Kapre Wale Boot (Punjabi Article) : Labh Singh Shergill

ਕੱਪੜੇ ਵਾਲ਼ੇ ਬੂਟ (ਲੇਖ) : ਲਾਭ ਸਿੰਘ ਸ਼ੇਰਗਿੱਲ

ਹਰ ਇਨਸਾਨ ਨਾਲ਼ ਉਸਦੀਆਂ ਯਾਦਾਂ ਦਾ ਇੱਕ ਅਮੀਰ ਖਜ਼ਾਨਾ ਜੁੜਿਆ ਹੁੰਦਾ ਹੈ ਜੋ ਉਸ ਦੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੇ ਸਫ਼ਰ ਦੌਰਾਨ ਵਾਪਰੀਆਂ ਖੱਟੀਆਂ-ਮਿੱਠੀਆਂ ਤੇ ਆਨੰਦਮਈ ਘਟਨਾਵਾਂ ਦਾ ਸੁਮੇਲ ਹੁੰਦਾ ਹੈ। ਸਮੇਂ ਦੇ ਗੇੜ ਨਾਲ਼ ਬਹੁਤ ਕੁੱਝ ਬਦਲ ਜਾਂਦਾ ਹੈ ਅਤੇ ਇਹ ਬਦਲਾਅ ਸਾਨੂੰ ਸਾਫ਼ ਨਜ਼ਰ ਆਉਂਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ ਇਹ ਅਕਸਰ ਵਾਪਰਦਾ ਰਹਿੰਦਾ ਹੈ। ਜਿਉਂ-ਜਿਉਂ ਮਨੁੱਖ ਵਿਕਾਸ ਦੇ ਭਿੰਨ-ਭਿੰਨ ਪੜਾਵਾਂ ਵਿੱਚੋਂ ਹੁੰਦਾ ਹੋਇਆ ਅੱਗੇ ਵਧਦਾ ਹੈ ਤਾਂ ਜੀਵਨ ਦੇ ਹਰੇਕ ਖੇਤਰ ਵਿੱਚ ਕੁੱਝ ਨਵਾਂਪਨ ਦੇਖਣ ਨੂੰ ਮਿਲਦਾ ਹੈ ਜੋ ਮਨੁੱਖੀ ਜੀਵਨ ਦੀ ਤਰੱਕੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਅੱਜ ਜੇ ਝਾਤ ਮਾਰੀਏ ਤਾਂ ਪਹਿਲਾਂ ਨਾਲ਼ੋਂ ਹੈਰਾਨੀਜਨਕ ਤਬਦੀਲੀ ਹੋਈ ਹੈ,ਭਾਵੇਂ ਉਹ ਖਾਦ ਪਦਾਰਥਾਂ 'ਚ , ਆਵਾਜਾਈ ਦੀਆਂ ਸਹੂਲਤਾਂ 'ਚ , ਕੱਚੇ ਮਕਾਨਾਂ ਤੋਂ ਪੱਕਿਆਂ 'ਚ ਅਤੇ ਜ਼ਿੰਦਗੀ ਨੂੰ ਸੁਖਾਲ਼ੀ ਬਣਾਉਣ ਦੇ ਹਰ ਤਰ੍ਹਾਂ ਦੇ ਸੁੱਖ-ਸਾਧਨਾਂ 'ਚ। ਚੇਤਿਆਂ ਵਿੱਚ ਦਹਾਕਿਆਂ ਦੀਆਂ ਉਹ ਅਮਿੱਟ ਯਾਦਾਂ ਦਾ ਅਕਸ ਅਕਸਰ ਉੱਭਰ ਆਉਂਦਾ ਹੈ।

ਜਦੋਂ ਅਸੀਂ ਛੋਟੇ ਹੁੰਦੇ ਸੀ, ਸ਼ਹਿਰ ਜਾਣ ਦਾ ਬੜਾ ਚਾਅ ਹੁੰਦਾ ਸੀ । ਸ਼ਹਿਰ ਸਾਡੇ ਪਿੰਡ ਤੋਂ ਕੋਈ ਚਾਰ, ਸਾਢੇ ਚਾਰ ਕਿਲੋਮੀਟਰ ਦੀ ਦੂਰੀ 'ਤੇ ਸੀ, ਕਦੇ-ਕਦਾਈਂ ਹੀ ਆਪਣੇ ਮਾਪਿਆਂ ਨਾਲ਼ ਜਾਣ ਦਾ ਸਬੱਬ ਬਣਦਾ ਨਹੀਂ ਤਾਂ ਸਾਨੂੰ ਜੁਆਕਾਂ ਨੂੰ ਕੌਣ ਲੈ ਕੇ ਜਾਂਦਾ ਸੀ। ਉੱਥੇ ਮੋਟਰ ਗੱਡੀਆਂ, ਕਾਰਾਂ, ਬੱਸਾਂ ਆਦਿ ਦੇਖ ਕੇ ਊਈਂ ਅੰਦਰੋਂ ਖ਼ੁਸ਼ੀ ਚੜ੍ਹੀ ਜਾਂਦੀ ਤੇ ਭਾਂਤ-ਭਾਂਤ ਦੀਆਂ ਫਲਾਂ ਦੀਆਂ ਦੁਕਾਨਾਂ ਤੇ ਹੋਰ ਦੁਕਾਨਾਂ ਜਿਨ੍ਹਾਂ 'ਤੇ ਖਿਡੌਣੇ ਲਟਕੇ ਹੁੰਦੇ ਸੀ, ਦੇਖ ਕੇ ਲੈਣ ਨੂੰ ਬੜਾ ਜੀਅ ਲਲਚਾਉਂਦਾ ਪਰ ਡਰਦੇ ਮਾਰੇ ਬਸ ਦੇਖ ਕੇ ਹੀ ਮਨ ਪਰਚਾਅ ਲੈਂਦੇ, ਸਾਡੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਮਾਂ ਜਾਂ ਬਾਪ ਨੂੰ ਕਹਿੰਦੇ ਕਿ ਇਹ ਲੈ ਕੇ ਦੇ ਦਿਉ ,ਪਤਾ ਹੁੰਦਾ ਸੀ ਕਿ ਅੱਗੋਂ ਨਾ ਵਿੱਚ ਹੀ ਜਵਾਬ ਮਿਲਣਾ ਹੈ। ਦਰਅਸਲ ਉਦੋਂ ਲੋਕਾਂ ਦੀ ਇੰਨੀ ਕਮਾਈ ਵੀ ਨਹੀਂ ਸੀ, ਖ਼ਾਸਕਰ ਪਿੰਡਾਂ ਵਾਲਿਆਂ ਦੀ ਕਿ ਉਹ ਆਪਣੇ ਜੁਆਕਾਂ ਦੇ ਸ਼ੌਕ ਪੂਰੇ ਕਰ ਦੇਣ, ਉਦੋਂ ਤਾਂ ਕਈ ਵਾਰ ਘਰਾਂ ਦਾ ਗੁਜ਼ਾਰਾ ਚਲਾਉਣ ਵਿੱਚ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਮੈਨੂੰ ਯਾਦ ਹੈ ਇੱਕ ਵਾਰ ਮੈਂ ਮਾਂ ਨੂੰ ਕਿਹਾ, " ਮੈਨੂੰ ਨੀਲੇ ਰੰਗ ਦੇ ਫੀਤਿਆਂ ਵਾਲ਼ੇ ਕੱਪੜੇ ਦੇ ਬੂਟ ਲੈ ਦਿਉ।" ਉਦੋਂ ਇਨ੍ਹਾਂ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਸੀ ,ਬਹੁਤ ਕਹਿਣ 'ਤੇ ਵੀ ਮੇਰੀ ਇਹ ਇੱਛਾ ਪੂਰੀ ਨਹੀਂ ਸੀ ਹੋਈ।

ਮੇਰੇ ਵਾਰ-ਵਾਰ ਕਹਿਣ 'ਤੇ ਮਾਂ ਨੇ ਕਿਹਾ," ਨਹੀਂ, ਹੁਣ ਨਹੀਂ ਅਗਲੀ ਵਾਰ ਜ਼ਰੂਰ ਲੈ ਕੇ ਦੇਊਂ । "

ਫਿਰ ਥੋੜ੍ਹੀ ਮੋਟੀ ਕੋਈ ਖਾਣ ਦੀ ਚੀਜ਼ ਲੈ ਦਿੰਦੇ ਤਾਂ ਬੂਟਾਂ ਦਾ ਖਿਆਲ ਭੁੱਲ ਜਾਂਦਾ।

ਜਦੋਂ ਅੱਜ ਉਨ੍ਹਾਂ ਦੇ ਅਨਮੋਲ ਵਿੱਦਿਆ ਦੇ ਦਿਵਾਏ ਗਿਆਨ ਸਦਕਾ ਆਪਣੇ ਪੈਰਾਂ 'ਤੇ ਖੜ੍ਹੇ ਹਾਂ। ਉਨ੍ਹਾਂ ਦੀਆਂ ਉਸ ਸਮੇਂ ਕੀਤੀਆਂ ਕਿਰਸਾਂ (ਬੱਚਤਾਂ) ਜਿਨ੍ਹਾਂ ਨਾਲ਼ ਵਿੱਦਿਆ ਹਾਸਲ ਕੀਤੀ ,ਹੁਣ ਚਾਨਣ ਹੁੰਦਾ ਹੈ ਕਿ ਉਨ੍ਹਾਂ ਨੇ ਉਹੀ ਪੈਸੇ ਨੂੰ ਸਾਡੀ ਜ਼ਿੰਦਗੀ ਬਣਾਉਣ ਲਈ ਨਿਵੇਸ਼ ਕੀਤਾ, ਆਪ ਬੇਸ਼ੱਕ ਤੰਗੀਆਂ ਤੁਰਸ਼ੀਆਂ ਨਾਲ਼ ਨਿਰਬਾਹ ਕਰਦੇ ਰਹੇ।

ਇਹੋ ਜਿਹੀਆਂ ਅਭੁੱਲ ਯਾਦਾਂ ਜੋ ਇਹ ਸਬਕ ਵੀ ਦਿੰਦੀਆਂ ਹਨ ਕਿ ਆਪਣੇ ਬੱਚਿਆਂ ਨੂੰ ਜੋ ਜ਼ਿੰਦਗੀ ਦਾ ਅਸਲ ਗਹਿਣਾ ਹੈ ,ਉਹ ਵਿੱਦਿਆ ਹੈ, ਇਸ ਅਨਮੋਲ ਗਹਿਣੇ ਨੂੰ ਹਾਸਲ ਕਰਵਾਉਣ ਲਈ ਉਨ੍ਹਾਂ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਇੱਕ ਗੱਲ ਹੋਰ ਇੱਥੇ ਕਹਿਣੀ ਬਹੁਤ ਜ਼ਰੂਰੀ ਹੈ ਕਿ ਸਿਰਫ ਵਿੱਦਿਅਕ ਸੰਸਥਾਵਾਂ ਵਿੱਚ ਭੇਜਣ ਨਾਲ਼ ਹੀ ਉਨ੍ਹਾਂ ਦਾ ਫਰਜ਼ ਪੂਰਾ ਨਹੀਂ ਹੋਣਾ,ਸਗੋਂ ਸਮੇਂ -ਸਮੇਂ 'ਤੇ ਆਪਣੇ ਬੱਚਿਆਂ ਦੀ ਪੈਰਵੀ ਕਰਨੀ ਅਤਿ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਚੰਗੀ ਸਿੱਖਿਆ ਦਿਵਾਈ ਜਾਵੇ ਅਤੇ ਇੱਕ ਹੋਰ ਵੀ ਜੋ ਰਸਮੀ ਸਿੱਖਿਆ ਤੋਂ ਵੀ ਜ਼ਰੂਰੀ ਹੈ ਉਹ ਹੈ ਉਨ੍ਹਾਂ ਨੂੰ ਇਸ ਸਮੇਂ ਨਸ਼ੇ ਦੀ ਵਗ ਰਹੀ ਹਨੇਰੀ ਤੋਂ ਬਚਾ ਕੇ ਰੱਖਣ ਲਈ ਉਨ੍ਹਾਂ ਨਾਲ਼ ਲਗਾਤਾਰ ਗੱਲਬਾਤ ਅਤੇ ਇਸਦੇ ਭੈੜੇ ਸਿੱਟਿਆਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ ਤਾਂ ਹੀ ਅਸੀਂ ਉਨ੍ਹਾਂ ਦੇ ਜ਼ਰੀਏ ਚੰਗੇਰੇ ਸਮਾਜ ਦੇ ਨਿਰਮਾਣ ਦੀ ਆਸ ਕਰ ਸਕਦੇ ਹਾਂ ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •