Punjabi Stories/Kahanian
ਜਸਬੀਰ ਭੁੱਲਰ
Jasbir Bhullar
Punjabi Kavita
  

Killi Utte Tangi Hoi Sitar

ਕਿੱਲੀ ਉੱਤੇ ਟੰਗੀ ਹੋਈ ਸਿਤਾਰ
(ਘਣਛਾਵਾਂ ਬਿਰਛ) ਜਸਬੀਰ ਭੁੱਲਰ

ਉੱਥੇ ਹਰੀਆਂ ਵਰਦੀਆਂ ਵਾਲੇ ਮੋਢੇ ਸਨ। ਉਨ੍ਹਾਂ ਮੋਢਿਆਂ ਉੱਤੇ ਪਿੱਤਲ ਦੇ ਚਮਕਦੇ ਸਿਤਾਰੇ ਸਨ, ਰੁਤਬਿਆਂ ਦਾ ਜਲੌਅ ਸੀ। ਉਨ੍ਹਾਂ ਮੋਢਿਆਂ ਉੱਤੇ ਸਿਰ ਰੱਖ ਕੇ ਰੋਣ ਦੀ ਮਰਿਆਦਾ ਨਹੀਂ ਸੀ।
ਆਸਾਮ ਸੂਬੇ ਦੇ ਸ਼ਹਿਰ ਰੌਰੀਆ ਦਾ ਉਹ ਇੱਕ ਬੁਝਿਆ ਜਿਹਾ ਦਿਨ ਸੀ। ਮੈਂ ਆਪਣੀ ਯੂਨਿਟ ਵਿੱਚ ਸੁੰਨ ਹੋਇਆ ਬੈਠਾ ਸਾਂ। ਪੇਪਰ ਵੇਟ ਹੇਠ ਪਈ ਤਾਰ ਪੱਖੇ ਦੀ ਹਵਾ ਨਾਲ ਕੰਬ ਰਹੀ ਸੀ। ਉਸ ਤਾਰ ਦੀ ਖ਼ਬਰ ਪੜ੍ਹ ਕੇ ਹੋਣਾ ਤਾਂ ਇਹ ਸੀ ਕਿ ਮੇਰੀਆਂ ਝੀਲਾਂ ਦਾ ਕੋਈ ਪੰਛੀ ਪਰ ਤੋਲਦਾ ਤੇ ਫੜਫੜਾਹਟ ਨਾਲ ਕਿੰਨਾ ਸਾਰਾ ਪਾਣੀ ਕਿਨਾਰਿਆਂ ਤੋਂ ਬਾਹਰ ਨੂੰ ਵਹਿ ਜਾਂਦਾ, ਪਰ ਹੋਇਆ ਇਹ ਕਿ ਅੰਦਰੋਂ ਕੋਈ ਵਗਦਾ ਦਰਿਆ ਅਚਨਚੇਤੀ ਸੁੱਕ ਗਿਆ।
ਬਾਪੂ ਜੀ ਦਾ ਪੂਰਿਆਂ ਹੋਣਾ ਮੇਰੇ ਇੱਕ ਉੱਚੇ ਮੁਨਾਰੇ ਦਾ ਢਹਿ ਜਾਣਾ ਸੀ। ਪਿਛਲੇਰੀ ਛੁੱਟੀ ਵੇਲੇ ਬਾਪੂ ਜੀ ਨੇ ਸਹਿਜ ਸੁਭਾਅ ਗੱਲ ਕੀਤੀ ਸੀ, ‘‘ਸਰੀਰ ਦੇ ਬੰਧਨ ਦਾ ਟੁੱਟਣਾ ਹੀ ਮੌਤ ਹੈ।’’
ਮੈਂ ਉਦਾਸ ਹੋ ਗਿਆ ਸਾਂ। ਬਾਪੂ ਜੀ ਖੁੱਲ੍ਹ ਕੇ ਹੱਸੇ ਸਨ, ‘‘ਬੀਰ! ਤੂੰ ਵੀ ਬਾਕੀਆਂ ਵਰਗਾ ਈ ਐਂ। ਬਈ, ਮੌਤ ਤਾਂ ਉਹਦੇ ਲਈ ਹੁੰਦੀ ਐ ਜਿਹਦੇ ਲਈ ਸਰੀਰ ਹੀ ਸਭ ਕੁਝ ਹੋਵੇ। ਲੋਕਾਂ ਭਾਣੇ ਸਰੀਰ ਗਿਆ ਤਾਂ ਬੰਦਾ ਗਿਆ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਬੰਦਾ ਤਾਂ ਫੇਰ ਵੀ ਰਹਿੰਦੈ।’’
ਉਹ ਮੌਤ ਤੋਂ ਭੈਅਭੀਤ ਨਹੀਂ ਸਨ। ਸਰੀਰ ਦਾ ਕੋਈ ਮੋਹ ਵੀ ਨਹੀਂ ਸੀ। ਉਹ ਉੱਥੇ ਸਨ ਜਿੱਥੇ ਕੋਈ ਅਹਿਮ ਨਹੀਂ ਸੀ, ਕੋਈ ਲਾਲਸਾ ਨਹੀਂ ਸੀ, ਤ੍ਰਿਸ਼ਨਾ ਨਹੀਂ ਸੀ। ਲੱਗਦਾ ਸੀ, ਜੇ ਉਹ ਮੌਤ ਦੇ ਬੂਹੇ ਸਾਹਵੇਂ ਹਾਜ਼ਰ ਹੋ ਵੀ ਗਏ ਤਾਂ ਮੌਤ ਨੇ ਉੱਥੇ ਨਹੀਂ ਹੋਣਾ।
ਪਰ ਮੌਤ ਉੱਥੇ ਹੀ ਸੀ। ਉਹ ਮੌਤ ਇੱਕ ਸਿਤਾਰ ਦੀ ਵੀ ਸੀ ਅਤੇ ਉਸ ਦੀਆਂ ਤਾਰਾਂ ਵਿੱਚ ਲੁਕੇ ਹੋਏ ਸੰਗੀਤ ਦੀ ਵੀ।

+++
ਉਹ ਸਿਤਾਰ ਸਾਡੇ ਘਰ ਦੇ ਤੂੜੀ ਵਾਲੇ ਕਮਰੇ ਵਿੱਚ ਟੰਗੀ ਹੋਈ ਸੀ। ਉਸ ਸਿਤਾਰ ਦੀਆਂ ਬਹੁਤੀਆਂ ਤਾਰਾਂ ਟੁੱਟੀਆਂ ਹੋਈਆਂ ਸਨ, ਪਰ ਇੱਕ-ਅੱਧ ਤਾਰ ਥਾਂ ਸਿਰ ਵੀ ਸੀ। ਕਦੇ ਕਦਾਈ ਮੈਂ ਉਸ ਤਾਰ ਨੂੰ ਟੁਣਕਾ ਦਿੰਦਾ ਸਾਂ ਤਾਂ ਕਿ ਸਿਤਾਰ ਨੂੰ ਸਿਤਾਰ ਹੋਣਾ ਚੇਤੇ ਰਹੇ। ਕਮਰਾ ਭਾਵੇਂ ਤੂੜੀ ਦਾ ਭਰਿਆ ਹੋਇਆ ਸੀ, ਪਰ ਇੱਕ ਮਜ਼ਬੂਤ ਕਿੱਲੀ ਉਸ ਸਿਤਾਰ ਲਈ ਰਾਖਵੀਂ ਸੀ।
ਅਸੀਂ ਸ਼ਹਿਰ ਵਿੱਚ ਆ ਕੇ ਰਹਿਣ ਲੱਗ ਪਏ ਸਾਂ। ਪਿੰਡ ਦੀ ਇੱਕ ਕਾਤਰ ਜਿਹੀ ਵੀ ਸਾਡੇ ਨਾਲ ਹੀ ਸ਼ਹਿਰ ਆ ਗਈ ਸੀ। ਉਹ ਕਾਤਰ ਤੂੜੀ ਦਾ ਭਰਿਆ ਹੋਇਆ ਕਮਰਾ ਸੀ ਤੇ ਗਲੀ ਵਿੱਚ ਬੱਝੀ ਹੋਈ ਮੱਝ ਸੀ। ਨਿੱਤ ਦੇ ਗੁਤਾਵੇ ਕਾਰਨ ਤੂੜੀ ਮੁੱਕਦੀ ਰਹੀ ਸੀ।
ਫਿਰ ਮੱਝ ਤੋਕੜ ਹੋਈ ਤਾਂ ਅਸੀਂ ਪਿੰਡ ਭੇਜ ਦਿੱਤੀ। ਮੱਝ ਦੇ ਜਾਣ ਪਿੱਛੋਂ ਵੀ ਕਮਰਾ ਤੂੜੀ ਨਾਲ ਅੱਧਾ ਭਰਿਆ ਹੋਇਆ ਸੀ। ਸਿਤਾਰ ਫਿਰ ਵੀ ਉਸੇ ਕਿੱਲੀ ਨਾਲ ਲਟਕੀ ਹੋਈ ਸੀ।
ਉਹ ਸਿਤਾਰ ਉੱਥੇ ਕਿਉਂ ਸੀ? ਨਿੱਕੇ ਬਾਲ ਨੂੰ ਕੀ ਪਤਾ ਸੀ ਇਹੋ ਜਿਹੀਆਂ ਬਾਰੀਕਬੀਨੀਆਂ ਦਾ! ਮੈਂ ਵੱਡਾ ਹੋਇਆ ਤਾਂ ਜਾਣਿਆ ਕਿ ਉਹ ਸਿਤਾਰ ਸੁਪਨਾ ਸੀ ਬਾਪੂ ਜੀ ਦਾ। ਉਸ ਸੁਪਨੇ ਨੇ ਖ਼ੁਦਕੁਸ਼ੀ ਕਰ ਲਈ ਸੀ। ਕਿੱਲੀ ਨਾਲ ਲਟਕੀ ਹੋਈ ਸਿਤਾਰ ਦਰਅਸਲ ਉਸ ਸੁਪਨੇ ਦੀ ਲਾਸ਼ ਸੀ।
ਬਾਪੂ ਜੀ ਜ਼ਰੀਬ ਨਾਲ ਬਿਗਾਨੀਆਂ ਜ਼ਮੀਨਾਂ ਨਾਪਦੇ ਰਹਿੰਦੇ ਸਨ। ਉਨ੍ਹਾਂ ਜ਼ਮੀਨਾਂ ਦਾ ਹਿਸਾਬ-ਕਿਤਾਬ ਉਹ ਪਟਵਾਰ ਦੇ ਕਾਗ਼ਜ਼ਾਂ ਵਿੱਚ ਸਾਂਭ ਲੈਂਦੇ ਸਨ। ਆਪਣੇ ਸੁਪਨੇ ਨਾਪਣ ਦੀ ਉਨ੍ਹਾਂ ਨੂੰ ਕਦੇ ਵਿਹਲ ਹੀ ਨਹੀਂ ਸੀ ਮਿਲੀ। ਜਦੋਂ ਜ਼ਿੰਮੇਵਾਰੀਆਂ ਦੀ ਪੰਡ ਭਾਰੀ ਨਹੀਂ ਸੀ, ਉਹ ਦੇਰ ਰਾਤ ਤਕ ਸਿਤਾਰ ਵਜਾਉਂਦੇ ਰਹਿੰਦੇ ਸਨ। ਪੱਕੇ ਰਾਗ ਉਨ੍ਹਾਂ ਦਾ ਜਨੂੰਨ ਵੀ ਸੀ ਤੇ ਸਰੂਰ ਵੀ। ਬਾਪੂ ਜੀ ਦਾ ਸੰਗੀਤ ਨੂੰ ਜਿਉਣ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ। ਉਸ ਸੁਪਨੇ ਨੂੰ ਗੁਰਬਤ ਨੇ ਮਾਰ ਦਿੱਤਾ ਸੀ।

+++
ਮੈਂ ਤਾਰ ਜੇਬ੍ਹ ਵਿੱਚ ਪਾਈ ਤੇ ਮਨ ਦਾ ਬੀਆਬਾਨ ਨਾਲ ਲੈ ਕੇ ਘਰ ਤੁਰ ਆਇਆ। ਬੀਵੀ ਨੇ ਚਿਹਰੇ ਤੋਂ ਮੇਰਾ ਰੌਂਅ ਪੜ੍ਹਿਆ। ਉਹਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਵੇਖਿਆ। ਮੱਥਾ ਤੱਤਾ ਨਹੀਂ ਸੀ। ਮੈਂ ਜੇਬ੍ਹ ਵਿੱਚੋਂ ਤਾਰ ਕੱਢ ਕੇ ਉਹਦੇ ਵੱਲ ਕਰ ਦਿੱਤੀ। ਤਾਰ ਪੜ੍ਹਦਿਆਂ ਅਮਰਇੰਦਰ ਨੇ ਉਂਗਲਾਂ ਮੂੰਹ ਵਿੱਚ ਲੈ ਕੇ ਚਿੱਥ ਲਈਆਂ। ਸੈਫੁੱਲ ਨੇ ਉਦੋਂ ਉਮਰ ਦੇ ਪੰਜਵੇਂ ਵਰ੍ਹੇ ਵਿੱਚ ਪੈਰ ਧਰਿਆ ਸੀ। ਉਹ ਇੰਨਾ ਵੱਡਾ ਨਹੀਂ ਸੀ ਹੋਇਆ ਕਿ ਮੌਤ ਨੂੰ ਜਾਣ ਲੈਂਦਾ। ਮਾਂ ਨੂੰ ਰੋਂਦਿਆਂ ਵੇਖ ਕੇ ਉਹ ਡੱਡੋਲਿਕਾ ਹੋ ਗਿਆ। ਉਹਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮਾਂ ਦੇ ਅੱਥਰੂ ਪੂੰਝੇ ਤੇ ਪੁੱਛਿਆ, ‘‘ਮਾਂ! ਤੁਸੀਂ ਰੋਂਦੇ ਕਿਉਂ ਜੇ?’’
ਅਮਰਇੰਦਰ ਨੇ ਸੰਭਲੇ ਹੋਏ ਹੋਣ ਦਾ ਵਿਖਾਵਾ ਕੀਤਾ ਤੇ ਭਰੇ ਗਲੇ ਨਾਲ ਬੋਲੀ, ‘‘ਬਾਪੂ ਜੀ ਆਪਾਂ ਨੂੰ ਛੱਡ ਕੇ ਚਲੇ ਗਏ ਨੇ ਸੈਫ਼ੀ।’’
‘‘ਕਿੱਥੇ ਚਲੇ ਗਏ ਨੇ?’’
‘‘ਰੱਬ ਕੋਲ।’’
‘‘ਬਾਪੂ ਜੀ ਰੱਬ ਕੋਲ ਕਿਉਂ ਗਏ ਨੇ ਮਾਂ?’’
‘‘ਰੱਬ ਨੂੰ ਉਨ੍ਹਾਂ ਦੀ ਲੋੜ ਹੋਊ।’’
‘‘…ਤੇ ਹੁਣ ਉਹ ਕਦੋਂ ਆਉਣਗੇ?’’
‘‘ਹੁਣ ਉਹ ਨਹੀਂ ਆਉਣਗੇ।’’
‘‘ਕੀ ਹੁਣ ਉਹ ਉੱਥੇ ਹੀ ਰਹਿਣ ਲੱਗ ਪੈਣਗੇ?’’
‘‘ਹਾਂ।’’
‘‘ਕੀ ਉਹ ਕਦੇ ਵੀ ਵਾਪਸ ਨਹੀਂ ਆਉਣਗੇ?’’
‘‘ਨਹੀਂ।’’
ਜਗਿਆਸਾ ਦੀ ਗਲੀ ਬੜੀ ਲੰਮੀ ਸੀ ਤੇ ਮਾਸੂਮ ਜਿਹੇ ਸਵਾਲਾਂ ਦੀ ਚਾਂਦਮਾਰੀ ਵਿੱਚ ਬੀਵੀ ਦਾ ਸੁਰੱਖਿਆ ਕਵਚ ਟੁੱਟ ਰਿਹਾ ਸੀ। ਮੌਤ ਦੇ ਅਰਥ ਸੈਫੁੱਲ ਦੀ ਉਮਰ ਲਈ ਕੁਝ ਵੱਡੇ ਸਨ, ਪਰ ਸੋਗੀ ਹਵਾ ਹੌਲੀ ਹੌਲੀ ਉਹਨੂੰ ਕੁਝ ਸਮਝਾਉਣ ਲੱਗ ਪਈ ਸੀ। ਮੈਂ ਨਹੀਂ ਸਾਂ ਚਾਹੁੰਦਾ ਕਿ ਮੌਤ ਦੇ ਮਾਤਮ ਵਿੱਚ ਸੈਫੁੱਲ ਦਾ ਕੋਈ ਹਿੱਸਾ ਹੋਵੇ। ਮੈਂ ਸੈਫੁੱਲ ਨੂੰ ਦੂਸਰੇ ਕਮਰੇ ਵਿੱਚ ਲੈ ਗਿਆ, ਅਲਮਾਰੀ ਵਿੱਚੋਂ ਖਿਡਾਉਣੇ ਕੱਢ ਕੇ ਉਹਦੇ ਸਾਹਮਣੇ ਖਿਲਾਰ ਦਿੱਤੇ ਤੇ ਆਖਿਆ, ‘‘ਪੁਤੂ! ਤੂੰ ਹਾਲੇ ਇਨ੍ਹਾਂ ਖਿਡਾਉਣਿਆਂ ਨਾਲ ਖੇਡ।’’

+++
ਸੈਫੁੱਲ ਲੱਕੜ ਦੇ ਰੰਗਦਾਰ ਟੁਕੜਿਆਂ ਨਾਲ ਘਰ ਬਣਾਉਣ ਦੀ ਖੇਡ ਖੇਡਣ ਲੱਗ ਪਿਆ। ਉਸ ਘਰ ਤਕ ਪਹੁੰਚਣ ਲਈ ਉਹਨੇ ਕਲਪਿਤ ਨਦੀ ਉੱਤੇ ਲੱਕੜ ਦੇ ਗੱਟਿਆਂ ਦਾ ਇੱਕ ਪੁਲ ਵੀ ਤਾਮੀਰ ਕੀਤਾ ਤੇ ਫਿਰ ਢਾਹ ਦਿੱਤਾ। ਉਹ ਛੇਤੀ ਹੀ ਉਸ ਖੇਡ ਤੋਂ ਅੱਕ ਗਿਆ।
ਦੁਪਹਿਰ ਵੇਲੇ ਮੈਂ ਆਦਤਨ ਹੀ ਦੋ ਘੜੀਆਂ ਦੇ ਆਰਾਮ ਲਈ ਲੰਮੇ ਪੈ ਗਿਆ। ਮੈਂ ਸੈਫੁੱਲ ਨੂੰ ਵੀ ਆਪਣੇ ਨਾਲ ਹੀ ਪਾ ਲਿਆ। ਮੈਂ ਅੱਖਾਂ ਮੀਟ ਲਈਆਂ ਤੇ ਉਹਨੂੰ ਥਾਪੜਨ ਲੱਗ ਪਿਆ। ਸੈਫੁੱਲ ਨੂੰ ਨੀਂਦ ਨਹੀਂ ਸੀ ਆ ਰਹੀ। ਉਸ ਹੌਲੀ ਜਿਹੀ ਪੁੱਛਿਆ, ‘‘ਪਾਪਾ! ਬਾਪੂ ਜੀ ਰੱਬ ਕੋਲ ਕਾਹਦੇ ਉੱਤੇ ਬੈਠ ਕੇ ਗਏ ਹੋਣਗੇ ਭਲਾ?’’
ਮੈਨੂੰ ਸ਼ਾਇਦ ਝਪਕੀ ਆ ਗਈ ਸੀ। ਮੈਂ ਤ੍ਰਭਕ ਕੇ ਅੱਖਾਂ ਖੋਲ੍ਹ ਲਈਆਂ।
‘‘ਪਤਾ ਨਹੀਂ!’’ ਮੈਂ ਸੰਖੇਪ ਜਵਾਬ ਦਿੱਤਾ।
ਉਹ ਕੁਝ ਚਿਰ ਚੁੱਪਚਾਪ ਪਿਆ ਸੋਚਦਾ ਰਿਹਾ ਤੇ ਫਿਰ ਉਲਝਣ ਜਿਹੀ ’ਚ ਬੋਲਿਆ, ‘‘ਪਾਪਾ! ਰੱੱਬ ਕੋਲ ਕਾਰ ਜਾਂ ਜੀਪ ਤਾਂ ਜਾ ਵੀ ਨਹੀਂ ਸਕਦੀ।’’
‘‘ਹਾਂ, ਕਾਰ ਜਾਂ ਜੀਪ ਨਹੀਂ ਜਾ ਸਕਦੀ।’’
ਉਹ ਉੱਠ ਕੇ ਬੈਠ ਗਿਆ। ਉਹਦੀਆਂ ਮਾਸੂਮ ਜਿਹੀਆਂ ਅੱਖਾਂ ਚਮਕੀਆਂ। ਉਹਨੇ ਉਤਸ਼ਾਹ ਨਾਲ ਦੱਸਿਆ, ‘‘ਪਾਪਾ, ਬਾਪੂ ਜੀ ਜ਼ਰੂਰ ਹੈਲੀਕਾਪਟਰ ਉੱਤੇ ਬੈਠ ਕੇ ਗਏ ਹੋਣਗੇ। ਹੈਲੀਕਾਪਟਰ ਰੱਬ ਕੋਲ ਜਾ ਸਕਦੈ।’’
ਫ਼ੌਜੀ ਅਫ਼ਸਰਾਂ ਦੇ ਘਰਾਂ ਤੋਂ ਹੈਲੀਪੈਡ ਨੇੜੇ ਹੀ ਸੀ। ਸੈਫੁੱਲ ਨਿੱਤ ਦਿਨ ਫ਼ੌਜ ਦੇ ਹੈਲੀਕਾਪਟਰ ਉਤਰਦੇ-ਚੜ੍ਹਦੇ ਵੇਖਦਾ ਸੀ। ਉਹਨੇ ਹੱਥ ਦੇ ਇਸ਼ਾਰੇ ਨਾਲ ਹੈਲੀਕਾਪਟਰ ਦੀ ਉਡਾਣ ਦੀ ਉਚਾਈ ਦੱਸਣ ਦੀ ਕੋਸ਼ਿਸ਼ ਕੀਤੀ, ‘‘ਮੈਨੂੰ ਪਤੈ, ਹੈਲੀਕਾਪਟਰ ਤਾਂ ਰੱਬ ਜਿੰਨਾ ਉੱਚਾ ਉੱਡ ਸਕਦੈ।’’
ਸੈਫੁੱਲ ਕਲਪਨਾ ਦੀਆਂ ਉਡਾਣਾਂ ਭਰ ਰਿਹਾ ਸੀ। ਮੈਂ ਪੁੱਤਰ ਅਤੇ ਧੀ ਆਦਿਕਾ ਦੀਆਂ ਇਹੋ ਜਿਹੀਆਂ ਗੱਲਾਂ ਅਕਸਰ ਕਾਗ਼ਜ਼ ਉੱਤੇ ਲਿਖ ਲੈਂਦਾ ਸਾਂ ਤੇ ਫਿਰ ਉਹੀ ਖੰਭ ਆਪਣੀਆਂ ਕਹਾਣੀਆਂ ਦੇ ਮੋਢਿਆਂ ਉੱਤੇ ਲਾ ਦਿੰਦਾ ਸਾਂ। ‘ਅਲੜ੍ਹ ਬਲ੍ਹੜ ਬਾਵੇ ਦਾ’, ‘ਕੰਧ ਦਾ ਰਿਸ਼ਤਾ’, ‘ਤਿੰਨ ਕੰਧਾਂ ਵਾਲਾ ਘਰ’ ਅਤੇ ਕੁਝ ਹੋਰ ਕਹਾਣੀਆਂ ਵੀ ਮੇਰੇ ਬਾਲਾਂ ਦੇ ਦਿੱਤੇ ਹੋਏ ਖੰਭਾਂ ਨਾਲ ਹੀ ਉੱਡੀਆਂ ਸਨ।
ਉਸ ਵੇਲੇ ਸੈਫੁੱਲ ਦਾ ਸੌਣ ਦਾ ਕੋਈ ਇਰਾਦਾ ਨਹੀਂ ਸੀ। ਉਸ ਦੀਆਂ ਜਾਗਦੀਆਂ ਅੱਖਾਂ ਵਿੱਚ ਸੱਤਾਂ ਘੋੜਿਆਂ ਵਾਲਾ ਉੱਡਣ-ਖਟੋਲਾ ਸੀ।

+++
ਫ਼ੌਜੀ ਕੋਟੇ ਵਿੱਚੋਂ ਸਾਡੇ ਲਈ ਸੀਟਾਂ ਰਾਖਵੀਆਂ ਹੋ ਗਈਆਂ। ਮਾਤਮ ਦੀ ਸੂਈ ਉੱਤੇ ਟੰਗੇ ਅਸੀਂ ਤਰਨ ਤਾਰਨ ਪਹੁੰਚ ਗਏ।
ਬਾਪੂ ਜੀ ਦੀ ਮੌਤ ਕਿਸੇ ਟੀਕੇ ਦੇ ਰੀਐਕਸ਼ਨ ਨਾਲ ਹੋਈ ਸੀ। ਜਦੋਂ ਹੋਸ਼ ਗੁੰਮ ਹੋਣੀ ਸ਼ੁਰੂ ਹੋਈ ਸੀ ਤਾਂ ਘਬਰਾਇਆ ਹੋਇਆ ਡਾਕਟਰ ਕਲੀਨਿਕ ਤੋਂ ਗ਼ੈਰਹਾਜ਼ਰ ਹੋ ਗਿਆ। ਉਨ੍ਹਾਂ ਨੂੰ ਬਚਾਉਣ ਲਈ ਕੋਈ ਓਹੜ-ਪੁਹੜ ਵੀ ਨਹੀਂ ਸੀ ਕੀਤਾ ਜਾ ਸਕਿਆ। ਸੋਗੀ ਖ਼ਬਰ ਦੀ ਤਾਰ ਨੇ ਆਸਾਮ ਪਹੁੰਚਦਿਆਂ ਕੁਝ ਦਿਨ ਲੈ ਲਏ ਸਨ। ਉਦੋਂ ਅੱਜਕੱਲ੍ਹ ਵਾਂਗ ਟੈਲੀਫੋਨ ਦੀਆਂ ਸੇਵਾਵਾਂ ਵੀ ਮੁਹੱਈਆ ਨਹੀਂ ਸਨ। ਆਸਾਮ ਤੋਂ ਤਰਨ ਤਾਰਨ ਪਹੁੰਚਦਿਆਂ ਸਾਨੂੰ ਵੀ ਚਾਰ ਦਿਨ ਲੱਗ ਗਏ ਸਨ।
ਸਸਕਾਰ ਹੋ ਚੁੱਕਿਆ ਸੀ। ਫੁੱਲ ਚੁਣ ਲਏ ਗਏ ਸਨ। ਮੌਤ ਦੇ ਵੇਰਵੇ ਦੱਸਦੀ ਮਾਂ ਮੇਰੇ ਦੁਆਲੇ ਧੁੰਦ ਸਿਰਜਦੀ ਰਹੀ ਸੀ। ਮੱਰ੍ਹਮ ਵਰਗੇ ਬੋਲਾਂ ਨਾਲ ਸਾਰੇ ਕਰੀਬੀ ਕਈ ਦਿਨਾਂ ਤਕ ਬੂਹਾ ਠਕੋਰਦੇ ਰਹੇ ਸਨ। ਬਾਪੂ ਜੀ ਦੀਆਂ ਕੋਲੇ ਹੋਈਆਂ ਹੱਡੀਆਂ ਸ਼ਮਸ਼ਾਨਘਾਟ ਵਾਲਿਆਂ ਦੀ ਸੰਭਾਲ ਵਿੱਚ ਪਈਆਂ ਸਨ। ਚੌਥੇ ਵਾਲੇ ਦਿਨ ਤੋਂ ਹੀ ਉਹ ਫੁੱਲ ਮੈਨੂੰ ਉਡੀਕ ਰਹੇ ਸਨ।
ਫੁੱਲਾਂ ਦੀ ਉਡੀਕ ਮੁੱਕ ਗਈ ਸੀ। ਕਰੀਬੀਆਂ ਨੂੰ ਨਾਲ ਲੈ ਕੇ ਉਹ ਫੁੱਲ ਜਲਪ੍ਰਵਾਹ ਕਰਨ ਜਾਣਾ ਸੀ। ਘਰੋਂ ਤੁਰਨ ਲੱਗੇ ਤਾਂ ਵੱਡੀ ਭੈਣ ਨੇ ਰੋਕ ਕੇ ਆਖਿਆ, ‘‘ਬੀਰ, ਸੁਣਿਆ ਏਂ, ਤੁਰ ਜਾਣ ਵਾਲਾ ਜੋ ਵੀ ਆਖ਼ਰੀ ਗੱਲ ਕਹਿਣਾ ਚਾਹੁੰਦੈ, ਉਹ ਮੱਥੇ ਉੱਤੇ ਉੱਕਰੀ ਜਾਂਦੀ ਐ। ਤੂੰ ਉਹ ਇਬਾਰਤ ਪੜ੍ਹਨ ਦੀ ਕੋਸ਼ਿਸ਼ ਕਰੀਂ।’’
ਅਸੀਂ ਪਹੁੰਚੇ ਤਾਂ ਸ਼ਮਸ਼ਾਨ-ਭੂਮੀ ਵਾਲਿਆਂ ਨੇ ਕਾਲੇ ਚਿੱਟੇ ਫੁੱਲਾਂ ਵਾਲੀ ਲਾਲ ਥੈਲੀ ਸਾਨੂੰ ਸੌਂਪ ਦਿੱਤੀ। ਅਸੀਂ ਰਲ ਕੇ ਕੱਚੀ ਲੱਸੀ ਨਾਲ ਫੁੱਲ ਧੋਤੇ। ਧੋਤੀਆਂ ਹੋਈਆਂ ਹੱਡੀਆਂ ਮੈਂ ਇੱਕ ਇੱਕ ਕਰਕੇ ਮੁੜ ਉਸੇ ਥੈਲੀ ਵਿੱਚ ਪਾਉਣ ਲੱਗ ਪਿਆ। ਇੱਕ ਚੌੜੀ ਹੱਡੀ ਹੱਥ ਵਿੱਚ ਆਈ ਤਾਂ ਮੈਂ ਨੀਝ ਲਾ ਕੇ ਵੇਖਿਆ। ਉਸ ਹੱਡੀ ਉੱਤੇ ਕਾਲੇ ਧੱਬੇ ਸਨ। ਧੱਬਿਆਂ ਦੀ ਇਬਾਰਤ ਮੈਥੋਂ ਪੜ੍ਹੀ ਨਹੀਂ ਸੀ ਗਈ।
ਉੱਥੋਂ ਤੁਰਨ ਵੇਲੇ ਇੱਕ ਹੋਂਦ ਦੇ ਭੁਲੇਖੇ ਨੂੰ ਮੁਖ਼ਾਤਿਬ ਹੋ ਕੇ ਮੈਂ ਆਖਿਆ, ‘‘ਆਓ! ਫਿਰ ਚੱਲੀਏ ਹੁਣ।’’

+++
ਅਸੀਂ ਸਾਰੇ ਗੋਇੰਦਵਾਲ ਜਾਣ ਵਾਲੀ ਬੱਸ ਵਿੱਚ ਬੈਠ ਗਏ। ਬੱਸ ਤੁਰੀ ਤਾਂ ਮੈਂ ਚੇਤਿਆਂ ਦੇ ਰਾਹ ਪੈ ਗਿਆ। ਇੱਕ ਵਾਰ ਬਾਪੂ ਜੀ ਮੇਰੀ ਵੱਡੀ ਭੈਣ ਦੇ ਪਿੰਡ ਗਏ ਹੋਏ ਸਨ। ਪਿੰਡ ਦੇ ਇੱਕ ਆਵਾਰਾ ਕੁੱਤੇ ਨੇ ਉਨ੍ਹਾਂ ਦੀ ਲੱਤ ਉੱਤੇ ਵੱਢ ਲਿਆ। ਭੈਣ ਨੇ ਪੱਕੀ ਕੀਤੀ, ‘‘ਭਲਕੇ ਤਰਨ ਤਾਰਨ ਪਹੁੰਚ ਕੇ ਪਹਿਲਾਂ ਸਿੱਧੇ ਡਾਕਟਰ ਕੋਲ ਹੀ ਜਾਇਓ। ਕੁੱਤੇ ਵੱਢੇ ਦੇ ਟੀਕੇ ਜ਼ਰੂਰ ਲਵਾਉਣੇ ਚਾਹੀਦੇ ਨੇ।’’ ਟੀਕਿਆਂ ਦੀ ਗੱਲ ਨਾਲ ਬਾਪੂ ਜੀ ਬੇਆਰਾਮ ਹੋ ਗਏ। ਅੱਧੀ ਰਾਤ ਵੇਲੇ ਉਨ੍ਹਾਂ ਭੈਣ ਨੂੰ ਆਵਾਜ਼ ਦਿੱਤੀ, ‘‘ਪੁੱਤੀਏ! ਢਿੱਡ ਵਿੱਚ ਟੀਕੇ ਲਵਾਇਆਂ ਤਾਂ ਬੜੀ ਤਕਲੀਫ਼ ਹੋਊ। ਮੈਂ ਸੋਚਦਾ ਵਾਂ, ਟੀਕੇ ਕਾਹਨੂੰ ਲਵਾਉਣੇ ਨੇ। ਮੈਂ ਸਾਰਾ ਹਿਸਾਬ-ਕਿਤਾਬ ਤੈਨੂੰ ਹੀ ਸਮਝਾ ਦੇਨਾ ਵਾਂ। ਤੂੰ ਕਾਗ਼ਜ਼ ਕਲਮ ਚੁੱਕ ਲਿਆ।’’
ਮੈਂ ਫੁੱਲਾਂ ਵਾਲੀ ਥੈਲੀ ਦੂਜੇ ਹੱਥ ਵਿੱਚ ਫੜ ਲਈ। ਬੀਜੀ ਜਦੋਂ ਵੀ ਬਾਪੂ ਜੀ ਨਾਲ ਕਦੇ ਵਾਂਢੇ ਜਾਂਦੇ ਸਨ ਤਾਂ ਪੱਕੀ ਕਰਕੇ ਨਾਲ ਤੁਰਦੇ ਸਨ, ‘‘ਵੇਖੋ ਜੀ, ਉੱਥੇ ਪਹੁੰਚ ਕੇ ਸਿਰੋਂ ਪੱਗ ਨਈਂ ਜੇ ਲਾਹੁਣੀ, ਚੰਗਾ ਨਈਂ ਲੱਗਦਾ।’’ ਬਾਪੂ ਜੀ ਨੇ ਇਹੋ ਗੱਲ ਪਤਾ ਨਹੀਂ ਕਿੰਨੀ ਕੁ ਵਾਰ ਸੁਣੀ ਸੀ ਤੇ ਹਰ ਵਾਰ ਭੁੱਲੇ ਸਨ।
ਉਹ ਇੱਕ ਹੋਰ ਵਾਰ ਵੀ ਬੀਜੀ ਦੀ ਹਦਾਇਤ ਭੁੱਲ ਗਏ। ਘਰ ਵਾਲਿਆਂ ਨੇ ਪ੍ਰਾਹੁਣਚਾਰੀ ਕਰਦਿਆਂ ਬਹਿਣ ਲਈ ਮੰਜਾ ਡਾਹ ਦਿੱਤਾ। ਮੰਜੇ ਉੱਤੇ ਬੈਠਦਿਆਂ ਬਾਪੂ ਜੀ ਨੇ ਆਰਾਮ ਦਾ ਲੰਮਾ ਸਾਹ ਭਰਿਆ। ਉਨ੍ਹਾਂ ਸਿਰ ਉੱਤੋਂ ਪੱਗ ਲਾਹੀ, ਹੱਥ ਉੱਤੇ ਘੁਮਾਈ ਤੇ ਫਿਰ ਗੋਡੇ ਉੱਤੇ ਰੱਖ ਦਿੱਤੀ ਜਿਵੇਂ ਗੋਡਾ ਹੀ ਪੱਗ ਦੀ ਅਸਲੀ ਥਾਂ ਸੀ।
ਘਰ ਵਾਲਿਆਂ ਨੇ ਬਾਪੂ ਜੀ ਨੂੰ ਆਪਣੇ ਕਿਸੇ ਧੀ-ਪੁੱਤ ਲਈ ਰਿਸ਼ਤੇ ਦੀ ਦੱਸ ਪਾਉਣ ਲਈ ਆਖਿਆ। ਬਾਪੂ ਜੀ ਦੇ ਸਿਰ ਉੱਤੇ, ਬੱਸ ਪਿਛਲੇ ਪਾਸੇ ਹੀ ਥੋੜ੍ਹੇ ਜਿਹੇ ਵਾਲ ਸਨ। ਉਨ੍ਹਾਂ ਆਪਣੇ ਗੰਜੇ ਸਿਰ ਉੱਤੇ ਹੱਥ ਫੇਰਿਆ ਤੇ ਰੌਂਅ ਵਿੱਚ ਬੋਲੇ, ‘‘ਵੇਖੋ ਜੀ, ਵਾਹਿਗੁਰੂ ਦੀ ਮਿਹਰ ਹੋਵੇ ਤਾਂ ਸਭ ਕੁਝ ਸੁਵੱਲਾ ਹੁੰਦੈ, ਵਰਨਾ ਰਿਸ਼ਤੇ ਤਾਂ ਦਰਿਆਓਂ ਪਾਰ ਜਾ ਕੇ ਖਰੀਦੀ ਮੱਝ ਵਰਗੇ ਹੁੰਦੇ ਨੇ…।’’
ਘਰ ਵਾਲਿਆਂ ਨੇ ਹੈਰਾਨ ਹੋ ਕੇ ਮੱਝ ਅਤੇ ਰਿਸ਼ਤੇ ਵਿਚਲੀ ਸਾਂਝ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜਵਾਬ ਲਈ ਬਾਪੂ ਜੀ ਵੱਲ ਵੇਖਿਆ।
ਉਨ੍ਹਾਂ ਸਿਰ ਉੱਤੇ ਮੁੜ ਹੱਥ ਫੇਰਿਆ ਅਤੇ ਗੱਲ ਦੀ ਟੁੱਟੀ ਹੋਈ ਲੜੀ ਜੋੜੀ, ‘‘ਵੇਖੋ ਜੀ, ਜਦੋਂ ਮੈਂ ਮੱਝ ਲਿਆਂਦੀ ਐ, ਕੋਈ ਆਖੇ ਇਹਦੇ ਸਿੰਙ ਕੁੰਢੇ ਨੇ, ਕੋਈ ਆਖੇ ਹਵਾਨਾ ਚੰਗੈ। ਕਿਸੇ ਆਖਿਆ, ਅਵੈੜ ਲੱਗਦੀ ਐ। ਮੈਂ ਆਖਿਆ, ਭਰਾਵੋ! ਇਹਦੇ ਚੰਗੇ ਮਾੜੇ ਹੋਣ ਦਾ ਪਤਾ ਤਾਂ ਘਰ ਜਾ ਕੇ ਹੀ ਲੱਗੂ, ਜਦੋਂ ਦੁੱਧ ਦਊ। ਸੋਈ ਰਿਸ਼ਤਿਆਂ ਦਾ ਹੁੰਦੈ…।’’
ਬੀਜੀ ਨੇ ਘੂਰੀ ਵੱਟੀ। ਘੂਰੀ ਦਾ ਅਰਥ ਸੀ ਕਿ ਬਾਪੂ ਜੀ ਪੱਗ ਸਿਰ ਉੱਤੇ ਰੱਖ ਲੈਣ ਤੇ ਰਿਸ਼ਤੇ ਦੀ ਵਿਆਖਿਆ ਕਰਨ ਦੀ ਥਾਂ ਚੁੱਪ ਵੱਟ ਲੈਣ। ਬਾਪੂ ਜੀ ਨੇ ਬੀਜੀ ਵੱਲ ਪਿੱਠ ਕਰ ਲਈ ਤੇ ਗੱਲ ਦੀ ਪੂਣੀ ਛੋਹੀ ਰੱਖੀ। ਮੈਨੂੰ ਬਾਪੂ ਜੀ ਦੀ ਜਿਹੜੀ ਵੀ ਗੱਲ ਚੇਤੇ ਆਉਂਦੀ ਸੀ, ਮਿਨ੍ਹੀਂ ਜਿਹੀ ਮੁਸਕਰਾਹਟ ਬਣ ਕੇ ਮੁੱਕ ਜਾਂਦੀ ਸੀ।
ਗੋਇੰਦਵਾਲ ਪਹੁੰਚ ਕੇ ਅਸੀਂ ਬਾਉਲੀ ਸਾਹਿਬ ਤੋਂ ਅੰਮ੍ਰਿਤ ਲਿਆ ਤੇ ਫੁੱਲਾਂ ਦਾ ਮੁੜ ਇਸ਼ਨਾਨ ਕਰਵਾਇਆ। ਉੱਥੋਂ ਟਾਂਗੇ ਉੱਤੇ ਬੈਠ ਕੇ ਅਸੀਂ ਦਰਿਆ ਤਕ ਪਹੁੰਚ ਗਏ। ਦਰਿਆ ਗੁੰਮਸੁੰਮ ਜਿਹਾ ਵਹਿ ਰਿਹਾ ਸੀ। ਇਹ ਉਸ ਦੇ ਗਹਿਰੇ ਹੋਣ ਦੀ ਨਿਸ਼ਾਨੀ ਸੀ।
ਸਾਨੂੰ ਬਿਠਾ ਕੇ ਮਲਾਹ ਨੇ ਬੇੜੀ ਠੇਲ੍ਹ ਦਿੱਤੀ। ਦਰਿਆ ਦੇ ਅੱਧ-ਵਿਚਕਾਰ ਜਾ ਕੇ ਉਸ ਬੇੜੀ ਰੋਕ ਦਿੱਤੀ, ਬੋਲਿਆ, ‘‘ਸਰਦਾਰ ਜੀ! ਇੱਥੇ ਫੁੱਲ ਜਲ-ਪ੍ਰਵਾਹ ਕਰਨੇ ਠੀਕ ਰਹਿਣਗੇ, ਪਾਣੀ ਦੀ ਧਾਰ ਵੀ ਤੇਜ਼ ਐ।’’
ਮੈਂ ਥੈਲੀ ਖੋਲ੍ਹ ਕੇ ਫੁੱਲ ਵਗਦੇ ਪਾਣੀ ਵਿੱਚ ਉਲੱਦ ਦਿੱਤੇ ਤੇ ਫਿਰ ਖਾਲੀ ਥੈਲੀ ਵੀ ਪਾਣੀ ਵਿੱਚ ਰੋੜ੍ਹ ਦਿੱਤੀ। ਲਾਲ ਥੈਲੀ ਕੁਝ ਦੂਰ ਤਕ ਰੁੜ੍ਹੀ ਜਾਂਦੀ ਦਿਸਦੀ ਰਹੀ ਤੇ ਫਿਰ ਘੁੰਮਣਘੇਰੀ ਵਿੱਚ ਗੁਆਚ ਗਈ।
ਆਸਮਾਨ ਉੱਤੇ ਬੱਦਲ ਇਕੱਠੇ ਹੋ ਰਹੇ ਸਨ। ਮਲਾਹ ਨੇ ਬੇੜੀ ਵਾਪਸ ਮੋੜ ਲਈ ਤੇ ਫਿਰ ਹੌਲੀ ਜਿਹੀ ਪੁੱਛਿਆ, ‘‘ਇਹ ਕੀਹਨਾ ਦੇ ਫੁੱਲ ਸਨ?’’ ਮੈਂ ਬਾਪੂ ਜੀ ਦਾ ਨਾਂ ਦੱਸਿਆ। ਉਹਨੇ ਧੌਣ ਮੋੜ ਕੇ ਵਗਦੇ ਹੋਏ ਪਾਣੀ ਵੱਲ ਵੇਖਿਆ ਤੇ ਬੇੜੀ ਕਿਨਾਰੇ ਉੱਤੇ ਲਾ ਕੇ ਕਿੱਲੇ ਨਾਲ ਬੰਨ੍ਹ ਦਿੱਤੀ। ਦਰਿਆ ਦੀਆਂ ਲਹਿਰਾਂ ਬੇੜੀ ਨਾਲ ਵੱਜ ਕੇ ਘਲੱਪ ਘਲੱਪ ਦਾ ਰੌਲਾ ਪਾਉਣ ਲੱਗ ਪਈਆਂ।
ਬੇੜੀ ਦਾ ਭਾੜਾ ਦੇਣ ਲਈ ਮੈਂ ਜੇਬ੍ਹ ਵਿੱਚੋਂ ਕੁਝ ਰੁਪਏ ਕੱਢੇ। ਮੈਂ ਮਲਾਹ ਵੱਲ ਹੱਥ ਲੰਮਾ ਕੀਤਾ ਤਾਂ ਉਸ ਨੇ ਹੱਥ ਪਿਛਾਂਹ ਖਿੱਚ ਲਿਆ, ‘‘ਨਈਂ ਸਰਦਾਰ ਜੀ! ਮੈਂ ਇਹ ਪੈਸੇ ਨਹੀਂ ਲੈਣੇ।’’
‘‘ਕਿਉਂ?’’ ਮੈਂ ਹੈਰਾਨ ਹੋ ਕੇ ਪੁੱਛਿਆ।
‘‘ਤੁਹਾਡੇ ਸਿਰ ਉੱਤੇ ਉਨ੍ਹਾਂ ਦੀ ਪੱਗ ਬੱਝੀ ਹੋਈ ਐ ਜਿਨ੍ਹਾਂ ਨੇ ਇੱਕ ਵਾਰ ਮੈਨੂੰ ਮੋਏ ਹੋਏ ਨੂੰ ਜਿਊਂਦਿਆਂ ਵਿੱਚ ਕੀਤਾ ਸੀ।’’ ਮੈਂ ਉਸ ਮਲਾਹ ਨੂੰ ਨਹੀਂ ਸਾਂ ਜਾਣਦਾ, ਪਰ ਉਹਦੇ ਸਿਰ ਮੇਰੇ ਬਾਪੂ ਜੀ ਦਾ ਕੋਈ ਅਹਿਸਾਨ ਸੀ। ਮੈਂ ਜ਼ੋਰ ਪਾ ਕੇ ਰੁਪਏ ਉਹਦੀ ਮੁੱਠੀ ਵਿੱਚ ਧਰ ਦਿੱਤੇ। ਮਲਾਹ ਨੇ ਰੁਪਏ ਮੱਥੇ ਨਾਲ ਲਾਏ ਤੇ ਅੱਖਾਂ ਭਰ ਲਈਆਂ।
ਸਤਾਰ੍ਹਵੀਂ ਦੇ ਭੋਗ ਪਿੱਛੋਂ ਮੈਂ ਭਰੀ ਜੂੜੀ ਵਿੱਚ ਬੈਠ ਕੇ ਬਾਪੂ ਜੀ ਦੀ ਪੱਗ ਆਪਣੇ ਸਿਰ ਉੱਤੇ ਬੰਨ੍ਹ ਲਈ ਸੀ। ਸੈਫੁੱਲ ਜਗਿਆਸੂ ਨਜ਼ਰਾਂ ਨਾਲ ਕੁਝ ਚਿਰ ਮੈਨੂੰ ਵੇਖਦਾ ਰਿਹਾ ਤੇ ਫਿਰ ਪੁੱਛਿਆ, ‘‘ਪਾਪਾ! ਤੁਸੀਂ ਤਾਂ ਪੱਗ ਪਹਿਲੋਂ ਵੀ ਬੰਨ੍ਹੀ ਹੋਈ ਸੀ।’’
‘‘ਹਾਂ!’’
‘‘ਫਿਰ ਤੁਸੀਂ ਇਹ ਪੱਗ ਕਿਉਂ ਬੰਨ੍ਹ ਲਈ?’’
‘‘ਇਹ ਬਾਪੂ ਜੀ ਦੀ ਪੱਗ ਐ ਨਾ। ਤੇਰੇ ਬਾਪੂ ਜੀ ਤੋਂ ਪਿੱਛੋਂ ਹੁਣ ਮੈਂ…।’’
‘‘ਹੁਣ ਤੁਸੀਂ ਬਾਪੂ ਜੀ ਬਣ ਜਾਓਗੇ?’’
ਮੈਂ ਤ੍ਰਭਕਿਆ ਸਾਂ। ਉਦੋਂ ਅਮਰਇੰਦਰ ਸੈਫੁੱਲ ਨੂੰ ਪਰ੍ਹਾਂ ਲੈ ਗਈ ਸੀ, ਪਰ ਉਹ ਬੋਲ ਮੇਰੇ ਕੋਲ ਹੀ ਰਹਿ ਗਏ ਸਨ। ਮੈਂ ਬਾਪੂ ਜੀ ਦੀ ਹੋਂਦ ਨੂੰ ਆਪਣੇ ਅੰਦਰ ਪਛਾਣ ਲਿਆ। ਉਹ ਮੇਰੇ ਅੰਦਰ ਬੈਠੇ ਸਾਹ ਲੈ ਰਹੇ ਸਨ। ਉਹ, ਜੋ ਮੈਂ ਸਾਂ, ਉਦੋਂ ‘ਮੈਂ’ ਨਹੀਂ ਸਾਂ।

+++
ਬਾਪੂ ਜੀ ਦੇ ਫੁੱਲ ਜਲਪ੍ਰਵਾਹ ਕਰਨ ਪਿੱਛੋਂ ਮੱਥੇ ਦਾ ਗੁਬਾਰ ਕੁਝ ਛਣਿਆਂ ਸੀ, ਪਰ ਜ਼ਿੰਦਗੀ ਨੂੰ ਗੁੰਝਲਾਂ ਵੀ ਪੈ ਗਈਆਂ ਸਨ। ਅਸੀਂ ਘਰ ਦੇ ਜੀਅ ਕੁਝ ਇਸ ਤਰ੍ਹਾਂ ਬੈਠ ਗਏ ਸਾਂ ਜਿਵੇਂ ਗੁੰਝਲਾਂ ਕੱਢਣ ਲੱਗੇ ਹੋਈਏ। ਅਸੀਂ ਬਾਪੂ ਜੀ ਦੀ ਉਹ ਅਲਮਾਰੀ ਖੋਲ੍ਹ ਲਈ, ਜੀਹਦੇ ਵਿੱਚ ਇੱਕ ਦੁਨੀਆਂ ਵੱਸੀ ਹੋਈ ਸੀ। ਅਲਮਾਰੀ ਦੇ ਉਪਰਲੇ ਖ਼ਾਨੇ ਵਿੱਚ ਕੁਝ ਨਿੱਕੀਆਂ, ਵੱਡੀਆਂ ਸ਼ੀਸ਼ੀਆਂ ਸਨ। ਕੁਝ ਸ਼ੀਸ਼ੀਆਂ ਵਿੱਚ ਵੇਲਾ ਵਿਹਾਅ ਚੁੱਕੀਆਂ ਦਵਾਈਆਂ ਵੀ ਸਨ। ਉੱਥੇ ਹੀ ‘ਮਜੂਨ ਫ਼ਲਸਫ਼ਾ’ ਦਾ ਇੱਕ ਊਣਾ ਜਿਹਾ ਡੱਬਾ ਪਿਆ ਸੀ। ਉਹ ਦੇਸੀ ਟਾਨਿਕ ਦਿਮਾਗ਼ ਅਤੇ ਸਰੀਰ ਨੂੰ ਤਰੋਤਾਜ਼ਾ ਰੱਖਣ ਲਈ ਸੀ।
ਅਲਮਾਰੀ ਦੇ ਦੂਸਰੇ ਖ਼ਾਨੇ ਵਿੱਚ ਕੁਝ ਕਿਤਾਬਾਂ ਸਨ। ਉਨ੍ਹਾਂ ਕਿਤਾਬਾਂ ਵਿੱਚੋਂ ‘ਅਲਫ਼ ਲੈਲਾ’ ਮੇਰਾ ਪਰੀ-ਦੇਸ਼ ਸੀ। ਨਿਆਣਿਆਂ ਨੂੰ ਦੁਆਲੇ ਬਿਠਾ ਕੇ ਬਾਪੂ ਜੀ ਕਦੇ-ਕਦਾਈਂ ਉਸ ਕਿਤਾਬ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ। ਕਹਾਣੀਆਂ ਬੁਣਨ ਦੀ ਮੁੱਢਲੀ ਜਾਚ ਮੈਨੂੰ ‘ਅਲਫ਼ ਲੈਲਾ’ ਦੀਆਂ ਕਹਾਣੀਆਂ ਨੇ ਵੀ ਸਿਖਾਈ। ਕਹਾਣੀਆਂ ਦੀ ਉਸ ਦਾਬ ਨੇ ਮੋਢਿਆਂ ਉੱਤੇ ਖੰਭ ਵੀ ਲਾ ਦਿੱਤੇ ਸਨ। ਉਨ੍ਹਾਂ ਖੰਭਾਂ ਨਾਲ ਮੈਂ ਬਹੁਤ ਉੱਡਦਾ ਸਾਂ। ਕਿਸੇ ਮੁਸ਼ਕਿਲ ਦਰਿਆ ਤੋਂ ਪਾਰ ਲੰਘਣ ਲਈ ਮੈਂ ਕਹਾਣੀ ਚਿਣ ਲੈਂਦਾ ਸਾਂ ਤੇ ਫਿਰ ਉਸ ਨੂੰ ਪੁਲ ਵਾਂਗ ਵਰਤ ਲੈਂਦਾ ਸਾਂ।
ਉਸ ਅਲਮਾਰੀ ਦੇ ਹੇਠਲੇ ਖ਼ਾਨੇ ਵਿੱਚ ਕੁਝ ਕਾਗ਼ਜ਼-ਪੱਤਰ ਅਤੇ ਪੁਰਾਣੀਆਂ ਡਾਇਰੀਆਂ ਪਈਆਂ ਸਨ। ਉਨ੍ਹਾਂ ਡਾਇਰੀਆਂ ਵਿੱਚ ਨਿੱਕੇ ਨਿੱਕੇ ਹਿਸਾਬ ਲਿਖੇ ਹੋਏ ਸਨ। ਉਸ ਸਾਮਾਨ ਵਿੱਚ ਇੱਕ ਆਰ, ਸੂਆ ਅਤੇ ਮੋਟੇ ਸੂਤੀ ਧਾਗੇ ਦਾ ਪਿੰਨਾ ਵੀ ਸੀ। ਉਹ ਵਸਤਾਂ ਪਟਵਾਰ ਦੇ ਕਾਗ਼ਜ਼ ਸੀਣ ਦੇ ਕੰਮ ਆਉਂਦੀਆਂ ਸਨ।
ਅਲਮਾਰੀ ਦੇ ਉਨ੍ਹਾਂ ਤਿੰਨਾਂ ਖ਼ਾਨਿਆਂ ਦਾ ਬਹੁਤ ਸਾਰਾ ਕੂੜਾ-ਕਬਾੜ ਹਿੰਦੁਸਤਾਨ ਦੀਆਂ ਸਾਂਭੀਆਂ ਹੋਈਆਂ ਕਈਆਂ ਪਿਰਤਾਂ ਵਰਗਾ ਸੀ, ਸੁੱਟਿਆ ਜਾ ਸਕਦਾ ਸੀ।
ਕਾਗ਼ਜ਼-ਪੱਤਰ ਫਰੋਲਦਿਆਂ ਮੈਨੂੰ ਬਾਪੂ ਜੀ ਦੇ ਹੱਥਾਂ ਦੀ ਲਿਖੀ ਹੋਈ ਵਸੀਅਤ ਲੱਭ ਪਈ।
‘‘ਮੈਂ ਅਮਰ ਸਿੰਘ ਪੁੱਤਰ ਰਾਮ ਸਿੰਘ ਵਲਦ ਪੰਜਾਬ ਸਿੰਘ, ਜਾਤ ਜੱਟ, ਵਾਸੀ ਪਿੰਡ ਭੁੱਲਰ, ਹਾਲ ਸਾਕਿਨ ਤਰਨ ਤਾਰਨ, ਮੁਹੱਲਾ ਰੋਡੂਪੁਰਾ ਦਾ ਹਾਂ। ਜੋ ਕਿ ਮੇਰੀ ਜਾਇਦਾਦ ਮਨਕੂਲਾ ਵਾ ਗ਼ੈਰ-ਮਨਕੂਲਾ ਵਾਕਿਆ ਰਕਬਾ ਪਿੰਡ ਭੁੱਲਰ, ਸਰਹਾਲੀ ਕਲਾਂ ਵਾ ਤਰਨ ਤਾਰਨ ਵਿਚ ਹੈ। ਜ਼ਿੰਦਗੀ ਦਾ ਭਰੋਸਾ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਆਪਣੀ ਹਰ ਕਿਸਮ ਦੀ ਜਾਇਦਾਦ ਮਨਕੂਲਾ ਵਾ ਗ਼ੈਰ-ਮਨਕੂਲਾ ਦਾ ਇੰਤਜ਼ਾਮ ਆਪਣੀ ਜ਼ਿੰਦਗੀ ਵਿਚ ਕਰ ਜਾਵਾਂ ਤਾਂ ਕਿ ਮੇਰੇ ਮਰਨ ਪਿੱਛੋਂ ਝਗੜੇ ਪੈਦਾ ਹੋਣ ਕਰਕੇ ਜਾਇਦਾਦ ਬਰਬਾਦ ਨਾ ਹੋ ਜਾਵੇ। …ਹੁਣ ਬਾਕਾਇਮੀ ਹੋਸ਼ ਵਾ ਹਵਾਸ ਖਮਸਾ ਵਾ ਦਰੁਸਤਗੀ ਅਕਲ ਨਾਲ ਵਸੀਅਤ ਆਪਣੇ ਹਕੀਕੀ ਪਿਸਰ ਲੈਫਟੀਨੈਂਟ ਜਸਬੀਰ ਸਿੰਘ ਭੁੱਲਰ ਪੁੱਤਰ ਅਮਰ ਸਿੰਘ ਹਾਲ ਮੁਲਾਜ਼ਮ ਮਿਲਟਰੀ ਦੇ ਨਾਂ ਕਰ ਦਿੱਤੀ ਹੈ…।’’
ਸਾਡਾ ਇੱਕ ਮਕਾਨ ਹੁੰਦਾ ਸੀ, ਉਹ ਵਿਕ ਚੁੱਕਿਆ ਸੀ। ਸਾਡੇ ਕੋਲ ਥੋੜ੍ਹੀ ਜਿਹੀ ਜ਼ਮੀਨ ਵੀ ਬਾਕੀ ਸੀ, ਉਹ ਜ਼ਮੀਨ ਮੁੱਕ ਗਈ ਸੀ। ਸ਼ਾਇਦ ਭੈਣਾਂ ਦੇ ਵਿਆਹ ਵੇਲੇ ਕੰਮ ਆ ਗਈ ਸੀ। ਉਹ ਸਾਰਾ ਕੁਝ ਜੋ ਕਿਧਰੇ ਵੀ ਨਹੀਂ ਸੀ, ਬਾਪੂ ਜੀ ਨੇ ਬੜੀ ਸੁਹਿਰਦਤਾ ਨਾਲ ਮੇਰੇ ਨਾਂ ਕਰ ਦਿੱਤਾ ਸੀ।
ਉਹ ਵਸੀਅਤ ਸੁਪਨਿਆਂ ਦੀ ਸੀ। ਸੁਪਨਿਆਂ ਦਾ ਕੀ ਹੈ, ਆਪਣੇ ਲਈ ਭਾਵੇਂ ਕੋਈ ਕਿੰਨੇ ਵੀ ਲਿਖ ਲਵੇ। ਭੁੱਲਰਾਂ ਕੋਲ ਸੁਪਨਿਆਂ ਦੀ ਪਰੰਪਰਾ ਸੀ। ਪੀੜ੍ਹੀ ਦਰ ਪੀੜ੍ਹੀ ਤੁਰਦੇ ਉਹ ਸੁਪਨੇ ਹੁਣ ਮੇਰੇ ਤਕ ਪਹੁੰਚ ਗਏ ਸਨ। ਮੇਰੇ ਵਡੇਰਿਆਂ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਉਹ ਆਪਣੇ ਸੁਪਨਿਆਂ ਦਾ ਕੀ ਕਰਨ। ਪਰ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਸੀ ਕਿ ਵਿਰਸੇ ਵਿੱਚ ਮਿਲੇ ਖੰਭਾਂ ਨਾਲ ਮੈਂ ਬਹੁਤ ਉੱਡਣਾ ਸੀ। ਮੇਰੀ ਹਰ ਹਕੀਕਤ ਦੇ ਨਾਲ ਸੁਪਨਾ ਆਪੇ ਉੱਗ ਆਉਂਦਾ ਸੀ। ਉਸ ਸੁਪਨੇ ਨੂੰ ਮੈਂ ਕਲਪਨਾ ਵੀ ਕਹਿ ਲੈਂਦਾ ਸੀ। ਦੋਵਾਂ ਨੂੰ ਰਲਾ ਕੇ ਹੀ ਮੈਂ ਕਹਾਣੀ ਬਣਾਉਂਦਾ ਸਾਂ।
ਜ਼ਿੰਦਗੀ ਉਮਰ ਭਰ ਮਖੌਲ ਕਰਦੀ ਰਹੀ ਸੀ। ਉਸ ਮਖੌਲ ਵਿੱਚੋਂ ਵੀ ਬਾਪੂ ਜੀ ਲਈ ਹਾਸਾ ਫੁੱਟ ਆਉਂਦਾ ਸੀ। ਲੋੜਾਂ ਦੀ ਪੂਰਤੀ ਲਈ ਬੀਜੀ ਜੇ ਕਦੇ ਕੁਝ ਰੁਪਏ ਮੰਗ ਲੈਂਦੇ ਤਾਂ ਬਾਪੂ ਜੀ ਖਾਲ੍ਹੀ ਜੇਬ੍ਹ ਉੱਤੇ ਝੂਰਨ ਦੀ ਬਜਾਏ ਸ਼ਿਅਰ ਸੁਣਾ ਦਿੰਦੇ:
ਦਰਮੋ ਦਾਮ ਹਮਾਰੇ ਪਾਸ ਕਹਾਂ।
ਚੀਲ ਕੇ ਘੋਂਸਲੇ ਮੇ ਮਾਸ ਕਹਾਂ।
ਜਦੋਂ ਮੈਂ ਕਿਸੇ ਪਿਉ ਨੂੰ ਇਹ ਕਹਿੰਦਿਆਂ ਸੁਣਦਾ ਹਾਂ ਕਿ ਉਹ ਆਪਣੇ ਪਿੱਛੇ ਬਹੁਤ ਰੁਪਏ ਛੱਡ ਕੇ ਜਾਵੇਗਾ, ਬਹੁਤ ਜਾਇਦਾਦ ਛੱਡ ਕੇ ਜਾਵੇਗਾ ਤਾਂ ਕਿ ਉਹਦੇ ਬੱਚਿਆਂ ਨੂੰ ਕੁਝ ਕਰਨਾ ਹੀ ਨਾ ਪਵੇ। ਇਹੋ ਜਿਹੇ ਪਿਉ ਦੇ ਬੱਚਿਆਂ ਲਈ ਮੈਂ ਤਰਸ ਨਾਲ ਭਰ ਜਾਂਦਾ ਹਾਂ। ਮੈਨੂੰ ਲੱਗਦਾ ਹੈ, ਉਸ ਪਿਓ ਨੇ ਆਪਣੇ ਬਾਲਾਂ ਦੇ ਹੱਥ ਪੈਰ ਕੱਟ ਦਿੱਤੇ ਹਨ। ਉਸ ਪਿਉ ਨੇ ਆਪਣੇ ਬੱਚਿਆਂ ਨੂੰ ਅਪਾਹਜ ਬਣਾ ਦਿੱਤਾ ਹੈ ਅਤੇ ਉਨ੍ਹਾਂ ਕੋਲੋਂ ਜ਼ਿੰਦਗੀ ਦਾ ਚਾਅ ਤੇ ਰੋਮਾਂਚ ਖੋਹ ਲਿਆ ਹੈ। ਮੈਨੂੰ ਇਸ ਤਰ੍ਹਾਂ ਵੀ ਜਾਪਦਾ ਹੈ ਕਿ ਉਨ੍ਹਾਂ ਬੱਚਿਆਂ ਦਾ ਪਿਉ ਨਾਲੋਂ ਵੱਡਾ ਦੁਸ਼ਮਣ ਹੋਰ ਕੋਈ ਨਹੀਂ।
ਬਾਪੂ ਜੀ ਮੇਰੇ ਦੁਸ਼ਮਣ ਨਹੀਂ, ਦੋਸਤ ਸੀ। ਤੁਰ ਜਾਣ ਤੋਂ ਪਹਿਲਾਂ ਉਹ ਮੈਨੂੰ ਸੰਘਰਸ਼ ਦੀ ਜਾਚ ਦੇ ਗਏ।
…ਤੇ ਇਹ ਕੋਈ ਨਿੱਕੀ ਗੱਲ ਨਹੀਂ ਸੀ।


ਪੰਜਾਬੀ ਕਹਾਣੀਆਂ (ਮੁੱਖ ਪੰਨਾ)