Karme Mullan Da Ghar (Punjabi Story) : Rewail Singh Italy

ਕਰਮੇ ਮੁੱਲਾਂ ਦਾ ਘਰ (ਕਹਾਣੀ) : ਰਵੇਲ ਸਿੰਘ ਇਟਲੀ

ਕਰਮਾ ਜਿੰਨਾ ਲੰਮਾ ਅਤੇ ਕਾਲੇ ਰੰਗ ਦਾ ਸੀ, ਉਸਦੀ ਘਰ ਵਾਲੀ ਓਨੀ ਹੀ ਮਧਰੀ ਅਤੇ ਗੋਰੇ ਰੰਗ ਦੀ ਸੀ। ਇਸੇ ਤਰ੍ਹਾਂ ਉਸਦੇ ਪਰਿਵਾਰ ਦੇ ਜੀਆਂ ਵਿੱਚੋਂ ਇੱਕ ਮੁੰਡਾ ਤੇ ਇੱਕ ਕੁੜੀ ਮਾਂ ’ਤੇ ਸੀ, ਬਾਕੀ ਸਾਰੇ ਬੱਚੇ ਪਿਉ ’ਤੇ ਸਨ। ਪਿੰਡ ਵਿੱਚ ਇੱਕ ਹੋਰ ਵੀ ਇਸੇ ਨਾਂ ਦਾ ਬੰਦਾ ਸੀ, ਜੋ ਕਰਮ ਸਿੰਘ ਕਮੇਟੀ ਮੈਂਬਰ ਕਰਕੇ ਜਾਣਿਆ ਜਾਂਦਾ ਸੀ। ਦੇਸ ਦੀ ਵੰਡ ਵੇਲੇ ਸਹੀ ਸਲਾਮਤ ਇੱਧਰ ਆਉਣ ਲਈ ਕਰਮੇ ਨੇ ਮੂੰਹ ਸਿਰ ਮੁਨਵਾ ਲਿਆ ਸੀ ਤੇ ਹੁਣ ਉਸਦੀ ਸ਼ਕਲ ਤੋਂ ਉਹ ਮੁੱਲਾਂ ਵਰਗਾ ਲੱਗਣ ਕਾਰਨ ਲੋਕ ਉਸ ਨੂੰ ਕਰਮਾ ਮੁੱਲਾਂ ਕਿਹਾ ਕਰਦੇ ਸਨ। ਕਈ ਕਰਮਾ ਕਾਲਾ ਵੀ ਕਹਿ ਲੈਂਦੇ।

ਕਰਮਾ ਮੁੱਲਾਂ ਅਤੇ ਇਸ ਘਰ ਦੇ ਜੀਅ ਬਹੁਤ ਲੰਮੇ ਹੋਣ ਕਰਕੇ ਇਸ ਘਰ ਨੂੰ ਲੰਮਿਆਂ ਦਾ ਘਰ ਵੀ ਕਿਹਾ ਜਾਂਦਾ ਸੀ। ਹੁਣ ਕਰਮਾ ਮੁੱਲਾਂ ਨਾਂ ਤਾਂ ਜਿਵੇਂ ਕਰਮ ਸਿੰਘ ਦੀ ਪੱਕੇ ਤੌਰ ਜਿਵੇਂ ਪਛਾਣ ਹੀ ਬਣ ਚੁੱਕਾ ਸੀ। ਇੱਕ ਗੱਲ ਹੋਰ ਵੀ ਉਸਦੇ ਨਾਂ ਨਾਲ ਜੁੜਨ ਵਾਲੀ ਇਹ ਬਣ ਗਈ ਕਿ ਦੇਸ਼ ਦੀ ਵੰਡ ਤੋਂ ਬਾਅਦ ਇੱਧਰ ਆ ਕੇ ਜਿੱਥੇ ਉਸਨੇ ਟਿਕਾਣਾ ਕੀਤਾ ਸੀ, ਉਹ ਇੱਕ ਮਸੀਤ ਸੀ, ਜੋ ਕਿ ਮੁਸਲਿਮ ਭਰਾਵਾਂ ਦੇ ਪੱਛਮੀ ਪੰਜਾਬ ਵਿੱਚ ਹਿਜਰਤ ਕਰ ਕੇ ਚਲੇ ਜਾਣ ਕਰਕੇ ਖਾਲੀ ਪਈ ਸੀ।

ਕਰਮੇ ਵਿੱਚ ਇੱਕ ਵੱਡਾ ਭੈੜ ਇਹ ਕਹਿ ਲਵੋ ਕਿ ਉਹ ਘਰ ਦੀ ਕੱਢੀ ਦੇਸੀ ਦਾਰੂ ਪੀਣ ਦਾ ਆਦੀ ਸੀ, ਦੇਸੀ ਦਾਰੂ ਹੱਥੀਂ ਕੱਢ ਕੇ ਪੀਣੀ ਤਾਂ ਉਸਦੀ ਪੁਰਾਣੀ ਆਦਤ ਸੀ। ਦਾਰੂ ਤਾਂ ਉਹ ਮਸੀਤ ਵਾਲੇ ਬਣਾਏ ਘਰ ਵਿੱਚ ਵੀ ਪੀ ਲੈਂਦਾ ਸੀ ਤੇ ਲਾਹਣ ਦਾ ਮੱਟ ਵੀ ਉਹ ਮਸੀਤ ਦੇ ਪਛਵਾੜੇ ਲੱਗੇ ਰੂੜ੍ਹੀ ਦੇ ਢੇਰ ਵਿੱਚ ਨੱਪ ਕੇ ਦੇਸੀ ਦਾਰੂ ਕੱਢ ਕੇ ਤਿਆਰ ਕਰ ਲਿਆ ਕਰਦਾ ਸੀ। ਕਰਮੇ ਨੂੰ ਇਸ ਗੁਨਾਹ ਦੀ ਸਜ਼ਾ ਵੀ ਖੌਰੇ ਇਹ ਮਿਲ ਗਈ ਸੀ ਕਿ ਤਾਜ਼ਾ ਕੱਢੀ ਗਰਮਾ ਗਰਮ ਦਾਰੂ ਪੀਣ ਕਰਕੇ ਉਸ ਨੂੰ ਦਮੇ ਵਰਗੀ ਨਾ ਮੁਰਾਦ ਬਿਮਾਰੀ ਨੇ ਬੁਰੀ ਤਰ੍ਹਾਂ ਆ ਦਬੋਚਿਆ ਸੀ। ਘਰ ਦੀ ਕੱਢੀ ਦਾਰੂ ਨੂੰ ਹੀ ਉਹ ਇਸ ਬਿਮਾਰੀ ਦਾ ਇਲਾਜ ਸਮਝ ਕੇ ਹੋਰ ਜ਼ਿਆਦਾ ਪੀਣ ਲੱਗ ਪਿਆ ਸੀ। ਇੰਨਾ ਹੀ ਨਹੀਂ ਉਸਦੇ ਪਰਿਵਾਰ ਦੇ ਕਈ ਹੋਰ ਜੀਅ ਵੀ ਦੇਸੀ ਦਾਰੂ ਕੱਢਣ ਅਤੇ ਕੱਢਣ ਦੀ ਚਾਟੇ ਲੱਗ ਗਏ ਸਨ।

ਹੁਣ ਕਰਮੇ ਦਾ ਇਹ ਮਸੀਤ ਨੁਮਾ ਘਰ ਜਿਵੇਂ ਦੇਸੀ ਦਾਰੂ ਦਾ ਅੱਡਾ ਬਣ ਚੁੱਕਾ ਸੀ। ਥੋੜ੍ਹੇ ਹੀ ਸਮੇਂ ਪਿੱਛੋਂ ਕਰਮੇ ਨੂੰ ਪਿੱਛੇ ਪਾਕਿਸਤਾਨ ਵਿੱਚ ਛੱਡੇ ਘਰ ਦੇ ਬਦਲੇ ਇਸ ਪਿੰਡ ਵਿੱਚ ਇੱਕ ਘਰ ਅਲਾਟ ਹੋ ਗਿਆ ਪਰ ਉੱਥੇ ਜਾ ਕੇ ਵੀ ਕਰਮੇ ਦੇ ਉਹੋ ਰੱਸੇ ਪੈੜੇ ਰਹੇ। ਥੋੜ੍ਹੇ ਸਮੇਂ ਵਿੱਚ ਹੀ ਕਰਮਾ ਆਖਰ ਦਮੇ ਦੇ ਰੋਗ ਅਤੇ ਜ਼ਿਆਦਾ ਦਾਰੂ ਪੀਣ ਕਰਕੇ ਇਸ ਸੰਸਾਰ ਤੋਂ ਸਦਾ ਲਈ ਚਲਦਾ ਬਣਿਆ।

ਨਵਾਂ ਘਰ ਛੱਪੜ ਕੋਲ ਸੀ। ਕਰਮੇ ਦੀ ਔਲਾਦ ਦੇਸੀ ਸ਼ਰਾਬ ਬਣਾਉਣ ਲਈ ਲਾਹਣ ਦਾ ਮੱਟ ਛੱਪੜ ਦੀ ਇੱਕ ਨੁਕਰੇ ਨੱਪ ਕੇ ਆਪਣਾ ਕੰਮ ਸਾਰ ਲਿਆ ਕਰਦੀ। ਉਨ੍ਹਾਂ ’ਤੇ ਕਈ ਵਾਰ ਪੁਲਿਸ ਦੇ ਛਾਪੇ ਵੱਜੇ ਪਰ ਉਹ ਪੁਲਿਸ ਵਾਲਿਆਂ ਨੂੰ ਕੁਝ ਲੈ ਦੇ ਕੇ ਕੇਸ ਰਫਾ ਦਫਾ ਕਰਵਾ ਲੈਂਦੇ।

ਮਸਜਦ ਦੀ ਥਾਂ ਪਿੰਡ ਵਾਲਿਆਂ ਰਲਕੇ ਮਸਜਦ ਦੇ ਮਿਨਾਰ ਢਾਹ ਕੇ ਇਸ ਵਿੱਚ ਮੰਦਰ ਬਣਾ ਲਿਆ ਅਤੇ ਮੂਰਤੀਆਂ ਸਜਾ ਦਿੱਤੀਆਂ। ਕਿਸੇ ਸਮੇਂ ਜਿੱਥੋਂ ਆਜ਼ਾਨ ਦੀ ਆਵਾਜਾਂ ਨਿਕਲਦੀਆਂ ਸਨ, ਉੱਥੋਂ ਪੂਜਾ ਦੀਆਂ ਟੱਲੀਆਂ ਦੀ ਟੁਣਕਾਰ ਆਉਣ ਲੱਗ ਪਈ। ਇਵੇਂ ਲਗਦਾ ਸੀ ਜਿਵੇਂ ਕਰਮੇ ਮੁੱਲਾਂ ਦਾ ਘਰ, ਜੋ ਕਦੇ ਪਹਿਲਾਂ ਕਦੇ ਖੁਦਾ ਦਾ ਘਰ ਹੋਇਆ ਕਰਦਾ ਸੀ, ਹੁਣ ਬਦਲ ਕੇ ਭਗਵਾਨ ਦਾ ਘਰ ਬਣ ਗਿਆ ਹੋਵੇ।

ਫਿਰ ਸਮੇਂ ਦੇ ਗੇੜ ਨਾਲ ਉਹ ਸਾਰਾ ਪਿੰਡ ਹੀ ਛਾਉਣੀ ਦਾ ਹਿੱਸਾ ਬਣ ਗਿਆ। ਮਸਜਦ, ਮੰਦਰ ਤੋਂ ਬਦਲ ਕੇ ਕਰਮੇ ਮੁੱਲਾਂ ਵਾਲਾ ਘਰ ਹੁਣ ਫੌਜੀ ਇਲਾਕੇ ਵਿੱਚ ਆ ਜਾਣ ਕਰਕੇ ਸ਼ਾਂਤੀ ਦਾ ਸੰਦੇਸ਼ ਦੇਣ ਦੀ ਥਾਂ ਜੰਗਾਂ ਦੇ ਰੀਹਸਲ ਦੇ ਟਿਕਾਣੇ ਵਿੱਚ ਤਬਦੀਲ ਹੋ ਗਿਆ ਅਤੇ ਉੱਥੋਂ ਆਜ਼ਾਨ ਜਾਂ ਪੂਜਾ ਦੀਆਂ ਟੱਲੀਆਂ ਦੀ ਟੁਣਕਾਰ ਦੀ ਥਾਂ ਹੁਣ ਫੌਜੀ ਜੰਗੀ ਹਥਿਆਰਾਂ ਦੀਆਂ ਕੰਨ ਪਾੜਵੀਆਂ ਦਿਲ ਕੰਬਾਊ ਆਵਾਜਾਂ ਸੁਣਾਈ ਦੇਣ ਲੱਗੀਆਂ। ਅਗਾਂਹ ਕਰਮੇ ਮੁੱਲਾਂ ਦਾ ਘਰ ਕਿਸ ਹੋਰ ਵਿਨਾਸ਼ਕਾਰੀ ਦਿਸ਼ਾ ਵੱਲ ਮੁਹਾਰਾਂ ਮੋੜ ਲਵੇ, ਕੋਈ ਪਤਾ ਨਹੀਂ।

ਰਵੇਲ ਸਿੰਘ
Brampton C.A

  • ਮੁੱਖ ਪੰਨਾ : ਕਹਾਣੀਆਂ, ਰਵੇਲ ਸਿੰਘ ਇਟਲੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •