Maan De Dil Vich Ellora Da Mandir (Punjabi Story) : Navtej Singh

ਮਾਂ ਦੇ ਦਿਲ ਵਿਚ ਐਲੋਰਾ ਦਾ ਮੰਦਰ (ਕਹਾਣੀ) : ਨਵਤੇਜ ਸਿੰਘ

ਮੈਂ ਤੇ ਮੇਰਾ ਦੋਸਤ ਬੜੇ ਚਿਰ ਪਿੱਛੋਂ ਮਿਲੇ ਸਾਂ। ਕਿੰਨੀਆਂ ਹੀ ਗੱਲਾਂ ਅਸਾਂ ਕਰਨੀਆਂ ਸਨ।

ਨਵੀਂ ਦਿੱਲੀ, ਕਨਾਟ ਪਲੇਸ ਦੇ ਵਿਚਕਾਰ ਇਕ ਪਾਰਕ, ਗੁਲ ਮੋਹਰ ਦੇ ਥੱਲੇ ਇਕ ਬੈਂਚ, ਆਥਣ ਦਾ ਵੇਲਾ, ਸੁਫ਼ਨਾਈਆਂ ਨੀਲੀਆਂ ਬੱਤੀਆਂ…

“ਯਾਰ ਮੇਰੇ, ਅੱਜ ਦਿੱਲੀ, ਦਿੱਲੀ ਨਹੀਂ ਲੱਗ ਰਹੀ!”

ਮੇਰੇ ਦੋਸਤ ਨੇ ਇਕ ਨਵੀਂ ਕਵਿਤਾ ਲਿਖੀ ਸੀ, ਉਹ ਉਹਨੇ ਸੁਣਾਈ।

“ਦੋਸਤ ਮੇਰੇ, ਹੁਣ ਤੇ ਇਹ ਧਰਤੀ, ਧਰਤੀ ਨਹੀਂ ਲੱਗ ਰਹੀ!”

“ਚਣਾ ਜੋਰ ਗਰਮ, ਬਾਬੂ ਲੇ ਲੋ!”

ਅਸੀਂ ਇਸ ਆਵਾਜ਼ ਨੂੰ ਅਣਸੁਣਿਆਂ ਕਰ ਕੇ ਹਾਲੀ ਧਰਤੀ ਤੋਂ ਦੂਰ ਰਹਿਣਾ ਚਾਹੁੰਦੇ ਸਾਂ।

“ਅੱਜ ਮੀਂਹ ਸੀ ਬਾਬੂ, ਅੱਜ ਵਿਕਰੀ ਨਹੀਂ ਹੋਈ, ਲੈ ਲਓ ਬਾਬੂ!” ਧਰਤੀ ਦਾ ਇਕ ਨਿੱਕਾ ਜਿਹਾ ਵਾਸੀ ਬੋਲ ਰਿਹਾ ਸੀ।

ਧਰਤੀ ਦੇ ਇਸ ਨਿੱਕੇ ਜਿਹੇ ਵਾਸੀ ਦੀ ਵਾਜ ਵਿਚ ਕੋਈ ਤਰਲਾ ਸੀ, ਧਰਤੀ ਦੇ ਇਸ ਨਿੱਕੇ ਜਿਹੇ ਵਾਸੀ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚ ਕੋਈ ਉਦਾਸੀ ਸੀ।

ਅਸੀਂ ਧਰਤੀ ਉੱਤੇ, ਦਿੱਲੀ ਵਿਚ ਪਰਤ ਆਏ।

ਧਰਤੀ ਦੇ ਏਸ ਨਿੱਕੇ ਜਿਹੇ ਵਾਸੀ ਦੇ ਹੱਥ ਵਿਚ ਕਾਗ਼ਜ਼ ਦੇ ਲੰਮੇ ਨੋਕੀਲੇ ਕਿੰਨੇ ਹੀ ਪੁੜੇ ਸਨ।

“…ਆਨੇ ਦਾ ਇਕ, ਬਾਬੂ!”

… “ਮੇਰਾ ਨਾਂ ਪ੍ਰਕਾਸ਼ ਏ!”

…“ਇਹ ਮੇਰਾ ਬਸਤਾ ਏ—ਮੈਂ ਅੱਜ ਸਕੂਲੋਂ ਸਿੱਧਾ ਹੀ ਏਧਰ ਆ ਗਿਆ ਸਾਂ।”

…“ਮੈਂ ਅੱਠਵੀਂ ਵਿਚ ਪੜ੍ਹਦਾ ਹਾਂ, ਰਾਇਲ ਸਕੂਲ ਵਿਚ।”

…“ਅੱਧੀ ਫ਼ੀਸ ਮੇਰੀ ਮਾਫ਼ ਏ, ਚਾਰ ਰੁਪਏ ਮਹੀਨੇ ਦੇ ਮੈਨੂੰ ਦੇਣੇ ਪੈਂਦੇ ਨੇ।”

…“ਮੇਰਾ ਪਿਓ ਡਾਕੀਆ ਹੁੰਦਾ ਸੀ, ਉਹ ਮਰ ਗਿਆ।”

…“ਅਸੀਂ ਪੰਜ ਭਰਾ ਹਾਂ, ਤੇ ਮੇਰੀ ਮਾਂ।”

…“ਮੈਂ ਸਭ ਤੋਂ ਵੱਡਾ ਹਾਂ, ਮੈਂ, ਮੇਰੇ ਦੋ ਛੋਟੇ ਭਰਾ ਤੇ ਮਾਂ ਅਸੀਂ ਏਥੇ ਦਿੱਲੀ ਆਪਣੇ ਤਾਇਆ ਜੀ ਕੋਲ ਰਹਿੰਦੇ ਹਾਂ। ਉਹ ਕੰਪਾਉਂਡਰ ਨੇ।”

…“ਮੇਰੇ ਵਿਚਕਾਰਲੇ ਦੋ ਭਰਾ ਕਾਨਪੁਰ ਵਿਚ ਮਾਮਾ ਜੀ ਕੋਲ ਰਹਿੰਦੇ ਨੇ। ਮਾਮਾ ਜੀ ਓਥੇ ਇਕ ਕਾਰਖ਼ਾਨੇ ਵਿਚ ਕੰਮ ਕਰਦੇ ਨੇ।”

…“ਇਹ ਪੁੜੇ ਜੇ ਮੈਂ ਰੁਪਈਏ ਦੇ ਵੇਚ ਲਵਾਂ ਤਾਂ ਮੇਰੀ ਮਾਂ ਨੂੰ ਲਾਲਾ ਚਾਰ ਆਨੇ ਦੇਂਦਾ ਏ।”

…“ਚੰਗਾ ਦਿਨ ਲੱਗ ਜਾਏ ਤਾਂ ਮੈਂ ਰੁਪਿਆ ਕੁ ਦਿਹਾੜੀ ਬਣਾ ਲੈਂਦਾ ਹਾਂ।”

…“ਹਾਂ ਤੁਰਨਾ ਬੜਾ ਪੈਂਦਾ ਏ। ਰੇਹਗੜ ਪੁਰੇ ਤੋਂ ਏਥੇ, ਤੇ ਫੇਰ ਏਥੇ ਕਿੰਨਾ ਹੀ ਚੱਕਰ ਗਾਹਕਾਂ ਮਗਰ, ਤੇ ਫੇਰ ਘਰ ਰੇਹਗੜ ਪੁਰੇ ਵਾਪਸ।”

…“ਪੈਸੇ ਮੈਂ ਸਾਰੇ ਜਾ ਕੇ ਆਪਣੀ ਮਾਂ ਨੂੰ ਦੇ ਦੇਂਦਾ ਹਾਂ, ਜੇ ਪੁੜੇ ਬਚ ਜਾਣ ਤਾਂ ਉਹ ਵੀ।”

…“ਤੁਸੀਂ ਲੈ ਲਓ ਬਾਬੂ ਜੀ!”

ਮੈਂ ਬੋਝੇ ਵਿਚੋਂ ਇਕ ਦਵਾਨੀ ਕੱਢ ਕੇ ਉਹਨੂੰ ਦਿੱਤੀ, ਤੇ ਦੋ ਨੋਕੀਲੇ ਪੁੜੇ ਚੁੱਕ ਲਏ।

ਉਹਨੇ ਚਵਾਨੀ ਮੋੜੀ, ਪਰ ਮੈਂ ਉਹਨੂੰ ਦਵਾਨੀ ਰੱਖਣ ਲਈ ਇਸ਼ਾਰਾ ਕਰ ਦਿੱਤਾ, ਜਿਸ ਤਰ੍ਹਾਂ ਹੋਟਲਾਂ ਵਿਚ ਬਹਿਰਿਆਂ ਨੂੰ ਕਰੀਦਾ ਹੈ।

“ਬਾਬੂ ਜੀ, ਮਾਂ ਮਾਰੇਗੀ। ਦੋ ਤੁਸੀਂ ਹੋਰ ਲੈ ਲਓ, ਜਾਂ ਇਹ ਦੁਆਨੀ ਮੇਰੇ ਕੋਲੋਂ ਵਾਪਸ ਲੈ ਲਓ।”

ਅਸੀਂ ਕੁਝ ਵੀ ਖਾਣ ਦੇ ਰੌਂ ਵਿਚ ਨਹੀਂ ਸਾਂ, ਪਰ ਉਹਨੂੰ ਘੱਟੋ ਘੱਟ ਚਵਾਨੀ ਜ਼ਰੂਰ ਦੇਣਾ ਚਾਹੁੰਦੇ ਸਾਂ।

“ਮਾਂ ਕਹਿੰਦੀ ਏ, ਜਿੰਨੀ ਚੀਜ਼ ਦਿਓ, ਓਨੇ ਪੈਸੇ ਲਓ। ਕਿਸੇ ਕੋਲੋਂ ਭਿੱਖਿਆ ਦੇ ਪੈਸੇ ਨਹੀਂ ਲੈਣੇ।”

ਅਸੀਂ ਓਸ ਕੋਲੋਂ ਦੋ ਹੋਰ ਪੁੜੇ ਲੈ ਲਏ।

ਪ੍ਰਕਾਸ਼ ਚਲਾ ਗਿਆ।

ਅਸੀਂ ਪਿੱਛੋਂ ਉਹਦੇ ਵੱਲ ਤੱਕਦੇ ਰਹੇ—ਘਰ ਦੀ ਧੋਤੀ ਨਿੱਕਰ ਕਮੀਜ਼, ਤੇ ਰਬੜ ਦੀਆਂ ਚੱਪਲਾਂ, ਸਾਂਵਲਾ ਲਿੱਸਾ ਸਰੀਰ।

ਹੁਣ ਸਾਡੇ ਵੱਲ ਪ੍ਰਕਾਸ਼ ਦੀ ਪਿੱਠ ਸੀ, ਪਰ ਉਹਦੇ ਪਤਲੇ ਮੂੰਹ ਉਤਲੀਆਂ ਮੋਟੀਆਂ-ਮੋਟੀਆਂ ਅੱਖਾਂ ਜਿਵੇਂ ਹੁਣ ਵੀ ਸਾਡੇ ਵੱਲ ਵੇਖ ਰਹੀਆਂ ਹੋਣ।

ਪ੍ਰਕਾਸ਼ ਬਹੁਤ ਦੂਰ ਚਲਾ ਗਿਆ ਸੀ, ਪਰ ਉਹਦੀ ’ਵਾਜ ਜਿਵੇਂ ਹੁਣ ਵੀ ਸਾਨੂੰ ਸੁਣਾਈ ਦੇ ਰਹੀ ਹੋਵੇ:

“ਬਾਬੂ ਜੀ, ਮਾਂ ਮਾਰੇਗੀ...
ਜਿੰਨੀ ਚੀਜ਼ ਦਿਓ, ਓਨੇ ਪੈਸੇ ਲਓ।”

ਸਾਡੇ ਨਾਲ ਦੇ ਬੈਂਚ ਉੱਤੇ ਇਕ ਅਧਖੜ ਆਦਮੀ ਤੇ ਇਕ ਜਵਾਨ ਕੁੜੀ ਆਣ ਬੈਠੇ।

“ਹਨੀ, ਮੇਰਾ ਕੰਮ ਹੋ ਗਿਆ ਏ—ਕੱਲ੍ਹ ਇੰਪੋਰਟ ਕੰਟਰੋਲਰ ਦੇ ਦਸਖ਼ਤ ਹੋ ਜਾਣਗੇ।”

“ਕਾਂਗਰੈਚੂਲੇਸ਼ਨਜ਼, ਡਾਰਲਿੰਗ!”

ਆਦਮੀ ਕੋਲ ਝੂਠੀ ਦੌਲਤ ਸੀ, ਕੁੜੀ ਕੋਲ ਝੂਠੀ ਮੁਹੱਬਤ, ਆਦਮੀ ਦੇ ਹੱਥ ਫੜੇ ਫੁੱਲਾਂ ਵਿਚ ਝੂਠੀ ਮਹਿਕ ਸੀ, ਕੁੜੀ ਦੇ ਬੁੱਲ੍ਹਾਂ ਉੱਤੇ ਝੂਠੀ ਸੁਰਖ਼ੀ।

“ਦੇਣ ਦੁਆਣ ਉੱਤੇ ਖ਼ਰਚਾ ਬੜਾ ਹੋਇਆ ਏ, ਪਰ ਹੁਣ ਪ੍ਰਾਫ਼ਿਟ ਈ ਪ੍ਰਾਫ਼ਿਟ ਏ। ਜੇ ਇੰਪੋਰਟ ਲਾਈਸੰਸ ਹੀ ਵੇਚ ਦਿਆਂ ਤਾਂ ਵੀਹ ਹਜ਼ਾਰ ਰੁਪਿਆ ਨੈੱਟ ਬਚਦਾ ਏ।”

“ਤੇ ਮੇਰੇ ਲਈ ਸਾੜ੍ਹੀ ਡਾਰਲਿੰਗ, ਪ੍ਰਾਮਿਸ ਯਾਦ ਏ!”

“ਚੱਲੋ, ਹੁਣੇ ਜਾ ਕੇ ਖ਼ਰੀਦਦੇ ਹਾਂ; ਤੇ ਰਾਤ...”

“ਮੈਂ ਮੰਮੀ ਨੂੰ ਕਹਿ ਆਈ ਸਾਂ ਕਿ ਰੂਪ ਨਗਰ ਵਾਲੀ ਫ਼ਰੈਂਡ ਦੇ ਘਰ ਅੱਜ ਰਾਤ ਰਹਾਂਗੀ।”

“ਥੈਂਕਸ ਹਨੀ। ਮੈਂ ਹੋਟਲ ਵਾਲੇ ਨਾਲ ਅਰੇਂਜ ਕਰ ਆਇਆ ਹਾਂ। ਉਹ ਰਜਿਸਟਰ ਉੱਤੇ ਮਿਸਟਰ ਐਂਡ ਮਿਸਿਜ਼ ਲਿਖ ਲਏਗਾ—ਦਸ ਰੁਪਏ ਵੱਧ ਚਾਰਜ ਕਰ ਲਏਗਾ, ਬਸ!”

“ਛੇਤੀ ਚੱਲੀਏ ਡਾਰਲਿੰਗ, ਫੇਰ ਸਾੜ੍ਹੀ ਵਾਲੀ ਸ਼ਾਪ ਨਾ ਕਲੋਜ਼ ਹੋ ਜਾਏ!”

ਜਦੋਂ ਉਹ ਸਾਡੇ ਕੋਲੋਂ ਲੰਘੇ ਤਾਂ ਉਸ ਕੁੜੀ ਦੇ ਮੂੰਹ ਉੱਤੇ ਮੁਸਕਰਾਹਟ ਨਹੀਂ, ਸਾੜ੍ਹੀ ਦੇ ਬਾਰਡਰ ਉੱਤੇ ਲੱਗੇ ਝੂਠੇ ਤਿੱਲੇ ਵਰਗੀ ਲਿਸ਼ਕ ਸੀ। ਉਸ ਦੇ ਨਾਲ ਦੇ ਅਧਖੜ ਆਦਮੀ ਨੇ ਛਾਤੀ ਫੁਲਾਈ ਤੇ ਢਿੱਡ ਅੰਦਰ ਖਿੱਚਿਆ ਹੋਇਆ ਸੀ—ਜਿਵੇਂ ਏਸ ਤਰ੍ਹਾਂ ਉਹ ਓਸ ਕੁੜੀ ਦੇ ਹਾਣ ਦਾ ਜਾਪਣ ਲੱਗ ਪਏਗਾ।

ਕਿਹੋ ਜਿਹੀ ਧਰਤੀ ਉੱਤੇ ਅਸੀਂ ਪਰਤ ਆਏ ਸਾਂ!

“ਏਸ ਧਰਤੀ ਉੱਤੇ ਤਾਂ ਦੇਸ ਦੇ ਪ੍ਰਮੁੱਖ ਨੇਤਾ ਆਪਣੇ ਧੜੇ ਦਾ ਪੱਖ ਪੂਰਨ ਲਈ, ਯੁਧਿਸ਼ਟਰ ਵਾਂਗ, ਵਲ ਪਾ ਕੇ ਸੱਚ-ਜਾਪਦਾ ਨਿਰਾ ਝੂਠ ਬੋਲ ਲੈਂਦੇ ਨੇ!”

“ਤੇ ਏਸੇ ਧਰਤੀ ਦਾ ਇਕ ਨਿੱਕਾ ਜਿਹਾ ਵਾਸੀ, ਪ੍ਰਕਾਸ਼, ਦੋ ਆਨੇ ਵੱਧ ਖਪਾ ਸਕਣ ਲਈ ਝੂਠ ਨਹੀਂ ਬੋਲ ਸਕਿਆ।”

“ਦੋ ਪੁੜੇ ਆਪ ਖਾ ਛੱਡਦਾ।”

“ਦੋ ਆਨੇ ਕਿਤੇ ਵੱਖ ਸਾਂਭ ਛੱਡਦਾ!”

“ਦੋ ਆਨਿਆਂ ਦਾ ਆਪ ਹੋਰ ਕੁਝ ਲੈ ਲੈਂਦਾ।”

“ਉਹਦੇ ਲਈ ਦੋ ਆਨੇ ਕਿੱਡੀ ਵੱਡੀ ਚੀਜ਼ ਏ!”

“ਏਨੀ ਦੇਰ ਅਸੀਂ ਉਹਦੇ ਨਾਲ ਗੱਲਾਂ ਕਰਦੇ ਰਹੇ ਸਾਂ, ਅਸਾਂ ਉਹਨੂੰ ਉਹਦੇ ਕੰਮ ਤੋਂ ਅਟਕਾਈ ਰੱਖਿਆ ਸੀ—ਇਹ ਦੋ ਆਨੇ ਇਸ ਦੇਰ ਦਾ ਮੁੱਲ ਹੀ ਸਮਝ ਲੈਂਦਾ।”

ਪਰ...

...ਬਾਬੂ ਜੀ, ਮਾਂ ਮੈਨੂੰ ਮਾਰੇਗੀ...
ਕਿਸੇ ਕੋਲੋਂ ਭਿੱਖਿਆ ਦੇ ਪੈਸੇ ਨਹੀਂ ਲੈਣੇ!

ਮੈਂ ਤੇ ਮੇਰਾ ਦੋਸਤ ਉੱਠ ਪਏ। ਪ੍ਰਕਾਸ਼ ਦੇ ਦਿੱਤੇ ਦੋ ਦੋ ਪੁੜੇ ਅਸਾਂ ਆਪਣੇ ਹੱਥਾਂ ਵਿਚ ਫੜ ਲਏ।

ਕਨਾਟ ਪਲੇਸ ਦੀਆਂ ਦੁਕਾਨਾਂ ਦੇ ਰੌਸ਼ਨ ਵਰਾਂਡੇ ਵਿਚੋਂ ਲੰਘਦਿਆਂ ਮੈਂ ਵੇਖਿਆ, ਪੁੜਿਆਂ ਉਤਲਾ ਕਾਗਜ਼ ਅਨੇਕਾਂ ਰੰਗਾਂ ਵਿਚ ਛਪਿਆ ਆਰਟ-ਪੇਪਰ ਸੀ।

ਇਕ ਨਿੱਕੇ ਜਿਹੇ ਰੈਸਟੋਰੈਂਟ ਵਿਚ ਅਸੀਂ ਦੋਵੇਂ ਚਾਹ ਪੀਣ ਬਹਿ ਗਏ। ਪ੍ਰਕਾਸ਼ ਦਾ ਦਿੱਤਾ ਇਕ ਪੁੜਾ ਮੈਂ ਖੋਲ੍ਹਿਆ। ਦਾਣੇ ਮੈਂ ਪਲੇਟ ਵਿਚ ਪਾ ਲਏ। ਦਾਣਿਆਂ ਥੱਲੇ ਵਧੀਆ ਆਰਟ-ਪੇਪਰ ਉੱਤੇ ਪਹਾੜਾਂ ਵਿਚੋਂ ਤਰਾਸ਼ੇ ਅੈਲੋਰਾ ਦੇ ਇਕ ਮੰਦਰ ਦੀ ਤਸਵੀਰ ਸੀ, ਤੇ ਲਿਖਿਆ ਸੀ:

ਭਾਰਤ ਵੇਖਣ ਆਓ।

ਪਹਾੜ ਦੇ ਮੱਥੇ ਉੱਤੇ ਸਵਾ ਮੀਲ ਚਟਾਨਾਂ ਵਿਚੋਂ ਤਰਾਸ਼ ਕੇ ਉਸਾਰੇ ਮੰਦਰ।

ਤਿੰਨ ਵਿਸ਼ੇਸ਼ ਲੜੀਆਂ—ਬੁੱਧ, ਬ੍ਰਾਹਮਣ ਤੇ ਜੈਨ—ਭਾਰਤ ਦੇ ਤਿੰਨ ਮਹਾਨ ਧਰਮਾਂ ਨਾਲ ਸੰਬੰਧਿਤ। ਇਨ੍ਹਾਂ ਵਿਚੋਂ ਸਭ ਤੋਂ ਵਧੀਆ ਕੈਲਾਸ਼ ਹੈ, ਜਿਹੜਾ ਇਕ ਸੰਪੂਰਨ ਦਰਾਵੜੀ ਮੰਦਰ ਦਾ ਨਮੂਨਾ ਹੈ। ਇਹਦੀ ਉਸਾਰੀ ਲਈ ਚਟਾਨ ਬਾਹਰੋਂ ਤੇ ਅੰਦਰੋਂ ਦੋਵੇਂ ਪਾਸਿਓਂ ਤਰਾਸ਼ੀ ਗਈ ਹੈ। ਇਹ ਮੰਦਰ 90 ਫੁੱਟ...

ਅੱਗੋਂ ਆਰਟ-ਪੇਪਟ ਫਟਿਆ ਹੋਇਆ ਸੀ।

“ਪ੍ਰਕਾਸ਼ ਦੀ ਮਾਂ ਦਾ ਦਿਲ ਵੀ ਤੇ ਇਕ ਮੰਦਰ ਏ!”

“ਪ੍ਰਕਾਸ਼ ਦੀ ਮਾਂ ਦਾ ਨਾਂ?”

“ਅਸੀਂ ਉਹਦਾ ਨਾਂ ਕੈਲਾਸ਼ ਰੱਖ ਲਈਏ!”

“ਕੈਲਾਸ਼—ਅੱਜ ਦੇ ਕਠੋਰ ਸਮੇਂ ਦੀ ਚਟਾਨ ਵਿਚੋਂ ਬਾਹਰੋਂ ਤੇ ਅੰਦਰੋਂ ਦੋਵੇਂ ਪਾਸਿਓਂ ਤਰਾਸ਼ ਕੇ ਉਸਾਰਿਆ ਅਨੋਖਾ ਮੰਦਰ!”

[1959]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •