Kahanian Di Raakhi Lai (Punjabi Story) : Navtej Singh
ਕਹਾਣੀਆਂ ਦੀ ਰਾਖੀ ਲਈ (ਕਹਾਣੀ) : ਨਵਤੇਜ ਸਿੰਘ
ਬੜਾ ਸਾਧਾਰਣ ਜਿਹਾ ਕਾਗਜ਼ ਸੀ, ਮਾਮੂਲੀ ਛਪੀਆਂ ਹੋਈਆਂ ਛੇ-ਸੱਤ ਸਤਰਾਂ— ਤੇ ਥੱਲੇ ਦਸਖ਼ਤਾਂ ਤੇ ਅੰਗੂਠਿਆਂ ਦੀਆਂ ਡਿੰਗ-ਪੜਿੰਗੀਆਂ ਪਾਲਾਂ।
ਮੈਂ ਇਕ ਨਵੀਂ ਕਹਾਣੀ ਲਿਖਦਾ ਪਿਆ ਸਾਂ। ਕਿਸੇ ਮੈਨੂੰ ਇਹ ਕਾਗ਼ਜ਼ ਫੜਾਇਆ, ਤੇ ਏਸ ਉੱਤੇ ਦਸਖ਼ਤ ਕਰਨ ਲਈ ਕਿਹਾ। ਇਬਾਰਤ ਮੈਂ ਏਸ ਵੇਲੇ ਗਹੁ ਨਾਲ ਨਾ ਪੜ੍ਹੀ, ਅੱਗੇ ਪੜ੍ਹ ਚੁਕਿਆ ਸਾਂ, ਤੇ ਅਖ਼ੀਰ ਉੱਤੇ ਆਪਣੇ ਦਸਖ਼ਤ ਮੈਂ ਵੀ ਕਰ ਦਿੱਤੇ। ਮੈਨੂੰ ਕਹਾਣੀ ਦੀ ਕਾਹਲ ਸੀ। ਦਸਖ਼ਤ ਕਰਾਣ ਵਾਲਾ ਵੀ ਕਰਾਂਦਿਆਂ ਸਾਰ ਹੀ ਚਲਿਆ ਗਿਆ, ਉਹਨੇ ਹੋਰ ਕਈ ਦਸਖ਼ਤ ਕਰਾਣੇ ਸਨ।
ਮੈਂ ਕਹਾਣੀ ਦੀ ਟੁੱਟੀ ਤੰਦ ਫੇਰ ਫੜ ਲਈ। ਹੁਣੇ ਮੈਂ ਲਿਖਿਆ ਸੀ:
“ਸੁਪਨਿਆਂ-ਘੁਲੀ ਚੰਨ-ਚਾਨਣੀ ਵਿਚ ਉਹ ਜਾਗ ਰਹੀ ਸੀ, ਏਨੀ ਵਿਥ ਤੇ ਕਿ ਉਹਦਾ ਸਾਹ ਸੁਣੀਂਦਾ ਸੀ, ਉਹਦੇ ਪਿੰਡੇ ਦੀਆਂ ਆਕੜਾਂ ਮੇਰੇ ਪਿੰਡੇ ਵਿਚ ਭਜਦੀਆਂ ਸਨ, ਤੇ ਪੌਣ ਵਿਚ ਉੱਡ ਰਹੀ ਉਹਦੇ ਜਿਸਮ ਦੀ ਮਹਿਕ ਮੇਰੇ ਸਾਰੇ ਜਿਸਮ ਨੂੰ ਜਲੂਣ ਰਹੀ ਸੀ, ਜਿਵੇਂ ਔੜ ਮਗਰੋਂ ਮੀਂਹ ਵਸੇ, ਜਿਵੇਂ ਕਣਕਾਂ ਨਿਸਾਰੇ ਤੇ ਹੋਣ, ਜਿਵੇਂ ਅੰਬਾਂ ਨੂੰ ਬੂਰ ਪਿਆ ਹੋਵੇ...........”
ਜਿਸਮ ਦੀ ਮਹਿਕ ਲਈ ਏਥੇ ਇਹ ਤਿੰਨ ਤਸ਼ਬੀਹਾਂ ਵੱਧ ਜਾਪੀਆਂ, ਸੋਚਿਆ ਦੋ ਨਹੀਂ ਤਾਂ ਘੱਟ ਤੋਂ ਘੱਟ ਇਕ ਤਾਂ ਜ਼ਰੂਰ ਕੱਟ ਦੇਣੀ ਚਾਹੀਦੀ ਹੈ। ਪਰ ਮੇਰਾ ਮਨ ਕਹਾਣੀ ਦੀ ਤੰਦੋਂ ਕੁਝ ਉਖੜ ਜਿਹਾ ਗਿਆ ਸੀ। ਹੁਣੇ ਮੈਂ ਜਿਸ ਕਾਗ਼ਜ਼ ਉੱਤੇ ਦਸਖ਼ਤ ਕੀਤੇ ਸਨ ਉਹ, ਦਸਖ਼ਤਾਂ ਅੰਗੂਠਿਆਂ ਦੀਆਂ ਪਾਲਾਂ ਸਣੇ, ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਉਹਦੀ ਇਬਾਰਤ ਵਿਚੋਂ ਇਕ ਲਫ਼ਜ਼ ਬੜਾ ਮੋਟਾ ਮੋਟਾ ਦਿਸਣ ਲੱਗ ਪਿਆ:
ਐਟਮ ਬੰਬ
ਆਪਣੀ ਲਿਖੀ ਸਤਰ ਪੜ੍ਹਨੀ ਚਾਹੀ: ‘ਸੁਪਨਿਆਂ-ਘੁਲੀ ਚੰਨ-ਚਾਨਣੀ’—ਪਰ ਇਸ ਉੱਤੇ ਵੀ ਜਿਵੇਂ ਇਹ ਲਫ਼ਜ਼ ਸੈਆਂ ਦੈਂਤਾਂ ਨਾਲ ਕੁਰਬਲਾਂਦਾ ਇਕ ਹਨੇਰਾ ਖਿਲਾਰ ਗਿਆ ਸੀ।
ਮੈਂ ਫੇਰ ਤਸ਼ਬੀਹਾਂ ਵਿਚੋਂ ਚੋਣ ਕਰਨ ਵੱਲ ਆਪਣਾ ਮਨ ਲਾਇਆ: ‘ਜਿਵੇਂ ਕਣਕਾਂ ਨਿਸਾਰੇ ਤੇ......’ ਮੈਨੂੰ ਵਿਸਾਖੀ ਦੇ ਢੋਲ ਸੁਣੀਨ ਲੱਗ ਪਏ, ਤੇ ਸੁਨਹਿਰੀ ਸਿਟਿਆਂ ਦੀ ਸਰਰ ਸਰਰ। ਇਕ ਕਹਾਣੀ ਦਾ ਧੁੰਦਲਾ ਜਿਹਾ ਚਿਤ੍ਰ ਸਿਟਿਆਂ ਵਿਚੋਂ ਉਭਰ ਆਇਆ, ਇਕ ਕਹਾਣੀ ਜਿਹੜੀ ਮੇਰੀ ਕਲਪਨਾ ਵਿਚ ਅੱਜ ਕੱਲ੍ਹ ਵਿਚਰ ਰਹੀ ਸੀ, ਇਕ ਮੁਜ਼ਾਰੇ ਦੀ ਕਹਾਣੀ—ਜਿਹੜਾ ਕਣਕ ਦੇ ਬੋਹਲ ਕੋਲ ਖੜੋਤਾ ਸੋਚ ਰਿਹਾ ਸੀ, “ਉਹ ਕਣਕ ਪਈ ਏ... ਮੇਰੀ ਆਪਣੀ, ਪਰ ਇਹਨੂੰ ਹੁਣ ਮੈਂ ਹੱਥ ਨਹੀ ਲਾ ਸਕਦਾ। ਇਹਨੂੰ ਮੇਰੀ ਨਵੀਂ ਵਿਆਹੀ ਵਹੁਟੀ ਵੀ ਹੱਥ ਨਹੀਂ ਲਾ ਸਕਦੀ, ਜਿਦ੍ਹਾ ਵਕਤ ਚੁਰਾ ਚੁਰਾ ਕੇ ਕਈ ਰਾਤਾਂ ਮੈਂ ਏਸ ਕਣਕ ਨਾਲ ਇਸ਼ਕ ਪਾਲਦਾ ਰਿਹਾ ਆਂ। ਇਹ ਕਣਕ ਉਹਦੀ ਸੌਂਕਣ ਬਣ ਗਈ ਸੀ—ਤੇ ਅੱਜ ਇਹਨੇ ਉਧਲ ਜਾਣਾ ਏਂ।” ਤੇ ਫੇਰ ਜਾਗੀਰਦਾਰ ਦੀ ਜੀਪ ਧੂੜਾਂ ਉਡਾਂਦੀ ਔਂਦੀ ਹੈ, ਹੰਟਰ ਹਵਾਵਾਂ ਵਿਚ ਸ਼ੂਕਦੇ ਹਨ, ਤੇ ਉਧਾਲੇ ਕਣਕ ਉਧਾਲ ਲਿਜਾਂਦੇ ਹਨ। ਹੰਟਰ ਕਿੰਨੇ ਹੀ ਖਲਵਾੜਿਆਂ ਵਿਚ ਸ਼ੂਕਦੇ ਹਨ, ਤੇ ਕਿੰਨੇ ਹੀ ਬੋਹਲਾਂ ਵਿਚੋਂ ਕਣਕ ਉਧਾਲੀ ਜਾਂਦੀ ਹੈ।
ਤੇ ਫੇਰ ਕਹਾਣੀ ਦੇ ਅਖ਼ੀਰ ਤੇ ਇਹਨਾਂ ਸਾਰਿਆਂ ਬੋਹਲਾਂ ਵਾਲੇ, ਆਪਣੀਆਂ ਵਹੁਟੀਆਂ ਸਣੇ, ਆਪਣੇ ਬਾਲਾਂ ਸਣੇ ਹੰਟਰਾਂ ਅੱਗੇ ਇਕ ਕੰਧ ਵਾਂਗ ਖੜੋ ਜਾਂਦੇ ਹਨ, ਕਣਕ ਨੂੰ ਘਰ ਦੀ ਧੀ ਭੈਣ ਵਾਂਗ ਇਸ ਕੰਧ ਦੇ ਉਹਲੇ ਲੁਕੋ ਲੈਂਦੇ ਹਨ। ਧਾੜਵੀਆਂ ਦੇ ਹੰਟਰ ਏਸ ਕੰਧ ਸਾਹਮਣੇ ਨਿਤਾਣੇ ਹੋ ਜਾਂਦੇ ਹਨ। ਧਾੜਵੀ ਬੰਦੂਕਾਂ ਵਾਲੇ ਸਿਪਾਹੀ ਬੁਲਾਂਦੇ ਹਨ। ਪਰ ਕੰਧ ਉਂਜ ਹੀ ਖੜੋਤੀ ਰਹਿੰਦੀ ਹੈ, ਅਹਿਲ ਅਡੋਲ, ਕੰਜ ਕੁਆਰੀ ਕਣਕ ਦੇ ਸਤਿ ਨੂੰ ਓਟ ਦਿਤੀ—ਤੇ ਇਹ ਕੰਧ ਸਾਰੇ ਦੇਸ ਵਿਚ ਉਸਰਦੀ ਜਾਂਦੀ ਹੈ, ਚੀਨ ਦੀ ਦੀਵਾਰ ਜਿੱਡੀ ਹੁੰਦੀ ਜਾਂਦੀ ਹੈ।
ਪਰ ਏਥੇ ਫੇਰ ਏਸ ਕਹਾਣੀ ਦੀ ਤੰਦ ਟੁੱਟ ਗਈ। ਹਾਰੇ ਹੋਏ ਧਾੜਵੀ, ਮੈਨੂੰ ਜਾਪਿਆ, ਜਿਵੇਂ ਇਸ ਮਹਾਨ ਕੰਧ ਨੂੰ ਢਾਣ ਲਈ ਐਟਮ ਬੰਬ ਚੁੱਕੀ ਲਿਆ ਰਹੇ ਸਨ।...
ਜਿਹੜੀ ਕਹਾਣੀ ਮੈਂ ਲਿਖਣੀ ਸ਼ੁਰੂ ਕੀਤੀ ਹੋਈ ਸੀ, ਉਹ ਪ੍ਰੈਸ ਨੂੰ ਜਲਦੀ ਦੇਣੀ ਸੀ, ਸੋ ਮੈਂ ਆਪਣੀ ਸੋਚ ਨੂੰ ਐਟਮ ਬੰਬ ਵਲੋਂ ਹਟਾ ਕੇ ਦੂਜੀ ਤਸ਼ਬੀਹ ‘ਅੰਬਾਂ ਨੂੰ ਪਿਆ ਹੋਵੇ ਬੂਰ’ ਦੀ ਪਰਖ ਵੱਲ ਲਾਣਾ ਚਾਹਿਆ। ਪਰ ਤਸ਼ਬੀਹਾਂ ਵੀ ਕਿੱਡੀਆਂ ਸੁਝਾਊ ਹੁੰਦੀਆਂ ਹਨ। ਇਕ ਪਲਕਾਰੇ ਵਿਚ ਅੰਬਾਂ ਦੀ ਦੁਕਾਨ ਦੀ ਕੱਲ੍ਹ ਵਾਲੀ ਸਾਰੀ ਝਾਤੀ ਮੇਰੀਆਂ ਅੱਖਾਂ ਸਾਹਮਣੇ ਫਿਰ ਗਈ।
ਬੜੀ ਭੀੜ ਸੀ। ਲੋਕੀ ਪੁੱਛ ਰਹੇ ਸਨ, ‘ਵਧੀਆ ਲੰਗੜਾ ਹੈ? ਮਾਲਦਾ ਕਿਵੇਂ ਲਾਇਆ ਜੇ? ਦੁਸਹਿਰੀ ਦੀ ਰੁੱਤ ਕੀ ਮੁੱਕ ਗਈ ਏ?”
ਪਰ ਇਕ ਤੀਵੀਂ ਅਡੋਲ ਦੂਰ ਸੁੰਗੜੀ ਖੜੋਤੀ ਸੀ, ਉਹਦੀ ਉਂਗਲ ਇਕ ਬਾਲ ਨੇ ਘੁਟ ਕੇ ਫੜੀ ਹੋਈ ਸੀ। ਇੱਕ ਅਜੀਬ ਝੱਖੜ ਇਸ ਬਾਲ ਦੀਆਂ ਮੱਖੀਆਂ ਨਾਲ ਭਿਣਭਿਣਾਂਦੀਆਂ ਅੱਖਾਂ ਅੰਦਰ ਝੁਲ ਰਿਹਾ ਸੀ। ਸਾਹਮਣੇ ਦੁਕਾਨ ਵਿਚ ਮੇਰੇ ਦੇਸ਼ ਦੀ ਅਨੋਖੀ ਕਵਿਤਾ ਪਾਲਾਂ ਵਿਚ ਚੁਣੀ ਪਈ ਸੀ—ਵੰਨ ਸੁਵੰਨੇ ਅੰਬ, ਇਹਨਾਂ ਦੀ ਨਸ਼ਿਆਂ ਦੀ ਮਹਿਕ… …ਇਹ ਮਹਿਕ ਇਹਨਾਂ ਮੱਖੀਆਂ ਨਾਲ ਭਿਣਭਿਣਾਂਦੀਆਂ ਅੱਖਾਂ ਦੇ ਪਿੱਛੇ ਇਕ ਝੱਖੜ ਝੁਲਾ ਰਹੀ ਸੀ।
ਸੁੰਗੜੀ ਖੜੋਤੀ ਤੀਵੀਂ ਨੇ ਬੜਾ ਹੌਸਲਾ ਕੀਤਾ; ਦੁਕਾਨ ਵਾਲੇ ਨੂੰ ਪੁੱਛਿਆ,
“ਭਾਈ, ਤੇਰੇ ਕੋਲ ਕੋਈ ਗਲਿਆ ਅੰਬ ਦਾ ਦਾਣਾ ਹੈ?”
ਬਾਲ ਦੀਆਂ ਅੱਖਾਂ ਵਿਚ ਪਲ ਦੀ ਪਲ ਝੱਖੜ ਰੁਕਿਆ।
ਦੁਕਾਨ ਵਾਲਾ ਅੰਬਾਂ ਤੋਂ ਵੱਧ ਮਹਿਕਵਾਨ ਜਾਪਦੀ ਇਕ ਜ਼ਨਾਨੀ ਲਈ ਸੱਤ ਸੇਰ ਲੰਗੜਾ ਤੋਲਣ ਵਿਚ ਰੁੱਝਿਆ ਹੋਇਆ ਸੀ, “ਮੇਮ ਸਾਬ, ਲੀਚੀ ਵੀ?”
ਮੱਖੀਆਂ ਨਾਲ ਭਿਣਭਿਣਾਂਦੇ ਬੱਚੇ ਦੀ ਮਾਂ ਨੂੰ ਏਨੇ ਢੇਰਾਂ ਵਿਚੋਂ ਆਖਰ ਇਕ ਗਲਿਆ ਅੰਬ ਦਿਸ ਪਿਆ। ਉਹਨੇ ਦੁਕਾਨ ਉੱਤੇ ਕੰਮ ਕਰਨ ਵਾਲੇ ਛੋਟੇ ਮੁੰਡੂ ਕੋਲੋਂ ਪੁੱਛਿਆ, “ਉਸ ਗਲੇ ਦਾਣੇ ਦਾ ਕੀ ਲਏਂਗਾ?”
“ਦੋ ਆਨੇ,” ਤੇ ਮੁੰਡੂ ਅੰਦਰ ਲੀਚੀਆਂ ਦੀ ਨਵੀਂ ਟੋਕਰੀ ਖੋਲ੍ਹਣ ਚਲਿਆ ਗਿਆ।
“ਦੋ ਆਨੇ... ਦੋ ਪੈਸੇ”, ਕਹਿੰਦੀ ਉਹ ਤੀਵੀਂ ਤੁਰ ਪਈ, ਤੇ ਬੱਚੇ ਦੀਆਂ ਅੱਖਾਂ ਵਿਚ ਝੁਲਦਾ ਝੱਖੜ ਬੜਾ ਭਿਆਨਕ ਹੋ ਗਿਆ।...
ਇਹ ਬੱਚਾ ਹੁਣ ਮੇਰੇ ਸਾਹਮਣੇ ਆਣ ਖੜੋਤਾ, ਮੱਖੀਆਂ ਤੇ ਝੱਖੜ ਸਣੇ। ਤੇ ਕਰੋੜਾਂ ਅਜਿਹੇ ਬੱਚੇ ਸਨ ਸਾਰੀ ਦੁਨੀਆਂ ਵਿਚ—ਕਿਤੇ ਅੰਬ, ਕਿਤੇ ਸਿਓ, ਕਿਤੇ ਅੰਗੂਰ, ਕਿਤੇ ਸਟਰਾਬਰੀ, ਕਿਤੇ ਰੋਟੀ ਦਾ ਇਕ ਟੁਕੜਾ—ਇਨ੍ਹਾਂ ਕਰੋੜਾਂ ਮੈਲੀਆਂ ਅੱਖਾਂ ਵਿਚ ਅਜਿਹਾ ਝੱਖੜ ਝੁਲਾ ਦੇਂਦਾ ਸੀ। ਤੇ ਹੁਣ ਜਦੋਂ ਲੁਕਾਈ ਆਪਣੇ ਬੱਚਿਆਂ ਦੀਆਂ ਮੈਲੀਆਂ ਅੱਖਾਂ ਵਿਚ ਤਾਰੇ ਟਹਿਕਾਣ ਲਈ ਥਾਂ-ਥਾਂ ਉੱਠ ਖੜੋਤੀ ਸੀ, ਰੂਹ ਕੋਹਣ ਵਾਲੇ ਤਰਸੇਵਿਆਂ ਦੇ ਇਹ ਝੱਖੜ ਸਦਾ ਲਈ ਥੰਮ ਦੇਣ ਲੱਗੀ ਸੀ, ਬਾਲਪਨ ਦੀਆਂ ਝੋਲੀਆਂ ਨੂੰ ਅੰਬਾਂ, ਸਿਓਆਂ, ਅੰਗੂਰਾਂ ਨਾਲ ਭਰਨ ਲੱਗੀ ਸੀ—ਤਾਂ ਮਨੁੱਖਤਾ ਦੇ ਦੁਸ਼ਮਨ ਇਹ ਹਾਰਿਆ ਹੋਇਆ ਵਹਿਸ਼ੀ ਉਪਰਾਲਾ ਕਰ ਰਹੇ ਸਨ:
ਬੱਚਿਆਂ ਲਈ ਅੰਬ ਨਹੀਂ, ਐਟਮ ਬੰਬ!
ਦੁੱਧ ਨਹੀਂ, ਐਟਮ ਬੰਬ!
ਸਕੂਲ ਨਹੀਂ, ਐਟਮ ਬੰਬ!
ਤੇ ਐਟਮ ਬੰਬ ਅੱਜ ਸੁਪਨਿਆਂ-ਘੁਲੀ ਚਾਨਣੀ ਉੱਤੇ ਲਟਕ ਰਿਹਾ ਸੀ। ਐਟਮ ਬੰਬ, ਚੰਨ ਨੂੰ ਲੂਹ ਕੇ ਉਹਦੀ ਥਾਂ ਅਸਮਾਨ ਉੱਤੇ ਮੱਲਣਾ ਚਾਂਹਦਾ ਸੀ। ਮੇਰੀ ਪਿਆਰੀ ਤੇ ਮੇਰੇ ਵਿਚਕਾਰ, ਜਿਥੇ ਮੈਂ ਕੋਈ ਗਹਿਣਾ ਵੀ ਨਹੀਂ ਸਾਂ ਆਣ ਦੇਣਾ ਚਾਂਹਦਾ, ਓਥੇ ਇਹ ਐਟਮ ਬੰਬ ਆਣ ਧਮਕਿਆ ਸੀ। ਦੁਨੀਆਂ ਦੇ ਸਾਰੇ ਪ੍ਰੇਮੀਆਂ ਤੇ ਪ੍ਰੇਮਕਾਵਾਂ ਵਿਚਕਾਰ ਅੱਜ ਇਹ ਬੰਬ ਅਟਕਿਆ ਹੋਇਆ ਸੀ। ਜਿੰਨਾ ਚਿਰ ਜ਼ਿੰਦਗੀ ਦੇ ਪਿੜਾਂ ਵਿਚੋਂ ਧੂਹ ਕੇ ਇਹਨੂੰ ਬਾਹਰ ਨਹੀਂ ਸੁੱਟ ਪਾਇਆ ਜਾਂਦਾ, ਓਨਾ ਚਿਰ ਹਰ ਪ੍ਰੇਮ-ਕਹਾਣੀ ਅਧੂਰੀ ਸੀ।
ਇਹ ਕਿਤੇ ਵੀ ਡਿੱਗੇ, ਇਹਨੇ ਡਿੱਗਣਾ ਸਾਡੇ ਵਿਹੜੇ ਸੀ। ਲਾਮਾਂ ਕਿਤੇ ਲੱਗਦੀਆਂ ਰਹੀਆਂ, ਪਰ ਵੈਣ ਸਾਡੇ ਵਿਹੜਿਆਂ ਵਿਚ ਪੈਂਦੇ ਰਹੇ, ਵੈਣ ਮੇਰੀ ਬੋਲੀ ਵਿਚ ਪੈਂਦੇ ਰਹੇ। ਇਹਨੇ ਮੇਰੇ ਦੇਸ ਦੀ ਮਮਤਾ ਤੇ ਸੁਹਾਗਾਂ ਨੂੰ ਲੂਹਣਾ ਸੀ। ਇਹਨੇ ਮੇਰੀ ਪਿਆਰੀ ਬੋਲੀ ਨੂੰ ਲੂਹਣਾ ਸੀ।
ਮੇਰੇ ਅੰਦਰ ਇਕ ਸੋਝੀ ਜਾਗ ਪਈ: ਹੁਣੇ ਜਿਹੜੇ ਮੈਂ ਕਾਹਲੀ ਵਿਚ ਦਸਖ਼ਤ ਕੀਤੇ ਸਨ—ਉਹ ਨਿਰੇ ਦਸਖ਼ਤ ਹੀ ਨਹੀਂ ਸਨ, ਇਕ ਮਹਾਨ ਮਨੁੱਖ-ਮੋਹੇ ਇਰਾਦੇ ਨੂੰ ਨੇਪਰੇ ਚੜ੍ਹਨ ਵਿਚ ਆਪਣੀ ਵਾਜ ਰਲਾਣਾ ਸੀ। ਐਟਮ ਬੰਬ ਉੱਤੇ ਮਨਾਹੀ ਲਾਣ ਦੀ ਮੰਗ ਕਰਦੀਆਂ, ਕਿਸੇ ਦੇਸ ਉੱਤੇ ਪਹਿਲਾਂ ਐਟਮ ਬੰਬ ਸੁੱਟਣ ਵਾਲੀ ਸਰਕਾਰ ਨੂੰ ਸਮੁੱਚੀ ਮਨੁੱਖਤਾ ਦਾ ਮੁਜਰਮ ਨਸ਼ਰ ਕਰਦੀਆਂ ਇਹ ਸਤਰਾਂ ਅੱਜ ਮਨੁੱਖ ਦੀ ਸਭ ਤੋਂ ਵੱਡੀ ਪ੍ਰੇਮ-ਕਹਾਣੀ ਸਨ। ਮੈਂ ਇਨ੍ਹਾਂ ਉੱਤੇ ਦਸਖ਼ਤ ਕਰ ਕੇ ਆਪਣੀਆਂ ਕਹਾਣੀਆਂ ਦੀ ਰਾਖੀ ਕੀਤੀ ਸੀ। ਅੱਜ ਤੱਕ ਲਿਖੀਆਂ ਗਈਆਂ ਤੇ ਲਿਖੀਆਂ ਜਾਣ ਵਾਲੀਆਂ ਦੁਨੀਆਂ ਦੀਆਂ ਸਾਰੀਆਂ ਕਹਾਣੀਆਂ ਦੀ ਰਾਖੀ ਕੀਤੀ ਸੀ। ਇਹ ਦਸਖ਼ਤ ਮੈਂ ਇਸ ਲਈ ਕੀਤੇ ਸਨ ਕਿ ਮੈਂ ਆਪਣੀਆਂ ਕਹਾਣੀਆਂ ਨੂੰ ਏਨਾ ਪਿਆਰ ਕਰਦਾ ਹਾਂ ਕਿ ਉਨ੍ਹਾਂ ਦੇ ਪਾਤ੍ਰਾਂ ਦੀ ਹੋਣੀ ਤੋਂ ਅਵੇਸਲਾ ਨਹੀਂ ਹੋ ਸਕਦਾ। ਮੇਰੀਆਂ ਕਹਾਣੀਆਂ ਦੇ ਪਾਤ੍ਰਾਂ ਦੀ ਹੋਣੀ ਮੇਰੀ ਆਪਣੀ ਹੋਣੀ ਹੈ। ਇਹ ਮੈਂ ਇਸ ਲਈ ਕੀਤੇ ਸਨ ਕਿ ਮੈਨੂੰ ਆਪਣੀ ਬੋਲੀ ਨਾਲ ਏਨਾ ਪਿਆਰ ਹੈ ਕਿ ਮੈਂ ਉਹਨੂੰ ਬੋਲਣ ਵਾਲਿਆਂ ਉੱਤੇ ਆਣ ਵਾਲੀ ਕੋਈ ਵੀ ਆਫ਼ਤ ਦੂਰੋਂ ਬਹਿ ਕੇ ਨਹੀਂ ਤਕ ਸਕਦਾ।
ਇਹ ਦਸਖ਼ਤ ਮੈਂ ਕਿਸੇ ਧੁੰਦਲੇ ਦੁਰੇਡੇ ਅਸੂਲ ਲਈ ਨਹੀਂ ਸਨ ਕੀਤੇ, ਇਸ ਲਈ ਕੀਤੇ ਸਨ ਕਿ ਉਹ ਮਾਂ ਜਿਹੜੀ ਮਿਟੀ ਗੋ ਕੇ ਬੜੇ ਹੁਨਰ ਨਾਲ ਫੁੱਲ ਵਾਹ ਕੇ ਆਪਣੇ ਚੌਂਕੇ ਉੱਤੇ ਚਾਪੜੀਆਂ ਲਾ ਰਹੀ ਹੈ, ਸਦਾ ਇੰਜ ਚਾਈਂ-ਚਾਈਂ ਹੀ ਘਰ ਪਰਤੇ ਪੁਤ੍ਰ ਦਾ ਸੁਆਗਤ ਕਰ ਸਕੇ,... ਕਿ ਉਹ ਜਿਥੇ ਸੂਰਜ ਅਸਤਦਾ ਹੈ, ਓਸ ਬੋਹੜ ਥੱਲੇ ਕੁੜੀਆਂ ਇੰਜ ਹੀ ਕਿਲਕਲੀ ਪਾਂਦੀਆਂ ਗੌਂਦੀਆਂ ਰਹਿ ਸਕਣ; ਤੇ ਅਸੀਂ ਸਾਰੇ ਰਲ ਕੇ ਜ਼ਿੰਦਗੀ ਦਾ ਰੂਪ ਇੰਜ ਵਟਾ ਦਈਏ ਕਿ ਕਿਲਕਲੀਆਂ, ਗੀਤਾਂ ਦੇ ਝੁਰਮਟ ਮੇਰੇ ਵਤਨ ਦੀਆਂ ਸਭਨਾਂ ਕੁੜੀਆਂ ਨੂੰ ਆਪਣੇ ਰਾਂਗਲੇ ਕਲਾਵੇ ਵਿਚ ਲੈ ਸਕਣ, ਤੇ ਉਹ ਸਾਰੇ ਲੱਕ ਵੀ ਕਿਲਕਲੀ ਵਿਚ ਲਚਕ ਸਕਣ ਜਿਹੜੇ ਸੱਤ ਪਰਾਇਆਂ ਦੇ ਜੂਠੇ ਭਾਂਡੇ ਮਾਂਜਦੇ ਕੁੱਬੇ ਹੋ ਗਏ ਸਨ, ਤੇ ਉਹ ਸਾਰੇ ਗਲੇ ਵੀ ਗੀਤਾਂ ਵਿਚ ਥਰਕ ਸਕਣ ਜਿਹੜੇ ਮੰਗਦਿਆਂ ਪਿੰਨਦਿਆਂ ਆਪਣਾ ਬਾਲਪਨ ਖੁਹਾ ਬੈਠੇ ਸਨ, ਕਿ ਸਕੂਲੋਂ ਪਰਤਦੇ ਬੱਚੇ ਉਸ ਸੂਏ ਵਿਚ ਇੰਜ ਹੀ ਖਰੂਦ ਕਰਦੇ ਨਹਾ ਸਕਿਆ ਕਰਨ; ਤੇ ਉਹ ਜਿਹੜੇ ਸਕੂਲ ਜਾਣ ਦੀ ਉਮਰੇ ਨੰਗੇ ਪੈਰੀਂ ਤਪਦੇ ਰਕੜਾਂ ਵਿਚ ਦੂਜਿਆਂ ਦੇ ਵਗ ਚਰਾ ਰਹੇ ਹਨ, ਉਨ੍ਹਾਂ ਨੂੰ ਵੀ ਪੜ੍ਹਾਈ ਦੀ ਠੰਢੀ ਛਾਂ ਮਿਲ ਸਕੇ।
ਸਾਹਮਣੇ ਖਲਵਾੜੇ ਵਿਚ ਕਿਸਾਨ ਧੜਾਂ ਉਡਾਣ ਲਈ ਹਵਾ ਨੂੰ ਉਡੀਕ ਰਹੇ ਹਨ। ਜ਼ਿੰਦਗੀ ਆਪਣੇ ਸੁਨਹਿਰੀ ਸਿਟਿਆਂ ਵਿਚੋਂ ਦਾਣੇ ਵੱਖ ਕਰਨ ਲਈ ਇੰਜ ਹੀ ਮੂੰਹ ਚੁੱਕੀ ਸਦੀਆਂ ਤੋਂ ਅਮਨ ਦੀ ਪੌਣ ਨੂੰ ਉਡੀਕਦੀ ਰਹੀ ਹੈ। ਮੈਂ ਇਹ ਦਸਖ਼ਤ ਕੀਤੇ ਸਨ, ਕਿਉਂਕਿ ਅਜਿਹੇ ਕਰੋੜਾਂ ਦਸਖ਼ਤਾਂ ਵਿਚ ਅਮਨ ਦੀ ਪੌਣ ਸਦਾ ਲਈ ਰੁਮਕਾ ਸਕਣ ਦੀ ਤਾਕਤ ਹੈ।
ਮੈਂ ਇਹ ਦਸਖ਼ਤ ਕੀਤੇ ਸਨ ਕਿਉਂਕਿ ਸਮੁੱਚੀ ਜ਼ਿੰਦਗੀ ਨੂੰ ਨਵੀਆਂ ਮਨੁੱਖੀ ਲੀਹਾਂ ਉੱਤੇ ਢਾਲਣ ਦਾ ਲੋਕ-ਸੰਗਰਾਮ ਮੇਰੇ ਲਈ ਸਭਨਾਂ ਹੁਸਨਾਂ ਦੀ ਖਾਣ ਹੈ; ਤੇ ਏਸ ਹੁਸਨਾਂ ਦੀ ਖਾਣ ਨੂੰ ਦੁਨੀਆਂ ਭਰ ਦੇ ਕੋਝ ਦੇ ਰਾਖੇ ਅੱਜ ਐਟਮ ਬੰਬ ਦੇ ਕਾਲੇ ਜਾਦੂ ਨਾਲ ਆਪਣੇ ਵਸ ਕਰਨਾ ਚਾਹੁੰਦੇ ਸਨ।
ਅੱਜ ਤੱਕ ਬਹੁਤੀ ਥਾਈਂ ਜ਼ਿੰਦਗੀ ਆਪਣੇ ਮਹੀਂਵਾਲ ਤੱਕ ਪੁੱਜ ਨਹੀਂ ਸੀ ਸਕੀ। ਸੁਹਣੀ ਵਾਂਗ ਉਹਨੂੰ ਕੱਚੇ ਘੜੇ ਦੇ ਕੇ ਹੀ ਰਾਹ ਵਿਚ ਡੋਬ ਦਿੱਤਾ ਜਾਂਦਾ ਰਿਹਾ ਸੀ। ਪਰ ਹੁਣ ਸਮੁੱਚੀ ਮਨੁੱਖਤਾ ਦੀ ਸੂਝ ਤੇ ਏਕੇ ਨੇ ਅਖੀਰ ਉਹ ਸੁਭਾਗ ਮਿਲਣ-ਘੜੀ ਬੜੀ ਨੇੜੇ ਲੈ ਆਂਦੀ ਹੈ। ਹਰ ਥਾਂ ਜ਼ਿੰਦਗੀ ਆਪਣੇ ਮਹੀਂਵਾਲ ਨੂੰ ਘੁਟ ਕੇ ਜਫੀ ਪਾਣ ਵਾਲੀ ਹੈ, ਤੇ ਇਹ, ਜਿਹੜੇ ਕੱਚੇ ਘੜਿਆਂ ਨਾਲ ਸਦਾ ਜ਼ਿੰਦਗੀ ਨੂੰ ਛਲਦੇ ਆਏ ਸਨ, ਏਸ ਸੁਭਾਗ ਮਿਲਣ-ਘੜੀ ਨੂੰ ਕੁਝ ਦੇਰ ਹੋਰ ਅਟਕਾਣ ਲਈ ਐਟਮ ਬੰਬ ਦਾ ਆਸਰਾ ਟੋਲ ਰਹੇ ਸਨ।
ਮੈਂ ਇਹ ਦਸਖਤ ਕੀਤੇ ਸਨ, ਕਿਉਂਕਿ ਮੇਰਾ ਰੋਮ-ਰੋਮ ਇਸ ਸੁਭਾਗ ਘੜੀ ਲਈ ਬੇਤਾਬ ਹੈ।
[1950]