Kavi Di Maut (Punjabi Story) : Navtej Singh

ਕਵੀ ਦੀ ਮੌਤ (ਕਹਾਣੀ) : ਨਵਤੇਜ ਸਿੰਘ

ਹਮਲਾਆਵਰ ਉਸ ਦੇਸ ਵਿਚੋਂ ਆਏ ਸਨ, ਜਿਦ੍ਹੀ ਸਭਿਅਤਾ ਤੇ ਫੁੱਲਾਂ ਦਾ ਜ਼ਿਕਰ ਕਈ ਲੋਕ ਇਕੋ ਸਾਹ ਵਿਚ ਕਰਿਆ ਕਰਦੇ ਸਨ। ਇਨ੍ਹਾਂ ਹਮਲਾਆਵਰਾਂ ਨੇ ‘ਆਜ਼ਾਦੀ-ਦੂਤ’ ਦੀ ਵਰਦੀ ਪਾਈ ਹੋਈ ਸੀ, ਤੇ ਏਸ ਵਰਦੀ ਨੇ ਕਈ ਕੌਮੀ ਆਗੂ ਮੋਹ ਲਏ ਸਨ।

ਲੋਕਾਂ ਦੇ ਮਹਾਂ ਕਵੀ ਨੇ ਇਸ ਵਰਦੀ ਥੱਲੇ ਦੀ ਅਸਲੀਅਤ ਨੂੰ ਪੜ੍ਹ ਲਿਆ ਸੀ। ਬੜੀ ਦੇਰ ਹੋਈ ਉਹਨੇ ਇਨ੍ਹਾਂ ਬਾਰੇ ਲਿਖਿਆ ਸੀ :

“ਗੌਤਮ ਤੇ ਖੂਨੀ ਪੁਜਾਰੀ ਉਹਦੇ ਅੱਗੇ ਅਰਦਾਸ ਕਰ ਰਹੇ ਹਨ—
ਤਾਂ ਜੋ ਓਹ ਵੀਰਾਨ ਘਰਾਂ ਦੀ ਸੁਆਹ ਉਤੇ ਆਪਣਾ ਝੰਡਾ ਗੱਡ ਸਕਣ,
ਸੱਭਿਅਤਾ ਤੇ ਸੁਹੱਪਣ ਦਿਆਂ ਕੇਂਦਰਾਂ ਨੂੰ ਥੇਹ ਬਣਾ ਸਕਣ,
ਨਿਸਰਦੇ ਖੇਤਾਂ ਤੇ ਵਸਦੇ ਸ਼ਹਿਰਾਂ ਵਿਚ
ਆਪਣੇ ਲਾਂਘਿਆਂ ਨੂੰ ਲਹੂ ਨਾਲ ਲਾਲ ਕਰ ਸਕਣ,
ਤੀਵੀਆਂ ਤੇ ਬੱਚਿਆਂ ਦੇ
ਲਹੂ-ਚੋਂਦੇ ਕਟੇ ਵਢੇ ਅੰਗਾਂ ਉਤੇ ਦੈਂਤਾਂ ਨੂੰ ਹਸਾ ਸਕਣ,
ਮਨੁੱਖ-ਮਨਾਂ ਵਿਚ ਝੂਠ-ਧੁੰਦ ਖਲਾਰ ਸਕਣ,
ਤੇ ਰੱਬ ਦੇ ਮਿੱਠੇ ਸਾਹਾਂ ਨਾਲ ਰੁਮਕਦੀ ਹਵਾ
ਵਿਚ ਜ਼ਹਿਰ ਤ੍ਰੌਂਕ ਸਕਣ।”

ਪਰ ਬਹੁਤੇ ਵਰਦੀ ਦੀ ਜ਼ਰਕ ਬਰਕ ਵਿਚ ਭੁੱਲੇ, ਆਪਣੇ ਪੂਜ-ਕਵੀ ਦੀਆਂ ਸਤਰਾਂ ਵਲੋਂ ਅਣਗਹਿਲ ਸਨ; ਤੇ ਹਮਲਾਆਵਰਾਂ ਦੀ ਸੱਭਿਅਤਾ ਤੇ ਫੁੱਲਾਂ ਦਾ ਜ਼ਿਕਰ ਇਕੋ ਸਾਲ ਵਿਚ ਕਰੀ ਜਾਂਦੇ ਸਨ।

ਬੜੇ ਮੁਲਕ ਏਸ ਹਮਲਾਆਵਰ ਦੇ ਜੂਲੇ ਥਲੇ ਹੌਕ ਰਹੇ ਸਨ, ਤੇ ਅੱਜ ਇਹ ਜਰਵਾਣੇ ਏਸ ਨਿੱਕੇ ਜਿਹੇ ਟਾਪੂ ’ਤੇ ਵੀ ਚੜ੍ਹ ਆਏ ਸਨ, ਜਿਦ੍ਹੇ ਵਿਚ ਇਨ੍ਹਾਂ ਤੋਂ ਪਹਿਲੇ ਹਮਲਾਆਵਰ ਆਪਣੇ ਕੈਦੀ ਰਖਦੇ ਹੁੰਦੇ ਸਨ।

ਇਨ੍ਹਾਂ ਕੈਦੀਆਂ ਦੇ ਇਲਾਜ ਲਈ ਟਾਪੂ ਵਿਚ ਇਕ ਡਾਕਟਰ ਰਹਿੰਦਾ ਸੀ, ਜਿਹੜਾ ਆਪਣੇ ਵਤਨ ਵਿਚ ਕਵੀ ਕਰ ਕੇ ਜਾਣਿਆਂ ਜਾਂਦਾ ਸੀ। ਟਾਪੂ ਦੇ ਅਸਲੀ ਵਾਸੀ ਉਹਦੀ ਕਵਿਤਾ ਨਹੀਂ ਸਨ ਸਮਝ ਸਕਦੇ, ਕਿਉਂਕਿ ਇਹ ਉਹਦੇ ਆਪਣੇ ਦੇਸ ਦੀ ਬੋਲੀ ਵਿਚ ਲਿਖੀ ਹੁੰਦੀ ਸੀ; ਪਰ ਉਨ੍ਹਾਂ ਨੂੰ ਉਹਦਾ ਮਨੁੱਖੀ ਹਮਦਰਦੀ ਨਾਲ ਡੁਲ੍ਹ- ਡੁੱਲ੍ਹ ਪੈਂਦਾ ਜੀਵਨ ਕਵਿਤਾ ਜਾਪਦਾ ਸੀ, ਤੇ ਇਹਦੀ ਬੋਲੀ ਉਹ ਸਮਝ ਸਕਦੇ ਸਨ। ਟਾਪੂ ਵਾਸੀ ਆਪਣੇ ਧਾਰਮਿਕ ਬਜ਼ੁਰਗਾਂ ਵਾਂਗ ਉਹਦਾ ਸਤਿਕਾਰ ਕਰਦੇ ਸਨ, ਭਾਵੇਂ ਉਹਦਾ ਧਰਮ ਉਨ੍ਹਾਂ ਤੋਂ ਵੱਖਰਾ ਸੀ।

ਟਾਪੂ ਵਿਚ ਹਮਲਾਆਵਰਾਂ ਦੇ ਆਣ ਤੋਂ ਪਹਿਲਾਂ ਸਾਦਾ ਕਵੀ ਨੂੰ ਉਨ੍ਹਾਂ ਦੀ ਵਰਦੀ ਨੇ ਭੁਲੇਖੇ ਵਿਚ ਪਾ ਦਿੱਤਾ ਸੀ। ਉਹਨੇ ਉਨ੍ਹਾਂ ਨੂੰ ਮਿਲਵਰਤਣ ਦਿੱਤੀ, ਪਰ ਹੌਲੀ ਹੌਲੀ ਉਨ੍ਹਾਂ ਦੀ ਅਸਲਾ ਉਨ੍ਹਾਂ ਦੇ ਅਮਲਾਂ ਨੇ ਜ਼ਾਹਿਰ ਕਰ ਦਿੱਤਾ, ਤੇ ਉਹਨੇ ਉਨ੍ਹਾਂ ਤੋਂ ਅਭਿੱਜ ਰਹਿ ਕੇ ਲੋਕ-ਸੇਵਾ ਦੇ ਰਾਹ ’ਤੇ ਚੱਲਣ ਦਾ ਇਰਾਦਾ ਕਰ ਲਿਆ। ਪਰ ਇਹ ਵੀ ਭੁਲੇਖਾ ਸੀ। ਉਨ੍ਹਾਂ ਉਹਦੀਆਂ ਦਵਾਈਆਂ ਖੋਹ ਲਈਆਂ– ਦਵਾਈਆਂ, ਉਹਦੇ ਜੀਵਨ ਦਾ ਸਾਹ! ਹਮਲਾਆਵਰਾਂ ਉਹਦੀ ਚਾਪਲੂਸੀ ਕੀਤੀ, ਉਹਨੂੰ ਲਾਲਚ ਦਿੱਤੇ, ਉਹਨੂੰ ਡਰਾਇਆ ਪਰ ਉਹਨੇ ਉਨ੍ਹਾਂ ਨਾਲ ਰਲਣੋਂ ਇਨਕਾਰ ਕਰ ਦਿੱਤਾ।

ਹਮਲਾਆਵਰਾਂ ਦਾ ਅਫ਼ਸਰ ਝਈਆਂ ਲੈ ਰਿਹਾ ਸੀ, ਉਹਨੇ ਆਪਣੇ ਨੀਤੀ-ਤਰਕਸ਼ ਵਿਚੋਂ ਇਕ ਤੋਂ ਇਕ ਵਧ ਤੀਰ ਕੱਢ ਕੇ ਚਲਾਏ ਸਨ, ਅਜਿਹੇ ਤੀਰ ਜਿਹੜੇ ਪਹਿਲਾਂ ਕਈ ਮੁਲਕਾਂ ਵਿਚ ਕਾਰਗਰ ਸਾਬਤ ਹੋਏ ਸਨ, ਪਰ ਇਥੇ ਨਿਸ਼ਾਨਾ ਹਰ ਵਾਰ ਖੁੰਝਿਆ ਸੀ।

ਹਮਲਾਆਵਰਾਂ ਦਾ ਅਫ਼ਸਰ ਹਾਰੇ ਦੈਂਤ ਵਾਂਗ ਹੌਂਕਦਾ, ਆਪਣੇ ਅਖੀਰਲੇ ਹਥਿਆਰ ਵਰਤਣ ਉਤੇ ਤੁਲ ਗਿਆ। ਕਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਹਦੀ ਕੈਦ-ਕੋਠੜੀ ਸਾਹਮਣੇ, ਇਕ ਖਾਈ ਵਿਚ, ਉਸ ਟਾਪੂ ਵਿਚ ਵਸਦੇ ਉਹਦੇ ਕਈ ਹਮਵਤਨੀਆਂ ਨੂੰ ਲਿਆ ਕੇ ਖੜ੍ਹਾ ਕੀਤਾ ਗਿਆ।

ਅਫ਼ਸਰ ਨੇ ਕਵੀ ਨੂੰ ਪੁੱਛਿਆ, “ਸਾਡੇ ਨਾਲ ਰਲੇਂਗਾ?”

ਕਵੀ ਨੇ ਜਵਾਬ ਦਿੱਤਾ, “ਨਹੀਂ।”

ਅੱਖ-ਪਲਕਾਰੇ ਅੰਦਰ ਖਾਈ ਵਿਚ ਖਲੋਤਿਆਂ ਨੂੰ ਮਸ਼ੀਨ-ਗਨਾਂ ਦੇ ਲੁੰਬਿਆਂ ਦੀਆਂ ਅਣਗਿਣਤ ਦੈਂਤ-ਜੀਭਾਂ ਚਟਮ ਕਰ ਗਈਆਂ।

ਫੇਰ ਹਮਲਾਆਵਰਾਂ ਨੇ ਟਾਪੂ ਦੇ ਕੁਝ ਅਸਲੀ ਵਾਸੀ ਹੁਣ ਉਸਦੇ ਸਾਹਮਣੇ ਦੀ ਕੋਠੜੀ ਵਿਚ ਬੰਦ ਕਰ ਦਿੱਤੇ, ਤੇ ਇਨ੍ਹਾਂ ਉਤੇ ਕਠੋਰ ਜ਼ੁਲਮਾਂ ਦਾ ਚੱਕਰ ਚਲਾ ਦਿੱਤਾ। ਉਹ ਇਨ੍ਹਾਂ ਨੂੰ ਕਿਸੇ ਬੀਮਾਰੀ ਵਿਚ ਵੀ ਤੜਫ਼ਦਿਆਂ ਬਹੁਤ ਦੇਰ ਨਹੀਂ ਸੀ ਤੱਕ ਸਕਦਾ, ਸਾਰੀ ਉਮਰ ਇਨ੍ਹਾਂ ਲਈ ਚੰਗੀ ਤੋਂ ਚੰਗੀ ਦਵਾ ਲੱਭ ਸਕਣਾ ਉਹਦੇ ਜੀਵਨ ਦੀ ਵੱਡੀ ਧੂਹ ਰਹੀ ਸੀ– ਤੇ ਅੱਜ ਇਹ ਉਹਦੇ ਸਾਹਮਣੇ ਓਦੂੰ ਕਿਤੇ ਵੱਧ ਪੀੜ ਨਾਲ ਤੜਫ਼ ਰਹੇ ਸਨ। ਅਫਸਰ ਦੇ ਸਵਾਲ ਦਾ ਜਵਾਬ ਹਾਲੀ ਵੀ ਨਾਂਹ ਸੀ।

ਤੇ ਫੇਰ ਵਹਿਸ਼ੀਆਂ ਨੇ ਕਵੀ ਦੇ ਅੰਗਾਂ ਉਤੇ ਵਾਰ ਸ਼ੁਰੂ ਕੀਤਾ। ਪਹਿਲਾਂ ਕੁੱਝ ਦਿਨ ਉਹਦੇ ਸਰੀਰ ਵਿਚੋਂ ਮਾਸ ਦੇ ਟੁਕੜੇ ਕੱਟ ਕੱਟ ਕੇ ਉੱਤੇ ਚੂਨਾ ਲਾਇਆ ਜਾਂਦਾ ਰਿਹਾ। ਫੇਰ ਕੁੱਝ ਦਿਨ ਥੋੜ੍ਹਾ ਥੋੜ੍ਹਾ ਚਿਰ ਦਰੱਖਤ ਨਾਲ ਲਟਕਾ ਕੇ ਥੱਲਿਓਂ ਅੱਗ ਦਾ ਸੇਕ ਦਿੱਤਾ ਜਾਂਦਾ ਰਿਹਾ।

ਅਫ਼ਸਰ ਨੇ ਕਿਹਾ, “ਜੇ ਤੂੰ ਹਾਲੀ ਵੀ ਸਾਡੀ ਗੱਲ ਮੰਨ ਲਏਂ, ਆਪਣੇ ਅਸਰ ਹੇਠਲੇ ਲੋਕਾਂ ਨੂੰ ਸਾਨੂੰ ਪੂਰੀ ਮਿਲਵਰਤਣ ਦੇਣ ਲਈ ਪ੍ਰੇਰੇਂ — ਤਾਂ ਸਭ ਕੁਝ ਠੀਕ ਹੋ ਸਕਦਾ ਏ। ਸਾਨੂੰ ਬੜਾ ਅਫ਼ਸੋਸ ਏ ਕਿ ਸਾਨੂੰ ਤੇਰੇ ਨਾਲ ਇਹ ਕੁਝ ਕਰਨਾ ਪੈ ਰਿਹਾ ਏ; ਪਰ ਇਸ ਲਈ ਕਸੂਰਵਾਰ ਅਸੀਂ ਨਹੀਂ, ਤੇਰਾ ਮੂਰਖ ਹਠ ਏ। ਤੇ ਇਸ ਹਠ ਦੀ ਸਾਨੂੰ ਉੱਕਾ ਸਮਝ ਨਹੀਂ ਪੈਂਦੀ, ਜਦੋਂ ਕਿ ਸਾਡੇ ਨਾਲ ਤੇਰੇ ਦੇਸ ਦਾ ਏਡਾ ਵੱਡਾ ਆਗੂ ਰਲਿਆ ਹੋਇਆ ਏ।”

ਪਰ ਕਵੀ ਨੇ ‘ਮੂਰਖ ਹੱਠ’ ਨਾ ਛਡਿਆ।

ਫੇਰ ਉਹਦੇ ਕੋਲ ਉਸ ਟਾਪੂ ਦੇ ਉਨ੍ਹਾਂ ਅਸਲੀ ਵਾਸੀਆਂ ਦੀਆਂ ਪਤਨੀਆਂ ਘੱਲੀਆਂ ਗਈਆਂ, ਜਿਨ੍ਹਾਂ ਉਤੇ ਉਹਦੇ ਸਾਹਮਣੇ ਵਹਿਸ਼ੀ ਜ਼ੁਲਮ ਦੇ ਚੱਕਰ ਚਲ ਰਹੇ ਸਨ। ਭੋਲੀਆਂ ਤੀਵੀਂਆਂ ਨੂੰ ਹਮਲਾਆਵਰਾਂ ਦੇ ਅਫ਼ਸਰ ਨੇ ਲਾਰਾ ਦਿੱਤਾ ਸੀ ਕਿ ਜੇ ਉਹ ਕਵੀ ਕੋਲੋਂ ਉਨ੍ਹਾਂ ਦੀ ਮੰਗ ਮੰਨਵਾ ਲੈਣ ਤਾਂ ਉਹ ਉਨ੍ਹਾਂ ਦੇ ਪਤੀਆਂ ਨੂੰ ਫ਼ੌਰਨ ਛੱਡ ਦਏਗਾ। ਭੋਲੀਆਂ ਤੀਵੀਂਆਂ ਕਵੀ ਕੋਲ ਆ ਕੇ ਅਰਜੋਈਆਂ ਕਰਨ ਲੱਗੀਆਂ, ਉਨ੍ਹਾਂ ਉਹਨੂੰ ਅਫ਼ਸਰ ਦਾ ਇਕਰਾਰ ਦੱਸਿਆ। ਕਿਸੇ ਅਕਹਿ ਪੀੜ ਨਾਲ ਕਲਵਲਾਂਦੀਆਂ ਉਹ ਤਰਲੇ ਕਰ ਰਹੀਆਂ ਸਨ, “ਤੁਸੀਂ ਅਫ਼ਸਰ ਦੀ ਗੱਲ ਮੰਨ ਲਓ, ਸਾਡੀ ਖਾਤਰ ਈ ਮੰਨ ਲਓ।”

ਕਵੀ ਨੇ ਉਨ੍ਹਾਂ ਨੂੰ ਕਿਹਾ, “ਇਨ੍ਹਾਂ ਦੇ ਬੇਮੇਚ ਤਸੀਹੇ ਮੈਨੂੰ ਡੁਲਾ ਨਹੀਂ ਸਕੇ। ਪਰ ਤੁਹਾਡਾ ਦੁੱਖ ਮੈਥੋਂ ਤੱਕਿਆ ਨਹੀਂ ਜਾਂਦਾ। ਮੈਂ ਤੁਹਾਡੀ ਖਾਤਰ ਹੀ ਮੰਨ ਲੈਂਦਾ — ਪਰ ਭੋਲੀਓ ਭੈਣੋਂ! ਸੱਚ ਜਾਣਨਾ ਇਨ੍ਹਾਂ ਦੇ ਮਨਾਂ ਵਿਚ ਖੋਟ ਜੇ, ਇਨ੍ਹਾਂ ਕਦੇ ਆਪਣਾ ਇਕਰਾਰ ਪੂਰਾ ਨਹੀਂ ਕਰਨਾ”, ਤੇ ਦੁਖੀ ਦਿਲ ਨਾਲ ਉਹਨੇ ਉਨ੍ਹਾਂ ਤੀਵੀਂਆਂ ਨੂੰ ਮੋੜ ਦਿੱਤਾ।

ਫੇਰ ਜਰਵਾਣੇ ਉਹਦੇ ਕੋਲ ਉਨ੍ਹਾਂ ਹੀ ਤੀਵੀਂਆਂ ਨੂੰ ਲਿਆਏ, ਐਤਕੀ ਕੈਦ ਕਰ ਕੇ, ਜਬਰਨ ਨੰਗੀਆਂ ਕਰ ਕੇ, ਤੇ ਕਵੀ ਦੇ ਸਾਹਮਣੇ ਉਨ੍ਹਾਂ ਨੂੰ ਕਤਾਰ ਬਣਾ ਕੇ ਖੜਾ ਕਰ ਦਿੱਤਾ ਗਿਆ। ਤੀਵੀਂਆਂ, ਜਿਨ੍ਹਾਂ ਦੇ ਬੱਚੇ ਉਹਦੀਆਂ ਅੱਖਾਂ ਥੱਲੇ ਜੰਮੇ ਸਨ, ਜਿਨ੍ਹਾਂ ਦੀ ਸੂਤਕ-ਪੀੜ ਉਹਦੀਆਂ ਦਵਾਈਆਂ ਨੇ ਦੂਰ ਕੀਤੀ ਸੀ; ਤੇ ਹੁਣ ਉਹ ਏਸ ਤਰ੍ਹਾਂ ਉਹਦੇ ਸਾਹਮਣੇ ਖੜ੍ਹੀਆਂ ਕੀਤੀਆਂ ਗਈਆਂ ਸਨ, ਆਪਣੇ ਨੰਗੇਜ ਦੀ ਨੁਮਾਇਸ਼ ਕਰਨ ਲਈ ਮਜਬੂਰ। ਜਿਹੜੀ ਕੋਈ ਸ਼ਰਮ ਨਾਲ ਦੂਹਰੀ ਹੋ ਜਾਂਦੀ ਉਹਨੂੰ ਸੰਗੀਨਾਂ ਦੀ ਚੋਭ ਸਿੱਧਿਆਂ ਕਰ ਦੇਂਦੀ।

ਅਫ਼ਸਰ ਆਖ ਰਿਹਾ ਸੀ, “ਕੋਈ ਚੁਣ ਲੈ, ਇਨ੍ਹਾਂ ਵਿਚੋਂ ਕੋਈ... ਸਾਡੇ ਨਾਲ ਰਲ ਜਾ...।”

ਸੰਤਰੀਆਂ ਦੀ ਪਕੜ ਵਿਚੋਂ ਝਪਟ ਕੇ ਕਵੀ ਨੇ ਅਫ਼ਸਰ ਦੇ ਮੂੰਹ ’ਤੇ ਚਪੇੜ ਮਾਰੀ, ਤੇ ਕਵੀ ਕੂਕਿਆ, “ਤੁਸੀਂ ਮੈਨੂੰ ਮਾਰ ਦਿਓ, ਕਤਲ ਕਰ ਦਿਓ, ਪਰ ਜੇ ਅੱਜ ਏਸ ਵੇਲੇ ਵੀ ਮੈਨੂੰ ਕਲਮ ਫੜਾਓ ਤਾਂ ਮੈਂ ਇਹੀ ਲਿਖਾਂਗਾ: ਅੱਜ ਭਾਵੇਂ ਜਿੱਤ ਦੇ ਨਸ਼ੇ ਵਿਚ ਤੁਹਾਡੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ, ਪਰ ਇਤਿਹਾਸ ਤੁਹਾਡੀ ਮੌਤ ਦੇ ਹੁਕਮਾਂ ’ਤੇ ਦਸਖ਼ਤ ਕਰ ਕੇ ਦੂਰੋਂ ਮੁਸਕਰਾ ਰਿਹਾ ਹੈ।”

ਇਹ ਸਨ ਕਵੀ ਦੇ ਅੰਤਲੇ ਸ਼ਬਦ, ਤੇ ਜਰਵਾਣਿਆਂ ਪਹਿਲੋਂ ਉਹਦੀ ਇਕ ਅੱਖ ਕੱਢੀ, ਤੇ ਫੇਰ ਦੂਜੀ, ਫੇਰ ਇਕ ਕੰਨ, ਤੇ ਫੇਰ ਦੂਜਾ, ਤੇ ਫੇਰ... ...।

[1946]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •