Kharoodi Bacche (Punjabi Story) : Omkar Sood Bahona

ਖਰੂਦੀ ਬੱਚੇ (ਕਹਾਣੀ) : ਓਮਕਾਰ ਸੂਦ ਬਹੋਨਾ

ਪਿੰਡ ਤੋਂ ਦੂਰ ਕਮਾਦ ਦੇ ਖੇਤ ਵਿੱਚ ਇੱਕ ਚੂਹਾ ਤੇ ਇੱਕ ਚੂਹੀ ਰਹਿੰਦੇ ਸਨ । ਉਨ੍ਹਾਂ ਦਾ ਆਪਸ ਵਿੱਚ ਬੜਾ ਪ੍ਰੇਮ ਸੀ । ਸਾਰਾ ਦਿਨ ਉਹ ਖੇਤਾਂ ਵਿੱਚੋਂ ਟੁਕ-ਟੁਕ ਗੰਨੇ ਖਾਂਦੇ ਰਹਿੰਦੇ । ਨੱਚਦੇ-ਟੱਪਦੇ ਰਹਿੰਦੇ । ਇਉਂ ਮੌਜ਼ ਵਿੱਚ ਸਾਰਾ ਦਿਨ ਗੁਜ਼ਾਰ ਦਿੰਦੇ । ਜਦੋਂ ਰਾਤ ਪੈਂਦੀ ਤਾਂ ਖੇਤ ਦੇ ਇੱਕ ਸਿਰੇ 'ਤੇ ਤੂਤ ਹੇਠਾਂ ਆਪਣੀ ਖੁੱਡ ਵਿੱਚ ਜਾ ਛਿਪਦੇ । ਕਦੇ-ਕਦੇ ਖੇਤਾਂ ਦਾ ਮਾਲਕ ਕਿਸਾਨ ਖੇਤਾਂ ਨੂੰ ਪਾਣੀ ਦੇ ਰਿਹਾ ਹੁੰਦਾ ਤਾਂ ਕਿਸਾਨ ਦੀ ਪਤਨੀ ਉਹਦੀ ਰੋਟੀ ਲੈ ਕੇ ਆਉਂਦੀ । ਉਹ ਤੂਤ ਹੇਠ ਬਹਿ ਕੇ ਕਿਸਾਨ ਨੂੰ ਖਾਣਾ ਖਾ ਲੈਣ ਲਈ ਅਵਾਜ਼ ਮਾਰਦੀ । ਕਿਸਾਨ ਆੜ 'ਚ ਵਗਦੇ ਪਾਣੀ 'ਚੋਂ ਹੱਥ ਧੋ ਕੇ ਸਾਫੇ ਨਾਲ ਹੱਥ ਪੂੰਝਦਾ-ਪੂੰਝਦਾ ਆ ਕੇ ਰੋਟੀ ਖਾਣ ਲੱਗ ਜਾਂਦਾ । ਅਕਸਰ ਹੀ ਉਹ ਦੋਨੋਂ ਪਤੀ-ਪਤਨੀ ਕਿਸੇ ਘਰੇਲੂ ਗੱਲਬਾਤ 'ਤੇ ਤੂੰ-ਤੂੰ,ਮੈਂ-ਮੈਂ ਹੁੰਦੇ ਬਹਿਸਾਂ ਕਰਦੇ । ਕਿਸਾਨ ਆਪਣੀ ਪਤਨੀ ਨੂੰ ਕੌੜੇ ਬਚਨ ਬੋਲਦਾ,ਗਾਲ਼੍ਹਾਂ ਕੱਢਦਾ । ਉਹਦੀ ਪਤਨੀ ਵੀ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੀ । ਲੜਦੀ-ਝਗੜਦੀ । ਅਖੀਰ ਉਹ ਬੁਸ-ਬੁਸ ਕਰਦੀ ਵਾਪਸ ਪਰਤ ਜਾਂਦੀ ਤੇ ਕਿਸਾਨ ਖਿਝਦਾ- ਖਿਝਦਾ ਆਪਣੇ ਧੰਦੇ ਲੱਗ ਜਾਂਦਾ । ਚੂਹਾ ਤੇ ਚੂਹੀ ਆਪਣੀ ਖੁੱਡ ਵਿੱਚ ਲੁਕ ਕੇ ਬੈਠੇ ਉਨ੍ਹਾਂ ਦੀਆ ਗੱਲਾਂ ਸੁਣਦੇ । ਉਹ ਉਨ੍ਹਾਂ ਦੀ ਮੂਰਖਤਾ ਭਰੀ ਬੇਲੋੜੀ ਲੜਾਈ 'ਤੇ ਹੱਸਦੇ ਵੀ ਤੇ ਅਫ਼ਸੋਸ ਵੀ ਕਰਦੇ ਕਿ ਉਹ ਦੋਨੋਂ ਕਿੱਡੇ ਮੂਰਖ ਹਨ!ਪਤੀ-ਪਤਨੀ ਹੋ ਕੇ ਵੀ ਪਰਾਏ ਬਣੇ ਰਹਿੰਦੇ ਹਨ । ਕਦੇ-ਕਦੇ ਕਿਸਾਨ ਦਾ ਲੜਕਾ ਖੇਤਾਂ ਵਿੱਚ ਚੱਕਰ ਮਾਰਨ ਆ ਜਾਂਦਾ । ਨਾਲ ਉਸ ਦੀ ਭੈਣ ਵੀ ਹੁੰਦੀ । ਕਿਸਾਨ ਖੇਤਾਂ ਵਿੱਚ ਕੰਮ ਕਰ ਰਿਹਾ ਹੁੰਦਾ ਤਾਂ ਉਹ ਦੋਨੋਂ ਭੈਣ- ਭਰਾ ਵੀ ਆਪਣੇ ਪਿਤਾ ਜੀ ਨਾਲ ਆਪਣੇ ਵਿਤ ਮੁਤਾਬਕ ਕੰਮ ਕਰਾਉਂਦੇ । ਜਦੋਂ ਥੱਕ ਜਾਂਦੇ ਤਾਂ ਤੂਤ ਥੱਲੇ ਆ ਕੇ ਖੇਡਣ ਲੱਗ ਜਾਂਦੇ । ਕਿਸਾਨ ਆਪਣੇ ਬੱਚਿਆਂ ਨੂੰ ਖੇਲਦੇ ਵੇਖ ਕੇ ਬਹੁਤ ਖੁਸ਼ ਹੁੰਦਾ । ਉਹ ਦੋਨੋਂ ਆਗਿਆਕਾਰ ਬੱਚੇ ਸਨ ।

ਕੁਝ ਸਮਾਂ ਪਾ ਕੇ ਚੂਹੀ ਅਤੇ ਚੂਹੇ ਦੇ ਵੀ ਬੱਚੇ ਹੋ ਗਏ । ਉਨ੍ਹਾਂ ਦੇ ਬੱਚੇ ਬਹੁਤ ਸ਼ਰਾਰਤੀ ਅਤੇ ਖਰੂਦੀ ਸਨ । ਸਾਰਾ ਦਿਨ ਖੇਤਾਂ ਵਿੱਚ ਖੌਰੂ ਪਾਈ ਰੱਖਦੇ । ਮਿੱਟੀ ਪੁੱਟ-ਪੁੱਟ ਕੇ ਇੱਧਰ-ਉਧਰ ਖਿਲਾਰਦੇ ਰਹਿੰਦੇ । ਉੱਗੀ ਹੋਈ ਫਸਲ ਦਾ ਸੱਤਿਆਨਸ ਕਰਦੇ । ਖੇਤ ਵਿੱਚ ਬੇਲੋੜੀਆਂ ਖੁੱਡਾਂ ਪੁੱਟਦੇ । ਉਨ੍ਹਾਂ ਦਾ ਖੌਰੂ ਵੇਖ ਕੇ ਚੂਹਾ ਤੇ ਚੂਹੀ ਕਈ ਵਾਰ ਉਨ੍ਹਾਂ ਨੂੰ ਇਕੱਠੇ ਕਰਕੇ ਸਮਝਾਉਂਦੇ,ਮੱਤਾਂ ਦਿੰਦੇ । ਕਿਸਾਨ ਦੇ ਬੱਚਿਆਂ ਦੀ ਉਦਾਹਰਨ ਦੇ ਕੇ ਉਨ੍ਹਾਂ ਵਰਗੇ ਸਿਆਣੇ ਬਣਨ ਲਈ ਆਖਦੇ । ਸ਼ਰਾਰਤਾਂ ਤੋਂ ਬਾਜ਼ ਆਉਣ ਤੇ ਆਪਸ ਵਿੱਚ ਨਾ ਲੜਨ ਦੀ ਸਿੱਖਿਆ ਦਿੰਦੇ ਪਰ ਚਾਰੇ ਬੱਚੇ ਮਾਤਾ-ਪਿਤਾ ਦੀਆਂ ਗੱਲਾਂ ਵੱਲ ਉੱਕਾ ਹੀ ਧਿਆਨ ਨਾ ਦਿੰਦੇ ਸਗੋਂ ਬੇਖੌਫ਼,ਬੇਫਿਕਰ ਹੋ ਕੇ ਸ਼ਰਾਰਤਾਂ ਕਰਦੇ!ਆਪਸ ਵਿੱਚ ਲੜਦੇ । ਸ਼ੋਰ ਕਰਦੇ । ਖੇਤਾਂ ਵਿੱਚੋਂ ਗੰਨੇ ਖਾਂਦੇ ਘੱਟ ਉਜਾੜਾ ਵੱਧ ਪਾਉਂਦੇ । ਜਦੋਂ ਕਿਸਾਨ ਪਰੀਵਾਰ ਉੱਥੇ ਬੈਠਾ ਹੁੰਦਾ,ਉਹ ਉਨ੍ਹਾਂ ਸਾਹਮਣੇ ਵੀ ਨੱਚਦੇ-ਟੱਪਦੇ-ਲੜਦੇ ਆਪਣੀ ਹੋਂਦ ਦਾ ਪਰਗਟਾਵਾ ਕਰਦੇ । ਆਪਣੀਆਂ ਨਵੀਆਂ ਬਣਾਈਆਂ ਖੁੱਡਾਂ ਵਿੱਚ ਵੜਦੇ-ਨਿਕਲਦੇ ਰਹਿੰਦੇ । ਕਿਸਾਨ ਆਪਣੇ ਖੇਤ ਵਿੱਚ ਲਗਾਈਆਂ ਤਰ੍ਹਾਂ-ਤਰ੍ਹਾਂ ਦੀਆਂ ਸਬਜੀਆਂ ਅਤੇ ਫੁੱਲ ਆਦਿ ਨਸ਼ਟ ਹੋਏ ਵੇਖਦਾ ਤਾਂ ਮਨ ਹੀ ਮਨ ਦੁਖੀ ਹੁੰਦਾ ਪਰ ਉਹ ਫਸਲ ਦੇ ਬਚਾਓ ਵਾਸਤੇ ਕਰ ਕੁਝ ਨਾ ਸਕਦਾ । ਜਦੋਂ ਦੇ ਇਹ ਬੱਚੇ ਪੈਦਾ ਹੋਏ ਸਨ ਖੇਤਾਂ ਵਿੱਚ ਉਜਾੜਾ ਹੀ ਉਜਾੜਾ ਸੀ!ਖੁੱਡਾਂ ਹੀ ਖੁੱਡਾਂ ਸਨ । ਚਹੁੰ ਪਾਸੀਂ ਫਸਲ ਬਰਬਾਦ ਹੋਈ ਪਈ ਸੀ । ਕਿਸਾਨ ਇਨ੍ਹਾਂ ਬੱਚਿਆਂ ਦੀਆਂ ਹਰਕਤਾਂ ਤੋਂ ਡਾਢਾ ਦੁੱਖੀ ਹੋ ਗਿਆ ਸੀ । ਕੋਈ ਵਾਹ ਨਾ ਚੱਲਦੀ ਵੇਖ ਕਿਸਾਨ ਇੱਕ ਦਿਨ ਸ਼ਹਿਰ ਗਿਆ । ਉੱਥੋਂ ਚੂਹੇ ਮਾਰਨ ਵਾਲੀ ਦਵਾਈ ਲੈ ਕੇ ਆਇਆ । ਦਵਾਈ ਦਾਣਿਆਂ ਵਿੱਚ ਮਿਲਾ ਕੇ ਕਾਗਜ਼ ਦੀਆਂ ਪੁੜੀਆਂ ਵਿੱਚ ਬੰਨ੍ਹ ਕੇ ਚੂਹਿਆਂ ਦੀਆਂ ਖੁੱਡਾਂ ਵਿੱਚ ਰੱਖ ਆਇਆ । ਅਗਲੇ ਦਿਨ ਜਦੋਂ ਕਿਸਾਨ ਖੇਤ ਗਿਆ ਤਾਂ ਉਸ ਨੇ ਵੇਖਿਆ ਜ਼ਹਰੀਲੀ ਦਵਾਈ ਖਾ ਕੇ ਸਭ ਦੇ ਸਭ ਚੂਹੇ ਮਰੇ ਪਏ ਸਨ!

ਬੱਚਿਓ ! ਵੇਖਿਆ ਸ਼ਰਾਰਤੀ ਤੇ ਬੇ-ਸਮਝ ਬੱਚਿਆਂ ਦੀ ਵਜ੍ਹਾ ਨਾਲ ਸਾਊ ਚੂਹਾ-ਚੂਹੀ ਵੀ ਮੌਤ ਦੇ ਮੂੰਹ ਜਾ ਪਏ । ਇਹ ਸਭ ਮਾਂ-ਪਿਓ ਦਾ ਕਹਿਣਾ ਨਾ ਮੰਨਣ ਦਾ ਨਤੀਜਾ ਹੈ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ