਇਕ ਨਜ਼ਰ ਆਪਣੇ ਨੰਗੇ ਪਿੰਡੇ ਉੱਤੇ ਤੇ ਫੇਰ ਇਕ ਖਿੱਲਰੀ ਜਿਹੀ, ਖੇਮਾਂ ਦੇ ਨੰਗੇ ਪਿੰਡੇ ਉੱਤੇ।

“ਅਸਾਂ ਆਪਣੀ ਭੋਂ ਕਦੇ ਉਸ ਰਾਖਸ਼ ਕੋਲ ਨਹੀਂ ਵੇਚਣੀ,” ਗੁੰਬਦ ਦੀ ਵਾਜ ਵਾਂਗ ਸ਼ਾਂਤੀ ਦੀ ਵਾਜ ਆਈ।

“ਸ਼ਾਂਤੀ……” ਹੌਲੀ ਜਿਹੀ ਰਾਧੂ ਬੋਲਿਆ, “ਸ਼ਾਂਤੀ, ਰਤਾ ਏਧਰ ਆਈਂ।”

ਸ਼ਾਂਤੀ ਉੱਠ ਕੇ ਉਹਦੇ ਕੋਲ ਚਲੀ ਗਈ। ਉਹਨੇ ਉਹਦੇ ਮੋਢਿਆਂ ਨੂੰ ਟੋਹਿਆ,
“ਸ਼ਾਂਤੀ!”

“ਹੂੰ।”

“ਭੋਂ ਪੋਲੀ ਹੋ ਗਈ ਹੋਣੀ ਏਂ?”

“ਹਾਂ, ਰਤਾ ਕੁ…”

“ਹਾਂ, ਜੋਤ੍ਰੇ ਨੂੰ ਸਹਿਕਦੀ...” ਰਾਧੂ ਨੇ ਆਪਣੇ ਭੁੱਖ ਨਾਲ ਝੰਵੇਂ ਸਰੀਰ ਉੱਤੇ ਇਕ ਨਜ਼ਰ ਮਾਰੀ, “ਅਸੀਂ ਦੋਵੇਂ ਹਲ ਅੱਗੇ ਜੁਪ ਜਾਵਾਂਗੇ, ਤੇ ਨੀਲੂ ਪਿੱਛੋਂ ਹੱਲ ਦੀ ਹੱਥੀ ਨੱਪ ਲਏਗਾ,” ਤੇ ਫੇਰ ਇਕ ਨਜ਼ਰ ਆਪਣੇ ਬਾਲਾਂ ਦੀ ਮਾਂ ਦੇ ਨੰਗੇ ਸਰੀਰ ਉੱਤੇ, “ਪਰ ਸਿਰਫ਼ ਏਸ ਲੀਰ ਨਾਲ ਤੂੰ ਕਿਵੇਂ ਦਲ੍ਹੀਜੋਂ ਬਾਹਰ ਪੈਰ ਧਰੇਂਗੀ...”

ਨੀਲੂ ਰੋਣ ਲੱਗ ਪਿਆ ਸੀ, “ਮਾਂ, ਭਾਤ ਦੇ।”

ਉਹ ਰੋਂਦਾ ਰਿਹਾ, ਦੋਵੇਂ ਚੁੱਪ ਰਹੇ, ਉਹ ਵੀ ਚੁੱਪ ਕਰ ਗਿਆ।

ਭਾਤ…ਧਾਨ...ਭੋਂ।

ਸ਼ਾਂਤੀ ਦੇ ਪਿੰਡੇ ਵਿਚ ਇਕ ਬਿਜਲੀ ਜਹੀ ਦੌੜ ਗਈ। ਉਹ ਖੇਮਾਂ ਵਲ ਵਧੀ, ਤੇ ਉਹਨੇ ਉਹਨੂੰ ਤੇੜੋਂ ਪਰਨਾ ਲਾਹੁਣ ਲਈ ਕਿਹਾ। ਖੇਮਾਂ ਨੇ ਹੌਲੀ ਹੌਲੀ ਲਾਹ ਦਿੱਤਾ ਤੇ ਉਹ ਹੋਰ ਸੁੰਗੜ ਕੇ, ਬਾਹਾਂ ਵਾਂਗ ਲੱਤਾਂ ਵੀ ਹੋਰ ਘੁੱਟ ਕੇ ਬਹਿ ਗਈ। ਸ਼ਾਂਤੀ ਨੇ ਉਹਦੇ ਕੋਲੋਂ ਪਰਨਾ ਲੈ, ਆਪਣੀ ਹਿੱਕ ਦੁਆਲੇ ਗੰਢ ਮਾਰ ਕੇ ਵਲ੍ਹੇਟ ਲਿਆ। ਗੰਢ ਬੜੀ ਸੁਖਾਲੀ ਈ ਬੱਝ ਗਈ ਸੀ...ਚਿਰ ਹੋਇਆ, ਉਹਦਾ ਪਤੀ ਸ਼ਹਿਰ ਜਾਣ ਲੱਗਾ ਸੀ, ਤਾਂ ਉਹਨੇ ਸੰਗਦਿਆਂ ਸੰਗਦਿਆਂ ਉਹਨੂੰ ਕਿਹਾ ਸੀ, “ਮੇਰੇ ਲਈ ਸ਼ਹਿਰੋਂ ਰੇਸ਼ਮੀ ਚੋਲੀ ਲਿਆਈਂ।” ਓਦੋਂ ਤਣੀਆਂ ਨਾਲ ਉਹਨੇ ਬਥੇਰਾ ਘੋਲ ਕੀਤਾ ਸੀ, ਪਰ ਚੋਲੀ ਉਹਨੂੰ ਪੂਰੀ ਨਹੀਂ ਸੀ ਆਈ। “ਦੁਕਾਨ ਤੇ ਇਹੀ ਸਭ ਤੋਂ ਚੰਗੀ ਸੀ, ਮੇਰਾ ਕੀ ਕਸੂਰ ਏ।” ਉਸਦੇ ਪਤੀ ਨੇ ਆਖਿਆ, “ਤੇ ਹੋਰ ਕਿਦ੍ਹਾ ਏ!” ਉਹਨੇ ਮੁਸਕਰਾ ਕੇ ਉਸ ਤੋਂ ਪੁੱਛਿਆ ਸੀ। ਉਹਦੀਆਂ ਅੱਖਾਂ ਓਦੋਂ ਖਰੂਦੀ ਬੱਚੇ ਦੀਆਂ ਅੱਖਾਂ ਵਰਗੀਆਂ ਹੋ ਗਈਆਂ ਸਨ, ਤੇ ਇਕ ਮਸਤੀ ਜਿਹੀ, ਇਕ ਨਸ਼ਿਆਂਦਾ ਨਿੱਘ ਜਿਹਾ...ਹੁਣ ਉਹਦਾ ਪਤੀ ਉਹਨੂੰ ਤੱਕ ਰਿਹਾ ਸੀ, ਇੰਜ ਜਿਵੇਂ ਕਿਸੇ ਪਸ਼ੂ ਨੂੰ, ਕਿਸੇ ਅਲ੍ਹਕ ਵਹਿੜਕੇ ਨੂੰ ਪਹਿਲੀ ਵਾਰ ਜੋਤਣ ਲੱਗਿਆਂ।

ਸ਼ਾਂਤੀ ਨੇ ਨੀਲੂ ਨੂੰ ਹਲੂਣ ਕੇ ਜਗਾਇਆ। ਰਾਧੂ ਤੇ ਸ਼ਾਂਤੀ ਹਲ ਚੁੱਕ ਕੇ ਤੁਰ ਪਏ। ਨੀਲੂ ਵੀ ਉਨ੍ਹਾਂ ਨਾਲ ਲੈ ਲਿਆ। ਖੇਮਾਂ ਪਿੱਛੋਂ ਉਨ੍ਹਾਂ ਨੂੰ ਤੱਕਦੀ ਰਹੀ।

ਖੇਮਾਂ ਹੁਣ ਕੁਝ ਨਿਸੰਗ ਜਿਹੀ ਹੋ ਕੇ ਬਹਿ ਗਈ। ਕਾਲ ਤੋਂ ਪਹਿਲਾਂ ਮਾਂ, ਨੀਲੂ ਨੂੰ ਰਾਖਸ਼ਾਂ ਦੀਆਂ ਬਾਤਾਂ ਸੁਣਾਂਦੀ ਹੁੰਦੀ ਸੀ। ਪਹਾੜਾਂ ਦੀਆਂ ਖੁੰਧਰਾਂ ਵਿਚ ਰਹਿੰਦੇ ਰਾਖਸ਼, ਜਿਹੜੇ ਜੰਗਲਾਂ ਵਿਚ ‘ਆਦਮ-ਬੋ’, ‘ਆਦਮ-ਬੋ’ ਕੂਕਦੇ ਫਿਰਦੇ, ਜਿਨ੍ਹਾਂ ਅਗੇ ਨਿੱਤ ਦਿਹਾੜੀ ਮਨੁੱਖਾਂ ਤੇ ਪਸ਼ੂਆਂ ਦੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ, ਨਹੀਂ ਤੇ ਉਹ ਸਾਰੀ ਲੁਕਾਈ ਨੂੰ ਖਾ ਜਾਂਦੇ।

ਪਰ ਅੱਜ ਮਾਂ ਤੇ ਬਾਪੂ ਦੋਵਾਂ ਨੇ ਆਖਿਆ ਸੀ, “ਅਸੀਂ ਓਸ ਰਾਖਸ਼ ਨੂੰ ਭੋਂ ਨਹੀਂ ਦੇਣੀ।” ਪਿੰਡ ਦਾ ਮਾਲਕ ਰਾਖਸ਼ ਸੀ, ਪਹਾੜਾਂ ਦੀਆਂ ਖੁੰਧਰਾਂ ਵਿਚ ਨਹੀਂ ਸੀ ਰਹਿੰਦਾ ਉਹ, ਨਾ ਹੀ ਜੰਗਲਾਂ ਵਿਚ ‘ਆਦਮ-ਬੋ’ ‘ਆਦਮ-ਬੋ’ ਕੂਕਦਾ ਫਿਰਦਾ ਸੀ। ਉਹ ਉਨ੍ਹਾਂ ਦੇ ਪਿੰਡ ਵਿਚ ਰਹਿੰਦਾ ਸੀ। ਉਹਨੂੰ ਕਈ ਭੇਟਾਂ ਚੜ੍ਹਦੀਆਂ ਸਨ, ਪਰ ਫਿਰ ਵੀ ਲੁਕਾਈ ਮਰਦੀ ਜਾਂਦੀ ਸੀ। ਬਾਪੂ ਨੇ ਮਾਂ ਦੀਆਂ ਬਾਹਵਾਂ ਤੋਂ ਕੜੇ ਲਾਹ ਕੇ ਉਹਨੂੰ ਦਿੱਤੇ ਸਨ, ਤੇ ਫੇਰ ਉਸਦੇ ਕੰਨਾਂ ਵਿਚੋਂ ਮੁਰਕੀਆਂ। ਮਾਂ ਦੀਆਂ ਬਾਹਵਾਂ ਸੁੰਞੀਆਂ ਸਨ, ਤੇ ਉਹਦੇ ਕੰਨ ਬੁੱਚੇ ਸਨ, ਜਿਵੇਂ ਕਿਸੇ ਹਰਾ ਡਾਹਣ ਵਰੂੰਧ ਲਿਆ ਹੋਵੇ। ਮਾਂ ਦੇ ਤੇੜ ਇਕੋ ਪਰਨਾ ਸੀ, ਉਹਦੀ ਹਿੱਕ ਦੁਆਲੇ ਉਹਦੇ ਆਪਣੀ ਤੇੜੋਂ ਲੱਥਾ ਪਰਨਾ ਸੀ, ਉਹ ਆਪ ਨੰਗੀ ਸੀ। ਉਹਨਾਂ ਦਾ ਚੌਂਕਾ ਵਰਾਨ ਪਿਆ ਸੀ। ਭਾਂਡੇ ਤੇ ਭਾਤ ਸਭ ਇਸ ਰਾਖਸ਼ ਦੀ ਭੇਟ ਹੋ ਚੁੱਕੇ ਸਨ। ਉਨ੍ਹਾਂ ਨੂੰ ਆਪਣਾ ਤਗੜਾ ਢੱਗਾ ਗੋਰਾ ਵੀ ਇਹਨੂੰ ਹੀ ਦੇਣਾ ਪਿਆ ਸੀ, ਉਨ੍ਹਾਂ ਟੱਲੀਆਂ ਸਣੇ ਜਿਹੜੀਆਂ ਉਹਨੇ ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਨਾਲ ਪਰੋ ਕੇ ਉਹਦੇ ਗਲ ਪਾਈਆਂ ਸਨ, ਜਦੋਂ ਉਹ ਨਿੱਕਾ ਜਿਹਾ ਵੱਛਾ ਹੁੰਦਾ ਸੀ। ਤੇ ਹਾਲੀ ਵੀ ਰਾਖਸ਼ ਉਨ੍ਹਾਂ ਦੇ ਇਕੋ ਇਕ ਟੁਕੜੇ ਉੱਤੇ ਨਜ਼ਰ ਰੱਖਦਾ ਸੀ, ਤੇ ਛੋਟਾ ਮਾਲਕ, ਰਾਖਸ਼ ਦਾ ਪੁੱਤਰ...

ਪਰ ਮਾਂ ਆਖਦੀ ਹੁੰਦੀ ਸੀ, “ਭੋਂ ਸਾਡੀ ਮਾਂ ਏ,” ਤੇ ਮਾਂ ਤੇ ਬਾਪੂ ਦੋਵਾਂ ਨੇ ਹੁਣੇ ਆਖਿਆ ਸੀ, “ਅਸੀਂ ਭੋਂ ਉਸ ਰਾਖਸ਼ ਨੂੰ ਨਹੀਂ ਦੇਣੀ,” ਤੇ ਹੁਣ ਉਹ ਦੋਵੇਂ ਤੇ ਨੀਲੂ ਭੋਂ ਵਿਚ ਹਲ ਵਾਹ ਰਹੇ ਸਨ—ਗੋਰੇ ਬਿਨਾਂ। ਏਸ ਰਾਖਸ਼ ਦੀ ਗੁਫ਼ਾ ਵਿਚ ਹੀ ਸਭ ਕੁਝ ਸੀ; ਗੋਰਾ, ਗੋਰੇ ਦੀਆਂ ਟੱਲੀਆਂ, ਮਾਂ ਦੇ ਕੜੇ, ਉਹਦੀਆਂ ਮੁਰਕੀਆਂ, ਤੇ ਚੌਲ ਤੇ ਲੂਣ ਤੇ ਤਾਪ ਦੀਆਂ ਗੋਲੀਆਂ...

ਖੇਮਾ ਨੂੰ ਕਾਂਬਾ ਛਿੜ ਪਿਆ ਸੀ, ਤੇ ਉਹਦਾ ਤਾਲੂ ਸੁੱਕ ਰਿਹਾ ਸੀ। ਉਹਨੇ ਉੱਠ ਕੇ ਘੜੇ ਵਿਚੋਂ ਪਾਣੀ ਪੀਤਾ, ਤੇ ਲੇਟ ਕੇ ਛੱਤ ਵਿਚਲੇ ਮਘੋਰੇ ਵਿਚੋਂ ਬਾਹਰ ਤੱਕਣ ਲੱਗ ਪਈ। ਗਿੱਧਾਂ ਉੱਡ ਰਹੀਆਂ ਸਨ। ਉਹਨੇ ਅਚੇਤ ਹੀ ਆਪਣੀਆਂ ਬਾਹਵਾਂ ਹਿੱਕ ਦੁਆਲੇ ਵਲ ਲਈਆਂ ਤੇ ਲੱਤਾਂ ਹੋਰ ਘੁੱਟ ਲਈਆਂ। ਗਿੱਧਾਂ ਉੱਡੀ ਜਾ ਰਹੀਆਂ ਸਨ। ਉਹ ਢਿੱਡ ਪਰਨੇ ਹੋ ਗਈ।

ਕਾਂਬਾ ਜ਼ੋਰਾਂ ਦਾ ਹੋ ਗਿਆ, ਤਾਪ ਦੀ ਘੂਕੀ ਜਿਹੀ ਚੜ੍ਹਨ ਲੱਗ ਪਈ...ਉਹਦਾ ਸਿਰ ਜਿਵੇਂ ਛੱਪੜ ਦੀ ਜਿੱਲ੍ਹਣ ਵਿਚ ਫਸ ਗਿਆ ਹੁੰਦਾ ਹੈ। ਉਹਦਾ ਸਾਹ ਘੁਟ ਰਿਹਾ ਸੀ। ਚਵ੍ਹੀਂ ਪਾਸੀਂ ਮਹੀਨ ਰੇਤ ਉੱਡ ਰਹੀ ਸੀ, ਰੇਤ ਦਾ ਇਕ ਵਾ-ਵਰੋਲਾ ਜਿਹਾ ਤੇ ਥੱਲੇ ਰੇਤ ਦਾ ਇਕ ਹੋਰ ਢੇਰ। ਉਹ ਬਥੇਰਾ ਉਸ ਰੇਤ ਵਿਚੋਂ ਪੈਰ ਬਾਹਰ ਧਰੂੰਹਦੀ, ਪਰ ਪੈਰ ਨੀਵੇਂ ਈ ਧੱਸਦੇ ਜਾਂਦੇ, ਤੇ ਪੈਰਾਂ ਤੇ ਇੰਜ ਜਿਵੇਂ ਅਣਗਿਣਤ ਕੀੜੀਆਂ ਚੜ੍ਹ ਰਹੀਆਂ ਹੋਣ। ਉਹ ਉਤਾਂਹ ਹੰਭਲੇ ਮਾਰਦੀ, ਪਰ ਫੇਰ ਨੀਵੀਂ ਧੱਸ ਜਾਂਦੀ, ਅੱਗੇ ਨਾਲੋਂ ਵੱਧ ਜ਼ੋਰ ਨਾਲ। ਰੇਤ ਨਹੀਂ ਸੀ ਇਹ! ਇਹ ਤਾਂ ਚੌਲਾਂ ਦਾ ਫੱਕ ਸੀ, ਚੌਲਾਂ ਦੇ ਫੱਕ ਦਾ ਢੇਰ ਤੇ ਚਵ੍ਹੀਂ ਪਾਸੀਂ ਫੱਕ ਦਾ ਵਾ-ਵਰੋਲਾ। ਉਹ ਫੱਕ ਕੋਲ ਆਪਣਾ ਮੂੰਹ ਲੈ ਗਈ। ਕੁਝ ਵਿੱਥ ਤੇ ਇਕ ਚਿੱਟਾ ਚੌਲ ਦਾ ਦਾਣਾ ਸੀ। ਉਹਨੇ ਆਪਣਾ ਮੂੰਹ ਏਸ ਦਾਣੇ ਕੋਲ ਲੈ ਜਾਣਾ ਚਾਹਿਆ। ਪਰ ਉਹਦੇ ਪੈਰ ਫੱਕ ਦੇ ਢੇਰ ਵਿਚ ਫਸੇ ਹੋਏ ਸਨ, ਤੇ ਦਾਣਾ ਦੂਰ ਸੀ। ਉਹਦੇ ਮੂੰਹ ਤੋਂ ਦੂਰ ਉਹਦੀਆਂ ਬਾਹਵਾਂ ਤੋਂ ਦੂਰ। ਚੌਲ ਦਾ ਦਾਣਾ ਅਡੋਲ ਭੂਰੇ ਫੱਕ ਉੱਤੇ ਪਿਆ ਸੀ। ਫੱਕ ਦੇ ਵਾ-ਵਰੋਲੇ ਉੱਡੀ ਜਾ ਰਹੇ ਸਨ, ਉਹ ਫੱਕ ਵਿਚ ਧੱਸਦੀ ਜਾ ਰਹੀ ਸੀ। ਲੱਤਾਂ ਧਸ ਗਈਆਂ, ਤੇ ਪੱਟ, ਤੇ ਢਿੱਡ ਤੇ ਛਾਤੀਆਂ, ਤੇ ਗਲ ਤੱਕ ਕੀੜੀਆਂ ਈ ਕੀੜੀਆਂ।...

...ਤਾਪ ਦੀ ਬੇਸੁਰਤੀ ਵਿਚ ਫੱਕ ਦੇ ਵਾ-ਵਰੋਲੇ ਉਹਲੇ ਉਹਨੂੰ ਕੋਈ ਖਲੋਤਾ ਜਾਪਿਆ। ਫੱਕ ਦੀ ਧੁੰਦ ਹਟਦੀ ਪਈ ਸੀ! ਰਾਖਸ਼ ਦਾ ਪੁੱਤਰ ਹੱਸ ਰਿਹਾ ਸੀ, ‘ਹੇ…ਹੇ…ਹੇ…।’ ਉਹਦੇ ਕਾਲੇ ਦੰਦ ਨੰਗੇ ਸਨ, ਤੇ ਉਹਦੇ ਹੱਥ ਵਿਚ ਧੋਤੀਆਂ ਸਨ, ਤੇ ਚੌਲ। ਇਹ ਉਹਨੇ ਸਭ ਦੂਰ ਹੀ ਰੱਖ ਦਿੱਤੇ ਤੇ ਆਪ ਖੇਮਾਂ ਦੇ ਨੇੜੇ ਆ ਗਿਆ। ਉਹ ਧੋਤੀਆਂ ਤੇ ਚੌਲਾਂ ਵੱਲ ਤੱਕਣ ਲੱਗ ਪਈ। ਰਾਖਸ਼ ਦੇ ਪੁੱਤਰ ਨੇ ਉਹਦੇ ਵੱਲ ਤੱਕਿਆ। ਖੇਮਾਂ ਨੂੰ ਇੰਜ ਜਾਪਿਆ ਜਿਵੇਂ ਉਹਦੀ ਨਜ਼ਰ ਫੱਕ ਦੇ ਢੇਰ ਨੂੰ ਚੀਰ ਕੇ ਉਹਦੀ ਛਾਤੀ ਉੱਤੇ, ਉਹਦੇ ਸਾਰੇ ਪਿੰਡੇ ਉੱਤੇ ਜਾ ਚੰਬੜੀ ਹੈ, ਤੇ ਉਹਦੇ ਪਿੰਡੇ ਤੇ ਕੀੜੀਆਂ ਨਹੀਂ, ਧਮੂੜੀਆਂ ਡੰਗ ਮਾਰ ਰਹੀਆਂ ਹਨ। ਰਾਖਸ਼ ਦੇ ਪੁੱਤਰ ਨੇ ਉਹਨੂੰ ਫੱਕ ਦੇ ਢੇਰ ਵਿਚੋਂ ਧੂਹ ਲਿਆ, ਤੇ ਉਹਨੂੰ ਧੋਤੀਆਂ ਤੇ ਚੌਲ ਤਕਾਣ ਲੱਗਾ। ਉਹ ਓਧਰ ਅੱਗੇ ਵਧਣ ਲੱਗੀ, ਪਰ ਉਹਨੇ ਉਹਨੂੰ ਨਪੀੜ ਲਿਆ। ਸ਼ਤੀਰਾਂ ਵਰਗੀਆਂ ਬਾਹਵਾਂ ਵਿਚ ਉਹਦਾ ਲਿੱਸਾ ਨੰਗਾ ਜਿਸਮ।…ਫ਼ਲੱਪ, ਫ਼ਲੱਪ, ਦੂਰ ਧੋਤੀਆਂ ਦੇ ਪੱਲੇ ਉੱਡ ਰਹੇ ਸਨ।...

“ਮਾਂ...ਮਾਂ”, ਉਹ ਏਸ ਡਰੌਣੇ ਸੁਪਨੇ ਵਿਚੋਂ ਤ੍ਰਭਕੀ। ਕਾਂਬਾ ਬੜੇ ਜ਼ੋਰਾਂ ’ਤੇ ਸੀ। ਬਾਹਰ ਸੂਰਜ ਲਹਿ ਰਿਹਾ ਸੀ। ਮਾਂ, ਬਾਪੂ ਤੇ ਨੀਲੂ ਹਾਲੀ ਤੱਕ ਨਹੀਂ ਸਨ ਪਰਤੇ। ਉਹਨੇ ਓਧਰ ਤੱਕਿਆ, ਜਿੱਧਰ ਧੋਤੀਆਂ ਫ਼ਲੱਪ-ਫ਼ਲੱਪ ਕਰਦੀਆਂ ਸਨ, ਓਥੇ ਘੜੇ ਦੀਆਂ ਟੁੱਟੀਆਂ ਠੀਕਰਾਂ ਦੇ ਸਿਵਾ ਕੁਝ ਨਹੀਂ ਸੀ। ਉਹਨੂੰ ਕੱਲਿਆਂ ਡਰ ਲੱਗ ਰਿਹਾ ਸੀ। ਡਰ, ਟੁੱਟੀਆਂ ਠੀਕਰਾਂ ਕੋਲੋਂ, ਛੱਤ ਵਿਚਲੇ ਮੂੰਹ ਟੱਡੀ ਘੂਰਦੇ ਮਘੇਰੇ ਕੋਲੋਂ। ਜੇ ਉਹ ਚਲੀ ਜਾਏ ਮਾਂ ਤੇ ਬਾਪੂ ਕੋਲ ਪੈਲੀ ਵਿਚ, ਜਿਥੇ ਹੁਣ ਭੋਂ ਗੁੜ ਦੀਆਂ ਭੇਲੀਆਂ ਵਾਂਗ ਹੋ ਗਈ ਹੋਵੇਗੀ। ਪਰ ਨੰਗਿਆਂ ਕਿਵੇਂ ਜਾਵੇ? ਹੁਣ ਆਥਣ ਤਾਂ ਹੋ ਗਈ ਸੀ, ਬਾਹਰ ਕੌਣ ਹੋਏਗਾ? ਜੇ ਹੋਇਆ ਵੀ ਤਾਂ ਉਹ ਲੁਕ ਜਾਏਗੀ। ਝਾੜੀਆਂ ਦਰੱਖ਼ਤ ਤਾਂ ਸਾਰੇ ਲੋਕਾਂ ਨੇ ਤਰੁੰਡ ਲਏ ਸਨ, ਪੱਤੇ ਖਾ ਲਏ ਸਨ, ਪਹਿਲਾਂ ਉਬਾਲ-ਉਬਾਲ ਕੇ, ਫੇਰ ਕੱਚਿਆਂ ਈ, ਖੱਟੇ ਫਿੱਕੇ, ਕੌੜੇ-ਕਸੈਲੇ ਪੱਤੇ—ਕਾਹਦੇ ਉਹਲੇ ਲੁਕੇਗੀ ਉਹ? ਕੇਲੇ ਦਾ ਇਕ ਵੱਡਾ ਪੱਤਾ ਈ ਕਿਤੇ ਹੁੰਦਾ, ਤਾਂ ਉਹ ਆਪਣਾ ਨੰਗੇਜ ਢੱਕ ਲੈਂਦੀ। ਜਦੋਂ ਉਨ੍ਹਾਂ ਦੇ ਘਰ ਚੌਲ ਹੁੰਦੇ ਸਨ, ਉਹਨੂੰ ਆਪਣਾ ਪਿੰਡਾ ਕੇਲੇ ਦੇ ਪੱਤੇ ਵਾਂਗ ਕੂਲਾ ਜਾਪਦਾ ਹੁੰਦਾ ਸੀ...ਉਹਨੂੰ ਡਰ ਲੱਗ ਰਿਹਾ ਸੀ, ਫੱਕ ਦੇ ਢੇਰ ਤੋਂ, ਧੋਤੀਆਂ ਦੀ ਫ਼ਲੱਪ-ਫ਼ਲੱਪ ਤੋਂ, ਕਾਲੇ ਦੰਦਾਂ ਤੋਂ।

ਉਹ ਆਪਣੀ ਪੈਲੀ ਵੱਲ ਤੁਰ ਪਈ। ਬਾਹਰ ਲੋਅ ਘੱਟ ਚੁੱਕੀ ਸੀ। ਉਹ ਬਾਹਵਾਂ ਨਾਲ ਆਪਣੀ ਹਿੱਕ ਲੁਕੋ ਲੱਤਾਂ ਜੋੜ ਜੋੜ ਕੇ ਚੱਲਣ ਲੱਗ ਪਈ।...ਓਥੇ ਸਾਹਮਣੇ ਕੇਤੂ ਦੇ ਬਾਪੂ ਦੀ ਤਾਣੀ ਲੱਗੀ ਹੁੰਦੀ ਸੀ, ਕੁੱਚ ਕਰਦਾ, ਧਾਗੇ ਸੁਲਝਾਂਦਾ ਉਹ ਥਾਨਾਂ ਦੇ ਥਾਨ ਕਪੜੇ ਬਣਾਂਦਾ ਹੁੰਦਾ ਸੀ…। ਨੰਗੀ ਖੇਮਾਂ ਖੋਲੇ ਬਣੇ ਘਰਾਂ ਤੇ ਢਾਰੀਆਂ ਉਹਲਿਓਂ ਲੁਕ ਲੁਕ ਲੰਘ ਰਹੀ ਸੀ। ਪੈਲੀ ਥੋੜ੍ਹੀ ਈ ਦੂਰ ਸੀ।

ਅਚਾਨਕ ਦੂਰੋਂ ਉਹਨੂੰ ਛਾਂਟੇ ਦੀ ਸ਼ੂਕ ਜਿਹੀ ਸੁਣਾਈ ਦਿੱਤੀ, ਤੇ ਫੇਰ ਸੀਟੀਆਂ, ਟੁਚਕਾਰਾਂ, ਤੇ ਭਾਰੀਆਂ ਭਾਰੀਆਂ ਜੁੱਤੀਆਂ ਦਾ ਖੜਕਾ, ਤੇ ਵਾਜਾਂ ਜਿਵੇਂ ਤਾੜੀ ਪੀ ਕੇ ਕੋਈ ਗੌਂ ਰਿਹਾ ਹੋਵੇ। ਉਹ ਕਾਹਲੀ ਨਾਲ ਸੱਜੇ ਪਾਸੇ ਇਕ ਖੋਲੇ ਉਹਲੇ ਲੁਕ ਗਈ। ਵਾਜਾਂ ਨੇੜੇ ਆ ਰਹੀਆਂ ਸਨ। ਖੋਲੇ ਦੀ ਕੰਧ ਵਿਚਲੀ ਇਕ ਵਿਰਲ ਵਿਚੋਂ ਦਿਸਦਾ ਸੀ। ਛੋਟਾ ਮਾਲਕ ਕੁਝ ਲੜਖੜਾ ਰਿਹਾ ਸੀ। ਉਹਦਾ ਇਕ ਨੌਕਰ ਐਵੇਂ ਹਵਾ ਵਿਚ ਛਾਂਟਾ ਘੁਮਾ ਰਿਹਾ ਸੀ, ਤੇ ਇਕ ਢੱਗਾ ਉਨ੍ਹਾਂ ਦੇ ਅੱਗੇ-ਅੱਗੇ ਸੀ—ਉਹਦੇ ਸਿੰਗ ਲਿਸ਼ਕਦੇ, ਸਿੰਗਾਂ ਦੀਆਂ ਨੋਕਾਂ ਉੱਤੇ ਚਾਂਦੀ ਦੀਆਂ ਪੱਤਰਾਂ, ਅੱਖਾਂ ਤੇ ਸੁਨਹਿਰੀ ਤਾਰਾਂ ਦਾ ਮਖੇਰਨਾ, ਮੱਥੇ ਤੇ ਸੰਧੂਰ, ਗਲ ਵਿਚ ਘੁੰਗਰੂਆਂ ਦੀ ਹਮੇਲ, ਤੇ ਉਹ ਰੇਸ਼ਮੀ ਝੁੱਲ। ਖੇਮਾਂ ਗਹੁ ਨਾਲ ਢੱਗੇ ਨੂੰ ਤੱਕਣ ਲੱਗ ਗਈ।

“ਕਿੰਨਾਂ ਕੁ ਪੈਂਡਾ ਹੋਣਾ ਏ ਹੋਰ?” ਛੋਟੇ ਮਾਲਕ ਨੇ ਆਪਣੇ ਨੌਕਰਾਂ ਨੂੰ ਪੁੱਛਿਆ।

“ਮਹਾਰਾਜ ਥੋੜ੍ਹੀ ਈ ਵਾਟ ਹੋਰ ਏ,” ਇਕ ਨੌਕਰ ਬੋਲਿਆ।

“ਓਥੇ ਦੇਵੀ ਦੀ ਸੁਆਰੀ ਲਈ ਜਿੰਨੇ ਵੀ ਬਲਦ ਆਣਗੇ, ਉਨ੍ਹਾਂ ਵਿਚੋਂ ਸਾਡਾ ਹੀ ਸਭ ਤੋਂ ਚੰਗਾ ਹੋਏਗਾ,” ਛੋਟੇ ਮਾਲਕ ਦੇ ਬੋਲ ਵਿਚ ਤਸੱਲੀ ਸੀ।

“ਹਾਂ, ਮਹਾਰਾਜ,” ਸਾਰੇ ਨੌਕਰਾਂ ਹੁੰਗਾਰਾ ਭਰਿਆ।

ਛੋਟੇ ਮਾਲਕ ਨੇ ਆਪਣੀਆਂ ਮੁੱਛਾਂ ਉੱਤੇ ਹੱਥ ਫੇਰਦਿਆਂ ਪਾਨ ਦੀ ਪਿਚਕਾਰੀ ਸੁੱਟੀ।

ਖੇਮਾਂ ਤ੍ਰਭਕ ਪਈ—ਇਹ ਤਾਂ ਉਨ੍ਹਾਂ ਦਾ ਆਪਣਾ ਗੋਰਾ ਢੱਗਾ ਸੀ! ਉਹਦੇ ਸਾਰੇ ਪਿੰਡੇ ਨੂੰ ਇਕ ਅਚਵੀ ਜਿਹੀ ਹੋਣ ਲੱਗ ਪਈ। ਉਹਨੂੰ ਇੰਝ ਜਾਪਿਆ, ਜਿਵੇਂ ਉਹ ਫੱਕ ਦੇ ਢੇਰ ਵਿਚ ਧੱਸਦੀ ਜਾ ਰਹੀ ਸੀ ਤੇ ਗੋਰਾ ਦੂਰ ਭੂਸਲੀ ਧੂੜ ਵਿਚ ਚਿੱਟੇ ਚੌਲ ਦੇ ਦਾਣੇ ਵਾਂਗ ਲਿਸ਼ਕ ਰਿਹਾ ਸੀ...। ਵਾਜਾਂ ਦੂਰ ਹੁੰਦੀਆਂ ਗਈਆਂ। ਉਹ ਖੋਲੇ ਵਿਚੋਂ ਬਾਹਰ ਨਿਕਲ ਆਈ। ਜਿੱਧਰ ਗੋਰਾ ਗਿਆ ਸੀ ਓਧਰ ਧੂੜ ਜਿਹੀ ਉੱਡ ਰਹੀ ਸੀ। ਉਹ ਆਪਣੀ ਪੈਲੀ ਵੱਲ ਹੋ ਪਈ।

ਉਨ੍ਹਾਂ ਦੀ ਪੈਲੀ ਗੁੜ ਦੀਆਂ ਭੇਲੀਆਂ ਵਾਂਗ ਨਰਮ ਨਹੀਂ ਸੀ ਹੋਈ ਪਈ। ਕਰੜੀ ਭੋਂ ਤੇ ਐਵੇਂ ਕੁਝ ਲੀਕਾਂ ਜਿਹੀਆਂ ਪਈਆਂ ਹੋਈਆਂ ਸਨ, ਜਿਵੇਂ ਵਿਹੜੇ ਵਿਚ ਬਾਲ ਲੀਲੀ ਘੋੜੇ ਖੇਡ ਕੇ ਹਟੇ ਹੋਣ। ਹਲ ਮੂਧਾ ਪਿਆ ਸੀ, ਤੇ ਕੋਲ ਨੀਲੂ ਸਹਿਮਿਆ ਹੋਇਆ ਬੈਠਾ ਸੀ। ਮਾਂ ਤੇ ਬਾਪ ਭੋਂ ਤੇ ਡਿੱਗੇ ਪਏ ਸਨ, ਤੇ ਉਨ੍ਹਾਂ ਦੇ ਅੱਗੇ ਲਹੂ ਦੀ ਇਕ ਛੱਪੜੀ ਸੀ। ਦੂਰੋਂ ਖੜਕਾਰ ਹੋਈ, ਕੋਈ ਆ ਰਿਹਾ ਸੀ। ਖੇਮਾਂ ਕਾਹਲੀ ਨਾਲ ਮਾਂ ਦੀ ਛਾਤੀ ਦੁਆਲੇ ਵਲ੍ਹੇਟਿਆ ਪਰਨਾ ਆਪਣੇ ਨੰਗੇਜ ਨੂੰ ਢਕਣ ਲਈ ਧੂਹਣ ਲੱਗ ਪਈ।…

[1945]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •