Kurian Di Sianap (Russian Story in Punjabi) : Leo Tolstoy

ਕੁੜੀਆਂ ਦੀ ਸਿਆਣਪ (ਰੂਸੀ ਕਹਾਣੀ) : ਲਿਉ ਤਾਲਸਤਾਏ

(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)

ਸਾਵਣ ਦਾ ਮਹੀਨਾ ਅਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਜੀ ਦਾ, ਮੀਂਹ ਪੈਕੇ ਹੁਣੇ ਹਟਿਆ ਸੀ, ਅਤੇ ਮੀਂਹ ਵਾਲੇ ਪਾਣੀ ਨਾਲ ਗਲੀਆਂ ਵਿਚ ਚਿੱਕੜ ਬੇਅੰਤ ਕਠਾ ਹੋ ਗਿਆ ਸੀ।
ਇਕ ਤੰਗ ਕੂਚੇ ਵਿਚ ਆਮੋਂ ਸਾਮ੍ਹਣੇ ਦੇ ਮਕਾਨ ਸਨ, ਇਨ੍ਹਾਂ ਵਿਚੋਂ ਦੋ ਕੁੜੀਆਂ ਨਿਕਲੀਆਂ। ਇਨ੍ਹਾਂ ਘਰਾਂ ਵਿਚਕਾਰ ਗਲੀ ਵਿਚ ਛੋਟਾ ਜਿਹਾ ਟੋਆ ਸੀ, ਜਿਸ ਵਿਚ ਚਿਕੜ ਵਾਲਾ ਮੈਲਾ ਪਾਣੀ ਕਠਾ ਹੋ ਗਿਆ ਸੀ। ਇਕ ਕੁੜੀ ਮਸਾਂ ਪੰਜਾਂ ਸਾਲਾਂ ਦੀ ਸੀ, ਤੇ ਦੂਜੀ ਕੋਈ ਵਰ੍ਹਾ ਕੁ ਵਡੀ ਜਾਪਦੀ ਸੀ। ਦੋਹਾਂ ਦੀਆਂ ਮਾਵਾਂ ਨੇ ਕੁੜੀਆਂ ਨੂੰ ਨਵੇਂ ਝੱਗੇ ਪਾਏ ਸਨ, ਛੋਟੀ ਦੇ ਨੀਲੇ ਰੰਗ ਦਾ ਤੇ ਵਡੀ ਦਾ ਪੀਲੀ ਦਰਿਆਈ ਦਾ ਸੀ, ਤੇ ਦੋਹਾਂ ਦੇ ਸਿਰਾਂ ਉਤੇ ਸੁੰਦਰ ਲਾਲ ਰੁਮਾਲ ਸਨ। ਆਪਣੇ ਘਰਾਂ ਵਿਚੋਂ ਨਿਕਲਦਿਆਂ ਹੀ ਕੁੜੀਆਂ ਨੇ ਇਕ ਦੂਜੀ ਨੂੰ ਸੋਹਣੇ ਝੱਗੇ ਵਿਖਾਏ ਤੇ ਫੇਰ ਖੇਡਣਾ ਸ਼ੁਰੂ ਕੀਤਾ। ਖੇਡਦਿਆਂ ੨ ਉਨ੍ਹਾਂ ਨੇ ਪਾਣੀ ਦੇ ਛਿੱਟੇ ਉਡਾਣ ਦਾ ਖਿਆਲ ਕੀਤਾ ਤੇ ਛੋਟੀ ਕੁੜੀ ਸੁਥਣ ਸਣੇ ਪਾਣੀ ਵਿਚ ਵੜਨ ਲਗੀ। ਵਡੀ ਨੇ ਆਖਿਆ: "ਨਾ ਨਾਮੋ, ਸੁਥਣ ਸਣੇ ਵਿਚ ਨਾ ਵੜ, ਮਾਂ ਦੇਖੂਗੀ ਤਾਂ ਮਾਰੂਗੀ, ਵੇਖ ਮੈਂ ਭੀ ਸੁਥਣ ਲਾਹਨੀ ਹਾਂ ਤੂੰ ਭੀ ਲਾਹ ਲੈ, ਫੇਰ ਪਾਣੀ ਵਿਚ ਵੜਾਂਗੀਆਂ।"
ਦੋਹਾਂ ਨੇ ਸੁਥਣਾਂ ਲਾਹ ਦਿਤੀਆਂ, ਝੁਗਿਆਂ ਨੂੰ ਸੰਭਾਲ ਕੇ ਪਾਣੀ ਵਿਚ ਇਕ ਦੂਜੇ ਵਲ ਤੁਰਨ ਲਗੀਆਂ। ਨ੍ਹਾਮੋ ਨੂੰ ਗਿਟਿਆਂ ਤਕ ਪਾਣੀ ਆਇਆ ਤੇ ਉਹ ਡਰ ਗਈ।
"ਮਾਇਆ, ਪਾਣੀ ਡੂੰਘਾ ਹੈ, ਮੈਨੂੰ ਡਰ ਆਂਦਾ ਹੈ।"
ਮਾਇਆ ਨੇ ਆਖਿਆ:- "ਨਾਮੋ ਡਰ ਨਾ, ਡੂੰਘਾ ਨਹੀਂ, ਤੁਰੀਆ।"
ਜਦ ਕੁੜੀਆਂ ਨੇੜੇ ਹੋਈਆਂ ਤਾਂ ਮਾਇਆ ਨੇ ਆਖਿਆ:- "ਨਾਮੋ ਪੈਰ ਹੌਲੀ ਹੌਲੀ ਰਖ, ਛਿਟੇ ਨਾ ਪਾ।"
ਇਹ ਗਲ ਅਜੇ ਮਾਇਆ ਦੇ ਮੂੰਹ ਵਿਚ ਹੀ ਸੀ ਕਿ ਨ੍ਹਾਮੋ ਨੇ ਪੈਰ ਚੁਕਕੇ ਜ਼ੋਰ ਨਾਲ ਰਖਿਆ ਤੇ ਪਾਣੀ ਉਛਲ ਕੇ ਮਾਇਆ ਦੇ ਝੱਗੇ ਤੇ ਪਿਆ ਤੇ ਕੁਝ ਛਿੱਟਾਂ ਉਸ ਦੀਆਂ ਅੱਖਾਂ ਅਤੇ ਮੂੰਹ ਉਤੇ ਜਾ ਪਈਆਂ। ਆਪਣਾ ਝੱਗਾ ਖਰਾਬ ਹੋਇਆ ਦੇਖਕੇ ਮਾਇਆ ਨਾਮੋ ਨੂੰ ਮਾਰਨ ਲਈ ਉਸ ਵਲ ਤੁਰੀ। ਨਾਮੋ ਡਰ ਗਈ ਤੇ ਪਾਣੀ ਵਿਚੋਂ ਛੇਤੀ ੨ ਨਿਕਲਣ ਦੀ ਕਰਨ ਲਗੀ। ਇਸ ਵੇਲੇ ਮਾਇਆ ਦੀ ਮਾਂ ਬਾਹਰ ਨਿਕਲੀ ਤੇ ਆਪਣੀ ਧੀ ਦਾ ਝੱਗਾ ਖਰਾਬ ਹੋਇਆ ਵੇਖਕੇ ਲਾਲ ਅੰਗਾਰ ਹੋ ਗਈ ਤੇ ਗੁਸੇ ਨਾਲ ਆਖਿਓਸੁ: "ਨੀ ਖਸਮਾਂ ਨੂੰ ਖਾਣੀਏਂ। ਝੱਗੇ ਨੂੰ ਕੀ ਕੀਤਾ ਈ?"
ਮਾਇਆ ਬੋਲੀ:- "ਨਾਮੋ ਨੇ ਜਾਣ ਬੁਝਕੇ ਪਾਣੀ ਪਾਇਆ ਹੈ।"

ਮਾਇਆ ਦੀ ਮਾਂ ਨੇ ਉਸੇ ਵੇਲੇ ਨਾਮੋ ਨੂੰ ਗੁਤੋਂ ਫੜਕੇ ਦੋ ਚਾਰ ਠੋਕ ਦਿਤੀਆਂ। ਨਾਮੋ ਨੇ ਚੀਕਣਾ ਸ਼ੁਰੂ ਕੀਤਾ ਤੇ ਉਸ ਦੀਆਂ ਚੀਕਾਂ ਨਾਲ ਮਹੱਲਾ ਗੂੰਜ ਪਿਆ ਤੇ ਉਸ ਦੀ ਮਾਂ ਛੇਤੀ ਨਾਲ ਬਾਹਰ ਆਈ: "ਨੀ ਮੇਰੀ ਧੀ ਨੇ ਤੇਰਾ ਕੀ ਚੁਕ ਲਿਆ ਹੈ?" ਇਹ ਆਖ ਕੇ ਗੁਆਂਢਣ ਨਾਲ ਲੜਾਈ ਨੂੰ ਤਿਆਰ ਹੋ ਪਈ। ਦੋਹਾਂ ਪਾਸਿਆਂ ਤੋਂ ਮੇਹਣਿਆਂ ਦੀ ਝੜੀ ਲਗੀ ਤੇ ਮਰਦ ਭੀ ਬਾਹਰ ਨਿਕਲ ਆਏ। ਗਲੀ ਵਿਚ ਦਸ ਪੰਦਰਾਂ ਬੰਦੇ ਕਠੇ ਹੋ ਗਏ। ਸਾਰੇ ਉਚੀ ਉਚੀ ਰੌਲਾ ਪਾਈ ਜਾਂਦੇ ਸਨ ਤੇ ਕੋਈ ਕਿਸੇ ਦੀ ਨਹੀਂ ਸੀ ਸੁਣਦਾ। ਚੰਗੀ ਗੜਬੜ ਚੌਥ ਮਚੀ। ਇਕ ਆਦਮੀ ਨੂੰ ਦੂਜੇ ਦਾ ਧੱਕਾ ਲਗ ਗਿਆ, ਬਸ ਫੇਰ ਕੀ ਸੀ, ਦੋਹਾਂ ਪਾਸਿਓਂ ਜੰਗ ਦੀਆਂ ਤਿਆਰੀਆਂ ਹੋਈਆਂ। ਮਾਇਆ ਦੀ ਬੁਢੀ ਦਾਦੀ ਨੇ ਵਿਚਕਾਰ ਆਕੇ ਉਨ੍ਹਾਂ ਨੂੰ ਠੰਡਿਆਂ ਕਰਨ ਦਾ ਯਤਨ ਕੀਤਾ ਤੇ ਆਖਿਓਸੁ: ਪੁਤਰੋ! ਕੀ ਕਰਨ ਲਗੇ ਹੋ, ਇਹ ਕੋਈ ਅਕਲ ਦੀ ਗਲ ਹੈ? ਅਜ ਵਾਲੇ ਸ਼ੁਭ ਦਿਹਾੜੇ ਤੁਸੀਂ ਰਬ ਦਾ ਸ਼ੁਕਰ ਕਰੋ, ਮੀਂਹ ਵਸਿਆ ਹੈ। ਲੋਕਾਂ ਨੇ ਬੁਢੀ ਮਾਈ ਦੀ ਕੋਈ ਪਰਵਾਹ ਨਾ ਕੀਤੀ, ਤੇ ਉਸ ਵਿਚਾਰੀ ਨੂੰ ਵੀ ਧੱਕਾ ਵਜਿਆ, ਪਰ ਇਸ ਵੇਲੇ ਬੁਢੀ ਮਾਈ ਨੇ ਇਕ ਅਜੀਬ ਗਲ ਦੇਖੀ। ਜਦ ਮਰਦ ਅਰ ਤੀਵੀਆਂ ਆਪਸ ਦੀ ਲੜਾਈ ਵਿਚ ਰੁਝੀਆਂ ਹੋਈਆਂ ਸਨ, ਮਾਇਆ ਆਪਣੇ ਝੱਗੇ ਤੋਂ ਚਿਕੜ ਪੂੰਝਕੇ ਮੁੜ ਪਾਣੀ ਦੇ ਲਾਗੇ ਗਈ ਤੇ ਇਕ ਲੜਕੀ ਨਾਲ ਪਾਣੀ ਦੇ ਚੁਫੇਰੇ ਵਾਲੇ ਚਿਕੜ ਨੂੰ ਇਕ ਪਾਸੋਂ ਹਟਾਕੇ ਨਾਲੀ ਬਨਾਣ ਲਗੀ, ਤਾਂ ਜੋ ਪਾਣੀ ਗਲੀ ਵਿਚੋਂ ਵੈਹ ਟੁਰੇ। ਛੇਤੀ ਨਾਲ ਨਾਮੋ ਵੀ ਉਸ ਦੇ ਨਾਲ ਆ ਰਲੀ, ਅਤੇ ਇਕ ਤ੍ਰਿਖੀ ਲਕੜੀ ਚੁਕਕੇ ਵਹਿਣੀ ਬਨਾਣ ਲਗੀ। ਜਦ ਪਾਣੀ ਇਸ ਵਹਿਣੀ ਵਿਚ ਆਇਆ ਤਾਂ ਉਥੇ ਪਹੁੰਚਿਆ ਜਿਥੇ ਬੁਢੀ ਮਾਈ ਖੜੀ ਸੀ। ਵਹਿਣੀ ਦੇ ਦੋਵੇਂ ਪਾਸੇ ਕੁੜੀਆਂ ਤਾੜੀ ਮਾਰਦੀਆਂ ਪਾਣੀ ਦੇ ਨਾਲ ਨਾਲ ਟੁਰ ਪਈਆਂ: "ਫੜੀਂ ਨਾਮੋ ਪਾਣੀ ਵਿਚ ਤਰਦੀ ਲਕੜੀ ਫੜੀਂ" ਤੇ ਇੱਦਾਂ ਦੀਆਂ ਗਲਾਂ ਕਰਕੇ ਹਸਣ ਤੇ ਗੁਟਕਣ, ਪਾਣੀ ਦੀ ਟੋਰ ਵਿਚ ਮਸਤ ਹੋਈਆਂ ਉਥੇ ਪਹੁੰਚੀਆਂ ਜਿਥੇ ਆਦਮੀ ਲੜਨ ਵਾਸਤੇ ਮੂੰਹ ਵਟੀ ਖੜੇ ਸਨ। ਕੁੜੀਆਂ ਨੂੰ ਇਸ ਅਨੰਦ ਵਿਚ ਵੇਖਕੇ ਬੁਢੀ ਮਾਈ ਨੇ ਆਖਿਆ:- "ਤੁਸੀਂ ਸ਼ਰਮ ਕਰੋ, ਇਨ੍ਹਾਂ ਕੁੜੀਆਂ ਲਈ ਲੜਦੇ ਹੋ, ਕੁੜੀਆਂ ਤਾਂ ਆਪਸ ਵਿਚ ਖੇਡਦੀਆਂ ਫਿਰਦੀਆਂ ਹਨ, ਤੇ ਚਾਉ ਚਾਈਂ ਹਨ, ਮੇਰੀਆਂ ਜੁਗਣੀਆਂ ਨੂੰ ਵੇਖੋ ਤਾਂ ਸਹੀ, ਤੁਹਾਡੇ ਨਾਲੋਂ ਕੇਡੀਆਂ ਸਿਆਣੀਆਂ ਹਨ।" ਮਰਦਾਂ ਤੇ ਤੀਵੀਆਂ ਨੇ ਕੁੜੀਆਂ ਵਲ ਵੇਖਿਆ, ਤਾਂ ਕੱਚੇ ਜਿਹੇ ਹੋ ਗਏ, ਤ ਆਪਣੀ ਮੂਰਖਤਾ ਪਰ ਹਸਦੇ ਹੋਏ ਆਪੋ ਆਪਣੇ ਘਰ ਜਾ ਵੜੇ। ਮਸੀਹ ਦਾ ਕਥਨ ਹੈ-
"ਜੇ ਰੱਬ ਦੇ ਦਰਬਾਰ ਵਿਚ ਆਉਣਾ ਜੇ
ਤਾਂ ਅੰਜਾਣੇ ਬੱਚੇ ਬਣਕੇ ਆਓ।"

(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. 'ਚੰਬੇ ਦੀਆਂ ਕਲੀਆਂ' ਵਿੱਚੋਂ)

  • ਮੁੱਖ ਪੰਨਾ : ਲਿਓ ਤਾਲਸਤਾਏ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ