Kade Kade Is Tarhan Vi Hunda Hai : Surjit Singh Dila Ram

ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ : ਸੁਰਜੀਤ ਸਿੰਘ "ਦਿਲਾ ਰਾਮ"

ਬਾਹਰੋਂ ਆਏ ਚਾਚੇ ਨਾਲ ਗੱਲਾਂ ਕਰਨ ਲੱਗ ਪਏ ਤੇ ਅਸੀਂ ਕਹਿਣ ਲੱਗੇ ਕਿ ਸਾਡੇ ਦੇਸ਼ 'ਚ ਕੋਈ ਪਤਾ ਨਹੀਂ ਲੱਗਦਾ ਕਿਹੜਾ ਸਹੀ ਤੇ ਕਿਹੜਾ ਗਲਤ, ਕਿਤੇ ਕਿਤੇ ਤਾਂ ਲੱਗਦਾ ਸਾਰੇ ਰਲੇ ਹੋਏ ਨੇ।ਚਾਚੇ ਕਿਹਾ ਅਸੀਂ ਮਨੁੱਖ ਦੇ ਮਨ ਨੂੰ ਨਹੀਂ ਪੜ੍ਹ ਸਕਦੇ ।ਇਕ ਵਾਰ ਮੈਂ ਵੀ ਧੋਖਾ ਖਾ ਗਿਆ ਸੀ ।ਇਕ ਵਾਰ ਦੁਪਹਿਰ ਦੇ ਸਮੇਂ ਮੈਂ ਪਾਰਕ ਵਿਚ ਬੈਠਣ ਦਾ ਰੁਖ ਕੀਤਾ, ਇਕ ਨੌਜਵਾਨ ਮੁੰਡਾ ਕੁੜੀ ਛਾਂਦਾਰ ਰੁੱਖ ਹੇਠਾਂ ਬੈਠੇ ਆਪਸੀ ਗੱਲਾਂ ਬਾਤਾਂ ਕਰ ਰਹੇ ਸਨ ।ਉਨ੍ਹਾਂ ਕੋਲ ਜਾਕੇ ਹੀ ਮੈਂ ਬੈਠ ਗਿਆ । ਕੁੱਝ ਸਮੇਂ ਬਾਅਦ ਉਹ ਦੋਨੋਂ ਉਠ ਕੇ ਚਲੇ ਗਏ ।

ਫਿਰ ਮੈਂ ਦੇਖਿਆ ਇਕ ਜਵਾਨ ਪਾਰਕ ਵਿੱਚ ਕੁੱਝ ਲੱਭ ਰਿਹਾ ਹੈ,ਦੇਖਣ ਨੂੰ ਤਾਂ ਉਹ ਅਮੀਰ ਘਰਾਣੇ ਦਾ ਹੀ ਲਗਦਾ ਸੀ।
ਜਦੋਂ ਉਹ ਲੱਭਦਾ ਹੋਇਆ ਮੇਰੇ ਕੋਲ ਆਇਆ ਤਾਂ ਮੈ ਪੁੱਛਿਆ ਕਾਕਾ ਕੁੱਝ ਗੁਆਚ ਗਿਆ ਹੈ ? ਅੱਗੋਂ ਉਹ ਬੋਲਿਆ ਹਾਂ ਜੀ ।

ਕਹਿਣ ਲਗਿਆ ਮੈਂ ਇਟਲੀ ਤੋਂ ਆਇਆ ਹਾਂ । ਮੈ ਇਸ ਸ਼ਹਿਰ ਦੇ ਇਕ ਹੋਟਲ ਵਿਚ ਖਾਣਾ ਖਾਧਾ ਸੀ, ਮੈਂ ਉੱਥੇ ਆਪਣਾ ਬਟੂਆ ਭੁੱਲ ਆਇਆ ਹਾਂ । ਮੈਨੂੰ ਹੋਟਲ ਦਾ ਚੇਤਾ ਨਹੀਂ ਉਹ ਕਿਹੜਾ ਹੈ ।ਮੇਰੇ ਬਟੂਏ ਵਿਚ ਮੇਰੇ ਕਾਗਜ ਪੱਤਰ ਤੇ ਮੇਰੇ ਦੋਸਤ ਕਾਰਡ ਸੀ। ਜਿਸ ਤੇ ਉਸਦਾ ਪਤਾ ਲਿਖਿਆ ਹੋਇਆ ਸੀ, ਮੈਂ ਉਸ ਕੋਲ ਜਾਣਾ ਸੀ । ਉਸ ਹੋਟਲ ਦਾ ਬਿਲ ਕਮੀਜ਼ ਦੀ ਜੇਬ 'ਚ ਪਾਇਆ ਸੀ, ਮੇਰੇ ਕੋਲੋਂ ਹੁਣ ਉਹ ਵੀ ਗੁਆਚ ਗਿਆ ਹੈ, ਮੈਂ ਉਹ ਲੱਭ ਰਿਹਾ ਹਾਂ।ਮੈਂ ਵਾਪਸ ਆਪਣੇ ਦੇਸ਼ ਜਾਣਾ ਹੈ ਤੇ ਮੇਰੇ ਕੋਲ ਕਰਾਏ ਜੋਗੇ ਪੈਸੇ ਵੀ ਨਹੀਂ ਹਨ।
ਉਸਦੀਆਂ ਇਹ ਗੱਲਾਂ ਸੁਣ ਕੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਉਹ ਝੂਠ ਬੋਲ ਰਿਹਾ ਹੈ, ਇਹ ਕਿਵੇਂ ਹੋ ਸਕਦਾ ਹੈ ਕਿ ਜਿਸ ਬੰਦੇ ਨੇ ਜਿੱਥੇ ਜਾਣਾ ਹੋਵੇ ਉੱਥੋ ਦਾ ਪਤਾ ਹੀ ਨਾ ਹੋਵੇ।
ਫਿਰ ਮੈ ਪੁਛਿਆ, "ਕਾਕਾ! ਤੈਨੂੰ ਉਸ ਹੋਟਲ ਦਾ ਨਾਂ ਤਾਂ ਚੇਤੇ ਹੀ ਹੋਵੇਗਾ, ਤੂੰ ਵੜਦਿਆਂ ਸਾਰ ਪੜ੍ਹਿਆ ਹੋਵੇਗਾ।"
ਅੱਗੋਂ ਉਹ ਘਬਰਾਇਆ ਹੋਇਆ ਬੋਲਿਆ,"ਜੀ ਨਹੀ! ਮੈ ਪਰਦੇਸੀ ਹਾਂ ਮੈਂ ਏਨਾਂ ਖਿਆਲ ਨਹੀਂ ਕੀਤਾ ।"
ਮੈਂ ਉਸਨੂੰ ਕਿਹਾ, ਚਲ ਕੋਈ ਗੱਲ ਨਹੀਂ ਤੂੰ ਡਰ ਨਾ, ਮੈਨੂੰ ਪਤਾ ਹੈ ਅਣਜਾਣ ਥਾਵਾਂ ਤੇ ਅਣਜਾਣ ਲੋਕ ਨਵੇਂ ਬੰਦਿਆਂ ਨੂੰ ਅਕਸਰ ਹੀ ਡਰਾਇਆ ਕਰਦੇ ਨੇ।

ਮੈ ਉਸਨੂੰ ਕਿਹਾ, 'ਜਵਾਨਾ ਇਕ ਵਾਰ ਮੈਂ ਵੀ ਕਿਸੇ ਹੋਰ ਸ਼ਹਿਰ ਗਿਆ ਸੀ ਮੈਂ ਵੀ ਉੱਥੋਂ ਦੇ ਕਿਸੇ ਹੋਟਲ ਵਿੱਚ ਰੋਟੀ ਖਾਧੀ ਸੀ ਤੇ ਮੈਂ ਉੱਥੇ ਆਪਣਾ ਥੈਲਾ ਭੁੱਲ ਆਇਆ ਸੀ, ਪਰ ਮੈਨੂੰ ਇਹ ਚੇਤੇ ਸੀ ਕਿ ਉਹ ਹੋਟਲ ਨਹਿਰ ਦੇ ਕੰਢੇ ਤੇ ਸੀ, ਫਿਰ ਮੈ ਲੋਕਾਂ ਨੂੰ ਪੁੱਛ ਕੇ ਉਸ ਹੋਟਲ ਤੱਕ ਪਹੁੰਚ ਕਰ ਲਈ ਸੀ।'
ਤੈਨੂੰ ਵੀ ਉਥੋਂ ਦੀ ਕੋਈ ਜਗ੍ਹਾ ਜਾਂ ਕੋਈ ਨਿਸ਼ਾਨੀ ਯਾਦ ਹੋਵੇ ਤਾਂ ਮੈ ਤੇਰੀ ਮਦਦ ਕਰ ਸਕਦਾ ਹਾਂ ।

ਉਹ ਬੋਲਿਆ ਮੈਨੂੰ ਕੁਝ ਯਾਦ ਨਹੀਂ, ਮੈ ਕਿਹਾ ਇਹ ਕਿਵੇਂ ਹੋ ਸਕਦਾ ਤੈਨੂੰ ਕੁਝ ਯਾਦ ਨਾ ਹੋਵੇ, ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ ਮੈਨੂੰ ਕਹਿੰਦਾ ਤੁਹਾਨੂੰ ਲਗਦਾ ਹੋਵੇਗਾ ਸ਼ਾਇਦ ਮੈ ਚੋਰ ਹਾਂ, ਤੇ ਬਹਾਨੇ ਬਣਾ ਰਿਹਾ ਹਾਂ, ਬੁੜ ਬੁੜ ਜੀ ਕਰਦਾ ਹੋਇਆ ਉਹ ਤੁਰ ਗਿਆ ।
ਮੈ ਸੋਚਿਆ ਇਹ ਸੱਚੀ ਹੀ ਚੋਰ ਸੀ ।ਇਸਦਾ ਕੁਝ ਗੁਆਚਿਆ ਨਹੀ ਐਵੇਂ ਬਹਾਨੇ ਬਣਾਈ ਜਾਂਦਾ ਐ।

ਮੈ ਜਦੋਂ ਜੁੱਤੀ ਸਹੀ ਕਰਨ ਲੱਗਿਆ ਹੇਠਾਂ ਨਿਗਾ ਮਾਰੀ ਤਾਂ ਮੈਨੂੰ ਹੇਠਾਂ ਇਕ ਇਕ ਪਰਚੀ ਦਿਖਾਈ ਦਿਤੀ ਮੈ ਜਦੋ ਪੜ੍ਹੀ ਤਾਂ ਉਹ ਕਿਸੇ ਹੋਟਲ ਦਾ ਬਿਲ ਸੀ ।ਮਨ ਚ ਖਿਆਲ ਆਇਆ ਉਹ ਸੱਚ ਬੋਲ ਰਿਹਾ ਸੀ ਮੈਂ ਹੀ ਗਲਤ ਸੀ।
ਮੈਂ ਉਠਿਆ ਤੇ ਉਸ ਮੁੰਡੇ ਨੂੰ ਲੱਭਣ ਲਈ ਕਾਹਲੀ ਕਾਹਲੀ ਤੁਰ ਪਿਆ ।
ਅਜੇ ਉਹ ਥੋੜ੍ਹੀ ਦੂਰ ਹੀ ਗਿਆ ਸੀ ਮੈਂ ਉਸਨੂੰ ਆਵਾਜ ਮਾਰੀ ਤੇ ਕਿਹਾ, 'ਕਾਕਾ !ਇਹ ਤੇਰੇ ਹੋਟਲ ਦਾ ਬਿਲ ਮੈਂ ਗਲਤ ਸੀ।ਮੈਂ ਆਪਣੇ ਪਰਸ ਚੋਂ ਕੁੱਝ ਡਾਲਰ ਦਿੱਤੇ ਤੇ ਕਿਹਾ, 'ਆਪਣਾ ਧਿਆਨ ਰਖੀ ।'
ਮੈ ਖੁਸ਼ੀ ਖੁਸ਼ੀ ਮੁੜਦਾ ਹੋਇਆ ਪਾਰਕ ਵਾਪਸ ਆਇਆ ਤੇ ਰਬ ਦਾ ਸ਼ੁਕਰਾਨਾ ਕਰਦਾ ਹੋਇਆ ਸੋਚਿਆ ਕਿ ਅੱਜ ਮੈਂ ਬਹੁਤ ਚੰਗਾ ਕੰਮ ਕੀਤਾ,ਕਿਸੇ ਚੰਗੇ ਮਨੁੱਖ ਨੂੰ ਮੈ ਐਵੇਂ ਮਾੜਾ ਬਣਾਈ ਜਾਂਦਾ ਸੀ।
ਮੈ ਆਪਣੀ ਜਗ੍ਹਾ ਤੇ ਵਾਪਸ ਆ ਕੇ ਬੈਠ ਗਿਆ ।

ਥੋੜ੍ਹੇ ਸਮੇਂ ਬਾਅਦ ਉਥੇ ਪਹਿਲਾਂ ਬੈਠੇ ਮੁੰਡਾ ਕੁੜੀ ਆਏ ਤੇ ਆਕੇ ਮੈਨੂੰ ਪੁੱਛਣ ਕਿ ਅੰਕਲ ਜੀ ਤੁਸੀਂ ਏਥੇ ਕੋਈ ਡਿੱਗੀ ਪਰਚੀ ਤਾਂ ਨਹੀਂ ਦੇਖੀ,ਉਹ ਹੋਟਲ ਦਾ ਬਿਲ ਸੀ, ਸਾਨੂੰ ਉਨ੍ਹਾਂ ਪੈਸੇ ਘੱਟ ਮੋੜੇ ਨੇ । ਮੇਰੇ ਕੋਈ ਜਵਾਬ ਨਾ ਦੇਣ ਤੇ ਉਹ ਆਲੇ ਦੁਆਲੇ ਬਿਲ ਲੱਭਣ ਲਗ ਪਏ । ਮੈਂ ਚੁੱਪ ਤੇ ਸੋਚੀ ਜਾ ਰਿਹਾ ਸੀ ਕਿ ਉਹ ਸੱਚੀ ਗਲਤ ਸੀ ਮੈਂ ਸਮਝ ਨਹੀਂ ਸਕਿਆ।

  • ਮੁੱਖ ਪੰਨਾ : ਸੁਰਜੀਤ ਸਿੰਘ "ਦਿਲਾ ਰਾਮ" ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ